ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ਅੱਧੀ ਰਾਤੀਂ ਗੋਲੀ ਚੱਲੀ ਵਰਤ ਗਈ ਚੁੱਪ ਚਾਨ

———4———

ਅੱਧੀ ਰਾਤੀਂ ਗੋਲੀ ਚੱਲੀ ਵਰਤ ਗਈ ਚੁੱਪ ਚਾਨ।
ਖ਼ਾਲੀ ਸੜਕਾਂ ਦੇਣ ਗਵਾਹੀ ਹਉਕੇ ਭਰਨ ਮਕਾਨ।

ਸਾਰੇ ਘਰ ਨੇਰ੍ਹੇ ਵਿਚ ਡੁੱਬੇ ਜਗਦਾ ਨਾ ਕੋਈ ਦੀਵਾ,
ਕੀਕਣ 'ਕੱਲ੍ਹਾ ਬਾਹਰ ਜਾਵਾਂ ਲੈ ਕੇ ਆਪਣੀ ਜਾਨ।

ਧਰਤੀ 'ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ,
ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ।

ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ,
ਅੰਦਰ ਬਾਹਰ ਲੈਣ ਤਲਾਸ਼ੀ ਅਣਸੱਦੇ ਮਹਿਮਾਨ।

ਉੱਚੀ ਕੰਧ ਨਾਲ ਟਕਰਾ ਕੇ ਸਾਡੀਆਂ ਕੂਕਾਂ ਮੁੜੀਆਂ,
ਕਿਲ੍ਹੇ ਦੇ ਅੰਦਰ ਗੂੰਜ ਰਿਹਾ ਸੀ ਆਪਣਾ ਕੌਮੀ ਗਾਨ।

ਡੁੱਲ੍ਹੇ ਖ਼ੂਨ ਦਾ ਲੇਖਾ ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।

*