ਐਕਟ-੨
ਸੀਨ-੧
-ਬਰੂਟਸ ਦਾ ਬਗੀਚਾ-ਪ੍ਰਵੇਸ਼ ਬਰੂਟਸ-


ਬਰੂਟਸ-:ਓ, ਲੂਸੀਅਸ! ਹੋ-
ਤਾਰਿਆਂ ਦੇ ਪਰਗਮਨ ਤੋਂ ਮੈਨੂੰ
ਲੱਗੇ ਨਾਂ ਅੰਦਾਜ਼ਾ,
ਕਦੋਂ ਕੁ ਜਾਕੇ ਪੌਹ ਫੁੱਟੂਗੀ,
ਮੱਲਾ! ਲਾ ਅੰਦਾਜ਼ਾ।
ਕਾਸ਼! ਮੈਂਨੂੰ ਵੀ ਆਦਤ ਹੁੰਦੀ ਮਾੜੀ-
ਘੂਕ ਸੌਣ ਦੀ ਤੇਰੇ ਵਾਂਗੂੰ-;
ਉੱਠ ਲੂਸੀਅਸ! ਕਦ ਉੱਠੇਂ ਗਾ?
ਜਾਗ ਲੂਸੀਅਸ! ਮੈਂ ਬੁਲਾਵਾਂ ਜਾਗ ਜ਼ਰਾ।
-ਪਰਵੇਸ਼ ਲੂਸੀਅਸਲ-:
ਲੂਸੀਅਸ-:ਤੁਸੀਂ ਬੁਲਾਇਐ, ਮਾਲਿਕ?
ਬਰੂਟਸ-:ਮੇਰੇ ਦਫਤਰ ਵਿੱਚ ਲੂਸੀਅਸ!
ਲੈ ਜਾ ਇੱਕ ਸ਼ਮਾਅ,
ਰੌਸ਼ਨ ਕਰਕੇ ਆਜੀਂ ਏਥੇ,
ਸੱਦ ਲੈ ਜਾਈਂ ਮੈਨੂੰ।
ਲੂਸੀਅਸ-:ਸੱਤਬਚਨ, ਸਰਕਾਰ!
ਕਰਦਾਂ ਹੁਣੇ ਤਾਮੀਲ ਹੁਕਮ ਦੀ।
ਬਰੂਟਸ (ਆਪਣੇ ਆਪ ਨਾਲ)-: ਉਹਨੂੰ ਤਾਂ ਹੁਣ ਮਰਨਾ ਪੈਣੈ;
ਭਾਵੇਂ ਨਿੱਜੀ ਰੰਜ ਨਾਂ ਕੋਈ,
ਏਦਾਂ ਸੁੱਟ ਦਿਆਂ ਜੋ ਲਾਹਕੇ;
ਇਹ ਸਭ ਕੁਝ ਤਾਂ ਬੱਸ ਕਰਨਾ ਪੈਣੈ
ਲੋਕ ਭਲੇ ਦੀ ਖਾਤਰ।
ਕਿਵੇਂ ਬਦਲੇਗੀ ਤਾਜ ਪਹਿਨਕੇ
ਫਿਤਰਤ ਉਹਦੀ ?
ਇਹ ਸਵਾਲ ਹੈ ਵੱਡਾ:
ਦਿਨ ਉੱਗੇ ਤਾਂ ਸੱਪ ਜਲੇਬੀ


ਬਾਂਬੀ ਤੋਂ ਬਾਹਰ ਆ ਜਾਂਦੇ;
ਬਚ ਬਚ ਕੇ ਫਿਰ ਟੁਰਨਾ ਪੈਂਦਾ;
ਤਾਜ ਪਹਿਨਾਈਏ ਉਹਨੂੰ? -ਤਾਂ ਜੋ--
ਤੇ ਤਾਜ 'ਚ ਰੱਖੀਏੇ ਮਾਰੂ ਸੱਪ,
ਚੱਕੀਂ ਫਿਰੇ ਜੋ ਨਾਲ ਖੁਸ਼ੀ ਦੇ
ਸਿਰ ਤੇ ਮੌਤ ਪੰਡਾਰੀ।
ਵੱਡਪੁਣੇ ਦਾ ਭੈੜ ਹੈ ਏਹੋ,
ਸੱਤਾ ਵਿੱਚ ਦਯਾ ਨਾਂ ਛੱਡੇ
ਨਾਂ ਛੱਡੇ ਪਛਤਾਵਾ;
ਜੇਕਰ ਕਰੀਏ ਸੀਜ਼ਰ ਦੀ ਗੱਲ,
ਮੈਨੂੰ ਯਾਦ ਨਹੀਂ ਹੈ ਕਿਧਰੇ
ਦਿਲ ਜੇ ਉਸਦਾ ਹੋਇਆ ਹੋਵੇ
ਕਦੇ ਦਿਮਾਗ ਤੇ ਭਾਰੂ।
ਪਰ ਲੋਕ-ਤਜਰਬਾ ਇਹੋ ਦੱਸੇ
ਨਿਵਾਣ ਹੀ ਤਾਂ ਬਣ ਜਾਂਦੀ ਹੈ
ਨਵਜੰਮੀ ਆਕਾਂਖਿਆ ਦੀ ਸੀੜ੍ਹੀ,
ਜਿੱਥੇ ਖੜਾ ਚੜ੍ਹਾਕੂ ਤੱਕੇ,
ਵੱਲ ਅਸਮਾਨੇ ਕਰ ਕੇ ਮੂੰਹ।
ਪਰ ਪੁੱਜੇ ਜਦ ਟੀਸੀ ਉੱਤੇ,
ਪਿੱਠ ਸੀੜ੍ਹੀ ਵੱਲ ਕਰਦਾ-
ਨਿਮਾਣੇ ਆਖੇ ਡੰਡਿਆਂ ਤਾਈਂ
ਜਿਨ ਟੀਸੀ ਤੇ ਪੈਰ ਧਰਾਇਆ;
ਅਰਸ਼ਾਂ ਵੱਲ ਬੱਸ ਤੱਕੀਂ ਜਾਵੇ,
ਨਜ਼ਰ ਨਾਂ ਨੀਵੀਂ ਕਰਦਾ।
ਏਵੇਂ ਸ਼ਾਇਦ ਕਰੂਗਾ ਸੀਜ਼ਰ--
ਤਾਂ ਜੋ ਕਰ ਸੱਕੇ ਨਾਂ ਏਦਾਂ,
ਹੁਣੇ ਹੀ ਲਈਏੇ ਨੱਪ ਓਸ ਨੂੰ।
ਗੱਲੀਂ ਬਾਤੀਂ ਮੰਨਣਾਂ ਨਹੀਂ ਉਸ,
ਬਹਿਸ ਦਾ ਕੋਈ ਅਸਰ ਨ੍ਹੀਂ ਹੋਣਾ
ਇਹ ਝਗੜਾ ਹੁਣ ਇਉਂ ਨਿਪਟਾਈਏ:
ਜੋ ਹੈਗਾ ਉਹ, ਰਹਿਣ ਨਾਂ ਦੇਈਏ।
ਜਿਉਂ ਜਿਉਂ ਕੱਦ ਵਧੂਗਾ ਉਹਦਾ,


ਵਧ ਜਾਣੀ ਉਹਦੀ ਅੱਤਤਾਈ:
ਅੰਡੇ ਵਿਚਲੇ ਸੱਪ ਵਾਂਗੂੰ ਹੀ,
ਕਰੂ ਸ਼ਰਾਰਤ ਜੰਮਣਸਾਰ
ਨਸਲ ਆਪਣੀ ਵਾਂਗੂੰ;
ਜਿਉਂ ਜਿਉਂ ਵਧੂ, ਜ਼ਹਿਰ ਵਧੂਗਾ-
ਬਣ ਜੂ ਅੱਤ ਜ਼ਹਿਰੀਲਾ-
ਅੰਡਖੋਲ ਚ ਮਾਰੀਏ ਉਹਨੂੰ,
ਬਾਹਰ ਆਉਣ ਨਹੀਂ ਦੇਣਾ।
-ਲੂਸੀਅਸ ਦਾ ਮੁੜ ਪ੍ਰਵੇਸ਼-
ਲੂਸੀਅਸ-:ਸ਼ਮਾਅ ਰੌਸ਼ਨ ਹੈ ਦਫਤਰ ਵਿੱਚ, ਸਰਕਾਰ!
ਚਕਮਾਕ ਜਦੋਂ ਮੈਂ ਲੱਭ ਰਿਹਾ ਸੀ,
ਮੋਹਰਬੰਦ ਇਹ ਪੱਤਰ ਮੈਨੂੰ
ਮਿਲਿਆ ਖਿੜਕੀ ਲਾਗੇ;
ਪਰ ਮੈਨੂੰ ਵਿਸ਼ਵਾਸ ਹੈ ਪੱਕਾ
ਸੌਣ ਜਾਣ ਤੋਂ ਪਹਿਲਾਂ ਹੈ ਨੀਂ ਸੀਗਾ ਓਥੇ-
ਬਰੂਟਸ-:ਜਾਹ ਫਿਰ ਜਾਕੇ ਸੌਂ ਦੋਬਾਰਾ,
ਦਿਨ ਨਹੀਂ ਚੜ੍ਹਿਆ ਹਾਲੇ;
ਪਰ ਮੁੰਡੂ! ਤੂੰ ਦੱਸ ਜਾ ਮੈਂਨੂੰ,
ਹੋਸੀ ਕਲ੍ਹ ਮਾਰਚ ਦਾ ਅੱਧ?
ਲੂਸੀਅਸ-:ਪਤਾ ਨਹੀਂ ਮੈਨੂੰ ਸਰਕਾਰ!
ਬਰੂਟਸ-:ਵੇਖ ਜੰਤਰੀ, ਦੱਸ ਖਾਂ ਮੈਨੂੰ।
ਲੂਸੀਅਸ-:ਜੀ, ਸਰਕਾਰ!
ਬਰੂਟਸ-:ਟੁੱਟਣ ਤਾਰੇ, ਨ੍ਹੇਰ ਚੀਰਦੇ,
ਸ਼ੂਕਣ ਵਿੱਚ ਅਕਾਸ਼ੀਂ,
ਚਾਨਣ ਏਨਾਂ ਕਰੀਂ ਜਾਂਦੇ ਨੇਪੜ੍ਹਨ ਲਈ ਜੋ ਕਾਫੀ ਏਥੇ।
-ਪੱਤਰ ਖੋਲਕੇ ਪੜ੍ਹਦੈ-
ਜਾਗ ਬਰੂਟਸ, ਤਿਆਗ ਨੀਂਦ ਤੂੰ,
ਵੇਖ ਆਪਣਾ ਆਪਾ
ਰੋਮ ਵਗੈਰਾ-:--
ਆਵਾਜ਼ ਉਠਾ, ਮਾਰ ਗਰਮ ਲੋਹੇ ਤੇ ਸੱਟ,
ਕਰ ਏਨ੍ਹਾਂ ਦੀ ਹੱਕਰਸਾਈ:


ਉੱਠ, ਜਾਗ ਜ਼ਰਾ ਤੂੰ ਕਿਉਂ ਸੁੱਤਾ ਏਂ?"
ਅਜਿਹੇ ਤੁੱਖਣੇ ਤੇ ਉਕਸਾਹਟ
ਅਕਸਰ ਮਿਲਦੇ ਰਹੇ ਨੇ ਮੈਨੂੰ,
ਪਰ ਮੈਂ ਕਦੇ ਗ਼ੌਰ ਨੀਂ ਕੀਤਾ,
ਨਾਂ ਕੀਤਾ ਹੈ ਗਨਣ ਕਦੇ।
"ਕੀ ਰੋਮ ਵਗੈਰਾ"-ਨੂੰ ਪੂਰਾ ਕਰਾਂ ਮੈਂ ਏਦਾਂ:
"ਕੀ ਰੋਮ ਰਹੂ ਸਦਾ ਹੀ
ਤਾਨਾਸ਼ਾਹੀ ਦੇ ਡੰਡੇ ਥੱਲੇ?"
ਕਿਹੜਾ ਰੋਮ?
ਉਹੀ ਰੋਮ ਜੀਹਦੀਆਂ ਗਲੀਆਂ ਵਿੱਚੋਂ
ਮੇਰੇ ਪੁਰਖਿਆਂ ਮਾਰ ਭਜਾਇਆ
ਤਾਰਕੁਇਨ ਨੂੰ
ਲੋਕ ਆਖਦੇ ਜੀਹਨੂੰ ਸਮਰਾਟ?
"ਆਵਾਜ਼ ਉਠਾ, ਮਾਰ ਗਰਮ ਲੋਹੇ ਤੇ ਸੱਟ,
ਕਰ ਏਨਾਂ ਦੀ ਹੱਕਰਸਾਈ"-
ਕੀ ਕੋਈ ਮੈਨੂੰ ਅਰਜ਼ ਕਰ ਰਿਹੈ ?
ਛੱਡ ਜੈਕਾਰਾ ਉਠ ਖਲੋਵਾਂ,
ਵਾਰ ਕਰਾਂ ਮੈਂ?
ਓ, ਰੋਮ-ਮੇਰੇ ਵਤਨ, ਪਿਅਰੇ ਵਤਨ!
ਵਚਨ ਇਹ ਤੈਨੂੰ ਅੱਜ ਦੇਂਦਾ ਹਾਂ
ਜੇ ਕੀਤੀ ਤਾਂ ਕਰੂੰ ਤਸੱਲੀ,
ਪੂਰੀ ਕਰੂੰ ਮੈਂ ਹੱਕਰਸਾਈ-
ਫਰਯਾਦ ਤੇਰੀ ਕੀਤੀ ਸਵੀਕਾਰ।
-ਲੂਸੀਅਸ ਦਾ ਮੁੜ ਪ੍ਰਵੇਸ਼-
ਲੂਸੀਅਸ-:ਚੌਦਾਂ ਦਿਨ ਬੀਤੇ ਮਾਰਚ ਦੇ,
ਪੰਦਰਾਂ ਹੋਈ ਅੱਜ ਸਰਕਾਰ!
-ਦਸਤਕ ਦੀ ਆਵਾਜ਼-
ਬਰੂਟਸ-:ਅੱਛਾ। ਗੇਟ ਤੇ ਜਾਕੇ ਵੇਖ ਜ਼ਰਾ;
ਕੌਣ ਏ ਦਸਤਕ ਦੇਂਦਾ?
(ਖ਼ੁਦ ਨੂੰ)-:ਕੈਸ ਉਕਸਾਇਆ ਜਦੋਂ ਦਾ ਮੈਨੂੰ,
ਫੇਰ ਨਹੀਂ ਸੌਂ ਸੱਕਿਆ ਮੈਂ:
ਕਰਮ ਅਤੇ ਫੁਰਨੇ ਵਿਚਕਾਰ


ਹੁੰਦੈ ਅਤੀ ਭਿਆਨਕ ਅੰਤਰ
ਅੱਤ ਭਿਆਨਕ ਸੁਪਨੇ ਵਾਂਗ;
ਜਾਂ ਫਿਰ ਹੁੰਦੈ ਭੈ ਦਾ ਛਾਇਆਵਾਸ:
ਤੀਖਣ ਬੁੱਧੀ, ਸਹਿਜ ਯੋਗਿਤਾ,
ਨਾਸ਼ਵਾਨ ਹੱਥਿਆਰ
ਸਿਰ ਜੋੜਕੇ ਸਾਜ਼ਿਸ਼ ਕਰਦੇ:
ਬੰਦਾ ਜਿਵੇਂ ਰਿਆਸਤ ਹੋਵੇ,
ਬਗਾਵਤ ਕਿਸੇ ਦੀ ਹੋਈ ਸ਼ਿਕਾਰ।
-ਲੂਸੀਅਸ ਦੀ ਵਾਪਸੀ-
ਲੂਸੀਅਸ-:ਜੀ ਸਰਕਾਰ!
ਆਇਐ ਤੁਹਾਡਾ ਭਰਾ ਕੈਸੀਅਸ
ਕਰੇ ਦਰਾਂ 'ਚ ਇੰਤਜ਼ਾਰ।
ਬਰੂਟਸ-:ਹੈ ਕੀ ਕੱਲਾ?
ਲੂਸੀਅਸ-:ਨਾਂ, ਸਰਕਾਰ! ਉਸਦੇ ਨਾਲ ਹੋਰ ਵੀ ਹੈਗੇ।
ਬਰੂਟਸ-:ਜਾਣਦੈਂ ਤੂੰ ਉਹਨਾਂ ਨੂੰ ਵੀ?
ਲੂਸੀਅਸ-:ਨਹੀਂ ਸਰਕਾਰ!
ਟੋਪੀਆਂ ਨਾਲ ਕੰਨ ਢਕੇ ਨੇ
ਅੱਧੇ ਚਿਹਰੇ ਚੋਗਿਆਂ ਵਿੱਚ ਲੁਕੇ ਨੇ;
ਕੋਈ ਅਜਿਹਾ ਚਿੰਨ੍ਹ ਨਾਂ ਦਿੱਸੇ
ਜੀਹਤੋਂ ਕਰਾਂ ਪਛਾਣ।
ਬਰੂਟਸ-:ਲੈ ਆ ਅੰਦਰ ਉਹਨਾਂ ਤਾਈਂ।
-ਲੂਸੀਅਸ ਜਾਂਦਾ ਹੈ-
ਲਗਦੈ ਸਾਰਾ ਧੜਾ ਹੈ ਆਇਆ।
ਆਹ, ਓ ਸਾਜ਼ਿਸ਼!
ਰਾਤ ਹਨੇਰੀ ਦੇ ਵਿੱਚ ਵੀ
ਨੰਗਾ ਮੂੰਹ ਵਖਾ ਨਾ ਸੱਕੇਂ,
ਖੁੱਲ੍ਹੇ ਜਦ ਘੁੰਮ ਰਹੇ ਨੇ
ਕੁੱਲ ਬਦੀ ਤੇ ਮੁਜਰਮ ਸਾਰੇ?
ਚਿੱਟੇ ਦਿਨ ਫਿਰ ਲੱਭੂ ਕਿਹੜੀ
ਨ੍ਹੇਰੀ ਕੰਦਰ ਤੈਨੂੰ,
ਭਿਆਨਕ ਮੂੰਹ, ਇਹ ਕੋਝਾ ਚਿਹਰਾ
ਜਿੱਥੇ ਜਾ ਲੁਕਾਵੇਂ?


ਲੱਭ ਨਾਂ ਕੋਈ ਨ੍ਹੇਰੀ ਕੰਦਰ,
ਕੀ ਲੋੜ ਹੈ ਤੈਨੂੰ?
ਮੁਸਕਾਣਾਂ ਅਤੇ ਮੁਹੱਬਤਾਂ
ਲਿਖ ਲੈ ਮੂੰਹ ਦੇ ਉੱਤੇ,
ਲੁਕ ਜੂ ਸਾਰੀ ਬਦਸੂਰਤੀ, ਬਦਨੁਮਾਈ।
ਫਿਰਦੀ ਰਹੀ ਜੇ ਨੰਗੇ ਮੂੰਹ ਹੀ
ਚਿਹਰਾ ਅਸਲੀ ਲੈਕੇ
ਨਰਕ ਦਾ ਨ੍ਹੇਰਾ ਫਿੱਕਾ ਪੈਜੂ,
ਹੋ ਜੂ ਤੇਰੀ ਪਛਾਣ ।
-ਪਰਵੇਸ਼ ਕੈਸੀਅਸ, ਕਾਸਕਾ,
ਡੇਸੀਅਸ ਬਰੂਟਸ, ਸਿੰਨਾ,
ਮੈਟੀਲਸ ਸਿੰਬਰ ਤੇ ਟਰੈਬੋਨੀਅਸ-
ਕੈਸੀਅਸ-:ਮੈਨੂੰ ਲਗਦੈ ਵਿਘਨ ਪਾਇਐ ਆਰਾਮ 'ਚ ਤੇਰੇ;
ਸ਼ੁਭ ਪਰਭਾਤ ਬਰੂਟਸ ਭਾਈ!
ਮਾਫ ਕਰੀਂ ਤਕਲੀਫ ।
ਬਰੂਟਸ-:ਹੁਣ ਤਾਂ ਮੈਂ ਉੱਠਿਆ ਬੈਠਾਂ,
ਜਾਗਿਆਂ ਸਾਰੀ ਰਾਤ;
ਦੱਸ ਹੁਣ ਮੈਨੂੰ ਨਾਂਅ ਏਨ੍ਹਾਂ ਦੇ,
ਕੌਣ ਨੇ ਤੇਰੇ ਨਾਲ।
ਕੈਸੀਅਸ-:ਹਾਂ; ਇਹਨਾਂ ਵਿੱਚੋਂ ਹਰ ਕੋਈ-
ਤੇ ਇੱਥੇ ਐਸਾ ਹੈ ਨਹੀਂ ਕੋਈ-
ਜੋ ਤੇਰਾ ਆਦਰ ਨਹੀਂ ਕਰਦਾ-
ਸੱਭੇ ਕਰਨ ਪੂਰਨ ਸਤਿਕਾਰ;
ਤੇ ਹਰ ਕੋਈ ਚਾਹੁੰਦੈ ਏਹੋ,
ਆਪਣਾ ਆਪ ਪਛਾਣੇਂ ਤੂੰ।
ਇਹਦਾ ਨਾਂ ਏ ਟਰੈਬੋਨੀਅਸ-
ਬਰੂਟਸ-:ਜੀ ਆਇਆਂ ਨੂੰ-
ਕੈਸੀਅਸ-:ਇਹ ਹੈ ਡੇਸੀਅਸ ਬਰੂਟਸ-
ਬਰੂਟਸ-:ਜੀ ਆਇਆਂ ਨੂੰ-
ਕੈਸੀਅਸ-:ਇਹ ਹੈ ਕਾਸਕਾ; ਇਹ ਹੈ ਸਿੰਨਾ,
ਮੈਟੀਲਸ ਸਿੰਬਰ ਇਹ ਖੜਾ ਹੈ।
ਬਰੂਟਸ-:ਸਭ ਨੂੰ ਜੀ ਆਇਆਂ ਨੂੰ ਕਹਿਨਾਂ-
ਕੀ ਚਿੰਤਾਵਾਂ ਨੇ, ਕੀ ਨੇ ਗੱਲਾਂ,


ਜੀਹਨਾਂ ਤੁਹਾਡੀ ਰਾਤ ਹੰਢਾਈ-
ਕਿਉਂ ਜਗਰਾਤਾ ਕੀਤੈ?
ਕੈਸੀਅਸ-:ਨਿੱਕੀ ਜਿਹੀ ਇੱਕ ਅਰਜ਼ ਕਰਾਂ ਮੈਂ,
ਜ਼ਰਾ ਸੁਣੋਂ ਗੇ ਮੇਰੀ?
-ਬਰੂਟਸ ਤੇ ਕੈਸ ਕਾਨਾਫੂਸੀ ਕਰਦੇ ਹਨ-
ਡੇਸੀਅਸ-:ਆਹ ਰਿਹਾ ਪੂਰਬ;
ਪੌਹ ਭਲਾ ਏਥੋਂ ਨਹੀਂ ਫੁੱਟਦੀ?
ਕਾਸਕਾ-:ਨਹੀਂ।
ਸਿੰਨਾ-:ਮਾਫ ਕਰਨਾਂ, ਇਹੋ ਹੈ ਉਹ ਥਾਂ।
ਸਲੇਟੀ ਰੇਖਾਵਾਂ ਦਿਸ ਰਹੀਆਂ
ਦੂਰ ਪਰੇ ਦਿਸਹੱਦੇ ਉੱਤੇ,
ਜਾਲੀਦਾਰ ਕਰਨ ਨੱਕਾਸ਼ੀ
ਬਦਲਾਂ ਦੀ ਧੌਲੀ ਚਾਦੱਰ ਉੱਤੇ
ਅਗਰਦੂਤ ਬਣ ਦੇਣ ਸੁਨੇਹਾ
ਰਵੀ ਰਾਜ ਦੀ ਖੁਸ਼ ਆਮਦ ਦਾ।
ਕਾਸਕਾ-:ਮੰਨੋ ਜੇ ਤੁਸੀਂ ਮੇਰੀ,
ਭੁਲੇਖਾ ਲਗਦੈ ਦੋਵਾਂ ਨੂੰ ਹੀ:
ਖੰਜਰ ਮੇਰੇ ਦੀ ਨੋਕ ਹੈ ਜਿਤਵੱਲ
ਉੱਥੋਂ ਸੂਰਜ ਚੜ੍ਹਦੈ-
ਨਵੇਂ ਸਾਲ ਦੀ ਚੜ੍ਹਦੀ ਰੁੱਤੋਂ
ਜੇ ਅੰਦਾਜ਼ਾ ਲਾਈਏ,
ਵਾਹਵਾ ਦੱਖਣ ਵੱਲ ਹੀ ਉਗਦੈ-
ਦੋ ਮਹੀਨੇ ਪਿੱਛੋਂ ਪਰ ਇਹ
ਉੱਗਿਆ ਕਰੂ ਉੱਤਰ ਦੀ ਕੁਖੋਂ
ਪਹਿਨ ਪੱਚਰ ਕੇ
ਨਿੱਘੀਆਂ ਨਰਮ ਸਵੇਰਾਂ;
ਪਰ ਹੁਣ ਚੜ੍ਹਦੇ ਸੂਰਜ ਦਾ ਪੂਰਬ,
ਔੋਹ ਸਿੱਧਾ ਹੈ ਬਿਰਹਸਪਤੀ ਮੰਦਰ ਉੱਤੇ,
ਬਿਲਕੁਲ ਸਿੱਧਾ ਅਤੇ ਸਾਹਮਨੇ।
ਬਰੂਟਸ-:ਆਓ! ਸਾਰੇ ਹੱਥ ਮਿਲਾਓ
ਵਾਰੀ ਵਾਰੀ ਮੇਰੇ ਨਾਲ-
ਕੈਸੀਅਸ-:ਤੇ ਖਾ ਕੇ ਸਾਰੇ ਕਸਮਾਂ
ਮਤਾ ਆਪਣਾ ਪੱਕਾ ਕਰੀਏ-


ਬਰੂਟਸ-:ਨਹੀਂ। ਕੋਈ ਕਸਮ ਨਹੀਂ ਖਾਣੀ:
ਜੇ ਮੂੰਹ ਮੱਥੇ ਦੁਖੀ ਲੋਕਾਂ ਦੇ,
ਸਾਡੀਆਂ ਰੂਹਾਂ ਦੇ ਸੰਤਾਪ,
ਤੇ ਮਾਰ ਜ਼ਮਾਨੇ ਵਾਲੀ-
ਕਾਫੀ ਨਹੀਂ ਪਰੇਰਕ ਇਸ ਲਈ;
ਜਾਂ ਕਮਜ਼ੋਰ ਨੇ ਕਾਰਨ,
ਛੁੱਟੀ ਕਰੋ, ਹੋਵੋ ਬਰਖਾਸਤ,
ਜਾਕੇ ਵਿਹਲੇ ਮੰਜੇ ਤੋੜੋ।
ਜਬਰ, ਜ਼ੁਲਮ ਹਿੰਸਾ ਹੰਕਾਰ
ਭੜਕਣ ਦਿਉ ਜਿੰਨਾ ਵੀ ਭੜਕੇ-
ਜਿੰਨਾ ਚਿਰ ਨਾਂ ਪਰਚੀ ਨਿਕਲੇ,
ਤੁਹਾਡੇ ਨਾਂਅ ਦੀ, ਤੇ ਮਰ ਨਾ ਜਾਵੋਂ
ਇੱਕ ਇੱਕ ਕਰ ਕੇ-
ਮੁੱਕ ਨਾ ਜਾਵੋਂ ਵਾਰੀ ਵਾਰੀ।
ਪਰ ਮੇਰਾ ਵਿਸ਼ਵਾਸ ਹੈ ਪੱਕਾ,
ਇਹ ਪਰੇਰਕ ਅਗਨ ਨਿਰੀ,
ਨਿਰਾ ਜੋਸ਼ ਨੇ,
ਚਿੜੀਓਂ ਬਾਜ਼ ਬਣਾ ਸਕਦੇ ਨੇ,
ਮੋਇਆਂ ਨੂੰ ਜਿਵਾ ਸਕਦੇ ਨੇ;
ਤਾਂ ਫਿਰ ਆਓ, ਦੇਸ਼ ਵਾਸੀਓ!
ਲੋੜ ਕਿਸੇ ਉਕਸਾਹਟ ਦੀ ਕੀ,
ਕਿਉਂ ਕੋਈ ਸਾਨੂੰ ਮਾਰੇ ਆਰ,
ਜਾਂ ਫਿਰ ਉਂਗਲ ਲਾਵੇ-?
ਸਾਡੇ ਆਪਣੇ 'ਕਾਜ' ਦੀਆਂ ਹੀ ਚੋਭਾਂ
ਕਾਫੀ ਨਹੀਂ ਕੀ ਸਾਨੂੰ,
ਕਿ ਆਪਣੇ ਹੱਥੀਂ ਆਪਣਾ
ਆਪੇ ਹੀ ਕਾਜ ਸੁਅਰੀਏ?
ਹੋਰ ਅਜੇਹਾ ਪ੍ਰਤੀਬੰਧਨ ਕਿਹੜਾ?
ਜਿਸ ਗੁਪਤ ਤੌਰ ਤੇ ਰੋਮਨ ਬੰਨ੍ਹੇ ;
ਵਚਨ ਪੱਕਾ ਹੈ ਸਭ ਨੇ ਕੀਤਾ,
ਕੱਚਾ ਨਹੀਂ ਕਮਜ਼ੋਰ ਨਹੀਂ ਹੈ:
ਕਸਮ ਕੋਈ ਨਾਂ ਇਸ ਤੋਂ ਵੱਡੀ-


ਧਰਮ ਈਮਾਨ ਦੀ ਸੌਂਹ ਖਾਧੀ ਹੈ:
ਕਰਾਂਗੇ ਜਾਂ ਫਿਰ ਮਰ ਜਾਵਾਂਗੇ,
ਕਦਮ ਹੁਣ ਪਿੱਛੇ ਹਟ ਨਹੀਂ ਸਕਦੇ।
ਕਾਇਰ, ਕਮੀਨੇ ਤੇ ਕਮਜ਼ੋਰ,
ਪਰਹੇਜ਼ਗਾਰ, ਪ੍ਰੋਹਤ, ਮੁਰਦਾਰ
ਮਸ਼ਕੂਕ ਬੰਦੇ ਤੇ ਬਦਮਾਸ਼-
ਚੋਰਾਂ, ਯਾਰਾਂ, ਆਸ਼ਕਾਂ'
ਕਸਮਾਂ ਨਾਲ ਵਿਹਾਰ;
ਪਰ ਅਸੀਂ ਕਿਉਂ ਦਾਗੀ ਕਰੀਏ
ਸਹਿਜ ਗੁਣ ਆਪਣੇ ਉਦੱਮ ਵਾਲਾ।
ਸਾਡਾ ਜੋਸ਼ ਕੀ ਏਨਾਂ ਮੱਠਾ
ਕਿ ਚਿਤਵੀਏ-
ਅਮਲਾਂ ਅਤੇ ਉਦੇਸ਼ਾਂ ਦੀ
ਪੱਕਿਆਈ ਖਾਤਰ
ਕਸਮਾਂ ਹੈਨ ਜ਼ਰੂਰੀ?
ਕਤਰਾ ਕਤਰਾ ਲਾਲ ਲਹੂ ਦਾ
ਬੜਾ ਸੁਅੱਛ ਤੇ ਬੜਾ ਕੁਲੀਨ,
ਜਦ ਥੀਂ ਰੋਮਨ ਰਗਾਂ 'ਚ ਵਗਦਾ,
ਜੇ ਕੋਈ ਰੋਮਨ ਕਦੇ ਵੀ ਤੋੜੇ
ਕੌਲ ਕਰਾਰ ਦਾ ਨਿੱਕਾ ਹਿੱਸਾ
ਆਦਿ ਹਰਾਮੀ, ਜੁਗਾਦ ਹਰਾਮੀ,
ਸਦਾ ਹਰਾਮੀ, ਰਹੂ ਹਰਾਮੀ।
ਕੈਸੀਅਸ-:ਪਰ ਸਿਸੈਰੋ ਬਾਰੇ ਕੀ ਸੋਚਿਐ?
ਦੱਸਣੈ ਕੁੱਝ ਉਹਨੂੰ ਵੀ?
ਮੇਰਾ ਖਿਆਲ ਏ ਪੱਕੇ ਪੈਰੀਂ
ਉਹ ਖੜੂਗਾ ਸਾਡੇ ਨਾਲ।
ਕਾਸਕਾ-:ਆਪਾਂ ਉਹਨੂੰ ਬਾਹਰ ਨਾ ਰੱਖੀਏ।
ਸਿੰਨਾ-:ਹਾਂ, ਉਹਨੂੰ ਬਾਹਰ ਨਾ ਰੱਖੀਏ।
ਮੈਟੀਲਸ-:ਚੰਗੈ ਉਹਨੂੰ ਨਾਲ ਮਿਲਾਈਏ:
ਚਾਂਦੀ ਚਿੱਟੇ ਵਾਲ ਓਸਦੇ
ਨੇਕਨਾਮੀ ਖੱਟਣਗੇ ਸਾਨੂੰ
ਜੰਤਾ ਦੀ ਆਵਾਜ਼ ਖਰੀਦਣ;


ਲੋਕ ਕਹਿਣਗੇ-
ਸਿਆਣਪ ਅਤੇ ਵਿਵੇਕ ਨੇ ਉਹਦੇ
ਰਾਹ ਵਖਾਈ ਸਾਡੇ ਹੱਥਾਂ ਨੂੰ;
ਧੰਨ ਕਹਿਣਗੇ ਸਾਨੂੰ ਤੇ ਉਹਨੂੰ:
ਜਵਾਂਸਾਲੀ ਦੀ ਖੁਦਰੌਅ ਵਹਿਸ਼ਤ,
ਨਜ਼ਰ ਨ੍ਹੀਂ ਪੈਣੀ,
ਛੁਪ ਜੂ ਉਹਦੀ ਸਿਆਣਪ ਥੱਲੇ।
ਬਰੂਟਸ-:ਨਾਂਅ ਲਈਏ ਨਾ ਉਹਦਾ,
ਦੰਦ ਟੁੱਕੀਏ ਨਾਂ ਉਹਦੇ ਨਾਲ;
ਹੋਰ ਕੋਈ ਆਗਾਜ਼ ਕਰੇ ਤਾਂ
ਪਿੱਛੇ ਨਹੀਂ ਉਹ ਲਗਦਾ,
ਰਹਬਰ ਹੋਰ ਜੇ ਹੋਵੇ ਕੋਈ
ਚੱਲ ਨਹੀਂ ਸਕਦਾ ਉਹਦੇ ਨਾਲ।
ਕੈਸੀਅਸ-:ਫਿਰ ਤਾਂ ਛੱਡੋ ਉਹਦੀ ਗੱਲ-
ਕਾਸਕਾ-:ਦਰਅਸਲ ਉਹ
ਚੱਲ ਨਹੀਂ ਸਕਦਾ ਸਾਡੇ ਨਾਲ-
ਡੇਸੀਅਸ-:ਹੋਰ ਕਿਸੇ ਨੂੰ ਕੁੱਝ ਨਹੀਂ ਕਹਿਣਾ?
ਕੱਲੇ ਸੀਜ਼ਰ ਨੂੰ ਹੀ ਪਾਉਣੈ ਹੱਥ?
ਕੈਸੀਅਸ-:ਡੇਸੀਅਸ! ਠੀਕ ਪੁੱਛਿਐ ਤੂੰ ਸਵਾਲ।
ਮੈਂ ਸੋਚਦਾਂ ਮਾਰਕ ਐਨਟਨੀ,
ਸੀਜ਼ਰ ਨੂੰ ਹੈ ਬਹੁਤ ਪਿਆਰਾ
ਉਸ ਮਗਰੋਂ ਨਾ ਰਹੇ ਜਿਉਂਦਾ:
ਜੁਗਤੀ ਬੜਾ, ਜੁਗਾੜੂ ਸਿਆਣਾ,
ਟੱਕਰੂ ਬੁਰਾ ਉਹ ਸਾਨੂੰ;
ਇਹ ਵੀ ਪਤੈ ਤੁਹਾਨੂੰ,
ਸਾਧਨ ਬੜੇ ਨੇ ਉਹਦੇ,
ਹੋਰ ਵਧਾਕੇ, ਚੜ੍ਹਤ ਬਣਾਕੇ,
ਸਾਨੂੰ ਬੜਾ ਸਤਾ ਸਕਦੈ;
ਉਸ ਖਤਰੇ ਨੂੰ ਨੱਪਣ ਖਾਤਰ,
ਮਾਰੀਏ ਉਹਨੂੰ ਸੀਜ਼ਰ ਦੇ ਨਾਲ।
ਬਰੂਟਸ-:ਓ, ਕਾਇਸ ਕੈਸੀਅਸ!
ਘੋਰ ਭਿਆਨਕ, ਲਹੂ ਭਿਜਿਆ


ਦੁਨੀ ਨੂੰ ਲੱਗੂ ਸਾਡਾ ਇਹ ਕਾਰਾ:
ਵੱਢ ਕੇ ਸਿਰ ਜਿਉਂ ਅੰਗ ਅੰਗ ਤੱਛੀਏ,
ਮੁਰਦੇ ਨਾਲ ਜਿਉਂ ਕੱਢੀਏ ਸਾੜਾ,
ਰੋਹ ਲਾਟਾਂ ਤੇ ਪਾ ਪਾ ਤੇਲ;
ਸੀਜ਼ਰ ਦਾ ਹੈ ਅੰਗ ਐਨਟਨੀ।
ਬਲੀਦਾਨੀ ਹਾਂ ਆਪਾਂ ਕਾਇਸ!
ਲੋਕਾਂ ਨੂੰ ਬੁੱਚੜ ਨਾ ਲੱਗੀਏ:
ਸੀਜ਼ਰ ਦੀ ਫਿਤਰਤ ਹੈ ਮਾੜੀ,
ਉਸਦੇ ਅਸੀਂ ਵਿਰੋਧੀ;
ਪਰ ਖਲਕ ਦੀ ਫਿਤਰਤ
ਹੁੰਦੀ ਨਹੀਂ ਰੱਤ ਪੀਣੀ।
ਕਾਸ਼! ਫਿਤਰਤ ਉਹਦੀ ਬਦਲੀ ਜਾਂਦੀ,
ਕਿਉਂ ਕਰਦੇ ਫਿਰ ਟੋਟੇ ਉਹਦੇ-;
ਪਰ ਅਫਸੋਸ! ਇੰਜ ਹੋ ਨਹੀਂ ਸਕਦਾ,
ਕਤਲ ਤੇ ਉਹਦਾ ਕਰਨਾ ਈ ਪੈਣੈ।
ਆਓ ਮੇਰੇ ਚੰਗੇ ਮਿੱਤਰੋ!
ਦਲੇਰਾਂ ਵਾਂਗ ਸੀਜ਼ਰ ਨੂੰ ਹੱਤੋ,
ਨਾ ਗੁੱਸਾ ਨਾ ਘਿਰਣਾ ਕਾਈ,
ਨਰ-ਬਲੀ ਦਾ ਉਦੱਮ ਪਾਕ ਚਾੜ੍ਹੋ ਨੇਪਰੇ,
ਪੂਰਣ ਸ਼ਰਧਾ ਨਾਲ,
ਪਰੋਸੋ ਥਾਲੀ, ਦੇਵਤਿਆਂ ਨੂੰ ਭੋਗ ਲਗਾਓ:
ਮੁਰਦਾ ਲਾਸ਼ ਨੂੰ ਇਉਂ ਨਹੀਂ ਟੁੱਕਣਾ
ਜਿਉਂ ਕੁੱਤਿਆਂ ਨੂੰ ਪਾਣੀ ਹੋਵੇ:
ਪਰਵੀਣ ਮਾਲਕਾਂ ਵਾਂਗ
ਇਹ ਸਾਡੇ ਹਿਰਦੇ
ਜਾਇਜ਼ ਹੱਦ ਤੱਕ ਰੋਹ ਉਕਸਾਂਦੇ,
ਘੂਰ ਕੇ ਕਰਦੇ ਸ਼ਾਂਤ ਉਹਨੂੰ,
ਜਦ ਵੀ ਕੰਮ ਸਿਰੇ ਚੜ੍ਹ ਜਾਵੇ।
ਇੰਜ ਕੀਤਿਆਂ ਕਾਰਜ ਸਾਡਾ,
ਲੱਗੂ ਬੜਾ ਮਹਤੱਵ ਵਾਲਾ
ਈਰਸ਼ਾ-ਵੱਸ ਨਾ ਕੀਤਾ ਲੱਗੂ:
ਮੁਕਤੀ ਦਾਤੇ ਕਹੂ ਲੁਕਾਈ,


ਬੁੱਚੜ ਕੋਈ ਨਾਂ ਸੱਦੂ ਸਾਨੂੰ।
ਮਾਰਕ ਐਨਟਨੀ ਦੀ ਫਿਕਰ ਕਰੋ ਨਾ,
ਮੁਰਦਾ ਸੀਜ਼ਰ ਦੀ ਭੁਜ ਵਰਗਾ,
ਕੁੱਝ ਵੀ ਕਰ ਨਹੀਂ ਸਕਦਾ ਉਹ।
ਕੈਸੀਅਸ-:ਫਿਰ ਵੀ ਮੈਨੂੰ ਡਰ ਹੈ ਲਗਦਾ;
ਮੋਹ ਸੀਜ਼ਰ ਦਾ ਦਿਲ ਉਹਦੇ ਤੇ
ਖੁਣਿਆ ਹੋਇਐ।
ਬਰੂਟਸ-:ਅਫਸੋਸ ਕੈਸ! ਤੂੰ ਸੋਚੇਂ ਏਦਾਂ-
ਸੀਜ਼ਰ ਨੂੰ ਜੇ ਕਰੇ ਪਿਆਰ,
ਵੱਧ ਤੋਂ ਵੱਧ ਕੀ ਕਰ ਲੂ?
ਗ਼ਮ ਵਿੱਚ ਡੁੱਬੂ, ਰੋਊ ਪਿੱਟੂ,
ਚਿੰਤਾ ਨਾਲ ਹੀ ਮਰ ਜੂ:
ਪਰ ਏਨੇ ਜੋਗਾ ਵੀ ਹੈ ਉਹ ਕਿੱਥੇ?
ਮੌਜ ਮੇਲੇ ਤੇ ਸ਼ੁਗਲ ਅੱਥਰੇ,
'ਨੱਚਣਾ ਕੁੱਦਣਾ, ਮਨ ਕਾ ਚਾਓ'
ਖਾਓ, ਪੀਓ ਰੰਗ ਹੰਢਾਓ-
ਇਹੀ ਉਹਦਾ ਜੀਵਨ।
ਟਰੈਬੋਨ-:ਉਹਦਾ ਸਾਨੂੰ ਡਰ ਨਾਂ ਕੋਈ,
ਕਿਉਂ ਮਾਰੀਏ ਉਹਨੂੰ?
ਜੀਂਦਾ ਰਹੂ, ਕੱਲ੍ਹ ਕੱਲ੍ਹਾਂ ਨੂੰ
ਹੱਸ ਹੱਸ ਬਿਆਨ ਕਰੂਗਾ ਕਿੱਸੇ।
ਬਰੂਟਸ-:ਸ਼ਾਂਤ ਹੋ ਜੋ, ਸੁਣੋ ਆਵਾਜ਼ ਘੜੀ ਦੀ।
ਕੈਸੀਅਸ-:ਘੰਟੇ ਵੱਜੇ ਨੇ ਤਿੰਨ।
ਟਰੈਬੋਨ-:ਵਕਤ ਹੋ ਗਿਐ ਜੁਦਾ ਹੋਣਦਾ।
ਕੈਸੀਅਸ-:ਹਾਲੀਂ ਪਰ ਪਤਾ ਨਹੀਂ ਪੱਕਾ,
ਸੀਜ਼ਰ ਅੱਜ ਨਿਕਲੂ ਕਿ ਨਾਂ:
ਕੁੱਝ ਸਮੇਂ ਤੋਂ ਵਹਿਮੀ ਹੋ ਗਿਐ ਬੁਹਤਾ-
ਚੰਗੇ ਮਾੜੇ ਸ਼ਗਨਾਂ ਬਦਸ਼ਗਨਾਂ
ਅਤੇ ਸੁਪਨਿਆਂ ਬਾਰੇ,
ਬਿਲਕੁਲ ਉਲਟ ਉਨ੍ਹਾਂ ਵਿਚਾਰਾਂ ਦੇ
ਜੋ ਕਦੇ ਸੀ ਹੁੰਦੇ ਉਹਦੇ,
ਭਰਮ ਭੁਲੇਖੇ, ਪਰਛਾਂਵੇ


ਤੇ ਸੁਪਨ-ਚਿੱਤਰਾਂ ਬਾਰੇ ।
ਭਿਅੰਕਰ ਮੱਥਾ ਏਸ ਰਾਤ ਦਾ,
ਜੋ ਤੱਕਿਆ ਨਾਂ ਸੁਣਿਆ ਪਹਿਲਾਂ,
ਮਹਾਂ ਕਾਲੀਆਂ ਉਹ ਘਟਨਾਂਵਾਂ
ਤੱਕ ਜਿਨ੍ਹਾਂ ਨੂੰ ਹੱਕੀ ਬੱਕੀ ਰਹੀ ਲੁਕਾਈ,
ਤੇ ਜੋਤਸ਼ੀਆਂ ਦੇ ਸਲਾਹ ਮਸ਼ਵਰੇ
ਅਤੇ ਵਹਿਮ ਮਹੂਰਤ ਵਾਲਾ,
ਰੋਕ ਨਾ ਦੇਵਣ ਸੀਜ਼ਰ ਤਾਈਂ
'ਗੁਰੂ' ਮੰਦਰ ਨੂੰ ਜਾਣੋਂ ਅੱਜ।
ਡੇਸੀਅਸ-:ਇਹਦੀ ਕੋਈ ਫਿਕਰ ਕਰੋ ਨਾਂ-
ਜੇ ਉਸ ਕੀਤਾ ਇਹ ਫੈਸਲਾ,
ਬਦਲ ਦਿਆਂਗਾ ਮੈਂ:
ਕੰਨਰਸੀਆ, ਕੰਨਾਂ ਦਾ ਕੱਚਾ
ਉਹ ਬੜਾ ਹੈ;
ਸ਼ੌਕ ਬੜਾ ਹੈ ਸੁਨਣ ਦਾ ਉਹਨੂੰ,
ਅਚਰਜ ਕਥਾ ਕੋਈ ਜੇ ਹੋਵੇ-
ਇੱਕ-ਸਿੰਗਿਆਂ ਨੂੰ ਰੁੱਖ ਛਲ ਲੈਂਦੇ,
ਰਿੱਛਾਂ ਨੂੰ ਦਰਪਨ ਭਰਮਾਵੇ,
ਹਾਥੀ ਡਿੱਗਣ ਟੋਇਆਂ ਅੰਦਰ,
ਬੱਬਰ ਸ਼ੇਰ ਫੰਦੇ ਫਸ ਜਾਵੇ,
ਚਾਪਲੂਸੀ ਤੇ ਬੰਦੇ ਮਰਦੇ,
ਖੁਸ਼ਾਮਦ ਧੁਰ ਥੀਂ ਉੱਤਰ ਜਾਵੇ।
ਪਰ ਜਦ ਮੈਂ 'ਮੱਖਣ' ਲਾਵਾਂ, ਆਖਾਂ ਉਹਨੂੰ
'ਸੀਜ਼ਰ ਤੂੰ ਤਾਂ ਖਰਾ ਬੜਾ ਏ,
ਚਾਪਲੂਸਾਂ ਨੂੰ ਮੂੰਹ ਨੀ ਲਾਉਂਦਾ'
ਫੁੱਲ ਕੇ ਬਣ ਜਾਂਦਾ ਏ ਕੁੱਪਾ
ਤੇ ਫਿਰ ਕਹਿੰਦੈ:
'ਚਾਪਲੂਸਾਂ ਨੂੰ ਮੈਂ ਘਿਰਣਾ ਕਰਦਾਂ'।-
ਇਸ ਲਈ ਮੈਨੂੰ ਕੰਮ ਕਰਨ ਦਿਓ ਅਪਣਾ
ਸੱਚੀਂ ਪਰਭਾਵਤ ਕਰ ਸੱਕਨਾ ਮੈਂ
ਰੁਚੀ ਓਸ ਦੀ;
'ਗੁਰੂ' ਦੇ ਮੰਦਰ ਲੈਕੇ ਆਵਾਂ
ਪੱਕੀ ਰਹੀ ਇਹ ਜ਼ਿੰਮੇਵਾਰੀ।


ਕੈਸੀਅਸ-:ਨਹੀਂ ਅਸੀਂ ਸਾਰੇ ਹੀ ਚੱਲਾਂਗੇ ਓਥੇ,
ਲੈ ਆਵਾਂਗੇ ਉਹਨੂੰ।
ਬਰੂਟਸ-:ਅੱਠ ਬਜੇ ਪੂਰੇ, ਇਸ ਤੋਂ ਲੇਟ ਨਹੀਂ।
ਸਿੰਨਾ-:ਠੀਕ ਐ ਫੇਰ, ਇਸ ਤੋਂ ਲੇਟ ਨੀ ਹੋਣਾ।
ਮੈਟੀਲਸ-:ਕਾਇਸ ਲਿਗੇਰੀਅਸ ਨੂੰ ਵੀ
ਖਾਰ ਬੜੀ ਸੀਜ਼ਰ ਦੋ ਨਾਲ;
ਪੌਂਪੀ ਦੀ ਸ਼ਲਾਘਾ ਕਾਰਨ
ਤਾੜਿਆ ਸੀ ਉਸ ਉਹਨੂੰ;
ਕਿਉਂ ਕਿਸੇ ਨਹੀਂ ਸੋਚਿਆ ਉਹਦੇ ਬਾਰੇ,
ਬੜੀ ਹੈਰਾਨੀ ਮੈਨੂੰ।
ਬਰੂਟਸ-:ਸਹੀ ਸੋਚਿਆ ਮੈਟੀਲਸ ਵੀਰਾ!
ਜਾ ਜ਼ਰਾ ਹੁਣ ਉਹਦੇ ਵੱਲ;
ਕਾਰਨ ਮੈਂ ਦੱਸ ਚੁੱਕਾਂ ਉਹਨੂੰ,
ਭੇਜ ਤੂੰ ਉਹਨੂੰ ਮੇਰੇ ਵੱਲ,
ਮੈਂ ਸਮਝਾਊਂ ਉਹਨੂੰ।
ਕੈਸੀਅਸ-:ਚੜ੍ਹ ਰਿਹੈ ਹੁਣ ਦਿਨ ਬਰੂਟਸ!
ਅਸੀਂ ਤੇਥੋਂ ਖਿਮਾ ਮੰਗੀਏ;
ਚਲੋ ਦੋਸਤੋ! ਆਪਣੇ ਆਪਣੇ ਰਾਹ ਫੜੋ,
ਪਰ ਨਾਂ ਭੁੱਲਿਓ ਪ੍ਰਣ ਆਪਣੇ,
ਰੋਮਨ ਸੱਚੇ ਬਣ ਵਖਾਇਓ।
ਬਰੂਟਸ-:ਚੰਗਾ ਫੇਰ ਬਈ ਭੱਦਰ ਮਿੱਤਰੋ!
ਮੂੰਹ ਮੱਥੇ ਤੇ ਖੇੜਾ ਰੱਖੋ,
ਲੱਗੋ ਤਾਜ਼ਾ-ਦਮ;
ਦਿੱਖ ਤੁਹਾਡੀ ਨਾ ਪਾਏ ਕਹਾਣੀ
ਗੁਪਤ ਮਨੋਰਥ ਬਾਰੇ,
ਚਿਹਰੇ ਨਾ ਸੰਜੀਦਾ ਲੱਗਣ,
ਕੋਈ ਫਿਕਰ ਦਿੱਸੇ ਨਾ ਗ਼ਮ,
ਮੰਚਕਰਮੀਆਂ ਵਾਂਗ ਕਰੋ ਅਭਿਨੈ,
ਵਿਹਾਰ 'ਚ ਰੱਖੋ ਸਥਿਰਤਾ ਪੁਰੀ।
ਇਸੇ ਨਾਲ ਖਿਮਾ ਮੰਗਦਾ ਹਾਂ,
ਆਖਾਂ ਸ਼ੁਭ ਪਰਭਾਤ!
-ਬਰੂਟਸ ਬਿਨਾਂ ਸਾਰੇ ਚਲੇ ਜਾਂਦੇ ਹਨ-


ਲੂਸੀਅਸ, ਬੱਲਿਆ!
ਸੌਂ ਗਿਐ ਗੂੜ੍ਹੀ ਨੀਂਦੇ?
ਕੋਈ ਨੀ ਮੱਲਾ! ਕਰ ਤੂੰ ਮੌਜਾਂ-
ਮਾਖਿਓਂ ਮਿੱਠੀ ਗ਼ਨੂਦਗੀ ਤਾਰੀ,
ਅੰਮਿਓਂ ਰਸ ਜਿਓਂ ਬਰਸ ਰਿਹਾ ਹੈ
ਮਾਣ ਏਸ ਨੂੰ ਕਰ ਮਜ਼ੇ ਤੂੰ
ਨਾ ਕੋਈ ਫਿਕਰ ਨਾ ਫਾਕੇ ਤੈਨੂੰ
ਨਾ ਧੰਦਿਆਂ ਦੇ ਖਿਆਲ ਸਤਾਵਣ
ਨਾ ਕਲਪਣਾ ਦੇ ਪਰਛਾਂਵਂੇ,
ਨਾ ਆਂਕੜਿਆਂ ਦੇ ਸੁਪਨੇ ਆਵਣ-
ਦੁਨੀਆਦਾਰੀ ਦੀ ਫਿਕਰ ਤੋਂ ਬੱਚੇ,
ਮਨ ਤੇਰਾ ਹੈ ਨਿਰਮਲ
ਸੌਂ ਜਾ ਪਿਅਰੇ ਸੌਂ ਜਾ, ਲੁੱਟ ਮਜ਼ੇ ਤੂੰ।
-ਪਰਵੇਸ਼ ਪੋਰਸ਼ੀਆ-
ਪੋਰਸ਼ੀਆ-:ਜੀ, ਬਰੂਟਸ, ਸੁਆਮੀ ਮੇਰੇ!
ਬਰੂਟਸ-:ਪੋਰਸ਼ੀਆ! ਕੀ ਗੱਲ ਹੈ,
ਕਿਉਂ ਉੱਠੀ ਏਂ ਏਨੇ ਤੜਕੇ?
ਕਮਜ਼ੋਰ ਸਿਹਤ ਲਈ ਠੀਕ ਨਹੀਂ ਹੈ
ਕੱਚੀ ਠੰਢ 'ਚ ਬਾਹਰ ਫਿਰਨਾ,
ਏਨੇ ਮੂੰਹ ਨ੍ਹੇਰੇ।
ਪੋਰਸ਼ੀਆ-:ਤੁਹਾਨੂੰ ਵੀ ਤਾਂ ਠੀਕ ਨਹੀਂ
ਏਦਾਂ ਕਰਨਾ,
ਅਸਾਊਆਂ ਵਾਂਗ
ਖਿਸਕ ਆਏ ਹੋ ਚੋਰੀ ਚੋਰੀ
ਸੇਜ ਮੇਰੀ ਨੂੰ ਸੁੰਨੀ ਛੱਡਕੇ!
ਕੱਲ੍ਹ ਰਾਤੀਂ ਵੀ ਭੋਜਨ ਵੇਲੇ,
ਉੱਠੇ ਅਚਾਨਕ ਛੱਡ ਕੇ ਖਾਣਾ
ਐਧਰ ਓੁਧਰ ਗੇੜੇ ਕੱਢਦੇ,
ਸੋਚੀਂ ਪੈਕੇ ਆਹਾਂ ਭਰਦੇ,
ਬਾਜ਼ੂ ਹਿੱਕ ਤੇ ਬੰਨ੍ਹੀਂ ਫਿਰਦੇ ;
ਕਾਰਨ ਪੁੱਛਿਆ ਤਾਂ ਕੱਢੀਆਂ ਅੱਖਾਂ-,
ਘੂਰਨ ਲੱਗੇ;


ਜ਼ਿੱਦ, ਜ਼ੋਰ ਨਾਲ ਪੁੱਛਿਆ ਜਦ ਮੈਂ
ਹੋਰ ਵੀ ਹੋਕੇ ਬੇਕਰਾਰ
ਸਿਰ ਬੱਸ ਅਪਣਾ ਖੁਰਕਣ ਲੱਗੇ-
ਧੱਪ ਧੱਪ ਮਾਰੇ ਧਰਤੀ ਤੇ ਪੈਰ।
ਜ਼ਿੱਦ ਬੜੀ ਮੈਂ ਕੀਤੀ ਤਾਂ ਵੀ
ਤੁਸਾਂ ਨਾ ਦਿੱਤਾ ਕੋਈ ਜਵਾਬ,
ਗ਼ੁੱਸੇ ਨਾਲ ਬੱਸ ਸਿਰ ਝਟਕਿਆ,
ਤਖਲੀਏ ਦਾ ਦਿੱਤਾ ਆਦੇਸ਼।
ਚਲੀ ਗਈ ਮੈਂ ਛੱਡ ਕੇ ਕੱਲੇ
ਤਾਂ ਜੋ ਹੋਰ ਚੜ੍ਹੇ ਨਾ ਗ਼ੁੱਸਾ
ਭੜਕੀ ਹੋਈ ਬੇਕਰਾਰੀ
ਭਾਂਬੜ ਨਾ ਬਣ ਜਾਵੇ।
ਇਹ ਫੁਰਨਾ ਵੀ ਫੁਰਿਆ ਸੀ
ਕਿ ਰੌਂ ਹੋਸੀ ਕੋਈ ਮਨੋਦੋਸ਼ ਦਾ,
ਕਦੀ ਕਦਾਈਂ ਜੋ ਹਰ ਮਨੁੱਖ ਨੂੰ
ਹੋ ਜਾਂਦਾ ਹੈਨਾਂ ਸੌਵੇਂ ਨਾਂ ਖਾਵੇ ਚੱਜ ਨਾਲ,
ਗੱਲ ਕਰੇ ਨਾ ਕੋਈ :
ਪਰ ਏਦਾਂ ਜੇ ਵਿਗੜੀ ਹੁੰਦੀ
ਤਬੀਅਤ ਤੁਹਾਡੀ
ਮੈਨੂੰ ਕਿਵੇਂ ਪਤਾ ਨਾ ਚਲਦਾ,
ਅਰਧਾਂਗਣੀ ਹਾਂ ਫਿਰ ਵੀ ਤੁਹਾਡੀ ।
ਸੁਆਮੀ ਮੇਰੇ! ਆਪੇ ਦੱਸੋ
ਦੁਵਿਧਾ ਕਿਸ ਸਤਾਇਐ ਤੁਹਾਨੂੰ?
ਬਰੂਟਸ-:ਸਿਹਤ ਮੇਰੀ ਠੀਕ ਨਹੀਂ ਹੈ,
ਏਨੀ ਹੈ ਬੱਸ ਗੱਲ।
ਪੋਰਸ਼ੀਆ-:ਤੁਸੀਂ ਬੜੇ ਸਿਆਣੇ, ਬਰੂਟਸ!
ਤੁਹਾਨੂੰ ਪਤੈ ਵੱਲ ਕਿੱਦਾਂ ਹੋਣੈ।
ਬਰੂਟਸ-:ਇਹੀ ਤਾਂ ਮੈਂ ਕਹਿਨਾਂ!
ਜਾ ਭਲੀਏ ਹੁਣ ਸੌਂ ਜਾ ਸੇਜੇ।
ਪੋਰਸ਼ੀਆ-:ਬਰੂਟਸ! ਤੁਸੀਂ ਬੀਮਾਰ ਹੋ ਸੱਚੀਂ?
ਜੇ ਜਿਸਮਾਨੀ ਇਹ ਬੀਮਾਰੀ,


ਚੰਗਾ ਨਹੀਂ ਇਉਂ ਫਿਰਨਾ
ਖ੍ਹੋਲਕੇ ਤਣੀਆਂ ਜਾਮੇ ਵਾਲੀਆਂ
ਸਿੱਲ੍ਹੀ ਸੀਤ ਪ੍ਰਭਾਤੇ।
ਜੇ ਬਰੂਟਸ ਸੱਚੀਂ ਬੀਮਾਰ,
ਸੁੱਖਾਂ-ਲੱਧੀ ਸੇਜ ਨਾ ਛੱਡੇ
ਕਾਲੀ ਬੋਲੀ ਨਹਿਸ਼ ਰਾਤ ਦੇ
ਛੂਤ ਰੋਗ ਨਾਲ ਲਵੇ ਨਾ ਪੰਗਾ;
ਨਜ਼ਲੇ ਵਾਲੀ ਅਸ਼ੁੱਧ ਹਵਾ 'ਚ
ਸਾਹ ਲਵੇ ਕਿਉਂ,
ਕਿਉਂ ਵਧਾਵੇ ਅਪਣੀ ਬੀਮਾਰੀ?
ਨਹੀਂ ਬਰੂਟਸ ਪਿਆਰੇ!
ਇੰਜ ਨਹੀਂ ਹੈ;
ਬੀਮਾਰ ਦੋਸ਼ ਕੋਈ ਮਨ ਤੇਰੇ ਵਿੱਚ,
ਤੰਗ ਕਰ ਰਿਹੈ ਤੈਨੂੰ;
ਬੇਗ਼ਮ ਤੇਰੀ ਹੋਣ ਦੇ ਨਾਤੇ
ਜਾਨਣ ਦਾ ਹੱਕ ਹੈਗਾ ਮੈਨੂੰ:
ਸਜਦਾ ਕਰਾਂ ਮੈਂ ਤੇਰੇ ਅੱਗੇ,
ਉਸ ਹੁਸਨ ਦੇ ਸਦਕੇ,
ਜੀਹਦਾ ਕਦੇ ਦੀਵਾਨਾ ਸੀ ਤੂੰ,
ਛਿਣ ਭਰ ਦੂਰ ਕਰੇਂ ਨਾ ਮੈਨੂੰ:
ਪਿਆਰ ਦੀਆਂ ਸਭ ਕਸਮਾਂ ਦੇਵਾਂ
ਸਣੇ ਮਹਾਂ ਕਸਮ ਦੇ-
ਅਰਧਾਂਗਣੀ ਹੋਣ ਦਾ ਤੇਰੀ
ਜਿਸ ਸ਼ਰਫ ਬਖਸ਼ਿਆ ਮੈਨੂੰ;
ਦਿਲ ਦੇ ਵਰਕੇ ਫੋਲ ਦੇ ਸਾਰੇ
ਰਾਜ਼ ਦੱਸ ਦੇ ਮੈਨੂੰ,
ਦੱਸ ਖਾਂ ਕਿਉਂ ਮਨ ਭਾਰੀ ਤੇਰਾ?
ਕੌਣ ਸੀ ਛੇ ਸੱਤ ਬੰਦੇ?
ਨ੍ਹੇਰੇ ਤੋਂ ਸ਼ਰਮਿੰਦਾ ਕਿਉਂ ਸਨ?
ਕਿਉਂ ਸੀ ਮੂੰਹ ਲੁਕਾਏ?
ਬਰੂਟਸ-:ਸਜਦੇ ਵਿੱਚ ਤੂੰ ਡਿੱਗ ਨਾ ਏਦਾਂ,
ਉੱਠ ਖੜ ਭਾਗਾਂ ਭਰੀਏ!


ਪੋਰਸ਼ੀਆ-:ਡਿੱਗਾਂ ਮੈਂ ਕਿਓਂ ਗੋਡਿਆਂ ਪਰਨੇ
ਜੇ ਬਰੂਟਸ ਸਾਊ ਬਣ ਜਾਵੇ?
ਸ਼ਾਦੀ ਦਾ ਕੀ ਮਤਲਬ ਇਹੋ,
ਦਿਲ ਤੁਹਾਡੇ ਦੀ ਜਾਨਣ ਦਾ
ਹੱਕ ਨਾ ਕੋਈ ਮੈਨੂੰ?
ਤੁਹਾਡੇ ਵਿਅਕਤਿੱਤਵ ਦਾ ਹਿੱਸਾ
ਕੀ ਏਨਾਂ ਹੀ ਮੈਂ ਹਾਂ?
ਕੱਠੇ ਖਾਈਏ, ਗੱਪ ਸ਼ੱਪ ਕਰੀਏ,
ਸੇਜ ਮਾਣੀਏ ਤੇ ਸੌਂ ਜਾਈਏ?
ਭੋਗ ਵਿਲਾਸ ਦੀ ਹੱਦ ਤੱਕ ਹੀ
ਜੇਕਰ ਹੈ ਟਿਕਾਣਾ ਮੇਰਾ,
ਪੋਰਸ਼ੀਆ ਫਿਰ ਕੋਠੇ ਵਾਲੀ,
ਬੇਗ਼ਮ ਫਿਰ ਕਿਉਂ ਆਖੋਂ ਮੈਨੂੰ?
ਬਰੂਟਸ-:ਤੂੰ ਹੀ ਅਸਲੀ ਬੀਵੀ ਮੇਰੀ,
ਮਾਨਯੋਗ ਤੇ ਬੜੀ ਪਿਅਰੀ
ਏਨੀ ਨੇੜੇ ਏਨੀ ਪਿਅਰੀ
ਜਿਉਂ ਲਹੂ ਦੇ ਸੂਹੇ ਕਤਰੇ
ਗ਼ਮ ਦੇ ਮਾਰੇ ਦਿਲ ਨੂੰ ਮੇਰੇ
ਜੋ ਧੜਕਾਈਂ ਰੱਖਦੇ।
ਪੋਰਸ਼ੀਆ-:ਜੇ ਇਹ ਸੱਚ ਹੈ ਤਾਂ ਦੱਸੋ ਮੈਨੂੰ
ਕੀ ਲਕੋਇਐ ਰਾਜ਼?
ਮੈਂ ਮੰਨਦੀ ਹਾਂ ਮੈਂ ਹਾਂ ਔੋਰਤ,
ਪਰ ਉਹ ਔੋਰਤ
ਜੋ ਸਾਮੰਤ ਬਰੂਟਸ ਪਰਣਾਈ;
ਉਹ ਔਰਤ ਜੀਹਨੂੰ ਜੱਗ ਜਾਣੇ,
ਕੇਟੋ ਦੀ ਧੀ ਅਖਵਾਵੇ-
ਐਡੇ ਘਰ ਦੀ ਧੀ ਧਿਆਣੀ,
ਐਡੇ ਘਰ ਦੀ ਵਹੁਟੀ
ਕਿਉਂ ਹੋਵੇਗੀ ਥੋੜ੍ਹਦਿਲੀ ਉਹ
ਬਾਕੀ ਰੰਨਾਂ ਵਰਗੀ?
ਰੱਖੂੰ ਸਾਂਭਕੇ ਰਾਜ਼ ਜੋ ਦੱਸੋਂ,
ਏਨਾ ਜਿਗਰਾ ਹੈਗਾ;


ਵਫਾ ਮੇਰੀ ਦਾ ਸਬੂਤ ਪਕੇਰਾ
ਪੱਟ ਮੇਰੇ ਵਿੱਚ ਹੈਗਾ
ਜ਼ਖਮ ਝੱਲਿਆ ਸਵੈ-ਇੱਛਾ ਨਾ',
ਭੇਦ ਪਤੀ ਦੇ ਕਿਵੇਂ ਨਾ ਸਾਂਭੂੰ?
ਬਰੂਟਸ-:ਆਹ, ਓ ਸਰਬਸਮਰੱਥ ਖੁਦਾਓ!
ਅੱਤ ਸ਼ਰੀਫ, ਕੁਲੀਨ ਬੀਵੀ ਦੇ,
ਮੈਂਨੂੰ ਯੋਗ ਬਣਾਓ!
-ਦਸਤਕ ਦੀ ਆਵਾਜ਼-
ਸੁਣੋ, ਸੁਣੋ! ਕੋਈ ਦਸਤਕ ਦੇਂਦੈ:
ਪੋਰਸ਼ੀਆ ਜ਼ਰਾ ਅੰਦਰ ਜਾਓ;
ਹੌਲੀ ਹੌਲੀ ਹਿੱਕ ਤੇਰੀ ਵਿੱਚ,
ਮੇਰੇ ਦਿਲ ਦੇ ਰਾਜ਼ ਵੀ ਹੋਸਨ-
ਸੱਭੇ ਰੁਝੇਵੇਂ ਮੇਰੇ, ਮੈਂ ਤੈਨੂੰ ਸਮਝਾ ਦੂੰ,
ਉਦਾਸ ਮੱਥੇ ਦੇ ਅੱਖਰ ਸੱਭੇ
ਪੱਲੇ ਤੇਰੇ ਪਾ ਦੂੰ।
ਛੇਤੀ ਕਰ ਹੁਣ ਜਾ ਤੂੰ ਏਥੋਂ।
-ਪੋਰਸ਼ੀਆ ਜਾਂਦੀ ਹੈ-
ਲੁਸੀਅਸ! ਕੌਣ ਹੈ ਬਾਹਰ?
-ਪਰਵੇਸ਼ ਲੂਸੀਅਸ ਅਤੇ ਲਿਗੇਰੀਅਸ ਦਾ-
ਲੂਸੀਅਸ-:ਇਹ ਇੱਕ ਬੀਮਾਰ ਬੰਦਾ ਹੈ ਆਇਆ,
ਕਹਿੰਦੈ ਗੱਲ ਤੁਹਾਡੇ ਨਾਲ ਕਰਨੀ।
ਬਰੂਟਸ-:(ਖੁਦ ਨਾਲ) ਕਾਇਸ ਲਿਗੇਰੀਅਸ,
ਜੀਹਦੀ ਗੱਲ ਮੈਟੀਲਸ ਕੀਤੀ
(ਗ਼ੁਲਾਮ ਨੂੰ) ਲਾਂਭੇ ਹੋ ਕਾਕਾ!-
(ਆਣ ਵਾਲੇ ਨੂੰ) ਕਾਇਸ ਲਿਗੇਰੀਅਸ, -ਕਿੱਦਾਂ ਬਈ!
ਲਿਗੇਰੀਅਸ-:ਕਿਰਪਾ ਕਰੋ, ਮੰਨੋ ਸ਼ੁਭ ਪਰਭਾਤ,
ਇਸ ਕਮਜ਼ੋਰ ਜ਼ੁਬਾਨੋਂ।
ਬਰੂਟਸ-:ਓ, ਕਿਹੜਾ ਵਕਤ ਇਹ ਚੁਣਿਐ ਵੀਰ ਕਾਇਸ!
ਬਾਹਰ ਫਿਰਨ ਦਾ ਬੰਨ੍ਹ ਸਿਰ ਤੇ ਦਸਤਾਰ!
ਕਾਸ਼, ਤੂੰ ਬੀਮਾਰ ਨਾ ਹੁੰਦਾ!
ਲਿਗੇਰੀਅਸ-:ਬਰੂਟਸ ਕੋਲ ਜੇ ਕੰਮ ਹੈ ਕੋਈ ਸਨਮਾਨਜਨਕ,
ਮੈਂ ਬੀਮਾਰ ਨਹੀਂ ਹਾਂ।


ਬਰੂਟਸ-:ਅਜੇਹਾ ਕੰਮ ਹੈ ਹੱਥ 'ਚ ਮੇਰੇ
ਜੇ ਲਿਗੇਰੀਅਸ ਕੰਨ 'ਚ ਤੇਰੇ
ਸੁਨਣ ਦੀ ਸਮਰੱਥਾ ਹੋਵੇ।
ਲਿਗੇਰੀਅਸ-:ਦੇਵਤਿਆਂ ਦੀ ਸੌਂਹ ਹੈ ਮੈਨੂੰ,
ਰੋਮ ਜਿਨ੍ਹਾਂ ਨੂੰ ਮੱਥਾ ਟੇਕੇ
ਮੈਂ ਬੀਮਾਰੀ ਲਾਹ ਸੁੱਟੀ ਹੈ;
ਰੂਹ ਰੋਮ ਦੀ, ਸਪੂਤ ਬਹਾਦਰ,
ਮਹਾਂ ਕੁਲੀਨ ਤੁਖਮ ਦੇ!
ਕਿਸੇ ਮਾਂਦਰੀ ਵਾਂਗ ਜਗਾਈ
ਮੁਰਦਾ ਰੂਹ ਤੂੰ ਮੇਰੀ;
ਹੁਕਮ ਕਰ ਤੂੰ ਪੈ ਜਾਂ ਕੁੱਦਕੇ,
ਅਸੰਭਵ ਨੂੰ ਵੀ ਸੰਭਵ ਕਰਦਾਂ
'ਨਿਸ਼ਚੇ ਕਰ ਅਪਣੀ ਜੀਤ ਕਰਾਂ' ਮੈਂ;
ਹੁਕਮ ਕਰ ਕੀ ਹੈ ਕਰਨਾ?
ਬਰੂਟਸ-:ਇੱਕ ਕੰਮ ਅਜੇਹਾ
ਜੋ ਸਿਹਤ ਬਖਸ਼ੂ
ਸਭ ਬੀਮਾਰਾਂ ਤਾਂਈਂ।
ਲਿਗੇਰੀਅਸ-:ਪਰ ਕੁਝ ਤਕੜੇ ਹੈਨ ਅਜਿਹੇ ,
ਕਰੂ ਜਿਹੜੇ ਬੀਮਾਰ?
ਬਰੂਟਸ-:ਇਹੋ ਸਾਨੂੰ ਕਰਨਾ ਪੈਣੈ;
ਪਰ ਕ੍ਹੀਨੂੰ ਕਰਨੈ, ਕਾਇਸ ਪਿਆਰੇ!
ਰਾਹ 'ਚ ਦੱਸੂੰ ਤੈਨੂੰ।
ਲਿਗੇਰੀਅਸ-:ਕਦਮ ਵਧਾ ਤੂੰ, ਮੈਂ ਪਿੱਛੇ ਹਾਂ
ਨਵੇਂ ਵਲਵਲੇ, ਜੋਸ਼ ਨਵੇਂ ਨਾਲ
ਭਾਵੇਂ ਪਤਾ ਨਹੀਂ ਕੀ ਮੈਂ ਕਰਨਾ,
ਕਾਫੀ ਹੈ ਬੱਸ ਮੈਨੂੰ ਇਹ ਕਿ-
ਬਰੂਟਸ ਮੇਰਾ ਰਾਹਬਰ ਬਣਿਐ।
ਆ ਜਾ ਫੇਰ ਤੂੰ ਮੇਰੇ ਪਿੱਛੇ।
-ਜਾਂਦੇ ਹਨ-


- ਸੀਨ-੨-ਰੋਮ। ਸੀਜ਼ਰ ਦੇ ਮਹਿਲ ਦਾ ਇੱਕ ਕਮਰਾ-
ਬੱਦਲ ਦੀ ਗਰਜ, ਬਿਜਲੀ ਦੀ ਚਮਕ-
ਸੀਜ਼ਰ ਰਾਤ੍ਰੀ ਚੋਗੇ 'ਚ ਨਜ਼ਰ ਆਉਂਦੈ-

ਸੀਜ਼ਰ-:(ਖੁਦ ਨੂੰ)-: ਨਾਂ ਧਰਤੀ ਨਾਂ ਆਕਾਸ਼,
ਸ਼ਾਂਤ ਰਹੇ ਨਾਂ ਅੱਜ ਦੀ ਰਾਤ
ਤਿੰਨ ਬਾਰ ਕਲਫੋਰਨੀਆ ਬਰੜਾਈ:
'ਸਹਾਇਤਾ ਹੋ, ਸਹਾਇਤਾ!
ਮਾਰਨ ਲੱਗੇ ਉਹ ਸੀਜ਼ਰ ਤਾਈਂ!'
(ਉੱਚੀ ਆਵਾਜ਼ 'ਚ) ਕੌਣ ਹੈ ਬਈ ਅੰਦਰ?
-ਇੱਕ ਗੁਲਾਮ ਦਾ ਪ੍ਰਵੇਸ਼-
ਗ਼ੁਲਾਮ-:ਹਜ਼ੂਰ?
ਸੀਜ਼ਰ-:ਜਾ, ਪੁਜਾਰੀਆਂ ਤਾਂਈਂ ਹੁਕਮ ਸੁਣਾ-,
'ਕੁਰਬਾਨੀ ਤੱਯਾਰ ਕਰੋ';
ਤੇ ਲਿਆ ਰਾਏ ਉਹਨਾਂ ਦੀ
ਕੀ ਕਹਿੰਦੇ ਨੇ ਸਫਲਤਾ ਬਾਰੇ।
ਗ਼ੁਲਾਮ-:ਜੀ ਹਜ਼ੂਰ! ਹੁਣੇ ਜਾਂਦਾ ਹਾਂ।
-ਪ੍ਰਵੇਸ਼ ਕਲਫੋਰਨੀਆ ਦਾ-
ਕਲਫੋਰਨੀਆ-:ਸੀਜ਼ਰ! ਕੀ ਮਤਲਬ ਏ ਤੁਹਾਡਾ?
ਅੱਜ ਵੀ ਜਾਣੈ ਬਾਹਰ?
ਅੱਜ ਨਹੀਂ ਤੁਸਾਂ ਘਰੋਂ ਨਿਕਲਣਾ।
ਸੀਜ਼ਰ-:ਸੀਜ਼ਰ ਜਾਊ ਅੱਜ ਜ਼ਰੁਰ:
ਡਰਾਵਣ ਤੇ ਧਮਕਾਵਣ ਵਾਲੇ
ਮੇਰੇ ਅੱਗੇ ਨਹੀਂਓ ਖੜਦੇ;
ਸੀਜ਼ਰ ਅੱਗੇ ਖੜ ਨਹੀਂ ਸਕਦੇ,
ਪਿੱਠ ਪਿੱਛੇ ਜੋ ਬਕਦੇ।
ਸੀਜ਼ਰ ਸਾਹਮਣੇ ਆਉਂਦਿਆਂ ਹੀ,
ਪੇਸ਼ਾਬ ਖਤਾ ਹੋ ਜਾਵੇ।
ਕਲਫੋਰਨੀਆ-:ਸੀਜ਼ਰ! ਮੈਂ ਕਦੇ ਪਰਵਾਹ ਨਹੀਂ ਕੀਤੀ
ਸ਼ਗਨਾਂ, ਅੱਪ-ਸ਼ਗਨਾਂ ਦੀ,
ਪਰ ਇਹ ਅੱਜ ਡਰਾਵਣ ਮੈਨੂੰ;
ਇੱਕ ਸਾਡੇ ਵੀ ਘਰ ਵਿੱਚ ਹੈਗਾ,


ਅਸੀਂ ਆਪ ਜੋ ਵੇਖਿਆ ਸੁਣਿਆ
ਉਸ ਤੋਂ ਵੀ ਉਹ ਵੱਧ ਸੁਣਾਵੇ
ਅਤੀ ਭਿਆਨਕ ਗੱਲਾਂ-
ਸੁਣ ਸੁਣ ਹਿਰਦਾ ਕੰਬੇ, ਗਤ ਥੱਰਾਵੇ-
ਅੱਤ ਡਰੌਣੇ ਉਹ ਨਜ਼ਾਰੇ ਸੰਤਰੀਆਂ ਜੋ ਵੇਖੇ-
ਬੱਬਰ ਸ਼ੇਰਨੀ ਇੱਕ ਵੇਖੀ ਸੀ
ਵਿੱਚ ਗਲੀ ਦੇ ਸੂੰਦੀ;
ਮੂੰਹ ਅੱਡ ਕਬਰਾਂ ਲੈਣ ਉਬਾਸੀ-
ਮੁਰਦੇ ਨਿਕਲ ਨੱਸੇ-
ਬੱਦਲਾਂ ਉੱੱਪਰ ਲੜਣ ਸੂਰਮੇ
ਅੱਗ ਦੇ ਜਾਮੇ ਪਾਕੇ,
ਆਪਣੇ ਆਪਣੇ ਦਸਤੇ ਲੈਕੇ,
ਮਰਾਤਬ ਸਿਰ ਕਰਨ ਅਗਵਾਈ,
ਸੱਚੀਂ ਮੁੱਚੀਂ ਜਿਉਂ ਜੰਗ ਹੁੰਦੀ ,
ਓਵੇਂ ਕਰਨ ਲੜਾਈ;
ਤੇ ਫਿਰ ਰੱਤ ਦੀ ਬਰਖਾ ਹੋਈ
ਬਿਰਹਸਪਤੀ ਮੰਦਰ ਉੱਤੇ;
ਯੁੱਧ-ਸ਼ੋਰ ਦਾ ਖੜਕਾ ਉੱਡੇ ਵਿੱਚ ਫਜ਼ਾ ਦੇ-
ਹਿਨਕਣ ਘੋੜੇ, ਮਰਦੇ ਜ਼ਖਮੀ ਆਹਾਂ ਭਰਦੇ
ਲੇਰਾਂ ਮਾਰਨ, ਚੀਖੀਂ ਜਾਵਣ,
ਗਲੀਏਂ ਘੁੰਮਦੇ ਪਰੇਤ ਪਰਛਾਂਵੇ;
ਓ ਸੀਜ਼ਰ! ਇਹ ਸਾਰੀਆਂ ਗੱਲਾਂ,
ਪਰਕਿਰਤੀ ਦੇ ਉਲਟ ਨੇ ਬੜੀਆਂ,
ਤਾਂ ਹੀ ਮੈਨੂੰ ਸੱਚੀਂ ਡਰ ਲਗਦਾ।
ਸੀਜ਼ਰ-:ਮਹਾਂਦੇਵ ਜੋ ਕਰਨ ਫੈਸਲਾ
ਉਹ ਨਾ ਡੱਕਿਆ ਜਾਵੇ,
ਅਸੀਂ ਨਿਮਾਣੇ ਕਿਵੇਂ ਰੋਕੀਏੇ
ਜੋ 'ਅੰਤ' ਉਨ੍ਹਾਂ ਨੂੰ ਭਾਵੇ?
ਭਵਿੱਖ ਬਾਣੀਆਂ ਹੋਈਆਂ ਸੁਣੀਆਂ,
ਸਾਰੇ ਜੱਗ ਦੇ ਬਾਰੇ
ਸੀਜ਼ਰ ਕੱਲੇ ਤੇ ਭਲਾ ਕਿਉਂ ਹੋਵੇ
ਮਾੜਾ ਕੋਈ ਅਸਰ?
ਤਾਂ ਤੇ ਸੀਜ਼ਰ ਨਿਕਲੂ ਬਾਹਰ


ਕੋਈ ਨਾ ਉਹਨੂੰ ਡਰਾਵੇ।
ਕਲਫੋਰਨੀਆ-:ਗਲੀਆਂ ਵਿੱਚ ਜੇ ਮਰਨ ਭਿਖਾਰੀ,
ਧੂਮ ਕੇਤੂ ਨਾਂ ਟੁੱਟਦੇ ਦਿੱਸਣ;
ਐਪਰ ਜੇ ਕੋਈ ਰਾਜਾ ਮਰਦਾ,
ਅੱਗ ਬਹਿਸ਼ਤੀਂ ਲੱਗੇ।
ਸੀਜ਼ਰ-:ਮਰਨ ਬਹਾਦਰ ਇੱਕੋ ਵਾਰੀਂ,
ਕਾਇਰ ਸੌ ਸੌ ਵਾਰੀਂ ਮਰਦੇ
ਮੌਤ ਆਉਣ ਤੋਂ ਪਹਿਲਾਂ।
ਸਭ ਤੋਂ ਵੱਡਾ ਇੱਕ ਅਚੰਭਾ
ਇਸ ਦੁਨੀਆ ਦੇ ਉਤੇ:
ਮੌਤ ਹੈ ਸੱਚੀ ਜੀਵਨ ਝੂਠਾ,
ਜੋ ਜੰਮਿਆ ਸੋ ਮਰ ਸੀ
ਫਿਰ ਕਿਉਂ ਡਰੇ ਮਨੁੱਖ ਏਸ ਤੋਂ
ਬੜੀ ਹੈਰਾਨੀ ਹੈ ਇਸ ਗੱਲ ਦੀ:
ਮੌਤ ਹੀ ਜੇਕਰ ਅੰਤ ਨਿਰਧਾਰਤ,
ਰੁੱਕ ਨਹੀਂ ਸਕਦਾ ਪੱਕਾ ਹੋਸੀ।
-ਗ਼ੁਲਾਮ ਦਾ ਮੁੜ ਪ੍ਰਵੇਸ਼-
ਕੀ ਆਖਿਆ ਭਵਿਖ-ਵਾਚਕਾਂ?
ਗ਼ੁਲਾਮ-:ਕਹਿੰਦੇ ਅੱਜ ਨਹੀਂ ਜਾਣਾ ਬਾਹਰ,
ਅੱਪਸ਼ਗਨ ਬੜਾ ਹੈ ਹੋਇਆ-
ਕੁਰਬਾਨੀ ਦੇ ਜਾਨਵਰ ਦੀਆਂ
ਜਦੋਂ ਆਂਦਰਾਂ ਕੱਢੀਆਂ
ਦਿਲ ਉਸ ਦਾ ਨਾ ਲੱਭਾ ਅੰਦਰ!
ਸੀਜ਼ਰ-:ਕਾਇਰਤਾ ਨੂੰ ਪਾਉਣ ਮਲਾਮਤ,
ਦਿਓਤੇ ਇਹ ਕੁਝ ਕਰ ਕੇ;
ਸੀਜ਼ਰ ਕੋਈ ਕਾਇਰ ਨਹੀਂ ਹੈ,
ਬੈਠੂ ਘਰ ਜੋ ਡਰਕੇ;
ਹਿਰਦੇ-ਹੀਣ ਬਲੀ ਦਾ ਬੱਕਰਾ
ਕੋਈ ਨਾ ਉਸ ਨੂੰ ਆਖੇ।
ਖਤਰਿਓਂ ਵੱਡਾ ਖਤਰਾ ਸੀਜ਼ਰ,
ਇਹ 'ਖਤਰਾ' ਵੀ ਜਾਣੇ
ਅਸੀਂ ਦੋਵੇਂ ਹਾਂ ਬੱਬਰ ਸ਼ੇਰ,


ਇੱਕੋ ਝੋਲੀ, ਇੱਕੋ ਦਿਨ ਜੰਮੇ
ਵੱਡਾ ਹਾਂ ਮੈਂ, ਖੂੰਖਾਰ ਵਧੇਰਾ
ਝਾਲ ਨ ਕੋਈ ਮੇਰੀ ਝੱਲੇ:
ਅੱਜ ਤਾਂ ਸੀਜ਼ਰ ਜਾਊ ਜ਼ਰੂਰ।
ਕਲਫੋਰਨੀਆ-:ਸਦ ਅਫਸੋਸ! ਸੁਆਮੀ ਮੇਰੇ,
ਸਵੈ-ਭਰੋਸਾ ਏਨਾ ਭਾਰੀ
ਸਿਆਣਪ ਤੁਹਾਡੀ ਦੱਬ ਗਈ ਸਾਰੀ-
ਤੁਸੀਂ ਨਹੀਂ ਡਰਦੇ ਮੈਂ ਡਰਦੀ ਹਾਂ,
ਦੱਸੋ ਭਾਵੇਂ ਏਹੀ-
ਪਰ ਅੱਜ ਨਹੀਂ ਜਾਣਾ ਬਾਹਰ।
ਗੋਡਿਆਂ ਪਰਨੇ ਅਰਜ਼ ਕਰਾਂ ਮੈਂ,
ਮੰਨੋ ਬੇਨਤੀ ਮੇਰੀ:
ਸੰਸਦ ਭਵਨ ਸੁਨੇਹਾ ਭੇਜੋ,
'ਤੁਸੀਂ ਬੀਮਾਰ ਬੜੇ ਹੋ',
ਮਾਰਕ ਐਨਟਨੀ ਭੇਜੋ ਉਥੇ,
ਦਿਊ ਸੁਨੇਹਾ ਜਾਕੇ।
ਸੀਜ਼ਰ-:ਮਾਰਕ ਐਨਟਨੀ ਕਹਿ ਦੂ ਜਾਕੇ,
ਮੈਂ ਬੀਮਾਰ ਬੜਾ ਹਾਂ
ਮੈਂ ਨਹੀਂ ਜਾਂਦਾਂ, ਘਰ ਰਹਿ ਜਾਨਾਂ,
ਜਿਵੇਂ ਖੁਸ਼ੀ ਹੈ ਤੇਰੀ।
-ਡੇਸੀਅਸ-
ਆਹ ਆ ਗਿਆ ਡੇਸੀਅਸ ਬਰੂਟਸ,
ਇਹ ਕਹਿ ਦੂਗਾ ਜਾਕੇ-
ਡੇਸੀਅਸ-:ਜੈ ਸੀਜ਼ਰ ਦੀ, ਫਤਿਹ ਬੁਲਾਵਾਂ,
ਸ਼ੁਭ ਪਰਭਾਤ ਤੁਹਾਨੂੰ!
ਆਓ ਚੱਲੀਏ ਸੰਸਦ ਭਵਨ ਨੂੰ,
ਆਇਆਂ ਲੈਣ ਤੁਹਾਨੂੰ।
ਸੀਜ਼ਰ-:ਬੜਾ ਵੇਲੇ ਸਿਰ ਆਇਐਂ ਡੇਸੀਅਸ!
ਲੈਜਾ ਮੇਰਾ ਸੁਨੇਹਾ;
ਸਾਂਸਦਾਂ ਨੂੰ ਕਹਿ ਦੀਂ ਜਾਕੇ,
ਮੈਂ ਨਹੀਂ ਅੱਜ ਆਉਣਾ;
'ਆ ਨਹੀਂ ਸਕਦਾ 'ਝੂਠ ਹੋਵੇਗਾ,


'ਜੁੱਰਅਤ ਨਹੀਂ ਹੈ' ਉਸ ਤੋਂ ਝੂਠ
ਬੱਸ ਕਹਿ ਦੀਂ ਤੂੰ ਮੈਂ ਨਹੀਂ ਆਉਣਾ ।
ਕਲਫੋਰਨੀਆ-:ਕਹਿ ਦੇਵੀਂ ਬੀਮਾਰ ਹੈ ਸੀਜ਼ਰ-
ਸੀਜ਼ਰ-:ਕਿਉਂ ਭੇਜਾਂ ਮੈਂ ਝੂਠ ਸੁਨੇਹਾ?
ਕਾਹਦੇ ਲਈ ਮੈਂ ਮੱਲਾਂ ਮਾਰੀਆਂ,
ਏਨੀਆਂ ਦੂਰ ਪਸਾਰੀਆਂ ਬਾਹਵਾਂ,
ਜਿੱਤੇ ਦੇਸ ਪਰਾਏ?
ਸੁਨੇਹੇ ਝੂਠੇ ਕਿਉਂ ਭਿਜਵਾਵਾਂ
ਧੌਲਦਾੜ੍ਹੀਆਂ ਅੱਗੇ ਭਲਾ ਮੈਂ,
ਬਹਾਨੇ ਕਿਉਂ ਬਣਵਾਵਾਂ?
ਜਾਹ ਜਾਕੇ ਤੂੰ ਕਹਿ ਦੇ ਡੇਸੀਅਸ,
ਮੈਂ ਨਹੀਓਂ ਅੱਜ ਆਉਣਾ।
ਡੇਸੀਅਸ-:ਹਾਂ ਬਲੀ ਸੀਜ਼ਰ!
ਦੱਸੋ, ਕੀ ਮੈਂ ਕਾਰਨ ਦੱਸਾਂ?
ਤਾਂ ਜੋ ਖਿੱਲੀ ਉਡੇ ਨਾ ਮੇਰੀ,
ਕੁਝ ਤਾਂ ਜਾਕੇ ਦੱਸਾਂ?
ਸੀਜ਼ਰ-:ਮੇਰੀ ਰਜ਼ਾ ਹੈ ਕਾਰਨ ਇਹਦਾ-
ਮੈਂ ਨਹੀਂ ਆਉਣਾ, ਬੱਸ ਨਹੀਂ ਆਉਣਾ:
ਸੰਸਦ ਲਈ ਬੱਸ ਕਾਫੀ ਏਨਾ;
ਤੂੰ ਹੈਂ ਬੜਾ ਪਰੇਮੀ ਮੇਰਾ,
ਤੇਰੀ ਨਿੱਜ ਤਸੱਲੀ ਖਾਤਰ
ਮੈਂ ਤੈਨੂੰ ਦੱਸ ਦੇਨਾਂ :
ਮੇਰੀ ਘਰ ਵਾਲੀ ਕਲਫੋਰਨੀਆ ਨੇ
ਡੱਕ ਲਿਆ ਹੈ ਮੈਨੂੰ;
ਸੁਪਨੇ ਵਿੱਚ ਉਸ ਤੱਕਿਆ ਰਾਤੀਂ
ਮੇਰੀ ਮੂਰਤੀ ਵਿੱਚੋਂ,
ਸ਼ੁੱਧ ਲਹੂ ਦੇ ਵਗਣ ਫੁਆਰੇ
ਸੈਂਕੜੇ ਮੂੰਹਾਂ ਵਾਲੇ,
ਛੈਲੇ ਰੋਮੀ ਹੱਟੇ ਕੱਟੇ ਧੋਵਣ ਹੱਥ,
ਮੁਸਕਾਈਂ ਜਾਵਣ।
ਹੋਣੀ ਭੌਂਦੀ ਪਈ ਸਿਰਾਂ ਤੇ,
ਸ਼ਗਨ ਇਹ ਮਾੜੇ ਦੇਣ ਤਾੜਨਾ,


ਏਸੇ ਲਈ ਹੋ ਗੋਡਿਆਂ ਪਰਨੇ
ਰੋਕ ਲਿਆ ਉੁਸ ਮੈਂਨੂੰ-
ਕਹਿੰਦੀ 'ਸੁਆਮੀ!
ਅੱਜ ਨਹੀਂ ਜਾਣਾ ਬਾਹਰ'-।
ਡੇਸੀਅਸ-:ਠੀਕ ਨਹੀਂ ਹੈ ਇਹ ਤਾਅਬੀਰ,
ਸੁਪਨਾ ਤਾਂ ਇਹ ਬੜਾ ਸੁਭਾਗਾ-
ਬੁੱਤ ਤੇਰਾ ਜੋ ਛੱਡੇ ਫੁਆਰੇ,
ਰੱਤ 'ਚ ਤੇਰੀ ਰੋਮਨ ਨ੍ਹਾਵਣ,
ਵਧੀਆ ਸ਼ਗਨ ਨੇ ਇਹ ਤਾਂ ਸਾਰੇ,
ਜੋ ਇਹੋ ਦਰਸਾਵਣ:
ਮਹਾਨ ਰੋਮ ਦੀ ਚੜ੍ਹਤ ਵਧੂਗੀ,
ਆਬਿ-ਹਿਯਾਤ ਜਿਉਂ ਪੀਤਾ,
ਹੋਰ ਵੀ ਫੇਰ ਮਹਾਨ ਬਣੂਗਾ
ਰੋਮ ਇਹ ਤੇਰਾ ਮੀਤਾ।
ਵੱਡੇ ਵੱਡੇ ਲੋਕਾਂ ਦਾ ਫਿਰ
ਲੱਗੂ ਭੀੜ ਭੜੱਕਾ,
ਕੁਲ-ਚਿੰਨ੍ਹ ਦੀ ਝਾਲਰ, ਕਲਗ਼ੀ,
ਲਹੂ ਦੇ ਲਿੱਬੜੇ ਕੱਪੜੇ,
ਬਾਕੀ ਹੋਰ ਨਿਸ਼ਾਨੀਆਂ ਖਾਤਰ
ਹੋਵੇ ਖੜਕਾ ਦੜਕਾ:
ਕਲਫੋਰਨੀਆ ਦੇ ਸੁਪਨੇ ਦੀ,
ਇਹੀ ਹੈ ਸਹੀ ਤਾਅਬੀਰ।
ਸੀਜ਼ਰ-:ਵਾਹ!ਬੜੀ ਸਪਸ਼ਟ ਵਿਆਖਿਆ ਕੀਤੀ-
ਡੇਸੀਅਸ-:ਪੂਰੀ ਗੱਲ ਤਾਂ ਸੁਣ ਲੌ ਪਹਿਲਾਂ;
ਪਤਾ ਮੈਨੂੰ ਏ ਪੱਕਾ-
ਸਾਂਸਦਾਂ ਰਲ ਕੇ ਫੈਸਲਾ ਕੀਤੈ,
ਮਹਾਂਬਲੀ ਸੀਜ਼ਰ ਦੇ ਸਿਰ ਤੇ,
ਅੱਜ ਹੀ ਮੁਕਟ ਸਜਾ ਦੇਣੈ;
ਜੇ ਕਹਾਇਆ ਤੂੰ ਨਹੀਂ ਜਾਣਾ,
ਸ਼ਾਇਦ ਬਦਲ ਜੇ ਮਨ ਉਹਨਾਂ ਦਾ
ਹੋ ਸਕਦੈ ਮਖੌਲ ਵੀ ਬਣਜੇ,
ਠੱਠਾ ਕਰੇ ਜੇ ਕੋਈ:-


'ਭੰਗ ਰੱਖੋ ਸੰਸਦ ਓਨਾਂ ਚਰ,
ਸੀਜ਼ਰ ਦੀ ਬੇਗ਼ਮ ਨਾ ਵੇਖੇ
ਜਿੰਨਾ ਚਿਰ ਸੁੰਦਰ ਸਪਨਾ'-।
ਜੇ ਤੂੰ ਸੀਜ਼ਰ ਮੂੰਹ ਲਕੋਇਆ,
ਕੰਨੋ ਕੰਨ ਅਫਵਾਹ ਨਹੀ ਫੈਲੂ?
'ਵੇਖੋ, ਸੀਜ਼ਰ ਡਰਿਆ ਬੈਠੈ!-
'ਖਿਮਾਂ ਦਾ ਜਾਚਕ ਹਾਂ ਮੈਂ ਸੀਜ਼ਰ!
ਚੜ੍ਹਤ ਤੇਰੀ ਦਾ ਦੀਵਾਨਾ ਹਾਂ:
ਤਾਂ ਹੀ ਫਰਜ਼ ਸਮਝਕੇ ਆਪਣਾ,
ਤੈਨੂੰ ਇਹ ਨਸੀਹਤ ਕਰਦਾਂ;
ਮੋਹ ਮੇਰੇ ਦਾ ਤਰਕ ਵੀ ਇਹੋ ਕਹਿੰਦੈ।
ਸੀਜ਼ਰ-:ਕਿਉਂ, ਕਲਫੋਰਨੀਆ!
ਕਿੰਨੇ ਮੂਰਖਾਂ ਵਾਲੇ ਡਰ ਸੀ ਤੇਰੇ!
ਸ਼ਰਮ ਆਉਂਦੀ ਹੈ ਸੋਚਕੇ ਮੈਨੂੰ।
ਜਾਹ ਲਿਆ ਮੇਰਾ ਅੰਗਰੱਖਾ, ਮੈਂ ਜਾਣਾ ਹੈ।
{ਪ੍ਰਵੇਸ਼ ਪਬਲੀਅਸ, ਬਰੁਟਸ, ਲਿਗੇਰੀਅਸ, ਮੇਟੀਲਸ,
ਕਾਸਕਾ, ਟਰੈਬੋਨੀਅਸ ਅਤੇ ਸਿੰਨਾ}
ਤੇ ਵੇਖ ਜ਼ਰਾ, ਪਬਲੀਅਸ ਵੀ ਆਇਐ
ਲੈ ਕੇ ਜਾਣ ਲਈ ਮੈਨੂੰ।
ਪਬਲੀਅਸ-:ਸ਼ੁਭ ਪ੍ਰਭਾਤ ਸੀਜ਼ਰ!
ਸੀਜ਼ਰ-:ਜੀ ਆਇਆਂ ਨੂੰ, ਪਬਲੀਅਸ।
ਕਿਵੇਂ ਬਰੂਟਸ! ਤੂੰ ਵੀ ਉੱਠਿਐਂ ਬੜੇ ਸਵਖਤੇ?
ਸ਼ੁਭ ਪ੍ਰਭਾਤ ਕਾਸਕਾ!-
ਕਾਇਸ ਲਿਗੇਰੀਅਸ!
ਜਿਸ ਬੁਖਾਰ ਤੈਨੂੰ ਏਨਾ ਲਿੱਸਾ ਕੀਤਾ
ਉਸ ਜਿੱਨੀ ਦੁਸ਼ਮਨੀ ਮੈਂ ਕਦੇ ਨਹੀਂ ਕੀਤੀ!
ਹੁਣ ਭਲਾ ਕੀ ਵੱਜਿਆ ਹੋਣੈ?
ਬਰੂਟਸ-:ਸੀਜ਼ਰ, ਹੁਣ ਤਾਂ ਅੱਠ ਵੱਜੇ ਨੇ।
ਸੀਜ਼ਰ-:ਤਕਲੀਫ ਅਤੇ ਮਿਹਰ ਲਈ ਧੰਨਬਾਦ ਤੁਹਾਡਾ।
-ਪ੍ਰਵੇਸ਼ ਐੇਨਟਨੀ-
ਆਹ ਵੇਖੋ, ਅੈਨਟਨੀ ਵੀ ਆਇਆ,
ਦੇਰ ਰਾਤ ਤੱਕ ਸ਼ੁਗ਼ਲ ਮਨਾਵੇ,


ਖਾਵੇ, ਪੀਵੇ, ਸੇਜ ਹੰਡਾਵੇ
ਏਨੇ ਫੇਰ ਸਵਖਤੇ ਉਠਿਐ;
ਸ਼ੁਭ ਪ੍ਰਭਾਤ ਐਨਟਨੀ ਪਿਆਰੇ!
ਐਨਟਨੀ-:ਮਹਾਂ ਸ੍ਰੇਸ਼ਟ ਸੀਜ਼ਰ ਨੂੰ ਵੀ।
ਸੀਜ਼ਰ-:ਅੰਦਰ ਕਹੋ ਤਿਆਰੀ ਹੋਵੇ-
ਇਲਜ਼ਾਮ ਮੈਂ ਲੈਨਾਂ ਅਪਣੇ ਸਿਰ ਤੇ,
ਇਓਂ ਸਭ ਨੂੰ ਇੰਤਜ਼ਾਰ ਕਰਾਇਆ।-
ਕਿਵੇਂ ਬਈ ਸਿੰਨਾ?-ਕਿਵੇਂ ਮੈਟੀਲਸ?
ਕਿਉਂ ਬਈ ਟਰੈਬੋਨੀਅਸ!
ਇੱਕ ਘੰਟੇ ਦਾ ਸਲਾਹ ਮਸ਼ਵਰਾ
ਮੈਂ ਤੇਰੇ ਨਾਲ ਕਰਨੈ,
ਯਾਦ ਨਾਲ ਅੱਜ ਮਿਲਨੈ ਮੈਨੂੰ;
ਨੇੜੇ ਰਹੀਂ ਤੂੰ ਮੇਰੇ,ਤਾਂ ਜੋ ਯਾਦ ਰਹੇ ਫਿਰ ਮੈਨੂੰ।
ਟਰੈਬੋਨੀਅਸ-:ਠੀਕ ਹੈ ਸੀਜ਼ਰ!ਰਹੂੰ ਮੈਂ ਏਨਾ ਨੇੜੇ
ਸਭ ਤੋਂ ਚੰਗੇ ਮਿੱਤਰ ਤੇਰੇ ਰਸ਼ਕ ਕਰਨਗੇ
ਚਾਹਣਗੇ ਮੈਂ ਦੂਰ ਹੀ ਰਹਿੰਦਾ!
ਸੀਜ਼ਰ-:ਆਓ ਭਲਿਓ! ਅੰਦਰ ਆਓ,
ਮੇਰੇ ਨਾਲ ਇੱਕ ਜਾਮ ਛਲਕਾਓ;
ਤੇ ਫਿਰ ਚੱਲੀਏੇ ਸਿੱਧੇ ਏਥੋਂ ਆਪਾਂ ਮਿੱਤਰਾਂ ਵਾਂਗੂੰ।
ਬਰੂਟਸ-:(ਇੱਕ ਪਾਸੇ ਹੋਕੇ) ਦਿਲ ਮਜਬੂਰ ਬਰੂਟਸ ਦਾ ਇਹ
ਸੋਚੀਂ ਜਾਵੇ:
ਹਰ ਉਹ ਸ਼ੈਅ ਜੋ ਪੀਲੀ ਭਾਹ ਮਾਰੇ,
ਜ਼ਰੂਰੀ ਨਹੀਂ ਸੋਨਾ ਹੀ ਹੋਵੇ!
-ਪ੍ਰਸਥਾਨ-

ਸੀਨ-੩- ਰੋਮ-ਸੰਸਦ ਭਵਨ ਦੇ ਨੇੜੇ ਇੱਕ ਗਲੀ-
ਪ੍ਰਵੇਸ਼ ਆਰਤੇਮੀਦੋਰਸ ਜੋ ਇੱਕ ਪੱਤਰ ਪੜ੍ਹਦਾ ਹੈ-

ਆਰਤੇਮੀਦੋਰਸ-:"ਸੀਜ਼ਰ, ਖਬਰਦਾਰ! ਬਰੂਟਸ ਕੋਲੋਂ;
ਰੱਖੀਂ ਨਜ਼ਰ ਕੈਸੀਅਸ ਉਤੇ;
ਕਾਸਕਾ ਦੇ ਨੇੜੇ ਨਾ ਲੱਗੀਂ;
ਏਤਬਾਰ ਕਰੀਂ ਨਾ ਟਰੈਬੋਨੀਅਸ ਉੱਤੇ;


ਸਿੰਨਾ ਲਾਗੇ ਆਉਣ ਨਾ ਦੇਵੀਂ;
ਮੈਟੀਲਸ ਸਿੰਬਰ ਰਹੇ ਦੂਰ ਹੀ;
ਡੇਸੀਅਸ ਬਰੂਟਸ ਤੈਨੂੰ ਪ੍ਰੇਮ ਨਹੀਂ ਕਰਦਾ;
ਕਾਇਸ ਲਿਗੇਰੀਅਸ ਨਾਲ
ਤੂੰ ਸੀ ਜ਼ਿਆਦਤੀ ਕੀਤੀ।
ਸਾਰਿਆਂ ਇੱਕ ਇਰਾਦਾ ਕੀਤੈ;
ਸਾਰੇ ਵਿਰੁੱਧ ਹੋਏ ਨੇ ਤੇਰੇ।
ਮੱਤ ਖੁਦ ਨੂੰ ਅਮਰ ਸਮਝ ਤੂੰ,
ਖਬਰਦਾਰ! ਰੱਖ ਚੌਕਸੀ:
ਜਿੰਨੀ ਸੁਰੱਖਿਆ, ਓਡੀ ਹੀ ਸਾਜ਼ਿਸ਼-
ਦੇਵ ਰੱਖਣ ਤੈਨੂੰ ਮਹਿਫੂਜ਼!"
ਪਰੇਮੀ ਤੇਰਾ,
ਆਰਤੇਮੀਦੋਰਸ।
ਏਥੇ ਖੜਾ ਰਹੂੰਗਾ ਮੈਂ,
ਜਦ ਤੱਕ ਸੀਜ਼ਰ ਨਹੀਂ ਆਉਂਦਾ,
ਬਣ ਫਰਿਯਾਦੀ ਪੇਸ਼ ਕਰੂੰ ਗਾ ਪੱਤਰ।
ਹਸਦ ਦੇ ਤਿੱਖੇ ਦੰਦਾਂ ਕੋਲੋਂ ਨੇਕੀ ਬਚ ਨਾ ਸੱਕੇ-
ਦਿਲ ਮੇਰਾ ਇਹ ਰੋ ਰੋ ਕਹਿੰਦਾ:
ਪੜ੍ਹ ਲੈਂ ਪੱਤਰ ਤਾਂ ਜੀ ਸੱਕੇਂ ਸ਼ਾਇਦ,
ਨਹੀਂ ਤਾਂ 'ਹੋਣੀ' ਗੱਦਾਰਾਂ ਨਾਲ ਮਿਲ ਕੇ
ਪੱਕਾ ਕਰੂ ਕੋਈ ਜੁਗਾੜ।
-ਪ੍ਰਸਥਾਨ-

-ਸੀਨ-੪- ਰੋਮ-ਉਸੇ ਗਲੀ ਦਾ ਇੱਕ ਹੋਰ ਹਿੱਸਾ,
ਬਰੂਟਸ ਦੇ ਘਰ ਅੱਗੇ ਪੋਰਸ਼ੀਆ ਤੇ ਲੂਸੀਅਸ ਦਾ
ਪ੍ਰਵੇਸ਼ -

ਪੋਰਸ਼ੀਆ-:ਸੁਣ ਖਾਂ, ਮੁੰਡੂ! ਸੰਸਦ ਭਵਨ ਨੂੰ ਦੌੜ ਲਗਾ ਤੂੰ,
ਹਾਂ, ਨਾਂ, ਤੇਰੀ ਮੈਂ ਨਹੀਂ ਸੁਨਣੀ,
ਬੱਸ ਤਿੱਤਰ ਹੋ ਜਾ ਤੂੰ,
ਰੁਕ ਨਾਂ ਏਥੇ; ਕਿਉਂ ਖੜਾ ਏਂ ਗੁੰਨਾਂ ਵਾਂਗੂੰ?
ਲੂਸੀਅਸ-:ਸ਼੍ਰੀਮਤੀ ਜੀ! ਕੰਮ ਪੁੱਛਣ ਲਈ ਖੜਾ ਹਾਂ ਹੁਣ ਤੱਕ।


ਪੋਰਸ਼ੀਆ-:ਮੈਂ ਚਾਹਾਂ ਤੂੰ ਉੱਥੇ ਜਾ ਤੇ ਮੁੜਕੇ ਛੇਤੀ ਆ,
ਇਸ ਤੋਂ ਪਹਿਲਾਂ ਕੁਝ ਦੱਸਾਂ ਤੈਨੂੰ,
ਉੱਥੋਂ ਖਬਰ ਲਿਆ।
(ਖੁਦ ਨਾਲ) 'ਹਿਰਦਾ ਰੱਖਾਂ ਅਡੋਲ ਆਪਣਾ,
ਦ੍ਰਿੜ੍ਹਤਾ ਰੱਖਾਂ ਪੱਕੀ;
ਅਹਿਸਾਸ ਨੂੰ ਰੱਖਾਂ ਆਪਣੇ ਤੀਕਰ,
ਪਰਬਤ ਵਰਗੀ ਕੰਧ ਉਸਾਰਾਂ
ਦਿਲ ਜ਼ੁਬਾਂ ਵਿਚਕਾਰ;
ਸ਼ਕਤੀ ਵਿੱਚ ਮੈਂ ਤੀਵੀਂ ਮਾਨੀ,
ਮਨ ਪਰ ਬੰਦਿਆਂ ਵਾਲਾ,
ਮੁਸ਼ਕਲ ਕਿੰਨਾ ਹੁੰਦੈ ਅੜਿਆ!
ਔਰਤ ਨੂੰ ਭੇਦ ਛੁਪਾਣਾ?'-
(ਲੂਸ ਨੂੰ) ਕਿਉਂ ਹਾਲੇ ਵੀ ਸੁੰਨ ਖੜਾ ਏਂ,
ਕਿਉਂ ਨਹੀਂ ਜਾਂਦਾ ਛੇਤੀ?
ਲੂਸੀਅਸ-:ਸ਼੍ਰਮਤੀ ਜੀ! ਮੈਂ ਕੀ ਕਰਨੈ? ਦੱਸੋ ਮੈਨੂੰ
ਭੱਜਿਆ ਜਾਣੈ ਸੰਸਦ ਭਵਨ ਨੂੰ ਤੇ ਮੁੜ ਆਉਣੈ?
ਬੱਸ ਹੋਰ ਕੁਝ ਨਹੀਂ ਕਰਨਾ ਓਥੇ?
ਪੋਰਸ਼ੀਆ-:ਹਾਂ, ਲਿਆ ਸੁਨੇਹੜਾ ਸੁਆਮੀ ਅਪਣੇ ਦਾ
ਤਬੀਅਤ ਜੇ ਵੱਲ ਹੈ ਸੀ,
ਘਰੋਂ ਤਾਂ ਬੀਮਾਰ ਗਏ ਸੀ;
ਤੇ ਧਿਆਨ ਰੱਖੀਂ ਸੀਜ਼ਰ ਦਾ ਖਾਸ,
ਕੀ ਉਹ ਕਰਦੈ? ਫਰਯਾਦੀ ਕਿਹੜੇ,
ਕੀ ਫਰਯਾਦਾਂ ਕਰਦੇ?
ਪਰ ਸੁਣ ਖਾਂ ਮੁੰਡਿਆ!
ਆਹ ਰੌਲਾ ਕਾਹਦਾ ਪੈਂਦੈ?
ਲੂਸੀਅਸ-:ਮੈਂ ਤਾਂ ਕੁਝ ਨੀ ਸੁਣਿਆ ਸ਼੍ਰੀਮਤੀ ਜੀ!
ਪੋਰਸ਼ੀਆ-:ਮੈਂ ਆਖਾਂ ਸੁਣ ਕੰਨ ਲਾਕੇ,
ਆਵਾਜ਼ਾਂ ਦਾ ਸ਼ੋਰ ਸ਼ਰਾਬਾ
ਜਿਵੇਂ ਫਸਾਦ ਜਾਂ ਦੰਗਾ ਹੋਵੇ,
ਸੰਸਦ ਭਵਨ ਤੋਂ ਪੌਣ ਜੋ ਆਵੇ,
ਰੌਲਾ ਨਾਲ ਲਿਆਵੇ।
ਲੂਸੀਅਸ-:ਸ਼ਾਂਤ, ਸ਼੍ਰੀਮਤੀ ਜੀ! ਸ਼ਾਂਤ,


ਮੈਂ ਤਾਂ ਕੁਝ ਨਹੀਂ ਸੁਣਿਆ ਹਾਲੇ।
-ਪ੍ਰਵੇਸ਼ ਆਰਤੇਮੀਦੋਰਸ-
ਪੋਰਸ਼ੀਆ-:ਸੁਣ ਭਰਾਵਾ! ਤੂੰ ਕਿੱਧਰੋਂ ਆਇਐ?
ਆਰਟੇਮੀਦੋਰਸ-:ਸ਼੍ਰੀਮਤੀ ਜੀ ਮੈਂ ਤਾਂ ਘਰੋਂ ਹੀ ਆਇਆਂ।
ਪੋਰਸ਼ੀਆ-:ਹੁਣ ਕੀ ਵੱਜਿਐ?
ਆਰਟੇਮੀਦੋਰਸ-:ਜੀ, ਨੌਂ ਵੱਜੇ ਨੇ।
ਪੋਰਸ਼ੀਆ-:ਕੀ ਸੀਜ਼ਰ ਗਿਆ ਸੰਸਦ ਨੂੰ?
ਆਰਟੇਮੀਦੋਰਸ-:ਹਾਲੇ ਨਹੀਂ ਜੀ:
ਮੈਂ ਵੀ ਚੱਲਿਆਂ ਵੇਖਣ ਉਹਨੂੰ
ਸੰਸਦ ਭਵਨ ਦੀ ਰਾਹ ਤੇ।
ਪੋਰਸ਼ੀਆ-:ਤੂੰ ਵੀ ਕੋਈ ਫਰਿਯਾਦ ਹੈ ਕਰਨੀ; ਹੈਂ ਨਾ?
ਆਰਟੇਮੀਦੋਰਸ-:ਹਾਂ ਜੀ ਹਾਂ; ਖੁਸ਼ੀ ਨਾਲ ਜੇ ਸੁਣੀ ਓਸਨੇ।
ਮੈਂ ਉਸ ਨੂੰ ਅਰਜ਼ ਹੈ ਕਰਨੀ,
ਨਿੱਜ ਅਪਣੇ ਦਾ ਮਿੱਤਰ ਬਣਜੇ।
ਪੋਰਸ਼ੀਆ-:ਕਿਉਂ ਭਲਾ, ਪਤਾ ਹੈ ਤੈਨੂੰ,
ਉਹਨੂੰ ਕਿਸੇ ਨੁਕਸਾਨ ਪੁਚਾਉਣੈ?
ਆਰਟੋਮੀਦੋਰਸ-:ਪੱਕਾ ਤਾਂ ਮੈਂ ਕਹਿ ਨਹੀਂ ਸਕਦਾ,
ਪਰ ਡਰ ਲਗਦਾ ਏ,
ਅਨਹੋਣੀ ਕਿਧਰੇ ਹੋ ਨਾ ਜਾਵੇ!
ਸ਼ੁਭ ਪਰਭਾਤ ਤੁਹਾਨੂੰ,
ਸੜਕ ਬੜੀ ਹੈ ਸੌੜੀ ਏਥੇ
ਸੀਜ਼ਰ ਪਿੱਛੇ ਭੀੜ ਬੜੀ ਹੈ:
ਸਾਂਸਦ, ਮੁਨਸਫ ਤੇ ਫਰਿਯਾਦੀ-
ਹਜੂਮ ਬੜਾ ਹੈ ਸੰਘਣਾ
ਕਮਜ਼ੋਰ ਬੰਦਾ ਤਾਂ ਫਸ ਹੀ ਜਾਂਦੈ,
ਸਾਹ ਰੁਕ ਜਾਂਦੈ
ਮਰ ਵੀ ਸਕਦੈ।
ਛੀੜ ਵਾਲੀ ਮੈਂ ਥਾਂ ਹੈ ਲੱਭਣੀ
ਖਲੋਕੇ ਜਿੱਥੇ ਕਰਾਂ ਬੇਨਤੀ,
ਸੀਜ਼ਰ ਮਹਾਨ ਜਦ ਕੋਲੋਂ ਲੰਘੇ।
-ਟੁਰ ਜਾਂਦਾ ਹੈ-
ਪੋਰਸ਼ੀਆ-:ਹੁਣ ਤੇ ਅੰਦਰ ਜਾਣਾ ਪੈਣੈ-
ਕਿੰਨਾ ਨਿਰਬਲ ਦਿਲ ਤੀਵੀਂ ਦਾ,


ਕਿੰਨੀ ਨਿਰਬਲ ਜਾਨ!
ਓ, ਬਰੂਟਸ! ਉਪਰ ਵਾਲਾ ਜੇ ਹੋਵੇ ਮਿਹਰਵਾਨ,
ਕਾਰਜ ਤੇਰਾ ਚੜ੍ਹੇ ਨੇਪਰੇ, ਹੋਵੇ ਉੱਚੀ ਸ਼ਾਨ।
(ਪਾਸੇ ਹੋਕੇ) ਮੁੰਡੂ ਨੇ ਲਗਦੈ ਗੱਲ ਸੁਣ ਲੀ ਸਾਰੀ,-
ਬਰੂਟਸ ਦੀ ਵੀ ਹੈ ਦਰਖਾਸਤ,
ਸੀਜ਼ਰ ਨੇ ਪਰ ਮਨਜ਼ੂਰ ਨਹੀਂ ਕਰਨੀ।
(ਪਾਸੇ ਹੋ ਕੇ) ਆਹ, ਓ ਦੇਵੋ! ਆਹ ਕੀ ਹੋਇਆ?
ਕੰਬਣ ਲੱਤਾਂ, ਡਿੱਗਦੀ ਜਾਵਾਂ!
(ਲੁਸ ਨੂੰ) ਜਾਹ ਦੌੜਕੇ ਲੂਸਸ! ਸੁਅਮੀ ਨੂੰ ਦੇ ਮੇਰਾ ਸਤਿਕਾਰ,
ਮੁੜਕੇ ਆ ਤੇ ਖਬਰ ਲਿਆ, ਕੀ ਆਖਿਆ ਓਹਨੇ
-ਪ੍ਰਸਥਾਨ-