ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਭਰਥਰੀ ਹਰੀ

ਭਰਥਰੀ ਹਰੀ

ਮੱਧ ਕਾਲੀਨ ਸਮੇਂ ਵਿਚ ਪੰਜਾਬ ਦੇ ਜਨ-ਜੀਵਨ ਉਪਰ ਜੋਗ ਮੱਤ ਦਾ ਕਾਫੀ ਪ੍ਰਭਾਵ ਰਿਹਾ ਹੈ। ਪੂਰਨ, ਭਰਥਰੀ ਹਰੀ ਅਤੇ ਰਾਜਾ ਗੋਪੀ ਚੰਦ ਪੰਜਾਬੀਆਂ ਦੇ ਹਰਮਨ ਪਿਆਰੇ ਨਾਇਕ ਸਨ ਜਿਨ੍ਹਾਂ ਦੀਆਂ ਵੈਰਾਗਮਈ ਲੋਕ ਗਾਥਾਵਾਂ ਨੂੰ ਗਮੰਤ੍ਰੀ, ਕਵੀਸ਼ਰ ਅਤੇ ਢਾਡੀ ਅਖਾੜਿਆਂ ਵਿਚ ਲੈਆਂ ਨਾਲ਼ ਗਾ ਕੇ, ਉਨ੍ਹਾਂ ਨੂੰ ਅਧਿਆਤਮਕ ਅਤੇ ਮਾਨਸਿਕ ਤ੍ਰਿਪਤੀ ਪ੍ਰਦਾਨ ਕਰਦੇ ਰਹੇ ਹਨ।
ਭਰਥਰੀ ਹਰੀ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ... ਕਹਿੰਦੇ ਹਨ ਪੰਦਰਵੀਂ ਸਦੀ ਵਿਚ ਉਜੈਨ ਨਗਰੀ ਤੇ ਅਗਨੀ ਕੁਲ ਦਾ ਰਾਜਪੂਤ ਰਾਜਾ ਗੰਧਰਵ ਸੈਨ ਰਾਜ ਕਰਦਾ ਸੀ। ਉਹ ਇਕ ਸਖੀ ਰਾਜਾ ਸੀ- ਉਸ ਦੀ ਪਰਜਾ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਹ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਸੀ। ਰਾਜਭਾਗ ਵਲੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ ਪਰੰਤੂ ਉਸ ਨੂੰ ਇਕ ਘਾਟ ਮਹਿਸੂਸ ਹੋ ਰਹੀ ਸੀ... ਘਾਟ ਸੀ ਪੁੱਤਰ ਦੀ ਜਿਹੜਾ ਉਹਦੇ ਮਗਰੋਂ ਰਾਜ ਸਿੰਘਾਸਨ 'ਤੇ ਬੈਠਣ ਵਾਲ਼ਾ ਹੋਵੇ। ਗੰਧਰਵ ਸੈਨ ਦੇ ਦੋ ਰਾਣੀਆਂ ਸਨ। ਭਾਵੇਂ ਵੱਡੀ ਰਾਣੀ ਦੀ ਕੁੱਖੋਂ ਮੈਨਾਵੰਤੀ ਨਾਂ ਦੀ ਅਤਿ ਖ਼ੂਬਸੂਰਤ ਧੀ ਨੇ ਜਨਮ ਲਿਆ ਹੋਇਆ ਸੀ ਪਰੰਤੂ ਉਹ ਆਪਣੀ ਸੰਤਾਨ ਦੇ ਵਾਧੇ ਲਈ ਪੁੱਤਰ ਦੀ ਦਾਤ ਦੀ ਅਭਿਲਾਸ਼ਾ ਰੱਖਦਾ ਸੀ ਜਿਹੜੀ ਉਸ ਨੂੰ ਚੈਨ ਨਹੀਂ ਸੀ ਲੈਣ ਦੇਂਦੀ। ਲੋਕ ਪਰੰਪਰਾ ਅਤੇ ਮਰਯਾਦਾ ਅਨੁਸਾਰ ਪੁੱਤਰ ਹੀ ਉਹਦੇ ਲਈ ਸਭ ਕੁਝ ਸੀ:

ਪੁੱਤਾਂ ਬਾਝ ਨਾ ਜਗ 'ਤੇ ਨਾਮ ਰਹਿੰਦਾ
ਪੁੱਤਰ ਹੁੰਦੜਾ ਬੂਟੜਾ ਛਾਓਂ ਦਾ ਏ
ਅੰਮ੍ਰਿਤ ਫਲ ਸੰਤਾਨ ਭਗਵਾਨ ਰਚਿਆ
ਇਨ੍ਹਾਂ ਬਾਝ ਬੰਦਾ ਕਿਹੜੀ ਥਾਓਂ ਦਾ ਏ
(ਚਾਤ੍ਰਿਕ)

ਗੰਧਰਵ ਸੈਨ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇਕ ਦਿਨ ਉਹ ਆਪਣੇ ਮੰਤਰੀ ਨਾਲ਼ ਸ਼ਿਕਾਰ ਖੇਡਣ ਦੂਰ ਬੀਆਬਾਨ ਵਿਚ ਚਲਿਆ ਗਿਆ। ਦੇਵਨੇਤ ਨਾਲ਼ ਉਨ੍ਹਾਂ ਨੂੰ ਓਥੇ ਇਕ ਝੌਂਪੜੀ ਵਿਖਾਈ ਦਿੱਤੀ ਜਿਸ ਵਿਚ ਇਕ ਸਾਧੂ ਸਮਾਧੀ ਵਿਚ ਲੀਨ ਬੈਠਾ ਹੋਇਆ ਸੀ। ਗੰਧਰਵ ਸੈਨ ਨੇ ਬੜੀ ਸ਼ਰਧਾ ਨਾਲ਼ ਉਸ ਸਾਈਂ ਦੇ ਜਾ ਚਰਨ ਪਰਸੇ ਅਤੇ ਨਤ-ਮਸਤਿਕ ਹੋ ਕੇ ਬੈਠ ਗਿਆ। ਕੁਝ ਪਲਾਂ ਬਾਅਦ ਸਾਧੂ ਨੇ ਆਪਣੀ ਬਿਰਤੀ ਖੋਲ੍ਹੀ ਤੇ ਹੱਥ ਜੋੜੀ ਬੈਠੇ ਰਾਜਾ ਵੱਲ ਵੇਖਿਆ... ਰਾਜਾ ਦੇ ਨੈਣਾਂ ਵਿਚ ਸ਼ਰਧਾ ਦੇ ਅੱਥਰੂ ਸਨ... ਦਿਲਾਂ ਦੀ ਬੁੱਝਣ ਵਾਲ਼ੇ ਸਾਈਂ ਲੋਕ ਨੇ ਆਪਣੇ ਕੋਲੋਂ ਦੋ ਫ਼ਲ ਰਾਜੇ ਦੀ ਝੋਲੀ ਵਿਚ ਪਾ ਕੇ ਆਖਿਆ, "ਬੱਚਾ! ਇਕ ਇਕ ਫ਼ਲ ਆਪਣੀਆਂ ਰਾਣੀਆਂ ਨੂੰ ਖਲਾ ਦੇਵੀਂ... ਸੱਚਾ ਪਰਵਦਗਾਰ ਤੇਰੀ ਕਾਮਨਾ ਪੂਰੀ ਕਰੇਗਾ।"
ਨਮਸਕਾਰ ਕਰਕੇ ਗੰਧਰਵ ਸੈਨ ਖ਼ੁਸ਼ੀ ਖ਼ੁਸ਼ੀ ਆਪਣੇ ਮਹਿਲਾਂ ਨੂੰ ਪਰਤ ਆਇਆ ਤੇ ਆਉਂਦੇ ਸਾਰ ਹੀ ਉਹਨੇ ਆਪਣੀਆਂ ਦੋਵਾਂ ਰਾਣੀਆਂ ਨੂੰ ਇਕ ਇਕ ਫ਼ਲ ਖੁਆ ਦਿੱਤਾ।
ਸਮਾਂ ਪਾ ਕੇ ਪਟਰਾਣੀ ਦੀ ਕੁੱਖੋਂ ਭਰਥਰੀ ਦਾ ਜਨਮ ਹੋਇਆ ਅਤੇ ਕੁਝ ਦਿਨਾਂ ਦੇ ਵਕਫ਼ੇ ਮਗਰੋਂ ਛੋਟੀ ਰਾਣੀ ਨੇ ਵਿਕਰਮਾਜੀਤ ਨੂੰ ਜਨਮ ਦਿੱਤਾ। ਸਾਰੇ ਸ਼ਹਿਰ ਵਿਚ ਖ਼ੂਬ ਖ਼ੁਸ਼ੀਆਂ ਮਨਾਈਆਂ ਗਈਆਂ, ਖ਼ੈਰਾਤਾਂ ਵੰਡੀਆਂ ਗਈਆਂ। ਦੋਵੇਂ ਰਾਜਕੁਮਾਰ ਲਾਡਾਂ ਮਲ੍ਹਾਰਾਂ ਨਾਲ਼੍ ਪਲਣ ਲੱਗੇ। ਅਜੇ ਉਹ ਤਿੰਨ ਕੁ ਵਰ੍ਹਿਆਂ ਦੇ ਮਸੀਂ ਹੋਏ ਸਨ ਕਿ ਭਰਥਰੀ ਦੀ ਮਾਤਾ ਸੁਰਗਵਾਸ ਹੋ ਗਈ। ਸਾਰੇ ਦਰਬਾਰ ਵਿਚ ਸੋਗ ਦੀ ਲਹਿਰ ਦੌੜ ਗਈ।
ਗੰਧਰਵ ਸੈਨ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਦੋਵਾਂ ਰਾਜਕੁਮਾਰਾਂ ਨੂੰ ਵਿਕਰਮਾਜੀਤ ਦੇ ਨਾਨੇ ਧਾਰਾ ਨਗਰੀ ਦੇ ਵਿਦਵਾਨ ਅਤੇ ਸੂਰਬੀਰ ਰਾਜੇ ਦੀ ਸਪੁਰਦਗੀ ਵਿਚ ਭੇਜ ਦਿੱਤਾ। ਦੋਵੇਂ ਨਾਨਕੇ ਪਰਿਵਾਰ ਵਿਚ ਪਲਣ ਲੱਗੇ। ਤੇ ਨਾਨੇ ਨੇ ਵੀ ਸਮੇਂ ਅਨੁਸਾਰ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਵਿਦਿਆ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ... ਉਹ ਸ਼ਸਤਰ ਤੇ ਸ਼ਾਸਤਰ ਵਿਦਿਆ ਵਿਚ ਨਿਪੁੰਨਤਾ ਹਾਸਲ ਕਰਕੇ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਏ। ਤੇ ਏਧਰ ਉਜੈਨ ਨਗਰੀ ਪੱਬਾਂ ਭਾਰ ਹੋਈ ਆਪਣੇ ਨੌਜਵਾਨ ਰਾਜਕੁਮਾਰਾਂ ਦਾ ਇੰਤਜ਼ਾਰ ਕਰ ਰਹੀ ਸੀ... ਜਦੋਂ ਭਰਥਰੀ ਅਤੇ ਵਿਕਰਮਾਜੀਤ ਉਜੈਨ ਦਰਬਾਰ ਵਿਚ ਪੁੱਜੇ ਤਾਂ ਉਨ੍ਹਾਂ ਦੇ ਗੇਲੀਆਂ ਅਤੇ ਸਰੂਆਂ ਵਰਗੇ ਸਡੌਲ ਸਰੀਰ ਵੇਖ ਕੇ ਸਾਰਾ ਰਾਜ ਦਰਬਾਰ ਅਸ਼ ਅਸ਼ ਕਰ ਉਠਿਆ... ਉਨ੍ਹਾਂ ਦੇ ਚਿਹਰਿਆਂ ਦੀ ਆਭਾ ਬਣ ਬਣ ਪੈਂਦੀ ਸੀ ਤੇ ਖ਼ੁਸ਼ੀ ਵਿਚ ਖੀਵੇ ਹੋਏ ਗੰਧਰਵ ਸੈਨ ਦੇ ਪੱਬ ਧਰਤੀ 'ਤੇ ਨਹੀਂ ਸੀ ਲੱਗ ਰਹੇ।
ਸਿਆਣੇ ਰਾਜ ਦਰਬਾਰੀਆਂ ਨੇ ਮਸ਼ਵਰਾ ਦਿੱਤਾ- ਰਾਜਕੁਮਾਰਾਂ ਦੇ ਵਿਆਹ ਕਰ ਦਿੱਤੇ ਜਾਣ। ਸਾਰੇ ਰਾਜਾਂ ਵਿਚ ਯੋਗ ਤੇ ਸੁੰਦਰ ਕੰਨਿਆਵਾਂ ਦੀ ਭਾਲ਼ ਲਈ ਏਲਚੀ ਭੇਜ ਦਿੱਤੇ ਗਏ। ਤੇ ਕੁਝ ਸਮੇਂ ਵਿਚ ਹੀ ਦੋਵਾਂ ਰਾਜਕੁਮਾਰਾਂ ਦੇ ਵਿਆਹ ਯੋਗ ਤੇ ਕੋਮਲ ਚਿਤ ਸੁੰਦਰ ਰਾਜਕੁਮਾਰੀਆਂ ਨਾਲ਼ ਕਰ ਦਿੱਤੇ ਤੇ ਨਾਲ਼ ਹੀ ਗੰਧਰਵ ਸੈਨ ਆਪਣੀ ਵੱਡੀ ਬੇਟੀ ਮੈਨਾਵੰਤੀ ਦਾ ਵਿਆਹ ਬੰਗਾਲ ਦੇ ਧਾਰਾਪੁਰੀ ਦੇ ਰਾਜੇ ਪਦਮ ਸੈਨ ਨਾਲ਼ ਕਰਕੇ ਪਰਿਵਾਰਕ ਬੋਝ ਤੋਂ ਸੁਰਖਰੂ ਹੋ ਗਿਆ।
ਗੰਧਰਵ ਸੈਨ ਹੁਣ ਬੁਢਾਪੇ ਵੱਲ ਪੈਰ ਪਸਾਰ ਰਿਹਾ ਸੀ। ਉਸ ਨੇ ਭਰਥਰੀ ਨੂੰ ਵੱਡਾ ਪੁੱਤਰ ਹੋਣ ਦੇ ਨਾਤੇ ਰਾਜ ਤਿਲਕ ਦੇ ਕੇ ਸੰਨਿਆਸ ਲੈਣ ਦਾ ਫ਼ੈਸਲਾ ਕਰ ਲਿਆ। ਭਰਥਰੀ ਨੂੰ ਭਰੇ ਦਰਬਾਰ ਵਿਚ ਰਾਜ ਸਿੰਘਾਸਨ 'ਤੇ ਬਿਠਾ ਕੇ ਉਸ ਨੇ ਕਿਹਾ, "ਬੇਟਾ ਭਰਥਰੀ! ਵਿਕਰਮਾਜੀਤ ਤੇਰੀ ਸੱਜੀ ਬਾਂਹ ਹੈ, ਵੱਡਾ ਹੋਣ ਦੇ ਨਾਤੇ ਰਾਜ ਸਿੰਘਾਸਨ 'ਤੇ ਤੇਰਾ ਹੱਕ ਹੈ। ਤੂੰ ਇਹਦੇ ਮਸ਼ਵਰੇ ਨਾਲ਼ ਰਾਜ ਕਾਜ ਸੰਭਾਲੀਂ, ਇਹ ਬਹੁਤ ਸਿਆਣੈ ਤੇ ਵਿਦਵਾਨ ਹੈ।"
"ਪਿਤਾ ਜੀ ਤੁਸੀਂ ਨਿਸ਼ਚਿੰਤ ਰਹੋ। ਵਿਕਰਮਾਜੀਤ ਦੀ ਸਲਾਹ ਤੋਂ ਬਿਨਾਂ ਮੈਂ ਕੋਈ ਕਦਮ ਨਹੀਂ ਪੁੱਟਾਂਗਾ।" ਐਨਾ ਆਖ ਭਰਥਰੀ ਨੇ ਵਿਕਰਮਾਜੀਤ ਨੂੰ ਆਪਣੀ ਬੁੱਕਲ ਵਿਚ ਲੈ ਲਿਆ।
ਤੇ ਗੰਧਰਵ ਸੈਨ ਆਪਣਾ ਰਾਜ ਪਾਟ ਭਰਥਰੀ ਦੇ ਹਵਾਲੇ ਕਰਕੇ ਬਿੰਧਿਆਚਲ ਪਰਬਤ 'ਤੇ ਜਾ ਕੇ ਪ੍ਰਭੂ ਭਗਤੀ ਵਿਚ ਲੀਨ ਹੋ ਗਿਆ।
ਜਦੋਂ ਭਰਥਰੀ ਹਰੀ ਦਾ ਰਾਜ ਕਾਲ ਸ਼ੁਰੂ ਹੋਇਆ ਉਦੋਂ ਉਜੈਨ ਦੀ ਨਗਰੀ ਘੁੱਗ ਵਸ ਰਹੀ ਸੀ- ਸਾਰੇ ਰਾਜ ਵਿਚ ਸੁਖ ਸ਼ਾਂਤੀ ਤੇ ਅਮਨ ਚੈਨ ਸੀ ਤੇ ਰਾਜ ਦੀ ਪਰਜਾ ਹਰ ਪੱਖੋਂ ਸੁਖ ਭੋਗ ਰਹੀ ਸੀ। ਵਿਕਰਮਾਜੀਤ ਆਪਣੀ ਸੂਝ, ਸਿਆਣਪ, ਦੂਰ ਅੰਦੇਸ਼ੀ ਅਤੇ ਪ੍ਰਬੰਧਕੀ ਕੁਸ਼ਲਤਾ ਨਾਲ਼ ਰਾਜ ਪ੍ਰਬੰਧ ਦੀ ਸਯੋਗ ਅਗਵਾਈ ਕਰ ਰਿਹਾ ਸੀ ਤੇ ਉਸ ਨੇ ਆਪਣੇ ਆਪ ਨੂੰ ਆਪਣੇ ਵੱਡੇ ਭਰਾ ਭਰਥਰੀ ਅਤੇ ਰਾਜ ਦੀ ਪਰਜਾ ਨੂੰ ਸਮਰਪਿਤ ਕੀਤਾ ਹੋਇਆ ਸੀ। ਦੂਜੇ ਬੰਨੇ ਰਾਜ ਭਾਗ ਦਾ ਮਾਲਕ ਭਰਥਰੀ ਸੀ ਜਿਸ ਨੇ ਰਾਜ ਦਰਬਾਰ ਦੇ ਕੰਮਾਂ-ਕਾਜਾਂ ਨੂੰ ਵਿਸਾਰ ਕੇ ਆਪਣੇ ਆਪ ਨੂੰ ਇਕ ਕਾਮਨੀ ਦੇ ਹਵਾਲੇ ਕੀਤਾ ਹੋਇਆ ਸੀ- ਉਹ ਕਾਮਨੀ ਸੀ ਹੁਸਨ ਦੀ ਸ਼ਾਖ਼ਸ਼ਾਤ ਮੂਰਤ, ਉਹਦੀ ਰਾਣੀ ਪਿੰਗਲਾ। ਪਿੰਗਲਾ ਦੇ ਮਦ ਭਰੇ ਨੈਣਾਂ ਵਿਚੋਂ ਮਦਰਾ ਦੀਆਂ ਨਦੀਆਂ ਵਹਿੰਦੀਆਂ ਸਨ ਤੇ ਉਹ ਆਪਣੇ ਨੈਣਾਂ ਦੇ ਤੀਰਾਂ ਨਾਲ਼ ਉਡਦੇ ਪੰਛੀਆਂ ਨੂੰ ਘਾਇਲ ਕਰਨ ਦੀ ਸਮਰੱਥਾ ਰੱਖਦੀ ਸੀ... ਭਰਥਰੀ ਤਾਂ ਕੀਹਦੇ ਪਾਣੀਹਾਰ ਸੀ... ਟੂਣੇਹਾਰੀ ਪਿੰਗਲਾ ਨੇ ਉਹਨੂੰ ਮਦਰਾ ਦੇ ਜਾਮ ਪਿਲਾ ਪਿਲਾ ਕੇ ਅਜਿਹਾ ਕੀਲ ਲਿਆ ਕਿ ਉਹ ਹੁਣ ਉਹਦੇ ਜੋਗਾ ਹੀ ਹੋ ਕੇ ਰਹਿ ਗਿਆ। ਰਾਜ ਮਹਿਲਾਂ ਵਿਚ ਨਿੱਤ ਮਹਿਫ਼ਲਾਂ ਜੁੜਦੀਆਂ, ਨਾਚ ਗਾਣਾ, ਸ਼ਰਾਬ ਤੇ ਸ਼ਬਾਬ ਉਹਦੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਏ।
ਰਾਣੀ ਪਿੰਗਲਾ ਨੇ ਭਾਵੇਂ ਵਫ਼ਾ ਪਾਲਣ ਅਤੇ ਪਤੀਬਰਤਾ ਹੋਣ ਦਾ ਪ੍ਰਭਾਵ ਭਰਥਰੀ ਦੇ ਮਨ 'ਤੇ ਪਾਇਆ ਹੋਇਆ ਸੀ ਪਰੰਤੂ ਉਹ ਆਪਣੇ ਹੁਸਨ ਦਾ ਜਾਦੂ ਹਾਥੀ ਬਾੜੇ ਦੇ ਛੈਲ ਛਬੀਲੇ ਗੱਭਰੂ ਮਹਾਵਤ 'ਤੇ ਵੀ ਚਲਾ ਚੁੱਕੀ ਸੀ ਤੇ ਉਸ ਨਾਲ਼ ਲੁਕਵੇਂ ਰੂਪ ਵਿਚ ਪ੍ਰੇਮ ਪੀਂਘਾਂ ਝੂਟ ਰਹੀ ਸੀ। ਜਦੋਂ ਰਾਜਾ ਆਪਣੇ ਮਹਿਲਾਂ ਵਿਚੋਂ ਬਾਹਰ ਜਾਂਦਾ ਉਹ ਮਹਾਵਤ ਨੂੰ ਸੱਦ ਲੈਂਦੀ। ਆਪਣੀ ਗੁਮਨਾਮ ਮੁਹੱਬਤ ਦੇ ਰਾਜ਼ ਨੂੰ ਛੁਪਾਉਣ ਲਈ ਉਹਨੇ ਆਪਣੀ ਇਕ ਗੋਲੀ ਨੂੰ ਰਾਜ਼ਦਾਰ ਬਣਾਇਆ ਹੋਇਆ ਸੀ... ਜਦੋਂ ਭਰਥਰੀ ਆਪਣੇ ਮਹਿਲਾਂ ਨੂੰ ਮੁੜਦਾ ਉਹਦੀ ਅਗੇਤਰੀ ਸੂਚਨਾ ਉਹ ਪਿੰਗਲਾ ਨੂੰ ਦੇ ਦੇਂਦੀ ਤੇ ਮਹਾਵਤ ਨੂੰ ਉਹ ਚੋਰ ਮੋਰੀਓਂ ਬਾਹਰ ਕੱਢ ਦੇਂਦੀ। ਇਹ ਸਿਲਸਿਲਾ ਕਾਫੀ ਦੇਰ ਚਲਦਾ ਰਿਹਾ।
ਲੋਕ ਮੁਹਾਵਰਾ ਹੈ- ਇਸ਼ਕ ਤੇ ਮੁਸ਼ਕ ਛੁਪਾਇਆਂ ਨਹੀਂ ਛੁਪਦੇ ਕੰਧ ਪਾੜ ਕੇ ਬਾਹਰ ਆ ਜਾਂਦੇ ਹਨ। ਇਕ ਦਿਨ ਕੀ ਹੋਇਆ ਕਿ ਪਿੰਗਲਾ ਦਾ ਪ੍ਰੇਮੀ ਮਹਾਵਤ (ਹਾਥੀਵਾਨ) ਅਜੇ ਉਹਦੇ ਹਰਮ ਵਿਚ ਹੀ ਸੀ ਕਿ ਗੋਲੀ ਨੇ ਆ ਕੇ ਸੂਚਨਾ ਦਿੱਤੀ ਕਿ ਮਹਾਰਾਜ ਸਮੇਂ ਤੋਂ ਪਹਿਲਾਂ ਹੀ ਮਹਿਲਾਂ ਦੇ ਦੁਆਰ 'ਤੇ ਪੁੱਜ ਗਏ ਹਨ। ਇਸ ਅਚਨਚੇਤੀ ਸੂਚਨਾ ਨਾਲ਼ ਪਿੰਗਲਾ ਘਬਰਾ ਗਈ।ਓਹਨੇ ਛੇਤੀ ਦੇਣੇ ਮਹਾਵਤ ਨੂੰ ਗੋਲੀ ਨਾਲ਼ ਏਧਰ ਓਧਰ ਭੇਜ ਦਿੱਤਾ। ਅਜੇ ਪਿੰਗਲਾ ਨੇ ਆਪਣੇ ਵਸਤਰ ਠੀਕ ਵੀ ਨਹੀਂ ਸੀ ਕੀਤੇ ਕਿ ਭਰਥਰੀ ਉਸ ਦੇ ਰੈਣ ਬਸੇਰੇ ਵਿਚ ਆ ਵੜਿਆ। ਪਿੰਗਲਾ ਤਾਂ ਆਪਣੀ ਚੋਰੀ ਦੇ ਫੜੀ ਜਾਣ ਕਾਰਨ ਪਹਿਲਾਂ ਹੀ ਭਮੱਤਰੀ ਹੋਈ ਸੀ... ਰਾਜੇ ਨੇ ਉਹਦੇ ਚਿਹਰੇ ਵੱਲ ਵੇਖਿਆ... ਪੀਲਾ ਜ਼ਰਦ ... ਰੇਸ਼ਮੀ ਪੁਸ਼ਾਕ ਉਤੇ ਸਿਲਵਟਾਂ। ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹੀ। ਪਰੰਤੂ ਪਿੰਗਲਾ ਨੇ ਉਸ ਦੇ ਹਾਵਾਂ ਭਾਵਾਂ ਨੂੰ ਸਮਝਦਿਆਂ ਤ੍ਰਿਆ ਚਰਿਤਰ ਦਾ ਬਾਣ ਚਲਾ ਦਿੱਤਾ, "ਮਹਾਰਾਜ ਮੈਂ ਤਾਂ ਮਸਾਂ ਬਚੀ ਆਂ ਅੱਜ। ਵਿਕਰਮਾਜੀਤ ਦੀ ਨੀਅਤ ਫਿਟ ਗਈ ਸੀ ਮੇਰੀ ਜਵਾਨੀ 'ਤੇ। ਉਸ ਪਾਸੋਂ ਮਸੀਂ ਖਹਿੜਾ ਛੁਡਾਇਐ। ਮਹਾਰਾਜ! ਤੁਹਾਡੇ ਤੋਂ ਬਿਨਾਂ ਕੀਹਦੀ ਹਿੰਮਤ ਐ ਮੇਰੇ ਵੱਲ ਝਾਕ ਜਾਵੇ।"

ਪਿੰਗਲਾ ਦੇ ਕਹੇ ਬੋਲ ਭਰਥਰੀ ਦੇ ਧੁਰ ਅੰਦਰ ਤਕ ਲਹਿ ਗਏ। ਉਹ ਝੰਜੋੜਿਆ ਗਿਆ। ਉਸ ਨੂੰ ਤਾਂ ਵਿਕਰਮਾਜੀਤ 'ਤੇ ਬਹੁਤ ਮਾਣ ਸੀ। ਪਿੰਗਲਾ ਨੇ ਤਾਂ ਇਕ ਤੀਰ ਨਾਲ਼ ਦੋ ਨਿਸ਼ਾਨੇ ਫੁੰਡ ਲਏ ਸਨ- ਨਾਲੇ ਆਪਣੀ ਸਫ਼ਾਈ ਦੇ ਦਿੱਤੀ, ਨਾਲ਼ੇ ਰਾਜੇ ਦੇ ਮਨ ਅੰਦਰ ਆਪਣੇ ਭਰਾ ਲਈ ਨਫ਼ਤਰ ਦੀ ਜਵਾਲਾ ਜਲਾ ਦਿੱਤੀ। ਮਦਰਾ ਦੇ ਜਾਮ ਅਤੇ ਸ਼ਬਾਬ ਵੀ ਉਸ ਨੂੰ ਸ਼ਾਂਤ ਨਾ ਕਰ ਸਕੇ। ਉਹ ਸਾਰੀ ਰਾਤ ਤਿਲਮਿਲਾਉਂਦਾ ਰਿਹਾ।

ਅਗਲੀ ਭਲਕ ਭਰਥਰੀ ਨੇ ਵਿਕਰਮਾਜੀਤ ਨੂੰ ਰਾਜ ਦਰਬਾਰ ਵਿਚ ਸੱਦ ਲਿਆ ਅਤੇ ਬਿਨਾਂ ਉਸ ਦਾ ਪੱਖ ਸੁਣੇ ਉਸ ਨੂੰ ਦੇਸ਼-ਨਿਕਾਲ਼ਾ ਦੇ ਦਿੱਤਾ। ਵਿਕਰਮਾਜੀਤ ਆਪਣੇ ਵੱਡੇ ਭਰਾ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਦਾ ਹੋਇਆ ਉਜੈਨ ਨਗਰੀ ਨੂੰ ਛੱਡ ਕੇ ਆਸਾਮ ਵਲ ਨੂੰ ਚਲਿਆ ਗਿਆ।

ਵਿਕਰਮਾਜੀਤ ਦੇ ਜਾਣ ਨਾਲ਼ ਰਾਜ ਦਰਬਾਰ ਵਿਚ ਹਫੜਾ-ਦਫੜੀ ਮੱਚ ਗਈ। ਭਰਥਰੀ ਮੁਦਰਾ ਅਤੇ ਸ਼ਬਾਬ ਵਿਚ ਮਦਹੋਸ਼ ਆਪਣੀ ਰਾਣੀ ਪਿੰਗਲਾ ਨਾਲ਼ ਰੰਗਰਲੀਆਂ ਮਨਾ ਰਿਹਾ ਸੀ। ਹੁਣ ਉਸ ਨੂੰ ਟੋਕਣ ਵਾਲ਼ਾ ਵੀ ਕੋਈ ਨਹੀਂ ਸੀ ਰਿਹਾ, ਚਾਲਬਾਜ਼ ਅਤੇ ਸਾਜ਼ਸ਼ੀ ਦਰਬਾਰੀਆਂ ਦੀ ਚੜ੍ਹ ਮਚੀ ਸੀ।
ਉਜੈਨ ਵਿਚ ਹੀ ਸੋਮ ਨਾਂ ਦਾ ਇਕ ਬਾਲ ਬਚੜਦਾਰ ਵਿਦਵਾਨ ਬ੍ਰਾਹਮਣ ਰਹਿੰਦਾ ਸੀ... ਗ਼ਰੀਬੀ ਦਾ ਭੰਨਿਆ ਹੋਇਆ ਤੰਗ ਦਸਤ। ਉਹ ਸ਼ਿਵਾਂ ਦਾ ਭਗਤ ਸੀ- ਬਹੁਤ ਹੀ ਭਲਾ ਪੁਰਸ਼। ਇਕ ਦਿਨ ਕੀ ਹੋਇਆ ਇਕ ਮਹਾਂਪੁਰਸ਼ ਉਹਦੇ ਕੋਲ਼ ਆਇਆ ਤੇ ਉਹਨੂੰ ਇਕ ਫ਼ਲ ਦੇ ਕੇ ਆਖਿਆ, "ਭਗਤਾ! ਇਹ ਅੰਮ੍ਰਿਤ ਫ਼ਲ ਐ ਜਿਹੜਾ ਵੀ ਇਸ ਨੂੰ ਖਾਵੇਗਾ, ਬਿਰਧ ਨਹੀਂ ਹੋਵੇਗਾ।" ਫ਼ਲ ਦੇ ਕੇ ਮਹਾਂਪੁਰਸ਼ ਚਲਿਆ ਗਿਆ।
ਵਿਦਵਾਨ ਪੰਡਿਤ ਸੋਮ ਨੇ ਸੋਚਿਆ- ਉਸ ਨੇ ਦੁੱਖਾਂ-ਦਲਿਦਰਾਂ ਨਾਲ਼ ਭਰਿਆ ਜੀਵਨ ਜੀ ਕੇ ਭਲਾ ਕੀ ਲੈਣਾ ਹੈ ਕਿਉਂ ਨਾ ਉਹ ਇਹ ਫ਼ਲ ਪਰਜਾ ਪਾਲਕ ਰਾਜਾ ਭਰਥਰੀ ਨੂੰ ਭੇਟ ਕਰ ਆਵੇ। ਆਪਣੇ ਮਨ ਨਾਲ਼ ਨਿਰਣਾ ਕਰਕੇ ਸੋਮ ਫ਼ਲ ਨੂੰ ਰੁਮਾਲ ਵਿਚ ਲਪੇਟ ਕੇ ਭਰਥਰੀ ਦੇ ਦਰਬਾਰ ਵਿਚ ਜਾ ਹਾਜ਼ਰ ਹੋਇਆ ਤੇ ਇਹ ਫ਼ਲ ਉਸ ਦੇ ਚਰਨਾਂ ਵਿਚ ਭੇਟ ਕਰਕੇ ਬੋਲਿਆ, "ਮਹਾਰਾਜ ਦੀ ਜੈ ਹੋਵੇ। ਰਾਜਨ ਇਹ ਅੰਮ੍ਰਿਤ ਫ਼ਲ ਹੈ ਜੋ ਵੀ ਇਸ ਨੂੰ ਖਾਵੇਗਾ ਕਦੀ ਬੁੱਢਾ ਨਹੀਂ ਹੋਵੇਗਾ। ਸਵੀਕਾਰ ਕਰੋ ਮਹਾਰਾਜ।"
ਭਰਥਰੀ ਨੇ ਪੰਡਿਤ ਵਲੋਂ ਭੇਟ ਕੀਤੀ ਸੁਗਾਤ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰ ਲਈ ਤੇ ਉਸ ਨੂੰ ਬਹੁਤ ਸਾਰੀ ਦਖਸ਼ਣਾ ਦੇ ਕੇ ਵਿਦਾ ਕਰ ਦਿੱਤਾ
ਭਰਥਰੀ ਆਪਣੇ ਪ੍ਰਾਣਾਂ ਨਾਲ਼ੋਂ ਵੀ ਵਧ ਪਿੰਗਲਾ ਨੂੰ ਪਿਆਰ ਕਰਦਾ ਸੀ। ਉਹਨੇ ਰਾਜ ਮਹਿਲਾਂ ਵਿਚ ਆ ਕੇ ਅੰਮ੍ਰਿਤ ਫ਼ਲ ਦੀ ਖਾਸੀਅਤ ਦੱਸਦਿਆਂ ਇਹ ਫ਼ਲ ਪਿੰਗਲਾ ਨੂੰ ਫੜਾ ਕੇ ਕਿਹਾ ਕਿ ਉਹ ਹੁਣੇ ਹੀ ਇਸ ਨੂੰ ਖਾ ਲਵੇ। ਉਸ ਨੇ ਫ਼ਲ ਨੂੰ ਨਿਹਾਰਦਿਆਂ ਇਕ ਪਲ ਸੋਚਿਆ ਤੇ ਚਹਿਕ ਕੇ ਬੋਲੀ, "ਮਹਾਰਾਜ! ਐਨੇ ਉਤਾਵਲੇ ਕਿਉਂ ਹੁੰਦੇ ਹੋ... ਹੁਣੇ ਹੀ ਖਾ ਲਵਾਂਗੀ ਪਹਿਲਾਂ ਤੁਸੀਂ ਕੁਝ ਤਿਲ ਫੁਲ ਸਵੀਕਾਰ ਕਰੋ।" ਐਨਾ ਆਖ ਕੇ ਉਸ ਨੇ ਮਦਰਾ ਦੀ ਪਿਆਲੀ ਰਾਜੇ ਦੇ ਬੁੱਲ੍ਹਾਂ ਨੂੰ ਛੁਹਾ ਦਿੱਤੀ ਤੇ ਫ਼ਲ ਨੂੰ ਸੰਭਾਲ ਕੇ ਰੱਖ ਲਿਆ ਤੇ ਰਾਜੇ ਨੂੰ ਆਪਣੇ ਚੋਹਲਾਂ ਨਾਲ਼ ਰਿਝਾਉਣ ਲੱਗ ਪਈ।
ਸਵੇਰ ਹੋਈ, ਭਰਥਰੀ ਨਿੱਤ ਵਾਂਗ ਆਪਣੇ ਰਾਜ ਦਰਬਾਰ ਵਿਚ ਚਲਿਆ ਗਿਆ। ਰਾਜੇ ਦੇ ਜਾਣ ਮਗਰੋਂ ਮਹਾਵਤ ਰਾਜ ਮਹਿਲਾਂ ਵਿਚ ਪੁੱਜ ਗਿਆ। ਇਹ ਉਹਦੀ ਨਿੱਤ ਦੀ ਕਾਰ ਸੀ- ਪ੍ਰੇਮ ਕ੍ਰੀੜਾ ਵਿਚ ਮਹਿਵ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਦਾ ਮੁੱਖ ਦੇਖੇ ਬਿਨਾਂ ਚੈਨ ਨਹੀਂ ਸੀ ਆਉਂਦਾ। ਪਿੰਗਲਾ ਅੰਦਰੋਂ ਰਾਜੇ ਵਲੋਂ ਦਿੱਤਾ ਫ਼ਲ ਲੈ ਆਈ ਤੇ ਉਸ ਨੂੰ ਫੜਾ ਕੇ ਕਿਹਾ, "ਮੇਰਿਆ ਮਹਿਰਮਾ। ਇਹ ਫ਼ਲ ਖਾ ਲੈ ਸਦਾ ਜਵਾਨ ਰਹੇਂਗਾ। ਇਹ ਦਾਤੇ ਦੀ ਮਿਹਰ ਨਾਲ ਪ੍ਰਾਪਤ ਹੋਇਆ ਹੈ।"
ਮਹਾਵਤ ਨੇ ਇਹ ਫ਼ਲ ਆਪਣੇ ਮਸਤਕ ਨਾਲ ਛੁਹਾਇਆ ਤੇ ਰਾਣੀ ਨਾਲ਼ ਮਾਖਿਓਂ-ਮਿੱਠੀਆਂ ਗੱਲਾਂ ਵਿਚ ਰੁਝ ਗਿਆ ਅਤੇ ਫ਼ਲ ਨੂੰ ਬੋਝੇ ਵਿਚ ਪਾ ਕੇ ਘਰ ਲੈ ਆਇਆ। ਮਹਾਵਤ ਦੀ ਇਕ ਹੋਰ ਪ੍ਰੇਮਿਕਾ ਸੀ- ਉਜੈਨ ਦੀ ਖ਼ੂਬਸੂਰਤ ਨਾਚੀ ਜਿਸ ਨੂੰ ਉਹ ਪਿੰਗਲਾ ਨਾਲੋਂ ਵੀ ਵਧ ਪਿਆਰ ਕਰਦਾ ਸੀ। ਉਸ ਨੇ ਇਹ ਫ਼ਲ ਲਿਆ ਕੇ ਉਸ ਨਾਚੀ ਨੂੰ ਭੇਂਟ ਕਰ ਦਿੱਤਾ। ਨਾਚੀ ਨੇ ਵੀ ਇਹ ਫ਼ਲ ਉਹਦੇ ਸਾਹਮਣੇ ਨਾ ਖਾਧਾ ਤੇ ਫੇਰ ਖਾਣ ਲਈ ਰੱਖ ਕੇ ਉਹਦੇ ਨਾਲ਼ ਪਿਆਰ ਭਰੀਆਂ ਗੱਲਾਂ ਬਾਤਾਂ ਕਰਦੀ ਰਹੀ।
ਉਜੈਨ ਦੀ ਇਹ ਖ਼ੂਬਸੂਰਤ ਨਾਚੀ ਕਈ ਵਾਰ ਰਾਜਾ ਭਰਥਰੀ ਦੇ ਰੰਗ ਮਹਿਲ ਵਿਚ ਮੁਜਰਾ ਕਰ ਚੁੱਕੀ ਸੀ। ਉਹਦੇ ਮਨ ਅੰਦਰ ਭਰਥਰੀ ਲਈ ਅਥਾਹ ਮੁਹੱਬਤ ਸੀ। ਉਸ ਨੇ ਸੋਚਿਆ ਕਿ ਉਸ ਦੇ ਜੀਵਨ ਨੂੰ ਤਾਂ ਲੋਕੀ ਹਕਾਰਤ ਭਰੀਆਂ ਨਜ਼ਰਾਂ ਨਾਲ਼ ਵੇਖਦੇ ਹਨ- ਉਹਨੇ ਸਦਾ ਜਵਾਨ ਰਹਿ ਕੇ ਕੀ ਕਰਨਾ ਹੈ, ਕਿਉਂ ਨਾ ਉਹ ਰਾਜਾ ਭਰਥਰੀ ਨੂੰ ਇਹ ਅੰਮ੍ਰਿਤ ਫ਼ਲ ਭੇਂਟ ਕਰ ਦੇਵੇ। ਕੁਝ ਦਿਨਾਂ ਬਾਅਦ ਉਸ ਹੁਸ਼ਨਾਕ ਨਾਚੀ ਨੇ ਅੰਮ੍ਰਿਤ ਫ਼ਲ ਨੂੰ ਰੇਸ਼ਮੀ ਰੁਮਾਲ 'ਚ ਲਪੇਟਿਆ ਤੇ ਥਾਲੀ 'ਚ ਪਰੋਸ ਕੇ ਭਰਥਰੀ ਦੇ ਚਰਨਾਂ 'ਚ ਭੇਟ ਕਰ ਕੇ ਅਰਜ਼ ਗੁਜ਼ਾਰੀ, "ਮੇਰੀ ਤੁਛ ਜਿਹੀ ਭੇਟ ਸਵੀਕਾਰ ਕਰੋ ਮਹਾਰਾਜ।"
ਭਰਥਰੀ ਨੇ ਜਦੋਂ ਥਾਲੀ ਤੋਂ ਰੁਮਾਲ ਪਰ੍ਹੇ ਸਰਕਾਇਆ ਓਹ ਤਾਂ ਵੇਖਦੇ ਸਾਰ ਹੀ ਧੁਰ ਅੰਦਰ ਤਕ ਝੰਜੋੜਿਆ ਗਿਆ- ਇਹ ਤਾਂ ਓਹੀ ਅੰਮ੍ਰਿਤ ਫ਼ਲ ਸੀ ਜਿਹੜਾ ਉਹਨੇ ਪਿੰਗਲਾ ਨੂੰ ਖਾਣ ਲਈ ਦਿੱਤਾ ਸੀ। ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਉਤਸੁਕਤਾ ਪੂਰਵਕ ਨਿਗਾਹ ਨਾਲ਼ ਨਾਚੀ ਵਲ ਵੇਖ ਕੇ ਪੁੱਛਿਆ-
"ਤੈਨੂੰ ਇਹ ਫ਼ਲ ਕਿਥੋਂ ਪ੍ਰਾਪਤ ਹੋਇਆ ਹੈ?"
"ਮਹਾਰਾਜ ਇਹ ਨਾ ਪੁੱਛੋ ਬਸ ਸਵੀਕਾਰ ਕਰੋ। ਮੈਂ ਆਪ ਨੂੰ ਸਦਾ ਜਵਾਨ ਵੇਖਣਾ ਲੋਚਦੀ ਹਾਂ।"
"ਇਹ ਤਾਂ ਤੈਨੂੰ ਦੱਸਣਾ ਹੀ ਪੈਣੈ? ਕਿਧਰੇ ਮੇਰੇ ਨਾਲ਼ ਕੋਈ ਛੜਯੰਤਰ ਤਾਂ ਨਹੀਂ ਖੇਡ ਰਹੀ?"
ਰਾਜੇ ਨੇ ਕਹਿਰਵਾਨ ਨਿਗਾਹਾਂ ਨਾਲ਼ ਨਾਚੀ ਵੱਲ ਵੇਖਿਆ ਤੇ ਉਹ ਧੁਰ ਅੰਦਰ ਤਕ ਕੰਬ ਗਈ। ਸੱਚ ਬੋਲਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਸੀ ਰਿਹਾ।
"ਮਹਾਰਾਜਾ ਸੱਚ ਤਾਂ ਇਹ ਹੈ। ਤੁਹਾਡੇ ਹਾਥੀ ਬਾੜੇ ਦਾ ਮਹਾਵਤ ਮੇਰਾ ਪ੍ਰੇਮੀ ਹੈ। ਉਸ ਨੇ ਇਹ ਫ਼ਲ ਮੈਨੂੰ ਖਾਣ ਲਈ ਦਿੱਤਾ ਸੀ।"
ਮਹਾਵਤ ਨੂੰ ਤੁਰੰਤ ਦਰਬਾਰ ਵਿਚ ਸੱਦਿਆ ਗਿਆ। ਪਹਿਲਾਂ ਤਾਂ ਉਸ ਨੇ ਸੱਚ ਦੱਸਣੋਂ ਆਨਾ-ਕਾਨੀ ਕੀਤੀ ਪਰੰਤੂ ਜਦੋਂ ਉਸ 'ਤੇ ਕੋਰੜਿਆਂ ਦਾ ਮੀਂਹ ਵਰ੍ਹਨ ਲੱਗਾ ਉਸ ਨੇ ਸਭ ਕੁਝ ਉਗਲ ਦਿੱਤਾ।
"ਮਹਾਰਾਜ! ਸੱਚ ਦੱਸਦਾ ਹਾਂ। ਰਾਜਨ ਮੈਨੂੰ ਇਹ ਫ਼ਲ ਰਾਣੀ ਪਿੰਗਲਾ ਨੇ ਖਾਣ ਲਈ ਦਿੱਤਾ ਸੀ ਪਰੰਤੂ ਮੈਂ ਇਹ ਫ਼ਲ ਅਗਾਂਹ ਆਪਣੀ ਪ੍ਰੇਮਿਕਾ ਨਾਚੀ ਨੂੰ ਦੇ ਦਿੱਤਾ ਸੀ। ਮੈਨੂੰ ਮੁਆਫ਼ ਕਰ ਦੇਵੋ ਮਹਾਰਾਜ! ਮੇਰੀ ਜਾਨ ਬਖ਼ਸ਼ੀ ਜਾਵੇ। ਹਜ਼ੂਰ ਬਾਲ ਬੱਚੜਦਾਰ ਹਾਂ।"
ਮਹਾਵਤ ਦੇ ਇਨ੍ਹਾਂ ਬੋਲਾਂ ਨੇ ਜਿਵੇਂ ਭਰਥਰੀ ਦੀ ਹੋਣੀ ਹੀ ਬਦਲ ਦਿੱਤੀ ਹੋਵੇ- ਉਹਦੇ ਧੁਰ ਅੰਦਰ ਇਕ ਜਵਾਲਾ ਮੱਚ ਰਹੀ ਸੀ ਪਰੰਤੁ ਬਾਹਰੋਂ ਉਹ ਸ਼ਾਂਤ ਚਿੱਤ ਨਜ਼ਰ ਆ ਰਿਹਾ ਸੀ। ਉਹਨੇ ਨਾਚੀ ਅਤੇ ਮਹਾਵਤ ਨੂੰ ਦਰਬਾਰ ਵਿਚੋਂ ਚਲੇ ਜਾਣ ਦੀ ਆਗਿਆ ਦੇ ਦਿੱਤੀ ਤੇ ਆਪ ਆਪਣੇ ਮਹਿਲਾਂ ਨੂੰ ਤੁਰ ਪਿਆ।
ਰਾਣੀ ਪਿੰਗਲਾ ਅਜੇ ਤਕ ਇਹ ਨਹੀਂ ਸੀ ਜਾਣਦੀ ਕਿ ਰਾਜ ਦਰਬਾਰ ਵਿਚ ਅੱਜ ਕਿਹੜੀਆਂ ਘਟਨਾਵਾਂ ਵਾਪਰੀਆਂ ਹਨ। ਉਹ ਪਹਿਲਾਂ ਵਾਂਗ ਹੀ ਮੁਸਕਾਨਾਂ ਬਖੇਰਦੀ ਹੋਈ ਭਰਥਰੀ ਦੇ ਆਗਮਨ ਵਿਚ ਬਾਹਾਂ ਉਲਾਰੀ ਖਲੋਤੀ ਹੋਈ ਸੀ- ਉਹਨੇ ਵੇਖਿਆ ਅੱਜ ਭਰਥਰੀ ਦਾ ਚਿਹਰਾ ਗੰਭੀਰਤਾ ਦੀਆਂ ਝਲਕਾਂ ਮਾਰ ਰਿਹਾ ਸੀ।
"ਅੱਜ ਮੇਰੇ ਮਹਾਰਾਜ ਬਦਲੇ ਬਦਲੇ ਕਿਉਂ ਨਜ਼ਰ ਆ ਰਹੇ ਨੇ," ਪਿੰਗਲਾ ਨੇ ਭਰਥਰੀ ਨੂੰ ਕਾਮੁਕ ਅਦਾ ਨਾਲ਼ ਆਪਣੀ ਗਲਵੱਕੜੀ 'ਚ ਲੈਂਦਿਆਂ ਆਖਿਆ। ਅੱਜ ਪਹਿਲਾ ਮੌਕਾ ਸੀ ਜਦੋਂ ਭਰਥਰੀ ਨੇ ਪਿੰਗਲਾ ਨੂੰ ਕ੍ਰੋਧਵਾਨ ਨਿਗਾਹਾਂ ਨਾਲ਼ ਵੇਖਿਆ ਸੀ। ਉਸ ਨੇ ਆਪਣੇ-ਆਪ ਨੂੰ ਰਾਣੀ ਦੀ ਬੁੱਕਲ 'ਚੋਂ ਛੁਡਾਇਆ ਤੇ ਬੋਲਿਆ, "ਰਾਣੀ ਪਹਿਲਾਂ ਮੇਰੀ ਸ਼ੰਕਾ ਨਵਿਰਤ ਕਰੋ। ਤੂੰ ਅੰਮ੍ਰਿਤ ਫ਼ਲ ਖਾਧਾ ਹੈ ਜਾਂ ਨਹੀਂ?"
"ਮਹਾਰਾਜ ਇਸ ਗੱਲ ਨਾਲ਼ ਕੀ ਫ਼ਰਕ ਪੈਂਦੈ ਕਿ ਮੈਂ ਫ਼ਲ ਖਾਧਾ ਹੈ ਜਾਂ ਨਹੀਂ ... ਮੈਂ ਤਾਂ ਤੁਹਾਡੀ ਦਾਸੀ ਆਂ।"
"ਫ਼ਰਕ ਕਿਉਂ ਨੀ ਪੈਂਦਾ ਮੇਰੀ ਚੰਚਲ ਰਾਣੀਏਂ... ਫ਼ਰਕ ਤਾਂ ਪੈ ਗਿਐ... ਕੂੜ ਦਾ ਭਾਂਡਾ ਆਖਰ ਭਜਣੈ ਹੀ ਭਜਣੈ... ਸੱਚ ਦਾ ਸੂਰਜ ਮੇਰੇ ਸਾਹਮਣੇ ਐ... ਆਹ ਵੇਖ ਓਹੀ ਅੰਮ੍ਰਿਤ ਫ਼ਲ।" ਭਰਥਰੀ ਨੇ ਫ਼ਲ ਰਾਣੀ ਅੱਗੇ ਵਗਾਹ ਮਾਰਿਆ।
"ਕਿਉਂ ਮਜ਼ਾਕ ਕਰਦੇ ਓ ਰਾਜਨ! ਮੈਂ ਤਾਂ ਤੁਹਾਡੇ ਵਾਲ਼ਾ ਫ਼ਲ ਖਾ ਲਿਆ ਸੀ... ਇਹ ਫ਼ਲ ਤਾਂ ਕੋਈ ਹੋਰ ਹੀ ਐ..."
ਪਿੰਗਲਾ ਨੇ ਵੇਖਿਆ ਅੱਜ ਪਹਿਲੀ ਵਾਰ ਭਰਥਰੀ ਦੇ ਨੈਣਾਂ ਵਿਚ ਮਦਰਾ ਦੀ ਥਾਂ ਅੰਗਿਆਰ ਭਖ ਰਹੇ ਸਨ... ਉਹ ਰਾਜੇ ਦੀਆਂ ਕ੍ਰੋਧਵਾਨ ਨਿਗਾਹਾਂ ਦਾ ਵਾਰ ਝੱਲ ਨਾ ਸਕੀ ਤੇ ਥਰ-ਥਰ ਕੰਬਦੀ ਹੋਈ ਉਹਦੇ ਚਰਨਾਂ 'ਚ ਢਹਿ ਪਈ ਤੇ ਬੋਲੀ, "ਮਹਾਰਾਜ! ਮੈਂ ਤੁਹਾਡੇ ਨਾਲ਼ ਧੋਖਾ ਕਰਦੀ ਰਹੀ ਆਂ ਪਤੀਬਰਤਾ ਧਰਮ ਨਹੀਂ ਨਿਭਾਅ ਸਕੀ... ਮੈਂ ਮਹਾਵਤ ਨੂੰ ਆਪਣਾ ਪ੍ਰੇਮੀ ਬਣਾਇਆ ਹੋਇਆ ਸੀ ਤੇ ਮੈਂ ਹੀ ਉਹ ਅੰਮ੍ਰਿਤ ਫ਼ਲ ਉਸ ਨੂੰ ਦਿੱਤਾ ਸੀ... ਰਾਜਨ ਮੈਂ ਕਸੂਰਵਾਰ ਹਾਂ। ਪਾਪਣ ਹਾਂ ਮੈਨੂੰ ਖਿਮਾ ਕਰ ਦੇਵੋ ਰਾਜਨ।"
ਭਰਥਰੀ ਦਾ ਸ਼ੰਕਾ ਨਵਿਰਤ ਹੋ ਗਿਆ ਸੀ। ਉਹਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਵਫ਼ਾ ਦੀ ਪੁਤਲੀ ਹੋਣ ਦਾ ਸਾਂਗ ਕਰਨ ਵਾਲੀ ਪਿੰਗਲਾ ਉਹਦੇ ਨਾਲ਼ ਬੇਵਫ਼ਾਈ ਕਰੇਗੀ... ਉਹਨੂੰ ਆਪਣੇ ਛੋਟੇ ਭਰਾ ਵਿਕਰਮਾਜੀਤ ਦੀ ਯਾਦ ਆਈ ਜਿਸ ਨੂੰ ਪਿੰਗਲਾ ਦੇ ਕਾਰਨ ਉਹਨੇ ਦੇਸ਼ ਨਿਕਾਲਾ ਦੇ ਦਿੱਤਾ ਸੀ- ਉਹਦੀ ਰੂਹ ਧੁਰ ਅੰਦਰ ਤਕ ਵਲੂੰਧਰੀ ਗਈ। ਉਹਦੀਆਂ ਅੱਖਾਂ ਨੇ ਵੈਰਾਗ ਦੇ ਹੰਝੂਆਂ ਦੀ ਝੜੀ ਲਾ ਦਿੱਤੀ।
ਭਰਥਰੀ ਦੇ ਮਨ 'ਤੇ ਲੱਗੀ ਅੰਦਰੂਨੀ ਚੋਟ ਨੇ ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਸ ਨੇ ਤੁਰੰਤ ਹੀ ਰਾਜ-ਭਾਗ ਦਾ ਤਿਆਗ ਕਰਕੇ ਯੋਗ ਧਾਰਨ ਦਾ ਫ਼ੈਸਲਾ ਕਰ ਲਿਆ ਅਤੇ ਆਪਣੇ ਮਹਾਂਮੰਤਰੀ ਨੂੰ ਬੁਲਾ ਕੇ ਆਦੇਸ਼ ਦੇ ਦਿੱਤਾ ਕਿ ਵਿਕਰਮਾਜੀਤ ਦੀ ਭਾਲ਼ ਕਰਕੇ ਉਸ ਨੂੰ ਉਜੈਨ ਦੇ ਸਿੰਘਾਸਨ 'ਤੇ ਬਿਰਾਜਮਾਨ ਕਰ ਦੇਣ ਤੇ ਆਪ ਜੋਗੀਆਂ ਦੇ ਟਿੱਲੇ ਨੂੰ ਯੋਗ ਲੈਣ ਤੁਰ ਪਿਆ।
ਉਜੈਨ ਦੀ ਪਰਜਾ ਭਰੇ ਨੇਤਰਾਂ ਨਾਲ਼ ਤੁਰਦੇ ਜਾਂਦੇ ਰਾਜੇ ਨੂੰ ਵੇਖਦੀ ਰਹੀ। ਉਦੋਂ ਤਕ ਵੇਖਦੀ ਰਹੀ ਜਿੰਨੀ ਦੇਰ ਤਕ ਉਨ੍ਹਾਂ ਦੀਆਂ ਅੱਖੀਆਂ ਤੋਂ ਓਹਲੇ ਨਾ ਹੋ ਗਿਆ।
ਚਲੋ ਚਾਲ ਤੁਰਦਾ ਭਰਥਰੀ ਗੋਰਖ ਨਾਥ ਦੇ ਗੁਰੂ ਜਤਿੰਦਰੀ ਨਾਥ ਦੇ ਟਿੱਲੇ 'ਤੇ ਪੁੱਜ ਗਿਆ। ਨਾਥ ਦੇ ਚਰਨ ਛੂਹਣ ਉਪਰੰਤ ਉਹਨੇ ਯੋਗ ਲੈਣ ਲਈ ਆਪਣੀ ਚਾਹਨਾ ਦਰਸਾਈ। ਜਤਿੰਦਰੀ ਨਾਥ ਜਾਣਦਾ ਸੀ ਰਾਜੇ ਲਈ ਯੋਗ ਧਾਰਨ ਕਰਨਾ ਕੋਈ ਸੁਖੇਰਾ ਕਾਰਜ ਨਹੀਂ ਸੀ। ਉਸ ਨੇ ਉਹਨੂੰ ਸਮਝਾ ਕੇ ਮੁੜ ਰਾਜ ਸਿੰਘਾਸਨ ਸੰਭਾਲਣ ਦਾ ਉਪਦੇਸ਼ ਦਿੱਤਾ-

ਔਖੀ ਰਮਜ਼ ਫ਼ਕੀਰੀ ਵਾਲ਼ੀ
ਚੜ੍ਹ ਸੂਲੀ 'ਤੇ ਬਹਿਣਾ
ਦਰ ਦਰ 'ਤੇ ਟੁਕੜੇ ਮੰਗਣੇ
ਮਾਈਏ ਭੈਣੇ ਕਹਿਣਾ


"ਨਾਥ ਜੀ! ਮੈਂ ਸਾਰੇ ਸੁੱਖਾਂ ਦਾ ਤਿਆਗ ਕਰਕੇ ਤੁਰਿਆ ਹਾਂ... ਮੈਨੂੰ ਮੋਹ-ਮਾਇਆ ਦੇ ਜਾਲ 'ਚੋਂ ਕੱਢੋ... ਸੱਚ ਅਤੇ ਸਦੀਵੀ ਸ਼ਾਂਤੀ ਦਾ ਰਾਹ ਵਿਖਾ ਕੇ ਆਪਣੇ ਲੜ ਲਾਵੋ- ਗੁਰੂਦੇਵ।" "ਰਾਜਨ! ਜੋਗ ਦਾ ਪੈਂਡਾ ਬਹੁਤ ਕਠਿਨ ਐ... ਕਰੜੇ ਨੇਮਾਂ ਦੀ ਪਾਲਣਾ ਕਰਨਾ, ਕੰਦਮੂਲ ਖਾਣਾ ਤੇ ਪੰਜਾਂ ਇੰਦਰੀਆਂ ਨੂੰ ਵਸ 'ਚ ਕਰਨਾ। ਮਖ਼ਮਲੀ ਬਿਸਤਰਿਆਂ 'ਤੇ ਸੌਣ ਵਾਲ਼ੇ ਤੇ ਮਹਿਲਾਂ ਮਾੜੀਆਂ 'ਚ ਰਹਿਣ ਵਾਲ਼ੇ ਗ੍ਰਿਹਸਥੀਆਂ ਦੇ ਵਸ ਦਾ ਰੋਗ ਨਹੀਂ।"
"ਗੁਰੂਦੇਵ ਹਰ ਨੇਮ ਦੀ ਪਾਲਣਾ ਕਰਾਂਗਾ। ਗੁਰੂ ਮੰਤਰ ਦੇ ਕੇ ਦਾਸ ਦਾ ਆਧਾਰ ਕਰੋ ਨਾਥ ਜੀ!"
ਜਤਿੰਦਰੀ ਨਾਥ ਨੇ ਅਨੁਭਵ ਕਰ ਲਿਆ ਸੀ ਕਿ ਭਰਥਰੀ ਸੱਚੇ ਮਨ ਨਾਲ਼ ਜੋਗ ਧਾਰਨ ਕਰਨ ਆਇਆ ਹੈ- ਉਸ ਨੇ ਉਸ ਨੂੰ ਗੁਰੂ ਮੰਤਰ ਦੇਣ ਤੋਂ ਪਹਿਲਾਂ ਉਹਦੀ ਪ੍ਰੀਖਿਆ ਲੈਣ ਲਈ ਗੋਰਖ ਨਾਥ ਨੂੰ ਇਸ਼ਾਰਾ ਕਰਕੇ ਆਖਿਆ, "ਬੱਚਾ! ਭਰਥਰੀ ਨੂੰ ਉਜੈਨ ਨਗਰੀ ਦਾ ਫੇਰਾ ਪੁਆ ਲਿਆ। ਇਹਦੇ ਭਗਵੇਂ ਕੱਪੜੇ ਪਹਿਨਾ ਦੇਵੋ... ਮੁੰਦਰਾਂ ਉਦੋਂ ਪਾਵਾਂਗੇ ਜਦੋਂ ਗੁਰੂ ਮੰਤਰ ਧਾਰਨ ਕਰੇਗਾ- ਇਕ ਜ਼ਰੂਰੀ ਗੱਲ, ਭਰਥਰੀ ਆਪਣੀਆਂ ਰਾਣੀਆਂ ਨੂੰ ਮਾਂ ਸ਼ਬਦ ਨਾਲ਼ ਸੰਬੋਧਨ ਕਰਕੇ ਭਿਛਿਆ ਮੰਗ ਕੇ ਲਿਆਵੇ।"
'ਅਲਖ ਨਿਰੰਜਨ' ਆਖ ਗੋਰਖ ਨਾਥ ਨੇ ਭਰਥਰੀ ਦੇ ਗੇਰੂਏ ਰੰਗ ਦੇ ਕੱਪੜੇ ਪਹਿਨਾਏ ਤੇ ਉਜੈਨ ਨਗਰੀ ਨੂੰ ਤੁਰ ਪਏ।
ਸਭ ਤੋਂ ਪਹਿਲਾਂ ਰਾਣੀ ਪਿੰਗਲਾ ਦਾ ਮਹਿਲ ਸੀ। ਭਰਥਰੀ ਨੇ ਪਿੰਗਲਾ ਦੇ ਬੂਹੇ ਅੱਗੇ ਜਾ ਅਲਖ ਜਗਾਈ, "ਅਲਖ ਨਿਰੰਜਨ"।
ਪਿੰਗਲਾ ਨੇ ਵੇਖਿਆ ਭਰਥਰੀ ਜੋਗੀ ਦੇ ਰੂਪ ਵਿਚ ਉਹਦੇ ਬੂਹੇ 'ਤੇ ਖੜ੍ਹਾ ਭਿਖਿਆ ਮੰਗ ਰਿਹਾ ਹੈ... ਉਹਦੇ ਨੈਣਾਂ 'ਚੋਂ ਹੰਝੂਆਂ ਦੀ ਨਦੀ ਵਗ ਟੁਰੀ... ਜੋਗੀ ਨੇ ਮੁੜ ਅਲਖ ਜਗਾਈ, "ਮਾਂ ਪਿੰਗਲਾ! ਭਿਛਿਆ ਦੇ! ਅਲਖ ਨਿਰੰਜਨ।
"ਮਹਾਰਾਜ ਕਸੂਰ ਤਾਂ ਮੇਰਾ ਹੈ- ਸਜ਼ਾ ਮੈਨੂੰ ਦੇਵੋ। ਆਓ ਆਪਣਾ ਰਾਜ ਭਾਗ ਸੰਭਾਲੋ।" ਪਿੰਗਲਾ ਨੇ ਬੂਹੇ ਦੇ ਪਿੱਛੇ ਖੜੋਤਿਆਂ ਬੇਨਤੀ ਕੀਤੀ। ਪਛਤਾਵੇ ਦੇ ਭਾਵ ਨਾਲ਼ ਉਹਦਾ ਗਲ਼ਾ ਭਰ ਆਇਆ।
"ਮਾਂ ਪਿੰਗਲਾ! ਇਨ੍ਹਾਂ ਗੱਲਾਂ ਦੀ ਕੋਈ ਤੁਕ ਨਹੀਂ। ਬੱਸ ਭਿਛਿਆ ਪਾ... ਅਸੀਂ ਅਗਲੇ ਦਰ ਵੀ ਜਾਣਾ ਹੈ... ਅਲਖ ਨਿਰੰਜਨ।"
ਹਟਕੋਰੇ ਭਰਦੀ ਪਿੰਗਲਾ ਅੰਦਰੋਂ ਭਿਛਿਆ ਦਾ ਥਾਲ ਭਰ ਲਿਆਈ ਤੇ ਭਰਥਰੀ ਦੀ ਬਗਲੀ ਵਿਚ ਭਿਛਿਆ ਪਾ ਕੇ ਗਸ਼ ਖਾ ਕੇ ਡਿੱਗ ਪਈ ਤੇ ਭਰਥਰੀ 'ਅਲਖ ਨਿਰੰਜਨ' ਅਲਾਪਦਾ ਹੋਇਆ ਅਗਾਂਹ ਤੁਰ ਗਿਆ।
ਰਾਣੀ ਪਿੰਗਲਾ ਤੋਂ ਭਿਛਿਆ ਲੈ ਕੇ ਗੋਰਖ ਭਰਥਰੀ ਨੂੰ ਜੋਗੀਆਂ ਦੇ ਟਿੱਲੇ 'ਤੇ ਲੈ ਆਇਆ। ਵਿਧੀਗਤ ਰੀਤੀ ਅਨੁਸਾਰ ਜਤਿੰਦਰੀ ਨਾਥ ਨੇ ਭਰਥਰੀ ਨੂੰ ਗੁਰੂ ਮੰਤਰ ਦੇ ਕੇ ਉਹਦੇ ਕੰਨਾਂ ਵਿਚ ਮੁੰਦਰਾਂ ਪੁਆ ਦਿੱਤੀਆਂ ਅਤੇ ਆਪਣੇ ਜੋਗ ਮਤ ਵਿਚ ਸ਼ਾਮਲ ਕਰਕੇ ਆਸ਼ੀਰਵਾਦ ਦਿੱਤੀ, "ਬੱਚਾ ਭਰਥਰੀ! ਤੂੰ ਯੋਗੀ ਰਾਜ ਵਜੋਂ ਪ੍ਰਸਿੱਧੀ ਹਾਸਲ ਕਰੇਂਗਾ।"
ਅਸ਼ੀਰਵਾਦ ਪ੍ਰਾਪਤ ਕਰਕੇ ਜੋਗੀ ਬਣਿਆਂ ਭਰਥਰੀ ਤੀਰਥਾਂ ਦੀ ਯਾਤਰਾ 'ਤੇ ਤੁਰ ਪਿਆ ਤੇ ਕਈ ਵਰ੍ਹੇ ਸੁਰਾਸ਼ਟਰ ਦੀਆਂ ਗੁਫ਼ਾਵਾਂ ਵਿਚ ਤਪ ਸਾਧਨਾ ਤੇ ਯੋਗ ਅਭਿਆਸ ਵਿਚ ਜੁਟਿਆ ਰਿਹਾ ਤੇ ਉਸ ਨੇ ਯੋਗ ਮੱਤ ਦੇ ਪਾਸਾਰ ਤੇ ਪ੍ਰਚਾਰ ਵਿਚ ਆਪਣਾ ਸਾਰਾ ਜੀਵਨ ਅਰਪਨ ਕਰ ਦਿੱਤਾ। ਉਹ ਸੰਸਕ੍ਰਿਤ ਸਾਹਿਤ ਦੇ ਵਿਦਵਾਨ ਪੰਡਿਤ ਵਜੋਂ ਵੀ ਸਿੱਧ ਹੋਇਆ। ਉਸ ਦੀਆਂ ਤਿੰਨ ਰਚਨਾਵਾਂ 'ਸ਼ਿੰਗਾਰ ਸ਼ਤਕ', 'ਨੀਤੀ ਸ਼ਤਕ' ਅਤੇ 'ਵੈਰਾਗਯ ਸ਼ਤਕ' ਸੰਸਕ੍ਰਿਤ ਸਾਹਿਤ ਦੀਆਂ ਅਮਰ ਰਚਨਾਵਾਂ ਹਨ।
ਜਦੋਂ ਗੁਰੂ ਨਾਨਕ ਦੇਵ ਦੀ ਜੋਗੀਆਂ ਨਾਲ਼ ਵਿਚਾਰ ਚਰਚਾ ਹੋਈ ਸੀ ਉਦੋਂ ਭਰਥਰੀ ਨਾਲ਼ ਵੀ ਸੰਵਾਦ ਰਚਾਇਆ ਸੀ:

"ਕਹੁ ਨਾਨਕ ਸੁਣਿ ਭਰਥਰਿ ਜੋਗੀ"
(ਆਸਾ ਮੁਹੱਲਾ: ਪਹਿਲਾ)
ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਜਿਹਲਮ ਇਲਾਕੇ ਵਿਚ ਜੋਗ ਮੱਤ ਦਾ ਕਾਫੀ ਜ਼ੋਰ ਰਿਹਾ ਹੈ।ਜਿਹਲਮ ਸ਼ਹਿਰ ਤੋਂ ਕੁਝ ਮੀਲਾਂ ਦੇ ਫ਼ਾਸਲੇ 'ਤੇ ਜੋਗ ਮੱਤ ਦਾ ਭਾਰਤ ਦਾ ਸਭ ਤੋਂ ਵੱਡਾ ਮੱਠ ਸਥਿਤ ਸੀ ਜਿਸ ਦਾ ਸਬੰਧ ਗੋਰਖ ਨਾਥ, ਭਰਥਰੀ ਹਰੀ ਅਤੇ ਪੂਰਨ ਆਦਿ ਜੋਗੀਆਂ ਨਾਲ਼ ਸੀ। ਇਸ ਟਿੱਲੇ ਉਤੇ ਜੋਗੀਆਂ ਦੀਆਂ ਕਈ ਸਮਾਧਾਂ ਬਣੀਆਂ ਹੋਈਆਂ ਸਨ। ਇਕ ਬੜੀ ਪੁਰਾਣੀ ਸਮਾਧੀ ਨੂੰ ਭਰਥਰੀ ਹਰੀ ਦੀ ਸਮਾਧੀ ਦੱਸਿਆ ਜਾਂਦਾ ਹੈ ਪਰੰਤੁ 1748 ਈਸਵੀ ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਹਿੰਦੋਸਤਾਨ 'ਤੇ ਹੱਲੇ ਬੋਲੇ ਸਨ ਤਾਂ ਇਕ ਹੱਲੇ ਵਿਚ ਜਿਹਲਮ ਸ਼ਹਿਰ 'ਚੋਂ ਲੰਘਦਿਆ ਰਾਹ ਵਿਚ ਆਏ ਇਸ ਟਿੱਲੇ ਨੂੰ ਉਸ ਨੇ ਤਬਾਹ ਕਰ ਦਿੱਤਾ! ਓਥੇ ਹੁਣ ਸਮਾਧਾਂ ਦੇ ਖੰਡਰਾਤ ਹੀ ਹਨ।[1]
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ 'ਚ ਚਨਾਰ ਦੇ ਕਿਲ੍ਹੇ ਵਿਚ ਭਰਥਰੀ ਦੀ ਉੱਚੀ ਸਮਾਧ ਬਣੀ ਹੋਈ ਹੈ ਜਿਸ ਤੇ ਹਜ਼ਾਰਾਂ ਲੋਕੀਂ ਅਕੀਦਤ ਦੇ ਫੁੱਲ ਭੇਟ ਕਰਕੇ ਉਸ ਦੀ ਯਾਦ ਨੂੰ ਤਾਜ਼ਾ ਕਰਦੇ ਹਨ:

ਤੁਰਨ ਲੱਗਿਆਂ ਨਾਲ਼ ਨਾ ਤੁਰੇ ਦੌਲਤ
ਸਾਰੇ ਭਰੇ ਖ਼ਜ਼ਾਨੜੇ ਧਰੇ ਰਹਿੰਦੇ


  1. *ਵਣਜਾਰਾ ਬੇਦੀ 'ਪੰਜਾਬ ਦਾ ਲੋਕ ਸਾਹਿਤ', ਪੰਨਾ 108-109, ਨਵਯੁਗ ਪਬਲਿਸ਼ਰਜ਼, ਦਿੱਲੀ

ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ
ਸੀਨੇ ਉਨ੍ਹਾਂ ਦੇ ਅੰਦਰੋਂ ਠਰੇ ਰਹਿੰਦੇ
ਜਿਨ੍ਹਾਂ ਬੀਜਿਆ ਬਦੀ ਦਾ ਬੀਜ ਖੋਟਾ
ਨਾਗ ਦੁੱਖਾਂ ਦੇ ਉਨ੍ਹਾਂ ਨੂੰ ਲੜੇ ਰਹਿੰਦੇ
ਚਾਤ੍ਰਿਕ ਨੇਕੀਆਂ ਜਿਨ੍ਹਾਂ ਨੇ ਕੀਤੀਆਂ ਨੇ
ਲੋਕੀਂ ਉਨ੍ਹਾਂ ਦੇ ਪੂਜਦੇ ਥੜ੍ਹੇ ਰਹਿੰਦੇ

(ਧਨੀ ਰਾਮ ਚਾਤ੍ਰਿਕ)

ਪੰਜ ਸਦੀਆਂ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਭਰਥਰੀ ਹਰੀ ਦੀ ਲੋਕ ਗਾਥਾ ਪੰਜਾਬੀਆਂ ਦੇ ਹਿਰਦਿਆਂ 'ਤੇ ਉਕਰੀ ਹੋਈ ਹੈ। ਉਹ ਇਸ ਗਾਥਾ ਨੂੰ ਸੁਣ ਕੇ ਸੁਹਜਆਤਮਿਕ ਆਨੰਦ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਇਸ ਤੋਂ ਸਦਾਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਵਾਲ਼ਾ ਜੀਵਨ ਜੀਣ ਦੀ ਪ੍ਰੇਰਨਾ ਵੀ ਲੈਂਦੇ ਹਨ।

.