ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਦੁੱਲਾ ਭੱਟੀ

ਦੁੱਲਾ ਭੱਟੀ

ਪੰਜਾਬ ਵਿਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ 'ਸੁੰਦਰ-ਮੁੰਦਰੀਏ' ਨਾਂ ਦਾ ਇਕ ਲੋਕ-ਗੀਤ ਬੜਾ ਪ੍ਰਸਿੱਧ ਹੈ ਜੋ ਲੋਹੜੀ ਦੇ ਪਿਛੋਕੜ ਨਾਲ਼ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਮਕ ਸੂਰਮੇ ਨਾਲ਼ ਸਬੰਧ ਰੱਖਦੀ ਹੈ।
ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੋਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ। ਰਾਹ ਵਿਚ ਜੰਗਲ ਪੈਂਦਾ ਸੀ, ਜਿੱਥੇ ਦੁੱਲਾ ਭੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ। ਇਸ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗ਼ਰੀਬਾਂ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿਚ ਆ ਕੇ ਦੁੱਲਾ ਭੱਟੀ ਦਾ ਖ਼ਿਆਲ ਆਇਆ। ਉਹ ਦੁੱਲੇ ਦੀ ਭਾਲ਼ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਵੇਦਨਾ ਜਾ ਸੁਣਾਈ। ਦੁੱਲੇ ਨੇ ਆਖਿਆ, "ਤੂੰ ਕੋਈ ਫ਼ਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਨ੍ਹਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ-ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।"
ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥਹੁ-ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲ਼ੇ-ਦੁਆਲ਼ੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ 'ਤੇ ਆਪਣੇ ਵਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿਚ ਦਾਨ ਦਿੱਤਾ। ਦੁੱਲੇ ਕੋਲ਼ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ:

ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ- ਹੋ
ਦੁੱਲਾ ਭੱਟੀ ਵਾਲਾ- ਹੋ
ਦੁੱਲੇ ਧੀ ਵਿਆਹੀ- ਹੋ
ਸੇਰ ਸ਼ੱਕਰ ਪਾਈ- ਹੋ
ਕੁੜੀ ਦੇ ਬੋਝੇ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ- ਹੋ
ਸਾਲੂ ਕੌਣ ਸਮੇਟੇ- ਹੋ
ਚਾਚਾ ਗਾਲੀ ਦੇਸੇ- ਹੋ
ਚਾਚਾ ਚੂਰੀ ਕੁੱਟੀ- ਹੋ
ਜ਼ਿਮੀਂਦਾਰ ਸਦਾਓ- ਹੋ
ਗਿਣ-ਗਿਣ ਪੌਲੇ ਲਾਓ- ਹੋ

ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ, ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ, ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਲੱਗਾ। ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫ਼ਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਅਤੇ ਅੜ੍ਹਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ- ਮਾਰ-ਧਾੜ ਕਰਨੀ ਉਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਨ੍ਹਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ-ਮਾਰ ਕਰਕੇ ਭਜਾ ਦਿੰਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਨ੍ਹਾਂ ਦੀ ਮਾਰ-ਧਾੜ ਦੀਆਂ ਖ਼ਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਨ੍ਹਾਂ ਦੋਨਾਂ ਦੀਆਂ ਮਸ਼ਕਾਂ ਬੰਨ੍ਹ ਕੇ ਦਰਬਾਰ ਵਿਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫ਼ਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੋਂ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦੁਆਰ 'ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ... ਫ਼ਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਫ਼ਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫ਼ਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ-ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ 'ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੋਹਰਾਂ ਵਾਰ-ਵਾਰ ਵੰਡ ਰਹੀ ਸੀ। ਖ਼ੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਨ੍ਹਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।
ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆਂ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆਂ। ਅਕਬਰ ਨੇ ਨਜੂਮੀਆਂ ਨੂੰ ਆਖਿਆ, "ਕੋਈ ਐਸਾ ਉਪਾਅ ਦੱਸੋ ਜਿਸ ਨਾਲ਼ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫ਼ ਪਸੰਦ ਵਿਅਕਤੀ ਬਣੇ।"
ਇਕ ਨਜੂਮੀ ਨੇ ਆਖਿਆ, "ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ, ਜਿਸ ਨੇ ਸ਼ੇਖੂ ਦੇ ਜਨਮ ਵਾਲ਼ੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ।"
ਅਜਿਹੀ ਸੂਰਬੀਰ ਮਾਂ ਦੀ ਭਾਲ਼ ਲਈ ਸਾਰੇ ਰਾਜ ਵਿਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ। ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲ਼ਦੀ... ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ 'ਕੱਠੇ ਪਲਣ ਲੱਗੇ- ਦੋਨੋਂ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ...। ਸ਼ੇਖੂ ਨੇ ਆਪਣੇ ਬਾਪ ਪਾਸ ਆਖ਼ਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ। ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿਚ ਦੁੱਲਾ ਸ਼ੇਖੁ ਨੂੰ ਮਾਤ ਦੇ ਗਿਆ...। ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ 'ਚ ਵਿਤਕਰਾ ਨਾ ਕੀਤਾ ਹੋਵੇ।
ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ ਦੋਹਾਂ ਨੂੰ ਇਕੋ ਜਿੰਨਾ ਦੁੱਧ ਚੁੰਘਾਇਐ...।"
ਅਕਬਰ ਸ਼ੁਕਰ-ਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ, "ਮੈਂ ਤੇਰਾ ਦੇਣਾ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ਼ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ 'ਤੇ ਮੈਂ ਇਹਨੂੰ ਆਪਣੇ ਦਰਬਾਰ 'ਚ ਵੱਡਾ ਰੁਤਬਾ ਦਿਆਂਗਾ।"
ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ।
ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ... ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ਼ ਜਾ ਕੇ ਖੇਡਣ ਲੱਗ ਪਿਆ।
ਦੁੱਲਾ ਜਵਾਨੀ ਵਿਚ ਪੈਰ ਧਰਨ ਲੱਗਾ... ਉਹ ਅਲਬੇਲੇ ਸੁਭਾਅ ਦਾ ਮਾਲਕ ਸੀ... ਖੁਲ੍ਹੀ ਹਵਾ ਵਿਚ ਚੁੰਘੀਆਂ ਭਰਨ ਵਾਲ਼ਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਨ੍ਹਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿਚ ਘੁੰਮਦੇ ਖਰਮਸਤੀਆਂ ਕਰਦੇ। ਦੁੱਲੇ ਦੀ ਚੜ੍ਹਦੀ ਜੁਆਨੀ... ਉਹਦਾ ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ... ਦਗ ਦਗ ਕਰਦਾ ਚਿਹਰਾ ਤੇ ਉਸ ਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ 'ਚ ਪਾ ਦੇਂਦਾ ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫ਼ਰੀਦ ਦਾ ਵਿਦਰੋਹੀ ਖ਼ੂਨ ਉਹਦੀਆਂ ਰਗਾਂ ਵਿਚ ਦੌੜ ਰਿਹਾ ਹੈ। ਇਹ ਖ਼ੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਹੈ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਕ ਦਿਨੋ ਦਿਨ ਵੱਧ ਰਿਹਾ ਸੀ...। ਨਿੱਤ ਉਲਾਂਭੇ ਮਿਲਦੇ...। ਲੱਧੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪਰੰਤੂ ਉਹ ਲੋਹੇ ਦੀਆਂ ਸਾਗਾਂ ਨਾਲ਼ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਿਰਾਸਣ ਨੇ ਇਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:

ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।
ਏਥੇ ਜ਼ੋਰ ਦੁਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ।
ਖਲ, ਭੋਹ ਦੇ ਨਾਲ਼ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ।
ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।
(ਕਿਸ਼ਨ ਸਿੰਘ ਆਰਿਫ਼)

ਨੰਦੀ ਮਿਰਾਸਣ ਦੇ ਮਿਹਣੇ ਨਾਲ਼ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖ਼ੂਨ ਉਹਦੀਆਂ ਰਗਾਂ ਵਿਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ਼ ਜਾ ਗਰਜਿਆ, "ਮਾਂ ਮੇਰੀਏ ਸੱਚੋ-ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ... ?"
ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਦੁੱਲੇ ਨੂੰ ਕਿਹਾ, "ਸੂਰਮਿਆ ਪੁੱਤਾ, ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ। ਕਦੋਂ ਮੇਰਾ ਪੁੱਤਰ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ... ਅਣਖ ਨੂੰ ਪਾਲੀਂ ਤੇ ਆਪਣੇ ਬਾਪ ਦੇ ਖ਼ੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਂ ਦੀ ਟੈਂ ਨਹੀਂ ਸੀ ਮੰਨੀ। ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।" ਲਿਸ਼ ਲਿਸ਼ ਕਰਦੇ ਹਥਿਆਰ-ਛਵੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਨ ਅਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ... ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫ਼ਾਂ ਛੱਡਣ ਲੱਗਾ... ਦੁੱਲੇ ਨਗਾਰੇ 'ਤੇ ਡੱਗਾ ਮਾਰਿਆ... ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ਼ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ 'ਕੱਠੇ ਕੀਤੇ ਤੇ ਸਾਰੇ ਹਥਿਆਰ ਉਨ੍ਹਾਂ ਵਿਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ਼ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲ਼ੇ-ਹੌਲ਼ ਪੰਜ ਸੌ ਜਵਾਨ ਉਹਦੇ ਨਾਲ਼ ਜੁੜ ਗਏ। ਸਾਂਦਲ ਬਾਰ ਦੇ ਇਲਾਕੇ ਵਿਚ ਉਨ੍ਹਾਂ ਤਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿਚ ਵੰਡ ਦਿੰਦੇ। ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ-ਪਰਵਰੀ ਦੀ ਖ਼ੁਸ਼ਬੂ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ਼ ਸਾਂਦਲ ਬਾਰ ਵਿਚ ਘੁੰਮ ਰਿਹਾ ਸੀ...। ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਣਨ ਨੂੰ ਮਿਲਦੇ...। ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ।
ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ 'ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ 'ਤੇ ਰੋਸ ਸੀ। ਇਸੇ ਰੋਸ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੜਾਂ 'ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਵੰਦਾਂ 'ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ...। ਉਹਨੂੰ ਰਾਤ ਪਿੰਡੀ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਵਾ ਦਿੱਤਾ...। ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ਼ ਭਰੀਆਂ ਖੱਚਰਾਂ ਖੋਹ ਲਈਆਂ।
ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ਼ ਪੁੱਜਦੀਆਂ ਰਹੀਆਂ। ਲੋਕਾਂ 'ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ ਕਿ ਉਨ੍ਹਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿਚ ਦੁੱਲੇ ਵਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹੀਏ ਪੁਚਾਉਂਦੇ ਰਹੇ। ਅਕਬਰ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ 'ਤੇ ਸਾਂਦਲ ਬਾਰ ਭੇਜਿਆ, ਪਰੰਤੂ ਦੁੱਲੇ ਨੂੰ ਪਤਾ ਲੱਗਣ 'ਤੇ ਉਸ ਨੇ ਜਾਸੂਸ ਦੀਆਂ ਦਾੜ੍ਹੀ ਮੁੱਛਾਂ ਹੀ ਮੁੰਨ ਦਿੱਤੀਆਂ।
ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁਕ ਲਿਆ। ਮੁਗ਼ਲ ਫ਼ੌਜਾਂ ਨੇ ਸਾਂਦਲ ਬਾਰ ਵਲ ਕੂਚ ਕਰ ਦਿੱਤਾ।

ਚੜ੍ਹਿਆ ਸੀ ਮਿਰਜ਼ਾ ਨਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ।
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿਚ ਪਾਈਆਂ।
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ।
ਹੌਲ਼ੀ-ਹੌਲ਼ੀ ਪਿੰਡੀਂ ਵਿਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ।
ਸਾਰੇ ਬੈਠਕਾਂ ਦੀਵਾਨਖ਼ਾਨੇ ਢਾਹ ਸੁੱਟੇ
ਇੱਟਾਂ ਬਣਾਂ ਦੇ ਵਿਚ ਖਿੰਡਾਈਆਂ।
ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ
ਮਾਰਨ ਛਮਕਾਂ ਤੇ ਕਰਨ ਕਰੜਾਈਆਂ।
(ਪਾਲੀ ਸਿੰਘ)

ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਜਾ ਘੇਰਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ਼ ਜਾ ਲੜਾਈ ਕੀਤੀ ਤੇ ਉਨ੍ਹਾਂ 'ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੱਲਾ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ਼ ਜਾ ਪਿਆ।
ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ ਕੁ ਦਿਨ ਕੱਟ ਸਕਦੀ ਸੀ। ਮੁਗ਼ਲ ਫ਼ੌਜ ਨੇ ਦੁੱਲੇ ਨੂੰ ਜਿਉਂਦੇ ਜੀ ਗ੍ਰਿਫ਼਼ਤਾਰ ਕਰਨ ਦਾ ਯਤਨ ਕੀਤਾ, ਪਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲ਼ਾ ਕਿੱਥੇ ਸੀ? ਆਖ਼ਰ ਦੁੱਲਾ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ, ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ। ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿਚ ਦੁੱਲੇ ਨੇ ਮਿਰਜ਼ਾ ਨਿਜ਼ਾਮਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ, ਪਰੰਤੁ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰ ਕੇ ਆਪਣੀ ਜਾਨ ਬਖ਼ਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ਼ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ਼ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਿਆ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ 'ਤੇ ਦੁੱਲੇ ਨੇ ਕੈਦਖ਼ਾਨੇ ਵਿਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।
ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ...। ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ਼ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿਚ ਗਾਂਵਿਆ ਹੈ। ਕਿਸ਼ਨ ਸਿੰਘ ਆਰਿਫ਼ ਰਚਿਤ 'ਕਿੱਸਾ ਦੁੱਲਾ ਭੱਟੀ' ਅਤੇ ਪਾਲੀ ਸਿੰਘ ਕਵੀਸ਼ਰ ਰਚਿਤ 'ਆਵਾਜ਼ਾਂ ਦੁੱਲਾ ਭੱਟੀ' ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮਬਾਰ ਸਿਜਦਾ ਕਰਦੇ ਹਨ।

.