ਚੰਬੇ ਦੀਆਂ ਕਲੀਆਂ/ਇਕ ਆਦਮੀ ਨੂੰ ਕਿੰਨੀ ਭੋਇੰ ਲੋੜੀਏ?
ਇਕ ਆਦਮੀਂ ਨੂੰ ਕਿੰਨੀ ਭੋਇੰ
ਲੋੜੀਏ!
ਇਕ ਵੱਡੀ ਭੈਣ ਆਪਣੀ ਛੋਟੀ ਭੈਣ ਨੂੰ ਮਿਲਣ ਵਾਸਤੇ ਦੁਆਬੇ ਦੇ ਕਿਸੇ ਪਿੰਡ ਗਈ। ਵੱਡੀ ਦਾ ਵਿਆਹ ਜਲੰਧਰ ਦੇ ਇਕ ਵਪਾਰੀ ਪੁਰਸ਼ ਨਾਲ ਹੋਇਆ ੨ ਸੀ ਤੇ ਛੋਟੀ ਪਿੰਡ ਦੇ ਇਕ ਮਮੂਲੀ ਜ਼ਿਮੀਦਾਰ ਨਾਲ ਵਿਆਹੀ ਗਈ ਸੀ। ਜਦ ਦੋਨੋਂ ਦੁਪਹਿਰ ਦੀ ਰੋਟੀ ਖਾਣ ਬੈਠੀਆਂ ਅਤੇ ਗੱਲ ਬਾਤ ਛਿੜੀ, ਤਾਂ ਵੱਡੀ ਨੇ ਸ਼ਹਿਰੀ ਜੀਵਣ ਦੀ ਵੱਡੀ ਉਪਮਾ ਕੀਤੀ ਤੇ ਦਸਿਆ "ਅਸੀਂ ਬੜੀ ਮੌਜ ਨਾਲ ਰਹਿੰਦੇ ਹਾਂ, ਸੋਹਣੇ 2 ਕਪੜੇ ਪਾਉਂਦੇ ਹਾਂ, ਸਾਡੇ ਮੁੰਡਿਆਂ ਦੇ ਫਰਾਕ ਅਤਿ ਸੋਹਣੇ ਹੁੰਦੇ ਹਨ। ਖਾਣ ਪੀਣ ਨੂੰ ਚੰਗਾ ਚੋਖਾ ਮਿਲਦਾ ਹੈ, ਰਾਤ ਨੂੰ ਸਰਕਸ ਤੇ ਸਿਨੇਮਾ ਦੀ ਮੌਜ ਹੁੰਦੀ ਹੈ।" ਇਤਆਦਿਕ।
ਛੋਟੀ ਭੈਣ ਨੂੰ ਰੋਹ ਚੜਿਆ ਤੇ ਉਸ ਨੇ ਸ਼ਹਿਰੀ ਜੀਵਨ ਨੂੰ ਨਿੰਦ ਕੇ ਪੇਂਡੂ ਜੀਵਨ ਦੇ ਗੁਣ ਵਰਨਣ ਕੀਤੇ ਤੇ ਕਹਿਣ ਲੱਗੀ "ਮੈਂ ਤਾਂ ਤੇਰੇ ਨਾਲ ਥਾਂ ਵਟਾਣ ਨੂੰ ਰਾਜ਼ੀ ਨਹੀਂ। ਸਾਡਾ ਜੀਵਣ ਮੋਟਾ ਹੁੰਦਾ ਹੈ, ਪਰ ਅਸੀਂ ਚਿੰਤਾ ਤੋਂ ਬਚੇ ਹੋਏ ਹਾਂ, ਤੁਸੀਂ ਬਹੁਤੀ ਸ਼ੂਕਾ ਸ਼ਾਕੀ ਵਿਚ ਰਹਿੰਦੇ ਹੋ ਤੇ ਆਪਣੀ ਲੋੜ ਤੋਂ ਜ਼ਿਆਦਾ ਕਮਾਂਦੇ ਹੋ। ਪਰ ਗੁਆਚਦਾ ਵੀ ਉਨ੍ਹਾਂ ਦਾ ਹੈ ਜਿਨ੍ਹਾਂ ਦੇ ਪਲੇ ਕੁਝ ਹੋਵੇ। ਜੇਹੜੇ ਅਜ ਬਹੁਤੇ ਸ਼ਾਹੂਕਾਰ ਹਨ ਉਹ ਕਲ ਨੂੰ ਕੰਗਾਲ ਹਨ। ਅਸੀਂ ਇਸ ਗਲੋਂ ਚੰਗੇ ਬੈਠੇ ਹਾਂ। ਸਾਡੀ ਆਯੂ ਭਾਵੇਂ ਚਮਕੀਲੀ ਨਹੀਂ, ਪਰ ਹੈ ਲੰਮੀ। ਅਸੀਂ ਕਦੀ ਧਨਾਢ ਨਹੀਂ ਹੋਵਾਂਗੇ, ਪਰ ਖਾਣ ਜੋਗਾ ਹਮੇਸ਼ਾ ਸਾਡੇ ਪਾਸ ਰਹੇਗਾ।
ਵੱਡੀ ਭੈਣ ਨੇ ਨੱਕ ਚਾਹੜਕੇ ਆਖਿਆ "ਹਮੇਸ਼ਾਂ ਕਿਉਂ ਨਾ ਹੋਵੇ, ਖਾਂਦੇ ਤਾਂ ਹੋ ਪਰ ਪਸ਼ੂਆਂ ਦੇ ਨਾਲ ਰਲਕੇ, ਤੁਹਾਨੂੰ ਕੀ ਪਤਾ ਫੈਸ਼ਨ ਕੀ ਚੀਜ਼ ਹੈ। ਤੇਰੇ ਘਰ ਵਾਲਾ ਭਾਵੇਂ ਕਿੰਨੀ ਕਮਾਈ ਕਰੇ ਤੂੰ ਜੀਂਦਿਆਂ ਵੀ ਰੂੜੀ ਤੇ ਅਤੇ ਮਰੇਂਗੀ ਵੀ ਰੂੜੀ ਤੇ।"
ਛੋਟੀ ਨੇ ਆਖਿਆ:-"ਤਦ ਕੀ ਹੋਇਆ, ਸਾਡਾ ਕੰਮ ਭਾਵੇਂ ਮੋਟਾ ਤੇ ਕੁਰਾੜਾ ਹੈ ਪਰ ਹੈ ਪੱਕਾ। ਸਾਨੂੰ ਕਿਸੇ ਦੀ ਮੁਥਾਜੀ ਦੀ ਲੋੜ ਨਹੀਂ, ਪਰ ਸ਼ਹਿਰਾਂ ਵਿੱਚ ਖਰਾਬੀਆਂ ਬਹੁਤ ਹੁੰਦੀਆਂ ਹਨ। ਅਜ ਤੇਰੇ ਪਾਸ ਧਨ ਹੈ। ਤੇ ਕਲ ਤੇਰੇ ਘਰ ਵਾਲਾ ਜੂਆ ਸ਼ਰਾਬ ਜਾਂ ਜ਼ਨਾਨੀਆਂ ਦੇ ਪਿਛੇ ਲਗ ਪਏ, ਤਾਂ ਸਭ ਕੁਝ ਰੁੜ੍ਹ ਜਾਵੇ। ਸ਼ਹਿਰੀਏ ਇਉਂ ਬਥੇਰੇ ਕਰਦੇ ਹਨ।"
ਘਰ ਦਾ ਮਾਲਕ ਬੰਤਾ ਸਿੰਘ ਇਕ ਪਾਸੇ ਮੰਜੇ ਤੇ ਬੈਠਾ ਹੋਇਆ ਗੱਲਾਂ ਪਿਆ ਸੁਣਦਾ ਸੀ ਤੇ ਆਪਣੇ ਮਨ ਵਿਚ ਪਿਆ ਆਖੇ:-"ਮੇਰੀ ਜ਼ਨਾਨੀ ਆਖਦੀ ਤਾਂ ਸਚ ਹੈ। ਨਿੱਕੇ ਹੁੰਦਿਆਂ ਤੋਂ ਅਸੀਂ ਭੋਇੰ ਦੀ ਸੇਵਾ ਵਿੱਚ ਅਜਿਹੇ ਜੁਟਦੇ ਹਾਂ ਕਿ ਅਸੀਂ ਜੱਟਾਂ ਨੂੰ ਸ਼ਰਾਰਤਾਂ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ। ਅਸੀਂ ਦੁਆਬੇ ਵਾਲਿਆਂ ਨੂੰ ਤਾਂ ਇਕੋ ਦੁਖ ਹੈ ਕਿ ਸਾਡੀ ਭੋਇੰ ਥੋੜੀ ਹੈ। ਜੇ ਮੇਰੀ ਜ਼ਮੀਨ ਚੋਖੀ ਹੋਵੇ ਤਾਂ ਮੈਂ ਟੁੰਡੇ ਲਾਟ ਦੀ ਵੀ ਪਰਵਾਹ ਨਾ ਕਰਾਂ।"
ਟੁੰਡਾ ਲਾਟ ਤਾਂ ਓਥੇ ਕੋਈ ਨਹੀਂ ਸੀ, ਪਰ ਮਾਇਆ ਛਲਨੀ ਉਥੇ ਖੜੀ ਇਹ ਗਲਾਂ ਸੁਣਦੀ ਪਈ ਸੀ। ਜ਼ਨਾਨੀਆਂ ਰੋਟੀ ਟੁਕ ਖਾਕੇ ਰਤਾਕੁ ਸੌਂ ਗਈਆਂ ਤੇ ਮਾਇਆ ਕਹਿਣ ਲਗੀ, "ਚੰਗਾ ਹੋਇਆ ਜੱਟੀ ਦੀਆ ਗੱਲਾਂ ਸੁਣਕੇ ਜਟ ਨੇ ਹੰਕਾਰ ਕੀਤਾ ਹੈ, ਮੇਰਾ ਕੰਮ ਭਰਮਾਵਣਾਂ ਹੈ, ਇਸਦੀ ਤੇ ਮੇਰੀ ਤਾਕਤ ਦਾ ਟਾਕਰਾ ਹੈ, ਮੈਂ ਇਸ ਨੂੰ ਚੋਖੀ ਭੋਇੰ ਦੇਵਾਂਗੀ ਤੇ ਉਸੇ ਭੋਇੰ ਦੇ ਆਸਰੇ ਇਸ ਨੂੰ ਆਪਣੇ ਕਾਬੂ ਵਿੱਚ ਕਰਾਂਗੀ।"
(੨)
ਇਥੇ ਪਿੰਡ ਵਿਚ ਇਕ ਬੁੱਢੀ ਰਹਿੰਦੀ ਸੀ ਜਿਸ ਦੀ ਤਿੰਨ ਸੌ ਘੁਮਾਂ ਜ਼ਮੀਨ ਸੀ। ਇਸ ਬੁੱਢੀ ਦਾ ਜਟਾਂ ਨਾਲ ਸਲੂਕ ਚੰਗਾ ਰਿਹਾ ਸੀ, ਪਰ ਇਕ ਪਿਨਸ਼ਨੀਏਂ ਸਿਪਾਹੀ ਨੂੰ ਉਸ ਨੇ ਆਪਣਾ ਮੁਨਸ਼ੀ ਰਖਿਆ ਤੇ ਇਸ ਪਿਨਸ਼ਨੀ ਤਲੰਗੇ ਨੇ ਲੋਕਾਂ ਨੂੰ ਤੰਗ ਕਰਨਾਂ ਸ਼ੁਰੂ ਕੀਤਾ। ਬੰਤਾ ਸਿੰਘ ਬਥੇਰੇ ਯਤਨ ਕਰੇ, ਪਰ ਕਦੀ ਉਸਦੀ ਵਛੇਰੀ ਇਸ ਬੁੱਢੀ ਦੇ ਖੇਤ ਵਿਚ ਜਾ ਵੜੇ, ਕਦੀ ਉਸਦੀ ਗਾਂ ਬੁੱਢੀ ਦੇ ਬਾਗ ਦੀ ਸੈਰ ਕਰ ਆਵੇ, ਕਦੀ ਉਸ ਦੇ ਵਹਿੜਕੇ ਬੁੱਢੀ ਦੀ ਸਬਜ਼ੀ ਖਰਾਬ ਕਰ ਆਵਣ ਤੇ ਹਮੇਸ਼ਾਂ ਬੰਤਾ ਸਿੰਘ ਨੂੰ ਜੁਰਮਾਨਾਂ ਭਰਨਾਂ ਪਵੇ।
ਬੰਤਾ ਸਿੰਘ ਜੁਰਮਾਨਾਂ ਤਾਂ ਭਰ ਦਿੰਦਾ ਸੀ, ਪਰ ਦਿਲ ਵਿਚ ਬਹੁਤ ਖਿਝਦਾ ਸੀ ਤੇ ਘਰ ਆਕੇ ਬਾਲ ਬੱਚਿਆਂ ਨਾਲ ਝਹੀਆਂ ਲੈਂਦਾ ਸੀ। ਸਾਰਾ ਉਨ੍ਹਾਲਾ ਹੀ ਇਸ ਪਿਨਸ਼ਨੀਏ ਨੇ ਜੱਟਾਂ ਨੂੰ ਦੁਖ ਦਿਤਾ ਤੇ ਉਹ ਜੁਰਮਾਨੇ ਤੋਂ ਤੰਗ ਪੈ ਗਏ।
ਸਿਆਲ ਚੜ੍ਹਿਆ, ਇਹ ਅਵਾਈ ਉਡੀ ਕਿ ਬੁੱਢੀ ਆਪਣੀ ਜ਼ਮੀਨ ਵੇਚਣ ਲਗੀ ਹੈ ਤੇ ਜਲੰਧਰ ਦਾ ਇਕ ਠੇਕੇਦਾਰ ਗਾਹਕ ਬਣਿਆ ਹੈ। ਜਟ ਵਿਚਾਰੇ ਬੜੇ ਡਰੇ ਕਿ ਇਹ ਠੇਕੇਦਾਰ ਕੀ ਪਤਾ ਹੈ ਕਿੰਨੇ ਜੁਰਮਾਨੇ ਕਰਾਊ, ਚੰਗਾ ਹੋਵੇ, ਆਪ ਹੀ ਸਾਰੇ ਰਲਕੇ ਜ਼ਮੀਨ ਖਰੀਦ ਲਈਏ। ਪੰਚਾਇਤ ਵਲੋਂ ਸਾਰੇ ਇਕੱਠੇ ਹੋਕੇ ਬੁੱਢੀ ਪਾਸ ਗਏ ਤੇ ਸੌਦਾ ਕਰਨ ਲਗੇ। ਜ਼ਨਾਨੀ ਵੇਚਣ ਨੂੰ ਤਿਆਰ ਹੋ ਗਈ। ਕੀਮਤ ਦਾ ਫੈਸਲਾ ਹੋ ਗਿਆ, ਪਰ ਜਟ ਆਪਸ ਵਿਚ ਫੈਸਲਾ ਨਾ ਕਰ ਸਕੇ ਜੋ ਹਰ ਇਕ ਦੇ ਹਿੱਸੇ ਵਿਚ ਕਿਨੀ ਜ਼ਮੀਨ ਆਉਂਦੀ ਹੈ। ਦੋ ਵਾਰੀ ਪੰਚਾਇਤ ਕਠੀ ਹੋਈ, ਪਰ ਮਾਇਆ ਛਲਨੀ ਨੇ ਉਨ੍ਹਾਂ ਵਿਚ ਵਟ ਪਾ ਦਿਤੀ। ਬੁੱਢੀ ਨੂੰ ਕਹਿਣ ਲਗੇ, "ਅਸੀਂ ਅਡੋ ਅਡ ਟੋਟੇ ਮੁਲ ਲੈਂਦੇ ਹਾਂ।" ਬੁੱਢੀ ਇਸ ਗਲ ਤੇ ਵੀ ਰਾਜ਼ੀ ਹੋ ਗਈ।
ਬੰਤਾ ਸਿੰਘ ਨੇ ਸੁਣਿਆ ਕਿ ਪਾਲਾ ਸਿੰਘ ਪੰਜਾਹ ਘੁਮਾਂ ਲੈਣ ਲਗਾ ਹੈ ਤੇ ਬੁੱਢੀ ਨੇ ਅੱਧਾ ਰੁਪਿਆ ਰੋਕ ਤੇ ਅੱਧਾ ਸਾਲ ਪਿਛੋਂ ਲੈਣਾਂ ਕੀਤਾ ਹੈ। ਆਪਣੀ ਵਹੁਟੀ ਨੂੰ ਕਹਿਣ ਲਗਾ:-"ਤੂੰ ਸੁਣਿਆ ਹੈ? ਜ਼ਮੀਨ ਸਾਰੀ ਵਿਕ ਚਲੀ ਹੈ। ਲੋਕੀ ਦਬਾ ਦਬ ਖਰੀਦਦੇ ਪਏ ਹਨ। ਅਸੀਂ ਵੀ ਵੀਹਕੁ ਘੁਮਾਂ ਲੈ ਲਵੀਏ। ਵਿਆਹ ਸ਼ਾਦੀਆਂ ਦਾ ਖਰਚ ਸਿਰ ਤੇ ਪੈਣਾ ਹੈ ਕੁਝ ਜੈਦਾਦ ਹਥ ਵਿਚ ਹੋਣੀ ਚਾਹੀਦੀ ਹੈ।"
ਮਰਦ ਤੀਵੀਂ ਨੇ ਸਲਾਹ ਕੀਤੀ, ਇਕ ਹਜ਼ਾਰ ਰੁਪਿਆ ਘਰ ਵਿਚ ਪਿਆ ਸੀ, ਇਕ ਬਲਦ ਵੇਚਿਆ, ਆਪਣੇ ਇਕ ਪੁੱਤਰ ਨੂੰ ਕਿਸੇ ਸ਼ਾਹੂਕਾਰ ਪਾਸ ਨੌਕਰ ਰਖਾਕੇ ਇਕ ਸਾਲ ਦੀ ਤਨਖਾਹ ਪੇਸ਼ਗੀ ਲਈ, ਬਾਕੀ ਰੁਪਿਆ ਆਪਣੇ ਭਣਵਈਏ ਪਾਸੋਂ ਉਧਾਰ ਲਿਆ ਤੇ ਜਿਵੇਂ ਕਿਵੇਂ ਅੱਧੀ ਰਕਮ ਕਠੀ ਕੀਤੀ।
ਰਕਮ ਜੋੜ ਕੇ ਬੰਤਾ ਸਿੰਘ ਨੇ ਇਕ ਸੋਹਣਾ ਖੇਤ ਚੁਣਿਆਂ ਤੇ ਬੁਢੀ ਨਾਲ , ਸੌਦਾ ਪੱਕ ਗਿਆ। ਬਿਆਨਾਂ ਓਥੇ ਦੇਕੇ ਹੁਸ਼ਿਆਰਪੁਰ ਆਏ ਤੇ ਅੱਧੀ ਰਕਮ ਨਕਦ ਤੇ ਬਾਕੀ ਦਾ ਅਸ਼ਟਾਮ ਕਰਕੇ ਜ਼ਮੀਨ ਬੰਤਾ ਸਿੰਘ ਦੇ ਨਾਮ ਰਜਿਸਟਰੀ ਹੋ ਗਈ।
ਹੁਣ ਬੰਤਾ ਸਿੰਘ ੨੦ ਘੁਮਾਂ ਦਾ ਮਾਲਕ ਸੀ। ਇਸ ਧਰਤੀ ਵਿਚ ਉਸਨੇ ਬੀਜ ਮੰਗ ਕੇ ਸੁਟਿਆ, ਰੁਬ ਦੀ ਕਿਰਪਾ ਨਾਲ ਫਸਲ ਚੰਗੀ ਹੋਈ ਤੇ ਇਕੇ ਸਾਲ ਵਿਚ ਉਸ ਨੇ ਬੁਢੀ ਅਤੇ ਭਣਵਈਏ ਦੋਹਾਂ ਦਾ ਕਰਜ਼ਾ ਲਾਹ ਦਿਤਾ। ਹੁਣ ਆਪਣੀ ਜ਼ਮੀਨ ਵਿਚ ਹਲ ਵਾਹੁੰਦਾ, ਬੀਜਦਾ, ਫਲ, ਫੁਲ ਪੈਦਾ ਕਰਦਾ, ਲਕੜ ਕਾਠ ਵੱਢਦਾ ਤੇ ਆਪਣੇ ਘਾਹ ਵਿਚ ਡੰਗਰਾਂ ਨੂੰ ਚਾਰਦਾ ਸੀ। ਜਦ ਉਹ ਬਾਹਰ ਖੇਤ ਨੂੰ ਜਾਂਦਾ ਤੇ ਹਰੀ ਭਰੀ ਪੈਲੀ ਦੇਖਦਾ, ਉਸਦਾ ਚਿਤ ਖੁਸ਼ੀ ਨਾਲ ਉਛਲਦਾ, ਉਹ ਸਬਜ਼ੀ ਤੇ ਫਲ ਉਸਨੂੰ ਦੁਨੀਆਂ ਨਾਲੋਂ ਨਿਆਰੇ ਦਿਸਦੇ ਸਨ। ਜਦ ਉਹ ਜ਼ਮੀਨ ਪਰਾਈ ਸੀ ਤਾਂ ਮਾਮੂਲੀ ਜਾਪਦੀ ਸੀ, ਹੁਣ ਆਪਣੀ ਸੀ ਤਾਂ ਪਿਆਰੀ ਲਗਦੀ ਸੀ।
(3)
ਬੰਤਾ ਸਿੰਘ ਹੁਣ ਪ੍ਰਸੰਨ ਸੀ ਤੇ ਉਸਦਾ ਝਟ ਚੰਗਾ ਲੰਘਦਾ ਸੀ, ਪਰ ਕਿਸੇ ੨ ਵੇਲੇ ਗੁਆਂਢੀਆਂ ਦੇ ਪਸੂ ਉਸਦੀ ਖੇਤੀ ਉਜਾੜ ਜਾਂਦੇ ਸਨ। ਉਸ ਨੇ ਗਵਾਂਢੀਆਂ ਨੂੰ ਪਿਆਰ ਨਾਲ ਸਮਝਾਇਆ, ਪਰ ਉਹ ਨਾ ਮੁੜੇ ! ਕਦੀ ਪਿੰਡ ਦਾ ਆਜੜੀ ਵਿਚ ਮਝੀਂ ਛਡ ਦੇਵੇ, ਕਦੀ ਕਿਸੇ ਦੇ ਘੋੜੇ ਆ ਵੜਨ। ਬੰਤਾ ਸਿੰਘ ਉਨਾਂ ਨੂੰ ਫਿਰ ਬਾਹਰ ਕਢਦਾ ਤੇ ਉਨਾਂ ਦੇ ਮਾਲਕਾਂ ਨੂੰ ਮਾਫ ਕਰਦਾ ਰਿਹਾ। ਪਰ ਅਖੀਰ ਇਨਸਾਨ ਸੀ, ਅੱਕ ਗਿਆ ਤੇ ਡੰਗਰ ਫ਼ਾਟਕ ਅਪੜਾਏ। ਉਸਨੂੰ ਪਤਾ ਸੀ ਕਿ ਲੋਕ ਜਾਣ ਬੁਝਕੇ ਮਾਲ ਉਸਦੀ ਪੈਲੀ ਵਿਚ ਨਹੀਂ ਛਡਦੇ, ਪਰ ਉਹ ਕਹਿਣ ਲੱਗਾ:"ਜੇ ਮੈਂ ਮਾਫ਼ ਹੀ ਕਰਦਾ ਰਹਾਂ, ਤਾਂ ਉੱਜੜ ਜਾਵਾਂਗਾ। ਇਨਾਂ ਨੂੰ ਸਬਕ ਸਿਖਾਣਾਂ ਚਾਹੀਦਾ ਹੈ।" ਸਰਕਾਰੋਂ ਉਸ ਨੇ ਆਪਣੇ ਗਵਾਂਢੀਆਂ ਨੂੰ ਦੋ ਚਾਰ ਵਾਰੀ ਜੁਰਮਾਨਾ ਕਰਾਇਆ ਤੇ ਉਹ ਭੀ ਇਸ ਦੇ ਨਾਲ ਖ਼ਾਰ ਰੱਖਣ ਲਗ ਪਏ। ਹੁਣ ਜਾਣ ਬੁਝਕੇ ਇਸ ਦੀ ਪੈਲੀ ਵਿਚ ਪਸੂ ਛਡਿਆ ਕਰਨ ਤੇ ਇਕ ਵੇਰਾਂ ਕਿਸੇ ਨੇ ਬੰਤਾ ਸਿੰਘ ਦੇ ਬਗ਼ੀੀਚੇ ਵਿਚੋਂ ਮਾਲਟੇ ਦੇ ਪੰਜ ਬੂਟੇ ਵੱਢ ਦਿਤੇ। ਜਿਸ ਆਦਮੀ ਪਰ ਇਸ ਨੂੰ ਸ਼ਕ ਸੀ ਉਸ ਨੂੰ ਅਦਾਲਤ ਨੇ ਬਰੀ ਕਰ ਦਿਤਾ। ਬੰਤਾ ਸਿੰਘ ਹਾਕਮ ਨਾਲ ਭੀ ਅੜ ਪਿਆ। ਗਵਾਂਢੀਆਂ ਨਾਲ ਅਗੇ ਹੀ ਝਗੜਦਾ ਸੀ। ਉਸ ਦੇ ਵਿਰੁਧ ਇਕ ਤਗੜੀ ਢਾਣੀ ਬਣ ਗਈ। ਹੁਣ ਭਾਵੇਂ ਬੰਤਾ ਸਿੰਘ ਜ਼ਮੀਨ ਦਾ ਮਾਲਕ ਸੀ ਪਰ ਸ਼ਾਂਤੀ ਉਸ ਦੇ ਹਿਰਦੇ ਤੋਂ ਕੋਹਾਂ ਦੂਰ ਸੀ।
ਇਨ੍ਹਾਂ ਦਿਨਾਂ ਵਿਚ ਲਾਇਲ ਪੁਰ ਵਾਲੀ ਬਾਰ ਖੁਲ੍ਹੀ। ਦੁਆਬੇ ਦੇ ਜਟ ਵਹੀਰਾਂ ਘਤਕੇ ਇਧਰ ਆਏ। ਬੰਤਾ ਸਿੰਘ ਕਹਿਣ ਲਗਾ, ਅਸੀਂ ਤਾਂ ਇਥੋਂ ਨਹੀਂ ਹਿਲਦੇ, ਜਿਹੜੇ ਤੁਰ ਜਾਣਗੇ, ਉਨਾਂ ਦੀ ਜ਼ਮੀਨ ਮੁਲ ਲਵਾਂਗੇ। ਇਕ ਦਿਨ ਇਕ ਮੁਸਾਫਰ ਜ਼ਿਮੀਦਾਰ ਬੰਤਾ ਸਿੰਘ ਕੋਲ ਰਾਤ ਆ ਰਿਹਾ ਤੇ ਗੱਲਾਂ ਬਾਤਾਂ ਦਸਣ ਲਗਾ ਜੋ 'ਬਹਾਵਲਪੁਰ ਰਿਆਸਤ ਵਿਚ ਇਕ ਪਿੰਡ ਸਿੱਖਾਂ ਦਾ ਹੈ। ਉਥੇ ਹਰ ਇਕ ਸਿੱਖ ਜ਼ਿਮੀਦਾਰ ਨੂੰ ਪੰਜੀ ਘੁਮਾਂ ਮੁਫਤ ਮਿਲਦੇ ਹਨ, ਜ਼ਮੀਨ ਚੰਗੀ ਹੈ, ਉਸ ਵਿਚ ਬੀਜੀ ਹੋਈ ਕਣਕ ਘੋੜੇ ਜਿਡੀ ਉਚੀ ਹੁੰਦੀ ਹੈ ਤੇ ਸੰਘਣੀ ਐਨੀਂ ਜੋ ਦਾਤਰੀ ਦੇ ਪੰਜ ਫੇਰਿਆਂ ਨਾਲ ਪੰਡ ਬਣ ਜਾਂਦੀ ਹੈ। ਇਕ ਜਟ ਉਥੇ ਖਾਲੀ ਹੱਥ ਗਿਆ ਸੀ, ਪਰ ਹੁਣ ਛੇ ਊਠਾਂ ਤੇ ਚਾਰ ਮਝੀਂ ਦਾ ਮਾਲਕ ਹੈ।
ਬੰਤਾ ਸਿੰਘ ਦੇ ਚਿੱਤ ਵਿਚ ਤ੍ਰਿਸ਼ਨਾਂ ਭੜਕ ਉਠੀ। ਸੋਚਣ ਲਗਾ: "ਮੈਂ ਇਸ ਕੁੱਲੀ ਵਿਚ ਬਹਿਕੇ ਕੀ ਲੈਣਾ ਹੈ? ਇਹ ਜ਼ਮੀਨ ਅਤੇ ਮਕਾਨ ਵੇਚੀਏ ਤੇ ਬਹਾਵਲਪੁਰ ਵਿਚ ਚਲਕੇ ਮੌਜਾਂ ਲੁਟੀਏ। ਏਥੇ ਤਾਂ ਹਰ ਵੇਲੇ ਝਗੜਾ ਹੀ ਝਗੜਾ ਹੈ, ਪਰ ਚੰਗਾ ਹੈ, ਮੈਂ ਪਹਿਲੇ ਆਪ ਜਾਕੇ ਵੇਖ ਆਵਾਂ ਤੇ ਤਸੱਲੀ ਕਰ ਆਵਾਂ!"
ਇਸ ਤੋਂ ਅਗਲੇ ਸਿਆਲ ਉਹ ਤਿਆਰ ਹੋਇਆ ਤੇ ਗੱਡੀ ਚੜ੍ਹਕੇ ਬਹਾਵਲਪੁਰ ਪਹੁੰਚਿਆ। ਉਥੋਂ ਸੌ ਮੀਲ ਪੈਦਲ ਰਸਤਾ ਸੀ। ਅਖੀਰ ਓਸ ਥਾਂ ਤੇ ਪਹੁੰਚ ਗਿਆ। ਥਾਂ ਸਚੀ ਮੁਚੀ ਸੁੰਦਰ ਸੀ, ਪੰਜੀ ਘੁਮਾਂ ਜ਼ਮੀਨ ਹਰ ਇਕ ਨੂੰ ਮੁਫਤ ਮਿਲਦੀ ਸੀ। ਇਸ ਤੋਂ ਬਿਨਾਂ ਜੇਹੜਾ ਕੋਈ ਖਰੀਦਨਾ ਚਾਹੇ ਦੋ ਰੁਪਏ ਵਿਘੇ ਦੇ ਭਾ ਖਰੀਦ ਸਕਦਾ ਸੀ।
ਇਹ ਵੇਖ ਚਾਖਕੇ ਬੰਤਾ ਸਿੰਘ ਮੁੜ ਪਹੁੰਚਿਆ। ਦੋ ਮਹੀਨਿਆਂ ਵਿਚ ਉਸ ਨੇ ਜ਼ਮੀਨ, ਮਕਾਨ ਤੇ ਡੰਗਰ ਚੰਗੇ ਨਫੇ ਤੇ ਵੇਚ ਦਿਤੇ। ਅਜੇ ਸਿਆਲ ਵਿਚੇ ਹੀ ਸੀ ਜੋ ਉਹ ਆਪਣੇ ਬਾਲ ਬਚਿਆਂ ਨੂੰ ਨਾਲ ਲੈਕੇ ਬਹਾਵਲਪੁਰ ਪਹੁੰਚ ਗਿਆ।
(੪)
ਇਸ ਨਵੀਂ ਥਾਂ ਤੇ ਪਹੁੰਚਕੇ ਬੰਤਾ ਸਿੰਘ ਨੇ ਸਵਾ ਸੌ ਵਿਘੇ ਜ਼ਮੀਨ ਕਾਬੂ ਕਰ ਲਈ। ਰਹਿਣ ਨੂੰ ਮਕਾਨ ਬਣਾ ਲਿਆ ਤੇ ਡੰਗਰ ਵੀ ਖਰੀਦ ਲਏ। ਹੁਣ ਉਸਦੇ ਪਾਸ ਜ਼ਮੀਨ ਬਥੇਰੀ ਸੀ ਤੇ ਅਗੇ ਨਾਲੋਂ ਦਸ ਵਾਰੀ ਵਧੀਕ ਸੌਖਾ ਸੀ। ਘਾਹ ਪਠੇ ਦਾ ਕੋਈ ਅੰਤ ਨਹੀਂ ਸੀ। ਜਿੰਨੇ ਡੰਗਰ ਉਸ ਦੀ ਮਰਜ਼ੀ ਹੋਵੇ ਰਖ ਲਵੇ ।
ਇਕ ਦੋ ਸਾਲ ਇਥੇ ਕੰਮ ਨੂੰ ਠੀਕ ਠਾਕ ਕਰਦਿਆਂ ਲਗ ਗਏ। ਬੰਤਾ ਸਿੰਘ ਦੋ ਚਾਰ ਸਾਲ ਤਾਂ ਖੁਸ਼ ਰਿਹਾ, ਪਰ ਫਿਰ ਉਸ ਦੇ ਦਿਲ ਵਿਚ ਖਿਆਲ ਆਇਆ ਕਿ ਅਜੇ ਮੇਰੀ ਭੋਇੰ ਥੋੜੀ ਹੈ। ਇਕ ਤਾਂ ਇਹ ਸਵਾ ਸੌ ਵਿਘਾ ਚਾਰ ਪੰਜ ਥਾਵਾਂ ਤੇ ਵੰਡਿਆ ਹੋਇਆ ਸੀ। ਦੁਜੇ ਜਿਸ ਟੁਕੜੇ ਵਿਚ ਕਣਕ ਬੀਜੀ ਜਾਏ ਉਸ ਨੂੰ ਤਿੰਨ ਸਾਲ ਖਾਲੀ ਛਡਣਾ ਪੈਂਦਾ ਸੀ! ਚੰਗੀ ਜ਼ਮੀਨ ਥੋੜੀ ਸੀ ਤੇ ਉਹ ਠੇਕੇ ਤੇ ਲਈ ਜਾਂਦੀ ਸੀ। ਬੰਤਾ ਸਿੰਘ ਭੀ ਠੇਕੇ ਤੇ ਜ਼ਮੀਨ ਲੈਕੇ ਕਣਕ ਬੀਜਦਾ ਸੀ ਤੇ ਚੰਗੇ ਪੈਸੇ ਬਣਾ ਲੈਂਦਾ ਸੀ। ਪਰ ਚੌਥੇ ਸਾਲ ਇਕ ਟੁਕੜੇ ਦੇ ਮਾਲਕ ਤੇ ਬੰਤਾ ਸਿੰਘ ਦਾ ਆਪਸ ਵਿਚ ਝਗੜਾ ਹੋ ਪਿਆ ਤੇ ਇਹ ਝਗੜਾ ਕਚਹਿਰੀ ਵਿਚ ਪਹੁੰਚਿਆ। ਅਦਾਲਤ ਨੇ ਬੰਤਾ ਸਿੰਘ ਪਾਸੋਂ ਜ਼ਮੀਨ ਛੁੜਾ ਦਿਤੀ। ਇਸ ਹੱਤਕ ਨੂੰ ਨਾ ਸਹਾਰਦਾ ਹੋਇਆ ਬੰਤਾ ਸਿੰਘ ਸੋਚਣ ਲਗਾ:-'ਜੇ ਮੇਰਾ ਆਪਣਾ ਕੋਈ ਵੱਡਾ ਸਾਰਾ ਟੁਕੜਾ ਹੋਵੇ ਤਾਂ ਮੈਂ ਠੇਕੇ ਦੇ ਝਮੇਲੇ ਤੋਂ ਛੁਟ ਜਾਵਾਂ।"
ਇਕ ਜ਼ਿਮੀਦਾਰ ਦੀ ਤੇਰਾਂ ਸੌ ਵਿਘੇ ਜ਼ਮੀਨ ਸੀ। ਉਸ ਨੂੰ ਰੁਪਏ ਦੀ ਕੁਝ ਭੀੜਾ ਬਣੀ ਤੇ ਜ਼ਮੀਨ ਵੇਚਣ ਨੂੰ ਤਿਆਰ ਹੋਇਆ। ਕੁਝ ਹੇਠਾਂ ਉਤਾਂਹ ਕਰਕੇ ਬੰਤਾ ਸਿੰਘ ਨੇ ਉਸ ਨਾਲ ਪੰਦਰਾਂ ਸੌ ਰੁਪਏ ਦਾ ਫੈਸਲਾ ਕੀਤਾ। ਜਿਸ ਵਿਚੋਂ ਕੁਝ ਰੋਕ ਦੇਣਾ ਸੀ ਤੇ ਬਾਕੀ ਉਧਾਰ। ਇਹ ਫੈਸਲਾ ਸਿਰੇ ਚੜ੍ਹਨ ਨੂੰ ਸੀ ਜੋ ਬੰਤਾ ਸਿੰਘ ਪਾਸ ਇਕ ਹਿੰਦੂ ਜ਼ਿਮੀਦਾਰ ਫਿਰਦਾ ਤੁਰਦਾ ਆ ਨਿਕਲਿਆ ਤੇ ਰਾਤ ਇਸ ਦੇ ਘਰ ਠਹਿਰਿਆ। ਬੰਤਾ ਸਿੰਘ ਨੇ ਇਸ ਨਾਲ ਜ਼ਮੀਨ ਦੀ ਗਲਬਾਤ ਕੀਤੀ ਤੇ ਇਹ ਆਖਣ ਲਗਾ:-"ਇਥੇ ੧੫o0 ਰੁਪਿਆਂ ਬਰਬਾਦ ਕਰਨਾ ਬੇਵਕੂਫੀ ਹੈ। ਮੈਂ ਹੁਣ ਟਿਪਰੀ ਰਿਆਸਤ ਵਿਚ ਇਕ ਹਜ਼ਾਰ ਰੁਪਏ ਨੂੰ ੧੩੦oo ਵਿਘੇ ਲੈਕੇ ਆਇਆ ਹਾਂ। ਜ਼ਮੀਨ ਕਾਲੀ ਸ਼ਾਹ ਹੈ ਤੇ ਕਪਾਹ ਬੀਜਣ ਵਾਸਤੇ ਨਿਰਾ ਸੋਨਾ ਹੈ।"
ਬੰਤਾ ਸਿੰਘ ਨੇ ਉਸ ਤੋਂ ਹੋਰ ਪੁਛ ਗਿਛ ਕੀਤੀ ਤੇ ਹਿੰਦੂ ਜ਼ਿਮੀਂਦਾਰ ਨੇ ਕਿਹਾ:-"ਉਸ ਰਿਆਸਤ ਵਿਚ ਲੋਕਾਂ ਨੂੰ ਮਿਤਰ ਬਨਾਣ ਦੀ ਦੇਰ ਹੈ ਫਿਰ ਉਹ ਜ਼ਮੀਨ ਆਪ ਦੇ ਦੇਂਦੇ ਹਨ। ਮੈਂ ਉਹਨਾਂ ਲੋਕਾਂ ਨੂੰ ੨00) ਦੇ ਦੁਸ਼ਾਲੇ, ੨੦ ਡਬੇ ਚਾਹ ਦੇ ਤੇ ਕੁਝ ਸ਼ਰਾਬ ਦਿਤੀ ਸੀ ਤੇ ਇਸ ਰਕਮ ਨਾਲ ਮੈਨੂੰ ਦੋ ਆਨੇ ਵਿਘੇ ਦੇ ਹਿਸਾਬ ਜ਼ਮੀਨ ਮਿਲੀ ਹੈ। ਇਸ ਜ਼ਿਮੀਦਾਰ ਨੇ ਆਪਣੀ ਜ਼ਮੀਨ ਦੇ ਕਾਗਜ਼ ਆਪਣੀ ਧੋਤੀ ਦੇ ਲੜ ਨਾਲੋਂ ਖੋਲ੍ਹਕੇ ਵਿਖਾਏ ਤੇ ਦਸਿਆ ਕਿ ਜ਼ਮੀਨ ਦਰਿਯਾ ਦੇ ਕੰਢੇ ਤੇ ਹੈ ਤੇ ਸਾਰੀ ਧਰਤੀ ਨੂੰ ਪਾਣੀ ਲਗਦਾ ਹੈ।"
ਬੰਤਾ ਸਿੰਘ ਦੇ ਹੋਰ ਪੁਛਣ ਤੇ ਹਿੰਦੂ ਜ਼ਿਮੀਦਾਰ ਨੇ ਦਸਿਆ:-"ਉਥੇ ਜ਼ਮੀਨ ਬਹੁਤ ਫ਼ਾਲਤੂ ਹੈ ਜੋ ਇਕ ਸਾਲ ਤੁਰਦੇ ਰਹੋ, ਤਾਂ ਮੁਕਨ ਵਿਚ ਨਹੀਂ ਆਂਵਦੀ ਤੇ ਇਸ ਦੇ ਮਾਲਕ ਭੀਲ ਹਨ, ਜੇਹੜੇ ਬੜੇ ਭੋਲੇ ਤੇ ਸਿੱਧੇ ਸਾਦੇ ਹਨ ਤੇ ਹਰ ਕਿਸੇ ਨੂੰ ਬੜੀ ਸਸਤੀ ਜ਼ਮੀਨ ਦੇ ਦੇੇਂਦੇ ਹਨ।"
ਬੰਤਾ ਸਿੰਘ ਨੇ ਦਿਲ ਵਿਚ ਵਿਚਾਰਿਆ:- "ਮੈਂ ਕਿਉਂ ਇਕ ਹਜ਼ਾਰ ਨਾਲ ੧੩੦੦ ਘੁਮਾਂ ਲਵਾਂ ਅਤੇ ਹੋਰ ਕਰਜ਼ੇ ਹੇਠ ਵੀ ਆਵਾਂ। ਇਸ ਰੁਪੈ ਨਾਲ ਮੈਂ ਟਿਪਰੀ ਰਿਆਸਤ ਵਿਚ ੧੩੦੦੦ ਘੁਮਾਂ ਲੈ ਲਵਾਂਗਾ।
( ੫ )
ਇਸ ਜ਼ਿਮੀਂਦਾਰ ਪਾਸੋਂ ਸਾਰਾ ਪਤਾ ਥਹੁ ਪੁਛਕੇ ਬੰਤਾ ਸਿੰਘ ਨੇ ਤਿਆਰੀ ਕੀਤੀ। ਜ਼ਿਮੀਦਾਰ ਤਾਂ ਦੂਜੇ ਦਿਨ ਤੁਰ ਗਿਆ ਤੇ ਆਪਣੇ ਨਾਲ ਇਕ ਨੌਕਰ ਨੂੰ ਲੈਕੇ ਬੰਤਾ ਸਿੰਘ ਨੇ ਚਾਲੇ ਪਾਏ। ਪਹਿਲਾਂ ਲਾਹੌਰ ਆਏ, ਇਥੋਂ ਵੀਹ ਡਬੇ ਚਾਹ ਦੇ, ਕੁਝ ਚਾਦਰਾਂ ਦੁਪਟੇ ਤੇ ਸ਼ਰਾਬ ਖ਼ਰੀਦੀ। ਇਹ ਨਜ਼ਰਾਨੇ ਨਾਲ ਲਏ ਤੇ ਗਡੀ ਚੜ੍ਹ ਕੇ ਬੰਬਈ ਪੁਜੇ। ਇਥੋਂ ੩੦੦ ਮੀਲ ਹੋਰ ਗਡੀ ਦਾ ਸਫਰ ਸੀ ਤੇ ਡੇਢ ਸੌ ਮੀਲ ਪੈਦਲ ਜਾਣਾ ਸੀ। ਪੰਦਰਾਂ ਦਿਨਾਂ ਪਿਛੋਂ ਟਿਪਰੀ ਰਿਆਸਤ ਵਿਚ ਪਹੁੰਚੇ। ਇਥੇ ਇਕ ਦਰਿਯਾ ਦੇ ਕੰਢੇ ਭੀਲਾਂ ਦਾ ਡੇਰਾ ਸੀ। ਨਾਂ ਇਹ ਲੋਕ ਜ਼ਮੀਨ ਬੀਜਦੇ ਸਨ ਤੇ ਨਾਂ ਕਣਕ ਖਾਂਦੇ ਸਨ! ਗਾਈਂ ਮਝੀਂ ਰਖਕੇ ਦੁੱਧ ਦਹੀਂ ਤੇ ਗੁਜ਼ਾਰਾ ਕਰਦੇ ਸਨ। ਬਾਹਰ ਅੰਦਰ ਦਾ ਸਾਰਾ ਕੰਮ ਜ਼ਨਾਨੀਆਂ ਕਰਦੀਆਂ ਸਨ ਤੇ ਮਰਦ ਕੇਵਲ ਮੱਖਣ ਖਾਣ, ਲਸੀ ਪੀਣ ਤੇ ਸ਼ਿਕਾਰ ਖੇਡਣ ਵਿਚ ਮਸਤ ਰਹਿੰਦੇ ਸਨ। ਬੰਦੇ ਉਹ ਸਾਰੇ ਮੌਜੀ ਜਾਪਦੇ ਸਨ। ਨਾਂ ਸਿਆਲ ਤੇ ਨਾਂ ਉਨ੍ਹਾਲ ਉਨਾਂ ਨੂੰ ਕੰਮ ਦਾ ਫਿਕਰ ਸੀ। ਬੋਲੀ ਉਹ ਅਜੀਬ ਜਹੀ ਬੋਲਦੇ ਸਨ ਤੇ ਉਰਦੂ ਨਹੀਂ ਸਨ ਸਮਝਦੇ।
ਜਦ ਉਨਾਂ ਨੇ ਬੰਤਾ ਸਿੰਘ ਨੂੰ ਦੇਖਿਆ ਤਾਂ ਉਸਦੇ ਪਾਸ ਆ ਗਏ। ਇਕ ਬੰਦਾ ਸਿਆਣਾ ਸੀ ਤੇ ਕੁਝ ਉਰਦੂ ਸਮਝਦਾ ਸੀ। ਉਸਨੂੰ ਬੰਤਾ ਸਿੰਘ ਨੇ ਦਸਿਆ ਜੋ ਮੈਂ ਜ਼ਮੀਨ ਲੈਣ ਨੂੰ ਆਇਆ ਹਾਂ। ਭੀਲ ਬੜੇ ਪ੍ਰਸੰਨ ਹੋਏ। ਇਕ ਝੌਂਪੜੀ ਵਿਚ ਲਿਜਾਕੇ ਉਸ ਨੂੰ ਮੰਜੇ ਪੁਰ ਬਿਠਾਇਆ, ਲੱਸੀ ਪਾਣੀ ਪਿਲਾਕੇ ਇਕ ਬਕਰਾ ਝਟਕਾਇਆ ਤੇ ਰਿੰਨ੍ਹਕੇ ਉਹਦੇ ਅਗੇ ਰਖਿਆ। ਬੰਤਾ ਸਿੰਘ ਨੇ ਆਪਣੇ ਬੁਚਕੇ ਵਿਚੋਂ ਕਢਕੇ ਕੁਝ ਤੋਹਫੇ ਵੰਡੇ ਤੇ ਚਾਹ ਦੇ ਦੋ ਡਬੇ ਉਨਾਂ ਦੇ ਹਵਾਲੇ ਕੀਤੇ।
ਭੀਲ ਬੜੇ ਪ੍ਰਸੰਨ ਹੋਏ। 'ਚਬੜ' 'ਚਬੜ' ਬੋਲੀ ਜਾਣ, ਪਰ ਬੰਤਾ ਸਿੰਘ ਨੂੰ ਸਮਝ ਕਖ ਨਾਂ ਪਵੇ। ਜਦ ਉਸ ਸਿਆਣੇ ਬੰਦੇ ਨੇ ਉਨਾਂ ਨੂੰ ਦਸਿਆ ਕਿ ਇਹ ਆਦਮੀ ਜ਼ਮੀਨ ਲੈਣ ਨੂੰ ਆਇਆ ਹੈ, ਤਾਂ ਉਹ ਬੜੇ ਪ੍ਰਸੰਨ ਹੋਏ ਤੇ ਕਹਿਣ ਲਗੇ "ਸਾਡਾ ਸਰਦਾਰ ਆ ਜਾਵੇ, ਅਸੀਂ ਜ਼ਮੀਨ ਹੁਣੇ ਦੇ ਦਿਆਂਗੇ।"
ਭੀਲਾਂ ਦੇ ਇਹ ਗੱਲਾਂ ਬਾਤਾਂ ਕਰਦਿਆਂ ਉਨਾਂ ਦਾ ਸਰਦਾਰ ਆ ਗਿਆ। ਸਾਰਿਆਂ ਨੇ ਉਸਦਾ ਅਦਬ ਕੀਤਾ ਤੇ ਬੰਤਾ ਸਿੰਘ ਨੇ ਇਕ ਚੰਗਾ ਦੁਪੱਟਾ ਤੇ ਪੰਜ ਡਬੇ ਚਾਹ ਦੇ ਉਸ ਦੀ ਭੇਟਾ ਕੀਤੇ। ਸਰਦਾਰ ਨੇ ਇਹ ਭੇਟਾ ਕਬੂਲ ਕੀਤੀ। ਭੀਲਾਂ ਨੇ ਆਪਣੀ ਬੋਲੀ ਵਿਚ ਉਸ ਨੂੰ ਦਸਿਆ ਜੋ ਇਹ ਆਦਮੀ ਜ਼ਮੀਨ ਲੈਣ ਨੂੰ ਆਇਆ ਹੈ। ਉਸ ਨੇ ਉਰਦੂ ਵਿਚ ਬੰਤਾ ਸਿੰਘ ਨੂੰ ਕਿਹਾ- "ਮੈਂ ਖੁਸ਼ ਹਾਂ, ਤੈਨੂੰ ਜੇਹੜੀ ਜ਼ਮੀਨ ਪਸੰਦ ਹੋਵੇ ਤੂੰ ਰਖ ਲੈ।"
ਬੰਤਾ ਸਿੰਘ ਨੇ ਦਿਲ ਵਿਚ ਸੋਚਿਆ-ਮੈਂ ਐਵੇ ਕਿਸ ਤਰਾਂ ਰਖਾਂਗਾ। ਕੀ ਪਤਾ ਹੈ ਇਹ ਮੈਨੂੰ ਅੱਜ ਦੇ ਦੇਣ, ਤੇ ਕੱਲ੍ਹ ਲੈ ਲੈਣ, ਕੁਛ ਲਿਖ ਪੜ੍ਹ ਹੋਣੀ ਚਾਹੀਦੀ ਹੈ। ਇਸ ਵਾਸਤੇ ਸਰਦਾਰ ਨੂੰ ਕਹਿਣ ਲਗਾ - ਮੈਂ ਤੁਹਾਡੀ ਕਿਰਪਾ ਦਾ ਬਹੁਤ ਧੰਨਵਾਦੀ ਹਾਂ, ਤੁਹਾਡੇ ਪਾਸ ਬਹੁਤ ਜ਼ਮੀਨ ਹੈ, ਮੈਨੂੰ ਥੋੜੀ ਜਿਹੀ ਚਾਹੀਦੀ ਹੈ। ਜੇ ਤੁਸੀਂ ਜ਼ਮੀਨ ਕਛਕੇ ਮੇਰੇ ਹਵਾਲੇ ਕਰੋ ਤਾਂ ਮੇਰੀ ਤਸੱਲੀ ਹੋ ਜਾਵੇ। ਜੀਵਨ ਮਰਨ ਰਬ ਦੇ ਹਥ ਵਿਚ ਹੈ, ਤੁਸੀਂ ਮੈਨੂੰ ਅਜ ਜ਼ਮੀਨ ਦੇਦੇ ਹੋ, ਕੀ ਪਤਾ ਹੈ ਕੱਲ ਤੁਸਾਡੇ ਪੁਤ੍ਰ ਖੋਹ ਲੈਣ।"
ਸਰਦਾਰ ਨੇ ਕਿਹਾ-"ਤੇਰੀ ਗਲ ਠੀਕ ਹੈ, ਅਸੀਂ ਜ਼ਮੀਨ ਦਾ ਕਬਜ਼ਾ ਤੈਨੂੰ ਦਿਆਂਗੇ ਅਤੇ ਸ਼ਹਿਰ ਵਿਚ ਜਾਕੇ ਮੁਨਸ਼ੀ ਪਾਸ ਲਿਖ ਪੜ੍ਹ ਭੀ ਕਰਾ ਦਿਆਂਗੇ। ਜਿਕੂੰ ਤੇਰੀ ਤਸੱਲੀ ਹੋ ਸਕੇ ਤਿਵੇਂ ਕਰਾਂਗੇ।
ਬੰਤਾ ਸਿੰਘ ਨੇ ਪੁਛਿਆ-"ਜ਼ਮੀਨ ਦਾ ਮੁਲ ਕੀ ਹੋਵੇਗਾ?"
ਸਰਦਾਰ-"ਸਾਡਾ ਮੁਲ ਇਕੋ ਹੈ, ਇਕ ਦਿਨ ਦੇ ਇਕ ਹਜ਼ਾਰ ਰੁਪਏ ਲਵਾਂਗੇ।" ਬੰਤਾ ਸਿੰਘ ਹੈਰਾਨ ਹੋ ਗਿਆ, ਦਿਨ ਦੇ ਮੁਲ ਦਾ ਉਸ ਨੂੰ ਮਤਲਬ ਸਮਝ ਨਾ ਪਿਆ। ਉਸਨੇ ਪੁਛਿਆ-"ਦਿਨ ਦਾ ਕੀ ਅਰਥ? ਕਿਤਨੇ ਘੁਮਾਂ ਹੋਣਗੇ?"
ਸਰਦਾਰ ਨੇ ਜਵਾਬ ਦਿਤਾ "ਘੁਮਾਂ ਦਾ ਸਾਨੂੰ ਪਤਾ ਨਹੀਂ ਤੇ ਜ਼ਮੀਨ ਕਛਨੀ ਸਾਰੇ ਟਬਰ ਵਿਚ ਕਿਸੇ ਨੂੰ ਨਹੀਂ ਆਉਂਦੀ। ਸਾਡਾ ਹਿਸਾਬ ਦਿਨਾਂ ਦਾ ਹੁੰਦਾ ਹੈ, ਪੈਦਲ ਚਲਕੋ ਇਕ ਦਿਨ ਵਿਚ ਜਿਤਨੀ ਜ਼ਮੀਨ ਵੱਲੀ ਜਾ ਸਕੇ ਤੇ ਉਸ ਦਾ ਮੁਲ ਅਸੀਂ ਇਕ ਹਜ਼ਾਰ ਦਮੜਾ ਕਰਦੇ ਹਾਂ।"
ਬੰਤਾ ਸਿੰਘ-"ਪਰ ਇਕ ਦਿਨ ਵਿਚ ਤਾਂ ਬਹੁਤ ਸਾਰੀ ਜ਼ਮੀਨ ਵੱਲੀ ਜਾ ਸਕਦੀ ਹੈ।"
ਸਰਦਾਰ ਹਸਿਆ: "ਜੇ ਬਹੁਤ ਸਾਰੀ ਹੋਈ ਤਾਂ ਤੂੰ ਬਹੁਤੀ ਲੈ ਲਵੀਂ, ਪਰ ਸ਼ਰਤ ਇਹ ਹੈ ਕਿ ਜਿਥੋਂ ਟੁਰੇਂ ਉਥੇ ਵਾਪਸ ਜ਼ਰੂਰ ਪੁਜ ਜਾਵੇਂ, ਜੇ ਨਾਂ ਪੁਜਿਆ ਤਾਂ ਰੁਪਏ ਜ਼ਬਤ ਸਮਝੋ।"
ਬੰਤਾ ਸਿੰਘ:- "ਮੈਂ ਜੇਹੜੇ ਰਸਤੇ ਜਾਵਾਂ ਉਸਦਾ ਨਿਸ਼ਾਨ ਕਿਵੇਂ ਲਾਵਾਂਗਾ?"
ਸਰਦਾਰ:- "ਜਿਥੇ ਤੂੰ ਆਖੇ, ਅਸੀਂ ਓਥੇ ਚਲੇ ਜਾਂਵਾਂਗੇ, ਉਸ ਥਾਂ ਤੋਂ ਚਲਕੇ ਤੂੰ ਕਹੀ ਨਾਲ ਨਿਸ਼ਾਨੇ ਕਰਦਾ ਜਾਵੀਂ ਜਿਥੋਂ ਮੋੜ ਆਵੇ, ਬੁਰਜੀ ਲਾ ਦੇਵੀਂ, ਅਸੀਂ ਦੂਜੇ ਦਿਨ ਹਲ ਲੈਕੇ ਬੁਰਜੀਆਂ ਦੀਆਂ ਲਕੀਰਾਂ ਕਢ ਦਿਆਂਗੇ ਜਿਤਨਾਂ ਵਡਾ ਘੇਰਾ ਪਾ ਸਕੇਂ, ਤੇਰੀ ਮਰਜ਼ੀ। ਪਰ ਸੂਰਜ ਡੁਬਣ ਤੋਂ ਪਹਿਲਾਂ ਉਥੇ ਵਾਪਸ ਪਹੁੰਚ ਜਾਵੀਂ, ਵਲੀ ਹੋਈ ਸਾਰੀ ਧਰਤੀ ਤੇਰੀ ਹੋਵੇਗੀ?"
ਬੰਤਾ ਸਿੰਘ ਪ੍ਰਸੰਨ ਹੋ ਗਿਆ, ਰਾਤ ਉਸ ਦੀ ਭੀਲਾਂ ਨੇ ਚੰਗੀ ਖ਼ਾਤਰ ਕੀਤੀ ਤੇ ਬਿਸਤਰੇ ਤੇ ਪਿਆ ਸੋਚਨ ਲਗਾ:-"ਮੈਨੂੰ ਤਾਂ ਰਬ ਨੇ ਖ਼ਬਰੇ ਇਸ ਇਲਾਕੇ ਦੀ ਬਾਦਸ਼ਾਹੀ ਵਾਸਤੇ ਭੇਜਿਆ ਹੈ, ਮੈਂ ਬੜਾ ਤਕੜਾ ਟੋਟਾ ਵਲ ਲਵਾਂਗਾ, ਇਕ ਦਿਨ ਵਿਚ ਪੰਝੀ ਕੋਹ ਕਰਨਾ ਮੇਰੇ ਵਾਸਤੇ ਮਾਮੂਲੀ ਗਲ ਹੈ, ਪੰਝੀ ਕੋਹਾਂ ਵਿਚ ਤਾਂ ਮੈਂ ਇਕ ਰਿਆਸਤ ਵਲ ਲਵਾਂਗਾ। ਅਜ ਕਲ ਦਿਨ ਵੀ ਲੰਮੇ ਹਨ। ਚੰਗੀ ਜ਼ਮੀਨ ਮੈਂ ਆਪ ਵਾਹਾਂਗਾ ਤੇ ਮਾੜੀ ਠੇਕੇ ਤੇ ਦਿਆਂਗਾ। ਮੈਨੂੰ ਇਕ ਜੋੜੀ ਬਲਦਾਂ ਦੀ ਹੋਰ ਖਰੀਦਨੀ ਪਊ, ਇਤਿਆਦਿਕ।"
ਇਨ੍ਹਾਂ ਸੋਚਾਂ ਵਿਚ ਬੰਤਾ ਸਿੰਘ ਨੂੰ ਨੀਂਦਰ ਨਾਂ ਪਈ। ਪਰਭਾਤ ਹੋ ਗਈ ਤਾਂ ਉਸ ਨੂੰ ਊਂਘ ਆਈ, ਸੁਪਨਾ ਵੇਖਿਆ, ਉਹੋ ਸਰਦਾਰ ਵਾਲਾ ਤੰਬੂ ਹੈ ਤੇ ਬਾਹਰ ਕੋਈ ਹੱਸ ਰਿਹਾ ਹੈ। ਉਠ ਕੇ ਬਾਹਰ ਗਿਆ ਤਾਂ ਵੇਖਿਆ ਭੀਲਾਂ ਦਾ ਸਰਦਾਰ ਹਸਦਾ ਤੇ ਵਖੀਆਂ ਫੜਕੇ ਬੈਠਾ ਹੈ, ਨੇੜੇ ਜਾਕੇ ਬੰਤਾ ਸਿੰਘ ਨੇ ਪੁਛਿਆ- "ਕਿਉਂ ਹਸਦੇ ਹੋ" ਪਰ ਉਹ ਸਰਦਾਰ ਨਹੀਂ ਸੀ, ਹਿੰਦੂ ਜ਼ਿਮੀਂਦਾਰ ਸੀ, ਜਿਸ ਨੇ ਇਸ ਜ਼ਮੀਨ ਦਾ ਪਤਾ ਦਿਤਾ ਸੀ। ਬੰਤਾ ਸਿੰਘ ਪੁਛਣ ਲਗਾ - "ਤੁਸੀਂ ਇਥੇ ਕਦ ਦੇ ਆਏ ਹੋ? ਪਰ ਉਹ ਹਿੰਦੂ ਨਹੀਂ ਸੀ; ਉਹ ਤਾਂ ਬਹਾਵਲ ਪੁਰ ਵਾਲੀ ਜ਼ਮੀਨ ਦਸਨ ਵਾਲਾ ਜਟ ਸੀ। ਫੇਰ ਉਸ ਨੇ ਵੇਖਿਆ ਉਹ ਜਟ ਭੀ ਨਹੀਂ ਸੀ, ਮਾਇਆ ਛਲਨੀ ਦਾ ਇਕ ਦੂਤ ਰਾਖਸ਼ੀ ਰੂਪ ਵਿਚ ਬੈਠਾ ਹਸ ਰਿਹਾ ਸੀ ਤੇ ਉਸ ਦੇ ਸਾਹਮਣੇ ਇਕ ਮੁਰਦਾ ਪਿਆ ਹੋਇਆ ਸੀ। ਬੰਤਾ ਸਿੰਘ ਤ੍ਰਬੱਕ ਕੇ ਜਾਗ ਪਿਆ, ਸੂਰਜ ਉਦੇ ਹੋਣ ਨੂੰ ਤਿਆਰ ਸੀ। ਉਹ ਉਠ ਖੜਾ ਹੋਇਆ। ਆਪਣੇ ਨੌਕਰ ਨੂੰ ਜਗਾਕੇ ਭੀਲਾਂ ਦੇ ਪਾਸ ਗਿਆ ਤੇ ਸਰਦਾਰ ਨੂੰ ਆਖਣ ਲਗਾ:-"ਚਲੋ! ਦਿਨ ਨਿਕਲਨ ਵਾਲਾ ਹੈ ਕੰਮ ਸ਼ੁਰੂ ਕਰੀਏ।" ਸਰਦਾਰ ਨੇ ਚਾਹ ਪੀਣ ਲਈ ਆਖਿਆ ਪਰ ਬੰਤਾ ਸਿੰਘ ਬਹੁਤ ਕਾਹਲਾ ਸੀ। ਇਸ ਵਾਸਤੇ ਭੀਲ ਤਿਆਰ ਹੋਕੇ ਉਸਦੇ ਨਾਲ ਤੁਰ ਪਏ!
(੬)
ਇਕ ਛੋਟੇ ਜਿਹੇ ਟਿੱਬੇ ਤੇ ਚੜ੍ਹਕੇ ਸਰਦਾਰ ਨੇ ਕਿਹਾ:-ਔਹ ਸਾਹਮਣੇ ਦੀ ਸਾਰੀ ਧਰਤੀ ਖਾਲੀ ਪਈ ਹੈ, ਜਿਥੋਂ ਤੇਰੀ ਮਰਜ਼ੀ ਆਵੇ ਲੈ ਲੈ।"
ਬੰਤਾ ਸਿੰਘ ਦੀਆਂ ਅਖੀਆਂ ਖੁਸ਼ੀ ਨਾਲ ਚਮਕੀਆਂ। ਜ਼ਮੀਨ ਸੀ ਨਿਰੀ ਸੋਨਾਂ ਤੇ ਪਧਰੀ ਇਉਂ ਜਿਕੂੰ ਹਥ ਦੀ ਹਥੇਲੀ ਰੰਗ ਵਿਚ ਕਾਲੀ ਸ਼ਾਹ ਤੇ ਮਿਲਦੀ ਸੀ ਇਨੇ ਸਸਤੇ ਭਾ, ਸਰਦਾਰ ਨੇ ਆਪਣੀ ਟੋਪੀ ਜ਼ਮੀਨ ਉਪਰ ਰਖੀ ਤੇ ਕਿਹਾ "ਇਸ ਥਾਂ ਤੋਂ ਟੁਰ ਪਓ ਤੇ ਵਾਪਸ ਫਿਰ ਮੁੜ ਕੇ ਇਥੇ ਆਵਣਾ ਹੈ। ਜਿਤਨੀ ਜ਼ਮੀਨ ਭੌਂ ਲਵੇਂ ਸਭ ਤੇਰੀ।" ਬੰਤਾ ਸਿੰਘ ਨੇ ਇਕ ਹਜ਼ਾਰ ਰੁਪਿਆ ਗਿਣਕੇ ਟੋਪੀ ਦੇ ਉਪਰ ਰਖ ਦਿਤਾ। ਫਿਰ ਉਸ ਨੇ ਆਪਣਾ ਕੰਬਲ ਟੋਪੀ ਦੇ ਪਾਸ ਰਖਿਆ। ਕਮਰਕੱਸਾ ਬੰਨ੍ਹਿਆਂ, ਕਮੀਜ਼ ਦੇ ਬੋਝੇ ਵਿਚ ਇਕ ਰੋਟੀ ਪਾਈ ਤੇ ਪਾਣੀ ਦਾ ਇਕ ਲੋਟਾ ਅਤੇ ਆਪਣੇ ਨੌਕਰ ਪਾਸੋਂ ਕਹੀ ਲੈਕੇ ਟੁਰਨ ਨੂੰ ਤਿਆਰ ਹੋ ਪਿਆ। ਸੋਚਣ ਲਗਾ ਕੇਹੜੇ ਪਾਸਿਓ ਚਲਾਂ? ਫਿਰ ਫੈਸਲਾ ਕੀਤਾ ਕਿ ਪੂਰਬ ਵਲ ਚਲਣਾ ਚਾਹੀਦਾ ਹੈ। ਚੜ੍ਹਦੇ ਵਲ ਮੂੰਹ ਕਰਕੇ ਖੜਾ ਹੋ ਗਿਆ, ਤੇ ਸੂਰਜ ਉਦੇ ਹੋਣ ਨੂੰ ਉਡੀਕਣ ਲਗਾ। ਟਿੱਕੀ ਦਾ ਅਜੇ ਸਿਰਾ ਧਰਤੀਓਂ ਬਾਹਰ ਨਿਕਲਿਆ ਹੀ ਸੀ, ਜੋ ਬੰਤਾ ਸਿੰਘ ਕਹੀ ਮੋਢੇ ਤੇ ਧਰਕੇ ਤੁਰ ਪਿਆ। ਮੀਲ ਕੁ ਪੈਂਡਾ ਦਰਮਿਆਨੀ ਚਾਲ ਨਾਲ ਮੁਕਾਕੇ ਬੁਤੀ ਲਾ ਦਿਤੀ। ਫੇਰ ਤ੍ਰਿਖੇ ਕਦਮ ਸੁਟੇ, ਕੁਝ ਦੂਰ ਜਾਕੇ ਉਸ ਨੇ ਪਿਛਾਂਹ ਮੁੜਕੇ ਵੇਖਿਆ। ਟਿਬਾ ਨਜ਼ਰ ਆਂਵਦਾ ਸੀ, ਉਸ ਉਪਰ ਲੋਕ ਵੀ ਦਿਸਦੇ ਸਨ। ਬੰਤਾ ਸਿੰਘ ਨੇ ਸੋਚਿਆ, ਤਿੰਨ ਮੀਲ ਹੋ ਗਏ ਹੋਣਗੇ! ਧੁਪ ਚੜ੍ਹ ਪਈ, ਕਮੀਜ਼ ਹੇਠੋਂ ਵਾਸਕਟ ਲਾਹਕੇ ਉਸ ਨੇ ਮੇਢੇ ਉਪਰ ਧਰ ਲਈ ਤੇ ਤੁਰ ਪਿਆ। ਹੁਣ ਜ਼ਮੀਨ ਦਾ ਟੁਕੜਾ ਬਹੁਤ ਸੋਹਣਾ ਸੀ ਤੇ ਜਿਉਂ ੨ ਅਗ੍ਹਾਂ ਤੁਰਦਾ ਸੀ, ਤਿਵੇਂ ਜ਼ਮੀਨ ਚੰਗੀ ਆਂਦੀ ਜਾਂਦੀ ਸੀ। ਤਿੰਨ ਮੀਲ ਹੋਰ ਤੁਰਕੇ ਉਸਨੇ ਪਿਛਾਂ ਦੇਖਿਆ, ਪਹਾੜੀ ਬੜੀ ਦੂਰ ਸੀ। ਜੁਤੀ ਪੈਰੋਂ ਲਾਹਕੇ ਉਸ ਨੇ ਲੱਕ ਨਾਲ ਬੰਨ੍ਹ ਲਈ। ਇਥੇ ਬੁਤੀ ਦਾ ਨਿਸ਼ਾਨ ਲਾਕੇ ਪਾਣੀ ਦਾ ਘੁਟ ਪੀਤਾ ਤੇ ਖਬੇ ਪਾਸੇ ਤੁਰ ਪਿਆ।
ਤੁਰਦਿਆਂ ਤੁਰਦਿਆਂ ਜਦ ਸਿਖਰ ਦੁਪਹਿਰ ਹੋ ਗਈ ਤਾਂ ਉਹ ਸਾਹ ਲੈਣ ਨੂੰ ਬੈਠ ਗਿਆ। ਇਕ ਠੰਡੀ ਥਾਂ ਤੇ ਬੈਠ ਕੇ ਕੁਝ ਰੋਟੀ ਪਾਣੀ ਮੁਕਾਇਆ ਪਰ ਲੇਟਿਆ ਨਾਂ, ਮਤਾਂ ਨੀਂਦਰ ਆ ਜਾਵੇ। ਪਲਕੁ ਮਗਰੋਂ ਉਠਕੇ ਤੁਰ ਪਿਆ। ਧੁਪ ਬੜੀ ਤੇਜ਼ ਸੀ। ਮੁੜ੍ਹਕਾ ਦਬਾ ਦਬ ਵਗਦਾ ਸੀ। ਨੀਦਰ ਨੇ ਭੀ ਜ਼ੋਰ ਪਾਇਆ, ਪਰ ਬੰਤਾ ਸਿੰਘ ਤੁਰਿਆ ਜਾਂਦਾ ਆਖਦਾ ਸੀ "ਇਕ ਘੜੀ ਦਾ ਦੁਖ ਤੇ ਸਾਰੀ ਉਮਰ ਦਾ ਸੁਖ"। ਤੁਰਦਿਆਂ ਤੁਰਦਿਆਂ ਉਹ ਖਬੇ ਪਾਸੇ ਮੁੜਨ ਲਗਾ, ਪਰ ਇਕ ਨੀਵਾਂ ਟੋਟਾ ਦਿਸਿਆ। ਕਹਿਣ ਲਗਾ: ਇਥੇ ਕਮਾਦ ਬੜਾ ਸੋਹਣਾ ਹੋਵੇਗਾ, ਛਡਨਾ ਨਹੀਂ ਚਾਹੀਦਾ, ਤੇ ਫਿਰ ਸਜੇ ਹਥ ਨੂੰ ਤੁਰਿਆ। ਹੁਣ ਜਦ ਮੁੜਕੇ ਵੇਖਿਆ ਤਾਂ ਟਿਬਾ ਬਹੁਤ ਦੂਰ ਸੀ। ਇਸ ਨੇ ਸੋਚਿਆ ਹੁਣ ਤਾਂ ਸੂਰਜ ਬਾਕੀ ਤਿੰਨ ਘੰਟੇ ਹੈ ਤੇ ਮੈਂ ਭੀ ਵਾਪਸੀ ਪੈਂਡੇ ਦੇ ਦਸ ਮੀਲ ਕਰਨੇ ਹਨ। ਓਥੇ ਇਕ ਬੁਰਜੀ ਲਾਕੇ ਪਹਾੜੀ ਵਲ ਮੁੜ ਪਿਆ।
ਬੰਤਾ ਸਿੰਘ ਹੁਣ ਸਿੱਧਾ ਟਿੱਬੇ ਵਲ ਤੁਰਿਆ। ਪਰ ਤੁਰਦਿਆਂ ਬੜੀ ਤਕਲੀਫ ਹੋਵੇ। ਇਕ ਤਾਂ ਗਰਮੀ ਨੇ ਇਸ ਦਾ ਸਾਹ ਸੁਕਾ ਦਿਤਾ ਸੀ। ਨੰਗੇ ਪੈਰਾਂ ਵਿਚ, ਕੰਡੇ ਤੇ ਛਾਲੇ ਸਨ। ਉਸ ਦੀਆਂ ਲਤਾਂ ਕੰਬਣ ਲਗੀਆਂ। ਆਰਾਮ ਕਰਨ ਨੂੰ ਮਨ ਲੋਚਦਾ ਸੀ, ਪਰ ਜਿਸ ਨੇ ਸੂਰਜ ਡੁੱਬਣ ਤੋਂ ਪਹਿਲਾਂ ਟਿਕਾਣੇ ਤੇ ਪਹੁੰਚਣਾ ਹੋਵੇ, ਉਸ ਦੇ ਭਾਗਾਂ ਵਿਚ ਆਰਾਮ ਕਿਥੇ? ਸੂਰਜ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੇ ਸਹਿਜੇ ਸਹਿਜੇ ਨੀਵਾਂ ਹੋ ਰਿਹਾ ਸੀ। ਹੁਣ ਬੰਤਾ ਸਿੰਘ ਸੋਚਣ ਲਗਾ ਮੈਂ ਬਹੁਤ ਦੂਰ ਚਲੇ ਜਾਣ ਦੀ ਗਲਤੀ ਕੀਤੀ ਹੈ। ਜੇ ਹੁਣ ਸੂਰਜ ਡੁੱਬਣ ਤੋਂ ਪਹਿਲਾਂ ਨਾ ਪਹੁੰਚਿਆ ਤਾਂ ਮੇਰਾ ਕੀ ਹਾਲ ਬਣੂੰ। ਜਦੋਂ ਪਹਾੜੀ ਵਲ ਵੇਖਉਸ ਤਾਂ ਉਹ ਅਜੇ ਬੜੀ ਦੂਰ ਸੀ। ਜਦ ਸੂਰਜ ਵਲ ਵੇਖੇ ਤਾਂ ਉਸਦਾ ਹੌਂਸਲਾ ਟੁਟੇ। ਹੰਬਲਾ ਮਾਰਕੇ ਤੁਰਦਾ ਗਿਆ। ਤੁਰਨਾ ਬੜਾ ਔਖਾ ਸੀ, ਪਰ ਉਸ ਨੇ ਭੀ ਤ੍ਰਿਖੇ ਕਦਮ ਸੁਟੇ। ਜਿਉਂ ੨ ਤੇਜ਼ ਹੋਵੇ ਤਿਉਂ ੨ ਪਹਾੜੀ ਦੂਰ ਦਿਸੇ। ਹੁਣ ਉਸਨੇ ਆਪਣੀ ਕਮੀਜ਼, ਜੁਤੀ, ਲੋਟਾ ਤੇ ਪਗ ਪਰ੍ਹੇ ਸੁਟ ਦਿਤੀਆਂ ਤੇ ਇਕੋ ਕਹੀ ਹਥ ਵਿਚ ਫੜਕੇ ਭਜਣਾ ਸ਼ੁਰੂ ਕੀਤਾ। ਫਿਰ ਸੋਚੇ-"ਮੈਂ ਕਿੰਨੀ ਮੂਰਖਤਾ ਕੀਤੀ, ਬਹੁਤੀ ਨੂੰ ਜੱਫਾ ਮਾਰਕੇ ਸਾਰੀ ਗਵਾ ਲਈ। ਹੁਣ ਸੂਰਜ ਡੁੱਬਣ ਤੋਂ ਪਹਿਲੇ ਮੈਂ ਵਾਪਸ ਨਹੀਂ ਪਹੁੰਚ ਸਕਦਾ।"
ਇਸ ਡਰ ਨਾਲ ਉਸਦਾ ਸਾਹ ਹੋਰ ਸੁਕ ਗਿਆ। ਉਹ ਦੌੜਦਾ ਰਿਹਾ। ਮੁੜ੍ਹਕੇ ਨਾਲ ਲਕ ਵਾਲੀ ਚਾਦਰ ਗਿਲੀ ਹੋ ਗਈ, ਮੁੰਹ ਸੁੱਕਾ ਹੋਇਆ ਸੀ, ਛਾਤੀ ਲੁਹਾਰ ਦੀਆਂ ਖੱਲਾਂ ਵਾਗੂੰ ਉਚੀ ਨੀਵੀਂ ਹੁੰਦੀ ਸੀ, ਦਿਲ ਹਥੌੜੇ ਵਾਂਗ ਟਕੋਰਾਂ ਮਾਰਦਾ ਸੀ ਤੇ ਲਤਾਂ ਇਉਂ ਡਿਗਦੀਆਂ ਸਨ, ਜਿਵੇਂ ਆਪਣੀਆਂ ਨਾਂ ਹੋਣ। ਬੰਤਾ ਸਿੰਘ ਨੂੰ ਡਰ ਪਿਆ ਕਿ ਕਿਤੇ ਮਰ ਚਲਿਆ ਹਾਂ। ਭਾਵੇਂ ਮੌਤ ਦਾ ਖਿਆਲ ਆਇਆ ਪਰ ਉਹ ਨਾਂ ਠਹਿਰਿਆ। ਕਹਿਣ ਲਗਾ, ਜੇ ਇਤਨਾ ਸਾਰਾ ਦੌੜ ਕੇ ਹੁਣ ਮੈਂ ਠਹਿਰ ਜਾਵਾਂ ਤਾਂ ਇਹ ਮੈਨੂੰ ਬੇਵਕੂਫ ਆਖਣਗੇ। ਇਸ ਲਈ ਦੌੜਦਾ ਰਿਹਾ। ਜਦ ਪਹਾੜੀ ਥੋੜੀ ਦੂਰ ਰਹਿ ਗਈ ਤਾਂ ਭੀਲਾਂ ਦੀ ਅਵਾਜ਼ ਕੰਨੀ ਪਈ। ਉਹ ਹਲਾ ਸ਼ੇਰੀ ਦੇ ਰਹੇ ਸਨ। ਉਨ੍ਹਾਂ ਦੀ ਅਵਾਜ਼ ਸੁਣਕੇ ਇਸਨੇ ਅਪਣਾ ਰਹਿੰਦਾ ਖੂੰਹਦਾ ਜ਼ੋਰ ਵੀ ਦੌੜਨ ਵਿਚ ਲਾ ਦਿਤਾ। ਹੁਣ ਸੂਰਜ ਧਰਤੀ ਦੇ ਨੇੜੇ ਸੀ। ਅਤੇ ਡੁਬਣ ਲਗਿਆਂ ਲਹੂ ਵਰਗਾ ਲਾਲ ਦਿਸਦਾ ਸੀ। ਸੂਰਜ ਡੁਬਦਾ ਵੇਖਕੇ ਇਸਨੇ ਟਿੱਬੇ ਵਲ ਵੇਖਿਆ। ਸਾਹਮਣੇ ਅਧੇ ਮੀਲ ਤੇ ਟੋਪੀ ਪਈ ਸੀ ਅਤੇ ਉਸ ਉਪਰ ਰੁਪਏ ਸਨ। ਭੀਲਾਂ ਦਾ ਸਰਦਾਰ ਕੋਲ ਬੈਠਾ ਹਸ ਰਿਹਾ ਸੀ। ਬੰਤਾ ਸਿੰਘ ਨੂੰ ਆਪਣਾ ਸੁਪਨਾ ਚੇਤੇ ਆ ਗਿਆ। ਸੋਚਣ ਲਗਾ, ਜ਼ਮੀਨ ਤਾਂ ਬਹੁਤ ਹੈ ਪਰ ਕੀ ਪਤਾ ਰੱਬ ਨੇ ਮੈਨੂੰ ਇਥੇ ਜੀਵਣ ਭੀ ਦੇਣਾ ਹੈ ਕਿ ਨਹੀਂ। ਮੇਰੀ ਜਿੰਦ ਗਈ! ਮੇਰੀ ਜਿੰਦ ਗਈ! ਮੈਂ ਉਸ ਥਾਂ ਤੇ ਕਦੀ ਵਾਪਸ ਨਹੀਂ ਪਹੁੰਚ ਸਕਾਂਗਾ।
ਬੰਤਾ ਸਿੰਘ ਨੇ ਸੂਰਜ ਵਲ ਵੇਖਿਆ। ਸੂਰਜ ਦਾ ਹੇਠਲਾ ਹਿਸਾ ਲੁਕ ਚਲਿਆ ਸੀ। ਸਾਰਾ ਸਰੀਰ ਅਗੇ ਸੁਟ ਕੇ ਉਹ ਫਿਰ ਦੌੜਿਆ। ਜਦ ਟਿਬੇ ਦੇ ਕੋਲ ਪਹੁੰਚਿਆ ਤਾਂ ਹਨੇਰਾ ਹੋ ਗਿਆ। ਉਸਨੇ ਉਪਰ ਵੇਖਿਆ ਸੂਰਜ ਡੁਬ ਚੁਕਾ ਸੀ। ਉਹਦੀ ਚੀਕ ਨਿਕਲ ਗਈ, ਮੇਰੀ ਸਾਰੀ ਮੇਹਨਤ ਐਵੇਂ ਗਈ! ਜ਼ਮੀਨ ਤੇ ਡਿਗਣ ਲਗਾ ਸੀ ਪਰ ਭੀਲ ਉਸ ਨੂੰ ਅਜੇ ਵੀ ਹੱਲਾ ਸ਼ੇਰੀ ਦੇ ਰਹੇ ਸਨ। ਉਸਨੇ ਸੋਚਿਆ, ਮੈਨੂੰ ਟਿਬੇ ਦੇ ਤਲੇ ਖੜੇ ਹੋਏ ਨੂੰ ਸੂਰਜ ਡੁਬ ਗਿਆ ਜਾਪਦਾ ਹੈ ਪਰ ਟਿਬੇ ਵਾਲਿਆਂ ਨੂੰ ਅਜੇ ਕੁਝ ਦਿਸਦਾ ਹੋਣਾ ਹੈ। ਉਸਨੇ ਇਕ ਲੰਮਾ ਸਾਹ ਲੈਕੇ ਟਿਬੇ ਉਪਰ ਚੜ੍ਹਨ ਦਾ ਯਤਨ ਕੀਤਾ। ਉਤੇ ਅਜੇ ਚਾਨਣਾਂ ਸੀ। ਟੋਪੀ ਦੇ ਨੇੜੇ ਜਾਕੇ ਉਸਨੇ ਵੇਖਿਆ, ਭੀਲਾਂ ਦਾ ਸਰਦਾਰ ਹਸਦਾ ਹੋਇਆ ਵੱਖੀਆਂ ਫੜੀ ਬੈਠਾ ਹੈ। ਉਸ ਨੂੰ ਆਪਣਾ ਸੁਫਨਾ ਫਿਰ ਚੇਤੇ ਆਇਆ। ਇਕ ਚੀਕਨਿਕਲੀ। ਉਸਦੀਆਂ ਲਤਾਂ ਵਿਚ ਤਾਕਤ ਨਾਂ ਰਹੀ। ਮੂੰਹ ਦੇ ਭਾਰ ਅਗੇ ਡਿਗਾ ਤੇ ਹਥ ਟੋਪੀ ਨੂੰ ਜਾ ਲਗਾ। ਭੀਲਾਂ ਦੇ ਸਰਦਾਰ ਨੇ ਕਿਹਾ ਇਹ ਬੜਾ ਬਹਾਦਰ ਹੈ, ਇਸ ਨੇ ਬੜੀ ਜ਼ਮੀਨ ਮੱਲੀ ਹੈ।
ਬੰਤਾ ਸਿੰਘ ਦਾ ਨੌਕਰ ਦੌੜਦਾ ਆਇਆ ਤੇ ਡਿਗੇ ਹੋਏ ਨੂੰ ਉਠਾਣ ਲੱਗਾ। ਪਰ ਉਸ ਨੇ ਵੇਖਿਆ ਜੋ ਬੰਤਾ ਸਿੰਘ ਦੇ ਮੂੰਹ ਵਿਚੋਂ ਲਹੂ ਵਗ ਰਿਹਾ ਹੈ ਤੇ ਉਹ ਮਰ ਚੁਕਾ ਹੈ ।
ਨੌਕਰ ਨੇ ਕਹੀ ਫੜੀ ਤੇ ਇਲਾਕੇ ਦੇ ਰਿਵਾਜ ਅਨਸਾਰ ਬੰਤਾ ਸਿੰਘ ਨੂੰ ਉਥੇ ਦਫਨਾ ਦਿਤਾ। ਸਿਰ ਤੋਂ ਲੈਕੇ ਪੈਰਾਂ ਤਕ ਬੰਤਾ ਸਿੰਘ ਨੂੰ ਸਾਢੇ ਤਿੰਨ ਹਥ ਧਰਤੀ ਦੀ ਲੋੜ ਸੀ:-
"ਕਬੀਰ ਕੋਠੇ ਮੰਡਪ ਹੇਤੁ ਕਰ ਕਾਹੇ ਮਰਹੁ ਸਵਾਰਿ।
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥"
"ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਦੇ ਭੀ ਗਏ।।
ਕੂੜਾ ਸੌਦਾ ਕਰਿ ਗਏ ਗੋਰੀ ਆਇ ਪਏ ॥੪੬।।"