ਖੰਡ ਮਿਸ਼ਰੀ ਦੀਆਂ ਡਲ਼ੀਆਂ/ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਪਿੰਡਾਂ ਵਿਚੋਂ ਪਿੰਡ ਸੁਣੀਂਂਦਾ
187
ਰੂੜਾ
ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੋ ਕੁੜੀਆਂ ਸੁਣੀਂਂਦੀਆਂ
ਕਰਦੀਆਂ ਗੋਹਾ ਕੂੜਾ
ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀਆਂ
ਹੇਠ ਬਛਾਉਂਦੀਆਂ ਭੂਰਾ-
ਸਾਡੇ ਹਾਣਦੀਏ ਕਰਦੇ ਮਤਲਬ ਪੂਰਾ
188
ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਰੂੜਾ
ਰੂੜੇ ਦੀਆਂ ਦੋ ਕੁੜੀਆਂ ਸੁਣੀਂਂਦੀਆਂ
ਕਰਦੀਆਂ ਆਦਰ ਪੂਰਾ
ਆਉਂਦੇ ਜਾਂਦੇ ਦੀ ਸੇਵਾ ਕਰਦੀਆਂ
ਦਿੰਦੀਆਂ ਲਾਲ ਪੰਘੂੜਾ
ਹਾਰੇ ਵਿਚੋਂ ਦੁਧ ਕੱਢ ਲਿਆਉਂਦੀਆਂ
ਕੋਠੀ ਵਿਚੋਂ ਬੂਰਾ
ਇੱਕ ਘੁੱਟ ਭਰ ਮਿੱਤਰਾ-
ਕਰਲੈ ਹੌਸਲਾ ਪੂਰਾ
189
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਰੂੜਾ
ਉਥੋਂ ਦੀਆਂ ਦੋ ਨਾਰਾਂ ਸੁਣੀਂਂਦੀਆਂ
ਕਰਦੀਆਂ ਗੋਹਾ ਕੂੜਾ
ਆਏ ਗਏ ਨਾਲ ਹਸ ਹਸ ਬੋਲਣ
ਡਾਹੁੰਦੀਆਂ ਪੀੜ੍ਹੀ ਮੂੜ੍ਹਾ
ਆਲੇ ਵਿੱਚੋਂ ਦੁੱਧ ਕੱਢ ਲਿਆਉਂਦੀਆਂ
ਕੋਠੀ ਵਿੱਚੋਂ ਬੂਰਾ
ਮੇਰੇ ਹਾਣ ਦੀਏ-
ਕਰਦੇ ਮਤਲਬ ਪੂਰਾ

190
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰੂੜਾ
ਰੂੜੇ ਦੀ ਇਕ ਕੁੜੀ ਸੁਣੀਂਦੀ
ਕਰਦੀ ਗੋਹਾ ਕੂੜਾ
ਹੱਥੀਂ-ਉਹਦੇ ਛੱਲੇ ਛਾਪਾਂ
ਬਾਹੀਂ ਉਹਦੇ ਚੂੜਾ
ਰਾਤੀਂ ਰੋਂਦੀ ਦਾ-
ਭਿੱਜ ਗਿਆ ਲਾਲ ਪੰਘੂੜਾ
191
ਮੋਗਾ
ਪਿੰਡਾ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਮੋਗਾ
ਉਰਲੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਬਹੁਤ ਉਸ ਦੀ ਸੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਲੱਕ ਮੇਰਾ ਪਤਲਾ ਜਿਹਾ-
ਭਾਰ ਸਹਿਣ ਨਾ ਜੋਗਾ
192
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮੋਗਾ
ਉਰਲੇ ਪਾਸੇ ਢਾਬ ਸੁਣੀਂਦੀ
ਪਰਲੇ ਪਾਸੇ ਟੋਭਾ
ਟੋਭੇ ਤੇ ਇਕ ਸਾਧੂ ਰਹਿੰਦਾ
ਸਿਰੋਂ ਸੁਣੀਂਦਾ ਰੋਡਾ
ਆਉਂਦੀ ਦੁਨੀਆਂ ਮੱਥੇ ਟੇਕਦੀ
ਬੜੀ ਸੁਣੀਂਦੀ ਸੋਭਾ
ਸਾਧ ਦੇ ਡੇਰੇ ਜਾਂਦੀਏ ਰੰਨੇ
ਮੁੰਡਾ ਜੰਮੇਂਗੀ ਰੋਡਾ
ਲੱਕ ਤੇਰਾ ਪਤਲਾ ਜਿਹਾ-
ਭਾਰ ਸਹਿਣ ਨਾ ਜੋਗਾ

193
ਖਾਰੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਖਾਰੀ
ਖਾਰੀ ਦੀਆਂ ਦੋ ਮੁਟਿਆਰਾਂ ਸੁਣੀਦੀਆਂ
ਇਕ ਪਤਲੀ ਇਕ ਭਾਰੀ
ਪਤਲੀ ਉਤੇ ਲਾਲ ਡੋਰੀਆ
ਭਾਰੀ ਸਿਰ ਫੁਲਕਾਰੀ
ਪਤਲੀ ਅੱਖ-ਮਟੱਕੇ ਲਾਉਂਦੀ
ਭਾਰੀ ਲਾਉਂਦੀ ਯਾਰੀ
ਆਪੇ ਲੈ ਜਾਣਗੇ-
ਲੱਗੂ ਜਿਨ੍ਹਾਂ ਨੂੰ ਪਿਆਰੀ
194
ਪਿੰਡਾਂ ਵਿਚੋਂ ਪਿੰਡ ਛਾਂਟਿਆ
ਪਿੰਡ ਛਾਂਟਿਆ ਖਾਰੀ
ਖਾਰੀ ਦੀਆਂ ਦੋ ਕੁੜੀਆਂ ਛਾਂਟੀਆਂ
ਇਕ ਪਤਲੀ ਇਕ ਭਾਰੀ
ਪਤਲੀ ਤੇ ਤਾਂ ਖੱਟਾ ਡੋਰੀਆ
ਭਾਰੀ ਤੇ ਫੁਲਕਾਰੀ
ਮੱਥਾ ਦੋਹਾਂ ਦਾ ਬਾਲੇ ਚੰਦ ਦਾ
ਅੱਖਾਂ ਦੀ ਜੋਤ ਨਿਆਰੀ
ਪਤਲੀ ਤਾਂ ਮੰਗ ਜਿਊਣ ਸਿੰਘ ਦੀ
ਭਾਰੀ ਅਜੇ ਕੁਆਰੀ
ਮੰਗ ਉਹਦੀ ਅਡ ਮੰਗਤੀ-
ਜੀਉਣਾ ਦੱਸੀਦਾ ਸੂਰਮਾ ਭਾਰੀ
195
ਮੋੜੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਮੋੜੀ
ਮੋੜੀ ਦੀ ਇਕ ਨਾਰ ਸੁਣੀਂਂਦੀ
ਦੰਦ ਜਾੜ੍ਹ ਤੋਂ ਬੋੜੀ
ਛੜਿਆਂ ਨੂੰ ਉਹ ਧੱਕੇ ਦਿੰਦੀ
ਗੱਭਰੂਆਂ ਨੂੰ ਲੋਰੀ
ਪਿੰਡ ਦੇ ਚੋਬਰ ਪੱਟੇ ਸਾਰੇ
ਮੇਲ ਮੇਲ ਕੇ ਜੋੜੀ

ਹੌਲੀ ਹੌਲੀ ਚੱੜ੍ਹ ਮਿੱਤਰਾ
ਮੈਂ ਪਤਲੇ ਬਾਂਸ ਦੀ ਪੋਰੀ
196
ਮਲੀਆਂ
ਪਿੰਡ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਮਲੀਆਂ
ਮਲੀਆਂ ਦੇ ਦੋ ਬੈਲ ਸੁਣੀਂਦੇ
ਗਲ ਪਿੱਤਲ ਦੀਆਂ ਟੱਲੀਆਂ
ਮੇਲੇ ਮੁਕਤਸਰ ਦੇ-
ਦੋ ਮੁਟਿਆਰਾਂ ਚੱਲੀਆਂ
197
ਛਾਪਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਛਾਪਾ
ਛਾਪੇ ਦੀ ਇਕ ਨਾਰ ਸੁਣੀਂਦੀ
ਕੁੱਛੜ ਉਹਦੇ ਕਾਕਾ
ਗਲੀਆਂ ਦੇ ਵਿੱਚ ਰੋਂਦਾ ਫਿਰਦਾ
ਕਰਦਾ ਚਾਚਾ ਚਾਚਾ
ਜੋੜੀਆਂ ਬਨੌਣ ਵਾਲਿਆ-
ਤੇਰਾ ਹੋਊ ਸਵਰਗ ਵਿੱਚ ਵਾਸਾ
198
ਆਲੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਆਲੇ
ਭਾਈਆਂ ਬਾਝ ਨਾ ਸੋਹਣ ਮਜਲਸਾਂ
ਸੋਂਹਦੇ ਭਾਈਆਂ ਵਾਲੇ
ਹੋਣ ਉਨ੍ਹਾਂ ਦੀਆਂ ਸੌ ਸੌ ਬਾਹਾਂ
ਭਾਈ ਜਿਨ੍ਹਾਂ ਦੇ ਬਾਹਲੇ
ਬਾਝ ਭਰਾਵਾਂ ਦੇ-
ਮੈਨੂੰ ਘੂਰਦੇ ਸ਼ਰੀਕੇ ਵਾਲੇ
199
ਭਾਰਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭਾਰਾ
ਰਾਈਓਂ ਰੇਤ ਵੰਡਾਲਾਂਗਾ ਨੀ
ਕੋਠੇ ਨਾਲ ਚੁਬਾਰਾ

ਭੌਂ ਦੇ ਵਿਚੋਂ ਅੱਧ ਵੰਡਾਵਾਂ
ਬਲਦ ਸਾਂਭ ਲਾ ਨ੍ਹਾਰਾ
ਰੋਹੀ ਵਾਲਾ ਜੰਡ ਵੱਢ ਕੇ-
ਤੈਨੂੰ ਕੱਲੀ ਨੂੰ ਪਾਊਂ ਚੁਬਾਰਾ
200
ਦੌਲਤਪੁਰਾ ਨਿਹਾਲੇਵਾਲਾ
ਦੌਲਤਪੁਰਾ ਨਿਹਾਲੇਵਾਲਾ
ਹੋਰ ਪਿੰਡ ਵੀ ਵੇਖੋ
ਤੇਰੇ ਵੇ ਸੰਧੂਰੀ ਪਗ ਦੇ
ਮੈਨੂੰ ਮੱਸਿਆ 'ਚ ਪੈਣ ਭੁਲੇਖੇ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਘਾਹ ਕੁੜੇ-
ਤੇਰਾ ਕਦ ਮੁਕਲਾਵਾ ਭਾਗ ਕੁਰੇ
201
ਰਣੀਆਂ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਰਣੀਆਂ
ਉਰਲੇ ਪਾਸੇ ਬੱਦਲ ਘੋਰੇ
ਪਰਲੇ ਪਾਸੇ ਕਣੀਆਂ
ਕੁੜਤੀ ਭਿਜ ਕੇ ਹਿਕ ਨਾਲ ਲਗ ਗੀ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਹੁਣ ਜਿੰਦੜੀ ਨੂੰ ਬਣੀਆਂ
202
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਰਣੀਆਂ
ਅੱਧੀ ਰਾਤ ਨਾਲ ਨ੍ਹੇਰੀ ਆਉਂਦੀ
ਪਿਛਲੀ ਰਾਤ ਦੀਆਂ ਕਣੀਆਂ
ਬਾਹਰ ਨਿਕਲ ਕੇ ਦੇਖਣ ਲੱਗੀਆਂ
ਦੋ ਮੁਟਿਆਰਾਂ ਖੜੀਆਂ
ਨਿੱਕੀ ਹੁੰਦੀ ਮਰ ਨਾ ਗਈ-
ਹੁਣ ਜਿੰਦੜੀ ਨੂੰ ਬਣੀਆਂ
203
ਰੁੜਕਾਂਂ-ਦਾਖਾ
ਰੁੜਕਾ ਦਾਖਾ ਕੋਲੋ ਕੋਲੀ
ਆਗੜ ਕੋਲੇ ਦੀਨਾ

ਅਗਨ ਬੋਟ ਤਾਂ ਜਲ ਤੇ ਤਰਦੀ
ਘੋੜਿਆਂ ਉੱਤੇ ਖਣਕੀਨਾ
ਛਾਤੀ ਨਾਲੋਂ ਮੁਖੜਾ ਪਿਆਰਾ
ਚੰਦ ਨਾਲੋਂ ਜੋਤ ਸਵਾਈ
ਦੰਦ ਕੌਡੀਆਂ ਬੁਲ੍ਹ ਪਤਾਸੇ
ਗੱਲ੍ਹਾਂ ਸ਼ਕਰ ਪਾਰੇ
ਚਾਂਦੀ ਦੀ ਮੈਂ ਸੇਜ ਬਛਾਵਾਂ
ਸੋਨੇ ਦਾ ਸਰਹਾਣਾ ਲਾਵਾਂ
ਉਹ ਘਰ ਅਗਲੀ ਦਾ
ਜਿਥੇ ਸੱਦੇ ਬਾਝ ਨਾ ਜਾਵਾਂ
ਭਾਈ ਜੀ ਦੇ ਫੁਲਕੇ ਨੂੰ-
ਖੰਡ ਦਾ ਪਲੇਥਣ ਲਾਵਾਂ
204
ਦਵਾਲਾ
ਸੁਣ ਵੇ ਵੀਰਾ ਮੇਰਿਆ
ਦਵਾਲਾ ਥੋਨੂੰ ਪਿੰਡ ਦਸਦਾ
ਜਿਹੜਾ ਨਗਰ ਸੁਣੀਂਂਦਾ ਭਾਰਾ
ਸੋਹਣੇ ਓਥੇ ਬਾਗ ਬਗੀਚੇ
ਸੁੰਦਰ ਬੜੀ ਅਟਾਰੀ
ਰਾਮ ਸਿੰਘ ਜੋ ਗੁਰੂ ਹਮਾਰਾ
ਜੋ ਜਾਂਦੇ ਨੇ ਤਾਰੀ
ਚਰਨੀਂ ਉਹਨਾਂ ਦੇ-
ਮੈਂ ਝੁਕ ਜਾਂ ਲਖ ਵਾਰੀ
205
ਚੱਠੇ
ਚੱਠੇ ਚੱਠੇ ਚੱਠੇ
ਚੱਠੇ ਦੇ ਨੌਂ ਦਰਵਾਜੇ
ਨੌ ਦਰਵਾਜ਼ੇ ਪੱਕੇ
ਇਕ ਦਰਵਾਜੇ ਰਹਿੰਦੀ ਬਾਹਮਣੀ
ਲੱਪ ਲੱਪ ਸੁਰਮਾਂ ਘੱਤੇ
ਗੱਭਰੂਆਂ ਨੂੰ ਮਾਰੇ ਅੱਖਾਂ
ਬੁੜ੍ਹਿਆਂ ਨੂੰ ਦਿੰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਝੂਠ ਨਾ ਬੋਲੀਂ ਨੀ-
ਸੂਰਜ ਲਗਦਾ ਮੱਥੇ

206
ਲੌਂਗੋਵਾਲ
ਲੋਂਗੋਵਾਲ ਦੇ ਦੋ ਦਰਵਾਜ਼ੇ
ਇਕ ਦਰਵਾਜੇ ਕੱਤੇ
ਬਾਹਮਣੀ ਮਣ ਮਣ ਸੁਰਮਾਂ ਮੱਥੇ
ਮੁੰਡਿਆਂ ਨਾਲ ਲਾਉਂਦੀ ਅੱਖ-ਮਟੱਕੇ
ਬੁੜ੍ਹਿਆਂ ਨੂੰ ਮਾਰਦੀ ਧੱਕੇ
ਇਕ ਬੁੜ੍ਹੇ ਨੂੰ ਚੜ੍ਹੀ ਕਚੀਚੀ
ਲੈ ਬੜਿਆ ਕਲਕੱਤੇ
ਹੁਣ ਦਸ ਬਾਹਮਣੀਏਂ-
ਜਦ ਤਾਂ ਦਿੰਦੀ ਸੀ ਧੱਕੇ
207
ਧਰਮ ਕੋਟ
ਧਰਮ ਕੋਟ ਦੀ ਧਰਮੋ ਜੱਟੀ
ਬਾਹਮਣ ਅੰਬਰਸਰ ਦਾ
ਲੇਫ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਏਂ ਚੜ੍ਹਦਾ
ਮਾਰੀਂ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ
208
ਸੁਖਾਨੰਦ
ਸੁਖਾਨੰਦ ਦੇ ਦੋ ਮੁੰਡੇ ਸੁਣੀਂਦੇ
ਬਹੁਤੀ ਪੀਂਦੇ ਦਾਰੂ
ਘੋੜੀ ਮਗਰ ਬਛੇਰੀ ਸੋਂਹਦੀ
ਬੋਤੀ ਮਗਰ ਬਤਾਰੂ
ਕਣਕਾਂ ਰੋਜ ਦੀਆਂ
ਛੋਲੇ ਬੀਜ ਲੈ ਮਾਰੂ
ਏਸ ਪਟ੍ਹੋਲੇ ਨੂੰ-
ਕੀ ਮੁਕਲਾਵਾ ਤਾਰੂ

209
ਸਾਹਨੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਸਾਹਨੀ
ਓਥੇ ਦਾ ਇਕ ਗੱਭਰੂ ਸੁਣੀਂਦਾ
ਗਲ ਵਿਚ ਉਹਦੇ ਗਾਨੀ
ਹਰਾ ਮੂੰਗੀਆਂ ਬੰਨ੍ਹਦਾ ਸਾਫਾ
ਤੋਰ ਤੁਰੇ ਮਸਤਾਨੀ
ਭਾੜੇ ਦੀ ਹਟ ਬਹਿ ਕੇ ਬੰਦਿਆ
ਬਣਿਆਂ ਫਿਰਦਾ ਜਾਨੀ
ਕਾਲਿਆਂ ਦੇ ਵਿਚ ਆ ਗੇ ਧੌਲੇ
ਦਿੱਸਦੀ ਮੌਤ ਨਿਸ਼ਾਨੀ
ਬਦੀਆਂ ਨਾ ਕਰ ਵੇ-
ਕੇ ਦਿਨ ਦੀ ਜ਼ਿੰਦਗਾਨੀ
210
ਹਿੰਮਤਪੁਰਾ
ਹਿੰਮਤਪੁਰੇ ਦੇ ਮੰਡੋ ਬੰਬਲੇ
ਸੱਤਾਂ ਪਤਣਾਂ ਦੇ ਤਾਰੂ
ਸੂਇਆਂ ਕੱਸੀਆਂ ਤੇ ਕਣਕਾਂ ਬੀਜਦੇ
ਛੋਲੇ ਬੀਜਦੇ ਮਾਰੂ
ਇਕ ਮੁੰਡਾ ਤਾਂ ਫਤਹ ਮੁਹੰਮਦ
ਦੂਜਾ ਹੈ ਸਰਦਾਰੂ
ਗਾਮਾ ਬਰਕਤ ਸੌਣ ਨਿਹਾਲਾ
ਸਭ ਦੇ ਉਤੋਂ ਬਾਰੂ
ਸਾਰੇ ਮਿਲਕੇ ਮੇਲੇ ਜਾਂਦੇ
ਨਾਲੋ ਜਾਂਦਾ ਨਾਹਰੂ
ਬਸੰਤੀ ਰੀਝਾਂ ਨੂੰ-
ਗਿੱਧੇ ਦਾ ਚਾਓ ਉਭਾਰੂ
211
ਕੋਟ ਕਪੂਰਾ
ਜੱਟੀ ਕੋਟ ਕਪੂਰੇ ਦੀ ਨੂੰਹ
ਬਾਹਮਣ ਅੰਬਰਸਰ ਦਾ
ਜੱਟੀ ਦੇ ਘਰ ਲੇਫ ਤਲਾਈ
ਪਲੰਘ ਬਾਹਮਣ ਦੇ ਘਰ ਦਾ

ਜੱਟੀ ਬੈਠੀ ਪੇੜੇ ਕਰਦੀ
ਬਾਹਮਣ ਮੰਡੇ ਘੜਦਾ
ਬਾਹਰੋਂ ਫਿਰਦਾ ਦਿਓਰ ਜੁ ਆਇਆ
ਸਲੰਘ ਗੰਡਾਸਾ ਫੜਦਾ
ਨਾ ਵੇ ਦਿਓਰਾ ਮਾਰ ਗੁਆਈਂ
ਬਾਹਮਣ ਆਪਣੇ ਘਰ ਦਾ
ਕਪਲਾ ਗਊ ਦੀ ਪੂਛ ਫੜਾ ਲੈ
ਮੁੜ ਵਿਹੜੇ ਨਹੀਂ ਬੜਦਾ
ਕੱਚੀਆਂ ਕੈਲਾਂ ਨੂੰ-
ਜੀ ਸਭਨਾਂ ਦਾ ਕਰਦਾ
212
ਨਾਨੋਵਾਲ-ਕਕਰਾਲਾ
ਜੇ ਜੱਟੀਏ ਮੇਰਾ ਪਿੰਡ ਨੀ ਜਾਣਦੀ
ਪਿੰਡ ਨਾਨੋਵਾਲ ਕਕਰਾਲਾ
ਜੇ ਜੱਟੀਏ ਮੇਰਾ ਘਰ ਨੀ ਜਾਣਦੀ
ਖੂਹ ਤੇ ਦਿਸੇ ਚੁਬਾਰਾ
ਜੇ ਜੱਟੀਏ ਮੇਰਾ ਖੂਹ ਨੀ ਜਾਣਦੀ
ਖੂਹ ਆ ਤੂਤੀਆਂ ਵਾਲਾ
ਜੇ ਜੱਟੀਏ ਮੇਰਾ ਨਾਉਂ ਨੀ ਜਾਣਦੀ
ਨਾਉਂ ਮੇਰਾ ਕਰਤਾਰਾ
ਦਾਰੂ ਪੀਂਦੇ ਦਾ-
ਸੁਣ ਜੱਟੀਏ ਲਲਕਾਰਾ
213
ਪਟਿਆਲਾ
ਪਟਿਆਲੇ ਦੇ ਵਿੱਚ ਦੋ ਮੁੰਡੇ ਸੁਣੀਂਦੇ
ਇਕ ਗੋਰਾ ਇਕ ਕਾਲਾ
ਕਾਲੇ ਦੀ ਮੈਂ ਸੁਆਵਾਂ ਸੁੱਥਣ
ਗੋਰੇ ਦਾ ਪਾਵਾਂ ਨਾਲਾ
ਕੋਠੇ ਚੜ੍ਹਦੀ ਨੂੰ-
ਦੇ ਮਿੱਤਰਾ ਚਮਕਾਰਾ
214
ਭਦੌੜ
ਪਿੰਡ ਭਦੌੜ ਦੇ ਮੁੰਡੇ ਸੋਹਣੇ
ਜੇਬਾਂ ਰਖਦੇ ਭਰੀਆਂ
ਮੇਲੇ ਜਾ ਕੇ ਪਾਉਣ ਬੋਲੀਆਂ
ਡਾਂਗਾਂ ਰੱਖਦੇ ਖੜੀਆਂ

ਮਾੜੀ ਕੁੜੀ ਨਾ ਕਦੀ ਵਿਆਹੁੰਦੇ
ਵਿਆਹੁੰਦੇ ਹੂਰਾਂ ਪਰੀਆਂ
ਵੇਲਾਂ ਧਰਮ ਦੀਆਂ-
ਵਿੱਚ ਦਰਗਾਹ ਦੇ ਹਰੀਆਂ
215
ਨਾਭਾ
ਨਾਭੇ ਕੰਨੀ ਤੋਂ ਆਗੀ ਬਦਲੀ
ਚਾਰ ਕੁ ਸਿੱਟਗੀ ਕਣੀਆਂ
ਕੁੜਤੀ ਭਿੱਜ ਕੇ ਲਗ ਗੀ ਕਾਲਜੇ
ਸੁਰਮਾਂ ਹੋ ਗਿਆ ਡਲੀਆਂ
ਰਾਤ ਕਟਾ ਮਿੱਤਰਾ-
ਅੱਜ ਜਿੰਦੜੀ ਨੂੰ ਬਣੀਆਂ
216
ਬੰਗੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਬੰਗੇ
ਮੋੜ ਦੇ ਉੱਤੇ ਇਕ ਲਲਾਰੀ
ਕਪੜੇ ਰੰਗੇ ਚੰਗੇ
ਮੁਟਿਆਰਾਂ ਨਾਲ ਗੱਲਾਂ ਕਰਦਾ
ਬੁਢੀਆਂ ਕੋਲੋਂ ਸੰਗੇ
ਚਲੋ ਨੀ ਰੰਗਾਈਏ ਚੁੰਨੀਆਂ
ਪੈਸੇ ਮੂਲ ਨਾ ਮੰਗੇ
ਛੜਿਆ ਦੋਜਕੀਆ
ਨਾ ਲੈ ਐਮੇ ਪੰਗੇ
217
ਬੀਕਾਂਨੇਰ
ਬੀਕਾਂਨੇਰ ਤੋਂ ਲਿਆਂਦੀ ਬੋਤੀ
ਖਰਚੇ ਨਕਦ ਪਚਾਸੀ
ਜਗਰਾਵਾਂ ਦੀ ਝਾਂਜਰ ਲਿਆਂਦੀ
ਬਾਗੜ ਦੇਸ ਦੀ ਕਾਠੀ
ਉਤੇ ਚੜ੍ਹ ਜਾ ਬਿਨ ਮੁਕਲਾਈਏ
ਮੰਨ ਲੈ ਭੌਰ ਦੀ ਆਖੀ
ਆਸ਼ਕ ਲੋਕਾਂ ਦੀ-
ਕੌਣ ਕਰੂਗਾ ਰਾਖੀ

218
ਮੁੱਲਾਂ ਪੁਰ
ਮੁੱਲਾਂਪੁਰ ਦੇ ਵਿੱਚ ਜੰਮੀ ਜਾਈ
ਨੰਦ ਸਿੰਘ ਦੀ ਧੀ ਸੁਣੀਂਂਦੀ
ਉਜਾਗਰ ਦੀ ਭਰਜਾਈ
ਪੱਟੀਆਂ ਚਮਕ ਦੀਆਂ-
ਮੋਮ ਫੇਰ ਕੇ ਆਈ
219
ਸੰਗਰੂਰ
ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦਾ ਰੁਮਾਲ ਦਿਸਦਾ
ਗੱਡੀ ਚੜ੍ਹਦਾ ਨਜ਼ਰ ਨਾ ਆਵੇ
ਗੱਡੀ ਵਿਚੋਂ ਲਤ ਲਮਕੇ
ਕੋਈ ਭੌਰ ਚਲਿਆ ਮੁਕਲਾਵੇ
ਟੁੱਟਗੀ ਦਾ ਦਰਦ ਬੁਰਾ
ਜਿੰਦ ਜਾਊ ਮਿੱਤਰਾਂ ਦੇ ਹਾਵੇ
ਗੱਡੀ ਵਿੱਚ ਤੂੰ ਰੋਏਂਗੀ
ਯਾਰ ਰੋਣ ਕਿੱਕਰਾਂ ਦੀ ਛਾਮੇਂ
ਰੋ ਰੋ ਵਿਛੜੇਂਂਗੀ
ਕਾਨੂੰ ਗੂੜ੍ਹੀਆਂ ਮੁਹੱਬਤਾਂ ਪਾਮੇਂਂ
ਨਮਿਆਂ ਦੇ ਲੜ ਲਗ ਕੇ-
ਭੁਲਗੀ ਯਾਰ ਪੁਰਾਣੇ
220
ਡੱਲਾ
ਡੱਲੇ ਦੀਆਂ ਦੌ ਕੁੜੀਆਂ ਸੁਣੀਂਦੀਆਂ
ਇਕ ਪਤਲੀ ਇਕ ਭਾਰੀ
ਭਾਰੀ ਨੇ ਤਾਂ ਵਿਆਹ ਕਰਵਾ ਲਿਆ
ਪਤਲੀ ਰਹਿਗੀ ਕੁਆਰੀ
ਨਿਮ ਨਾਲ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ
221
ਘੁਲਾਲ
ਬੱਲੇ ਬੱਲੇ
ਬਈ ਦੁਨੀਆਂ ਧੰਦ ਪਿਟਦੀ

ਮੌਜਾਂ ਲੁਟਦੀ ਘੁਲਾਲ ਵਾਲੀ ਉਤਮੀ
ਬਈ ਦੁਨੀਆਂ ਧੰਦ ਪਿਟਦੀ
222
ਦੁਆਬਾ ਤੇ ਜੰਗਲ
ਦੁਆਬੇ ਦੀ ਮੈਂ ਜੰਮੀ-ਜਾਈ
ਜੰਗਲ ਵਿੱਚ ਵਿਆਹੀ
ਦੇਸ-ਵਿਛੁੰਨੀ ਕੂੰਜ ਮੈਂ ਭੈਣੋਂ
ਜੰਗ ਨੂੰ ਗਿਆ ਮੇਰਾ ਮਾਹੀ
ਹਰਦਮ ਨੀਰ ਵਗੇ ਨੈਣਾਂ 'ਚੋਂ
ਆਉਣ ਦੀ ਚਿੱਠੀ ਨਾ ਪਾਈ
ਮੁੜ ਪੈ ਸਪਾਹੀਆਂ ਵੇ-
ਮੈਂ ਜਿੰਦੜੀ ਘੋਲ ਘੁਮਾਈ
223
ਜੰਗਲ ਤੇ ਪੁਆਧ
ਜੰਗਲ ਦੀ ਮੈਂ ਜੰਮੀ-ਜਾਈ
ਚੰਦਰੇ ਪੁਆਧ ਵਿਆਹੀ
ਹੱਥ ਵਿੱਚ ਖੁਰਪਾ ਮੋਢੇ ਚਾਦਰ
ਮੱਕੀ ਗੁੱਡਣ ਲਾਈ
ਗੁੱਡਦੀ ਗੁੱਡਦੀ ਦੇ ਪੈਗੇ ਛਾਲੇ
ਆਥਣ ਨੂੰ ਘਰ ਆਈ
ਆਉਂਦੀ ਨੂੰ ਸੱਸ ਦੇਵੇ ਗਾਲਾਂ
ਘਾਹ ਦੀ ਪੰਡ ਨਾ ਲਿਆਈ
ਵੱਛੇ, ਕੱਟੇ, ਵਗ ਰਲਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਬੁੱਢੀਏ ਤੇਰੇ ਪੁੱਤ ਮਰ ਜਾਣ
ਛੇਵਾਂ ਮਰੇ ਜੁਆਈ
ਗਾਲ਼ ਭਰਾਵਾਂ ਦੀ-
ਕੀਹਨੇ ਕੱਢਣ ਸਿਖਾਈ