ਖੰਡ ਮਿਸ਼ਰੀ ਦੀਆਂ ਡਲ਼ੀਆਂ/ਧਰਤੀ ਜਾਏ
ਧਰਤੀ ਜਾਏ
57
ਟਾਹਲੀ
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ-
ਸ਼ਾਮਲਾਟ ਦੀ ਟਾਹਲੀ
58
ਹੀਰਿਆਂ ਹਰਨਾਂ ਬਾਗੀ ਚਰਨਾ
ਬਾਗਾਂ ਦੇ ਵਿੱਚ ਟਾਹਲੀ
ਸਾਡੇ ਭਾਅ ਦਾ ਰੱਬ ਰੁੱਸਿਆ
ਸਾਡੀ ਰੁਸਗੀ ਝਾਂਜਰਾਂ ਵਾਲੀ
59
ਟਾਹਲੀ ਵਾਲੇ ਆਜੀਂ ਖੇਤ ਨੂੰ
ਆ ਜੀਂਂ ਬੰਨੇ ਬੰਨੇ
ਚੰਨਣ ਵਰਗੀ ਦੇਹੀ ਤੇਰੀ
ਲਾਟੂ ਵਰਗੇ ਮਮੇ
ਤੈਂ ਮੈਂ ਮੋਹ ਲਿਆ ਨੀ-
ਮਛਲੀ ਵਾਲੀਏ ਰੰਨੇ
60
ਕੌਲ ਕੱਲਰ ਵਿੱਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਪੱਟ ਫੁਲ ਜਾਂਦੇ
ਹੇਠੋਂ ਮਚਦੀਆਂ ਤਲੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲ਼ੀਆਂ
61
ਪਿੱਪਲ-ਬੋਹੜ
ਪਿਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬੇਰੰਗ ਭੇਜਦਾ-
ਕਿਹੜੀ ਛਾਉਣੀ ਲੁਆ ਲਿਆ ਨਾਵਾਂ
62
ਸੁਣ ਪਿਪਲਾ ਵੇ ਮੇਰੇ ਪਿੰਡ ਦਿਆ
ਪੀਂਂਘਾਂ ਤੇਰੇ ਤੇ ਪਾਈਆਂ
ਦਿਨ ਤੀਆਂ ਦੇ ਆਗੇ ਨੇੜੇ
ਉਠ ਪੇਕਿਆਂ ਨੂੰ ਆਈਆਂ
ਹਾੜ੍ਹ ਮਹੀਨੇ ਬੈਠਣ ਛਾਵੇਂ
ਪਿੰਡ ਦੀਆਂ ਮੱਝਾਂ ਗਾਈਆਂ
ਪਿੱਪਲਾ ਸਹੁੰ ਤੇਰੀ-
ਝੱਲੀਆਂ ਨਾ ਜਾਣ ਜੁਦਾਈਆਂ
63
ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲਾਂ ਬਾਝ ਫੁਲਾਹੀਆਂ
ਹੱਸਾਂ ਨਾਲ ਹਮੇਲਾਂ ਸੋਂਹਦੀਆਂ
ਬੰਦਾਂ ਨਾਲ ਗਜਰਾਈਆਂ
‘ਧੰਨ ਭਾਗ ਮੇਰੇ’ ਆਖੇ ਪਿੱਪਲ
ਕੁੜੀਆਂ ਨੇ ਪੀਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ-
ਪੀਂਘਾਂ ਅਸਮਾਨ ਚੜ੍ਹਾਈਆਂ
64
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲਗ ਗਈਆਂ ਗੋਲ੍ਹਾਂ
ਛੱਡ ਕੇ ਨਾ ਜਾਈਂ ਮਿੱਤਰਾ-
ਦਿਲ ਦੇ ਬੋਲ ਮੈਂ ਬੋਲਾਂ
65
ਕਿੱਕਰ
ਚਰਖਾ ਮੇਰਾ ਲਾਲ ਕਿੱਕਰ ਦਾ
ਮ੍ਹਾਲ੍ਹਾਂ ਬਹੁਤੀਆਂ ਖਾਵੇ
ਚਰਖਾ ਬੂ ਚੰਦਰਾ-
ਸਾਡੀ ਅਸਰਾਂ ਦੀ ਨੀਂਦ ਗਵਾਵੇ
66
ਕਿੱਕਰ ਉੱਤੋਂ ਫੁੱਲ ਪਏ ਝੜਦੇ
ਲਗਦੇ ਬੋਲ ਪਿਆਰੇ
ਜਲ ਤੇ ਫੁੱਲ ਤਰਦਾ-
ਝੁਕ ਕੇ ਚੁੱਕ ਮੁਟਿਆਰੇ
67
ਬਿਰਹਾ ਬਿਰਹਾ ਸਭ ਕੋਈ ਆਖੇ
ਇਸ ਬਿਰਹੇ ਤੋਂ ਹਾਰੇ
ਕੰਨ ਵਿੱਚ ਮੁੰਦਰਾਂ ਪਾ ਕੇ ਆਏ
ਪਿਆਰ ਤੇਰੇ ਦੇ ਮਾਰੇ
ਜਿਉਂ ਕਿੱਕਰਾਂ ਤੋਂ ਫੁੱਲ ਨੇ ਝੜਦੇ
ਲਗਦੇ ਬੋਲ ਪਿਆਰੇ
ਜਲ ਤੇ ਫੁੱਲ ਤਰਦਾ-
ਚੱਕ ਲੈ ਪਤਲੀਏ ਨਾਰੇ
68
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਕਰੀਰ
ਕੁੜਤੀ ਮਲਮਲ ਦੀ-
ਭਾਫਾਂ ਛੱਡੇ ਸਰੀਰ
69
ਕਿੱਕਰ-ਬੇਰੀਆਂ-ਤੂਤ
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿਗੇ ਤੂਤ
ਜੇ ਮੇਰੀ ਸਸ ਮਰ ਜੇ-
ਮੈਂ ਦੂਰੋਂ ਮਾਰਾਂ ਕੂਕ
70
ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ-
ਦੂਰ ਖੜਾ ਦੁੱਖ ਪੁੱਛੇ
71
ਜੇ ਮੁੰਡਿਆਂ ਤੈਂ ਸਹੁਰੀਂ ਜਾਣਾ
ਰਾਹ ਹੈ ਬੇਰੀਆਂ ਵਾਲਾ
ਜੇ ਮੁੰਡਿਆਂ ਨੂੰ ਘਰ ਨੀ ਜਾਣਦਾ
ਘਰ ਹੈ ਚੁਬਾਰੇ ਵਾਲਾ
ਜੇ ਮੁੰਡਿਆਂ ਤੂੰ ਨਾਉਂ ਨੀ ਜਾਣਦਾ
ਨਾਉਂ ਹਰ ਕੁਰ ਤੇ ਦਰਬਾਰਾ
ਰਾਤੀਂ ਧਾੜ ਪਈ-
ਲੁੱਟ ਲਿਆ ਤਖਤ ਹਜ਼ਾਰਾ
72
ਕਿੱਕਰ-ਅੱਕ-ਬੇਰੀਆਂ
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੇ ਪੈਗੇ ਅੱਕ ਵੇ-
ਮਰੋੜੇ ਖਾਵੇ ਲੱਕ ਵੇ
73
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਿਆ ਘਾਹ ਵੇ
ਪੁੱਤ ਮੇਰੇ ਸਹੁਰੇ ਦਿਆ-
ਕਦੇ ਬਣ ਕੇ ਪਰਾਹੁਣਾ ਆ ਵੇ
74
ਫੱਗਣ ਮਹੀਨੇ ਮੀਂਹ ਪੈ ਜਾਂਦਾ
ਲੱਗਦਾ ਕਰੀਂਂਰੀ ਬਾਟਾ
ਸਰਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ
75
ਅੰਬ
ਅੰਬ ਕੋਲੇ ਇਮਲੀ
ਨੀ ਜੰਡ ਕੋਲੇ ਟਾਹਲੀ
ਅਕਲ ਬਿਨਾ ਨੀ-
ਗੋਰਾ ਰੰਗ ਜਾਵੇ ਖਾਲੀ
76
ਜੇਠ ਹਾੜ ਵਿੱਚ ਅੰਬ ਬਥੇਰੇ
ਸਾਉਣ ਜਾਮਨੂੰ ਪੀਲਾਂ
ਰਾਂਝਿਆਂ ਆ ਜਾ ਵੇ-
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ
77
ਵੇਹੜੇ ਦੇ ਵਿੱਚ ਅੰਬ ਸੁਣੀਂਦਾ
ਬਾਗਾਂ ਵਿੱਚ ਲਸੂੜਾ
ਕੋਠੇ ਚੜ੍ਹਕੇ ਦੇਖਣ ਲੱਗਿਆ
ਸੂਤ ਟੇਰਦੀ ਦੂਹਰਾ
ਯਾਰੀ ਲਾ ਕੇ ਦਗਾ ਕਮਾਗੀ
ਖਾ ਕੇ ਮਰੂ ਧਤੂਰਾ
ਕਾਹਨੂੰ ਪਾਇਆ ਸੀ-
ਪਿਆਰ ਵੈਰਨੇ ਗੂੜ੍ਹਾ
78
ਨਿੰਮ
ਲੱਛੋ ਬੰਤੀ ਪੀਣ ਸ਼ਰਾਬਾਂ
ਨਾਲ ਮੰਗਣ ਤਰਕਾਰੀ
ਲੱਛੋ ਨਾਲੋਂ ਚੜ੍ਹਗੀ ਬੰਤੋ
ਨੀਮ ਰਹੀ ਕਰਤਾਰੀ
ਭਾਗੋ ਨੈਣ ਦੀ ਗਿਰਪੀ ਝਾਂਜਰ
ਰਾਮ ਰੱਖੀ ਨੇ ਭਾਲੀ
ਪੰਜ ਸਤ ਕੁੜੀਆਂ ਭੱਜੀਆਂ ਘਰਾਂ ਨੂੰ
ਮੀਂਹ ਨੇ ਘੇਰੀਆਂ ਚਾਲੀ
ਨੀ ਨਿਮ ਨਾਲ ਝੂਟਦੀਏ-
ਲਾ ਮਿੱਤਰਾਂ ਨਾਲ ਯਾਰੀ
79
ਮਹਿੰਦੀ-ਫੁੱਲ
ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਖਤਰੀ ਮਹਾਜਨ ਐਂ ਲੁਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਟੱਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ
80
ਗੁਲਾਬ ਦਾ ਫੁੱਲ
ਤਿੰਨ ਦਿਨਾਂ ਦੀ ਤਿੰਨ ਪਾ ਮੱਖਣੀ
ਖਾ ਗਿਆ ਟੁੱਕ ਤੇ ਧਰ ਕੇ
ਲੋਂਂਕੀ ਕਹਿੰਦੇ ਮਾੜਾ ਮਾੜਾ
ਮੈਂ ਦੇਖਿਆ ਸੀ ਮਰ ਕੇ
ਫੁੱਲਾ ਵੇ ਗੁਲਾਬ ਦਿਆ-
ਆ ਜਾ ਨਦੀ ਵਿੱਚ ਤਰ ਕੇ
81
ਮੂੰਗੀ ਦਾ ਬੂਟਾ
ਉੱਚੇ ਟਿੱਬੇ ਇੱਕ ਮੂੰਗੀ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾਦੇ ਨੀ ਮਾਏਂ ਜੜੁੱਤ ਬਾਂਕਾਂ
82
ਬਾਜਰਾ ਮੂੰਗੀ
ਬਾਜਰਾ ਤਾਂ ਸਾਡਾ ਹੋ ਗਿਆ ਚਾਬੂ
ਮੂੰਗੀ ਆਉਂਦੀ ਫਲਦੀ
ਪਹਿਣ-ਪੱਚਰ ਕੇ ਆਈ ਖੇਤ ਵਿੱਚ
ਠੁਮਕ ਠੁਮਕ ਪੱਬ ਧਰਦੀ
ਸਿੱਟੇ ਡੁੰਗੇ, ਬੂਟੇ ਭੰਨੇ
ਦਿਓਰ ਤੋਂ ਮੂਲ ਨਾ ਡਰਦੀ
ਸਿਫਤਾਂ ਰਾਂਝੇ ਦੀਆਂ-
ਬੈਠ ਮਨ੍ਹੇ ਤੇ ਕਰਦੀ
83
ਖੇਤ ਤੇ ਅਪਣਾ ਡਬਰਿਆਂ ਖਾ ਲਿਆ
ਮੇਰਾ ਕਾਲਜਾ ਧੜਕੇ
ਸਾਰੇ ਜ਼ੋਰ ਦਾ ਮਾਰਾਂ ਗੋਪੀਆ
ਹੇਠ ਤੂਤ ਦੇ ਖੜ੍ਹਕੇ
ਸੋਹਣੀਏਂ ਹੀਰੇ ਨੀ-
ਦੇ ਦੇ ਬਾਜਰਾ ਮਲ ਕੇ
84
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਖੇਤ ਵਿੱਚ ਜਾ ਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ
ਉਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਫਸ ਕੇ
ਤੁਰ ਪਰਦੇਸ ਗਿਓਂ-
ਦਿਲ ਮੇਰੇ ਵਿੱਚ ਵਸ ਕੇ
85
ਸਾਉਣ ਮਹੀਨੇ ਬੱਦਲ ਪੈ ਗਿਆ
ਹਲ ਜੋੜ ਕੇ ਜਾਈਂ
ਬਾਰਾਂ ਘੁਮਾਂ ਦਾ ਵਾਹਣ ਆਪਣਾ
ਬਾਜਰਾ ਬੀਜ ਕੇ ਆਈਂ
ਨੱਕਿਆਂ ਦਾ ਤੈਨੂੰ ਗ਼ਮ ਨਾ ਕੋਈ
ਨੱਕੇ ਛੱਡਾਂ ਮੈਂ ਤੜਕੇ
ਵੀਰ ਨੂੰ ਵੀਰ ਮਿਲੇ-
ਵੱਟ ਤੇ ਗੋਪੀਆ ਧਰ ਕੇ
86
ਜਵਾਂ ਦਾ ਬੂਟਾ
ਉੱਚੇ ਟਿੱਬੇ ਇਕ ਜਵਾਂ ਦਾ ਬੂਟਾ
ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲਮਲ ਦੀ-
ਭਖ ਭਖ ਉੱਠੇ ਸਰੀਰ
87
ਚਰ੍ਹੀਆਂ-ਬਾਜਰੇ
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲੋ ਕੋਲੀ ਮਨ੍ਹੇ ਗੁਡਾ ਲਏਂਂ
ਗੱਲਾਂ ਕਰਨ ਪਰਾਈਆਂ
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਖੇਡਣ ਲੁਕਣ ਮਚਾਈਆਂ
ਨੰਦ ਕੁਰ ਥਿਆ ਜਾਂਦੀ-
ਪੈਰੀਂ-ਝਾਂਜਰਾਂ ਪਾਈਆਂ
88
ਮੱਕੀ-ਛੋਲੇ
ਜੇ ਜੱਟੀਏ ਜੱਟ ਕੁਟਣਾ ਹੋਵੇ
ਸੁੱਤੇ ਪਏ ਨੂੰ ਕੁੱਟੀਏ
ਵੱਖੀ ’ਚ ਉਹਦੇ ਲੱਤ ਮਾਰ ਕੇ
ਹੇਠ ਮੰਜੇ ਤੋਂ ਸੁੱਟੀਏ
ਨੀ ਪਹਿਲਾਂ ਜੱਟ ਤੋਂ ਮੱਕੀ ਪਿਹਾਈਏ
ਫੇਰ ਪਿਹਾਈਏ ਛੋਲੇ
ਜੱਟੀਏ ਦੇਹ ਦੱਬਕਾ-
ਜੱਟ ਫੇਰ ਨਾ ਬਰਾਬਰ ਬੋਲੇ
89
ਕਣਕ
ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿ ਕੇ ਖਾਵਾਂਗੇ-
ਚਿਤ ਕਰੂ ਮੁਕਲਾਵੇ ਜਾਵਾਂਗੇ
90
ਸਰਹੋਂ ਦਾ ਫੁੱਲ
ਬਣਗੇ ਸਰਹੋਂ ਦੇ ਫੁੱਲ ਆਲੂ
ਜ਼ੋਰ ਮਸਾਲੇ ਦੇ ਇੰਦੀਏ
ਕੁੱਜੇ ਚੋਂ ਲਿਆ ਮੱਖਣੀ
ਗੱਡਾ ਜਿੰਦੀਏ