ਖੰਡ ਮਿਸ਼ਰੀ ਦੀਆਂ ਡਲ਼ੀਆਂ/ਗਿੱਧਾ ਗਿੱਧਾ ਕਰੇਂ ਮੇਲਣੇ

ਗਿੱਧਾ ਗਿੱਧਾ ਕਰੇਂਂ ਮੇਲਣੇ

30


ਗਿੱਧਾ ਗਿੱਧਾ ਕਰੇਂਂ ਮੇਲਣੇ
ਗਿੱਧਾ ਪਊ ਬਥੇਰਾ
ਲੋਕ ਘਰਾਂ ਚੋਂ ਜੁੜਕੇ ਆਗੇ
ਲਾ ਬੁੱਢੜਾ ਲਾ ਠੇਰਾ
ਝਾਤੀ ਮਾਰ ਕੇ ਦੇਖ ਉਤਾਂਹ ਨੂੰ
ਭਰਿਆ ਪਿਆ ਬਨੇਰਾ
ਤੈਨੂੰ ਧੁਪ ਲੱਗਦੀ-
ਮੱਚੇ ਕਾਲਜਾ ਮੇਰਾ

31


ਗਿੱਧਾ ਗਿੱਧਾ ਕਰੇਂ ਰਕਾਨੇਂ
ਗਿੱਧਾ ਪਊ ਬਥੇਰਾ
ਪਿੰਡ ਦੇ ਮੁੰਡੇ ਦੇਖਣ ਆਗੇ
ਕੀ ਬੁੱਢਾ ਕੀ ਠੇਰਾ
ਬੰਨ੍ਹ ਕੇ ਢਾਣੀਆਂ ਆਗੇ ਚੋਬਰ
ਢੁਕਿਆ ਸਾਧ ਦਾ ਡੇਰਾ
ਅੱਖ ਚੱਕ ਕੇ ਦੇਖ ਤਾਂ ਕੇਰਾਂ
ਝੁਕਿਆ ਪਿਆ ਬਨੇਰਾ
ਤੇਰੀ ਕੁੜਤੀ ਨੇ-
ਕਢ ਲਿਆ ਕਾਲਜਾ ਮੇਰਾ

32


ਮੇਲ ਮੇਲ ਨਾ ਕਰ ਨੀ ਮੇਲਣੇ
ਮੇਲ ਬਥੇਰਾ ਆਇਆ
ਅੱਖ ਪੱਟਕੇ ਦੇਖ ਮੇਲਣੇ
ਭਰਿਆ ਪਿਆ ਬਨੇਰਾ
ਭਾਂਤ ਭਾਂਤ ਦੇ ਚੋਬਰ ਆਏ
ਗਿੱਧਾ ਦੇਖਣ ਤੇਰਾ
ਨੱਚ ਕਲਬੂਤਰੀਏ-
ਦੇ ਦੇ ਸ਼ੌਂਂਕ ਦਾ ਗੇੜਾ

33


ਨੱਕ ਵਿੱਚ ਤੇਰੇ ਲੌਂਗ ਤੇ ਮਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੂਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ ਫਿੱਕਾ
ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਨੀ ਫੇਰ ਕਦ ਨੱਚੇਂਗੀ-
ਨੱਚ ਲੈ ਪਟੋਲਾ ਬਣਕੇ

34


ਨਿੱਕੀ ਹੁੰਦੀ ਮੈਂ ਰਹੀ ਨਾਨਕੇ
ਖਾਂਦੀ ਦੁਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ-
ਦੇਵੇ ਰੂਪ ਦੁਹਾਈਆਂ

35


ਘੁੰਡ ਦਾ ਭੋਲੀਏ ਕੰਮ ਕੀ ਗਿੱਧੇ ਵਿੱਚ
ਏਥੇ ਬੈਠੇ ਤੇਰੇ ਹਾਣੀ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਰਾਣੀ
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ
ਘੁੰਡ ਚੋਂ ਮੈਂ ਅੱਖ ਪਛਾਣੀ
ਖੁਲ੍ਹਕੇ ਨੱਚ ਲੈ ਨੀ-
ਬਣ ਜਾ ਗਿੱਧੇ ਦੀ ਰਾਣੀ

36


ਸਾਵੀ ਸੁੱਥਣ ਵਾਲੀਏ ਮੇਲਣੇ
ਆਈ ਏਂ ਗਿੱਧੇ ਵਿੱਚ ਬਣ ਠਣਕੇ
ਕੰਨੀਂ ਤੇਰੇ ਹਰੀਆਂ ਬੋਤਲਾਂ
ਗਲ ਵਿੱਚ ਮੂੰਗੇ ਮਣਕੇ
ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਂਂਗੀ
ਨੱਚ ਲੈ ਪਟੋਲਾ ਬਣਕੇ

37


ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ
ਨਾ ਬੈਠੀ ਸਾਂ ਡੇਰੇ
ਨਿੱਤ ਨਮੀਆਂ ਮੈਂ ਜੋੜਾਂ ਬੋਲੀਆਂ
ਬਹਿ ਕੇ ਮੋਟੇ ਨ੍ਹੇਰੇ
ਬੋਲ ਅਗੰਮੀ ਨਿਕਲਣ ਅੰਦਰੋਂ
ਵਸ ਨਹੀਂ ਕੁਝ ਮੇਰੇ
ਮੇਲਣੇ ਨੱਚ ਲੈ ਨੀ-
ਦੇ ਦੇ ਸ਼ੌਕ ਦੋ ਗੇੜੇ

38


ਵਿਆਹੁਲੇ ਗਿੱਧੇ ਵਿੱਚ ਆਈਆਂ ਕੁੜੀਆਂ
ਰੌਣਕ ਹੋ ਗੀ ਭਾਰੀ
ਪਹਿਲਾ ਨੰਬਰ ਵਧਗੀ ਫਾਤਾਂ
ਨਰਮ ਰਹੀ ਕਰਤਾਰੀ
ਲੱਛੀ ਦਾ ਰੰਗ ਬਹੁਤਾ ਪਿੱਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ-
ਹੁਣ ਤੇਰੇ ਨੱਚਣ ਦੀ ਵਾਰੀ

39


ਚਿੱਟੀ ਚਿੱਟੀ ਕਣਕ ਦੁਆਬੇ ਦੀ
ਜਿਹੜੀ ਗਿੱਧਾ ਨੀ ਪਾਊ
ਰੰਨ ਬਾਬੇ ਦੀ

40


ਜੇ ਤੂੰ ਸੁਰਮਾਂ ਬਣਜੇਂ ਮੇਲਣੇ
ਮੈਂ ਅੱਖਾਂ ਵਿੱਚ ਪਾਵਾਂ
ਮੇਰੇ ਹਾਣ ਦੀਏ
ਤੇਰਾ ਜੱਸ ਗਿੱਧੇ ਵਿੱਚ ਗਾਵਾਂ

41


ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲੇ ਦਾ ਗਾਉਣ
ਨੀ ਅੱਖ ਤੇਰੀ ਲੋਅ ਵਰਗੀ
ਕੀ ਸੁਰਮੇਂ ਦਾ ਪਾਉਣ

42


ਜਿਹੜੇ ਪੱਤਣ ਪਾਣੀ ਅੱਜ ਲੰਘ ਜਾਣਾ
ਫੇਰ ਨਾ ਲੰਘਦਾ ਭਲਕੇ

ਬੇੜੀ ਦਾ ਪੂਰ ਤ੍ਰਿੰੰਜਣ ਦੀਆਂ ਕੁੜੀਆਂ
ਫੇਰ ਨਾ ਬੈਠਣ ਰਲਕੇ
ਨੱਚ ਕੇ ਵਖਾ ਮੇਲਣੇ
ਜਾਈਂ ਨਾ ਗਿੱਧੇ ਚੋਂ ਟਲਕੇ

43


ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਭਰਾਵੋ ਗਿੱਧਾ ਪਾਈਏ
ਸਾਨੂੰ ਸੌਣ ਸੈਨਤਾਂ ਮਾਰੇ
ਧੂੜਾਂ ਪੱਟ ਸਿੱਟੀਏ-
ਕਰਕੇ ਗਿੱਧੇ ਦੇ ਤਿਆਰੇ

44


ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ
ਇਕੋ ਜਹੀਆਂ ਮੁਟਿਆਰਾਂ
ਚੰਨ ਦੇ ਚਾਨਣੇ ਐਕਣ ਚਮਕਣ
ਜਿਊਂ ਸੋਨੇ ਦੀਆਂ ਤਾਰਾਂ
ਗਲੀਂ ਉਹਨਾਂ ਦੇ ਰੇਸ਼ਮੀ ਲਹਿੰਗੇ
ਤੇੜ ਨਮੀਆਂ ਸਲਵਾਰਾਂ
ਕੁੜੀਆਂ ਐਂ ਨੱਚਣ
ਜਿਊਂ ਹਰਨਾਂ ਦੀਆਂ ਡਾਰਾਂ

45


ਸੌਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ
ਨਣਦਾਂ ਤੇ ਭਰਜਾਈਆਂ

46


ਬੀਕਾਂਨੇਰ ਵਿੱਚ ਮੀਂਹ ਨੀ ਪੈਂਦਾ
ਸੁੱਕੀਆਂ ਵਗਣ ਜ਼ਮੀਨਾਂ
ਪਸ਼ੂ ਵਿਚਾਰੇ ਭੁੱਖੇ ਮਰਗੇ
ਕੁਤਰਾ ਕਰਨ ਮਸ਼ੀਨਾਂ

ਗਿੱਧੇ ਵਿੱਚ ਆ ਜਾ ਪੱਠੀਏ-
ਬਣ ਕੇ ਕਬੂਤਰ ਚੀਨਾ

47


ਫੱਗਣ ਮਹੀਨੇ ਮੀਂਹ ਪੈ ਜਾਂਦਾ
ਲਗਦਾ ਕਰੀਰੀਂਂ ਬਾਟਾ
ਸਰਹੋਂ ਨੂੰ ਤਾਂ ਫੁੱਲ ਲੱਗ ਜਾਂਦੇ
ਛੋਲਿਆਂ ਨੂੰ ਪਏ ਪਟਾਕਾ
ਸ਼ੌਕ ਨਾਲ ਜੱਟ ਗਿੱਧਾ ਪਾਉਂਦੇ
ਰੱਬ ਸਭਨਾਂ ਦਾ ਰਾਖਾ
ਬਸੰਤੀ ਫੁੱਲਾ ਵੇ-
ਆ ਕੇ ਦੇ ਜਾ ਝਾਕਾ

48


ਫਾਤਾਂ ਨਿਕਲੀ ਲੀੜੇ ਪਾ ਕੇ
ਹਾਕ ਹੁਕਮੀ ਨੇ ਮਾਰੀ
ਨਿੰਮ ਦੇ ਕੋਲ ਬਸੰਤੀ ਆਉਂਦੀ
ਬੋਤੀ ਵਾਂਗ ਸ਼ਿੰਗਾਰੀ
ਹੀਰ ਕੁੜੀ ਦਾ ਪਿੰਡਾ ਮੁਸ਼ਕੇ
ਨੂਰੀ ਸ਼ੁਕੀਨਣ ਭਾਰੀ
ਕਿਸ਼ਨੋ ਬਿਸ਼ਨੋ ਦੋਵੇਂ ਭੈਣਾਂ
ਕਿਸ਼ਨੋ ਹਾਲੇ ਕੁਆਰੀ
ਬਿਸ਼ਨੋ ਚੰਨ ਵਰਗੀ-
ਉਹਦੀ ਗਿੱਧੇ ਦੀ ਸਰਦਾਰੀ

49


ਭਾਬੀ ਮੇਰੀ ਆਈ ਮੁਕਲਾਵੇ
ਆਈ ਸਰ੍ਹੋਂ ਦਾ ਫੁੱਲ ਬਣਕੇ
ਗਲ ਵਿੱਚ ਉਹਦੇ ਕੰਠੀ ਸੋਹੇ
ਵਿੱਚ ਸੋਨ੍ਹੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ-
ਨੱਚ ਲੈ ਪਟੋਲਾ ਬਣਕੇ

50


ਤਾਵੇ ਤਾਵੇ ਤਾਵੇ
ਗਿੱਧੇ ਵਿੱਚ ਨਚ ਭਾਬੀਏ
ਛੋਟਾ ਦਿਓਰ ਬੋਲੀਆਂ ਪਾਵੇ
ਬੋਚ ਬੋਚ ਪੱਬ ਧਰਦੀ
ਤੇਰੀ ਸਿਫਤ ਕਰੀ ਨਾ ਜਾਵੇ

ਹੌਲੀ ਹੌਲੀ ਨੱਚ ਭਾਬੀਏ
ਤੇਰੇ ਲੱਕ ਨੂੰ ਜਰਬ ਨਾ ਆਵੇ
ਛੱਡ ਦਿਓ ਬਾਂਹ ਕੁੜੀਓ-
ਮੈਥੋਂ ਹੋਰ ਨੱਚਿਆ ਨਾ ਜਾਵੇ।

51


ਝਾਮਾਂ ਝਾਮਾਂ ਝਾਮਾਂ
ਕੁੜਤੀ ਲਿਆ ਦੇ ਟੂਲ ਦੀ
ਰੇਸ਼ਮੀ ਸੁੱਥਣ ਨਾਲ ਪਾਵਾਂ
ਕੰਨਾਂ ਨੂੰ ਕਰਾਦੇ ਡੰਡੀਆਂ
ਤੇਰਾ ਜੱਸ ਗਿੱਧੇ ਵਿੱਚ ਗਾਵਾਂ
ਮਿਸ਼ਰੀ ਕੜੱਕ ਬੋਲਦੀ-
ਲੱਡੂ ਲਿਆਮੇਂ ਤਾਂ ਭੋਰ ਕੇ ਖਾਵਾਂ

52


ਟੌਰੇ ਬਾਝ ਨਾ ਸੋਂਹਦਾ ਗੱਭਰੂ
ਕਾਠੀ ਬਾਝ ਨਾ ਬੋਤੀ
ਪੱਤਾਂ ਬਾਝ ਨਾ ਸੋਂਹਦੀ ਮੱਛਲੀ
ਤੁੰੰਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮੂੰਗੇ
ਅਸਾਂ ਐਮੇਂ ਈ ਲੜੀ ਪਰੋਤੀ
ਇਹਨੇ ਕੀ ਨੱਚਣਾ-
ਇਹ ਤਾਂ ਕੌਲੇ ਨਾਲ ਖਲੋਤੀ

53


ਉੱਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖੱਦਰ ਦੀ ਪਾਈ
ਬਾਹੀਂ ਉਹਦੇ ਸੱਜਣ ਚੂੜੀਆਂ
ਰੰਗਲੀ ਮਹਿੰਦੀ ਲਾਈ
ਕੁੜੀਆਂ ’ਚ ਚੰਦ ਚੜ੍ਹ ਗਿਆ
ਹੀਰ ਗਿੱਧੇ ਵਿੱਚ ਆਈ
ਰੌਣਕ ਕੁੜੀਆਂ ਦੀ-
ਹੋ ਗਈ ਦੂਣ ਸਵਾਈ

54


ਕੁੜੀਆਂ ਚਿੜੀਆਂ ਹੋਈਆਂ ਕੱਠੀਆਂ
ਸਭ ਤੋਂ ਚੜ੍ਹਦੀ ਨੂਰੀ
ਆਪੋ ਵਿੱਚ ਦੀ ਗੱਲਾਂ ਕਰਦੀਆਂ
ਹੁੰਦੀਆਂ ਘੂਰਮ ਘੂਰੀ

ਉਮਰੀ ਬਾਝ ਗਿੱਧਾ ਨੀ ਪੈਂਦਾ
ਆਊ ਤਾਂ ਪੈ ਜਾਊ ਪੂਰੀ
ਰਾਣੀ ਕੁੜੀ ਨੂੰ ਸੱਦਾ ਭੇਜੋ
ਜਿਹੜੀ ਨਿੱਤ ਮਲਦੀ ਕਸਤੂਰੀ
ਪੰਜ ਸੇਰ ਮੱਠੀਆਂ ਖਾ ਗਈ ਹੁਕਮੀ
ਕਰੇ ਨਾ ਸਬਰ ਸਬੂਰੀ
ਬਾਂਦਰ ਵਾਂਗੂੰ ਟੱਪਦੀ ਮਾਲਣ
ਖਾਣ ਨੂੰ ਮੰਗਦੀ ਚੂਰੀ
ਲੱਛੀ ਆਈ ਨਹੀਂ-
ਨਾ ਪੈਂਦੀ ਗਿੱਧੇ ਵਿੱਚ ਪੂਰੀ

55


ਹੁਮ-ਹੁਮਾ ਕੇ ਕੁੜੀਆਂ ਆਈਆਂ
ਗਿਣਤੀ 'ਚ ਪੂਰੀਆਂ ਚਾਲੀ
ਚੰਦੀ, ਨਿਹਾਲੋ, ਬਚਨੀ, ਪ੍ਰੀਤੋ
ਸਭ ਦੀ ਵਰਦੀ ਕਾਲੀ
ਲੱਛੀ, ਬੇਗਮ, ਨੂਰੀ, ਫਾਤਾਂ
ਸਭ ਦੇ ਮੂੰਹ ਤੇ ਲਾਲੀ
ਸਭ ਤੋਂ ਸੋਹਣੀ ਭੈਣ ਪੰਜਾਬੋ
ਓਸ ਤੋਂ ਵਧ ਕੇ ਜੁਆਲੀ
ਗਿੱਧਾ ਪਾਓ ਭੈਣੋ-
ਹੀਰ ਆ ਗਈ ਸਿਆਲਾਂ ਵਾਲੀ

56


ਸਾਡੇ ਪਿੰਡ ਦੇ ਮੁੰਡੇ ਦੇਖ ਲਓ
ਜਿਉਂ ਟਾਹਲੀ ਦੇ ਪਾਵੇ
ਕੰਨੀਦਾਰ ਉਹ ਬੰਨ੍ਹਦੇ ਚਾਦਰੇ
ਪਿੰਜਣੀ ਨਾਲ ਸੁਹਾਵੇ
ਦੁੱਧ ਕਾਸ਼ਣੀ ਬੰਨ੍ਹਦੇ ਸਾਫੇ
ਉੱਡਦਾ ਕਬੂਤਰ ਜਾਵੇ
ਮਲਮਲ ਦੇ ਤਾਂ ਕੁੜਤੇ ਪਾਉਂਦੇ
ਜਿਉਂ ਬਗਲਾ ਤਲਾ ਵਿੱਚ ਨ੍ਹਾਵੇ
ਗਿੱਧਾ ਪਾਉਂਦੇ ਮੁੰਡਿਆਂ ਦੀ-
ਸਿਫਤ ਕਰੀ ਨਾ ਜਾਵੇ