ਖੰਡ ਮਿਸ਼ਰੀ ਦੀਆਂ ਡਲ਼ੀਆਂ/ਤਿਲ ਚੌਲੀ
ਤਿਲ਼ ਚੌਲ਼ੀ
533
ਖੱਟਣ ਗਏ ਕੀ ਖੱਟ ਲਿਆਏ
ਬਾਰੀਂ ਬਰਸੀਂ ਖੱਟਣ ਗਏ
ਖੱਟ ਕੇ ਲਿਆਂਦਾ ਚੀਣਾ
ਪਿਓਕੇ ਜਾਂਦੀ ਨੂੰ-
ਬਲਦ ਜੋੜਤਾ ਮੀਣਾ
534
ਬਾਰੀਂ ਬਰਸੀਂ ਖੱਟਣ ਗਏ
ਖੱਟ ਕੇ ਲਿਆਂਦੀ ਮਾਇਆ
ਵਾਰੇ ਜਾਈਏ ਭਗਤ ਸਿੰਘ ਤੋਂ
ਜਿਨ੍ਹੇਂ ਸੰਬਲੀ 'ਚ ਬੰਬ ਚਲਾਇਆ
535
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਤਰ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲੇ ਘਰ ਵੇ
536
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਪਾਵੇ
ਬਾਬਲੇ ਨੇ ਵਰ ਟੋਲ੍ਹਿਆ
ਜੀਹਨੂੰ ਪੱਗ ਬੰਨ੍ਹਣੀ ਨਾ ਆਵੇ
537
ਨੌਕਰ ਜਾਂਦੇ ਕੀ ਖੱਟ ਲਿਆਂਦੇ
ਖੱਟ ਕੇ ਲਿਆਂਦੀ ਫੀਮ ਦੀ ਡੱਬੀ
ਵੇ ਮੈਂ ਕੋਲ ਖੜੀ-
ਚੜ੍ਹ ਗਿਆ ਚੀਨ ਨੂੰ ਗੱਡੀ
538
ਨੌਕਰ ਜਾਂਦੇ ਕੀ ਖੱਟ ਲਿਆਂਦੇ
ਖੱਟ ਕੇ ਲਿਆਂਦੀ ਨਾਸ ਦੀ ਡੱਬ
ਵੇ ਮੈਂ ਕੋਲ ਖੜੀ
ਚੜ੍ਹ ਗਿਆ ਰਾਤ ਦੀ ਗੱਡੀ
539
ਨੌਕਰ ਜਾਂਦੇ ਕੀ ਖੱਟ ਲਿਆਂਦੇ
ਖੱਟ ਕੇ ਲਿਆਂਦਾ ਡੰਡਾ
ਸਾਧਣੀ ਬਣ ਜੂੰਗੀ
ਤੈਨੂੰ ਕਰਜੂੰ ਰੰਡਾ
540
ਨੌਕਰ ਜਾਂਦੇ ਕੀ ਖੱਟ ਲਿਆਂਦੇ
ਖੱਟ ਕੇ ਲਿਆਉਂਦੇ ਸੋਡੇ ਦੀ ਪੁੜੀ
ਜੇ ਤੂੰ ਸ਼ਹਿਰੀਆ ਮੁੰਡਾ
ਮੈਂ ਵੀ ਮੋਗੇ ਦੀ ਕੁੜੀ
541
ਨੌਕਰ ਜਾਂਦੇ ਛੋਕਰ ਜਾਂਦੇ
ਖੱਟ ਕੇ ਕੀ ਕੁਝ ਲਿਆਉਂਦੇ
ਖੱਟ ਕੇ ਲਿਆਉਂਦੇ ਥਾਲ਼ੀ
ਤੈਂ ਮੈਂ ਮੋਹ ਲਿਆ ਨੀ-
ਡੰਗਰ ਚਾਰਦਾ ਪਾਲ਼ੀ
542
ਨੌਕਰ ਜਾਂਦੇ ਕੀ ਖੱਟ ਲਿਆਉਂਦੇ
ਖੱਟ ਕੇ ਲਿਆਂਦੇ ਨਾਰ ਵੇ
ਨਾਭੇ ਜੇਲ੍ਹ ਪੁਚਾ ਦੂੰਗੀ-
ਜੇ ਮਾਂ ਦੀ ਕੱਢੀ ਗਾਲ਼ ਵੇ
543
ਖੱਟ੍ਹਣ ਗਈ ਸੀ ਕੀ ਖੱਟ ਲਿਆਉਂਦੇ
ਖਟ ਕੇ ਲਿਆਉਂਦੇ ਚਿਮਟਾ
ਨਹੀਂ ਤੈਨੂੰ ਲੈ ਚਲਦਾ-
ਬਾੜ ਗੱਡਣ ਦੀ ਚਿੰਤਾ
544
ਖੱਟਣ ਗਏ ਸੀ ਕੀ ਖੱਟ ਲਿਆਉਂਦੇ
ਖੱਟ ਕੇ ਲਿਆਂਦਾ ਸੋਟਾ
ਨਹੀਂ ਤੈਨੂੰ ਲੈ ਚੱਲਦਾ-
ਵਕਤ ਸੁਣੀਂਂਦਾ ਖੋਟਾ
545
ਖੱਟਣ ਗਏ ਸੀ ਕੀ ਖੱਟ ਲਿਆਏ
ਖੱਟ ਕੇ ਲਿਆਂਦਾ ਪੀਪਾ
ਛੜਿਆਂ ਦੀ ਰੋਟੀ ਨੂੰ-
ਸਿਖਰ ਦੁਪਹਿਰਾ ਕੀਤਾ
546
ਖੱਟਣ ਗਏ ਕੀ ਖੱਟ ਲਿਆਉਂਦੇ
ਖੱਟ ਕੇ ਲਿਆਂਦੇ ਰੋੜੇ
ਇਹ ਪਿੰਡ ਕੰਜਰਾਂ ਦਾ-
ਜੀਹਨੇ ਨਿਰਨੇ ਕਾਲਜੇ ਤੋਰੇ
547
ਨੌਕਰ ਜਾਂਦੇ ਕੀ ਖੱਟ ਲਿਆਉਂਦੇ
ਖੱਟ ਕੇ ਲਿਆਂਦਾ ਕਸ ਵੇ
ਮੈਂ ਕੱਚੀ ਗੁਣਾਂ ਦੀ
ਲੰਬੀ ਦੇਖ ਨਾ ਹਸ ਵੇ
548
ਨੌਕਰ ਜਾਂਦੇ ਕੀ ਖੱਟ ਲਿਆਉਂਦੇ
ਖੱਟ ਕੇ ਲਿਆਂਦਾ ਫੁੱਲ ਵੇ
ਮੈਂ ਪੱਕੀ ਗੁਣਾਂ ਦੀ
ਮਧਰੀ ਦੇਖ ਨਾ ਡੁੱਲ ਵੇ
549
ਉੱਚੇ ਟਿੱਬੇ...
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ-
ਸ਼ਾਮਲਾਟ ਦੀ ਟਾਹਲੀ
550
ਉੱਚੇ ਟਿੱਬੇ ਇਕ ਛੋਲਿਆਂ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾਦੇ ਨੀ ਮਾਏਂ
ਜੁੜੱਤ ਬਾਕਾਂ
551
ਉੱਚੇ ਟਿੱਬੇ ਮੈਂ ਸੱਗੀ ਧੋਵਾਂ
ਸੱਗੀ ਨੂੰ ਲੈ ਗਿਆ ਕੌਂ
ਕੁੜੀ ਮੈਂ ਸਾਧਾਂ ਦੀ
ਧੰਨ ਕੁਰ ਮੇਰਾ ਨੌਂ
552
ਉੱਚੇ ਟਿੱਬੇ ਦੋ ਸਾਧੂ ਉਤਰੇ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦੇ
ਪਿਛੋਂ ਮਾਰ ਦੇ ਗੋਡਾ
ਲੱਕ ਮੇਰਾ ਪਤਲਾ ਜਿਹਾ
ਭਾਰ ਸਹਿਣ ਨਾ ਜੋਗਾ
553
ਉੱਚੇ ਟਿੱਬੇ ਮੈਂ ਤਾਣਾ ਤਣਦੀ
ਉਤੇ ਚੀਂ ਲੰਘ ਗਈ ਤਿਤਲੀ
ਵੀਰ ਦੇ ਮਹਿਲਾਂ ਚੋਂ
ਮੈਂ ਛਮ ਛਮ ਰੋਂਦੀ ਨਿਕਲੀ
554
ਉੱਚੇ ਟਿੱਬੇ ਮੈਂ ਤਾਣਾ ਤਣਦੀ
ਉੱਤੇ ਚੀਂ ਲੰਘ ਗਿਆ ਮੋਰ
ਕਦ ਘਰ ਆਵੇਂਗਾ
ਤੇਰੀ ਕਲਗੀ ਨੂੰ ਬੰਨ੍ਹਦੂ ਡੋਰ
555
ਉੱਚੇ ਟਿੱਬੇ ਮੈਂ ਤਾਣਾ ਤਣਦੀ
ਉੱਤੇ ਚੀਂ ਲੰਘ ਗਈ ਬਿੱਲੀ
ਪ੍ਰੇਮ ਨਾਲ ਆ ਜਾ ਵੇ
ਤੈਂ ਸਾਰੀ ਲੁੱਟ ਲਈ ਦਿੱਲੀ
556
ਉੱਚੇ ਟਿੱਬੇ ਇਕ ਛੋਲਿਆਂ ਦਾ ਬੂਟਾ
ਉਹਨੂੰ ਮਾਰ ਗਿਆਂ ਝਾਂਜਾ
ਥੋੜ੍ਹੀ ਥੋੜ੍ਹੀ ਮੈਂ ਵਿਗੜੀ
ਬਹੁਤਾ ਵਿਗੜ ਗਿਆ ਰਾਂਝਾ
557
ਉੱਚੇ ਟਿੱਬੇ ਮੈਂ ਭਾਂਡੇ ਮਾਂਜਾਂ
ਉੱਤੋਂ ਰੁੜ੍ਹ ਗਈ ਥਾਲੀ
ਕੈਦ ਕਰਾਦੂੰ ਗੀ-
ਮੈਂ ਡਿਪਟੀ ਦੀ ਸਾਲੀ
558
ਉੱਚੇ ਟਿੱਬੇ ਮੈਂ ਤਾਣਾ ਤਣਦੀ
ਪੱਟ ਪੱਟ ਸਿਟਦੀ ਕਾਨੇ
ਏਸ ਦੇਸ ਮੇਰਾ ਜੀ ਨੀ ਲੱਗਦਾ
ਲੈ ਚਲ ਦੇਸ ਬਿਗਾਨੇ
ਐਕਣ ਨਹੀਂ ਪੁਗਣੇ-
ਗੱਲਾਂ ਨਾਲ ਯਰਾਨੇ
559
ਉੱਚੇ ਟਿੱਬੇ ਮੈਂ ਤਾਣਾ ਤਣਦੀ
ਭਨ ਭਨੇ ਸੁਟਦੀ ਕਾਨੇ
ਏਸ ਦੇਸ਼ ਮੇਰਾ ਜੀ ਨੀ ਲੱਗਦਾ
ਲੈ ਚੱਲ ਦੇਸ ਬਿਗਾਨੇ
ਏਸ ਦੇਸ਼ ਦੇ ਕੁੱਤੇ ਭੌਂਕਣ
ਗਿੱਦੜ ਲਾਉਣ ਬਹਾਨੇ
ਇਕ ਗਿੱਦੜ ਨੇ ਮਹਿਲ ਪੁਆਇਆ
ਗੱਭੇ ਰਖਾਈ ਮੋਰੀ
ਪਹਿਲਾਂ ਲੰਘਿਆ ਸਮੁੰਦਰੀ ਤੋਤਾ
ਫੇਰ ਲੰਘੀ ਰੰਨਾਂ ਦੀ ਜੋੜੀ
ਘੇਰੀਂ ਵੇ ਮਿੱਤਰਾ-
ਲੰਘਗੀ ਰੰਨਾਂ ਦੀ ਜੋੜੀ
560
ਰੜਕੇ ਰੜਕੇ
ਰੜਕੇ ਰੜਕੇ ਰੜਕੇ
ਗੈਂ ਪਟਵਾਰੀ ਦੀ
ਦੋ ਲੈਗੇ ਚੋਰੜੇ ਫੜਕੇ
ਅੱਧਿਆਂ ਨੂੰ ਚਾਓ ਚੜਿਆ
ਅੱਧੇ ਰੋਂਦੇ ਮੱਥੇ ਹੱਥ ਧਰਕੇ
ਮੁੰਡਾ ਪਟਵਾਰੀ ਦਾ
ਬਹਿ ਗਿਆ ਕਤਾਬਾਂ ਫੜਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
ਦਾਰੂ ਪੀਣਿਆਂ ਦੇ-
ਹਿੱਕ ਤੇ ਗੰਡਾਸੀ ਖੜਕੇ
561
ਰੜਕੇ ਰੜਕੇ ਰੜਕੇ
ਗੈਂ ਪਟਵਾਰੀ ਦੀ
ਚਾਰ ਲੈ ਗੇ ਚੋਰੜੇ ਫੜਕੇ
ਦੋਂਹ ਨੂੰ ਚਾਅ ਚੜ੍ਹਿਆ
ਦੋ ਰੋਣ ਮੱਥੇ ਤੇ ਹੱਥ ਧਰਕੇ
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
ਸੱਤ ਮੁੰਡੇ ਉੱਗੀਆਂ ਦੇ
ਗਿੱਧਾ ਪਾਉਣ ਬੀਹੀਂ ਵਿੱਚ ਖੜਕੇ
ਉਹ ਘਰ ਰਤਨੀ ਦਾ
ਜਿੱਥੇ ਚਲਣ ਪੁਰਾਣੇ ਚਰਖੇ
ਅਰਜ ਗ਼ਰੀਬਾਂ ਦੀ-
ਸੁਣ ਲੈ ਪਟੋਲਿਆ ਖੜ੍ਹ ਕੇ
562
ਰੜਕੇ ਰੜਕੇ ਰੜਕੇ
ਬੋਲੀ ਮਾਰੀ ਤੂੰ ਮਿੱਤਰਾ
ਮੈਂ ਬੈਠ ਗੀ ਕਾਲਜਾ ਫੜਕੇ
ਡਾਢਿਆਂ ਦਾ ਜ਼ੋਰ ਚੱਲਿਆ
ਲੈ ਜਾਣਗੇ ਜਿਨ੍ਹਾਂ ਨੇ ਦਮ ਖਰਚੇ
ਜਿੰਦੜੀ ਢਾਈ ਦਿਨ ਦੀ
ਕੀ ਲੈਜੇਂਗਾ ਗੱਭਰੂਆ ਲੜਕੇ
ਤਾਨ੍ਹਾ ਤੇਰਾ ਤੀਰ ਮਿੱਤਰਾ-
ਮੇਰੇ ਹਾਲੇ ਵੀ ਕਾਲਜੇ ਰੜਕੇ
563
ਰੜਕੇ ਰੜਕੇ ਰੜਕੇ
ਢਿਲਵੀਂ ਜੀ ਗੁੱਤ ਵਾਲੀਏ
ਤੇਰੇ ਲੈ ਗੇ ਜੀਤ ਨੂੰ ਫੜਕੇ
ਵਿੱਚ ਕੜਵਾਲੀ ਦੇ
ਥਾਣੇਦਾਰ ਤੇ ਦਰੋਗਾ ਲੜਪੇ
ਮੂਹਰੇ ਮੂਹਰੇ ਥਾਣਾ ਭੱਜਿਆ
ਮਗਰ ਦਰੋਗਾ ਖੜਕੇ
ਸ਼ੀਸ਼ਾ ਮਿੱਤਰਾਂ ਦਾ-
ਦੇਖ ਲੈ ਪੱਟਾਂ ਤੇ ਧਰਕੇ
564
ਰੜਕੇ ਰੜਕੇ ਰੜਕੇ
ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰਕੇ
ਨੈਣ ਤੇ ਨਾਈ ਚੋਣ ਬੈਠਗੇ
ਚਾਰੇ ਟੰਗਾਂ ਫੜਕੇ
ਨੈਣ ਤਾਂ ਉੱਠੀ ਲੱਤਾਂ ਖਾਕੇ
ਨਾਈ ਉੱਠਿਆ ਭਰ ਕੇ
ਆਨੇ ਆਨੇ ਦੇ ਚੌਲ ਮੰਗਾਏ
ਗਹਿਣੇ ਗੁੱਛੀਆਂ ਧਰਕੇ
ਖਾਣ ਪੀਣ ਦਾ ਹੋਇਆ ਵੇਲਾ
ਖਾਂਦੇ ਖਾਂਦੇ ਲੜਪੇ
ਉਤੋਂ ਆਗੇ ਦੋ ਸਿਪਾਹੀ
ਦੋਹਾਂ ਨੂੰ ਲੈ ਗਏ ਫੜਕੇ
ਨੈਣ ਤਾਂ ਦਿੱਤੀ ਹਵਾਲਾਟ ਵਿੱਚ
ਨਾਈ ਤੇ ਡੰਡਾ ਖੜਕੇ
ਨਾਈ ਕਹੇ ਛੁਡਾ ਲੈ ਨੈਣੇ
ਗਹਿਣਾ ਗੱਟਾ ਧਰ ਕੇ
ਸ਼ੀਸ਼ਾ ਮਿੱਤਰਾਂ ਦਾ-
ਦੇਖ ਪੱਟਾਂ ਤੇ ਧਰਕੇ
565
ਆਰੀ ਆਰੀ ਆਰੀ
ਆਰੀ ਆਰੀ ਆਰੀ
ਭਾਗੀ ਦੇ ਬਾਪੂ ਨੇ
ਪਗ ਲਾਹ ਕੇ ਸਭਾ ਵਿੱਚ ਮਾਰੀ
ਘੜਾ ਨਾ ਚਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡਿਆਂ ਨਾਲ ਯਾਰੀ
ਖਸਮਾਂ ਨੂੰ ਖਾਣ ਕੁੜੀਆਂ
ਘੜਾ ਚੱਕਲੂੰ ਮੌਣ ਤੇ ਧਰ ਕੇ
ਆਸ਼ਕਾਂ ਨੂੰ ਨਿਤ ਬਦੀਆਂ
ਕਾਹਨੂੰ ਰੋਨੀ ਐਂ-
ਢਿਲੇ ਜਿਹੇ ਬੁਲ੍ਹ ਕਰ ਕੇ
566
ਆਰੀ ਆਰੀ ਆਰੀ
ਗ਼ਮ ਨੇ ਖਾਧੀ ਗ਼ਮ ਨੇ ਪੀਤੀ
ਗਮ ਦੀ ਕਰੋ ਨਿਆਰੀ
ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਆਉਣ ਵਪਾਰੀ
ਉਤਰਨ ਲੱਗੀ ਦੇ ਲੱਗਿਆ ਕੰਡਾ
ਹੋ ਗੀ ਰੋਗਣ ਭਾਰੀ
ਗੱਭਣਾਂ ਤੀਵੀਆਂ ਨਚਣੋਂ ਰਹਿ ਗੀਆਂ
ਫੰਡਰਾਂ ਦੀ ਆ ਗੀ ਬਾਰੀ
ਅਲ਼ਕ ਵਹਿੜਕੇ ਚਲਣੋਂ ਰਹਿ ਗੇ
ਕਨ੍ਹਿਯੋਂ ਸੁੱਟੀ ਪੰਜਾਲ਼ੀ
ਮੂਹਰੇ ਹੱਟ ਬਾਣੀਏਂ ਦੀ
ਮਗਰ ਰੰਗੇ ਲਲਾਰੀ
ਪਹਿਲਾਂ ਮੇਰੀ ਕੁੜਤੀ ਡੋਬ ਦੇ
ਮਗਰੋਂ ਡੋਬ ਫੁਲਕਾਰੀ
ਦਾਤਣ ਸੱਪ ਵਰਗੀ-
ਦਾਤਣ ਕਰੇ ਕੰਵਾਰੀ
567
ਆਰੀ ਆਰੀ ਆਰੀ
ਕਰਤਾਰ ਸਿੰਘ ਸੂਜਾ ਪੁਰੀਆ
ਜੀਹਨੂੰ ਰਿਜ਼ਕ ਲੱਗਿਆ ਸਰਕਾਰੀ
ਅਲ਼ਕ ਵਹਿੜਕੇ ਚਲਣੋਂ ਰਹਿਗੇ
ਕੰਨ੍ਹਿਓਂ ਸਿਟੀ ਪੰਜਾਲੀ
ਬੀਬੋ ਭੱਟੀਆਂ ਦੀ
ਜਿਹੜੀ ਹੈਗੀ ਬੈਲਣ ਭਾਰੀ
ਗੱਭਣਾਂ ਤੀਵੀਆਂ ਨੱਚਣੋਂ ਰਹਿ ਗੀਆਂ
ਫੰਡਰਾਂ ਦੀ ਆਈ ਬਾਰੀ
ਬਚਨਾ ਨਜਾਮ ਪੁਰੀਆ
ਜੀਹਨੇ ਪੁਲਸ ਕੁੱਟੀ ਸੀ ਸਾਰੀ
ਤੜਕਿਓਂ ਭਾਲੇਂਗਾ-
ਨਰਮ ਕਾਲਜੇ ਵਾਲੀ
568
ਆਰੀ ਆਰੀ ਆਰੀ
ਹੇਠ ਬਰੋਟੇ ਦੇ ਦਾਤਣ ਕਰੇ ਕੁਆਰੀ
ਦਾਤਣ ਕਿਉਂ ਕਰਦੀ
ਦੰਦ ਚਿੱਟੇ ਰੱਖਣ ਦੀ ਮਾਰੀ
ਦੰਦ ਚਿੱਟੇ ਕਿਉਂ ਰੱਖਦੀ
ਸੋਹਣੀ ਬਣਨ ਦੀ ਮਾਰੀ
ਸੋਹਣੀ ਕਿਉਂ ਬਣਦੀ
ਯਾਰੀ ਲਾਉਣ ਦੀ ਮਾਰੀ
ਸੁਣ ਲੈ ਹੀਰੇ ਨੀ-
ਮੈਂ ਤੇਰਾ ਭੌਰ ਸਰਕਾਰੀ
569
ਆਰੀ ਆਰੀ ਆਰੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਗਿਰਪੀ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਪੈਣ ਦੇ
ਪਿੰਡ ਚਲਕੇ ਸਮਾਦੂੰ ਚਾਲੀ
ਵਿੱਚ ਦਰਵਾਜ਼ੇ ਦੇ-
ਭਬਕਾ ਕੱਢੇ ਫੁਲਕਾਰੀ
570
ਆਰੀ ਆਰੀ ਆਰੀ
ਹੇਠ ਬਰੋਟੇ ਦੇ
ਇਕ ਫੁੱਲ ਕੱਢਦਾ ਫੁਲਕਾਰੀ
ਅੱਖੀਆਂ ਮਿਰਗ ਦੀਆਂ
ਵਿੱਚ ਕਜਲੇ ਦੀ ਧਾਰੀ
ਜੋੜਾ ਘੁੱਗੀਆਂ ਦਾ
ਉਹਦੀ ਹਿੱਕ ਤੇ ਕਰੇ ਸਵਾਰੀ
ਰੂਪ ਉਹਨੂੰ ਰੱਬ ਨੇ ਦਿੱਤਾ
ਲੱਕ ਪਤਲਾ ਪੱਟਾਂ ਤੋਂ ਭਾਰੀ
ਨੀਮੀ ਨਜ਼ਰ ਰੱਖੇ
ਸ਼ਰਮ ਹਿਆ ਦੀ ਮਾਰੀ
ਆਪੇ ਲੈ ਜਾਣਗੇ-
ਲੱਗੂ ਜਿਨ੍ਹਾਂ ਨੂੰ ਪਿਆਰੀ
571
ਆਰੀ ਆਰੀ ਆਰੀ
ਘਰਦਿਆਂ ਫਿਕਰਾਂ ਤੋਂ
ਪਾਟੀ ਲਈ ਸਲਾਰੀ
ਸੁਆਲੀ ਬਾਹਰ ਖੜ੍ਹੇ
ਕਢਣੋਂ ਪਈ ਫੁਲਕਾਰੀ
ਮੈਂ ਕਿਹੜਾ ਮੁੱਕਰੀ ਤੀ
ਮੇਰੀ ਕੁੜਤੀ ਪੰਜਾਂ ਦੀ ਪਾੜੀ
ਤੜਕਿਓਂ ਭਾਲੇਂਗਾ
ਨਰਮ ਕਾਲਜੇ ਆਲ਼ੀ
ਦਾਰੂ ਪੀ ਕੇ ਹੋ ਜਾ ਤਕੜਾ
ਮੈਂ ਕੱਚਿਆਂ ਦੁੱਧਾਂ ਦੀ ਪਾਲੀ
ਕੀ ਘੁੱਟ ਦਾਰੂ ਦੀ
ਮੇਰੀ ਸਤਿਆ ਸੂਤ ਲਈ ਸਾਰੀ
ਘੜਾ ਨਾ ਚੁਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡੇ ਨਾਲ ਯਾਰੀ
ਭਮਕੇ ਦੇ ਬੂ ਵਿਆਹ ਤੀ
ਕਣਕ ਵੇਚ ਗਿਆ ਸਾਰੀ
ਫੁੱਲ ਬਘਿਆੜੀ ਦੇ-
ਮੋਢਿਆਂ ਦੀ ਸਰਦਾਰੀ
572
ਆਰੀ ਆਰੀ ਆਰੀ
ਉਹ ਤੇਰੀ ਕੀ ਲੱਗਦੀ
ਜੀਹਨੇ ਕੋਠੇ ਤੇ ਖੜੀ ਨੇ ਅੱਖ ਮਾਰੀ
ਅੱਧੀ ਮੇਰੀ ਰੰਨ ਲੱਗਦੀ
ਅੱਧੀ ਲੱਗਦੀ ਧਰਮ ਦੀ ਸਾਲੀ
ਮੁੱਠੀਆਂ ਮੀਚ ਗਈ-
ਝਾਕਾ ਦੇਣ ਦੀ ਮਾਰੀ
573
ਆਰੀ ਆਰੀ ਆਰੀ
ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਆਉਣ ਵਪਾਰੀ
ਉਤਰਨ ਲੱਗੀ ਦੇ ਲੱਗਿਆ ਕੰਡਾ
ਦੁਖ ਹੋ ਗਿਆ ਭਾਰੀ
ਗ਼ਮ ਹੱਡਾਂ ਨੂੰ ਇਉਂ ਖਾ ਜਾਂਦਾ
ਜਿਊਂ ਲੱਕੜੀ ਨੂੰ ਆਰੀ
ਤੜਕਿਓਂ ਭਾਲੇਂਗਾ
ਨਰਮ ਕਾਲਜੇ ਵਾਲੀ
ਹੁਸਨ ਦਲੀਪੋ ਦਾ-
ਮੱਤ ਲੋਕਾਂ ਦੀ ਮਾਰੀ
574
ਆਰੀ ਆਰੀ ਆਰੀ
ਕੱਤਣੀ ਨੂੰ ਫੁੱਲ ਲੱਗਦੇ
ਕੀਤੀ ਕਿਥੋਂ ਦੀ ਪਟੋਲਿਆ ਤਿਆਰੀ
ਲੰਮੀ ਗਲ਼ੀ ਕੱਤਣ ਚੱਲੀ
ਪਾ ਕੇ ਸੂਟ ਨਸਵਾਰੀ
ਤ੍ਰਿਜਣਾਂ 'ਚ ਕੱਤਦੀ ਨੂੰ
ਕੱਚੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ
ਚਰਖਾ ਡਾਹ ਰੱਖਦੀ-
ਕੁੜੀ ਗੱਭਰੂ ਪੱਟਣ ਦੀ ਮਾਰੀ
575
ਆਰੇ ਆਰੇ ਆਰੇ
ਨੰਦ ਕੁਰ ਗੱਡੀ ਚੜ੍ਹਗੀ
ਬਚਨਾਂ ਹਾਕਾਂ ਮਾਰੇ
ਓਡਾਂ ਦੇ ਬਚਨੇ ਨੇ
ਹੱਥ ਜੋੜਕੇ ਗੰਡਾਸੀ ਮਾਰੀ
ਗੰਡਾਸੀ ਲੱਗੀ ਠਾਣੇਦਾਰ ਦੇ
ਕੋਲ ਪੁਲਸ ਖੜੀ ਸੀ ਸਾਰੀ
ਠਾਣੇਦਾਰ ਐਂ ਗਿਰਦਾ
ਜਿਵੇਂ ਗਿਰਦੀ ਮੱਕੀ ਦੀ ਪਾਲੀ
ਕਾਹਤੋਂ ਛੇੜੀ ਸੀ-
ਨਾਗਾਂ ਦੀ ਪਟਿਆਰੀ
576
ਆਰਾ ਆਰਾ ਆਰਾ
ਗਲ਼ੀਆਂ 'ਚ ਫਿਰੇ ਰੁਲ਼ਦਾ
ਤੇਰਾ ਝਾਕਾ ਲੈਣ ਦਾ ਮਾਰਾ
ਇਕ ਤੇਰੀ ਜਿੰਦ ਬਦਲੇ
ਪਿੰਡ ਵੈਰ ਪੈ ਗਿਆ ਸਾਰਾ
ਲੱਕ ਤੇਰਾ ਪਤਲਾ ਜਿਹਾ
ਵੀਣੀ ਫੜਕੇ ਪੁੱਛੇ ਵਣਜਾਰਾ
ਝਾਕਾ ਦੇਹ ਹੱਸ ਕੇ-
ਆਸ਼ਕ ਲੈਣ ਨਜ਼ਾਰਾ
577
ਆਲ਼ਾ ਆਲ਼ਾ ਆਲ਼ਾ
ਸੁਕ ਕੇ ਤਬੀਤ ਹੋ ਗਿਆ
ਤੇਰੇ ਰੂਪ ਦੀ ਫੇਰਦਾ ਮਾਲ਼ਾ
ਤੇਰੇ ਨਾ ਪਸੰਦ ਕੁੜੀਏ
ਮੁੰਡਾ ਪੰਦਰਾਂ ਮੁਰੱਬਿਆਂ ਵਾਲਾ
ਉਹ ਤੇਰਾ ਕੀ ਲੱਗਦਾ
ਛੜਾ ਮੌੜ ਬੱਕਰੀਆਂ ਵਾਲ਼ਾ
ਟੱਪ ਜਾ ਮੋਰਨੀਏਂ-
ਛਾਲ ਮਾਰ ਕੇ ਖਾਲ਼ਾ
578
ਆਰੇ ਆਰੇ ਆਰੇ
ਮਿੱਤਰਾਂ ਦੀ ਹਾ ਲਗਜੂ
ਖਾਲੀ ਜਗ ਤੋਂ ਜਾਏਂਗੀ ਮੁਟਿਆਰੇ
ਘੁੰਡ ਵਿੱਚ ਅੱਗ ਬਾਲ ਕੇ
ਜਦੋਂ ਲੰਘਦੀ ਪਤਲੀਏ ਨਾਰੇ
ਹਿੱਕਾਂ ਉੱਤੇ ਹੱਥ ਰੱਖ ਕੇ
ਰੋਂਦੇ ਗੱਭਰੂ ਵੈਰਨੇ ਸਾਰੇ
ਮੁਖੜੇ ਤੋਂ ਘੁੰਡ ਚੱਕ ਦੇ
ਜ਼ਰਾ ਆਸ਼ਕ ਨੈਣ ਨਜ਼ਾਰੇ
ਘੁੰਡ ਵਿੱਚ ਕੈਦ ਕਰਲੇ-
ਤੂੰ ਸ਼ਰਬਤੀ ਨੈਣ ਪਿਆਰੇ
579
ਆਰੇ ਆਰੇ ਆਰੇ
ਘੁੰਡ ਵਿੱਚ ਅੱਗ ਮੱਚਦੀ
ਚੁੰਨੀ ਸਾੜ ਨਾ ਲਈਂ ਮੁਟਿਆਰੇ
ਰੂਪ ਤੇਰਾ ਚੰਨ ਵਰਗਾ
ਜਿਹੜਾ ਤਪਦੇ ਦਿਲਾਂ ਨੂੰ ਠਾਰੇ
ਘੁੰਡ ਵਿੱਚ ਨਹੀਉਂ ਲੁੱਕਦੇ
ਤੇਰੇ ਕੁੜੀਏ ਨੈਣ ਕੁਆਰੇ
ਹਿੱਕ ਤੇ ਜੰਜੀਰੀ ਛਣਕੇ
ਆਸ਼ਕ ਲੈਣ ਨਜ਼ਾਰੇ
ਇਹ ਭੌਰ ਕਿਹੜੇ ਪਿੰਡ ਦਾ
ਜਿਹੜਾ ਘੁੰਡ ਚੋਂ ਅੱਖੀਆਂ ਮਾਰੇ
ਬੰਤੋ ਤੁ ਤੁਰਗੀ-
ਲਾ ਮਿੱਤਰਾਂ ਨੂੰ ਲਾਰੇ