ਖੁਲ੍ਹੇ ਲੇਖ/ਵੋਟ ਤੇ ਪਾਲਿਟਿਕਸ

52785ਖੁਲ੍ਹੇ ਲੇਖ — ਵੋਟ ਤੇ ਪਾਲਿਟਿਕਸਪੂਰਨ ਸਿੰਘ

ਵੋਟ ਤੇ ਪਾਲਿਟਿਕਸ।

ਦੁਨੀਆਂ ਦੇ ਇੰਤਜਾਮ ਉਸੀ ਤਰਾਂ ਉਠਦੇ ਤੇ ਢਹਿੰਦੇ ਰਹਿੰਦੇ ਹਨ ਜਿਸ ਤਰਾਂ ਘਰ ਦੇ ਇੰਤਜਾਮ। ਜਦ ਚੰਗੀ ਸਵਾਣੀ ਤੇ ਆਦਮੀ ਮਿਲ ਬੈਠੇ ਤੇ ਉਨ੍ਹਾਂ ਆਪਣੇ ਆਪ ਨੂੰ ਇਕ ਦੂਜੇ ਪਰ ਵਾਰ ਦਿੱਤਾ, ਤਦ ਘਰ ਟੁਰ ਪੈਂਦਾ ਹੈ। ਦੁੱਖ ਦਰਦ ਦੇ ਸਮੇ ਲਈ ਕੁਛ ਕੀੜੀ ਵਾਂਗ ਅੰਦਰ ਭੀ ਰਖਿਆ ਹੁੰਦਾ ਹੈ, ਤੇ ਬਾਕੀ ਆਪਣਾ, ਬੱਚਿਆਂ ਦਾ, ਤੇ ਆਏ ਗਏ ਦਾ ਨਿਰਬਾਹ ਵੀ ਸੋਹਣੀ ਤਰਾਂ ਚੱਲ ਜਾਂਦਾ ਹੈ, ਦੱਸਾਂ ਨੌਹਾਂ ਦੀ ਮਿਹਨਤ ਆਦਮੀ ਕਰਦਾ ਹੈ ਤੇ ਸਵਾਣੀ ਵੀ ਦਿਨ ਰਾਤ ਨਿਰਬਾਹ ਲਈ ਹਥ ਪੈਰ ਸਦਾ ਮਾਰਦੀ ਰਹਿੰਦੀ ਹੈ, ਖਾਵੰਦ ਦਾ ਹਥ ਵਟਾਂਦੀ ਰਹਿੰਦੀ ਹੈ, ਜਿਸ ਤਰਾਂ ਉਹ ਕਮਾ ਕੇ ਘਰ ਲਿਆਉਂਦਾ ਹੈ ਉਸੀ ਤਰਾਂ ਇਹ ਨਾ ਖਰਚ ਕਰਕੇ ਆਪਣੀ ਹੱਥੀ ਘਰ ਦੀਆਂ ਲੋੜਾਂ ਦੇ ਕੰਮ ਸੰਵਾਰ ਕੇ ਜੋ ਬਚਦਾ ਹੈ ਉਹ ਓਹਦੀ ਕਮਾਈ ਜਾਨਣੀ ਚਾਹੀਏ। ਹਰ ਇਕ ਪੈਸਾ ਜਿਹੜਾ ਖਰਚ ਨ ਕੀਤਾ ਜਾਵੇ ਉਹ ਬਚਿਆ ਹੀ ਸਮਝਣਾ ਚਾਹੀਏ। ਜਿਹੜੇ ਲੋਕੀ ਇਹ ਗਲ ਕਹਿੰਦੇ ਹਨ ਕਿ ਹਿੰਦੁਸਤਾਨ ਦੀਆਂ ਤੀਮੀਆਂ ਨਕੰਮੀਆਂ ਰਹਿੰਦੀਆਂ ਹਨ ਤੇ ਮਖੱਟੂ ਹਨ ਉਨ੍ਹਾਂ ਨੂੰ ਪੰਜਾਬ ਦੇ ਗ੍ਰਾਵਾਂ ਵਿੱਚ ਜਾ ਕੇ ਗੌਰ ਨਾਲ ਦੇਖਣਾਚਾਹੀਏ ਕਿ ਪੰਜਾਬੀ ਸਵਾਣੀ ਆਪਣੇ ਘਰ ਦਾ ਕਿੰਨਾ ਕਮਾਉ ਕੰਮ ਕਰਦੀ ਹੈ, ਨਿਰਾ ਖੱਦਰ ਬੁਣਨਾ ਹੀ

ਕੰਮ ਨਹੀਂ ਹੁੰਦਾ। ਕਿਸੀ ਕਾਰਖਾਨੇ ਵਿੱਚ ਜਾ ਕੇ ਭੁੜੀ ਕਰਕੇ ਚਾਰ ਕੌਡਾਂ ਘਰ ਲਿਆਏ ਬਿਨਾਤੀਮੀ ਮਖੱਟੂ ਨਹੀਂ ਦਾ ਗਿਣਨੀ ਚਾਹੀਦੀ, ਇਕ ਬਾਲ ਬੱਚੇ ਦੇ ਕੱਪੜੇ ਧੋਣੇ, ਪਤੀ ਦੇ ਕੱਪੜੇ ਧੋਣੇ, ਉਹ ਇਕ ਧੋਬੀ ਦਾ ਕੰਮ ਕਰਦੀ ਹੈ ਤੇ ਜੇ ਘਰ ਦੇ ਔਸਤਨ ੫ ਮੈਂਬਰ ਗਿਣੇ ਜਾਣ ਤੇ ਦੋ ਕੱਪੜੇ ਰੋਜ ਗਿਣੇ ਜਾਣ ਤਦ ੧੦ ਕੱਪੜੇ ਰੋਜ ਤੇ ਮਹੀਨੇ ਦੇ ੩੦੦ ਕੱਪੜੇ ਧੋਂਦੀ ਹੈ। ਗ੍ਰਾਵਾਂ ਵਿੱਚ ਸ਼ਹਿਰਾਂ ਵਾਂਗ ਸਫਾਈ ਨਹੀਂ ਆਉਂਦੀ। ਪਰ ਜੇ ਆਨਾ ਕੱਪੜਾ ਨਹੀਂ, ਪੈਸਾ ਕੱਪੜਾ ਵੀ ਗਿਣਿਆ ਜਾਏ ਤਦ ਇਕ ਐਟਮ ਧੋਬੀ ਵਿੱਚ ਹੀ ਉਹ ਸਵਾਣੀ ੩੦੦ ਪੈਸੇ ਯਾ ਚਾਰ ਰੁਪੈ ਯਾਰਾਂ ਆਨੇ ਖੱਟਦੀ ਹੈ, ਹੁਣ ਰੋਟੀ ਪਕਾਣੀ ਖਵਾਣੀ ਤੇ ਦੁਧ ਦਹੀਂ ਸਾਂਭਣਾ, ਮੱਖਣ ਬਨਾਣਾ ਇਹ ਘਰੋਗੀ ਜਿਮੀਂਦਾਰਾ ਇਨਡਸਟਰੀ ਹੈ। ਜੇ ਉਹਦੀ ਭੁੜੀ ਦਾ ਹੀ ਮੱਲ ਪਾਵੇ ਤਾਂ ਇਕ ਮਜੂਰ ਦਾ ਕੰਮ ਉਹ ਰੋਜ ਕਰਦੀ ਹੈ ਤੇ ਜੇ ਮਜੂਰ ਦੇ ੪ ਆਨੇ ਵੀ ਰੋਜ ਘੱਟੋ ਘੱਟ ਮੁੱਲ ਪਾਵੇ ਤਦ ੭ ਯਾ ੮ ਰੁਪੈ ਦੇ ਲਗ ਭਗ ਘੱਟੋ ਘੱਟ ਇਹ ਕੰਮ ਹੋਇਆ, ਹੋਰ ਘਰ ਦਾ ਨਿਕਾ ਨਿਕਾ ਦਿਲ 1 ਨਾਲ ਸਾਂਭਣ, ਪਿਆਰ ਵਿੱਚ ਬਾਲ ਬੱਚਿਆਂ ਦੇ ਸੇਵਾ ਜਿਹੜੀ ਜੇ ਹਸਪਤਾਲ ਆਦਿ ਵਿੱਚ ਹੁੰਦੀ ਹੈ, ਉਹ ਸਬ ਘਰ ਦੇ ਬਾਨ੍ਹਣੁ ਬਨਣ ਵਿੱਚ ਬੜੀ ਸਹਾਈ ਹੁੰਦੀ ਹੈ, ਸੋ ਸਮੁੱਚੀ ਤਰਾਂ ਗੌਹ ਨਾਲ ਦੇਖੀਏ ਤਦ ਗ੍ਰਾਵਾਂ ਵਿੱਚ ਉਹ ਜਿਮੀਂਦਾਰ ਜੋ ਆਪ ਹਲ ਵਾਹੁੰਦੇ ਹਨ, ਘੱਟੋ ਘਟੀ ਨਿਕਦੀ ਵਿੱਚ ਜੇ

ਨਿਰੀ ਜਿਸਮਾਨੀ ਤੇ ਮਸ਼ੀਨੀ ਕੰਮ ਦਾ ਮੁੱਲ ਪਾਵੀਏ ਤਦ ੧੫) ਰੁਪੈ ਮਾਹਵਾਰ ਥੀਂ ਕਿਸੀ ਹਾਲਤ ਘੱਟ ਨਹੀਂ ਹੋ ਸੱਕਦਾ ਤੇ ਸਾਲ ਦਾ ੧੮੦) ਰੁਪੈ ਹੋ ਜਾਂਦਾ ਹੈ। ਹੁਣ ਮੁਰੱਬਿਆਂ ਦੀ ਜੇ ਆਮਦਨ ਗਿਣੀਏ ਤਦ ਇਕ ਮੁਰੱਬਾ ਜੇ ਐਸੇ ਹਾਲੀ ਕੰਮ ਕਰਨ ਵਾਲੇ ਪਾਸ ਹੋਵੇ ਤਦ ਅੱਧੇ ਮੁਰੱਬੇ ਦੀ ਆਮਦਨ ਉਹਦੀ ਆਪਣੀ ਹੁੰਦੀ ਹੈ, ਤੇ ਜੇ ਇਹ ਔਸਤਨ ਨਕਦੀ ਮਾਇਆ ਆਬਿਆਨਾ ਆਦਿ ਕੱਡ ਕੇ ਗਿਣੀਏ ਤਦ ੩੦੦) ਰੁਪੈ ਤਕ ਸਾਲ ਦੀ ਹੁੰਦੀ ਹੈ ॥

ਸੋ ੩੦੦) ਰੁਪੈ ਸਾਲ ਚੰਗੀ ਤਕੜੀ ਕਮਾਈ ਕਰਨ ਵਾਲੇ ਦੀ ਜਰਾਇਤੀ ਆਮਦਨ ਓਥੇ ਹੈ ਜਿੱਥੇ ਪਾਣੀ ਪੀ ਨਹਰੀ ਹੈ ਤੇ ਭੌਂਂ ਨਵੀਂ ਤੇ ਕਮਾਈ ਹੋਈ ਹੈ, ਸੋ ਜਨਾਨੀ ੧੮o ਰੁਪੈ ਸਾਲ ਦਾ ਵਾਹਦੂ ਕੰਮ ਕਰਦੀ ਹੈ ਤੇ ਇਉਂ ਉਹ ੧੮੦) ਖੱਟਦੀ ਨਹੀਂ ਪਰ ਖਰਚ ਥੀਂ ਬਚਾਂਦੀ ਹੈ, ਸੋ ੩੦੦) ਰੁਪੈ ਵਿਚ ਇਹ ਪੰਜ ਇਕ ਬੱਚੇ ਸਮੇਤ ਟੱਬਰ ਮਾੜਾ ਮੋਟਾ ਪਲਦਾ ਹੈ ਪਰ ਆਮ ਕਰਕੇ ਆਮਦਨ ਦੀ ਔਸਤ ਇਸ ਤਰਾਂ ਨਹੀਂ ਹੁੰਦੀ। ਸੂਦੀ ਰੂਪੈ ਜਿਹੜੇ ਚੜ੍ਹ ਜਾਂਦੇ ਹਨ ਜਦ ਫਸਲ ਮਾੜੇ ਹੋਣ ਉਨਾਂ ਦਾ ਸੂਦ ਆਦਿ ਮਾਰ ਮੁਕਾਂਦਾ ਹੈ, ਸੋ ਮਾਲੀ ਤਰਾਂ ਇਕ ਕਾਸ਼ਤਕਾਰ ਮੁਜ਼ਾਰੇ ਦੀ ਆਮਦਨ ੨੦੦) ਤਕ ਰਹਿ ਜਾਂਦੀ ਹੈ, ਤੇ ਸਾਰੇ ਟੱਬਰ ਨੂੰ ਮਜੂਰੀ ੧੦ ਆਨੇ ਦਿਹਾੜੀ ਤਕ ਪਈ, ਤੇ ਜੇ ਪੰਜ ਆਦਮੀ ਦੀ ਨਕਦ ਮਜੂਰੀ ਪਾਓ ਕਿਉਂਕਿ ਸਾਰਾ ਟੱਬਰ ਖੇਤੀ ਦੇ ਕੰਮ ਵਿੱਚ ਲਗਾ

ਰਹਿੰਦਾ ਹੈ ਸੋ ਦੋ ਆਨੇ ਸਿਰੇ ਪਰਤੀ ਪਈ, ਹੁਣ ਦੋ ਆਨੇ ਰੋਜ ਵਿੱਚ ਕੌਣ ਚੰਗੀ ਤਰਾਂ ਜੀ ਸੱਕਦਾ ਹੈ, ਐਸੀ ਕਠਨ ਕਮਾਈ ਦਾ ਪੈਸਾ ਹਕੂਮਤ ਲੈ ਰਾਜ ਕਰਦੀ ਹੈ॥

ਹੁਣ ਇਸ ਮੁਲਕ ਵਿਚ ਧਨ ਉਪਜਾਊ ਕੰਮਸਿਵਾਏ ਖੇਤੀ ਦੇ ਹੋਰ ਆਮ ਕਰਕੇ ਕੋਈ ਨਹੀਂ ਹੈ, ਜਿੰਨਾ ਮੁਲਕੀ ਖਰਚ ਪੈਂਦਾ ਹੈ ਉਹੋ ਇਨ੍ਹਾਂ ਗਰੀਬ ਘਰਾਂ ਪਰ ਧਨ ਉਪਜਾਉ ਘਰਾਂ ਤੇ ਪੈਂਦਾ ਹੈ, ਆਖਰ ਦੱਸਾਂ ਨੌਹਾਂ ਦੀ ਮਿਹਨਤ ਨਾਲ ਹੀ ਜਮੀਨ, ਜਲ, ਮੀਂਹ, ਹਵਾ, ਧੁੱਪ ਤੇ ਮੌਸਮਾਂ ਦੇ ਅਨੇਕ ਤਰਾਂ ਦੇ ਗਰਮ ਸਰਦ ਵਟਾਂਦਰਿਆਂ ਕੋਲੋਂ ਮਦਦ ਲਈ ਜਾਂਦੀ ਹੈ, ਹੋਰ ਵੀ ਮਨੁੱਖੀ ਮਿਲਵਰਤਣ ਕੁਦਰਤ ਦੇ ਮਿਲ ਵਰਤਣ ਨਾਲ ਨਾਲ ਇਸ ਉਪਜਾਉ ਕਿਰਤ ਨੂੰ ਸਹਾਇਤ ਦਿੰਦਾ ਹੈ, ਕੁਦਰਤ ਆਪਣੀਆਂ ਸਾਰੀਆਂ ਤਾਕਤਾਂ ਬਗੈਰ ਕਿਸੀ ਮੁੱਲ ਲੈਣ ਦੇ ਉਪਜਾਊ ਕਿਰਤ ਵਾਲਿਆਂ ਦੇ ਵਰਤਣ ਲਈ ਧਰ ਦਿੰਦੀ ਹੈ, ਪਰ ਆਦਮੀ ਆਪਣੀ ਸਹਾਇਤਾ ਦਾ ਮੁੱਲ ਪਾ ਕੇ ਦਿੰਦਾ ਹੈ, ਸਰਮਾਯਾ ਜਿਸ ਨਾਲ ਕੋਈ ਅਮੀਰ ਆਦਮੀ ਜਮੀਨ ਖਰੀਦਦਾ ਹੈ ਤੇ ਫਿਰ ਵਾਹੀ ਲਈ ਕਿਸਾਨਾਂ ਨੂੰ ਦਿੰਦਾ ਹੈ, ਉਹ ਦਰਹਕੀਕਤ ਕੁਦਰਤ ਦੇ ਸਰਮਾਏ ਵਾਂਗ ਹੀ ਹੁੰਦਾ ਹੈ। ਕੁਦਰਤ ਆਪਣੀ ਨਿਕੀ ਨਿਕੀ ਤੇ ਚੁੱਪ, ਅੰਦਰ ਅੰਦਰ ਦੀ ਡਾਹਡੀ ਕਿਰਤ ਨਾਲ ਸਬ ਕੰਮ ਕਰਦੀ ਹੈ, ਤੇ ਪਲੀ ਪਲੀ ਜੋੜਦੀ ਹੈ ਤੇ ਉਹਦੇ ਕੁੱਪੇ ਰੋੜ੍ਹੇ ਜਾਂਦੇ ਹਨ, ਪਰ ਉਹ ਮਾਂ ਹੈ ਉਹ ਸਾਥੋਂ ਆਪਣੇ ਦੁੱਧ ਪਿਲਾਣ ਦਾ ਕੋਈ ਮੁੱਲ ਨਹੀਂ ਲੈਂਦੀ, ਸਾਡੇ ਆਦਮੀ ਭਰਾ ਮੁੱਲ ਲੈਂਦੇ ਹਨ, ਇਹ ਕੋਈ ਪਰੰਪਰਾ ਹੀ ਐਸੀ ਚਲੀ ਆਈ ਹੈ ਸੋ ਸਰਮਾਏ ਵਾਲਾ ਇਹ ਸਮਝਦਾ ਹੈ ਕਿ ਮੈਂ ਕਿਉਂ ਸਰਮਾਯਾ ਲਾਵਾਂ, ਪਰ ਇਹ ਉਹਦੀ ਭੁੱਲ ਹੈ ਜਿਹੜੀ ਸਦੀਆਂ ਪਿੱਛੇ ਆਪੇ ਹੀ ਕਾਨੂਨ ਤੇ ਸਹਿਜ ਸੁਭਾ ਮਨੁੱਖ ਦੀ ਇਖਲਾਕੀ ਤੇ ਮਲ ਕੀ ਤਰੱਕੀ ਹੋਣ ਨਾਲ ਨਿਕਲ ਜਾਵੇਗੀ। ਬੱਸ ਜਿਹੜੇ ਕਿਰਤ ਕਰਦੇ ਹਨ ਚਾਹੇ ਹੱਥਾਂ ਨਾਲ ਚਾਹੇ ਟੰਗਾਂ ਨਾਲ ਚਾਹੇ ਦਿਮਾਗ ਨਾਲ ਚਾਹੇ ਮਿੱਠੀ ਜੀਭ ਨਾਲ ਉਹੋ ਹੀ ਅੰਨ ਪਾਣੀ ਦੇ ਇਸ ਆਣ ਵਾਲੀ ਬਰਾਦਰੀ ਵਿੱਚ ਹੱਕਦਾਰ ਸਮਝੇ ਜਾਣਗੇ, ਜਿਹੜੇ ਅਜ ਕਲ ਸਰਮਾਏ ਉੱਤੇ ਹੀ ਲੋਕਾਂ ਦੀ ਛਾਤੀ ਤੇ ਮੁੰਗ ਦਲਦੇ ਹਨ ਉਨ੍ਹਾਂ ਨੂੰ ਰੋਟੀ ਕੱਪੜਾ ਵੀ ਮਿਲਨਾ ਮੁਸ਼ਕਲ ਹੋ ਜਾਵੇਗਾ। ਕੁਲ ਜਾਇਦਾਦ ਤੇ ਮਾਲ ਦੀ ਹੈਸੀਅਤ ਆਖਰ ਹੱਥਾਂ ਪੈਰਾਂ, ਆਪਣੇ ਨੈਨ ਪ੍ਰਾਣਾਂ ਤੇ ਰਹਿ ਜਾਏਗੀ, ਕੋਈ ਆਦਮੀ ਅਮੀਰ ਜਨਮ ਥਾਂ ਨਹੀਂ ਹੋ ਸਕੇਗਾ। ਆਪਣੀ ਕਿਰਤ ਕਰਕੇ ਆਪਣੇ ਜੀਵਣ ਪ੍ਰਯੰਤ ਹੀ ਅਮੀਰ ਯਾ ਗਰੀਬ ਹੋ ਸੱਕੇਗਾ, ਅਮੀਰੀ ਗਰੀਬੀ ਨਸਲ ਬਨਸਲ ਨਹੀਂ ਚਲ ਸੱਕੇਗੀ, ਕਿ ਸਰਮਾਏ ਨੂੰ ਨਕੰਮਾ ਰੱਖਣ ਦੀ ਆਗਿਯਾ ਹੀ ਨਹੀਂ ਮਿਲੇਗੀ। ਕਿਰਤਾਂ ਉੱਪਰ ਹੀ ਨਬੇੜੇ ਹੋਣਗੇ। ਪਰ ਜਦ ਤਕ ਉਹ ਜਾਇਦਾਦ ਤੇ ਮਾਲੀ ਧਨ ਬਰੋਬਰੀ ਨਹੀਂ ਆਉਂਦੀ, ਤਦ ਤਕ ਚਾਲ, ਓਸ ਸੇਧ ਵੱਲ ਹੋ ਜਾਸੀ ਤੇ ਇਨਸਾਨੀਅਤ ਤੇ ਬਰੋਬਰ ਦਾ

ਸੁਫਨਾ ਕਦੀ ਸਮੇ ਪਾ ਕੇ ਪੂਰਾ ਹੋਵੇਗਾ॥

ਹਾਲਾਂ, ਯੂਰਪ ਦੇ ਇਤਹਾਸ ਨੂੰ ਵੇਖਣਾ ਇਕ ਬੜੀ ਸਿਖਿਆ ਦੇਣ ਵਾਲੀ ਗੱਲ ਹੈ, ਯੂਰਪ ਵਿੱਚ ਸਾਡੇ ਦੇਸ਼ ਵਾਂਗ ਜਿਸ ਤਰਾਂ ਇਥੇ ਕਦੀ ਹੋ ਚੁੱਕਾ ਹੈ ਥੋੜ੍ਹੇ ਜਿਹੇ ਚਿਰ ਖੇਤੀ ਉੱਪਰ ਕੰਮ ਕਰਕੇ ਰੋਟੀ ਕਪੜਾ ਚੰਗਾ ਮਿਲ ਨਹੀਂ ਸੀ ਸੱਕਦਾ ਸਾਡਿਆਂ ਬਚਪਨ ਦੇ ਸਮਿਆਂ ਵਿੱਚ ਤਿੰਨ ਤਿੰਨ ਸੇਰ ਰੁਪੈ ਦਾ ਘਿਓ, ਤੇ ੩੦ ਸੇਰ ਰੁਪੈ ਦਾ ਆਟਾ ਮਿਲਦਾ ਰਿਹਾ ਹੈ, ਉਸ ਤੇ ਸਿਰ ਸਿਰ ਬਾਜੀ ਲਾਣ ਵਾਲੀ ਸ਼ਕਲ ਵਿੱਚ ਅਜ ਤਕ ਸਾਡੇ ਸਾਹਮਣੇ ਨਹੀਂ ਆਇਆ, ਹੁਣ ਆ ਰਿਹਾ ਹੈ, ਪਰ ਸਦੀਆਂ ਥੀਂ ਯੂਰਪ ਵਿੱਚ ਇਹ ਸਵਾਲ ਸਭ ਥੀਂ ਪਹਿਲਾ ਰਿਹਾ ਹੈ। ਉਸ ਕਰਕੇ ਲੋਕਾਂ ਦੇ ਦਿਲ ਨੂੰ ਕੁਝ ਹੁੰਦਾ ਸੀ ਜਦ ਬਾਦਸ਼ਾਹ ਉਨ੍ਹਾਂ ਦੇ ਲਹੂ ਦੇ ਕਤਰੇ ਵਗਾ ਕੇ ਕਮਾਇਆ ਪੈਸਾ ਬਰਬਾਦ ਕਰਦੇ ਸਨ। ਪਹਿਲਾਂ ਪਹਿਲ ਹਰ ਮੁਲਕ ਵਿੱਚ ਬਾਦਸ਼ਾਹ। ਆਪਣੇ ਆਪ ਨੂੰ ਰੱਬ ਵੱਲੋਂ ਆਏ ਰਾਜੇ ਸਮਝਦੇ ਸਨ, ਪਰ ਮਖਲੂਕ ਦਾ ਨੌਕਰ ਸਮਝ ਕੇ ਥੋੜਾ ਥੋੜ੍ਹਾ ਖਰਚ ਆਪਣੇ ਭੋਗ ਬਿਲਾਸਾਂ ਤੇ ਕਰਦੇ ਸਨ। ਉਨ੍ਹਾਂ ਖਰਚ ਦੇ ਦੇਣਾ ਤੇ ਉਨ੍ਹਾਂ ਨੂੰ ਰਾਜ ਕਾਜ ਦੇ ਨੀਤੀ ਆਦਿਕ ਦੇ ਕੰਮ ਸੌਂਪ ਦੇਣੇ ਲੋਕੀ ਖੁਸ਼ੀ ਨਾਲ ਬਰਦਾਸ਼ਤ ਕਰਦੇ ਸਨ ਪਰ ਜਦ ਬਾਦਸ਼ਾਹ ਭੋਗੀ ਤੇ ਕਾਮੀ ਹੋ ਗਏ ਤੇ ਲੱਗੇ ਰੁਪੈ ਆਪਣੇ ਭੋਗ ਬਿਲਾਸਾਂ ਤੇ ਖਰਚਣ ਤਦ ਮਖਲੂਕ ਮੁਕਾਬਲੇ ਤੇ ਖੜੀ ਹੋ ਗਈ ਤੇ ਉਨ੍ਹਾਂ ਦੇ ਬਲਵਾਨ ਤੇ ਧਰਮ ਨੇਤਾ ਆਗੂਆਂ ਨੇ ਇਹ ਨੇਮ ਰਚਿਆ ਕਿ "ਜੋ ਟੈਕਸ ਰੱਯਤ ਦਿੰਦੀ ਹੈ ਉਹ ਰੱਯਤ ਦੀ ਮਰਜੀ ਬਿਨਾਂ ਕਿਧਰੇ ਖਰਚ ਨਾ ਕੀਤਾ ਜਾਵੇ" ਸਦੀਆਂ ਲੜ ਲੜ ਕੇ ਇਹ ਅਸੂਲ ਉਨ੍ਹਾਂ ਆਪਣੇ ਪਾਲਿਟਿਕਸ ਦਾ ਅਸੂਲ ਬਣਾਇਆ, ਜਿਸ ਤਰਾਂ ਪਹਿਲੇ ਜਮਾਨਿਆਂ ਵਿੱਚ "ਬਾਦਸ਼ਾਹ ਕਦੀ ਕੁਛ ਮਾੜੀ ਗੱਲ ਕਰ ਹੀ ਨਹੀਂ ਸੱਕਦਾ ਜੋ ਉਹ ਕਰੇ ਸਾਨੂੰ ਮਨਜ਼ੂਰ ਹੈ"-- ਇਕ ਸਲਤਨਤ ਦਾ ਅਸੂਲ ਸੀ, ਇਸ ਪੁਰਾਣੇ ਅਸੂਲ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢਣ ਲਈ ਤੇ ਨਵੇਂ ਨੂੰ ਪਾਣ ਲਈ ਸਦੀਆਂ ਲਈ ਜੰਗ ਤੇ ਖੂਨ ਖਰਾਬੇ ਹੋਏ ਤੇ ਹੁਣ ਵੀ ਹੋ ਰਹੇ ਹਨ ਤੇ ਹਾਲੇਂ ਕੁਛ ਬਹੁਤ ਸੂਤ ਮਾਮਲੇ ਨਹੀਂ ਹੋਏ। ਤਾਂ ਵੀ ਕਾਨੂੰਨ ਇਸੀ ਬਨਤਰ ਦੇ ਬਣ ਗਏ ਹਨ, ਭਾਵੇਂ ਧਨ ਵਾਲੇ ਲੋਕ ਮਿਲਕੇ ਇਨ੍ਹਾਂ ਕਾਨੂੰਨਾਂ ਨੂੰ ਮੁੜ ਪੁਰਾਣੇ ਬਾਦਸ਼ਾਹੀ ਦੇ ਅਸਲਾਂ ਵਾਂਗ ਵਰਤਕੇ ਉਹੋ ਜਿਹਾ ਕਰ ਦਿੰਦੇ ਹਨ। ਇਕ ਬਾਦਸ਼ਾਹ ਦੀ ਥਾਂ ਹੁਣ ਅਨੇਕ ਬਾਦਸ਼ਾਹ ਹਨ ਜਣਾ ਖਣਾ ਬਾਦਸ਼ਾਹ ਬਣ ਬੈਠਦਾ ਹੈ, ਤਾਂ ਵੀ ਅਸੂਲ ਉਨ੍ਹਾਂ ਮੁਲਕਾਂ ਵਿੱਚ ਕਾਇਮ ਹੋ ਚੁਕਾ ਹੈ ਕਿ ਜੋ ਰੁਪਿਆ ਕਮਾਏ ਤੇ ਟੈਕਸ ਭਰੇ, ਉਹਦੇ ਖਰਚਣ ਉੱਤੇ ਉਹਨੂੰ ਪੂਰਾ ਅਧਿਕਾਰ ਹੈ। ਸੋ ਇਸ ਗੱਲ ਨੂੰ ਅਮਲ ਵਿੱਚ ਲਿਜਾਣ ਲਈ ਇਹ ਜਰੂਰੀ

ਹੋਇਆ ਕਿ ਮਖਲੂਕ ਦੀ ਵੋਟ ਨਾਲ ਰਾਜ ਤੇ ਮੁਲਕ ਦੇ ਮਾਮਲਿਆਂ ਨੂੰ ਨਜਿਠਣ ਦੇ ਕੰਮ ਵਾਸਤੇ ਕੌਂਸਲਾਂ ਬਣਨ। ਅਨੇਕ ਤਰਾਂ ਦੀਆਂ ਬਨਤਰਾਂ ਬਣੀਆਂ, ਕਿਸ ਕਿਸ ਨੂੰ ਵੋਟ ਦੇਣ ਦਾ ਅਧਿਕਾਰ ਹੋਵੇ, ਅਸਲ ਗੱਲ ਤਾਂ ਇਹ ਹੈ ਕਿ ਹਰ ਇਕ ਮਨੁੱਖ ਜਿਹੜਾ ਆਪਣੀ ਵਿਤ ਮੁਤਾਬਕ ਧਨ ਉਪਜਾਊ ਕੰਮ ਕਰਦਾ ਹੈ ਉਹਦੀ ਵੋਟ ਹੋਣੀ ਚਾਹੀਏ, ਪਰ ਇਸ ਤਰਾਂ ਉਹ ਆਦਮੀ ਵਿੱਚ ਨਹੀਂ ਆ ਸੱਕਣਗੇ ਜਿਹੜੇ ਦਿਮਾਗ਼ੀ ਤਾਕਤ ਨਾਲ ਉਸ ਉਪਜਾਏ ਧਨ ਦਾ ਚੰਗਾ ਵਰਤਣ ਤੇ ਸੰਭਾਲਣ ਦੀ ਕਾਬਲੀਅਤ ਰਖਦੇ ਹਨ, ਸੋ ਵੋਟ ਦੇਣ ਦੇ ਹੱਕ ਵਾਸਤੇ ਫਿਰ ਮੁੜ ਕਈ ਤਰਾਂ ਦੀਆਂ ਸ਼ਰਤਾਂ ਰਚੀਆਂ ਆਖਰ ਹੁਣ ਪਿਛਲੇ ਯਾ ਉਸ ਥਾਂ ਪਿਛਲੇਰੇ ਸਾਲ ਬੜਾ ਚਿਰ ਰੌਲਾ ਪਾਣ ਤੇ ਜਨਾਨੀਆਂ ਨੂੰ ਵੀ ਵੋਟ ਦੇਣ ਦਾ ਆਧਿਕਾਰ ਕਾਨੂਨੀ ਤੌਰ ਤੇ ਮਿਲਿਆ॥

ਪੁਰਾਣੀ ਬਾਦਸ਼ਾਹੀ ਸ਼ਖਸੀ ਸੀ, ਚੰਗੇ ਆਦਮੀ ਜੁੜ ਬੈਠੇ ਤੇ ਰਾਜ ਚੰਗਾ ਹੋ ਗਿਆ, ਮੁਲਕ ਸ੍ਵਰਗ ਹੋ ਗਿਆ ਤੇ ਜੋ ਮਾੜੇ ਆ ਗਏ ਤਦ ਤਬਾਹੀ, ਤੇ ਜ਼ੁਲਮ ਛਾ ਗਿਆ, ਤੇ ਨਿੱਕੇ ਨਿੱਕੇ ਰਾਜਾਂ ਵਿੱਚ ਇਹ ਗੱਲ ਬਣ ਤੇ ਬਿਗੜ ਜਾਂਦੀ ਸੀ। ਪਰ ਜਦ ਰਾਜਧਾਨੀਆਂ ਵੱਡੀਆਂ ਹੋਈਆਂ ਤਦ ਚੰਗੇ ਰਾਜਿਆਂ ਨੇ ਸੂਬੇ ਚੰਗੇ ਚੁਣੇ, ਚੰਗੇ ਆਦਮੀ ਮਿਲੇ ਤੇ ਮੁਲਕੀ ਹਾਲਤ ਵਾਹ ਵਾਹ ਹੋ ਗਏ, ਨਹੀਂ ਤਾਂ ਉਹੋ ਖੋਸੜੇ ਤੇ ਉਹੋ ਭਾਈ ਬਸੰਤਾ ਹੋਰੀ। ਹੁਣ ਅਸ਼ੋਕ ਵਰਗੇ ਰਾਜਿਆਂ ਤੇ ਉਨ੍ਹਾਂ ਦੇ ਰਾਜ

ਕਰ ਜਾਣ ਵਾਲੀਆਂ ਉਹ ਚਮਕਦੀਆਂ ਤਾਕਤਾਂ, ਦਯਾ, ਦਰਦ, ਤੇ ਸੇਵਾ ਦੇ ਭਾਵ ਕਿਸ ਮਖਲੂਕ ਦੀ ਵੋਟ ਵਾਲੇ ਰਾਜ ਨੇ ਕਿਸ ਮੁਲਕ ਵਿੱਚ ਅਨੁਭਵ ਕਰ ਲੈਣੇ ਹਨ? ਪਰ ਨਮਰੂਦ ਨੀਰੋ ਜਿਹੇ ਭੈੜੇ ਰਾਜੇ ਤੇ ਉਸ ਥੀਂ ਵੀ ਭੈੜੇ ਵਜੀਰ ਮੁਸਾਹਿਬਾਂ ਦੇ ਜ਼ੁਲਮ ਜੇਹੜੇ ਰੋਮ ਆਦਿਕ ਚਕ੍ਰਵਰਤੀ ਰਾਜਾਂ ਵਿੱਚ ਹੋਏ ਉਹ ਕੋਈ ਮਾਂ ਦਾ ਜੰਮਿਆ ਜਿਸ ਵਿਚ ਇਨਸਾਨੀਅਤ ਦੇ ਖੂਨ ਦਾ ਕੋਈ ਵੀ ਕਤਰਾ ਬਾਕੀ ਹੈ ਕਿਸ ਤਰਾਂ ਹੁਣ ਇਨ੍ਹਾਂ ਬਨਤਰਾਂ ਵਿੱਚ ਸਹਾਰ ਸਕਦਾ ਹੈ। ਸੋ ਮਖਲੂਕ ਆਖਰ ਯੂਰਪ ਵਿੱਚ ਉੱਠੀ, ਬਾਦਸ਼ਾਹਾਂ ਨੂੰ ਫਾਂਸੀ ਲਟਕਾਇਆ, ਗੋਲੀਆਂ ਨਾਲ ਮਾਰਿਆ, ਜ਼ਾਲਮ ਜਰਵਾਣੇ ਭੋਗ ਲਮਪਟ ਬਾਦਸ਼ਾਹਾਂ, ਵਜੀਰਾਂ, ਰਾਣੀਆਂ ਆਦਿਕ ਸਮੇਤ ਸਲੇਟ ਸਾਫ ਕੀਤੀ। ਹੁਣ ਪਾਰਲੀਮਿੰਟਾਂ ਤੇ ਕੌਂਸਲਾਂ ਤੇ ਰੀਪਬਲਕਾਂ ਬਣੀਆਂ, ਇਸ ਵਿੱਚ ਮਖਲੂਕ ਦੀ ਵੋਟ ਨਾਲ ਇੰਤਜ਼ਾਮ ਕਰਨ ਲਈ ਪ੍ਰਤੀਨਿਧੀ ਚੁਣੇ ਗਏ, ਪਰ ਹਰ ਇਕ ਆਦਮੀ ਅਸ਼ੋਕ ਵਰਗਾਲਾਇਕ ਹੋਵੇ, ਹੋਰ ਨਹੀਂ ਤੇ ਆਪਣੀ ਵੋਟ ਦੇਣ ਵਿੱਚ ਬਸ ਇਕ ਵੋਟ ਦੀ ਹੀ ਹਦ ਤਕ ਅਸ਼ੋਕ ਵਰਗਾ ਹੋਵੇ ਤਦ ਉਹ ਠੀਕ ਚੋਣ ਕਰ ਸਕੇ! ਆਮ ਹੁੰਦਾ ਕੀ ਹੈ ਕਿ ਉਸਨੂੰ, ਹਰ ਇਕ ਰਾਜ ਦਾ ਕੰਮ ਕਰਨ ਦੀ ਚਾਹ ਵਾਲਾ ਆਦਮੀ, ਵੋਟ ਦੇਣ ਵਾਲੇ ਨੂੰ, ਕਾਬੂ ਕਰਨ ਦੀ ਤੇ ਆਪਣੇ ਪਾਸੇ ਖਿੱਚਣ ਦੀ ਕਰਦਾ ਹੈ। ਕਦੀ ਤੇ ਰਾਜਸੀ ਗੁਣਾਂ ਕਰਕੇ ਵੋਟ ਦੇਣ ਤੋਂ ਵਾਲਾ ਗੱਲ ਨੂੰ ਚੰਗੀ ਤਰਾਂ ਸਮਝ ਕੇ ਵੋਟ ਦਿੰਦਾ ਹੈ ਤੇ ਕਦੀ

ਉਹ ਕਿਸੀ ਲਾਲਚ ਵਿੱਚ ਆਕੇ ਅਸ਼ੋਕ ਦੀ ਕੋਈ ਕਸਰ ਅਸ਼ਾਰੀਆ ਬਲਕਿ ਜ਼ਾਲਮ ਨੀਰੋ ਦੀ ਕਸਰ ਅਸ਼ਾਰੀਆ ਬਣ ਕੇ ਵੋਟ ਦੇ ਹੱਕ ਨੂੰ ਭੈੜੀ ਤਰਾਂ ਵਰਤਦਾ ਹੈ। ਸੋ ਚੰਗੇ ਰਾਜਸੀ ਕੰਮ ਕਰਨ ਦੀ ਯੋਗਤਾ ਤੇ ਲਿਆਕਤ ਵਾਲੇ ਲਾਇਕ ਪੁਰਸ਼ਾਂ ਤੀਵੀਆਂ ਦੀ ਥਾਂ ਭੈੜੇ ਆਦਮੀ ਪਾਰਲੀਮਿੰਟ ਵਿੱਚ ਭੇਜ ਦਿੰਦਾ ਹੈ, ਸੋ ਮੁੜ ਗੱਲ ਉੱਥੇ ਦੀ ਉੱਥੇ ਰਹੀ| ਆਦਮੀ ਦੇ ਬਣਾਏ ਸਿਲਸਿਲੇ ਮੁਲਕੀ ਬਨਤਰਾਂ ਬਨਾਉਣ ਉੱਪਰ ਗੱਲ ਨਹੀਂ ਮੁਕਦੀ, ਮੁੜ ਬੰਦਿਆਂ ਦੇ ਚੰਗੇ ਹੋਣ ਤੇ ਚੰਗੀ ਚੋਣ ਉੱਤੇ ਹੀ ਗੱਲ ਰਹਿੰਦੀ ਹੈ। ਪੁਰਾਣੇ ਜਮਾਨਿਆਂ ਥੀਂ ਜੋ ਰਾਜਸੀ ਕੰਮ ਕਰਦੇ ਚਲੇ ਆਏ ਹਨ ਉਨਾਂ ਦੇ ਖੂਨ ਵਿੱਚ ਹੀ ਉਹ ਕੰਮ ਕਰਨ ਦੀ ਕੁਛ ਕਾਬਲੀਅਤ ਹੁੰਦੀ ਹੈ ਤੇ ਹਰ ਕੰਮ ਲਈ ਆਪਣੀ ਆਪਣੀ ਤਰਾਂ ਦੀ ਕਾਬਲੀਅਤਾਂ ਦੀ ਲੋੜ ਹੁੰਦੀ ਹੈ, ਸੋ ਇਸ ਤਰਾਂ ਉਹ ਲੋਕੀ ਜੋ ਪਹਿਲੇ ਇਕ ਵੱਡੇ ਰਾਜੇ ਦੀ ਖੁਸ਼ਾਮਦ ਦਰਾਮਦ ਵਿੱਚ ਰਹਿ ਕੇ ਆਪਣਾ ਹੁਨਰ ਦੱਸਦੇ ਸਨ ਤੇ ਕੰਮ ਰਾਜ ਦਾ ਕਰਦੇ ਸਨ ਉਹ ਹੁਣ ਇਕ ਇਕ ਵੋਟ ਦੇਣ ਵਾਲੇ ਦੇ ਦਵਾਲੇ ਚੱਕਰ ਮਾਰਦੇ ਹਨ। ਤੇ ਇਓਂ ਮੁੜ ਉਹੋ ਜਿਹੇ ਹੀ ਲੋਕ ਰਾਜਸੀ ਕੰਮ ਨਜਿਠਦੇ ਹਨ, ਗੱਦੀ ਉੱਪਰ ਉਹੋ ਬਹਿਣ ਜੋ ਬਹਿੰਦੇ ਆਏ ਹਨ। "ਜਿਸ ਕਾ ਕਾਮ ਉਸੀ ਕੇ ਸਾਜੇ ਔਰ ਕਰੇ ਤੇ ਠੀਗਾਂ ਬਾਜੇ", ਇਸ ਮੁਲਕੀ ਕਾਇਦੇ ਵਿੱਚ ਵੀ ਉਹੋ ਖਾਣ ਲਗਦਾ ਹੈ, ਸਾਈਸੀ ਇਲਮ ਦਰਯਾਈ ਹੈ ਕੌਣ ਬਕਸੂਆ ਕਹਾਂ ਲਾਗਤ ਹੈ ਸਾਈਸ ਹੀ ਜਾਣੇ, ਸੋ ਰਾਜਸੀ ਕੰਮ ਕਰਨ ਵਾਲੇ ਲੋਕ ਸਦੀਆਂ ਪ੍ਰਯੰਤ ਇਹ ਕੰਮ ਕਰਨ ਨਾਲ ਲੀਨ ਪ੍ਰਭੀਨ ਹੋਏ, ਮਖਲੂਕ ਵਿੱਚ ਹੀ ਇਕ ਖਾਸ ਤਬਕਾ ਇਸ ਲਿਆਕਤ ਦਾ ਪੁਰਾਣੇ ਸਿਲੇ ਸਿਲੇ ਵਿੱਚ ਹੀ ਉਪਜ ਪਿਆ ਸੀ ਤੇ ਉਹੋ ਜਮਾਤ ਨਵੇਂ ਘੜਾਂ ਵਿੱਚ ਘੜੀ ਗਈ। ਅੱਗੇ ਇਹ ਲੋਕਾਂ ਬਾਦਸ਼ਾਹਾਂ ਦੀ ਵਜ਼ੀਰੀ ਤੇ ਸੂਬੇ ਦਾਰ ਕਰਦੇ ਸਨ, ਹੁਣ ਉਹੋ ਹੀ ਵੋਟ ਦੇਣ ਵਾਲਿਆਂ ਦੀ ਛਿੰਝ ਜਾ ਪਹੁੰਚੇ ਤੇ ਇਕ ਬਾਦਸ਼ਾਹ ਦੀ ਥਾਂ ਅਨੇਕਪਰ ਨਿੱਕੇ ਨਿੱਕੇ ਬਾਦਸ਼ਾਹਾਂ ਦੀਆਂ ਕਸਰਾਂ ਕਿਰਸਾਂ ਦੇ ਦਵਾਲੇ ਘੁਮਣ ਲੱਗ ਪਏ। ਕੌਂਸਲ ਵਿੱਚ ਗਏ ਬੰਦਿਆਂ ਉੱਪਰ ਕੁਛ ਭੇ ਪੈ ਗਿਆ ਜੇ ਮਾੜੇ ਨਿਕਲੇ, ਮਖਲੂਕ ਖੁਸ਼ੀ ਨ ਰਹੀ, ਤਦ ਅਸੀ ਤਖਤੋਂ ਉਤਾਰੇ ਜਾਵਾਂਗੇ, ਇਕ ਤਖਤ ਦੇ ਅਨੇਕ ਟੁਕੜੇ ਹੋਏ ਤੇ ਇਕ ਮਿਉਨਸਿਪਲ ਕਮੇਟੀ ਦਾ ਮੈਂਬਰ ਤੇ ਪ੍ਰਧਾਨ ਵੀ ਆਪਣੀ ਵਿਤ ਦੀ ਹੱਦ ਵਿੱਚ ਇਕ ਬਾਦਸ਼ਾਹ ਹੋ ਗਿਆ। ਨਾਮ ਤਾਂ ਕਰਮਚਾਰੀ ਦਾ ਹੀ ਮਿਲਿਆ, ਪਰ ਉਸਦਾ ਦਿਮਾਗ ਤੇ ਉਸ ਦੀ ਵਰਤੋਂ ਆਪਣੀ ਹੱਦ ਵਿੱਚ ਇਕ ਬਾਦਸ਼ਾਹ ਦੀ ਵਰਤੋਂ ਹੋ ਗਈ, ਹੁਣ ਅਮਰੀਕਾ ਦਾ ਪ੍ਰੈਜ਼ੀਡੈਂਟ ਲੋਕਾਂ ਦੀ ਚੋਣ ਭਾਵੇਂ ਕਈ ਤਰਾਂ ਦੇ ਲਾਲਚਾਂ, ਮਜਬੂਰੀਆਂ, ਰਿਸ਼ਵਤਾਂ, ਲਾਲਚਾਂ, ਧਨਾਢ ਲੋਕਾਂ ਦੇ ਸਮੂਹ ਦੇ ਸਮੂਹ ਅਕੱਠਾਂ, ਦੇ ਨਾਜਾਇਜ਼ ਬਲ ਨਾਲ ਖਰੀਦੀਆਂ ਵੋਟਾਂ ਨਾਲ ਹੋਈ

ਹੋਵੇ ਇਕ ਰਾਜਾ ਹੀ ਹੈ, ਸੋ ਜੋ ਰੁਪਿਯਾ ਟੈਕਸ ਦਾ ਮੁਲਕ ਲਈ ਅਕੱਠਾ ਕੀਤਾ ਜਾਂਦਾ ਹੈ, ਉਹਦਾ ਖਰਚ ਕਰਨਾ ਕਹਿਣਮਾਤ੍ਰ ਹੀ ਹੈ ਕਿ ਮਖਲੂਕ ਦੀ ਮਰਜ਼ੀ ਮੁਤਾਬਕ ਹੁੰਦਾ ਹੈ ਅਸਲ ਵਿੱਚ ਤਾਂ ਜੋ ਘੋੜੇ ਤੇ ਚੜ੍ਹਿਆ ਹੋਇਆ ਹੈ ਉਹਦੀ ਚਾਬਕ ਨਾਲ ਹੀ ਕੰਮ ਤੁਰਦੇ ਹਨ, ਅਗੇ ਇਕ ਭਲਾਪੁਰਸ਼ ਕੋਈ ਹੁੰਦਾ ਸੀ ਤੇ ਉਹ ਆਪਣੇ ਰੁਹਬ ਨਾਲ ਚੋਣ ਕਰ ਲੈਂਦਾ ਸੀ ਤੇ ਹੁਣ ਕਈ ਭਲੇ ਪੁਰਸ਼ ਹੁੰਦੇ ਹਨ ਜਿਹੜੇ ਆਪਣੀ ਚੋਣ ਮਖਲੂਕ ਪਾਸੋਂ ਆਪਣੀ ਮਰਜੀ ਦੀ ਕਰਾਕੇ ਰਾਜ ਕਰਦੇ ਹਨ। ਗੱਲ ਉੱਥੇ ਦੀ ਉੱਥੇ ਹੀ ਪਰ ਇਕ ਤਰਾਂ ਦਾ ਰੂਪ ਅੰਤਰ ਹੋਕੇ ਲੋਕਾਂ ਨੂੰ ਆਪਣੇ ਬਲ ਦਾ ਕੁਛ ਮੱਧਮ। ਜਿਹਾ ਗਿਆਨ ਹੋ ਗਿਆ, ਸਮੇਂ ਪਾਕੇ ਮਖਲੂਕ ਆਪਣੀਆਂ ਜਿਮੇਵਾਰੀਆਂ ਸਮਝ ਕੇ ਇਨ੍ਹਾਂ ਪੁਰਾਣੀਆਂ ਆਦਤਾਂ ਵਾਲੇ ਮੁਲਕੀ ਕਰਮਚਾਰੀਆਂ ਨੂੰ ਸੋਧ ਲੈਣਗੇ, ਸੋ ਜੋ ਗੱਲ ਸਦੀਆਂ ਬਾਹਦ ਵੀ ਹਾਲੇ ਯੂਰਪ ਵਿੱਚ ਅੱਧੀ ਪੱਕੀ ਹੈ ਉਹ ਸਾਡੇ ਇਸ ਅਭਾਗੇ ਮੁਲਕ ਵਿੱਚ ਵੀ ਜਰੂਰਤ ਪਈ, ਸਾਡਾ ਰਾਜ ਪਾਠ ਚਰੋਕਣਾ ਖੁਸ ਗਿਆ, ਜਿਹੜੇ ਕੋਈ ਖਡਾਉਣਿਆਂ ਵਰਗੇ ਮੋਮ ਦੇ ਬੁੱਤ ਜਿਹੇ ਰਾਜੇ ਰਹਿ ਗਏ, ਉਹ ਸਦਾ ਸਦੀਆਂ ਥੀਂ ਅੱਗੇ ਭੋਗ ਲਿਪਟ ਸਨ ਤੇ ਹੁਣ ਜਦ ਉਨ੍ਹਾਂ ਦੀਆਂ ਚੰਗੇ ਕੰਮ ਕਰਨ ਦੀਆਂ ਤਾਕਤਾਂ ਹੀ ਖੁਸ ਗਈਆਂ, ਸੋ ਉਹ ਹੋਰ ਵੀ ਖਰਾਬ ਹੋ ਗਏ, ਉਨ੍ਹਾਂ ਤੇ ਅੰਗ੍ਰੇਜਾ ਦੇ ਭੇਜੇ ਅਫਸਰਾਂ ਦੀਆਂ ਖੁਦਮੁਖਤਾਰੀਆਂ ਤੇ ਬਦੇਸੀ ਰਾਜ ਦੀਆਂ ਮੰਦੀਆਂ ਖਰਾਬੀਆਂ ਕਰਕੇ ਸਾਡੇ ਮੁਲਕੀ ਕਰਮਚਾਰੀ ਭੀ ਅਤਿ ਦੇ ਗਿਰੋ ਹੋਏ ਲੋਕ ਹੋ ਗਏ, ਸੋ ਬਾਦਸ਼ਾਹੀ ਥਾਂ ਨਹੀਂ ਬਲਕਿ ਇਕ ਤਰਾਂ ਦੀ ਬਾਹਰੋਂ ਚੋਪੀ ਚਾਪੜੀ ਕਾਨੀ ਦੇ ਜੁਲਮਾਂ ਥੀਂ ਬਚਣ ਲਈ ਰੌਲਾ ਪਿਆ ਕਿ ਹਿੰਦੁਸਤਾਨ ਵਿਚ ਵੀ ਵੋਟ ਉੱਤੇ ਹਕੂਮਤ ਦੀ ਨੀਂਹ ਰੱਖੀ ਜਾਵੇ, ਤੇ ਅੱਜ ੪੦ ਪੰਜਾਹ ਸਾਲ ਥੀਂ ਬੜੇ ਬੜੇ ਅਕਲ ਦੇ ਕੋਟਾਂ ਨੇ ਇਹ ਸਿੱਧਾ ਕਿਹਾ ਕਿ ਜੇਹੜਾ ਧਨ ਸਾਡੀ ਕੌਮ ਵਿੱਚੋਂ ਅਨੇਕ ਅਨਗਿਣਤ ਨਾਲੀਆਂ ਰਾਹੀਂ ਅਜ ੧੫੦ ਸਾਲ ਥੀਂ ਬਰਾਬਰ ਬਾਹਰ। ਜਾ ਰਿਹਾ ਹੈ ਉਸ ਸਾਨੂੰ ਇਕ ਦਿਨ ਬੇਜਾਨ ਕਰ ਦੇਣਾ ਹੈ। ਹੁਣ ਵੀ ਕੁਲ ਦੁਨੀਆਂ ਵਿੱਚ ਸਭ ਥੀਂ ਜਿਆਦਾ ਇਹ ਮੁਲਕ ਗਰੀਬ ਹੈ। ਲਾਰਡ ਕਰਜ਼ਨ ਸਾਹਿਬ ਨੇ ਬੜੇ ਆਜ਼ਾਦ ਤੇ ਖੁਲ੍ਹੇ ਐਸਟੀਮੇਟ ਬਣਾ ਕੇ ਕਿਹਾ ਕਿ ਹਿੰਦੁਸਤਾਨ ਵਿੱਚ ਔਸਤ ਕਮਾਈ ਸਿਰ ਪਰਤੀ ਮਾਹਵਾਰੀ ਦੋ ਰੁਪੈ ਹੈ, ਹੁਣ ਇਸ ਵਿੱਚ ਧਨ ਉਪਜਾਉ ਸਿਰ ਵੀ ਹਨ ਤੇ ਧਨ ਖਲੇਰੁ ਸਿਰ ਵੀ ਹਨ। ਇਕ ਹਲਵਾਈ ਦੁੱਧ ਵੇਚਕੇ ਕੁਛ ਕਮਾਂਦਾ ਹੈ, ਉਹ ਕਮਾਂਦਾ ਤੇ ਨਹੀਂ ਉਹ ਤਾਂ ਧਨ ਖਿਲੇਰਦਾ ਹੈ ਸੋ ਹਾਲੇਂ ਇਹ ਐਸਟੀਮੇਟ ਕਿਸੀ ਨਹੀਂ ਲਾਇਆ, ਕਿ ਧਨ ਖਲੇਰੂਆਂ ਦੇ ਸਿਰ ਜੇ ਵਿੱਚੋਂ ਕਢ ਦਈਏ ਤਦ ਧਨ ਉਪਜਾਊ ਸਿਰ ਕਿੰਨੇ ਰਹਿ ਜਾਂਦੇ ਹਨ। ਇਕ ਰੇਲ ਤੇ ਚੜ੍ਹਨਾ ਧਨ ਉਪਜਾਉ ਕੰਮ ਲਈ ਹੈ, ਉਹ ਤਾਂ ਠੀਕ ਰੇਲ ਦੀ ਆਮਦਨ ਹੋਈ, ਉਹ ਧਨ ਉਪਜਾਊ ਕੰਮ ਦਾ ਖਰਚ ਖਾਤਾ ਹੋਇਆ ਇਸ ਤਰਾਂ ਅਸਬਾਬ ਵੇਚਣ ਲਈ ਲਦ ਕੇ ਇਕ ਥਾਂ ਥੀਂ ਦੂਜੇ ਥਾਂ ਲੇ ਜਾਣਾ ਵੀ ਧਨ ਉਪਜਾਉ ਕੰਮ ਵਿੱਚ ਮਜੂਰੀ ਦਾ ਹਿੱਸਾ ਹੋਇਆ ਪਰ ਧਨ ਉਪਜਾਉ ਕੰਮਾਂ ਥੀਂ ਛੁਟ ਹੋਰ ਕੋਈ ਆਮਦਨ ਜੋ ਹੁੰਦੀ ਹੈ ਉਹ ਧਨ ਖਲੇਰੂ ਆਮਦਨ ਹੈ ਉਹ ਸੱਚੀ ਆਮਦਨ ਨਹੀਂ, ਇਕ ਗੌਰਮਿੰਟ ਦੇ ਨੌਕਰ ਦੀ ਤਨਖਾਹ ਧਨ ਉਪਜਾਉ ਆਮਦਨ ਨਹੀਂ ਪਰ ਇਹ ਸਭ ਮਨਾਫੇ ਤੇ ਸਜੁਰੀਆਂ ਖਰਚ ਦੇ ਖਾਤੇ ਕਢਕੇ ਨਿਰੀ ਧਨ ਉਪਜਾਊ ਤਾਕਤ ਜੇ ਸਿਰੇ ਪਰਤੀ ਦੇਖੋਗੇ ਤਦ ਮਹੀਨੇ ਵਿੱਚ ਇਕ ਪੈਸਾ ਵੀ ਮੁਸ਼ਕਲ ਨਾਲ ਬਣੇਗਾ। ਸੋ ਜਿਸ ਮੁਲਕ ਵਿੱਚ ਧਨ ਉਪਜਾਣ ਦੀ ਤਾਕਤ ਇੰਨੀ ਘਟ ਹੋ ਗਈ ਹੋਵੇ ਉਸ ਪਾਸੋਂ ਇਹ ਉਮੇਦ ਕਰਨੀ ਕਿ ਉਹ ਕਦੀ ਆਜ਼ਾਦ ਆਪਣੀਆਂ ਬਾਹਾਂ ਦੇ ਬਲ ਹੋ ਸੱਕਦਾ ਹੈ ਨਿਰਾ ਅਕਲੀ ਪਾਗਲਪਨ ਹੈ। ਇਸ ਕਰਕੇ ਕਿਸੀ ਹੋਰ ਤਾਕਤ ਦੇ ਆਸਰੇ ਸਨ੍ਹੇ ਸਨ੍ਹੇ ਸਮਾ ਪਾ ਕੇ ਸਾਡੇ ਜਿਹੇ ਮੁਲਕ ਆਜ਼ਾਦ ਹੋ ਸਕਦੇ ਹਨ। ਇਹ ਅਸਲ ਮੰਨ ਕੇ ਅਗੇ ਵਧਣ ਦੀ ਕਰਨੀ ਚਾਹੀਦੀ ਹੈ। ਰੂਸ ਨੇ ਇਹ ਕੀਤਾ ਸਾਨੂੰ ਵੀ ਉਨ੍ਹਾਂ ਦੇ ਪੂਰਨਿਆਂ ਉੱਪਰ ਚੱਲਣਾ ਚਾਹੀਦਾ ਹੈ-ਇਹ ਸਭ ਗੱਲਾਂ ਕੂੜੀਆਂ ਹਨ। ਸੋ ਰਾਜਿਆਂ ਦੇ ਵਿਗੜ ਜਾਣ ਕਰਕੇ ਰੋਟੀ ਕਮਾਣੀ ਕਠਨ ਹੋ ਜਾਣ ਕਰਕੇ ਗਰੀਬ ਦਾ ਧਨ ਹੋਰ ਮਹਿੰਗਾ ਹੋ ਜਾਣ, ਕਰਕੇ ਉਹੋ ਯੂਰਪ ਵਾਲੀ ਵੋਟ ਸਾਡੇ ਤਕ ਅੱਪੜ ਪਈ ਹੈ ਤੇ ਹਰ ਇਕ ਆਦਮੀ ਇਸ ਵੋਟ ਦੇ ਦੇਣ ਵਿੱਚ ਜੇ ਆਪਣੀ ਜਿੰਮੇਵਾਰੀ ਮਹਸੂਸ ਕਰਕੇ ਆਪਣੀ ਤਾਕਤ ਵਰਤੇਗਾ ਓਹ ਮੁਲਕ ਦੀ ਤੇ ਆਪਣੀ ਸੇਵਾ ਕਰੇਗਾ ਪਰ ਜਿਹੜਾ ਰਿਸ਼ਵਤ ਕਿਸੀ ਸ਼ਕਲ ਵਿੱਚ ਲੈ ਕੇ, ਰੁਹਬ, ਲਾਲਚ, ਭੈ ਵਿੱਚ, ਲਿਹਾਜ਼ ਵਿੱਚ ਆ ਕੇ ਵੋਟ ਦੇਵੇਗਾ ਉਹ ਆਪਣੇ ਮੁਲਕ ਦੀ ਗੁਲਾਮੀ ਦੀ ਤੇ ਮੁਸੀਬਤ ਤੇ ਦੱਖ ਤੇ ਭੁੱਖ ਦੀਆਂ ਜੰਜੀਰਾਂ ਹੋਰ ਕਰੜੀਆਂ ਕਰੇਗਾ।

ਇਸ ਵਾਸਤੇ ਹੁਣ ਪੁਰਾਣੇ ਜਮਾਨਿਆਂ ਵਾਂਗ ਇਕ ਬਾਦਸ਼ਾਹ ਉੱਪਰ ਡੋਰੀ ਸੁੱਟ ਕੇ ਮੁਲਕੀ ਮਾਮਲਿਆਂ ਉੱਪਰ ਅਣਗੇਹਲੀ ਕਰਕੇ ਮੈਂ ਜਾਣ ਦਾ ਵੇਲਾ ਨਹੀਂ।

ਹੁਣ ਤਾਂ ਇਕ ਵਟ ਦੀ ਹੱਦ ਤਕ ਹਰ ਇਕ ਬਾਦ-ਸ਼ਾਹ ਹੈ ਤੇ ਓਸ ਆਪਣੀ ਬਾਦਸ਼ਾਹੀ ਕਰਨ ਦੀ ਲਿਆਕਤ ਦੱਸਣੀ ਹੈ, ਜੋ ਆਪਣੇ ਦੁੱਖ ਸੁਖ ਦੇ ਅਸੀਂ ਆਪ ਜਿੰਮੇਵਾਰ ਹੋਣਾ ਹੈ, ਜਰੂਰੀ ਇਹ ਹੈ ਕਿ ਸਾਡੇ ਵਿੱਦਯਾ ਮੰਦਰਾਂ ਵਿੱਚ ਤੇ ਮੁਲਕੀ ਮਾਮਲਿਆਂ ਦੀ ਪੂਰੀ ਵਿੱਦੜ ਪ੍ਰਭੀਨਤਾ ਕੀਤੀ ਜਾਵੇ, ਲੈਕਚਰਾਂ ਤੇ ਅਖਬਾਰਾਂ ਤੇ ਸ਼ਖਸ਼ੀ ਮੇਲ ਜੋੜਾਂ ਦ੍ਵਾਰਾ ਇਹ ਖਬਰ ਪ੍ਰਕਾਸ਼ਣੀ ਜਰੂਰੀ ਹੋ ਗਈ ਹੈ ਕਿ ਕਿਹੜੇ ਤੇ ਕਿਸ ਤਰਾਂ ਦੇ ਕਰਮਚਾਰੀ ਚੁਣਨੇ ਚਾਹੀਏਂ ਤੇ ਉਹ ਕੌਣ ਹਨ, ਕਿੱਥੇ ਕਿੱਥੇ ਹਨ, ਧਨ ਵਾਲੇ ਜਿਹੜੇ ਬਹੁਤ ਰੁਪੈ ਖਰਚ ਕੇ ਕੌਂਸਲਾਂ ਵਿੱਚ ਜਾ ਸੱਕਣ, ਉਹ ਚੰਗੇ ਵੀ ਹੋ ਸਕਦੇ ਹਨ, ਪਰ ਅਮੂਮਨ ਮਾੜੇ ਤੇ ਨਲੈਕ ਹੁੰਦੇ ਹਨ ਕਿਉਂਕਿ ਉਨ੍ਹਾਂ ਕਦੀ ਦੁਖ ਤੱਕਿਆ ਹੀ ਨਹੀਂ ਹੁੰਦਾ। ਗਰੀਬ ਮਿਹਨਤ ਕਰਦੇ ਹਨ ਤੇ ਉਨ੍ਹਾਂ ਵਿੱਚੋਂ ਕੋਈ ਕੋਈ ਚੰਗਾ ਨਿਕਲ ਪੈਂਦਾ ਹੈ ਪਰ ਉਹ ਆਮ ਕਰਕੇ ਛਛਰੇ ਤੇ ਨਿੱਕੇ ਪਾਣੀਆਂ ਵਿੱਚ ਰਹਿ ਰਹਿ ਕੇ ਘਲੇ ਜਿ ਹੁੰਦੇ ਹਨ। ਅਮੀਰ ਫਿਰ ਵੀ ਕੁਛ ਆਮ ਕਰਕੇ ਗੰਭੀਰ ਹੁੰਦੇ ਹਨ, ਸੋ ਇਸ ਤਰਾਂ ਦੇ ਗੁਣ ਔਗੁਣ ਸਬ ਵਿੱਚ ਹੁੰਦੇ ਹਨ, ਪਰ ਜਿਸ ਤਰਾਂ ਘੜ ਦੌੜ ਵਿੱਚ ਜੂਆ ਖੇਡਣ ਵਾਲੇ ਬੜੀ ਗੌਹ ਨਾਲ ਹਰ ਇਕ ਘੋੜੇ ਦੀ ਨਸਲ ਸੁਭਾ ਆਦਿ ਸਬ ਦੇ ਜਾਣੂ ਹੁੰਦੇ ਹਨ। ਹੁ-ਬਹੂ ਇਸੀ ਤਰਾਂ ਹਰ ਇਕ ਵੋਟ ਦੇਣ ਵਾਲੇ ਨੂੰ ਆਪਣੇ ਮੁਲਕੀ ਕੰਮਾਂ ਦੀ ਘੋੜ ਦੌੜ ਵਿੱਚ ਜਿਨ੍ਹਾਂ ਪਸ਼ੂਆਂ ਨੂੰ ਦੌੜਾਨਾ ਹੈ ਉਨ੍ਹਾਂ ਦਾ ਹਸਬ ਨਸਬ ਦਾ ਪੂਰਾ ਚਿੱਠਾ ਦਿਮਾਗ ਵਿੱਚ ਰਖਣਾ ਜਰੂਰੀ ਹੈ, ਇਹ ਯਾਦ ਰਹੇ ਕਿ ਜਿਹੜਾ ਪੂਰਾ ਇਨਸਾਨ ਹੋਵੇ ਉਹ ਹਕੂ-ਮਤ ਕਰ ਹੀ ਨਹੀਂ ਸਕਦਾ, ਜਦ ਤਕ ਦੁਨੀਆਂ ਪਸ਼ੂ ਹੈ। ਸਜ਼ਾਵਾਂ ਤੇ ਜੇਹਲਖਾਨੇ ਤੇ ਰੱਸੇ ਪਸ਼ੂਆਂ ਨੂੰ ਕਾਬੂ ਕਰਦੇ ਹਨ ਜਦ ਤਕ ਖੁਦਗਰਜ਼ੀ ਤੇ ਹੋਰ ਪਸ਼ੂਆਂ ਵਾਲੇ ਸੁਭਾ ਸਾਡੇ ਵਿੱਚ ਹਨ, ਜਦ ਤਕ ਹਰ ਇਕ ਨਿਰਾ ਦੇਵਤਾ ਨਹੀਂ ਹੋ ਜਾਂਦਾ, ਤਦ ਤਕ ਮੁਲਕੀ ਮਾਮਲਿਆਂ ਵਿੱਚ ਚੰਗੇ ਨੀਤੀ ਪ੍ਰਭੀਨ ਲੋਕਾਂ ਦੀ ਲੋੜ ਹੈ ਜਿਵੇਂ ਵੱਡੇ ਗ੍ਰਿਹਸਥ ਦੇ ਇੰਤਜਾਮ ਕਰਨ , ਲਈ ਤਕੜੇ ਪਸ਼ੂਆਂ ਦੀ ਲੋੜ ਹੈ ਤੇ ਮੈਂ ਇਹ ਸਦਾ ਸਮਝਦਾ ਹਾਂ ਕਿ ਰਾਜੇ ਯਾ ਰਾਜਿਆਂ ਦੇ ਅਨੇਕ ਰੂਪ ਅੰਤਰ ਇਕ ਤਰਾਂ ਦੇ ਖਾਸ ਸਿੱਖਯਾ ਪਾਏ ਹੋਏ ਸਿੰਗਾਂ ਵਾਲੇ ਪਸ਼ੂ ਹਨ, ਜਿਹੜੇ ਆਪਣੇ ਸਿੰਗ ਮਾਮਲਿਆਂ ਦੇ ਢਿੱਡਾਂ ਵਿਸ ਮਾਰ ਮਾਰ ਮਾਮਲੇ ਨਜਿਠਦੇ ਹਨ, ਅਰ ਉਨ੍ਹਾਂ ਵਿੱਚ ਪਸ਼ੂ ਪੁਣਾ ਹੋਣਾ ਜਰੂਰੀ ਹੈ, ਚਾਲਾਕੀ ਆਦਿ ਵੀ ਗੁਣ ਹਨ, ਗਤਕਾ ਬਾਜ਼ੀ ਹੈ ਸੋ ਬਿਨਾ ਇਸ ਤਰਾਂ ਦੀ ਗਹਿਰੀ ਦੁਨੀਆਂ ਦਾਰੀ ਜਿਹਨੂੰ ਨੀਤੀ ਕਹਿੰਦੇ ਹਨ ਰਾਜ ਕਾਜ ਨਹੀਂ ਸਾਂਭੇ ਜਾ ਸੱਕਦੇ॥

ਤੇ ਜੇ ਚੰਗੀ ਨਸਲ ਦੇ ਕੰਮ ਕਰਨ ਵਾਲੇ ਪਸ਼ੂ ਹੋਣ ਤਾਂ ਉਹ ਇਹ ਮੁਲਕ ਦੇ ਕੰਮ ਚੰਗੀ ਤਰਾਂ ਨਜਿਠ ਲੈਣਗੇ। ਪਰ ਇਹ ਕਹਿਣਾ ਜਿਸ ਤਰਾਂ ਮਹਾਤਮਾਂ ਗਾਂਧੀ ਨੇ ਕਿਹਾ ਸੀ, ਕਿ ਜੇ ਈਸਾ ਨੇ ਮੁਲਕੀ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ ਤਾਂ ਓਸ ਅੰਸ ਵਿੱਚ ਉੱਨਾਂ ਹੀ ਘੱਟ ਮਹਾਤਮਾਂ ਸੀ, ਅਰਥਾਤ ਜਿਹੜਾ ਕੰਮ ਮੈਂ ਮਹਾਤਮਾਂ ਗਾਂਧੀ ਕਰ ਰਿਹਾ ਹਾਂ ਜੇ ਓਹੋ ਜਿਹਾ ਕੰਮ ਪੈਗੰਬਰਾਂ ਨਹੀਂ ਕੀਤਾ ਤੇ ਉਸ ਹੱਦ ਤਕ ਪੈਗੰਬਰ ਹੀ ਨਹੀਂ ਸਨ, ਇਹ ਕਹਿਣਾ ਇਸ ਤੁੱਲ੍ਯ ਹੀ ਹੈ ਕਿ ਜਿਹੜਾ ਘਰ ਵਾਲਾ ਝੋਲੀ ਵਿਚ ਆਟਾ ਪਾ ਕੇ ਆਪਣੇ ਬਾਲ ਬੱਚੇ ਨੂੰ ਲਿਆ ਕੇ ਨਹੀਂ ਦਿੰਦਾ ਉਹ ਪਸ਼ੂ ਹੈ ਬੰਦਾ ਹੀ ਨਹੀਂ, ਸੋ ਇਹ ਕਥਨ ਮਹਾਤਮਾਂ ਗਾਂਧੀ ਦਾ ਸੱਚ ਨਹੀਂ, ਉੱਚੀ ਸ਼੍ਰੇਣੀ ਦੇ ਲੋਕ ਇਨ੍ਹੀ ਪਸ਼ੂ ਬ੍ਰਤੀ ਆਪਣੇ ਵਿੱਚ ਇਕੱਤ੍ਰ ਹੀ ਨਹੀਂ ਕਰ ਸੱਕਦੇ ਕਿ ਉਹ ਮੁਲਕੀ ਤੇ ਮਜ਼੍ਹਬੀ ਮਾਮਲਿਆਂ ਦੀ ਅਗਵਾਨੀ ਕਰਨ, ਉਹ ਤਾਂ ਕਿਸੇ ਹੋਰ ਤਬਕੇ ਵਿਚ ਪਰਉਪਕਾਰ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਦਾ ਕੰਮ ਘਰ ਆਟਾ, ਦਾਲ, ਘਿਓ ਪਹੁੰਚਾਣ ਦਾ ਨਹੀਂ ਹੁੰਦਾ। ਹਰ ਇਹ ਮੁਲਕ ਦੇ ਮਾਮਲੇ ਬਸ ਘਰ ਦੀਆਂ ਲੂਣ, ਹਲਦੀ, ਲੱਕੜੀਆਂ, ਤੇ ਇਹੋ ਘਰ ਦੀਆਂ ਫੱਕੜੀਆਂ ਵਰਗੇ ਹਨ। ਸੋ ਜਦ ਤਕ ਸਾਰੇ ਦੇਵਤੇ ਨਹੀਂ ਹੋ ਜਾਂਦੇ ਹਕੂਮਤਾਂ ਪਸ਼ੂਆਂ ਦੀਆਂ ਰਹਿਣਗੀਆਂ ਤੇ ਬੜੀ ਮੱਧਮ ਚਾਲ ਨਾਲ ਨੂੰ ਕਦੀ ਸਮਾ ਪਾ ਕੇ ਦੁਨੀਆਂ ਦੇ ਰੁਖ ਬਦਲਣਗੇ, ਤੇ ਜਦ ਦੇਵਤੇ ਸਾਰੇ ਹੋ ਜਾਣਗੇ, ਤਦ ਈਸਾ ਵਰਗੇ ਬੰਦੇ ਰਾਜੇ ਮੁੜ ਸੱਚੇ ਰਾਜੇ ਹੋਣਗੇ, ਜਿਹੜੇ ਰੂਹਾਂ ਨੂੰ ਠੰਡਾ ਪਾਣਗੇ ਉਹ ਸੱਚ ਦਾ ਰਾਜ ਹੋਵੇਗਾ, ਤਦ ਤਕ ਉਹ ਰਾਮ ਰਾਜ ਨਹੀਂ ਭਾਵੇਂ ਲੱਖ ਯੰਗ ਇੰਡੀਆ ਇਕ ਇਕ ਗਲੀ ਥਾਂ ਨਿਕਲਣ, ਤੇ ਭਾਵੇਂ ਲੱਖ ਲੱਖ ਗਾਂਧੀ ਇਕ ਇਕ ਮਹੱਲੇ ਵਿੱਚ ਆਹਿੰਸਾ ਦਾ ਉਪਦੇਸ਼ ਕਰਦੇ ਫਿਰਨ ਦੁਨੀਆਂ ਦੀ ਖੁਦਗਰਜ਼ੀ ਨਹੀਂ ਮਿਟ ਸੱਕਦੀ॥

ਇਸ ਵਾਸਤੇ ਜਰੂਰੀ ਜਿੰਮੇਵਾਰੀ ਹਰ ਇਕ ਸਿਰ ਤੇ ਹੈ ਕਿ ਘੋੜ ਦੌੜ ਦੇ ਘੋੜਿਆਂ ਵਾਂਗ ਆਪਣੇ ਮੁਲਕੀ ਕਰਮ

ਚਾਰੀਆਂ ਦਾ ਪੂਰਾ ਪੂਰਾ ਹਸਬ ਨਸਬ ਹਰ ਇਕ ਦੇ ਮਨ ਵਿੱਚ ਹੋਵੇ ਤੇ ਕਿਸੀ ਤਰਾਂ ਦਾ ਲਾਲਚ ਤੇ ਰਿਸ਼ਵਤ ਵੋਟ ਦੀ ਆਜ਼ਾਦੀ ਨੂੰ ਖਰੀਦ ਨਾ ਸਕੇ॥