ਕੌਡੀ ਬਾਡੀ ਦੀ ਗੁਲੇਲ/ਬੱਬਰ ਸ਼ੇਰ ਦੀ ਸ਼ਾਦੀ

52721ਕੌਡੀ ਬਾਡੀ ਦੀ ਗੁਲੇਲ — ਬੱਬਰ ਸ਼ੇਰ ਦੀ ਸ਼ਾਦੀਚਰਨ ਪੁਆਧੀ

ਬੱਬਰ ਸ਼ੇਰ ਦੀ ਸ਼ਾਦੀ

ਬੱਬਰ ਸ਼ੇਰ ਦੀ ਸ਼ਾਦੀ ਸੀ।
ਸਭਨਾਂ ਦੀ ਬਰਬਾਦੀ ਸੀ।
ਕਿਉਂਕਿ ਉਸਦਾ ਔਡਰ ਸੀ।
ਟੁੱਟਣੀ ਸਭ ਦੀ ਚੌਧਰ ਸੀ।
ਲਾ ’ਤਾ ਉਸਨੇ ਪਰਚਾ ਸੀ।
ਸਭ ਨੇ ਕਰਨਾ ਖਰਚਾ ਸੀ।
ਖਰਚਾ ਵੀ ਬੜਾ ਭਾਰੀ ਸੀ।
ਮਰਨਾ ਜੇ ਇਨਕਾਰੀ ਸੀ।
ਸਭ ਦੇ ਪਿੱਸੂ ਪੈਗੇ ਸੀ।
ਡਰਕੇ ਖੂੰਜੇ ਬਹਿਗੇ ਸੀ।
ਜ਼ਿਰਾਫ ਭੇੜੀਆ ਗਿੱਦੜ ਸੀ।
ਚੀਤਾ ਭਾਲੂ ਲੂੰਬੜ ਸੀ।
ਗੈਂਡਾਂ ਬਾਘ ਤੇ ਬਾਂਦਰ ਸੀ।

ਪੰਡਾ ਕੰਗਾਰੂ ਸੂਅਰ ਸੀ।
ਸਾਰੇ ਕੱਠੇ ਹੋਏ ਸੀ।
ਸ਼ਾਹੂਕਾਰ ਕੋਲ ਰੋਏ ਸੀ।
ਉੱਚੀ ਭੁੱਬਾਂ ਮਾਰਦੇ ਸੀ।
ਕਰਜ਼ਾ ਦਿਉ ਪੁਕਾਰਦੇ ਸੀ।
ਤਰਸ ਲਾਲੇ ਨੂੰ ਆ ਗਿਆ ਸੀ।
ਹਾਂ ਵਿੱਚ ਸਿਰ ਹਿਲਾ ਗਿਆ ਸੀ।
ਸ਼ੇਰ ਸ਼ਰਾਬੀ ਹੋਇਆ ਸੀ।
ਆਪਣਾ ਆਪਾ ਖੋਇਆ ਸੀ।
ਵਿੱਚ ਗਰਿੱਡ ਦੇ ਵੜ ਗਿਆ ਸੀ।
ਲਾਈਟ ਲੱਗ ਕੇ ਸੜ ਗਿਆ ਸੀ।
ਆਏ ਮਕਾਣ ਤੇ ਸਾਰੇ ਸੀ।
ਲਾਲਾ ਖੜਾ ਪੁਕਾਰੇ ਸੀ।
ਕਹਿੰਦਾ ਕਰਜ਼ਾ ਲੈ ਲਓ ਬਈ।
ਆ ਕੇ ਨੋਟ ਗਿਣਾ ਲਓ ਬਈ।
ਕਹਿੰਦੇ ਸ਼ੇਰ ਤਾਂ ਮਰ ਗਿਆ ਜੀ।
ਹੁਣ ਤਾਂ ਸਾਡਾ ਸਰ ਗਿਆ ਜੀ।