ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ/1
ਬੁਰਜ਼ੁਆ ਅਤੇ ਪਰੋਲਤਾਰੀ1
ਅੱਜ ਤੱਕ ਸਭਨਾਂ ਸਮਾਜਾਂ ਦਾ ਇਤਿਹਾਸ2 ਜਮਾਤੀ ਜਦੋਜਹਿਦ ਦਾ ਇਤਿਹਾਸ ਹੈ। ]
ਆਜ਼ਾਦ ਅਤੇ ਗ਼ੁਲਾਮ, ਪਤਰੀਸ਼ੀਅਨ ਅਤੇ ਪਲੇਬੀਅਨ, ਜਾਗੀਰਦਾਰ ਅਤੇ ਜ਼ਰੱਈ ਗ਼ੁਲਾਮ, ਗਿਲਡ ਮਾਸਟਰ3 ਅਤੇ ਕਾਰੀਗਰ, ਇੱਕ ਸ਼ਬਦ ਵਿੱਚ ਜ਼ਾਲਮ ਅਤੇ ਮਜ਼ਲੂਮ ਬਰਾਬਰ ਇਕ ਦੂਸਰੇ ਦੇ ਖ਼ਿਲਾਫ਼ ਖੜ੍ਹੇ ਰਹੇ, ਕਦੇ ਖੁੱਲ੍ਹੇਆਮ ਅਤੇ ਕਦੇ ਪਰਦੇ ਪਿੱਛੇ ਹਮੇਸ਼ਾ ਇੱਕ ਦੂਸਰੇ ਨਾਲ਼ ਲੜਦੇ ਰਹੇ ਹਨ। ਅਤੇ ਹਰ ਵਾਰ ਉਸ ਲੜਾਈ ਦਾ ਅੰਜਾਮ ਇਹ ਹੋਇਆ ਕਿ ਜਾਂ ਤਾਂ ਨਵੇਂ ਸਿਰਿਓਂ ਸਮਾਜ ਦੀ ਇਨਕਲਾਬੀ ਉਸਾਰੀ ਹੋਈ ਜਾਂ ਲੜਨ ਵਾਲੇ ਜਮਾਤ ਇਕੱਠੇ ਤਬਾਹ ਹੋ ਗਏ।
ਇਤਿਹਾਸ ਦੇ ਆਰੰਭਕ ਜ਼ਮਾਨੇ ਤੋਂ ਤਕਰੀਬਨ ਹਰ ਜਗ੍ਹਾ ਸਮਾਜ ਸਾਨੂੰ ਵੱਖ ਵੱਖ ਪਰਤਾਂ ਵਿੱਚ ਦਰਜਾਬੰਦ ਹੋਇਆ ਮਿਲ਼ਦਾ ਹੈ। ਵੱਖ ਵੱਖ ਸਮਾਜੀ ਰੁਤਬਿਆਂ ਦਾ ਇੱਕ ਸੋਪਾਨ ਮਿਲ਼ਦਾ ਹੈ। ਕਦੀਮ ਰੂਮ ਵਿੱਚ ਸਾਨੂੰ ਪਤਰੀਸ਼ੀਅਨ, ਨਾਈਟ, ਪਲੈਬੀਅਨ, ਅਤੇ ਗ਼ੁਲਾਮ ਮਿਲਦੇ ਹਨ ਅਤੇ ਮੱਧਕਾਲ ਵਿੱਚ ਜਾਗੀਰਦਾਰ, ਮੁਖ਼ਤਾਰ, ਉਸਤਾਦ, ਕਾਰੀਗਰ, ਨੌਸਿਖੀਏ, ਸ਼ਾਗਿਰਦ ਅਤੇ ਜ਼ਰੱਈ ਗ਼ੁਲਾਮ। ਅਤੇ ਤਕਰੀਬਨ ਇਨ੍ਹਾਂ ਸਭਨਾਂ ਜਮਾਤਾਂ ਵਿੱਚ ਅੱਗੇ ਹੋਰ ਮਤਾਹਿਤ ਦਰਜਾਬੰਦੀਆਂ ਹੁੰਦੀਆਂ ਹਨ।
ਆਧੁਨਿਕ ਬੁਰਜ਼ੁਆ ਸਮਾਜ ਨੇ, ਜੋ ਕਿ ਜਾਗੀਰਦਾਰੀ ਸਮਾਜ ਦੇ ਖੰਡਰਾਂ ਤੋਂ ਉੱਗਿਆ ਹੈ, ਜਮਾਤੀ ਵੈਰ-ਵਿਰੋਧ ਦੂਰ ਨਹੀਂ ਕੀਤੇ। ਇਸ ਨੇ ਤਾਂ ਮਹਿਜ਼ ਪੁਰਾਣੀਆਂ ਦੀ ਜਗ੍ਹਾ ਨਵੀਂਆਂ ਜਮਾਤਾਂ, ਜ਼ੁਲਮ ਦੀਆਂ ਨਵੀਂਆਂ ਹਾਲਤਾਂ ਅਤੇ ਜਦੋਜਹਿਦ ਦੀਆਂ ਨਵੀਂਆਂ ਸ਼ਕਲਾਂ ਸਥਾਪਤ ਕਰ ਦਿੱਤੀਆਂ ਹਨ। ਫਿਰ ਵੀ ਸਾਡੇ ਦੌਰ, ਬੁਰਜ਼ੁਆ ਜਮਾਤ ਦੇਾ ਦੌਰ ਦਾ ਇੱਕ ਨਿਆਰਾ ਲੱਛਣ ਹੈ। ਇਸ ਨੇ ਜਮਾਤੀ ਵਿਰੋਧਤਾਈਆਂ ਦੀ ਪੇਚੀਦਗੀ ਘੱਟ ਕਰ ਦਿੱਤੀ ਹੈ। ਸਮਾਜ ਸਮੁੱਚੇ ਤੌਰ ਤੇ ਦਿਨ ਬਦਿਨ ਦੋ ਵੱਡੇ ਵਿਰੋਧੀ ਧੜਿਆਂ ਵਿੱਚ, ਇਕ ਦੂਸਰੇ ਦੇ ਖ਼ਿਲਾਫ਼ ਕਤਾਰਬੱਧ ਦੋ ਵੱਡੀਆਂ ਜਮਾਤਾਂ - ਬੁਰਜ਼ੁਆ ਅਤੇ ਪਰੋਲਤਾਰੀ - ਵਿੱਚ ਵੰਡੀਦਾ ਜਾ ਰਿਹਾ ਹੈ।
ਜ਼ਰੱਈ ਗ਼ੁਲਾਮਾਂ ਤੋਂ ਸ਼ਹਿਰਾਂ ਦੇ ਮੁੱਢਲੇ ਹੱਕ-ਯਾਫ਼ਤਾ ਸ਼ਹਿਰੀ ਪੈਦਾ ਹੋਏ ਸਨ। ਇਨ੍ਹਾਂ ਸ਼ਹਿਰੀਆਂ ਤੋਂ ਹੀ ਬੁਰਜ਼ੁਆ ਜਮਾਤ ਦੇ ਮੁੱਢਲੇ ਅੰਸ਼ਾਂ ਦਾ ਵਿਕਾਸ ਹੋਇਆ।
ਅਮਰੀਕਾ ਦੀ ਲੱਭਤ ਅਤੇ ਅਫ਼ਰੀਕਾ ਦੀ ਕੇਪ ਦੇ ਗਿਰਦ ਜਹਾਜ਼ਰਾਨੀ ਸ਼ੁਰੂ ਹੋਣ ਕਾਰਨ ਉਭਰਦੇ ਹੋਏ ਬੁਰਜ਼ੁਆ ਜਮਾਤ ਦੇ ਲਈ ਨਵੇਂ ਰਾਹ ਖੁੱਲ੍ਹ ਗਏ। ਈਸਟ ਇੰਡੀਆ ਅਤੇ ਚੀਨ ਦੀਆਂ ਮੰਡੀਆਂ, ਅਮਰੀਕਾ ਦਾ ਬਸਤੀਕਰਨ, ਬਸਤੀਆਂ ਨਾਲ਼ ਤਜਾਰਤ, ਵਟਾਂਦਰੇ ਦੇ ਸਾਧਨਾਂ ਦੇ ਅਤੇ ਆਮ ਤੌਰ ਜਿਨਸਾਂ ਦੇ ਵਾਧੇ ਨੇ ਤਜਾਰਤ, ਜਹਾਜ਼ਰਾਨੀ ਅਤੇ ਸਨਅਤ ਨੂੰ ਐਸਾੀ ਵੇਗ ਪ੍ਰਦਾਨ ਕੀਤਾੀ ਜੋ ਕਿ ਇਸ ਤੋਂ ਪਹਿਲੇ ਕਦੇ ਦੇਖਣ ਵਿੱਚ ਨਹੀਂ ਸੀ ਆਇਆ ਅਤੇ ਉਸ ਦੀ ਵਜ੍ਹਾ ਨਾਲ਼ ਲੜਖੜਾਉਂਦੇ ਜਾਗੀਰਦਾਰ ਸਮਾਜ ਵਿੱਚ ਇਨਕਲਾਬੀ ਅੰਸ਼ਾਂ ਨੂੰ ਤੇਜ਼ੀ ਨਾਲ਼ ਵਧਣ ਦਾ ਮੌਕਾ ਮਿਲਿਆ।
ਸਨਅਤ ਦੀ ਜਾਗੀਰਦਾਰੀ ਪ੍ਰਣਾਲੀ ਜਿਸ ਵਿੱਚ ਉਤਪਾਦਨ ਉਪਰ ਗਿਲਡਾਂ ਦੀ ਇਜਾਰੇਦਾਰੀ ਸੀ, ਹੁਣ ਨਵੀਆਂ ਮੰਡੀਆਂ ਦੀਆਂ ਵਧ ਰਹੀਆਂ ਮੰਗਾਂ ਲਈ ਨਾਕਾਫ਼ੀ ਹੋ ਗਈ ਸੀ। ਕਾਰਖ਼ਾਨੇਦਾਰੀ ਨਿਜ਼ਾਮ ਨੇ ਇਸ ਦੀ ਜਗ੍ਹਾ ਲੈ ਲਈ। ਉਸਤਾਦ ਨੂੰ ਦਰਮਿਆਨੀ ਕਾਰਖ਼ਾਨੇਦਾਰ ਪਰਤ ਨੇ ਬਾਹਰ ਕੱਢ ਦਿੱਤ। ਹਰ ਕਾਰਖ਼ਾਨੇ ਦੀ ਅੰਦਰੂਨੀ ਕਿਰਤ ਵੰਡ ਨਾਲ਼ ਮੁਕਾਬਲੇ ਦੌਰਾਨ ਵੱਖ ਵੱਖ ਕਾਰਪੋਰੇਟ ਗਿਲਡਾਂ ਵਿੱਚਕਾਰ ਕਿਰਤ ਦੀ ਵੰਡ ਖ਼ਤਮ ਹੋ ਗਈ।
ਇਸ ਸਮੇਂ ਦੌਰਾਨ ਮੰਡੀਆਂ ਬਰਾਬਰ ਫੈਲਦੀਆਂ ਰਹੀਆਂ। ਮੰਗ ਬਰਾਬਰ ਵਧਦੀ ਰਹੀ, ਇਥੋਂ ਤਕ ਕਿ ਕਾਰਖ਼ਾਨੇਦਾਰੀ ਵੀ ਹੁਣ ਕਾਫ਼ੀ ਨਾ ਰਹੀ। ਤਾਂ ਫਿਰ ਭਾਫ਼ ਅਤੇ ਮਸ਼ੀਨਰੀ ਨੇ ਸਨਅਤੀ ਪੈਦਾਵਾਰ ਵਿੱਚ ਇਨਕਲਾਬ ਲੈ ਆਂਦਾ। ਕਾਰਖ਼ਾਨੇਦਾਰੀ ਦੀ ਜਗ੍ਹਾ ਦਿਓ ਕੱਦ ਆਧੁਨਿਕ ਸਨਅਤ ਨੇ ਅਤੇ ਦਰਮਿਆਨੀ ਸਨਅਤੀ ਜਮਾਤ ਦੀ ਜਗ੍ਹਾ ਸਨਅਤੀ ਕਰੋੜਪਤੀਆਂ ਨੇ, ਸਮੁੱਚੀਆਂ ਸਨਅਤੀ ਫ਼ੌਜਾਂ ਦੇ ਲੀਡਰਾਂ ਨੇ, ਆਧੁਨਿਕ ਬੁਰਜ਼ੁਆ ਜਮਾਤ ਨੇ ਲੈ ਲਈ।
ਆਧੁਨਿਕ ਸਨਅਤ ਨੇ ਆਲਮਗੀਰ ਮੰਡੀ ਕਾਇਮ ਕੀਤੀ, ਜਿਸ ਲਈ ਅਮਰੀਕਾ ਦੀ ਲੱਭਤ ਨਾਲ਼ ਰਾਹ ਖੁੱਲ੍ਹ ਚੁੱਕਿਆ ਸੀ। ਇਸ ਮੰਡੀ ਨੇ ਤਜਾਰਤ, ਜਹਾਜ਼ਰਾਨੀ ਅਤੇ ਥਲ ਰਾਹੀਂ ਸੰਚਾਰ ਨੂੰ ਜ਼ਬਰਦਸਤ ਤਰੱਕੀ ਦਿੱਤੀ। ਇਸ ਤਰੱਕੀ ਨਾਲ਼ ਸਨਅਤ ਦੇ ਵਿਸਤਾਰ ਵਿੱਚ ਹੋਰ ਮਦਦ ਮਿਲੀ। ਅਤੇ ਜਿਵੇਂ ਜਿਵੇਂ ਸਨਅਤ, ਤਜਾਰਤ, ਜਹਾਜ਼ਰਾਨੀ ਅਤੇ ਰੇਲਾਂ ਦਾ ਵਿਸਤਾਰ ਹੋਇਆ, ਉਸੇ ਅਨੁਪਾਤ ਨਾਲ਼ ਬੁਰਜ਼ੁਆ ਜਮਾਤ ਦੀ ਤਰੱਕੀ ਹੋਈ। ਇਸ ਨੇ ਅਪਣਾ ਸਰਮਾਇਆ ਵਧਾਇਆ ਅਤੇ ਹਰ ਉਸ ਜਮਾਤ ਨੂੰ ਧਕ ਕੇ ਪਿੱਛੇ ਕਰ ਦਿਤਾ ਜੋ ਮੱਧਕਾਲ ਤੋਂ ਚਲਿਆ ਆ ਰਿਹਾ ਸੀ।
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਖ਼ੁਦ ਆਧੁਨਿਕ ਬੁਰਜ਼ੁਆ ਜਮਾਤ ਦੇ ਵਿਕਾਸ ਦੇ ਇਕ ਲੰਮੇ ਸਿਲਸਿਲੇ ਦਾ, ਪੈਦਾਵਾਰ ਅਤੇ ਵਟਾਂਦਰੇ ਦੇ ਤਰੀਕਿਆਂ ਵਿੱਚ ਨਿਰੰਤਰ ਕਈ ਇਨਕਲਾਬਾਂ ਦਾ ਨਤੀਜਾ ਹੈ।
ਬੁਰਜ਼ੁਆ ਜਮਾਤ ਨੇ ਆਪਣੇ ਵਿਕਾਸ ਦੌਰਾਨ ਜੋ ਕਦਮ ਵੀ ਉਠਾਇਆ, ਉਸ ਦੇ ਨਾਲ਼ ਨਾਲ਼ ਉਸੇ ਅਨੁਪਾਤ ਨਾਲ਼ ਇਸ ਜਮਾਤ ਦੀ ਸਿਆਸੀ ਤਰੱਕੀ ਵੀ ਹੋਈ। ਜਾਗੀਰਦਾਰੀ ਹਕੂਮਤ ਤਹਿਤ ਇਹ ਮਜ਼ਲੂਮ ਜਮਾਤ ਸੀ, ਮੱਧਕਾਲੀ ਕਮਿਊਨ ਵਿੱਚ ਇੱਕ ਹਥਿਆਰਬੰਦ ਅਤੇ ਸਵੈ ਸੰਚਾਲਿਤ ਐਸੋਸੀਏਸਨ ਸੀ। 4</sup ਕਿਤੇ ਆਜ਼ਾਦ ਸ਼ਹਿਰੀ ਗਣਰਾਜ ਜਿਵੇਂ ਇਟਲੀ ਅਤੇ ਜਰਮਨੀ ਵਿੱਚ ਅਤੇ ਕਿਤੇ ਬਾਦਸ਼ਾਹੀ ਹਕੂਮਤ ਵਿੱਚ ਮਹਿਸੂਲ ਗੁਜ਼ਾਰ "ਤੀਸਰੀ ਜਮਾਤ" (ਜਿਵੇ ਫ਼ਰਾਂਸ ਵਿੱਚ)। ਬਾਅਦ ਵਿੱਚ ਅਸਲ ਕਾਰਖ਼ਾਨੇਦਾਰੀ ਦੇ ਜ਼ਮਾਨੇ ਵਿੱਚ ਇਸ ਨੇ ਅਮੀਰਸ਼ਾਹੀ ਦੇ ਖ਼ਿਲਾਫ਼ ਅਰਧ ਜਾਗੀਰਦਾਰੀ ਜਾਂ ਖ਼ੁਦ ਮੁਖ਼ਤਾਰ ਸ਼ਾਹੀ ਹਕੂਮਤ ਦਾ ਪਲੜਾ ਭਾਰੀ ਕੀਤਾ ਅਤੇ ਹਕੀਕਤ ਵਿੱਚ ਆਮ ਤੌਰ ਤੇ ਵਡੀਆਂ ਬਾਦਸ਼ਾਹਤਾਂ ਦੀ ਬੁਨਿਆਦ ਬਣਿਆ। ਇਸ ਬੁਰਜ਼ੁਆ ਜਮਾਤ ਨੇ ਆਖਰ ਵੱਡੀ ਸਨਅਤ ਅਤੇ ਆਲਮਗੀਰ ਮੰਡੀ ਕਾਇਮ ਹੋ ਜਾਣ ਤੋਂ ਬਾਅਦ ਆਧੁਨਿਕ ਨੁਮਾਇੰਦਾ ਰਿਆਸਤ ਵਿੱਚ ਆਪਣੇ ਵਾਸਤੇ ਨਿਰੋਲ ਸਿਆਸੀ ਅਧਿਕਾਰ ਹਾਸਲ ਕਰ ਲਿਆ। ਆਧੁਨਿਕ ਰਿਆਸਤ ਦੀ ਕਾਰਜਕਰਨੀ ਤਾਂ ਮਹਿਜ਼ ਇਕ ਕਮੇਟੀ ਹੈ ਜੋ ਪੂਰੀ ਬੁਰਜ਼ੁਆ ਜਮਾਤ ਦੇ ਸਾਂਝੇ ਮਾਮਲਿਆਂ ਦੀ ਦੇਖ ਭਾਲ ਕਰਦੀ ਹੈ।
ਬੁਰਜ਼ੁਆ ਜਮਾਤ ਨੇ ਇਤਿਹਾਸਕ ਪੱਖ ਤੋਂ ਨਿਹਾਇਤ ਇਨਕਲਾਬੀ ਖ਼ਿਦਮਤ ਅੰਜਾਮ ਦਿੱਤੀ ਹੈ।
ਬੁਰਜ਼ੁਆ ਜਮਾਤ ਦਾ ਜਿਥੇ ਕਿਤੇ ਗ਼ਲਬਾ ਕਾਇਮ ਹੋਇਆ, ਇਸ ਨੇ ਸਭਨਾਂ ਜਾਗੀਰੂ, ਮਰਦ-ਪ੍ਰਧਾਨੀ ਅਤੇ ਆਂਚਲਿਕ ਰਮਣੀ ਸੰਬੰਧਾਂ ਦਾ ਖ਼ਾਤਮਾ ਕਰ ਦਿੱਤਾ। ਇਸਨੇ ਬੇ ਦਰਦੀ ਨਾਲ਼ ਇਨਸਾਨ ਨੂੰ ਉਸ ਦੇ "ਕੁਦਰਤੀ ਉੱਚਿਆਂ" ਦੇ ਮਤਾਹਿਤ ਨੂੜੀ ਰੱਖਣ ਵਾਲ਼ੇ ਜਟਿਲ ਜਾਗੀਰੂ ਬੰਧਨ ਤੋੜ ਦਿੱਤੇ ਅਤੇ ਖ਼ਾਲਸ ਖ਼ੁਦਗ਼ਰਜ਼ੀ ਅਤੇ ਬੇਕਿਰਕ ਨਕਦ ਲੈਣ ਦੇਣ ਦੇ ਸਿਵਾ ਆਦਮੀ ਆਦਮੀ ਵਿਚਕਾਰ ਹੋਰ ਕੋਈ ਰਿਸ਼ਤਾ ਬਾਕੀ ਨਹੀਂ ਰਹਿਣ ਦਿੱਤਾ। ਇਸ ਨੇ ਪਵਿੱਤਰ ਮਜ਼੍ਹਬੀ ਵਲਵਲੇ ਦੇ, ਸੂਰਬੀਰਤਾ ਦੇ ਚਾਅ ਦੇ, ਅਤੇ ਸੁਹਜ-ਸੂਝ ਤੋਂ ਕੋਰੀ ਬੂਝੜ ਜਜ਼ਬਾਤ ਪ੍ਰਸਤੀ ਦੇ ਕੁੱਲ ਵਿਸਮਾਦੀ ਲੋਰ ਨੂੰ ਹਿਰਸੀ ਖ਼ੁਦਗ਼ਰਜ਼ੀ ਦੇ ਸਰਦ ਪਾਣੀਆਂ ਵਿੱਚ ਡੁਬੋ ਦਿੱਤਾ। ਇਸ ਨੇ ਵਿਅਕਤੀਗਤੀ ਜੌਹਰ ਨੂੰ ਵਟਾਂਦਰਾ ਮੁੱਲ ਵਿੱਚ ਬਦਲ ਦਿੱਤਾ। ਅਤੇ ਬੇ ਸ਼ੁਮਾਰ ਅਨਿੱਖੜ ਅਮੋੜ ਸਨਦ ਯਾਫ਼ਤਾ ਆਜ਼ਾਦੀਆਂ ਦੀ ਜਗ੍ਹਾ ਨਿਰਲੱਜਤਾ ਅਤੇ ਮਕਰ ਭਰੀ ਵਾਹਦ ਆਜ਼ਾਦੀ ਕਾਇਮ ਕੀਤੀ ਹੈ ਅਤੇ ਉਹ ਹੈ ਤਜਾਰਤ ਦੀ ਆਜ਼ਾਦੀ। ਮੁੱਕਦੀ ਗੱਲ ਇਹ ਕਿ ਇਸ ਨੇ ਧਾਰਮਕ ਅਤੇ ਰਾਜਨੀਤਕ ਭਰਮਾਂ ਦੇ ਪਰਦਿਆਂ ਨਾਲ਼ ਢਕੀ ਹੋਈ ਲੁੱਟ ਖਸੁੱਟ ਦੀ ਜਗ੍ਹਾ ਨੰਗੀ, ਨਿਰਲੱਜ, ਪ੍ਰਤੱਖ, ਵਹਿਸ਼ੀਆਨਾ ਲੁੱਟ ਖਸੁੱਟ ਸਥਾਪਤ ਕਰ ਦਿੱਤੀ ਹੈ।
ਬੁਰਜ਼ੁਆ ਜਮਾਤ ਨੇ ਹਰ ਉਸ ਪੇਸ਼ੇ ਦੀ ਅਜ਼ਮਤ ਖੋਹ ਲਈ ਜਿਸ ਦੀ ਹੁਣ ਤੱਕ ਇੱਜ਼ਤ ਹੁੰਦੀ ਆਈ ਸੀ ਅਤੇ ਜਿਸ ਦੀ ਧਾਂਕ ਬੈਠੀ ਹੋਈ ਸੀ। ਇਸ ਨੇ ਡਾਕਟਰ, ਵਕੀਲ, ਪੁਜਾਰੀ, ਸ਼ਾਇਰ, ਸਾਇੰਸ਼ਦਾਨ ਸਭ ਨੂੰ ਆਪਣੇ ਤਨਖ਼ਾਹਦਾਰ, ਉਜਰਤੀ ਮਜ਼ਦੂਰ ਬਣਾ ਦਿੱਤਾ ਹੈ।
ਬੁਰਜ਼ੁਆ ਜਮਾਤ ਨੇ ਪਰਿਵਾਰ ਦਾ ਜਜ਼ਬਾਤੀ ਨਕਾਬ ਚਾਕ ਕਰ ਦਿੱਤਾ ਹੈ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਹਿਜ਼ ਪੈਸੇ ਦੇ ਰਿਸ਼ਤੇ ਬਣਾ ਕੇ ਰੱਖ ਦਿੱਤਾ ਹੈ।
ਬੁਰਜ਼ੁਆ ਜਮਾਤ ਨੇ ਇਹ ਭੇਤ ਖੋਲ੍ਹ ਦਿੱਤਾ ਕਿ ਮੱਧਕਾਲ ਵਿੱਚ ਕਿਵੇਂ ਬਲ ਦੀ ਵਹਿਸ਼ੀਆਨਾ ਨੁਮਾਇਸ਼ ਦਾ, ਜਿਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਪਿਛਾਖੜੀ ਕਦੇ ਨਹੀਂ ਥੱਕਦੇ, ਅਤਿ ਦੇ ਆਲਸ ਅਤੇ ਐਸ਼ ਪ੍ਰਸਤੀ ਨਾਲ਼ ਚੋਲੀ ਦਾਮਨ ਦਾ ਸੰਬੰਧ ਸੀ। ਇਹ ਪਹਿਲੀ ਜਮਾਤ ਹੈ ਜਿਸ ਨੇ ਦੇਖਿਆ ਦਿੱਤਾ ਕਿ ਇਨਸਾਨੀ ਕਾਰਗੁਜ਼ਾਰੀ ਕੀ ਕੁਛ ਕਰ ਸਕਦੀ ਹੈ। ਇਸ ਨੇ ਉਹ ਅਜੂਬੇ ਪੇਸ਼ ਕੀਤੇ ਜਿਨਾਂ ਦੇ ਮੁਕਾਬਲੇ ਮਿਸਰ ਦੇ ਪਿਰਾਮਿਡ, ਰੂਮ ਦੀਆਂ ਨਹਿਰਾਂ ਅਤੇ ਗੌਥਿਕ ਨਮੂਨੇ ਦੇ ਸ਼ਾਨਦਾਰ ਗਿਰਜੇ ਹੇਚ ਹਨ। ਇਸ ਨੇ ਐਸੀਆਂ ਐਸੀਆਂ ਮੁਹਿੰਮਾਂ ਸਰ ਕੀਤੀਆਂ ਹਨ ਜਿਹਨਾਂ ਦੇ ਸਾਹਮਣੇ ਸਭਨਾਂ ਪੂਰਬਲੇ ਜਮਾਨੇ ਦੀਆਂ ਕੌਮਾਂ ਦੇ ਕਾਰਵਾਂ ਅਤੇ ਸਲੀਬੀ ਜੰਗਾਂ ਮਾਤ ਹਨ।
ਬੁਰਜ਼ੁਆ ਜਮਾਤ ਪੈਦਾਵਾਰ ਦੇ ਸਾਧਨਾ ਵਿੱਚ ਅਤੇ ਇਸ ਕਰਕੇ ਪੈਦਾਵਾਰ ਦੇ ਰਿਸਤਿਆਂ ਵਿੱਚ ਅਤੇ ਉਹਨਾਂ ਦੇ ਨਾਲ਼ ਸਮਾਜ ਦੇ ਸਾਰੇ ਰਿਸਤਿਆਂ ਵਿੱਚ ਲਗਾਤਾਰ ਇਨਕਲਾਬੀ ਉਲਟ ਪੁਲਟ ਕਰੇ ਬਗ਼ੈਰ ਜ਼ਿੰਦਾ ਨਹੀਂ ਰਹਿ ਸਕਦੀ। ਇਸ ਦੇ ਉਲਟ ਪੈਦਾਵਾਰ ਦੇ ਪੁਰਾਣੇ ਤਰੀਕਿਆਂ ਨੂੰ ਜਿਓਂ ਦਾ ਤਿਓਂ ਕਾਇਮ ਰਖਣਾ, ਪਹਿਲੇ ਜ਼ਮਾਨੇ ਦੀਆਂ ਸਭਨਾਂ ਸਨਅਤੀ ਜਮਾਤਾਂ ਦੇ ਬਚਾ ਦੀ ਪਹਿਲੀ ਸ਼ਰਤ ਸੀ। ਪੈਦਾਵਾਰ ਵਿੱਚ ਨਿਰੰਤਰ ਇਨਕਲਾਬੀ ਉਲਟ ਪੁਲਟ, ਸਮੁੱਚੇ ਸਮਾਜੀ ਤਾਲੁਕਾਤ ਵਿੱਚ ਲਗਾਤਾਰ ਖ਼ਲਲ, ਦਾਇਮੀ ਅਨਿਸਚਿਤਤਾ ਅਤੇ ਹਲਚਲ, ਬੁਰਜ਼ੁਆ ਦੌਰ ਨੂੰ ਪਹਿਲਾਂ ਦੇ ਸਭਨਾਂ ਦੌਰਾਂ ਤੋਂ ਮੁਮਤਾਜ਼ ਬਣਾਉਂਦੇ ਹਨ। ਸਭਨਾਂ ਪੱਕੇ ਤਾਲੁਕਾਤ ਜੋ ਪੱਥਰ ਦੀ ਲਕੀਰ ਬਣ ਚੁੱਕੇ ਸਨ, ਆਪਣੇ ਕਦੀਮ ਅਤੇ ਲਾਇਕ ਇਹਤਰਾਮ ਤਅਸਬਾਂ ਅਤੇ ਅਕੀਦਿਆਂ ਦੇ ਲਾਓ ਲਸ਼ਕਰ ਸਮੇਤ ਨੇਸਤੋ ਨਾਬੂਦ ਹੋ ਗਏ ਅਤੇ ਨਵੇਂ ਕਾਇਮ ਹੋਣ ਵਾਲੇ ਤਾਲੁਕਾਤ ਜੜਾਂ ਲਾਉਣ ਤੋਂ ਪਹਿਲਾਂ ਹੀ ਬੋਦੇ ਪੁਰਾਣੇ ਹੋ ਜਾਂਦੇ ਹਨ। ਕਲ ਤੱਕ ਜੋ ਠੋਸ ਸੀ, ਅੱਜ ਉਹ ਹਵਾ ਹੋ ਗਿਆ। ਜੋ ਪਾਕ ਸੀ ਉਹ ਨਪਾਕ ਹੈ। ਅਤੇ ਇਨਸਾਨ ਆਖ਼ਿਰ ਕਾਰ ਮਜਬੂਰ ਹੋਇਆ ਕੀ ਆਪਣੀ ਜ਼ਿੰਦਗੀਦੀਆਂ ਹਕੀਕਤਾਂ ਦਾ ਅਤੇ ਆਪਣੇ ਅਸੀਂ ਜਿਨਸੀਆਂ ਨਾਲ਼ ਆਪਣੇ ਤਾਲੁਕਾਤ ਦਾ ਪੂਰੇ ਹੋਸ਼ੋ ਹਵਾਸ ਵਿੱਚ ਜਾਇਜ਼ਾ ਲਵੇ।
ਆਪਣੇ ਮਾਲ ਲਈ ਮੰਡੀ ਬਰਾਬਰ ਵਧਾਉਂਦੇ ਰਹਿਣ ਦੀ ਜ਼ਰੂਰਤ ਬੁਰਜ਼ੁਆ ਜਮਾਤ ਤੋਂ ਸਾਰੇ ਜਹਾਨ ਦੀ ਖ਼ਾਕ ਛਣਵਾਉਂਦੀ ਹੈ। ਉਸ ਨੂੰ ਹਰ ਸ਼ਾਖ਼ ਤੇ ਆਸ਼ੀਆਨਾ ਬਨਾਉਣਾ ਪੈਂਦਾ ਹੈ। ਹਰ ਜਗ੍ਹਾ ਘਰ ਵਸਾਉਣਾ ਪੈਂਦਾ ਹੈ। ਹਰ ਜਗ੍ਹਾ ਤਾਲੁਕਾਤ ਕਾਇਮ ਕਰਨੇ ਪੈਂਦੇ ਹਨ।
ਬੁਰਜ਼ੁਆ ਜਮਾਤ ਨੇ ਆਲਮਗੀਰ ਮੰਡੀ ਦੀ ਲੁੱਟ ਖਸੁੱਟ ਦੇ ਜ਼ਰੀਏ ਹਰ ਮੁਲਕ ਵਿੱਚ ਪੈਦਾਵਾਰ ਅਤੇ ਖਪਤ ਨੂੰ ਸਰਬ-ਦੇਸੀ ਰੰਗ ਦੇ ਦਿੱਤਾ ਹੈ। ਰਜਅਤ ਪ੍ਰਸਤ ਸਖ਼ਤ ਖ਼ਫ਼ਾ ਹਨ ਕਿ ਸਨਅਤ ਜਿਸ ਕੌਮੀ ਬੁਨਿਆਦ ਉਪਰ ਖੜੀ ਸੀ ਉਹ ਜ਼ਮੀਨ ਉਸ ਦੇ ਪੈਰਾਂ ਥਲਿਓਂ ਇਸ ਨੇ ਖਿਸਕਾ ਦਿੰਦੀ ਹੈ। ਪਹਿਲਾਂ ਤੋਂ ਚਲੀਆਂ ਆਉਂਦੀਆਂ ਸਭਨਾਂ ਕੌਮੀ ਸਨਅਤਾਂ ਤਬਾਹ ਕਰ ਦਿੰਦੀਆਂ ਗਈਆਂ ਜਾਂ ਦਿਨ ਬਦਿਨ ਤਬਾਹ ਕੀਤੀਆਂ ਜਾ ਰਹੀਆਂ ਹਨ। ਨਵੀਆਂ ਸਨਅਤਾਂ ਉਹਨਾਂ ਦੀ ਜਗ੍ਹਾ ਲੈ ਰਹੀਆਂ ਹਨ ਜਿਹਨਾਂ ਦੀ ਕਾਇਮੀ ਸਭਨਾਂ ਸਭਿਆ ਕੌਮਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣਦਾ ਜਾ ਰਿਹਾ ਹੈ। ਇਹ ਉਹ ਸਨਅਤਾਂ ਹਨ ਜਿਹਨਾਂ ਵਿੱਚ ਆਪਣੇ ਦੇਸ ਦਾ ਕੱਚਾ ਮਾਲ ਇਸਤੇਮਾਲ ਨਹੀਂ ਹੁੰਦਾ ਬਲਕਿ ਦੂਰ ਦੂਰ ਦੇ ਇਲਾਕਿਆਂ ਤੋਂ ਕੱਚਾ ਮਾਲ ਆਉਂਦਾ ਹੈ। ਇਨ੍ਹਾਂ ਸਨਅਤਾਂ ਦੀ ਪੈਦਾਵਾਰ ਦੀ ਖਪਤ ਸਿਰਫ਼ ਆਪਣੇ ਮੁਲਕ ਵਿੱਚ ਨਹੀਂ ਬਲਕਿ ਦੁਨੀਆ ਦੇ ਹਰ ਗੋਸ਼ੇ ਵਿੱਚ ਹੁੰਦੀ ਹੈ। ਪੁਰਾਣੀਆਂ ਜ਼ਰੂਰਤਾਂ ਦੀ ਜਗ੍ਹਾ ਜੋ ਆਪਣੇ ਮੁਲਕ ਦੀ ਪੈਦਾਵਾਰ ਨਾਲ਼ ਪੂਰੀਆਂ ਹੋ ਜਾਇਆ ਕਰਦੀਆਂ ਸਨ, ਹੁਣ ਨਵੀਆਂ ਜਰੂਰਤਾਂ ਪੈਦਾ ਹੋ ਗਈਆਂ ਹਨ ਜਿਨਾਂ ਨੂੰ ਪੂਰਾ ਕਰਨ ਲਈ ਦੂਰ ਦਰਾਜ਼ ਦੇ ਮੁਲਕਾਂ ਅਤੇ ਇਲਾਕਿਆਂ ਦਾ ਮਾਲ ਚਾਹੀਦਾ ਹੈ। ਪੁਰਾਣੀ ਮੁਕਾਮੀ ਅਤੇ ਕੌਮੀ ਅਲਹਿਦਗੀ ਅਤੇ ਆਤਮ ਨਿਰਭਰਤਾ ਦੀ ਥਾਂ ਹੁਣ ਹਰ ਤਰਫ਼ ਵਰਤ ਵਰਤਾਵੇ ਦਾ ਦੌਰ ਦੌਰਾ ਹੈ ਅਤੇ ਕੌਮਾ ਦੀ ਇਕ ਦੂਸਰੇ ਉਪਰ ਸਰਬ ਵਿਆਪੀ ਅੰਤਰ-ਨਿਰਭਰਤਾ ਦੇਖਣ ਵਿੱਚ ਆਉਂਦੀ ਹੈ। ਮਾਦੀ ਪੈਦਾਵਾਰ ਦਾ ਜੋ ਹਾਲ ਹੈ ਉਹੀ ਜ਼ਿਹਨੀ ਪੈਦਾਵਾਰ ਦਾ ਵੀ ਹੈ। ਹਰ ਕੌਮ ਦੇ ਜ਼ਿਹਨੀ ਕਾਰਨਾਮੇ ਸਾਰੀ ਦੁਨੀਆ ਦੀ ਸਾਂਝੀ ਜਾਇਦਾਦ ਬਣਦੇ ਜਾ ਰਹੇ ਹਨ। ਕੌਮੀ ਇੱਕਤਰਫ਼ਾਪਣ ਅਤੇ ਤੰਗਨਜ਼ਰੀ ਦਿਨ ਬਦਿਨ ਨਾਮੁਮਕਿਨ ਹੁੰਦੀ ਜਾ ਰਹੀ ਹੈ ਅਤੇ ਅਨੇਕ ਕੌਮੀ ਅਤੇ ਮੁਕਾਮੀ ਸਾਹਿਤ ਮਿਲ ਕੇ ਇਕ ਆਲਮਗੀਰ ਸਾਹਿਤ ਜਨਮ ਲੈ ਰਿਹਾ ਹੈ।
ਬੁਰਜ਼ੁਆ ਜਮਾਤ ਪੈਦਾਵਾਰ ਦੇ ਸਭਨਾਂ ਔਜਾਰਾਂ ਵਿੱਚ ਤੇਜ਼ੀ ਨਾਲ਼ ਬਿਹਤਰੀ ਲਿਆਉਣ ਅਤੇ ਸੰਚਾਰ ਦੇ ਵਸੀਲਿਆਂ ਨੂੰ ਬੇ ਹੱਦ ਅਸਾਨ ਬਣਾਉਣ ਦੇ ਜੋਰ ਸਭਨਾਂ ਕੌਮਾਂ ਨੂੰ ਇਥੋਂ ਤੱਕ ਕਿ ਇੰਤਹਾਈ ਵਹਿਸ਼ੀ ਕੌਮਾਂ ਨੂੰ ਵੀ ਤਹਿਜ਼ੀਬ ਦੇ ਦਾਇਰੇ ਵਿੱਚ ਖਿਚ ਲੈਂਦੀ ਹੈ। ਇਸ ਦੇ ਤਜਾਰਤੀ ਮਾਲ ਦੀਆਂ ਸਸਤੀਆਂ ਕੀਮਤਾਂ ਗੋਲੇ ਬਾਰੂਦ ਦਾ ਕੰਮ ਕਰਦੀਆਂ ਹਨ ਜਿਸ ਨਾਲ਼ ਉਹ ਚੀਨ ਦੀ ਹਰ ਦੀਵਾਰ ਨੂੰ ਢਾਹ ਦਿੰਦੀ ਹੈ ਅਤੇ ਜ਼ਿੱਦੀ ਤੋਂ ਜ਼ਿੱਦੀ ਵਹਿਸ਼ੀਆਂ ਨੂੰ ਵੀ ਜਿਹਨਾ ਦੇ ਦਿਲ ਵਿਚੋਂ ਗ਼ੈਰਾਂ ਨੂੰ ਨਫ਼ਰਤ ਦਾ ਜਜ਼ਬਾ ਮਾਰਿਆਂ ਨਹੀਂ ਮਰਦਾ, ਹਾਰ ਮੰਨਣ ਲਈ ਮਜਬੂਰ ਕਰ ਦਿੰਦੀ ਹੈ। ਇਹ ਸਭਨਾਂ ਕੌਮਾ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਬੁਰਜ਼ੁਆ ਪੈਦਾਵਾਰੀ ਤਰੀਕਾ ਇਖ਼ਤਿਆਰ ਕਰਨ ਜਾਂ ਫ਼ਨਾ ਹੋ ਜਾਣ। ਇਹ ਉਹਨਾਂ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਵੀ ਇਸ ਦੀ ਮੂੰਹ ਬੋਲੀ ਤਹਿਜ਼ੀਬ ਨੂੰ ਅਪਨਾਉਣ ਯਾਨੀ ਵੋਹ ਖ਼ੁਦ ਵੀ ਬੁਰਜ਼ੁਆ ਬਣਨ। ਮੁਖਤਸਰ ਇਹ ਕਿ ਉਹ ਆਪਣੇ ਸਾਂਚੇ ਵਿੱਚ ਆਪਣੀ ਦੁਨੀਆ ਸਿਰਜ ਲੈਂਦੀ ਹੈ।
ਬੁਰਜ਼ੁਆ ਜਮਾਤ ਨੇ ਦਿਹਾਤ ਨੂੰ ਸ਼ਹਿਰਾਂ ਦੇ ਤਾਬੇ ਕਰ ਦਿੱਤਾ ਹੈ। ਇਸ ਨੇ ਬੜੇ ਬੜੇ ਸ਼ਹਿਰ ਬਸਾਏ ਹਨ। ਦਿਹਾਤ ਦੇ ਮੁਕਾਬਲੇ ਵਿੱਚ ਸ਼ਹਿਰੀ ਆਬਾਦੀ ਬਹੁਤ ਵਧਾ ਦਿੰਦੀ ਹੈ ਅਤੇ ਇਸ ਤਰ੍ਹਾਂ ਆਬਾਦੀ ਦੇ ਇਕ ਬੜੇ ਹਿੱਸੇ ਨੂੰ ਦਿਹਾਤੀ ਜ਼ਿੰਦਗੀ ਦੇ ਮੂਰਖਪੁਣੇ ਤੋਂ ਛੁਟਕਾਰਾ ਦਿਲਾਇਆ ਹੈ। ਜਿਸ ਤਰ੍ਹਾਂ ਇਸ ਨੇ ਦਿਹਾਤ ਨੂੰ ਸ਼ਹਿਰਾਂ ਤੇ ਨਿਰਭਰ ਬਣਾਇਆ, ਉਸੇ ਤਰ੍ਹਾਂ ਗ਼ੈਰ ਸਭਿਅਕ ਅਤੇ ਅਰਧ ਸਭਿਅਕ ਮੁਲਕਾਂ ਨੂੰ ਸਭਿਅਕ ਮੁਲਕਾਂ ਦਾ, ਕਿਸਾਨਾਂ ਕੌਮਾ ਨੂੰ ਬੁਰਜ਼ੁਆ ਕੌਮਾ ਦਾ, ਪੂਰਬ ਨੂੰ ਪਛਮ ਦਾ ਮੁਹਤਾਜ ਬਣਾਇਆ ਹੈ।
ਬੁਰਜ਼ੁਆ ਜਮਾਤ ਪੈਦਾਵਾਰ ਦੇ ਸਾਧਨਾ ਦੀ, ਮਲਕੀਅਤ ਦੀ, ਅਤੇ ਆਬਾਦੀ ਦੀ ਖਿੰਡਰੀ ਪੁੰਡਰੀ ਹਾਲਤ ਨੂੰ ਦਿਨ ਬਦਿਨ ਖ਼ਤਮ ਕਰਦੀ ਜਾ ਰਹੀ ਹੈ। ਇਸ ਨੇ ਆਬਾਦੀ ਨੂੰ ਇਕੱਠਾ ਕੀਤਾ ਹੈ। ਪੈਦਾਵਾਰੀ ਸਾਧਨਾ ਦਾ ਕੇਂਦਰੀਕਰਨ ਕੀਤਾ ਹੈ ਅਤੇ ਮਲਕੀਅਤ ਚੰਦ ਹੱਥਾਂ ਵਿੱਚ ਜਮ੍ਹਾ ਕਰ ਦਿੰਦੀ ਹੈ। ਇਸ ਦਾ ਲਾਜ਼ਮੀ ਨਤੀਜਾ ਸਿਆਸੀ ਕੇਂਦਰੀਕਰਨ ਹੀ ਹੋਣਾ ਸੀ। ਸੂਬੇ ਜੋ ਆਜ਼ਾਦ ਸਨ ਜਾਂ ਜਿਹਨਾਂ ਵਿੱਚ ਕੋਈ ਵਾਜ਼ਿਹ ਸੰਬੰਧ ਨਹੀਂ ਸੀ, ਜਿਨਾ ਦੇ ਮੁਫ਼ਾਦ, ਕਾਨੂੰਨ, ਹਕੂਮਤਾਂ ਅਤੇ ਮਹਿਸੂਲ ਦੇ ਤਰੀਕੇ ਅਲੱਗ ਅਲੱਗ ਸਨ, ਹੁਣ ਮਿਲ ਕੇ ਇਕ ਕੌਮ ਬਣ ਗਏ ਹਨ, ਜਿਹਨਾਂ ਦੀ ਇਕ ਹਕੂਮਤ ਹੈ, ਕਾਨੂੰਨ ਦਾ ਇੱਕ ਹੀ ਜ਼ਾਬਤਾ ਹੈ, ਇਕ ਕੌਮੀ ਜਮਾਤੀ ਮੁਫ਼ਾਦ ਹੈ, ਇਕ ਸਰਹੱਦ ਅਤੇ ਇਕ ਕਸਟਮ ਡਿਊਟੀ ਹੈ।
ਬੁਰਜ਼ੁਆ ਜਮਾਤ ਨੇ ਆਪਣੇ ਇਸ ਮੁਸ਼ਕਿਲ ਨਾਲ਼ ਇਕ ਸੌ ਬਰਸ ਦੀ ਹਕੂਮਤ ਵਿੱਚ ਏਨੀਆਂ ਵਡੀਆਂ ਅਤੇ ਦਿਓ ਕੱਦ ਪੈਦਾਵਾਰੀ ਤਾਕਤਾਂ ਸਿਰਜ ਲਈਆਂ ਹਨ ਕਿ ਪਿਛਲੀਆਂ ਸਭਨਾਂ ਨਸਲਾਂ ਮਿਲ ਕੇ ਵੀ ਨਹੀਂ ਸਨ ਸਿਰਜ ਸਕੀਆਂ। ਕੁਦਰਤ ਦੀਆਂ ਤਾਕਤਾਂ ਉਪਰ ਇਨਸਾਨ ਕੀ ਕਾਰਫ਼ਰਮਾਈ, ਮਸ਼ੀਨਾਂ, ਸਨਅਤ ਅਤੇ ਜ਼ਰਾਇਤ ਵਿੱਚ ਕੈਮਿਸਟਰੀ ਦਾ ਇਸਤੇਮਾਲ, ਭਾਫ ਜਹਾਜ਼ਰਾਨੀ, ਰੇਲਾਂ,ਬਿਜਲਈ ਤਾਰ, ਖੇਤੀ ਲਈ ਪੂਰੇ ਦੇ ਪੂਰੇ ਮਹਾਦੀਪਾਂ ਦੀ ਸਫ਼ਾਈ, ਨਹਿਰਾਂ ਬਣਾ ਕੇ ਦਰਿਆਵਾਂ ਨੂੰ ਮਿਲਾਉਣਾ ਅਤੇ ਜਿਵੇਂ ਜਾਦੂ ਦੇ ਜ਼ੋਰ ਨਾਲ਼ ਜ਼ਮੀਨ ਦਾ ਸੀਨਾ ਚੀਰ ਕੇ ਆਬਾਦੀਆਂ ਦਾ ਪ੍ਰਗਟ ਹੋਣਾ ਪਹਿਲਾਂ ਦੇ ਕਿਸ ਜ਼ਮਾਨੇ ਦੇ ਲੋਕਾਂ ਦੇ ਸੁਪਨਿਆਂ ਵਿੱਚ ਵੀ ਇਹ ਗੱਲ ਆ ਸਕਦੀ ਸੀ ਕਿ ਸਮਾਜਿਕ ਮਿਹਨਤ ਦੀ ਗੋਦ ਵਿੱਚ ਅਜਿਹੀਆਂ ਪੈਦਾਵਾਰੀ ਤਾਕਤਾਂ ਸੁਤੀਆਂ ਹੋਈਆਂ ਹਨ ?
ਫਿਰ ਅਸੀਂ ਦੇਖਦੇ ਹਾਂ ਕੀ ਕਿ ਪੈਦਾਵਾਰ ਅਤੇ ਵਟਾਂਦਰੇ ਦੇ ਵਸੀਲੇ, ਜਿਹਨਾਂ ਦੀ ਬੁਨਿਆਦ ਉਪਰ ਬੁਰਜ਼ੁਆ ਜਮਾਤ ਨੇ ਆਪਣੇ ਆਪ ਨੂੰ ਬਣਾਇਆ, ਉਹ ਜਾਗੀਰਦਾਰ ਸਮਾਜ ਵਿੱਚ ਪੈਦਾ ਹੋ ਚੁੱਕੇ ਸਨ। ਪੈਦਾਵਾਰ ਅਤੇ ਵਟਾਂਦਰੇ ਦੇ ਇਨ੍ਹਾਂ ਵਸੀਲਿਆਂ ਦੇ ਵਿਕਾਸ ਵਿੱਚ ਇਕ ਮੰਜ਼ਿਲ ਐਸੀ ਆਈ ਕਿ ਜਾਗੀਰਦਾਰ ਸਮਾਜ ਦੀਆਂ ਹਾਲਤਾਂ ਵਿੱਚ ਜਿਹਨਾਂ ਅੰਦਰ ਮਾਲ ਦੀ ਪੈਦਾਵਾਰ ਅਤੇ ਉਸ ਦਾ ਵਟਾਂਦਰਾ ਹੁੰਦਾ ਸੀ, ਜ਼ਰਾਇਤ ਅਤੇ ਕਾਰਖ਼ਾਨੇਦਾਰੀ ਸਨਅਤ ਦਾ ਜਾਗੀਰਦਾਰ ਤਨਜ਼ੀਮ ਦੇ ਅੰਦਰ, ਮੁਖ਼ਤਸਰ ਇਹ ਕਿ ਹੁਣ ਕਾਫੀ ਵਿਕਾਸ ਕਰ ਚੁੱਕੀਆਂ ਪੈਦਾਵਾਰੀ ਤਾਕਤਾਂ ਦਾ ਮਾਲਕੀ ਦੇ ਜਾਗੀਰਦਾਰੀ ਰਿਸ਼ਤਿਆਂ ਦੇ ਅੰਦਰ ਨਿਬਾਹ ਨਾਮੁਮਕਿਨ ਹੋ ਗਿਆ ਸੀ। ਇਹ ਰਿਸ਼ਤੇ ਉਹਨਾਂ ਦੇ ਪੈਰਾਂ ਦੀਆਂ ਜੰਜੀਰਾਂ ਬਣ ਗਏ।ਉਹਨਾਂ ਜੰਜੀਰਾਂ ਨੂੰ ਤੋੜਨਾ ਲੋੜੀਂਦਾ ਸੀ।ਉਹਨਾਂ ਨੂੰ ਤੋੜ ਦਿੰਦਾ ਗਿਆ।
ਹੁਣ ਆਜ਼ਾਦ ਮੁਕਾਬਲੇ ਨੇ ਉਹਨਾਂ ਦੀ ਜਗ੍ਹਾ ਲੈ ਲਈ, ਅਤੇ ਇਹ ਆਪਣੇ ਅਨੁਸਾਰ ਇਕ ਸਮਾਜੀ ਅਤੇ ਸਿਆਸੀ ਨਿਜ਼ਾਮ ਅਤੇ ਬੁਰਜ਼ੁਆ ਜਮਾਤ ਦਾ ਆਰਥਿਕ ਅਤੇ ਸਿਆਸੀ ਗਲਬਾ ਵੀ ਨਾਲ਼ ਲੈ ਕੇ ਆਇਆ।
ਇਸੇ ਕਿਸਮ ਦੀ ਇਕ ਤਬਦੀਲੀ ਖ਼ੁਦ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ। ਆਧੁਨਿਕ ਬੁਰਜ਼ੁਆ ਸਮਾਜ ਨੇ ਜਿਵੇਂ ਜਾਦੂ ਦੇ ਜ਼ੋਰ ਪੈਦਾਵਾਰ ਅਤੇ ਤਬਾਦਲੇ ਦੇ ਅਜ਼ੀਮ ਦਿਓ ਕੱਦ ਵਸੀਲੇ ਖੜੇ ਕਰ ਲਈ ਹਨ। ਮਗਰ ਪੈਦਾਵਾਰ ਦੇ, ਵਟਾਂਦਰੇ ਦੇ ਅਤੇ ਮਲਕੀਅਤ ਦੇ ਆਪਣੇ ਰਿਸ਼ਤਿਆਂ ਸਮੇਤ ਇਸ ਸਮਾਜ ਦੀ ਹਾਲਤ ਉਸ ਜਾਦੂਗਰ ਵਰਗੀ ਹੈ ਜਿਸ ਨੇ ਆਪਣੇ ਜਾਦੂ ਨਾਲ਼ ਸ਼ੈਤਾਨੀ ਤਾਕਤਾਂ ਨੂੰ ਜਗਾ ਤਾਂ ਲਿਆ ਹੈ ਮਗਰ ਹੁਣ ਕਾਬੂ ਵਿੱਚ ਨਹੀਂ ਰੱਖ ਸਕਦਾ। ਪਿਛਲੇ ਕਈ ਦਹਾਕਿਆਂ ਤੋਂ ਸਨਅਤ ਅਤੇ ਤਜਾਰਤ ਦਾ ਇਤਿਹਾਸ,ਆਧੁਨਿਕ ਪੈਦਾਵਾਰੀ ਸ਼ਕਤੀਆਂ ਦੀ ਬਗ਼ਾਵਤ ਦਾ ਇਤਿਹਾਸ ਹੈ, ਬਗ਼ਾਵਤ ਆਧੁਨਿਕ ਪੈਦਾਵਾਰ ਰਿਸਤਿਆਂ ਦੇ ਖ਼ਿਲਾਫ਼ ਅਤੇ ਮਲਕੀਅਤ ਦੇ ਉਹਨਾਂ ਰਿਸਤਿਆਂ ਦੇ ਖ਼ਿਲਾਫ਼ ਜੋ ਬੁਰਜ਼ੁਆ ਜਮਾਤ ਅਤੇ ਉਸ ਦੇ ਗਲਬੇ ਨੂੰ ਕਾਇਮ ਰੱਖਣ ਲਈ ਜ਼ਰੂਰੀ ਹਨ। ਇਸ ਸਿਲਸਿਲੇ ਵਿੱਚ ਉਹਨਾਂ ਤਜਾਰਤੀ ਸੰਕਟਾਂ ਦਾ ਜ਼ਿਕਰ ਹੀ ਕਾਫ਼ੀ ਹੈ ਜੋ ਬਰਾਬਰ ਕੁਛ ਵਕਫ਼ੇ ਬਾਅਦ ਮੁੜ ਮੁੜ ਆਉਂਦੇ ਰਹਿੰਦੇ ਹਨ ਅਤੇ ਪੂਰੇ ਬੁਰਜ਼ੁਆ ਸਮਾਜ ਦੀ ਜ਼ਿੰਦਗੀ ਨੂੰ ਹਰ ਬਾਰ ਪਹਿਲੇ ਨਾਲੋਂ ਵੀ ਬੜੇ ਖ਼ਤਰੇ ਵਿੱਚ ਫਸਾ ਦਿੰਦੇ ਹਨ। ਇਨ੍ਹਾਂ ਸੰਕਟਾਂ ਵਿੱਚ ਹਰ ਬਾਰ ਸਿਰਫ਼ ਤਿਆਰ ਮਾਲ ਦਾ ਹੀ ਨਹੀਂ ਬਲਕਿ ਪਹਿਲਾਂ ਦੀਆਂ ਸਿਰਜੀਆਂ ਪੈਦਾਵਾਰੀ ਸ਼ਕਤੀਆਂ ਦਾ ਵੀ ਇਕ ਬੜਾ ਹਿੱਸਾ ਬਰਬਾਦ ਕਰ ਦਿੰਦਾ ਜਾਂਦਾ ਹੈ। ਇਨ੍ਹਾਂ ਸੰਕਟਾਂ ਦੌਰਾਨ ਜਿਵੇਂ ਇਕ ਵਬਾ ਜਿਹੀ ਫੈਲ ਜਾਂਦੀ ਹੈ, ਫ਼ਾਜ਼ਲ ਪੈਦਾਵਾਰ ਦੀ ਵਬਾ,ਜੋ ਪਹਿਲਾਂ ਦੇ ਸਭਨਾਂ ਜੁਗਾਂ ਦੌਰਾਨ ਇਕ ਅਨਹੋਣੀ ਜਿਹੀ ਬਾਤ ਲਗਦੀ। ਸਮਾਜ ਅਚਾਨਕ ਆਪਣੇ ਆਪ ਨੂੰ ਕੁਛ ਦਿਨਾਂ ਲਈ ਬਰਬਰੀਅਤ ਦੇ ਆਲਮ ਵਿੱਚ ਪਾਉਂਦਾ ਹੈ। ਇਓਂ ਲਗਣ ਲੱਗ ਜਾਂਦਾ ਹੈ ਜਿਵੇਂ ਅਕਾਲ ਪੈ ਗਿਆ ਹੋਵੇ ਜਾਂ ਆਲਮਗੀਰ ਜੰਗ ਦੀ ਤਬਾਹੀ ਨੇ ਜੀਵਨ ਦੇ ਸਭਨਾਂ ਵਸੀਲਿਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹੋਣ। ਸਨਅਤ ਅਤੇ ਤਜਾਰਤ ਬਰਬਾਦ ਹੁੰਦੀ ਨਜ਼ਰ ਆਉਂਦੀ ਹੈ। ਤੇ ਇਹ ਕਿਉਂ ?ਇਸ ਲਈ ਕਿ ਸਭਿਅਤਾ ਦੀਆਂ ਬਰਕਤਾਂ ਦੀ ਬਹੁਤਾਤ ਹੈ। ਜ਼ਿੰਦਗੀ ਦੇ ਵਸੀਲਿਆਂ ਦੀ ਬਹੁਤਾਤ ਹੈ, ਸਨਅਤ ਦੀ ਬਹੁਤਾਤ ਹੈ, ਤਜਾਰਤ ਦੀ ਬਹੁਤਾਤ ਹੈ। ਸਮਾਜ ਦੇ ਹਥ ਵਿੱਚ ਜੋ ਪੈਦਾਵਾਰੀ ਤਾਕਤਾਂ ਹਨ ਉਹਨਾਂ ਤੋਂ ਹੁਣ ਬੁਰਜ਼ੁਆ ਮਲਕੀਅਤ ਦੇ ਨਿਜ਼ਾਮ ਦੀ ਹੋਰ ਤਰੱਕੀ ਵਿੱਚ ਕੋਈ ਮਦਦ ਨਹੀਂ ਮਿਲਦੀ ਬਲਕਿ ਇਸ ਦੇ ਉਲਟ ਉਹ ਇਤਨੀਆਂ ਤਾਕਤਵਰ ਹੋ ਗਈਆਂ ਹਨ ਕਿ ਇਸ ਨਿਜ਼ਾਮ ਕੋਲੋਂ ਸੰਭਾਲਿਆਂ ਨਹੀਂ ਸੰਭਲਦੀਆਂ।ਇਹ ਨਿਜ਼ਾਮ ਉਹਨਾਂ ਦੇ ਪੈਰਾਂ ਦੀ ਜ਼ੰਜੀਰ ਬਣ ਜਾਂਦਾ ਹੈ ਅਤੇ ਜਿਓਂ ਹੀ ਉਹ ਇਨ੍ਹਾਂ ਜੰਜੀਰਾਂ ਉਪਰ ਕਾਬੂ ਪਾਉਂਦੀਆਂ ਹਨ ਪੂਰੇ ਬੁਰਜ਼ੁਆ ਸਮਾਜ ਵਿੱਚ ਖ਼ਲਲ ਪੈ ਜਾਂਦਾ ਹੈ। ਬੁਰਜ਼ੁਆ ਮਲਕੀਅਤ ਦਾ ਵਜੂਦ ਖ਼ਤਰੇ ਵਿੱਚ ਪੈ ਜਾਂਦਾ ਹੈ। ਬੁਰਜ਼ੁਆ ਤਾਲੁਕਾਤ ਦਾ ਦਾਮਨ ਏਨਾ ਤੰਗ ਹੈ ਕਿ ਉਹ ਖ਼ੁਦ ਆਪਣੀ ਪੈਦਾ ਕੀਤੀ ਹੋਈ ਦੌਲਤ ਵੀ ਨਹੀਂ ਸੰਭਾਲ ਸਕਦਾ। ਫਿਰ ਬੁਰਜ਼ੁਆ ਜਮਾਤ ਇਨ੍ਹਾਂ ਸੰਕਟਾਂ ਉਪਰ ਕਾਬੂ ਕਿਵੇਂ ਪਾਉਂਦੀ ਹੈ? ਇਸ ਵਾਸਤੇ ਇਕ ਤਰਫ਼ ਪੈਦਾਵਾਰੀ ਸ਼ਕਤੀਆਂ ਦੀ ਜਦ ਰਦਸਤ ਬਰਬਾਕੀ ਕੀਤੀ ਜਾਂਦੀ ਹੈ ਅਤੇ ਦੂਸਰੀ ਤਰਫ਼ ਨਵੀਆਂ ਮੰਡੀਆਂ ਉਪਰ ਕਬਜ਼ਾ ਕੀਤਾ ਜਾਂਦਾ ਹੈ ਅਤੇ ਪੁਰਾਣੀਆਂ ਮੰਡੀਆਂ ਦਾ ਸੋਸ਼ਣ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ਼ ਕੀਤਾ ਜਾਂਦਾ ਹੈ। ਯਾਨੀ ਹੋਰ ਵੀ ਜ਼ਿਆਦਾ ਵਸੀਹ ਅਤੇ ਤਬਾਹਕੁਨ ਸੰਕਟਾਂ ਲਈ ਰਸਤਾ ਸਾਫ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸੰਕਟਾਂ ਨੂੰ ਰੋਕਣ ਦੇ ਵਸੀਲੇ ਹੋਰ ਵੀ ਘੱਟ ਕਰ ਦਿੱਤੇ ਜਾਂਦੇ ਹਨ।
ਉਹ ਹਥਿਆਰ ਜਿਹਨਾਂ ਨਾਲ਼ ਬੁਰਜ਼ੁਆ ਜਮਾਤ ਨੇ ਜਾਗੀਰਦਾਰੀ ਨਿਜ਼ਾਮ ਨੂੰ ਢਾਹਿਆ ਸੀ, ਹੁਣ ਖ਼ੁਦ ਬੁਰਜ਼ੁਆ ਜਮਾਤ ਦੇ ਖ਼ਿਲਾਫ਼ ਰੁਖ ਮੋੜ ਲੈਂਦੇ ਹਨ।
ਪਰ ਬੁਰਜ਼ੁਆ ਜਮਾਤ ਨੇ ਸਿਰਫ਼ ਉਹ ਹਥਿਆਰ ਹੀ ਨਹੀਂ ਢਾਲੇ ਜੋ ਉਸ ਦੀ ਮੌਤ ਦਾ ਪੈਗ਼ਾਮ ਹਨ, ਉਸ ਨੇ ਉਹ ਆਦਮੀ ਵੀ ਵਜੂਦ ਵਿੱਚ ਲੈ ਆਂਦੇ ਹਨ ਜਿਹੜੇ ਇਹ ਹਥਿਆਰ ਉਠਾਉਣਗੇ, ਯਾਨੀ ਪਰੋਲਤਾਰੀ, ਆਧੁਨਿਕ ਮਜ਼ਦੂਰ ਜਮਾਤ।
ਜਿਸ ਨਿਸਬਤ ਨਾਲ਼ ਬੁਰਜ਼ੁਆ ਜਮਾਤ ਯਾਨੀ ਸਰਮਾਏ ਦੀ ਤਰੱਕੀ ਹੁੰਦੀ ਹੈ ਉਸੇ ਨਿਸਬਤ ਨਾਲ਼ ਪ੍ਰੋਲਤਾਰੀ ਯਾਨੀ ਆਧੁਨਿਕ ਮਜ਼ਦੂਰ ਜਮਾਤ ਤਰੱਕੀ ਕਰਦੀ ਹੈ ਜੋ ਜ਼ਿੰਦਾ ਉਸ ਵਕਤ ਤੱਕ ਰਹਿ ਸਕਦੀ ਹੈ ਜਦ ਤੱਕ ਉਸ ਨੂੰ ਕੰਮ ਮਿਲਦਾ ਰਹੇ ਅਤੇ ਕੰਮ ਉਸ ਵਕਤ ਤੱਕ ਮਿਲਦਾ ਹੈ ਜਦੋਂ ਤੱਕ ਉਸ ਦੀ ਮਿਹਨਤ ਸਰਮਾਏ ਨੂੰ ਵਧਾਉਂਦੀ ਹੈ। ਇਹ ਮਜ਼ਦੂਰ ਵੀ,ਜਿਹਨਾਂ ਨੂੰ ਆਪਣਾ ਆਪ ਪੁਰਜਾ ਪੁਰਜਾ ਕਰਕੇ ਵੇਚਣਾ ਪੈਂਦਾ ਹੈ, ਤਜਾਰਤ ਦੀਆਂ ਹੋਰ ਸਭ ਚੀਜ਼ਾਂ ਵਾਂਗੂੰ ਇਕ ਜਿਣਸ ਹਨ। ਲਿਹਾਜ਼ਾ ਉਹ ਵੀ ਮੁਕਾਬਲੇ ਦੇ ਸਭਨਾਂ ਹੇਰ ਫੇਰ ਅਤੇ ਮੰਡੀ ਦੇ ਸਭਨਾਂ ਉਤਾਰ ਚੜ੍ਹਾਵਾਂ ਦੇ ਰਹਿਮੋ ਕਰਮ ਤੇ ਹਨ।
ਮਸ਼ੀਨਾ ਦੇ ਵਸੀਹ ਇਸਤੇਮਾਲ ਅਤੇ ਮਿਹਨਤ ਦੀ ਤਕਸੀਮ ਦੀ ਵਜ੍ਹਾ ਮਜ਼ਦੂਰਾਂ ਦਾ ਕੰਮ ਆਪਣੀਆਂ ਸਭਨਾਂ ਨਿਜੀ ਖਾਸੀਅਤਾਂ ਖੋ ਚੁੱਕਾ ਹੈ ਅਤੇ ਇਸ ਕਰਕੇ ਮਜ਼ਦੂਰ ਲਈ ਉਸ ਵਿੱਚ ਕੋਈ ਦਿਲਚਪਸ਼ੀ ਬਾਕੀ ਨਹੀਂ ਰਹੀ। ਉਹ ਮਸ਼ੀਨ ਦਾ ਦੁੰਮ ਛੱਲਾ ਬਣ ਕੇ ਰਹਿ ਗਿਆ ਹੈ। ਉਸ ਨੂੰ ਹੁਣ ਸਿਰਫ਼ ਇੱਕ ਢਬ ਜਾਣਨ ਦੀ ਲੋੜ ਹੈ ਜੋ ਨਿਹਾਇਤ ਸਿੱਧੀ ਸਾਦੀ,ਨਿਹਾਇਤ ਉਕਤਾ ਦੇਣ ਵਾਲੀ ਅਤੇ ਨਿਹਾਇਤ ਅਸਾਨੀ ਨਾਲ਼ ਸਿਖੀ ਜਾ ਸਕਣ ਵਾਲੀ ਚੀਜ਼ ਹੈ। ਇਸ ਲਈ ਮਜ਼ਦੂਰ ਦੀ ਪੈਦਾਵਾਰ ਦੀ ਲਾਗਤ ਤਕਰੀਬਨ ਉਹਨਾਂ ਜ਼ਿੰਦਗੀ ਦੇ ਵਸੀਲਿਆਂ ਤੱਕ ਮਹਿਦੂਦ ਹੈ ਜੋ ਉਸ ਕੇ ਆਪਣੇ ਗੁਜ਼ਾਰੇ ਅਤੇ ਨਸਲ ਦੇ ਵਾਧੇ ਲਈ ਜ਼ਰੂਰੀ ਹਨ। ਪਰ ਕਿਸੇ ਜਿਣਸ ਦੀ ਕੀਮਤ ਅਤੇ ਇਸ ਲਈ ਮਿਹਨਤ ਦੀ ਕੀਮਤ [ਬਾਅਦ ਮਾਰਕਸ ਨੇ ਦੱਸਿਆ ਕਿ ਮਜ਼ਦੂਰ ਆਪਣੀ ਮਿਹਨਤ ਨਹੀਂ ਬਲਕਿ ਮਿਹਨਤ ਦੀ ਤਾਕਤ ਵੇਚਦਾ ਹੈ। ਇਸ ਸਿਲਸਿਲੇ ਵਿੱਚ ਮਾਰਕਸ ਦੀ ਕਿਤਾਬ ਉਜਰਤੀ ਮਿਹਨਤ ਅਤੇ ਸਰਮਾਇਆ ਪੜ੍ਹੋ - ਐਡੀਟਰ] ਵੀ ਉਸ ਦੀ ਪੈਦਾਵਾਰ ਦੀ ਲਾਗਤ ਦੇ ਬਰਾਬਰ ਹੈ। ਇਸ ਲਈ ਕੰਮ ਜਿਤਨਾ ਜ਼ਿਆਦਾ ਨਾਪਸੰਦੀਦਾ ਹੁੰਦਾ ਜਾਂਦਾ ਹੈ ਉਸੇ ਨਿਸਬਤ ਨਾਲ਼ ਉਜਰਤ ਵਿੱਚ ਕਮੀ ਹੁੰਦੀ ਜਾਂਦੀ ਹੈ। ਅਤੇ ਇਹੀ ਨਹੀਂ ਬਲਕਿ ਜਿਸ ਨਿਸਬਤ ਨਾਲ਼ ਮਸ਼ੀਨਾਂ ਦਾ ਇਸਤੇਮਾਲ ਅਤੇ ਮਿਹਨਤ ਦੀ ਤਕਸੀਮ ਵਧਦੀ ਹੈ, ਉਸੇ ਨਿਸਬਤ ਨਾਲ਼ ਮੁਸ਼ੱਕਤ ਦਾ ਬੋਝ ਵਧਦਾ ਹੈ। ਚਾਹੇ ਉਹ ਕੰਮ ਦੇ ਘੰਟੇ ਵਧਣ ਕਰਕੇ ਹੋਵੇ, ਮੁਕਰਰ ਵਕਤ ਵਿੱਚ ਜ਼ਿਆਦਾ ਕੰਮ ਲੈਣ ਕਰਕੇ ਹੋਵੇ ਜਾਂ ਮਸ਼ੀਨ ਕੀ ਰਫਤਾਰ ਤੇਜ਼ ਹੋ ਜਾਣ ਕਰਕੇ।
ਆਧੁਨਿਕ ਸਨਅਤ ਨੇ ਪਿਤਰੀ ਮਾਲਕ ਦੇ ਛੋਟੇ ਕਾਰਖ਼ਾਨੇ ਨੂੰ ਸਨਅਤੀ ਸਰਮਾਏਦਾਰ ਦੀ ਬੜੀ ਫੈਕਟਰੀ ਵਿੱਚ ਬਦਲ ਦਿੱਤਾ ਹੈ। ਮਜ਼ਦੂਰਾਂ ਦੇ ਸਮੂਹ ਫ਼ੈਕਟਰੀ ਵਿੱਚ ਜਮਹਾ ਕਰ ਕੇ ਫ਼ੌਜੀ ਸਿਪਾਹੀਆਂ ਦੀ ਤਰ੍ਹਾਂ ਉਹਨਾਂ ਦੀ ਤਨਜ਼ੀਮ ਕੀਤੀ ਹੈ। ਅਫ਼ਸਰਾਂ ਅਤੇ ਹੋਲਦਾਰਾਂ ਦਾ ਇਕ ਪੂਰਾ ਸਿਲਸਿਲਾ ਹੈ ਜਿਹਨਾਂ ਦੀ ਕਮਾਨ ਵਿੱਚ ਉਹਨਾਂ ਨੂੰ ਸਨਅਤੀ ਫ਼ੌਜ ਦੇ ਆਮ ਸਿਪਾਹੀਆਂ ਦੀ ਤਰ੍ਹਾਂ ਰਖਿਆ ਗਿਆ ਹੈ। ਉਹ ਸਿਰਫ਼ ਬੁਰਜ਼ੁਆ ਜਮਾਤ ਅਤੇ ਬੁਰਜ਼ੁਆ ਰਿਆਸਤ ਦੇ ਗ਼ੁਲਾਮ ਨਹੀਂ ਹਨ, ਉਹ ਹਰ ਦਿਨ ਅਤੇ ਹਰ ਘੜੀ ਮਸ਼ੀਨ ਦੀ, ਨਿਗਰਾਨਕਾਰ ਦੀ, ਸਭ ਤੋਂ ਵਧ ਸਕਦਾ ਤੌਰ ਤੇ ਕਾਰਖ਼ਾਨੇ ਦੇ ਮਾਲਿਕ ਬੁਰਜ਼ੁਆ ਦੀ ਗ਼ੁਲਾਮੀ ਕਰਦੇ ਹਨ। ਇਹ ਜ਼ਾਲਮਾਨਾ ਨਿਜ਼ਾਮ ਜਿਸ ਕਦਰ ਖੁੱਲੇ ਆਮ ਨਫ਼ਾ ਖ਼ੋਰੀ ਨੂੰ ਆਪਣੀ ਗ਼ਰਜ਼ ਅਤੇ ਮੰਤਵ ਬਣਾਉਂਦਾ ਹੈ, ਉਸ ਕਦਰ ਵਧੇਰੇ ਜ਼ਲੀਲ, ਵਧੇਰੇ ਨਫ਼ਰਤਯੋਗ ਅਤੇ ਵਧੇਰੇ ਤਲਖ਼ ਹੋ ਜਾਂਦਾ ਹੈ।
ਜਿਸਮਾਨੀ ਮਿਹਨਤ ਵਿੱਚ ਮੁਹਾਰਤ ਅਤੇ ਤਾਕਤ ਸਰਫ਼ ਕਰਨ ਦੀ ਜ਼ਰੂਰਤ ਜਿਸ ਕਦਰ ਘੱਟ ਹੁੰਦੀ ਜਾਂਦੀ ਹੈ ਯਾਨੀ ਦੂਸਰੇ ਲਫ਼ਜ਼ਾਂ ਵਿੱਚ ਆਧੁਨਿਕ ਸਨਅਤ ਜਿਤਨੀ ਜ਼ਿਆਦਾ ਤਰੱਕੀ ਕਰਦੀ ਜਾਂਦੀ ਹੈ ਉਸ ਕਦਰ ਔਰਤਾਂ ਦਾ ਕੰਮ ਮਰਦਾਂ ਦੇ ਕੰਮ ਦੀ ਜਗ੍ਹਾ ਲੈਂਦਾ ਜਾਂਦਾ ਹੈ। ਮਜ਼ਦੂਰ ਜਮਾਤ ਦੇ ਲਈ ਉਮਰ ਅਤੇ ਲਿੰਗ ਦੇ ਅਧਾਰ ਤੇ ਵਖਰੇਵਾਂ ਕਾਇਮ ਕਰਨ ਦੀ ਹੁਣ ਕੋਈ ਸਮਾਜੀ ਸਾਰਥਿਕਤਾ ਬਾਕੀ ਨਹੀਂ ਰਹਿੰਦੀ। ਸਭ ਮਿਹਨਤ ਦੇ ਔਜਾਰ ਹੁੰਦੇ ਹਨ ਜਿਹਨਾਂ ਦੀ ਕੀਮਤ ਉਹਨਾਂ ਦੀ ਉਮਰ ਅਤੇ ਲਿੰਗ ਦੇ ਲਿਹਾਜ਼ ਵਧਦੀ ਘਟਦੀ ਰਹਿੰਦੀ ਹੈ।
ਜਿਓਂ ਹੀ ਕਾਰਖ਼ਾਨੇਦਾਰ ਹਥੋਂ ਮਜ਼ਦੂਰ ਦੀ ਲੁੱਟ ਕੁਛ ਦੇਰ ਲਈ ਬੰਦ ਹੁੰਦੀ ਹੈ ਅਤੇ ਉਸਨੂੰ ਉਹਦੀ ਉਜਰਤ ਦੇ ਨਕਦ ਪੈਸੇ ਮਿਲਦੇ ਹਨ, ਬੁਰਜ਼ੁਆ ਜਮਾਤ ਦੇ ਦੂਸਰੇ ਹਿੱਸੇ ਮਾਲਿਕ ਮਕਾਨ, ਦੁਕਾਨਦਾਰ, ਸਾਹੂਕਾਰ ਵਗ਼ੈਰਾ ਉਸ ਉਪਰ ਟੁੱਟ ਪੈਂਦੇ ਹਨ।
ਦਰਮਿਆਨੀ ਜਮਾਤ ਦੇ ਹੇਠਲੇ ਹਿੱਸੇ ਛੋਟੇ ਕਾਰਖ਼ਾਨੇਦਾਰ, ਛੋਟੇ ਤਾਜਰ ਅਤੇ ਆਮ ਤੌਰ ਤੇ ਰਿਟਾਇਰ ਤਾਜਰ, ਦਸਤਕਾਰ ਅਤੇ ਕਿਸਾਨ ਇਹ ਸਭ ਗਿਰਦੇ ਗਿਰਦੇ ਪ੍ਰੋਲਤਾਰੀ ਵਿੱਚ ਜਾ ਮਿਲਦੇ ਹਨ। ਕੁਛ ਤਾਂ ਇਸ ਕਰਕੇ ਕਿ ਜਿਸ ਪੈਮਾਨੇ ਪਰ ਆਧੁਨਿਕ ਸਨਅਤ ਚਲਾਈ ਜਾਂਦੀ ਹੈ ਉਸ ਲਈ ਉਹਨਾਂ ਦਾ ਨਿਗੂਣਾ ਸਰਮਾਇਆ ਕਾਫੀ ਨਹੀਂ ਹੁੰਦਾ ਅਤੇ ਬੜੇ ਸਰਮਾਏਦਾਰਾਂ ਦੇ ਮੁਕਾਬਲੇ ਵਿੱਚ ਉਹ ਡੁੱਬ ਜਾਂਦੇ ਹਨ। ਅਤੇ ਕੁਛ ਇਸ ਕਰਕੇ ਕਿ ਉਹਨਾਂ ਦਾ ਮਖ਼ਸੂਸ ਹੁਨਰ, ਉਹਨਾਂ ਦੀ ਸਪੈਸਲਟੀ ਪੈਦਾਵਾਰ ਦੇ ਨਵੇਂ ਤਰੀਕਿਆਂ ਦੀ ਬਦੌਲਤ ਕਿਸੇ ਕੰਮ ਦੀ ਨਹੀਂ ਰਹਿੰਦੀ। ਇਸ ਤਰ੍ਹਾਂ ਆਬਾਦੀ ਦੇ ਹਰ ਜਮਾਤ ਵਿੱਚੋਂ ਲੋਕ ਭਰਤੀ ਹੋ ਹੋ ਕੇ ਪ੍ਰੋਲਤਾਰੀ ਵਿੱਚ ਆਉਂਦੇ ਰਹਿੰਦੇ ਹਨ।
ਮਜ਼ਦੂਰ ਜਮਾਤ ਵਿਕਾਸ ਦੀਆਂ ਕਈ ਮੰਜਲਾਂ ਵਿੱਚੀਂ ਗੁਜ਼ਰਦੀ ਹੈ। ਪੈਦਾ ਹੁੰਦਿਆਂ ਹੀ ਬੁਰਜ਼ੁਆ ਜਮਾਤ ਨਾਲ਼ ਉਸ ਦੀ ਜਦੋਜਹਿਦ ਸ਼ੁਰੂ ਹੋ ਜਾਂਦੀ ਹੈ। ਸ਼ੁਰੂ ਸ਼ੁਰੂ ਵਿੱਚ ਕਿਸੇ ਇਕ ਬੁਰਜ਼ੁਆ ਦੇ ਖ਼ਿਲਾਫ਼ ਜੋ ਉਹਨਾਂ ਦਾ ਪ੍ਰਤੱਖ ਸੋਸ਼ਣ ਕਰ ਰਿਹਾ ਹੁੰਦਾ ਹੈ, ਇਕੇ ਦੁੱਕੇ ਮਜ਼ਦੂਰ ਮੁਕਾਬਲੇ ਲਈ ਉਤਰਦੇ ਹਨ। ਫਿਰ ਇਕ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਅਤੇ ਉਸ ਦੇ ਬਾਅਦ ਇਕ ਇਲਾਕੇ ਵਿੱਚ ਇਕ ਪੂਰੀ ਸਨਅਤ ਦੇ ਮਜ਼ਦੂਰ।ਉਹਨਾਂ ਦੇ ਅਸੀਂ ਲੇ ਦਾ ਰੁਖ਼ ਬੁਰਜ਼ੁਆ ਪੈਦਾਵਾਰੀ ਹਾਲਤਾਂ ਦੇ ਖ਼ਿਲਾਫ਼ ਨਹੀਂ ਬਲਕਿ ਖ਼ੁਦ ਪੈਦਾਵਾਰ ਦੇ ਸੰਦਾਂ ਦੇ ਖ਼ਿਲਾਫ਼ ਹੁੰਦਾ ਹੈ। ਉਹ ਬਾਹਰ ਤੋਂ ਆਏ ਸਾਜ਼ ਸਮਾਨ ਨੂੰ ਜੋ ਉਹਨਾਂ ਦੀ ਮਿਹਨਤ ਨਾਲ਼ ਮੁਕਾਬਲਾ ਕਰਦੇ ਹਨ, ਬਰਬਾਦ ਕਰ ਦਿੰਦੇ ਹਨ। ਉਹ ਮਸ਼ੀਨਾਂ ਪਾਸ਼ ਪਾਸ਼ ਕਰ ਦਿੰਦੇ ਹਨ। ਕਾਰਖ਼ਾਨਿਆਂ ਵਿੱਚ ਅੱਗ ਲਗਾ ਦਿੰਦੇ ਹਨ ਅਤੇ ਮੱਧਕਾਲ ਦੇ ਕਾਰੀਗਰਾਂ ਦੇ ਖੋਏ ਹੋਏ ਰੁਤਬੇ ਨੂੰ ਜ਼ਬਰਦਸਤੀ ਬਹਾਲ ਕਰਨਾ ਚਾਹੁੰਦੇ ਹਨ।
ਇਸ ਵਕਤ ਮਜ਼ਦੂਰ ਤਿੱਤਰ ਬਿੱਤਰ ਹਾਲਤ ਵਿੱਚ ਸਾਰੇ ਮੁਲਕ ਵਿੱਚ ਬਿਖਰੇ ਹੁੰਦੇ ਹਨ। ਆਪਸੀ ਮੁਕਾਬਲੇ ਕਾਰਨ ਉਹਨਾਂ ਦਾ ਸ਼ੀਰਾਜ਼ਾ ਖਿੰਡਿਆ ਰਹਿੰਦਾ ਹੈ। ਅਗਰ ਕਿਤੇ ਕਿਤੇ ਉਹ ਮਿਲ ਕੇ ਜ਼ਿਆਦਾ ਗੱਠੀ ਹੋਈ ਜਮਾਤ ਬਣਾਉਂਦੇ ਹਨ ਤਾਂ ਇਹ ਅਜੇ ਉਹਨਾਂ ਦੇ ਆਪਣੇ ਅਮਲੀ ਇਤਹਾਦ ਦਾ ਨਤੀਜਾ ਨਹੀਂ ਬਲਕਿ ਬੁਰਜ਼ੁਆ ਜਮਾਤ ਕੇ ਇਤਹਾਦ ਦਾ ਨਤੀਜਾ ਹੁੰਦਾ ਹੈ। ਇਹ ਜਮਾਤ ਖ਼ੁਦ ਅਪਣਾ ਸਿਆਸੀ ਮਕਸਦ ਪੂਰਾ ਕਰਨ ਲਈ ਮਜਬੂਰ ਹੁੰਦੀ ਹੈ ਕਿ ਪੂਰੇ ਮਜ਼ਦੂਰ ਜਮਾਤ ਨੂੰ ਹਰਕਤ ਵਿੱਚ ਲਿਆਏ ਅਤੇ ਉਸ ਵਿੱਚ ਉਸ ਵਕਤ ਤੱਕ ਐਸਾ ਕਰਨ ਦੀ ਸਮਰਸੀ ਵੀ ਹੁੰਦੀ ਹੈ। ਇਸ ਲਈ ਉਸ ਮਰਹਲੇ ਤੇ ਮਜ਼ਦੂਰ ਜਮਾਤ ਆਪਣੇ ਦੁਸ਼ਮਨਾਂ ਨਾਲ਼ ਨਹੀਂ ਬਲਕਿ ਆਪਣੇ ਦੁਸ਼ਮਨਾਂ ਦੇ ਦੁਸ਼ਮਨਾਂ ਨਾਲ਼ ਨਿਰੰਕੁਸ਼ ਬਾਦਸ਼ਾਹਤ ਦੀ ਰਹਿੰਦ ਖੂੰਹਦ ਨਾਲ, ਜ਼ਮੀਦਾਰਾਂ ਨਾਲ, ਗ਼ੈਰ ਸਨਅਤੀ ਬੁਰਜ਼ੁਆ ਅਤੇ ਪੈਟੀ ਬੁਰਜ਼ੁਆ ਜਮਾਤ ਨਾਲ਼ ਲੜਦਾ ਹੈ। ਇਸ ਤਰਾਂ ਸਮੁਚੀ ਇਤਿਹਾਸ ਦੀ ਸਾਰੀ ਹਰਕਤ ਦੀ ਬਾਗ ਡੋਰ ਬੁਰਜ਼ੁਆ ਜਮਾਤ ਦੇ ਹੱਥਾਂ ਵਿੱਚ ਹੁੰਦੀ ਹੈ।ਅਤੇ ਇਨ੍ਹਾਂ ਹਾਲਤਾਂ ਵਿੱਚ ਜੋ ਫ਼ਤਿਹ ਹਾਸਲ ਹੁੰਦੀ ਹੈ ਉਹ ਬੁਰਜ਼ੁਆ ਜਮਾਤ ਦੀ ਫ਼ਤਿਹ ਹੁੰਦੀ ਹੈ।
ਪਰ ਸਨਅਤ ਦੀ ਤਰੱਕੀ ਨਾਲ਼ ਮਜ਼ਦੂਰ ਜਮਾਤ ਸਿਰਫ਼ ਤਾਦਾਦ ਵਿੱਚ ਹੀ ਨਹੀਂ ਵਧਦੀ ਬਲਕਿ ਉਹ ਭਾਰੀ ਤਾਦਾਦ ਵਿੱਚ ਕੇਂਦ੍ਰਿਤ ਹੋਣ ਲੱਗ ਜਾਂਦੀ ਹੈ ਇਸ ਦੀ ਤਾਕਤ ਵਧਦੀ ਹੈ ਅਤੇ ਉਸ ਨੂੰ ਰੋਜ਼ ਬਰੋਜ਼ ਆਪਣੀ ਤਾਕਤ ਦਾ ਅਹਿਸਾਸ ਹੋਣ ਲਗਦਾ ਹੈ। ਜਿਵੇਂ ਜਿਵੇਂ ਮਸ਼ੀਨ ਮਿਹਨਤ ਦੇ ਸਭਨਾਂ ਫਰਕ ਮਿਟਾਉਂਦੀ ਜਾਂਦੀ ਹੈ ਅਤੇ ਤਕਰੀਬਨ ਹਰ ਜਗ੍ਹਾ ਉਜਰਤਾਂ ਨੂੰ ਇਕੋ ਨੀਵੀਂ ਸੱਤਾ ਪਰ ਲੈ ਆਉਂਦੀ ਹੈ, ਉਸੇ ਨਿਸਬਤ ਨਾਲ਼ ਮਜ਼ਦੂਰ ਜਮਾਤ ਦੀਆਂ ਸਫਾਂ ਅੰਦਰ ਵੱਖ ਵੱਖ ਮੁਫ਼ਾਦ ਅਤੇ ਜ਼ਿੰਦਗੀ ਦੀਆਂ ਵੱਖ ਵੱਖ ਹਾਲਤਾਂ ਵਿੱਚ ਇੱਕਸਾਰਤਾ ਵਧਦੀ ਜਾਂਦੀ ਹੈ। ਬੁਰਜ਼ੁਆ ਜਮਾਤ ਵਿੱਚ ਵਧ ਰਿਹਾ ਮੁਕਾਬਲਾ ਅਤੇ ਉਸ ਦੀ ਬਦੌਲਤ ਤਜਾਰਤੀ ਸੰਕਟ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਆਏ ਦਿਨ ਉਤਾਰ ਚੜਾਅ ਪੈਦਾ ਕਰਦੇ ਰਹਿੰਦੇ ਹਨ।ਮਸ਼ੀਨਾਂ ਵਿੱਚ ਨਿੱਤ ਨਵੇਂ ਸੁਧਾਰ ਅਤੇ ਉਹਨਾਂ ਦੀ ਤੇਜ਼ ਤੋਂ ਤੇਜ਼ਤਰ ਤਰੱਕੀ ਕਰਨ ਮਜ਼ਦੂਰਾਂ ਦੀ ਰੋਜ਼ੀ ਦਿਨ ਬਦਿਨ ਖ਼ਤਰੇ ਵਿੱਚ ਪੈਂਦੀ ਜਾਂਦੀ ਹੈ। ਇਕੇ ਦੁੱਕੇ ਮਜ਼ਦੂਰਾਂ ਅਤੇ ਬੁਰਜ਼ੁਆ ਲੋਕਾਂ ਦੀਆਂ ਝੜਪਾਂ ਰੋਜ਼ ਬਰੋਜ਼ ਦੋ ਜਮਾਤਾਂ ਦੀ ਟੱਕਰ ਦੀ ਸੂਰਤ ਇਖ਼ਤਿਆਰ ਕਰਦੀਆਂ ਜਾਂਦੀਆਂ ਹਨ ਅਤੇ ਫਿਰ ਬੁਰਜ਼ੁਆਜ਼ੀ ਦੇ ਖ਼ਿਲਾਫ਼ ਮਜ਼ਦੂਰ ਆਪਣੀਆਂ ਟ੍ਰੇਡ ਯੂਨੀਅਨਾਂ ਬਨਾਉਣ ਲਗਦੇ ਹਨ। ਉਜਰਤ ਦੀ ਦਰ ਕਾਇਮ ਰੱਖਣ ਲਈ ਉਹ ਆਪਸ ਵਿੱਚ ਮਿਲ ਜਾਂਦੇ ਹਨ। ਆਪਣੀਆਂ ਵਕਤੀ ਬਗ਼ਾਵਤਾਂ ਲਈ ਪਹਿਲਾਂ ਤੋਂ ਬੰਦੋਬਸਤ ਕਰਨ ਦੇ ਮਕਸਦ ਲਈ ਉਹ ਸਸੀ ਈ ਸੰਗਠਨ ਕਾਇਮ ਕਰਦੇ ਹਨ।ਕਦੇ ਕਦੇ ਇਹ ਟੱਕਰ ਖੁੱਲੀ ਬਗ਼ਾਵਤ ਦੀ ਸੂਰਤ ਇਖ਼ਤਿਆਰ ਕਰ ਲੈਂਦੀ ਹੈ।
ਕਦੇ ਕਦਾਈਂ ਮਜਦੂਰਾਂ ਦੀ ਜਿੱਤ ਹੁੰਦੀ ਹੈ ਮਗਰ ਚੰਦ ਰੋਜ਼ ਲਈ। ਉਹਨਾਂ ਦੀ ਜਦੋਜਹਿਦ ਦਾ ਅਸਲੀ ਫਲ ਫ਼ੌਰੀ ਕਾਮਯਾਬੀਆਂ ਵਿੱਚ ਨਹੀਂ ਬਲਕਿ ਮਜ਼ਦੂਰਾਂ ਦੇ ਦਿਨ ਬਦਿਨ ਵਧਦੇ ਹੋਏ ਇਤਹਾਦ ਵਿੱਚ ਹੁੰਦਾ ਹੈ। ਇਸ ਇਤਹਾਦ ਨੂੰ ਸੰਚਾਰ ਦੇ ਉਹਨਾਂ ਤਰੱਕੀ ਯਾਫ਼ਤਾ ਵਸੀਲਿਆਂ ਤੋਂ ਬੜੀ ਮਦਦ ਮਿਲਦੀ ਹੈ ਜਿਨ੍ਹਾਂ ਨੂੰ ਆਧੁਨਿਕ ਸਨਅਤ ਨੇ ਜਨਮ ਦਿੱਤਾ ਹੈ ਅਤੇ ਜਿਨਾਂ ਦੀ ਮਦਦ ਨਾਲ਼ ਵੱਖ ਵੱਖ ਸੀ ਵਾਂ ਦੇ ਮਜ਼ਦੂਰਾਂ ਵਿੱਚ ਰਾਬਤਾ ਪੈਦਾ ਹੁੰਦਾ ਹੈ। ਅਤੇ ਉਹੀ ਰਾਬਤਾ ਹੈ ਜਿਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤਾਕਿ ਸਭਨਾਂ ਮੁਕਾਮੀ ਜਦੋਜਹਿਦਾਂ ਨੂੰ ਜਿਹਨਾਂ ਦਾ ਚਰਿਤਰ ਸਭ ਜਗ੍ਹਾ ਇਕੋ ਸੀ ਕੌਮੀ ਤੌਰ ਤੇ ਇੱਕੋ ਜਮਾਤੀ ਜਦੋਜਹਿਦ ਦੇ ਰੂਪ ਵਿੱਚ ਕੇਂਦ੍ਰਿਤ ਕੀਤਾ ਜਾ ਸਕੇ। ਪਰ ਹਰ ਜਮਾਤੀ ਜਦੋਜਹਿਦ ਇਕ ਸਿਆਸੀ ਜਦੋਜਹਿਦ ਹੈ। ਅਤੇ ਉਹ ਇਤਹਾਦ ਜਿਸ ਨੂੰ ਹਾਸਲ ਕਰਨ ਲਈ ਮੱਧਕਾਲ ਦੇ ਸ਼ਹਿਰੀਆਂ ਨੂੰ ਆਪਣੀਆਂ ਖ਼ਸਤਾ ਹਾਲ ਸ਼ਾਹਰਾਹਾਂ ਕਾਰਨ ਸਦੀਆਂ ਦਰਕਾਰ ਸਨ, ਆਧੁਨਿਕ ਮਜ਼ਦੂਰ ਜਮਾਤ ਨੇ ਰੇਲਾਂ ਦੀ ਬਰਕਤ ਨਾਲ਼ ਚੰਦ ਸਾਲਾਂ ਵਿੱਚ ਕਾਇਮ ਕਰ ਲਿਆ ਹੈ।
ਇਕ ਜਮਾਤ ਦੀ ਸੂਰਤ ਵਿੱਚ ਅਤੇ ਉਸ ਦੇ ਨਤੀਜੇ ਦੇ ਤੌਰ ਪਰ ਇਕ ਸਿਆਸੀ ਪਾਰਟੀ ਵਿੱਚ ਮਜ਼ਦੂਰ ਜਮਾਤ ਦੀ ਇਹ ਤਨਜ਼ੀਮ ਖ਼ੁਦ ਮਜ਼ਦੂਰਾਂ ਦੇ ਆਪਸੀ ਮੁਕਾਬਲੇ ਦੀ ਬਦੌਲਤ ਬਰਾਬਰ ਉਲਟਦੀ ਰਹਿੰਦੀ ਹੈ। ਪਰ ਹਰ ਬਾਰ ਉਹ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ, ਜ਼ਿਆਦਾ ਪਾਏਦਾਰ ਅਤੇ ਜ਼ਿਆਦਾ ਤਾਕਤਵਰ ਹੋ ਕੇ ਉਠ ਖੜੀ ਹੁੰਦੀ ਹੈ ਅਤੇ ਖ਼ੁਦ ਬੁਰਜ਼ੁਆ ਜਮਾਤ ਦੇ ਅੰਦਰ ਦੀ ਫੁੱਟ ਤੋਂ ਫ਼ਾਇਦਾ ਉੱਠਾਕੇ ਉਹ ਮਜ਼ਦੂਰਾਂ ਦੇ ਖ਼ਾਸ ਮੁਫ਼ਾਦ ਕਾਨੂੰਨ ਦੀ ਨਜ਼ਰ ਵਿੱਚ ਤਸਲੀਮ ਕਰਾ ਲੈਂਦੀ ਹੈ। ਇਸ ਤਰਾਂ ਇੰਗਲੈਂਡ ਵਿੱਚ ਦਸ ਘੰਟੇ ਦਿਹਾੜੀ ਦਾ ਕਾਨੂਨ ਮਨਜ਼ੂਰ ਹੋਇਆ ਸੀ।
ਕੁੱਲ ਮਿਲਾ ਕੇ ਪੁਰਾਣੇ ਸਮਾਜ ਦੀਆਂ ਜਮਾਤਾਂ ਦੀਆਂ ਆਪਸੀ ਟਕਰਾਂ ਮਜ਼ਦੂਰ ਜਮਾਤ ਦੇ ਵਿਕਾਸ ਵਿੱਚ ਕਈ ਤਰ੍ਹਾਂ ਨਾਲ਼ ਮਦਦਗਾਰ ਹੁੰਦੀਆਂ ਹਨ। ਬੁਰਜ਼ੁਆ ਜਮਾਤ ਆਪਣੇ ਆਪ ਨੂੰ ਨਿਰੰਤਰ ਜਦੋਜਹਿਦ ਵਿੱਚ ਘਿਰੀ ਹੋਈ ਪਾਉਂਦੀ ਹੈ। ਸ਼ੁਰੂ ਵਿੱਚ ਅਮੀਰਸ਼ਾਹੀ ਦੇ ਖ਼ਿਲਾਫ਼ ਫਿਰ ਬੁਰਜ਼ੁਆ ਜਮਾਤ ਦੇ ਉਹਨਾਂ ਹਿਸਿਆਂ ਦੇ ਖ਼ਿਲਾਫ਼ ਜਿਹਨਾਂ ਦੇ ਮੁਫ਼ਾਦ ਸਨਅਤ ਦੀ ਤਰੱਕੀ ਨਾਲ਼ ਟਕਰਾਉਣ ਲਗਦੇ ਹਨ ਅਤੇ ਸਾਰੀ ਬਦੇਸੀ ਬੁਰਜ਼ੁਆਜ਼ੀ ਦੇ ਖ਼ਿਲਾਫ਼ ਤਾਂ ਹਮੇਸ਼ਾ ਹੀ। ਇਨ੍ਹਾਂ ਸਭ ਲੜਾਈਆਂ ਵਿੱਚ ਉਹ ਮਜਬੂਰ ਹੁੰਦੀ ਹੈ ਕਿ ਮਜ਼ਦੂਰ ਜਮਾਤ ਨੂੰ ਅਪੀਲ ਕਰੇ, ਉਸ ਤੋਂ ਮਦਦ ਮੰਗੇ ਅਤੇ ਇਸ ਤਰ੍ਹਾਂ ਉਸ ਨੂੰ ਸਿਆਸਤ ਦੇ ਮੈਦਾਨ ਵਿੱਚ ਘਸੀਟ ਲਵੇ। ਇਸ ਤਰਾਂ ਖ਼ੁਦ ਬੁਰਜ਼ੁਆ ਜਮਾਤ ਪ੍ਰੋਲਤਾਰੀ ਨੂੰ ਆਪਣੀ ਸਿਆਸੀ ਅਤੇ ਆਮ ਤਾਲੀਮ ਦੇ ਅੰਸ਼ ਸਪਲਾਈ ਕਰਦੀ ਹੈ। ਦੂਸਰੇ ਲਫ਼ਜ਼ਾਂ ਵਿੱਚ ਉਹ ਖ਼ੁਦ ਪ੍ਰੋਲਤਾਰੀ ਨੂੰ ਬੁਰਜ਼ੁਆ ਜਮਾਤ ਨਾਲ਼ ਲੜਨ ਦੇ ਹਥਿਆਰ ਦਿੰਦੀ ਹੈ। ਫਿਰ ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ ਸਨਅਤ ਦੀ ਤਰੱਕੀ ਨਾਲ਼ ਹੁਕਮਰਾਨ ਜਮਾਤਾਂ ਦੇ ਬਾਅਜ਼ ਪੂਰੇ ਦੇ ਪੂਰੇ ਗਰੋਹ ਤਬਾਹ ਹੋ ਕੇ ਮਜ਼ਦੂਰ ਜਮਾਤ ਵਿੱਚ ਆ ਮਿਲਦੇ ਹਨ।ਜਾਂ ਕਮ ਅਜ਼ ਕਮ ਉਹਨਾਂ ਦੀਆਂ ਜ਼ਿੰਦਗੀ ਦੀਆਂ ਹਾਲਤਾਂ ਵਿੱਚ ਤਬਾਹ ਹੋਣ ਦੇ ਖ਼ਤਰੇ ਮੰਡਰਾ ਰਹੇ ਹੁੰਦੇ ਹਨ। ਉਹਨਾਂ ਵਿੱਚੋਂ ਵੀ ਮਜ਼ਦੂਰ ਜਮਾਤ ਨੂੰ ਰੌਸ਼ਨ ਖ਼ਿਆਲੀ ਅਤੇ ਤਰੱਕੀ ਦੇ ਨਵੇਂ ਅੰਸ਼ ਮਿਲਦੇ ਹਨ।
ਆਖ਼ਰ ਜਦੋਂ ਜਮਾਤੀ ਜਦੋਜਹਿਦ ਦੇ ਫ਼ੈਸਲਾਕੁਨ ਲਮਹੇ ਕਰੀਬ ਆਉਂਦੇ ਹਨ ਤਾਂ ਹੁਕਮਰਾਨ ਜਮਾਤ ਦੇ ਅੰਦਰ ਅਤੇ ਦਰਅਸਲ ਪੂਰੇ ਪੁਰਾਣੇ ਸਮਾਜ ਦੇ ਅੰਦਰ ਇੰਤਸਾਰ ਦਾ ਇਹ ਸਿਲਸਿਲਾ ਇਤਨੀ ਸ਼ਦੀਦ ਅਤੇ ਨੁਮਾਇਆਂ(ਉਘੜਵੀਂ) ਸੂਰਤ ਇਖ਼ਤਿਆਰ ਕਰ ਲੈਂਦਾ ਹੈ ਕਿ ਹੁਕਮਰਾਨ ਜਮਾਤ ਦਾ ਇਕ ਮੁਖ਼ਤਸਰ ਗਰੋਹ ਉਸ ਨਾਲੋਂ ਟੁੱਟ ਕੇ ਅਲੱਗ ਹੋ ਜਾਂਦਾ ਹੈ ਅਤੇ ਇਨਕਲਾਬੀ ਜਮਾਤ ਵਿੱਚ ਆ ਮਿਲਦਾ ਹੈ। ਉਸ ਜਮਾਤ ਵਿੱਚ ਜਿਸ ਦੇ ਹਥ ਵਿੱਚ ਭਵਿੱਖ ਦੀ ਬਾਗ ਡੋਰ ਹੈ। ਜਿਸ ਤਰ੍ਹਾਂ ਇਸ ਤੋਂ ਪਹਿਲੇ ਦੌਰ ਵਿੱਚ ਅਮੀਰ ਸ਼ਾਹੀ ਦਾ ਇਕ ਹਿੱਸਾ ਬੁਰਜ਼ੁਆ ਜਮਾਤ ਨਾਲ਼ ਆ ਮਿਲਿਆ ਸੀ ਉਸੇ ਤਰ੍ਹਾਂ ਅੱਜ ਬੁਰਜ਼ੁਆ ਜਮਾਤ ਦਾ ਇਕ ਹਿੱਸਾ ਪ੍ਰੋਲਤਾਰੀ ਦਾ ਸਾਸੀ ਬਣ ਜਾਂਦਾ ਹੈ ਅਤੇ ਖ਼ਾਸ ਕਰ ਬੁਰਜ਼ੁਆ ਵਿਚਾਰਵਾਨਾਂ ਦਾ ਉਹ ਹਿੱਸਾ ਜੋ ਇਸ ਬੁਲੰਦੀ ਤੇ ਪਹੁੰਚ ਗਿਆ ਹੈ ਕਿ ਸਮੁਚੇ ਤੌਰ ਤੇ ਇਤਿਹਾਸੀ ਗਤੀ ਨੂੰ ਸਿਧਾਂਤਕ ਤੌਰ ਤੇ ਸਮਝ ਸਕੇ।
ਬੁਰਜ਼ੁਆ ਜਮਾਤ ਦੇ ਰੂਬਰੂ ਇਸ ਵਕਤ ਜਿੰਨੀਆਂ ਜਮਾਤਾਂ ਖੜੀਆਂ ਹਨ ਉਹਨਾਂ ਵਿੱਚੋਂ ਇਕ ਪ੍ਰੋਲਤਾਰੀ ਹੀ ਹਕੀਕਤ ਵਿੱਚ ਇਨਕਲਾਬੀ ਹੈ। ਦੂਸਰੀਆਂ ਜਮਾਤਾਂ ਆਧੁਨਿਕ ਸਨਅਤ ਦੇ ਮੁਕਾਬਲੇ ਵਿੱਚ ਬਰਬਾਦ ਹੋ ਕੇ ਅਖੀਰ ਖਤਮ ਹੋ ਜਾਂਦੀਆਂ ਹਨ। ਪ੍ਰੋਲਤਾਰੀ ਉਸ ਦੀ ਮਖ਼ਸੂਸ ਅਤੇ ਲਾਜ਼ਮੀ ਪੈਦਾਵਾਰ ਹੈ।
ਹੇਠਲੀ ਦਰਮਿਆਨੀ ਪਰਤ, ਛੋਟੇ ਕਾਰਖ਼ਾਨੇਦਾਰ, ਦੁਕਾਨਦਾਰ,ਦਸਤਕਾਰ,ਕਿਸਾਨ ਇਹ ਸਾਰੇ ਹੀ ਬੁਰਜ਼ੁਆ ਜਮਾਤ ਨਾਲ਼ ਲੜਦੇ ਹਨ ਤਾਕਿ ਉਹ ਦਰਮਿਆਨੀ ਪਰਤ ਦੀ ਆਪਣੀ ਹਸਤੀ ਨੂੰ ਮਿਟਣ ਤੋਂ ਬਚਾ ਸਕਣ। ਇਸ ਲਈ ਉਹ ਇਨਕਲਾਬੀ ਨਹੀਂ ਰੂੜੀਵਾਦੀ ਹਨ। ਇਤਨਾ ਹੀ ਨਹੀਂ ਉਹ ਪਿਛਾਖੜੀ ਵੀ ਹਨ ਕਿਉਂਕਿ ਉਹ ਇਤਿਹਾਸ ਦੀ ਗੰਗਾ ਨੂੰ ਉਲਟਾ ਵਹਾਉਣਾ ਚਾਹੁੰਦੇ ਹਨ। ਅਗਰ ਕਦੇ ਉਹ ਇਨਕਲਾਬੀ ਬਣਦੇ ਹਨ ਤਾਂ ਸਿਰਫ਼ ਇਹ ਦੇਖ ਕੇ ਕਿ ਉਹਨਾਂ ਲਈ ਪ੍ਰੋਲਤਾਰੀ ਦੇ ਨਾਲ਼ ਮਿਲਣ ਦੀ ਘੜੀ ਕਰੀਬ ਆ ਪਹੁੰਚੀ ਹੈ; ਕਿ ਉਹ ਆਪਣੇ ਹਾਲ ਦੇ ਨਹੀਂ ਭਵਿੱਖ ਦੇ ਮਫ਼ਾਦ ਦੀ ਹਿਫ਼ਾਜ਼ਤ ਕਰਦੇ ਹਨ ; ਕਿ ਉਹ ਪ੍ਰੋਲਤਾਰੀ ਦੇ ਨੁਕਤਾ ਨਜ਼ਰ ਪਰ ਪਹੁੰਚਣ ਲਈ ਖ਼ੁਦ ਆਪਣੇ ਨੁਕਤਾ ਨਜ਼ਰ ਤੋਂ ਕਿਨਾਰਾਕਸੀ ਕਰ ਲੈਂਦੇ ਹਨ। ਹੋ ਸਕਦਾ ਹੈ ਕਿ "ਖਤਰਨਾਕ ਜਮਾਤ" (ਲੁੰਪਨ ਪ੍ਰੋਲਤਾਰੀ ) ਜੋ ਪੁਰਾਣੇ ਸਮਾਜ ਦੀਆਂ ਸਭ ਤੋਂ ਹੇਠਲੀਆਂ ਪਰਤਾਂ ਵਿੱਚੋਂ ਉਭਰੀ ਜਮਾਂ ਹੋਈ ਮੈਲ ਹੈ, ਕਿਤੇ ਕਿਤੇ ਪ੍ਰੋਲਤਾਰੀ ਇਨਕਲਾਬ ਦੀ ਤਹਿਰੀਕ ਦੀਆਂ ਬਰੂਹਾਂ ਵਿੱਚ ਆ ਜਾਏ। ਐਪਰ ਇਸ ਦੀ ਜ਼ਿੰਦਗੀ ਦੇ ਹਾਲਾਤ ਐਸੇ ਹਨ ਕਿ ਇਸ ਵਿੱਚ ਪਿਛਾਖੜੀਆਂ ਨਾਲ਼ ਸਾਂਠ ਗਾਂਠ ਕਰਕੇ ਭਾੜੇ ਦਾ ਟੱਟੂ ਬਣਨ ਦਾ ਰੁਝਾਨ ਜ਼ਿਆਦਾ ਹੁੰਦਾ ਹੈ।
ਪ੍ਰੋਲਤਾਰੀ ਦੇ ਹਾਲਾਤ ਵਿਚੋਂ ਪੁਰਾਣੇ ਸਮਾਜ ਦੇ ਹਾਲਾਤ ਖ਼ਤਮ ਹੋ ਜਾਂਦੇ ਹਨ। ਪ੍ਰੋਲਤਾਰੀ ਦੀ ਕੋਈ ਮਲਕੀਅਤ ਨਹੀਂ। ਆਪਣੇ ਬੀਵੀ ਬੱਚਿਆਂ ਨਾਲ਼ ਉਸ ਦੇ ਤਾਲੁਕਾਤ ਵਿੱਚ ਅਤੇ ਬੁਰਜ਼ੁਆ ਪਰਿਵਾਰਿਕ ਤਾਲੁਕਾਤ ਵਿੱਚ ਹੁਣ ਕੋਈ ਚੀਜ਼ ਸਾਂਝੀ ਨਹੀਂ ਰਹਿੰਦੀ। ਆਧੁਨਿਕ ਸਨਅਤੀ ਮਿਹਨਤ ਨੇ, ਸਰਮਾਏ ਦੀ ਆਧੁਨਿਕ ਗ਼ੁਲਾਮੀ ਨੇ, ਜੋ ਇੰਗਲੈਂਡ ਅਤੇ ਫ਼ਰਾਂਸ ਵਿੱਚ ਅਮਰੀਕਾ ਅਤੇ ਜਰਮਨੀ ਵਿੱਚ ਸਭ ਜਗ੍ਹਾ ਇਕ ਹੈ, ਇਸ ਕੋਲੋਂ ਕੌਮੀ ਕਿਰਦਾਰ ਦੀ ਹਰ ਨਿਸ਼ਾਨੀ ਖੋਹ ਲਈ ਹੈ। ਕਾਨੂੰਨ,ਇਖਲਾਕ, ਮਜ਼ਹਬ ਸਭ ਉਸ ਲਈ ਬੁਰਜ਼ੁਆ ਜਮਾਤ ਦੇ ਢਕੌਂਸਲੇ ਤੋਂ ਜ਼ਿਆਦਾ ਕੁਝ ਨਹੀਂ ਹਨ ਜਿਹਨਾਂ ਵਿੱਚ ਇਕ ਇਕ ਦੇ ਪਿੱਛੇ ਬੁਰਜ਼ੁਆ ਮੁਫ਼ਾਦ ਘਾਤ ਲਗਾਈਂ ਬੈਠੇ ਹਨ।
ਪਹਿਲੇ ਦੀਆਂ ਸਭਨਾਂ ਜਮਾਤਾਂ ਨੇ ਜਦ ਕਦੇ ਗ਼ਾਲਿਬ ਹੋਈਆਂ ਤਾਂ ਉਹਨਾਂ ਨੇ ਆਪਣੇ ਹਾਸਲ ਕੀਤੇ ਰੁਤਬੇ ਨੂੰ ਪਾਏਦਾਰ ਬਨਾਉਣ ਲਈ ਪੂਰੇ ਸਮਾਜ ਨੂੰ ਆਪਣੇ ਹਥਿਆਉਣ ਦੇ ਨਿਜ਼ਾਮ ਦੇ ਤਾਬੇ ਕਰ ਦੇਣਾ ਚਾਹਿਆ। ਪ੍ਰੋਲਤਾਰੀ ਜਦ ਤੱਕ ਖ਼ੁਦ ਆਪਣੇ ਹਥਿਆਉਣ ਦੇ ਤਰੀਕੇ ਨੂੰ ਅਤੇ ਇਸ ਤਰਾਂ ਹਥਿਆਉਣ ਦੇ ਹਰੇਕ ਤਰੀਕੇ ਨੂੰ ਮਨਸੂਖ਼ ਨਾ ਕਰ ਦੇਵੇ ਸਮਾਜ ਦੀਆਂ ਪੈਦਾਵਾਰੀ ਸ਼ਕਤੀਆਂ ਦਾ ਮਾਲਿਕ ਨਹੀਂ ਬਣ ਸਕਦੀ। ਇਸ ਦਾ ਅਪਣਾ ਕੁਛ ਨਹੀਂ ਜਿਸ ਨੂੰ ਕਾਇਮ ਰੱਖਣਾ ਹੋਵੇ ਅਤੇ ਜਿਸ ਦੀ ਹਿਫ਼ਾਜ਼ਤ ਕਰਨੀ ਹੋਵੇ। ਇਸ ਦਾ ਮਿਸ਼ਨ ਜ਼ਾਤੀ ਮਲਕੀਅਤ ਦੀਆਂ ਪਹਿਲੀਆਂ ਸਾਰੀਆਂ ਹਿਫ਼ਾਜਤਾਂ ਅਤੇ ਜ਼ਮਾਨਤਾਂ ਨੂੰ ਮਿਟਾਉਣਾ ਹੈ।
ਪਹਿਲੀਆਂ ਸਭਨਾਂ ਇਤਿਹਾਸੀ ਤਹਿਰੀਕਾਂ ਘੱਟ ਗਿਣਤੀਆਂ ਦੀਆਂ ਤਹਿਰੀਕਾਂ ਸਨ ਜਾਂ ਘੱਟ ਗਿਣਤੀਆਂ ਦੇ ਹੱਕ ਵਿੱਚ ਸਨ। ਮਜ਼ਦੂਰ ਤਹਿਰੀਕ ਬਹੁਤ ਬੜੀ ਬਹੁ ਗਿਣਤੀ ਦੇ ਹੱਕ ਵਿੱਚ, ਬਹੁਤ ਬੜੀ ਬਹੁ ਗਿਣਤੀ ਦੇ ਮਫ਼ਾਦਾਂ ਲਈ ਆਜ਼ਾਦ ਤਹਿਰੀਕ ਹੈ। ਪ੍ਰੋਲਤਾਰੀ ਮੌਜੂਦਾ ਸਮਾਜ ਵਿੱਚ ਸਭ ਤੋਂ ਹੇਠਲੇ ਦਰਜੇ ਤੇ ਹੈ ਅਤੇ ਜਦ ਤੱਕ ਮੌਜੂਦਾ ਸਮਾਜ ਦੀਆਂ ਕਾਬਿਜ਼ ਪਰਤਾਂ ਦੇ ਪਰਖੱਚੇ ਨਾ ਉੜਾ ਦਿੱਤੇ ਜਾਣ ਉਹ ਨਾ ਤਾਂ ਜੁੰਬਸ਼ ਕਰ ਸਕਦਾ ਹੈ ਅਤੇ ਨਾ ਉਪਰ ਉੱਠ ਸਕਦਾ ਹੈ।
ਬੁਰਜ਼ੁਆ ਜਮਾਤ ਦੇ ਖ਼ਿਲਾਫ਼ ਪ੍ਰੋਲਤਾਰੀ ਦੀ ਜਦੋਜਹਿਦ ਸਾਰਤੱਤ ਦੇ ਲਿਹਾਜ ਤਾਂ ਨਹੀਂ, ਮਗਰ ਆਪਣੀ ਸੂਰਤ ਵਿੱਚ ਸ਼ੁਰੂ ਸ਼ੁਰੂ ਵਿੱਚ ਇਕ ਕੌਮੀ ਜਦੋਜਹਿਦ ਹੁੰਦੀ ਹੈ। ਜ਼ਾਹਿਰ ਹੈ ਕਿ ਹਰ ਮੁਲਕ ਦੇ ਪ੍ਰੋਲਤਾਰੀ ਨੂੰ ਸਭ ਤੋਂ ਪਹਿਲਾਂ ਆਪਣੀ ਹੀ ਬੁਰਜ਼ੁਆ ਜਮਾਤ ਨਾਲ਼ ਨਿਪਟਣਾ ਪੈਂਦਾ ਹੈ। ਪ੍ਰੋਲਤਾਰੀ ਦੇ ਵਿਕਾਸ ਦੇ ਬਿਲਕੁਲ ਆਮ ਪੜਾਵਾਂ ਦਾ ਬਿਆਨ ਕਰਦੇ ਹੋਏ ਅਸੀਂ ਉਸ ਖ਼ਾਨਾ ਜੰਗੀ ਦਾ ਖ਼ਾਕਾ ਖਿਚਿਆ ਹੈ ਜੋ ਮੌਜੂਦਾ ਸਮਾਜ ਵਿੱਚ ਘੱਟ ਜਾਂ ਵਧ ਲੁਕਵੇਂ ਤੌਰ ਤੇ ਜ਼ੋਰ ਸ਼ੋਰ ਨਾਲ਼ ਜਾਰੀ ਹੈ; ਜੋ ਵਿਕਾਸ ਕਰਦੀ ਉਸ ਬਿੰਦੂ ਤੇ ਪਹੁੰਚ ਜਾਂਦੀ ਹੈ ਜਿਥੋਂ ਇਹ ਖੁੱਲਮ ਖੁੱਲੇ ਇਨਕਲਾਬ ਦੀ ਸੂਰਤ ਇਖ਼ਤਿਆਰ ਕਰ ਲੈਂਦੀ ਹੈ ਅਤੇ ਬੁਰਜ਼ੁਆ ਜਮਾਤ ਦਾ ਤਖ਼ਤਾ ਜ਼ਬਰਦਸਤੀ ਉਲਟ ਕੇ ਪ੍ਰੋਲਤਾਰੀ ਦੇ ਦਬਦਬੇ ਦੀ ਬੁਨਿਆਦ ਰੱਖੀ ਜਾਂਦੀ ਹੈ। ਅਸੀਂ ਦੇਖਿਆ ਹੈ ਕਿ ਅੱਜ ਤੱਕ ਹਰ ਸਮਾਜ ਦੀ ਬੁਨਿਆਦ ਜ਼ਾਲਮ ਅਤੇ ਮਜ਼ਲੂਮ ਜਮਾਤਾਂ ਦੇ ਵੈਰ ਵਿਰੋਧ ਉਪਰ ਰਹੀ ਹੈ। ਪਰ ਕਿਸੇ ਜਮਾਤ ਪਰ ਜ਼ੁਲਮ ਕਰਨ ਲਈ ਵੀ ਉਸ ਨੂੰ ਹਾਲਾਤ ਮੁਹੱਈਆ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਹਨਾਂ ਵਿੱਚ ਉਹ ਜਮਾਤ ਕਮ ਅਜ ਕਮ ਆਪਣੀ ਗ਼ੁਲਾਮਾਨਾ ਜ਼ਿੰਦਗੀ ਨੂੰ ਬਰਕਰਾਰ ਰੱਖ ਸਕੇ। ਜ਼ਰੱਈ ਗ਼ੁਲਾਮੀ ਦੇ ਜ਼ਮਾਨੇ ਵਿੱਚ ਜ਼ਰੱਈ ਗ਼ੁਲਾਮ ਉਪਰ ਉਠ ਕੇ ਕਮਿਊਨ ਦਾ ਮੈਂਬਰ ਬਣਿਆ। ਠੀਕ ਉਸੇ ਤਰ੍ਹਾਂ ਜਿਵੇਂ ਪੈਟੀ ਬੁਰਜ਼ੁਆ ਆਦਮੀ ਜਾਗੀਰਦਾਰਾਨਾ ਆਪਹੁਦਰਾਸ਼ਾਹੀ ਦੇ ਜੂਲੇ ਥੱਲੇ ਤਰੱਕੀ ਕਰਕੇ ਬੁਰਜ਼ੁਆ ਬਣ ਗਿਆ। ਇਸ ਉਲਟ ਆਧੁਨਿਕ ਮਜ਼ਦੂਰ ਸਨਅਤ ਦੇ ਵਧਣ ਦੇ ਨਾਲ਼ ਉਪਰ ਉੱਠਣ ਦੇ ਬਜਾਏ ਆਪਣੇ ਜਮਾਤ ਕੇ ਮੌਜੂਦਾ ਜੀਵਨ ਮਿਆਰਾਂ ਤੋਂ ਵੀ ਨੀਚੇ ਗਿਰਦਾ ਜਾ ਰਿਹਾ ਹੈ। ਉਹ ਕੰਗਾਲ ਹੁੰਦਾ ਜਾ ਰਿਹਾ ਹੈ ਅਤੇ ਕੰਗਾਲੀ ਆਬਾਦੀ ਅਤੇ ਦੌਲਤ ਦੋਨਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ਼ ਵਧਦੀ ਹੈ।ਅਤੇ ਉਸ ਤੋਂ ਇਹ ਹਕੀਕਤ ਵਾਜ਼ਹ ਹੁੰਦੀ ਹੈ ਕਿ ਬੁਰਜ਼ੁਆ ਜਮਾਤ ਹੁਣ ਇਸ ਕਾਬਲ ਨਹੀਂ ਰਹੀ ਕਿ ਸਮਾਜ ਪਰ ਹੁਕਮਰਾਨੀ ਕਰ ਸਕੇ ਅਤੇ ਆਪਣੇ ਜਮਾਤ ਦੀਆਂ ਜੀਵਨ ਹਾਲਤਾਂ ਨੂੰ ਸਭਨਾ ਲਈ ਕਾਨੂੰਨ ਦਾ ਦਰਜਾ ਦੇ ਕੇ ਪੂਰੇ ਸਮਾਜ ਉਪਰ ਮੜ ਸਕੇ। ਉਹ ਹਕੂਮਤ ਕਰਨ ਦੇ ਕਾਬਿਲ ਨਹੀਂ ਰਹੀ ਕਿਉਂਕਿ ਉਹ ਆਪਣੇ ਗ਼ਲਾਮਾਂ ਨੂੰ ਆਪਣੀ ਗ਼ੁਲਾਮੀ ਵਿੱਚ ਵੀ ਜ਼ਿੰਦਗੀ ਦੀ ਜ਼ਮਾਨਤ ਨਹੀਂ ਦੇ ਸਕਦੀ ਕਿਉਂਕਿ ਉਹ ਉਹਨਾਂ ਨੂੰ ਇਸ ਕਦਰ ਨਿੱਘਰ ਜਾਣ ਤੋਂ ਨਹੀਂ ਰੋਕ ਸਕਦੀ ਕਿ ਬਜਾਏ ਖ਼ੁਦ ਉਹਨਾਂ ਤੋਂ ਰੋਟੀ ਹਾਸਲ ਕਰਨ ਦੇ ਉਸ ਨੂੰ ਖ਼ੁਦ ਉਹਨਾਂ ਨੂੰ ਰੋਟੀ ਦੇਣੀ ਪੈਂਦੀ ਹੈ। ਸਮਾਜ ਹੁਣ ਇਸ ਬੁਰਜ਼ੁਆ ਜਮਾਤ ਦੇ ਤਹਿਤ ਨਹੀਂ ਰਹਿ ਸਕਦੀ। ਦੂਸਰੇ ਲਫ਼ਜ਼ਾਂ ਵਿੱਚ ਹੁਣ ਉਸ ਦੇ ਵਜੂਦ ਦੀ ਸਮਾਜ ਨਾਲ਼ ਕੋਈ ਮੁਤਾਬਕਤ ਨਹੀਂ ਰਹੀ।
ਬੁਰਜ਼ੁਆ ਜਮਾਤ ਦੇ ਵਜੂਦ ਅਤੇ ਦਬਦਬੇ ਦੀ ਲਾਜ਼ਮੀ ਸ਼ਰਤ ਇਹ ਹੈ ਕਿ ਸਰਮਾਇਆ ਬਰਾਬਰ ਬਣਦਾ ਅਤੇ ਵਧਦਾ ਰਹੇ। ਸਰਮਾਏ ਦੇ ਵਜੂਦ ਲਈ ਉਜਰਤੀ ਮਿਹਨਤ ਸ਼ਰਤ ਹੈ। ਉਜਰਤੀ ਮਿਹਨਤ ਖ਼ਸੂਸਨ ਸਭਨਾਂ ਮਜ਼ਦੂਰਾਂ ਦੇ ਆਪਸੀ ਮੁਕਾਬਲੇ ਉਪਰ ਮੁਨ੍ਹੱਸਰ ਹੈ। ਸਨਅਤ ਦੀ ਤਰੱਕੀ ਨਾਲ, ਜਿਸ ਨੂੰ ਬੁਰਜ਼ੁਆ ਜਮਾਤ ਆਪਮੁਹਾਰੇ ਅੱਗੇ ਵਧਾਉਂਦੀ ਹੈ, ਮਜ਼ਦੂਰਾਂ ਦੀ ਇਕ ਦੂਸਰੇ ਤੋਂ ਅਲਹਿਦਗੀ ਦੂਰ ਹੁੰਦੀ ਹੈ ਜੋ ਆਪਸੀ ਮੁਕਾਬਲੇ ਦਾ ਨਤੀਜਾ ਸੀ ਅਤੇ ਉਸ ਦੀ ਬਜਾਏ ਮਿਲ ਕੇ ਕੰਮ ਕਰਨ ਕਰਕੇ ਉਹਨਾਂ ਵਿੱਚ ਇਨਕਲਾਬੀ ਏਕਾ ਪੈਦਾ ਹੋਣ ਲਗਦਾ ਹੈ। ਇਸ ਤਰਾਂ ਆਧੁਨਿਕ ਸਨਅਤ ਦੀ ਤਰੱਕੀ ਨਾਲ਼ ਉਹ ਬੁਨਿਆਦ ਹੀ ਗਾਇਬ ਹੋ ਜਾਂਦੀ ਹੈ ਜਿਸ ਪਰ ਬੁਰਜ਼ੁਆ ਜਮਾਤ ਮਾਲ ਪੈਦਾ ਕਰਦੀ ਅਤੇ ਉਸ ਨੂੰ ਆਪਣੀ ਮਲਕੀਅਤ ਬਣਾਉਂਦੀ ਹੈ। ਲਿਹਾਜ਼ਾ ਬੁਰਜ਼ੁਆ ਜਮਾਤ ਨੇ ਸਭ ਤੋਂ ਵਧ ਜਿਸ ਨੂੰ ਪੈਦਾ ਕੀਤਾ ਹੈ ਉਹ ਉਸ ਦੀ ਆਪਣੀ ਕਬਰ ਪੁੱਟਣ ਵਾਲੇ ਹਨ। ਉਸ ਦਾ ਪਤਨ ਅਤੇ ਪ੍ਰੋਲਤਾਰੀ ਦੀ ਫ਼ਤਿਹ ਲਾਜਮੀ ਹਨ।
1. ਬੁਰਜ਼ੁਆ ਤੋਂ ਮੁਰਾਦ ਆਧੁਨਿਕ ਸਰਮਾਏਦਾਰਾਂ ਦੀ ਜਮਾਤ ਹੈ ਜੋ ਸਮਾਜੀ ਪੈਦਾਵਾਰ ਦੇ ਸਾਧਨਾਂ ਦੀ ਮਾਲਿਕ ਹੈ ਅਤੇ ਮਜ਼ਦੂਰਾਂ ਤੋਂ ਉਜਰਤ ਬਦਲੇ ਕਿਰਤ ਲੈਂਦੀ ਹੈ। ਪਰੋਲਤਾਰੀ, ਆਧੁਨਿਕ ਜ਼ਮਾਨੇ ਦੀ ਉਜਰਤ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜਮਾਤ ਹੈ ਜਿਸ ਕੋਲ ਅਪਣਾ ਕੋਈ ਪੈਦਾਵਾਰ ਦਾ ਜ਼ਰੀਆ ਨਹੀਂ ਅਤੇ ਜਿਸ ਨੂੰ ਜ਼ਿੰਦਾ ਰਹਿਣ ਦੇ ਲਈ ਆਪਣੀ ਮਿਹਨਤ ਸ਼ਕਤੀ ਵੇਚਣੀ ਪੈਂਦੀ ਹੈ। [1888 ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਨੋਟ।]
2. ਯਾਨੀ ਉਹ ਸਭਾਂ ਇਤਿਹਾਸ ਜੋ ਕਲਮਬੰਦ ਹੋ ਚੁੱਕਾ ਹੈ। 1847 ਵਿੱਚ ਇਤਿਹਾਸ ਦੇ ਕਲਮਬੰਦ ਹੋਣ ਤੋਂ ਪਹਿਲਾਂ ਦੇ ਸਮਾਜੀ ਸੰਗਠਨ ਦਾਕਿਸੇ ਨੂੰ ਪਤਾ ਨਹੀਂ ਸੀ। ਪਰ ਬਾਅਦ ਨੂੰ ਆਗਸਤ ਵਾਨ ਹਿਕਸਸੀ ਸਨ ਨੇ ਰੂਸ ਵਿੱਚ ਜ਼ਮੀਨ ਦੀ ਸਾਂਝੀ ਮਲਕੀਅਤ ਦਾ ਪਤਾ ਲਗਾਇਆ। ਫਿਰ ਜਾਰਜ ਲੁਡਵਿਗ ਵਾਨ ਮੌਰੇਰ ਨੇ ਸਾਬਤ ਕੀਤਾ ਕਿ ਸਭਨਾਂ ਕਦੀਮ ਜਰਮਾਨਵੀ ਨਸਲਾਂ ਨੇ ਜਦੋਂ ਇਤਿਹਾਸ ਦੀ ਦਹਿਲੀਜ਼ ਤੇ ਕਦਮ ਰੱਖਿਆ ਸੀ ਤਾਂ ਉਸ ਵਕਤ ਉਹਨਾਂ ਦੀ ਸਮਾਜਿਕ ਬੁਨਿਆਦ ਇਸ ਸਾਂਝੀ ਮਲਕੀਅਤ ਉਪਰ ਹੀ ਸੀ, ਅਤੇ ਹੌਲੀ ਹੌਲੀ ਪਤਾ ਚਲਿਆ ਕਿ ਹਿੰਦੁਸਤਾਨ ਤੋਂ ਆਇਰਲੈਂਡ ਤੱਕ ਹਰ ਜਗ੍ਹਾ ਸਮਾਜ ਪੇਂਡੂ ਬਰਾਦਰੀਆਂ ਦੀ ਸ਼ਕਲ ਵਿੱਚ ਜਥੇਬੰਦ ਸੀ ਜਾਂ ਇਸ ਸ਼ਕਲ ਵਿੱਚ ਰਿਹਾ ਹੈ। ਅਤੇ ਮਾਰਗਨ ਨੇ ਜਦੋਂ ਟੱਬਰ ਦੀ ਅਸਲੀ ਪ੍ਰਕ੍ਰਿਤੀ ਅਤੇ ਕਬੀਲੇ ਨਾਲ਼ ਉਸ ਦੇ ਸੰਬੰਧਾਂ ਦਾ ਹਾਲ ਮਾਲੂਮ ਕਰ ਲਿਆ ਤਾਂ ਇਸ ਕਦੀਮ ਕਮਿਊਨਿਸਟ ਸਮਾਜ ਦੀ ਅੰਦਰੂਨੀ ਤਨਜ਼ੀਮ ਆਪਣੀ ਵਿਸ਼ੇਸ਼ ਸ਼ਕਲ ਵਿੱਚ ਹਨੇਰੇ ਤੋਂ ਉਜਾਲੇ ਵਿੱਚ ਆ ਗਈ। ਇਹ ਲੱਭਤ ਹੀ ਮਾਰਗਨ ਦਾ ਸਭ ਤੋਂ ਬੜਾ ਕਾਰਨਾਮਾ ਹੈ। ਇਨ੍ਹਾਂ ਕਦੀਮ ਬਰਾਦਰੀਆਂ ਦੇ ਤਿੱਤਰ ਬਿੱਤਰ ਹੋਣ ਤੋਂ ਬਾਅਦ ਸਮਾਜ ਅਲੱਗ ਅਲੱਗ ਅਤੇ ਆਖ਼ਰਕਾਰ ਵਿਰੋਧੀ ਜਮਾਤਾਂ ਵਿੱਚ ਵਖਰਿਆਉਣਾ ਸ਼ੁਰੂ ਹੋ ਗਿਆ।[ ਮੈਂ ਆਪਣੀ ਕਿਤਾਬ (ਦੇਖੀਏ: ਫ਼੍ਰੈਡ੍ਰਿਕ ਏਂਗਲਜ਼ - ਟੱਬਰ ਨਿਜੀ ਮਲਕੀਅਤ ਅਤੇ ਰਿਆਸਤ ਦਾ ਆਰੰਭ" ਦੂਸਰੀ ਐਡੀਸ਼ਨ ਸ਼ਟੁਟਗਾਰਟ 1886) ਵਿੱਚ ਉਸ ਇੰਤਸ਼ਾਰ ਦਾ ਨਕਸ਼ਾ ਖਿਚਣ ਦੀ ਕੋਸ਼ਿਸ਼ ਕੀਤੀ ਹੈ। [1888 ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਨੋਟ।]
3.ਗਿਲਡ ਮਾਸਟਰ ਯਾਨੀਗਿਲਡ ਦਾ ਪੂਰਾ ਮੈਂਬਰ। ਉਹ ਪੂਰੀ ਜਥੇਬੰਦੀ ਦਾ ਸਰਦਾਰ ਨਹੀਂ ਬਲਕਿ ਇਸ ਦੇ ਅੰਦਰ ਮਾਲਕ ਦੀ ਹੈਸੀਅਤ ਰਖਦਾ ਸੀ। [1888 ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਨੋਟ।]
4. ਇਟਲੀ ਅਤੇ ਫ਼ਰਾਂਸ ਦੇ ਸ਼ਹਿਰੀ ਬਾਸ਼ਿੰਦਿਆਂ ਨੇ ਆਪਣੀਆਂ ਸ਼ਹਿਰੀ ਬਰਾਦਰੀਆਂ ਨੂੰ ਇਹ ਨਾਮ ਉਸ ਵਕਤ ਦੇ ਦਿੱਤਾ ਜਦ ਉਹਨਾਂ ਨੇ ਆਪਣੇ ਜਾਗੀਰਦਾਰ ਮਾਲਕਾਂ ਤੋਂ ਖ਼ੁਦ ਹਕੂਮਤੀ ਦੇ ਮੁੱਢਲੇ ਹੱਕ ਖ਼ਰੀਦੇ ਜਾਂ ਜ਼ਬਰਦਸਤੀ ਹਾਸਲ ਕੀਤੇ। [1890 ਦੇ ਜਰਮਨ ਐਡੀਸ਼ਨ ਵਿੱਚ ਏਂਗਲਜ਼ ਦਾ ਨੋਟ।]
"ਕਮਿਊਨ" ਫ਼ਰਾਂਸ ਵਿੱਚ ਮੁੱਢਲੇ ਕਸਬਾਤੀ ਸ਼ਹਿਰਾਂ ਦਾ ਨਾਮ ਉਸ ਵਕਤ ਤੋਂ ਚਲਿਆ ਆਉਂਦਾ ਹੈ ਜਦੋਂ ਉਹਨਾ ਨੇ ਆਪਣੇ ਜਾਗੀਰਦਾਰ ਹਾਕਮਾਂ ਨਾਲ਼ ਲੜ ਕੇ ਮੁਕਾਮੀ ਖ਼ੁਦ ਇੰਤਜ਼ਾਮੀ ਅਤੇ ਤੀਸਰੇ ਜਮਾਤ ਦੀ ਹੈਸੀਅਤ ਤੋਂ ਆਪਣੇ ਸਿਆਸੀ ਹੱਕ ਵੀ ਹਾਸਲ ਨਹੀਂ ਕੀਤੇ ਸਨ। ਇਸ ਕਿਤਾਬ ਵਿੱਚ ਆਮ ਤੌਰ ਤੇ ਬੁਰਜ਼ੁਆ ਜਮਾਤ ਦੇ ਆਰਥਿਕ ਵਿਕਾਸ ਦਾ ਜ਼ਿਕਰ ਕਰਦੇ ਹੋਏ ਇੰਗਲੈਂਡ ਨੂੰ ਅਤੇ ਸਿਆਸੀ ਵਿਕਾਸ ਦਾ ਜ਼ਿਕਰ ਕਰਦੇ ਹੋਏ ਫ਼ਰਾਂਸ ਨੂੰ ਪੇਸ਼ ਨਜ਼ਰ ਰਖਿਆ ਗਿਆ ਹੈ। [1888 ਦੇ ਅੰਗਰੇਜ਼ੀ ਐਡੀਸ਼ਨ ਵਿੱਚ ਏਂਗਲਜ਼ ਦਾ ਨੋਟ]