ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ

ਯੂਰਪ ਉੱਪਰ ਇੱਕ ਭੂਤ ਮੰਡਲਾ ਰਿਹਾ ਹੈ - ਕਮਿਊਨਿਜ਼ਮ ਦਾ ਭੂਤ। ਇਸ ਭੂਤ ਨੂੰ ਉਤਾਰਨ ਲਈ ਪੁਰਾਣੇ ਯੂਰਪ ਦੀਆਂ ਸਾਰੀਆਂ ਤਾਕਤਾਂ ਪੋਪ ਅਤੇ ਜਾਰ, ਮੈਟਰਨਿਖ ਅਤੇ ਗੀਜ਼ੋ, ਫ਼ਰਾਂਸੀਸੀ ਰੈਡੀਕਲ ਅਤੇ ਜਰਮਨ ਪੁਲੀਸ ਦੇ ਜਾਸੂਸ ਇੱਕ ਪਵਿੱਤਰ ਇਤਹਾਦ ਵਿੱਚ ਜੁੜ ਗਏ ਹਨ।

ਵਿਰੋਧੀ ਧਿਰ ਦੀ ਉਹ ਕਿਹੜੀ ਪਾਰਟੀ ਹੈ ਜਿਸ ਨੂੰ ਉਸ ਦੇ ਸੱਤਾਧਾਰੀ ਵਿਰੋਧੀਆਂ ਨੇ ਕਮਿਊਨਿਸਟ ਕਹਿ ਕੇ ਨਾ ਭੰਡਿਆ ਹੋਵੇ? ਉਹ ਕਿਹੜੀ ਵਿਰੋਧੀ ਧਿਰ ਦੀ ਪਾਰਟੀ ਹੈ ਜਿਸ ਨੇ ਆਪਣੇ ਨਾਲੋਂ ਜ਼ਿਆਦਾ ਤਰੱਕੀ ਪਸੰਦ ਦੂਜੀਆਂ ਵਿਰੋਧੀ ਪਾਰਟੀਆਂ ਅਤੇ ਆਪਣੇ ਪਿੱਛਾਖੜੀ ਵਿਰੋਧੀਆਂ ਉੱਤੇ ਵੀ ਉਲਟਾ ਕਮਿਊਨਿਜ਼ਮ ਦਾ ਕਲੰਕ ਨਾ ਲਾਇਆ ਹੋਵੇ? ਇਸ ਹਕੀਕਤ ਤੋਂ ਦੋ ਗੱਲਾਂ ਜ਼ਾਹਰ ਹੁੰਦੀਆਂ ਹਨ:

  • ਸਭਨਾਂ ਯੂਰਪੀ ਤਾਕਤਾਂ ਨੇ ਕਮਿਊਨਿਜ਼ਮ ਨੂੰ ਹੁਣ ਆਪਣੇ ਆਪ ਵਿੱਚ ਇਕ ਤਾਕਤ ਤਸਲੀਮ ਕਰ ਲਿਆ ਹੈ।
  • ਵਕਤ ਆ ਗਿਆ ਹੈ ਕਿ ਕਮਿਊਨਿਸਟ ਹੁਣ ਕੁੱਲ ਦੁਨੀਆਂ ਦੇ ਸਾਹਮਣੇ ਖੁੱਲ੍ਹੇਆਮ ਆਪਣੇ ਖ਼ਿਆਲ, ਮਕਸਦ ਅਤੇ ਰੁਝਾਨ ਪ੍ਰਕਾਸ਼ਿਤ ਕਰਨ ਅਤੇ ਕਮਿਊਨਿਜ਼ਮ ਦੇ ਭੂਤ ਦੀ ਇਸ ਬੱਚਿਆਂ ਵਾਲੀ ਕਹਾਣੀ ਦੇ ਜਵਾਬ ਵਿੱਚ ਖ਼ੁਦ ਅਪਣੀ ਪਾਰਟੀ ਦਾ ਮੈਨੀਫ਼ੈਸਟੋ ਪੇਸ਼ ਕਰਨ। ਇਸ ਮਕਸਦ ਲਈ ਵੱਖ-ਵੱਖ ਦੇਸਾਂ ਦੇ ਕਮਿਊਨਿਸਟ ਲੰਦਨ ਵਿੱਚ ਜਮ੍ਹਾ ਹੋਏ ਅਤੇ ਹੇਠ ਲਿਖਿਆ ਮੈਨੀਫ਼ੈਸਟੋ ਤਿਆਰ ਕੀਤਾ, ਜੋ ਅੰਗਰੇਜ਼ੀ ਫ਼ਰਾਂਸੀਸੀ ਜਰਮਨ ਇਤਾਲਵੀ, ਫ਼ਲੈਮਿਸ਼ ਅਤੇ ਡੈਨਿਸ਼ ਜ਼ਬਾਨਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਏਗਾ।