ਆਓ ਪੰਜਾਬੀ ਸਿੱਖੀਏ/ਬਿੰਦੀ ਦੀ ਸੁਹਜ

ਬਿੰਦੀ ਦੀ ਸੁਹਜ

ਜਿਉਂ ਬਿੰਦੀ ਨਾਲ ਸੋਂਹਦੀ ਨਾਰ।
ਬਿੰਦੀ ਅੱਖਰਾਂ ਦਾ ਸ਼ਿੰਗਾਰ।

ਭਾਂਡੇ-ਟੀਂਡੇ ਚੌੰਕੇ ਬਿੰਦੀ।
ਨਾ ਉਂਘੇ ਨਾ ਹੌਂਕੇ ਬਿੰਦੀ।
ਦੂਰ ਢੌਂਗ ਤੋਂ ਮੀਲੋਂ ਚਾਰ।
ਬਿੰਦੀ ਅੱਖਰਾਂ...............

ਲੋਕਾਂ ਵਾਂਗ ਨਾ ਰੋਂਦੀ-ਧੋਂਦੀ।
ਰਹੇ ਹਮੇਸ਼ਾਂ ਗਾਉਂਦੀ-ਭਾਉਂਦੀ।
ਜਿੱਦਾਂ ਦੀ ਵੀ ਰਹੇ ਤਿਆਰ।
ਬਿੰਦੀ ਅੱਖਰਾਂ................

ਜਿਵੇਂ-ਤਿਵੇਂ ਇਹ ਸਭਨੂੰ ਸਾਂਭੇ।
ਭਾਂਗੇ-ਛਾਂਗੇ ਕਰਦੀ ਲਾਂਭੇ।
ਝਾਂਜਰ ਜਿਉਂ ਕਰਦੀ ਛਣਕਾਰ।
ਬਿੰਦੀ ਅੱਖਰਾਂ...............

ਮੀਂਹ ਪੈਂਦਾ ਤਾ ਪਾਣੀ ਪੀਂਦੀ।
ਨਹੀਂ ਤਾਂ ਕੁਸ਼ ਨਾ ਖਾਂਦੀ ਦੀਂਹਦੀ।
ਕੁੜੀਆਂ-ਚਿੜੀਆਂ ਵਾਂਗ ਉਡਾਰ।
ਬਿੰਦੀ ਅੱਖਰਾਂ................

ਜਦੋਂ ਸਰਾਂ ਵਿੱਚ ਢੁਕੀਆਂ ਗਾਵਾਂ।
ਕਾਂ ਕਾਂ ਕਾਂ ਕਾਂ ਲਾਈ ਕਾਵਾਂ।
ਚੌਂਕ 'ਚ ਭੌਂਕੇ ਕੁੱਤੇ ਚਾਰ।
ਬਿੰਦੀ ਅੱਖਰਾਂ ................

ਪੈਰੀਂ ਪੈਂਦੀ ਖੁਸ਼ਖ਼ਤ ਬਣਦੀ।
ਲਫਜ਼ ਫਲ਼ਾਂ ਦੀ ਇੱਜ਼ਤ ਬਣਦੀ।
ਫਜ਼ਲੇ ਫੂਕ ਖ਼ਰਗੋਸ਼ ਦਾ ਜਾਲ਼।
ਬਿੰਦੀ ਅੱਖਰਾਂ ..................