ਅੱਖਰਾਂ ਦੀ ਸੱਥ/ਸਾਂਤਾ ਕਲਾਜ਼ ਦਾ ਗਿਫਟ
ਸਾਂਤਾ ਕਲਾਜ਼ ਦਾ ਗਿਫਟ
ਮਾਂ, ਰੋਹਨ ਨੂੰ ਰੋਜ਼ਾਨਾ ਕਿੰਨੀ-ਕਿੰਨੀ ਦੇਰ ਹਲੂਣਦੀ ਰਹਿੰਦੀ ਸੀ, ਫਿਰ ਕਿਧਰੇ ਜਾਕੇ ਰੋਹਨ ਸੁੱਤਾ ਉੱਠਦਾ ਸੀ। ਪਰ ਅੱਜ ਰੋਹਨ ਆਪੇ ਉਠ ਬੈਠਾ ਸੀ। ਅੱਜ ਰੋਹਨ ਫਟਾਫਟ ਤਿਆਰ ਹੋਇਆ ਤੇ ਉਹ ਸਕੂਲ ਨੂੰ ਤੁਰ ਪਿਆ।
ਅੱਜ ਉਸਨੇ ਸਕੂਲ ਵਾਲੀ ਵਰਦੀ ਨਹੀਂ ਪਾਈ ਸੀ। ਅੱਜ ਰੋਹਨ ਨੇ ਲਾਲ ਤੇ ਚਿੱਟੇ ਰੰਗ ਦੀ ਨਵੀਂ ਪੈਂਟ-ਸ਼ਰਟ ਟਰੰਕ ਵਿੱਚੋਂ ਕੱਢ ਕੇ ਪਾ ਲਈ ਸੀ। ਇਹ ਪੈਂਟ-ਸ਼ਰਟ ਇਸ ਤੋਂ ਪਹਿਲਾਂ ਉਸਨੇ ਆਪਣੇ ਮਾਮੇ ਦੇ ਵਿਆਹ ਵਿਚ ਪਾਈ ਸੀ।
"ਬੇਟਾ ਅੱਜ ਤੁਹਾਡੇ ਸਕੂਲ ਕੋਈ ਪ੍ਰੋਗਰਾਮ ਹੈ।" ਮਾਂ ਨੇ ਰੋਹਨ ਨੂੰ ਤੁਰਨ ਲੱਗੇ ਨੂੰ ਪੁੱਛਿਆ ਸੀ।
"ਅੱਜ ਕ੍ਰਿਸਮਿਸ ਹੈ।" ਰੋਹਨ ਨੇ ਦੱਸਿਆ ਤੇ ਮਾਂ ਨੇ ਹੋਰ ਕੁਝ ਪੁੱਛਣ ਦੀ ਜਰੂਰਤ ਨਾ ਸਮਝੀ। ਮਾਂ ਖੁਸ਼ ਸੀ। ਰੋਹਨ ਨੇ ਅੱਜ ਸਕੂਲ ਨਾ ਜਾਣ ਦਾ ਕੋਈ ਬਹਾਨਾ ਨਹੀਂ ਘੜਿਆ ਸੀ।
ਰੋਹਨ ਨੂੰ ਅੱਜ ਸਕੂਲ ਚੰਗਾ-ਚੰਗਾ ਲੱਗ ਰਿਹਾ ਸੀ। ਰੋਹਨ ਵਾਂਗ ਅੱਜ ਸਕੂਲ ਵੀ ਸਜਿਆ ਹੋਇਆ ਸੀ। ਸਕੂਲ ਵਿਚ ਬੱਚਿਆਂ ਦੇ ਬਹਿਣ ਲਈ ਡੈਸਕਾਂ ਦੀ ਥਾਂ ਕੁਰਸੀਆਂ ਲੱਗੀਆਂ ਹੋਈਆਂ ਸਨ ਤੇ ਕੁਰਸੀਆਂ ਦੀਆਂ ਕਤਾਰਾਂ ਦੇ ਸਾਹਮਣੇ ਸਟੇਜ ਵੰਨ-ਸੁਵੰਨੇ ਗਿਫਟ-ਪੈਕਟਾਂ ਨਾਲ ਭਰਿਆ ਪਿਆ ਸੀ।
ਰੋਹਨ ਨੇ ਸਕੂਲ ਪਹੁੰਚ ਕੇ ਪਹਿਲੀ ਕਤਾਰ ਦੀ ਇਕ ਕੁਰਸੀ ਮੱਲ ਲਈ।
ਥੋੜ੍ਹੀ ਦੇਰ ਵਿਚ ਖਾਲੀ ਪਈਆਂ ਸਾਰੀਆਂ ਕੁਰਸੀਆਂ ਭਰ ਗਈਆਂ ਸਨ। ਸਕੂਲ ਦਾ ਸਾਰਾ ਸਟਾਫ ਵੀ ਸਟੇਜ ਉੱਪਰ ਸਜ ਗਿਆ ਸੀ। ਫਿਰ ਇਕ ਲੰਮੀ ਜਿਹੀ ਲਾਲ ਰੰਗ ਦੀ ਟੋਪੀ ਤੇ ਲਾਲ ਰੰਗ ਦੇ ਕਪੜਿਆਂ ਵਾਲਾ ਆਦਮੀ ਆਇਆ। ਬੱਚੇ ਇਸ ਲਾਲ ਰੰਗ ਦੇ ਕਪੜਿਆਂ ਵਾਲੇ ਆਦਮੀ ਨੂੰ ‘ਸਾਂਤਾ ਕਲਾਜ਼’ ਆਖ ਰਹੇ ਸਨ।
ਸਾਂਤਾ ਕਲਾਜ਼ ਨੇ ਆਉਣ ਸਾਰ ਸਟੇਜ ਉੱਪਰ ਸਜੇ ਗਿਫਟ ਵੰਡਣੇ ਸ਼ੁਰੂ ਕਰ ਦਿੱਤੇ। ਸਾਂਤਾ ਕਲਾਜ਼ ਇਕ ਗਿਫਟ ਚੁੱਕਦਾ ਤੇ ਪੰਡਾਲ ਵਿੱਚੋਂ ਇਕ ਬੱਚਾ ਛਾਂਟ ਕੇ ਉਸਨੂੰ ਗਿਫਟ ਦੇ ਦਿੰਦਾ। ਸਾਂਤਾ ਕਲਾਜ਼ ਇੰਜ ਕਿੰਨੀ ਦੇਰ ਕਰਦਾ ਰਿਹਾ। ਉਸਨੇ ਇਕ-ਇਕ ਕਰਕੇ ਸਟੇਜ ਉੱਪਰ ਪਏ ਸਾਰੇ ਗਿਫਟ ਵੰਡ ਦਿੱਤੇ ਸਨ।
ਰੋਹਨ ਸਾਂਤਾ ਕਲਾਜ਼ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਰਿਹਾ। ਰੋਹਨ ਭਾਵੇਂ ਪਹਿਲੀ ਕਤਾਰ ਵਿਚ ਬੈਠਾ ਸੀ, ਪਰ ਸਾਂਤਾ ਕਲਾਜ ਕੋਈ ਵੀ ਗਿਫਟ ਲੈ ਕੇ ਉਸ ਵੱਲ ਨਾ ਆਇਆ। ਰੋਹਨ ਨੇ ਕਈ ਵਾਰ ਸਾਂਤਾ ਕਲਾਜ਼ ਨੂੰ ਇਸ਼ਾਰੇ ਵੀ ਕੀਤੇ ਪਰ ਸਾਂਤਾ ਕਲਾਜ਼ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ।
ਸਾਂਤਾ ਕਲਾਜ਼ ਨੇ ਰੋਹਨ ਨੂੰ ਕੋਈ ਗਿਫਟ ਨਹੀਂ ਦਿੱਤਾ ਸੀ। ਘਰ ਆਣ ਕੇ ਰੋਹਨ ਦਾ ਰੋਣ ਨਿਕਲ ਗਿਆ।
"ਮੈਂ ਨਹੀਂ ਹੁਣ ਕਦੀਂ ਵੀ ਸਕੂਲ ਜਾਂਦਾ।" ਰੋਹਨ ਨੇ ਡੁਸਕਦੇ ਹੋਏ ਆਖਿਆ। "ਕੀ ਹੋਇਆ, ਮੇਰੇ ਪੁੱਤਰ ਨੇ ਸਕੂਲ ਕਿਉਂ ਨਹੀਂ ਜਾਣਾ।" ਮਾਂ ਨੇ ਰੋਹਨ ਨੂੰ ਗਲ ਨਾਲ ਲਾਉਂਦਿਆਂ ਪੁੱਛਿਆ।
"ਮੈਨੂੰ ਅੱਜ ਸਾਂਤਾ ਕਲਾਜ਼ ਨੇ ਕੋਈ ਗਿਫਟ ਨਹੀਂ ਦਿੱਤਾ। ਇਸ ਕਰਕੇ ਕਲ੍ਹ ਤੋਂ ਮੈਂ ਸਕੂਲ ਨਹੀਂ ਜਾਂਦਾ।" ਰੋਹਨ ਨੇ ਦੁਬਾਰਾ ਆਖਿਆ ਤੇ ਮਾਂ ਉਸਨੂੰ ਵਰਾਉਣ ਲੱਗੀ। "ਕੋਈ ਨਹੀਂ ਪੁੱਤਰ ਕਲ੍ਹ ਮੈਂ ਤੈਨੂੰ ਸਕੂਲ ਛੱਡ ਕੇ ਆਉਂਗੀ। ਮਾਸਟਰਾਂ ਨੂੰ ਪੁੱਛ ਕੇ ਆਉਂਗੀ ਕਿ ਮੇਰੇ ਪੁੱਤਰ ਨੂੰ ਗਿਫਟ ਕਿਉਂ ਨਹੀਂ ਮਿਲਿਆ। ਇਹ ਸਾਂਤਾ ਕਿਹੜਾ ਆ ਗਿਆ ਜਿਸ ਨੇ ਮੇਰੇ ਪੁੱਤਰ ਨੂੰ ਗਿਫਟ ਨਹੀਂ ਦਿੱਤਾ।"
ਰੋਹਨ ਦੀ ਮਾਂ ਨੂੰ ਕ੍ਰਿਸਮਿਸ ਦੇ ਤਿਉਹਾਰ ਦਾ ਤੇ ਪਤਾ ਸੀ। ਪਰ ਉਹ ਕ੍ਰਿਸਮਿਸ ਵਾਲੇ ਦਿਨ ਬੱਚਿਆਂ ਨੂੰ ਗਿਫਟ ਦੇਣ ਵਾਲੇ ਸਾਂਤਾ ਕਲਾਜ਼ ਨੂੰ ਨਹੀਂ ਜਾਣਦੀ ਸੀ।
ਮਾਂ ਅਗਲੇ ਦਿਨ ਰੋਹਨ ਨੂੰ ਲੈਕੇ ਸਕੂਲ ਪਹੁੰਚ ਗਈ। ਮਾਂ ਨੇ ਅਧਿਆਪਕਾਂ ਨਾਲ ਪਿਛਲੇ ਦਿਨ ਰੋਹਨ ਨੂੰ ਗਿਫਟ ਨਾ ਮਿਲਣ ਦੀ ਗੱਲ ਕੀਤੀ। ਮਾਂ ਨੇ ਸਾਂਤਾ ਕਲਾਜ਼ ਬਾਰੇ ਵੀ ਪੁੱਛਿਆ।
"ਸਾਂਤਾ ਕਲਾਜ਼ ਇਕ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਬੰਦੇ ਦਾ ਨਾਂ ਹੈ। ਬੱਚਿਆਂ ਦਾ ਵਿਸ਼ਵਾਸ ਹੈ ਕਿ ਕ੍ਰਿਸਮਿਸ ਵਾਲੇ ਦਿਨ ਸਾਂਤਾ ਕਲਾਜ਼ ਉਨ੍ਹਾਂ ਨੂੰ ਵੀ ਗਿਫਟ ਦੇਕੇ ਜਾਂਦਾ ਹੈ। ਇਸ ਕਰਕੇ ਅਸੀਂ ਇਸ ਵਾਰ ਵੱਡੀ ਜਮਾਤ ਦੇ ਇਕ ਬੱਚੇ ਨੂੰ ਸਾਂਤਾ ਕਲਾਜ਼ ਬਣਾਇਆ। ਸਾਡੇ ਬੱਚੇ ਪੜਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਮੱਲਾਂ ਮਾਰਦੇ ਰਹੇ ਹਨ। ਅਸੀਂ ਇਸ ਵਾਰ ਸਾਂਤਾ ਕਲਾਜ਼ ਹੱਥੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਗਿਫਟ ਦਵਾਏ ਹਨ।" ਅਧਿਆਪਕਾਂ ਨੇ ਦੱਸਿਆ ਤੇ ਮਾਂ ਸਮਝ ਗਈ ਕਿ ਰੋਹਨ ਨੂੰ ਗਿਫਟ ਕਿਉਂ ਨਹੀਂ ਮਿਲਿਆ। ਰੋਹਨ ਲਈ ਪੜ੍ਹਾਈ ਜਾਂ ਕਿਸੇ ਹੋਰ ਖੇਤਰ ਵਿਚ ਮੱਲ ਮਾਰਨੀ ਦੂਰ ਦੀ ਗੱਲ ਸੀ। ਉਹ ਤੇ ਸਕੂਲ ਨਾ ਆਉਣ ਦੇ ਵੀ ਬਹਾਨੇ ਘੜਦਾ ਰਹਿੰਦਾ ਸੀ। ਰੋਹਨ ਕਦੇ ਵੀ ਸਕੂਲ ਸਮੇਂ ਸਿਰ ਨਹੀਂ ਆਇਆ ਸੀ ਤੇ ਨਾਂ ਹੀ ਉਸਨੇ ਕਦੇ ਹੋਮ ਵਰਕ ਕੀਤਾ ਸੀ।
ਘਰ ਆਕੇ ਮਾਂ ਨੇ ਰੋਹਨ ਨੂੰ ਸਮਝਾਉਣਾ ਸੀ ਪਰ ਮਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰੋਹਨ ਮਾਫ਼ੀ ਮੰਗਣ ਲੱਗ ਪਿਆ। ਮਾਸਟਰਾਂ ਨੇ ਜੋ ਕੁਝ ਮਾਂ ਨੂੰ ਦੱਸਿਆ ਸੀ, ਉਹ ਸਾਰਾ ਕੁਝ ਰੋਹਨ ਨੇ ਵੀ ਸੁਣ ਲਿਆ ਸੀ। ਰੋਹਨ ਨੂੰ ਨਸੀਹਤ ਮਿਲ ਗਈ ਸੀ। ਉਸਨੇ ਮਾਂ ਨਾਲ ਸਮੇਂ ਸਿਰ ਸਕੂਲ ਜਾਣ ਦਾ ਤੇ ਮਨ ਲਾਕੇ ਪੜ੍ਹਾਈ ਕਰਨ ਦਾ ਵਾਅਦਾ ਕੀਤਾ।