ਅੱਖਰਾਂ ਦੀ ਸੱਥ/ਧੰਨਵਾਦ ਭੋਲੂ
ਧੰਨਵਾਦ ਭੋਲੂ
ਸਾਰੇ ਬੱਚੇ ਸਕੂਲ ਪਹੁੰਚ ਗਏ ਸਨ। ਪਰ ਭੋਲੂ ਰਾਹ ਵਿਚ ਹੀ ਅਟਕ ਗਿਆ ਸੀ। ਭੋਲੂ ਨੂੰ ਰਸਤੇ ਵਿਚ ਇਕ ਘੁੱਗੀ ਮਿਲ ਗਈ ਸੀ।
"ਕਿੰਨੀ ਸੁਹਣੀ ਨਿੱਕੀ ਜਿਹੀ ਘੁੱਗੀ!" ਭੋਲੂ ਨੇ ਆਪਣੇ ਆਪ ਨੂੰ ਆਖਿਆ ਤੇ ਉਹ ਆਪਣਾ ਬਸਤਾ ਇਕ ਇੱਟਾਂ ਦੀ ਢੇਰੀ ਉੱਪਰ ਰੱਖਕੇ ਘੁੱਗੀ ਪਿੱਛੇ ਭੱਜਣ ਲੱਗ ਪਿਆ।
ਘੁੱਗੀ ਨਿੱਕੀ ਸੀ। ਉਸਦੇ ਖੰਭ ਅਜੇ ਪੂਰੇ ਨਹੀਂ ਬਣੇ ਸਨ। ਉਹ ਅਜੇ ਪੂਰੀ ਉਡਾਰੀ ਨਹੀਂ ਭਰ ਸਕਦੀ ਸੀ। ਭੋਲੂ ਨੇ ਘੁੱਗੀ ਪਿੱਛੇ ਭੱਜ ਭੱਜ ਕੇ ਉਸਨੂੰ ਥਕਾ ਦਿੱਤਾ। ਫਿਰ ਉਸਨੇ ਦੌੜ ਲਗਾ ਕੇ ਘੁੱਗੀ ਨੂੰ ਫੜ੍ਹ ਲਿਆ।
ਭੋਲੂ ਨੂੰ ਡਰ ਸੀ ਕਿ ਕੋਈ ਹੋਰ ਜਾਨਵਰ ਜਾਂ ਪੰਛੀ, ਘੁੱਗੀ ਨੂੰ ਮਾਰ ਨਾ ਦੇਵੇ ਜਾਂ ਫਿਰ ਕੋਈ ਹੋਰ ਬੱਚਾ ਇਸ ਪਿਆਰੀ ਜਿਹੀ ਘੁੱਗੀ ਨੂੰ ਆਪਣੇ ਘਰ ਨਾ ਲੈ ਜਾਵੇ। ਇਸ ਕਰਕੇ ਉਸਨੇ ਹੋਰ ਇੱਟਾਂ ਜੋੜ ਕੇ ਆਲੇ ਦਾ ਮੂੰਹ ਵੀ ਬੰਦ ਕਰ ਦਿੱਤਾ।
ਘੁੱਗੀ ਨੂੰ ਇੱਟਾਂ ਵਿਚ ਕੈਦ ਕਰਕੇ ਭੋਲੂ ਸਕੂਲ ਚਲਾ ਗਿਆ। ਉਹ ਸਾਰਾ ਦਿਨ ਜਮਾਤ ਵਿਚ ਬੈਠਾ ਤਾਂ ਰਿਹਾ ਪਰ ਉਸਦਾ ਧਿਆਨ ਘੁੱਗੀ ਵਿਚ ਹੀ ਸੀ। ਭੋਲੂ ਨੇ ਸਾਰਾ ਦਿਨ ਇਕ ਅੱਖਰ ਵੀ ਨਾ ਪੜ੍ਹਿਆ।
ਛੁੱਟੀ ਹੋਣ ਸਾਰ ਭੋਲੂ ਸਭ ਬੱਚਿਆਂ ਤੋਂ ਪਹਿਲਾਂ ਸਕੂਲੋਂ ਨਿਕਲ ਪਿਆ। ਉਹ ਸਿੱਧਾ ਉਸ ਆਲੇ ਕੋਲ ਪਹੁੰਚ ਗਿਆ, ਜਿਸ ਵਿਚ ਉਸਨੇ ਘੁੱਗੀ ਨੂੰ ਬੰਦ ਕੀਤਾ ਸੀ। ਭੋਲੂ ਨੇ ਆਲ਼ੇ ਅੱਗੇ ਲੱਗੀਆਂ ਇੱਟਾਂ ਵੱਲ ਵੇਖਿਆ। ਇੱਟਾਂ ਉੱਪਰ ਕਿਸੇ ਪੰਛੀ ਦੀਆਂ ਚੁੰਜਾਂ ਦੇ ਨਿਸ਼ਾਨ ਸਨ।
"ਇਸਦੀ ਮਾਂ, ਵੱਡੀ ਘੁੱਗੀ ਆਈ ਹੋਵੇਗੀ। ਉਹ ਚੁੰਜਾਂ ਨਾਲ ਆਲ੍ਹੇ ਨੂੰ ਖੋਹਲਣ ਦੀ ਕੋਸ਼ਿਸ਼ ਕਰਦੀ ਰਹੀ ਹੋਵੇਗੀ।" ਭੋਲੂ ਨੇ ਅਨੁਮਾਨ ਲਾਇਆ।
"ਹੁਣ ਤੇ ਇਹ ਪਿਆਰੀ ਜਿਹੀ ਨਿੱਕੀ ਘੁੱਗੀ ਮੇਰੇ ਨਾਲ ਜਾਵੇਗੀ।" ਭੋਲੂ ਨੇ ਇਹ ਆਖਦਿਆਂ ਆਲੇ ਅਗਿਓ ਇੱਟਾਂ ਹਟਾ ਦਿੱਤੀਆਂ। ਘੁੱਗੀ ਆਲ਼ੇ ਵਿਚ ਸਹਿਮੀ ਬੈਠੀ ਸੀ।
"ਤੂੰ ਡਰ ਨਾ। ਮੈਂ ਤੈਨੂੰ ਕੁਝ ਨਹੀਂ ਆਖਦਾ। ਘਰ ਜਾਕੇ ਤੇਰੀ ਖੂਬ ਸੇਵਾ ਕਰਾਂਗਾ।" ਭੋਲੂ ਨੇ ਘੁੱਗੀ ਨੂੰ ਆਪਣੇ ਵੱਲੋਂ ਦਿਲਾਸਾ ਦਿੱਤਾ। ਉਹ ਘੁੱਗੀ ਨੂੰ ਲੈਕੇ ਆਪਣੇ ਘਰ ਪਹੁੰਚ ਗਿਆ।
"ਮਾਂ! ਵੇਖ! ਮੈਂ ਅੱਜ ਕੀ ਲੈ ਕੇ ਆਇਆ ਹਾਂ। ਮੈਂ ਇਸ ਨੂੰ ਆਪਣੇ ਘਰ ਰਖਾਂਗਾ। ਮੈਂ ਇਸ ਨੂੰ ਚੋਗਾ ਪਾਇਆ ਕਰਾਂਗਾ। ਮੈਂ ਇਸਦੀ ਇੰਨੀ ਸੇਵਾ ਕਰਾਂਗਾ ਕਿ ਇਸਦਾ ਸਾਡੇ ਘਰੋਂ ਜਾਣ ਨੂੰ ਜੀਅ ਨਹੀਂ ਕਰੇਗਾ।" ਭੋਲੂ ਨੇ ਚਾਈਂ ਚਾਈਂ ਆਪਣੀ ਮਾਂ ਨੂੰ ਘੁੱਗੀ ਵਿਖਾਉਂਦਿਆਂ ਆਖਿਆ।
"ਪੁੱਤਰ! ਇਸ ਦੀਆਂ ਅੱਖਾਂ ਵਿਚ ਤੇ ਹੰਝੂ ਹਨ।" ਮਾਂ ਨੇ ਘੁੱਗੀ ਵੱਲ ਵੇਖਕੇ ਆਖਿਆ। "ਪੁੱਤਰ! ਇਹ ਆਪਣੀ ਮਾਂ ਕੋਲ ਜਾਣਾ ਚਾਹੁੰਦੀ ਹੈ। ਮਾਂ ਤੋਂ ਬਿਨਾਂ ਇਹ ਓਦਰ ਗਈ ਹੈ। ਇਸ ਦੀ ਮਾਂ ਇਸ ਨੂੰ ਲੱਭ-ਲੱਭ ਹਾਰ ਗਈ ਹੋਵੇਗੀ। ਇਸਦੀ ਮਾਂ ਉੱਤੇ ਇਕ ਰੰਗ ਆਉਂਦਾ ਤੇ ਇਕ ਜਾਂਦਾ ਹੋਵੇਗਾ। ਤੂੰ ਇਸ ਨੂੰ ਜਿੱਥੋਂ ਲੈਕੇ ਆਇਆ ਸੀ, ਉਥੇ ਹੀ ਵਾਪਸ ਛੱਡ ਆ।" ਮਾਂ ਨੇ ਦੁਬਾਰਾ ਆਖਿਆ। ਪਰ ਭੋਲੂ ਘੁੱਗੀ ਨੂੰ ਵਾਪਸ ਛੱਡ ਕੇ ਆਉਣ ਲਈ ਤਿਆਰ ਨਹੀਂ ਸੀ। ਉਹ ਘੁੱਗੀ ਨੂੰ ਛੱਡਣ ਦੀ ਥਾਂ ਸਗੋਂ ਮਾਂ ਨਾਲ ਬਹਿਸਬਾਜੀ ਕਰਨ ਲੱਗ ਪਿਆ।
"ਪੁੱਤਰ! ਇਸ ਘੁੱਗੀ ਦੀ ਥਾਂ ’ਤੇ ਤੂੰ ਆਪਣੇ ਆਪ ਨੂੰ ਰੱਖਕੇ ਵੇਖ। ਕੀ ਤੂੰ ਆਪਣੀ ਮਾਂ ਤੋਂ ਬਿਨਾਂ ਰਹਿ ਸਕਦਾ ਹੈਂ?" ਮਾਂ ਨੇ ਪੁੱਛਿਆ। ਹੁਣ ਭੋਲੂ ਕੋਲ ਕੋਈ ਜਵਾਬ ਨਹੀਂ ਸੀ। ਮਾਂ ਜਦੋਂ ਕਦੇ ਭੋਲੂ ਨੂੰ ਘਰ ਛੱਡ ਕੇ ਮਾਮੇ ਜਾਂਦੀ ਹੁੰਦੀ ਸੀ, ਉਹ ਪਿੱਛੋਂ ਓਦਰ ਜਾਂਦਾ ਹੁੰਦਾ ਸੀ। ਉਸਨੂੰ ਬੁਖਾਰ ਚੜ੍ਹ ਜਾਂਦਾ ਹੁੰਦਾ ਸੀ।
ਭੋਲੂ, ਘੁੱਗੀ ਨੂੰ ਵਾਪਸ ਉਥੇ ਹੀ ਛੱਡਣ ਤੁਰ ਪਿਆ, ਜਿੱਥੋਂ ਉਹ ਲੈਕੇ ਆਇਆ ਸੀ।
"ਪੁੱਤਰ! ਗੱਲ ਸੁਣ। ਹੁਣ ਤੂੰ ਇਸ ਘੁੱਗੀ ਨੂੰ ਇਕੱਲਿਆਂ ਨਾਂ ਛੱਡੀਂ। ਨਿਕੜੀ ਜਿਹੀ ਇਸ ਘੁੱਗੀ ਨੂੰ ਕੋਈ ਹੋਰ ਜਾਨਵਰ ਜਾਂ ਪੰਛੀ ਦਬੋਚ ਲਵੇਗਾ। ਤੂੰ ਇਸ ਨੂੰ ਲੈਕੇ ਉਸੇ ਥਾਂ 'ਤੇ ਬਹਿ ਜਾਵੀਂ, ਜਿੱਥੋਂ ਤੂੰ ਇਸ ਨੂੰ ਲੈਕੇ ਆਇਆਂ ਸੈਂ। ਇਸ ਦੀ ਮਾਂ ਬਾਵਰੀ ਹੋਈ, ਇਸ ਨੂੰ ਲੱਭਦੀ ਲੱਭਦੀ ਜ਼ਰੂਰ ਉਥੇ ਗੇੜਾ ਮਾਰੇਗੀ। ਉਹ ਆਪਣੇ ਬੱਚੇ ਨੂੰ ਵੇਖਕੇ ਖੁਸ਼ ਹੋ ਜਾਵੇਗੀ। ਉਹ ਜ਼ਰੂਰ ਤੇਰਾ ਧੰਨਵਾਦ ਕਰੇਗੀ।" ਮਾਂ ਨੇ ਤੁਰੇ ਜਾਂਦੇ ਭੋਲੂ ਨੂੰ ਪਿੱਛੋਂ ਅਵਾਜ਼ ਮਾਰ ਕੇ ਹਿਦਾਇਤ ਦਿੱਤੀ।