ਅੱਖਰਾਂ ਦੀ ਸੱਥ/ਸ਼ਹਿਰ ਗਿਆ ਕਿੱਟੂ ਕੁੱਕੜ

56649ਅੱਖਰਾਂ ਦੀ ਸੱਥ — ਸ਼ਹਿਰ ਗਿਆ ਕਿੱਟੂ ਕੁੱਕੜਇਕਬਾਲ ਸਿੰਘ

ਸ਼ਹਿਰ ਗਿਆ ਕਿੱਟੂ ਕੁੱਕੜ

ਕਿੱਟੂ ਕੁੱਕੜ ਆਪਣੇ ਮਾਪਿਆਂ ਨਾਲ ਪਿੰਡ ਵਿਚ ਇਕ ਕਿਸਾਨ ਦੇ ਘਰ ਰਹਿੰਦਾ ਸੀ। ਕਿੱਟੂ ਦੇ ਮਾਪਿਆਂ ਨੇ ਉਸਨੂੰ ਚੋਗਾ ਚੁਗਣ ਦੇ ਨਾਲ ਨਾਲ ਆਪਣੀ ਸੁਰੱਖਿਆ ਦੇ ਵੀ ਕਈ ਗੁਰ ਸਿਖਾ ਦਿੱਤੇ ਸਨ। ਹੁਣ ਉਹ ਕਿੱਟੂ ਨੂੰ ਬਾਂਗ ਦੇਣ ਦਾ ਅਭਿਆਸ ਕਰਵਾਉਣ ਲੱਗ ਪਏ ਸਨ। ਕਿੱਟੂ ਦਾ ਪਿਉ ਰੋਜ਼ਾਨਾ ਸਵੇਰੇ ਬਾਂਗ ਦੇ ਕੇ ਕਿਸਾਨ ਨੂੰ ਉਠਾ ਦਿੰਦਾ ਸੀ। ਉਹ ਰੋਜ਼ਾਨਾ ਸਵੇਰੇ ਚਾਰ ਕੁ ਵਜੇ ਕਿੱਟੂ ਨੂੰ ਵੀ ਉਠਾਉਂਦਾ ਤੇ ਬਾਂਗ ਦੇਣ ਲਈ ਆਖਦਾ। ਪਰ ਕਿੱਟੂ ਤੜਕੇ ਉਠਕੇ ਬਾਂਗ ਦੇਣ ਤੋਂ ਕੰਨੀ ਕਤਰਾਉਂਦਾ ਰਹਿੰਦਾ। ਕਿੱਟੂ ਦਾ ਪਿਉ, ਉਸਨੂੰ ਰੋਜ਼ਾਨਾ ਸਵੇਰੇ ਉਠਾਉਣ ਦੀ ਕੋਸ਼ਿਸ਼ ਕਰਦਾ। ਉਹ, ਕਿੱਟੂ ਨੂੰ ਵਾਰ-ਵਾਰ ਝੰਜੋੜਦਾ। ਕਿੱਟੂ ਫਿਰ ਪਾਸਾ ਵੱਟ ਕੇ ਸੌਂ ਜਾਂਦਾ।

"ਸਾਨੂੰ ਕੁਦਰਤ ਨੇ ਬਾਂਗ ਦੇਣ ਦੀ ਅਨੋਖੀ ਕਲਾ ਬਖਸ਼ੀ ਹੈ। ਸਾਡੀ ਬਾਂਗ ਦੇਣ ਦੀ ਕਲਾ ਕਾਰਨ ਹੀ ਮਨੁੱਖ ਸਾਨੂੰ ਪਿਆਰ ਕਰਦਾ ਹੈ। ਸਾਨੂੰ ਕੁਦਰਤ ਵੱਲੋਂ ਵਰਸੋਈ ਇਸ ਬਾਂਗ ਦੀ ਕਲਾ ਵਿਚ ਹੋਰ ਪ੍ਰਵੀਣ ਹੋਣਾ ਚਾਹੀਦਾ ਹੈ।" ਕਿੱਟੂ ਦਾ ਪਿਉ ਉਸਨੂੰ ਸਮਝਾਉਂਦੇ ਹੋਏ ਆਖਦਾ। ਪਰ ਕਿੱਟੂ ਆਪਣੇ ਪਿਉ ਦੀ ਇਕ ਨਾ ਮੰਨਦਾ।

ਕਿੱਟੂ ਥੋੜਾ ਹੋਰ ਵੱਡਾ ਹੋਇਆ। ਸਵਖਤੇ ਉੱਠਣ ਤੇ ਬਾਂਗ ਦੇਣ ਤੋਂ ਡਰਦੇ ਮਾਰੇ ਕਿੱਟੂ ਨੇ ਸ਼ਹਿਰ ਜਾਕੇ ਵਸਣ ਦਾ ਫੈਸਲਾ ਕਰ ਲਿਆ।

"ਸ਼ਹਿਰ ਵਿਚ ਤੜਕੇ ਉਠਕੇ ਬਾਂਗ ਦੇਣ ਦਾ ਝੰਜਟ ਨਹੀਂ ਹੈ। ਸ਼ਹਿਰ ਵਿਚ ਲੋਕ ਚਿੱਟਾ ਦਿਨ ਚੜ੍ਹੇ ਉਠਦੇ ਹਨ। ਸ਼ਹਿਰੀ ਲੋਕ ਉਂਜ ਵੀ ਉਠਣ ਵੇਲੇ ਦਾ ਅਲਾਰਮ ਲਾਕੇ ਸੌਂਦੇ ਹਨ।" ਕਿੱਟੂ ਨੇ ਸੋਚਿਆ।

"ਕਿੱਟੂ ਪੁੱਤਰ! ਇਥੇ ਪਿੰਡ ਵਿਚ ਮਾਲਕ ਇਕ ਬਾਂਗ ਬਦਲੇ ਸਾਨੂੰ ਚੋਗਾ ਹੀ ਨਹੀਂ ਪਾਉਂਦਾ, ਉਹ ਕੁੱਤੇ-ਬਿੱਲੇ ਤੋਂ ਸਾਡੀ ਰਖਵਾਲੀ ਵੀ ਕਰਦਾ ਹੈ। ਸ਼ਹਿਰ ਵਿਚ ਤੇਰੀ ਰਖਵਾਲੀ ਕਿਸੇ ਨੇ ਨਹੀਂ ਕਰਨੀ। ਗਰਜ਼ ਤੋਂ ਬਿਨਾਂ ਕੋਈ ਕਿਸੇ ਦੀ ਸਾਂਭ-ਸੰਭਾਲ ਨਹੀਂ ਕਰਦਾ।" ਮਾਂ-ਪਿਉ ਨੇ ਕਿੱਟੂ ਨੂੰ ਇਕ ਵਾਰ ਫੇਰ ਸਮਝਾਇਆ। ਪਰ ਕਿੱਟੂ, ਮਾਪਿਆਂ ਦੀ ਗੱਲ ਮੰਨਣ ਦੀ ਥਾਂ ਅਗਿਓ ਬਹਿਸ ਕਰਨ ਲੱਗ ਪਿਆ।

"ਮੈਂ, ਤੁਹਾਡੇ ਵਾਂਗ ਇਥੇ ਕਿਸਾਨ ਦਾ ਗੁਲਾਮ ਬਣਕੇ ਨਹੀਂ ਰਹਿਣਾ ਚਾਹੁੰਦਾ।" ਕਿੱਟੂ ਨੇ ਆਖਿਆ।

"ਪੁੱਤਰ! ਅਸੀਂ ਕਿਸਾਨ ਦੇ ਗੁਲਾਮ ਨਹੀਂ ਪਾਲਤੂ ਹਾਂ।" ਕਿੱਟੂ ਦਾ ਪਿਉ ਆਖ ਰਿਹਾ ਸੀ।

"ਸ਼ਹਿਰ ਵਿਚ ਜਾਕੇ ਕਈ ਤਰ੍ਹਾਂ ਦੀ ਮੌਜ ਲੱਗ ਜਾਣੀ ਆ। ਮੇਰਾ ਪਿੱਛਾ ਕਰਨ ਵਾਲੇ ਬਿੱਲੀਆਂ- ਕੁੱਤਿਆਂ ਨੂੰ ਸ਼ਹਿਰ ਵਿਚ ਬੱਤੀਆਂ ਵੇਖਕੇ ਤੇ ਜ਼ੈਬਰਾ ਕਰਾਸਿੰਗ ਤੋਂ ਹੀ ਸੜਕਾਂ ਪਾਰ ਕਰਨੀਆਂ ਪੈਣੀਆਂ ਤੇ ਮੈਂ ਉਡਾਰੀ ਭਰ ਕੇ ਲੰਘ ਜਾਇਆ ਕਰਨਾ।" ਕਿੱਟੂ ਕੁੱਕੜ ਨੇ ਚੁਟਕੀ ਵਜਾਉਂਦੇ ਹੋਏ ਆਖਿਆ। ਉਹ ਮਾਂ-ਪਿਉ ਤੋਂ ਬਜ਼ਿਦ ਹੋਕੇ ਸ਼ਹਿਰ ਨੂੰ ਤੁਰ ਪਿਆ।

ਹੁਣ ਕਿੱਟੂ ਕੁੱਕੜ ਸ਼ਹਿਰ ਆ ਗਿਆ ਸੀ। ਕਿੱਟੂ, ਸ਼ਹਿਰ ਆਪਣੇ-ਆਪ ਨੂੰ ਸੌਖਾ-ਸੌਖਾ ਮਹਿਸੂਸ ਕਰਨ ਲੱਗਾ। ਇਥੇ ਉਸਨੂੰ ਤੜਕੇ ਉੱਠਣ ਲਈ ਤੇ ਤੜਕੇ ਉਠ ਕੇ ਬਾਂਗ ਦੇਣ ਲਈ ਕਹਿਣ ਵਾਲਾ ਕੋਈ ਨਹੀਂ ਸੀ। ਕਿੱਟੂ ਸਾਰਾ ਦਿਨ ਸੜਕਾਂ 'ਤੇ ਅਵਾਰਾ ਫਿਰਦਾ ਰਹਿੰਦਾ। ਉਹ, ਬਿੱਲੀਆਂ-ਕੁੱਤਿਆਂ ਨੂੰ ਵੇਖਕੇ ਉਡਾਰੀ ਭਰਦਾ ਤੇ ਸੜਕ ਦੇ ਦੂਸਰੇ ਪਾਰ ਪਹੁੰਚ ਜਾਂਦਾ। ਬਿੱਲੀਆਂ-ਕੁੱਤੇ ਇੰਜ ਕਿੱਟੂ ਵਾਂਗ ਸੜਕ ਪਾਰ ਨਹੀਂ ਕਰ ਸਕਦੇ ਸਨ।

ਰਾਤ ਨੂੰ ਕਿੱਟੂ ਇਕ ਕਲੋਨੀ ਵਿਚ ਇਕ ਰੁੱਖ ਉੱਪਰ ਚੜ੍ਹ ਜਾਂਦਾ। ਉਹ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ ਸੀ। ਉਂਜ ਵੀ ਇਸ ਕਲੋਨੀ ਦੇ ਚੁਫੇਰੇ ਕੰਧ ਸੀ। ਕਲੋਨੀ ਦੇ ਗੇਟ ਰਾਤ ਨੂੰ ਬੰਦ ਹੋ ਜਾਂਦੇ ਸਨ। ਬਿੱਲੀਆਂ ਕੁੱਤੇ, ਕਲੋਨੀ ਅੰਦਰ ਨਹੀਂ ਵੜ੍ਹ ਸਕਦੇ ਸਨ।

ਸ਼ਹਿਰ ਵਿਚ ਆਕੇ ਕਿੱਟੂ ਬੇਹਦ ਖੁਸ਼ ਸੀ। ਪਰ ਉਸਦੀ ਇਹ ਖੁਸ਼ੀ ਥੋੜ-ਚਿਰੀ ਸੀ। ਕਿੱਟੂ ਨੂੰ ਸ਼ਹਿਰ ਵਿਚ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਸਨ। ਇਕ ਦਿਨ ਉਹ ਬਜ਼ਾਰ ਵਿਚ ਚਾਉਮਿਨ ਖਾਣ ਲੱਗਾ। ਚਾਉਮਿਨ ਖਾਣ ਲਈ ਕਿੱਟੂ ਜਿਵੇਂ ਹੀ ਅੱਗੇ ਹੋਇਆ, ਦੁਕਾਨ ਦੇ ਬਾਹਰ ਬੈਠੇ ਆਦਮੀ ਕਿੱਟੂ ਨੂੰ ਕਾਬੂ ਕਰ ਲਿਆ। ਉਹ ਆਦਮੀ ਦੁਕਾਨ ਦੇ ਬਾਹਰ ਕਿੱਟੂ ਨੂੰ ਕਾਬੂ ਕਰਨ ਲਈ ਹੀ ਬੈਠਾ ਸੀ। ਉਸਨੇ ਚਾਉਮਿਨ ਦੀ ਪਲੇਟ ਕਿੱਟੂ ਨੂੰ ਛਲਾਵਾ ਦੇਣ ਲਈ ਹੀ ਰੱਖੀ ਸੀ। "ਇਸ ਨੇ ਮੈਨੂੰ ਬਾਂਗ ਦੇਣ ਵਾਸਤੇ ਕਾਬੂ ਕੀਤਾ ਹੈ। ਮੈਂ ਬਾਂਗ ਨਹੀਂ ਦੇਵਾਂਗਾ। ਦੋ ਚਾਰ ਦਿਨ ਉਡੀਕ ਕੇ ਇਹ ਮੈਨੂੰ ਛੱਡ ਦੇਵੇਗਾ। ਬਿਨਾਂ ਗਰਜ਼ ਦੇ ਕੌਣ ਕਿਸੇ ਦੀ ਸੰਭਾਲ ਕਰਦਾ ਹੈ।" ਕਿੱਟੂ ਨੂੰ ਆਪਣੇ ਪਿਉ ਦੀ ਆਖੀ ਗੱਲ ਯਾਦ ਆ ਗਈ।

ਕਿੱਟੂ ਕੁੱਕੜ ਨੇ ਜੋ ਸੋਚਿਆ ਸੀ, ਹੋਇਆ ਉਸਦੇ ਉਲਟ। ਕਿੱਟੂ ਨੂੰ ਕਾਬੂ ਕਰਨ ਵਾਲਾ ਕੋਈ ਕਿਸਾਨ ਨਹੀਂ ਸੀ। ਉਸਨੇ ਕਿੱਟੂ ਨੂੰ ਬਾਂਗ ਦੇਣ ਲਈ ਨਹੀਂ ਫੜ੍ਹਿਆ ਸੀ।

ਉਸ ਆਦਮੀ ਨੇ ਕਿੱਟੂ ਨੂੰ ਫੜ੍ਹਨ ਤੋਂ ਬਾਅਦ ਇਕ ਤੰਗ ਜਿਹੇ ਖੁੱਡੇ ਵਿਚ ਡੱਕ ਦਿੱਤਾ ਸੀ। ਇਸ ਖੁੱਡੇ ਵਿਚ ਕਿੱਟੂ ਵਰਗੇ ਹੋਰ ਵੀ ਕਈ ਕੁੱਕੜ ਡੱਕੇ ਹੋਏ ਸਨ। ਖੁੱਡੇ ਵਿਚਲੇ ਸਾਰੇ ਕੁੱਕੜ ਪਿੰਡਾਂ ਵਿੱਚੋਂ ਬਾਗੀ ਹੋਕੇ ਸ਼ਹਿਰ ਆਏ ਸਨ ਤੇ ਬਜ਼ਾਰ ਵਿਚ ਅਵਾਰਾ ਫਿਰਦੇ ਕਾਬੂ ਆ ਗਏ ਸਨ।

"ਇਹ ਆਦਮੀ ਆਪਣੀ ਕੁਝ ਦਿਨ ਸੇਵਾ ਕਰੇਗਾ ਤੇ ਫਿਰ ਬਜ਼ਾਰ ਵਿਚ ਕਿਸੇ ਝਟਕਈ ਨਾਲ ਆਪਣਾ ਸੌਦਾ ਕਰੇਗਾ। ਖੁੱਡੇ ਵਿਚਲੇ ਇਕ ਕੁੱਕੜ ਨੇ ਕਿੱਟੂ ਨੂੰ ਦੱਸਿਆ। ਹੁਣ ਕਿੱਟੂ ਦੇ ਰੌਂਗਟੇ ਖੜ੍ਹੇ ਹੋ ਗਏ। ਉਸਨੂੰ ਸਾਹਮਣੇ ਮੌਤ ਵਿਖਾਈ ਦੇਣ ਲੱਗੀ।"

ਕਿੱਟੂ ਨੂੰ ਹੁਣ ਸਮਝ ਲੱਗ ਗਈ ਸੀ ਕਿ ਸ਼ਹਿਰ ਆਕੇ ਉਸਨੇ ਗਲਤੀ ਕੀਤੀ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਖੁੱਡੇ ਵਿੱਚੋਂ ਨਿਕਲਣ ਬਾਰੇ ਸੋਚਣ ਲੱਗਾ।

ਖੁੱਡਾ ਭਾਵੇਂ ਤੰਗ ਸੀ, ਪਰ ਇਸ ਦੇ ਚਾਰ-ਚੁਫੇਰੇ ਜ਼ਾਲੀ ਲੱਗੀ ਹੋਈ ਸੀ। ਕਿੱਟੂ ਨੇ ਜ਼ਾਲੀ ਥਾਣੀ ਬਾਹਰ ਵੇਖਿਆ। ਇਕ ਕਬੂਤਰ ਦਾਣਾ ਚੁਗ ਰਿਹਾ ਸੀ। ਕਿੱਟੂ ਨੇ ਕਬੂਤਰ ਹੱਥ ਪਿੰਡ ਆਪਣੇ ਪਿਉ ਨੂੰ ਸੁਨੇਹਾ ਭੇਜਿਆ।

ਕਬੂਤਰ ਨੇ ਕਿੱਟੂ ਦੇ ਮਾਂ-ਪਿਉ ਨੂੰ ਕਿੱਟੂ ਦੇ ਸ਼ਹਿਰ ਇਕ ਖੁੱਡੇ ਵਿਚ ਬੰਦ ਹੋਣ ਦੀ ਸੂਚਨਾ ਦੇ ਦਿੱਤੀ ਸੀ। ਕਿੱਟੂ ਦਾ ਪਿਊ ਬੇਹਦ ਸਮਝਦਾਰ ਸੀ। ਕਿੱਟੂ ਦਾ ਪਿਉ ਜਾਣਦਾ ਸੀ ਕਿ ਕਿੱਟੂ ਦੇ ਝਟਕਈ ਕੋਲ ਜਾਣ ਤੋਂ ਬਾਅਦ ਕੁਝ ਵੀ ਹੱਥ ਨਹੀਂ ਆਉਣਾ। ਉਸਨੇ ਉਸੇ ਵਕਤ ਕਿੱਟੂ ਨੂੰ ਖੁੱਡੇ ਵਿੱਚੋਂ ਕੱਢਣ ਦਾ ਢੰਗ ਸੋਚ ਲਿਆ।

ਇਕ ਚੱਕੀਰਾਹਾ, ਕਿੱਟੂ ਦੇ ਪਿਉ ਦਾ ਮਿੱਤਰ ਸੀ। ਕਿੱਟੂ ਦੇ ਪਿਉ ਨੇ ਆਪਣੇ ਮਿੱਤਰ ਚੱਕੀਰਾਹੇ ਨੂੰ ਮਦਦ ਕਰਨ ਲਈ ਤੇ ਕਿੱਟੂ ਨੂੰ ਖੁੱਡੇ ਵਿੱਚੋਂ ਕੱਢਣ ਲਈ ਆਖਿਆ। ਚੱਕੀਰਾਹਾ ਉਸੇ ਵੇਲੇ ਕਿੱਟੂ ਦੇ ਪਿਉ ਨਾਲ ਸ਼ਹਿਰ ਨੂੰ ਤੁਰ ਪਿਆ।

ਸ਼ਹਿਰ ਜਾ ਕੇ ਚੱਕੀਰਾਹੇ ਨੇ ਆਪਣੀ ਲੰਬੀ ਤੇ ਤਿੱਖੀ ਚੁੰਝ ਨਾਲ ਖੁੱਡੇ ਦੀ ਜਾਲੀ ਦੇ ਕਿੱਲ ਇਕ ਪਾਸਿਓ ਕੱਢ ਦਿੱਤੇ ਤੇ ਕਿੱਟੂ ਖੁੱਡੇ 'ਚੋਂ ਬਾਹਰ ਨਿਕਲ ਆਇਆ।

ਹੁਣ ਕਿੱਟੂ ਨੇ ਆਪਣੇ ਪਿਉ ਤੋਂ ਮਾਫੀ ਮੰਗੀ। ਕਿੱਟੂ ਆਪਣੇ ਪਿਉ ਨਾਲ ਜ਼ਿਦ ਨਾ ਕਰਨ ਦਾ ਵਾਅਦਾ ਕਰਕੇ ਵਾਪਸ ਪਿੰਡ ਨੂੰ ਤੁਰ ਪਿਆ ਸੀ।