ਅੱਖਰਾਂ ਦੀ ਸੱਥ/ਅਵਾਰਾਗਰਦ ਚਿੰਟੂ

56648ਅੱਖਰਾਂ ਦੀ ਸੱਥ — ਅਵਾਰਾਗਰਦ ਚਿੰਟੂਇਕਬਾਲ ਸਿੰਘ

ਅਵਾਰਾਗਰਦ ਚਿੰਟੂ

ਚਿੰਟੂ ਚੂਹਾ ਇਕ ਪਲ ਵੀ ਘਰ ਨਹੀਂ ਟਿਕਦਾ ਸੀ। ਉਹ ਸਾਰਾ ਦਿਨ ਗਲੀਆਂ ਵਿਚ ਘੁੰਮਦਾ ਰਹਿੰਦਾ ਸੀ। ਚਿੰਟੂ ਦਿਨੋਂ ਦਿਨ ਹੋਰ ਵਿਗੜਦਾ ਜਾ ਰਿਹਾ ਸੀ। ਚਿੰਟੂ ਆਪਣੇ ਪਿੰਡ ਦੇ ਦੋ-ਚਾਰ ਹੋਰ ਅਵਾਰਾਗਰਦਾਂ ਦੀ ਉਂਗਲ 'ਤੇ ਚੜ੍ਹ ਗਿਆ ਸੀ। ਉਹ ਅਵਾਰਾਗਰਦੀ ਕਰਨ ਪਿੰਡ ਤੋਂ ਬਾਹਰ ਸ਼ਹਿਰ ਵੀ ਜਾਣ ਲੱਗ ਪਿਆ ਸੀ। ਚਿੰਟੂ ਸਾਰਾ ਦਿਨ ਇਧਰ-ਉਧਰ ਘੁੰਮਦਾ ਰਹਿੰਦਾ ਤੇ ਹਨੇਰਾ ਹੋਏ ਘਰ ਵੜਦਾ। ਮਾਂ, ਚਿੰਟੂ ਦਾ ਰਾਹ ਵੇਖਦੀ ਰਹਿ ਜਾਂਦੀ ਸੀ। ਮਾਂ ਨੂੰ ਇਹੀ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਚਿੰਟੂ ਨੇ ਗਲੀਆਂ ਵਿੱਚ ਘੁੰਮਦੇ ਨੇ ਕਿਸੇ ਦਿਨ ਆਪਣੇ ਲਈ ਮੁਸੀਬਤ ਸਹੇੜ ਲੈਣੀ ਹੈ।

'ਚਿੰਟੂ ਪੁੱਤਰ ਤੂੰ ਐਵੇਂ ਗਲੀਆਂ ਵਿਚ ਘੁੰਮਣ ਦੀ ਥਾਂ ਆਪਣੀ ਪੜ੍ਹਾਈ ਵਿੱਚ ਮਨ ਲਾਇਆ ਕਰ।' ਮਾਂ ਨੇ ਚਿੰਟੂ ਨੂੰ ਸਮਝਾਉਂਦੇ ਹੋਏ ਆਖਿਆ। ਪਰ ਚਿੰਟੂ ਦੇ ਕੰਨਾਂ 'ਤੇ ਜੂੰ ਨਾ ਸਰਕੀ।

'ਮਾਂ! ਕੁਝ ਨਹੀਂ ਹੁੰਦਾ। ਤੂੰ ਫਿਕਰ ਨਾ ਕਰਿਆ ਕਰ। ਬਿੱਲੀਆਂ ਘਰਾਂ ਵਿੱਚ ਹੀ ਆਪਾਂ ਨੂੰ ਫੜਦੀਆਂ। ਗਲੀਆਂ ਵਿਚ ਤੇ ਇਹ ਆਪ ਡਰਦੀਆਂ ਮਾਰੀਆਂ ਲੁਕਦੀਆਂ-ਛਿਪਦੀਆਂ ਰਹਿੰਦੀਆ।' ਇਹ ਆਖਦੇ ਹੋਏ ਚਿੰਟੂ ਫਿਰ ਸ਼ਹਿਰ ਨੂੰ ਤੁਰ ਪਿਆ।

ਚਿੰਟੂ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਵਿਚ ਘੁੰਮਦਾ ਰਿਹਾ, ਫਿਰ ਉਹ ਥੀਏਟਰ ਵਿਚ ਫਿਲਮ ਵੇਖਣ ਚਲਾ ਗਿਆ। ਚਿੰਟੂ ਰਾਤ ਦਸ ਵਜੇ ਤਕ ਫਿਲਮ ਵੇਖਦਾ ਰਿਹਾ। ਚਿੰਟੂ ਫਿਲਮ ਵੇਖਕੇ ਆਪਣੇ ਪਿੰਡ ਨੂੰ ਤੁਰਿਆ।

ਚਿੰਟੂ ਸ਼ਹਿਰੋਂ ਨਿਕਲ ਕੇ ਆਪਣੇ ਪਿੰਡ ਨੂੰ ਜਾਣ ਵਾਲੀ ਸੜਕ ਉੱਪਰ ਚੜ੍ਹ ਗਿਆ ਸੀ। ਇਸ ਵੇਲੇ ਤਕ ਸੜਕ ਉੱਪਰ ਆਵਾਜਾਈ ਘੱਟ ਗਈ ਸੀ। ਕੋਈ ਵਿਰਲੀ-ਟਾਵੀਂ ਗੱਡੀ ਆ-ਜਾ ਰਹੀ ਸੀ। ਚਾਰ-ਚੁਫੇਰੇ ਹਨੇਰਾ ਪਸਰਿਆ ਹੋਇਆ ਸੀ।

ਭਾਵੇਂ ਚਾਰ-ਚੁਫੇਰੇ ਹਨੇਰਾ ਪਸਰਿਆ ਹੋਇਆ ਸੀ, ਫਿਰ ਵੀ ਚਿੰਟੂ ਕੋਈ ਖੌਫ਼ ਨਹੀਂ ਮਹਿਸੂਸ ਕਰ ਰਿਹਾ ਸੀ। ਚਿੰਟੂ ਸੁੰਨਸਾਨ ਸੜਕ ਉੱਪਰ ਨਿਧੜਕ ਹੋ ਕੇ ਤੁਰ ਰਿਹਾ ਸੀ। ਚਿੰਟੂ ਤੁਰਦਾ-ਤੁਰਦਾ ਆਪਣੇ ਪਿੰਡ ਦੇ ਨਜਦੀਕ ਪਹੁੰਚ ਗਿਆ। ਉਸਨੂੰ ਸਾਰੇ ਰਾਹ ਕੋਈ ਬਿੱਲੀ ਨਹੀਂ ਮਿਲੀ ਸੀ। ਪਰ ਆਪਣੇ ਪਿੰਡ ਦੇ ਨਜ਼ਦੀਕ ਪਹੁੰਚ ਕੇ ਸੜਕ ਕੰਢੇ ਖੜੀ ਇਕ ਝਾੜੀ ਵਿਚ ਸਰੜ-ਸਰੜ ਹੋਣ ਦੀ ਆਵਾਜ਼ ਸੁਣ ਕੇ ਚਿੰਟੂ ਇਕ ਦਮ ਤ੍ਰਬਕ ਗਿਆ। ਚਿੰਟੂ ਨੇ ਹਨੇਰੇ ਵਿਚ ਝਾੜੀ ਵੱਲ ਨਿਗ੍ਹਾ ਮਾਰੀ। ਇਕ ਸੱਪ ਚਿੰਟੂ ਵੱਲ ਭੱਜਾ ਆ ਰਿਹਾ ਸੀ। ਸੱਪ ਨੂੰ ਵੇਖਕੇ ਚਿੰਟੂ ਦੇ ਰੌਂਗਟੇ ਖੜੇ ਹੋ ਗਏ। ਚਿੰਟੂ ਭੱਜ ਪਿਆ।

ਚਿੰਟੂ ਨੇ ਭੱਜਦੇ ਹੋਏ ਨੇ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਫਿਰ ਵੀ ਸੱਪ ਵਲੇਵੇਂ ਖਾਂਦਾ ਹੋਇਆ ਮਿੰਟਾਂ-ਸਕਿੰਟਾਂ ਵਿਚ ਉਸਦੇ ਨੇੜੇ ਪਹੁੰਚ ਗਿਆ। ਸੱਪ, ਚਿੰਟੂ ਨੂੰ ਫੜ੍ਹਨ ਹੀ ਵਾਲਾ ਸੀ ਕਿ ਚਿੰਟੂ ਨੂੰ ਬਚਾਉਣ ਲਈ ਸੜਕ ਦੇ ਦੂਸਰੇ ਪਾਸਿਓ ਝਾੜੀਆਂ ਵਿੱਚੋਂ ਇਕ ਨਿਓਲ ਨਿਕਲ ਆਇਆ। ਨਿਓਲ ਤੋਂ ਡਰਦਾ-ਮਾਰਾ ਸੱਪ ਵਾਪਸ ਭੱਜ ਗਿਆ।

ਚਿੰਟੂ ਇਕ ਵਾਰ ਸੱਪ ਤੋਂ ਬੱਚ ਗਿਆ ਸੀ। ਪਰ ਨਿਓਲ, ਸੱਪ ਦੀਆਂ ਆਦਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸੱਪ ਫਿਰ ਚਿੰਟੂ ਦੇ ਪਿੱਛੇ ਲੱਗ ਸਕਦਾ ਸੀ। ਉਂਜ ਵੀ ਚਿੰਟੂ ਡਰ ਨਾਲ ਕੰਬੀ ਜਾ ਰਿਹਾ ਸੀ। ਇਸ ਕਰਕੇ ਨਿਓਲ, ਚਿੰਟੂ ਨੂੰ ਘਰ ਛੱਡਣ ਤੁਰ ਪਿਆ। ਚਿੰਟੂ ਦੀ ਮਾਂ ਘਰ ਦੇ ਬਾਹਰ ਭਰੀ-ਪੀਤੀ ਡੰਡਾ ਲਈ ਖੜ੍ਹੀ ਸੀ। ਉਸਨੇ ਇਕ ਵਾਰ ਸਵਾਰ ਕੇ ਚਿੰਟੂ ਦੀ ਪਰੇਡ ਕਰਨੀ ਸੀ। ਪਰ ਕੰਬਦੇ ਚਿੰਟੂ ਨੂੰ ਵੇਖਕੇ ਮਾਂ ਦਾ ਗੁੱਸਾ ਉਡ ਗਿਆ। ਉਸਨੇ ਚਿੰਟੂ ਨੂੰ ਗਲ਼ ਨਾਲ ਲਾ ਲਿਆ ਤੇ ਚਿੰਟੂ ਨੂੰ ਘਰ ਤਕ ਛੱਡਣ ਆਏ ਨਿਓਲ ਦਾ ਧੰਨਵਾਦ ਕੀਤਾ।

ਹੁਣ ਚਿੰਟੂ ਨੇ ਆਪਣੀ ਮਾਂ ਤੋਂ ਮਾਫੀ ਮੰਗਣ ਲੱਗਾ। ਚਿੰਟੂ ਨੂੰ ਸਮਝ ਲੱਗ ਗਈ ਸੀ ਕਿ ਉਸ ਲਈ ਬਿੱਲੀ ਮਾਸੀ ਦੇ ਪੰਜੇ ਤੋਂ ਇਲਾਵਾ ਹੋਰ ਵੀ ਅਨੇਕਾਂ ਖਤਰੇ ਹਨ। ਚਿੰਟੂ ਨੇ ਅਵਾਰਾਗਰਦੀ ਕਰਨ ਤੋਂ ਤੋਬਾ ਕਰ ਲਈ ਸੀ।