ਅਨੰਦਪੁਰੀ ਦੀ ਕਹਾਣੀ/ਕੀਰਤਪੁਰ
ਕੀਰਤਪੁਰ
ਭਾਵੇਂ ਪੱਕੀ ਤਰਾਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦੈਂਤ ਨਗਰੀ-ਮਾਖੋਵਾਲ ਨੂੰ ਦੇਵ ਨਗਰੀ ਬਣਾਇਆ ਪਰ ਇਸ ਇਲਾਕੇ ਵਿਚ ਇਹਨਾਂ ਤੋਂ ਪਹਿਲਾਂ ਇਹਨਾਂ ਦੇ ਗੁਰੂ-ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਵਸਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੁਰਾਣੀ ਯਾਦਗਾਰ 'ਚਰਨ-ਕੰਵਲ' ਨੂੰ ਪ੍ਰਗਟ ਕੀਤਾ ਤੇ ਆਪਣੇ ਟਿਕੇ-ਬਾਬਾ ਗੁਰਦਿੱਤਾ ਜੀ ਦੇ ਰਾਹੀਂ-ਸਾਈਂ ਬੁੱਢਣ ਸ਼ਾਹ ਪਾਸੋਂ ਦੁਧ ਅਮਾਨਤ ਆ ਮੰਗੀ। ਕੀਰਤਪੁਰ ਸਾਹਿਬ, ਸਤਲੁਜ ਨਦੀ ਦੇ ਖਬੇ ਕੰਢੇ, ਅਨੰਦਪੁਰ ਸਾਹਿਬ ਤੋਂ ਦੁਖਣ ਵਲ ਛੇ ਕੁ ਮੀਲ ਦੇ ਫਾਸਲੇ ਤੇ ਹੈ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਸ੍ਰੀ ਗੁਰੂ ਹਰਿ ਰਾਏ ਸਾਹਿਬ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਸਮਿਆਂ ਵਿਚ ਸਿਖੀ ਦਾ ਕੇਂਦਰ ਅਤੇ ਉਤਰੀ ਹਿੰਦ ਵਿਚ ਇਕ ਬਹੁਤ ਉੱਘਾ ਨਗਰ ਰਿਹਾ ਏ। ਸਮੇਂ ਦੀ ਅਦਲਾ-ਬਦਲੀ ਨੇ ਇਸ ਉਤੇ ਆਪਣਾ ਬਹੁਤ ਡੂੰਘਾ ਅਸਰ ਕੀਤਾ ਹੈ ਅਤੇ ਹੁਣ ਇੱਥੇ ਇਸ ਦੀ ਪੁਰਾਤਨ ਵੱਡਿਤਾ ਦੇ ਨਿਸ਼ਾਨ-ਗੁਰੂ ਅਸਥਾਨ ਕਿਸੇ ਵਡੀ ਹਸਤੀ ਦੇ ਪਰਛਾਵੇਂ ਵਾਂਗੂੰ, ਗਵਾਹੀ ਦੇ ਰਹੇ ਹਨ।
ਸ੍ਰੀ ਗੁਰੂ ਛਟਮ ਪਾਤਸ਼ਾਹ ਜੀ ਦੇ ਸ੍ਰੀ ਅੰਮ੍ਰਿਤਸਰ ਤੋਂ ਇਸ ਇਲਾਕੇ ਵਿਚ ਆਵਣ ਦੇ ਹੇਠ ਲਿਖੇ ਕਾਰਣ ਮਲੂਮ ਪੈਂਦੇ ਹਨ:- ੧. ਇਹ ਸੌ ਫੀ ਸਦੀ ਹਿੰਦੂ ਇਲਾਕਾ ਸੀ। ਇਸ ਲਈ ਇਥੇ ਸਿਖੀ ਪ੍ਰਚਾਰ ਅਤੇ ਮੁਗਲਾਂ ਵਿਰੁਧ ਸਹਾਇਤਾ ਮਿਲਣ ਦੀ ਵਧੇਰੇ ਆਸ ਸੀ। ੨. ਰਾਜਾ ਬਿਲਾਸਪੁਰ ਨੇ ਜਿਸ ਦੇ ਇਲਾਕੇ ਵਿਚ ਇਹ ਅਸਥਾਨ-ਕੀਰਤਪੁਰ ਤੇ ਮਾਖੋਵਾਲ(ਅਨੰਦਪੁਰ ਸਾਹਿਬ) ਸਨ; ਕਿਲ੍ਹਾ ਗਵਾਲੀਅਰ ਦੀ ਕੈਦ ਵਿਚੋਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ 'ਬੰਦੀ ਛੋੜ' ਪਾਤਸ਼ਾਹ ਦੀ ਕਿਰਪਾ ਨਾਲ ਹੀ ਛੁਟਕਾਰਾ ਪ੍ਰਾਪਤ ਕੀਤਾ ਸੀ। ਇਸ ਲਈ ਉਹ ਸਚੇ ਪਾਤਸ਼ਾਹ ਦੇ ਬਹੁਤ ਰਿਣੀ ਸੀ, ਸਤਿਗੁਰੂ ਜੀ ਨੂੰ ਭੀ ਆਸ ਸੀ ਕਿ ਉਸ ਵਲੋਂ ਹਰ ਤਰਾਂ ਦੀ ਸਹਾਇਤਾ ਮਿਲੇਗੀ। ਇਹ ਇਲਾਕਾ 'ਪਰਗਨਾ ਜਿੰਦਬੜੀ'-ਦਰਿਆਵਾਂ, ਨਦੀਆਂ ਅਤੇ ਪਹਾੜੀਆਂ ਦੀ ਬਰਕਤ, ਇਕਲਵਾਂਜਾ ਤੇ ਅਲੱਗ-ਥਲੱਗ ਹੋਣ ਕਰਕੇ ਫੌਜੀ ਕੰਮਾਂ ਲਈ ਬੜਾ ਯੋਗ ਸੀ ਤੇ ਸਤਿਗੁਰੂ ਜੀ ਦਾ ਖਿਆਲ ਸੀ ਕਿ ਲਾਹੌਰ ਦੇ ਮੁਗਲ ਕੀਰਤਪੁਰ ਨਹੀਂ ਪੁਜ ਸਕਣਗੇ ਤੇ ਸਿਖ ਕੌਮ ਆਪਣੀ ਫੌਜੀ ਤਿਆਰੀ ਅਰਾਮ ਨਾਲ ਕਰ ਸਕੇਗੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਪਿਛਲੇ ਦਸ ਗਿਆਰਾਂ ਸਾਲ ਇਸੇ ਨਗਰ ਵਿਚ ਗੁਜ਼ਾਰੇ ਅਤੇ ਅੰਤ ਵਿਚ ਇਥੇ ਹੀ ਆਪ ਜੋਤੀ ਜੋਤ ਸਮਾਏ। ਪਾਤਾਲਪੁਰੀ ਦਰਿਆ ਸਤਲੁਜ ਦੇ ਕਿਨਾਰੇ ਆਪ ਦੇ ਅੰਤਮ ਟਿਕਾਣੇ ਦੀ ਯਾਦਗਾਰ ਹੈ। ਇਸੇ ਅਸਥਾਨ ਉਤੇ ਫਰ ਸਤਵੇਂ ਗੁਰੂ-ਸ੍ਰੀ ਹਰਿ ਰਾਏ ਸਾਹਿਬ ਜੀ ਦਾ ਅੰਗੀਠਾ ਬਣਾਇਆ ਗਿਆ ਅਤੇ ਉਹਨਾਂ ਦੇ ਮਗਰੋਂ ਅਠਵੇਂ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਭੀ ਬਿਭੂਤੀ ਦਿੱਲੀ ਤੋਂ ਇਥੇ ਲਿਆਕੇ ਸਮਾਧ ਬਣਾਈ ਗਈ। ਤਿੱਨਾਂ ਸਤਿਗੁਰਾਂ ਦੀਆਂ ਯਾਦਗਾਰਾਂ ਅੱਡ ਅੱਡ ਇਕੋ ਟਿਕਾਣੇ ਪਾਤਾਲਪੁਰੀ ਬਣੀਆਂ ਹੋਈਆਂ ਹਨ।
ਬਾਬਾ ਅਣੀ ਰਾਇ (ਪੁਤ੍ਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ) ਦੀ ਸਮਾਧ ਭੀ ਇਥੇ ਹੈ, ਕਿਹਾ ਜਾਂਦਾ ਹੈ ਕਿ ਜਦੋਂ ਨੌਵੇਂ ਸਤਿਗੁਰੁ-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲਿਆਂਦਾ ਗਿਆ ਤਾਂ ਪਹਿਲਾਂ ਤਜਵੀਜ਼ ਇਹੋ ਸੀ ਕਿ ਪਾਤਾਲ ਪੁਰੀ ਵਾਲੇ ਅਸਥਾਨ ਤੇ ਉਸ ਦਾ ਸਸਕਾਰ ਕੀਤਾ ਜਾਵੇ ਪਰ ਮਾਤਾ ਗੁਜਰੀ ਜੀ (ਮਹਿਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿਣ ਤੇ ਸੀਸ ਅਨੰਦਪੁਰ ਸਾਹਿਬ ਲਿਆਕੇ ਸਸਕਾਰ ਕੀਤਾ ਗਿਆ।
ਇਸੇ ਪਵਿਤ੍ਰਤਾ ਕਰਕੇ ਫੂਲਕੀਆਂ ਰਿਆਸਤਾਂ ਅਤੇ ਹੋਰ ਮਾਲਵੇ ਦੇ ਖਾਨਦਾਨੀ ਸਰਦਾਰਾਂ ਦੇ ਮਿਰਤੂ ਹੋਣ ਮਗਰੋਂ ਉਨ੍ਹਾਂ ਦੇ ਫੁਲ (ਅਸਤ) ਇਸ ਪਾਤਾਲ ਪੁਰੀ ਅਸਥਾਨ ਉਤੇ ਦਰਿਆ ਸਤਲੁਜ ਵਿਚ ਪਾਏ ਜਾਂਦੇ ਪੰਨਾ:ਅਨੰਦਪੁਰੀ ਦੀ ਕਹਾਣੀ.pdf/10 ਲਗਦੇ ਹਨ। ਵਿਸਾਖੀ ਦੇ ਸ਼ੁਭ ਦਿਹਾੜੇ ਸੀ ਕਲਗੀਧਰ ਜੀ ਨੇ ਕੇਸਗੜ ਸਾਹਿਬ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਕੇ ਖਾਲਸਾ ਪੰਥ ਦੀ ਬੁਨਿਆਦ ਰਖੀ; ਇਸ ਲਈ ਇਹ ਦਿਨ ਅਨੰਦਪੁਰ ਸਾਹਿਬ ਖਾਸ ਤੌਰ ਤੇ ਹਰ ਸਾਲ ਵਾਲਾ ਹੈ। ਪਰ ਅਜੇ (੧੯੪੪) ਤਕ ਕੁਝ ਹੋਲੇ ਮਹੱਲੇ ਦੇ ਮੇਲੇ ਦੇ ਥਕੇਵੇਂ ਅਤੇ ਕੁਝ ਕੀਰਤਪੁਰ ਸਾਹਿਬ ਵਿਸਾਖੀ ਦੇ ਪੁਰਾਤਨ ਤੁਰੇ ਆਉਂਦੇ ਮੇਲੇ ਕਰਕੇ ਅਨੰਦਪੁਰ ਸਾਹਿਬ ਵਿਚ ਵਿਸਾਖੀ ਦਾ ਦੀਵਾਨ ਇੱਨਾਂ ਕਾਮਯਾਬ ਨਹੀਂ ਹੋ ਸਕਿਆ ਜਿਨਾਂ ਹੋਣਾ ਚਾਹੀਦਾ ਹੈ। ਹੋਲੇ ਦਾ ਮੇਲਾ ਪਹਿਲਾਂ ਤਿੰਨ ਦਿਨ ਕੀਰਤਪੁਰ ਸਾਹਿਬ ਲਗਦਾ ਹੈ। ਰੋਪੜ ਤੋਂ ਅਨੰਦਪੁਰ ਸਾਹਿਬ ਜਾਂਦਿਆਂ ਪਹਿਲਾਂ ਕੀਰਤਪੁਰ ਸਾਹਿਬ ਆਂਵਦਾ ਹੈ।