ਅਨੰਦਪੁਰੀ ਦੀ ਕਹਾਣੀ/ਇਲਾਕੇ ਦੀ ਪੁਰਾਣੀ ਪਵਿਤ੍ਰਤਾ

35024ਅਨੰਦਪੁਰੀ ਦੀ ਕਹਾਣੀ — ਇਲਾਕੇ ਦੀ ਪੁਰਾਣੀ ਪਵਿਤ੍ਰਤਾਸੰਤੋਖ ਸਿੰਘ

ਇਲਾਕੇ ਦੀ ਪੁਰਾਣੀ ਪਵਿਤ੍ਰਤਾ

ਪੰਜ ਦਰਯਾਵਾਂ ਦੀ ਧਰਤੀ (ਪੰਜਾਬ) ਦੀ ਦਖਣ-ਪੂਰਬੀ ਗੁਠ ਵਿਚ ਢੇਰ ਚਿਰ ਤੋਂ ਹਿੰਦੂ ਰਾਜਪੂਤਾਂ ਦਾ ਰਾਜ ਚਲਾ ਆਂਵਦਾ ਹੈ। ਅਤਿ ਕਠਨ ਪਹਾੜੀ ਇਲਾਕਾ ਹੋਣ ਕਰਕੇ ਕਿਸੇ ਬਦੇਸ਼ੀ ਦਾ ਇਹਨਾਂ ਪਹਾੜੀ ਰਿਆਸਤਾਂ ਨੂੰ ਆਪਣੇ ਰਾਜ ਵਿਚ ਮਿਲਾਣ ਦਾ ਹੀਆ ਨਹੀਂ ਪਿਆ। ਇਸੇ ਹਿਸੇ ਵਿਚ ਪੰਜਾਬ ਦੀ ਸਿਰੋਮਣੀ ਨਦੀ ਸਤਲੁਜ (ਮਾਨ ਸਰੋਵਰ ਦੇ ਨਿਰਮਲ ਜਲ ਦੀ ਧਾਰ) ਉਚੇ ਉਚੇ ਬਰਫਾਨੀ ਤੇ ਡਾਢੇ ਕਰੜੇ ਪਹਾੜਾਂ ਚੋਂ ਮੋੜ ਤੋੜ ਖਾਂਦੀ, ਪਹਾੜਾਂ ਚਟਾਨਾਂ ਨਾਲ ਟਕਰਾਂਦੀ, ਕਿਤੇ ਉਨ੍ਹਾਂ ਨੂੰ ਚੀਰਦੀ ਅਤੇ ਕਿਤੇ ਮੱਥਾ ਟਕਰਾਕੇ ਮੁੜਦੀ, ਰੌਲਾ ਰੱਪਾ ਪਾਂਦੀ ਹੋਈ ਪੰਜਾਬ ਦੇ ਖੁਲ੍ਹੇ ਮੈਦਾਨੀ ਦੇਸ ਵਿਚ ਪਰਵੇਸ਼ ਕਰਦੀ ਏ। ਗੁਰੂ ਜੀ ਦੇ ਸਮੇਂ ਤੋਂ ਢੇਰ ਸਮਾਂ ਪਹਿਲਾਂ ਇਹ ਇਲਾਕਾ ਸੰਘਣਾ ਬਣ ਹੁੰਦਾ ਸੀ; ਜਿਸ ਵਿਚ ਹਾਥੀ, ਸ਼ੇਰ ਤੇ ਬਘੇਲੇ ਖੁਲ੍ਹੇ ਵਿਚਰਦੇ ਸਨ। ਇਸੇ ਕਰਕੇ ਇਸ ਇਲਾਕੇ ਦਾ ਪੁਰਾਣਾ ਨਾਉਂ 'ਹਥੌਤ' ਮਸ਼ਹੂਰ ਏ। 'ਹਥੌਤ' ਦਾ ਮਤਲਬ ਹੈ 'ਹਾਥੀਆਂ ਦਾ ਘਰ।' ਚੌਹਾਂ ਪਾਸਿਆਂ ਤੋਂ ਸ਼ਿਵਾਲਕ ਪਹਾੜ ਦੀਆਂ ਧਾਰਾਂ ਅਤੇ ਸਤਲੁਜ, ਸੁਹਾਂ ਤੇ ਸਰਸਾ ਨਦੀਆਂ ਨਾਲ ਘਿਰਿਆ ਹੋਇਆ ਇਹ ਸਰ-ਸਬਜ਼ ਤੇ ਮਨਮੋਹਣਾ ਇਲਾਕਾ ਸਾਰੇ ਦੇਸ ਨਾਲੋਂ ਨਿਖੜਿਆ ਜਿਹਾ ਹੋਇਆ ਰਿਹਾ ਹੈ। ਚੰਗੇ ਜਿਗਰੇ ਵਾਲੇ ਆਦਮੀ ਹੀ ਇਥੇ ਪੁਜ ਸਕਦੇ ਸਨ ਅਤੇ ਉਹ ਹੀ ਨਿਰਭੈ ਹੋਕੇ ਇਥੇ ਰਹਿ ਸਕਦੇ ਸਨ। ਬ੍ਰਹਮਾ ਜੀ ਦੀ ਯਾਦ ਵਿਚ ਬ੍ਰਹਮੰਡੀ ਅਤੇ ਵਸ਼ਿਸ਼ਟ ਜੀ ਦੀ ਯਾਦ ਸ਼ਤਰੁਦਰ (ਸਤਲੁਜ ਦਾ ਪੁਰਾਣਾ ਨਾਂ) ਹੈ। ਦਸਦੇ ਹਨ ਕਿ ਇਹਨਾਂ ਮਹਾਂ ਰਿਸ਼ੀਆਂ ਨੇ ਭੀ ਇਸ ਇਲਾਕੇ ਨੂੰ ਪਸੰਦ ਕੀਤਾ ਅਤੇ ਸਤਲੁਜ ਤੇ ਸੁਹਾਂ ਨਦੀਆਂ ਦੇ ਕੰਢਿਆਂ ਤੇ ਵੇਦ-ਮੰਤਰਾਂ ਦਾ ਉਚਾਰਣ ਹੋਇਆ।

ਸਮੇਂ ਨੇ ਇਕ ਗੇੜ ਖਾਧਾ ਤੇ ਇਹ ਦੇਵਤਿਆਂ ਦੀ ਧਰਤੀ ਦੈਂਤ ਬੁਧੀ ਮਨੁੱਖਾਂ ਦੇ ਕਬਜ਼ੇ ਵਿਚ ਆਈ। ਪੁਰਾਣੀ ਰਵਾਇਤ ਹੈ ਕਿ ਮਾਖੋ ਤੇ ਮਾਟੋ ਦੋ ਦੈਂਤ-ਭੁਰਾ ਸਨ। ਮਾਖੋ ਨੇ ਮਾਖੋਵਾਲ ਵਸਾਇਆ ਅਤੇ ਮਾਟੋ ਨੇ ਮਟੌਰ। ਮਾਖੋਵਾਲ ਅਨੰਦਪੁਰ ਸਾਹਿਬ ਨਾਲ ਲਗਦਾ ਇਕ ਛੋਟਾ ਜਿਹਾ ਪਿੰਡ ਹੈ। ਇਹਨਾਂ ਦੈਂਤ-ਬਧੀ ਭਰਾਵਾਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਆਪਣੇ ਜ਼ੁਲਮ ਤੇ ਜਬਰ ਨਾਲ ਬਹੁਤ ਦੁਖੀ ਕੀਤਾ ਅਤੇ ਲੋਕੀਂ ਅਜ ਤਕ ਉਹਨਾਂ ਨੂੰ ਰਾਕਸ਼ ਅਥਵਾ ਦੈਂਤ ਨਾਵਾਂ ਨਾਲ ਯਾਦ ਕਰਦੇ ਹਨ। ਕੁਦਰਤ ਨੇ ਇਸ ਇਲਾਕੇ ਨੂੰ ਆਪਣੀਆਂ ਬਖਸ਼ਸ਼ਾਂ ਨਾਲ ਬੜੇ ਭਾਗ ਲਾਏ ਹੋਏ ਹਨ, ਪਰ ਸ਼ੋਕ! ਇਹਨਾਂ ਦੈਂਤਾਂ ਨੇ ਆਪਣੀਆਂ ਕਾਲੀਆਂ ਕਰਤੂਤਾਂ ਨਾਲ ਇਸ ਇਲਾਕੇ ਦੀ ਸੋਭਾ ਨੂੰ ਬਹੁਤ ਚਿਰ ਗ੍ਰਹਿਣ ਲਾਈ ਰਖਿਆ।

ਫੇਰ ਇਸ ਧਰਤੀ ਦੇ ਭਾਗ ਜਾਗੇ। ਨਿਰੰਕਾਰੀ ਜੋਤ ਦੀ ਮਿਹਰ ਦੀ ਨਸ਼ਰ ਹੋਈ। ਬੁੱਢਣ ਸ਼ਾਹ ਦੇ ਪ੍ਰੇਮ ਨੇ ਖਿੱਚ ਪਾਈ। ਇਕ 'ਕੋਲੀ' ਸਰਧਾਲੂ ਦੀ ਸਿਕਦੀ ਰੂਹ ਨੇ ਕਸ਼ਿਸ਼ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਤਰਾ-ਖੰਡ ਵਾਲੀ ਉਦਾਸੀ ਵਿਚ ਮਨੀ ਕਰਨ-(ਜੋ ਪਾਰਬਤੀ ਨਦੀ ਦੇ ਕਿਨਾਰੇ ਕੁਲੂ ਦੀ ਵਾਦੀ ਵਿਚ ਇਕ ਸੁੰਦਰ ਅਸਥਾਨ ਹੈ ਅਤੇ ਗਰਮ ਪਾਣੀ ਦੇ ਚਸ਼ਮਿਆਂ ਕਰਕੇ ਉਘਾ ਹੈ) ਵਲੋਂ ਪਹਾੜਾਂ ਤੋਂ ਹੇਠਾਂ ਉਤਰਦੇ ਹੋਏ ਕੀਰਤਪੁਰ ਸਾਹਿਬ ਵਾਲੇ ਅਸਥਾਨ ਤੇ ਪੁਜਕੇ ਬੁੱਢਣ ਸ਼ਾਹ ਤੇ 'ਕੋਲੀ' ਪਿਆਰੇ ਨੂੰ ਦਰਸ਼ਨ ਦੇਕੇ 'ਨਦਰੀ ਨਦਰ ਨਿਹਾਲ' ਕੀਤਾ। ਕੋਲੀ ਸਿਖ ਦੇ ਘਰ ਵਾਲੀ ਥਾਂ ਤੇ ਹੁਣ ਗੁਰਦੁਆਰਾ 'ਚਰਨ ਕੰਵਲ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੋਭਾ ਦੇ ਰਿਹਾ ਹੈ ਅਤੇ ਅਜ ਕਲ ਇਥੇ ਨਾਲ ਹੀ ਲੋਕਲ ਗੁਰਦੁਆਰਾ ਕਮੇਟੀ ਅਨੰਦਪੁਰ ਕੀਰਤਪੁਰ ਦਾ ਦਫ਼ਤਰ ਹੈ।