ਅਨੁਵਾਦ:ਸੂਰਤ ਦਾ ਕੌਫ਼ੀ-ਹਾਊਸ

ਭਾਰਤ ਦੇਸ਼ ਦੇ ਸੂਰਤ ਨਗਰ ਵਿੱਚ ਇੱਕ ਕੌਫ਼ੀ-ਹਾਊਸ ਸੀ, ਜਿੱਥੇ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਯਾਤਰੀ ਆਉਂਦੇ ਅਤੇ ਵਿਚਾਰ-ਵਟਾਂਦਰੇ ਕਰਦੇ ਸਨ।

ਇੱਕ ਦਿਨ ਉਸ ਕੌਫ਼ੀ-ਹਾਊਸ ਵਿੱਚ ਫ਼ਾਰਸ ਦਾ ਇੱਕ ਵਿਦਵਾਨ ਆਇਆ। ਉਸਨੇ ਪੂਰੀ ਜ਼ਿੰਦਗੀ ‘ਸਿਰਜਨਹਾਰ’ ਬਾਰੇ ਅਧਿਐਨ ਕਰਨ ਅਤੇ ਕਿਤਾਬਾਂ ਪੜ੍ਹਨ-ਲਿਖਣ ਵਿੱਚ ਗੁਜ਼ਾਰ ਦਿੱਤੀ ਸੀ। ਬਹੁਤਾ ਪੜ੍ਹਨ ਸੋਚਣ ਕਾਰਨ ਉਸਦਾ ਦਿਮਾਗ਼ ਹਿੱਲ ਗਿਆ ਅਤੇ ਉਸਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਰੱਬ ਦੀ ਹੋਂਦ ਹੈ ਹੀ ਨਹੀਂ। ਫ਼ਾਰਸ ਦੇ ਬਾਦਸ਼ਾਹ ਨੇ ਇਹ ਸੁਣਦਿਆਂ ਹੀ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ।

ਸਾਰੀ ਉਮਰ ਲੌਕਿਕ ਤਰਕ ਬਾਰੇ ਮਗਜ਼ ਖਪਾਈ ਕਰਨ ਤੋਂ ਬਾਅਦ, ਇਹ ਮੰਦਭਾਗਾ ਧਰਮ-ਸ਼ਾਸਤਰੀ ਆਪਣੇ ਖ਼ਿਆਲਾਂ ਵਿੱਚ ਉਲਝ ਗਿਆ ਅਤੇ ਇਹ ਸਮਝਣ ਦੀ ਬਜਾਏ ਕਿ ਉਹ ਆਪਣਾ ਮਾਨਸਿਕ ਸਤੁੰਲਨ ਗੁਆ ਬੈਠਾ ਹੈ, ਸੋਚਣ ਲੱਗ ਪਿਆ ਕਿ ਇਸ ਸੰਸਾਰ ਦਾ ਕੋਈ ਕਰਤਾ ਹੀ ਨਹੀਂ ਹੈ।

ਇਸ ਵਿਅਕਤੀ ਦੇ ਨਾਲ ਇੱਕ ਅਫ਼ਰੀਕੀ ਗ਼ੁਲਾਮ ਵੀ ਸੀ, ਉਹ ਹਰ ਥਾਂ ਉਸਦੇ ਨਾਲ ਰਹਿੰਦਾ। ਜਦੋਂ ਧਰਮ-ਸ਼ਾਸਤਰੀ ਕੌਫੀ-ਹਾਊਸ ਵਿਚ ਦਾਖ਼ਲ ਹੋਇਆ, ਤਾਂ ਨੌਕਰ ਬਾਹਰ, ਦਰਵਾਜ਼ੇ ਦੇ ਕੋਲ ਹੀ ਧੁੱਪੇ ਪਏ ਇਕ ਪੱਥਰ 'ਤੇ ਬੈਠਾ ਗਿਆ ਅਤੇ ਆਪਣੇ ਦੁਆਲੇ ਭਿਣਭਿਣਾਉਂਦੀਆਂ ਮੱਖੀਆਂ ਨੂੰ ਦੂਰ ਹਟਾਉਣ ਵਿੱਚ ਰੁੱਝ ਗਿਆ। ਫ਼ਾਰਸ ਦੇ ਬੰਦੇ ਨੇ ਕੌਫੀ-ਹਾਊਸ ਵਿਚ ਦੀਵਾਨ 'ਤੇ ਆਸਣ ਜਮਾ ਲਿਆ ਅਤੇ ਅਫ਼ੀਮ ਦਾ ਪਿਆਲਾ ਮੰਗਵਾਇਆ। ਜਦੋਂ ਅਫ਼ੀਮ ਦੇ ਅਸਰ ਨਾਲ ਉਸਦਾ ਦਿਮਾਗ਼ ਤੇਜ਼ ਗਿੜਨਾ ਸ਼ੁਰੂ ਹੋ ਗਿਆ, ਤਾਂ ਉਸਨੇ ਆਪਣੇ ਨੌਕਰ ਨੂੰ ਖੁੱਲ੍ਹੇ ਦਰਵਾਜ਼ੇ ਰਾਹੀਂ ਪੁੱਛਿਆ:

“ਬਦਨਸੀਬ ਗ਼ੁਲਾਮ, ਦੱਸ ਭਲਾ ਖਾਂ ਕਿ ਕੋਈ ਰੱਬ ਹੈ, ਜਾਂ ਨਹੀਂ?”

ਗ਼ੁਲਾਮ ਨੇ ਆਪਣੀ ਕਮਰਬੰਦ ਵਿੱਚੋਂ ਕਿਸੇ ਦੇਵਤਾ ਦੀ ਲੱਕੜੀ ਦੀ ਮੂਰਤੀ ਕੱਢੀ ਅਤੇ ਬੋਲਿਆ, “ਬੇਸ਼ੱਕ, ਇਹ ਹੈ ਮੇਰਾ ਭਗਵਾਨ, ਜਿਸ ਨੇ ਮੇਰੇ ਜਨਮ ਤੋਂ ਮੇਰੀ ਰੱਖਿਆ ਕੀਤੀ ਹੈ। ਸਾਡੇ ਦੇਸ਼ ਵਿੱਚ ਹਰ ਕੋਈ ਉਸ ਰੁੱਖ ਦੀ ਪੂਜਾ ਕਰਦਾ ਹੈ, ਜਿਸ ਦੀ ਲੱਕੜ ਤੋਂ ਇਹ ਰੱਬ ਬਣਾਇਆ ਗਿਆ ਸੀ।”

ਧਰਮ-ਸ਼ਾਸਤਰੀ ਅਤੇ ਉਸਦੇ ਗ਼ੁਲਾਮ ਵਿਚਕਾਰ ਇਹ ਗੱਲਬਾਤ ਕਾਫੀ-ਹਾਊਸ ਦੇ ਹੋਰ ਮਹਿਮਾਨ ਵੀ ਹੈਰਾਨੀ ਨਾਲ ਸੁਣ ਰਹੇ ਸਨ। ਉਹ ਸਾਰੇ ਧਰਮ-ਸ਼ਾਸਤਰੀ ਦੇ ਸਵਾਲ 'ਤੇ ਹੈਰਾਨ ਸਨ, ਅਤੇ ਗ਼ੁਲਾਮ ਦਾ ਜਵਾਬ ਸੁਣ ਕੇ ਹੋਰ ਵੀ ਚਕਰਾ ਗਏ।

ਉਨ੍ਹਾਂ ਵਿਚੋਂ ਇੱਕ ਬਾਹਮਣ ਸੀ। ਉਹ ਉਸ ਗ਼ੁਲਾਮ ਦੇ ਵੱਲ ਘੁੰਮਿਆ ਅਤੇ ਬੋਲਿਆ:

"ਮੂਰਖ ਪ੍ਰਾਣੀ! ਕੀ ਰੱਬ ਨੂੰ ਆਦਮੀ ਦੀ ਕਮਰਬੰਦ ਨਾਲ ਬੰਨ੍ਹ ਕੇ ਰੱਖਣਾ ਸੰਭਵ ਹੈ? ਇੱਕੋ ਇੱਕ ਰੱਬ ਹੈ — ਬ੍ਰਹਮਾ, ਅਤੇ ਉਹ ਦੁਨੀਆ ਨਾਲੋਂ ਵੱਡਾ ਹੈ, ਕਿਉਂਕਿ ਉਸਨੇ ਇਸ ਨੂੰ ਸਾਜਿਆ ਹੈ। ਬ੍ਰਹਮਾ ਇਕ ਹੈ, ਸ਼ਕਤੀਸ਼ਾਲੀ ਰੱਬ ਹੈ, ਅਤੇ ਉਸ ਦੇ ਸਨਮਾਨ ਵਿਚ ਗੰਗਾ ਦੇ ਕੰਢੇ ਮੰਦਰ ਬਣਾਏ ਗਏ ਹਨ, ਜਿਥੇ ਉਸ ਦੇ ਸੱਚੇ ਪੁਜਾਰੀ, ਬ੍ਰਾਹਮਣ, ਉਸ ਦੀ ਪੂਜਾ ਕਰਦੇ ਹਨ। ਉਹ ਸੱਚੇ ਰੱਬ ਨੂੰ ਜਾਣਦੇ ਹਨ, ਅਤੇ ਉਸ ਦੇ ਇਲਾਵਾ ਹੋਰ ਕੋਈ ਨਹੀਂ। ਹਜ਼ਾਰਾਂ ਸਾਲ ਬੀਤ ਚੁੱਕੇ ਹਨ, ਅਤੇ ਅਨੇਕਾਂ ਇਨਕਲਾਬ ਆਏ ਪਰ ਇਨ੍ਹਾਂ ਪੁਜਾਰੀਆਂ ਦਾ ਪ੍ਰਭਾਵ ਬਰਕਰਾਰ ਰਿਹਾ ਹੈ, ਕਿਉਂਕਿ ਇੱਕੋ ਇੱਕ ਸੱਚੇ ਰੱਬ ਨੇ ਉਨ੍ਹਾਂ ਦੀ ਰੱਖਿਆ ਕੀਤੀ ਹੈ।"

ਬ੍ਰਾਹਮਣ ਦ੍ਰਿੜ੍ਹਤਾ ਨਾਲ ਬੋਲਿਆ ਅਤੇ ਉਸ ਨੂੰ ਲੱਗਿਆ ਕਿ ਹਰੇਕ ਨੇ ਉਸਦਾ ਯਕੀਨ ਕਰ ਲਿਆ ਹੋਣਾ ਹੈ; ਪਰ ਉਥੇ ਮੌਜੂਦ ਇੱਕ ਯਹੂਦੀ ਦਲਾਲ ਨੇ ਉਸਨੂੰ ਉੱਤਰ ਦਿੱਤਾ:

”ਨਹੀਂ! ਸੱਚੇ ਰੱਬ ਦਾ ਘਰ ਭਾਰਤ ਵਿਚ ਨਹੀਂ ਹੈ, ਨਾ ਹੀ ਰੱਬ ਬ੍ਰਾਹਮਣ ਜਾਤੀ ਦੀ ਰੱਖਿਆ ਕਰਦਾ ਹੈ। ਸੱਚਾ ਰੱਬ ਬ੍ਰਾਹਮਣਾਂ ਦਾ ਨਹੀਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਹੈ। ਉਹ ਆਪਣੇ ਪਸੰਦੀਦਾ ਲੋਕਾਂ, ਇਜ਼ਰਾਈਲੀਆਂ ਤੋਂ ਇਲਾਵਾ ਕਿਸੇ ਦੀ ਰੱਖਿਆ ਨਹੀਂ ਕਰਦਾ। ਸੰਸਾਰ ਦੀ ਸ਼ੁਰੂਆਤ ਤੋਂ ਹੀ, ਸਾਡੀ, ਇਕੱਲੀ ਸਾਡੀ ਕੌਮ ਉਸ ਦੀ ਮਹਿਬੂਬ ਕੌਮ ਹੈ। ਜੇ ਅਸੀਂ ਹੁਣ ਪੂਰੀ ਧਰਤੀ ਉੱਤੇ ਖਿੰਡਰੇ ਹੋਏ ਹਾਂ, ਇਹ ਸਿਰਫ ਸਾਡੀ ਪ੍ਰੀਖਿਆ ਲਈ ਜਾ ਰਹੀ ਹੈ; ਕਿਉਂਕਿ ਰੱਬ ਨੇ ਵਾਅਦਾ ਕੀਤਾ ਹੈ ਕਿ ਉਹ ਇੱਕ ਦਿਨ ਯਰੂਸ਼ਲਮ ਵਿੱਚ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ। ਫਿਰ ਪ੍ਰਾਚੀਨ ਸੰਸਾਰ ਦੇ ਅਜੂਬੇ - ਯਰੂਸ਼ਲਮ ਦੇ ਮੰਦਰ - ਦੀ ਸ਼ਾਨ ਮੁੜ ਬਹਾਲ ਹੋਵੇਗੀ, ਅਤੇ ਇਸ ਨਾਲ ਇਸਰਾਈਲ ਨੂੰ ਸਾਰੀਆਂ ਕੌਮਾਂ ਦਾ ਹਾਕਮ ਸਥਾਪਤ ਕੀਤਾ ਜਾਵੇਗਾ।"

ਇਸ ਤਰ੍ਹਾਂ ਯਹੂਦੀ ਬੋਲਦਾ ਰਿਹਾ, ਅਤੇ ਰੋਣ ਲੱਗ ਪਿਆ, ਅਤੇ ਹੰਝੂਆਂ ਦੀ ਝੜੀ ਲਾ ਦਿੱਤੀ।

ਉਹ ਹੋਰ ਬੋਲਣਾ ਚਾਹੁੰਦਾ ਸੀ, ਪਰ ਇੱਕ ਇਤਾਲਵੀ ਮਿਸ਼ਨਰੀ ਨੇ ਉਸਨੂੰ ਟੋਕ ਦਿੱਤਾ ਆਪਣੀ ਗੱਲ ਸ਼ੁਰੂ ਕਰ ਦਿੱਤੀ:

"ਝੂਠ, ਬਿਲਕੁਲ ਝੂਠ, ਤੁਸੀਂ ਰੱਬ ਨੂੰ ਬੇਇਨਸਾਫ਼ੀ ਦਾ ਵਾਹਕ ਮੰਨਦੇ ਹੋ। ਉਹ ਸਿਰਫ਼ ਤੁਹਾਨੂੰ ਹੀ ਨਹੀਂ ਸਾਰੀ ਦੁਨੀਆਂ ਨੂੰ ਪਿਆਰ ਕਰਦਾ ਹੈ। ਮੰਨਿਆ ਕਿ ਪ੍ਰਾਚੀਨ ਸਮੇਂ ਵਿੱਚ ਉਸ ਨੇ ਇਸਰਾਈਲੀਆਂ ਦਾ ਪੱਖ ਪੂਰਿਆ ਸੀ, ਪਰ ਹੁਣ 19 ਸੌ ਸਾਲ ਹੋ ਗਏ ਹਨ ਜਦੋਂ ਉਨ੍ਹਾਂ ਨੇ ਉਸਨੂੰ ਨਾਰਾਜ਼ ਕਰ ਲਿਆ ਸੀ ਅਤੇ ਉਸਨੇ ਕ੍ਰੋਧ ਵਿੱਚ ਉਨ੍ਹਾਂ ਦੀ ਕੌਮ ਨੂੰ ਤਬਾਹ ਕਰਨ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਖਿੰਡਾ ਦੇਣ ਦਾ ਬੀੜਾ ਚੁੱਕਿਆ ਸੀ, ਤਾਂ ਜੋ ਉਨ੍ਹਾਂ ਦਾ ਧਰਮ ਨਵੇਂ ਭਗਤ ਪੈਦਾ ਨਾ ਕਰ ਸਕੇ ਅਤੇ ਉਹ ਥਾਂ-ਥਾਂ ਰੁਲਦੇ-ਖੁਲਦੇ ਮਰ ਜਾਣ। ਰੱਬ ਕਿਸੇ ਇੱਕ ਕੌਮ ਨੂੰ ਤਰਜੀਹ ਨਹੀਂ ਦਿੰਦਾ, ਪਰ ਜੋ ਵੀ ਬਚਣਾ ਚਾਹੁੰਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਰੋਮ ਦੇ ਕੈਥੋਲਿਕ ਚਰਚ ਦੀ ਚੌਖਟ ਵਿੱਚ ਆਉਣ ਲਈ ਕਹਿੰਦਾ ਹੈ, ਇਸ ਦੇ ਬਾਹਰ ਕਿਸੇ ਨੂੰ ਕੋਈ ਮੁਕਤੀ ਨਹੀਂ ਮਿਲ ਸਕਦੀ।"

ਉਦੋਂ ਹੀ ਉੱਥੇ ਬੈਠਾ ਇੱਕ ਪ੍ਰੋਟੇਸ‍ਟੈਂਟ ਪਾਦਰੀ ਕੈਥੋਲਿਕ ਮਿਸ਼ਨਰੀ ਵੱਲ ਮੁੜਿਆ ਅਤੇ ਕਿਹਾ:

“'ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੁਕਤੀ ਦਾ ਸੰਬੰਧ ਤੁਹਾਡੇ ਧਰਮ ਨਾਲ ਹੈ? ਗਾਸ‍ਪੇਲ ਦੇ ਅਨੁਸਾਰ ਸੱਚੇ ਦਿਲੋਂ ਪ੍ਰਭੂ ਦੀ ਸੇਵਾ ਕਰਨ ਵਾਲੇ ਪ੍ਰੋਟੇਸ‍ਟੈਂਟ ਹੀ ਬਚਣਗੇ।”

ਕੌਫ਼ੀ-ਹਾਊਸ ਵਿੱਚ ਬੈਠੇ ਪਾਈਪ ਪੀ ਰਹੇ ਸੂਰਤ ਦੀ ਚੁੰਗੀ ਦੇ ਇੱਕ ਤੁਰਕ ਕਰਮਚਾਰੀ ਨੇ ਗੁਮਾਨ ਦੇ ਖ਼ੁਮਾਰ ਵਿੱਚ ਦੋਵਾਂ ਈਸਾਈਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ,

"ਰੋਮਨ ਧਰਮ ਵਿਚ ਤੁਹਾਡਾ ਵਿਸ਼ਵਾਸ ਵਿਅਰਥ ਹੈ। ਬਾਰਾਂ ਸੌ ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਬ ਨੇ ਸੱਚਾ ਧਰਮ ਫੈਲਾ ਕੇ ਤੁਹਾਡੇ ਧਰਮ ਨੂੰ ਰੱਦ ਕਰ ਦਿੱਤਾ ਸੀ। ਤੁਹਾਨੂੰ ਨਹੀਂ ਦਿਖਦਾ ਕਿ ਕਿਵੇਂ ਮੁਹੰਮਦ ਦਾ ਧਰਮ ਯੂਰਪ ਅਤੇ ਏਸ਼ੀਆ, ਅਤੇ ਇੱਥੋਂ ਤੱਕ ਕਿ ਚੀਨ ਵਰਗੇ ਪ੍ਰਬੁੱਧ ਦੇਸ਼ ਵਿੱਚ ਵੀ ਫੈਲਦਾ ਜਾ ਰਿਹਾ ਹੈ। ਤੁਸੀਂ ਖ਼ੁਦ ਕਹਿੰਦੇ ਹੋ ਕਿ ਰੱਬ ਨੇ ਯਹੂਦੀਆਂ ਨੂੰ ਨਕਾਰਿਆ ਹੈ; ਅਤੇ, ਸਬੂਤ ਦੇ ਤੌਰ ਤੇ, ਤੁਸੀਂ ਇਸ ਤੱਥ ਦਾ ਹਵਾਲਾ ਦਿੰਦੇ ਹੋ ਕਿ ਯਹੂਦੀਆਂ ਦਾ ਅਪਮਾਨ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਧਰਮ ਫੈਲ ਨਹੀਂ ਰਿਹਾ। ਫਿਰ ਇਸਲਾਮ ਕਬੂਲ ਕਰੋ, ਕਿਉਂਕਿ ਇਹ ਜੇਤੂ ਹੈ ਅਤੇ ਦੂਰ-ਦੂਰ ਫੈਲ ਰਿਹਾ ਹੈ। ਅੱਲਾ ਦੇ ਨਵੇਂ ਨਬੀ ਮੁਹੰਮਦ ਦੇ ਪੈਰੋਕਾਰਾਂ ਦੇ ਸਿਵਾ ਕੋਈ ਨਹੀਂ ਬਚਾਇਆ ਜਾਵੇਗਾ; ਅਤੇ ਉਨ੍ਹਾਂ ਵਿਚੋਂ ਵੀ ਸਿਰਫ ਉਮਰ ਦੇ ਪੈਰੋਕਾਰਾਂ ਨੂੰ, ਅਲੀ ਦਿਆਂ ਨੂੰ ਨਹੀਂ, ਕਿਉਂਕਿ ਇਹ ਝੂਠੇ ਹਨ।"

ਫ਼ਾਰਸ ਦਾ ਧਰਮ ਸ਼ਾਸਤਰੀ ਅਲੀ ਸੰਪਰਦਾ ਦਾ ਸੀ ਅਤੇ ਉਸ ਦਾ ਜਵਾਬ ਦੇਣਾ ਚਾਹੁੰਦਾ ਸੀ; ਪਰ ਏਨੇ ਨੂੰ ਮੌਜੂਦ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਇਕ ਵਿਵਾਦ ਖੜ੍ਹਾ ਹੋ ਗਿਆ ਸੀ। ਉਥੇ ਅਬੈਸਨੀਅਨ ਈਸਾਈ, ਤਿੱਬਤ ਦੇ ਲਾਮੇ, ਇਸਮਾਈਲੀ ਅਤੇ ਫ਼ਾਰਸੀ ਸਨ। ਉਨ੍ਹਾਂ ਸਾਰਿਆਂ ਵਿੱਚ ਚਰਚਾ ਛਿੜ ਪਈ ਕਿ ਰੱਬ ਕਿਹੋ ਜਿਹਾ ਹੈ ਅਤੇ ਉਸਦੀ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵਿੱਚੋਂ ਹਰੇਕ ਨੇ ਦਾਅਵਾ ਕੀਤਾ ਕਿ ਕੇਵਲ ਉਸ ਦੇ ਦੇਸ਼ ਵਿੱਚ ਹੀ ਸੱਚਾ ਰੱਬ ਹੈ ਅਤੇ ਉਹ ਹੀ ਸਹੀ ਢੰਗ ਨਾਲ ਰੱਬ ਦੀ ਪੂਜਾ ਕਰਦਾ ਹੈ।

ਸਾਰੇ ਚੀਖ਼-ਚਿਲਾ ਰਹੇ ਸੀ। ਕੇਵਲ ਇੱਕ ਚੀਨੀ ਭਾਈ, ਜੋ ਕਿ ਕਨਫ਼ਿਊਸ਼ੀਅਸ ਦਾ ਪੈਰੋਕਾਰ ਸੀ, ਕੌਫ਼ੀ-ਹਾਊਸ ਦੇ ਇੱਕ ਕੋਨੇ ਵਿੱਚ ਚੁੱਪਚਾਪ ਬੈਠਾ ਚਾਹ ਰਿਹਾ ਸੀ ਅਤੇ ਵਿਵਾਦ ਵਿੱਚ ਹਿੱਸਾ ਨਹੀਂ ਲੈ ਰਿਹਾ ਸੀ। ਉਥੇ ਬੈਠਾ ਉਹ ਤੁਰਕ ਦੀ ਨਿਗ੍ਹਾ ਪੈ ਗਿਆ, ਅਤੇ ਉਸ ਨੇ ਉਸਨੂੰ ਬੇਨਤੀ ਕੀਤੀ:

"ਪਿਆਰੇ ਚੀਨੀ-ਭਾਈ, ਮੈਂ ਜੋ ਕਹਿ ਰਿਹਾ ਹਾਂ, ਤੁਸੀਂ ਉਸ ਦੀ ਪੁਸ਼ਟੀ ਕਰ ਸਕਦੇ ਹੋ। ਤੁਸੀਂ ਚੁੱਪ ਹੋ, ਪਰ ਜੇ ਤੁਸੀਂ ਬੋਲਦੇ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਧਾਰਨਾ ਦੀ ਹਾਮੀ ਭਰਦੇ। ਤੁਹਾਡੇ ਦੇਸ਼ ਦੇ ਵਪਾਰੀ, ਜੋ ਅਕਸਰ ਸਹਾਇਤਾ ਲਈ ਮੇਰੇ ਕੋਲ ਆਉਂਦੇ ਹਨ, ਮੈਨੂੰ ਦੱਸਦੇ ਹਨ ਕਿ ਚੀਨ ਵਿਚ ਬਹੁਤ ਸਾਰੇ ਧਰਮਾਂ ਦੀ ਚੜ੍ਹਤ ਹੋਈ ਹੈ, ਪਰ ਚੀਨੀ ਲੋਕ ਮੁਹੰਮਦੀ ਮੱਤ ਨੂੰ ਸਭ ਤੋਂ ਉੱਤਮ ਮੰਨਦੇ ਹਨ, ਅਤੇ ਇਸ ਨੂੰ ਖ਼ੁਸ਼ੀ ਨਾਲ ਅਪਣਾਉਂਦੇ ਹਨ। ਤਾਂ ਹੁਣ ਤੁਸੀਂ ਮੇਰੇ ਬਚਨਾਂ ਦੀ ਪੁਸ਼ਟੀ ਕਰੋ, ਅਤੇ ਸਾਨੂੰ ਸੱਚੇ ਰੱਬ ਅਤੇ ਉਸਦੇ ਨਬੀ ਬਾਰੇ ਆਪਣੇ ਵਿਚਾਰ ਦੱਸੋ।”

“ਹਾਂ, ਹਾਂ,” ਬਾਕੀਆਂ ਨੇ ਚੀਨੀ ਭਾਈ ਨੂੰ ਕਿਹਾ, “ਆਓ ਸੁਣੀਏ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ।”

ਕਨਫ਼ਿਊਸ਼ੀਅਸ ਦੇ ਪੈਰੋਕਾਰ ਉਸ ਚੀਨੀ ਭਾਈ ਨੇ ਆਪਣੀ ਅੱਖਾਂ ਮੀਚ ਲਈਆਂ ਅਤੇ ਪਲ ਭਰ ਸੋਚਦਾ ਰਿਹਾ। ਫਿਰ ਉਸਨੇ ਅੱਖਾਂ ਖੋਲ੍ਹੀਆਂ, ਆਪਣੀ ਪੁਸ਼ਾਕ ਦੀਆਂ ਚੌੜੀਆਂ ਆਸ‍ਤੀਨਾਂ ਵਿੱਚੋਂ ਬਾਹਾਂ ਬਾਹਰ ਕੱਢੀਆਂ, ਆਪਣੀ ਹਿੱਕ ਉੱਤੇ ਰੱਖ ਲਈਆਂ ਅਤੇ ਬੜੇ ਸ਼ਾਂਤ ਲਹਿਜੇ ਵਿੱਚ ਕਹਿਣ ਲੱਗਾ:

“ਸਾਥੀਓ, ਮੈਨੂੰ ਲੱਗਦਾ ਹੈ ਕਿ ਇਹ ਹੰਕਾਰ ਹੀ ਹੈ ਜੋ ਮਨੁੱਖਾਂ ਨੂੰ ਧਰਮ ਦੇ ਮਾਮਲਿਆਂ ਵਿੱਚ ਇੱਕ ਦੂਜੇ ਨਾਲ ਸਹਿਮਤ ਹੋਣ ਦੇ ਰਾਹ ਵਿੱਚ ਰੁਕਾਵਟ ਹੈ। ਜੇ ਤਸੀਂ ਮੇਰਾ ਪੱਖ ਸਮਝਣਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ, ਜਿਸਦੇ ਨਾਲ ਇਹ ਗੱਲ ਸਾਫ਼ ਹੋ ਜਾਵੇਗੀ।

“ਮੈਂ ਇੱਥੇ ਚੀਨ ਤੋਂ ਇੱਕ ਅੰਗਰੇਜ਼ੀ ਜਹਾਜ਼ ਤੇ ਆਇਆ ਹਾਂ। ਇਹ ਜਹਾਜ਼ ਦੁਨੀਆ ਦੀ ਸੈਰ ਨੂੰ ਨਿਕਲਿਆ ਸੀ। ਤਾਜ਼ਾ ਪਾਣੀ ਲੈਣ ਲਈ ਅਸੀਂ ਰੁਕੇ ਅਤੇ ਸੁਮਾਤਰਾ ਟਾਪੂ ਦੇ ਪੂਰਬੀ ਕੰਡੇ ਉੱਤੇ ਉਤਰ ਗਏ। ਦੁਪਹਿਰ ਦਾ ਵੇਲ਼ਾ ਸੀ। ਸਾਡੇ ਵਿੱਚੋਂ ਕੁੱਝ ਲੋਕ ਸਮੰਦਰ ਦੇ ਕੰਢੇ ਹੀ ਕੁਝ ਨਾਰੀਅਲ ਦੇ ਰੁੱਖਾਂ ਦੀ ਛਾਵੇਂ ਜਾ ਬੈਠੇ। ਨਜ਼ਦੀਕ ਹੀ ਇੱਕ ਪਿੰਡ ਸੀ। ਅਸੀਂ ਸਭ ਭਿੰਨ-ਭਿੰਨ ਕੌਮਾਂ ਦੇ ਲੋਕ ਸੀ।

“ਜਦੋਂ ਅਸੀ ਬੈਠੇ ਹੋਏ ਸੀ, ਤਾਂ ਇੱਕ ਅੰਨ੍ਹਾ ਆਦਮੀ ਸਾਡੇ ਕੋਲ ਆਇਆ। ਬਾਅਦ ਵਿੱਚ ਸਾਨੂੰ ਪਤਾ ਚੱਲਿਆ ਕਿ ਸੂਰਜ ਵੱਲ ਲਗਾਤਾਰ ਵੇਖਦੇ ਰਹਿਣ ਦੇ ਕਾਰਨ ਉਸਦੀ ਨਿਗ੍ਹਾ ਚਲੀ ਗਈ ਸੀ - ਉਹ ਜਾਨਣਾ ਚਾਹੁੰਦਾ ਸੀ ਕਿ ਸੂਰਜ ਆਖਿਰ ਸ਼ੈ ਕੀ ਹੈ, ਤਾਂ ਜੋ ਉਹ ਉਸਦੇ ਪ੍ਰਕਾਸ਼ ਨੂੰ ਫੜ੍ਹ ਸਕੇ।

“ਇਹ ਜਾਣਨ ਲਈ ਹੀ ਉਹ ਸੂਰਜ ਵੱਲ ਵੇਖਦਾ ਰਿਹਾ। ਨਤੀਜਾ ਇਹੀ ਹੋਇਆ ਕਿ ਸੂਰਜ ਦੀ ਰੋਸ਼ਨੀ ਨਾਲ ਉਸਦੀਆਂ ਅੱਖਾਂ ਖ਼ਰਾਬ ਹੋ ਗਈਆਂ ਅਤੇ ਉਹ ਅੰਨ੍ਹਾ ਹੋ ਗਿਆ।

“ਤੱਦ ਉਸਨੇ ਆਪਣੇ ਆਪ ਨੂੰ ਕਿਹਾ, ‘ਸੂਰਜ ਦਾ ਪ੍ਰਕਾਸ਼ ਪਾਣੀ ਨਹੀਂ ਹੈ, ਕਿਉਂਕਿ ਇਸਨੂੰ ਪਾਣੀ ਵਾਂਗ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਨਹੀਂ ਪਾਇਆ ਜਾ ਸਕਦਾ ਤੇ ਇਹ ਹਵਾ ਇਸਨੂੰ ਹਿਲਾ ਵੀ ਨਹੀਂ ਸਕਦੀ। ਇਹ ਅੱਗ ਵੀ ਨਹੀਂ ਹੈ, ਕਿਉਂਕਿ ਜੇਕਰ ਇਹ ਅੱਗ ਹੁੰਦਾ, ਤਾਂ ਪਾਣੀ ਨਾਲ ਬੁਝ ਸਕਦਾ ਸੀ। ਇਹ ਕੋਈ ਆਤ‍ਮਾ ਵੀ ਨਹੀਂ ਹੈ, ਕਿਉਂਕਿ ਅੱਖਾਂ ਇਸਨੂੰ ਵੇਖ ਸਕਦੀਆਂ ਹਨ। ਇਹ ਕੋਈ ਪਦਾਰਥ ਵੀ ਨਹੀਂ ਹੈ, ਕਿਉਂਕਿ ਇਸਨੂੰ ਹਿਲਾਇਆ ਨਹੀਂ ਜਾ ਸਕਦਾ। ਇਸ ਲਈ ਕਿਉਂਕਿ ਸੂਰਜ ਦਾ ਪ੍ਰਕਾਸ਼ ਨਾ ਪਾਣੀ ਹੈ, ਨਾ ਅੱਗ ਹੈ, ਨਾ ਆਤ‍ਮਾ ਹੈ ਅਤੇ ਨਾ ਹੀ ਕੋਈ ਪਦਾਰਥ, ਇਹ ਹੈ ਕੀ? ਕੁੱਝ ਵੀ ਨਹੀਂ।’

“ਇਹ ਸੀ ਉਸਦੀ ਦਲੀਲ। ਅਤੇ, ਹਮੇਸ਼ਾ ਸੂਰਜ ਦੇ ਵੱਲ ਵੇਖਦੇ ਰਹਿਣ ਅਤੇ ਉਸਦੇ ਬਾਰੇ ਵਿੱਚ ਸੋਚਦੇ ਰਹਿਣ ਕਾਰਨ ਉਹ ਆਪਣੀ ਨਿਗ੍ਹਾ ਅਤੇ ਬੁੱਧੀ ਦੋਨੋਂ ਹੀ ਗੁਆ ਬੈਠਾ। ਅਤੇ ਜਦੋਂ ਉਹ ਪੂਰੀ ਤਰ੍ਹਾਂ ਅੰਨ੍ਹਾ ਹੋ ਗਿਆ, ਉਸਨੂੰ ਪੂਰਾ ਯਕੀਨ ਹੋ ਗਿਆ ਕਿ ਸੂਰਜ ਦਾ ਵਜੂਦ ਹੈ ਹੀ ਨਹੀਂ।

“ਉਸ ਅੰਨ੍ਹੇ ਆਦਮੀ ਦੇ ਨਾਲ ਇੱਕ ਗ਼ੁਲਾਮ ਵੀ ਸੀ। ਉਸਨੇ ਆਪਣੇ ਸਵਾਮੀ ਨੂੰ ਨਾਰੀਅਲ ਦੇ ਥੱਲੇ ਬੈਠਾ ਦਿੱਤਾ ਅਤੇ ਜ਼ਮੀਨ ਤੋਂ ਇੱਕ ਨਾਰੀਅਲ ਚੁੱਕ ਕੇ ਉਸਦਾ ਦੀਵਾ ਬਣਾਉਣ ਲੱਗਿਆ। ਉਸ ਨੇ ਨਾਰੀਅਲ ਦੇ ਰੇਸ਼ਿਆਂ ਤੋਂ ਇੱਕ ਬੱਤੀ ਬਣਾਈ। ਗਿਰੀ ਵਿੱਚੋਂ ਥੋੜ੍ਹਾ ਤੇਲ ਨਚੋੜ ਕੇ ਠੂਠੀ ਵਿੱਚ ਪਾਇਆ ਅਤੇ ਬੱਤੀ ਨੂੰ ਉਸ ਵਿੱਚ ਭਿਉਂ ਲਿਆ।

“ਜਦੋਂ ਗ਼ੁਲਾਮ ਆਪਣੇ ਕੰਮ ਵਿੱਚ ਮਸ‍ਤ ਸੀ, ਅੰਨ੍ਹੇ ਆਦਮੀ ਨੇ ਆਹ ਭਰੀ ਅਤੇ ਉਸ ਨੂੰ ਕਹਿਣ ਲੱਗਾ, ‘ਹੁਣ ਦੱਸ ਕਾਕਾ, ਮੈਂ ਠੀਕ ਕਿਹਾ ਸੀ ਨਾ ਕਿ ਸੂਰਜ ਦਾ ਵਜੂਦ ਹੀ ਨਹੀਂ ਹੈ। ਦੇਖ ਕਿੰਨਾ ਘੋਰ ਹਨੇਰਾ ਹੈ? ਤੇ ਲੋਕ ਫਿਰ ਵੀ ਕਹਿੰਦੇ ਫਿਰਦੇ ਨੇ ਕਿ ਸੂਰਜ ਹੈ...ਸੂਰਜ ਹੈ। ਜੇਕਰ ਹੈ, ਤਾਂ ਫਿਰ ਇਹ ਕੀ ਹੈ?’

“‘ਮੈਨੂੰ ਪਤਾ ਨਹੀਂ ਹੈ ਕਿ ਸੂਰਜ ਕੀ ਹੈ,’ ਗ਼ੁਲਾਮ ਨੇ ਕਿਹਾ। ‘ਮੇਰਾ ਉਸ ਨਾਲ ਕੀ ਮਤਲਬ! ਪਰ ਮੈਂ ਇਹ ਜਾਣਦਾ ਹਾਂ ਕਿ ਪ੍ਰਕਾਸ਼ ਕੀ ਹੈ। ਇਹ ਵੇਖੋ, ਮੈਂ ਰਾਤ ਲਈ ਇੱਕ ਦੀਵਾ ਬਣਾਇਆ ਹੈ, ਜਿਸਦੀ ਮਦਦ ਨਾਲ ਮੈਂ ਤੁਹਾਡੀ ਸੇਵਾ ਕਰ ਸਕਦਾ ਹਾਂ ਅਤੇ ਝੌਂਪੜੀ ਵਿੱਚ ਜੋ ਵੀ ਚਾਹੁੰਦਾ ਹਾਂ ਉਹ ਲੱਭ ਸਕਦਾ ਹਾਂ।'

ਫਿਰ ਗ਼ੁਲਾਮ ਨੇ ਦੀਵਾ ਚੁੱਕਿਆ ਅਤੇ ਬੋਲਿਆ, “ਇਹ ਹੈ ਮੇਰਾ ਸੂਰਜ।”

“ਇੱਕ ਲੰਗੜਾ ਆਦਮੀ, ਜੋ ਆਪਣੀ ਫਹੁੜੀਆਂ ਲਈ ਕੋਲ ਹੀ ਬੈਠਾ ਸੀ, ਇਹ ਸੁਣਕੇ ਹੱਸ ਪਿਆ: ‘ਲੱਗਦਾ ਹੈ ਕਿ ਤੂੰ ਜਮਾਂਦਰੂ ਹੀ ਅੰਨ੍ਹਾ ਹੈਂ', ਉਸਨੇ ਅੰਨ੍ਹੇ ਆਦਮੀ ਨੂੰ ਕਿਹਾ, ‘ਅਤੇ ਕਦੇ ਨਹੀਂ ਸਮਝ ਸਕਿਆ ਕਿ ਸੂਰਜ ਕੀ ਹੈ। ਮੈਂ ਤੈਨੂੰ ਦੱਸਦਾ ਹਾਂ ਕਿ ਇਹ ਕੀ ਹੈ। ਸੂਰਜ ਅੱਗ ਦਾ ਗੋਲਾ ਹੈ, ਜੋ ਹਰ ਰੋਜ਼ ਸਮੰਦਰ ਵਿੱਚੋਂ ਨਿਕਲਦਾ ਹੈ ਅਤੇ ਸ਼ਾਮ ਦੇ ਸਮੇਂ ਹਰ ਰੋਜ਼ ਸਾਡੇ ਹੀ ਟਾਪੂ ਦੀਆਂ ਪਹਾੜੀਆਂ ਦੇ ਪਿੱਛੇ ਛੁਪ ਜਾਂਦਾ ਹੈ। ਜੇਕਰ ਤੇਰੀ ਨਜ਼ਰ ਹੁੰਦੀ ਤਾਂ ਤੂੰ ਵੀ ਵੇਖ ਲਿਆ ਹੁੰਦਾ।’

“ਇੱਕ ਮਛੇਰਾ, ਜੋ ਇਹ ਗੱਲਬਾਤ ਸੁਣ ਰਿਹਾ ਸੀ, ਬੋਲਿਆ, ‘ਵਾਹ ਜੀ ਵਾਹ, ਮੈਨੂੰ ਲੱਗਦਾ ਕਿ ਤੂੰ ਆਪਣੇ ਟਾਪੂ ਤੋਂ ਅੱਗੇ ਕਿਤੇ ਨਹੀਂ ਗਿਆ। ਜੇਕਰ ਤੂੰ ਲੰਗੜਾ ਨਾ ਹੁੰਦਾ ਅਤੇ ਜੇਕਰ ਤੂੰ ਵੀ ਮੇਰੀ ਤਰ੍ਹਾਂ ਕਿਸ਼ਤੀ ਵਿੱਚ ਕਿਤੇ ਦੂਰ ਗਿਆ ਹੁੰਦਾ ਤਾਂ ਤੈਨੂੰ ਪਤਾ ਚੱਲਦਾ ਕਿ ਸੂਰਜ ਸਾਡੇ ਟਾਪੂ ਦੀਆਂ ਪਹਾੜੀਆਂ ਦੇ ਪਿੱਛੇ ਨਹੀਂ ਛਿਪਦਾ। ਉਹ ਜਿਵੇਂ ਰੋਜ਼ ਸਮੰਦਰ ਵਿੱਚੋਂ ਚੜ੍ਹਦਾ ਹੈ, ਉਂਝ ਹੀ ਹਰ ਰਾਤ ਸਮੰਦਰ ਵਿੱਚ ਹੀ ਡੁੱਬ ਜਾਂਦਾ ਹੈ। ਇਹ ਸਭ ਕੁਝ ਮੈਂ ਆਪਣੇ ਅੱਖੀਂ ਦੇਖਿਆ ਹੈ।’

"ਫਿਰ ਇੱਕ ਭਾਰਤੀ, ਜੋ ਸਾਡੀ ਹੀ ਪਾਰਟੀ ਦਾ ਸੀ, ਕਹਿਣ ਲੱਗਿਆ, ‘ਮੈਂ ਹੈਰਾਨ ਹਾਂ ਕਿ ਇੱਕ ਅਕ‍ਲਮੰਦ ਆਦਮੀ ਅਜਿਹੀਆਂ ਬੇਵਕੂਫ਼ੀ ਭਰੀਆਂ ਗੱਲਾਂ ਕਰ ਰਿਹਾ ਹੈ। ਜੇ ਸੂਰਜ ਅੱਗ ਦਾ ਕੋਈ ਗੋਲਾ ਹੁੰਦਾ ਤਾਂ ਪਾਣੀ ਵਿੱਚ ਡੁੱਬ ਕੇ ਬੁਝ ਨਾ ਜਾਂਦਾ? ਸੂਰਜ ਅੱਗ ਦਾ ਗੋਲਾ ਨਹੀਂ ਹੈ। ਉਹ ਤਾਂ ਦੇਵ ਨਾਮ ਦੀ ਦੈਵੀ ਸ਼‍ਕਤੀ ਹੈ, ਅਤੇ ਉਹ ਆਪਣੇ ਰੱਥ ਵਿੱਚ ਬੈਠਕੇ ਸੁਨਹਿਰੇ-ਪਰਬਤ ਮੇਰੂ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਰਹਿੰਦਾ ਹੈ। ਕਦੇ ਕਦੇ ਰਾਹੂ ਅਤੇ ਕੇਤੂ ਨਾਮ ਦੇ ਕੁਲਹਿਣੇ ਨਾਗ ਉਸ ਉੱਤੇ ਹਮਲਾ ਕਰ ਦਿੰਦੇ ਹਨ ਅਤੇ ਉਸਨੂੰ ਨਿਗਲ ਜਾਂਦੇ ਹਨ, ਫਿਰ ਧਰਤੀ ਉੱਤੇ ਹਨੇਰਾ ਛਾ ਜਾਂਦਾ ਹੈ। ਤਾਂ ਸਾਡੇ ਪੁਜਾਰੀ ਅਰਦਾਸ ਕਰਦੇ ਹਨ, ਤਾ ਕਿ ਦੇਵ ਦਾ ਛੁਟਕਾਰਾ ਹੋ ਸਕੇ। ਫਿਰ ਇਹ ਛੱਡ ਦਿੱਤਾ ਜਾਂਦਾ ਹੈ। ਕੇਵਲ ਤੇਰੇ ਵਰਗੇ ਅਗਿਆਨੀ ਹੀ, ਅਜਿਹਾ ਸੋਚ ਸਕਦੇ ਹਨ ਕਿ ਸੂਰਜ ਕੇਵਲ ਉਨ੍ਹਾਂ ਦੇ ਦੇਸ਼ ਲਈ ਹੀ ਚਮਕਦਾ ਹੈ।’

“ਫਿਰ ਉੱਥੇ ਮੌਜੂਦ ਇੱਕ ਮਿਸਰੀ ਸਮੁੰਦਰੀ ਜਹਾਜ਼ ਦਾ ਮਾਲਕ,ਬੋਲ ਪਿਆ, ‘ਨਹੀਂ, ਤੂੰ ਵੀ ਗ਼ਲਤ ਕਹਿ ਰਿਹਾ ਹੈਂ। ਸੂਰਜ ਦੈਵੀ ਸ਼ਕਤੀ ਨਹੀਂ ਹੈ ਅਤੇ ਭਾਰਤ ਅਤੇ ਸੁਨਹਿਰੇ-ਪਰਬਤ ਦੇ ਦੁਆਲੇ ਹੀ ਨਹੀਂ ਘੁੰਮਦਾ। ਮੈਂ ਕਾਲੇ ਸਾਗਰ ਅਤੇ ਅਰਬ ਦੇਸ਼ ਦੇ ਤੱਟਾਂ ਤੇ ਬਹੁਤ ਯਾਤਰਾ ਕੀਤੀ ਹੈ, ਅਤੇ ਮੈਡਾਗਾਸਕਰ ਅਤੇ ਫਿਲਪੀਨਜ਼ ਵੀ ਗਿਆ ਹਾਂ। ਸੂਰਜ ਸਾਰੀ ਧਰਤੀ ਨੂੰ ਰੌਸ਼ਨੀ ਦਿੰਦਾ ਹੈ, ਨਾ ਕਿ ਇਕੱਲੇ ਭਾਰਤ ਨੂੰ। ਇਹ ਇਕ ਪਹਾੜ ਦੇ ਦੁਆਲੇ ਚੱਕਰ ਨਹੀਂ ਲਗਾਉਂਦਾ, ਸਗੋਂ ਜਪਾਨ ਦੇ ਟਾਪੂਆਂ ਤੋਂ ਪਰ੍ਹੇ ਪੂਰਬ ਵਿਚ ਵੀ ਚੜ੍ਹਦਾ ਹੈ, ਅਤੇ ਇੰਗਲੈਂਡ ਦੇ ਟਾਪੂਆਂ ਤੋਂ ਪਾਰ, ਪੱਛਮ ਵਿਚ ਬਹੁਤ ਦੂਰ ਤਕ ਪੰਧ ਤਹਿ ਕਰਦਾ ਹੈ। ਇਸ ਲਈ ਜਪਾਨੀ ਲੋਕ ਆਪਣੇ ਦੇਸ਼ ਨੂੰ ‘ਨਿੱਪੋਨ’ ਭਾਵ ‘ਉੱਗਦੇ ਸੂਰਜ ਦਾ ਦੇਸ਼’ ਕਹਿੰਦੇ ਹਨ। ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਕਿਉਂਕਿ ਮੈਂ ਕਾਫ਼ੀ ਦੁਨੀਆ ਵੇਖੀ ਹੈ ਅਤੇ ਆਪਣੇ ਦਾਦਾ ਜੀ ਤੋਂ ਵੀ ਬਹੁਤ ਕੁਝ ਸੁਣਿਆ ਹੈ। ਦਾਦਾ ਜੀ ਨੇ ਚੱਪਾ-ਚੱਪਾ ਸਮੁੰਦਰ ਗਾਹ ਛੱਡੇ ਸਨ।’

“ਉਹ ਬੋਲਦਾ ਚਲਾ ਗਿਆ ਹੁੰਦਾ ਜੇਕਰ ਸਾਡੇ ਜਹਾਜ਼ ਦੇ ਅੰਗਰੇਜ਼ ਮੱਲਾਹ ਨੇ ਉਸਨੂੰ ਰੋਕ ਨਾ ਦਿੱਤਾ ਹੁੰਦਾ। ਉਹ ਕਹਿਣ ਲੱਗਾ, “ਦੁਨੀਆ ਵਿੱਚ ਹੋਰ ਕੋਈ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਦੇ ਲੋਕ ਸੂਰਜ ਬਾਰੇ ਬਾਰੇ ਓਨਾ ਜਾਣਦੇ ਹੋਣ, ਜਿਨ੍ਹਾਂ ਇੰਗ‍ਲੈਂਡ ਦੇ ਲੋਕ। ਇੰਗ‍ਲੈਂਡ ਵਿੱਚ ਹਰ ਕੋਈ ਜਾਣਦਾ ਹੈ ਕਿ ਸੂਰਜ ਨਾ ਤਾਂ ਕਿਤੋਂ ਚੜ੍ਹਦਾ ਹੈ ਨਾ ਹੀ ਕਿਤੇ ਛਿਪਦਾ ਹੈ। ਉਹ ਤਾਂ ਹਰ ਵੇਲੇ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਰਹਿੰਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ, ਅਸੀਂ ਹੁਣੇ ਹੀ ਦੁਨੀਆ ਦਾ ਚੱਕਰ ਲਗਾ ਕੇ ਆਏ ਹਾਂ, ਕਿਤੇ ਨਾ ਕਿਤੇ ਅਸੀਂ ਜ਼ਰੂਰ ਸੂਰਜ ਨਾਲ ਟਕਰਾਉਂਦੇ। ਕਿਉਂਕਿ ਜਿੱਥੇ ਕਿਤੇ ਵੀ ਅਸੀਂ ਗਏ, ਸਵੇਰੇ ਸੂਰਜ ਨਿਕਲਦਾ ਅਤੇ ਰਾਤ ਨੂੰ ਡੁੱਬਦਾ ਵਿਖਾਈ ਦਿੱਤਾ - ਬਿਲਕੁਲ ਇੱਥੇ ਵਾਂਗ।’

“ਫਿਰ ਉਸ ਅੰਗਰੇਜ਼ ਨੇ ਇੱਕ ਸੋਟੀ ਲਈ ਅਤੇ ਰੇਤ ਉੱਤੇ ਚੱਕਰ ਵਾਹ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਸੂਰਜ ਅਸਮਾਨ ਵਿੱਚ ਚੱਲਦਾ ਰਹਿੰਦਾ ਹੈ ਅਤੇ ਧਰਤੀ ਦਾ ਚੱਕਰ ਲਗਾਉਂਦਾ ਰਹਿੰਦਾ ਹੈ। ਪਰ ਉਹ ਠੀਕ ਤਰ੍ਹਾਂ ਸਮਝਾ ਨਾ ਸਕਿਆ ਅਤੇ ਫਿਰ ਜਹਾਜ਼ ਦੇ ਪਾਇਲਟ ਵੱਲ ਇਸ਼ਾਰਾ ਕਰਦੇ ਹੋਏ ਬੋਲਿਆ, “ਇਹ ਬੰਦਾ ਚੰਗੀ ਤਰ੍ਹਾਂ ਸਮਝਾ ਸਕਦਾ ਹੈ।’

ਪਾਇਲਟ, ਜੋ ਕਾਫ਼ੀ ਸਮਝਦਾਰ ਸੀ, ਚੁੱਪਚਾਪ ਸੁਣਦਾ ਰਿਹਾ ਸੀ। ਹੁਣ ਸਭ ਲੋਕ ਉਸ ਵੱਲ ਮੁੜ ਗਏ ਅਤੇ ਉਹ ਬੋਲਿਆ, ‘ਤੁਸੀਂ ਸਾਰੇ ਜਾਣੇ ਇੱਕ ਦੂਜੇ ਨੂੰ ਬਹਿਕਾ ਰਹੇ ਹੋ। ਤੁਸੀਂ ਸਭ ਧੋਖੇ ਵਿੱਚ ਹੋ। ਸੂਰਜ ਧਰਤੀ ਦੁਆਲੇ ਨਹੀਂ, ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਚਲਦੇ-ਚਲਦੇ ਆਪਣੇ ਧੁਰੇ ਦੁਆਲੇ ਵੀ ਘੁੰਮਦੀ ਹੈ ਅਤੇ ਚੌਵੀ ਘੰਟਿਆਂ ਵਿੱਚ ਸੂਰਜ ਦਾ ਗੇੜਾ ਪੂਰਾ ਕਰ ਲੈਂਦੀ ਹੈ - ਕੇਵਲ ਜਾਪਾਨ, ਫਿਲੀਪੀਨ, ਸੁਮਾਤਰਾ ਹੀ ਨਹੀਂ, ਅਫ਼ਰੀਕਾ, ਯੂਰਪ, ਅਮਰੀਕਾ ਅਤੇ ਹੋਰ ਪ੍ਰਦੇਸ਼ ਵੀ ਨਾਲ ਘੁੰਮਦੇ ਹਨ, ਸੂਰਜ ਕਿਸੇ ਇੱਕ ਪਹਾੜ, ਕਿਸੇ ਇੱਕ ਟਾਪੂ ਜਾਂ ਸਾਗਰ ਜਾਂ ਕੇਵਲ ਸਾਡੀ ਧਰਤੀ ਲਈ ਹੀ ਨਹੀਂ ਚਮਕਦਾ। ਇਹ ਹੋਰਨਾਂ ਗ੍ਰਹਿਆਂ ਲਈ ਵੀ ਚਮਕਦਾ ਹੈ। ਜੇ ਤੁਸੀਂ ਆਪਣੇ ਪੈਰਾਂ ਹੇਠਲੀ ਧਰਤੀ ਦੀ ਬਜਾਏ, ਅਕਾਸ਼ ਵੱਲ ਵੇਖੋਗੇ, ਤਾਂ ਤੁਸੀਂ ਸਾਰੇ ਇਸ ਨੂੰ ਸਮਝ ਸਕਦੇ ਹੋ, ਅਤੇ ਫਿਰ ਇਹ ਨਹੀਂ ਸਮਝੋਗੇ ਕਿ ਸੂਰਜ ਤੁਹਾਡੇ ਲਈ ਜਾਂ ਇਕੱਲੇ ਤੁਹਾਡੇ ਦੇਸ਼ ਲਈ ਹੀ ਚਮਕਦਾ ਹੈ।’

"ਬੁੱਧੀਮਾਨ ਪਾਇਲਟ, ਜਿਸਨੇ ਬਹੁਤ ਦੁਨੀਆ ਗਾਹੀ ਸੀ, ਅਤੇ ਉੱਪਰ ਅਸਮਾਨ ਦੀ ਖ਼ੂਬ ਘੋਖ ਕੀਤੀ ਸੀ, ਨੇ ਇਸ ਤਰ੍ਹਾਂ ਆਪਣੀ ਗੱਲ ਦਾ ਤੋੜਾ ਝਾੜਿਆ।

“‘ਆਸ‍ਥਾ ਦੇ ਮਾਮਲਿਆਂ ਵਿੱਚ ਵੀ,’ ਕਨਫ਼ਿਊਸ਼ੀਅਸ ਦੇ ਪੈਰੋਕਾਰ ਚੀਨੀ ਭਾਈ ਨੇ ਕਿਹਾ: ‘ਇਹ ਹੰਕਾਰ ਹੀ ਹੈ, ਜੋ ਲੋਕਾਂ ਦੇ ਮਨ ਵਿੱਚ ਭੁਲੇਖੇ ਅਤੇ ਝਗੜੇ ਪੈਦਾ ਕਰਦਾ ਹੈ। ਜੋ ਗੱਲ ਸੂਰਜ ਦੇ ਸੰਬੰਧ ਵਿੱਚ ਹੈ, ਉਹੀ ਰੱਬ ਦੇ ਮਾਮਲੇ ਵਿੱਚ ਢੁੱਕਦੀ ਹੈ। ਹਰ ਆਦਮੀ ਆਪਣਾ ਇੱਕ ਅੱਡਰਾ ਰੱਬ ਬਣਾਈ ਰੱਖਣਾ ਚਾਹੁੰਦਾ ਹੈ - ਜਾਂ ਵੱਧ ਤੋਂ ਵੱਧ ਆਪਣੇ ਦੇਸ਼ ਲਈ। ਹਰ ਰਾਸ਼‍ਟਰ ਉਸ ਸ਼ਕਤੀ ਨੂੰ ਆਪਣੇ ਮੰਦਰਾਂ ਵਿੱਚ ਬੰਦ ਕਰ ਲੈਣਾ ਚਾਹੁੰਦਾ ਹੈ, ਜਿਸ ਨੂੰ ਬਾਕੀ ਦੁਨੀਆ ਨਾ ਰੱਖ ਸਕੇ।

“'ਕੀ ਕੋਈ ਮੰਦਰ ਉਸ ਦੇ ਤੁਲ ਦਾ ਹੋ ਸਕਦਾ ਹੈ ਜਿਸਨੂੰ ਰੱਬ ਨੇ ਆਪ ਸਾਰੇ ਮਨੁੱਖਾਂ ਨੂੰ ਇਕ ਵਿਸ਼ਵਾਸ ਅਤੇ ਇਕ ਧਰਮ ਵਿਚ ਜੋੜਨ ਲਈ ਬਣਾਇਆ ਹੈ?

“‘ਸਾਰੇ ਮਾਨਵੀ ਮੰਦਰਾਂ ਦਾ ਨਿਰਮਾਣ ਉਸ ਮੰਦਰ ਦੇ ਨਮੂਨੇ ਤੇ ਹੋਇਆ ਹੈ, ਜੋ ਕਿ ਰੱਬ ਦੀ ਆਪਣੀ ਦੁਨੀਆ ਹੈ। ਹਰ ਮੰਦਰ ਦੇ ਆਪਣੇ ਸਰੋਵਰ, ਆਪਣੇ ਗੁੰਬਦ, ਆਪਣੇ ਦੀਵੇ, ਆਪਣੀਆਂ ਮੂਰਤੀਆਂ ਅਤੇ ਆਪਣੇ ਚਿੱਤਰ ਹੁੰਦੇ ਹਨ। ਆਪਣੇ ਸ਼ਿਲਾਲੇਖ, ਆਪਣੇ ਵਿਧੀ-ਵਿਧਾਨ-ਗ੍ਰੰਥ ਹੁੰਦੇ ਹਨ; ਆਪਣੀਆਂ ਅਰਦਾਸਾਂ, ਆਪਣੀਆਂ ਕੁਰਬਾਨੀਆਂ, ਆਪਣੀਆਂ ਪੂਜਾ ਅਤੇ ਆਪਣੇ ਪੁਜਾਰੀ ਹੁੰਦੇ ਹਨ। ਪਰ ਕਿਹੜਾ ਅਜਿਹਾ ਮੰਦਰ ਹੈ, ਜਿਸ ਦਾ ਸਮੰਦਰ ਵਰਗਾ ਸਰੋਵਰ, ਅਕਾਸ਼ ਵਰਗਾ ਗੁੰਬਦ ਹੋਵੇ, ਸੂਰਜ, ਚੰਦ ਅਤੇ ਤਾਰਿਆਂ ਵਰਗੇ ਦੀਵੇ ਹੋਣ ਅਤੇ ਮਨੁੱਖ ਵਾਂਗ ਜਿਉਂਦੀਆਂ-ਜਾਗਦੀਆਂ, ਪ੍ਰੇਮ ਕਰਦੀਆਂ ਮੂਰਤੀਆਂ ਹੋਣ? ਰੱਬ ਦੀਆਂ ਚੰਗਿਆਈਆਂ ਬਾਰੇ ਸ਼ਿਲਾਲੇਖ ਕਿੱਥੇ ਹਨ, ਜਿਨ੍ਹਾਂ ਨੂੰ ਉਵੇਂ ਹੀ ਸੌਖ ਨਾਲ ਸਮਝਿਆ ਜਾ ਸਕੇ ਜਿਵੇਂ ਲੋਕਾਂ ਦੀ ਖੁਸ਼ੀ ਲਈ ਰੱਬ ਦੀਆਂ ਹਰ ਥਾਂ ਵੰਡੀਆਂ ਦਾਤਾਂ ਨੂੰ ਸਮਝਿਆ ਜਾ ਸਕਦਾ ਹੈ? ਅਜਿਹਾ ਵਿਧੀ-ਵਿਧਾਨ-ਗ੍ਰੰਥ ਕਿਹੜਾ ਹੈ ਜਿਹੜਾ ਮਨੁੱਖ ਦੇ ਹਿਰਦੇ ਵਿੱਚ ਲਿਖੇ ਗ੍ਰੰਥ ਨਾਲੋਂ ਸਭਨਾਂ ਲਈ ਵਧੇਰੇ ਸਪਸ਼ਟ ਹੋਵੇ? ਆਤ‍ਮ-ਕੁਰਬਾਨੀ ਨਾਲੋਂ ਵੱਡੀ ਕੁਰਬਾਨੀ ਕਿਹੜੀ ਹੈ? ਅਤੇ ਚੰਗੇ ਇਨਸਾਨ ਦੇ ਦਿਲ ਵਿੱਚ ਖ਼ੁਦ ਰੱਬ ਭੇਂਟ ਸ‍ਵੀਕਾਰ ਕਰਦਾ ਹੈ। ਭਲਾ ਉਸ ਨਾਲੋਂ ਵੱਡੀ ਕਿਹੜੀ ਪੂਜਾ ਹੈ?

“ਜਿਨ੍ਹਾਂ ਉੱਚਾ ਰੱਬ ਬਾਰੇ ਆਦਮੀ ਦਾ ਵਿਚਾਰ ਹੋਵੇਗਾ, ਓਨਾ ਹੀ ਬਿਹਤਰ ਉਹ ਉਸਨੂੰ ਜਾਣ ਸਕੇਗਾ। ਅਤੇ ਜਿੰਨੀ ਚੰਗੀ ਤਰ੍ਹਾਂ ਉਹ ਉਸਨੂੰ ਜਾਣ ਲਵੇਗਾ, ਓਨਾ ਹੀ ਉਹ ਉਸਦੇ ਨੇੜੇ ਹੋਵੇਗਾ।

ਇਸ ਲਈ ਜੋ ਆਦਮੀ ਸੂਰਜ ਦੀ ਰੋਸ਼ਨੀ ਨੂੰ ਪੂਰੇ ਵਿਸ਼‍ਵ ਵਿੱਚ ਫੈਲੀ ਵੇਖਦਾ ਹੈ, ਉਸਨੂੰ ਅੰਧਵਿਸ਼‍ਵਾਸੀ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਨਾ ਹੀ ਉਸ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਇਸ਼ਟ ਵਿੱਚ ਹੀ ਉਸ ਰੋਸ਼ਨੀ ਦੀ ਇੱਕ ਕਿਰਨ ਵੇਖਦਾ ਹੈ। ਉਸਨੂੰ ਨਾਸਤਿਕ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਹੈ ਕਿ ਉਹ ਅੰਨ੍ਹਾ ਹੈ ਅਤੇ ਸੂਰਜ ਨੂੰ ਨਹੀਂ ਵੇਖ ਸਕਦਾ।”

ਇਹ ਸਨ ਕਨਫ਼ਿਊਸ਼ੀਅਸ ਦੇ ਪੈਰੋਕਾਰ ਚੀਨੀ ਭਾਈ ਦੇ ਸ਼ਬ‍ਦ। ਕੌਫ਼ੀ-ਹਾਊਸ ਵਿੱਚ ਬੈਠੇ ਸਭ ਲੋਕ ਸ਼ਾਂਤ ਸਨ। ਧਰਮ ਨੂੰ ਲੈ ਕੇ ਝਗੜਾ ਮੁੱਕ ਗਿਆ।