ਅਨੁਵਾਦ:ਬੁਰਾਈ ਦਾ ਭਰਮ ਅਤੇ ਨੇਕੀ ਦਾ ਜਲਵਾ

ਬੁਰਾਈ ਦਾ ਭਰਮ ਅਤੇ ਨੇਕੀ ਦਾ ਜਲਵਾ
ਲਿਉ ਤਾਲਸਤਾਏ, ਅਨੁਵਾਦਕ ਚਰਨ ਗਿੱਲ

ਪੁਰਾਣੇ ਸਮਿਆਂ ਵਿੱਚ ਇੱਕ ਨੇਕਦਿਲ ਇਨਸਾਨ ਰਹਿੰਦਾ ਸੀ। ਉਸਨੂੰ ਖ਼ੁਦਾ ਨੇ ਦੁਨੀਆ ਦੀਆਂ ਸਾਰੀ ਨੇਅਮਤਾਂ ਨਾਲ ਨਵਾਜ਼ਿਆ ਸੀ। ਉਸ ਦੇ ਬਹੁਤ ਸਾਰੇ ਗ਼ੁਲਾਮ ਸਨ ਜੋ ਦਿਲੋਂ ਉਸ ਦੀ ਸੇਵਾ ਕਰਦੇ ਸਨ। ਗ਼ੁਲਾਮਾਂ ਨੂੰ ਆਪਣੇ ਮਾਲਿਕ ਉੱਤੇ ਫ਼ਖ਼ਰ ਸੀ ਅਤੇ ਅਕਸਰ ਆਪਸ ਵਿੱਚ ਬੈਠ ਕੇ ਆਪਣੇ ਮਾਲਿਕ ਦੇ ਗੁਣ ਗਾਇਆ ਕਰਦੇ ਸਨ।

ਇਸ ਧਰਤੀ ਤੇ ਸਾਡੇ ਵਰਗਾ ਮਾਲਿਕ ਕਿਸੇ ਹੋਰ ਗ਼ੁਲਾਮ ਨੂੰ ਨਸੀਬ ਨਹੀਂ ਹੋਇਆ। ਉਹ ਸਾਨੂੰ ਖਾਣ ਲਈ ਵਧੀਆ ਭੋਜਨ ਦਿੰਦਾ ਹੈ ਅਤੇ ਸਾਥੋਂ ਸਾਡੀ ਸ਼ਕਤੀ ਮੁਤਾਬਕ ਕੰਮ ਲੈਂਦਾ ਹੈ। ਕਦੇ ਸਾਡੇ ਨਾਲ ਕੁਰੱਖ਼ਤ ਜ਼ਬਾਨ ਵਿੱਚ ਗੱਲ ਨਹੀਂ ਕਰਦਾ, ਦੂਜੇ ਮਾਲਿਕਾਂ ਦੇ ਉਲਟ ਜੋ ਆਪਣੇ ਗ਼ੁਲਾਮਾਂ ਦੇ ਨਾਲ ਜਾਨਵਰਾਂ ਨਾਲੋਂ ਵੀ ਭੈੜਾ ਸਲੂਕ ਕਰਦੇ ਹਨ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੰਦੇ ਹਨ ਜਿਨ੍ਹਾਂ ਦੇ ਉਹ ਹੱਕਦਾਰ ਵੀ ਨਹੀਂ ਹੁੰਦੇ, ਸਾਡਾ ਮਾਲਿਕ ਸਾਡੇ ਨਾਲ ਦੋਸਤਾਂ ਵਰਗਾ ਅਤੇ ਨਰਮ ਸਲੂਕ ਕਰਦਾ ਹੈ।

ਗ਼ੁਲਾਮਾਂ ਅਤੇ ਉਨ੍ਹਾਂ ਦੇ ਮਾਲਿਕ ਦੇ ਵਿੱਚ ਇਸ ਮੁਹੱਬਤ ਅਤੇ ਭਰੱਪਣ ਨੂੰ ਵੇਖਕੇ ਸ਼ੈਤਾਨ ਗੁੱਸੇ ਨਾਲ ਸੜ ਕੇ ਕੋਲਾ ਹੋ ਗਿਆ। ਉਸ ਨੇ ਅਲਬ ਨਾਮੀ ਗ਼ੁਲਾਮ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਨੂੰ ਹੁਕਮ ਦਿੱਤਾ ਕਿ ਤੂੰ ਦੂਜੇ ਗ਼ੁਲਾਮਾਂ ਨੂੰ ਮਾਲਿਕ ਦੇ ਖਿਲਾਫ ਭੜਕਾ। ਇੱਕ ਦਿਨ ਜਦੋਂ ਸਾਰੇ ਗ਼ੁਲਾਮ ਬੈਠੇ ਹੋਏ ਸਨ ਅਤੇ ਆਪਣੇ ਮਾਲਿਕ ਦੀਆਂ ਅੱਛਾਈਆਂ ਦੇ ਗੁਣ ਗਾ ਰਹੇ ਸਨ ਤਾਂ ਅਲਬ ਨੇ ਆਵਾਜ਼ ਬੁਲੰਦ ਕਰਦੇ ਹੋਏ ਕਿਹਾ:

ਇਹ ਸਰਾਸਰ ਹਮਾਕਤ ਹੈ ਕਿ ਅਸੀਂ ਆਪਣੇ ਮਾਲਿਕ ਦੀਆਂ ਅੱਛਾਈਆਂ ਨੂੰ ਇੰਨਾ ਵਧਾ ਚੜ੍ਹਾ ਕੇ ਬਿਆਨ ਕਰ ਰਹੇ ਹਾਂ। ਖ਼ੁਦ ਸ਼ੈਤਾਨ ਵੀ ਸਾਡੇ ਤੇ ਦਿਆਲੂ ਹੋ ਜਾਵੇ ਜੇਕਰ ਅਸੀਂ ਉਸ ਦੀ ਇੰਨੀ ਸੇਵਾ ਕਰੀਏ। ਅਸੀਂ ਆਪਣੇ ਮਾਲਿਕ ਦੀ ਬਹੁਤ ਸੇਵਾ ਕਰਦੇ ਹਾਂ, ਆਪਣੇ ਕੰਮ ਨਾਲ ਉਸ ਨੂੰ ਖ਼ੁਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਉਸ ਦੇ ਹੁਕਮ ਦੇਣ ਤੋਂ ਪਹਿਲਾਂ ਅਸੀਂ ਪਾਲਣ ਕਰ ਦਿੰਦੇ ਹਾਂ। ਅਜਿਹੀ ਸਥਿਤੀ ਵਿੱਚ ਉਹ ਸਾਡੇ ਤੇ ਦਿਆਲੂ ਹੋਣ ਦੇ ਇਲਾਵਾ ਕਰ ਵੀ ਕੀ ਸਕਦੇ ਹਨ? ਉਨ੍ਹਾਂ ਦੀ ਚੰਗਿਆਈ ਦਾ ਤਾਂ ਤੱਦ ਪਤਾ ਚਲੇ ਜੇਕਰ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਬਜਾਏ ਨੁਕਸਾਨ ਪਹੁੰਚਾਈਏ। ਫਿਰ ਅਸੀਂ ਦੇਖਾਂਗੇ ਕਿ ਉਹ ਕਿਹੋ ਜਿਹਾ ਸਲੂਕ ਕਰਦਾ ਹੈ ਸਾਡੇ ਨਾਲ। ਯਕੀਨਨ ਸਾਡਾ ਮਾਲਿਕ ਵੀ ਦੂਜੇ ਬਦਤਰੀਨ ਮਾਲਿਕਾਂ ਦੀ ਤਰ੍ਹਾਂ ਸਾਡੀ ਗ਼ਲਤੀ ਦਾ ਜਵਾਬ ਸਜ਼ਾ ਨਾਲ ਦੇਵੇਗਾ`।

ਦੂਜੇ ਗ਼ੁਲਾਮਾਂ ਨੇ ਅਲਬ ਦੀ ਗੱਲ ਸੁਣਕੇ ਉਸ ਦਾ ਖੰਡਨ ਕਰ ਦਿੱਤਾ। ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਉਨ੍ਹਾਂ ਦਾ ਮਾਲਿਕ ਉਨ੍ਹਾਂ ਦੇ ਨਾਲ ਕੋਈ ਜ਼ਾਲਿਮਾਨਾ ਵਿਵਹਾਰ ਵੀ ਕਰ ਸਕਦਾ ਹੈ। ਆਖ਼ਰਕਾਰ ਉਨ੍ਹਾਂ ਨੇ ਅਲਬ ਦੇ ਨਾਲ ਇਹ ਸ਼ਰਤ ਲਗਾਈ ਕਿ ਉਹ ਮਾਲਿਕ ਨੂੰ ਗੁੱਸਾ ਚੜ੍ਹਾਏ ਅਤੇ ਜੇਕਰ ਉਹ ਅਜਿਹਾ ਕਰਨਵਿੱਚ ਨਾਕਾਮ ਹੋ ਗਿਆ ਤਾਂ ਆਪਣੀ ਛੁੱਟੀ ਵਾਲੇ ਦਿਨ ਦੀ ਪੁਸ਼ਾਕ ਤੋਂ ਹਥ ਧੋ ਬੈਠੇਗਾ ਅਤੇ ਜੇਕਰ ਅਜਿਹਾ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਬਾਕੀ ਸਾਰੇ ਗ਼ੁਲਾਮ ਉਸ ਨੂੰ ਆਪਣੀ ਛੁੱਟੀ ਵਾਲੇ ਦਿਨ ਦੀ ਪੁਸ਼ਾਕ ਦੇ ਦੇਣਗੇ ਉਸ ਦੇ ਨਾਲ ਨਾਲ ਉਹ ਮਾਲਿਕ ਦੇ ਸਾਹਮਣੇ ਅਲਬ ਦਾ ਪੱਖ ਵੀ ਪੂਰਨਗੇ ਜੇਕਰ ਸਜ਼ਾ ਦੇ ਤੌਰ ਉੱਤੇ ਉਸ ਨੂੰ ਕੈਦ ਕੀਤਾ ਗਿਆ ਜਾਂ ਫਿਰ ਬੇੜੀਆਂ ਦੇ ਨਾਲ ਬੰਨ੍ਹਿਆ ਗਿਆ। ਸ਼ਰਤ ਦੇ ਮੁਤਾਬਕ ਅਲਬ ਅਗਲੀ ਸਵੇਰ ਮਾਲਿਕ ਨੂੰ ਗੁੱਸਾ ਚੜ੍ਹਾਉਣ ਉੱਤੇ ਰਾਜੀ ਹੋ ਗਿਆ।

ਅਲਬ ਇੱਕ ਗਡਰੀਆ ਸੀ ਆਪਣੇ ਮਾਲਿਕ ਦੀਆਂ ਕੀਮਤੀ ਅਤੇ ਦੁਰਲਭ ਨਸਲ ਦੀਆਂ ਭੇਡਾਂ ਦੀ ਵੇਖ-ਭਾਲ ਕਰਨਾ ਉਸ ਦੀ ਜ਼ਿੰਮੇਦਾਰੀ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦਾ ਮਾਲਿਕ ਇਨ੍ਹਾਂ ਭੇਡਾਂ ਨੂੰ ਕਿੰਨੇ ਪਿਆਰ ਨਾਲ ਰੱਖਦਾ ਹੈ। ਅਗਲੀ ਸਵੇਰ ਮਾਲਿਕ ਆਪਣੇ ਕੁਝ ਮਹਿਮਾਨਾਂ ਨੂੰ ਅਲਬ ਕੋਲ ਲੈ ਆਇਆ ਤਾਂ ਕਿ ਉਨ੍ਹਾਂ ਮਹਿਮਾਨਾਂ ਨੂੰ ਆਪਣੀਆਂ ਭੇਡਾਂ ਦਿਖਾ ਸਕੇ। ਅਲਬ ਨੇ ਆਪਣੇ ਸਾਥੀ ਗ਼ੁਲਾਮਾਂ ਨੂੰ ਅੱਖ ਮਾਰਦੇ ਹੋਏ ਇਸ਼ਾਰੇ ਨਾਲ ਦੱਸਿਆ ਕਿ ਵੇਖੋ ਹੁਣ ਕਿਵੇਂ ਮੈਂ ਮਾਲਿਕ ਨੂੰ ਗੁੱਸਾ ਦਵਾਉਂਦਾ ਹਾਂ। ਦੂਜੇ ਗ਼ੁਲਾਮ ਇਹ ਵੇਖਦੇ ਹੋਏ ਦਰਵਾਜ਼ੇ ਅਤੇ ਜੰਗਲੇ ਦੇ ਇਰਦ ਗਿਰਦ ਜਮਾਂ ਹੋ ਗਏ। ਸ਼ੈਤਾਨ ਵੀ ਨੇੜਲੇ ਦਰਖ਼ਤ ਉੱਤੇ ਚੜ੍ਹ ਕੇ ਆਪਣੇ ਚੇਲੇ ਦੀ ਕਾਰਕਰਦਗੀ ਦਾ ਜਾਇਜ਼ਾ ਲੈਣ ਲਗਾ।

ਮਾਲਕ ਆਪਣੇ ਮਹਿਮਾਨਾਂ ਦੇ ਨਾਲ ਭੇਡਾਂ ਦੇ ਵਾੜੇ ਵਿੱਚ ਜਾ ਕੇ ਉਨ੍ਹਾਂ ਨੂੰ ਭੇਡਾਂ ਤੇ ਮੇਮਣੇ ਦਿਖਾਏ ਅਤੇ ਅਤੇ ਇਸ ਵੇਲੇ ਉਹ ਉਨ੍ਹਾਂ ਨੂੰ ਆਪਣਾ ਸਭ ਤੋਂ ਵਧੀਆ ਭੇਡੂ ਦਿਖਾਉਣਾ ਚਾਹੁੰਦਾ ਸੀ। “ਸਾਰੇ ਭੇਡੂ ਹੀ ਕੀਮਤੀ ਹਨ,” ਉਸਨੇ ਕਿਹਾ, “ਪਰ ਮੇਰੇ ਕੋਲ ਇੱਕ ਬੜੇ ਜੁੜਵੇਂ ਕੁੰਢੇ ਸਿੰਗਾਂ ਵਾਲਾ ਭੇਡੂ ਹੈ, ਜਿਸਦਾ ਕੋਈ ਮੁੱਲ ਹੀ ਨਹੀਂ। ਮੈਂ ਉਸ ਨੂੰ ਆਪਣੀ ਅੱਖ ਦਾ ਤਾਰਾ ਸਮਝਦਾ ਹਾਂ।' ਅਜਨਬੀ ਲੋਕਾਂ ਨੂੰ ਵੇਖਕੇ ਭੇਡਾਂ ਕੋਠੇ ਦੇ ਅੰਦਰ ਚਲੀਆਂ ਗਈਆਂ। ਮਹਿਮਾਨ ਉਸ ਨਾਯਾਬ ਭੇਡੂ ਨੂੰ ਨਹੀਂ ਵੇਖ ਸਕੇ। ਜਿਵੇਂ ਹੀ ਭੇਡਾਂ ਟਿਕ ਕੇ ਖੜੀਆਂ ਹੋਈਆਂ ਤਾਂ ਅਲਬ ਨੇ ਫਿਰ ਅਚਾਨਕ ਉਨ੍ਹਾਂ ਨੂੰ ਅਜਿਹੇ ਤਰੀਕੇ ਨਾਲ ਡਰਾਇਆ ਕਿ ਇਹ ਗ਼ਲਤੀ ਨਾਲ ਹੋ ਗਿਆ ਲੱਗੇ। ਸਾਰੀਆਂ ਭੇਡਾਂ ਇੱਕ ਦੂਜੇ ਦੇ ਨਾਲ ਰਲਗੱਡ ਹੋ ਗਈਆਂ। ਮਾਲਿਕ ਇਸ ਸਾਰੇ ਝਮੇਲੇ ਤੋਂ ਅੱਕ ਗਿਆ ਅਤੇ ਅਲਬ ਨੂੰ ਆਵਾਜ਼ ਦਿੰਦੇ ਹੋਏ ਕਿਹਾ:

“ਅਲਬ, ਮੇਰੇ ਚੰਗੇ ਦੋਸਤ! ਤੂੰ ਉਹ ਜੁੜਵੇਂ ਕੁੰਢੇ ਸਿੰਗਾਂ ਵਾਲਾ ਭੇਡੂ ਫੜ ਕੇ ਇੱਥੇ ਲੈ ਆ। ਉਸਨੂੰ ਆਰਾਮ ਨਾਲ ਫੜਨਾ ਅਤੇ ਕੁਝ ਸਮਾਂ ਫੜ ਰੱਖਣਾ ਤਾਂ ਕਿ ਮਹਿਮਾਨ ਚੰਗੀ ਤਰ੍ਹਾਂ ਉਸਨੂੰ ਵੇਖ ਸਕਣ।”

ਹਾਲੇ ਮਾਲਿਕ ਨੇ ਇਹ ਕਿਹਾ ਹੀ ਸੀ ਕਿ ਅਲਬ ਭੇਡਾਂ ਦੇ ਇੱਜੜ ਵਿੱਚ ਸ਼ੇਰ ਦੀ ਤਰ੍ਹਾਂ ਕੁੱਦ ਪਿਆ। ਉਸ ਨੇ ਆਪਣੇ ਮਾਲਿਕ ਦੇ ਪਸੰਦੀਦਾ ਭੇਡੂ ਨੂੰ ਦਬੋਚ ਲਿਆ ਅਤੇ ਧੂਹ ਲਿਆਂਦਾ। ਆਪਣੇ ਮਾਲਿਕ ਦੀਆਂ ਅੱਖਾਂ ਦੇ ਸਾਹਮਣੇ ਉਸਨੇ ਆਪਣੇ ਇੱਕ ਹੱਥ ਨਾਲ ਭੇਡੂ ਨੂੰ ਵਾਲਾਂ ਤੋਂ ਕਸ ਕੇ ਫੜ ਲਿਆ ਅਤੇ ਦੂਜੇ ਹੱਥ ਨਾਲ ਉਸ ਦੀ ਪਿਛਲੀ ਖੱਬੀ ਲੱਤ ਨੂੰ ਫੜ ਕੇ ਇਸ ਤਰ੍ਹਾਂ ਚੁੱਕਿਆ ਅਤੇ ਝਟਕਾ ਦਿੱਤਾ ਕਿ ਇਹ ਜੜੱਕ ਦੇਕੇ ਸੁੱਕੀ ਟਾਹਣੀ ਦੇ ਵਾਂਗ ਟੁੱਟ ਗਈ। ਭੇਡੂ ਗੋਡਿਆਂ ਪਰਨੇ ਡਿੱਗ ਪਿਆ ਅਤੇ, ਪੀੜ ਨਾਲ ਮਿਮਿਆਉਣ ਲੱਗਾ। ਇਸ ਦੇ ਬਾਅਦ ਅਲਬ ਨੇ ਭੇਡੂ ਨੂੰ ਪਿਛਲੀ ਸੱਜੀ ਲੱਤ ਤੋਂ ਫੜ ਲਿਆ ਅਤੇ ਖੱਬੀ ਲੱਤ ਹਵਾ ਵਿੱਚ ਲਮਕਣ ਲੱਗੀ। ਨਿਰਾਸ਼ ਮਹਿਮਾਨ, ਅਤੇ ਗ਼ੁਲਾਮ ਦੁੱਖ ਅਤੇ ਹੈਰਤ ਨਾਲ ਇਹ ਸਭ ਵੇਖ ਰਹੇ ਸਨ। ਉੱਧਰ ਦਰਖ਼ਤ ਦੇ ਟਾਹਣੇ ਉੱਤੇ ਬੈਠਾ ਸ਼ੈਤਾਨ ਅਲਬ ਨੂੰ ਚਲਾਕੀ ਦੇ ਨਾਲ ਆਪਣਾ ਕੰਮ ਕਰਦੇ ਹੋਏ ਵੇਖਕੇ ਖੁਸ਼ ਹੋ ਰਿਹਾ ਸੀ।

ਮਾਲਿਕ ਦੇ ਚਿਹਰੇ ਉੱਤੇ ਬੱਦਲਾਂ ਵਰਗੀ ਸਿਆਹੀ ਛਾਈ ਹੋਈ ਸੀ। ਉਸ ਨੇ ਮੱਥੇ ਤੇ ਤਿਊੜੀਆਂ ਉਘੜ ਆਈਆਂ ਅਤੇ ਉਸਨੇ ਆਪਣਾ ਸਿਰ ਨੀਵਾਂ ਕਰ ਲਿਆ ਅਤੇ ਇੱਕ ਸ਼ਬਦ ਵੀ ਮੂੰਹੋਂ ਨਾ ਕੱਢਿਆ। ਮਹਿਮਾਨ ਅਤੇ ਗ਼ੁਲਾਮ ਵੀ ਸਾਹ ਰੋਕੀ ਖੜੇ ਸਨ ਕਿ ਹੁਣ ਅੱਗੇ ਕੀ ਹੋਵੇਗਾ। ਕੁਝ ਪਲਾਂ ਦੀ ਖ਼ਾਮੋਸ਼ੀ ਦੇ ਬਾਅਦ ਮਾਲਿਕ ਨੇ ਆਪਣੇ ਸਰੀਰ ਨੂੰ ਇਵੇਂ ਝੰਜੋੜਿਆ ਜਿਵੇਂ ਕਿਸੇ ਭਾਰੀ ਚੀਜ਼ ਤੋਂ ਛੁਟਕਾਰਾ ਪਾ ਰਿਹਾ ਹੋਵੇ। ਫਿਰ ਉਸਨੇ ਆਪਣਾ ਸਿਰ ਉੱਪਰ ਚੁੱਕਿਆ ਅੱਖਾਂ ਉੱਪਰ ਵੱਲ ਟਿਕਾ ਕੇ ਕੁਝ ਪਲ ਅਹਿਲ ਖੜਾ ਰਿਹਾ। ਉਸ ਦੀਆਂ ਤਿਊੜੀਆਂ ਅਲੋਪ ਹੋ ਗਈਆਂ, ਮੁਸਕੁਰਾ ਕੇ ਹੇਠਾਂ ਅਲਬ ਵੱਲ ਵੇਖਦੇ ਹੋਏ ਉਸਨੇ ਕਿਹਾ:

“ਐ ਅਲਬ ਤੇਰੇ ਆਕਾ ਨੇ ਤੈਨੂੰ ਹੁਕਮ ਦਿੱਤਾ ਕਿ ਤੂੰ ਮੈਨੂੰ ਗੁੱਸਾ ਚੜ੍ਹਾਵੇਂ ਪਰ ਮੇਰਾ ਆਕਾ ਤੇਰੇ ਆਕਾ ਨਾਲੋਂ ਜ਼ਿਆਦਾ ਤਾਕਤਵਰ ਹੈ। ਮੈਂਨੂੰ ਤੇਰੇ ਉੱਤੇ ਗੁੱਸਾ ਨਹੀਂ ਚੜ੍ਹਿਆ, ਪਰ ਮੈਂ ਤੇਰੇ ਆਕਾ ਨੂੰ ਮੇਰੇ ਤੇ ਗੁੱਸਾ ਜ਼ਰੂਰ ਚੜ੍ਹਾ ਦਿਆਂਗਾ। ਤੂੰ ਡਰਦਾ ਹੋਵੇਂਗਾ ਕਿ ਮੈਂ ਤੈਨੂੰ ਸਜ਼ਾ ਦੇਵਾਂਗਾ ਅਤੇ ਤੇਰੀ ਖਾਹਿਸ਼ ਹੈ ਕਿ ਮੈਂ ਤੈਨੂੰ ਆਜ਼ਾਦ ਕਰ ਦੇਵਾਂ, ਤਾਂ ਜਾਣ ਲੈ ਅਲਬ ਕਿ ਮੈਂ ਤੈਨੂੰ ਸਜ਼ਾ ਨਹੀਂ ਦੇਵਾਂਗਾ। ਇੱਥੇ ਇਸੀ ਵਕਤ, ਆਪਣੇ ਮਹਿਮਾਨਾਂ ਦੇ ਸਾਹਮਣੇ ਮੈਂ ਤੈਨੂੰ ਆਜ਼ਾਦ ਕਰਦਾ ਹਾਂ। ਜਾ ਜਿੱਥੇ ਤੂੰ ਜਾਣਾ ਚਾਹੁੰਦਾ ਹੈਂ ਅਤੇ ਆਪਣੀ ਛੁੱਟੀ ਦੇ ਦਿਨ ਵਾਲੀ ਪੁਸ਼ਾਕ ਵੀ ਆਪਣੇ ਨਾਲ ਲੈ ਜਾ।”

ਇਹ ਕਹਿੰਦੇ ਹੋਏ ਅਲਬ ਦਾ ਦਿਆਲੂ ਮਾਲਿਕ ਆਪਣੇ ਮਹਿਮਾਨਾਂ ਸਮੇਤ ਆਪਣੇ ਘਰ ਚਲਾ ਗਿਆ ਪਰ ਦੂਰ ਦਰਖ਼ਤ ਦੇ ਟਾਹਣੇ ਉੱਤੇ ਬੈਠਾ ਸ਼ੈਤਾਨ ਗੁੱਸੇ ਨਾਲ ਆਪਣੇ ਦੰਦ ਪੀਂਹਦਾ ਹੇਠਾਂ ਡਿੱਗ ਪਿਆ ਅਤੇ ਜ਼ਮੀਨ ਵਿੱਚ ਗਰਕ ਹੋ ਗਿਆ।