44182ਸ਼ਿਕਾਰੀਚਰਨ ਗਿੱਲਐਂਤਨ ਚੈਖਵ

ਹੁੰਮਸ ਭਰੀ, ਦਮਘੋਟੂ ਦੁਪਹਿਰ। ਅਸਮਾਨ ਤੇ ਬੱਦਲ ਦੀ ਕਾਤਰ ਤੱਕ ਨਹੀਂ... ਧੁੱਪੇ ਭੁੱਜੀ ਹੋਈ ਘਾਹ ਬੇਹੱਦ ਉਦਾਸ, ਮਾਯੂਸ ਵਿਖਾਈ ਦੇ ਰਹੀ ਹੈ, ਜਿਵੇਂ ਜੇ ਮੀਂਹ ਪੈ ਵੀ ਜਾਵੇ ਤੱਦ ਵੀ ਇਹ ਹੁਣ ਕਦੇ ਹਰੀ ਭਰੀ ਨਹੀਂ ਹੋ ਸਕੇਗੀ। ਜੰਗਲ ਖ਼ਾਮੋਸ਼, ਅਹਿੱਲ ਖੜ੍ਹਾ ਹੈ, ਜਿਵੇਂ ਰੁੱਖਾਂ ਦੀਆਂ ਟੀਸੀਆਂ ਉੱਪਰੋਂ ਕੁਝ ਤੱਕ ਰਿਹਾ ਹੋਵੇ, ਜਾਂ ਉਸਨੂੰ ਕਿਸੇ ਗੱਲ ਦੀ ਉਮੀਦ ਹੋਵੇ। ਮੈਦਾਨ ਦੇ ਕੰਢੇ ਉੱਤੇ ਇੱਕ ਲੰਮਾ, ਤੰਗ ਮੋਢਿਆਂ ਵਾਲਾ ਮਰਦ ਖੜ੍ਹਾ ਹੈ, ਜਿਸਦੀ ਉਮਰ 40 ਦੇ ਨੇੜ ਹੋਵੇਗੀ, ਉਸਨੇ ਸੁਰਖ਼ ਕਮੀਜ ਅਤੇ ਟਾਕੀਆਂ ਲੱਗੀ ਪਤਲੂਨ ਪਹਿਨੀ ਸੀ ਜੋ ਕਿਸੇ ਜ਼ਮਾਨੇ ਵਿੱਚ ਕਿਸੇ ਜ਼ਿਮੀਦਾਰ ਦੀ ਹੋਵੇਗੀ। ਉਸ ਦੇ ਪੈਰਾਂ ਵਿੱਚ ਲੰਬੇ ਬੂਟ ਸਨ ਅਤੇ ਉਹ ਸੁਸਤ ਚਾਲ ਕਦਮ ਘਸੀਟਦਾ ਹੋਇਆ ਟਹਿਲ ਰਿਹਾ ਸੀ। ਸੱਜੇ ਪਾਸੇ ਹਰਿਆਵਲ ਸੀ, ਖੱਬੇ ਪਾਸੇ ਪੱਕੀ ਹੋਈ ਰਾਈ ਦਾ ਸੋਨੇ-ਰੰਗਾ ਸਮੁੰਦਰ ਜੋ ਦੂਰ ਦੁਮੇਲ ਤੱਕ ਪਸਰਿਆ ਹੋਇਆ ਸੀ। ਉਸ ਦਾ ਚਿਹਰਾ ਸੁਰਖ਼ ਸੀ ਜਿਸ ਤੋਂ ਮੁੜ੍ਹਕਾ ਵਗ ਰਿਹਾ ਸੀ, ਉਸ ਦੇ ਖ਼ੂਬਸੂਰਤ ਭੂਰੇ ਸਿਰ ਉੱਤੇ ਸਫੈਦ ਟੋਪੀ ਇੱਕ ਅਦਾ ਨਾਲ ਲਹਿਰਾ ਰਹੀ ਸੀ, ਜਿਸ ਉੱਤੇ ਘੁੜਸਵਾਰਾਂ ਵਰਗੀ ਖੜੀ ਕਲਗੀ ਸੀ ਅਤੇ ਜੋ ਸਪਸ਼ਟ ਭਾਂਤ ਕਿਸੇ ਫ਼ਰਾਖ-ਦਿਲ ਨੌਜਵਾਨ ਰਈਸ ਦਾ ਦਿੱਤਾ ਤੋਹਫ਼ਾ ਲੱਗਦੀ ਸੀ। ਇਸ ਦੇ ਮੋਢਿਆਂ ਤੇ ਇੱਕ ਸ਼ਿਕਾਰੀਆਂ ਵਾਲਾ ਥੈਲਾ ਲਟਕ ਰਿਹਾ ਸੀ ਜਿਸ ਵਿੱਚ ਇੱਕ ਸਿਆਹ ਜੰਗਲੀ ਕੁੱਕੜ ਸੀ। ਆਦਮੀ ਨੇ ਹੱਥ ਵਿੱਚ ਦੋਨਾਲੀ ਬੰਦੂਕ ਫੜ ਰੱਖੀ ਸੀ। ਉਸਨੇ ਆਪਣੇ ਕੁੱਤੇ ਦੀ ਤਰਫ਼ ਅੱਖਾਂ ਟਿਕਾਈਆਂ ਜੋ ਉਸ ਦੇ ਅੱਗੇ ਅੱਗੇ ਝਾੜੀਆਂ ਸੁੰਘਦਾ ਜਾ ਰਿਹਾ ਸੀ। ਹਰ ਤਰਫ਼ ਸ਼ਾਂਤੀ ਸੀ, ਕਿਤੇ ਕੋਈ ਆਵਾਜ ਨਹੀਂ...। ਹਰ ਜ਼ਿੰਦਾ ਚੀਜ਼ ਗਰਮੀ ਤੋਂ ਡਰਦੀ ਲੁਕੀ ਹੋਈ ਸੀ।

'ਯੇਗੋਰ ਵਲਾਸਿਚ!' ਸ਼ਿਕਾਰੀ ਨੇ ਅਚਾਨਕ ਇੱਕ ਪੋਲੀ ਜਿਹੀ ਹਾਕ ਸੁਣੀ। ਉਹ ਚੌਂਕ ਗਿਆ। ਘੁੰਮ ਕੇ ਵੇਖਿਆ ਤਾਂ ਉਸ ਦੇ ਤੇਵਰ ਚੜ੍ਹ ਗਏ। ਉਸ ਦੇ ਲਾਗ ਹੀ ਇੱਕ ਤੀਹ ਸਾਲਾ ਜ਼ਰਦ ਚਿਹਰਾ ਔਰਤ ਹੱਥ ਵਿੱਚ ਦਾਤੀ ਲਈ ਖੜੀ ਸੀ, ਜਿਵੇਂ ਹੁਣੇ ਜ਼ਮੀਨ ਵਿੱਚੋਂ ਉਗ ਆਈ ਹੋਵੇ। ਉਹ ਇਸ ਦੇ ਚਿਹਰੇ ਦੀ ਤਰਫ਼ ਵੇਖਕੇ ਸ਼ਰਮਾਉਂਦੀ ਹੋਈ ਮੁਸਕਰਾ ਰਹੀ ਸੀ।

"ਓਹ, ਇਹ ਤੂੰ ਹੈਂ ਪਲੇਜੀਆ!" ਸ਼ਿਕਾਰੀ ਨੇ ਰੁਕਦੇ ਹੋਏ ਅਤੇ ਜਾਣ-ਬੁੱਝ ਕੇ ਬੰਦੂਕ ਦਾ ਘੋੜਾ ਚੜਾਉਂਦੇ ਹੋਏ ਕਿਹਾ। "ਹੂੰ... ਤੂੰ ਇੱਥੇ ਕਿਵੇਂ ਆ ਗਈ?"

"ਆਪਣੇ ਪਿੰਡ ਦੀਆਂ ਔਰਤਾਂ ਇੱਥੇ ਕੰਮ ਕਰ ਰਹੀਆਂ ਹਨ, ਮੈਂ ਉਨ੍ਹਾਂ ਦੇ ਨਾਲ ਆਈ ਹਾਂ... ਬਤੌਰ ਮਜ਼ਦੂਰ, ਯੇਗੋਰ ਵਲਾਸਿਚ।"

"ਓਹ"... ਯੇਗੋਰ ਵਲਾਸਿਚ ਨੇ ਕਿਹਾ ਅਤੇ ਆਹਿਸਤਾ ਚੱਲਣਾ ਸ਼ੁਰੂ ਕਰ ਦਿੱਤਾ।

ਪਲੇਜੀਆ ਉਸ ਦੇ ਪਿੱਛੇ ਪਿੱਛੇ ਚੱਲ ਪਈ। ਉਹ ਵੀਹ ਕਦਮ ਖ਼ਾਮੋਸ਼ੀ ਨਾਲ ਚਲਦੇ ਗਏ।

"ਤੈਨੂੰ ਵੇਖਿਆਂ ਅਰਸਾ ਹੋ ਗਿਆ, ਯੇਗੋਰ ਵਲਾਸਿਚ…" ਪਲੇਜੀਆ ਨੇ ਸ਼ਿਕਾਰੀ ਦੇ ਹਿਲਦੇ ਹੋਏ ਮੋਢਿਆਂ ਦੀ ਤਰਫ਼ ਤੱਕਦੇ ਹੋਏ ਕਿਹਾ। ਮੈਂ ਤੈਨੂੰ ਉਸ ਵਕਤ ਦਾ ਹੀ ਵੇਖਿਆ ਹੈ ਜਦੋਂ ਤੂੰ ਈਸਟਰ ਦੇ ਦਿਨ ਸਾਡੀ ਝੁੱਗੀ ਵਿੱਚ ਪਾਣੀ ਪੀਣ ਆਇਆ ਸੀ...ਤੂੰ ਈਸਟਰ ਦੇ ਦਿਨ ਇੱਕ ਪਲ ਲਈ ਆਇਆ ਅਤੇ ਫਿਰ ਖ਼ੁਦਾ ਜਾਣਦਾ ਹੈ ਕਿਵੇਂ...ਨਸ਼ੇ ਵਿੱਚ... ਤੂੰ ਮੈਨੂੰ ਡਾਂਟਿਆ ਅਤੇ ਕੁੱਟਿਆ ਮਾਰਿਆ, ਅਤੇ ਫਿਰ ਚਲਾ ਗਿਆ... ਮੈਂ ਇੰਤਜ਼ਾਰ ਕਰਦੀ ਰਹੀ, ਇੰਤਜ਼ਾਰ ਕਰਦੀ ਰਹੀ...। ਤੇਰੀ ਰਾਹ ਤਕਦੇ ਤਕਦੇ ਮੇਰੀਆਂ ਅੱਖਾਂ ਪੱਕ ਗਈਆਂ। ਆਹ, ਯੇਗੋਰ ਵਲਾਸਿਚ ਤੂੰ ਇੱਕ ਵਾਰ ਤਾਂ ਆਕੇ ਵੇਖ ਲੈਂਦਾ!"

"ਮੇਰੇ ਲਈ ਉੱਥੇ ਕੀ ਧਰਿਆ ਹੈ?"

"ਤੇਰੇ ਲਈ ਉੱਥੇ ਬਿਲਕੁਲ ਕੁੱਝ ਨਹੀਂ ਧਰਿਆ... ਲੇਕਿਨ ਫਿਰ ਵੀ... ਉੱਥੇ ਇੱਕ ਜਗ੍ਹਾ ਹੈ ਜਿਸਦੀ ਵੇਖ-ਭਾਲ ਕਰਨੀ ਹੈ... ਇਹ ਵੇਖਣਾ ਹੈ ਕਿ ਕੀ ਹਾਲਾਤ ਹਨ ... ਤੂੰ ਮਾਲਿਕ ਹੈਂ... ਮੈਂ ਕਹਿੰਦੀ ਹਾਂ, ਤੂੰ ਇੱਕ ਸਿਆਹ ਕੁੱਕੜ ਮਾਰ ਲਿਆ ਹੈ, ਯੇਗੋਰ ਵਲਾਸਿਚ ਤੂੰ ਬੈਠ ਕੇ ਥੋੜ੍ਹਾ ਆਰਾਮ ਹੀ ਕਰ ਲੈ।"

ਇਹ ਕਹਿੰਦੇ ਹੋਏ ਪਲੇਜੀਆ ਕਿਸੇ ਨਦਾਨ ਕੁੜੀ ਦੀ ਤਰ੍ਹਾਂ ਹੱਸ ਪਈ। ਉਸ ਦਾ ਚਿਹਰਾ ਖੁਸ਼ੀ ਨਾਲ ਤਮਤਮਾ ਰਿਹਾ ਸੀ। ਉਸ ਨੇ ਯੇਗੋਰ ਦੀ ਤਰਫ਼ ਵੇਖਿਆ।

"ਬੈਠ ਜਾਵਾਂ? ਜੇਕਰ ਤੂੰ ਚਾਹੇਂ…" ਯੇਗੋਰ ਨੇ ਲਾਪਰਵਾਹ ਅੰਦਾਜ਼ ਨਾਲ ਕਿਹਾ, ਅਤੇ ਫ਼ਰ ਦੇ ਦੋ ਰੁੱਖਾਂ ਦੇ ਵਿੱਚਕਾਰ ਇੱਕ ਜਗ੍ਹਾ ਛਾਂਟ ਕੇ ਬੈਠ ਗਿਆ। "ਤੂੰ ਕਿਉਂ ਖੜੀ ਹੈਂ? ਤੂੰ ਵੀ ਬੈਠ ਜਾ।"

ਪਲੇਜੀਆ ਥੋੜ੍ਹਾ ਜਿਹਾ ਹੱਟ ਕੇ ਧੁੱਪੇ ਬੈਠ ਗਈ। ਆਪਣੀ ਖੁਸ਼ੀ ਨਾਲ ਸ਼ਰਮਸਾਰ, ਉਸਨੇ ਆਪਣੇ ਮੁਸਕਰਾਂਦੇ ਹੋਏ ਹੋਠਾਂ ਉੱਤੇ ਹੱਥ ਰੱਖ ਲਿਆ। ਦੋ ਮਿੰਟ ਖ਼ਾਮੋਸ਼ੀ ਦੇ ਬੀਤ ਗਏ।

"ਤੂੰ ਇੱਕ ਵਾਰ ਤਾਂ ਆ ਸਕਦਾ ਹੈਂ", ਪਲੇਜੀਆ ਨੇ ਕਿਹਾ। "ਕਿਸ ਲਈ?" ਯੇਗੋਰ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ। ਟੋਪੀ ਉਤਾਰ ਕੇ ਉਸਨੇ ਹੱਥ ਨਾਲ ਆਪਣਾ ਸੁਰਖ਼ ਮੱਥਾ ਪੂੰਝਿਆ। ਮੇਰੇ ਆਉਣ ਦਾ ਕੋਈ ਫਾਇਦਾ ਨਹੀਂ ਹੈ। ਇੱਕ ਦੋ ਘੰਟਿਆਂ ਲਈ ਆਉਣ ਨਾਲ ਵਕਤ ਹੀ ਬਰਬਾਦ ਹੋਵੇਗਾ। ਇਸ ਨਾਲ ਤੂੰ ਖ਼ੁਦ ਵੀ ਪਰੇਸ਼ਾਨ ਹੋਵੇਂਗੀ, ਅਤੇ ਪਿੰਡ ਵਿੱਚ ਪੱਕੇ ਤੌਰ ਤੇ ਰਹਿਣਾ ਮੇਰੀ ਰੂਹ ਲਈ ਅਸਹਿ ਹੋਵੇਗਾ... ਤੂੰ ਖ਼ੁਦ ਜਾਣਦੀ ਹੈਂ ਕਿ ਮੈਂ ਲਾਡਾਂ ਨਾਲ ਪਲਿਆ ਬੰਦਾ ਹਾਂ... ਮੈਨੂੰ ਸੌਣ ਲਈ ਬਿਸਤਰਾ ਚਾਹੀਦਾ ਹੈ, ਪੀਣ ਲਈ ਉਮਦਾ ਚਾਹ, ਬੋਲਣ ਲਈ ਚੰਗੀ ਗੱਲਬਾਤ ਕਰਨ ਵਾਲੇ... ਮੈਨੂੰ ਇਹ ਸਾਰੀਆਂ ਨਫੀਸ ਚੀਜ਼ਾਂ ਚਾਹੀਦੀਆਂ ਨੇ, ਜਦੋਂ ਕਿ ਤੂੰ ਪਿੰਡ ਵਿੱਚ ਗ਼ੁਰਬਤ ਅਤੇ ਗੰਦ ਵਿੱਚ ਰਹਿੰਦੀ ਹੈਂ... ਮੈਂ ਉਸਨੂੰ ਇੱਕ ਦਿਨ ਲਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਫ਼ਰਜ਼ ਕਰੋ ਅਜਿਹਾ ਕੋਈ ਹੁਕਮਨਾਮਾ ਜਾਰੀ ਹੋ ਜਾਵੇ ਕਿ ਮੈਨੂੰ ਲਾਜ਼ਮਨ ਤੇਰੇ ਨਾਲ ਹੀ ਰਹਿਣਾ ਪਏ, ਤਾਂ ਮੈਂ ਜਾਂ ਤਾਂ ਝੁੱਗੀ ਨੂੰ ਅੱਗ ਲਗਾ ਦੇਵਾਂਗਾ, ਜਾਂ ਖ਼ੁਦ ਨੂੰ ਕੁੱਝ ਕਰ ਬੈਠਾਂਗਾ। ਬਾਲਪਣ ਤੋਂ ਹੀ ਮੈਨੂੰ ਅਜਿਹੀਆਂ ਹੀ ਸਹੂਲਤਾਂ ਨਾਲ ਪਿਆਰ ਸੀ, ਹੁਣ ਉਸ ਦਾ ਕੁੱਝ ਨਹੀਂ ਹੋ ਸਕਦਾ।"

"ਤੂੰ ਕਿੱਥੇ ਰਹਿ ਰਿਹਾ ਹੈਂ?"

"ਇੱਥੇ ਦੇ ਜ਼ਿਮੀਦਾਰ ਦਮਿਤਰੀ ਇਵਾਨਿਚ ਦੇ ਨਾਲ, ਬਤੌਰ ਸ਼ਿਕਾਰੀ। ਮੈਂ ਉਸ ਦੀ ਖਾਣ ਦੀ ਮੇਜ਼ ਲਈ ਸ਼ਿਕਾਰ ਮਾਰ ਕੇ ਲਿਆਂਦਾ ਹਾਂ, ਲੇਕਿਨ ਉਸਨੇ ਮੈਨੂੰ... ਕਿਸੇ ਹੋਰ ਚੀਜ਼ ਨਾਲੋਂ ਜ਼ਿਆਦਾ ਮੈਨੂੰ ਆਪਣੀ ਤਫ਼ਰੀਹ ਲਈ ਰੱਖਿਆ ਹੋਇਆ ਹੈ।"

"ਤੂੰ ਕੋਈ ਅੱਛਾ ਕੰਮ ਨਹੀਂ ਕਰ ਰਿਹਾ, ਯੇਗੋਰ ਵਲਾਸਿਚ ... ਦੂਜੇ ਲੋਕਾਂ ਲਈ ਸ਼ਿਕਾਰ ਸ਼ੁਗਲ ਹੋਵੇਗਾ, ਲੇਕਿਨ ਤੇਰੇ ਲਈ ਕੰਮ ਹੈ...ਜਿਵੇਂ ਮਜ਼ਦੂਰੀ।"

"ਤੂੰ ਨਹੀਂ ਸਮਝਦੀ, ਬੇਵਕੂਫ", ਯੇਗੋਰ ਨੇ ਅਸਮਾਨ ਦੀ ਤਰਫ਼ ਉਦਾਸ ਜਿਹੇ ਵੇਖਦੇ ਹੋਏ ਕਿਹਾ। "ਕਦੇ ਸਮਝ ਨਹੀਂ ਸਕਦੀ, ਅਤੇ ਜਦੋਂ ਤੱਕ ਤੂੰ ਜ਼ਿੰਦਾ ਹੈਂ, ਕਦੇ ਸਮਝ ਨਹੀਂ ਸਕੇਂਗੀ ਕਿ ਮੈਂ ਕਿਸ ਕਿਸਮ ਦਾ ਇਨਸਾਨ ਹਾਂ... ਤੂੰ ਮੈਨੂੰ ਅਹਿਮਕ ਸਮਝਦੀ ਹੈਂ, ਜੋ ਭੈੜੇ ਰਸਤੇ ਤੇ ਚੱਲ ਪਿਆ ਹੈ, ਲੇਕਿਨ ਜੋ ਕੋਈ ਵੀ ਮੈਨੂੰ ਸਮਝਦਾ ਹੈ, ਉਹ ਮੈਨੂੰ ਪੂਰੇ ਜ਼ਿਲ੍ਹੇ ਵਿੱਚ ਸਭ ਤੋਂ ਅੱਛਾ ਨਿਸ਼ਾਨਚੀ ਮੰਨਦਾ ਹੈ। ਇਹ ਜ਼ਿਮੀਦਾਰ ਵੀ ਇਹੀ ਮੰਨਦਾ ਹੈ, ਅਤੇ ਉਸ ਨੇ ਮੇਰੇ ਬਾਰੇ ਇੱਕ ਰਿਸਾਲੇ ਵਿੱਚ ਵੀ ਅਜਿਹੀਆਂ ਗੱਲਾਂ ਛਪਵਾ ਦਿੱਤੀਆਂ ਹਨ। ਬਤੌਰ ਸ਼ਿਕਾਰੀ ਕੋਈ ਮੇਰੀ ਟੱਕਰ ਦਾ ਨਹੀਂ... ਅਤੇ ਇਸ ਦੀ ਵਜ੍ਹਾ ਇਹ ਨਹੀਂ ਕਿ ਮੈਂ ਲਾਡਲਾ ਜਾਂ ਮਗ਼ਰੂਰ ਹਾਂ ਜਾਂ ਮੈਂ ਤੁਹਾਡੇ ਪਿੰਡ ਦੀ ਜ਼ਿੰਦਗੀ ਨੂੰ ਹਕਾਰਤ ਨਾਲ ਵੇਖਦਾ ਹਾਂ... ਤੂੰ ਜਾਣਦੀ ਹੈਂ ਕਿ ਬਚਪਨ ਤੋਂ ਹੀ ਮੈਨੂੰ ਬੰਦੂਕਾਂ ਅਤੇ ਕੁੱਤਿਆਂ ਦੇ ਇਲਾਵਾ ਕਿਸੇ ਹੋਰ ਚੀਜ਼ ਦਾ ਸ਼ੌਕ ਨਹੀਂ ਸੀ। ਜੇਕਰ ਕੋਈ ਮੇਰੀ ਬੰਦੂਕ ਮੇਰੇ ਤੋਂ ਲੈ ਲੈਂਦਾ ਤਾਂ ਮੈਂ ਮੱਛੀ ਫੜਨ ਦੀ ਕੁੰਡੀ ਲੈ ਕੇ ਨਿਕਲ ਜਾਂਦਾ, ਜੇਕਰ ਉਹ ਕੁੰਡੀ ਲੈ ਲੈਂਦੇ ਤਾਂ ਮੈਂ ਆਪਣੇ ਹੱਥਾਂ ਨਾਲ ਚੀਜ਼ਾਂ ਫੜਨ ਲੱਗਦਾ। ਅਤੇ ਮੈਂ ਘੋੜਿਆਂ ਦਾ ਵਪਾਰ ਵੀ ਕਰਦਾ ਰਿਹਾਂ। ਮੇਰੇ ਕੋਲ ਜਦੋਂ ਵੀ ਪੈਸੇ ਹੁੰਦੇ, ਮੈਂ ਮੇਲਿਆਂ ਵਿੱਚ ਚਲਾ ਜਾਂਦਾ, ਅਤੇ ਤੂੰ ਜਾਣਦੀ ਹੈਂ ਕਿ ਜੇਕਰ ਕੋਈ ਕਿਸਾਨ ਸ਼ਿਕਾਰੀ ਜਾਂ ਘੋੜਿਆਂ ਦਾ ਵਪਾਰੀ ਬਣ ਜਾਵੇ ਤਾਂ ਫਿਰ ਹਲਵਾਹਕੀ ਨੂੰ ਛੁੱਟੀ। ਜਦੋਂ ਕਿਸੇ ਆਦਮੀ ਵਿੱਚ ਆਜ਼ਾਦੀ ਦੀ ਭਾਵਨਾ ਸਮਾ ਜਾਵੇ ਤਾਂ ਤੁਸੀਂ ਉਸਨੂੰ ਉਸ ਦੇ ਅੰਦਰੋਂ ਕਦੇ ਵੀ ਨਹੀਂ ਕੱਢ ਸਕਦੇ। ਇਸੇ ਤਰ੍ਹਾਂ ਜੇਕਰ ਕੋਈ ਰਈਸ ਅਦਾਕਾਰੀ ਜਾਂ ਇਸੇ ਤਰ੍ਹਾਂ ਦੀ ਕੋਈ ਚੀਜ਼ ਸ਼ੁਰੂ ਕਰ ਦੇਵੇ ਤਾਂ ਫਿਰ ਉਹ ਕਦੇ ਵੀ ਕੋਈ ਅਫ਼ਸਰ ਜਾਂ ਜ਼ਿਮੀਦਾਰ ਨਹੀਂ ਰਹਿ ਸਕਦਾ। ਤੂੰ ਔਰਤ ਹੈਂ, ਤੂੰ ਨਹੀਂ ਸਮਝ ਸਕਦੀ, ਲੇਕਿਨ ਤੈਨੂੰ ਸਮਝਣਾ ਪਵੇਗਾ।"

"ਮੈਂ ਸਮਝਦੀ ਹਾਂ, ਯੇਗੋਰ ਵਲਾਸਿਚ।"

"ਤੂੰ ਤਾਂ ਰੋਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੂੰ ਨਹੀਂ ਸਮਝੀ....।"

"ਮੈਂ ਰੋ ਨਹੀਂ ਰਹੀ.." ਪਲੇਜੀਆ ਨੇ ਮੂੰਹ ਦੂਜੀ ਤਰਫ਼ ਮੋੜਦੇ ਹੋਏ ਕਿਹਾ। ਇਹ ਗੁਨਾਹ ਹੈ ਯੇਗੋਰ ਵਲਾਸਿਚ, ਤੂੰ ਮੇਰੇ ਨਸੀਬਾਂ ਮਾਰੀ ਦੇ ਨਾਲ ਸਿਰਫ ਇੱਕ ਦਿਨ ਤਾਂ ਗੁਜ਼ਾਰ ਸਕਦਾ ਹੈਂ। ਮੇਰਾ ਤੇਰੇ ਨਾਲ ਵਿਆਹ ਹੋਏ ਨੂੰ ਬਾਰਾਂ ਸਾਲ ਹੋ ਗਏ ਹਨ, ਅਤੇ ... ਅਤੇ ... ਸਾਡੇ ਦਰਮਿਆਨ ਕਦੇ ਵੀ ਮੁਹੱਬਤ ਨਹੀਂ ਰਹੀ! ... ਮੈਂ... ਮੈਂ ਰੋ ਨਹੀਂ ਰਹੀ।"

"ਮੁਹੱਬਤ…" ਯੇਗੋਰ ਆਪਣੇ ਹੱਥ ਤੇ ਖਾਜ ਕਰਦੇ ਹੋਏ ਬੁੜਬੜਾਇਆ। "ਮੁਹੱਬਤ ਹੋ ਹੀ ਨਹੀਂ ਸਕਦੀ। ਅਸੀਂ ਸਿਰਫ ਨਾਮ ਦੇ ਮੀਆਂ ਬੀਵੀ ਹਾਂ, ਹਕੀਕਤ ਵਿੱਚ ਨਹੀਂ। ਮੈਂ ਤੇਰੀ ਨਜ਼ਰ ਵਿੱਚ ਇੱਕ ਵਹਿਸ਼ੀ ਇਨਸਾਨ ਹਾਂ, ਅਤੇ ਮੇਰੇ ਲਈ ਤੂੰ ਇੱਕ ਸਾਦਾ ਕਿਸਾਨ ਔਰਤ ਹੈਂ, ਜਿਸਨੂੰ ਕਿਸੇ ਚੀਜ਼ ਦੀ ਸਮਝ ਨਹੀਂ। ਕੀ ਸਾਡਾ ਮੇਲ ਹੈ? ਮੈਂ ਇੱਕ ਆਜ਼ਾਦ, ਲਾਡਲਾ, ਐਸ਼ੀ ਆਦਮੀ। ਤੂੰ ਮਜ਼ਦੂਰ ਔਰਤ, ਧੌੜੀ ਦੀ ਜੁੱਤੀ ਪਾਉਣ ਵਾਲੀ ਅਤੇ ਜਿਸਦਾ ਲੱਕ ਹਮੇਸ਼ਾ ਦੂਹਰਾ ਹੋਇਆ ਰਹਿੰਦਾ ਹੈ। ਮੇਰਾ ਆਪਣੇ ਬਾਰੇ ਖ਼ਿਆਲ ਇਹ ਹੈ ਕਿ ਮੈਂ ਹਰ ਕਿਸਮ ਦੇ ਖੇਲ ਵਿੱਚ ਅੱਵਲ ਨੰਬਰ ਹਾਂ, ਅਤੇ ਤੂੰ ਮੈਨੂੰ ਰਹਿਮ ਦੀਆਂ ਨਜਰਾਂ ਨਾਲ ਵੇਖਦੀ ਹੈਂ... ਕੀ ਇਹ ਕੋਈ ਜੋੜ ਹੈ?"

"ਪਰ ਆਪਾਂ ਸ਼ਾਦੀਸ਼ੁਦਾ ਹਾਂ, ਯੇਗੋਰ ਵਲਾਸਿਚ," ਪਲੇਜੀਆ ਨੇ ਹਿਚਕੀਆਂ ਲੈਂਦੇ ਹੋਏ ਕਿਹਾ।

"ਆਪਣੀ ਮਰਜ਼ੀ ਨਾਲ ਸ਼ਾਦੀਸ਼ੁਦਾ ਨਹੀਂ... ਤੂੰ ਭੁੱਲ ਗਈ? ਨਵਾਬ ਸਰਗੇਈ ਪਾਵਲੋਵਿਚ ਅਤੇ ਤੂੰ ਖ਼ੁਦ ਉਸ ਦੇ ਲਈ ਜ਼ਿੰਮੇਦਾਰ ਹੈਂ। ਸਿਰਫ ਇਸ ਵਜ੍ਹਾ ਨਾਲ ਕਿ ਮੇਰਾ ਨਿਸ਼ਾਨਾ ਉਸ ਨਾਲੋਂ ਬਿਹਤਰ ਸੀ, ਉਹ ਈਰਖਾ ਦੇ ਮਾਰੇ ਮੈਨੂੰ ਇੱਕ ਮਹੀਨੇ ਤੱਕ ਸ਼ਰਾਬ ਪਿਲਾਂਦਾ ਰਿਹਾ, ਅਤੇ ਜਦੋਂ ਕੋਈ ਸ਼ਖਸ ਨਸ਼ੇ ਵਿੱਚ ਧੁੱਤ ਹੋਵੇ ਤਾਂ ਤੁਸੀਂ ਉਸ ਦਾ ਮਜ਼ਹਬ ਤੱਕ ਤਬਦੀਲ ਕਰਵਾ ਸਕਦੇ ਹੋ, ਵਿਆਹ ਤਾਂ ਮਾਮੂਲੀ ਚੀਜ਼ ਹੈ। ਮੇਰੇ ਤੋਂ ਬਦਲਾ ਲੈਣ ਲਈ ਉਸਨੇ ਨਸ਼ੇ ਦੀ ਹਾਲਤ ਵਿੱਚ ਮੇਰਾ ਤੇਰੇ ਨਾਲ ਵਿਆਹ ਕਰਵਾ ਦਿੱਤਾ... ਸ਼ਿਕਾਰੀ ਮੁੰਡੇ ਨੂੰ ਚਰਵਾਹਾ ਕੁੜੀ ਨਾਲ ਮਿਲਾ ਦਿੱਤਾ। ਤੂੰ ਵੇਖ ਲਿਆ ਸੀ ਕਿ ਮੈਂ ਸਰਾਬ ਵਿੱਚ ਟੱਲੀ ਹਾਂ, ਫਿਰ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ? ਤੂੰ ਤਾਂ ਕੋਈ ਗ਼ੁਲਾਮ ਨਹੀਂ ਸੀ, ਤੂੰ ਇਨਕਾਰ ਕਰ ਸਕਦੀ ਸੀ। ਲੇਕਿਨ ਸਾਫ਼ ਹੈ ਕਿ ਚਰਵਾਹਾ ਕੁੜੀ ਦਾ ਕਿਸੇ ਸ਼ਿਕਾਰੀ ਮੁੰਡੇ ਨਾਲ ਵਿਆਹ ਉਸ ਦੀ ਖੁਸ਼ਕਿਸਮਤੀ ਹੁੰਦੀ ਹੈ, ਲੇਕਿਨ ਤੈਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ। ਠੀਕ ਹੈ, ਹੁਣ ਗ਼ਮਾਂ ਦੀ ਮਾਰੀ ਬਣ ਜਾ, ਰੋ ਆਪਣੇ ਕਰਮਾਂ ਨੂੰ। ਇਹ ਨਵਾਬ ਲਈ ਮਜ਼ਾਕ ਸੀ ਲੇਕਿਨ ਤੇਰੇ ਲਈ ਰੋਣ ਦੀ ਗੱਲ ਹੈ...ਹੁਣ ਕੰਧਾਂ ਨਾਲ ਟੱਕਰਾਂ ਮਾਰ।"

ਖ਼ਾਮੋਸ਼ੀ ਛਾ ਗਈ। ਤਿੰਨ ਜੰਗਲੀ ਮੁਰਗ਼ਾਬੀਆਂ ਮੈਦਾਨ ਦੇ ਉੱਤੋਂ ਲੰਘੀਆਂ। ਯੇਗੋਰ ਦੀਆਂ ਨਿਗਾਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਫਿਰ ਉਹ ਤਿੰਨ ਮੁਸ਼ਕਿਲ ਨਾਲ ਨਜ਼ਰ ਆਉਣ ਵਾਲੇ ਨੁਕਤੇ ਬਣ ਕੇ ਜੰਗਲ ਦੇ ਪਿੱਛੇ ਗਾਇਬ ਹੋ ਗਈਆਂ। "ਤੇਰੀ ਗੁਜ਼ਰ ਬਸਰ ਕਿਵੇਂ ਹੁੰਦੀ ਹੈ?" ਉਸਨੇ ਮੁਰਗਾਬੀਆਂ ਵਲੋਂ ਧਿਆਨ ਹਟਾ ਕੇ ਪਲੇਜੀਆ ਦੀ ਤਰਫ਼ ਵੇਖਦੇ ਹੋਏ ਕਿਹਾ।

"ਮੈਂ ਕੰਮ ਕਰਦੀ ਹਾਂ। ਸਰਦੀਆਂ ਵਿੱਚ ਮੈਂ ਫਾਉਂਡਲਿੰਗ ਹਸਪਤਾਲ ਤੋਂ ਇੱਕ ਬੱਚਾ ਲੈ ਆਉਂਦੀ ਹਾਂ ਅਤੇ ਉਸਨੂੰ ਬੋਤਲ ਨਾਲ ਦੁੱਧ ਪਿਲਾਂਦੀ ਹਾਂ। ਮੈਨੂੰ ਉਸ ਦਾ ਮਹੀਨੇ ਦਾ ਡੇਢ ਰੂਬਲ ਮਿਲ ਜਾਂਦਾ ਹੈ।"

"ਓਹ …!"

ਦੁਬਾਰਾ ਖ਼ਾਮੋਸ਼ੀ। ਘਾਹ ਦੀ ਕਟੀ ਹੋਈ ਇੱਕ ਫਾਂਟ ਵਲੋਂ ਇੱਕ ਸੁਰੀਲੇ ਗੀਤ ਦੀ ਆਵਾਜ਼ ਬੁਲੰਦ ਹੋਈ, ਫਿਰ ਛੇਤੀ ਹੀ ਦਮ ਤੋੜ ਗਈ। ਗਰਮੀ ਦੀ ਸ਼ਿੱਦਤ ਗਾਇਕੀ ਦੀ ਆਗਿਆ ਨਹੀਂ ਸੀ ਦੇ ਰਹੀ।

"ਸੁਣਿਆ ਹੈ ਤੂੰ ਅਕੋਲੀਨਾ ਲਈ ਨਵੀਂ ਝੁੱਗੀ ਪਾ ਰੱਖੀ ਹੈ," ਪਲੇਜੀਆ ਨੇ ਕਿਹਾ।

ਯੇਗੋਰ ਕੁੱਝ ਨਹੀਂ ਬੋਲਿਆ।

"ਤਾਂ ਉਹ ਤੈਨੂੰ ਜ਼ਿਆਦਾ ਪਿਆਰੀ ਹੈ..।"

"ਇਹ ਤੇਰੀ ਕਿਸਮਤ ਹੈ, ਇਹੀ ਨਸੀਬ ਹੈ।" ਸ਼ਿਕਾਰੀ ਨੇ ਅੰਗੜਾਈ ਲੈਂਦੇ ਹੋਏ ਕਿਹਾ।

"ਤੈਨੂੰ ਗੁਜ਼ਾਰਾ ਕਰਨਾ ਪਵੇਗਾ। ਲੇਕਿਨ ਹੁਣ ਖੁਦਾ ਹਾਫਿਜ਼, ਗੱਪਸ਼ੱਪ ਵਿੱਚ ਪਹਿਲਾਂ ਹੀ ਦੇਰ ਹੋ ਗਈ ਹੈ... ਮੈਂ ਸ਼ਾਮ ਤੱਕ ਬੋਲਤੋਵ ਪੁੱਜਣਾ ਹੈ।"

ਯੇਗੋਰ ਉੱਠਿਆ, ਅੰਗੜਾਈ ਲਈ ਅਤੇ ਬੰਦੂਕ ਮੋਢੇ ਤੇ ਪਾ ਲਈ। ਪਲੇਜੀਆ ਵੀ ਉਠ ਖੜੀ ਹੋਈ।

"ਤੂੰ ਪਿੰਡ ਕਦੋਂ ਆਏਂਗਾ," ਉਸਨੇ ਹੌਲੀ ਜਿਹੇ ਕਿਹਾ।

"ਓਥੇ ਆਉਣ ਦੀ ਕੋਈ ਵਜ੍ਹਾ ਨਹੀਂ ਹੈ, ਮੈਂ ਉੱਥੇ ਹੋਸ਼ ਦੀ ਹਾਲਤ ਵਿੱਚ ਨਹੀਂ ਆਵਾਂਗਾ, ਅਤੇ ਨਸ਼ੇ ਵਿੱਚ ਤੈਨੂੰ ਮੇਰੇ ਤੋਂ ਕੁੱਝ ਨਹੀਂ ਮਿਲੇਗਾ, ਮੈਂ ਨਸ਼ੇ ਵਿੱਚ ਬਹੁਤ ਕਮੀਨਾ ਬਣ ਜਾਂਦਾ ਹਾਂ। ਖੁਦਾ ਹਾਫਿਜ਼!"

"ਖੁਦਾ ਹਾਫਿਜ਼, ਯੇਗੋਰ ਵਲਾਸਿਚ।"

ਯੇਗੋਰ ਨੇ ਸਿਰ ਉੱਤੇ ਟੋਪੀ ਸਿੱਧੀ ਕੀਤੀ ਅਤੇ ਕੁੱਤੇ ਨੂੰ ਸੱਦ ਕੇ ਆਪਣੇ ਰਾਹ ਪੈ ਗਿਆ। ਪਲੇਜੀਆ ਖੜੀ ਉਸਨੂੰ ਵੇਖਦੀ ਰਹੀ ...ਉਸਨੇ ਉਸ ਦੇ ਹਿਲਦੇ ਹੋਏ ਮੋਢੇ ਵੇਖੇ, ਉਸ ਦੀ ਸ਼ੋਖ ਟੋਪੀ, ਉਸ ਦੀ ਲਾਪਰਵਾਹ, ਸੁਸਤ ਚਾਲ, ਅਤੇ ਉਸ ਦੀਆਂ ਅੱਖਾਂ ਗ਼ਮ ਅਤੇ ਕੋਮਲ ਪਿਆਰ ਨਾਲ ਭਰ ਗਈਆਂ... ਉਸ ਦੀਆਂ ਨਜ਼ਰਾਂ ਆਪਣੇ ਖ਼ਾਵੰਦ ਦੇ ਲੰਬੇ ਅਤੇ ਪਤਲੇ ਬਦਨ ਉੱਤੇ ਜਮੀਆਂ ਰਹੀਆਂ, ਉਸਨੂੰ ਸਹਿਲਾਉਂਦੀਆਂ, ਥਪਕਦੀਆਂ ਰਹੀਆਂ... ਉਸਨੇ ਜਿਵੇਂ ਉਸ ਦੀਆਂ ਨਿਗਾਹਾਂ ਨੂੰ ਮਹਿਸੂਸ ਕਰ ਲਿਆ, ਉਹ ਰੁਕਿਆ, ਮੁੜ ਕੇ ਵੇਖਿਆ... ਮੂੰਹੋਂ ਕੁੱਝ ਨਹੀਂ ਬੋਲਿਆ, ਲੇਕਿਨ ਉਸ ਦੇ ਚਿਹਰੇ, ਉਸ ਦੇ ਉਚਕਾਏ ਹੋਏ ਮੋਢਿਆਂ ਤੋਂ ਪਲੇਜੀਆ ਨੂੰ ਅਹਿਸਾਸ ਹੋਇਆ ਕਿ ਉਹ ਉਸ ਨੂੰ ਕੁੱਝ ਕਹਿਣਾ ਚਾਹੁੰਦਾ ਹੈ। ਉਹ ਉਸ ਦੀ ਤਰਫ਼ ਵਧੀ ਅਤੇ ਮੁਤਲਾਸ਼ੀ ਨਿਗਾਹਾਂ ਨਾਲ ਵੇਖਿਆ।

"ਇਹ ਲੈ ਲੈ," ਉਹ ਮੁੜਿਆ। ਉਸਨੇ ਇੱਕ ਰੂਬਲ ਦਾ ਮੁੜਿਆ ਤੁੜਿਆ ਨੋਟ ਉਸਨੂੰ ਥਮਾ ਦਿੱਤਾ ਅਤੇ ਤੇਜ਼ੀ ਨਾਲ ਚੱਲ ਪਿਆ।

"ਖ਼ੁਦਾ ਹਾਫਿਜ, ਯੇਗੋਰ ਵਲਾਸਿਚ," ਉਸਨੇ ਮਸ਼ੀਨੀ ਅੰਦਾਜ਼ ਵਿੱਚ ਨੋਟ ਲੈਂਦੇ ਹੋਏ ਕਿਹਾ।

ਉਹ ਚਮੜੇ ਦੀ ਵੱਧਰੀ ਦੀ ਤਰ੍ਹਾਂ ਤਣੇ ਹੋਏ ਰਸਤੇ ਤੇ ਚੱਲਦਾ ਰਿਹਾ। ਉਹ ਬੁੱਤ ਦੀ ਤਰ੍ਹਾਂ ਜ਼ਰਦ ਅਤੇ ਅਹਿੱਲ ਖੜੀ ਰਹੀ, ਉਸ ਦੀਆਂ ਨਿਗਾਹਾਂ ਉਸ ਦੇ ਹਰ ਕਦਮ ਦਾ ਹਿਸਾਬ ਲਾਉਂਦੀਆਂ ਰਹੀਆਂ। ਫਿਰ ਉਸ ਦੀ ਸੁਰਖ਼ ਕਮੀਜ ਗੂੜ੍ਹੇ ਰੰਗ ਦੀ ਪਤਲੂਨ ਵਿੱਚ ਰਲਗੱਡ ਹੋ ਗਈ, ਕਦਮਾਂ ਦਾ ਨਜ਼ਰ ਆਉਣਾ ਬੰਦ ਹੋ ਗਿਆ, ਫਿਰ ਕੁੱਤਾ ਵੀ ਉਸ ਦੇ ਜੁੱਤੀ ਦੇ ਨਾਲ ਮਿਲ ਗਿਆ। ਹੁਣ ਟੋਪੀ ਦੇ ਇਲਾਵਾ ਕੁੱਝ ਨਜ਼ਰ ਨਹੀਂ ਆ ਰਿਹਾ ਸੀ, ਅਤੇ... ਅਚਾਨਕ ਯੇਗੋਰ ਤੇਜ਼ੀ ਨਾਲ ਮੈਦਾਨ ਦੀ ਤਰਫ਼ ਮੁੜਿਆ ਅਤੇ ਉਸ ਦੀ ਟੋਪੀ ਹਰਿਆਵਲ ਵਿੱਚ ਗਾਇਬ ਹੋ ਗਈ।

"ਖੁਦਾ ਹਾਫਿਜ਼ ਯੇਗੋਰ ਵਲਾਸਿਚ," ਪਲੇਜੀਆ ਨੇ ਸਰਗੋਸ਼ੀ ਕੀਤੀ, ਅਤੇ ਉਸ ਦੀ ਸਫੈਦ ਟੋਪੀ ਦੀ ਇੱਕ ਹੋਰ ਝਲਕ ਦੇਖਣ ਲਈ ਪੱਬਾਂ ਭਾਰ ਖੜੀ ਹੋ ਗਈ।