44264ਨੇਤਰਹੀਣਚਰਨ ਗਿੱਲਅਰਨੈਸਟ ਹੈਮਿੰਗਵੇ

ਨੇਤਰਹੀਣ ਆਦਮੀ ਸ਼ਰਾਬ-ਖ਼ਾਨੇ ਵਿੱਚ ਮੌਜੂਦ ਸਭ ਮਸ਼ੀਨਾਂ ਦੀਆਂ ਵੱਖ ਵੱਖ ਆਵਾਜ਼ਾਂ ਨੂੰ ਸਿਆਣਦਾ ਸੀ। ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਸ ਨੂੰ ਇਨ੍ਹਾਂ ਆਵਾਜ਼ਾਂ ਦੀ ਪਛਾਣ ਦੀ ਮੁਹਾਰਤ ਹਾਸਲ ਕਰਨ ਵਿੱਚ ਕਿੰਨਾ ਵਕਤ ਲੱਗਿਆ, ਪਰ ਉਸਨੂੰ ਕਾਫ਼ੀ ਲੰਮਾ ਵਕਤ ਜ਼ਰੂਰ ਲੱਗਿਆ ਹੋਵੇਗਾ, ਕਿਉਂਕਿ ਉਹ ਇੱਕ ਵਕਤ ਵਿੱਚ ਸਿਰਫ ਇੱਕ ਹੀ ਸ਼ਰਾਬ-ਖ਼ਾਨੇ ਵਿੱਚ ਕੰਮ ਕਰਦਾ ਸੀ। ਉਹ ਦੋ ਕਸਬਿਆਂ ਵਿੱਚ ਕੰਮ ਕਰਦਾ ਸੀ ਅਤੇ ਜਦੋਂ ਸ਼ਾਮ ਦਾ ਘੁਸਮੁਸਾ ਅੰਧਕਾਰ ਵਿੱਚ ਵਟ ਜਾਂਦਾ, ਤਾਂ ਉਹ ਆਪਣੇ ਫਲੈਟ ਤੋਂ ਨਿਕਲਦਾ ਅਤੇ ਵੱਡੀ ਸੜਕ ਦੇ ਕੰਢੇ ਜੈੱਸਪ ਵੱਲ ਚੱਲਣਾ ਸ਼ੁਰੂ ਹੋ ਜਾਂਦਾ। ਜਦੋਂ ਉਸਨੂੰ ਆਪਣੇ ਪਿੱਛੇ ਵਲੋਂ ਕਿਸੇ ਕਾਰ ਦੀ ਆਵਾਜ਼ ਸੁਣਾਈ ਦਿੰਦੀ, ਤਾਂ ਉਹ ਸੜਕ ਦੇ ਕੰਢੇ ਰੁਕ ਜਾਂਦਾ। ਕਾਰ ਦੀਆਂ ਰੋਸ਼ਨੀਆਂ ਨੇਤਰਹੀਣ ਉੱਤੇ ਪੈਂਦੀਆਂ, ਤਾਂ ਉਹ ਰੁਕ ਜਾਂਦੇ ਅਤੇ ਉਸਨੂੰ ਆਪਣੇ ਨਾਲ ਬਿਠਾ ਲੈਂਦੇ। ਜੇਕਰ ਉਹ ਨਾ ਰੁਕਦੇ, ਤਾਂ ਉਹ ਬਰਫ਼ ਨਾਲ ਢਕੀ ਸੜਕ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ। ਅਕਸਰ ਉਸ ਨੂੰ ਸਵਾਰੀ ਦਾ ਮਿਲਣਾ ਇਸ ਗੱਲ ਉੱਤੇ ਨਿਰਭਰ ਹੁੰਦਾ ਕਿ ਕਾਰ ਵਿੱਚ ਕਿੰਨੇ ਜਣੇ ਸਵਾਰ ਸਨ ਜਾਂ ਕਾਰ ਵਿੱਚ ਕੋਈ ਔਰਤ ਬੈਠੀ ਹੋਈ ਸੀ, ਕਿਉਂਕਿ ਨੇਤਰਹੀਣ ਦੇ ਕੋਲੋਂ ਖ਼ਾਸ ਤੌਰ ਉੱਤੇ ਸਰਦੀਆਂ ਵਿੱਚ ਬਹੁਤ ਬਦਬੂ ਆਉਂਦੀ ਸੀ। ਲੇਕਿਨ ਹਮੇਸ਼ਾ ਉਸ ਲਈ ਕੋਈ ਨਾ ਕੋਈ ਰੁਕ ਹੀ ਜਾਂਦਾ ਸੀ, ਕਿਉਂਕਿ ਉਹ ਇੱਕ ਨਾਬੀਨਾ ਇਨਸਾਨ ਸੀ।

ਹਰ ਇੱਕ ਉਸਨੂੰ ਜਾਣਦਾ ਸੀ ਅਤੇ ਉਸਨੂੰ ਬਲਾਈਂਡੀ ਕਹਿੰਦੇ ਸਨ, ਜੋ ਕਿ ਦੇਸ਼ ਦੇ ਇਸ ਹਿੱਸੇ ਵਿੱਚ ਨੇਤਰਹੀਣ ਮਨੁੱਖ ਲਈ ਇੱਕ ਅੱਛਾ ਨਾਮ ਸੀ ਅਤੇ ਜਿਸ ਸ਼ਰਾਬ-ਖ਼ਾਨੇ ਵਿੱਚ ਉਹ ਕੰਮ ਕਰਦਾ ਸੀ, ਉਸ ਦਾ ਨਾਮ ਪਾਇਲਟ ਸੀ। ਉਸ ਦੇ ਬਿਲਕੁਲ ਅੱਗੇ ਇੱਕ ਹੋਰ ਸ਼ਰਾਬ-ਖ਼ਾਨਾ ਵੀ ਸੀ ਜਿਸ ਵਿੱਚ ਜੂਆ ਖੇਡਣ ਦੀਆਂ ਮਸ਼ੀਨਾਂ ਅਤੇ ਖਾਣੇ ਵਾਲਾ ਕਮਰਾ ਸੀ, ਉਸਨੂੰ ਇੰਡੈਕਸ ਕਿਹਾ ਜਾਂਦਾ ਸੀ। ਦੋਨੋਂ ਸ਼ਰਾਬ-ਖ਼ਾਨੇ ਮਿਆਰੀ ਸਨ ਅਤੇ ਦੋਨਾਂ ਵਿੱਚ ਪੁਰਾਣੇ ਦਿਨਾਂ ਦੇ ਪੱਬ ਸਨ ਅਤੇ ਦੋਨਾਂ ਵਿੱਚ ਤਕਰੀਬਨ ਇੱਕ ਹੀ ਤਰ੍ਹਾਂ ਦੀਆਂ ਜੂਆ ਖੇਡਣ ਵਾਲੀ ਮਸ਼ੀਨਾਂ ਸਨ। ਇਹ ਇੱਕ ਵੱਖਰੀ ਗੱਲ ਹੈ ਕਿ ਤੁਹਾਨੂੰ ਪਾਇਲਟ ਵਿੱਚ ਬਿਹਤਰ ਖਾਣਾ ਮਿਲਦਾ, ਤਾਂ ਇੰਡੈਕਸ ਵਿੱਚ ਤੇਲ ਵਿੱਚ ਤੜਕਿਆ ਹੋਇਆ ਗੋਸ਼ਤ ਮਿਲ ਸਕਦਾ ਸੀ। ਇੰਡੈਕਸ ਪੂਰੀ ਰਾਤ ਖੁੱਲ੍ਹਾ ਰਹਿੰਦਾ ਸੀ ਅਤੇ ਸਵੇਰੇ ਛੇਤੀ ਹੀ ਕੰਮ ਸ਼ੁਰੂ ਕਰ ਦਿੰਦਾ ਸੀ। ਦਿਨ ਦੇ ਦਸ ਵਜੇ ਤੱਕ ਉੱਥੇ ਸ਼ਰਾਬ ਮਿਲਦੀ ਸੀ। ਜੈੱਸਪ ਵਿੱਚ ਇਹ ਦੋ ਹੀ ਸ਼ਰਾਬ-ਖ਼ਾਨੇ ਸਨ ਅਤੇ ਇਸ ਲਈ ਇਨ੍ਹਾਂ ਨੂੰ ਇਵੇਂ ਕਰਨ ਦੀ ਲੋੜ ਨਹੀਂ ਸੀ, ਪਰ ਇਹ ਇਵੇਂ ਸਨ।

ਬਲਾਈਂਡੀ ਪਾਇਲਟ ਨੂੰ ਤਰਜੀਹ ਦਿੰਦਾ ਸੀ, ਕਿਉਂਕਿ ਇਸ ਵਿੱਚ ਜਿਵੇਂ ਹੀ ਤੁਸੀਂ ਵੜਦੇ ਸਾਹਮਣੇ ਬਾਰ ਸੀ, ਮਸ਼ੀਨਾਂ ਖੱਬੇ ਹੱਥ ਵਾਲੀ ਕੰਧ ਦੇ ਐਨ ਨਾਲ ਨਾਲ ਸਨ। ਇਸ ਕਰਕੇ ਉਹ ਉਨ੍ਹਾਂ ਉੱਤੇ ਬਿਹਤਰ ਤਰੀਕੇ ਨਾਲ ਕਾਬੂ ਪਾ ਸਕਦਾ ਸੀ ਜਦੋਂ ਕਿ ਉਸਨੂੰ ਇੰਡੈਕਸ ਵਿੱਚ ਮੁਸ਼ਕਲ ਪੇਸ਼ ਆਉਂਦੀ ਸੀ, ਕਿਉਂਕਿ ਉੱਥੇ ਜਗ੍ਹਾ ਜ਼ਿਆਦਾ ਸੀ ਅਤੇ ਮਸ਼ੀਨਾਂ ਥਾਂ ਥਾਂ ਖਿੰਡਰੀਆਂ ਹੋਈਆਂ ਸਨ।

ਉਸ ਰਾਤ ਬਾਹਰ ਗ਼ਜ਼ਬ ਦੀ ਸਰਦੀ ਪੈ ਰਹੀ ਸੀ ਅਤੇ ਜਦੋਂ ਉਹ ਅੰਦਰ ਆਇਆ, ਤਾਂ ਉਸ ਦੇ ਸਿਰ ਦੇ ਵਾਲ਼ਾਂ, ਭਵਾਂ ਅਤੇ ਮੁੱਛਾਂ ਉੱਤੇ ਬਰਫ਼਼ ਜਮੀ ਹੋਈ ਸੀ ਅਤੇ ਉਸ ਦੀ ਹਾਲਤ ਬਿਹਤਰ ਨਹੀਂ ਲੱਗ ਰਹੀ ਸੀ। ਉਸ ਦੀ ਗੰਧ ਤੱਕ ਜੰਮੀ ਹੋਈ ਸੀ, ਲੇਕਿਨ ਇਹ ਜ਼ਿਆਦਾ ਵਕਤ ਤੱਕ ਨਾ ਰਹੀ ਅਤੇ ਜਿਵੇਂ ਹੀ ਇਸ ਬੂਹਾ ਬੰਦ ਕੀਤਾ, ਗੰਧ ਫੈਲਣੀ ਸ਼ੁਰੂ ਹੋ ਗਈ। ਉਸਨੂੰ ਵੇਖਣਾ ਮੇਰੇ ਲਈ ਹਮੇਸ਼ਾ ਬਹੁਤ ਮੁਸ਼ਕਲ ਹੋ ਰਿਹਾ ਸੀ, ਪਰ ਮੈਂ ਉਸਨੂੰ ਧਿਆਨ ਨਾਲ ਵੇਖ ਰਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਹਮੇਸ਼ਾ ਇਵੇਂ ਹੀ ਧੁੱਤ ਰਹਿੰਦਾ ਸੀ ਅਤੇ ਮੈਂਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇੰਨਾ ਕਿਵੇਂ ਠਰ ਗਿਆ ਸੀ। ਆਖ਼ਰ ਮੈਂ ਉਸ ਨੂੰ ਪੁੱਛਿਆ:

“ਬਲਾਈਂਡੀ ਕਿੱਥੋਂ ਪੈਦਲ ਚੱਲ ਕਰ ਆ ਰਹੇ ਹੋ?”

“ਵਿੱਲੀ ਸਾਅਰ ਨੇ ਮੈਨੂੰ ਰੇਲਵੇ ਪੁੱਲ ਉੱਤੇ ਕਾਰ ਵਿੱਚੋਂ ਉਤਾਰ ਦਿੱਤਾ ਸੀ...ਕੋਈ ਹੋਰ ਕਾਰ ਨਹੀਂ ਆਈ ਜਿਸ ਉੱਤੇ ਮੈਂ ਸਵਾਰ ਹੋ ਸਕਦਾ।”

“ਉਸਨੇ ਤੈਨੂੰ ਕਿਉਂ ਉਤਾਰ ਦਿੱਤਾ ਸੀ?” ਕਿਸੇ ਨੇ ਪੁੱਛਿਆ।

“ਉਸਨੇ ਕਿਹਾ ਕਿ ਤੇਰੇ ਕੋਲੋਂ ਬਦਬੂ ਆ ਰਹੀ ਹੈ।”

ਕਿਸੇ ਨੇ ਮਸ਼ੀਨ ਦਾ ਦਸਤਾ ਖਿੱਚਿਆ ਅਤੇ ਬਲਾਈਂਡੀ ਖੜਖੜਾਹਟ ਸੁਣਨ ਲਗਾ। ਕੁੱਝ ਨਹੀਂ ਆ ਰਿਹਾ ਸੀ।

“ਕੋਈ ਡਿਊਡ ਖੇਲ ਰਿਹਾ ਹੈ?” ਉਸਨੇ ਮੈਨੂੰ ਪੁੱਛਿਆ।

“ਕੀ ਤੈਨੂੰ ਸੁਣਿਆ ਨਹੀਂ?”

“ਅਜੇ ਨਹੀਂ ਸੁਣਿਆ।”

“ਡਿਊਡ ਨਹੀਂ, ਬਲਾਈਂਡੀ ਅਤੇ ਅੱਜ ਬੁੱਧਵਾਰ ਦਾ ਦਿਨ ਹੈ।”

“ਮੈਂ ਜਾਣਦਾ ਹਾਂ ਕਿ ਅੱਜ ਕੀ ਰਾਤ ਹੈ...ਮੈਨੂੰ ਇਸ ਰਾਤ ਦੇ ਬਾਰੇ ਵਿੱਚ ਦੱਸਣਾ ਸ਼ੁਰੂ ਨਾ ਕਰ।”

ਬਲਾਈਂਡੀ ਮਸ਼ੀਨਾਂ ਵਾਲੀ ਕਤਾਰ ਦੀ ਤਰਫ਼ ਵਧਿਆ ਅਤੇ ਉਨ੍ਹਾਂ ਉੱਤੇ ਹੱਥ ਫੇਰ ਕੇ ਇਹ ਦੇਖਣ ਦੀ ਕੋਸ਼ਿਸ਼ ਕਰਨ ਲਗਾ ਕਿ ਗ਼ਲਤੀ ਨਾਲ ਕੱਪਾਂ ਵਿੱਚ ਕੁੱਝ ਰਹਿ ਤਾਂ ਨਹੀਂ ਗਿਆ। ਉੱਥੇ ਕੁੱਝ ਵੀ ਨਹੀਂ ਸੀ, ਪਰ ਇਸ ਤਰ੍ਹਾਂ ਵੇਖਭਾਲ ਕਰਨਾ ਉਸ ਦੇ ਕੰਮ ਦਾ ਪਹਿਲਾ ਹਿੱਸਾ ਸੀ। ਉਹ ਵਾਪਸ ਮੁੜਿਆ ਅਤੇ ਉਧਰ ਆਇਆ, ਜਿੱਥੇ ਬਾਰ ਦੇ ਕੋਲ ਅਸੀਂ ਖੜੇ ਸਾਂ ਅਤੇ ਅਲ ਚੇਨੀ ਨੇ ਉਸ ਨੂੰ ਸ਼ਰਾਬ ਲੈਣ ਬਾਰੇ ਕਿਹਾ।

“ਨਹੀਂ।” ਬਲਾਈਂਡੀ ਨੇ ਕਿਹਾ। "ਮੈਨੂੰ ਸੜਕਾਂ ਉੱਤੇ ਚੌਕਸ ਰਹਿਣਾ ਪੈਂਦਾ ਹੈ।”

“ਸੜਕਾਂ ਤੋਂ ਤੁਹਾਡਾ ਕੀ ਭਾਵ ਹੈ?” ਕਿਸੇ ਨੇ ਉਸ ਨੂੰ ਪੁੱਛਿਆ। “ਤੁਸੀਂ ਤਾਂ ਸਿਰਫ ਇੱਕ ਸੜਕ ਉੱਤੇ ਜਾਂਦੇ ਹੋ...ਇੱਥੋਂ ਤੁਹਾਡੇ ਫਲੈਟ ਦੇ ਦਰਮਿਆਨ ਵਾਲੀ।”

“ਮੈਂ ਬਹੁਤ ਸੜਕਾਂ ਉੱਤੇ ਚਲਦਾ ਹਾਂ,” ਬਲਾਈਂਡੀ ਨੇ ਜਵਾਬ ਦਿੱਤਾ। “ਅਤੇ ਕਿਸੇ ਵਕਤ ਮੈਂ ਇੱਥੋਂ ਜਾਣਾ ਹੋਵੇਗਾ ਅਤੇ ਹੋਰ ਸੜਕਾਂ ਉੱਤੇ ਚੱਲਣਾ ਹੋਵੇਗਾ।”

ਕਿਸੇ ਨੇ ਮਸ਼ੀਨ ਦਾ ਦਸਤਾ ਖਿੱਚਿਆ, ਲੇਕਿਨ ਜ਼ਿਆਦਾ ਜ਼ੋਰ ਨਾਲ ਨਹੀਂ। ਬਲਾਈਂਡੀ ਬਿਲਕੁਲ ਸਿੱਧਾ ਉਸੇ ਵੱਲ ਵਧਿਆ। ਇਹ ਇੱਕ ਛੋਟੀ ਮਸ਼ੀਨ ਸੀ ਅਤੇ ਇਸ ਨਾਲ ਖੇਡਣ ਵਾਲੇ ਨੌਜਵਾਨ ਨੇ ਉਸਨੂੰ ਇੱਕ ਚੁਆਨੀ ਦਿੱਤੀ ਸੀ। ਉਸ ਦੇ ਜੇਬ ਵਿੱਚ ਪਾਉਣ ਤੋਂ ਪਹਿਲਾਂ ਬਲਾਈਂਡੀ ਨੂੰ ਪਤਾ ਚੱਲ ਗਿਆ ਸੀ।

“ਧੰਨਵਾਦ!” ਉਸਨੇ ਕਿਹਾ। “ਤੂੰ ਬਹੁਤ ਜ਼ਬਰਦਸਤ ਖੇਲ ਸਕੇਂਗਾ।”

ਨੌਜਵਾਨ ਮੁੰਡੇ ਨੇ ਕਿਹਾ, “ਇਹ ਜਾਣ ਕੇ ਬਹੁਤ ਅੱਛਾ ਲੱਗਿਆ।”

ਉਸਨੇ ਮਸ਼ੀਨ ਵਿੱਚ ਇੱਕ ਛੋਟਾ ਸਿੱਕਾ ਪਾਇਆ ਅਤੇ ਉਸਨੂੰ ਹੇਠਾਂ ਖਿੱਚਿਆ।

ਉਸਨੇ ਫਿਰ ਉੱਪਰ ਖਿੱਚਿਆ, ਲੇਕਿਨ ਇਸ ਵਾਰ ਬਹੁਤ ਅੱਛਾ ਹੋਇਆ ਅਤੇ ਕੱਪ ਸਿੱਕਿਆਂ ਨਾਲ ਭਰ ਗਿਆ ਅਤੇ ਉਸਨੇ ਇੱਕ ਸਿੱਕਾ ਬਲਾਈਂਡੀ ਨੂੰ ਦਿੱਤਾ।

“ਧੰਨਵਾਦ!” ਬਲਾਈਂਡੀ ਨੇ ਕਿਹਾ। “ਤੁਸੀਂ ਬਹੁਤ ਜ਼ਬਰਦਸਤ ਕਰ ਰਹੇ ਹੋ।”

“ਅੱਜ ਦੀ ਰਾਤ ਮੇਰੀ ਰਾਤ ਹੈ।” ਉਸ ਨੌਜਵਾਨ ਮੁੰਡੇ ਨੇ ਕਿਹਾ, ਜੋ ਖੇਲ ਰਿਹਾ ਸੀ।

“ਤੁਹਾਡੀ ਰਾਤ ਮੇਰੀ ਵੀ ਰਾਤ ਹੈ।” ਬਲਾਈਂਡੀ ਨੇ ਕਿਹਾ ਅਤੇ ਨੌਜਵਾਨ ਮੁੰਡਾ ਖੇਡਣ ਲੱਗਿਆ, ਲੇਕਿਨ ਫਿਰ ਉਹ ਚੰਗੀ ਤਰ੍ਹਾਂ ਨਾ ਖੇਲ ਸਕਿਆ ਅਤੇ ਹਾਰਦਾ ਚਲਾ ਗਿਆ। ਬਲਾਈਂਡੀ ਉਸ ਦੇ ਪਿੱਛੇ ਇਸ ਆਸ ਤੇ ਖੜਾ ਰਿਹਾ ਕਿ ਸ਼ਾਇਦ ਉਸਨੂੰ ਵੀ ਕੁੱਝ ਮਿਲ ਜਾਵੇ। ਨੌਜਵਾਨ ਬਹੁਤ ਗੁੱਸੇ ਵਿੱਚ ਵਿਖਾਈ ਦੇ ਰਿਹਾ ਸੀ ਅਤੇ ਆਖ਼ਰ ਉਸਨੇ ਖੇਡਣਾ ਬੰਦ ਕਰ ਦਿੱਤਾ ਅਤੇ ਬਾਰ ਦੇ ਵੱਲ ਵੱਧ ਗਿਆ। ਬਲਾਈਂਡੀ ਉਸ ਦੇ ਪਿੱਛੇ ਗਿਆ, ਪ੍ਰੰਤੂ ਉਸਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ। ਜਦੋਂ ਨੌਜਵਾਨ ਨੇ ਕੋਈ ਧਿਆਨ ਨਾ ਦਿੱਤਾ, ਤਾਂ ਬਲਾਈਂਡੀ ਵਾਪਸ ਮੁੜਿਆ ਅਤੇ ਉਸਨੇ ਹੱਥ ਨਾਲ ਮਸ਼ੀਨਾਂ ਦਾ ਦੁਬਾਰਾ ਜਾਇਜ਼ਾ ਲਿਆ ਅਤੇ ਉਥੇ ਹੀ ਇਸ ਇੰਤਜ਼ਾਰ ਵਿੱਚ ਖੜਾ ਹੋ ਗਿਆ ਕਿ ਕੋਈ ਆਕੇ ਖੇਡੇ। ਪਹੀਏ ਤੇ ਅਤੇ ਮੇਜ਼ ਤੇ ਕੋਈ ਖੇਡਣ ਵਾਲਾ ਨਹੀਂ ਸੀ। ਤਾਸ਼ ਵਾਲੀਆਂ ਮੇਜ਼ਾਂ ਤੇ ਕੁਝ ਜਵਾਰੀ ਬੈਠੇ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਕਸਬੇ ਵਿੱਚ ਉਸ ਸ਼ਾਮ ਮੁਕੰਮਲ ਖ਼ਾਮੋਸ਼ੀ ਸੀ ਅਤੇ ਕੋਈ ਜੋਸ਼ ਨਹੀਂ ਸੀ। ਬਾਰ ਦੇ ਇਲਾਵਾ ਕਿਤੇ ਹੋਰ ਰੌਣਕ ਨਹੀਂ ਸੀ, ਲੇਕਿਨ ਬਾਰ ਦੇ ਕੋਲ ਉਸ ਵਕਤ ਤੱਕ ਖ਼ੂਬ ਰੌਣਕ ਅਤੇ ਜ਼ਬਰਦਸਤ ਮਾਹੌਲ ਸੀ ਜਦੋਂ ਤੱਕ ਬਲਾਈਂਡੀ ਉੱਥੇ ਨਹੀਂ ਸੀ ਆਇਆ। ਹੁਣ ਹਰ ਸ਼ਖਸ ਇਸ ਕੋਸ਼ਿਸ਼ ਵਿੱਚ ਸੀ ਕਿ ਉਹ ਇੰਡੈਕਸ ਵਿੱਚ ਚਲਾ ਜਾਵੇ ਜਾਂ ਫਿਰ ਆਪਣੇ ਘਰ ਪਰਤ ਜਾਵੇ।

“ਟਾਮ ਤੂੰ ਕੀ ਲਏਂਗਾ;” ਬਾਰਟੈਂਡਰ, ਫਰੈਂਕ ਨੇ ਮੈਥੋਂ ਪੁੱਛਿਆ। “ਇਹ ਮੇਰੇ ਵਲੋਂ ਸਹੀ।”

“ਮੈਂ ਪੀਣ ਦਾ ਮਨ ਬਣਾ ਰਿਹਾ ਹਾਂ।”

“ਪਹਿਲਾਂ ਇਹ ਇੱਕ ਲੈ ਲੈ।”

“ਮੈਂ ਵੀ ਇਹੀ ਸੋਚ ਰਿਹਾ ਹਾਂ,” ਮੈਂ ਕਿਹਾ।

ਫਰੈਂਕ ਉਸ ਅਜਨਬੀ ਨੌਜਵਾਨ ਦੇ ਵੱਲ ਆਕਰਸ਼ਿਤ ਹੋਇਆ, ਜਿਸ ਨੇ ਭਾਰੀ ਭਰਕਮ ਕੱਪੜੇ ਪਹਿਨੇ ਹੋਏ ਸੀ ਅਤੇ ਸਿਰ ਉੱਤੇ ਕਾਲ਼ਾ ਹੈਟ ਧਰਿਆ ਸੀ। ਉਸਨੇ ਤਾਜ਼ਾ ਤਾਜ਼ਾ ਸ਼ੇਵ ਕਰ ਰੱਖੀ ਸੀ ਅਤੇ ਉਸ ਦੇ ਚਿਹਰੇ ਦੇ ਹਾਲ ਤੋਂ ਲੱਗ ਰਿਹਾ ਸੀ ਕਿ ਉਸਨੇ ਕਾਫ਼ੀ ਬਰਫ਼਼ਬਾਰੀਆਂ ਝੱਲੀਆਂ ਹਨ।

“ਤੂੰ ਕੀ ਲੈਣਾ ਪਸੰਦ ਕਰੇਂਗਾ?”

ਨੌਜਵਾਨ ਨੇ ਵੀ ਉਹੀ ਪਸੰਦ ਕੀਤੀ। ਵਿਸਕੀ ਓਲਡ ਫੋਰਸਟਰ ਸੀ।

ਮੈਂ ਉਸਨੂੰ ਇਸ਼ਾਰਾ ਕੀਤਾ ਅਤੇ ਆਪਣਾ ਪੈੱਗ ਉੱਪਰ ਚੁੱਕਿਆ ਅਤੇ ਅਸੀਂ ਦੋਨਾਂ ਨੇ ਚੁਸਕੀਆਂ ਨਾਲ ਪੀਣੀ ਸ਼ੁਰੂ ਕਰ ਦਿੱਤੀ। ਬਲਾਈਂਡੀ ਮਸ਼ੀਨਾਂ ਦੀ ਕਤਾਰ ਦੇ ਆਖ਼ਰ ਵਿੱਚ ਸੀ। ਮੈਂ ਸੋਚਿਆ ਕਿ ਉਹ ਸਮਝ ਗਿਆ ਸੀ ਅਤੇ ਉਸਨੂੰ ਬੂਹੇ ਤੇ ਵੇਖਕੇ ਕੋਈ ਅੰਦਰ ਨਹੀਂ ਆਵੇਗਾ। ਇਹ ਗੱਲ ਨਹੀਂ ਕਿ ਇਸ ਬਾਰੇ ਉਹ ਸੁਚੇਤ ਸੀ।

“ਇਸ ਆਦਮੀ ਦੀ ਨਿਗਾਹ ਕਿਵੇਂ ਚਲੀ ਗਈ?” ਨੌਜਵਾਨ ਨੇ ਮੈਨੂੰ ਪੁੱਛਿਆ।

“ਇੱਕ ਲੜਾਈ ਵਿੱਚ।” ਫਰੈਂਕ ਨੇ ਉਸਨੂੰ ਦੱਸਿਆ।

“ਮੈਂ ਨਹੀਂ ਜਾਣਦਾ।” ਮੈਂ ਉਸਨੂੰ ਦੱਸਿਆ।

“ਲੜਾਈ ਵਿੱਚ?” ਅਜਨਬੀ ਨੇ ਕਿਹਾ। ਉਹ ਆਪਣਾ ਸਿਰ ਹਿਲਾ ਰਿਹਾ ਸੀ।

“ਜੀ ਹਾਂ।” ਫਰੈਂਕ ਨੇ ਕਿਹਾ। “ਇਸਨੂੰ ਉਸੇ ਲੜਾਈ ਵਿੱਚ ਉੱਚੀ ਆਵਾਜ਼ ਵੀ ਮਿਲੀ ਸੀ। ਟਾਮ ਉਸਨੂੰ ਦੱਸ ਦੇ।”

“ਮੈਂ ਇਸ ਬਾਰੇ ਕਦੇ ਨਹੀਂ ਸੁਣਿਆ।”

“ਨਹੀਂ, ਤੂੰ ਨਹੀਂ ਜਾਣਦਾ,” ਫਰੈਂਕ ਨੇ ਕਿਹਾ। “ਯਕੀਨਨ ਨਹੀਂ...ਤੂੰ ਇਥੇ ਨਹੀਂ ਸੀ, ਮੈਂ ਜਾਣਦਾ ਹਾਂ...ਜਨਾਬ ਉਹ ਰਾਤ ਅੱਜ ਦੀ ਰਾਤ ਜਿੰਨੀ ਠੰਡੀ ਸੀ...ਹੋ ਸਕਦਾ ਹੈ ਕਿ ਅੱਜ ਨਾਲੋਂ ਜ਼ਿਆਦਾ ਠੰਡੀ ਹੋਵੇ...ਉਹ ਬਹੁਤ ਤੇਜ਼ ਲੜਾਈ ਸੀ...ਮੈਂ ਉਸ ਦਾ ਆਗਾਜ਼ ਨਹੀਂ ਵੇਖਿਆ ਸੀ...ਤੱਦ ਉਹ ਇੱਕ ਦੂਜੇ ਨਾਲ ਲੜਦੇ ਹੋਏ ਇੰਡੈਕਸ ਦੇ ਬੂਹੇ ਤੋਂ ਬਾਹਰ ਨਿਕਲੇ – ਬਲੈਕੀ, ਜੋ ਹੁਣ ਬਲਾਈਂਡੀ ਹੈ ਅਤੇ ਦੂਜਾ ਮੁੰਡਾ ਵਿੱਲੀ ਸਾਅਰ...ਦੋਨੋਂ ਇੱਕ ਦੂਜੇ ਨੂੰ ਘਸੁੰਨ ਮਾਰ ਰਹੇ...ਗੋਡੇ ਮਾਰ ਰਹੇ ਸਨ...ਦੰਦੀਆਂ ਵੱਢ ਰਹੇ ਸਨ...ਨੋਚ ਰਹੇ ਸਨ ਅਤੇ ਮੈਂ ਵੇਖਿਆ ਕਿ ਬਲੈਕੀ ਦੀ ਇੱਕ ਅੱਖ ਦਾ ਡੇਲਾ ਉਹਦੀ ਗੱਲ੍ਹ ਉੱਤੇ ਲਟਕ ਰਿਹਾ ਸੀ...ਉਹ ਦੋਨੋਂ ਲੜਦੇ ਲੜਦੇ ਸੜਕ ਉੱਪਰ ਪਈ ਹੋਈ ਬਰਫ਼ ਦੇ ਢੇਰ ਉੱਤੇ ਚਲੇ ਗਏ...ਉਨ੍ਹਾਂ `ਤੇ ਇਸ ਬੂਹੇ ਅਤੇ ਇੰਡੈਕਸ ਦੇ ਬੂਹੇ ਦੀ ਰੋਸ਼ਨੀ ਪੈ ਰਹੀ ਸੀ...ਹੋਲਜ਼ ਸਾਂਡਜ਼, ਵਿੱਲੀ ਸਾਅਰ ਦੇ ਬਿਲਕੁਲ ਪਿੱਛੇ ਸੀ ਜੋ ਅੱਖ ਕਢ ਰਿਹਾ ਸੀ...ਉਹ ਅੱਖ ਨੋਚਣ ਦੇ ਬਾਰੇ ਵਿੱਚ ਕਹਿ ਰਿਹਾ ਸੀ...ਹੋਲਜ਼ ਚਿਲਾ ਰਿਹਾ ਸੀ।

“ਇਸਨੂੰ ਖਾ ਲੈ...ਇਸਨੂੰ ਅੰਗੂਰ ਦੀ ਤਰ੍ਹਾਂ ਖਾ ਲੈ.....”

ਬਲੈਕੀ ਉਸ ਵਕਤ ਵਿੱਲੀ ਸਾਅਰ ਦਾ ਚਿਹਰਾਨੋਚ ਰਿਹਾ ਸੀ...ਉਸਨੇ ਉਸ ਦੇ ਚਿਹਰੇ ਨੂੰ ਵਿਗਾੜ ਕੇ ਰੱਖ ਦਿੱਤਾ ਸੀ ਅਤੇ ਇਸ ਵਕਤ ਉਸਨੇ ਇੱਕ ਹੋਰ ਜ਼ਬਰਦਸਤ ਵਾਰ ਕੀਤਾ ਸੀ...ਫਿਰ ਉਹ ਦੋਨੋਂ ਬਰਫ਼ ਉੱਤੇ ਡਿੱਗ ਗਏ ਸਨ ਅਤੇ ਵਿੱਲੀ ਸਾਅਰ ਉਸ ਦੀ ਅੱਖ ਕਢਣ ਵਿੱਚ ਕਾਮਯਾਬ ਹੋ ਗਿਆ...ਤੱਦ ਬਲੈਕੀ ਨੇ ਅਜਿਹੀ ਚੀਖ਼ ਮਾਰੀ ਕਿ ਤੁਸੀਂ ਕਦੇ ਨਹੀਂ ਸੁਣੀ ਹੋਣੀ...ਜੰਗਲੀ ਜਾਨਵਰ ਜਦੋਂ ਕਤਲ ਹੁੰਦੇ ਚੀਖ਼ ਮਾਰਦਾ ਹੈ, ਉਸ ਨਾਲੋਂ ਵੀ ਜ਼ਿਆਦਾ ਉੱਚੀ ਸੀ....." ਬਲਾਈਂਡੀ ਸਾਡੇ ਸਾਹਮਣੇ ਆ ਗਿਆ ਅਤੇ ਉਸ ਦੀ ਬਦਬੂ ਮਹਿਸੂਸ ਕਰਕੇ ਅਸੀਂ ਮੁੜ ਪਏ।

“ਅੰਗੂਰ ਦੀ ਤਰ੍ਹਾਂ ਚੱਬ ਜਾ ਇਸਨੂੰ।” ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਅਤੇ ਉਸਨੇ ਆਪਣਾ ਸਿਰ ਉੱਪਰ ਹੇਠਾਂ ਹਿਲਾਂਦੇ ਹੋਏ ਸਾਡੇ ਵੱਲ ਵੇਖਿਆ। “ਇਹ ਖੱਬੀ ਅੱਖ ਸੀ...ਉਸਨੇ ਦੂਜੀ ਅੱਖ ਕਿਸੇ ਦੇ ਕਹਿਣ ਦੇ ਬਿਨਾਂ ਕੱਢ ਦਿੱਤੀ ਸੀ...ਉਸਨੇ ਮੈਨੂੰ ਇਸ ਹਾਲਤ ਵਿੱਚ ਲਤਾੜ ਦਿੱਤਾ ਜਦੋਂ ਮੈਂ ਉਸਨੂੰ ਵੇਖ ਨਹੀਂ ਸਕਦਾ ਸੀ...ਇਹ ਬਹੁਤ ਭੈੜਾ ਹੋਇਆ ਸੀ।” ਉਸਨੇ ਖ਼ੁਦ ਨੂੰ ਥਾਪੜਿਆ।

“ਮੈਂ ਉਸ ਵਕਤ ਅੱਛਾ ਲੜਾਕਾ ਸੀ,” ਉਸਨੇ ਕਿਹਾ। "ਮੇਰੇ ਸੰਭਲਣ ਤੋਂ ਪਹਿਲਾਂ ਹੀ ਉਸਨੇ ਮੇਰੀ ਅੱਖ ਕਢ ਸੁੱਟੀ...ਇਹ ਉਸ ਦੀ ਖੁਸ਼ਕਿਸਮਤੀ ਸੀ...ਖੈਰ।” ਉਸਨੇ ਕਿਸੇ ਕੁੜੱਤਣ ਦੇ ਬਿਨਾਂ ਕਿਹਾ। “ਇਵੇਂ ਮੇਰੇ ਲੜਾਈ ਦੇ ਦਿਨ ਖ਼ਤਮ ਨਿਕਲ ਗਏ।”

“ਬਲੈਕੀ ਨੂੰ ਸ਼ਰਾਬ ਦਿਓ।” ਮੈਂ ਫਰੈਂਕ ਨੂੰ ਕਿਹਾ।

“ਟਾਮ, ਬਲਾਈਂਡੀ ਮੇਰਾ ਨਾਮ ਹੈ...ਮੈਂ ਇਹ ਨਾਮ ਕਮਾਇਆ ਹੈ...ਤੁਸੀਂ ਮੈਨੂੰ ਇਹ ਨਾਮ ਕਮਾਉਂਦੇ ਵੇਖਿਆ ਹੈ...ਇਹ ਉਹੀ ਵਿਅਕਤੀ ਹੈ ਜਿਸ ਨੇ ਅੱਜ ਮੈਨੂੰ ਸੜਕ ਤੇ ਲਾਹ ਦਿੱਤਾ ਸੀ...ਉਸੇ ਨੇ ਅੱਖ ਕਢ ਦਿੱਤੀ ਸੀ...ਅਸੀਂ ਦੋਸਤ ਕਦੇ ਨਹੀਂ ਸੀ ਬਣੇ।”

“ਤੁਸੀਂ ਉਸ ਦੇ ਨਾਲ ਕੀ ਕੀਤਾ ਸੀ?” ਅਜਨਬੀ ਨੇ ਪੁੱਛਿਆ।

“ਓਹ ਤੁਸੀਂ ਉਸਨੂੰ ਇੱਥੇ ਹੀ ਵੇਖ ਲਓਗੇ।” ਬਲਾਈਂਡੀ ਨੇ ਕਿਹਾ। “ਤੁਸੀਂ ਉਸਨੂੰ ਵੇਖਦੇ ਹੀ ਪਛਾਣ ਲਓਗੇ...ਮੈਂ ਇਸ ਨੂੰ ਤਾਜੁਬ ਰਹਿਣ ਦਵਾਂਗਾ।”

“ਤੁਸੀਂ ਉਸਨੂੰ ਵੇਖਣਾ ਨਹੀਂ ਚਾਹੋਗੇ,” ਮੈਂ ਅਜਨਬੀ ਨੂੰ ਦੱਸਿਆ।

“ਤੈਨੂੰ ਪਤਾ ਹੈ ਕਿ ਇੱਕ ਵਜ੍ਹਾ ਹੈ ਜਿਸ ਕਰਕੇ ਮੈਂ ਕੁੱਝ ਦੇਰ ਲਈ ਵੇਖਣਾ ਚਾਹੁੰਦਾ ਹਾਂ,” ਬਲਾਈਂਡੀ ਨੇ ਕਿਹਾ। “ਮੈਂ ਉਸਨੂੰ ਕੁੱਝ ਦੇਰ ਲਈ ਵੇਖਣਾ ਚਾਹੁੰਦਾ ਹਾਂ।”

“ਤੈਨੂੰ ਪਤਾ ਹੈ ਕਿ ਉਹ ਕਿਹੋ ਜਿਹਾ ਵਿਖਾਈ ਦਿੰਦਾ ਹੈ।” ਫਰੈਂਕ ਨੇ ਉਸਨੂੰ ਦੱਸਿਆ। “ਤੂੰ ਉਸ ਦੇ ਕੋਲ ਗਿਆ ਸੀ ਅਤੇ ਉਸ ਦੇ ਚਿਹਰੇ ਤੇ ਹੱਥ ਫੇਰੇ ਸੀ।”

“ਅੱਜ ਫਿਰ ਮੈਂ ਇਹੀ ਕੀਤਾ,” ਬਲਾਈਂਡੀ ਨੇ ਖੁਸ਼ੀ ਨੂੰ ਕਿਹਾ। “ਇਹੀ ਵਜ੍ਹਾ ਹੈ ਕਿ ਉਸਨੇ ਮੈਨੂੰ ਕਾਰ ਤੋਂ ਉਤਾਰ ਦਿੱਤਾ ਸੀ...ਉਹ ਉੱਕਾ ਮਜ਼ਾਹੀਆ ਨਹੀਂ ਹੈ...ਮੈਂ ਉਸਨੂੰ ਅਜਿਹੀ ਹੀ ਇੱਕ ਠੰਡੀ ਰਾਤ ਵਿੱਚ ਦੱਸ ਦਿੱਤਾ ਸੀ ਕਿ ਉਹ ਆਪਣੇ ਆਪ ਨੂੰ ਢੱਕ ਕੇ ਰੱਖੇ ਤਾਂ ਜੋ ਉਹਦੇ ਚਿਹਰੇ ਨੂੰ ਸਾਰੇ ਅੰਦਰ ਤੋਂ ਸਰਦੀ ਨਾ ਲੱਗ ਜਾਵੇ...ਉਸਨੇ ਉਸਨੂੰ ਮਜ਼ਾਕ ਨਹੀਂ ਸਮਝਿਆ ਸੀ ...ਤੁਸੀਂ ਜਾਣਦੇ ਹੋ ਉਸ ਵਿੱਲੀ ਸਾਅਰ ਨੂੰ, ਉਹ ਕਦੇ ਹੰਢਿਆ ਵਰਤਿਆ ਆਦਮੀ ਨਹੀਂ ਬਣ ਸਕੇਗਾ।"

“ਬਲੈਕੀ ਇਹ ਮੇਰੇ ਵਲੋਂ ਪੀਓ,” ਫਰੈਂਕ ਨੇ ਕਿਹਾ। "ਮੈਂ ਤੈਨੂੰ ਘਰ ਨਹੀਂ ਛੱਡ ਕੇ ਆ ਸਕਦਾ, ਕਿਉਂਕਿ ਮੈਂ ਇੱਥੇ ਨੇੜੇ ਹੀ ਰਹਿੰਦਾ ਹਾਂ ਅਤੇ ਤੈਨੂੰ ਪਿੱਛੇ ਸੌਣ ਲਈ ਜਗ੍ਹਾ ਮਿਲ ਜਾਵੇਗੀ।”

“ਫਰੈਂਕ ਤੁਹਾਡਾ ਬੇਹੱਦ ਧੰਨਵਾਦ.....ਤੁਸੀਂ ਮੈਨੂੰ ਬਲੈਕੀ ਨਾ ਕਿਹਾ ਕਰੋ...ਹੁਣ ਮੈਂ ਬਲੈਕੀ ਨਹੀਂ ਹਾਂ...ਮੇਰਾ ਨਾਮ ਬਲਾਈਂਡੀ ਹੈ।”

“ਬਲਾਈਂਡੀ, ਸ਼ਰਾਬ ਲੈ।”

“ਠੀਕ ਹੈ ਜਨਾਬ।” ਬਲਾਈਂਡੀ ਨੇ ਕਿਹਾ। ਉਸਨੇ ਅੱਗੇ ਹੱਥ ਵਧਾਇਆ ਅਤੇ ਗਲਾਸ ਫੜ ਲਿਆ। ਫਿਰ ਉਸਨੇ ਸਾਡੇ ਤਿੰਨਾਂ ਦੇ ਐਨ ਬਰਾਬਰ ਗਲਾਸ ਉੱਪਰ ਉਠਾਇਆ।

“ਵਿੱਲੀ ਸਾਅਰ ਦੇ ਨਾਮ,” ਉਸਨੇ ਕਿਹਾ। “ਉਹ ਯਕੀਨਨ ਇਸ ਵਕਤ ਆਪਣੇ ਘਰ ਵਿੱਚ ਇਕੱਲਾ ਬੈਠਾ ਹੋਵੇਗਾ...ਓਹ ਵਿੱਲੀ, ਭੋਰਾ ਨਹੀਂ ਪਤਾ ਉਸਨੂੰ ਮਜ਼ਾ ਕੀ ਹੁੰਦਾ ਹੈ।”

(ਅਨੁਵਾਦ: ਚਰਨ ਗਿੱਲ)