ਅਨੁਵਾਦ:ਕੋਈ ਸਾਫ਼ ਸੁਥਰੀ ਅਤੇ ਰੌਸ਼ਨ ਜਗ੍ਹਾ

ਅੰਗਰੇਜ਼ੀ ਕਹਾਣੀ - A Clean, Well-Lighted Place

ਅਰਨੈਸਟ ਹੈਮਿੰਗਵੇ44262ਨੇਤਰਹੀਣ1933ਚਰਨ ਗਿੱਲ

ਰਾਤ ਅੱਧੀ ਤੋਂ ਜ਼ਿਆਦਾ ਗੁਜ਼ਰ ਚੁੱਕੀ ਸੀ। ਕੈਫ਼ੇ ਤਕਰੀਬਨ ਖ਼ਾਲੀ ਹੋ ਗਿਆ ਸੀ। ਸਿਰਫ਼ ਇੱਕ ਬੁੱਢਾ ਗਾਹਕ ਅਜੇ ਤੱਕ ਬਰਾਂਡੇ ਵਿੱਚ ਬੈਠਾ ਸੀ । ਬਰਾਂਡੇ ਦੇ ਦਰਖ਼ਤ ਦੇ ਉਪਰ ਬਿਜਲੀ ਦਾ ਬਲਬ ਸੀ, ਜਿਸ ਦੀ ਰੌਸ਼ਨੀ ਨਾਲ ਬਣਨ ਵਾਲੇ ਪੱਤਿਆਂ ਦੇ ਪਰਛਾਵੇਂ ਬੁੱਢੇ ਦੇ ਵਜੂਦ ਤੇ ਫੈਲੇ ਹੋਏ ਸਨ । ਦਿਨ ਦੇ ਵਕਤ ਬਰਾਂਡੇ ਅਤੇ ਸੜਕ ਉਪਰ ਧੂੜ ਮੰਡਲਾਉਂਦੀ ਸੀ ਲੇਕਿਨ ਰਾਤ ਨੂੰ ਇਸ ਦੇ ਸਬੱਬ, ਘਾਹ ਅਤੇ ਪੌਦੇ ਤ੍ਰੇਲ ਨਾਲ ਭਿੱਜ ਗਏ ਸਨ ਅਤੇ ਬੁੱਢਾ ਸਾਫ਼ ਫ਼ਿਜ਼ਾ ਵਿੱਚ ਦੇਰ ਤੱਕ ਬੈਠਣਾ ਪਸੰਦ ਕਰਦਾ ਸੀ । ਕੈਫ਼ੇ ਦੇ ਅੰਦਰ ਮੌਜੂਦ ਦੋਨੋਂ ਵੇਟਰ ਜਾਣਦੇ ਸਨ ਕਿ ਬੁੱਢਾ ਨਸ਼ੇ ਵਿੱਚ ਹੈ ਅਤੇ ਉਨ੍ਹਾਂ ਨੂੰ ਡਰ ਸੀ ਕਿ ਅਗਰ ਉਸ ਨੂੰ ਜ਼ਿਆਦਾ ਨਸ਼ਾ ਚੜ੍ਹ ਗਿਆ ਤਾਂ ਉਹ ਬਗ਼ੈਰ ਬਿੱਲ ਅਦਾ ਕੀਤੇ ਚੱਲਿਆ ਜਾਏਗਾ। ਉਂਝ ਤਾਂ ਬੁੱਢਾ ਅੱਛਾ ਗਾਹਕ ਸੀ ਲੇਕਿਨ ਕੋਈ ਨਹੀਂ ਜਾਣਦਾ ਸੀ ਕਿ ਮਦਹੋਸ਼ੀ ਵਿੱਚ ਉਹ ਕੀ ਕਰੇਗਾ। ਇਹ ਹੀ ਵਜ੍ਹਾ ਸੀ ਕਿ ਦੋਨੋਂ ਵੇਟਰਾਂ ਨੇ ਉਸ ਤੇ ਨਜ਼ਰ ਰੱਖੀ ਹੋਈ ਸੀ।

"ਬੀਤੇ ਹਫ਼ਤੇ ਉਸ ਨੇ ਖ਼ੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ" ਇੱਕ ਵੇਟਰ ਨੇ ਕਿਹਾ।

"ਕਿਉਂ?" ਦੂਸਰੇ ਨੇ ਪੁਛਿਆ

"ਕੋਈ ਵਜ੍ਹਾ ਨਹੀਂ ਸੀ"

"ਤੂੰ ਇਹ ਕਿਵੇਂ ਕਹਿ ਸਕਦਾ ਹੈਂ?"

"ਇਹ ਬਹੁਤ ਦੌਲਤਮੰਦ ਹੈ" ਪਹਿਲਾ ਵੇਟਰ ਫ਼ੈਸਲਾਕੁਨ ਅੰਦਾਜ਼ ਵਿੱਚ ਬੋਲਿਆ।

ਦੋਨੋਂ ਵੇਟਰ ਦਰਵਾਜ਼ੇ ਨਾਲ ਲੱਗੇ ਬੈਠੇ ਸੀ ਅਤੇ ਲਗਾਤਾਰ ਬਰਾਂਡੇ ਵੱਲ ਦੇਖ ਰਹੇ ਸੀ। ਸਾਰੀਆਂ ਮੇਜ਼ਾਂ ਖ਼ਾਲੀ ਸਨ। ਬੁੱਢਾ ਪੱਤਿਆਂ ਦੀ ਛਾਂ ਹੇਠਾਂ ਬੈਠਾ ਸੀ ਅਤੇ ਪੱਤੇ ਹਵਾ ਨਾਲ ਨਿਰੰਤਰ ਹਿਲ ਰਹੇ ਸੀ।

ਬੁੱਢੇ ਨੇ ਅਪਣਾ ਖ਼ਾਲੀ ਗਲਾਸ, ਮੇਜ਼ ਨਾਲ ਟਕਰਾਇਆ।

ਨੌਜਵਾਨ ਵੇਟਰ ਉਸ ਦੀ ਗੱਲ ਸੁਣਨ ਲਈ ਪੱਤਿਆਂ ਦੀ ਛਾਂ ਵਿੱਚ ਚਲਾ ਗਿਆ।

"ਕੀ ਚਾਹੀਦੈ ?"

ਬੁੱਢਾ ਕੁਛ ਦੇਰ ਵੇਟਰ ਨੂੰ ਦੇਖਦਾ ਰਿਹਾ। "ਇੱਕ ਹੋਰ ...ਬਰਾਂਡੀ"

"ਤੁਹਾਨੂੰ ਚੜ੍ਹ ਜਾਏਗੀ"। ਵੇਟਰ ਨੇ ਕਿਹਾ।

ਬੁੱਢਾ ਬਦਸਤੂਰ ਉਸ ਨੂੰ ਦੇਖਦਾ ਰਿਹਾ। ਵੇਟਰ ਕੈਫ਼ੇ ਅੰਦਰ ਚਲਾ ਗਿਆ।

"ਲਗਦਾ ਹੈ ਸਾਰੀ ਰਾਤ ਬੈਠੇਗਾ" ਉਹ ਆਪਣੇ ਸਾਥੀ ਦੇ ਪਾਸ ਪਹੁੰਚ ਕੇ ਬੁੜਬੜਾਇਆ। "ਮੈਨੂੰ ਤਿੰਨ ਬਜੇ ਤੋਂ ਪਹਿਲਾਂ ਸੌਣਾ ਨਸੀਬ ਨਹੀਂ ਹੁੰਦਾ। ਕਮਬਖ਼ਤ ਖ਼ੁਦਕਸ਼ੀ ਵਿੱਚ ਕਾਮਯਾਬ ਹੋ ਜਾਂਦਾ ਤਾਂ ਅੱਛਾ ਸੀ।"

ਵੇਟਰ ਨੇ ਬੁੜਬੜਾਉਂਦੇ ਹੋਏ ਬਰਾਂਡੀ ਦੀ ਬੋਤਲ ਉਠਾਈ ਅਤੇ ਕੈਫ਼ੇ ਤੋਂ ਨਿਕਲ ਇੱਕ ਮਰਤਬਾ ਫਿਰ ਪੱਤਿਆਂ ਦੀ ਛਾਂ ਵਿੱਚ ਪਹੁੰਚਿਆ। ਉਸ ਨੇ ਬਰਾਂਡੀ ਨਾਲ ਬੁੱਢੇ ਦਾ ਗਲਾਸ ਭਰ ਦਿੱਤਾ।

"ਤੁਸੀਂ ਖ਼ੁਦ ਨੂੰ ਮਾਰ ਹੀ ਲੈਂਦੇ ਤਾਂ ਅੱਛਾ ਸੀ।" ਵੇਟਰ ਨੇ ਆਹਿਸਤਾ ਜਿਹੇ ਕਿਹਾ।

ਉਹ ਜਾਣਦਾ ਸੀ ਕਿ ਬੁੱਢੇ ਨੂੰ ਉਚਾ ਸੁਣਦਾ ਹੈ।

"...ਹੋਰ ਪਾ," ਬੁੱਢੇ ਨੇ ਆਪਣੀ ਗੱਲ ਸਾਫ਼ ਕਰਨ ਲਈ ਹੱਥ ਨਾਲ ਇਸ਼ਾਰਾ ਵੀ ਕੀਤਾ।

ਇਸ ਮਰਤਬਾ ਵੇਟਰ ਨੇ ਗਲਾਸ ਏਨਾ ਭਰ ਦਿੱਤਾ ਕਿ ਥੋੜੀ ਜਿਹੀ ਬਰਾਂਡੀ ਗਲਾਸ ਵਿੱਚੋਂ ਛਲਕ ਕੇ ਮੇਜ਼ ਦੀ ਸੱਤ੍ਹਾ ਨੂੰ ਦਾਗ਼ਦਾਰ ਕਰ ਗਈ।

"ਸ਼ੁਕਰੀਆ" ਬੁੱਢੇ ਨੇ ਬਗ਼ੈਰ ਸਿਰ ਉਠਾਏ ਕਿਹਾ।

ਵੇਟਰ ਕੈਫ਼ੇ ਵਿੱਚ ਵਾਪਸ ਚਲਾ ਗਿਆ। ਉਹ ਬਰਾਂਡੀ ਦੀ ਬੋਤਲ ਅਲਮਾਰੀ ਵਿੱਚ ਰੱਖ ਦੁਬਾਰਾ ਆਪਣੇ ਸਾਥੀ ਦੇ ਪਾਸ ਬੈਠ ਗਿਆ।

"ਹੁਣ ਉਹ ਨਸ਼ੇ ਵਿੱਚ ਹੈ" ਉਸ ਨੇ ਕਿਹਾ।

"ਉਹ ਹਰ ਰਾਤ ਨਸ਼ੇ ਵਿੱਚ ਹੁੰਦਾ ਹੈ।"

"ਉਸ ਨੇ ਖ਼ੁਦ ਨੂੰ ਮਾਰਨਾ ਕਿਉਂ ਚਾਹਿਆ ਸੀ"।

"ਮੈਨੂੰ ਕੀ ਪਤਾ।"

"ਤਰੀਕਾ ਕੀ ਸੀ।"

"ਗਰਦਨ ਵਿੱਚ ਰੱਸੀ ਪਾ ਕੇ।"

"ਬਚਿਆ ਕਿਵੇਂ?"

"ਇਸ ਦੀ ਭਾਣਜੀ ਪਹੁੰਚ ਗਈ ਸੀ।"

"ਉਸ ਪਾਸ ਪੈਸੇ ਕਿਤਨੇ ਕੁ ਹਨ।"

"ਬਹੁਤ।"

"ਵੈਸੇ ਅੱਸੀ ਸਾਲ ਦੇ ਤਾਂ ਹੋਣਗੇ।"

"ਇੰਨੇ ਕੁ ਤਾਂ ਹੋਣੇ ਚਾਹੀਦੇ ਨੇ।"

"ਕਾਸ਼ ਹੁਣ ਇਹ ਘਰ ਚਲਾ ਜਾਏ। ਮੈਂ ਤਿੰਨ ਬਜੇ ਤੋਂ ਪਹਿਲਾਂ ਨਹੀਂ ਸੌਂ ਸਕਦਾ । ਕੀ ਮੁਸੀਬਤ ਹੈ?"

"ਇਸ ਨੂੰ ਜਾਗਣਾ ਪਸੰਦ ਹੈ।"

"ਇਹ ਇਕੱਲਾ ਰਹਿੰਦਾ ਹੈ। ਪ੍ਰੰਤੂ ਮੈਂ ਇਕੱਲਾ ਨਹੀਂ ਹਾਂ। ਮੇਰੀ ਬੀਵੀ ਮੇਰਾ ਇੰਤਜ਼ਾਰ ਕਰਦੀ ਹੈ।"

"ਇੱਕ ਜ਼ਮਾਨੇ ਵਿੱਚ ਇਸ ਦੀ ਵੀ ਬੀਵੀ ਸੀ।"

"ਹੁਣ ਇਸ ਦੀ ਬੀਵੀ ਹੁੰਦੀ ਵੀ ਤਾਂ ਇਸ ਦਾ ਕੀ ਕਰ ਸਕਦੀ ਸੀ।"

"ਕੀ ਕਹਿ ਸਕਦੇ ਹਾਂ। ਸ਼ਾਇਦ ਬੀਵੀ ਨਾਲ ਖ਼ੁਸ਼ ਰਹਿੰਦਾ।"

"ਇਸ ਦੀ ਭਾਣਜੀ ਤਾਂ ਹੈ। ਜਿਸ ਨੇ ਇਸ ਨੂੰ ਬਚਾਇਆ ਸੀ।"

"ਹਾਂ।"

"ਮੈਂ ਕਦੇ ਵੀ ਏਨਾ ਬੁੱਢਾ ਨਹੀਂ ਹੋਣਾ ਚਾਹਾਂਗਾ। ਬੁੱਢਾ ਆਦਮੀ ਇੱਕ ਮੁਸੀਬਤ ਹੁੰਦਾ ਹੈ।"

"ਸਭਨਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ। ਇਹ ਸਾਫ਼ ਸੁਥਰਾ ਬੁੱਢਾ ਹੈ। ਦੇਖੋ ਇਸ ਵਕਤ ਨਸ਼ੇ ਵਿੱਚ ਹੈ ਲੇਕਿਨ ਫਿਰ ਵੀ ਸਿਰ ਝੁਕਾਈ ਬਗ਼ੈਰ ਛਲਕਾਏ ਪੀ ਰਿਹਾ ਹੈ। ਦੇਖੋ।"

"ਦੇਖ ਰਿਹਾ ਹਾਂ। ਕਾਸ਼ ਇਹ ਹੁਣ ਘਰ ਜਾਏ। ਇਸ ਨੂੰ ਕਿਸੇ ਦਾ ਖ਼ਿਆਲ ਨਹੀਂ ਹੈ।"

ਬੁੱਢੇ ਨੇ ਸਿਰ ਉਠਾਇਆ ਅਤੇ ਕੈਫ਼ੇ ਦੇ ਅੰਦਰੂਨੀ ਹਿੱਸੇ ਵੱਲ ਦੇਖਿਆ। ਦੋਨੋਂ ਵੇਟਰ ਨਾਲ ਨਾਲ ਬੈਠੇ ਸੀ। ਇੱਕ ਨੌਜਵਾਨ ਸੀ। ਦੂਸਰੇ ਦੀ ਉਮਰ ਢਲ ਰਹੀ ਸੀ।

ਬੁੱਢੇ ਨੇ ਇੱਕ ਮਰਤਬਾ ਹੋਰ ਮੇਜ਼ ਤੇ ਗਲਾਸ ਟਕਰਾਇਆ। "ਬਰਾਂਡੀ...ਇੱਕ ਹੋਰ " ਉਸ ਨੇ ਗਲਾਸ ਵੱਲ ਇਸ਼ਾਰਾ ਕਰਦੇ ਹੋਏ ਬੁਲੰਦ ਆਵਾਜ਼ ਨਾਲ ਕਿਹਾ।

ਘਰ ਜਾਣ ਲਈ ਬੇਚੈਨ ਵੇਟਰ ਉਸ ਦੇ ਪਾਸ ਆਇਆ।

"ਖ਼ਤਮ" ਉਸ ਨੇ ਨਸ਼ੇ ਵਿੱਚ ਧੁੱਤ ਬੁੱਢੇ ਨੂੰ ਸਮਝਾਉਣ ਲਈ ਵਾਕਾਂ ਦੀ ਬਜਾਏ ਲਫ਼ਜ਼ਾਂ `ਤੇ ਜ਼ੋਰ ਦਿੰਦੇ ਹੋਏ ਕਿਹਾ। "ਬੰਦ। ਬੱਸ।"

"… ਇੱਕ ਹੋਰ," ਬੁੱਢੇ ਨੇ ਦੁਹਰਾਇਆ।

"ਖ਼ਤਮ। ਬੱਸ," ਵੇਟਰ ਨੇ ਗਲਾਸ ਉੱਠਾ ਕੇ ਮੇਜ਼ ਦੀ ਸਤ੍ਹਾ ਗਿਲੇ ਕੱਪੜੇ ਨਾਲ ਪੂੰਝਦੇ ਹੋਏ ਪੱਕੀ ਨਾਂਹ ਦੇ ਅੰਦਾਜ਼ ਵਿੱਚ ਕਿਹਾ।

ਬੁੱਢਾ ਖੜ੍ਹਾ ਹੋ ਗਿਆ। ਜੇਬ ਵਿੱਚੋਂ ਚਮੜੇ ਦਾ ਬਟੂਆ ਕਢ ਕੇ ਉਸ ਨੇ ਹਿਸਾਬ ਲਾਇਆ ਅਤੇ ਪੈਸੇ ਗਿਣੇ, ਬਿੱਲ ਅਦਾ ਕੀਤਾ ਅਤੇ ਇੱਕ ਛੋਟਾ ਨੋਟ ਬਖ਼ਸ਼ੀਸ਼ ਦੇ ਤੌਰ ਤੇ ਅਲੱਗ ਵੇਟਰ ਦੇ ਹੱਥ ਵਿੱਚ ਰੱਖ ਕੇ ਬਾਹਰ ਵੱਲ ਚਲ ਪਿਆ।

ਵੇਟਰ ਉਸ ਨੂੰ ਜਾਂਦੇ ਹੋਏ ਦੇਖਦਾ ਰਿਹਾ। ਲੜਖੜਾਉਣ ਦੇ ਬਾਵਜੂਦ ਯਕੀਨ ਨਾਲ ਚਲਦਾ ਬੁੱਢਾ ਆਦਮੀ। ਬੁੱਢਾ ਅਤੇ ਇਕੱਲਾ, ਪਰ ਬਾ ਵਕਾਰ।

"ਤੂੰ ਉਸ ਨੂੰ ਕੁਛ ਦੇਰ ਹੋਰ ਕਿਉਂ ਨਹੀਂ ਠਹਿਰਨ ਦਿੱਤਾ?" ਅਧੇੜ ਉਮਰ ਦੇ ਵੇਟਰ ਨੇ ਨੌਜਵਾਨ ਵੇਟਰ ਨੂੰ ਪੁਛਿਆ। "ਅਜੇ ਢਾਈ ਨਹੀਂ ਬਜੇ।"

"ਮੈਂ ਘਰ ਜਾਣਾ ਚਾਹੁੰਦਾ ਹਾਂ। ਆਪਣੇ ਬਿਸਤਰ `ਤੇ।"

"ਇੱਕ ਘੰਟਾ ਕੀ ਹੁੰਦਾ ਹੈ?"

"ਉਸ ਲਈ ਕੁਛ ਨਹੀਂ ਹੈ ਮੇਰੇ ਲਈ ਬਹੁਤ ਕੁਛ ਹੈ।"

"ਇੱਕ ਘੰਟਾ ਤਾਂ ਇੱਕ ਘੰਟਾ ਹੀ ਹੁੰਦਾ ਹੈ।"

"ਤੂੰ ਖ਼ੁਦ ਬੁੱਢੇ ਆਦਮੀਆਂ ਦੀ ਤਰ੍ਹਾਂ ਗੱਲਾਂ ਕਰਦਾ ਹੈਂ।" ਨਵ ਉਮਰ ਵੇਟਰ ਚਿੜ ਕੇ ਬੋਲਿਆ। ਉਸ ਨੂੰ ਏਨਾ ਹੀ ਸ਼ੌਕ ਹੈ ਤਾਂ ਬੋਤਲ ਖ਼ਰੀਦ ਕੇ ਘਰ ਲੈ ਜਾਏ, ਅਤੇ ਸਵੇਰ ਹੋਣ ਤੱਕ ਪੀਏ। ਇੱਕੋ ਹੀ ਗੱਲ ਹੈ।"

"ਇੱਕੋ ਹੀ ਗੱਲ ਤਾਂ ਨਹੀਂ ਹੈ।"

"ਹਾਂ ਫ਼ਰਕ ਤਾਂ ਹੈ" ਸ਼ਾਦੀ ਸ਼ੁਦਾ ਵੇਟਰ ਨੇ ਖ਼ੁਦ ਆਪਣੀ ਹੀ ਗੱਲ ਦੇ ਵਿਰੋਧ ਵਿੱਚ ਸਿਰ ਹਿਲਾਇਆ। ਉਹ ਗ਼ਲਤ ਗੱਲ ਤੇ ਅੜਨਾ ਨਹੀਂ ਚਾਹੁੰਦਾ ਸੀ। ਉਹ ਸਿਰਫ਼ ਜਲਦੀ ਵਿੱਚ ਸੀ।

"ਤੈਨੂੰ ਵਕਤ ਤੋਂ ਪਹਿਲਾਂ ਘਰ ਪਹੁੰਚਣ ਤੇ ਕਿਸੇ ਨਾਖ਼ੁਸ਼ਗਵਾਰ ਗੱਲ ਦਾ ਖ਼ਦਸ਼ਾ ਨਹੀਂ ਹੁੰਦਾ।"

"ਤੂੰ ਮੇਰੀ ਬੇਇੱਜ਼ਤੀ ਕਰ ਰਿਹਾ ਹੈਂ।" ਨੌਜਵਾਨ ਸੰਜੀਦਾ ਹੋ ਗਿਆ।

"ਨਹੀਂ। ਨਹੀਂ" ਅਧੇੜ ਉਮਰ ਦੇ ਵੇਟਰ ਨੇ ਮੁਸਕਰਾਉਂਦੇ ਹੋਏ ਵਜ਼ਾਹਤ ਕੀਤੀ । "ਮਜ਼ਾਕ ਕਰ ਰਿਹਾ ਹਾਂ, ਯਕੀਨ ਕਰ। ਮਹਿਜ਼ ਮਜ਼ਾਕ।"

"ਮੈਨੂੰ ਕਿਸੇ ਨਾਖ਼ੁਸ਼ਗਵਾਰ ਗੱਲ ਦਾ ਡਰ ਨਹੀਂ।" ਨਵ ਉਮਰ ਵੇਟਰ ਕੈਫ਼ੇ ਦੇ ਦਰਵਾਜ਼ੇ ਬੰਦ ਕਰਦੇ ਹੋਏ ਬੋਲਿਆ। "ਮੈਨੂੰ ਯਕੀਨ ਹੈ ਮੇਰਾ ਵਜੂਦ ਯਕੀਨ ਦੀ ਮਿੱਟੀ ਨਾਲ ਬਣਿਆ ਹੈ।"

"ਤੇਰੇ ਪਾਸ ਨੌਜਵਾਨੀ ਹੈ। ਯਕੀਨ ਹੈ। ਨੌਕਰੀ ਹੈ।" ਅਧੇੜ ਉਮਰ ਵੇਟਰ ਨੇ ਠੰਡੀ ਆਹ ਭਰੀ।

"ਤੇਰੇ ਪਾਸ ਹਰ ਚੀਜ਼ ਹੈ।"

"ਤੇਰੇ ਪਾਸ ਕਿਸ ਚੀਜ਼ ਦੀ ਕਮੀ ਹੈ?"

"ਸਿਵਾਏ ਨੌਕਰੀ ਦੇ, ਹਰ ਚੀਜ਼ ਦੀ..." ਮੈਂ ਕਦੇ ਵੀ ਪੁਰਯਕੀਨ ਨਹੀਂ ਰਿਹਾ। ਅਤੇ ਹੁਣ ਮੈਂ ਨੌਜਵਾਨ ਵੀ ਨਹੀਂ ਹਾਂ।"

ਕੁਝ ਪਲਾਂ ਲਈ ਖ਼ਾਮੋਸ਼ੀ ਛਾ ਗਈ।

"...ਮੈਂ ਉਨ੍ਹਾਂ ਲੋਕਾਂ ਵਿੱਚੋਂ ਹਾਂ ਜੋ ਹੋਟਲਾਂ ਵਿੱਚ ਦੇਰ ਤੱਕ ਠਹਿਰਨਾ ਚਾਹੁੰਦੇ ਹਨ।" ਢਲਦੀ ਉਮਰ ਵਾਲੇ ਵੇਟਰ ਦੀਆਂ ਨਜ਼ਰਾਂ ਖ਼ਲਾ ਵਿੱਚ ਖੁਭ ਗਈਆਂ। "ਉਹ ਲੋਕ ਜੋ ਜਲਦੀ ਬਿਸਤਰ ਤੇ ਨਹੀਂ ਜਾਣਾ ਚਾਹੁੰਦੇ। ਜਿਨ੍ਹਾਂ ਨੂੰ ਰਾਤ ਵੇਲੇ ਸਾਫ਼ ਸੁਥਰੀਆਂ ਅਤੇ ਰੌਸ਼ਨ ਥਾਵਾਂ ਦੀ ਤਲਾਸ਼ ਹੁੰਦੀ ਹੈ।"

"ਮੈਂ ਤਾਂ ਘਰ ਜਾ ਕੇ ਸੌਣਾ ਚਾਹੁੰਦਾ ਹਾਂ" ਛੋਟਾ ਉਕਤਾਹਟ ਨਾਲ ਬੋਲਿਆ।

"ਅਸੀਂ ਦੋ ਅੱਡ ਅੱਡ ਬੰਦੇ ਹਾਂ… ਅਤੇ ਇਹ ਸਿਰਫ਼ ਨੌਜਵਾਨੀ ਅਤੇ ਯਕੀਨ ਦੀ ਕਮੀ ਦੇ ਕਾਰਨ ਨਹੀਂ ਹੈ। ਮੈਂ ਹਰ ਰਾਤ ਕੈਫ਼ੇ ਬੰਦ ਕਰਨ ਤੋਂ ਪਹਿਲਾਂ ਸੋਚਦਾ ਹਾਂ ਕਿ ਕਿਤੇ ਐਸਾ ਨਾ ਹੋਏ ਕੋਈ ਕੈਫ਼ੇ ਵਿੱਚ ਬੈਠਣ ਆਏ ਅਤੇ ਉਸ ਨੂੰ ਮਾਯੂਸੀ ਪੱਲੇ ਪਏ।"

"ਪਰ ਪਿਛਲੀਆਂ ਗਲੀਆਂ ਵਾਲੇ ਸ਼ਰਾਬਖ਼ਾਨੇ ਤਾਂ ਰਾਤ ਭਰ ਖੁੱਲੇ ਰਹਿੰਦੇ ਹਨ।"

"ਤੂੰ ਸਮਝ ਨਹੀਂ ਰਿਹਾ। ਪਿਛਲੀ ਗਲੀ ਦੇ ਸ਼ਰਾਬ ਖ਼ਾਨੇ ਵੱਖਰੇ ਹਨ। ਇਹ ਇੱਕ ਸਾਫ਼ ਸੁਥਰਾ ਅਤੇ ਰੌਸ਼ਨ ਕੈਫ਼ੇ ਹੈ। ਇਸ ਤਰ੍ਹਾਂ ਦੀ ਜਗ੍ਹਾ ਰਾਤ ਦੇ ਹਨੇਰੇ ਅਤੇ ਤਨਹਾਈ ਵਿੱਚ ਬਹੁਤ ਖ਼ੁਸ਼ਗਵਾਰ ਮਹਿਸੂਸ ਹੁੰਦੀ ਹੈ। ਅਤੇ ਖ਼ਾਸ ਤੌਰ ਤੇ ਐਸੇ ਵਕਤ ਜਦੋਂ ਪੱਤਿਆਂ ਦੀ ਛਾਂ ਪੈ ਰਹੀ ਹੋਵੇ।"

"ਗੁਡ ਨਾਈਟ!" ਛੋਟੇ ਨੇ ਅੰਗੜਾਈ ਲੈਂਦੇ ਹੋਏ ਕਿਹਾ।

"ਗੁਡ ਨਾਈਟ!" ਵੱਡੇ ਨੇ ਜਵਾਬ ਦਿੱਤਾ। ਬੱਤੀਆਂ ਬੁਝਾਉਣ ਦੇ ਦੌਰਾਨ ਉਹ ਲਗਾਤਾਰ ਖ਼ੁਦ ਨਾਲ ਗੱਲਾਂ ਕਰਦਾ ਰਿਹਾ, "ਅਸਲ ਚੀਜ਼ ਤਾਂ ਰੌਸ਼ਨੀ ਹੈ। ਪਰ ਇਹ ਵੀ ਜ਼ਰੂਰੀ ਹੈ ਕਿ ਜਗ੍ਹਾ ਸਾਫ਼ ਸੁਥਰੀ ਹੋਵੇ। ਸੰਗੀਤ ਦੀ ਜ਼ਰੂਰਤ ਨਹੀਂ ਹੁੰਦੀ। ਸੰਗੀਤ ਦੀ ਕਤਈ ਜ਼ਰੂਰਤ ਨਹੀਂ ਹੁੰਦੀ। ਪਿਛਲੀਆਂ ਗਲੀਆਂ ਵਾਲੇ ਸ਼ਰਾਬ ਖ਼ਾਨਿਆਂ ਵਿੱਚ ਤਾਂ ਆਦਮੀ ਸਹੀ ਅੰਦਾਜ਼ ਵਿੱਚ ਖੜ੍ਹਾ ਵੀ ਨਹੀਂ ਹੋ ਸਕਦਾ। ਹਾਲਾਂ ਕਿ ਰਾਤ ਭਰ ਉਹ ਖੁੱਲ੍ਹੇ ਰਹਿੰਦੇ ਹਨ।"

ਉਹ ਕਿਸ ਚੀਜ਼ ਤੋਂ ਡਰ ਰਿਹਾ ਸੀ? ਨਹੀਂ ਇਸ ਨੂੰ ਡਰਨਾ ਨਹੀਂ ਕਹਿ ਸਕਦੇ। ਇਹ ਖ਼ੌਫ਼ ਨਹੀਂ ਸੀ। ਇਹ ਕੁਛ ਵੀ ਨਹੀਂ ਸੀ। ਕੋਈ ਕੁਛ ਵੀ ਨਹੀਂ ਸੀ। ਆਦਮੀ ਖ਼ੁਦ ਵੀ ਕੁਛ ਨਹੀਂ ਸੀ। ਬੱਸ ਇੰਨੀ ਕੁ ਗੱਲ ਸੀ। ਤੇ ਸਿਰਫ਼ ਰੌਸ਼ਨੀ ਦੀ ਜ਼ਰੂਰਤ ਸੀ। ਰੌਸ਼ਨੀ ਦੀ ਅਤੇ ਥੋੜੀ ਜਿਹੀ ਸਫ਼ਾਈ ਅਤੇ ਸਲੀਕੇ ਦੀ। ਕੁਛ ਇਸ ਵਿੱਚ ਰਹਿੰਦੇ ਸਨ, ਪਰ ਇਸ ਨੂੰ ਮਹਿਸੂਸ ਨਹੀਂ ਕਰਦੇ ਸਨ, ਮਗਰ ਉਹ ਜਾਣਦਾ ਸੀ ਇਹ ਸਭ ਬਕਵਾਸ ਹੈ। ਬਕਵਾਸ, ਖ਼ਾਲਸ ਬਕਵਾਸ। ਸਾਡਾ ਬਕਵਾਸ ਜੋ ਬਕਵਾਸ ਵਿੱਚ ਹੈ। ਬਕਵਾਸ ਦੀ ਕਿਸਮ, ਬਕਵਾਸ ਦੀ ਬਸਤੀ ਵਿੱਚ ਬਕਵਾਸ ਹੋਏਗਾ। ਜੈਸਾ ਕਿ ਬਕਵਾਸ ਵਿੱਚ ਹੈ। ਸਾਨੂੰ ਬਕਵਾਸ ਦਿਓ। ਸਾਡਾ ਰੋਜ਼ਾਨਾ ਦਾ ਬਕਵਾਸ। ਅਤੇ ਸਾਨੂੰ ਬਕਵਾਸ ਤੋਂ ਬਕਵਾਸ ਤੱਕ ਲੈ ਜਾਓ। ਅਤੇ ਬਕਵਾਸ ਵਿੱਚ ਬਕਵਾਸ ਦਾ ਅਮਲ ਰੋਕ ਕੇ ਬਕਵਾਸ ਤੋਂ ਨਿਜਾਤ ਦਿਲਾਉ ਕਿ ਅਸੀਂ ਬਕਵਾਸ ਤੋਂ ਅਲੱਗ ਹੋ ਕੇ ਬਕਵਾਸ ਨਾਲ ਇੱਕ ਹੋ ਸਕੀਏ। ਬਕਵਾਸ ਜ਼ਿੰਦਾਬਾਦ ਕਿ ਜੋ ਭਰਿਆ ਹੋਇਆ ਹੈ ਬਕਵਾਸ ਨਾਲ, ਅਤੇ ਰਹੇਗਾ ਤੇਰੇ ਸਾਥ ਹਮੇਸ਼ਾ ਬਕਵਾਸ।

ਉਹ ਮੁਸਕਰਾਇਆ ਅਤੇ ਉਸ ਸ਼ਰਾਬ ਖ਼ਾਨੇ ਵਿੱਚ ਦਾਖ਼ਲ ਹੋ ਗਿਆ। ਜਿਥੇ ਕੌਫ਼ੀ ਦੀ ਮਸ਼ੀਨ ਤੈਨਾਤ ਸੀ।

"ਕਿਆ ਚਾਹੀਏ?" ਕਾਊਂਟਰ ਦੇ ਪਿੱਛੇ ਖੜੇ ਸ਼ਖ਼ਸ ਨੇ ਪੁਛਿਆ।

"ਬਕਵਾਸ, ਇੱਕ ਪਿਆਲਾ।"

ਬਾਰਮੈਨ ਨੇ ਉਸ ਨੂੰ ਹੈਰਤ ਨਾਲ ਦੇਖਿਆ ਅਤੇ ਉਸ ਲਈ ਕੌਫ਼ੀ ਪਾਈ।

"ਇਥੇ ਰੌਸ਼ਨੀ ਤਾਂ ਮੁਨਾਸਬ ਹੈ।" ਉਸ ਨੇ ਮੁਸਕਰਾਉਂਦੇ ਹੋਏ ਕਿਹਾ। "ਲੇਕਿਨ ਦੀਵਾਰਾਂ ਨੂੰ ਸਲੀਕੇ ਨਾਲ ਸਜਾਇਆ ਨਹੀਂ ਗਿਆ। ਤੇ ਸਫ਼ਾਈ!"

ਬਾਰਮੈਨ ਉਸ ਦੀ ਗੱਲ ਦੇ ਜਵਾਬ ਵਿੱਚ ਕੁਛ ਨਹੀਂ ਬੋਲਿਆ। ਇਤਨੀ ਰਾਤ ਗਏ ਨਵੇਂ ਵਿਸ਼ੇ ਤੇ ਬਹਿਸ ਸ਼ੁਰੂ ਕਰਨਾ ਬੇਮਾਨੀ ਸੀ।

"ਕੁਛ ਹੋਰ ਚਾਹੀਏ?" ਬਾਰਮੈਨ ਨੇ ਪੁਛਿਆ।

"ਨਹੀਂ।ਸ਼ੁਕਰੀਆ" ਵੇਟਰ ਨੇ ਕਿਹਾ ਅਤੇ ਕਾਫ਼ੀ ਖ਼ਤਮ ਕਰ ਕੇ ਚੁੱਪਚਾਪ ਰਵਾਨਾ ਹੋ ਗਿਆ। ਉਸ ਨੂੰ ਪਿਛਲੀਆਂ ਗਲੀਆਂ ਦੇ ਸ਼ਰਾਬਖ਼ਾਨੇ ਵੈਸੇ ਵੀ ਅੱਛੇ ਨਹੀਂ ਲਗਦੇ ਸਨ। ਕਿਸੇ ਰੌਸ਼ਨ ਅਤੇ ਸਾਫ਼ ਸੁਥਰੀ ਜਗ੍ਹਾ ਦੀ ਗੱਲ ਹੀ ਹੋਰ ਹੁੰਦੀ ਹੈ। ਹੁਣ ਉਹ ਹੋਰ ਕੁਛ ਸੋਚੇ ਬਗ਼ੈਰ ਆਪਣੇ ਘਰ ਜਾਏਗਾ, ਬਿਸਤਰ ਤੇ ਲੰਮਾ ਪੈ ਜਾਏਗਾ, ਅਤੇ ਸੁਬ੍ਹਾ ਦੀ ਰੌਸ਼ਨੀ ਸੰਗ ਅੱਖਾਂ ਮੁੰਦਣ ਵਿੱਚ ਕਾਮਯਾਬ ਹੋ ਜਾਏਗਾ।

'ਮੈਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਹੈ'। ਉਸ ਨੇ ਖ਼ੁਦ ਨੂੰ ਯਕੀਨ ਦਿਲਾਇਆ। ਅਕਸਰ ਲੋਕਾਂ ਨੂੰ ਇਹ ਮਰਜ਼ ਹੁੰਦੀ ਹੈ।