ਅਨੁਵਾਦ:ਇੱਕ ਬਾਪ ਵਲੋਂ ਜੁਰਮ ਦਾ ਇਕਬਾਲ

ਇੱਕ ਬਾਪ ਵਲੋਂ ਜੁਰਮ ਦਾ ਇਕਬਾਲ
 ਮੋਪਾਸਾਂ
44187ਇੱਕ ਬਾਪ ਵਲੋਂ ਜੁਰਮ ਦਾ ਇਕਬਾਲਮੋਪਾਸਾਂ

ਮੋਸੀਓ ਬਾਦੂਨ ਲਰਮਿੰਸ ਦੇ ਜਨਾਜ਼ੇ ਵਿੱਚ ਜਿਵੇਂ ਸਾਰਾ ਸ਼ਹਿਰ ਹੀ ਉਮਡ ਆਇਆ ਸੀ। ਪਾਦਰੀ ਦੇ ਅੰਤਮ ਸੰਸਕਾਰ ਦੇ ਸਮੇਂ ਬੋਲੇ ਆਖ਼ਿਰੀ ਸ਼ਬਦ ਹਰ ਸ਼ਖਸ ਦੇ ਜ਼ਿਹਨ ਵਿੱਚ ਘੁੰਮ ਰਹੇ ਸਨ: "ਮਰਹੂਮ ਇੱਕ ਇਮਾਨਦਾਰ ਆਦਮੀ ਸੀ!"

ਇਸ ਕਥਨ ਵਿੱਚ ਕੋਈ ਸ਼ਕ ਨਹੀਂ ਸੀ। ਸਾਰੀ ਉਮਰ ਆਪਣੇ ਜੀਵਨ ਦੇ ਸਾਰੇ ਗਿਆਤ ਕੰਮਾਂ ਵਿਚ, ਆਪਣੀ ਕਹਿਣੀ ਅਤੇ ਕਰਨੀ ਵਿੱਚ ਆਪਣੇ ਰਵੱਈਏ ਅਤੇ ਆਪਣੇ ਉੱਦਮਾਂ ਵਿੱਚ, ਆਪਣੀ ਦਾੜ੍ਹੀ ਦੀ ਕੱਟਿੰਗ ਵਿਚ ਅਤੇ ਆਪਣੀਆਂ ਟੋਪੀਆਂ ਦੀਆਂ ਸ਼ਕਲਾਂ ਵਿੱਚ ਉਹ ਸਦਾ ਇੱਕ ਇਮਾਨਦਾਰ ਆਦਮੀ ਰਿਹਾ ਸੀ। ਉਸ ਨੇ ਕਦੀ ਕਦੇ ਅਜਿਹਾ ਸ਼ਬਦ ਨਹੀਂ ਕਿਹਾ ਸੀ ਜਿਸ ਨੇ ਇਕ ਮਿਸਾਲ ਕਾਇਮ ਨਾ ਕੀਤੀ ਹੋਵੇ ਅਤੇ ਗਰੀਬਾਂ ਨੂੰ ਖ਼ੈਰਾਤ ਦਿੰਦੇ ਵਕਤ ਉਹ ਨਾਲ ਕੁਝ ਤਸੱਲੀ ਅਤੇ ਨੇਕ ਸਲਾਹ ਅਵਸ਼ ਦਿੰਦਾ ਸੀ। ਉਸ ਨੂੰ ਮਿਲਣ ਵਾਲੇ ਹਰ ਬੰਦੇ ਨੂੰ ਇਹੀ ਅਹਿਸਾਸ ਹੁੰਦਾ ਕਿ ਉਹ ਉਸ ਲਈ ਦੁਆ ਕਰ ਰਿਹਾ ਸੀ। ਉਸ ਦੇ ਪਿੱਛੇ ਇੱਕ ਪੁੱਤਰ ਅਤੇ ਇੱਕ ਧੀ ਸਨ। ਉਸ ਦਾ ਪੁੱਤਰ ਕੌਂਸਲਰ ਅਤੇ ਜੁਆਈ, ਪੋਇਰੇਲ ਦੇ ਲਾ ਵੁਲਤ ਇੱਕ ਕਾਮਯਾਬ ਵਕੀਲ ਸੀ। ਦੋਨੋਂ ਆਪਣੇ ਆਪਣੇ ਪੇਸ਼ੇ ਵਿੱਚ ਸੁਹਣੀ ਸ਼ੋਹਰਤ ਦੇ ਧਾਰਨੀ ਸਮਝੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਸ਼ਰੀਫ਼ ਲੋਕਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਸੀ। ਦੋਨੋਂ ਬੱਚੇ ਆਪਣੇ ਬਾਪ ਨਾਲ ਸੱਚਾ ਪਿਆਰ ਕਰਦੇ ਸਨ, ਇਸ ਲਈ ਜਨਾਜ਼ੇ ਦੇ ਦੌਰਾਨ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਦੀ ਝੜੀ ਵਰਸਾ ਰਹੀਆਂ ਸੀ।

ਰਸਮਾਂ ਖ਼ਤਮ ਹੋਈਆਂ ਤਾਂ ਪੁੱਤਰ, ਧੀ ਅਤੇ ਜੁਆਈ ਵਾਪਸ ਆਪਣੇ ਘਰ ਪਰਤੇ ਅਤੇ ਆਪਣੇ ਮਰਹੂਮ ਬਾਪ ਦੀ ਲਾਇਬਰੇਰੀ ਵਿੱਚ ਜਾ ਬੈਠੇ। ਮਰਹੂਮ ਦੀਆਂ ਹਿਦਾਇਤਾਂ ਦੇ ਮੁਤਾਬਕ ਉਨ੍ਹਾਂ ਦੀ ਵਸੀਅਤ ਦੇ ਕਾਗ਼ਜ਼ ਤਿੰਨੋਂ ਸਿਰਫ ਉਸੇ ਸੂਰਤ ਵਿੱਚ ਖੋਲ੍ਹ ਸਕਦੇ ਸਨ ਜਦੋਂ ਇਸ ਤਿੰਨਾਂ ਦੇ ਇਲਾਵਾ ਹੋਰ ਕੋਈ ਮੌਜੂਦ ਨਾ ਹੋਵੇ ਅਤੇ ਮਰਹੂਮ ਨੂੰ ਦਫ਼ਨਾਇਆ ਜਾ ਚੁੱਕਾ ਹੋਵੇ। ਇਹ ਹਿਦਾਇਤਾਂ ਵਸੀਅਤ ਦੇ ਲਿਫਾਫੇ ਦੇ ਨਾਲ ਨੱਥੀ ਇੱਕ ਕਾਗ਼ਜ਼ ਉੱਤੇ ਲਿਖੀਆਂ ਸਨ। ਮਰਹੂਮ ਦੇ ਜਵਾਈ ਨੇ ਬਿਲਕੁਲ ਇੱਕ ਵਕੀਲ ਦੀ ਤਰ੍ਹਾਂ ਲਿਫਾਫਾ ਚਾਕ ਕੀਤਾ ਅਤੇ ਆਪਣੇ ਨੱਕ ਉੱਤੇ ਐਨਕ ਟਿਕਾਉਂਦੇ ਹੋਏ ਬਿਲਕੁਲ ਇੱਕ ਵਕੀਲ ਵਾਂਗ ਅਜਿਹੇ ਸਪਾਟ ਲਹਿਜੇ ਵਿੱਚ ਵਸੀਅਤ ਨੂੰ ਪੜ੍ਹਨਾ ਸ਼ੁਰੂ ਕੀਤਾ ਜਿਸ ਵਿੱਚ ਕਾਨੂੰਨੀ ਦਸਤਾਵੇਜ਼ ਪੜ੍ਹੇ ਜਾਂਦੇ ਹਨ:

ਮੇਰੇ ਬੱਚਿਓ ਮੇਰੇ ਪਿਆਰੇ ਬੱਚਿਓ! ਮੈਂ ਜਾਣਦਾ ਸੀ ਕਿ ਜੇਕਰ ਮੈਂ ਆਪਣੀ ਮੌਤ ਦੇ ਬਾਅਦ ਤੁਹਾਡੇ ਸਾਹਮਣੇ ਇੱਕ ਗੁਨਾਹ ਦਾ ਇਕਬਾਲ ਨਾ ਕੀਤਾ ਤਾਂ ਮੈਂ ਕਬਰ ਵਿੱਚ ਵੀ ਚੈਨ ਨਾਲ ਨਹੀਂ ਰਹਿ ਸਕਾਂਗਾ। ਇੱਕ ਗੁਨਾਹ ਦਾ ਇਕਬਾਲ, ਜਿਸਦੀ ਪਸ਼ੇਮਾਨੀ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਹਾਂ, ਮੈਂ ਇੱਕ ਜੁਰਮ ਕੀਤਾ ਸੀ, ਇੱਕ ਭਿਆਨਕ ਅਤੇ ਘਿਣਾਉਣਾ ਜੁਰਮ।

ਮੈਂ ਪੰਝੀ ਸਾਲ ਦਾ ਸੀ ਅਤੇ ਪੈਰਸ ਬਾਰ ਵਿੱਚ ਵਕਾਲਤ ਕਰਦੇ ਹੋਏ ਮੈਨੂੰ ਕੁੱਝ ਹੀ ਅਰਸਾ ਹੋਇਆ ਸੀ। ਪੈਰਸ ਵਿੱਚ ਦੂਜੇ ਬਹੁਤ ਸਾਰੇ ਅਜਿਹੇ ਨੌਜਵਾਨ, ਜੋ ਦੂਰ ਦਰਾਜ਼ ਦੇ ਦਿਹਾਤ ਤੋਂ ਇਸ ਸ਼ਹਿਰ ਵਿੱਚ ਕਿਸੇ ਵਾਕਫ਼ੀਅਤ, ਰਿਸ਼ਤੇਦਾਰੀ ਜਾਂ ਦੋਸਤੀ ਦੇ ਬਿਨਾਂ ਕਿਸਮਤ ਆਜ਼ਮਾਈ ਕਰਨ ਆ ਜਾਂਦੇ ਹਾਂ, ਮੈਂ ਵੀ ਬਿਲਕੁਲ ਉਨ੍ਹਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਿਹਾ ਸੀ।

ਫਿਰ ਮੇਰੀ ਮੁਲਾਕ਼ਾਤ ਇੱਕ ਕੁੜੀ ਨਾਲ ਹੋਈ। ਕੁੱਝ ਲੋਕ ਇਕੱਲੇ ਨਹੀਂ ਰਹਿ ਸਕਦੇ। ਮੈਂ ਵੀ ਉਨ੍ਹਾਂ ਲੋਕਾਂ ਵਿੱਚੋਂ ਹਾਂ। ਸ਼ਾਮ ਦੇ ਵਕਤ ਆਪਣੇ ਕਮਰੇ ਵਿੱਚ ਅੰਗੀਠੀ ਦੇ ਸਾਹਮਣੇ ਇਕੱਲਾ ਬੈਠਣਾ ਮੇਰੇ ਲਈ ਕਿਸੇ ਤਸੀਹੇ ਨਾਲੋਂ ਘੱਟ ਨਹੀਂ ਸੀ। ਮੈਨੂੰ ਅਜਿਹਾ ਮਹਿਸੂਸ ਹੁੰਦਾ ਜਿਵੇਂ ਮੈਂ ਇਸ ਦੁਨੀਆ ਵਿੱਚ ਇੱਕੋ ਇੱਕ ਇਨਸਾਨ ਹਾਂ, ਉੱਕਾ ਇਕੱਲਾ, ਅਤੇ ਮੇਰੇ ਚਾਰ ਚੁਫੇਰੇ ਧੁੰਦਲੇ ਧੁੰਦਲੇ ਖ਼ਤਰੇ ਮੰਡਲਾ ਰਹੇ ਹਨ, ਅਜਨਬੀ ਅਤੇ ਖੌਫਨਾਕ ਖ਼ਤਰੇ; ਅਤੇ ਮੇਰੇ ਕਮਰੇ ਅਤੇ ਮੇਰੇ ਗੁਆਂਢੀ ਦੇ ਦਰਮਿਆਨ ਜੋ ਕੰਧ ਹੈ, ਉਹ ਗੁਆਂਢੀ ਜਿਸਦਾ ਮੈਂ ਨਾਮ ਤੱਕ ਨਹੀਂ ਜਾਣਦਾ, ਉਸ ਕੰਧ ਦੇ ਪਾਰ ਉਹ ਮੇਰੇ ਤੋਂ ਇੰਨਾ ਹੀ ਦੂਰ ਹੈ ਜਿੰਨੇ ਮੇਰੀ ਖਿੜਕੀ ਵਿੱਚ ਝਿਲਮਿਲਾਉਂਦੇ ਤਾਰੇ। ਜਦੋਂ ਮੈਂ ਇਕੱਲਾ ਹੁੰਦਾ ਹਾਂ ਤਾਂ ਮੈਨੂੰ ਬੁਖਾਰ ਜਿਹਾ ਹੋਣ ਲੱਗਦਾ ਹੈ, ਖੌਫ ਅਤੇ ਬੇਚੈਨੀ ਦਾ ਬੁਖਾਰ, ਅਤੇ ਮੈਨੂੰ ਕਮਰੇ ਦੀਆਂ ਖ਼ਾਮੋਸ਼ ਕੰਧਾਂ ਤੋਂ ਖੌਫ ਆਉਣ ਲੱਗਦਾ ਹੈ। ਜਿਸ ਕਮਰੇ ਵਿੱਚ ਕੋਈ ਇਕੱਲਾ ਰਹਿੰਦਾ ਹੈ ਉਸ ਕਮਰੇ ਦੀ ਖ਼ਾਮੋਸ਼ੀ ਇੰਨੀ ਗਹਿਰੀ ਅਤੇ ਉਦਾਸ ਹੁੰਦੀ ਹੈ ਕਿ ਇਸ ਦਾ ਅਸਰ ਬੰਦੇ ਦੇ ਦਿਮਾਗ਼ ਤੇ ਵੀ ਪੈਂਦਾ ਹੈ। ਕਮਰੇ ਵਿੱਚ ਰਹਿਣ ਵਾਲਾ ਇਸ ਖ਼ਾਮੋਸ਼ੀ ਤੋਂ ਇਸ ਕਦਰ ਆਸਵੰਦ ਹੋ ਜਾਂਦਾ ਹੈ ਕਿ ਕਿਸੇ ਕੁਰਸੀ ਜਾਂ ਮੇਜ਼ ਦੀ ਹਲਕੀ ਜਿਹੀ ਚਿਰਚਰਾਹਟ ਵੀ ਕੰਨਾਂ ਦੇ ਪਰਦੇ ਪਾੜ ਦਿੰਦੀ ਹੈ।

ਨਾ ਜਾਣੇ ਕਿੰਨੀ ਵਾਰ, ਇਸ ਸੁੰਨਮਸੁੰਨਤਾ ਤੋਂ ਘਬਰਾ ਕੇ ਮੈਂ ਖ਼ੁਦ ਆਪਣੇ ਆਪ ਨਾਲ ਗੱਲਾਂ ਕਰਨਾ ਸ਼ੁਰੂ ਕਰ ਦਿੰਦਾ। ਬੇਤੁਕਾ ਅਤੇ ਉਘੜ-ਦੁਘੜਾ ਬੋਲਦਾ ਰਹਿੰਦਾ; ਬਸ ਸਿਰਫ ਕਮਰੇ ਦੀ ਚੁੱਪ ਤੋੜਨ ਦੇ ਲਈ। ਅਜਿਹੇ ਪਲਾਂ ਵਿੱਚ ਮੈਨੂੰ ਆਪਣੀ ਹੀ ਆਵਾਜ਼ ਇੰਨੀ ਅਜੀਬ ਸੁਣਾਈ ਦਿੰਦੀ ਕਿ ਮੈਨੂੰ ਇਸ ਕੋਲੋਂ ਵੀ ਖੌਫ ਆਉਂਦਾ। ਕਿਸੇ ਖ਼ਾਲੀ ਘਰ ਵਿੱਚ ਆਪਣੇ ਆਪ ਨਾਲ ਗੱਲਾਂ ਕਰਨ ਨਾਲੋਂ ਜ਼ਿਆਦਾ ਖੌਫ਼ਨਾਕ ਗੱਲ ਹੋਰ ਕੀ ਹੋ ਸਕਦੀ ਹੈ? ਖ਼ੁਦ ਆਪਣੀ ਆਵਾਜ਼ ਵੀ ਕਿਸੇ ਦੂਜੇ ਦੀ ਲੱਗਦੀ ਹੈ; ਓਪਰੀ ਓਪਰੀ, ਜਿਸਦੀ ਕੋਈ ਦਿਸ਼ਾ ਨਹੀਂ ਹੁੰਦੀ, ਜਿਸਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਕਮਰੇ ਦੀ ਖ਼ਾਮੋਸ਼ੀ ਵਿੱਚ ਬੁਲੰਦ ਹੋਣ ਤੋਂ ਪਹਿਲਾਂ ਹੀ ਬੋਲਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਸ਼ਬਦ ਬੋਲੇ ਜਾਣਗੇ। ਫਿਰ ਜਦੋਂ ਇਹ ਸ਼ਬਦ ਦਿਲਗੀਰ ਅੰਦਾਜ਼ ਵਿੱਚ ਕਮਰੇ ਦੀਆਂ ਕੰਧਾਂ ਨਾਲ ਟਕਰਾ ਕਰ ਪਰਤਦੇ ਹਨ ਤਾਂ ਉਨ੍ਹਾਂ ਦੀ ਗੂੰਜ ਅਜੀਬ ਜਿਹੀ ਹੁੰਦੀ ਹੈ; ਅਜਿਹੀ ਗੂੰਜ ਜੋ ਸਿਰਫ ਅਜਿਹੇ ਸ਼ਬਦਾਂ ਤੋਂ ਪੈਦਾ ਹੁੰਦੀ ਹੈ, ਜੋ ਖ਼ੁਦ ਆਪਣੇ ਹੀ ਖ਼ਿਆਲਾਂ ਦੇ ਉਚਾਰੇ ਹੋਏ ਹੁੰਦੇ ਹਨ।

ਉਹ ਕੁੜੀ ਛੇਤੀ ਹੀ ਮੇਰੇ ਨਾਲ ਰਹਿਣ ਲੱਗੀ। ਪੈਰਸ ਵਿੱਚ ਉਸ ਵਰਗੀਆਂ ਹੋਰ ਬਹੁਤ ਨੌਜਵਾਨ ਲੜਕੀਆਂ ਸਨ ਜਿਨ੍ਹਾਂ ਦੀ ਆਮਦਨ ਉਨ੍ਹਾਂ ਦੇ ਖਰਚਿਆਂ ਲਈ ਨਾਕਾਫੀ ਹੁੰਦੀ ਹੈ। ਉਹ ਬਹੁਤ ਸਿੱਧੀ ਸਾਦੀ ਅਤੇ ਪਿਆਰੀ ਕੁੜੀ ਸੀ। ਉਸ ਦੇ ਮਾਂ-ਪਿਉ ਪਵਾਸੀ ਰਹਿੰਦੇ ਸਨ। ਓਹ ਕਦੇ ਕਦਾਈਂ ਉਨ੍ਹਾਂ ਦੇ ਕੋਲ ਕੁਝ ਦਿਨ ਕੱਟਣ ਜਾਇਆ ਕਰਦੀ ਸੀ। ਸਾਨੂੰ ਇਕੱਠੇ ਰਹਿੰਦੇ ਹੋਏ ਤਕਰੀਬਨ ਇੱਕ ਸਾਲ ਹੋ ਚੁੱਕਿਆ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਜਿਸ ਦਿਨ ਮੈਨੂੰ ਕੋਈ ਦੂਜੀ ਅਜਿਹੀ ਕੁੜੀ ਮਿਲੀ ਜੋ ਵਿਆਹ ਕਰਨ ਦੇ ਲਾਇਕ ਹੋਈ ਤਾਂ ਮੈਂ ਉਸ ਕੁੜੀ ਨੂੰ ਫ਼ੌਰਨ ਛੱਡ ਦੇਵਾਂਗਾ। ਉਸ ਕੁੜੀ ਨੂੰ ਯਕੀਨਨ ਕੁੱਝ ਦੇਕੇ ਜਾਵਾਂਗਾ, ਕਿਉਂਕਿ ਸਾਡੇ ਸਮਾਜ ਦਾ ਇਹ ਇੱਕ ਪ੍ਰਚਲਿਤ ਸਿਧਾਂਤ ਹੈ ਕਿ ਕਿਸੇ ਵੀ ਔਰਤ ਦੇ ਪਿਆਰ ਦੀ ਅਦਾਇਗੀ ਕਰਨੀ ਹੁੰਦੀ ਹੈ, ਜੇਕਰ ਔਰਤ ਗਰੀਬ ਹੋਵੇ ਤਾਂ ਪੈਸੇ ਨਾਲ ਅਤੇ ਜੇਕਰ ਅਮੀਰ ਹੋਵੇ ਤਾਂ ਤੋਹਫ਼ੇ ਦੇ ਕੇ।

ਫਿਰ ਇੱਕ ਦਿਨ ਉਸਨੇ ਮੈਨੂੰ ਦੱਸਿਆ ਕਿ ਉਹ ਮਾਂ ਬਨਣ ਵਾਲੀ ਹੈ। ਮੇਰੇ ਤੇ ਤਾਂ ਜਿਵੇਂ ਬਿਜਲੀ ਡਿੱਗ ਪਈ ਅਤੇ ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਤਬਾਹ ਹੋ ਜਾਵੇਗੀ। ਮੈਂ ਸਾਰੀ ਉਮਰ ਲਈ ਇਸ ਸੰਗਲ ਵਿੱਚ ਜਕੜਿਆ ਜਾਵਾਂਗਾ। ਇਹ ਸੰਗਲ ਮੇਰੀ ਮੌਤ ਤੱਕ ਮੇਰੇ ਪੈਰਾਂ ਵਿੱਚ ਪਿਆ ਰਹੇਗਾ। ਮੇਰੇ ਹਾਲ ਵਿੱਚ ਅਤੇ ਮੇਰੇ ਭਵਿੱਖ ਵਿੱਚ। ਬੁਢੇਪੇ ਵਿੱਚ ਵੀ ਇਹ ਔਰਤ, ਮੇਰੇ ਉਸ ਨਾਜਾਇਜ਼ ਬੱਚੇ, ਮੈਂ ਜਿਸਦੀ ਪਰਵਰਿਸ਼ ਕਰਨੀ ਹੋਵੇਗੀ, ਜਿਸਦੀ ਵੇਖ-ਭਾਲ ਕਰਨੀ ਹੋਵੇਗੀ; ਖ਼ੁਦ ਨੂੰ ਉਸ ਤੋਂ ਗੁਪਤ ਰੱਖਦੇ ਹੋਏ ਅਤੇ ਉਸ ਨੂੰ ਦੁਨੀਆ ਕੋਲੋਂ ਗੁਪਤ ਰੱਖਦੇ ਹੋਏ; ਇਸ ਬੱਚੇ ਦੇ ਨਾਤੇ ਮੇਰੇ ਨਾਲ ਜੁੜੀ ਰਹੇਗੀ।

ਇਸ ਖ਼ਬਰ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ ਅਤੇ ਮੇਰੇ ਦਿਲ ਵਿੱਚ ਅਜੀਬ ਅਜੀਬ ਜੁਰਮ ਦੇ ਖ਼ਿਆਲ ਆਉਣ ਲੱਗੇ। ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਕੀੜਾ ਕੁਰਬਲ ਕੁਰਬਲ ਕਰਨ ਲੱਗਾ। ਮੈਂ ਇਸਨੂੰ ਸੂਤਰਬਧ ਸ਼ਕਲ ਵਿੱਚ ਕਦੇ ਨਹੀਂ ਚਿਤਵਿਆ ਪਰ ਇਹ ਖ਼ਿਆਲ ਮੇਰੇ ਮਨ ਵਿੱਚ ਘਰ ਕਰ ਗਿਆ, ਬਾਹਰ ਆਉਣ ਲਈ ਉਤਾਵਲਾ। ਜਿਵੇਂ ਕੋਈ ਪਰਦੇ ਦੇ ਪਿੱਛੇ ਬੈਠਾ ਹੋਵੇ, ਸਿਰਫ ਇੱਕ ਇਸ਼ਾਰੇ ਦੀ ਉਡੀਕ ਕਰ ਰਿਹਾ ਹੋਵੇ, ਛਾਲ ਮਾਰ ਕੇ ਸਾਹਮਣੇ ਆਉਣ ਦੇ ਲਈ। ਜੇਕਰ ਕੋਈ ਹਾਦਸਾ ਪੇਸ਼ ਆ ਜਾਏ ਤਾਂ? ਨਾ ਜਾਣੇ ਕਿੰਨੇ ਬੱਚੇ ਜਨਮ ਤੋਂ ਪਹਿਲਾਂ ਵੀ ਤਾਂ ਮਰ ਜਾਂਦੇ ਹਨ।

ਓਹ! ਮੈਂ ਉਸ ਕੁੜੀ ਦੀ ਮੌਤ ਨਹੀਂ ਚਾਹੁੰਦਾ ਸੀ। ਮੈਨੂੰ ਉਹ ਬਹੁਤ ਚੰਗੀ ਲੱਗਦੀ ਸੀ। ਪਰ ਸ਼ਾਇਦ ਮੇਰੇ ਦਿਲ ਵਿੱਚ ਇਹ ਖਾਹਿਸ਼ ਦਿਨ-ਬ-ਦਿਨ ਵੱਧਦੀ ਹੀ ਜਾਂਦੀ ਸੀ ਕਿ ਇਹ ਬੱਚਾ ਮੇਰੀ ਨਿਗਾਹਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਮਰ ਜਾਵੇ। ਫਿਰ ਇੱਕ ਦਿਨ ਉਹ ਪੈਦਾ ਹੋ ਗਿਆ। ਅਤੇ ਮੇਰਾ ਛੋਟਾ ਜਿਹਾ ਮਕਾਨ ਇੱਕ ਝੂਠ-ਮੂਠ ਦਾ ਘਰ ਬਣ ਗਿਆ। ਜਿਸ ਵਿੱਚ ਮੈਂ, ਕੁੜੀ ਅਤੇ ਉਹ ਬੱਚਾ ਰਹਿੰਦੇ ਸੀ। ਦੇਖਣ ਵਿੱਚ ਉਹ ਦੂਜੇ ਸਭ ਬੱਚਿਆਂ ਵਰਗਾ ਸੀ। ਮੈਂ ਉਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਬਾਪ ਦੀ ਮੁਹੱਬਤ ਵੈਸੇ ਵੀ ਕਾਫ਼ੀ ਦੇਰ ਬਾਅਦ ਪੈਦਾ ਹੁੰਦੀ ਹੈ। ਉਨ੍ਹਾਂ ਵਿੱਚ ਮਾਵਾਂ ਵਰਗੀ ਆਪਮੁਹਾਰੀ ਅਤੇ ਜੋਸ਼ੀਲੀ ਮਮਤਾ ਨਹੀਂ ਹੁੰਦੀ। ਇੱਕ ਬਾਪ ਦੀ ਮੁਹੱਬਤ ਹੌਲੀ ਹੌਲੀ ਵੱਧਦੀ ਹੈ। ਉਨ੍ਹਾਂ ਦਾ ਮਨ ਨਿੱਤ ਦਿਹਾੜੀ ਦੇ ਉਨ੍ਹਾਂ ਸੰਬੰਧਾਂ ਦਾ ਅਸਰ ਕਬੂਲ ਕਰਦਾ ਹੈ, ਜੋ ਇੱਕ ਅਰਸੇ ਤੱਕ ਨਾਲ ਰਹਿਣ ਵਾਲੇ ਲੋਕਾਂ ਦੇ ਦਰਮਿਆਨ ਪੈਦਾ ਹੁੰਦੇ ਹਨ।

ਇੱਕ ਸਾਲ ਬੀਤ ਗਿਆ ਅਤੇ ਮੈਂ ਮੱਲੋਮੱਲੀ ਘਰ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ। ਮੇਰਾ ਘਰ ਬਹੁਤ ਛੋਟਾ ਸੀ ਅਤੇ ਹੁਣ ਇਸ ਵਿੱਚ ਹਰ ਜਗ੍ਹਾ ਪੋਤੜੇ, ਬੱਚੇ ਦੇ ਕੱਪੜੇ, ਦਸਤਾਨਿਆਂ ਦੇ ਆਕਾਰ ਦੀਆਂ ਜੁਰਾਬਾਂ, ਜਾਣੀ ਕਿ ਅਨਗਿਣਤ ਭਾਂਤ ਭਾਂਤ ਦੀਆਂ ਚੀਜਾਂ ਹਰ ਜਗ੍ਹਾ ਖਿਲਰੀਆਂ ਵਿਖਾਈ ਦਿੰਦੀਆਂ ਸਨ। ਮੈਂ ਆਮ ਤੌਰ ਤੇ ਬੱਚੇ ਦੇ ਰੋਣ ਧੋਣ ਤੋਂ ਤੰਗ ਆਕੇ ਘਰੋਂ ਬਾਹਰ ਨਿਕਲ ਜਾਂਦਾ ਸੀ। ਉਹ ਹਰ ਗੱਲ ਤੇ ਰੋਣ ਲੱਗਦਾ ਸੀ। ਨਹਿਲਾਏ ਜਾਣ ਉੱਤੇ, ਕੱਪੜੇ ਬਦਲੇ ਜਾਣ ਤੇ, ਛੂ ਲਏ ਜਾਣ ਤੇ, ਸੁਲਾਏ ਜਾਣ ਤੇ, ਸਵੇਰ ਵਕਤ ਚੁੱਕੇ ਜਾਣ ਤੇ, ਹਰ ਵਕਤ ਲਗਾਤਾਰ।

ਫਿਰ ਇੱਕ ਦਿਨ ਇੱਕ ਪਾਰਟੀ ਵਿੱਚ ਮੇਰੀ ਮੁਲਾਕ਼ਾਤ ਉਸ ਕੁੜੀ ਨਾਲ ਹੋਈ ਜੋ ਬਾਅਦ ਵਿੱਚ ਤੁਹਾਡੀ ਮਾਂ ਬਣੀ। ਮੈਂ ਪਹਿਲੀ ਹੀ ਨਜ਼ਰ ਵਿੱਚ ਉਸ ਦੀ ਮੁਹੱਬਤ ਦਾ ਕੈਦੀ ਹੋ ਗਿਆ ਅਤੇ ਮੈਂ ਫ਼ੌਰਨ ਫੈਸਲਾ ਕਰ ਲਿਆ ਕਿ ਮੈਂ ਇਸ ਨਾਲ ਵਿਆਹ ਕਰਾਂਗਾ। ਕੁੱਝ ਸਮੇਂ ਦੀਆਂ ਮੇਲ-ਮੁਲਾਕਾਤਾਂ ਦੇ ਬਾਅਦ ਮੈਂ ਉਸ ਦੇ ਮਾਂ-ਪਿਉ ਨੂੰ ਮਿਲਿਆ ਅਤੇ ਉਨ੍ਹਾਂ ਕੋਲੋਂ ਧੀ ਦਾ ਹੱਥ ਮੰਗ ਲਿਆ। ਉਨ੍ਹਾਂ ਨੇ ਮੇਰੀ ਬੇਨਤੀ ਕਬੂਲ ਕਰ ਲਈ ਅਤੇ ਸਾਨੂੰ ਵਿਆਹ ਦੀ ਆਗਿਆ ਦੇ ਦਿੱਤੀ।

ਇਸ ਦੇ ਨਾਲ ਹੀ ਨਾਲ ਮੈਂ ਇੱਕ ਦੋਚਿੱਤੀ ਵਿੱਚ ਫਸ ਗਿਆ। ਹੁਣ ਮੇਰੇ ਸਾਹਮਣੇ ਸਿਰਫ ਦੋ ਹੀ ਰਸਤੇ ਸਨ। ਜਾਂ ਤਾਂ ਮੈਂ ਇੱਕ ਨਾਜਾਇਜ਼ ਬੱਚੇ ਦਾ ਬਾਪ ਹੋਣ ਦੇ ਬਾਵਜੂਦ ਇਸ ਕੁੜੀ ਨਾਲ ਵਿਆਹ ਕਰ ਲੈਂਦਾ ਜਿਸਨੂੰ ਮੈਂ ਦੀਵਾਨਿਆਂ-ਹਾਰ ਮੁਹੱਬਤ ਕਰਦਾ ਸੀ। ਅਤੇ ਜਾਂ ਫਿਰ ਉਸ ਨੂੰ ਸਾਰੀ ਹਕੀਕਤ ਬਿਆਨ ਕਰ ਦਿੰਦਾ ਅਤੇ ਉਸ ਕੁੜੀ ਨੂੰ, ਆਪਣੀ ਖ਼ੁਸ਼ੀਆਂ ਨੂੰ, ਆਪਣੇ ਭਵਿੱਖ ਨੂੰ ਗੁਆ ਬੈਠਦਾ; ਕਿਉਂ ਕਿ ਮੈਂ ਜਾਣਦਾ ਸੀ ਕਿ ਜੇਕਰ ਇਹ ਗੱਲ ਉਸ ਦੇ ਪੁਰਾਣੇ ਖ਼ਿਆਲਾਂ ਵਾਲੇ ਮਾਂ-ਪਿਉ ਤੱਕ ਪਹੁੰਚ ਗਈ ਤਾਂ ਉਹ ਇਨਕਾਰ ਕਰ ਦੇਣ ਵਿੱਚ ਪਲ ਭਰ ਦੀ ਵੀ ਦੇਰੀ ਨਹੀਂ ਕਰਨਗੇ।

ਇਨ੍ਹਾਂ ਭਿਆਨਕ ਕਸ਼ਟਾਂ, ਤਸੀਹਿਆਂ ਵਿੱਚ ਰਗੜੇ ਖਾਂਦਿਆਂ ਇੱਕ ਮਹੀਨਾ ਬੀਤ ਗਿਆ। ਇੱਕ ਮਹੀਨਾ ਜਿਸ ਵਿੱਚ ਖੌਫ਼ਨਾਕ ਖ਼ਿਆਲ ਚਮਗਿੱਦੜਾਂ ਦੀ ਤਰ੍ਹਾਂ ਮੇਰੇ ਦਿਲ ਦੀਆਂ ਹਨੇਰੀਆਂ ਗੁੱਠਾਂ ਵਿੱਚ ਫੜਫੜਾਉਂਦੇ ਰਹੇ। ਮੇਰੇ ਦਿਲ ਵਿੱਚ ਆਪਣੇ ਬੇਟੇ ਲਈ ਨਫਰਤ ਪੈਦਾ ਹੁੰਦੀ ਗਈ, ਇਸ ਮਾਸ ਦੇ ਧੜਕਦੇ ਲੋਥੜੇ ਦੇ ਲਈ। ਉਸ ਚੀਖ਼ਦੀ ਕੂਕਾਂ ਮਾਰਦੀ ਜ਼ਿੰਦ ਦੇ ਲਈ, ਜੋ ਮੇਰੀ ਖ਼ੁਸ਼ੀਆਂ ਭਰੀ ਜ਼ਿੰਦਗੀ ਦੇ ਰਾਹ ਵਿੱਚ ਰੁਕਾਵਟ ਬਣ ਖੜ੍ਹ ਗਿਆ ਸੀ ਅਤੇ ਮੈਨੂੰ ਉਸ ਰਾਹ ਵੱਲ ਧੱਕ ਰਿਹਾ ਸੀ, ਜੋ ਨਿਰਾਸ਼ਾ ਦੀਆਂ ਗਹਿਰਾਈਆਂ ਵਿੱਚ ਗਰਕ ਹੋ ਜਾਂਦਾ ਸੀ, ਜਿੱਥੇ ਉਹ ਸਭ ਉਮੀਦਾਂ ਅਤੇ ਤਮੰਨਾਵਾਂ ਖ਼ਤਮ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਜਵਾਨੀ ਦੀ ਕੈਨਵਸ ਵਿੱਚ ਰੰਗ ਭਰਦੇ ਹਨ। ਇੱਕ ਦਿਨ ਉਸ ਕੁੜੀ ਦੀ ਮਾਂ ਬੀਮਾਰ ਪੈ ਗਈ ਅਤੇ ਮੈਂ ਇੱਕ ਰਾਤ ਲਈ ਘਰ ਵਿੱਚ ਉਸ ਬੱਚੇ ਦੇ ਨਾਲ ਇਕੱਲਾ ਰਹਿ ਗਿਆ।

ਦਸੰਬਰ ਦਾ ਮਹੀਨਾ ਸੀ ਅਤੇ ਸਰਦੀ ਆਪਣੇ ਸਿਖਰ ਸੀ। ਬਾਹਰ ਠੰਡੀਆਂ ਹਵਾਵਾਂ ਬਦਰੂਹਾਂ ਦੀ ਭਾਂਤੀ ਚੰਘਿਆੜਾਂ ਛੱਡ ਰਹੀਆਂ ਸਨ। ਉਹ ਕੁੜੀ ਸ਼ਾਮ ਦੀ ਟ੍ਰੇਨ ਜਾ ਚੁੱਕੀ ਸੀ ਅਤੇ ਮੈਂ ਚੁੱਪਚਾਪ ਡਾਇਨਿੰਗ ਰੁਮ ਵਿੱਚ ਰਾਤ ਦਾ ਭੋਜਨ ਛਕਿਆ ਅਤੇ ਦਬੇ ਪੈਰ ਉਸ ਕਮਰੇ ਵਿੱਚ ਵੜ ਗਿਆ ਜਿਸ ਵਿੱਚ ਉਹ ਬੱਚਾ ਸੁੱਤਾ ਸੀ। ਮੈਂ ਅੰਗੀਠੀ ਦੇ ਸਾਹਮਣੇ ਰੱਖੀ ਆਰਾਮ ਕੁਰਸੀ ਤੇ ਜਾ ਬੈਠਾ। ਬਾਹਰ ਤੇਜ਼ ਹਵਾ ਚੱਲ ਰਹੀ ਸੀ ਅਤੇ ਖਿੜਕੀ ਦੇ ਸ਼ੀਸ਼ੇ ਕੰਬ ਰਹੇ ਸਨ। ਖਿੜਕੀ ਵਿੱਚੋਂ ਖੁੱਲ੍ਹੇ ਅਸਮਾਨ ਤੇ ਤਾਰੇ ਚਮਕਦੇ ਵਿਖਾਈ ਦੇ ਰਹੇ ਸਨ।

ਫਿਰ ਅਚਾਨਕ ਮਹੀਨਾ ਕੁ ਪੁਰਾਣਾ ਉਹੀ ਸ਼ੈਤਾਨੀ ਖਿਆਲ ਹਨੇਰੀਆਂ ਗੁੱਠਾਂ ਵਿੱਚੋਂ ਨਿਕਲ ਕੇ ਮੇਰੇ ਸਾਹਮਣੇ ਆ ਖੜਾ ਹੋਇਆ। ਮੈਂ ਜਦੋਂ ਵੀ ਸ਼ਾਂਤ ਹੁੰਦਾ ਤਾਂ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਨੱਚਣ ਲੱਗਦਾ; ਮੇਰੇ ਦਿਮਾਗ਼ ਨੂੰ ਕਿਸੇ ਕੀੜੇ ਦੀ ਤਰ੍ਹਾਂ ਖਾਣ ਲੱਗਦਾ ਜਿਵੇਂ ਕੈਂਸਰ ਮਾਸ ਨੂੰ ਖਾ ਜਾਂਦਾ ਹੈ। ਇ ਹਮੇਸ਼ਾ ਇੱਥੇ ਹੁੰਦਾ ਮੇਰੇ ਦਿਲ ਵਿੱਚ, ਮੇਰੇ ਦਿਮਾਗ਼ ਵਿੱਚ, ਮੇਰੇ ਸਾਰੇ ਜਿਸਮ ਵਿੱਚ ਅਤੇ ਫਿਰ ਕਿਸੇ ਅਜਗਰ ਦੀ ਭਾਂਤੀ ਮੈਨੂੰ ਸਾਲਿਮ ਨਿਗਲ ਜਾਂਦਾ। ਮੈਂ ਇਸ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕਰਦਾ, ਧਿਕਾਰਦਾ, ਆਪਣੇ ਦਿਮਾਗ਼ ਵਿੱਚ ਦੂਜੇ ਨਵੇਂ ਖ਼ਿਆਲ ਲਿਆਉਣ ਦੀ ਕੋਸ਼ਿਸ਼ ਕਰਦਾ ਜਿਵੇਂ ਬੰਦ ਕਮਰੇ ਵਿੱਚ ਖਿੜਕੀ ਖੋਲ੍ਹ ਕੇ ਤਾਜ਼ਾ ਹਵਾ ਅੰਦਰ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ। ਪਰ ਮੈਂ ਇੱਕ ਪਲ ਲਈ ਵੀ ਇਸ ਕੋਲੋਂ ਜਾਨ ਨਹੀਂ ਛੁਡਾ ਸਕਦਾ ਸੀ। ਮੇਰੇ ਕੋਲ ਉਹ ਸ਼ਬਦ ਹੀ ਨਹੀਂ ਹਨ ਕਿ ਮੈਂ ਇਸ ਤਸੀਹੇ ਨੂੰ ਬਿਆਨ ਕਰ ਸਕਾਂ। ਇਸ ਦੀ ਦਹਿਸ਼ਤ ਮੇਰੀ ਰੂਹ ਨੂੰ ਖਾਈ ਜਾਂਦੀ ਸੀ। ਅਤੇ ਮੈਨੂੰ ਇੱਕ ਦਰਦ, ਸਚਮੁਚ ਦੇ ਜਿਸਮਾਨੀ ਅਤੇ ਇਖ਼ਲਾਕੀ ਦਰਦ ਦਾ ਅਹਿਸਾਸ ਹੋਣ ਲਗਾ ਸੀ।

ਮੇਰੀ ਜ਼ਿੰਦਗੀ ਤਬਾਹ ਹੋ ਚੁੱਕੀ ਸੀ। ਮੈਂ ਇਸ ਦਲਦਲ ਵਿੱਚੋਂ ਕਿਵੇਂ ਨਿਕਲ ਸਕਦਾ ਸੀ? ਹੁਣ ਮੈਂ ਕਿਵੇਂ ਪਿੱਛੇ ਹੱਟ ਸਕਦਾ ਸੀ? ਕਿਵੇਂ ਇਕਬਾਲ ਕਰ ਸਕਦਾ ਸੀ? ਉਹ ਜੋ ਤੁਹਾਡੀ ਮਾਂ ਬਨਣ ਵਾਲੀ ਸੀ, ਮੈਂ ਉਸ ਨੂੰ ਦੀਵਾਨਗੀ ਦੀ ਹੱਦ ਤੱਕ ਚਾਹੁੰਦਾ ਸੀ। ਅਤੇ ਮੇਰੀ ਇਸ ਦੀਵਾਨਗੀ ਨੂੰ ਇਸ ਅੜਿੱਕੇ ਨੇ ਹੋਰ ਤੀਖਣ ਕਰ ਦਿੱਤਾ ਸੀ। ਮੇਰੇ ਅੰਦਰ ਪਿਘਲੇ ਹੋਏ ਕੱਚ ਦੀ ਤਰ੍ਹਾਂ ਗੁੱਸਾ ਵਗਣ ਲਗਾ ਅਤੇ ਇਹ ਪਾਗਲਪਣ ਦੀਆਂ ਹੱਦਾਂ ਨੂੰ ਛੂਹਣ ਲਗਾ। ਹਾਂ ਉਸ ਰਾਤ ਮੈਂ ਸੱਚ ਹੀ ਪਾਗਲ ਹੋ ਗਿਆ ਸੀ। ਬੱਚਾ ਸੁੱਤਾ ਪਿਆ ਸੀ। ਮੈਂ ਉਸ ਦੇ ਕੋਲ ਜਾ ਖੜਾ ਹੋਇਆ। ਉਸ ਨੂੰ ਸੁੱਤੇ ਪਏ ਨੂੰ ਵੇਖਦਾ ਰਿਹਾ। ਇਹੀ ਉਹ ਗਿਰਿਆ ਗਰਭ ਸੀ, ਇਹੀ ਉਹ ਪੂੰਗ ਸੀ, ਇਹੀ ਉਹ ਮਾਸ ਦਾ ਟੁਕੜਾ ਸੀ ਜਿਸਨੇ ਮੈਨੂੰ ਲਾਇਲਾਜ ਤਸੀਹੇ ਦੀ, ਦੁੱਖ ਭੋਗਣ ਦੀ ਉਮਰ ਕ਼ੈਦ ਸੁਣਾ ਦਿੱਤੀ ਸੀ।

ਉਹ ਸੁੱਤਾ ਪਿਆ ਸੀ, ਆਪਣੇ ਬਿਸਤਰ ਦੀਆਂ ਚਾਦਰਾਂ ਵਿੱਚ ਲਿਪਟਿਆ ਹੋਇਆ, ਮੂੰਹ ਖੋਲ੍ਹੇ ਹੋਏ, ਨੰਗਾ, ਆਪਣੇ ਪੰਘੂੜੇ ਵਿੱਚ ਜੋ ਮੇਰੇ ਬੈੱਡ ਦੇ ਨਾਲ ਰੱਖਿਆ ਸੀ, ਜਿਸ ਵਿੱਚ ਖ਼ਬਰ ਨਹੀਂ ਕਦੋਂ ਤੋਂ ਮੈਂ ਚੈਨ ਨਾਲ ਨਹੀਂ ਸੌਂ ਸਕਿਆ ਸੀ।

ਓਏ ਮੇਰਿਆ ਰੱਬਾ! ਜੋ ਕੁੱਝ ਮੈਂ ਕੀਤਾ ਉਹ ਮੈਂ ਕਿਵੇਂ ਕਰ ਸਕਿਆ? ਮੈਨੂੰ ਕੀ ਖ਼ਬਰ? ਮੈਨੂੰ ਕਿਸ ਨੇ ਉਕਸਾਇਆ ਸੀ? ਓਹ ਕਿਹੜੀ ਦੁਸ਼ਟ ਤਾਕ਼ਤ ਸੀ, ਜੋ ਮੇਰੇ ਤੇ ਸਵਾਰ ਹੋ ਗਈ ਸੀ। ਮੈਨੂੰ ਅਹਿਸਾਸ ਹੀ ਨਾ ਹੋਇਆ ਅਤੇ ਗੁਨਾਹ ਦਾ ਭੂਤ ਮੇਰੇ ਸਿਰ ਚੜ੍ਹ ਚੁੱਕਾ ਸੀ। ਬਸ ਮੈਨੂੰ ਇੰਨਾ ਯਾਦ ਹੈ ਕਿ ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਏਨੇ ਜ਼ੋਰ ਨਾਲ ਕਿ ਮੈਨੂੰ ਆਪਣੇ ਕੰਨਾਂ ਵਿੱਚ ਇਸ ਦੀ ਧਮਕ ਸੁਣਾਈ ਦੇ ਰਹੀ ਸੀ, ਜਿਵੇਂ ਕਿਸੇ ਹਥੌੜੇ ਦੀ ਆਵਾਜ਼ ਹੁੰਦੀ ਹੈ। ਬਸ ਮੈਨੂੰ ਇਹੀ ਕੁੱਝ ਯਾਦ ਹੈ, ਮੇਰੇ ਆਪਣੇ ਦਿਲ ਦੀ ਧੜਕਨ ਦੀ ਧਮਕ। ਮੇਰੇ ਦਿਮਾਗ਼ ਵਿੱਚ ਇੱਕ ਅਜੀਬ ਜਿਹੀ ਉਥਲ ਪੁਥਲ ਚੱਲ ਰਹੀ ਸੀ, ਇੱਕ ਅਜੀਬ ਜਿਹੀ ਬਦਹਵਾਸੀ। ਮੈਂ ਉਸ ਵਕਤ ਘਬਰਾਹਟ ਅਤੇ ਮਨੋ-ਭਰਮ ਦੇ ਦਰਮਿਆਨ ਉਸ ਨੁਕਤੇ ਉੱਤੇ ਖੜਾ ਸੀ ਜਿੱਥੇ ਬੰਦੇ ਨੂੰ ਨਾ ਤਾਂ ਆਪਣੇ ਕੀਤੇ ਦੀ ਕੋਈ ਖ਼ਬਰ ਹੁੰਦੀ ਹੈ ਅਤੇ ਹੀ ਆਪਣੇ ਮਨਸ਼ਿਆਂ ਉੱਤੇ ਕਾਬੂ।

ਮੈਂ ਬੱਚੇ ਦੇ ਜਿਸਮ ਤੋਂ ਉਸ ਦਾ ਕੰਬਲ ਅਤੇ ਰਜ਼ਾਈ ਉਤਾਰ ਕੇ ਅਤਿਅੰਤ ਬੋਚ ਕੇ ਉਸ ਦੀ ਪੈਂਦ ਲਪੇਟ ਕੇ ਰੱਖ ਦਿੱਤਾ। ਹੁਣ ਉਹ ਬਿਸਤਰ ਤੇ ਅਲਫ਼ ਨੰਗਾ ਪਿਆ ਸੀ। ਉਹ ਸੁੱਤਾ ਰਿਹਾ।

ਫਿਰ ਮੈਂ ਖਿੜਕੀ ਦੇ ਕੋਲ ਜਾ ਕੇ ਉਸ ਦੇ ਦੋਨੋਂ ਪੱਲੇ ਪੂਰੇ ਖੋਲ੍ਹ ਦਿੱਤੇ। ਠੰਡੀ ਹਵਾ ਦਾ ਝੋਕਾ ਕਿਸੇ ਕਾਤਿਲ ਦੀ ਭਾਂਤੀ ਅੰਦਰ ਦਾਖਿਲ ਹੋਇਆ। ਹਵਾ ਇਸ ਹੱਦ ਤੱਕ ਠੰਡੀ ਸੀ ਕਿ ਮੈਂ ਇੱਕ ਪਾਸੇ ਹਟ ਗਿਆ ਅਤੇ ਕਮਰੇ ਦੀਆਂ ਦੋ ਮੋਮਬੱਤੀਆਂ ਦੀ ਲੋਅ ਟਿਮਟਿਮਾਉਣ ਲੱਗੀ। ਮੈਂ ਉਵੇਂ ਹੀ ਖਿੜਕੀ ਦੀ ਓਟ ਵਿੱਚ ਖੜਾ ਰਿਹਾ, ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਪਲਟ ਕੇ ਦੇਖ ਸਕਾਂ ਕਿ ਉੱਥੇ ਕੀ ਹੋ ਰਿਹਾ ਹੈ। ਬਰਫ਼ੀਲੀ ਹਵਾ ਮੇਰੇ ਮੱਥੇ, ਮੇਰੀਆਂ ਗੱਲ੍ਹਾਂ, ਮੇਰੇ ਹੱਥਾਂ ਨੂੰ ਠੰਡਾ ਕਰਦੀ ਹੋਈ ਕਮਰੇ ਵਿੱਚ ਦਾਖ਼ਲ ਹੁੰਦੀ ਰਹੀ। ਮੈਨੂੰ ਪਤਾ ਨਹੀਂ ਕਿ ਮੈਂ ਉੱਥੇ ਕਿੰਨੀ ਦੇਰ ਖੜਾ ਰਿਹਾ।

ਮੈਂ ਕੁੱਝ ਨਹੀਂ ਸੋਚ ਰਿਹਾ ਸੀ। ਮੇਰਾ ਮਨ ਜਿਵੇਂ ਪੱਥਰਾ ਗਿਆ ਸੀ। ਫਿਰ ਅਚਾਨਕ ਖੰਘਣ ਦੀ ਇੱਕ ਕਮਜ਼ੋਰ ਅਤੇ ਹੌਲੀ ਜਿਹੀ ਆਵਾਜ਼ ਨੇ ਜਿਵੇਂ ਮੇਰੇ ਸਾਰੇ ਵਜੂਦ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਹਾਲ ਮੈਨੂੰ ਅੱਜ ਤੱਕ ਆਪਣੇ ਰੋਮ ਰੋਮ ਤੱਕ ਮਹਿਸੂਸ ਹੁੰਦਾ ਹੈ। ਮੈਂ ਝੱਪਟ ਕੇ ਖਿੜਕੀ ਦੇ ਦੋਨੋਂ ਪੱਲੇ ਬੰਦ ਕੀਤੇ ਅਤੇ ਭੱਜਦਾ ਹੋਇਆ ਬੱਚੇ ਦੇ ਪੰਘੂੜੇ ਦੇ ਕੋਲ ਜਾ ਪੁੱਜਿਆ।

ਉਹ ਅਜੇ ਤੱਕ ਮੂੰਹ ਖੋਲ੍ਹੀ ਸੁੱਤਾ ਹੋਇਆ ਸੀ। ਮੈਂ ਉਸ ਦੀਆਂ ਲੱਤਾਂ ਨੂੰ ਛੁਹਿਆ। ਉਹ ਬਰਫ ਦੀ ਤਰ੍ਹਾਂ ਠੰਡੀਆਂ ਸੀ। ਮੈਂ ਉਸ ਦਾ ਕੰਬਲ ਅਤੇ ਰਜ਼ਾਈ ਉਸ ਤੇ ਦੇ ਦਿੱਤੀ।

ਫਿਰ ਨਾ ਜਾਣੇ ਕੀ ਹੋਇਆ। ਮੇਰਾ ਦਿਲ ਅਚਾਨਕ ਤਰਸ, ਪਿਆਰ ਅਤੇ ਕੋਮਲ ਖ਼ਿਆਲਾਂ ਨਾਲ ਭਰ ਗਿਆ। ਉਸ ਮਾਸੂਮ ਲਈ ਜਿਸਨੂੰ ਕੁਝ ਪਲਾਂ ਦੇ ਬਾਅਦ ਮੈਂ ਮਾਰ ਦੇਣਾ ਚਾਹੁੰਦਾ ਸੀ। ਮੈਂ ਝੁਕ ਕੇ ਉਸ ਦੇ ਰੇਸ਼ਮੀ ਸੁਨਹਿਰੇ ਵਾਲਾਂ ਨੂੰ ਚੁੰਮਿਆ ਅਤੇ ਵਾਪਸ ਅੰਗੀਠੀ ਦੇ ਸਾਹਮਣੇ ਆਪਣੀ ਆਰਾਮ ਕੁਰਸੀ ਤੇ ਬੈਠ ਗਿਆ।

ਮੈਂ ਹੈਰਤ ਅਤੇ ਦਹਿਸ਼ਤ ਨਾਲ ਆਪਣੀ ਇਸ ਹਰਕਤ ਤੇ ਗ਼ੌਰ ਕਰਦਾ ਰਿਹਾ। ਖ਼ੁਦ ਨੂੰ ਪੁੱਛਦਾ ਰਿਹਾ ਕਿ ਮੇਰੀ ਰੂਹ ਵਿੱਚ ਉਹ ਤੂਫਾਨ ਕਿੱਥੋਂ ਆਇਆ, ਜਿਸ ਵਿੱਚ ਮੈਂ ਆਪਣਾ ਰਸਤਾ ਹੀ ਖੋ ਬੈਠਾ ਸੀ। ਖ਼ੁਦ ਤੇ ਕਾਬੂ ਗੁਆ ਬੈਠਾ ਸੀ। ਜਿਵੇਂ ਕਿਸੇ ਮਦਹੋਸ਼ ਮਲਾਹ ਨੂੰ ਤੂਫਾਨ ਵਿੱਚ ਆਪਣੀ ਕਿਸ਼ਤੀ ਦੀ ਦਿਸ਼ਾ ਦਾ ਕੋਈ ਪਤਾ ਨਹੀਂ ਹੁੰਦਾ। ਬੱਚਾ ਇੱਕ ਵਾਰ ਫਿਰ ਖੰਘਿਆ ਅਤੇ ਮੇਰੇ ਦਿਲ ਵਿੱਚ ਜਿਵੇਂ ਕਿਸੇ ਨੇ ਛੁਰਾ ਖੋਭ ਦਿੱਤਾ ਹੋਵੇ। ਜੇਕਰ ਉਹ ਮਰ ਗਿਆ ਤਾਂ? ਓ ਮੇਰੇ ਰੱਬਾ, ਓ ਮੇਰੇ ਰੱਬਾ!! ਮੈਂ ਕੀ ਕਰਾਂਗਾ।

ਮੈਂ ਦੁਬਾਰਾ ਉੱਠਕੇ ਪੰਘੂੜੇ ਦੇ ਕੋਲ ਗਿਆ ਅਤੇ ਮੋਮਬੱਤੀ ਦੀ ਰੋਸ਼ਨੀ ਵਿੱਚ ਝੁਕ ਕੇ ਉਸ ਨੂੰ ਤੱਕਦਾ ਰਿਹਾ। ਉਸ ਦੀ ਛਾਤੀ ਉੱਪਰ ਥੱਲੇ ਹੁੰਦੇ ਵੇਖਕੇ ਮੈਨੂੰ ਤਸੱਲੀ ਜਿਹੀ ਹੋਈ। ਅਤੇ ਫਿਰ ਉਹ ਤੀਜੀ ਵਾਰ ਖੰਘਿਆ। ਮੇਰੇ ਤੇ ਅਜਿਹੀ ਦਹਸ਼ਤ ਤਾਰੀ ਹੋਈ ਕਿ ਮੈਂ ਕੁਝ ਕ਼ਦਮ ਪਿੱਛੇ ਹੱਟ ਗਿਆ ਅਤੇ ਮੇਰੇ ਹੱਥੋਂ ਮੋਮਬੱਤੀ ਛੁੱਟ ਗਈ।

ਮੋਮਬੱਤੀ ਚੁੱਕਦੇ ਹੋਏ ਮੈਨੂੰ ਅਹਿਸਾਸ ਹੋਇਆ ਕਿ ਮੇਰੀਆਂ ਪੁੜਪੜੀਆਂ ਕੋਲੋਂ ਮੁੜ੍ਹਕੇ ਦੀ ਇੱਕ ਧਾਰ ਵਗ ਕੇ ਮੇਰੀ ਗਰਦਨ ਦੇ ਵੱਲ ਜਾ ਰਹੀ ਸੀ, ਠੰਡੇ ਮੁੜ੍ਹਕੇ ਦੀ ਉਹ ਧਾਰ ਜੋ ਸਿਰਫ ਰੂਹ ਦੀ ਪੀੜਾ ਨਾਲ ਵਹਿ ਤੁਰਦੀ ਹੈ। ਸਵੇਰ ਹੋਣ ਤੱਕ ਮੈਂ ਪੰਘੂੜੇ ਦੇ ਨਾਲ ਖੜਾ ਉਸ ਨੂੰ ਵੇਖਦਾ ਰਿਹਾ। ਜਦੋਂ ਉਹ ਚੈਨ ਨਾਲ ਸੌਂ ਜਾਂਦਾ ਤਾਂ ਮੈਂ ਵੀ ਚੈਨ ਨਾਲ ਖੜਾ ਰਹਿੰਦਾ। ਉਸ ਦੇ ਖੰਘਣ ਦੀ ਹਰ ਕਮਜ਼ੋਰ ਜਿਹੀ ਆਵਾਜ਼ ਮੈਨੂੰ ਜਿਵੇਂ ਕਿਸੇ ਚਾਬੁਕ ਦੇ ਸਾਮਾਨ ਲੱਗਦੀ। ਉਹ ਸਵੇਰੇ ਉਠਿਆ ਤਾਂ ਉਸ ਦੀਆਂ ਅੱਖਾਂ ਸੁਰਖ਼ ਸਨ ਅਤੇ ਉਹ ਬੜੀ ਮੁਸ਼ਕਿਲ ਸਾਹ ਲੈ ਰਿਹਾ ਸੀ ਅਤੇ ਉਸ ਦੇ ਫੇਫੜਿਆਂ ਵਿੱਚੋਂ ਰੇਸ਼ੇ ਦੀ ਖ਼ਰਖ਼ਰ ਦੀ ਆਵਾਜ਼ ਆ ਰਹੀ ਸੀ।

ਜਿਵੇਂ ਹੀ ਨੌਕਰਾਨੀ ਆਈ ਮੈਂ ਉਸ ਨੂੰ ਉਲਟੇ ਕਦਮੀ ਡਾਕਟਰ ਨੂੰ ਬੁਲਾਣ ਭੇਜ ਦਿੱਤਾ। ਡਾਕਟਰ ਕਰੀਬ ਇੱਕ ਘੰਟੇ ਦੇ ਬਾਅਦ ਆਇਆ ਅਤੇ ਬੱਚੇ ਦਾ ਮੁਆਇਨਾ ਕਰਨ ਦੇ ਬਾਅਦ ਬੋਲਿਆ ਇਸ ਨੂੰ ਸਰਦੀ ਤਾਂ ਨਹੀਂ ਲੱਗ ਗਈ? ਮੈਂ ਕਿਸੇ ਪੱਤਝੜ ਦੇ ਸੁੱਕੇ ਪੱਤੇ ਦੀ ਤਰ੍ਹਾਂ ਕੰਬਣ ਲਗਾ।

ਫਿਰ ਮੈਂ ਪੁੱਛਿਆ, “ਕੀ ਗੱਲ ਹੈ?”

“ਕੋਈ ਖ਼ਤਰੇ ਦੀ ਗੱਲ ਤਾਂ ਨਹੀਂ?” ਉਸਨੇ ਜਵਾਬ ਦਿੱਤਾ, “ਹੁਣੇ ਮੈਂ ਕੁੱਝ ਨਹੀਂ ਕਹਿ ਸਕਦਾ। ਮੈਂ ਸ਼ਾਮ ਨੂੰ ਫਿਰ ਆਵਾਂਗਾ।”

ਉਹ ਸ਼ਾਮ ਨੂੰ ਫਿਰ ਆਇਆ। ਮੇਰੇ ਬੇਟੇ ਨੇ ਸਾਰਾ ਦਿਨ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਬਤੀਤ ਕੀਤਾ। ਉਸ ਨੂੰ ਕਦੇ ਕਦੇ ਖੰਘ ਛਿੜਦੀ ਰਹੀ। ਰਾਤ ਨੂੰ ਉਸ ਦੇ ਫੇਫੜਿਆਂ ਦੀ ਹਾਲਤ ਹੋਰ ਵਿਗੜ ਚੁੱਕੀ ਸੀ। ਉਹ ਇਸ ਹਾਲਤ ਵਿੱਚ ਦਸ ਦਿਨ ਤੱਕ ਰਿਹਾ। ਮੈਂ ਬਿਆਨ ਨਹੀਂ ਕਰ ਸਕਦਾ ਕਿ ਇਨ੍ਹਾਂ ਦਸ ਦਿਨਾਂ ਵਿੱਚ ਮੈਂ ਉਹ ਘੰਟੇ ਕਿਵੇਂ ਗੁਜ਼ਾਰੇ ਜਿਨ੍ਹਾਂ ਦੇ ਦੌਰਾਨ ਦਿਨ ਰਾਤ ਵਿੱਚ ਅਤੇ ਰਾਤ ਦਿਨ ਵਿੱਚ ਤਬਦੀਲ ਹੁੰਦੀ ਹੈ।

ਫਿਰ ਉਹ ਮਰ ਗਿਆ।

ਅਤੇ ਫਿਰ ਉਸ ਦਿਨ ਅਤੇ ਇਸ ਪਲ ਦੇ ਬਾਅਦ ਮੇਰੀ ਸਾਰੀ ਉਮਰ ਵਿੱਚ ਇੱਕ ਮਿੰਟ ਵੀ ਅਜਿਹਾ ਨਹੀਂ ਬੀਤਿਆ ਕਿ ਜਿਸ ਵਿੱਚ ਉਹ ਯਾਦਾਂ ਦਗਦੀਆਂ ਹੋਈਆਂ ਸਲਾਖਾਂ ਦੀ ਤਰ੍ਹਾਂ ਮੇਰੇ ਮਨ ਵਿੱਚ ਨਾ ਫਿਰੀਆਂ ਹੋਣ, ਜੋ ਮੇਰੇ ਦਿਲ ਨੂੰ ਨਚੋੜ ਨਾ ਸਕਦੀਆਂ ਹੋਣ, ਜੋ ਕਿਸੇ ਵਹਿਸ਼ੀ ਦਰਿੰਦੇ ਦੀ ਤਰ੍ਹਾਂ ਮੇਰੀ ਰੂਹ ਦੇ ਹਨੇਰੇ ਵਿੱਚੋਂ ਛਾਲ ਮਾਰ ਕੇ ਬਾਹਰ ਨਾ ਨਿਕਲ ਆਉਂਦੀਆਂ ਹੋਣ।

ਕਾਸ਼ ਮੈਂ ਪਾਗਲ ਹੀ ਹੋ ਜਾਂਦਾ।

ਮਿਸਟਰ ਪੋਇਰੇਲ ਦੇਲਾ ਵੁਲਤ ਨੇ ਆਦਤ ਅਨੁਸਾਰ ਆਪਣਾ ਚਸ਼ਮਾ ਉੱਪਰ ਕੀਤਾ ਜਿਵੇਂ ਉਹ ਕੋਈ ਵੀ ਦਸਤਾਵੇਜ਼ ਪੜ੍ਹਨ ਦੇ ਬਾਅਦ ਕਰਿਆ ਕਰਦਾ ਸਨ। ਮਰਹੂਮ ਦੇ ਤਿੰਨਾਂ ਵਾਰਸਾਂ ਨੇ ਇੱਕ ਦੂਜੇ ਨੂੰ ਵੇਖਿਆ, ਖ਼ਾਮੋਸ਼ੀ ਨਾਲ, ਸਪਾਟ ਅਤੇ ਜ਼ਰਦ ਚੇਹਰਿਆਂ ਦੇ ਨਾਲ। ਪੂਰੇ ਇੱਕ ਮਿੰਟ ਬਾਅਦ ਵਕੀਲ ਫਿਰ ਬੋਲਿਆ, ਇਸ ਖ਼ਤ ਨੂੰ ਫ਼ੌਰਨ ਖਤਮ ਕਰ ਨਾ ਹੋਵੇਗਾ। ਦੂਸਰੇ ਦੋਨਾਂ ਨੇ ਹਾਂ ਵਿੱਚ ਸਰ ਝੁੱਕਾ ਦਿੱਤਾ। ਵਕੀਲ ਨੇ ਇੱਕ ਮੋਮਬੱਤੀ ਬਾਲੀ ਅਤੇ ਬੜੀ ਸਾਵਧਾਨੀ ਨਾਲ ਖ਼ਤ ਨੂੰ ਵਸੀਅਤ ਦੇ ਦੂਜੇ ਕਾਗ਼ਜ਼ਾਂ ਨਾਲੋਂ ਅੱਡ ਕੀਤਾ। ਫਿਰ ਉਨ੍ਹਾਂ ਨੇ ਉਨ੍ਹਾਂ ਕਾਗ਼ਜ਼ਾਂ ਨੂੰ ਤੀਲੀ ਬਾਲ਼ ਅੱਗ ਲਗਾ ਦਿੱਤੀ ਅਤੇ ਜਿਵੇਂ ਹੀ ਲਪਟਾਂ ਉਨ੍ਹਾਂ ਨੂੰ ਨਿਗਲਣ ਲੱਗੀਆਂ ਤਾਂ ਉਨ੍ਹਾਂ ਨੂੰ ਚੁੱਲ੍ਹੇ ਦੇ ਹਵਾਲੇ ਕਰ ਦਿੱਤਾ। ਫਿਰ ਉਹ ਤਿੰਨੋਂ ਬੈਠੇ ਉਨ੍ਹਾਂ ਕਾਗ਼ਜ਼ਾਂ ਨੂੰ ਬਲਦਾ ਵੇਖਦੇ ਰਹੇ ਅਤੇ ਕੁਝ ਹੀ ਪਲਾਂ ਵਿੱਚ ਉਹ ਰਾਖ ਹੋ ਗਏ। ਕਿਉਂਜੋ ਉਨ੍ਹਾਂ ਰਾਖ ਹੋ ਗਏ ਪੱਤਰਿਆਂ ਦੀ ਚਿੱਟਿਆਈ ਵਿੱਚ ਵੀ ਕਾਲੇ ਅੱਖਰ ਵਿਖਾਈ ਦਿੰਦੇ ਸਨ, ਇਸ ਲਈ ਮਰਹੂਮ ਦੀ ਧੀ ਨੇ ਆਪਣੇ ਜੁੱਤੀ ਦੇ ਪੱਬ ਨਾਲ ਉਨ੍ਹਾਂ ਨੂੰ ਮਧੋਲ ਕੇ ਚੁੱਲ੍ਹੇ ਵਿੱਚ ਪਹਿਲਾਂ ਤੋਂ ਪਈ ਰਾਖ ਵਿੱਚ ਮਿਲਾ ਦਿੱਤਾ।

ਉਹ ਤਿੰਨੋਂ ਦੇਰ ਤੱਕ ਉੱਥੇ ਖੜੇ ਰਾਖ ਨੂੰ ਵੇਖਦੇ ਰਹੇ। ਸ਼ਾਇਦ ਉਨ੍ਹਾਂ ਦੇ ਦਿਲਾਂ ਵਿੱਚ ਕੋਈ ਅੰਦੇਸ਼ਾ ਸੀ ਕਿ ਕਿਤੇ ਇਹ ਭੇਤ ਰਾਖ ਵਿੱਚੋਂ ਵੀ ਫ਼ਰਾਰ ਨਾ ਹੋ ਜਾਵੇ।