ਅਨੁਵਾਦ:ਆਖ਼ਰੀ ਪੱਤਾ

ਵਾਸਿੰਗਟਨ ਚੌਕ ਦੇ ਪੱਛਮ ਦੇ ਵੱਲ ਇੱਕ ਛੋਟਾ-ਜਿਹਾ ਮਹੱਲਾ ਹੈ ਜਿਸ ਵਿੱਚ ਟੇਢੀਆਂ ਮੇਢੀਆਂ ਗਲੀਆਂ ਦੇ ਜਾਲ ਵਿੱਚ ਕਈ ਬਸਤੀਆਂ ਬੇਤਰਤੀਬ ਬਿਖਰੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇੱਕ ਸੜਕ ਆਪਣਾ ਹੀ ਰਸਤਾ ਇੱਕ—ਦੋ ਵਾਰ ਕੱਟ ਜਾਂਦੀ ਹੈ। ਇਸ ਸੜਕ ਵਿੱਚ ਇੱਕ ਕਲਾਕਾਰ ਨੂੰ ਅਮੁੱਲ ਸੰਭਾਵਨਾ ਪੈਦਾ ਹੋਈ ਕਿ ਕਾਗ਼ਜ਼, ਰੰਗ ਕੈਨਵਾਸ ਦਾ ਕੋਈ ਵਪਾਰੀ ਜੇਕਰ ਉਗਰਾਹੀ ਕਰਨ ਇੱਥੇ ਆਏ ਤਾਂ ਇੱਕ ਪੈਸਾ ਵੀ ਵਸੂਲ ਕੀਤੇ ਬਿਨਾਂ ਰਸਤੇ ਵਿੱਚ ਉਸਦੀ ਆਪਣੇ ਆਪ ਨਾਲ ਮੁੱਠਭੇੜ ਹੋ ਜਾਵੇਗੀ।

ਇਸ ਟੁੱਟੇ—ਫੁੱਟੇ ਅਤੇ ਵਚਿੱਤਰ, ਗਰੀਨਵਿਚ ਗਰਾਮ ਨਾਮਕ ਮਹੱਲੇ ਵਿੱਚ ਦੁਨੀਆਂ ਭਰ ਦੇ ਕਲਾਕਾਰ ਆਕੇ ਜਮ੍ਹਾਂ ਹੋਣ ਲੱਗੇ। ਉਹ ਸਭ ਦੇ ਸਭ ਉੱਤਰ ਦਿਸ਼ਾ ਵਿੱਚ ਬਾਰੀਆਂ, ਅਠਾਰਹਵੀਂ ਸਦੀ ਦੀਆਂ ਮਹਿਰਾਬਾਂ, ਛੱਤ ਦੇ ਕਮਰੇ ਅਤੇ ਸਸਤੇ ਕਿਰਾਇਆਂ ਦੀ ਤਲਾਸ਼ ਵਿੱਚ ਸਨ। ਬਸ ਛੇਵੀਂ ਸੜਕ ਤੋਂ ਕੁੱਝ ਕਾਂਸੀ ਦੇ ਲੋਟੇ ਅਤੇ ਟੀਨ ਦੀਆਂ ਤਸ਼ਤਰੀਆਂ ਖਰੀਦ ਲਿਆਏ ਅਤੇ ਗ੍ਰਹਿਸਤੀ ਬਸਾ ਲਈ।

ਇੱਕ ਮਕਾਨ ਦੀ ਤੀਜੀ ਮੰਜਿਲ ਤੇ ਸੂ ਅਤੇ ਜਾਂਸੀ ਦਾ ਸਟੂਡੀਓ ਸੀ। ਜਾਂਸੀ, ਜੋਨਾਸ ਤੋਂ ਪਿਆ ਸੀ। ਇੱਕ ਮੇਈਨ ਤੋਂ ਆਈ ਸੀ ਅਤੇ ਦੂਜੀ ਕੈਲਿਫੋਰਨੀਆ ਤੋਂ। ਦੋਨਾਂ ਦੀ ਮੁਲਾਕਾਤ, ਅਠਵੀਂ ਸੜਕ ਦੇ ਇੱਕ ਸਸਤੇ ਜਿਹੇ ਹੋਟਲ ਵਿੱਚ ਹੋਈ ਸੀ। ਕਲਾ ਵਿੱਚ ਰੁਚੀ ਅਤੇ ਖਾਣ—ਪੀਣ ਤੇ ਪਹਿਨਣ ਦੀ ਪਸੰਦ ਸੰਬੰਧੀ ਦੋਨਾਂ ਵਿੱਚ ਇੰਨੀ ਸਮਾਨਤਾ ਸੀ ਕਿ ਦੋਨਾਂ ਦੇ ਸਾਂਝੇ ਸਟੂਡੀਓ ਦਾ ਬਣ ਗਿਆ।

ਇਹ ਗੱਲ ਮਈ ਦੇ ਮਹੀਨੇ ਦੀ ਸੀ। ਨਵੰਬਰ ਦੀਆਂ ਸਰਦੀਆਂ ਵਿੱਚ ਇੱਕ ਅਗਿਆਤ ਅਜਨਬੀ ਨੇ, ਜਿਸਨੂੰ ਡਾਕਟਰ ਲੋਕ ਨਿਮੋਨੀਆ ਕਹਿੰਦੇ ਹਨ, ਮਹੱਲੇ ਵਿੱਚ ਆ ਧਮਕਿਆ ਅਤੇ ਆਪਣੀਆਂ ਬਰਫੀਲੀਆਂ ਉਂਗਲਾਂ ਨਾਲ ਲੋਕਾਂ ਨਾਲ ਛੇੜਨਾ ਸ਼ੁਰੂ ਕਰਨ ਲੱਗਾ। ਪੂਰਬ ਵਾਲੇ ਇਲਾਕੇ ਵਿੱਚ ਤਾਂ ਇਸ ਸਤਿਅਨਾਸ਼ੀ ਨੇ ਦਰਜਨਾਂ ਲੋਕਾਂ ਦੀ ਕੁਰਬਾਨੀ ਲੈ ਹਲਚਲ ਮਚਾ ਦਿੱਤੀ ਸੀ, ਲੇਕਿਨ ਪੱਛਮ ਦੀਆਂ ਤੰਗ ਗਲੀਆਂ ਵਾਲੇ ਜਾਲ ਵਿੱਚ ਉਸਦੀ ਚਾਲ ਕੁੱਝ ਹੌਲੀ ਪੈ ਗਈ।

ਮਿਸਟਰ ਨਿਮੋਨੀਆ ਇਸਤਰੀਆਂ ਦੇ ਨਾਲ ਵੀ ਕੋਈ ਰਿਆਇਤ ਨਹੀਂ ਕਰਦੇ ਸਨ। ਕੈਲੇਫੋਰਨੀਆ ਦੀਆਂ ਪੱਛਮੀ ਹਵਾਵਾਂ ਨਾਲ ਜਿਸ ਦਾ ਖੂਨ ਪਤਲਾ ਪੈ ਗਿਆ ਹੋਵੇ, ਅਜਿਹੀ ਕਿਸੇ ਦੁਬਲੀ—ਪਤਲੀ ਕੁੜੀ ਦਾ ਇਸ ਭੀਮਕੱਦ ਫੁੰਕਾਰਦੇ ਦੈਂਤ ਨਾਲ ਕੋਈ ਮੁਕਾਬਲਾ ਤਾਂ ਨਹੀਂ ਸੀ, ਫਿਰ ਵੀ ਉਸਨੇ ਜਾਂਸੀ ਪਰ ਹਮਲਾ ਬੋਲ ਦਿੱਤਾ। ਉਹ ਬੇਚਾਰੀ ਚੁਪਚਾਪ ਆਪਣੀ ਲੋਹੇ ਦੀ ਪੇਂਟ ਕੀਤੀ ਮੰਜੀ ਤੇ ਪਈ ਰਹਿੰਦੀ ਅਤੇ ਸ਼ੀਸ਼ੇ ਦੀ ਛੋਟੀ ਜਿਹੀ ਡਚ ਖਿੜਕੀ ਵਿੱਚੋਂ ਸਾਹਮਣੇ ਵਾਲੇ ਇੱਟਾਂ ਦੇ ਮਕਾਨ ਦੀ ਕੋਰੀ ਦੀਵਾਰ ਨੂੰ ਵੇਖਿਆ ਕਰਦੀ।

ਇੱਕ ਦਿਨ ਬਹੁਤ ਰੁਝੇ ਹੋਏ ਡਾਕਟਰ ਨੇ, ਥਰਮਾਮੀਟਰ ਝਟਕਦੇ ਹੁਏ, ਸੂ ਨੂੰ ਬਾਹਰ ਦੇ ਬਰਾਂਡੇ ਵਿੱਚ ਸੱਦ ਕੇ ਕਿਹਾ, " ਉਸਦੇ ਜੀਣ ਦੀ ਸੰਭਾਵਨਾ ਦਸਾਂ ਵਿੱਚੋਂ ਇੱਕ ਹੈ ਅਤੇ, ਉਹ ਵੀ ਤੱਦ, ਜੇਕਰ ਉਸਦੀ ਇੱਛਾ -ਸ਼ਕਤੀ ਬਣੀ ਰਹੇ। ਜਦੋਂ ਲੋਕਾਂ ਦੇ ਮਨ ਵਿੱਚ ਜੀਣ ਦੀ ਇੱਛਾ ਹੀ ਨਹੀਂ ਰਹਿੰਦੀ ਅਤੇ ਉਹ ਮੌਤ ਦਾ ਸਵਾਗਤ ਕਰਨ ਨੂੰ ਤਿਆਰ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਇਲਾਜ ਤਾਂ ਕੋਈ ਵੱਡੇ ਤੋਂ ਵੱਡਾ ਡਾਕਟਰ ਵੀ ਨਹੀਂ ਕਰ ਸਕਦਾ। ਇਸ ਕੁੜੀ ਦੇ ਦਿਮਾਗ ਤੇ ਸਵਾਰ ਹੋ ਗਿਆ ਹੈ ਕਿ ਉਹਨੇ ਹੁਣ ਬਚਣਾ ਨਹੀਂ। ਕੀ ਉਸਦੇ ਮਨ ਤੇ ਕੋਈ ਬੋਝ ਹੈ?"

ਸੂ ਬੋਲੀ, "ਹੋਰ ਤਾਂ ਕੁੱਝ ਨਹੀਂ, ਪਰ ਇੱਕ ਦਿਨ ਨੇਪਲਸ ਦੀ ਖਾੜੀ ਦਾ ਚਿੱਤਰ ਬਣਾਉਣ ਦੀ ਉਸਦੀ ਪ੍ਰਬਲ ਇੱਛਾ ਹੈ"।

"ਚਿੱਤਰ? ਹਾਂ! ਮੈਂ ਪੁੱਛ ਰਿਹਾ ਸੀ, ਕਿ ਉਸਦੇ ਜੀਵਨ ਵਿੱਚ ਕੋਈ ਅਜਿਹੀ ਖਿੱਚ ਵੀ ਹੈ ਕਿ ਜਿਸਦੇ ਨਾਲ ਜੀਣ ਦੀ ਇੱਛਾ ਤੀਬਰ ਹੋਵੇ? ਜਿਵੇਂ ਕੋਈ ਨੌਜਵਾਨ!"

ਯਹੂਦੀ ਵੀਣਾ ਵਰਗੀ ਟੁਣਕਦੀ ਅਵਾਜ ਵਿੱਚ ਸੂ ਬੋਲੀ, "ਨੌਜਵਾਨ? ਪੁਰਖ ਅਤੇ ਪ੍ਰੇਮ—ਛੱਡੋ ਵੀ। ਨਹੀਂ ਡਾਕਟਰ ਸਾਹਿਬ, ਅਜਿਹੀ ਕੋਈ ਗੱਲ ਨਹੀਂ ਹੈ।"

ਡਾਕਟਰ ਬੋਲਿਆ, "ਸਾਰੀ ਬੁਰਾਈ ਦੀ ਜੜ ਇਹੀ ਹੈ। ਡਾਕਟਰੀ ਵਿਦਿਆ ਦੇ ਅਨੁਸਾਰ ਜੋ ਕੁੱਝ ਸੰਭਵ ਹੈ, ਉਸਨੂੰ ਕੀਤੇ ਬਿਨਾਂ ਮੈਂ ਨਹੀਂ ਹੱਟਦਾ। ਪਰ ਜਦੋਂ ਕੋਈ ਮਰੀਜ ਆਪਣੀ ਅਰਥੀ ਦੇ ਨਾਲ ਚਲਣ ਵਾਲੀਆਂ ਗੱਡੀਆਂ ਦੀ ਗਿਣਤੀ ਗਿਣਨ ਲਗਾ ਜਾਂਦਾ ਹੈ ਤੱਦ ਦਵਾਈਆਂ ਦੀ ਸ਼ਕਤੀ ਅੱਧੀ ਰਹਿ ਜਾਂਦੀ ਹੈ। ਜੇਕਰ ਤੂੰ ਉਸਦੇ ਜੀਵਨ ਵਿੱਚ ਕੋਈ ਖਿੱਚ ਪੈਦਾ ਕਰ ਸਕੇਂ, ਜਿਸ ਨਾਲ ਉਹ ਅਗਲੀਆਂ ਸਰਦੀਆਂ ਵਿੱਚ ਆਉਣ ਵਾਲੇ ਕਪੜਿਆਂ ਦੇ ਫ਼ੈਸ਼ਨ ਬਾਰੇ ਚਰਚਾ ਕਰਨ ਲੱਗੇ, ਤਾਂ ਉਸਦੇ ਜੀਣ ਦੀ ਸੰਭਾਵਨਾ ਘੱਟ ਤੋਂ ਘੱਟ ਦੂਣੀ ਹੋ ਜਾਵੇਗੀ।"

ਡਾਕਟਰ ਦੇ ਜਾਣ ਦੇ ਬਾਅਦ ਸੂ ਆਪਣੇ ਕਮਰੇ ਵਿੱਚ ਗਈ ਅਤੇ ਉਸਨੇ ਰੋ—ਰੋ ਕੇ ਕਈ ਜਾਪਾਨੀ ਰੁਮਾਲ ਤਰ ਕਰ ਦਿੱਤੇ। ਕੁੱਝ ਦੇਰ ਬਾਅਦ, ਚਿੱਤਰਕਾਰੀ ਦਾ ਸਾਮਾਨ ਲੈ ਕੇ, ਉਹ ਸੀਟੀ ਵਜਾਉਂਦੀ ਹੋਈ ਜਾਂਸੀ ਦੇ ਕਮਰੇ ਵਿੱਚ ਪਹੁੰਚੀ। ਜਾਂਸੀ, ਚਾਦਰ ਓੜੇ, ਚੁਪਚਾਪ, ਬਿਨਾਂ ਕਿਸੇ ਹਿਲ —ਜੁਲ, ਖਿੜਕੀ ਵੱਲ ਵੇਖ ਰਹੀ ਸੀ। ਉਸਨੂੰ ਸੁੱਤੀ ਸਮਝ ਕੇ ਸੂ ਨੇ ਸੀਟੀ ਵਜਾਉਣਾ ਬੰਦ ਕਰ ਦਿੱਤਾ।

ਤਖਤੇ ਤੇ ਕਾਗਜ ਲਗਾਕੇ ਉਹ ਕਿਸੇ ਪਤ੍ਰਿਕਾ ਦੀ ਕਹਾਣੀ ਨੂੰ ਸਚਿਤ੍ਰ ਬਣਾਉਣ ਲਈ, ਕਲਮ ਸਿਆਹੀ ਨਾਲ ਇੱਕ ਤਸਵੀਰ ਬਣਾਉਣ ਬੈਠ ਗਈ। ਉਭਰਦੇ ਕਲਾਕਾਰਾਂ ਨੂੰ ਕਲਾ ਦੀ ਮੰਜਿਲ ਤੱਕ ਪੁੱਜਣ ਲਈ, ਪੱਤਰਕਾਵਾਂ ਲਈ ਤਸਵੀਰਾਂ ਬਣਾਉਣੀਆਂ ਹੀ ਪੈਂਦੀਆਂ ਹਨ। ਜਿਵੇਂ ਸਾਹਿਤ ਦੀ ਮੰਜਿਲ ਤੱਕ ਪੁੱਜਣ ਲਈ, ਉਭਰਦੇ ਲੇਖਕਾਂ ਨੂੰ ਪੱਤਰਕਾਵਾਂ ਲਈ ਕਹਾਣੀਆਂ ਲਿਖਣੀਆਂ ਪੈਂਦੀਆਂ ਹਨ।

ਜਿਵੇਂ ਹੀ ਸੂ, ਇੱਕ ਘੁੜਸਵਾਰ ਵਰਗਾ ਬਿਰਜਸ ਪਹਿਨੇ, ਇੱਕ ਅੱਖ ਦਾ ਚਸ਼ਮਾ ਲਗਾਈਂ, ਕਿਸੇ ਇਡਾਹੋ ਦੇ ਗਡਰੀਏ ਦੇ ਚਿੱਤਰ ਦੀਆਂ ਰੇਖਾਵਾਂ ਬਣਾਉਣ ਲੱਗੀ ਕਿ ਉਸਨੂੰ ਇੱਕ ਹੌਲੀ ਅਵਾਜ ਕਈ ਵਾਰ ਸੁਣਾਈ ਦਿੱਤੀ। ਉਹ ਜਲਦੀ ਹੀ ਬੀਮਾਰ ਦੇ ਬਿਸਤਰ ਕੋਲ ਗਈ।

ਜਾਂਸੀ ਦੀਆਂ ਅੱਖਾਂ ਖੁੱਲੀਆਂ ਸਨ। ਉਹ ਖਿੜਕੀ ਤੋਂ ਬਾਹਰ ਵੇਖ ਰਹੀ ਸੀ ਅਤੇ ਪੁਠੀ ਗਿਣਤੀ ਕਰ ਰਹੀ ਸੀ। ਉਹ ਬੋਲੀ, ਬਾਰਾਂ ਫਿਰ ਕੁੱਝ ਦੇਰ ਬਾਅਦ ਗਿਆਰਾਂ ਫਿਰ ਦਸ, ਨੌਂ ਅਤੇ ਫੇਰ ਇਕੱਠੇ ਅੱਠ ਅਤੇ ਸੱਤ। ਸੂ ਨੇ ਬੇਸਬਰੀ ਨਾਲ, ਖਿੜਕੀ ਦੇ ਬਾਹਰ ਨਜ਼ਰ ਦੌੜਾਈ। ਉੱਥੇ ਗਿਣਨ ਲਾਇਕ ਕੀ ਸੀ। ਇੱਕ ਖੁੱਲੇ ਆਮ, ਬੰਜਰ ਚੌਕ ਜਾਂ ਵੀਹ ਫੁੱਟ ਦੂਰ ਇੱਟਾਂ ਦੇ ਮਕਾਨ ਦੀ ਕੋਰੀ ਦੀਵਾਰ!

ਇੱਕ ਪੁਰਾਣੀ, ਬੋਦੀ ਹੋਈ, ਜੜ੍ਹਾਂ ਨਿਕਲੀਆਂ ਹੋਈਆਂ, ਸਦਾਬਹਾਰ ਇੱਕ ਵੇਲ ਦੀਵਾਰ ਦੇ ਅੱਧ ਤੱਕ ਚੜ੍ਹੀ ਹੋਈ ਸੀ। ਸਿਆਲ ਦੇ ਠੰਡੀਆਂ ਸਾਹਾਂ ਨੇ ਉਸਦੀਆਂ ਪੱਤੀਆਂ ਤੋੜ ਸੁੱਟੀਆਂ ਸਨ ਅਤੇ ਉਸਦੀਆਂ ਪਿੰਜਰ ਸ਼ਾਖਾਵਾਂ, ਲੱਗਪਗ ਸਖਣੀਆਂ, ਉਨ੍ਹਾਂ ਟੁੱਟੀਆਂ—ਫੁੱਟੀਆਂ ਇੱਟਾਂ ਨਾਲ ਲਮਕ ਰਹੀਆਂ ਸਨ।

ਸੂ ਨੇ ਪੁੱਛਿਆ, " ਕੀ ਹੈ ਜਾਨੀ?"

ਅਤਿਅੰਤ ਧੀਮੇ ਸਵਰ ਵਿੱਚ ਜਾਂਸੀ ਬੋਲੀ, "ਛੇ! ਹੁਣ ਉਹ ਜਲਦੀ—ਜਲਦੀ ਡਿੱਗ ਰਹੇ ਹਨ। ਤਿੰਨ ਦਿਨ ਪਹਿਲਾਂ ਉੱਥੇ ਕਰੀਬ ਇੱਕ ਸੌ ਸਨ। ਉਨ੍ਹਾਂ ਨੂੰ ਗਿਣਦੇ—ਗਿਣਦੇ ਸਿਰ ਦੁਖਣ ਲਗ ਜਾਂਦਾ ਸੀ। ਔਹ, ਇੱਕ ਹੋਰ ਡਿੱਗਿਆ। ਹੁਣ ਰਹਿ ਗਏ ਬੱਸ ..ਪੰਜ।"

"ਪੰਜ ਕੀ? ਜਾਨੀ, ਪੰਜ ਕੀ? ਆਪਣੀ ਸੂ ਨੂੰ ਤਾਂ ਦੱਸ!"

"ਪੱਤੇ। ਉਸ ਵੇਲ ਦੇ ਪੱਤੇ। ਜਿਸ ਵਕਤ ਆਖਰੀ ਪੱਤਾ ਗਿਰੇਗਾ, ਮੈਂ ਵੀ ਚੱਲੀ ਜਾਵਾਂਗੀ। ਮੈਨੂੰ ਤਿੰਨ ਦਿਨ ਤੋਂ ਇਸਦਾ ਪਤਾ ਹੈ।" ਕੀ ਡਾਕਟਰ ਨੇ ਤੈਨੂੰ ਨਹੀਂ ਦੱਸਿਆ?"

ਅਤਿਅੰਤ ਤ੍ਰਿਸਕਾਰ ਨਾਲ ਸੂ ਨੇ ਸ਼ਿਕਾਇਤ ਕੀਤੀ, " ਓਹ! ਕੀ ਬੱਕੜਵਾਹ ਬਕ ਰਹੀ ਹੈਂ .. ਇੰਨੀ ਮੂਰਖ ਤਾਂ ਕਿਤੇ ਨਹੀ ਵੇਖੀ। ਤੇਰੇ ਠੀਕ ਹੋਣ ਦਾ ਇਹਨਾਂ ਪੱਤਿਆਂ ਨਾਲ ਭਲਾ ਕੀ ਸੰਬੰਧ ਹੈ? ਤੂੰ ਉਸ ਵੇਲ ਨੂੰ ਪਿਆਰ ਕਰਿਆ ਕਰਦੀ ਸੀ—ਕਿਉਂ ਇਸ ਲਈ? ਬਦਮਾਸ਼! ਆਪਣੀ ਬੇਵਕੂਫ਼ੀ ਬੰਦ ਕਰ! ਅੱਜ ਸਵੇਰੇ ਹੀ ਤਾਂ ਡਾਕਟਰ ਨੇ ਦੱਸਿਆ ਸੀ ਕਿ ਤੇਰੇ ਜਲਦੀ ਨਾਲ ਠੀਕ ਹੋਣ ਦੀ ਸੰਭਾਵਨਾ—ਠੀਕ ਕਿਹਨਾਂ ਸ਼ਬਦਾਂ ਵਿੱਚ ਕਿੱਥੇ ਸੀ—ਹਾਂ, ਕਿਹਾ ਸੀ, ਸੰਭਾਵਨਾ ਦਸਾਂ ਵਿੱਚੋਂ ਨੌਂ ਹੈ ਅਤੇ ਨਿਊ ਯਾਰਕ ਵਿੱਚ, ਜਦੋਂ ਅਸੀਂ ਕਿਸੇ ਟੈਕਸੀ ਵਿੱਚ ਬੈਠਦੇ ਹਾਂ ਜਾਂ ਕਿਸੇ ਨਵੀਂ ਇਮਾਰਤ ਦੇ ਕੋਲੋਂ ਗੁਜਰਦੇ ਹਾਂ, ਤੱਦ ਵੀ ਜੀਣ ਦੀ ਸੰਭਾਵਨਾ ਇਸ ਤੋਂ ਵਧੇਰੇ ਨਹੀਂ ਰਹਿੰਦੀ। ਹੁਣ ਥੋੜ੍ਹਾ ਤਰੀ ਪੀਣ ਦੀ ਕੋਸ਼ਿਸ਼ ਕਰ ਅਤੇ ਆਪਣੀ ਸੂ ਨੂੰ ਤਸਵੀਰ ਬਣਾਉਣ ਦੇ, ਤਾਂ ਕਿ ਉਸਨੂੰ ਸੰਪਾਦਕ ਸੱਜਣ ਦੇ ਹੱਥ ਵੇਚ ਕੇ ਉਹ ਆਪਣੀ ਬੀਮਾਰ ਬੱਚੀ ਲਈ ਥੋੜ੍ਹੀ ਪੋਰਟ ਵਾਈਨ ਅਤੇ ਖੁਦ ਆਪਣੇ ਲਾਲਚੀ ਪੇਟ ਲਈ ਕੁੱਝ ਪੋਰਕ ਚਾਪਾਂ ਲਿਆ ਸਕੇ। ਆਪਣੀਆਂ ਨਜ਼ਰਾਂ ਖਿੜਕੀ ਦੇ ਬਾਹਰ ਟਿਕਾਈਂ ਜਾਂਸੀ ਬੋਲੀ, "ਤੈਨੂੰ ਹੁਣ ਮੇਰੇ ਲਈ ਸ਼ਰਾਬ ਲਿਆਉਣ ਦੀ ਜ਼ਰੂਰਤ ਨਹੀਂ। ਔਹ, ਇੱਕ ਹੋਰ ਡਿੱਗਿਆ। ਨਹੀਂ ਮੈਨੂੰ ਤਰੀ ਦੀ ਵੀ ਜ਼ਰੂਰਤ ਨਹੀਂ। ਹੁਣ ਸਿਰਫ ਚਾਰ ਰਹਿ ਗਏ। ਅੰਧੇਰਾ ਹੋਣ ਤੋਂ ਪਹਿਲਾਂ ਉਸ ਆਖਰੀ ਪੱਤੇ ਨੂੰ ਡਿੱਗਦੇ ਹੋਏ ਵੇਖ ਲਵਾਂ—ਬਸ। ਫਿਰ ਮੈਂ ਵੀ ਚਲੀ ਜਾਵਾਂਗੀ।"

ਸੂ ਉਸ ਤੇ ਝੁਕਦੀ ਹੋਈ ਬੋਲੀ, "ਪਿਆਰੀ ਜਾਂਸੀ! ਤੂੰ ਮੇਰੇ ਨਾਲ ਵਾਅਦਾ ਕਰਨਾ ਹੋਵੇਗਾ ਕਿ ਤੂੰ ਅੱਖਾਂ ਬੰਦ ਰੱਖੇਂਗੀ, ਅਤੇ ਜਦੋਂ ਤੱਕ ਮੈਂ ਕੰਮ ਕਰਦੀ ਹਾਂ, ਖਿੜਕੀ ਤੋਂ ਬਾਹਰ ਨਹੀਂ ਦੇਖੇਗੀ। ਕੱਲ ਤੱਕ ਇਹ ਤਸਵੀਰ ਦੇਣੀ ਹੈ। ਮੈਨੂੰ ਰੋਸ਼ਨੀ ਦੀ ਜ਼ਰੂਰਤ ਹੈ, ਵਰਨਾ ਹੁਣੇ ਖਿੜਕੀ ਬੰਦ ਕਰ ਦਿੰਦੀ ਹਾਂ।

ਜਾਂਸੀ ਨੇ ਰੁੱਖਾਈ ਨਾਲ ਪੁੱਛਿਆ, "ਕੀ ਤੂੰ ਦੂਜੇ ਕਮਰੇ ਵਿੱਚ ਬੈਠਕੇ ਤਸਵੀਰਾਂ ਨਹੀਂ ਬਣਾ ਸਕਦੀ?"

ਸੂ ਨੇ ਕਿਹਾ, " ਮੈਨੂੰ ਤੇਰੇ ਕੋਲ ਹੀ ਰਹਿਣਾ ਚਾਹੀਦੈ। ਅਗਲੀ ਬਾਤ, ਮੈਂ ਤੈਨੂੰ ਉਸ ਵੇਲ ਵੱਲ ਦੇਖਣ ਦੇਣਾ ਨਹੀਂ ਚਾਹੁੰਦੀ"।

ਕਿਸੇ ਡਿੱਗੀ ਹੋਈ ਮੂਰਤੀ ਦੀ ਤਰ੍ਹਾਂ ਬੇਹਰਕਤ ਅਤੇ ਬੱਗੀ, ਆਪਣੀਆਂ ਅੱਖਾਂ ਬੰਦ ਕਰਦੀ ਹੋਈ, ਜਾਂਸੀ ਬੋਲੀ, "ਕੰਮ ਖਤਮ ਹੁੰਦੇ ਹੀ ਮੈਨੂੰ ਬੋਲ ਦੇਣਾ, ਕਿਉਂਕਿ ਮੈਂ ਉਸ ਆਖਰੀ ਪੱਤੇ ਨੂੰ ਡਿੱਗਦੇ ਹੋਏ ਵੇਖਣਾ ਚਾਹੁੰਦੀ ਹਾਂ। ਹੁਣ ਆਪਣੀ ਹਰ ਪਕੜ ਨੂੰ ਢਿਲਾ ਛੱਡ ਦੇਣਾ ਚਾਹੁੰਦੀ ਹਾਂ ਅਤੇ ਉਨ੍ਹਾਂ ਵਿਚਾਰੇ ਥਕੇ ਹੋਏ ਪੱਤਿਆਂ ਵਿੱਚੋਂ ਇੱਕ ਦੀ ਤਰ੍ਹਾਂ ਤੈਰਦੀ ਹੋਈ ਹੇਠਾਂ—ਹੋਰ—ਹੇਠਾਂ ਚੱਲੀ ਜਾਣਾ ਚਾਹੁੰਦੀ ਹਾਂ"।

ਸੂ ਨੇ ਕਿਹਾ, "ਤੂੰ ਸੌਣ ਦੀ ਕੋਸ਼ਿਸ਼ ਕਰ। ਮੈਂ ਖਾਨ ਵਿੱਚ ਮਜਦੂਰ ਦਾ ਮਾਡਲ ਬਨਣ ਲਈ ਉਸ ਬੇਹਰਮੈਨ ਨੂੰ ਸੱਦ ਲਿਆਉਂਦੀ ਹਾਂ। ਹੁਣੇ, ਇੱਕ ਮਿੰਟ ਵਿੱਚ ਆਈ। ਜਦੋਂ ਤੱਕ ਮੈਂ ਨਾ ਮੁੜਾਂ, ਤੂੰ ਹਿਲਣਾ ਨਹੀਂ!"

ਬੁੱਢਾ ਬੇਹਰਮੈਨ ਉਨ੍ਹਾਂ ਦੇ ਹੇਠਾਂ ਹੀ ਇੱਕ ਕਮਰੇ ਵਿੱਚ ਰਹਿੰਦਾ ਸੀ। ਉਹ ਵੀ ਚਿੱਤਰਕਾਰ ਸੀ। ਉਸਦੀ ਉਮਰ ਸੱਠ ਸਾਲ ਤੋਂ ਵੀ ਜਿਆਦਾ ਸੀ। ਉਸਦੀ ਦਾੜੀ, ਮਾਇਕਲ ਏਂਜਲੋ ਦੀ ਤਸਵੀਰ ਵਿਚਲੇ ਮੂਸਾ ਦੀ ਦਾੜ੍ਹੀ ਦੀ ਤਰ੍ਹਾਂ, ਕਿਸੇ ਬਦਸ਼ਕਲ ਬਾਂਦਰ ਦੇ ਸਿਰ ਤੋਂ ਕਿਸੇ ਭੂਤ ਦੇ ਸਰੀਰ ਤੱਕ ਲਹਰਾਉਂਦੀ ਮਲੂਮ ਹੁੰਦੀ ਸੀ। ਬੇਰਹਮੈਮ ਇੱਕ ਅਸਫਲ ਕਲਾਕਾਰ ਸੀ। ਚਾਲ੍ਹੀ ਸਾਲ ਤੋਂ ਉਹ ਸਾਧਨਾ ਕਰ ਰਿਹਾ ਸੀ, ਲੇਕਿਨ ਅਜੇ ਤੱਕ ਆਪਣੀ ਕਲਾ ਦੀ ਦੇਵੀ ਦੇ ਪਹਿਰਾਵੇ ਦੀ ਲੌਣ ਵੀ ਨਹੀਂ ਛੂ ਸਕਿਆ ਸੀ। ਉਹ ਹਰ ਤਸਵੀਰ ਨੂੰ ਬਣਾਉਂਦੇ ਸਮੇਂ ਇਹੀ ਸੋਚਦਾ ਕਿ ਇਹ ਉਸਦੀ ਸ਼ਾਹਕਾਰ ਰਚਨਾ ਹੋਵੇਗੀ, ਪਰ ਕਦੇ ਵੀ ਉਵੇਂ ਦੀ ਬਣਾ ਨਾ ਸਕਦਾ। ਹੁਣ ਤਾਂ ਕਈ ਸਾਲ ਤੋਂ ਉਹ ਕਮਰਸੀਅਲ ਜਾਂ ਇਸ਼ਤਿਹਾਰੀ—ਚਿੱਤਰ ਬਣਾਉਣ ਦੇ ਇਲਾਵਾ, ਇਹ ਧੰਦਾ ਹੀ ਛੱਡੀ ਬੈਠਾ ਸੀ। ਉਨ੍ਹਾਂ ਨਵੇਂ ਕਲਾਕਾਰਾਂ ਲਈ ਮਾਡਲ ਬਣਕੇ, ਜੋ ਕਿਸੇ ਪੇਸ਼ੇਵਰ ਮਾਡਲ ਦੀ ਫੀਸ ਨਹੀਂ ਚੁਕਾ ਸਕਦੇ ਸਨ, ਉਹ ਅੱਜਕੱਲ੍ਹ ਆਪਣਾ ਢਿੱਡ ਭਰਦਾ ਸੀ। ਉਹ ਜ਼ਰੂਰਤ ਤੋਂ ਜ਼ਿਆਦਾ ਸ਼ਰਾਬ ਪੀ ਲੈਂਦਾ ਅਤੇ ਆਪਣੀ ਉਸ ਸ਼ਾਹਕਾਰ ਰਚਨਾ ਸੰਬੰਧੀ ਬਕਬਕ ਕਰਨ ਲਗਦਾ ਜਿਸਦੇ ਸੁਪਨੇ ਉਹ ਸੰਜੋਦਾ ਰਹਿੰਦਾ ਸੀ। ਉਂਜ ਉਹ ਬਹੁਤ ਝਗੜਾਲੂ ਕਿਸਮ ਦਾ ਅੜਬ ਬੁੱਢਾ ਸੀ, ਜੋ ਨਿਮਾਣੇ ਬੰਦਿਆਂ ਦਾ ਜੋਰਦਾਰ ਮਜਾਕ ਉਡਾਉਂਦਾ ਅਤੇ ਆਪਣੇ ਆਪ ਨੂੰ ਇਨ੍ਹਾਂ ਦੋਨਾਂ ਕਲਾਕਾਰ ਕੁੜੀਆਂ ਦੀ ਰਾਖੀ ਕਰਨ ਵਾਲਾ ਵਫਾਦਾਰ ਕੁੱਤਾ ਸਮਝਿਆ ਕਰਦਾ।

ਸੂ ਨੇ ਬੇਹਰਮੈਨ ਨੂੰ ਆਪਣੇ ਹਨੇਰੇ ਘੁਰਨੇ ਵਿੱਚ ਪਿਆ ਪਾਇਆ। ਉਸ ਵਿੱਚੋਂ ਬੇਰ ਦੀਆਂ ਗਿਟਕਾਂ ਵਰਗੀ ਗੰਧ ਆ ਰਹੀ ਸੀ। ਇੱਕ ਕੋਨੇ ਵਿੱਚ ਉਹ ਕੋਰਾ ਕੈਨਵਾਸ ਟਿਕਿਆ ਸੀ, ਜੋ ਉਸਦੀ ਸ਼ਾਹਕਾਰ ਰਚਨਾ ਦੀ ਪਹਿਲੀ ਰੇਖਾ ਦੀ ਉਡੀਕ 25 ਸਾਲ ਤੋਂ ਕਰਦਾ ਆ ਰਿਹਾ ਸੀ। ਉਸਨੇ ਬੁਢੇ ਨੂੰ ਦੱਸਿਆ ਕਿ ਕਿਵੇਂ ਜਾਨਸੀ ਉਨ੍ਹਾਂ ਪੱਤਿਆਂ ਦੇ ਨਾਲ ਆਪਣੇ ਪੱਤੇ ਵਰਗੇ ਕੋਮਲ ਸਰੀਰ ਦਾ ਸੰਬੰਧ ਜੋੜ ਕੇ, ਉਨ੍ਹਾਂ ਦੇ ਇੱਕੋ ਸਮੇਂ ਤੁਰ ਜਾਣ ਦੀ ਭੈਭੀਤ ਕਲਪਨਾ ਕਰਦੀ ਹੈ, ਅਤੇ ਸੋਚਦੀ ਹੈ ਕਿ ਉਸਦੀ ਪਕੜ ਸੰਸਾਰ ਤੇ ਢਿਲੀ ਹੁੰਦੀ ਜਾ ਰਹੀ ਹੈ।

ਬੁੜੇ ਬੇਹਰਮੈਨ ਨੇ ਅਜਿਹੀਆਂ ਮੂਰਖਾਂ ਵਾਲਿਆਂ ਕਲਪਨਾਵਾਂ ਤੇ ਗ਼ੁੱਸੇ ਨਾਲ ਅੱਖਾਂ ਕੱਢ ਕੇ ਆਪਣਾ ਤ੍ਰਿਸਕਾਰ ਵਿਅਕਤ ਕੀਤਾ।

ਉਹ ਬੋਲਿਆ, "ਕੀ ਕਿਹਾ? ਕੀ ਅਜੇ ਤੱਕ ਦੁਨੀਆ ਵਿੱਚ ਅਜਿਹੇ ਮੂਰਖ ਵੀ ਹਨ, ਜੋ ਸਿਰਫ ਇਸ ਲਈ ਕਿ ਇੱਕ ਉਖੜੀ ਹੋਈ ਵੇਲ ਤੋਂ ਪੱਤੇ ਝੜ ਰਹੇ ਹਨ, ਆਪਣੇ ਮਰਨ ਦੀ ਕਲਪਨਾ ਕਰ ਲੈਂਦੇ ਹਨ? ਮੈਂ ਤਾਂ ਐਸਾ ਕਿਤੇ ਨਹੀਂ ਸੁਣਿਆ! ਮੈਂ ਤੁਹਾਡੇ ਵਰਗੇ ਮੂਰਖ ਪਾਗਲਾਂ ਲਈ ਕਦੇ ਮਾਡਲ ਨਹੀਂ ਬਣ ਸਕਦਾ। ਤੂੰ ਉਸਦੇ ਦਿਮਾਗ ਵਿੱਚ ਇਸ ਗੱਲ ਨੂੰ ਵੜਣ ਹੀ ਕਿਵੇਂ ਦਿੱਤਾ? ਓਅ, ਵਿਚਾਰੀ ਜਾਨਸੀ!"

ਸੂ ਨੇ ਕਿਹਾ, " ਉਹ ਰੋਗ ਨਾਲ ਬਹੁਤ ਕਮਜੋਰ ਹੋ ਗਈ ਹੈ ਅਤੇ ਬੁਖਾਰ ਦੇ ਕਾਰਨ ਹੀ ਉਸਦੇ ਦਿਮਾਗ ਵਿੱਚ ਅਜਿਹੀਆਂ ਅਜੀਬ ਕਲਪਨਾਵਾਂ ਜਾਗ ਉੱਠੀਆਂ ਹਨ। ਅੱਛਾ ਬੇਹਰਮੈਨ, ਤੁਸੀਂ ਜੇਕਰ ਮੇਰੇ ਲਈ ਮਾਡਲ ਨਹੀਂ ਬਨਣਾ ਚਾਹੁੰਦੇ ਤਾਂ ਨਾ ਬਣੋ। ਹੈਗੇ ਤਾਂ ਆਖਰ ਤੁਸੀਂ ਵੀ ਸਿਰੇ ਦੇ ਅੜਬੰਗ ..ਉੱਲੂ ਦੇ ਪੱਠੇ ਹੀ!"

ਬੇਰਹਮੈਨ ਚੀਖਿਆ, "ਤੂੰ ਤਾਂ ਕੁੜੀ ਦੀ ਕੁੜੀ ਹੀ ਰਹੀ! ਕਿਸਨੇ ਕਿਹਾ ਕਿ ਮੈਂ ਮਾਡਲ ਨਹੀਂ ਬਣਾਂਗਾ? ਚੱਲ, ਮੈਂ ਤੇਰੇ ਨਾਲ ਚੱਲਦਾ ਹਾਂ। ਅੱਧੇ ਘੰਟੇ ਤੋਂ ਇਹੀ ਤਾਂ ਚੀਖ ਰਿਹਾ ਹਾਂ ਕਿ ਭਈ ਚੱਲਦਾ ਹਾਂ—ਚੱਲਦਾ ਹਾਂ! ਐਪਰ ਇੱਕ ਗੱਲ ਕਹਾਂ—ਇਹ ਜਗ੍ਹਾ ਜਾਨਸੀ ਵਰਗੀ ਚੰਗੀ ਕੁੜੀ ਦੇ ਮਰਨ ਲਾਇਕ ਨਹੀਂ ਹੈ। ਕਿਸੇ ਦਿਨ ਜਦੋਂ ਮੈ ਆਪਣੀ ਸ਼ਾਹਕਾਰ ਰਚਨਾ ਬਣਾ ਲਵਾਂਗਾ ਤੱਦ ਅਸੀਂ ਸਭ ਇੱਥੋਂ ਚਲੇ ਜਾਵਾਂਗੇ। ਸਮਝੀ? ਹਾਂ!"

ਜਦੋਂ ਉਹ ਲੋਕ ਉੱਤੇ ਪੁੱਜੇ ਤਾਂ ਜਾਨਸੀ ਸੌਂ ਰਹੀ ਸੀ। ਸੂ ਨੇ ਬਾਰੀਆਂ ਦੇ ਪਰਦੇ ਡੇਗ ਦਿੱਤੇ ਅਤੇ ਬੇਹਰਮੈਨ ਨੂੰ ਦੂਜੇ ਕਮਰੇ ਵਿੱਚ ਲੈ ਗਈ। ਉੱਥੋਂ ਉਸ ਨੇ ਭੈਭੀਤ ਜਿਹੇ ਹੋ ਕੇ ਖਿੜਕੀ ਦੇ ਬਾਹਰ ਉਸ ਵੇਲ ਦੇ ਵੱਲ ਵੇਖਿਆ। ਫਿਰ ਉਨ੍ਹਾਂ ਨੇ, ਬਿਨਾਂ ਇੱਕ ਵੀ ਸ਼ਬਦ ਬੋਲੇ, ਇੱਕ ਦੂਜੇ ਵੱਲ ਵੇਖਿਆ। ਬਰਫ਼ੀਲੀ ਠੰਡੀ ਵਰਖਾ ਲਗਾਤਾਰ ਬਰਸ ਰਹੀ ਸੀ। ਇੱਕ ਕੇਤਲੀ ਨੂੰ ਉਲਟਾ ਕਰਕੇ ਉਸ ਨੇ ਨੀਲੀ ਕਮੀਜ਼ ਪਹਿਨਾ ਬੇਹਰਮੈਨ ਨੂੰ ਉਸ ਤੇ ਬਿਠਾਇਆ ਜਿਸ ਨਾਲ ਉਹ ਚੱਟਾਨ ਤੇ ਬੈਠੇ ਕਿਸੇ ਖ਼ਾਨ ਮਜਦੂਰ ਦਾ ਮਾਡਲ ਬਣ ਗਿਆ।

ਇੱਕ ਘੰਟੇ ਦੀ ਨੀਂਦ ਦੇ ਬਾਅਦ ਜਦੋਂ ਦੂਜੇ ਦਿਨ ਸਵੇਰੇ, ਸੂ ਦੀ ਅੱਖ ਖੁੱਲੀ ਤਾਂ ਉਸਨੇ ਵੇਖਿਆ ਕਿ ਜਾਂਸੀ ਅਹਿਲ ਹੋਈ, ਖਿੜਕੀ ਦੇ ਹਰੇ ਪਰਦੇ ਵੱਲ ਅੱਖਾਂ ਪਾੜ ਪਾੜ ਵੇਖ ਰਹੀ ਹੈ। ਸੁਰਸੁਰਾਹਟ ਦੀ ਆਵਾਜ਼ ਵਿੱਚ ਉਸਨੇ ਆਦੇਸ਼ ਦਿੱਤਾ, "ਪਰਦੇ ਉਠਾ ਦੇ, ਮੈਂ ਵੇਖਣਾ ਚਾਹੁੰਦੀ ਹਾਂ।"

ਮਜ਼ਬੂਰ ਸੂ ਨੂੰ ਆਗਿਆ ਮੰਨਣੀ ਪਈ।

"ਪਰ ਇਹ ਕੀ! ਰਾਤ ਭਰ ਵਰਖਾ, ਹਨ੍ਹੇਰੀ ਤੂਫਾਨ ਅਤੇ ਬਰਫ਼ ਪੈਣ ਤੇ ਵੀ ਇੱਟਾਂ ਦੀ ਦੀਵਾਰ ਨਾਲ ਚਿਪਕਿਆ, ਉਸ ਵੇਲ ਵਿੱਚ ਇੱਕ ਪੱਤਾ ਸੀ। ਆਪਣੇ ਡੰਠਲ ਦੇ ਕੋਲ ਕੁੱਝ ਗੂੜ੍ਹਾ ਹਰਾ, ਲੇਕਿਨ ਆਪਣੇ ਕਿਨਾਰਿਆਂ ਦੇ ਆਸਪਾਸ ਥਕਾਣ ਅਤੇ ਝੜਨ ਦਾ ਸੰਦੇਹ ਲਈ ਪੀਲਾ-ਪੀਲਾ, ਉਹ ਪੱਤਾ ਜ਼ਮੀਨ ਤੋਂ ਕੋਈ ਵੀਹ ਫੁੱਟ ਉੱਚਾ ਅਜੇ ਤੱਕ ਆਪਣੀ ਟਾਹਣੀ ਨਾਲ ਲਟਕ ਰਿਹਾ ਸੀ।

ਜਾਨਸੀ ਨੇ ਕਿਹਾ, "ਇਹੀ ਆਖ਼ਰੀ ਹੈ। ਮੈਂ ਸੋਚਿਆ ਸੀ ਕਿ ਇਹ ਰਾਤ ਨੂੰ ਜ਼ਰੂਰ ਹੀ ਡਿੱਗ ਜਾਵੇਗਾ। ਮੈਂ ਤੂਫਾਨ ਦੀ ਅਵਾਜ਼ ਵੀ ਸੁਣੀ। ਖੈਰ, ਕੋਈ ਗੱਲ ਨਹੀਂ ਇਹ ਅੱਜ ਡਿੱਗ ਜਾਵੇਗਾ ਅਤੇ ਉਸੇ ਸਮੇਂ ਮੈਂ ਵੀ ਮਰ ਜਾਵਾਂਗੀ।"

ਤਕੀਏ ਤੇ ਆਪਣਾ ਥੱਕਿਆ ਚਿਹਰਾ ਝੁਕਾ ਕੇ ਸੂ ਬੋਲੀ, "ਕੀ ਕਹਿੰਦੀ ਹੈਂ ਪਾਗਲ! ਆਪਣਾ ਨਹੀਂ ਤਾਂ ਘੱਟ ਤੋਂ ਘੱਟ ਮੇਰਾ ਖਿਆਲ ਕਰ! ਮੈਂ ਕੀ ਕਰਾਂਗੀ?"

ਪਰ ਜਾਨਸੀ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਦੁਨੀਆਂ ਦੀ ਸਭ ਤੋਂ ਇਕੱਲੀ ਵਸਤੂ ਇਹ ਆਤਮਾ ਹੁੰਦੀ ਹੈ, ਜਦੋਂ ਉਹ ਆਪਣੀ ਰਹੱਸਮਈ ਲੰਬੀ ਯਾਤਰਾ ਤੇ ਜਾਣ ਦੀ ਤਿਆਰੀ ਵਿੱਚ ਹੁੰਦੀ ਹੈ। ਜਿਉਂ ਜਿਉਂ ਸੰਸਾਰ ਨਾਲ ਦੋਸਤੀ ਵਿੱਚ ਬੰਨ੍ਹਣ ਵਾਲੇ ਉਸਦੇ ਬੰਧਨ ਢਿਲੇ ਪੈਂਦੇ ਗਏ ਤਿਉਂ ਤਿਉਂ ਉਸਦੀ ਕਲਪਨਾ ਨੇ ਉਸਨੂੰ ਹੋਰ ਜਿਆਦਾ ਜ਼ੋਰ ਨਾਲ ਜਕੜਨਾ ਸ਼ੁਰੂ ਕਰ ਦਿੱਤਾ।

ਦਿਨ ਗੁਜ਼ਰ ਗਿਆ ਅਤੇ ਸ਼ਾਮ ਦੀ ਥੋੜ੍ਹੀ ਜਿਹੀ ਲੋਅ ਵਿੱਚ ਵੀ, ਦੀਵਾਰ ਨਾਲ ਲੱਗੀ ਹੋਈ ਵੇਲ ਨਾਲ ਲਟਕਿਆ ਉਹ ਪੱਤਾ ਉਨ੍ਹਾਂ ਨੂੰ ਵਿਖਾਈ ਦਿੰਦਾ ਰਿਹਾ। ਪਰ ਉਦੋਂ ਰਾਤ ਪੈਣ ਦੇ ਨਾਲ ਨਾਲ, ਉੱਤਰੀ ਹਵਾਵਾਂ ਫਿਰ ਚਲਣ ਲੱਗੀਆਂ ਅਤੇ ਵਰਖਾ ਦੀ ਵਾਛੜ ਖਿੜਕੀ ਨਾਲ ਟਕਰਾ ਕੇ ਛੱਜੇ ਤੇ ਵਗਣ ਲੱਗ ਪਈ। ਰੋਸ਼ਨੀ ਹੁੰਦੇ ਹੀ ਨਿਰਦਈ ਜਾਨਸੀ ਨੇ ਆਦੇਸ਼ ਦਿੱਤਾ ਕਿ ਪਰਦੇ ਉਠਾ ਦਿੱਤੇ ਜਾਣ।

ਵੇਲ ਦਾ ਪੱਤਾ ਅਜੇ ਤੱਕ ਮੌਜੂਦ ਸੀ।

ਜਾਨਸੀ ਬਹੁਤ ਦੇਰ ਤੱਕ ਉਸ ਨੂੰ ਇੱਕਟਕ ਵੇਖਦੀ ਰਹੀ। ਉਸਨੇ ਸੂ ਨੂੰ ਪੁਕਾਰਿਆ, ਜੋ ਰਸੋਈ ਵਿੱਚ ਸਟੋਵ ਤੇ ਚਿਕਨ ਤਰੀ ਬਣਾ ਰਹੀ ਸੀ। ਜਾਨਸੀ ਬੋਲੀ, "ਸੂਡੀ, ਮੈਂ ਬਹੁਤ ਹੀ ਭੈੜੀ ਕੁੜੀ ਹਾਂ। ਕੁਦਰਤ ਦੀ ਕਿਸੇ ਸ਼ਕਤੀ ਨੇ, ਉਸ ਆਖਰੀ ਪੱਤੇ ਨੂੰ ਉਥੇ ਹੀ ਰੋਕ ਕੇ, ਮੈਨੂੰ ਇਹ ਦੱਸ ਦਿੱਤਾ ਕਿ ਮੈਂ ਕਿੰਨੀ ਦੁਸ਼ਟ ਹਾਂ। ਇਸ ਤਰ੍ਹਾਂ ਮਰਨਾ ਤਾਂ ਪਾਪ ਹੈ। ਲਿਆ, ਮੈਨੂੰ ਥੋੜ੍ਹਾ—ਜਿਹਾ ਸੂਪ ਦੇ ਅਤੇ ਕੁੱਝ ਦੁੱਧ ਵਿੱਚ ਦਵਾ ਮਿਲਾ ਕੇ ਲਿਆ ਦੇ। ਪਰ ਨਹੀਂ, ਉਸ ਤੋਂ ਪਹਿਲਾਂ ਮੈਨੂੰ ਜਰਾ ਸ਼ੀਸ਼ਾ ਦੇ ਅਤੇ ਮੇਰੇ ਸਿਰਹਾਣੇ ਕੁੱਝ ਤਕੀਏ ਲਗਾ ਦੇ, ਤਾਂ ਜੋ ਮੈਂ ਬੈਠੀ ਬੈਠੀ ਤੈਨੂੰ ਖਾਣਾ ਬਣਾਉਂਦੀ ਨੂੰ ਵੇਖਦੀ ਰਵਾਂ।"

ਕੋਈ ਇੱਕ ਘੰਟੇ ਬਾਅਦ ਉਹ ਬੋਲੀ, "ਸੂਡੀ, ਮੈਨੂੰ ਲੱਗਦਾ ਹੈ ਕਿ ਮੈਂ ਕਦੇ ਨਾ ਕਦੇ ਨੇਪਲਸ ਦੀ ਖਾੜੀ ਦਾ ਚਿੱਤਰ ਜਰੂਰ ਬਣਾਵਾਂਗੀ।"

ਸ਼ਾਮ ਨੂੰ ਡਾਕਟਰ ਸਾਹਿਬ ਫਿਰ ਆਏ। ਸੂ, ਕੁੱਝ ਬਹਾਨਾ ਬਣਾਕੇ, ਉਸ ਨੂੰ ਬਾਹਰ ਜਾਕੇ ਮਿਲੀ। ਸੂ ਦੇ ਕਮਜੋਰ ਕੰਬਦੇ ਹੱਥ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਡਾਕਟਰ ਸਾਹਿਬ ਬੋਲੇ, ਹੁਣ ਸੰਭਾਵਨਾ ਦਸਾਂ ਵਿੱਚੋਂ ਪੰਜ ਮੰਨੀ ਜਾ ਸਕਦੀ ਹੈ। ਜੇਕਰ ਦੇਖ ਭਾਲ ਚੰਗੀ ਹੋਈ ਤਾਂ ਤੂੰ ਜਿੱਤ ਜਾਏਂਗੀ ਅਤੇ ਹੁਣ ਮੈਂ, ਹੇਠਾਂ ਦੀ ਮੰਜ਼ਲ ਤੇ, ਇੱਕ—ਦੂਜੇ ਮਰੀਜ ਨੂੰ ਦੇਖਣ ਜਾ ਰਿਹਾ ਹਾਂ। ਕੀ ਨਾਮ ਹੈ ਉਸਦਾ—ਬੇਹਰਮੈਨ! ਸ਼ਾਇਦ ਕੋਈ ਕਲਾਕਾਰ ਹੈ—ਨਿਮੋਨੀਆ ਹੋ ਗਿਆ ਹੈ। ਅਤਿਅੰਤ ਕਮਜੋਰ ਅਤੇ ਬੁੱਢਾ ਆਦਮੀ ਹੈ ਅਤੇ ਹਮਲਾ ਜ਼ੋਰ ਦਾ ਹੋਇਆ ਹੈ। ਬਚਣ ਦੀ ਕੋਈ ਸੰਭਾਵਨਾ ਨਹੀਂ। ਅੱਜ ਉਸਨੂੰ ਹਸਪਤਾਲ ਭਿਜਵਾ ਦੇਵਾਂਗਾ। ਉੱਥੇ ਆਰਾਮ ਵਧੇਰੇ ਮਿਲੇਗਾ।

ਦੂਜੇ ਦਿਨ ਡਾਕਟਰ ਨੇ ਸੂ ਤੋਂ ਕਿਹਾ, "ਜਾਨਸੀ, ਹੁਣ ਖਤਰੇ ਤੋਂ ਬਾਹਰ ਹੈ। ਤੁਹਾਡੀ ਜਿੱਤ ਹੋਈ। ਹੁਣ ਤਾਂ ਸਿਰਫ ਪੋਸ਼ਟਿਕ ਖੁਰਾਕ ਅਤੇ ਦੇਖਭਾਲ ਦੀ ਜ਼ਰੂਰਤ ਹੈ।"

ਉਸ ਦਿਨ ਸ਼ਾਮ ਨੂੰ ਸੂ, ਜਾਂਸੀ ਦੇ ਪਲੰਘ ਦੇ ਕੋਲ ਆਕੇ ਬੈਠ ਗਈ। ਉਹ ਨਿਸ਼ਚਿੰਤ ਬੈਠੀ ਨੀਲੀ ਉਨ ਦਾ ਇੱਕ ਬੇਕਾਰ—ਜਿਹਾ ਗੁਲੂਬੰਦ ਬੁਣ ਰਹੀ ਸੀ। ਉਸਨੇ ਤਕੀਏ ਦੇ ਉਸ ਪਾਸੇ ਤੋਂ, ਆਪਣੀ ਬਾਂਹ, ਸੂ ਦੇ ਗਲੇ ਵਿੱਚ ਪਾ ਦਿੱਤੀ। ਸੂ ਬੋਲੀ, ਮੇਰੀ ਬੱਗੀ ਬਿੱਲੀ, "ਤੈਨੂੰ ਇੱਕ ਗੱਲ ਦੱਸਣੀ ਹੈ। ਅੱਜ ਸਵੇਰੇ ਹਸਪਤਾਲ ਵਿੱਚ, ਮਿਸਟਰ ਬੇਹਰਮੈਨ ਦੀ ਨਿਮੋਨੀਏ ਨਾਲ ਮ੍ਰਿਤੂ ਹੋ ਗਈ। ਉਹ ਸਿਰਫ਼ ਦੋ ਦਿਨ ਬੀਮਾਰ ਰਿਹਾ। ਪਰਸੋਂ ਸਵੇਰੇ ਹੀ ਚੌਂਕੀਦਾਰ ਨੇ ਉਸਨੂੰ ਆਪਣੇ ਕਮਰੇ ਵਿੱਚ ਦਰਦ ਨਾਲ ਤੜਪਦਾ ਪਾਇਆ ਸੀ। ਉਸਦੇ ਕੱਪੜੇ—ਇੱਥੇ ਤੱਕ ਕਿ ਜੁੱਤੀ ਵੀ ਪੂਰੀ ਤਰ੍ਹਾਂ ਨਾਲ ਭਿੱਜੀ ਅਤੇ ਬਰਫ਼ ਵਾਂਗ ਠੰਡੀ ਸੀ। ਕੋਈ ਨਹੀਂ ਜਾਣਦਾ ਕਿ ਏਨੀ ਭਿਆਨਕ ਰਾਤ ਵਿੱਚ ਉਹ ਕਿੱਥੇ ਗਿਆ ਸੀ। ਲੇਕਿਨ ਉਸਦੇ ਕਮਰੇ ਤੋਂ ਇੱਕ ਬਲਦੀ ਹੋਈ ਲਾਲਟੈਣ, ਕਿਤੋਂ ਘੜੀਸ ਕੇ ਲਿਆਂਦੀ ਇੱਕ ਪੌੜੀ, ਕੁਝ ਖਿੰਡਰੇ ਖਪਰੇ ਬਰਸ਼, ਲੱਕੜ ਦੀ ਪੈਲੇਟ ਤੇ ਕੁੱਝ ਹਰਾ ਅਤੇ ਪੀਲਾ ਰੰਗ ਮਿਲਾਇਆ ਹੋਇਆ ਮਿਲਿਆ। ਜ਼ਰਾ ਖਿੜਕੀ ਤੋਂ ਬਾਹਰ ਤਾਂ ਵੇਖ।ਦੀਵਾਰ ਦੇ ਕੋਲ ਦੀ ਉਸ ਆਖਰੀ ਪੱਤੇ ਨੂੰ। ਕੀ ਤੈਨੂੰ ਕਦੇ ਹੈਰਾਨੀ ਨਹੀਂ ਹੋਈ ਕਿ ਇੰਨੀ ਨ੍ਹੇਰੀ ਅਤੇ ਤੂਫਾਨ ਵਿੱਚ ਵੀ ਉਹ ਪੱਤਾ ਹਿਲਦਾ ਕਿਉਂ ਨਹੀਂ? ਪਿਆਰੀ ਸਹੇਲੀ, ਇਹੀ ਬੇਹਰਮੈਨ ਦੀ ਸ਼ਾਹਕਾਰ ਰਚਨਾ ਸੀ ਜਿਸ ਰਾਤ ਆਖ਼ਰੀ ਪੱਤਾ ਡਿਗਿਆ ਉਸੇ ਰਾਤ ਉਸਨੇ ਇਹਨੂੰ ਬਣਾਇਆ ਸੀ।