ਪੰਨਾ:Surjit Patar De Kav Samvedna.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਦ ਮੈਂ ਬਿਰਖ ਜਾਂ ਉਸ ਪਲ ਤਾਂ ਬਣ ਸਕੀ ਨਾ ਤੂੰ
ਜਦੋਂ ਚਿਰਾਗ ਮੈਂ ਬਣਿਆਂ, ਬਣੀ ਤੇ ਤੇਜ਼ ਹਵਾ

ਪਰ ਇਕ ਦੂਜੇ ਨੂੰ ਸਮਝ ਸਕਣ ਤੋਂ ਅਸਮਰਥ ਰਹਿਣਾ ਦੁਪਾਸੜ ਹੈ। ਜੇ ਸ਼ਾਇਰ ਆਪਣੀ ਮਹਿਬੂਬ ਨੂੰ ਇਹ ਨਿਹੋਰਾ ਦਿੰਦਾ ਹੈ ਕਿ ਤੂੰ ਮੈਨੂੰ ਸਮਝਣ ਤੋਂ ਅਸਮਰਥ ਰਹੀ ਹੈ, ਉਥੇ ਉਹ ਇਸ ਦਾ ਵੀ ਇਕਬਾਲ ਕਰਦਾ ਹੈ ਕਿ ਉਹ ਵੀ ਮਹਿਬੂਬ ਨੂੰ ਸਮਝ ਸਕਣ ਤੋਂ ਅਸਮਰਥ ਰਿਹਾ ਹੈ। ਆਪਣੀ ਇਸ ਮਾਨਸਿਕ ਦੁਬਿਧਾ ਨੂੰ ਕਵੀ ਇਉਂ ਬਿਆਨਦਾ ਹੈ:

ਏਦਾਂ ਰੰਗ ਵਟਾਉਂਦਾ ਤੇਰਾ ਚਿਹਰਾ ਰੋਜ਼ ਰਿਹਾ
ਨਾ ਮੈਂ ਤੈਨੂੰ ਤਜ ਸਕਿਆ ਤੇ ਨਾ ਸਕਿਆ ਅਪਣਾ
ਓਸ ਦੀ ਰਗ ਰਗ ‘ਚ ਆਪਣਾ ਖੂਨ ਨਾ ਮੈਂ ਵੇਖਿਆ
ਲਾਲ ਸੂਹੇ ਬਿਰਖ ਦੀ ਮੈਂ ਸ਼ਾਖ ਵੱਲ ਤੱਕਦਾ ਰਿਹਾ

ਉਸ ਦੀਆਂ ਕੁਝ ਗਜ਼ਲਾਂ ਮਸਲਸਲ ਗ਼ਜ਼ਲਾਂ ਦੀ ਕੋਟੀ ਵਿਚ ਆਉਂਦੀਆਂ ਹਨ, ਉਨ੍ਹਾਂ ਵਿਚ ਸਮੁੱਚਾ ਸੰਬੋਧਨ ਅਤੇ ਵਿਸ਼ਾ ਪਿਆਰ ਨਾਲ ਸਬੰਧਤ ਹੁੰਦਾ ਹੈ। 'ਪਾਤਰ' ਦੇ ਸ਼ੇਅਰਾਂ ਵਿਚ ਪਿਆਰ ਅਤੇ ਕਾਮ ਦੇ ਆਪਸੀ ਸਬੰਧਾਂ ਤੇ ਵੀ ਦਵੰਦ ਮਿਲਦਾ ਹੈ: ਕਾਮ ਅਤੇ ਪਿਆਰ ਦੇ ਆਪਸੀ ਸਬੰਧ ਰਲ-ਗੱਡ ਹੋਏ ਮਿਲਦੇ ਹਨ। 'ਪਾਤਰ' ਕਾਮਕ ਜ਼ਜਬੇ ਨੂੰ ਇਕ ਪਾਸੇ ਤਾਂ ਜਾਇਜ਼ ਠਹਿਰਾਉਂਦਾ ਹੈ:

ਉਹ ਤੇਰਾ ਦਿਲ ਨਾ ਸਹੀ ਖੁਦਕਸ਼ੀ ਦੀ ਝੀਲ ਸਹੀ
ਮੈਂ ਤਪਦੇ ਜਿਸਮ ਨੂੰ ਆਖ਼ਰ ਕਿਤੇ ਤਾਂ ਡੁਬੰਣਾ ਸੀ

ਦੂਜੇ ਪਾਸੇ ਪਾਤਰ ਕਾਮ ਦੇ ਜ਼ਜਬੇ ਨੂੰ ਇਉਂ ਨਿੰਦਦਾ ਹੈ ਕਿ ਇਸ ਭਵਸਾਗਰ ਵਿਚ ਕੁਝ ਨਹੀਂ ਲੱਭਦਾ। ਇਸ ਬਾਰੇ ਉਸ ਦਾ ਸ਼ੇਅਰ ਹੈ:

ਕਿਸੇ ਦੇ ਜਿਸਮ ਵਿਚ ਕਿੰਨੇ ਕੁ ਡੂੰਘੇ ਲੱਥ ਜਾਉਗੇ
ਕਿ ਆਖਰ ਲਾਸ਼ ਵਾਂਗੂੰ ਸਤਹ ਉਤੇ ਤੈਰ ਆਉਗੇ ।

ਪਿਆਰ ਅਤੇ ਕਾਮ ਦੇ ਆਪਸੀ ਸਬੰਧ ਹਮੇਸ਼ਾ ਹੀ ਉਲਝ ਰਹੇ ਹਨ ਅਤੇ ਸ਼ਾਇਦ ਉਲਝੇ ਹੀ ਰਹਿਣ। ਇਸ ਪ੍ਰਕਾਰ ਕਾਮ ਨੂੰ ਮਾਣਨਾ ਜਾਂ ਨਾ ਮਾਣਨਾ; ਇਸ ਬਾਰੇ ਨੈਤਿਕ ਮਾਪਦੰਡ ਹਮੇਸ਼ਾ ਹੀ ਘਚੋਲਾਂ ਪਾਉਂਦੇ ਹਨ। 'ਪਾਤਰ' ਦੀ ਵਿਲੱਖਣਤਾ ਇਸ ਮਸਲੇ ਨੂੰ ਸੁਲਝਾਣ ਵਿਚ ਨਹੀਂ ਤੇ ਨਾ ਹੀ ਉਲਝਣ ਵਿਚ ਨਹਿਤ

9