ਪੰਨਾ:Surjit Patar De Kav Samvedna.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਪਿਆਰ ਨਾਲ ਸਬੰਧਤ ਕਹੇ ਜਾ ਸਕਦੇ ਹਨ। ਉਹ ਜੀਵਨ ਵਿਚ ਪ੍ਰਾਪਤ ਯਥਾਰਥਕ ਪਿਆਰ ਦੀ ਕਾਵਿਕ-ਜੁਗਤਾਂ ਦੁਆਰਾ ਪੇਸ਼ਕਾਰੀ ਪ੍ਰਸਤੁਤ ਕਰਦਾ ਹੈ। ਪਿਆਰ ਦੇ ਸੰਕਲਪਵਾਚੀ ਅਰਥਾਂ ਵਿਚ ਵੱਖਰਤਾ ਪਾਤਰ ਨੂੰ ਪਿਛਲੇ ਗਜ਼ਲਕਾਰਾਂ ਨਾਲੋਂ ਵੱਖਰਾ ਖੜਾ ਕਰਦੀ ਹੈ। ਕਵੀ ਦੇ ਪਿਆਰ ਨਾਲ ਸੰਬੰਧਤ ਜਾਂ ਮਹਿਬੂਬ ਨੂੰ ਸੰਬੋਧਤ ਕੀਤੇ ਗਏ ਸ਼ੇਅਰਾਂ ਵਿਚ ਪ੍ਰਮੁੱਖ ਰੂਪ ਵਿਚ ‘ਕਾਬਜ਼ ਸਮਾਜਿਕ ਸ਼ਕਤੀਆਂ ਵਲੋਂ ਪਿਆਰ ਤੇ ਲਾਈ ਰੋਕ ਤੇ ਚੋਟ ਹੈ, ਜਿਸ ਪ੍ਰਕਾਰ ਅਸੀਂ ਪਹਿਲਾਂ ਲਿਖ ਚੁਕੇ ਹਾਂ ਕਿ ਪਾਤਰ' ਨੇ ਰਵਾਇਤੀ ਗ਼ਜ਼ਲ ਦੇ ਪਿਆਰ ਸੰਕਲਪ ਨੂੰ ਤੋੜਿਆ ਹੈ। ਕਾਬਜ਼ ਜਮਾਤਾਂ ਪਿਆਰ ਨੂੰ ਆਪਣੇ ਮਨ ਇਛਤ ਅਰਥ ਪ੍ਰਦਾਨ ਕਰਦੀਆਂ ਹਨ। ਉਹਨਾਂ ਵਲੋਂ ਇਕ ਪਾਸੇ ਤਾਂ ਪਿਆਰ ਨੂੰ ਉਚ-ਆਦਰਸ਼ਕ ਮੰਡਲਾਂ ਵਿਚ ਪਹੁੰਚਾਇਆ ਜਾਂਦਾ ਹੈ, ਦੂਸਰੇ ਪਾਸੇ ਅਮਲੀ ਜੀਵਨ ਵਿਚ ਪਿਆਰ ਨੂੰ ਇਕ ਬਿਮਾਰੀ ਵਾਂਗ ਪੇਸ਼ ਕੀਤਾ ਜਾਂਦਾ ਹੈ। ਪਿਆਰ ਦੇ ਅਸਲ ਅਰਥ ਨੂੰ ਜਾਂ ਤਾਂ ਅਪਹੁੰਚ ਨੈਤਿਕ ਮਾਪਦੰਡਾਂ ਤੇ ਲਟਕਾ ਦਿੱਤਾ ਜਾਂਦਾ ਹੈ ਜਾਂ ਫਿਰ ਇਸ ਨੂੰ ਨਿੰਦਨੀ ਕਾਮ ਵੇਗ ਵਜੋਂ ਪੇਸ਼ ਕੀਤਾ ਜਾਂਦਾ ਹੈ। ਪਰ ਉਚਆਦਰਸ਼ਕ ਪਿਆਰ ਦਾ ਬੋਲ-ਬਾਲਾ ਵਧੇਰੇ ਸੀ। ਇਸ ਰੂਹਾਨੀ ਪਿਆਰ ਨੂੰ ਸ਼ਰੀਰਕ ਪਿਆਰ ਤੋਂ ਉੱਚਾ ਠਹਿਰਾਇਆ ਜਾਂਦਾ ਸੀ। ਸ਼ਾਇਰ ਇਸ ਭੰਬਲਭੂਸੇ ਵਿਚੋਂ ਨਿਕਲਕੇ ਕਿਤਾਬਾਂ ਵਿਚ ਪੜ੍ਹੀ ਮੁਹੱਬਤ ਅਤੇ ਜ਼ਿੰਦਗੀ ਵਿਚ ਮਿਲਦੀ ਮੁਹੱਬਤ ਦਾ ਟਾਕਰਾ ਕਰਦਾ ਹੈ:

ਕਿਤਾਬਾਂ ‘ਚ ਜਿਹੜੀ ਮੁਹੱਬਤ ਪੜੀ ਸੀ
ਉਹ ਜੀਵਨ ‘ਚ ਆਈ ਨਾ ਤੇਰੇ ਨਾ ਮੇਰੇ

ਕਾਬਜ਼ ਸਮਾਜਿਕ ਸ਼ਕਤਆਂ ਤਾਂ ਪਿਆਰ ਦੇ ਰਾਹ ਵਿਚ ਰੋਕ ਬਣਦੀਆਂ ਹੀ ਹਨ, ਪਰ ਵਿਅਕਤੀਗਤ ਦੁਖਾਂਤ ਉਦੋਂ ਵਾਪਰਦਾ ਹੈ। ਜਦੋਂ ਮਹਿਬੂਬ ਉਸ ਨੂੰ ਸਮਝ ਸਕਣ ਤੋਂ ਅਸਮਰਥ ਰਹਿ ਜਾਂਦਾ ਹੈ। ਜਦੋਂ ਪ੍ਰੇਮੀ-ਪ੍ਰੇਮਿਕਾ ਵਿਚ ਆਪਸੀ ਭਾਵਾਂ ਦਾ ਸੰਚਾਰ ਹੀ ਨਾ ਹੋ ਸਕੇ। ਪਾਤਰ ਦੇ ਕੁਝ ਸ਼ੇਅਰਾਂ ਵਿਚ ਪ੍ਰੇਮਿਕਾ ਵਲੋਂ ਸ਼ਾਇਰ ਨੂੰ ਸਮਝ ਸਕਣ ਤੋਂ ਅਸਮਰਥ ਰਹਿਣ ਲਈ ਨਿਹੋਰਾ ਹੈ:

ਉਠਾ ਹੀ ਸਕਿਆ ਨਾ ਤੂੰ ਮੇਰੇ ਦਿਲ ਦੀਆਂ ਪਰਤਾਂ
ਉਨ੍ਹਾਂ ਦੇ ਹੇਠ ਸੀ ਤੇਰਾ ਹੀ ਨਾਮ ਲਿਖਿਆ ਪਿਆ

8