ਹੁੰਦੈ ਅਤੀ ਭਿਆਨਕ ਅੰਤਰ
ਅੱਤ ਭਿਆਨਕ ਸੁਪਨੇ ਵਾਂਗ;
ਜਾਂ ਫਿਰ ਹੁੰਦੈ ਭੈ ਦਾ ਛਾਇਆਵਾਸ:
ਤੀਖਣ ਬੁੱਧੀ, ਸਹਿਜ ਯੋਗਿਤਾ,
ਨਾਸ਼ਵਾਨ ਹੱਥਿਆਰ
ਸਿਰ ਜੋੜਕੇ ਸਾਜ਼ਿਸ਼ ਕਰਦੇ:
ਬੰਦਾ ਜਿਵੇਂ ਰਿਆਸਤ ਹੋਵੇ,
ਬਗਾਵਤ ਕਿਸੇ ਦੀ ਹੋਈ ਸ਼ਿਕਾਰ।
-ਲੂਸੀਅਸ ਦੀ ਵਾਪਸੀ-
ਲੂਸੀਅਸ-:ਜੀ ਸਰਕਾਰ!
ਆਇਐ ਤੁਹਾਡਾ ਭਰਾ ਕੈਸੀਅਸ
ਕਰੇ ਦਰਾਂ 'ਚ ਇੰਤਜ਼ਾਰ।
ਬਰੂਟਸ-:ਹੈ ਕੀ ਕੱਲਾ?
ਲੂਸੀਅਸ-:ਨਾਂ, ਸਰਕਾਰ! ਉਸਦੇ ਨਾਲ ਹੋਰ ਵੀ ਹੈਗੇ।
ਬਰੂਟਸ-:ਜਾਣਦੈਂ ਤੂੰ ਉਹਨਾਂ ਨੂੰ ਵੀ?
ਲੂਸੀਅਸ-:ਨਹੀਂ ਸਰਕਾਰ!
ਟੋਪੀਆਂ ਨਾਲ ਕੰਨ ਢਕੇ ਨੇ
ਅੱਧੇ ਚਿਹਰੇ ਚੋਗਿਆਂ ਵਿੱਚ ਲੁਕੇ ਨੇ;
ਕੋਈ ਅਜਿਹਾ ਚਿੰਨ੍ਹ ਨਾਂ ਦਿੱਸੇ
ਜੀਹਤੋਂ ਕਰਾਂ ਪਛਾਣ।
ਬਰੂਟਸ-:ਲੈ ਆ ਅੰਦਰ ਉਹਨਾਂ ਤਾਈਂ।
-ਲੂਸੀਅਸ ਜਾਂਦਾ ਹੈ-
ਲਗਦੈ ਸਾਰਾ ਧੜਾ ਹੈ ਆਇਆ।
ਆਹ, ਓ ਸਾਜ਼ਿਸ਼!
ਰਾਤ ਹਨੇਰੀ ਦੇ ਵਿੱਚ ਵੀ
ਨੰਗਾ ਮੂੰਹ ਵਖਾ ਨਾ ਸੱਕੇਂ,
ਖੁੱਲ੍ਹੇ ਜਦ ਘੁੰਮ ਰਹੇ ਨੇ
ਕੁੱਲ ਬਦੀ ਤੇ ਮੁਜਰਮ ਸਾਰੇ?
ਚਿੱਟੇ ਦਿਨ ਫਿਰ ਲੱਭੂ ਕਿਹੜੀ
ਨ੍ਹੇਰੀ ਕੰਦਰ ਤੈਨੂੰ,
ਭਿਆਨਕ ਮੂੰਹ, ਇਹ ਕੋਝਾ ਚਿਹਰਾ
ਜਿੱਥੇ ਜਾ ਲੁਕਾਵੇਂ?
54