ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦

ਕਾਮਾ ਗਾਟਾ ਮਾਰੂ ਜਹਾਜ਼ ਦੇ

ਬੇ ਬਸ ਹਿੰਦੀਆਂ ਦੀ ਪੁਕਾਰ

ਸੁਣੋ ਹਿੰਦਿਓ ਜ਼ਰਾ ਧਯਾਨ ਦੇਕੇ।

ਸਾਡਾ ਹਾਲ ਗਰੀਬਾਂ ਦਾ ਦਰਦ ਭਰਿਆ।

ਜ਼ਰਾ ਸਾਂਭ ਲੈਣਾ ਮਨ ਆਪਨੇ ਨੂੰ।

ਦਿਲ ਰਖਣਾਂ ਸਾਂਭ ਕੇ ਖਾਲਸਾ ਜੀ।

ਖੂਬ ਮਗਜ਼ ਦੇ ਨਾਲ ਵਚਾਰ ਕਰਨੀ।

ਆਹ ਲੱਖ ਕਜੀਯੜੇ ਪੈਣ ਮਰਦਾਂ।

ਯਾਦ ਰਖਣਾਂ ਦਗ਼ੇ ਦੇ ਯਾਰ ਤਾਈਂ।

ਆਵੇ ਹੱਥ ਤੇ ਖੂਬ ਜਵਾਬ ਦੇਣਾਂ।

ਪਾਸਾ ਫਿਰੂਗਾ ਯਾਰੋ ਜ਼ਰੂਰ ਸਾਡਾ।

ਬਦਲੇ ਲਵਾਂਗੇ ਗਿਣ ੨ ਹਰਾਮੀਆਂ ਤੋਂ।

ਬੇਈਮਾਨ ਫਰੰਗ ਬੇ ਪੀਰ ਕਾਫਰ।

ਯਾਰੋ ਵਕਤ ਸੋਹਣਾਂ ਸਾਡੇ ਉਠਣੇ ਦਾ।

ਨਾਲੇ ਕੁਟਦਾ ਹੈ ਨਾਲੇ ਲੁਟਦਾ ਹੈ।

ਜੜਾਂ ਕਟਦਾ ਵਿਚੋਂ ਹਰਾਮਜ਼ਾਦਾ।

ਮੁਢੋਂ ਦਸਦੇ ਹਾਂ ਸਾਰਾ ਹਾਲ ਭਇਓ।

ਸੋਹਣਾਂ ਵਕਤ ਜੇ ਵਕਤ ਸਿਰ ਵਕਤ ਲਭਾ।


ਗੱਲਾਂ ਸੁਣਦਿਆਂ ਸਾਰ ਘਬਰਾਵਨਾਂ ਨਾਂ॥

ਖੋਲ ਦਸਦੇ ਹਾਂ ਮੂੰਹ ਭਵਾਵਨਾਂ ਨਾਂ॥

ਹੌਕੇ ਭਰਦਿਆਂ ਦਮ ਉਲਟਾਵਨਾਂ ਨਾਂ॥

ਮਰਦਾਂ ਵਾਂਗ ਰੈਹਿਣਾਂ ਦਿਲ ਦੈਹਲਾਵਨਾਂ ਨਾਂ॥

ਸੁਣ ਕੇ ਦੁੱਖ ਸਾਡੇ ਸ੍ਰ੍ਮਾਵਨਾਂ ਨਾਂ॥

ਪਏ ਪੈਣ ਯਾਰੋ ਘਬਰਾਵਨਾਂ ਨਾਂ॥

ਉਏ ਪ੍ਯਾਰਿਓ ਦਿਲੋਂ ਭੁਲਾਵਨਾਂ ਨਾਂ॥

ਅੱਗੇ ਵਾਂਗ ਭੁਲੇਖੇ ਵਿੱਚ ਆਵਨਾਂ ਨਾਂ॥

ਹਿਮਤ ਰੱਖਣੀ ਦਿਲ ਉਦਰਾਵਨਾਂ ਨਾਂ॥

ਬੱਚਣਾਂ ਹਿੰਦਿਓ ਦਾ ਹੇਠ ਆਵਨਾਂ ਨਾਂ॥

ਗੱਲਾਂ ਮਿਠੀਆਂ ਤੇ ਭੁੱਲ ਜਾਵਨਾਂ ਨਾਂ॥

ਪਿੱਛੇ ਕਾਇਰਾਂ ਲੱਗ ਦਬ ਜਾਵਨਾਂ ਨਾਂ॥

ਨਾਲੇ ਹਸਦਾ ਹਾਸੇ ਵਿੱਚ ਆਵਨਾਂ ਨਾਂ॥

ਉਤੋਂ ਪ੍ਯਾਰ ਕਰਦਾ ਧੋਖਾ ਖਾਵਨਾਂ ਨਾਂ॥

ਯਾਦ ਰਖਣਾਂ ਐਵੇਂ ਭੁਲਾਵਨਾਂ ਨਾਂ॥

ਵਕਤ ਸਾਂਭਣਾਂ ਵੀਰੋ ਗਵਾਵਨਾਂ ਨਾਂ॥



ਸਾਡੇ ਦੁਖਾਂ ਵਿਚੋਂ ਦੁਖ ਵੰਡੌਣ ਵਾਲੋ।

ਮੁਦਤ ਗੁਜ਼ਰ ਚੁਕੀ ਦੁਖ ਸੈਹੰਦਿਆਂ ਨੂੰ।

ਗੁੱਝੀ ਮਰਜ਼ ਵਿੱਚੇ ਵਿੱਚ ਜ਼ੋਰ ਪਾਇਆ।

ਬੜੀ ਦੂਰ ਦਰਾਜ਼ ਤਕ ਨਜ਼ਰ ਮਾਰੀ।

ਮੁਲਕੋਂ ਕੱਢ ਮਾਰੇ ਦੂਜੇ ਦੇਸ਼ ਅੰਦਰ।

ਆਏ ਮਿਰਕਣ ਕਨੇਡੇ ਦੇ ਹੌਂਸਲੇ ਤੇ।

ਮਿਰਕਣ ਬੰਦ ਹੋ ਗਈ ਹਿੰਦੋਸਤਾਨੀਆਂ ਨੂੰ।


ਕੇਹੀ ਦਿਤੀ ਨਸੀਬਾਂ ਨੇ ਹਾਰ ਸਾਨੂੰ॥

ਮਿਲਯਾ ਅਜ ਜ਼ਮਾਨੇ ਦਾ ਯਾਰ ਸਾਨੂੰ॥

ਸਾਰਾ ਹਿੰਦ ਹੀ ਦਿਸੇ ਬੀਮਾਰ ਸਾੰਨੂ॥

ਲਭੀ ਮਰਜ਼ ਫਰੰਗੀ ਸ੍ਰਕਾਰ ਸਾੰਨੂ॥

ਕੀਤਾ ਚੀਨ ਮਚੀਨ ਖੁਆਰ ਸਾੰਨੂ॥

ਪੈਸਾ ਖਰਚ ਆਇਆ ਬੇ ਸ਼ੁਮਾਰ ਸਾੰਨੂ॥

ਅਤੇ ਢੋਇਆ ਕਨੇਡੇ ਦਾ ਬਾਰ ਸਾੰਨੂ॥