ਪੰਨਾ:Alochana Magazine October 1957 (Punjabi Conference Issue).pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



 ਛੇੜ ਪਰਾਈ ਨਾਰ ਨੂੰ, ਤਾ ਕੀ ਹੁਣ ਤੈਂ। 
 ਤੇਰੇ ਹੱਥੋਂ ਜੈਮਲਾ, ਖਾ ਮਰਾਂ ਕੁੱਝ ਮੈਂ। 
 ਮੇਹਣਾ ਲੈ ਕੇ ਵਤਨ ਨੂੰ, ਜਾਸਾਂ ਕਿਹੜੇ ਮੂੰਹ । 
 ਚੰਗੇ ਪੁੱਤਰ ਧੋਵਣੇ, ਧੋਵਣ ਲੱਗੋਂ ਹੁਣ ਤੂੰ । 
 ਘਰ ਬਿਗਾਨੇ ਆਣ ਤੂੰ, ਘੋਲੀ ਕੀ ਕਰਤੂਤ | 
 ਨੱਕ ਵਢਾਇਓ ਜੈਮਲਾ, ਚੰਗਾ ਤੂੰ ਸਪੂਤ । 
 ਏਥੇ ਭੀ ਹੁਣ ਹੋਵਣੀ, ਗੁਜ਼ਰ ਅਸਾਡੀ ਨਾਂ । 
 ਤੇਰੇ ਹਥੋਂ ਜੈਮਲਾ ! ਮੈਂ ਕਿੱਥੇ ਜਾ ਬਹਾਂ ?
    ਹਰੀ ਸਿੰਘ ਦੀਵਾਨ 
 ਹਰੀ ਸਿੰਘ ਇਕ ਨਾਮ ਸੀ, ਜੈਮਲ ਦਾ ਦੀਵਾਨ । 
 ਉਹ ਫਿਰ ਆ ਕੇ ਆਖਦਾ, ਸੁਣ ਮੇਰੇ ਸੁਲਤਾਨ । 
 ਸਖ਼ਤੀ ਦੇ ਦਿਨ ਆਪਣੇ, ਕੱਟੋ ਨੀਵੇਂ ਹੋ ।
 ਝਾਗੋ ਹੁਣ ਨਾਲ ਹੌਸਲੇ, ਪਈ ਸਿਰੇ ਤੇ ਜੋ । 
 ਕਰੋ ਗੁਜ਼ਾਰਾ ਆਪਣਾ, ਹੋ ਕੇ ਪਰ-ਅਧੀਨ । 
 ਨਾਰ ਪਰਾਈ ਦੁੱਖ ਹੈ, ਰਾਜਨ ਕਰੋ ਯਕੀਨ । 
 ਖ਼ਾਤਰ ਇਕ ਦਰੋਪਤਾ, ਐਸਾ ਹੋਇਆ ਹਾਲ | 
 ਖੱਪਰ ਭਰਿਆ ਖੂਨ ਥੀਂ, ਜ਼ਿਮੀਆਂ ਹੋਈਆਂ ਲਾਲ । 
 ਪਰ ਨਾਰੀ ਨੂੰ ਛੇੜ ਕੇ, ਪਏ ਫ਼ਿਕਰ ਵਿਚ ਜਾਨ । 
 ਰਾਵਣ ਜਹੇ ਦੇ ਢੰਡਿਆਂ, ਮਿਲਦੇ ਨਹੀਂ ਨਿਸ਼ਾਨ । 
 ਇਨ੍ਹੀਂ ਕੰਮੀਂ ਕੰਵਰ ਜੀ, ਚੰਗਾ ਕਹੇ ਨਾ ਕੋ । 
 ਮੰਦੀ ਕੰਮੀਂ ਅੰਤ ਨੂੰ, ਸਰਪਰ ਮੰਦਾ ਹੋ ।
     ਜੈਮਲ ਦੀ ਰਾਣੀ 
 ਰਾਣੀ ਨੇ ਫਿਰ ਓਸਦੀ, ਸੁਣਿਆ ਜਾਂ ਇਹ ਹਾਲ । 
 ਆਈ ਨਿਕਲ ਮਹੱਲ ਥੀਂ, ਓਵੇਂ ਗ਼ੁੱਸੇ ਨਾਲ । 
 ਜੈਮਲ ਦੇ ਝੱਟ ਆਣ ਕੇ, ਸਨਮੁੱਖ ਗਈ ਖਲੋ । 
 ਕਹਿਣ ਲੱਗੀ ਸਿਰ ਫੇਰ ਕੇ, ਇੰਜ ਗੱਲਾਂ ਇਕ ਦੋ । 
 ਤੂੰ ਤੇ ਕੰਤਾ ! ਮਰਦ ਏਂਂ, ਮੈਂ ਇਕ ਤੇਰੀ ਨਾਰ । 
 ਐਪਰ ਮੇਰੀ ਗਲ ਦੀ, ਕਰਨੀ ਤੁੱਧ ਵਿਚਾਰ । 
 ਸ਼ਿਕਰੇ, ਇੱਲਾਂ, ਬਾਜ਼ ਤੇ, ਰਹਿਣ ਜੰਗਲ ਵਿਚ ਕਾਂ । 
 ਚਿੜੀਆਂ ਭੀ ਪਰ ਆਲ੍ਹਣੇ, ਰੱਖਣ ਓਸੇ ਥਾਂ ।

{