ਪੰਨਾ:Alochana Magazine October 1957 (Punjabi Conference Issue).pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਜੈਮਲ ਅਤੇ ਸੋਹਲ

 ਓਥੋਂ ਜਾਂ ਉਹ ਆਪਣੇ, ਆਇਆ ਮਾਮੇ ਕੋਲ । 
 ਕਹਿੰਦਾ ਇੰਜ ਜ਼ਬਾਨ ਥੀਂ, ਮਾਮਾ ਉਸ ਨੂੰ ਬੋਲ । 
 ਕਿਉਂ ਹੈਰਾਨ ਅਜ ਜੈਮਲਾ, ਹੋਇਉਂ ਬਰਖ਼ੁਰਦਾਰ । 
 ਕਿਉਂ ਇਹ ਰੰਗ ਅੱਜ ਤੁੱਧਦਾ, ਹੋਇਆ ਜ਼ਰਦ ਵਸਾਰ । 
 ਕਿਸ ਤੈਨੂੰ ਕੁਝ ਆਖਿਆ, ਗੁੱਸੇ ਤਲਖ਼ੀ ਨਾਲ । 
 ਕਿਸ ਦੇ ਬੋਲ ਕਬੋਲ ਨੇ, ਦਿੱਤਾ ਅੰਦਰ ਜਾਲ । 
 ਡਿੱਠਾ ਗਹਿਰੀ ਅੱਖ ਭੀ, ਜੇ ਕਿਸੇ ਇੱਕ ਵਾਰ । 
 ਇਕਦਮ ਉਸ ਕਮਬਖ਼ਤ ਦਾ, ਦੇਵਾਂ ਸੀਸ ਉਤਾਰ । 
 ਦਸ ਬੱਚਾ ਗਲ ਮੁਝ ਨੂੰ, ਜੋ ਕੁਝ ਗੁਜ਼ਰੀ ਤੈਂ । 
 ਵਾਰ ਦਿਆਂ ਸੱਭ ਤੁੱਧ ਤੋਂ, ਰਾਜ ਭਾਗ ਭੀ ਮੈਂ । 
 ਇਹ ਗਲ ਸੁਣਕੇ ਆ ਗਇਆ, ਜਲ ਅੱਖਾਂ ਵਿਚਕਾਰ । 
 ਨੀਵਾਂ ਸਰ ਕਰ ਆਖਦਾ, ਜੈਮਲ ਇੰਜ ਪੁਕਾਰ । 
 ਰਤਨ ਸਿੰਘ ਸਰਦਾਰ ਦੀ, ਰਾਣੀ ਜੋ ਇਸ ਜਾ । 
 ਮਾਮਾ ਬੋਲੀ ਓਸ ਨੇ, ਮਾਰੀ ਮੈਨੂੰ ਚਾ । 
 ਐਪਰ ਬੋਲੀ ਝੂਠ ਨਾ, ਸੱਚੀ ਇਹ ਗਲ ਜਾਣ । 
 ਸੋਹਲ ! “ਉਨਾਂ ਕੀ ਹੋਲੀਆਂ, ਦੇਸ ਜਿਨ੍ਹਾਂ ਛੁਟ ਜਾਣ ?”

ਰਾਣੀ ਰਤਨ ਕੰਵਰ ਅਥਵਾ ਜੈਮਲ ਦੀ ਮਾਤਾ

 ਤਿਵੇਂ ਮਾਤਾ ਓਸ ਦੀ, ਰਤਨ ਕੰਵਰ ਜੋ ਨਾਮ । 
 ਨਾਲ ਗ਼ੁੱਸੇ ਦੇ ਆਣ ਕੇ, ਕਹਿੰਦੀ ਇਹ ਕਲਾਮ । 
 ਖ਼ਬਰੇ ਪੁੱਤਰ ਜੈਮਲਾ ! ਜੰਮਿਉਂ ਕਿਹੜੇ ਵਾਰ ? 
 ਜਿਸ ਦਿਨ ਦਾ ਤੂੰ ਜੰਮਿਉਂ, ਪੈ ਗਏ ਬਖਤ ਹਜ਼ਾਰ । 
 ਦਿਨ ਦਿਨ ਮੈਨੂੰ ਸਖ਼ਤੀਆਂ, ਨਵੇਂ ਨਵੇਂ ਆਜ਼ਾਰ ।
 ਕਿਹੜੇ ਖੂਹ ਵਿਚ ਜਾ ਪਵਾਂ, ਮੈਂ ਤੱਤੀ ਦੁਖਿਆਰ ।
 ਨਿੱਜ ਘਰ ਜੰਮਦੋਂ ਮੁੱਝ ਦੇ, ਤੂੰ ਬੱਚਾ ! ਨਿਰਭਾਗ ।
 ਪੂਰਾ ਪੁੱਤਰ ਹੋ ਰਹਿਆ, ਮੇਰਾ ਅੱਜ ਸੁਹਾਗ । 
 ਤੂੰ ਰਲ ਨਾਲ ਸੁਹਾਗਣਾਂ, ਹੋਲੀ ਲੱਗੇ ਮਚਾਣ ।
 ਦਿਲ ਵਿਚ ਆਪਣੀ ਕਦਰ ਦਾ, ਕੀਤੋਈ ਨ ਧਿਆਨ । 
 ਮੈਂ ਦਿਨ ਕੱਟਾਂ ਆਪਣੇ, ਲੁਕ ਲੁਕ ਅੰਦਰ ਵਾਰ । 
 ਤੈਨੂੰ ਸੁੱਝਣ ਹੋਲੀਆਂ, ਫੱਗਣ ਰੁੱਤ ਬਹਾਰ ।

੮੬]'