ਪੰਨਾ:Alochana Magazine October 1957 (Punjabi Conference Issue).pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤਾ ਨੰ: ੮

ਪੰਜਾਬ ਸਰਕਾਰ ਕੁਝ ਵਿਗਿਆਨਕ ਵਿਸ਼ਿਆਂ ਸੰਬੰਧੀ ਖੋਜ ਕਰਨ ਵਾਲਿਆਂ ਨੂੰ ਮਾਲੀ ਸਹਾਇਤਾ ਦੇ ਰਹੀ ਹੈ, ਜੋ ਇੱਕ ਬੜਾ ਪ੍ਰਸੰਸਾ-ਜਨਕ ਕੰਮ ਹੈ । ਅੱਜ ਦਾ ਸਮਾਗਮ ਮੰਗ ਕਰਦਾ ਹੈ ਕਿ ਪੰਜਾਬੀ ਸਾਹਿੱਤ ਤੇ ਬੋਲੀ ਨਾਲ ਸੰਬੰਧਤ ਵਿਸ਼ਿਆਂ ਬਾਰੇ ਖੋਜ ਕਰਨ ਵਾਲਿਆਂ ਨੂੰ ਵੀ ਇਸੇ ਤਰ੍ਹਾਂ ਪੁਸਤਕਾਂ ਤੇ ਸਫਰ ਖ਼ਰਚ ਆਦਿ ਦੀਆਂ ਸਹੂਲਤਾਂ ਤੇ ਮਾਲੀ ਸਹਾਇਤਾ ਦਿਆ ਕਰੇ ਤਾਂ ਜੋ ਪੰਜਾਬੀ ਵਿੱਚ ਖੋਜ ਦਾ ਕੰਮ ਵਧੇਰੇ ਤੀਬਰਤਾ ਨਾਲ ਚਲਾਇਆ ਜਾ ਸਕੇ ।

ਮਤਾ ਨੰ: ੯

ਪੰਜਾਬ (ਭਾਰਤੀ ਤੇ ਪਾਕਸਤਾਨ) ਵਿੱਚ ਅਸ਼ੋਕ ਦੇ ਵੇਲੇ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਦੇ ਸ਼ਿਲਾ-ਲੇਖ, ਪੱਤਰ ਤੇ ਸਿੱਕੇ ਮਿਲਦੇ ਹਨ । ਇਨ੍ਹਾਂ ਤੋਂ ਪੰਜਾਬੀ ਬੋਲੀ, ਇਤਿਹਾਸ ਤੇ ਵਿਸ਼ੇਸ਼ ਕਰ ਕੇ ਲਿਪੀ ਤੇ ਬਹੁਤ ਸਾਰਾ ਚਾਨਣਾ ਪੈ ਸਕਦਾ ਹੈ । ਇਸ ਕਾਰਨ ਇਹ ਪੰਜਾਬੀ ਕਾਨਫਰੰਸ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਟੀ ਨਾਲ ਮਿਲ ਕੇ ਜਾਂ ਇੱਕਲਿਆਂ ਹੀ ਇਨ੍ਹਾਂ ਪੁਰਾਤਨ ਰੂਪਾਂ ਨੂੰ ਇਕੱਤਰ ਕਰੇ ਤੇ ਉਨ੍ਹਾਂ ਨੂੰ ਇਤਿਹਾਸਕ ਕ੍ਰਮ ਵਿੱਚ ਰਖ ਕੇ ਪਰਕਾਸ਼ਤ ਕਰਨ ਦਾ ਬੀੜਾ ਚੁਕੇ ਤਾਂ ਜੋ ਲਿਪੀ ਤੇ ਬੋਲੀ ਸੰਬੰਧੀ ਪਏ ਭੁਲੇਖਿਆਂ ਦਾ ਨਿਸਤਾਰਾ ਹੋ ਸਕੇ ।

(ਅ) ਅਜਿਹੀਆਂ ਲਿਖਤਾਂ ਦਾ ਇੱਕ ਕੇਂਦਰ ਲੁਧਿਆਣਾ ਵਿੱਚ ਹਠੂਰ ਨਾਂ ਦਾ ਸਥਾਨ ਹੈ। ਸਾਡੀ ਇਹ ਮੰਗ ਹੈ ਕਿ ਭਾਰਤ ਸਰਕਾਰ ਦਾ ਪੁਰਾਣੀਆਂ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਣ ਵਾਲਾ ਵਿਭਾਗ ਇਸ ਨੂੰ ਸੁਰਖਿਅਤ ਕਰਨ ਦਾ ਵੀ ਪਰਬੰਧ ਕਰੇ ।

ਮਤਾ ਨੰ: ੧੦

ਸਰਬ ਹਿੰਦ ਆਯੁਰਵੇੈਦ ਵਿਦਿਆ ਪੀਠ ਵਿੱਚ ੧੯੫੦ ਤੋਂ ਲੈ ਕੇ ਪਿਛਲੇ ਸਾਲ ਤੱਕ ਆਯੂਰਵੇਦਕ ਪ੍ਰੀਖਿਆ ਦਾ ਮਾਧਿਅਮ ਪੰਜਾਬ ਲਈ ਪੰਜਾਬੀ ਰਹਿਆ ਹੈ । ਪਰੰਤੂ ਹੁਣ ਇਹ ਮਾਧਿਅਮ ਉਡਾ ਦਿੱਤਾ ਗਇਆ ਹੈ । ਜਦੋਂ ਕਿ ਭਾਰਤ ਦੀਆਂ ਹੋਰ ਨੌਂ ਬੋਲੀਆਂ ਵਿੱਚ ਇਹ ਪ੍ਰੀਖਿਆ ਹੁੰਦੀ ਹੈ । ਪੰਜਾਬ ਵਿਚ ੩੨੦੦੦ ਵੈਦ ਹਨ ਜਿਨ੍ਹਾਂ ਵਿੱਚ ਬਹੁ-ਗਿਣਤੀ ਪੰਜਾਬੀ ਲਿਖਣ ਤੇ ਪੜ੍ਹਨ ਵਾਲਿਆਂ ਦੀ ਹੈ । ਇਸ ਲਈ ਆਯੁਰਵੈਦਿਕ ਵਿਦਿਆ ਪੀਠ, ਦਿੱਲੀ ਤੋਂ ਮੰਗ ਕੀਤੀ ਜਾਂਦੀ ਹੈ ਕਿ ਵੈਦਕ ਪ੍ਰੀਖਿਆਵਾਂ ਦੀ ਪੰਜਾਬੀ ਵਿਚ ਪ੍ਰਖਿਆ ਵੀ ਜਾਰੀ ਰਖੇ ।

[3?