ਪੰਨਾ:Alochana Magazine October 1957 (Punjabi Conference Issue).pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਵੀ ਠੀਕ ਹੈ ਕਿ ਦੇਸ਼ ਵੰਡ ਤੋਂ ਪਹਿਲਾਂ ਮੈਂ ਇਹ ਵੀ ਮੰਨ ਲਇਆ ਸੀ ਕਿ ਪੰਜਾਬੀ ਬੋਲੀ ਦੇ ਸਾਹਿੱਤਕ ਇਮਤਿਹਾਨ ਦੇਵਨਾਗਰੀ ਵਿਚ ਹੋਇਆ ਕਰਨ | ਪਰ ਅਸਲੇ ਇਮਤਿਹਾਨ ਅਜੇ ਹੋਇਆ ਕੋਈ ਨਹੀਂ ਸੀ ਕਿ ਦੇਸ਼ ਦੀ ਵੰਡ ਹੋ ਗਈ । ਇਧਰ ਆਉਂਦੇ ਹੀ ਅਗਸਤ ੧੯੪੮ ਵਿਚ ਹਿੰਦ ਸਰਕਾਰ ਨੇ ਪੰਜਾਬ ਨੂੰ ਦੋ-ਭਾਸ਼ੀਆ ਪ੍ਰਾਂਤ ਕਰਾਰ ਦੇ ਦਿੱਤਾ । ਜੂਨ ੧੯੪੮ ਵਿਚ ਸਰਕਾਰ ਪੰਜਾਬ ਨੇ ਇਕ ਫਿਰਤੁ ਚਿੱਠੀ ਕੱਢੀ, ਜਿਸ ਵਿਚ ਲਿਖਿਆ ਸੀ :-

“ਪੂਰਬੀ ਪੰਜਾਬ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪੂਰਬੀ ਪੰਜਾਬ ਦੀਆਂ ਪ੍ਰਾਇਮਰੀ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ ਵਿਦਿਆਰਥੀ ਦੀ ਮਾਤ-ਬੋਲੀ ਹੋਵੇਗਾ | ਪਹਿਲੀਆਂ ਦੋ ਜਮਾਤਾਂ ਵਿਚ ਲਿਪੀ ਜੋ ਵਰਤੀ ਜਾਏਗੀ, ਉਹ ਜਾਂ ਦੇਵਨਾਗਰੀ ਹੋਵੇਗੀ ਜਾਂ ਗੁਰਮੁਖੀ । ਜਿਹੜੇ ਸਕੂਲ ਪਹਿਲੀਆਂ ਦੋ ਜਮਾਤਾਂ ਵਿਚ ਦੇਵਨਾਗਰੀ ਲਿਪੀ ਵਰਤਣਗੇ ਉਹ ਤੀਜੀ ਜਮਾਤ ਤੋਂ ਗੁਰਮੁਖੀ ਲਿਪੀ ਦੀ ਸਿਖਿਆ ਇਕ ਹੋਰ ਲਿਪੀ ਦੇ ਤੌਰ ਤੇ ਪ੍ਰਾਪਤ ਕਰਨਗੇ । ਤੇ ਇਕੁਰ ਹੀ ਗੁਰਮੁਖੀ ਵਾਲੇ ਦੇਵਨਾਗਰੀ ਦੀ।

ਸੰਯੁਕਤ ਪੰਜਾਬ ਵਿਚ ਉਰਦੂ ਹਰ ਇਕ ਨੂੰ ਪੜਨਾ ਪੈਂਦਾ ਸੀ । ਧਾਰਮਿਕ ਸਿਖਿਆ ਲਈ ਹਿੰਦੂਆਂ ਨੂੰ ਦੇਵਨਾਗਰੀ ਤੇ ਸਿੱਖਾਂ ਨੂੰ ਗੁਰਮੁਖੀ ਪੜ੍ਹਨੀ ਪੈਂਦੀ ਸੀ । ਉਥੇ ਤਾਂ ਇਕ ਹੋਰ ਲਿਪੀ ਸਿਖਣੀ ਕੁਝ ਬੋਝ ਮਲੂਮ ਹੁੰਦਾ ਸੀ । ਪਰੰਤੂ ਵੰਡੇ ਪੰਜਾਬ ਵਿਚ ਉਰਦੂ ਦੀ ਥਾਂ ਪੰਜਾਬੀ ਅਤੇ ਹਿੰਦੀ ਨੇ ਮਲ ਲਈ ਤੇ ਹਰ ਇਕ ਵਿਦਿਆਰਥੀ ਲਈ ਦੋਵੇਂ ਲਿਪੀਆਂ ਸਿਖਣੀਆਂ ੧੯੪੮ ਵਿਚ ਹੀ, ਜਦੋਂ ਬੋਲੀ ਜਾਂ ਲਿਪੀ ਸੰਬੰਧੀ ਕਿਸੇ ਕਿਸਮ ਦਾ ਝਗੜਾ ਨਹੀਂ ਸੀ, ਲਾਜ਼ਮੀ ਕਰ ਦਿਤੀਆਂ ਗਈਆਂ । ਫਿਰ ਪੰਜਾਬੀ ਨੂੰ ਦੋਹਾਂ ਲਿਪੀਆਂ ਵਿਚ ਲਿਖੇ ਜਾਣ ਦੀ ਮੰਗ ਦੀ ਲੋੜ ਹੀ ਨਾ ਰਹੀ । ਅਤੇ ੧੯੪੮ ਜੂਨ ਵਿਚ ਜਦੋਂ ਸ਼ਿਮਲੇ ਪੰਜਾਬ ਯੂਨੀਵਰਸਿਟੀ ਦੀਆਂ ਤਿੰਨ ਫ਼ੈਕਲਟੀਆਂ ਦੀ ਮੀਟਿੰਗ ਹੋਈ ਤਾਂ ਇਨ੍ਹਾਂ ਫ਼ੈਕਲਟੀਆਂ ਦੇ ਹਿੰਦੂ ਮੈਂਬਰਾਂ ਨੇ ਆਪ ਹੀ ਫ਼ੈਸਲਾ ਕੀਤਾ ਕਿ ਪੰਜਾਬੀ ਦਾ ਅਰਥ ਪੰਜਾਬੀ, ਗੁਰਮੁਖੀ ਵਿਚ ਲਿਖੀ, ਅਤੇ ਹਿੰਦੀ ਦਾ ਅਰਥ ਹਿੰਦੀ, ਦੇਵਨਾਗਰੀ ਲਿਪੀ ਵਿਚ ਲਿਖੀ, ਹੈ । ਇਨ੍ਹਾਂ ਹਾਲਤਾਂ ਵਿਚ ਪੰਜਾਬੀ ਲਈ ਦੋ ਲਿਪੀ ਵਿਚ ਲਿਖਣ ਦਾ ਸਵਾਲ ਉਠਾਣਾ ਇਸ ਤੋਂ ਛੁਟ ਹੋਰ ਕੋਈ ਅਰਥ ਨਹੀਂ ਰਖਦਾ ਕਿ ਝਗੜੇ ਦੀ ਭੱਠੀ ਨੂੰ ਠੰਡਾ ਨਾ ਹੋਣ ਦਿੱਤਾ ਜਾਵੇ ।

[૨૩