ਪੰਨਾ:Alochana Magazine October 1957 (Punjabi Conference Issue).pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਟਿਆਲਾ ਵਿੱਚ

੨੫ ਤੇ ੨੬ ਮਈ ਨੂੰ ਹੋਈ

ਤੀਜੀ ਸਰਬ-ਹਿੰਦ ਪੰਜਾਬੀ ਕਾਨਫਰੰਸ

ਦੀ

ਰੀਪੋਰਟ

ਨਵੀਂ ਦਿੱਲੀ ਵਿੱਚ ਅਪ੍ਰੈਲ, ੧੯੫੬ ਨੂੰ ਹੋਈ ਦੂਜੀ ਸਰਬ-ਹਿੰਦ ਪੰਜਾਬੀ ਕਾਨਫਰੰਸ ਦੇ ਸਮੇਂ ਡਾ. ਗੰਡਾ ਸਿੰਘ, ਪ੍ਰੋ. ਪ੍ਰੀਤਮ ਸਿੰਘ, ਗਿਆਨੀ ਲਾਲ ਸਿੰਘ ਤੇ ਹੋਰ ਪਤਵੰਤਿਆਂ ਦੇ ਨਿਮੰਤ੍ਰਨ-ਪੱਤਰ ਦੇਣ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਤੀਜੀ ਸਰਬ ਹਿੰਦ ਕਾਨਫਰੰਸ ਇਸ ਸਾਲ ੨ਪ ਤੇ ੨੬ ਮਈ ਨੂੰ ਪਟਿਆਲਾ ਪਬਲਿਕ ਲਾਇਬ੍ਰੇਰੀ ਦੇ ਆਡਿਟੋਰੀਅਮ ਹਾਲ ਵਿੱਚ ਹੋਈ। ਕਾਨਫਰੰਸ ਲਈ ਪਹਿਲਾਂ ੨੭ ਤੇ ੨੮ ਅਪੈਲ ਦੀਆਂ ਤਾਰੀਖਾਂ ਨਿਯਤ ਕੀਤੀਆਂ ਗਈਆਂ ਸਨ, ਪਰ ਮਾਰਚ ਵਿੱਚ ਪ੍ਰਦੇਸ਼ਕ ਵਿਧਾਨ-ਸਭਾ ਤੇ ਲੋਕ-ਸਭਾ ਦੀਆਂ ਚੋਣਾਂ ਦੇ ਆ ਜਾਣ ਕਰ ਕੇ ਪੰਜਾਬ ਯੂਨੀਵਰਸਟੀ ਦੇ ਇਮਤਿਹਾਨ ਹਫਤਾ ਕੁ ਪਛੜ ਗਏ। ਇਮਤਿਹਾਨ ਜਿਥੇ ਪਹਿਲਾਂ ੨੦-੨੧ ਅਪ੍ਰੈਲ ਨੂੰ ਮੁਕ ਜਾਣੇ ਸਨ, ਉਹ ਲੰਮਕ ਕੇ ਹੁਣ ੨੮-੨੯ ਅਪ੍ਰੈਲ ਤਕ ਚਲੇ ਗਏ। ਇੰਜ ਕਾਨਫਰੰਸ ਦੇ ਦਰਸ਼ਕਾਂ ਤੇ ਕਾਰਿੰਦਿਆਂ ਦਾ ਇਕ ਵਡੇਰਾ ਭਾਗ ਇਮਤਿਹਾਨਾਂ ਵਿਚ ਰੁੱਝ ਗਇਆ ਤੇ ਹਰ ਪਾਸਿਓਂ ਮੰਗ ਆਉਣ ਲੱਗੀ ਕਿ ਕਾਨਫਰੰਸ ਨੂੰ ਮੁਲਤਵੀ ਕਰ ਦਿੱਤਾ ਜਾਵੇ। ਪਰਬੰਧਕਾਂ ਨੇ ਇਸ ਮੰਗ ਨੂੰ ਸਵੀਕਾਰ ਕਰਦਿਆਂ ਕਾਨਫਰੰਸ ੨੭-੨੯ ਅਪ੍ਰੈਲ ਦੀ ਥਾਂ ੨੫-੨੬ ਮਈ ਨੂੰ ਰਖ ਦਿੱਤੀ।

ਕਾਨਫਰੰਸ ਮੁਲਤਵੀ ਕਰਦੇ ਸਮੇਂ ਇੱਕੇ ਤੌਖ਼ਲਾ ਸੀ ਕਿ ਉਹਨਾਂ ਦਿਨਾਂ ਵਿੱਚ ਗਰਮੀ ਬਹੁਤ ਜ਼ੋਰਾਂ ਤੇ ਹੋ ਜਾਵੇਗੀ, ਪਰ ਦੇਵਨੇਤ ਮੌਸਮ ਸਾਰਾ ਮਹੀਨਾ ਹੀ ਚੰਗਾ ਰਹਿਆ ਤੇ ਕਾਨਫਰੰਸ ਤੋਂ ਇਕ ਦਿਨ ਪਹਿਲਾਂ ਹਲਕੀ ਜੇਹੀ ਬਛਾੜ ਨੇ ਉਸ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ।

[੧