ਪੰਨਾ:Alochana Magazine October 1957 (Punjabi Conference Issue).pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਣ ਲਈ ਅਸੀਂ ਕਿਸੇ ਹੋਰ ਲਿਪੀ ਦੀ ਸਹਾਇਤਾ ਨਹੀਂ ਮੰਗ ਸਕਦੇ । ਮੁਕਦੀ ਗਲ, ਜਦੋਂ ਸਾਡੇ ਪਾਸ ਮਾਡੀ ਆਪਣੀ ਲਿਪੀ ਹੈ ਤਾਂ ਕਿਸੇ ਹੋਰ ਲਿਪੀ ਨੂੰ ਵਰਤਣ ਦੀ ਲੋੜ ਹੀ ਕੀ ਹੈ? ਕਈ ਵੇਰ ਅਸੀਂ ਉਸ ਹਾਨੀ ਦੀ ਕਲਪਨਾ ਨਹੀਂ ਕਰ ਸਕਦੇ ਜਿਹੜੀ ਕਿ ਅਸੀਂ ਆਪਣੀ ਬੋਲੀ ਨੂੰ ਲਿਖਣ ਵਾਸਤੇ ਓਪਰੀ ਲਿਪੀ ਵਰਤਣ ਵਿੱਚ ਪਹੁੰਚਾਉਂਦੇ ਹਾਂ । ਸਿੱਟਾ ਇਹ ਹੁੰਦਾ ਹੈ ਕਿ ਹੋਰ ਬੋਲੀਆਂ ਦੇ ਸ਼ਬਦ ਸਾਡੀ ਆਪਣੀ ਬੋਲੀ ਦੀ ਥਾਂ ਮੱਲ ਲੈਂਦੇ ਹਨ । ਅਤੇ ਇਸ ਤਰਾਂ ਅਸੀਂ ਇਸ ਨੂੰ ਆਪਣੇ ਮਨ ਦੇ ਸੂਖਮ ਭਾਵ ਤੇ ਖਿਆਲ ਪਰਗਟ ਕਰਨ ਦੇ ਅਜੋਗ ਬਣਾ ਦੇਂਦੇ ਹਾਂ । ਮੈਂ ਇਸ ਮਾਮਲੇ ਨੂੰ ਪੰਜਾਬੀ ਬੋਲੀ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਸਮਝਦਾ ਹਾਂ ।”

ਵਡੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਮੁਸਲਮਾਨ ਇਸ ਬੋਲੀ ਨੂੰ ਫ਼ਾਰਸੀ ਲਿਪੀ ਵਿਚ ਲਿਖਦੇ ਸਨ । ਇਹ ਠੀਕ ਹੈ, ਪਰੰਤੂ ਆਖਣ ਵਾਲੇ ਇਹ ਗੱਲ ਭੁਲ ਜਾਂਦੇ ਹਨ ਕਿ ਮੁਸਲਮਾਨ ਤਾਂ ਹਰ ਇਕ ਭਾਰਤੀ ਬੋਲੀ ਨੂੰ ਫ਼ਾਰਸੀ ਲਿਪੀ ਵਿਚ ਲਿਖਦੇ ਸਨ । ਖੁਦ ਹਿੰਦੀ ਲਿਖਣ ਲਈ ਫ਼ਾਰਸੀ ਅੱਖਰ ਵਰਤੇ ਜਾਂਦੇ ਰਹੇ ਹਨ । ਜਾਇਸੀ ਨੇ, ਜੋ ਹਿੰਦੀ ਦਾ ਇਕ ਉੱਚ ਪਾਇ ਦਾ ਕਵੀ ਮੰਨਿਆ ਜਾਂਦਾ ਹੈ, ਆਪਣੀ ਰਚਨਾ ‘ਪਦਮਾਵਤ’ ਦਾ ਮੁਢਲਾ ਨੁਸਖ਼ਾ ਫ਼ਾਰਸੀ ਲਿਪੀ ਵਿਚ ਹੀ ਤਾਂ ਲਿਖਿਆ ਸੀ । ਅੰਗਰੇਜ਼ਾਂ ਵੀ ਇਸੇ ਤਰ੍ਹਾਂ ਕੀਤਾ | ਉਹ ਸਾਰੀਆਂ ਭਾਰਤੀ ਬੋਲੀਆਂ ਰੋਮਨ ਵਿਚ ਲਿਖਦੇ ਰਹੇ । ਇਸ ਤੋਂ ਇਹ ਸਿੱਧ ਤਾਂ ਨਹੀਂ ਹੁੰਦਾ ਕਿ ਭਾਰਤੀ ਬੋਲੀਆਂ ਦੀਆਂ ਆਪਣੀਆਂ ਲਿਖੀਆਂ ਹੀ ਨਹੀਂ ਸਨ ।

ਆਖ਼ਰ ਉਰਦੂ ਹੈ ਕੀ ? ਫ਼ਾਰਸੀ ਅੱਖਰਾਂ ਵਿਚ ਲਿਖੀ ਹਿੰਦੀ । ਦੋਹਾਂ ਬੋਲੀਆਂ : ਉਰਦੂ ਤੇ ਹਿੰਦੀ ਦਾ ਵਿਆਕਰਣ ਇਕੋ ਹੀ ਹੈ । ਇਕ ਵਿਚ ਮੁਸਲਮਾਨ ਸ਼ਬਦਾਵਲੀ ਜਾਂ ਫ਼ਾਰਸੀ, ਅਰਬੀ ਸ਼ਬਦਾਂ ਦੀ ਬਹੁਲਤਾ ਹੈ ਅਤੇ ਦੂਜੀ ਵਿਚ ਹਿੰਦੂ ਸ਼ਬਦਾਵਲੀ ਦੀ ਜਾਂ ਸੰਸਕ੍ਰਿਤ ਸ਼ਬਦਾਂ ਦੀ ਬਹੁਲਤਾ ਹੈ । ਇਸ ਫ਼ਰਕ ਨੂੰ ਇਕ ਪਾਸੇ ਕਰ ਦੇਈਏ ਤਾਂ ਹਿੰਦੀ ਅਤੇ ਉਰਦੂ ਵਿਚ ਕੇਵਲ ਲਿਪੀ ਦਾ ਹੀ ਭੇਦ ਰਹਿ ਜਾਂਦਾ ਹੈ । ਉਂਜ ਉਰਦੂ ਹਿੰਦੀ ਦਾ ਹੀ ਬਦਲਿਆ ਰੂਪ ਹੈ ਅਜਿਹਾ ਰੂਪ ਜੋ ਸ਼ਰ ਵਿਚ ਲਿਪੀ ਦੀ ਵਿਲਖਣਤਾ ਵਿਚ ਪਰਗਟ ਹੋਇਆ, ਪਰ ਹੌਲੀ ਹੌਲੀ ਨਵੇਕਲੀ ਬੋਲੀ ਦੀ ਸ਼ਕਲ ਧਾਰਣ ਕਰ ਬੈਠਾ। ਕੀ ਪੰਜਾਬੀ ਦਾ ਵੀ ਇਹੋ ਹਸ਼ਰ ਹੋਣ ਦਿੱਤਾ ਜਾਵੇ ?


ਸਿੰਧ ਵਿਚ ਫ਼ਾਰਸੀ ਲਿਪੀ ਦੇ ਛਾ ਜਾਣ ਤੇ ਸਿੰਧੀ ਲਿਪੀ ਜੋ ਮੀਰ ਕਾਸਮ ਦੇ ਹਮਲੇ ਤੋਂ ਪਹਿਲਾਂ, ਸਿੰਧ ਵਿਚ ਵਰਤੀ ਜਾਂਦੀ ਸੀ, ਉਸ ਦਾ ਨਾਮ ਨਿਸ਼ਾਨ ਹੀ ਉਡ ਗਇਆ ਅਤੇ ਫ਼ਾਰਸੀ ਲਿਪੀ ਉਸ ਬੋਲੀ ਲਈ ਵਰਤੀਣ ਲਗ ਪਈ । ਜੇ ਸਿੱਖ

(੨੧