ਪੰਨਾ:Alochana Magazine October 1957 (Punjabi Conference Issue).pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਵਰਨਰ ਸਾਹਿਬ ਦੇ ਉਦਘਾਟਨੀ ਭਾਸ਼ਣ ਤੋਂ ਪਿਛੋਂ ਸਵਾਗਤ ਕਮੇਟੀ ਦੇ ਪਰਧਾਨ ਸ. ਗਿਆਨ ਸਿੰਘ · ਰਾੜੇਵਾਲਾ ਨੇ ਆਪਣਾ ਭਾਸ਼ਣ ਪੜਿਆ, ਜਿਸ ਦਾ ਉਤਾਰਾ ਪਾਠਕਾਂ ਦੀ ਗਿਆਤ ਲਈ ਹੇਠ ਦਿੱਤਾ ਜਾਂਦਾ ਹੈ :-

ਸੁਆਗਤੀ ਭਾਸ਼ਣ

(ਸ. ਗਿਆਨ ਸਿੰਘ ਰਾੜੇਵਾਲਾ)

ਸ੍ਰੀ ਮਾਨ ਪਰਧਾਨ ਜੀਓ, ਦੂਰੋਂ ਨੇੜਿਉਂ ਆਪਣੇ ਕੀਮਤੀ ਰੁਝੇਵਿਆਂ ਨੂੰ ਛੱਡ ਕੇ ਪੰਜਾਬੀ ਭਾਸ਼ਾ ਦੀ ਉੱਨਤੀ ਦੀਆਂ ਤਜਵੀਜ਼ਾਂ ਵਿਚ ਹਿੱਸਾ ਪਾਉਣ ਅ ਏ, ਭੈਣ ਤੇ ਭਰਾਓ,

ਮੈਂ ਇਸ ਕਾਨਫ਼ਰੰਸ ਦੀ ਸਵਾਗਤੀ ਕਮੇਟੀ, ਆਪਣੇ ਅਤੇ ਪਟਿਆਲਾ ਨਿਵਾਸੀਆਂ ਵਲੋਂ ਆਪ ਨੂੰ ਹਾਰਦਿਕ 'ਜੀ ਆਇਆਂ' ਆਖਦਾ ਹਾਂ ।

ਅੱਜ ਇਹ ਤੀਜੀ ਸਰਬ-ਹਿੰਦ ਪੰਜਾਬੀ ਕਾਨਫ਼ਰੰਸ ਪੰਜਾਬੀ ਸਾਹਿੱਤ ਅਕਾਡਮੀ ਦੀ ਛਤਰ ਛਾਇਆ ਹੇਠ ਹੋ ਰਹੀ ਹੈ । ਪਟਿਆਲਾ ਨਿਵਾਸੀਆਂ ਨੂੰ ਇਸ ਸਮਾਗਮ ਉਤੇ ਖਾਸ ਮਾਣ ਹੈ, ਕਿਉਂਕਿ ਪਟਿਆਲੇ ਦਾ, ਮੁਢ ਤੋਂ ਹੀ, ਪੰਜਾਬੀ ਦੀ ਉਨਤੀ ਨਾਲ ਬੜਾ ਡੂੰਘਾ ਸੰਬੰਧ ਰਹਿਆ ਹੈ ਅਤੇ ਅੱਜ ਵੀ ਹੈ। ਆਪਣੀ ਮਾਂ-ਰਾਣੀ, ਪੰਜਾਬੀ ਭਾਸ਼ਾ ਨੂੰ ਰਾਜ-ਗੱਦੀ ਉੱਤੇ ਬਿਠਾਉਣ ਦਾ ਮੌਕਾ ਸਭ ਤੋਂ ਪਹਿਲਾਂ ਪਟਿਆਲੇ ਨੂੰ ਹੀ ਮਿਲਿਆ| ਪੰਜਾਬੀ ਵਿੱਚ ਅਗੇ ਹੀ ਉੱਚੀ ਅਧਿਆਤਮਕ ਕਵਿਤਾ ਮੌਜੂਦ ਸੀ, ਮਨ-ਪਰਚਾਵੇ ਦਾ ਸ਼ਾਨਦਾਰ ਸਾਹਿੱਤ ਬਹੁਤ ਸੀ ਤੇ ਜੀਵਨ-ਉਸਾਰੂ ਸਮਾਜ-ਹਿਤਕਾਰੀ ਰਚਨਾ ਦੀ ਵੀ ਘਾਟ ਨਹੀਂ ਸੀ, ਪਰ ਰਾਜ-ਅਧਿਕਾਰ ਦੀ ਸੇਵਾ ਦਾ ਮੌਕਾ ਇਸ ਨੂੰ ਕਦੇ ਨਹੀਂ ਸੀ ਮਿਲਿਆ। ਇਸ ਲਈ ਜਿਥੇ ਇਸ ਵਿਚੋਂ ਪੰਜਾਬੀ ਬਲਿਆਂ ਤੇ ਜੂਹਾਂ ਦੀ ਖੁਲ੍ਹ ਤੇ ਖਿੜਾਓ ਦਾ ਪ੍ਰਭਾਵ ਝਲਕਾਂ ਮਾਰਦਾ ਹੈ, ਉੱਥੇ ਦਰਬਾਰੀ ਜਾਂ ਸਰਕਾਰੀ ਕਾਰਜ-ਕਰਮ ਨੂੰ ਨਿਭਾਉਣ ਤੋਂ ਪੈਦਾ ਹੋਣ ਵਾਲੇ ਸੰਜਮ ਤੇ ਬੰਧੇਜ ਦਾ ਬਹੁਤ ਹੱਦ ਤਕ, ਅਭਾਵ ਰਹਿਆ ਹੈ। ਪਟਿਆਲਾ ਪਹਿਲੀ ਥਾਂ ਸੀ ਜਿਥੇ ਅਨੇਕਾਂ ਔਕੜਾਂ ਹੋਣ ਦੇ ਬਾਵਜੂਦ ਪੰਜਾਬੀ ਨੂੰ ਰਾਜ-ਦਰਬਾਰ ਤੇ ਅਦਾਲਤਾਂ ਦੀ ਭਾਸ਼ਾ ਦੀ ਪਦਵੀ ਪਰਾਪਤ ਹੋਈ । ਪਟਿਆਲੇ ਵਿਚ ਹੀ ਮਹਾਂ ਕਵੀ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਗਿਆਨੀ ਗਿਆਨ ਸਿੰਘ ਤੇ ਸ. ਕਰਮ ਸਿੰਘ ਹਿਸਟੋਰੀਅਨ ਵਰਗੇ ਵਿਦਵਾਨਾਂ ਨੂੰ ਰਾਜ-ਦਰਬਾਰ ਦੀ ਸਰਪਰਸਤੀ ਮਿਲੀ। ਇਸੇ ਥਾਂ ਭਾਰਤ ਵਿਚ ਸਭ ਤੋਂ ਪਹਿਲਾਂ ਰਿਜਨਲ ਬੋਲੀ ਦੀ ਉੱਨਤੀ ਲਈ ਇਕ

8]