ਪੰਨਾ:Alochana Magazine May 1960.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਥੇ ਜਾ ਕੇ ਵਿਆਹ ਕਰਾ ਲੈਣ। ਜਾਂਦੀ ਵਾਰੀ ਅੰਬੋ ਨੇ ਮੁੰਨੀ ਨੂੰ ਮਿਲਣ ਦੀ ਚਾਹ ਪ੍ਰਗਟ ਕੀਤੀ। ਸਵਰਨ ਸਿੰਘ ਤਾਂ ਮੰਨ ਗਇਆ ਪਰ ਉਸ ਦੀ ਪਤਨੀ ਨਾ ਮੰਨੀ। ਅੰਤ ਰਾਜ ਸਿੰਘ ਨੇ ਮਨਾ ਲਇਆ। ਜਦ ਮੁੰਨੀ ਅੰਬੋ ਨੇ ਚੁਕੀ ਤਾਂ ਉਹ ਉਸ ਦੇ ਗਲ ਨਾਲ ਚੰਬੜ ਗਈ। ਸਾਰਿਆਂ ਨੇ ਮੁੰਨੀ ਨੂੰ ਲੈਣ ਦਾ ਯਤਨ ਕੀਤਾ ਪਰ ਉਸ ਅੰਬੋ ਨੂੰ ਨਾ ਛਡਿਆ ਤੇ ਰਾਤੀਂ ਤੁਰ ਗਈ। ਅੰਬੋ ਮੁੰਨੀ ਨੂੰ ਹਿਕ ਨਾਲ ਲਾਈ ਅਜੇ ਤੀਓ.... ਤੇ ਉਪਨਿਆਸ ਮੁਕ ਜਾਂਦਾ ਹੈ। ਸੰਤ ਤੇ ਰਾਜ ਸਿੰਘ ਦੀ ਸਿਧਾਂਤਕ ਬਹਿਸ ਕਹਾਣੀ ਦੀ ਨਾਟਕੀਅਤਾ ਨੂੰ ਜ਼ਰੂਰ ਭੰਗ ਕਰਦੀ ਹੈ ਪਰ ਸੰਤ ਤੇ ਸਵਰਨ ਸਿੰਘ ਦਾ ਇਤਫਾਕੀਆ ਮੇਲ, ਮੁੰਡੇ ਦਾ ਹੋਣਾ, ਸੰਤਾਂ ਦਾ ਭਾਵਾਂ ਨਾਲ ਘੋਲ, ਹੇਠ ਤੇ ਪ੍ਰਕ੍ਰਿਤਿਕ ਲੋੜਾਂ ਦੀ ਟਕਰ, ਸੰਤਾਂ ਦਾ ਕੱਚੇ ਫਲ ਲੁਕ ਕੇ ਖਾਣੇ ਤੇ ਲਾਠੀ ਪੈਣੀ, ਆਤਮਘਾਤ ਕਰਦੀ ਅੰਬੋ ਦਾ ਰਾਜ ਸਿੰਘ ਨਾਲ ਮੇਲ, ਸੰਤਾਂ ਦਾ ਨਠਣਾ, ਮਿਲਖਾ ਸਿੰਘ ਦਾ ਨਾਟਕੀ ਢੰਗ ਨਾਲ ਫੜਨਾ ਤੇ ਅਖੀਰ ਵਿਚ ਮੁੰਨੀ ਦਾ ਅੰਬੋ ਦੇ ਗਲੋਂ ਨਾ ਲਥਣਾ ਬਹੁਤ ਸੋਹਣੇ ਕਰਮ ਤੇ ਮੋੜ ਹਨ। ਰਾਜ ਸਿੰਘ ਦਾ ਤੁਕ ਪੜ੍ਹ ਕੇ ਬਦਲਣਾ ਰਤਾ ਕਾਹਲਾ ਮੋੜ ਹੈ। ਇਸ ਉਪਨਿਆਸ ਦੀ ਕਹਾਣੀ ਬਹੁਤ ਸੋਹਣੀ ਹੈ। ਇਸ ਵਿਚ ਗੁਲਾਈ ਹੈ, ਅੰਬੋ ਤੇ ਮੁੰਨੀ ਨਾਲ ਕਹਾਣੀ ਅਰੰਭ ਹੁੰਦੀ ਹੈ ਤੇ ਉਸੇ ਨਾਲ ਮੁਕਦੀ ਹੈ। ਕਹਾਣੀ ਵਿਚ ਕਰਮ, ਕਾਰਣ, ਕਰਮ ਪ੍ਰਤੀਕਰਮਾਂ ਦੀ ਚੰਗੀ ਪਰਸਪਰ ਸਿਰਜਨਾਤਮਕ ਜੀਵਨ-ਮਈ ਉਸਾਰੀ ਹੈ:

ਪੁਜਾਰੀ ਦੀ ਕਹਾਣੀ ਬਹੁਤ ਘਟੀਆ ਹੈ ਤੇ ਖਿਲਰਵੀਂ ਹੈ। ਨਾਨਕ ਸਿੰਘ ਨੇ ਆਪ ਵੀ ਦੇ ਭਾਗ ਕਰ ਦਿੱਤੇ ਹਨ ਤੇ ਪੁਜਾਰੀ ਦੂਜੇ ਵਿਚ ਆਉਂਦਾ ਹੈ ਅਸਲ ਵਿਚ ਇਹ ਦੋ ਉਪਨਿਆਸਾਂ ਨੂੰ ਅਸੁੰਦਰ ਢੰਗ ਨਾਲ ਜੋੜਿਆ ਹੋਇਆ ਹੈ। ਅਰੰਭ ਤਾਂ ਇਸ ਉਪਨਿਆਸ ਦਾ ਵੀ ਕੇਂਦਰੀ ਕਹਾਣੀ ਦੇ ਖਾਸ ਸਿਖਰ ਦੇ ਕਰਮ ਤੋਂ ਹੁੰਦਾ ਹੈ, ਜਿਹੜਾ ਬੜਾ ਜ਼ੋਰਦਾਰ ਹੈ। ਚੰਨਣ ਸਿੰਘ, ਜੇ ਅਸਲ ਵਿਚ ਰਾਧਾ ਤੇ ਸੰਤ ਰਾਮ ਦਾ ਮੁੰਡਾ ਸੀ, ਮਾਪੇ ਮਰ ਜਾਣ ਕਰ ਕੇ ਜਿਸ ਨੂੰ ਗੁਆਂਢੀ ਧਰਮੀ ਜੋੜੇ ਗੁਰਾਂ ਤੇ ਨਾਹਰ ਸਿੰਘ ਨੇ ਪਾਲਿਆ ਸੀ, ਦੇ ਚਿਠੀ ਲਿਖਣ ਤੇ ਗੁਰੋ ਦੇ ਵਾਰ ਵਾਰ 'ਰੋਟੀ ਖਾ ਲੈ’ ਕਹਿਣ ਤੋਂ ਹੁੰਦਾ ਹੈ। ਫੇਰ ਇਸ ਚਿਠੀ ਦਾ ਸਾਰਾ ਪਿਛੋਕੜ ਉਸਰਿਆ ਹੈ, ਕਿਵੇਂ ਚੰਨਣ ਦਾ ਮੇਲ ਵਲਟੋਹੇ ਦੇ ਸਰਦਾਰ ਦੇ ਮੁੰਡੇ ਬਰਜਿੰਦਰ ਨਾਲ ਹੋਇਆ। ਕਿਵੇਂ ਕਈ ਵਾਰੀ ਫੇਲ ਹੋਏ ਬਰਜਿੰਦਰ ਨੂੰ ਚੰਨਣ ਨੇ ਪੜ੍ਹਾਂ ਕੇ ਪਾਸ ਕਰਾਇਆ ਤੇ ਉਸ ਖਾਤਰ ਲੋਕਾਂ ਨਾਲ ਵੈਰ ਸਹੇੜਿਆ। ਕਿਵੇਂ ਚੰਨਣ ਨੇ ਕੀਰਤਨ ਇੰਚਾਰਜ ਬਣਨ ਲਈ ਅੰਮ੍ਰਿਤ ਛਕਿਆ, ਕਿਵੇਂ ਬਰਜਿੰਦਰ ਨੇ ਪਾਸ ਹੁੰਦਿਆਂ ਹੀ ਚੰਨਣ ਨੂੰ ਨੌਕਰੀ ਤੇ ਲੁਆਉਣ ਦਾ ਪੱਕਾ ਇਕਰਾਰ ਕੀਤਾ ਸੀ। ਪਰ ਹੁਣ ਨਤੀਜਾ ਨਿਕਲ ਚੁਕਾ ਸੀ ਤੇ ਚੰਨਣ ਕਈ ਚਿੱਠੀਆਂ ਪਾ ਚੁਕਾ ਸੀ ਪਰ ਬਰਜਿੰਦਰ ਨੇ ਕੋਈ ਜਵਾਬ ਨਹੀਂ ਸੀ ਦਿਤਾ। ਤਦੇ ਚੰਨਣ ਬਹੁਤ ਔਖਾ