ਪੰਨਾ:Alochana Magazine February 1958.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਮਸ਼ੇਰ ਸਿੰਘ ਅਸ਼ੋਕ-

ਕਵੀ ਅਹਿਮਦ ਤੇ ਉਸ ਦੀ ਹੀਰ

(੧)


ਹੀਰ ਰਾਂਝੇ ਦਾ ਕਿੱਸਾ ਪੰਜਾਬ ਵਿਚ ਬੜਾ ਪ੍ਰਸਿੱਧ ਹੈ। ਪੰਜਾਬੀ-ਸਾਹਿੱਤ ਵਿਚ ਇਸ ਪ੍ਰੇਮ-ਕਹਾਣੀ ਦਾ ਉਹੀ ਦਰਜਾ ਹੈ ਜੋ ਅਰਬੀ ਤੇ ਫਾਰਸੀ ਸਾਹਿੱਤ ਵਿਚ ਲੈਲਾ-ਮਜਨੂੰ ਤੇ ਸ਼ੀਰੀ-ਫਰਿਹਾਦ ਦਾ ਤੇ ਰਾਜਸਥਾਨੀ ਸਾਹਿੱਤ ਵਿਚ ਢੋਲ-ਮਾਲਵਣੀ ਦਾ ਹੈ। ਸ਼ਾਇਦ ਇਸੇ ਕਰ ਕੇ ਪੰਜਾਬੀ ਕਵੀਆਂ ਨੇ ਹੀਰ-ਰਾਂਝੇ ਦੇ ਇਸ਼ਕ ਬਾਰੇ ਜਿਤਨੇ ਕਿੱਸੇ ਲਿਖੇ ਹਨ ਉਤਨੇ ਕਿਸੇ ਹੋਰ ਪੇਮੀ-ਪ੍ਰੇਮਿਕਾ ਦੇ ਸੰਬੰਧ ਵਿਚ ਨਹੀਂ ਲਿਖੇ।

ਹੀਰ-ਸਾਹਿੱਤ ਦੀ ਖੋਜ ਕਰਨ ਤੋਂ ਸਾਨੂੰ ਸਭ ਤੋਂ ਪੁਰਾਣੇ ਪੰਜਾਬੀ ਕਿੱਸੇ ਦੇ ਮਿਲਦੇ ਹਨ- (੧) ਹੀਰ ਦਮੋਦਰ ਤੇ (੨) ਹੀਰ ਅਹਿਮਦ ਗੁੱਜਰ ਪਹਿਲਾ ਕਿੱਸਾ ਆਮ ਤੌਰ ਤੇ ਛਪਿਆ ਹੋਇਆ ਮਿਲਦਾ ਹੈ ਤੇ ਦੂਜੇ ਕਿੱਸੇ ਨੂੰ ਹੁਣ ਪਹਿਲੀ ਵੇਰ ਛਾਪੇ ਦਾ ਜਾਮਾ ਪਹਿਨਾਇਆ ਜਾ ਰਹਿਆ ਹੈ। ਪਹਿਲੇ ਕਿੱਸੇ ਦਾ ਕਰਤਾ ਕਵੀ ਦਮੋਦਰ, ਜਿਵੇਂ ਕਿ ਉਸ ਦੀ ਲਿਖਤ ਤੋਂ ਪਤਾ ਲਗਦਾ ਹੈ, ਮੁਗਲ ਬਾਦਸ਼ਾਹ ਅਕਬਰ ਦਾ ਸਮਕਾਲੀ ਸੀ ਤੇ ਦੂਜਾ ਕਵੀ ਅਹਿਮਦ ਗੁੱਜਰ, ਜਿਸ ਨੇ ਹੀਰ ਦਾ ਕਿੱਸਾ ਲਿਖਿਆ, ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸਮਕਾਲੀ। ਇਹ ਕਿੱਸਾ ਉਸ ਨੇ ਸ਼ਾਹ ਆਲਮਗੀਰ ਦੇ ਜਲੂਸੀ ਸੰਨ ੨੪ (ਮੁਤਾਬਿਕ ਸੰਨ ੧੬੪੩ ਈ:) ਵਿਚ ਸਮਾਪਤ ਕੀਤਾ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਜੋ ਦਮੋਦਰ ਤੋਂ ਬਹੁਤ ਘੱਟ ਨਹੀਂ ਤਾਂ ੭੦-੭੧ ਵਰੇ ਜ਼ਰੂਰ ਪਿਛੇਰਲਾ ਕਵੀ ਸੀ। ਪ੍ਰਸਿੱਧ ਕਿੱਸਾਕਾਰ ਮੁਕਬਲ ਨੇ ਅਹਿਮਦ ਗੁੱਜਰ ਤੋਂ ਪਿਛੋਂ ਸੰਨ ੧੭੩੬ ਈ: ਵਿਚ ਅਤੇ ਵਾਰਿਸ ਸ਼ਾਹ ਨੇ ਸੰਨ ੧੭੬੬ ਈ: ਵਿਚ ਹੀਰ ਦੇ ਕਿੱਸੇ ਲਿਖੇ। ਇਸ ਹਿਸਾਬ ਨਾਲ ਅਹਿਮਦ ਗੁੱਜਰ ਮੁਕਬਲ ਤੋਂ ੫੩ ਵਰੇ ਤੇ ਵਾਰਿਸ ਸ਼ਾਹ ਨਾਲੋਂ ੪ ਵਰੇ ਪੁਰਾਣਾ ਕਵੀ ਸਿੱਧ ਹੁੰਦਾ ਹੈ।

ਕਵੀ ਅਹਿਮਦ ਗੁੱਜਰ ਕਿਥੋਂ ਦਾ ਵਸਨੀਕ ਸੀ ਤੇ ਉਸ ਨੇ ਇਹ ਇਕੋ ਕਿੱਸਾ ਲਿਖਿਆ ਜਾਂ ਇਸ ਤੋਂ ਇਲਾਵਾ ਕੁਝ ਹੋਰ ਕਿੱਸੇ ਵੀ ਲਿਖੇ, ਇਨ੍ਹਾਂ ਪ੍ਰਸ਼ਨਾਂ