ਪੰਨਾ:Alochana Magazine 1st issue June 1955.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੁਧਿਆਣਾ ਵਿਚ ਹੋਈ

ਪਹਿਲੀ ਪੰਜਾਬੀ ਕਾਨਫਰੰਸ ਦੀ ਕਾਰਵਾਈ

ਪੰਜਾਬੀ ਸਾਹਿੱਤ ਅਕਾਡਮੀ ਦੀ ਛੱਤਰ ਛਾਇਆ ਹੇਠ ਪਹਿਲੀ ਪੰਜਾਬੀ ਕਾਨਫਰੰਸ ਐਤਵਾਰ, ੧ ਮਈ, ੧੯੫੫ ਵਾਲੇ ਦਿਨ, ਮਾਲਵਾ ਖਾਲਸਾ ਹਾਈ ਸਕੂਲ ਵਿੱਚ ਸਵੇੇਰ ਦੇ ਦੱਸ ਵੱਜੇ ਸ਼ੁਰੂ ਹੋਈ। ਪਿਛਲੇ ਤਿੰਨਾਂ ਚੌਹਾਂ ਦਿਨਾਂ ਤੋਂ ਮੌਸਮ ਬੜਾ ਖਰਾਬ ਸੀ ਤੇ ਪਰਬੰਧਕ ਚਿੰਤਾਤਰ। ਡਰ ਸੀ ਕਿ ਇਹ ਰੋਜ਼ ਕਹਿਰਾਂ ਦੀ ਵਗਦੀ ਅੰਨ੍ਹੇਰੀ ਕਾਨਫਰੰਸ ਹੋਣ ਵੀ ਦੇਵੇਗੀ ਜਾਂ ਨਹੀਂ? ਆਖਰ ਉਡੀਕ ਵਲਾ ਦਿਹਾੜਾ ਪੁੱਜਾ। ਵਾਯੂ ਮੰਡਲ ਸ਼ਾਂਤ ਸੀ ਤੇ ਦਿਨ ਠਹਿਰਿਆ ਹੋਇਆ। ਸ਼ਾਮਿਆਨੇ ਦੇ ਪੁੱਟੇ ਜਾਣ ਤੇ ਕਾਨਫਰੰਸ ਵਿਚ ਵਿਘਣ ਪੈਣ ਦਾ ਡਰ ਨਹੀਂ ਸੀ ਰਹਿਆ। ਇਸ ਇਹਸਾਸ ਨੇ ਪਰਬੰਧਕਾਂ ਦੇ ਚਹਿਰੇ ਖਿੜਾ ਦਿੱਤੇ ਸਨ ਤੇ ਉਹ ਇਕ ਖਾਸ ਉਤਸ਼ਾਹ ਨਾਲ ਪੰਜਾਬੀ ਭੌਰਿਆਂ ਦੀ ਉਡੀਕ ਕਰ ਰਹੇ ਸਨ।

ਨੌਂ ਵਜੇ ਦੇ ਕਰੀਬ ਲੋਕ ਪੰਡਾਲ ਵਿੱਚ ਆਉਣੇ ਸ਼ੁਰੂ ਹੋਏ। ਪਹਿਲੀਆਂ ਟੋਲੀਆਂ ਦੂੂਰੋਂ ਆਉਣ ਵਾਲੇ ਪ੍ਰੇਮੀਆਂ ਦੀਆਂ ਸਨ, ਜਿਹੜੇ ਪੰਜਾਬੀ ਮਾਤਾ ਨੂੰ ਸ਼ਰਧਾਂਜਲੀ ਭੇਟਾ ਕਰਨ ਲਈ ਦਿਲੀ, ਅੰਬਾਲਾ, ਚੰਡੀਗੜ੍ਹ, ਫੀਰੋਜ਼ਪੁਰ, ਫਾਜ਼ਲਕਾ, ਪਟਿਆਲ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਤੇ ਜੰਮੂ, ਕਸ਼ਮੀਰ ਆਦਿ ਦੂਰ ਦੁਰ ਇਲਾਕਿਆਂ ਤੋਂ ਚਲ, ਰਾਤੋ ਰਾਤ ਅਪੜ ਪਏ ਸਨ। ਲੁਧਿਆਣਾ ਸ਼ਹਿਰ ਦੇ ਵਾਸੀ ਤੇ ਨੇੜੇ ਦੇ ਪਿੰਡਾਂ ਦੇ ਲੋਕ ਵੀ ਹੁਮ ਹੁਮਾ ਕੇ ਪੁਜੇ। ਇਸ ਤਰ੍ਹਾਂ ਥੋੜੇ ਹੀ ਸਮੇਂ ਵਿੱਚ ਕਾਨਫਰੰਸ ਪੰਡਾਲ ਵਿੱਚ ਸਭਾਵਾਂ ਦੇ ਪ੍ਰਤੀਨਿਧਾਂ, ਲੀਡਰਾਂ, ਕਵੀਆਂ, ਲੇਖਕਾਂ, ਸਾਹਿੱਤ-ਰੱਸੀਆਂ ਤੇ ਭਾਸ਼ਾ ਪ੍ਰੇਮੀਆਂ ਦੀ ਚੰਗੀ ਗਹਿਮਾ ਗਹਿਮ ਹੋ ਗਈ।

ਠੀਕ ਦੱਸ ਵਜੇ ਸਰਦਾਰ ਗੁਰਦਿਆਲ ਸਿੰਘ ਜੀ ਢਿਲੋਂ, ਪਰਧਾਨ ਪੰਜਾਬੀ ਕਾਨਫਰੰਸ, ਕਾਨਫਰੰਸ-ਸਥਾਨ ਤੇ ਪੁਜੇ। ਸਕੂਲ ਦੇ ਬਾਹਰਲੇ ਗੇਟ ਤੇ ਸਵਾਗਤ ਕਮੇਟੀ ਦੇ ਪਰਧਾਨ ਪ੍ਰਿੰਸੀਪਲ ਜੋਧ ਸਿੰਘ ਅਤੇ ਜਨਰਲ ਸਕੱਤਰ ਡਾਕਟਰ ਸ਼ੇਰ ਸਿੰਘ ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਕਾਰਜ-ਸਾਧਿਕਾ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੈਬਰਾਂ

੯੬