ਪੰਨਾ:Alochana Magazine 1st issue June 1955.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨੀਲੇ, ਸਬਜ਼ੇ, ਸੁਰਖ਼ੇ, ਹਿਣਕੇ,
ਗਰਜੀ ਤੋਪ, ਰਹਿਕਲੇ ਬਣਕੇ,

ਗੋਲੇ ਘੂਕਦੇ!'

ਇਸ ਬਾਰਾਂ ਮਾਂਹ ਵਿਚ ਹਰ ਮਹੀਨੇ ਦੇ ਪਿੱਛੋਂ ਇਹ ਬੰਦ ਆਉਂਦਾ ਹੈ:

ਫੁੱਲ ਹਰੀ ਕਿ ਹਰਿ ਜੀ ਹਾਂ,

ਕਿ ਦਰਸ਼ਨ ਅੰਮ੍ਰਿਤਸਰ ਜੀ ਜਾਂ,

ਮੇਰਾ ਮਨ ਲੋਚਦਾ!'

ਕਵੀ ਦੌਲਤ ਰਾਮ, ਰਾਮਗੜ੍ਹ ਵਾਲੇ ਦੇ ਕਿੱਸੇ ‘ਰੁਪ ਬਸੰਤ’ ਵਿਚ ਮੰਗਲ ਨਾਥ, ਬਸੰਤ ਨੂੰ, ਇਕ ਬਾਰਾਂ ਮਾਂਹ ਰਾਹੀਂ, ਹਿੰਦੁਸਤਾਨ ਦੇ ਸਾਰੇ ਮੱਤਾਂ-ਮਤਾਂਤਰਾਂ ਦੇ ਉਪਦੇਸ਼ਾਂ ਦਾ ਚੂਰਮਾ ਜਿਹਾ ਵੰਡਦਾ ਹੈ, ਉਸ ਵਿਚੋਂ ਕਿਣਕੇ-ਮਾਤਰ ਆਪ ਦੀ ਭੇਟ ਕਰਦਾ ਹਾਂ:

'ਕ੍ਰਿਸ਼ਨ ਦੇਵ ਨੇ ਗੀਤਾ ਦੇ ਵਿਚ ਕਹਿਆ
ਜੀਵ ਜੀਵ ਪ੍ਰਤਿ ਆਪਣੀ ਸ੍ਰਿਸ਼ਟ ਬੱਚਾ!

ਫੁਰਨੇ ਨਾਲ ਜਹਾਨ ਪਰਤੱਖ ਦਿੱਸੇ,
ਫੁਰਨੇ ਰਹਿਤ ਜਹਾਨ ਦੀ ਨਿਸ਼ਟ ਬੱਚਾ।

ਫੁਰਨਾ ਬੰਦ ਹੋਯਾ ਤਦੋਂ ਮੁਕਤ ਹੋਯਾ,
ਇਹੋ ਆਖਦਾ ਜੋਗ ਵਸ਼ਿਸ਼ਟ ਬੱਚਾ!

"ਤੂੰ-ਮਸੀ" ਬ੍ਰਹਮ ਦਾ ਰੂਪ ਹੈਂ ਤੂੰ,
ਸਮਝੋ ਵੇਦ ਭਗਵਾਨ ਦਾ ਇਸ਼ਟ ਬੱਚਾ!

ਜੇਕਰ ਦੂਈ ਦੇ ਭਾਵ ਤੇ ਦੂਰ ਹੋਵੇ,
ਸੱਭੇ ਦੂਰ ਹੋ ਜਾਣ ਅਰਿਸ਼ਟ ਬੱਚਾ!

ਦੌਲਤ ਰਾਮ ਹਰ ਜੀਵ ਦਾ ਰੂਪ ਇਕੋ,
ਬ੍ਰਹਮ ਗਿਆਨ ਬਿਨ ਜੀਵ ਭ੍ਰਿਸ਼ਟ ਬੱਚਾ!

ਕਵੀ ਨਰਿੰਦਰ ਨਾਥ ਦੇ ਕਿੱਸੇ 'ਪ੍ਰਹਿਲਾਦ ਭਗਤ' ਵਿਚ ਇਕ ਕੁਮਿਹਾਰੀ ਭਗਤ ਜੀ ਨੂੰ ਜਿਹੜਾ ਬਾਰਾਂ ਮਾਂਹ ਸੁਣਾਉਂਦੀ ਹੈ, ਉਸਦਾ ਵਿਸ਼ਾ ਹੈ

'ਚੜ੍ਹਦੇ ਮਾਘ ਮੁਹੱਬਤਾਂ ਕੂੜ ਜਾਣਨ

ਜਿਨ੍ਹਾਂ ਏਸ ਜਹਾਨ ਨੂੰ ਫੋਲ ਡਿੱਠਾ।'


ਮੋਤੀ ਰਾਮ ਤੇ ਮੋਹਨ ਸਿੰਘ ਚੰਦਨ ਆਦਿ ਨੇ ਵੀ ਇਸੇ ਰੰਗ ਵਿਚ ਵੈਰਾਗ, ਉਮਰਾਮਤਾ ਤੇ ਜਗਤ ਦੀ ਨਾਸਮਾਨਤਾ ਦੇ ਵਿਚਾਰਾਂ ਨਾਲ ਭਰੇ ਹੋਏ ਬਾਰਾਂ ਮਾਂਹ ਲਿਖੇ ਹਨ।

੭੯