ਪੰਨਾ:Alochana Magazine 1st issue June 1955.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਤ ਮਹਾਨ ਹੈ। ਇਸੇ ਲਈ ਮੈਂ ਕਵੀ ਚਾਤ੍ਰਿਕ ਨੂੰ ਇਕ ਮਹਾਨ ਆਤਮਾ ਦਾ ਸੁਆਮੀ ਆਖਿਆ ਹੈ,ਕਿਉਂਕਿ ਚਾਤ੍ਰਿਕ ਦੀ ਕਵਿਤਾ ਮੌਤ ਦੇ ਭੈ ਨੂੰ ਘਟਾਉਂਦੀ ਹੈ।

ਮੌਤ ਨੂੰ ਚਾਤ੍ਰਿਕ ਨੇ ਕਈ ਰੂਪਾਂ ਵਿਚ ਵੇਖਿਆ ਹੈ। ਜਿਸ ਰੂਪ ਦਾ ਵਰਨਣ ਕਵੀ ਨੇ 'ਮਿਲੇ ਬੂੂੰਦ ਚਾਤ੍ਰਿਕ ਨੂੰ' ਵਾਲੀ ਤੁਕ ਵਿਚ ਕੀਤਾ ਹੈ, ਉਹ ਸਭ ਤੋਂ ਵਧ ਸੁੰਦਰ ਹੈ ਪਰ ਇਸ ਸੁੰਦਰਤਾ ਤਕ ਅਪੜਨ ਲਈ ਕਵੀ ਨੂੰ ਕਈ ਔਕੜਾਂ ਅਤੇ ਭੁਲੇਖਿਆਂ ਵਿਚੋਂ ਲੰਘਣਾ ਪਿਆ ਹੈ। ਉਹਨਾਂ ਭੁਲੇਖਿਆਂ ਨੂੰ ਕਵੀ ਦੀ ਬਦਲਦੀ ਵਿਚਾਰਧਾਰਾ ਨਾਲ ਉਸਦੀ ਕਵਿਤਾ ਦੇ ਅਧਾਰ ਉਤੇ ਦੂਰ ਕਰਨਾ ਇਸ ਲੇਖ ਦਾ ਮਨੋਰਥ ਹੈ। ਇਸ ਤਰ੍ਹਾਂ ਅਸੀਂ ਕਵੀ ਦੀ ਮਾਨਸਕ ਅਵਸਥਾ ਵਿਚ ਵਿਕਾਸ ਹੁੰਦਾ ਵੇਖ ਸਕਾਂਗੇ।

ਸ਼ੁਰੂ ਸ਼ੁਰੂ ਵਿਚ ਚਾਤ੍ਰਿਕ ਮੌਤ ਨੂੰ ਦੁਨੀਆਂ ਦੇ ਝਗੜਿਆਂ ਅਤੇ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਇਕ ਵਸੀਲਾ ਸਮਝਦਾ ਸੀ, ਜਿਵੇਂ 'ਜੀਉਣ ਪੰਧ ਦੀ ਛੇਕੜਲੀ ਮੰਜ਼ਲ' ਵਿਚ ਉਹ ਲਿਖਦਾ ਹੈ:-

ਮੁਕ ਗਏ ਬਖੇੜੇ ਜੀਵਨ ਦੇ, ਚੁਪਚਾਂ ਵਿਚ ਧੁਣੀ ਪਾ ਲੀਤੀ, ਧਨ ਦੌਲਤ ਦੇ ਦੀਵਾਨੇ ਨੇ, ਵਖ਼ਤਾਂ ਤੋਂ ਜਾਨ ਛੁਡਾ ਲੀਤੀ। ਇਸ ਸ਼ਾਂਤ ਚਮਨ ਵਿਚ ਬੈਠੇ ਨੂੰ, ਕੋਈ ਫਿਕਰ ਨਹੀਂ ਆਜ਼ਾਰ ਨਹੀਂ, ਚਿੰਤਾ ਦੀਆਂ ਧੁੱਪਾਂ ਲੋਆਂ ਥੀਂ, ਕੁਮਲਾਂਦੀ ਇਹ ਗੁਲਜ਼ਾਰ ਨਹੀਂ। ਦੁਨੀਆਂ ਦੇ ਝਗੜੇ ਝਾਂਜੇ ਤੋਂ, ਇਹ ਮੌਤ ਛੁਡਾ ਲੈ ਜਾਂਦੀ ਹੈ, ਫਿਰ ਇਸ ਤੋਂ ਡਰ ਡਰ ਕੇ ਚਾਤ੍ਰਿਕ , ਕਿਉਂ ਜਾਨ ਤੇਰੀ ਘਬਰਾਂਦੀ ਹੈ।

[ਚੰਦਨਵਾੜੀ-ਪੰਨਾ ੨੨੨

ਮੁਸੀਬਤਾਂ ਤੋਂ ਡਰ ਕੇ ਮੌਤ ਦੀ ਗੋਦੀ ਵਿਚ ਸ਼ਾਂਤੀ ਲੱਭਣ ਸਮੇਂ, ਕਵੀ ਦਾ ਮਨ 'ਸਿਹਤ ਮੰਦ' ਨਹੀਂ ਸੀ। ਤਿਆਗ ਦਾ ਫਲਸਫਾ ਬੀਮਾਰ ਮਨ ਦੀ ਉਪਜ ਹੈ।ਇਹ ਅਪਸਾਰੀ ਰੁਚੀਆਂ ਦਾ ਲਖਾਇਕ ਹੈ, ਕਿਉਂਕਿ ਕਵੀ ਦੁਨੀਆਂ ਦੇ ਕਾਰ ਵਿਹਾਰ ਨੂੰ 'ਦਗੜ ਦਗੜ' ਆਖ ਕੇ ‘ਕਬਰਸਤਾਨ’ ਦੀ ਚੁਪ-ਚਾਂ ਨੂੰ ਸਲਾਹੁੰਦਾ ਹੈ

ਇਸ ਦਗੜ ਦਗੜ ਦੀ ਦੁਨੀਆਂ ਤੋਂ, ਇੱਕਲਵਾਂਜੇ ਇਕ ਵਾਸੀ ਹੈ,

ਖਾਮੋਸ਼ੀ ਜਿਸਦੀ ਬੋਲੀ ਹੈ ਤੇ ਰੌਣਕੇ ਜਿਦੀ ਉਦਾਸੀ ਹੈ।

ਇੱਥੇ ਹੀ ਬੱਸ ਨਹੀਂ ਜੀਵਨ ਦੀ ਨਾਸ਼ਮਾਨਤਾ ਦੇ ਸੰਘਣੇ ਪ੍ਰਭਾਵ ਹੇਠ ਕਵੀ ਸੰਸਾਰ ਨੂੰ ਤਿਆਗ ਕੇ ਸਦਾ ਲਈ ਮੌਤ ਦੀ ਬੁੱਕਲ ਵਿੱਚ ਸੌਂ ਜਾਣਾ ਚਾਹੁੰਦਾ ਸੀ:--

ਆ ਦਿਲ! ਏਥੇ ਹੀ ਰਹਿ ਪਈਏ, ਕੀ ਕਰਨ ਪਿਛਾਂਹ ਹੁਣ ਜਾਣਾ ਹੈ ?

ਉਹ ਚਾਰ ਦਿਨਾਂ ਦੀ ਖਪ ਖਪ ਹੈ, ਓੜਕ ਦਾ ਇਹੋ ਟਿਕਾਣਾ ਹੈ।

੩੧