ਦਿਲ ਹੀ ਤਾਂ ਸੀ/ਸੜੀ ਹੋਈ ਰੋਟੀ

ਸੜੀ ਹੋਈ ਰੋਟੀ

ਅਜ ਫੇਰ ਮੈਂ ਕੇਸਰੇ ਜਮਾਂਦਾਰ ਦੀਆਂ ਝੁਗੀਆਂ ਵਿਚ ਗਿਆ। ਜਮਾਂਦਾਰ ਕੇਸਰੇ ਦੀ ਭੈਣ ਕੇਲੀ ਨੇ ਮੈਨੂੰ ਦਸਿਆ ਸੀ, ਕਲ੍ਹ ਸਵੇਰੇ ਜਦੋਂ ਉਹ ਸਾਡੇ ਫਾਰਮ ਦੇ ਨਲਕੇ ਤੋਂ ਪਾਣੀ ਭਰਨ ਆਈ ਤਾਂ ਉਹ ਬੜੀ ਉਦਾਸ ਸੀ। ਉਸ ਦੀ ਉਦਾਸੀ ਦਾ ਕਾਰਨ ਜਾਨਣ ਲਈ ਮੈਂ ਉਸ ਤੋਂ ਪੁਛਿਆ, "ਕੀ ਗਲ ਏ ਕੇਲੀ, ਤੂੰ ਬੜੀ ਉਦਾਸ ਹੋਈ ਏਂ?"
ਉਸ ਨੇ ਇਕ ਦੋ ਵਾਰ ਮੇਰੇ ਏਸੇ ਸਵਾਲ ਦਾ ਜੁਆਬ ਦੇਣ ਲਈ ਆਪਣੇ ਖੁਸ਼ਕ ਬੁਲ੍ਹਾਂ ਨੂੰ ਇਕ ਦੂਜੇ ਤੋਂ ਵਖਰੇ ਕਰਨ ਦਾ ਯਤਨ ਕੀਤਾ। ਪਰ ਪਤਾ ਨਹੀਂ ਉਹ ਕਿਉਂ ਨਹੀਂ ਸਨ ਖੁਲ੍ਹਦੇ। ਮੈਂ ਆਪਣੇ ਸਵਾਲ ਦਾ ਉੱਤਰ ਸੁਣਨ ਲਈ ਉਸ ਦੇ ਮੂੰਹ ਵਲ ਬੜੇ ਗਹੁ ਨਾਲ ਤੱਕ ਰਿਹਾ ਸਾਂ। ਉਸਦੇ ਬੁਲ੍ਹ ਦੋ ਚਾਰ ਵਾਰ ਕੰਬੇ ਅਤੇ ਫੇਰ ਕਿੰਨੇ ਹੀ ਚਿਰ ਪਿਛੋਂ ਉਹ ਚੁਪ ਨੂੰ ਤੋੜਦੀ ਹੋਈ ਬੋਲੀ, "ਹਮ ਲੋਗੋਂ ਕੀ ਤਕਦੀਰ ਹੀ ਐਸੀ ਹੈ, ਬਾਬੂ ਜੀ।"
"ਕੀ ਹੋ ਗਿਆ ਤੇਰੀ ਤਕਦੀਰ ਨੂੰ?"
"ਮੇਰੀ ਬੱਚੀ ਬੀਮਾਰ ਹੈ ਬਾਬੂ ਜੀ।"

ਮੈਂ ਉਸ ਦਾ ਧੀਰਜ ਬੰਨ੍ਹਾਂਦਿਆਂ ਹੋਇਆਂ ਆਖਿਆ ਕਿ ਮੈਂ ਉਸ ਦੀ ਬੱਚੀ ਲਈ ਦੁਆਈ ਲਿਆ ਕੇ ਦਿਆਂਗਾ। "ਪਰ ਉਸ ਨੂੰ ਹੋਇਆ ਕੀ ਏ?" ਮੈਂ ਪੁਛਿਆ।
"ਬਾਬੂ ਜੀ, ਉਸਕੋ ਸਖਤ ਬੁਖਾਰ ਹੈ। ਤੀਨ ਦਿਨ ਹੋ ਗਏ ਉਤਰਤਾ ਹੀ ਨਹੀਂ। ਕਲ ਡਾਕਟਰ ਸੇ ਦੋ ਰੁਪਏ ਕੀ ਦੁਆਈ ਲਾਈ ਥੀ। ਉਸ ਸੇ ਭੀ ਕੋਈ ਫ਼ਾਇਦਾ ਨਹੀਂ ਹੂਆ। ਬਿਟੀਆ ਬੁਖਾਰ ਸੇ ਜਾਨ ਤੋੜ ਰਹੀ ਹੈ।"

ਆਪਣੀਆਂ ਗੱਲ੍ਹਾਂ ਤੋਂ ਹੰਝੂ ਪੂੰਝਦੇ ਹੋਏ ਉਹ ਪਾਣੀ ਭਰਨ ਲਈ ਅਗੇ ਵਧੀ। ਮੈਂ ਉਸ ਨੂੰ ਡੱਕ ਲਿਆ ਤੇ ਉਸ ਨੂੰ ਦਿਲਾਸਾ ਦਿਤਾ, "ਭਲਾ ਇਸ ਵਿਚ ਰੋਣ ਵਾਲੀ ਕਿਹੜੀ ਗੱਲ ਏ, ਬੱਚੇ ਬੀਮਾਰ ਭੀ ਤੇ ਹੁੰਦੇ ਨੇ। ਛੇਤੀ ਰਾਜ਼ੀ ਹੋ ਜਾਏਗੀ ਬਿਟੀਆ, ਚੁਪ ਕਰ ਰੋ ਨਾ, ਸ਼ੁਦੈਣ ਨਾ ਹੋਵੇ ਤੇ। ਹੱਸ!ਹੱਸ!! ਹੱਸ!!!"

ਮੇਰੇ ਕਹਿਣ ਤੇ ਉਹ ਥੋੜੀ ਜਿਹੀ ਹੱਸੀ ਜ਼ਰੂਰ, ਪਰ ਰੱਬ ਜਾਣਦਾ ਹੈ ਬਨਾਉਟੀ ਤੇ ਅਸਲੀ ਹਾਸੇ ਵਿਚ ਕਿੰਨਾ ਫਰਕ ਹੁੰਦਾ ਏ!

ਫੇਰ ਉਸ ਨੇ ਆਪਣੀਆਂ ਡੂੰਘੀਆਂ ਅੱਖਾਂ ਮੇਰੀਆਂ ਅੱਖਾਂ ਵਿਚ ਪਾ ਕੇ ਤੱਕਿਆ। ਮੈਨੂੰ ਆਪਣੀ ਜਵਾਨੀ ਦੀ ਸਹੁੰ ਮੈਂ ਏਸ ਤੋਂ ਪਹਿਲਾਂ ਇਹੋ ਜਿਹੀ ਤੱਕਣੀ ਕਦੇ ਨਹੀਂ ਸੀ ਡਿੱਠੀ। ਉਸ ਨਜ਼ਰ ਵਿਚ ਇਕ ਅਨੋਖੀ ਜਿਹੀ ਵਿਲਕਣੀ, ਇਕ ਡਰਾਉਣੀ ਜਿਹੀ ਅੱਗ਼ ਤੇ ਹੋਰ ਕਈ ਕੁਝ ਸੀ। ਮੈਂ ਅਖਾਂ ਸਾਹਮਣੀਆਂ ਨਾ ਰਖ ਸਕਿਆ ਤੇ ਮੈਨੂੰ ਇਕ ਕੰਬਣੀ ਆ ਗਈ। ਕੁਝ ਚਿਰ ਲਈ ਮੈਂ ਆਪਣੇ ਆਪ ਨੂੰ ਭੁਲ ਗਿਆ। ਤੇ ਇਉਂ ਸੋਚਣ ਲੱਗਾ ਕਿ ਮੇਰਾ ਉਸ ਨੂੰ ਥੋੜ੍ਹਾ ਜਿਹਾ ਖੁਸ਼ ਕਰਕੇ, ਉਸ ਨੂੰ ਉਸ ਦੇ ਦੁਖਾਂ ਤੋਂ ਬੇਧਿਆਨ ਕਰਨ ਦਾ ਯਤਨ ਵਿਅਰਥ ਗਿਆ।
ਕਿੰਨੇ ਹੀ ਚਿਰ ਪਿਛੋਂ ਕੇਲੀ ਨੇ ਮੈਨੂੰ ਆਖਿਆ “ਬਾਬੂ ਜੀ! ਤੁਮ ਜ਼ਰੂਰ ਮੇਰੀ ਝੁਗੀ ਮੇਂ ਆਨਾ। ਮੇਰੀ ਬੱਚੀ ਕੋ ਦੇਖ ਕਰ ਦੁਆਈ ਲਾ ਦੇਨਾ।ਅੱਛੀ ਸੀ ਦੁਆਈ ਬਾਬੂ ਜੀ।"
ਮੈਂ ਉਸ ਨੂੰ ਵਚਨ ਦਿਤਾ ਕਿ ਮੈਂ ਛੇਤੀ ਹੀ ਉਸਦੀ ਝੁੱਗੀ ਵਿਚ ਆਵਾਂਗਾ ਤੇ ਉਸਨੂੰ ਕਿਸੇ ਚੰਗੇ ਸਿਆਣੇ ਡਾਕਟਰ ਤੋਂ ਦੁਆਈ ਲਿਆ ਦੇਵਾਂਗਾ।
ਦੁਪਹਿਰ ਦੀ ਛੁੱਟੀ ਵੇਲੇ ਮੈਂ ਉਸਦੇ ਡੇਰੇ ਗਿਆ, ਉਸਦੀ ਬੱਚੀ ਨੂੰ ਵੇਖਿਆ ਤੇ ਕੋਲੀ ਨੂੰ ਦਸਕੇ ਪਈ ਉਸ ਦੀ ਬੱਚੀ ਨੂੰ ਮਮੂਲੀ ਬੁਖਾਰ ਹੈ, ਬਾਈ ਸੈਕਟਰ ਤੋਂ ਦੁਆਈ ਲੈਣ ਚਲੇ ਗਿਆ। ਡਾਕਟਰ ਚੰਦਰ ਮੋਹਨ ਐਮ. ਬੀ., ਬੀ. ਐਸ. ਤੋਂ ਦੁਆਈ ਲੈ ਕੇ ਛੇਤੀ ਹੀ ਵਾਪਸ ਆ ਗਿਆ।

ਮੈਂ ਕੇਲੀ ਨੂੰ ਦੁਆਈ ਦੇ ਆਇਆ ਹਾਂ ਤੇ ਸਮਝਾ ਆਇਆ ਹਾਂ ਕਿ ਦੋ ਗੋਲੀਆਂ ਦੇ ਅੱਠ ਟੋਟੇ ਕਰਕੇ ਇਕ ਟੋਟਾ ਹਰ ਚਾਰ ਘੰਟੇ ਮਗਰੋਂ ਤਾਜ਼ੇ ਪਾਣੀ ਨਾਲ ਦੇਣਾ ਹੈ। ਪਹਿਲੀ ਗੋਲੀ ਦਿੰਦੇ ਸਾਰ ਉਸ ਦੀ ਬੱਚੀ ਨੇ ਅੱਖੀਆਂ ਖੋਲ੍ਹ ਲਈਆਂ ਸਨ। ਕੇਲੀ ਨੂੰ ਯਕੀਨ ਹੋ ਗਿਆ ਕਿ ਉਸਦੀ ਬੱਚੀ ਨੂੰ ਜ਼ਰੂਰ ਅਰਾਮ ਆ ਜਾਏਗਾ। ਕੇਲੀ ਦੀ ਬੱਚੀ ਰਾਜ਼ੀ ਹੋ ਜਾਏਗੀ, ਮੈਨੂੰ ਕਿੰਨੀ ਖੁਸ਼ੀ ਹੋਵੇਗੀ। ਪਰਸੋਂ ਦੋ ਰੁਪਏ ਖ਼ਰਚ ਕੇ ਆਰਾਮ ਨਾ ਆਇਆ ਤੇ ਮੇਰੀਆਂ ਦੋ ਆਨੇ ਦੀਆਂ ਗੋਲੀਆਂ ਨਾਲ ਅਰਾਮ ਆ ਜਾਏਗਾ। ਕੇਲੀ ਮੈਨੂੰ ਅਸੀਸਾਂ ਦੇਵੇਗੀ। ਮੈਂ ਉਸਨੂੰ ਛੇੜਾਂਗਾ ਕਿ ਉਹ ਕਲ ਐਵੇਂ ਹੀ ਰੋਂਦੀ ਸੀ। ਪਰ ਅਜ ਮੈਂ ਖੁਸ਼ ਹੋਣ ਦੀ ਥਾਂ ਸੋਚਾਂ ਵਿਚਾਰਾਂ ਦੇ ਡੂੰਘੇ ਸਾਗਰ ਵਿਚ ਗੋਤੇ ਖਾ ਰਿਹਾ ਹਾਂ। ਉਹ ਚਪੇੜ ਜਿਹੜੀ ਮੈਂ ਕਿਸੇ ਗਰੀਬ ਦੇ ਮੂੰਹ ਤੇ ਮਾਰੀ ਉਹੀ ਮੈਨੂੰ ਤੜਫਾ ਰਹੀ ਹੈ। ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਜੇ ਮੈਂ ਉਸ ਗਰੀਬ ਦੇ ਦੁਖ ਦਾ ਦਾਰੂ ਨਹੀਂ ਸੀ ਬਣ ਸਕਦਾ ਤਾਂ ਮੈਨੂੰ ਕੀ ਹੱਕ ਸੀ ਕਿ ਮੈਂ ਉਸਨੂੰ ਦੁਖਾਵੀਂ ਠੋਕਰ ਮਾਰਦਾ। ਇਸ ਨਾਲੋਂ ਚੰਗਾ ਸੀ ਮੈਂ ਚੁਪ ਚਾਪ ਅਗੇ ਲੰਘ ਜਾਂਦਾ। ਪਰ ਕੇਲੀ ਦੀ ਝੁੱਗੀ ਤੋਂ ਆਉਂਦਿਆਂ ਮੈਂ ਸਭ ਕੁਝ ਆਪਣੀ ਅੱਖੀਂ ਵੇਖਿਆ। ਮੈਂ ਕਿਵੇਂ ਵੇਖ ਕੇ ਅੱਖਾਂ ਮੀਟ ਲੈਂਦਾ।

ਤਵੇ ਉਤੇ ਪਈ ਰੋਟੀ ਸੜ ਰਹੀ ਸੀ। ਭਾਂਡੇ ਖਿਲਰੇ ਪਏ ਸਨ। ਸਾਗ ਵਾਲੀ ਤੌੜੀ ਧਾਫ਼ੂ ਦਿਆਂ ਪੈਰਾਂ ਤੇ ਮੂਧੀ ਪਈ ਹੋਈ ਸੀ। ਤੇਜ ਕੰਢਿਆਂ ਵਾਲੀਆਂ ਦੋ ਕੌਲੀਆਂ ਤੇ ਇਕ ਥਾਲੀ ਉਸ ਗਰੀਬਣੀ ਦੇ ਲਕ ਹੇਠਾਂ ਪਈਆਂ ਸਨ ਅਤੇ ਉਹ ਮੱਛੀ ਵਾਂਗ ਚੁਲੇ ਲਾਗੇ ਪਈ ਤੜਫ਼ ਰਹੀ ਸੀ। ਮੈਂ ਭਜ ਕੇ ਉਸ ਨੂੰ ਚੁਕਿਆ ਤੇ ਫੇਰ ਛੇਤੀ ਨਾਲ ਇਕ ਪਾਸੇ ਲੰਮਿਆਂ ਪਾ ਦਿਤਾ, ਪਈ ਕਿਤੇ ਉਸ ਦਾ ਮੁਟਿਆਰਾ (ਸਾਈਂ) ਨਾ ਆ ਜਾਵੇ ਅਤੇ ਬੁਰਾ ਨਾ ਮੰਨੇ ਕਿ ਮੈਂ ਉਸਦੀ ਲੁਗਾਈ (ਵਹੁਟੀ) ਨੂੰ ਏਸ ਤਰ੍ਹਾਂ ਫੜੀ ਬੈਠਾ ਸਾਂ। ਮੈਂ ਛੇਤੀਂ ਨਾਲ ਬਾਹਰ ਨਿਕਲਿਆ ਤੇ ਉਸਦੇ ਮੁਟਿਆਰੇ ਨੂੰ ਵਾਜ ਮਾਰੀ। ਉਹ ਜਮਾਂਦਾਰ ਕੇਸਰੇ ਨਾਲ ਬੈਠਾ ਹੁੱਕੇ ਦੇ ਦਮ ਲਾ ਰਿਹਾ ਸੀ। ਉਹ ਸਹਿਜੇ ਸਹਿਜੇ ਤੁਰ ਪਿਆ "ਓ ਗਾਂਹ ਭਜ ਕੇ ਆ ਯਾਰ" ਮੇਰੇ ਆਖਣ ਤੇ ਉਹ ਭਜ ਕੇ ਆਇਆ। ਉਸ ਨੇ ਧਾਫ਼ੂ ਨੂੰ ਇਸ ਤਰ੍ਹਾਂ ਪਈ ਵੇਖਿਆ ਪਰ ਉਸ ਨੂੰ ਚੁੱਕਣ ਦੀ ਥਾਂ ਉਸਦੀ ਨਜ਼ਰ ਸੜਦੀ ਹੋਈ ਰੋਟੀ ਤੇ ਜਾ ਪਈ। ਉਹ ਕਾਹਲੀ ਨਾਲ ਅੱਗੇ ਵਧਿਆ, ਰੋਟੀ ਨੂੰ ਚੁਕ ਕੇ ਝਾੜ ਝੰਬ ਕੇ ਇਕ ਟੁੱਟੇ ਜਿਹੇ ਛਾਬੇ ਵਿਚ ਰੱਖ ਕੇ ਇਕ ਪਰੋਲਾ ਜਿਹਾ ਉਸ ਦੇ ਉਤੇ ਦੇ ਦਿਤਾ ਤੇ ਆਪ ਇਕ ਪਾਸੇ ਮੱਥੇ ਤੇ ਹੱਥ ਰਖ ਕੇ ਲੰਮਾ ਜਿਹਾ ਸਾਹ ਲੈ ਕੇ ਬੈਠ ਗਿਆ।

ਮੈਨੂੰ ਇਹ ਬੜਾ ਬੁਰਾ ਲੱਗਾ ਕਿ ਉਸਦੀ ਵਹੁਟੀ ਬੇਹੋਸ਼ ਪਈ ਲੱਤਾ ਬਾਹਾਂ ਮਾਰ ਰਹੀ ਹੈ ਤੇ ਉਸਨੇ ਉਸਨੂੰ ਹੱਥ ਲਾਣ ਦਾ ਯਤਨ ਵੀ ਨਹੀਂ ਕੀਤਾ। ਹੋਰ ਕੁਝ ਨਹੀਂ ਤਾਂ ਉਸਦੇ ਮੂੰਹ ਤੇ ਪਾਣੀ ਦੇ ਛਿਟੇ ਹੀ ਮਾਰਦਾ। ਮੈਂ ਉਹਨੂੰ ਕੁਝ ਗੁਸੇ ਨਾਲ ਆਖਿਆ, “ਓਏ ਤੂੰ ਚੰਗਾ ਬੰਦਾ ਏਂ! ਆਪਣੀ ਵਹੁਟੀ ਨੂੰ ਸੰਭਾਲਦਾ ਕਿਉਂ ਨਹੀਂ? ਤੂੰ ਇਸ ਦੀ ਸਾਂਭ ਨਾ ਕਰੇਂਗਾ ਤਾਂ ਹੋਰ ਕੌਣ ਇਸ ਦੇ ਨੇੜੇ ਜਾਵੇਗਾ।"

ਉਹ ਚੁਪ ਰਿਹਾ ਤੇ ਆਪਣੀ ਥਾਂ ਤੇ ਬੈਠਾ ਰਿਹਾ। “ਬੜਾ ਪੱਥਰ ਦਾ ਦਿਲ ਏ ਤੇਰਾ” ਮੈਂ ਉਸਨੂੰ ਖਿਝ ਕੇ ਕਿਹਾ। ਉਸ ਨੇ ਬੜੀ ਬੇਬਸੀ ਵਾਲੀ ਨਜ਼ਰ ਨਾਲ ਮੇਰੇ ਵਲ ਵੇਖਿਆ ਤੇ ਫੇਰ ਹੱਥ ਮਲਦਾ ਮਲਦਾ ਖਲੋ ਗਿਆ।

ਮੈਂ ਆਪਣੇ ਫਾਰਮ ਤੇ ਆ ਗਿਆ, ਅਜੇ ਕੋਈ ਘੰਟਾ ਕੁ ਹੀ ਹੋਇਆ ਹੈ। ਮੈਂ ਬਹੁਤ ਬੇਚੈਨ ਹਾਂ। ਉਸ ਗਰੀਬ ਦੀ ਬੇਬਸੀ ਨੂੰ ਪੱਥਰ-ਦਿਲੀ ਕਹਿ ਕੇ ਮੈਂ ਉਸ ਵਿਚਾਰੇ ਨੂੰ ਕਠੋਰ ਸੱਟ ਮਾਰੀ।

ਕੀ ਮੈਨੂੰ ਉਸ ਨਾਲੋਂ ਉਸ ਦੀ ਵਹੁਟੀ ਦਾ ਵਧੇਰੇ ਦਰਦ ਸੀ। ਪਰ ਮੇਰਾ ਦਿਲ ਚੀਖਦਾ ਹੈ, 'ਉਸ ਨੂੰ ਆਪਣੀ ਧਾਫੂ ਨੂੰ ਸਾਂਭਣ ਦੀ ਥਾਂ ਸੜਦੀ ਹੋਈ ਰੋਟੀ ਨੂੰ ਸੰਭਾਲਣ ਦੀ ਲੋੜ ਕਿਉਂ ਪਈ?'