ਹੀਰ ਵਾਰਿਸ ਸ਼ਾਹ
ਵਾਰਿਸ ਸ਼ਾਹ


1. ਹਮਦ

ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ।
ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ ।
ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ।
ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ।
(ਅੱਵਲ=ਸਭ ਤੋਂ ਪਹਿਲਾਂ, ਹਮਦ=ਸਿਫਤ, ਵਿਰਦ=ਸਿਮਰਨ,ਜ਼ਿਕਰ, ਮੂਲ=ਜੜ੍ਹ,
ਬੁਨਿਆਦ, ਨਬੀ ਰਸੂਲ=ਹਜ਼ਰਤ ਮੁਹੰਮਦ ਸਾਹਿਬ, ਰੰਜੂਲ=ਰੰਜੂਰ,ਗ਼ਮਨਾਕ,
ਮਰਤਬਾ=ਪਦਵੀ, ਕਲੂਬ=ਦਿਲ, ਬਾਬ=ਦਰਵਾਜ਼ਾ;
ਪਾਠ ਭੇਦ: ਕੀਜੇ=ਕੀਚੈ, ਖਿਲੇ ਤਿਨ੍ਹਾਂ ਦੇ ਬਾਗ਼=ਖੁਲ੍ਹੇ ਤਿਨ੍ਹਾਂ ਦੇ ਬਾਬ)

2. ਰਸੂਲ ਦੀ ਸਿਫ਼ਤ

ਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ ।
ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ ।
ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ ।
ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ ।
(ਨਾਅਤ=ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾ,
ਨਜ਼ੂਲ=ਰਬ ਨੇ ਉਤਾਰਿਆ,ਨਾਜ਼ਲ ਕੀਤਾ, ਲੌਲਾਕ=ਹਦੀਸ ਵਲ ਇਸ਼ਾਰਾ ਹੈ,
ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ ਨਾ ਹੁੰਦਾ ਤਾਂ ਮੈਂ
ਆਕਾਸ਼ ਪੈਦਾ ਨਾ ਕੀਤੇ ਹੁੰਦੇ, ਹਦੀਸ=ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀ
ਖ਼ਬਰ, ਖ਼ਾਕੀ=ਮਿੱਟੀ ਦਾ ਬਣਿਆ, ਸਰਵਰ=ਸਰਦਾਰ, ਔਲੀਆ=ਵਲੀ ਦਾ
ਬਹੁ-ਵਚਨ,ਰਬ ਦੇ ਪਿਆਰੇ, ਅੰਬੀਆਂ=ਨਬੀ ਦਾ ਬਹੁ-ਵਚਨ,ਰਬ ਦੇ ਨਾਇਬ,
ਹੱਕ=ਰਬ, ਉਮਤੀ=ਉਮਤ ਦਾ ਇੱਕਵਚਨ,ਮੁਸਲਮਾਨ)

3. ਰਸੂਲ ਦੇ ਚੌਹਾਂ ਸਾਥੀਆਂ ਦੀ ਸਿਫ਼ਤ

ਚਾਰੇ ਯਾਰ ਰਸੂਲ ਦੇ ਚਾਰ ਗੌਹਰ, ਸੱਭੇ ਇੱਕ ਥੀਂ ਇੱਕ ਚੜ੍ਹੰਦੜੇ ਨੇ ।
ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੋਹੰਦੜੇ ਨੇ ।
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰਬ ਦੇ ਸੀਸ ਵਿਕੰਦੜੇ ਨੇ ।
ਜ਼ੌਕ ਛੱਡ ਕੇ ਜਿਨਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ ।
(ਗੌਹਰ=ਮੋਤੀ, ਅਬੂ ਬਕਰ, ਉਮਰ, ਉਸਮਾਨ ਅਤੇ ਅਲੀ ਇਹ ਪਹਿਲੇ
ਚਾਰ ਖ਼ਲੀਫ਼ੇ ਹਨ, ਖਲੀਫ਼ਾ=ਰਸੂਲ ਸਾਹਿਬ ਵਾਂਗੂੰ ਇਸਲਾਮ ਦੇ ਰੂਹਾਨੀ
ਲੀਡਰ, ਜ਼ੁਹਦ=ਬੰਦਗੀ;
ਪਾਠ ਭੇਦ=ਜ਼ੌਕ=ਸ਼ੌਕ)

4. ਪੀਰ ਦੀ ਸਿਫ਼ਤ

ਮਦਹ ਪੀਰ ਦੀ ਹੁਬ ਦੇ ਨਾਲ ਕੀਚੈ, ਜੈਂਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ ।
ਬਾਝ ਓਸ ਜਨਾਬ ਦੇ ਪਾਰ ਨਾਹੀਂ, ਲਖ ਢੂੰਡਦੇ ਫਿਰਨ ਫ਼ਕੀਰੀਆਂ ਨੀ ।
ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ, ਘਰ ਤਿਨ੍ਹਾਂ ਦੇ ਪੀਰੀਆ ਮੀਰੀਆਂ ਨੀ ।
ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ, ਹੱਥ ਸਜੜੇ ਮਿਲਣਗੀਆਂ ਚੀਰੀਆਂ ਨੀ ।
(ਮਦਹ=ਸਿਫ਼ਤ, ਹੁਬ=ਪਿਆਰ,ਸ਼ਰਧਾ, ਰੋਜ਼ ਹਸ਼ਰ=ਕਿਆਮਤ ਦਾ ਦਿਨ
ਜਦੋਂ ਸਾਰੇ ਦਫਨ ਕੀਤੇ ਮੁਰਦੇ ਕਬਰਾਂ ਵਿੱਚੋਂ ਜਿਊਂਦੇ ਹੋ ਕੇ ਉੱਠਣਗੇ, ਚੀਰੀ=
ਪਰਵਾਨਾ, ਮੀਰੀ=ਸਰਦਾਰੀ, ਤਾਲਿਬ=ਮੁਰੀਦ,ਸੱਚੀ ਤਲਬ ਰੱਖਣ ਵਾਲਾ)

5. ਬਾਬਾ ਫਰੀਦ ਸ਼ਕਰ ਗੰਜ ਦੀ ਸਿਫ਼ਤ

ਮੌਦੂਦ ਦਾ ਲਾਡਲਾ ਪੀਰ ਚਿਸ਼ਤੀ, ਸ਼ਕਰ-ਗੰਜ ਮਸਉਦ ਭਰਪੂਰ ਹੈ ਜੀ ।
ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ, ਸ਼ਹਿਰ ਫਕਰ ਦਾ ਪਟਣ ਮਾਮੂਰ ਹੈ ਜੀ ।
ਬਾਹੀਆਂ ਕੁਤਬਾਂ ਵਿੱਚ ਹੈ ਪੀਰ ਕਾਮਲ, ਜੈਂਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ ।
ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ ।
(ਮੌਦੂਦ=ਖਵਾਜਾ ਮੁਹੰਮਦ ਮੌਦੂਦ ਚਿਸ਼ਤੀ, ਇਨ੍ਹਾਂ ਦਾ ਮਜ਼ਾਰ ਚਿਸ਼ਤ ਖੁਰਾਸਾਨ
ਵਿੱਚ ਹਰਾਤ ਸ਼ਹਿਰ ਦੇ ਲਾਗੇ ਹੈ, ਮਸਊਦ=ਬਾਬਾ ਫਰੀਦ ਸ਼ਕਰ ਗੰਜ ਦਾ ਪੂਰਾ ਨਾਂ
ਫਰੀਦਉੱਦੀਨ ਮਸਊਦ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੀ ਬਾਣੀ ਸ਼ਾਮਲ ਹੈ,
ਕਾਮਲ=ਪੂਰਾ, ਪਟਣ=ਪਾਕ ਪਟਣ, ਜ਼ਿਲਾ ਸਾਹੀਵਾਲ ਜਿੱਥੇ ਬਾਬਾ ਫਰੀਦ ਜੀ ਨੇ
ਆ ਕੇ ਡੇਰਾ ਲਾਇਆ ਸੀ, ਮਾਮੂਰ=ਆਬਾਦ,ਖ਼ੁਸ਼ਹਾਲ, ਕਾਮਲੀਅਤ=ਪੂਰਣਤਾਈ;
ਪਾਠ ਭੇਦ= ਮੁਕਾਮ=ਮਕਾਨ)

6. ਕਿੱਸਾ ਹੀਰ ਰਾਂਝਾ ਲਿਖਣ ਬਾਰੇ

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ ।
ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ, ਰਾਂਝੇ ਹੀਰ ਦਾ ਮੇਲ ਕਰਾਈਏ ਜੀ ।
ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ।
(ਝੋਕ=ਡੇਰਾ ਪਿੰਡ, ਮਜਾਲਸਾਂ=ਮਜਲਸ ਦਾ ਬਹੁ-ਵਚਨ,
ਪਾਠ ਭੇਦ: ਕਿੱਸਾ=ਇਸ਼ਕ, ਜੀਭ ਸੁਹਣੀ=ਢਬ ਸੁਹਣੇ, ਬਹਿਕੇ ਵਿਚ ਮਜਲਿਸਾਂ=
ਮਜਾਲਸਾਂ ਵਿੱਚ ਬਹਿ ਕੇ)

7. ਵਾਕ ਕਵੀ

ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ ।
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ ।
ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ, ਫ਼ਰਹਾਦ ਪਹਾੜ ਨੂੰ ਤੋੜਿਆ ਏ ।
ਸੱਭਾ ਵੀਣ ਕੇ ਜ਼ੇਬ ਬਣਾਇ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ ।
(ਬਹਾਰ=ਸੁਹਣਾ,ਖੁਸ਼ੀ, ਦਰੁਸਤ=ਠੀਕ, ਸਹੀ, ਵੀਣ ਕੇ=ਚੁਣ ਕੇ, ਜ਼ੇਬ=ਸੁੰਦਰ)

8. ਕਿੱਸੇ ਦਾ ਆਰੰਭ, ਤਖ਼ਤ ਹਜ਼ਾਰਾ ਅਤੇ ਰਾਂਝੇ ਬਾਰੇ

ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ ।
ਛੈਲ ਗੱਭਰੂ, ਮਸਤ ਅਲਬੇਲੜੇ ਨੀ, ਸੁੰਦਰ ਹਿੱਕ ਥੀਂ ਹਿੱਕ ਸਵਾਇਆ ਏ ।
ਵਾਲੇ ਕੋਕਲੇ, ਮੁੰਦਰੇ, ਮਝ ਲੁੰਙੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ ।
ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ ।
(ਮਝ=ਲੱਕ ਦੁਆਲੇ, ਲੁੰਙੀ=ਚਾਦਰਾ, ਬਹਿਸ਼ਤ=ਭਿਸਤ;
ਪਾਠ ਭੇਦ:ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ=ਇੱਕ ਤਖ਼ਤ ਹਜ਼ਾਰਿਉਂ ਗੱਲ ਕੀਚੈ,
ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ=ਵਾਰਿਸ ਕੀ ਹਜ਼ਾਰੇ ਦੀ
ਸਿਫ਼ਤ ਆਖਾਂ, ਗੋਇਆ)

9. ਰਾਂਝੇ ਦਾ ਬਾਪ

ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ ।
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ, ਵੱਡ-ਟੱਬਰਾ ਤੇ ਸ਼ਾਹੂਕਾਰ ਆਹਾ ।
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਂਤਰੇ 'ਤੇ ਸਰਕਾਰ ਆਹਾ ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੀ, ਧੀਦੋ ਨਾਲ ਉਸ ਬਹੁਤ ਪਿਆਰ ਆਹਾ ।
(ਪਾਂਧ=ਇੱਜ਼ਤ,ਪੁਛ ਗਿਛ ਵਾਲਾ, ਦਰਬ=ਦੌਲਤ, ਚੌਂਤਰਾ=ਚਬੂਤਰਾ,
ਪਾਠ ਭੇਦ: ਵੱਡ-ਟੱਬਰਾ ਤੇ ਸ਼ਾਹੂਕਾਰ=ਦਰਬ ਤੇ ਮਾਲ ਪਰਵਾਰ)

10. ਰਾਂਝੇ ਨਾਲ ਭਾਈਆਂ ਦਾ ਸਾੜਾ

ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ ।
ਗੁਝੇ ਮੇਹਣੇ ਮਾਰ ਦੇ ਸੱਪ ਵਾਂਙੂੰ, ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ ।
ਕੋਈ ਵੱਸ ਨਾ ਚੱਲੇ ਜੋ ਕੱਢ ਛਡਣ, ਦੇਂਦੇ ਮੇਹਣੇ ਰੰਗ ਬਰੰਗ ਦੇ ਨੇ ।
ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨ ਸੈਨ ਨਾ ਅੰਗ ਦੇ ਨੇ ।
(ਸੈਨ=ਰਿਸ਼ਤੇਦਾਰ,ਸਬੰਧੀ;
ਪਾਠ ਭੇਦ= ਚੱਲੇ ਜੋ =ਚੱਲਣੇ, ਦੇਂਦੇ=ਦੇ ਦੇ)

11. ਮੌਜੂ ਦੀ ਮੌਤ

ਤਕਦੀਰ ਸੇਤੀ ਮੌਜੂ ਫ਼ੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੇ ।
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ, ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ ।
ਨਿੱਤ ਸੱਜਰਾ ਘਾਉ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ ।
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਝਟ ਨਿੱਤ ਨਬੇੜਦੇ ਨੇ ।
(ਖਹੇੜਦੇ=ਲੜਦੇ,ਖਹਿ ਬਾਜ਼ੀ ਕਰਦੇ, ਰਿੱਕਤਾਂ=ਮਖੌਲ, ਝੰਜਟ=ਝਗੜਾ,
ਪਾਠ ਭੇਦ: ਫ਼ੌਤ=ਹੱਕ)

12. ਭੋਂ ਦੀ ਵੰਡ

ਹਾਜ਼ਿਰ ਕਾਜ਼ੀ ਤੇ ਪੈਂਚ ਸਦਾਇ ਸਾਰੇ, ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ ।
ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈ ਆਹੀ ।
ਕੱਛਾਂ ਮਾਰ ਸ਼ਰੀਕ ਮਜ਼ਾਖ ਕਰਦੇ, ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ ।
ਗੱਲ ਭਾਬੀਆਂ ਏਹ ਬਣਾਇ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ ।
(ਕਛ ਪਵਾਈ=ਮਿਣਤੀ ਕਰਾਈ, ਕੱਛਾਂ ਮਾਰ=ਖੁਸ਼ ਹੋ ਕੇ, ਬਾਬ=ਬੁਰੀ ਹਾਲਤ,
ਫੱਕੜੀ ਲਾਈ=ਮੌਜੂ ਬਣਾ ਛੱਡਿਆ;
ਪਾਠ ਭੇਦ= ਜ਼ਿਮੀਂ ਲੈ ਗਏ ਚੰਗੀ=ਭੁਇੰ ਦੇ ਬਣੇ ਵਾਰਿਸ)

13. ਭਾਬੀਆਂ ਦੇ ਮੇਹਣੇ

ਮੂੰਹ ਚੱਟ ਜੋ ਆਰਸੀ ਨਾਲ ਵੇਖਣ, ਤਿਨ੍ਹਾਂ ਵਾਹਣ ਕੇਹਾ ਹਲ ਵਾਹੁਣਾ ਈ ।
ਪਿੰਡਾ ਪਾਲ ਕੇ ਚੋਪੜੇ ਪਟੇ ਜਿਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਈ ।
ਜਿਹੜਾ ਭੁਇੰ ਦੇ ਮਾਮਲੇ ਕਰੇ ਬੈਠਾ, ਏਸ ਤੋੜ ਨਾ ਮੂਲ ਨਿਬਾਹੁਣਾ ਈ ।
ਪਿਆ ਵੰਝਲੀ ਵਾਹੇ ਤੇ ਰਾਗ ਗਾਵੇ, ਕੋਈ ਰੋਜ਼ ਦਾ ਇਹ ਪ੍ਰਾਹੁਣਾ ਈ ।
(ਆਰਸੀ=ਸ਼ੀਸ਼ਾ, ਦਿਹੇਂ=ਦਿਨ ਵੇਲੇ;
ਪਾਠ ਭੇਦ:ਪਿਆ ਵੰਝਲੀ ਵਾਹੇ ਤੇ ਰਾਗ =ਦਿਹੇਂ ਵੰਝਲੀ ਵਾਹੇ ਤੇ ਰਾਤ)

14. ਰਾਂਝੇ ਦਾ ਹਲ ਵਾਹ ਕੇ ਆਉਣਾ

ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ ।
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋ ਸੁਣਾਂਵਦਾ ਏ ।
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ ।
ਭਾਬੀ ਆਖਦੀ ਲਾਡਲਾ ਬਾਪ ਦਾ ਸੈਂ, ਵਾਰਿਸ ਸ਼ਾਹ ਪਿਆਰਾ ਹੀ ਮਾਉਂ ਦਾ ਏ ।
15. ਰਾਂਝਾ

ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ ।
ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ ।
ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿੱਚ ਕਲੇਜੇੜੇ ਪੋੜਿਆ ਜੇ ।
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਹੀ ਚਾਇ ਨਿਖੋੜਿਆ ਜੇ ।
ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ, ਸਾਨੂੰ ਮੇਹਣਾ ਹੋਰ ਚਿਮੋੜਿਆ ਜੇ ।
ਜਦੋਂ ਸਫ਼ਾਂ ਹੋ ਟੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ ।
(ਦਿਲਗੀਰ=ਉਦਾਸ, ਪੋੜਿਆ=ਚੁਭੋਇਆ, ਨਿਖੋੜਿਆ=ਜੁਦਾ ਕੀਤਾ, ਸਫ਼ਾਂ ਹੋ
ਟੁਰਨਗੀਆਂ ਤਰਫ ਜੰਨਤ=ਕਿਆਮਤ ਵਾਲੇ ਦਿਨ)

16. ਭਾਬੀ

ਕਰੇਂ ਆਕੜਾਂ ਖਾਇ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ ।
ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ ।
ਇਹ ਰਾਂਝੇ ਦੇ ਨਾਲ ਹਨ ਘਿਉ-ਸ਼ੱਕਰ, ਪਰ ਜੀਉ ਦਾ ਭੇਤ ਨਾ ਦੱਸਦੀਆਂ ਨੇ ।
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿਚ ਮੱਖੀਆਂ ਫਸਦੀਆਂ ਨੇ ।
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ ।
ਘਰੋਂ ਨਿਕਲਸੇਂ ਤੇ ਜਦੋਂ ਮਰੇਂ ਭੁਖਾ, ਭੁਲ ਜਾਣ ਤੈਨੂੰ ਸੱਭੇ ਖ਼ਰਮਸਤੀਆਂ ਨੇ ।
ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖ਼ਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।
(ਨਿਹਾਲ=ਖੁਸ਼, ਘਿਉ ਸ਼ੱਕਰ=ਇੱਕ ਮਿਕ)

17. ਰਾਂਝਾ

ਤੁਸਾਂ ਛੱਤਰੇ ਮਰਦ ਬਣਾ ਦਿੱਤੇ, ਸੱਪ ਰੱਸੀਆਂ ਦੇ ਕਰੋ ਡਾਰੀਉ ਨੀ ।
ਰਾਜੇ ਭੋਜ ਦੇ ਮੂੰਹ ਲਗਾਮ ਦੇ ਕੇ, ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ ।
ਕੈਰੋ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਰਿਆਰਿਉ ਨੀ ।
ਰਾਵਣ ਲੰਕ ਲੁਟਾਇਕੇ ਗ਼ਰਕ ਹੋਇਆ, ਕਾਰਨ ਤੁਸਾਂ ਦੇ ਹੀ ਹੈਂਸਿਆਰੀਉ ਨੀ ।
(ਤੁਸਾਂ ਛਤਰੇ ਮਰਦ=ਕਹਿੰਦੇ ਹਨ ਕਿ ਜਦੋਂ ਰਾਜਾ ਰਸਾਲੂ ਆਪਦੇ ਤੋਤੇ ਨੂੰ
ਨਾਲ ਲੈ ਕੇ ਰਾਣੀ ਕੋਕਲਾਂ ਨੂੰ ਵਿਆਹੁਣ ਗਿਆ ਤਾਂ ਰਸਤੇ ਵਿੱਚ ਇੱਕ ਸ਼ਹਿਰ
ਵਿੱਚੋਂ ਲੰਘਿਆ ਤਾਂ ਇੱਕ ਜਾਦੂਗਰ ਇਸਤਰੀ ਨੇ ਉਹਨੂੰ ਘੋੜੇ ਤੋਂ ਥੱਲੇ ਸੁੱਟ
ਲਿਆ । ਉਸ ਪਿੱਛੋਂ ਇੱਕ ਮੰਤਰ ਪੜ੍ਹਿਆ ਅਤੇ ਰਾਜੇ ਦੇ ਸਿਰ ਵਿੱਚ ਇੱਕ
ਸੂਈ ਚਭੋ ਕੇ ਉਸ ਨੂੰ ਛਤਰਾ ਬਣਾ ਦਿੱਤਾ । ਰਾਜੇ ਦਾ ਤੋਤਾ ਪਰੇਸ਼ਾਨੀ ਵਿੱਚ
ਰਾਜੇ ਦੇ ਭਾਈ ਪੂਰਨ ਭਗਤ ਕੋਲ ਗਿਆ ਅਤੇ ਸਾਰੀ ਗੱਲ ਦੱਸੀ । ਪੂਰਨ
ਭਗਤ ਆਪਣੇ ਗੁਰੂ ਕੋਲੋਂ ਆਗਿਆ ਲੈ ਕੇ ਓਥੇ ਪੁੱਜਾ । ਉਹਨੇ ਸਾਰੀਆਂ
ਜਾਦੂਗਰਨੀਆਂ ਇਕੱਠੀਆਂ ਕਰਕੇ ਪੁਛ ਗਿਛ ਕੀਤੀ । ਅਖੀਰ ਇੱਕ
ਜਾਦੂਗਰਨੀ ਮੰਨ ਗਈ । ਉਹਨੇ ਛਤਰਾ ਲਿਆ ਕੇ ਪੇਸ਼ ਕੀਤਾ । ਪੂਰਨ
ਭਗਤ ਦੇ ਹੁਕਮ ਨਾਲ ਛਤਰੇ ਦੇ ਸਿਰ ਵਿੱਚੋਂ ਸੂਈ ਕੱਢ ਕੇ ਉਹਨੂੰ ਫੇਰ
ਮਨੁੱਖੀ ਰੂਪ ਵਿੱਚ ਲਿਆਂਦਾ, ਗਰਦ ਹੋਇਆ=ਮਿੱਟੀ ਹੋ ਗਇਆ;
ਪਾਠ ਭੇਦ: ਕਾਰਨ ਤੁਸਾਂ ਦੇ ਹੀ ਹੈਂਸਿਆਰੀਉ=ਵਾਰਿਸ ਸ਼ਾਹ ਫ਼ਕੀਰ ਦੀਓ ਮਾਰੀਉ)

18. ਭਾਬੀ

ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ ।
ਵਲੀ ਜੇਠ ਤੇ ਜਿਨ੍ਹਾਂ ਦੇ ਫ਼ਤੂ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ ।
ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ ।
ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਜਾ ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ ।
(ਪਰਨਾ ਲਿਆ=ਵਿਆਹ ਲਿਆ)

19. ਰਾਂਝਾ

ਮੂੰਹ ਬੁਰਾ ਦਿਸੰਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏਂ।
ਤੇਰੇ ਗੋਚਰਾ ਕੰਮ ਕੀ ਪਿਆ ਮੇਰਾ, ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ।
ਕੋਠੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਹ ਦੇ ਮਹਿਲ ਉਸਾਰਨੀ ਏਂ।
ਵਾਰਿਸ਼ ਸ਼ਾਹ ਦੇ ਨਾਲ ਸਰਦਾਰਨੀ ਤੂੰ, ਪਰ ਪੇਕਿਆਂ ਵੱਲੋਂ ਗਵਾਰਨੀ ਏਂ।
(ਕਲਹ=ਫਰੇਬ, ਪੇਕਿਆ ਵਲੋਂ ਗਵਾਰਨੀ=ਗੰਵਾਰਾਂ ਦੀ ਧੀ;
ਪਾਠ ਭੇਦ: ਪਤੰਗ=ਫ਼ਕੀਰ, ਕੋਠੇ=ਉੱਤੇ, ਸਰਦਾਰਨੀ ਤੂੰ=ਕੀ ਪਿਆ ਤੈਨੂੰ)

20. ਭਾਬੀ

ਸਿੱਧਾ ਹੋਇ ਕੇ ਰੋਟੀਆਂ ਖਾਹਿ ਜੱਟਾ, ਅੜੀਆਂ ਕਾਸ ਨੂੰ ਏਡੀਆਂ ਚਾਈਆਂ ਨੀ ।
ਤੇਰੀ ਪਨਘਟਾਂ ਦੇ ਉੱਤੇ ਪੇਉ ਪੇਈ, ਧੁੰਮਾਂ ਤ੍ਰਿੰਞਣਾਂ ਦੇ ਵਿੱਚ ਪਾਈਆਂ ਨੀ ।
ਘਰ-ਬਾਰ ਵਿਸਾਰ ਕੇ ਖ਼ਵਾਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੇ ਲਾਈਆਂ ਨੀ ।
ਜ਼ੁਲਫਾਂ ਕਾਲੀਆਂ ਕੁੰਢੀਆਂ ਨਾਗ਼ ਕਾਲੇ, ਜੋਕਾਂ ਹਿਕ ਤੇ ਆਣ ਬਹਾਈਆਂ ਨੀ ।
ਵਾਰਿਸ ਸ਼ਾਹ ਏਹ ਜਿਨ੍ਹਾਂ ਦੇ ਚੰਨ ਦੇਵਰ, ਘੋਲ ਘੱਤੀਆਂ ਸਭ ਭਰਜਾਈਆਂ ਨੀ ।
(ਪੇਉ ਪੇਈ=ਰੌਲਾ, ਚਰਚਾ, ਘੋਲ ਘੱਤੀਆਂ=ਕੁਰਬਾਨ ਹੋਈਆਂ)

21. ਭਾਬੀ

ਅਠਖੇਲਿਆ ਅਹਿਲ ਦੀਵਾਨਿਆਂ ਵੇ, ਥੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ ।
ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ, ਵਿੱਚ ਤ੍ਰਿੰਞਣਾਂ ਫੇਰੀਆਂ ਘੱਤਨਾ ਏਂ ।
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ, ਚਾ ਅੰਙਣੇ ਵਿੱਚ ਪਲੱਟਨਾ ਏਂ ।
ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਨੇਂ, ਜੜ੍ਹ ਆਪਣੇ ਆਪ ਦੀ ਪੱਟਨਾ ਏਂ ।
(ਚੀਰਾ=ਪਗੜੀ;
ਪਾਠ ਭੇਦ: ਭਿੰਨੜੇ=ਭੰਬਲੇ,ਭੰਬੜੇ, ਜੜ੍ਹ ਆਪਣੇ ਆਪ ਦੀ=ਵਾਰਿਸ ਸ਼ਾਹ ਕਿਉਂ ਆਪ ਨੂੰ)

22. ਰਾਂਝਾ

ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖ਼ਸ਼ ਲੈ ਡਾਰੀਏ ਵਾਸਤਾ ਈ ।
ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ, ਰਖ ਘਰ ਹੈਂਸਿਆਰੀਏ ਵਾਸਤਾ ਈ ।
ਦਿਹੇਂ ਰਾਤ ਤੈਂ ਜ਼ੁਲਮ ਤੇ ਲੱਕ ਬੱਧਾ, ਅਣੀ ਰੂਪ ਸ਼ਿੰਗਾਰੀਏ ਵਾਸਤਾ ਈ ।
ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾ ਈ ।
ਜਦੇ ਜਿਸੇ ਦੇ ਨਾਲ ਨਾ ਗੱਲ ਕਰੇਂ, ਕਿਬਰ ਵਾਲੀਏ ਮਾਰੀਏ ਵਾਸਤਾ ਈ ।
ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਣੀ ਮੁਣਸ ਪਿਆਰੀਏ ਵਾਸਤਾ ਈ ।
(ਭਾਗ ਭਰੀਏ=ਸੁਭਾਗਣ, ਜੀਤ ਸਿੰਘ ਸੀਤਲ ਅਨੁਸਾਰ 'ਰਚਨਾ ਦੁਆਬ ਵਿੱਚ
ਹਰ ਵਿਆਂਹਦੜ ਨੂੰ ਭਾਗ ਭਰੀ ਕਹਿ ਕੇ ਬੁਲਾਉਂਦੇ ਹਨ । ਪਰ ਕਈ ਲੋਕੀਂ
ਦੰਦ ਕਥਾ ਕਰਦੇ ਹਨ ਕਿ ਭਾਗ ਭਰੀ ਵਾਰਿਸ ਸ਼ਾਹ ਦੀ ਮਹਿਬੂਬਾ ਸੀ ਅਤੇ
ਉਹ 'ਹੀਰ' ਲਿਖਵਾਉਣ ਦਾ ਇੱਕ ਕਾਰਨ ਸੀ, ਮੁਣਸ=ਮਾਲਕ,ਪਤੀ)

23. ਭਾਬੀ

ਸਾਡਾ ਹੁਸਨ ਪਸੰਦ ਨਾ ਲਿਆਵਨਾ ਏਂ, ਜਾ ਹੀਰ ਸਿਆਲ ਵਿਆਹ ਲਿਆਵੀਂ ।
ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ, ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ ।
ਤੈਂਥੇ ਵੱਲ ਹੈ ਰੰਨਾਂ ਵਿਲਾਵਣੇਂ ਦਾ, ਰਾਣੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ ।
ਦਿਨੇਂ ਬੂਹਿਉਂ ਕੱਢਣੀਂ ਮਿਲੇ ਨਾਹੀਂ, ਰਾਤੀਂ ਕੰਧ ਪਿਛਵਾੜਿਉਂ ਢਾਹ ਲਿਆਵੀਂ ।
ਵਾਰਿਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ, ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ ।
(ਵਲ=ਤਰੀਕਾ, ਢੰਗ, ਵਿਲਾਵਣਾ=ਖਿਸਕਾਉਣਾ,ਫਸਾਉਣਾ)

24. ਰਾਂਝਾ

ਨੱਢੀ ਸਿਆਲਾਂ ਦੀ ਵਿਆਹ ਲਿਆਵਸਾਂ ਮੈਂ, ਕਰੋ ਬੋਲੀਆਂ ਕਿਉਂੇ ਠਠੋਲੀਆਂ ਨੀ ।
ਬਹੇ ਘੱਤ ਪੀੜ੍ਹਾ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜੇਹੀਆਂ ਅੱਗੇ ਗੋਲੀਆਂ ਨੀ ।
ਮੱਝੁ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜੇਹੀਆਂ ਬੜਬੋਲੀਆਂ ਨੀ ।
ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਤੁਸਾਂ ਝੋਲੀਆਂ ਨੀ ।
(ਠਠੋਲੀ=ਠੱਠਾ,ਮਖੌਲ, ਮਹਿਰੀਆਂ=ਸਵਾਣੀਆਂ,ਗੋਲੀ=ਨੌਕਰਾਣੀ,ਮੱਝੁ ਵਾਹ=
ਮੰਝਧਾਰ,ਨਦੀ ਦੇ ਵਿਚਾਲੇ, ਬੋੜੀਏ=ਡੋਬੀਏ;
ਪਾਠ ਭੇਦ: ਬਸ ਕਰੋ ਭਾਬੀ ਅਸੀਂ=ਵਾਰਿਸ ਬਸ ਕਰੀਂ)

25. ਭਾਬੀ ਅਤੇ ਰਾਂਝਾ

ਕੇਹਾ ਭੇੜ ਮਚਾਇਉ ਈ ਕੱਚਿਆ ਵੇ, ਮੱਥਾ ਡਾਹਿਉ ਸੌਂਕਣਾਂ ਵਾਂਙ ਕੇਹਾ ।
ਜਾਹਿ ਸੱਜਰਾ ਕੰਮ ਗਵਾ ਨਾਹੀਂ, ਹੋਇ ਜਾਸੀਆ ਜੋਬਨਾ ਫੇਰ ਬੇਹਾ ।
ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਕੇਹੀ ਚੰਬੜੀ ਆਣ ਤੂੰ ਵਾਂਙ ਲੇਹਾ ।
ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ, ਲਾਹ ਝਗੜਾ ਭਾਬੀਏ ਗੱਲ ਏਹਾ ।
ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋਇ ਟੁਰਿਆ ਵਾਰਿਸ ਸ਼ਾਹ ਜੇਹਾ ।
(ਮੱਥਾ ਡਾਹੁਣਾ=ਝਗੜਾ ਕਰਨਾ;
ਪਾਠ ਭੇਦ: ਕੱਚਿਆ=ਲੁਚਿਆ, ਡਾਹਿਉ=ਲਾਇਓ,)

26. ਰਾਂਝੇ ਦੇ ਘਰੋਂ ਜਾਣ ਦੀ ਭਰਾਵਾਂ ਨੂੰ ਖ਼ਬਰ ਮਿਲਣੀ

ਖ਼ਬਰ ਭਾਈਆਂ ਨੂੰ ਲੋਕਾਂ ਜਾਇ ਦਿੱਤੀ, ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ ।
ਹਲ ਵਾਹੁਣਾ ਓਸ ਤੋਂ ਹੋਏ ਨਾਹੀਂ, ਮਾਰ ਬੋਲੀਆਂ ਭਾਬੀਆਂ ਸੱਲਿਆ ਜੇ ।
ਪਕੜ ਰਾਹ ਟੁਰਿਆ, ਹੰਝੂ ਨੈਣ ਰੋਵਣ, ਜਿਵੇਂ ਨਦੀ ਦਾ ਨੀਰ ਉਛੱਲਿਆ ਜੇ ।
ਵਾਰਿਸ ਸ਼ਾਹ ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਅਧਵਾਟਿਉ ਰਾਹ ਜਾ ਮੱਲਿਆ ਜੇ ।

(ਸੱਲਿਆ=ਵਿਨ੍ਹਿਆ, ਮੰਝੋ ਨੈਣ ਰੋਵਨ=ਨਦੀ ਵਾਂਗੂੰ ਹੰਝੂ ਵਗਦੇ ਹਨ;
ਪਾਠ ਭੇਦ:ਰੁੱਸ=ਉਠ, ਹੰਝੂ=ਮੰਝੋ)

27. ਵਾਕ ਕਵੀ

ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ, ਤਿਵੇਂ ਏਹ ਦਰਵੇਸ਼ ਸਿਧਾਰਿਆ ਈ ।
ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਸਦ ਝੰਗ ਸਿਆਲ ਚਿਤਾਰਿਆ ਈ ।
ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ, ਚਲੋ ਚਲੀ ਹੀ ਜੀਉ ਪੁਕਾਰਿਆ ਈ ।
ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਈ ।

(ਕਲਬੂਤ=ਸਰੀਰ, ਕਸਦ=ਇਰਾਦਾ, ਚਿਤਾਰਿਆ=ਧਾਰਿਆ, ਰਵਾਂ ਹੋਇਆ=
ਤੁਰ ਪਿਆ)

28. ਰਾਂਝੇ ਦੇ ਭਰਾ

ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ ਆਪਣਾ ਛੱਡ ਸਿਧਾਰ ਨਾਹੀਂ ।
ਵੀਰਾ ਅੰਬੜੀ ਜਾਇਆ ਜਾਹ ਨਾਹੀਂ, ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ ।
ਏਹ ਬਾਂਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਵਿਚਾਰ ਨਾਹੀਂ ।
ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ ।
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ ।
ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ, ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ ।
ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ ।
ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ ।

(ਫ਼ਿਰਾਕ=ਵਿਛੋੜਾ,ਜੁਦਾਈ, ਬਾਂਦੀ=ਗੋਲੀ, ਪਰ੍ਹਾ=ਸੱਥ,ਪੰਚਾਇਤ, ਓਟ=
ਆਸਰਾ,ਪਨਾਹ;
ਪਾਠ ਭੇਦ: ਕੋਲ ਵਸੇਂਦਿਆਂ=ਭਾਈਆਂ ਵਸਦਿਆਂ, ਗਿਆਂ ਜੇਡੀ ਕੋਈ=ਜੀਂਵਦਿਆਂ
ਦੇ ਕਾਈ, ਭਾਈਆਂ ਬਾਝ ਬਾਹਾਂ=ਵਾਰਿਸ ਭਾਈਆਂ ਬਾਝੋਂ)

29. ਰਾਂਝਾ

ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ, ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ ।
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ, ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ ।
ਵਸ ਲੱਗੇ ਤਾਂ ਮਨਸੂਰ ਵਾਂਙੂੰ, ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ ।
ਵਿੱਚੋਂ ਖ਼ੁਸ਼ੀ ਹੋ ਅਸਾਂ ਦੇ ਨਿਕਲਣੇ 'ਤੇ, ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ ।
(ਰਿਜ਼ਕ=ਅੰਨ ਪਾਣੀ, ਮਨਸੂਰ (ਹੱਲਾਜ)=ਇੱਕ ਰਬ ਦਾ ਪਿਆਰਾ ਫ਼ਕੀਰ,
ਇਬਨ-ਇ-ਖੁਲਕਾਨ ਨੇ ਆਪਣੀ ਤਾਰੀਖ ਵਿੱਚ ਇਸ ਦਾ ਨਾਂ ਹੁਸੈਨ ਪੁੱਤਰ
ਮਨਸੂਰ ਲਿਖਿਆ ਹੈ ।ਇਹ ਰੂੰ ਪਿੰਜਣ ਵਾਲਾ ਪੇਂਜਾ ਸੀ ਇਸ ਲਈ ਇਹਨੂੰ
'ਹੱਲਾਜ' ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।ਈਰਾਨ ਦੇ ਸ਼ਹਿਰ 'ਬੈਜ਼ਾ'
ਵਿੱਚ ਪੈਦਾ ਹੋਇਆ । ਕਾਫੀ ਪੜ੍ਹਿਆ ਲਿਖਿਆ ਸੂਝਵਾਨ ਸੀ । ਤੁਰਦਾ
ਫਿਰਦਾ 'ਅਨਲਹੱਕ' ਭਾਵ 'ਮੈਂ ਰਬ ਹਾਂ' ਦੇ ਨਾਹਰੇ ਲਾਉਂਦਾ ਸੀ ।ਮੁਲਾਇਣਆਂ
ਨੇ ਖਲੀਫਾ ਮਕਤਦਿਰ ਤੇ ਜ਼ੋਰ ਪਾ ਕੇ 30 ਮਾਰਚ 922 ਨੂੰ ਇਹਨੂੰ ਸੂਲੀ ਤੇ
ਚੜ੍ਹਾ ਦਿੱਤਾ । ਉਹ ਮਨਸੂਰ ਨੂੰ ਕਾਫਰ ਕਹਿੰਦੇ ਸਨ । ਦੋ ਪ੍ਰਸਿੱਧ ਸ਼ਾਇਰ
ਮੌਲਾਮਾ ਰੂਮੀ ਅਤੇ ਜਨਾਬ ਅੱਤਾਰ ਮਨਸੂਰ ਨੂੰ ਵਲੀ ਅੱਲਾ ਖਿਆਲ ਕਰਦੇ
ਹਨ ।ਮਨਸੂਰ ਨੇ ਚਾਰ ਦਰਜਣ ਕਿਤਾਬਾਂ ਲਿਖੀਆਂ ਸਨ । ਮਸ਼ਹੂਰ ਸੂਫੀ
ਸਾਈਂ ਬੁੱਲ੍ਹੇ ਸ਼ਾਹ ਆਪਣੀਆਂ ਕਾਫੀਆਂ ਵਿੱਚ ਮਨਸੂਰ ਨੂੰ ਬੜੇ ਆਦਰ
ਨਾਲ ਯਾਦ ਕਰਦਾ ਹੈ)

30. ਭਾਬੀਆਂ

ਭਰਜਾਈਆਂ ਆਖਿਆ ਰਾਂਝਿਆ ਵੇ, ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ ।
ਨਾਉਂ ਲਿਆ ਹੈ ਜਦੋਂ ਤੂੰ ਜਾਵਣੇ ਦਾ, ਅਸੀਂ ਹੰਝੂਆਂ ਰੱਤ ਦੀਆਂ ਰੁੰਨੀਆਂ ਹਾਂ ।
ਜਾਨ ਮਾਲ ਕੁਰਬਾਨ ਹੈ ਤੁਧ ਉਤੋਂ, ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ ।
ਸਾਨੂੰ ਸਬਰ ਕਰਾਰ ਨਾ ਆਂਵਦਾ ਹੈ, ਵਾਰਿਸ ਸ਼ਾਹ ਥੋਂ ਜਦੋਂ ਵਿਛੁੰਨੀਆਂ ਹਾਂ ।
(ਮੁੰਨੀਆਂ=ਚੇਲੀਆਂ ਬਣੀਆਂ, ਹੰਝਰਾ=ਹੰਝੂ;
ਪਾਠ ਭੇਦ: ਹੁੰਨੀਆਂ=ਮੁੰਨੀਆਂ, ਹੰਝੂਆਂ=ਹੰਝਰੋਂ, ਵਾਰਿਸ ਸ਼ਾਹ ਥੋਂ ਜਦੋਂ=ਜਿਸ
ਵੇਲੜੇ ਤੈਥੋਂ)

31. ਰਾਂਝਾ

ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ, ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ ।
ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ ।
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ ।
ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ ।
ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ ।
ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ ।

(ਤੁਆਮ=ਖਾਣਾ;
ਪਾਠ ਭੇਦ: ਘੇਰ ਕੇ ਠਗਦੀਆਂ=ਖਲੀਆਂ ਹਟਕਦੀਆਂ, ਇਕੱਲੜੇ ਕੀ ਕਰਨਾ=
ਇਕੱਲੜਾ ਕੀ ਕਰਸੀ)

32. ਰਾਂਝੇ ਦਾ ਮਸੀਤ ਵਿੱਚ ਪੁੱਜਣਾ

ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ।
ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ ।
ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖ਼ੂਬ ਬਣਾਇਆ ਏ ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ ।
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ ।
33. ਮਸੀਤ ਦੀ ਸਿਫ਼ਤ

ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖ਼ਾਨਾ ਕਾਅਬਿਉਂ ਡੌਲ ਉਤਾਰਿਆ ਨੇ ।
ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ।
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖ਼ੂਬ ਕੱਢੀ ਇਲਹਾਨਿ-ਪੁਰਕਾਰਿਆ ਨੇ ।
ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ ।
ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ ।
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ ।
ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ ।
ਮਾਰਜ਼ੁਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ ।
ਜ਼ੱਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜ਼ਿਨਜਾਨੀਆਂ ਨਹਿਵ ਨਤਾਰਿਆ ਨੇ ।
ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ ।

(ਬੈਤੁਲ-ਅਤੀਕ=ਕਾਅਬਾ, ਡੌਲ=ਸ਼ਕਲ,ਨਕਸ਼ਾ, ਮਿਸਾਲ=ਉਹਦੇ ਵਰਗਾ,
ਖ਼ਾਨਾ ਕਾਅਬਾ=ਮੱਕਾ ਸ਼ਰੀਫ਼, ਅਕਸਾ=ਯਹੂਦੀਆਂ ਦੀ ਪਵਿੱਤਰ ਮਸਜਿਦ
ਜਿਹਨੂੰ 'ਬੈਤੁਲ ਮੁਕੱਦਸ' ਵੀ ਕਹਿੰਦੇ ਹਨ, ਦਰਸ=ਸਬਕ,ਪਾਠ, ਮੁਫਤੀ=
ਫਤਵਾ ਦੇਣ ਵਾਲਾ,ਕਾਜ਼ੀ, ਇਲਹਾਨ=ਸੁਰੀਲੀ ਆਵਾਜ਼, ਕਾਰੀ=ਕੁਰਾਨ ਦੀ
ਤਲਾਵਤ ਕਰਨ ਵਾਲੇ, ਤਾਅਲੀਲ,ਮੀਜ਼ਾਨ=ਕਿਤਾਬਾਂ ਦੇ ਨਾਂਉ ਹਨ)

34. ਬੱਚੇ ਜੋ ਪੜ੍ਹਦੇ ਹਨ

ਇੱਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ, ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇ ।
ਗੁਲਿਸਤਾਂ ਬੋਸਤਾਂ ਨਾਲ ਬਹਾਰ-ਦਾਨਿਸ਼, ਤੂਤੀਨਾਮਿਉਂ ਵਾਹਿਦ-ਬਾਰੀਆਂ ਨੇ ।
ਮੁਨਸ਼ਾਤ ਨਸਾਬ ਤੇ ਅੱਬੁਲਫ਼ਜ਼ਲਾਂ, ਸ਼ਾਹਨਾਮਿਉਂ ਰਾਜ਼ਕ-ਬਾਰੀਆਂ ਨੇ ।
ਕਿਰਾਨੁਲ ਸਾਦੈਨ ਦੀਵਾਨ ਹਾਫਿਜ਼, ਸ਼ੀਰੀਂ ਖ਼ੁਸਰਵਾਂ ਲਿਖ ਸਵਾਰੀਆਂ ਨੇ ।
(ਹਰਕਰਨ, ਖਾਲਕਬਾਰੀ=ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੇ ਨਾਂ;
ਪਾਠ ਭੇਦ: ਸ਼ੀਰੀਂ ਖ਼ੁਸਰਵਾਂ=ਵਾਰਿ ਸ਼ਾਹ ਨੇ)

35. ਬੱਚਿਆਂ ਦਾ ਪੜ੍ਹਨਾ

ਕਲਮਦਾਨ ਦਫ਼ਤੈਨ ਦਵਾਤ ਪੱਟੀ, ਨਾਵੇਂ ਏਮਲੀ ਵੇਖਦੇ ਲੜਕਿਆਂ ਦੇ ।
ਲਿਖਣ ਨਾਲ ਮਸੌਦੇ ਸਿਆਕ ਖ਼ਸਰੇ, ਸਿਆੇ ਅਵਾਰਜ਼ੇ ਲਿਖਦੇ ਵਰਕਿਆਂ ਦੇ ।
ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ, ਮੁੱਲਾਂ ਜਿੰਦ ਕੱਢੇ ਨਾਲ ਕੜਕਿਆਂ ਦੇ ।
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈ ਕੇ, ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ ।

(ਦਫਤੈਨ=ਫਾਈਲ, ਨਾਂਵੇਂ=ਨਾਵਾਂ ਦਾ ਲਿਖਣਾ, ਏਮਲੀ=ਇਮਲਾ,ਖੁਸ਼ਖ਼ਤ
ਲਿਖਾਈ, ਮਸੌਦੇ=ਕੱਚੀ ਲਿਖਾਈ, ਹੱਥੀਂ ਲਿਖੀ ਕਿਤਾਬ ਜਿਹੜੀ ਛਾਪਣ
ਲਈ ਤਿਆਰ ਕੀਤੀ ਗਈ ਹੋਵੇ, ਸਿਆਕ=ਹਿਸਾਬ ਦੇ ਕਾਇਦੇ, ਖਸਰਾ=
ਪਿੰਡ ਦੇ ਖੇਤਾਂ ਦੀ ਸੂਚੀ, ਅਵਾਰਜ਼ੇ=ਬਹੁ-ਵਚਨ 'ਅਵਾਰਜ਼ਾ' ਦਾ,ਵਹੀ ਖਾਤਾ,
ਹਿਸਾਬ ਕਿਤਾਬ, ਜੁਜ਼ਦਾਨ=ਬਸਤਾ;
ਪਾਠ ਭੇਦ:ਵਿੱਚ ਮਕਤਬਾਂ ਦੇ ਨਾਲ=ਵਾਰਿਸ ਸ਼ਾਹ ਹੋਰੀਂ)

36. ਮੁੱਲਾਂ ਤੇ ਰਾਂਝੇ ਦੇ ਸਵਾਲ-ਜਵਾਬ

ਮੁੱਲਾਂ ਆਖਿਆ ਚੂਨੀਆਂਚੂੰਡਿਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ ।
ਏਥੇ ਲੁਚਿਆਂ ਦੀ ਕਾਈ ਜਾ ਨਾਹੀਂ ,ਪਟੇ ਦੂਰ ਕਰ ਹੱਕ ਮਨਜ਼ੂਰ ਹੋ ਓਏ ।
ਅਨਲਹੱਕ ਕਹਾਵਣਾ ਕਿਬਰ ਕਰਕੇ, ਓੜਕ ਮਰੇਂਗਾ ਵਾਂਙ ਮਨਸੂਰ ਹੋ ਓਏ ।
ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋ ਓਏ ।
(ਚੂੰਡਿਆਂ, ਚੂਨੀਆਂ=ਕੁਆਰੇ ਮੁੰਡੇ ਦੇ ਮੱਥੇ ਦੇ ਵਾਲ, ਕਿਬਰ=ਹੰਕਾਰ, ਰਸਮਸੀ=
ਮਿਲੀ ਹੋਈ,ਰਲੀ ਹੋਈ;
ਪਾਠ ਭੇਦ: ਚੂੰਡਿਆਂ=ਚੂਨੀਆਂ, ਓਏ=ਵੇ)

37. ਰਾਂਝਾ

ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ, ਕੇਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ ।
ਅੱਗੇ ਕਢੱ ਕੁਰਾਨ ਤੇ ਬਹੇ ਮਿੰਬਰ ,ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ ।
ਏਹ ਪਲੀਤ ਤੇ ਪਾਕ ਦਾ ਕਰੋ ਵਾਕਿਫ਼, ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ ।
ਜਿਹੜੇ ਥਾਂਓਂ ਨਾਪਾਕ ਦੇ ਵਿੱਚ ਵੜਿਓਂ, ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ ।
ਵਾਰਿਸ ਸ਼ਾਹ ਵਿੱਚ ਹੁਜਰਿਆਂ ਫ਼ਿਅਲ ਕਰਦੇ, ਮੁੱਲਾ ਜੋਤਰੇ ਲਾਂਵਦੇ ਵਾਹੀਆ ਨੂੰ ।
(ਰਾਣਿਓ=ਪੈਰਾਂ ਥੱਲੇ ਮਿਧਣਾ, ਮਿੰਬਰ=ਮਸੀਤ ਵਿੱਚ ਉੱਚੀ ਥਾਂ ਜਿੱਥੇ ਚੜ੍ਹ ਕੇ
ਇਮਾਮ ਅਵਾਜ਼ ਕਰਦਾ ਹੈ, ਪਾਕ=ਸਾਫ਼, ਨਾਪਾਕ=ਜਿਹੜਾ ਪਾਕ ਨਹੀਂ,ਗੰਦਾ,
ਹੁਜਰਾ=ਮਸੀਤ ਦਾ ਅੰਦਰਲਾ ਕਮਰਾ, ਫ਼ਿਅਲ=ਕਾਰੇ)

38. ਮੁੱਲਾਂ

ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ, ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ ।
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ, ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਏ ।
ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਬਾਂ ਵਾਲਿਆਂ ਮਾਰ ਪਛਾੜਈਏ ਓਏ ।
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ, ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਏ ।
ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਿਫ਼, ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹੀਏ ਓਏ ।
ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ, ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਏ ।

(ਦੁੱਰੇ=ਕੋਰੜੇ,ਕੋੜੇ, ਤਾਰਕ=ਤਿਆਗੀ, ਸਲਾਤ=ਨਮਾਜ਼, ਲਬਾਂ=ਸ਼ਰ੍ਹਾ ਦੇ
ਉਲਟ ਉੱਪਰਲੇ ਬੁਲ੍ਹ ਦੇ ਵਾਲ, ਦਰਾਜ਼=ਲੰਬੇ, ਫ਼ਿਕਾ=ਇਸਲਾਮੀ ਕਾਨੂੰਨ)

39. ਰਾਂਝਾ

ਸਾਨੂੰ ਦੱਸ ਨਮਾਜ਼ ਹੈ ਕਾਸਦੀ ਜੀ, ਕਾਸ ਨਾਲ ਬਣਾਇ ਕੇ ਸਾਰੀਆ ਨੇ ।
ਕੰਨ ਨਕ ਨਮਾਜ਼ ਦੇ ਹੈਣ ਕਿਤਨੇ, ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ ਨੇ ।
ਲੰਬੇ ਕੱਦ ਚੌੜੀ ਕਿਸ ਹਾਣ ਦੀ ਹੈ, ਕਿਸ ਚੀਜ਼ ਦੇ ਨਾਲ ਸਵਾਰੀਆ ਨੇ ।
ਵਾਰਿਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਸ ਨਾਲ ਇਹ ਬੰਨ੍ਹ ਉਤਾਰੀਆ ਨੇ ।
(ਕਾਸ=ਕਿਸ, ਹਾਣ=ਥਾਂ ਕਿਸ ਥਾਂ ਪੜ੍ਹੀ ਜਾਂਦੀ ਹੈ, ਕਿੱਲੀਆਂ=ਮਲਾਹ ਦੀਆਂ
ਉਹ ਕੀਲੀਆਂ ਜਾਂ ਕਿੱਲੇ ਜਿਨ੍ਹਾਂ ਨਾਲ ਉਹ ਕਿਸ਼ਤੀ ਬੰਨ੍ਹਦੇ ਹਨ, ਨੱਕ ਕੰਨ=ਨਮਾਜ਼
ਦੇ ਨਕ ਕੰਨ, ਇਮਾਮ ਗ਼ਜ਼ਾਲੀ ਦੀ ਪੁਸਤਕ 'ਅਜ਼ਕਾਰ ਵ ਤਸਬੀਹਾਤ' ਦੇ ਪਹਿਲੇ
ਨਮਾਜ਼ ਦੇ ਨੱਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ)

40. ਮੁੱਲਾਂ

ਅਸਾਂ ਫ਼ਿੱਕਾ ਅਸੂਲ ਨੂੰ ਸਹੀ ਕੀਤਾ, ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ ।
ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ ।
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸਚ ਨਿਤਾਰਨੇ ਆਂ ।
ਵਾਰਿਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ, ਤਾਜ਼ਿਆਨਿਆਂ ਦੁੱਰਿਆਂ ਮਾਰਨੇ ਆਂ ।

(ਮਰਦੂਦ=ਰੱਦ ਕੀਤਾ ਗਿਆ, ਪੁਲ ਸਰਾਤ=ਇਸਲਾਮ ਅਨੁਸਾਰ ਦੋਜ਼ਖ਼
ਅਤੇ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ,
ਫਰਜ਼=ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ
ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ,
ਇਬਾਦਤਾਂ=ਭਜਨ,ਬੰਦਗੀ, ਸੁੰਨਤਾਂ=ਰਾਹ, ਦਸਤੂਰ,ਖਤਨਾ, ਵਾਜਬਾਂ=ਜਾਇਜ਼,
ਨਫਲ=ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇ, ਵਿੱਤਰ=ਤਿੰਨ ਰਿੱਕਤਾਂ ਜਿਹੜੀਆਂ
ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ, ਰਿੱਕਤ=ਨਮਾਜ਼ ਦਾ ਇੱਕ ਹਿੱਸਾ
ਖੜ੍ਹੇ ਹੋਣ ਤੋਂ ਬੈਠਣ ਤੱਕ, ਤਾਜ਼ਿਆਨਾ,ਦੁੱਰਾ=ਕੋਰੜਾ)

41. ਰਾਂਝਾ

ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ ।
ਅੰਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ, ਕੁਰ੍ਹਾ ਮਰਨ ਜਮਾਣ ਦਾ ਮਾਰਦੇ ਹੋ ।
ਸ਼ਰ੍ਹਾ ਚਾਇ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨ੍ਹਾਗਾਰ ਦੇ ਹੋ ।
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚਲੀ ਹੀ ਪਏ ਪੁਕਾਰਦੇ ਹੋ ।

(ਬਾਸ=ਮਹਿਕ ਕੁਰ੍ਹਾ ਮਾਰਨਾ=ਪਾਸਾ ਸੁੱਟਣਾ,ਫਾਲ ਕੱਢਣਾਂ, ਸਰਪੋਸ਼=
ਪਰਦਾ,ਢੱਕਣ, ਰਵਾਦਾਰ=ਕਿਸੇ ਕੰਮ ਨੂੰ ਜਾਇਜ਼ ਦੱਸਣ ਵਾਲਾ)

42. ਮੁੱਲਾਂ

ਮੁੱਲਾਂ ਆਖਿਆ ਨਾਮਾਕੂਲ ਜੱਟਾ, ਫ਼ਜ਼ਰ ਕੱਟ ਕੇ ਰਾਤ ਗੁਜ਼ਾਰ ਜਾਈਂ ।
ਫ਼ਜ਼ਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ, ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ ।
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ, ਅਜ਼ਗ਼ੈਬ ਦੀਆਂ ਹੁਜੱਤਾਂ ਨਾ ਉਠਾਈਂ ।
ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ, ਇਹ ਮੁੱਲਾ ਭੀ ਚੰਬੜੇ ਹੈਣ ਬਲਾਈਂ ।
(ਨਾਮਾਕੂਲ=ਬੇਸਮਝ,ਮੂਰਖ, ਫ਼ਜ਼ਰ=ਸਵੇਰ, ਖ਼ਾਨਾ= ਘਰ,ਮਸੀਤ,
ਅਜ਼ਗ਼ੈਬਦੀਆਂ ਹੁੱਜਤਾਂ=ਉਹ ਗੱਲਾਂ ਜਿਹੜੀਆਂ ਕਿਸੇ ਨੇ ਨਾ ਕੀਤੀਆਂ ਹੋਣ)

43. ਰਾਂਝੇ ਦਾ ਮਸੀਤੋਂ ਜਾਣਾਂ ਅਤੇ ਨਦੀ ਤੇ ਪੁੱਜਣਾ

ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ ।
ਉਠ ਗ਼ੁਸਲ ਦੇ ਵਾਸਤੇ ਜਾ ਪਹੁਤੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ ।
ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ ।

(ਗ਼ੁਸਲ=ਇਸ਼ਨਾਨ, ਮੁਹਾਣੇ=ਮਾਂਝੀ,ਮਲਾਹ)

44. ਰਾਂਝਾ ਮਲਾਹ ਦੇ ਤਰਲੇ ਕਰਦਾ ਹੈ

ਰਾਂਝੇ ਆਖਿਆ ਪਰ ਲੰਘਾ ਮੀਆਂ, ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ ।
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ ।
ਤੁਸੀਂ ਚਾੜ੍ਹ ਲਵੋ ਮੈਨੂੰ ਵਿਚ ਬੇੜੀ, ਚੱਪੂ ਧਿਕਸਾਂ ਦੱਬ ਦੇ ਵਾਸਤੇ ਤੇ ।
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ, ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ ।
(ਝਬ=ਛੇਤੀ,ਜਲਦੀ)

45. ਮਲਾਹ

ਪੈਸਾ ਖੋਲ੍ਹ ਕੇ ਹੱਥ ਜੋ ਧਰੇ ਮੇਰੇ, ਗੋਦੀ ਚਾਇ ਕੇ ਪਾਰ ਉਤਾਰਨਾ ਹਾਂ ।
ਅਤੇ ਢੇਕਿਆ ! ਮੁਫ਼ਤ ਜੇ ਕੰਨ ਖਾਏਂ, ਚਾਇ ਬੇੜੀਉਂ ਜ਼ਿਮੀਂ ਤੇ ਮਾਰਨਾ ਹਾਂ ।
ਜਿਹੜਾ ਕੱਪੜਾ ਦਏ ਤੇ ਨਕਦ ਮੈਨੂੰ, ਸੱਭੋ ਓਸ ਦੇ ਕੰਮ ਸਵਾਰਨਾ ਹਾਂ ।
ਜ਼ੋਰਾਵਰੀ ਜੋ ਆਣ ਕੇ ਚੜ੍ਹੇ ਬੇੜੀ, ਅਧਵਾਟੜੇ ਡੋਬ ਕੇ ਮਾਰਨਾ ਹਾਂ ।
ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤਖ਼ੋਰਾਂ, ਦੂਰੋਂ ਕੁੱਤਿਆਂ ਵਾਂਗ ਦੁਰਕਾਰਨਾ ਹਾਂ ।
ਵਾਰਿਸ ਸ਼ਾਹ ਜਿਹਿਆਂ ਪੀਰ ਜ਼ਾਦਿਆਂ ਨੂੰ, ਮੁੱਢੋਂ ਬੇੜੀ ਦੇ ਵਿੱਚ ਨਾ ਵਾੜਨਾ ਹਾਂ ।

(ਢੇਕਿਆ=ਅਹਿਮਕਾ,ਕਈ ਵਾਰੀ ਗਾਲ ਦੇ ਤੌਰ ਤੇ ਕਿਹਾ ਜਾਂਦਾ ਹੈ)

46. ਵਾਕ ਕਵੀ

ਰਾਂਝਾ ਮਿੰਨਤਾਂ ਕਰਕੇ ਥੱਕ ਰਹਿਆ, ਅੰਤ ਹੋ ਕੰਧੀ ਪਰ੍ਹਾਂ ਜਾਇ ਬੈਠਾ ।
ਛਡ ਅੱਗ ਬੇਗਾਨੜੀ ਹੋ ਗੋਸ਼ੇ, ਪ੍ਰੇਮ ਢਾਂਡੜੀ ਵੱਖ ਜਗਾਇ ਬੈਠਾ ।
ਗਾਵੇ ਸੱਦ ਫ਼ਿਰਾਕ ਦੇ ਨਾਲ ਰੋਵੇ, ਉਤੇ ਵੰਝਲੀ ਸ਼ਬਦ ਵਜਾਇ ਬੈਠਾ ।
ਜੋ ਕੋ ਆਦਮੀ ਤ੍ਰੀਮਤਾਂ ਮਰਦ ਹੈ ਸਨ, ਪੱਤਣ ਛੱਡ ਕੇ ਓਸ ਥੇ ਜਾਇ ਬੈਠਾ ।
ਰੰਨਾਂ ਲੁੱਡਣ ਝਬੇਲ ਦੀਆਂ ਭਰਨ ਮੁੱਠੀ, ਪੈਰ ਦੋਹਾਂ ਦੀ ਹਿਕ ਟਿਕਾਇ ਬੈਠਾ ।
ਗੁੱਸਾ ਖਾਇਕੇ ਲਏ ਝਬੇਲ ਝਈਆਂ, ਅਤੇ ਦੋਹਾਂ ਨੂੰ ਹਾਕ ਬੁਲਾਇ ਬੈਠਾ ।
ਪਿੰਡਾ ! ਬਾਹੁੜੀਂ ਜਟ ਲੈ ਜਾਗ ਰੰਨਾਂ, ਕੇਹਾ ਸ਼ੁਗਲ ਹੈ ਆਣ ਜਗਾਇ ਬੈਠਾ ।
ਵਾਰਿਸ ਸ਼ਾਹ ਇਸ ਮੋਹੀਆਂ ਮਰਦ ਰੰਨਾਂ, ਨਹੀਂ ਜਾਣਦੇ ਕੌਣ ਬਲਾਇ ਬੈਠਾ ।

(ਕੰਧੀ=ਕੰਢੇ, ਗੋਸ਼ੇ=ਇੱਕ ਨੁੱਕਰੇ,ਨਿਵੇਕਲੇ, ਢਾਂਡੜੀ=ਅੱਗ, ਹਾਕ=ਆਵਾਜ਼,
ਪਿੰਡਾ ਬਾਹੁੜੀ=ਪਿੰਡ ਵਾਲਿਉ ਲੋਕੋ ਦੌੜੋ ਅਤੇ ਮਦਦ ਕਰੋ, ਲੈ ਜਾਗ=ਲੈ ਜਾਵੇਗਾ)

47. ਲੁੱਡਣ ਮਲਾਹ ਦਾ ਹਾਲ ਪਾਹਰਿਆ

ਲੁੱਡਣ ਕਰੇ ਬਕਵਾਸ ਜਿਉਂ ਆਦਮੀ ਨੂੰ, ਯਾਰੋ ਵਸਵਸਾ ਆਣ ਸ਼ੈਤਾਨ ਕੀਤਾ ।
ਦੇਖ ਸ਼ੋਰ ਫਸਾਦ ਝਬੇਲ ਸੰਦਾ, ਮੀਏਂ ਰਾਂਝੇ ਨੇ ਜੀਉ ਹੈਰਾਨ ਕੀਤਾ ।
ਬਨ੍ਹ ਸਿਰੇ ਤੇ ਵਾਲ ਤਿਆਰ ਹੋਇਆ, ਤੁਰ ਠਿੱਲ੍ਹਣੇ ਦਾ ਸਮਿਆਨ ਕੀਤਾ ।
ਰੰਨਾਂ ਲੁੱਡਣ ਦੀਆਂ ਦੇਖ ਰਹਿਮ ਕੀਤਾ, ਜੋ ਕੁੱਝ ਨਬੀ ਨੇ ਨਾਲ ਮਹਿਮਾਨ ਕੀਤਾ ।
ਇਹੋ ਜਿਹੇ ਜੇ ਆਦਮੀ ਹੱਥ ਆਵਣ, ਜਾਨ ਮਾਲ ਪਰਵਾਰ ਕੁਰਬਾਨ ਕੀਤਾ ।
ਆਉ ਕਰਾਂ ਹੈਂ ਏਸ ਦੀ ਮਿੰਨਤ ਜ਼ਾਰੀ, ਵਾਰਿਸ ਕਾਸ ਥੋਂ ਦਿਲ ਪਰੇਸ਼ਾਨ ਕੀਤਾ ।
48. ਮਲਾਹ ਦੀਆਂ ਰੰਨਾ ਦਾ ਰਾਂਝੇ ਨੂੰ ਤਸੱਲੀ ਦੇਣਾ

ਸੈਈਂ ਵੰਝੀਂ ਝਨਾਉਂ ਦਾ ਅੰਤ ਨਾਹੀਂ, ਡੁਬ ਮਰੇਂਗਾ ਠਿਲ੍ਹ ਨਾ ਸੱਜਣਾ ਵੋ ।
ਚਾੜ੍ਹ ਮੋਢਿਆਂ ਤੇ ਤੈਨੂੰ ਅਸੀਂ ਠਿੱਲ੍ਹਾਂ, ਕੋਈ ਜਾਨ ਤੋਂ ਢਿਲ ਨਾ ਸੱਜਣਾ ਵੋ ।
ਸਾਡਾ ਅਕਲ ਸ਼ਊਰ ਤੂੰ ਖੱਸ ਲੀਤਾ, ਰਿਹਿਆ ਕੁਖੜਾ ਹਿਲ ਨਾ ਸੱਜਣਾ ਵੋ ।
ਸਾਡੀਆਂ ਅੱਖੀਆਂ ਦੇ ਵਿੱਚ ਵਾਂਗ ਧੀਰੀ, ਡੇਰਾ ਘਤ ਬਹੁ ਹਿਲ ਨਾ ਸੱਜਣਾ ਵੋ ।
ਵਾਰਸ ਸ਼ਾਹ ਮੀਆਂ ਤੇਰੇ ਚੌਖਨੇ ਹਾਂ, ਸਾਡਾ ਕਾਲਜਾ ਸੱਲ ਨਾ ਸੱਜਣਾ ਵੋ ।

(ਸੈਂਈ ਵੰਝੀਂ=ਝਨਾਂ ਸੌ ਬਾਂਸਾਂ ਜਿੰਨੀ ਡੂੰਘੀ ਹੈ, ਸ਼ਊਰ=ਸੂਝ ਸਮਝ, ਖਸ
ਲੀਤਾ=ਖੋਹ ਲਿਆ, ਕੁਖੜਾ=ਕੁਖ, ਜਾਨ ਤੋਂ ਢਿਲ ਨਾ=ਜਾਨ ਵਾਰ ਦੇਣੀ,
ਧੀਰੀ=ਪੁਤਲੀ, ਚੌਖਨੇ=ਕੁਰਬਾਨ ਜਾਂਦੇ ਹਾਂ;
ਪਾਠ ਭੇਦ: ਜਾਣ ਤੂੰ)

49. ਮਲਾਹ ਦੀਆਂ ਰੰਨਾਂ ਨੇ ਰਾਂਝੇ ਨੂੰ ਕਿਸ਼ਤੀ ਵਿੱਚ ਚਾੜ੍ਹਨਾ

ਦੋਹਾਂ ਬਾਹਾਂ ਤੋਂ ਪਕੜ ਰੰਝੇਟੜੇ ਨੂੰ, ਮੁੜ ਆਣ ਬੇੜੀ ਵਿੱਚ ਚਾੜ੍ਹਿਆ ਨੇ ।
ਤਕਸੀਰ ਮੁਆਫ ਕਰ ਆਦਮੇ ਦੀ, ਮੁੜ ਆਣ ਬਹਿਸ਼ਤ ਵਿੱਚ ਵਾੜਿਆ ਨੇ ।
ਗੋਇਆ ਖ਼ਾਬ ਦੇ ਵਿੱਚ ਅਜ਼ਾਜ਼ੀਲ ਢੱਠਾ, ਹੇਠੋਂ ਫੇਰ ਮੁੜ ਅਰਸ਼ ਤੇ ਚਾੜ੍ਹਿਆ ਨੇ ।
ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ, ਬੀਵੀ ਹੀਰ ਦੇ ਪਲੰਘ ਤੇ ਚਾੜ੍ਹਿਆ ਨੇ ।
(ਤਕਸੀਰ=ਗੁਨਾਹ,ਕਸੂਰ, ਆਦਮੇ=ਬਾਬਾ ਆਦਮ, ਖ਼ਾਬ=ਸੁਪਨਾ,
ਅਜ਼ਾਜ਼ੀਲ=ਇੱਕ ਫ਼ਰਿਸ਼ਤੇ ਦਾ ਨਾਂ, ਪਾਠ ਭੇਦ:ਬੀਵੀ=ਬੀਬੀ)

50. ਰਾਂਝੇ ਦਾ ਪਲੰਘ ਬਾਰੇ ਪੁੱਛਣਾ

ਯਾਰੋ ਪਲੰਘ ਕੇਹਾ ਸੁੰਞੀ ਸੇਜ ਆਹੀ, ਲੋਕਾਂ ਆਖਿਆ ਹੀਰ ਜਟੇਟੜੀ ਦਾ ।
ਬਾਦਸ਼ਾਹ ਸਿਆਲਾਂ ਦੇ ਤ੍ਰਿੰਞਣਾਂ ਦੀ, ਮਹਿਰ ਚੂਚਕੇ ਖ਼ਾਨ ਦੀ ਬੇਟੜੀ ਦਾ ।
ਸ਼ਾਹ-ਪਰੀ ਪਨਾਹ ਨਿਤ ਲਏ ਜਿਸ ਥੋਂ, ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ ।
ਅਸੀਂ ਸਭ ਝਬੇਲ ਤੇ ਘਾਟ ਪੱਤਣ, ਸੱਭਾ ਹੁਕਮ ਹੈ ਓਸ ਸਲੇਟੜੀ ਦਾ ।
(ਮੁਸ਼ਕ ਲਪੇਟੜੀ=ਜਿਹਦੇ ਕੱਪੜਿਆਂ ਵਿੱਚ ਕਸਤੂਰੀ ਦੀ ਮਹਿਕ ਵਸੀ ਹੋਵੇ;
ਪਾਠ ਭੇਦ: ਅਸੀਂ ਸਭ=ਵਾਰਿਸ ਸ਼ਾਹ)

51. ਮਲਾਹ ਦਾ ਗੁੱਸਾ ਅਤੇ ਬੇਕਰਾਰੀ

ਬੇੜੀ ਨਹੀਂ ਇਹ ਜੰਞ ਦੀ ਬਣੀ ਬੈਠਕ, ਜੋ ਕੋ ਆਂਵਦਾ ਸੱਦ ਬਹਾਵੰਦਾ ਹੈ ।
ਗਡਾ-ਵਡ ਅਮੀਰ ਫ਼ਕੀਰ ਬੈਠੇ, ਕੌਣ ਪੁਛਦਾ ਕਿਹੜੇ ਥਾਂਵ ਦਾ ਹੈ ।
ਜਿਵੇਂ ਸ਼ਮ੍ਹਾਂ ਤੇ ਡਿਗਣ ਪਤੰਗ ਧੜ ਧੜ, ਲੰਘ ਨਈਂ ਮੁਹਾਇਣਾ ਆਵੰਦਾ ਹੈ ।
ਖ਼ਵਾਜਾ ਖ਼ਿਜਰ ਦਾ ਬਾਲਕਾ ਆਣ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਂਵਦਾ ਹੈ ।
ਲੁੱਡਣ ਨਾ ਲੰਘਾਇਆ ਪਾਰ ਉਸ ਨੂੰ, ਓਸ ਵੇਲੜੇ ਨੂੰ ਪੱਛੋਤਾਂਵਦਾ ਹੈ ।
ਯਾਰੋ ਝੂਠ ਨਾ ਕਰੇ ਖ਼ੁਦਾਇ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਂਵਦਾ ਹੈ ।
ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਖੀ ਡੇਗਦਾ ਮਿਰਗ ਫਹਾਂਵਦਾ ਹੈ ।
ਠਗ ਸੁਣੇ ਥਾਨੇਸਰੋਂ ਆਂਵਦੇ ਨੇ, ਇਹ ਤਾਂ ਜ਼ਾਹਰਾ ਠਗ ਝਨਾਂਵਦਾ ਹੈ ।
ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਵੇਖ ਹੁਣੇ ਝਬੇਲ ਕੁਟਾਂਵਦਾ ਹੈ ।
(ਗਡਾ-ਵਡ=ਜਣਾ ਖਣਾ, ਨਈਂ=ਨਦੀ, ਸ਼ਰੀਨੀਆਂ=ਸ਼ਰਧਾ ਵਜੋਂ
ਲਿਆਂਦੀ ਮਠਿਆਈ, ਸੱਦ=ਆਵਾਜ਼)

52. ਰਾਂਝੇ ਦੇ ਆਉਣ ਦੀ ਖ਼ਬਰ

ਜਾਇ ਮਾਹੀਆਂ ਪਿੰਡ ਵਿੱਚ ਗੱਲ ਟੋਰੀ, ਇੱਕ ਸੁਘੜ ਬੇੜੀ ਵਿੱਚ ਗਾਂਵਦਾ ਹੈ ।
ਉਹਦੇ ਬੋਲਿਆਂ ਮੁਖ ਥੀਂ ਫੁੱਲ ਕਿਰਦੇ, ਲੱਖ ਲੱਖ ਦਾ ਸੱਦ ਉਹ ਲਾਂਵਦਾ ਹੈ ।
ਸਣੇ ਲੁੱਡਣ ਝਬੇਲ ਦੀਆਂ ਦੋਵੇਂ ਰੰਨਾਂ, ਸੇਜ ਹੀਰ ਦੀ ਤੇ ਅੰਗ ਲਾਂਵਦਾ ਹੈ ।
ਵਾਰਿਸ ਸ਼ਾਹ ਕਵਾਰੀਆਂ ਆਫ਼ਤਾਂ ਨੇ, ਵੇਖ ਕੇਹਾ ਫ਼ਤੂਰ ਹੁਣ ਪਾਂਵਦਾ ਹੈ ।
(ਮਾਹੀਆਂ=ਗਾਈਆਂ ਮੱਝਾਂ ਦੇ ਛੇੜੂ, ਕਵਾਰੀਆਂ=ਨਵੀਆਂ, ਫ਼ਤੂਰ=ਆਫ਼ਤ,
ਖ਼ਰਾਬੀ)

53. ਲੋਕਾਂ ਦਾ ਰਾਂਝੇ ਨੂੰ ਪੁੱਛਣਾ

ਲੋਕਾਂ ਪੁੱਛਿਆ ਮੀਆਂ ਤੂੰ ਕੌਣ ਹੁੰਦਾ, ਅੰਨ ਕਿਸੇ ਨੇ ਆਣ ਖਵਾਲਿਆ ਈ ।
ਤੇਰੀ ਸੂਰਤ ਤੇ ਬਹੁਤ ਮਲੂਕ ਦਿੱਸੇ, ਏਡ ਜਫ਼ਰ ਤੂੰ ਕਾਸ ਤੇ ਜਾਲਿਆ ਈ ।
ਅੰਗ ਸਾਕ ਕਿਉਂ ਛਡ ਕੇ ਨੱਸ ਆਇਉਂ, ਬੁੱਢੀ ਮਾਂ ਤੇ ਬਾਪ ਨੂੰ ਗਾਲਿਆ ਈ ।
ਓਹਲੇ ਅੱਖੀਆਂ ਦੇ ਤੈਨੂੰ ਕਿਵੇਂ ਕੀਤਾ, ਕਿਨ੍ਹਾਂ ਦੂਤੀਆਂ ਦਾ ਕੌਲ ਪਾਲਿਆ ਈ ।
(ਮਲੂਕ=ਸੁੰਦਰ, ਜਫ਼ਰ ਜਾਲਣਾ=ਮੁਸੀਬਤ ਝੱਲਣੀ, ਦੂਤੀਆਂ=ਚੁਗਲਖੋਰਾਂ;
ਪਾਠ ਭੇਦ: ਕਿਨ੍ਹਾਂ ਦੂਤੀਆਂ ਦਾ ਕੌਲ=ਵਾਰਿਸ ਸ਼ਾਹ ਦਾ ਕੌਲ ਨਾਂਹ)

54. ਰਾਂਝੇ ਦਾ ਹੀਰ ਦੇ ਪਲੰਘ ਤੇ ਬੈਠਣਾ

ਹੱਸ ਖੇਡ ਕੇ ਰਾਤ ਗੁਜ਼ਾਰੀਆ ਸੂ, ਸੁਬ੍ਹਾ ਉਠ ਕੇ ਜੀਉ ਉਦਾਸ ਕੀਤਾ ।
ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ, ਡੇਰਾ ਜਾਇ ਮਲਾਹਾਂ ਦੇ ਪਾਸ ਕੀਤਾ ।
ਅੱਗੇ ਪਲੰਘ ਬੇੜੀ ਵਿੱਚ ਵਿਛਿਆ ਸੀ, ਉਤੇ ਖ਼ੂਬ ਵਿਛਾਵਣਾ ਰਾਸ ਕੀਤਾ ।
ਬੇੜੀ ਵਿੱਚ ਵਜਾਇ ਕੇ ਵੰਝਲੀ ਨੂੰ, ਜਾ ਪਲੰਘ ਉਤੇ ਆਮ ਖ਼ਾਸ ਕੀਤਾ ।
ਵਾਰਿਸ ਸ਼ਾਹ ਜਾ ਹੀਰ ਨੂੰ ਖ਼ਬਰ ਹੋਈ, ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ ।
(ਰਾਸ ਕੀਤਾ=ਵਿਛਾਇਆ ਹੋਇਆ)

55. ਹੀਰ ਦਾ ਆਉਣਾ ਤੇ ਗੁੱਸਾ

ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦੀ ਜੀ ।
ਬੁਕ ਮੋਤੀਆਂ ਦੇ ਕੰਨੀਂ ਝੁਮਕਦੇ ਸਨ, ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ ।
ਕੁੜਤੀ ਸੂਹੀ ਦੀ ਹਿੱਕ ਦੇ ਨਾਲ ਫੱਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ ।
ਜਿਸ ਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੂਫਾਨ ਦੀ ਜੀ ।
ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅੱਗੇ ਗਈ ਕੇਤੀ ਤੰਬੂ ਤਾਣਦੀ ਜੀ ।
ਵਾਰਿਸ ਸ਼ਾਹ ਮੀਆਂ ਜੱਟੀ ਲੋੜ੍ਹ ਲੁੱਟੀ, ਪਰੀ ਕਿਬਰ ਹੰਕਾਰ ਤੇ ਮਾਨ ਦੀ ਜੀ ।
(ਮੱਤੜੀ=ਮਦਮਾਤੀ,ਨਸ਼ਈ, ਸੂਹਾ=ਕਸੁੰਭੇ ਨਾਲ ਰੰਗਿਆ ਸੂਹਾ ਕੱਪੜਾ,ਲਾਲ,
ਫਬੀ=ਸਜੀ, ਬੁਲਾਕ=ਕੋਕਾ, ਕਿਬਰ=ਗਰੂਰ,ਹੰਕਾਰ, ਲੋੜ੍ਹ ਲੁਟੀ=ਲੋੜ੍ਹ ਦੀ ਮਾਰੀ;
ਪਾਠ ਭੇਦ: ਪਰੀ ਕਿਬਰ ਹੰਕਾਰ ਤੇ ਮਾਨ=ਭਰੀ ਕਿਬਰ ਹੰਕਾਰ ਗੁਮਾਨ)

56. ਹੀਰ ਦੇ ਰੂਪ ਦੀ ਤਾਰੀਫ਼

ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ।
ਖ਼ੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।
ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।
ਖੁੱਲ੍ਹੀ ਤ੍ਰਿੰਞਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ।
ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖ਼ੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ ।
ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ ।
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ ।
(ਮਹਿਤਾਬ=ਚੰਦ, ਸ਼ਹਾਬ=ਅੱਗ ਦੀ ਲਾਟ,ਅੱਗ ਛਡਦਾ ਤਾਰਾ,ਨਰਗਿਸੀ=ਨਰਗਿਸ
ਦੇ ਫੁਲ ਵਰਗੇ, ਮਿਰਗ=ਹਿਰਨ, ਕਮਾਨ ਲਾਹੌਰ=ਲਹੌਰ ਦੀ ਬਣੀ ਹੋਈ ਕਮਾਨ
ਮਸ਼ਹੂਰ ਸੀ,ਕਟਕ=ਫ਼ੌਜ, ਖ਼ਾਲ=ਤਿਲ, ਖਤ ਖ਼ਾ =ਨੈਣ ਨਕਸ਼, ਲੈਲਾਤੁਲਕਦਰ=
ਰਮਜ਼ਾਨ ਮਹੀਨੇ ਦੀ ਸਤਾਈਵੀਂ ਰਾਤ ਜਿਸ ਦੀ ਪਰਵਾਨ ਹੋਈ ਦੁਆ ਤੇ ਇਬਾਦਤ
ਇੱਕ ਹਜ਼ਾਰ ਸਾਲ ਦੀ ਬੰਦਗੀ ਬਰਾਬਰ ਹੁੰਦੀ ਹੈ, ਜ਼ਿਆਰਤ=ਦਰਸ਼ਨ,ਦੀਦਾਰ,
ਸਵਾਬ=ਪੁੰਨ)

57. ਤਥਾ

ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ ।
ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ ।
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ।
ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ।
ਗਰਦਣ ਕੂੰਜ ਦੀ ਉਂਗਲੀਆਂ ਰਵ੍ਹਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ ।
ਬਾਹਾਂ ਵੇਲਣੇ ਵੇਲੀਆਂ ਗੁੰਨ੍ਹ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ ।
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸਿਉ ਬਲਖ਼ ਦੇ ਚੁਣੇ ਅੰਬਾਰ ਵਿੱਚੋਂ ।
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ, ਪੇਟੂ ਮਖ਼ਮਲੀ ਖ਼ਾਸ ਸਰਕਾਰ ਵਿੱਚੋਂ ।
ਕਾਫ਼ੂਰ ਸ਼ਹਿਨਾਂ ਸਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ ।
ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ, ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ ।
ਸੱਈਆਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ ।
ਅਪਰਾਧ ਅਵਧ ਦਲਤ ਮਿਸਰੀ, ਚਮਕ ਨਿਕਲੀ ਤੇਗ਼ ਦੀ ਧਾਰ ਵਿੱਚੋਂ ।
ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜ੍ਹਿਆ ਗ਼ਜ਼ਬ ਦਾ ਕਟਕ ਕੰਧਾਰ ਵਿੱਚੋਂ ।
ਲੰਕ ਬਾਗ਼ ਦੀ ਪਰੀ ਕਿ ਇੰਦਰਾਣੀ, ਹੂਰ ਨਿਕਲੀ ਚੰਦ ਪਰਵਾਰ ਵਿੱਚੋਂ ।
ਪੁਤਲੀ ਪੇਖਣੇ ਦੀ ਨਕਸ਼ ਰੂਮ ਦਾ ਹੈ, ਲੱਧਾ ਪਰੀ ਨੇ ਚੰਦ ਉਜਾੜ ਵਿੱਚੋਂ ।
ਏਵੇਂ ਸਰਕਦੀ ਆਂਵਦੀ ਲੋੜ੍ਹ ਲੁੱਟੀ, ਜਿਵੇਂ ਕੂੰਜ ਟੁਰ ਨਿਕਲੀ ਡਾਰ ਵਿੱਚੋਂ ।
ਮੱਥੇ ਆਣ ਲੱਗਣ ਜਿਹੜੇ ਭੌਰ ਆਸ਼ਕ, ਨਿੱਕਲ ਜਾਣ ਤਲਵਾਰ ਦੀ ਧਾਰ ਵਿੱਚੋਂ ।
ਇਸ਼ਕ ਬੋਲਦਾ ਨਢੀ ਦੇ ਥਾਂਉਂ ਥਾਂਈਂ, ਰਾਗ ਨਿਕਲੇ ਜ਼ੀਲ ਦੀ ਤਾਰ ਵਿੱਚੋਂ ।
ਕਜ਼ਲਬਾਸ਼ ਅਸਵਾਰ ਜੱਲਾਦ ਖ਼ੂਨੀ, ਨਿੱਕਲ ਗਿਆ ਏ ਉੜਦ ਬਾਜ਼ਾਰ ਵਿੱਚੋਂ ।
ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਉ ਲੱਗੇ, ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ ।
(ਯਾਕੂਤ=ਇੱਕ ਕੀਮਤੀ ਪੱਥਰ,ਲਾਅਲ, ਸਾਰ=ਕਿਸੇ ਚੀਜ਼ ਦਾ ਅਰਕ,
ਅਲਿਫ਼ ਹੁਸੈਨੀ=ਹਜ਼ਰਤ ਅਲੀ ਦੀ ਉਹ ਤਲਵਾਰ ਜਿਹੜੀ ਉਨ੍ਹਾਂ ਨੂੰ ਹਜ਼ਰਤ
ਮੁਹੰਮਦ ਸਾਹਿਬ ਪਾਸੋਂ ਮਿਲੀ ਸੀ, ਜਿਸ ਨਾਲ ਉਹ ਜੰਗ-ਏ-ਨਹਾਵੰਦ ਵਿੱਚ
ਲੜੇ ਸਨ, ਪਿਪਲਾ=ਤਲਵਾਰ ਦਾ ਅਗਲਾ ਨੋਕੀਲਾ ਸਿਰਾ, ਖਜ਼ਾਨੇ ਦੀ ਬਾਰ=
ਝੰਗ ਦੇ ਉੱਤਰ ਪੱਛਮ ਦਾ ਵੱਡਾ ਜੰਗਲ ਜਿਸ ਵਿੱਚ ਨਾਗਗ਼ ਸ਼ੂਕਦੇ ਫਿਰਦੇ ਹਨ,
ਬਰਗ=ਪੱਤੇ, ਗੰਗ ਧਾਰ=ਗੰਗਾ ਨਦੀ, ਖੇਨੂੰ=ਰੇਸ਼ਮ ਦੀ ਗੇਂਦ, ਅੰਬਾਰ=ਢੇਰ,
ਹੌਜ਼=ਪਾਣੀ ਵਾਲਾ ਤਲਾ, ਮੁਸ਼ਕ ਕੁੱਬਾ=ਕਸਤੂਰੀ ਦਾ ਬਣਿਆ ਹੋਇਆ ਗੁੰਬਦ,
ਪੇਡੂ=ਪੇਟ, ਸ਼ਹੀਨਾਂ=ਚਿੱਟੇ ਰੰਗ ਦੀ ਤਰਨ ਵਾਲੀ ਮਸਕ, ਸਰੀਨ=ਚਿੱਤੜ, ਸਾਕ=
ਲੱਤ ਦੀ ਪਿੰਨੀ, ਪੰਜ ਫੂਲ ਰਾਣੀ=ਰਾਜਾ ਰੂਪ ਚੰਦਰ ਦੀ ਲੋਕ ਕਥਾ ਦੀ ਬਹੁਤ
ਸੁੰਦਰ ਨਾਇਕਾ ਜਿਹਦੇ ਰੂਪ ਅਤੇ ਸੁਹੱਪਣ ਨਾਲ ਹਨ੍ਹੇਰੇ ਵਿੱਚ ਚਾਨਣ ਹੋ ਜਾਂਦਾ
ਸੀ ।ਇਹਦਾ ਭਾਰ ਕੇਵਲ ਪੰਜਾਂ ਫੁੱਲਾਂ ਬਰਾਬਰ ਸੀ, ਤੁੱਠੀਆਂ=ਖੁਸ਼ ਹੋਈਆ,
ਅਵਧ ਦਲਤ ਮਿਸਰੀ=ਮਿਸਰ ਦੀ ਬਣੀ ਹੋਈ ਤਲਵਾਰ ਜਿਹੜੀ ਸੂਰ ਨੂੰ ਵੀ
ਕੱਟ ਕੇ ਟੁਕੜੇ ਟੁਕੜੇ ਕਰ ਦੇਵੇ, ਇੰਦਰਾਣੀ=ਇੰਦਰ ਦੀ ਰਾਣੀ, ਪੇਖਣਾ=ਪੁਤਲੀ
ਦਾ ਤਮਾਸ਼ਾ, ਲੱਧਾ=ਲੱਭਾ, ਤ੍ਰੰਗਲੀ=ਤ੍ਰੰਗ, ਜ਼ੀਲ ਦੀ ਤਾਰ=ਅੰਤੜੀ ਦੀ ਬਣੀ ਹੋਈ
ਤਾਰ ਜਿਹਦੇ ਵਿੱਚੋਂ ਬਹੁਤ ਦਰਦ ਭਰਿਆ ਸੰਗੀਤ ਨਿਕਲਦਾ ਹੈ । ਕਿਹਾ ਜਾਂਦਾ ਹੈ
ਕਿ ਧਾਤ ਦੀ ਤਾਰ ਨਾਲੋਂ ਇਸ ਤਾਰ ਦੀ ਆਵਾਜ਼ ਵਧੇਰੇ ਦਰਦਨਾਕ ਹੁੰਦੀ ਹੈ,
ਕਜ਼ਲਬਾਸ਼=ਲਾਲ ਟੋਪੀ ਵਾਲਾ ਅਫ਼ਗਾਨੀ ਸਿਪਾਹੀ ਜਿਸ ਦੇ ਸਿਰ ਉਤੇ ਬਾਰਾਂ ਨੁੱਕਰੀ
ਲਾਲ ਟੋਪੀ ਹੁੰਦੀ ਸੀ, ਉੜਦ ਬਜ਼ਾਰ= ਛਾਉਣੀ ਦਾ ਬਾਜ਼ਾਰ;
ਪਾਠ ਭੇਦ: ਅਵਧ ਦਲਤ ਮਿਸਰੀ=ਤੇ ਊਂਧ ਵਲੱਟ ਮਿਸਰੀ)

58. ਹੀਰ ਦੀ ਮਲਾਹਾਂ ਤੇ ਸਖਤੀ ਤੇ ਉਨ੍ਹਾਂ ਦਾ ਉੱਤਰ

ਪਕੜ ਲਏ ਝਬੇਲ ਤੇ ਬੰਨ੍ਹ ਮੁਸ਼ਕਾਂ, ਮਾਰ ਛਮਕਾਂ ਲਹੂ ਲੁਹਾਣ ਕੀਤੇ ।
ਆਣ ਪਲੰਘ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਤੇ ਤੁਸਾਂ ਸਾਮਾਨ ਕੀਤੇ ।
ਕੁੜੀਏ ਮਾਰ ਨਾ ਅਸਾਂ ਬੇਦੋਸਿਆਂ, ਨੂੰ ਕੋਈ ਅਸਾਂ ਨਾ ਇਹ ਮਹਿਮਾਨ ਕੀਤੇ ।
ਚੈਂਚਰ-ਹਾਰੀਏ ਰਬ ਤੋਂ ਡਰੀਂ ਮੋਈਏ, ਅੱਗੇ ਕਿਸੇ ਨਾ ਏਡ ਤੂਫ਼ਾਨ ਕੀਤੇ ।
ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀ, ਵਾਰਿਸ ਸ਼ਾਹ ਹੋਰੀਂ ਪਰੇਸ਼ਾਨ ਕੀਤੇ ।
(ਪਾਠ ਭੇਦ: ਆਣ ਪਲੰਘ ਤੇ ਕੌਣ=ਮੇਰੇ ਪਲੰਘ ਤੇ ਆਣ)

59. ਹੀਰ

ਜਵਾਨੀ ਕਮਲੀ ਰਾਜ ਏੇ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ ।
ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾਇ ਸੁੱਟਾਂ, ਆਇਆਂ ਕਿਧਰੋਂ ਇਹ ਬਾਦਸ਼ਾਹ ਮੈਨੂੰ ।
ਨਾਢੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾਹ ਮੈਨੂੰ ।
ਨਾਹੀਂ ਪਲੰਘ ਤੇ ਏਸ ਨੂੰ ਟਿਕਣ ਦੇਣਾ, ਲਾਇ ਰਹੇਗਾ ਲਖ ਜੇ ਵਾਹ ਮੈਨੂੰ ।
ਇਹ ਬੋਦਲਾ ਪੀਰ ਬਗ਼ਦਾਦ ਗੁੱਗਾ, ਮੇਲੇ ਆਇ ਬੈਠਾ ਵਾਰਿਸ ਸ਼ਾਹ ਮੈਨੂੰ ।
(ਜੌਨੀ=ਬਾਹਰਲੇ ਦੇਸ਼ਾਂ ਦੀ ਹਮਲਾਵਰ ਔਰਤ, ਬੋਦਲਾ=ਹਲਕੇ ਹੋਏ ਕੁੱਤੇ
ਦੇ ਵੱਢੇ ਦਾ ਇਲਾਜ ਕਰਨ ਵਾਲਾ,ਸਾਹੀਵਾਲ ਦੇ ਇਲਾਕੇ ਵਿੱਚ ਬੋਦਲੇ ਫ਼ਕੀਰ
ਦੀ ਬਹੁਤ ਮਾਨਤਾ ਸੀ, ਪੀਰ ਬਗ਼ਦਾਦ=ਸੱਯਦ ਅਬਦੁਲ ਕਾਦਰ ਜਿਲਾਨੀ
ਜਿਹਦੀ ਬਾਬਤ ਮਸ਼ਹੂਰ ਹੈ ਕਿ ਉਨ੍ਹਾਂ ਨੇ ਬਾਰਾਂ ਸਾਲਾਂ ਦਾ ਡੁਬਿਆ ਬੇੜਾ ਪਾਰ
ਉਤਾਰ ਦਿੱਤਾ ਸੀ;
ਪਾਠ ਭੇਦ: ਜਵਾਨੀ=ਜੌਨੀ)

60. ਹੀਰ ਰਾਂਝੇ ਨੂੰ ਜਗਾਉਂਦੀ ਹੈ

ਉਠੀਂ ਸੁੱਤਿਆ ਸੇਜ ਅਸਾਡੜੀ ਤੋਂ, ਲੰਮਾ ਸੁੱਸਰੀ ਵਾਂਙ ਕੀ ਪਿਆ ਹੈਂ ਵੇ ।
ਰਾਤੀਂ ਕਿਤੇ ਉਨੀਂਦਰਾ ਕੱਟਿਓਈ, ਐਡੀ ਨੀਂਦ ਵਾਲਾ ਲੁੜ੍ਹ ਗਿਆ ਹੈਂ ਵੇ ।
ਸੁੰਞੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਹਲਕੀ ਆਣ ਢਹਿ ਪਿਆ ਹੈਂ ਵੇ ।
ਕੋਈ ਤਾਪ ਕਿ ਭੂਤ ਕਿ ਜਿੰਨ ਲੱਗਾ, ਇੱਕੇ ਡਾਇਣ ਕਿਸੇ ਭਖ ਲਿਆ ਹੈਂ ਵੇ ।
ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁਤੋਂ, ਇੱਕੇ ਮੌਤ ਆਈ ਮਰ ਗਿਆ ਹੈਂ ਵੇ ।
(ਲੁੜ੍ਹ ਜਣਾ=ਡੁਬ ਜਾਣਾ, ਆਹਲਕ=ਸੁਸਤੀ, ਭਖ ਲਿਆ=ਖਾ ਲਿਆ)

61. ਹੀਰ ਦਾ ਮਿਹਰਵਾਨ ਹੋਣਾ

ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ, ਪਰੀ ਆਦਮੀ ਤੇ ਕਹਿਰਵਾਨ ਹੋਈ ।
ਰਾਂਝੇ ਉਠ ਕੇ ਆਖਿਆ 'ਵਾਹ ਸੱਜਣ', ਹੀਰ ਹੱਸ ਕੇ ਤੇ ਮਿਹਰਬਾਨ ਹੋਈ ।
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ, ਜ਼ੁਲਫ਼ ਮੁਖੜੇ ਤੇ ਪਰੇਸ਼ਾਨ ਹੋਈ ।
ਭਿੰਨੇ ਵਾਲ ਚੂਣੇ ਮੱਥੇ ਚੰਦ ਰਾਂਝਾ, ਨੈਣੀਂ ਕੱਜਲੇ ਦੀ ਘਮਸਾਨ ਹੋਈ ।
ਸੂਰਤ ਯੂਸਫ਼ ਦੀ ਵੇਖ ਤੈਮੂਸ ਬੇਟੀ, ਸਣੇ ਮਾਲਕੇ ਬਹੁਤ ਹੈਰਾਨ ਹੋਈ ।
ਨੈਣ ਮਸਤ ਕਲੇਜੜੇ ਵਿੱਚ ਧਾਣੇ, ਜਿਵੇਂ ਤਿੱਖੜੀ ਨੋਕ ਸਨਾਨ ਹੋਈ ।
ਆਇ ਬਗ਼ਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕਿਰਬਾਨ ਕਮਾਨ ਹੋਈ ।
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ ।
ਰੂਪ ਜੱਟ ਦਾ ਵੇਖ ਕੇ ਜਾਗ ਲਧੀ, ਹੀਰ ਘੋਲ ਘੱਤੀ ਕੁਰਬਾਨ ਹੋਈ ।
ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ, ਦੀ ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ ।
(ਤੈਮੂਸ ਬੇਟੀ=ਜ਼ੁਲੈਖ਼ਾ, ਮਾਲਕੇ=ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ
ਦੇ ਨਾਮ ਬਸ਼ਰਾ ਅਤੇ ਮਾਮਲ ਸਨ ਜਿਨ੍ਹਾਂ ਦਾ ਮਾਲਕ ਜ਼ੁਅਰ-ਬਿਨ-ਮਿਸਰ
ਸੀ, ਧਾਣੇ=ਧਸੇ ਹੋਏ, ਕਿਰਬਾਨ=ਕਮਾਨ ਰੱਖਣ ਵਾਲਾ ਕਮਾਨਦਾਨ, ਜਾਗ ਲੱਧੀ=
ਜਾਗ ਉੱਠੀ)

62. ਰਾਂਝਾ

ਰਾਂਝਾ ਆਖਦਾ ਇਹ ਜਹਾਨ ਸੁਫ਼ਨਾ, ਮਰ ਜਾਵਣਾ ਈਂ ਮਤਵਾਲੀਏ ਨੀ ।
ਤੁਸਾਂ ਜਿਹਿਆਂ ਪਿਆਰਿਆਂ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ ।
ਏਡਾ ਹੁਸਨ ਦਾ ਨਾ ਗੁਮਾਨ ਕੀਜੇ, ਇਹ ਲੈ ਪਲੰਘ ਹਈ ਸਣੇ ਨਿਹਾਲੀਏ ਨੀ ।
ਅਸਾਂ ਰੱਬ ਦਾ ਆਸਰਾ ਰੱਖਿਆ ਏ, ਉੱਠ ਜਵਾਨਾਂ ਈਂ ਨੈਣਾਂ ਵਾਲੀਏ ਨੀ ।
ਵਾਰਿਸ ਸ਼ਾਹ ਦੇ ਮਗਰ ਨਾ ਪਈਂ ਮੋਈਏ, ਏਸ ਭੈੜੇ ਦੀ ਗੱਲ ਨੂੰ ਟਾਲੀਏ ਨੀ ।
(ਮਤਵਾਲੀ=ਮਸਤ, ਲਾਜ਼ਮ=ਜ਼ਰੂਰੀ, ਹਈ=ਹੈ,ਆਹ ਪਿਆ ਹੈ, ਨਿਹਾਲੀ=ਲੇਫ਼)

63. ਹੀਰ

ਇਹ ਹੀਰ ਤੇ ਪਲੰਘ ਸਭ ਥਾਉਂ ਤੇਰਾ, ਘੋਲ ਘੱਤੀਆਂ ਜਿਊੜਾ ਵਾਰਿਆ ਈ ।
ਨਾਹੀਂ ਗਾਲ੍ਹ ਕੱਢੀ ਹੱਥ ਜੋੜਨੀ ਹਾਂ, ਹਥ ਲਾਇ ਨਾਹੀਂ ਤੈਨੂੰ ਮਾਰਿਆ ਈ ।
ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੋੜਮਮਾਂ ਸਾਰਿਆਂ ਈ ।
ਅਸਾਂ ਹਸ ਕੇ ਆਣ ਸਲਾਮ ਕੀਤਾ, ਆਖ ਕਾਸ ਨੂੰ ਮਕਰ ਪਸਾਰਿਆ ਈ ।
ਸੁੰਞੇ ਪਰ੍ਹੇ ਸਨ ਤ੍ਰਿੰਞਣੀਂ ਚੈਨ ਨਾਹੀਂ, ਅੱਲ੍ਹਾ ਵਾਲਿਆ ਤੂੰ ਸਾਨੂੰ ਤਾਰਿਆ ਈ ।
ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸ ਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ ।
(ਕੋੜਮਾ=ਸਾਰਾ ਪਰਵਾਰ,ਖ਼ਾਨਦਾਨ ਸ਼ਰੀਕ=ਸਾਥੀ,ਉਹਦੇ ਜਿਹਾ)

64. ਰਾਂਝਾ

ਮਾਨ-ਮੱਤੀਏ ਰੂਪ ਗੁਮਾਨ ਭਰੀਏ, ਅਠਖੇਲੀਏ ਰੰਗ ਰੰਗੀਲੀਏ ਨੀ ।
ਆਸ਼ਕ ਭੌਰ ਫ਼ਕੀਰ ਤੇ ਨਾਗ ਕਾਲੇ, ਬਾਝ ਮੰਤਰੋਂ ਮੂਲ ਨਾ ਕੀਲੀਏ ਨੀ ।
ਏਹ ਜੋਬਨਾ ਠਗ ਬਾਜ਼ਾਰ ਦਾ ਈ, ਟੂਣੇ-ਹਾਰੀਏ ਛੈਲ ਛਬੀਲੀਏ ਨੀ ।
ਤੇਰੇ ਪਲੰਘ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਏ ਨੀ ।
ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ, ਬੋਲ ਨਾਲ ਜ਼ਬਾਨ ਰਸੀਲੀਏ ਨੀ ।
(ਸ਼ੁਹਦਿਆਂ=ਕਮਜ਼ੋਰਾਂ, ਬਖ਼ੀਲੀ=ਕੰਜੂਸੀ,ਨਾਮਿਹਰਬਾਨੀ, ਬਿਨ ਕਾਰਦੋਂ=
ਛੁਰੀ ਜਾਂ ਕਟਾਰੀ ਦੇ ਬਗ਼ੈਰ)

65. ਰਾਂਝੇ ਤੋ ਹੀਰ ਨੇ ਹਾਲ ਪੁੱਛਣਾ

ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਖਾਂ ਕਿਧਰੋਂ ਆਵਨਾ ਏਂ ।
ਕਿਸ ਮਾਨ-ਮੱਤੀ ਘਰੋਂ ਕਢਿਉਂ ਤੂੰ, ਜਿਸ ਵਾਸਤੇ ਫੇਰੀਆਂ ਪਾਵਨਾ ਏਂ ।
ਕੌਣ ਛਡ ਆਇਉਂ ਪਿੱਛੇ ਮਿਹਰ ਵਾਲੀ, ਜਿਸ ਦੇ ਵਾਸਤੇ ਪੱਛੋਤਾਵਨਾ ਏਂ ।
ਕੌਣ ਜ਼ਾਤ ਤੇ ਵਤਨ ਕੀ ਸਾਈਆਂ ਦਾ, ਅਤੇ ਜੱਦ ਦਾ ਕੌਣ ਸਦਾਵਨਾਂ ਏਂ ।
ਤੇਰੇ ਵਾਰਨੇ ਚੌਖਨੇ ਜਾਨੀਆਂ ਮੈਂ, ਮੰਙੂ ਬਾਬਲੇ ਦਾ ਚਾਰ ਲਿਆਵਨਾ ਏਂ ।
ਮੰਙੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਵੀ ਫੰਧ ਲੱਗੇ ਜੇ ਤੂੰ ਲਾਵਨਾ ਏਂ ।
ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ, ਸਭੇ ਭੁਲ ਜਾਣੀਂ ਜਿਹੜੀਆਂ ਗਾਵਨਾਂ ਏਂ ।
(ਵਾਟ=ਰਾਹ, ਮੰਙੂ=ਚੌਣਾ,ਗਾਵਾਂ ਮੱਝਾਂ, ਚਾਕ=ਚਾਕਰ, ਚਹੀਕ=ਇੱਕ ਗੁਲਾਬੀ
ਰੰਗ ਦੀ ਕਾਹੀ, ਦਰਿਆਵਾਂ ਦੇ ਕੰਢੇ ਤੇ ਹੁੰਦੀ ਹੈ ਅਤੇ ਮਾਲ ਡੰਗਰ ਇਸ ਨੂੰ ਬੜ
ਸ਼ੌਕ ਨਾਲ ਖਾਂਦਾ ਹੈ, ਮੁੱਢੇ ਕਮਾਦ ਦੇ ਗੰਨੇ ਦੀ ਪੋਰੀ ਨੂੰ ਵੀ ਚਹੀਕ ਆਖਦੇ ਹਨ)

66. ਰਾਂਝਾ

ਤੁਸਾਂ ਜਹੇ ਮਾਸ਼ੂਕ ਜੇ ਥੀਣ ਰਾਜ਼ੀ, ਮੰਗੂ ਨੈਣਾਂ ਦੀ ਧਾਰ ਵਿੱਚ ਚਾਰੀਏ ਨੀ ।
ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ ।
ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ ।
ਗੱਲ ਘਤ ਜੰਜਾਲ ਕੰਗਾਲ ਮਾਰੇਂ, ਜਾਇ ਤ੍ਰਿੰਞਣੀਂ ਵੜੇਂ ਕੁਆਰੀਏ ਨੀ ।
(ਜੰਜਾਲ=ਮੁਸੀਬਤ, ਕੰਗਾਲ=ਗ਼ਰੀਬ)

67. ਹੀਰ

ਹੱਥ ਬੱਧੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਞਣਾਂ ਨਾਲ ਸਹੇਲੀਆਂ ਦੇ ।
ਹੋਸਣ ਨਿਤ ਬਹਾਰਾਂ ਤੇ ਰੰਗ ਘਣੇ,ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ ।
ਸਾਨੂੰ ਰੱਬ ਨੇ ਚਾਕ ਮਿਲਾਇ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ ।
ਦਿਨੇ ਬੇਲਿਆਂ ਦੇ ਵਿੱਚ ਕਰੀਂ ਮੌਜਾਂ, ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ ।
(ਬੇਲੀ=ਦੋਸਤ,ਯਾਰ, ਅਰਬੇਲੀ=ਅਲਬੇਲੀ)

68. ਰਾਂਝਾ

ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ ।
ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਸਾਡੀ ਕੋਈ ਨਾ ਲਏਗਾ ਸਾਰ ਹੀਰੇ ।
ਟਿੱਕੀ ਦੇਇ ਕੇ ਵਿਹੜਿਉਂ ਕਢ ਛੱਡੇਂ, ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ ।
ਸਾਡੇ ਨਾਲ ਜੇ ਤੋੜ ਨਿਬਾਹੁਣੀ ਏਂ, ਸੱਚਾ ਦੇਹ ਖਾਂ ਕੌਲ ਕਰਾਰ ਹੀਰੇ ।
(ਭੰਡਾਰ=ਤ੍ਰਿੰਞਣ,ਛੋਪੇ ਪਾਉਣ ਦੀ ਥਾਂ, ਸਾਰ=ਖ਼ਬਰ)

69. ਹੀਰ

ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ ।
ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ ।
ਖ਼ੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ ।
ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ ।
(ਖ਼ੁਆਜਾ ਖਿਜ਼ਰ=ਖੁਦਾ ਦਾ ਇੱਕ ਨਬੀ ਜਿਹੜਾ ਹਜ਼ਰਤ ਮੂਸਾ ਦੇ ਸਮੇਂ
ਹੋਇਆ, ਇਹ ਪਾਣੀਆਂ ਦਾ ਪੀਰ ਮੰਨਿਆ ਜਾਂਦਾ ਹੈ ਤੇ ਮਲਾਹ ਇਹਦੇ
ਨਾਂ ਦਾ ਦੀਵਾ ਬਾਲਦੇ ਹਨ ਅਤੇ ਨਿਆਜ਼ਾਂ ਵੰਡਦੇ ਹਨ । ਖ਼ਿਜ਼ਰ ਭੁੱਲਿਆਂ
ਨੂੰ ਰਾਹ ਦੱਸਣ ਵਾਲਾ ਪੀਰ ਹੈ, ਲੋੜਾਂ=ਲੱਭਾਂ;
ਪਾਠ ਭੇਦ: ਤੇਰੇ ਬਾਝ=ਵਾਰਿਸ ਸ਼ਾਹ)

70. ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ

ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ ।
ਸਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ ।
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ ।
ਏਥੋਂ ਛੱਡ ਈਮਾਨ ਜੇ ਨੱਸ ਜਾਸੇਂ, ਅੰਤ ਰੋਜ਼ ਕਿਆਮਤੇ ਮੇਲੜਾ ਈ ।
(ਜਾਲਣਾ=ਸਹਿਣਾ, ਦੁਹੇਲੜਾ=ਔਖਾ,ਮੁਸ਼ਕਿਲ, ਤਾਬ=ਗਰਮੀ,ਤਕਲੀਫ)

71. ਹੀਰ ਦਾ ਰਾਂਝੇ ਨੂੰ ਚੂਚਕ ਕੋਲ ਲਿਜਾਣਾ

ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ ਈ ।
ਪਾਸਾ ਜਾਨ ਦਾ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ ।
ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮਹਿਰ ਚੂਚਕੇ ਪਾਸ ਸਿਧਾਰਿਆ ਈ ।
ਅੱਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਲ੍ਹਾਰਿਆ ਈ ।
72. ਹੀਰ ਆਪਣੇ ਬਾਪ ਨੂੰ

ਹੀਰ ਜਾਇ ਕੇ ਆਖਦੀ ਬਾਬਲਾ ਵੇ, ਤੇਰੇ ਨਾਉਂ ਤੋਂ ਘੋਲ ਘੁਮਾਈਆਂ ਮੈਂ ।
ਜਿਸ ਆਪਣੇ ਰਾਜ ਦੇ ਹੁਕਮ ਅੰਦਰ, ਵਿੱਚ ਸਾਂਦਲ-ਬਾਰ ਖਿਡਾਈਆਂ ਮੈਂ ।
ਲਾਸਾਂ ਪੱਟ ਦੀਆਂ ਪਾਇ ਕੇ ਬਾਗ਼ ਕਾਲੇ, ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ ।
ਮੇਰੀ ਜਾਨ ਬਾਬਲ ਜੀਵੇ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ ।
(ਸਾਂਦਲ ਬਾਰ=ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਇਲਾਕਾ,
ਲਾਸਾਂ=ਰੱਸੇ, ਪਟ=ਰੇਸ਼ਮ, ਪੀਂਘਾਈਆਂ=ਚੜ੍ਹਾਈਆਂ,ਝੂਟੀਆਂ, ਧੌਲ=
ਜਿਸ ਬਲਦ ਨੇ ਆਪਣੇ ਸਿੰਗਾਂ ਤੇ ਧਰਤੀ ਚੁੱਕੀ ਮੰਨਿਆਂ ਜਾਂਦਾ ਹੈ;
ਪਾਠ ਭੇਦ: ਮਾਹੀ ਮਹੀਂ ਦਾ=ਵਾਰਿਸ ਸ਼ਾਹ)

73. ਹੀਰ ਦਾ ਬਾਪ ਚੂਚਕ ਤੇ ਹੀਰ

ਬਾਪ ਹਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ ।
ਹੱਥ ਲਾਇਆਂ ਪਿੰਡੇ ਤੇ ਦਾਗ਼ ਪੈਂਦ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ ।
ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ ।
ਮਾਲ ਆਪਣਾ ਜਾਨ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰ ਦਾ ਹੈ ।
ਹਿੱਕੇ ਨਾਲ ਪਿਆਰ ਦੀ ਹੂੰਗ ਦੇ ਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ ।
ਦਿਸੇ ਨੂਰ ਅੱਲਾਹ ਦਾ ਮੁਖੜੇ ਤੇ, ਮਨੋਂ ਰਬ ਹੀ ਰਬ ਚਿਤਾਰਦਾ ਹੈ ।
(ਦਰਕਾਰ=ਕੰਮ ਦਾ,ਲੋੜ, ਕੋਟ=ਕਿਲ੍ਹਾ, ਹੂੰਗ=ਹੂੰਗਾ ਮਾਰ ਕੇ;
ਪਾਠ ਭੇਦ: ਮਨੋਂ ਰਬ ਹੀ ਰਬ=ਵਾਰਿਸ ਸ਼ਾਹ ਨੂੰ ਪਿਆ)

74. ਹੀਰ ਦੇ ਬਾਪ ਦਾ ਪੁੱਛਣਾ

ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ, ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ ।
ਕੀਕੂੰ ਰਿਜ਼ਕ ਨੇ ਆਣ ਉਦਾਸ ਕੀਤਾ, ਏਹਨੂੰ ਕਿਹੜੇ ਪੀਰ ਦੀ ਓਟ ਹੈ ਨੀ ।
ਫ਼ੌਜਦਾਰ ਵਾਂਗੂੰ ਕਰ ਕੂਚ ਧਾਣਾ, ਮਾਰ ਜਿਵੇਂ ਨਕਾਰੇ ਤੇ ਚੋਟ ਹੈ ਨੀ ।
ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ ।
(ਅਕਲ ਸ਼ਊਰ=ਸੂਝ ਬੂਝ, ਰਿਜ਼ਕ =ਰੋਟੀ, ਧਣਾ=ਕੀਤਾ, ਤ੍ਰੋਟ=ਥੁੜ੍ਹ;
ਪਾਠ ਭੇਦ: ਕਿਹੜੀ ਗੱਲ ਦੀ ਏਸ ਨੂੰ ਤ੍ਰੋਟ=ਵਾਰਿਸ ਸ਼ਾਹ ਦਾ ਕੇਹੜਾ ਕੋਟ)

75. ਹੀਰ ਨੇ ਬਾਪ ਨੂੰ ਦੱਸਣਾ

ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ ।
ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ, ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ ।
ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖ਼ੀ ਜੀਉ ਦਾ ਨਹੀਂ ਬਖ਼ੀਲ ਹੈ ਜੀ ।
ਗੱਲ ਸੋਹਣੀ ਪਰ੍ਹੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ ।
(ਅਸੀਲ=ਅੱਛੀ ਨਸਲ ਦਾ, ਬੂਪੜਾ=ਬੀਬੜਾ,ਭੋਲਾ, ਬਖ਼ੀਲ=ਕੰਜੂਸ, ਲਾਈ=
ਸਾਲਸ,ਪੰਚਾਇਤੀ)

76. ਚੂਚਕ

ਕੇਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ, ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ ।
ਪਾੜ ਝੀੜ ਕਰ ਆਂਵਦਾ ਕਿੱਤ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ ।
ਕਿਸ ਗੱਲ ਤੋਂ ਰੁਸਕੇ ਉਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ ।
ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ ਵੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ ।
77. ਹੀਰ

ਲਾਈ ਹੋਇ ਕੇ ਮਾਮਲੇ ਦੱਸ ਦੇਂਦਾ, ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ ।
ਬਾਹੋਂ ਪਕੜ ਕੇ ਕੰਢੇ ਦੇ ਪਾਰ ਲਾਵੇ, ਹਥੋਂ ਕਢ ਦੇਂਦਾ ਖੋਜ ਝੇੜਿਆਂ ਦੇ ।
ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ, ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ ।
ਧਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ, ਠੰਡ ਪਾਂਵਦਾ ਵਿੱਚ ਬਖੇੜਿਆਂ ਦੇ ।
ਸਭ ਰਹੀ ਰਹੁੰਨੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ ।
ਵਾਰਿਸ ਸ਼ਾਹ ਜਵਾਨ ਹੈ ਭਲਾ ਰਾਂਝਾ, ਜਿੱਥੇ ਨਿੱਤ ਪੌਂਦੇ ਲਖ ਭੇੜਿਆਂ ਦੇ ।
(ਮੁਨਸਫ=ਇਨਸਾਫ ਕਰਨ ਵਾਲਾ, ਫੇੜੇ=ਝਗੜੇ, ਵਰ੍ਹੀ=ਰੱਸੀ, ਪਾੜ=ਟੱਕ,
ਧਾੜਾ=ਡਾਕੂਆਂ ਵੱਲੋਂ ਕੀਤੀ ਲੁੱਟ, ਰਹੀ ਰਹੁੰਨੀ=ਇਕੱਲੀ ਰਹੀ, ਹੇੜਿਆਂ=
ਸ਼ਿਕਾਰੀਆਂ, ਭੇੜੇ=ਲੜਾਈ,ਝਗੜੇ)

78. ਚੂਚਕ ਦੀ ਮਨਜ਼ੂਰੀ

ਤੇਰ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ ।
ਖ਼ਬਰਦਾਰ ਰਹੇ ਮਝੀਂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ ।
ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ, ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ ।
ਮਤਾਂ ਖੇਡ ਰੁੱਝੇ ਖੜੀਆਂ ਜਾਣ ਮੱਝੀਂ, ਹੋਵਣ ਪਿੰਡ ਦੇ ਵਿੱਚ ਖ਼ੁਆਰੀਆਂ ਨੀ ।
(ਖੰਧਿਆਂ= ਚੌਣਾ,ਵੱਗ)

79. ਹੀਰ ਨੇ ਮਾਂ ਨੂੰ ਖ਼ਬਰ ਦੱਸਣੀ

ਪਾਸ ਮਾਉਂ ਦੇ ਨਢੜੀ ਗੱਲ ਕੀਤੀ, ਮਾਹੀ ਮਝੀਂ ਦਾ ਆਣ ਕੇ ਛੇੜਿਆ ਮੈਂ ।
ਨਿੱਤ ਪਿੰਡ ਦੇ ਵਿੱਚ ਵਿਚਾਰ ਪੌਂਦੀ, ਏਹ ਝਗੜਾ ਚਾਇ ਨਿਬੇੜਿਆ ਮੈਂ ।
ਸੁੰਞਾ ਨਿੱਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਘੜ ਹੈ ਆਣ ਸਹੇੜਿਆ ਮੈਂ ।
ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ ।
80. ਰਾਂਝੇ ਨੂੰ ਹੀਰ ਦਾ ਉੱਤਰ

ਮੱਖਣ ਖੰਡ ਪਰਉਂਠੇ ਖਾਹ ਮੀਆਂ, ਮਹੀਂ ਛੇੜ ਦੇ ਰਬ ਦੇ ਆਸਰੇ ਤੇ ।
ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ ।
ਹੀਰ ਆਖਦੀ ਰਬ ਰੱਜ਼ਾਕ ਤੇਰਾ, ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ ।
ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ, ਆਪ ਹੋ ਬਹੀਂ ਇੱਕ ਪਾਸੜੇ ਤੇ ।
(ਕਾਸੜੇ=ਭਾਂਡੇ, ਰੱਜ਼ਾਕ=ਰਿਜ਼ਕ ਦੇਣ ਵਾਲਾ)

81. ਪੰਜਾਂ ਪੀਰਾਂ ਨਾਲ ਮੁਲਾਕਾਤ

ਬੇਲੇ ਰਬ ਦਾ ਨਾਉਂ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ ।
ਉਹਦੀ ਨੇਕ ਸਾਇਤ ਰੁਜੂ ਆਣ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ।
ਬੱਚਾ ਖਾਹ ਚੂਰੀ ਚੋਇ ਮਝ ਬੂਰੀ, ਜੀਊ ਵਿੱਚ ਨਾ ਹੋਇ ਦਿਲਗੀਰ ਮੀਆਂ ।
ਕਾਈ ਨਢੜੀ ਸੋਹਨੀ ਕਰੋ ਬਖ਼ਸ਼ਿਸ਼, ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ ।
ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ, ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ ।
(ਜ਼ਹੀਰ=ਦੁਖੀ, ਨੇਕ ਸਾਇਤ ਰੁਜੂ ਆਣ ਹੋਈ=ਸ਼ੁਭ ਘੜੀ ਆ ਗਈ,
ਦਿਲਗੀਰ=ਗ਼ਮਨਾਕ, ਭੀੜ=ਔਖਾ ਵੇਲਾ,ਤਕਲੀਫ਼)

82. ਪੀਰਾਂ ਦੀ ਬਖਸ਼ਿਸ਼

ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ, ਮੁਲਤਾਨ ਦਾ ਜ਼ਕਰੀਆ ਪੀਰ ਨੂਰੀ ।
ਹੋਰ ਸਈਅੱਦ ਜਲਾਲ ਬੁਖ਼ਾਰੀਆ ਸੀ, ਅਤੇ ਲਾਲ ਸ਼ਾਹਬਾਜ਼ ਬਹਿਸ਼ਤ ਹੂਰੀ ।
ਤੁੱਰਾ ਖ਼ਿਜ਼ਰ ਰੁਮਾਲ ਸ਼ੱਕਰ ਗੰਜ ਦਿੱਤਾ, ਅਤੇ ਮੁੰਦਰੀ ਲਾਲ ਸ਼ਹਿਬਾਜ਼ ਨੂਰੀ ।
ਖੰਜਰ ਸਈਅੱਦ ਜਲਾਲ ਬੁਖਖ਼ਾਰੀਏ ਨੇ, ਖੂੰਡੀ ਜ਼ਕਰੀਏ ਪੀਰ ਨੇ ਹਿੱਕ ਬੂਰੀ ।
ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ, ਵਾਰਿਸ ਸ਼ਾਹ ਨਾ ਜਾਨਣਾ ਪਲਕ ਦੂਰੀ ।
(ਪੰਜ ਪੀਰ=1. ਖ਼ਵਾਜਾ ਖਿਜ਼ਰ, 2. ਸ਼ਕਰ ਗੰਜ, 3.ਜ਼ਕਰੀਆ ਖਾਨ,
4. ਸੱਈਅਦ ਜਲਾਲ ਬੁਖਾਰੀ, 5.ਲਾਅਲ ਸ਼ਾਹਬਾਜ਼, ਬੋਜ਼ ਘੋੜੀ=ਚਿੱਟੀ
ਘੋੜੀ, ਤੁੱਰਾ=ਸ਼ਮਲਾ, ਪਲਕ ਦੂਰੀ=ਅੱਖ ਝਪਕਣ ਜਿੰਨੀ ਦੂਰੀ)

83. ਹੀਰ ਦਾ ਭੱਤਾ ਲੈ ਕੇ ਬੇਲੇ ਨੂੰ ਜਾਣਾ

ਹੀਰ ਚਾਇ ਭੱਤਾ ਖੰਡ ਖੀਰ ਮੱਖਣ, ਮੀਆਂ ਰਾਂਝੇ ਦੇ ਪਾਸ ਲੈ ਧਾਂਵਦੀ ਹੈ ।
ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ, ਰੋ ਰੋ ਆਪਣਾ ਹਾਲ ਸੁਣਾਂਵਦੀ ਹੈ ।
ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ, ਬਾਸ ਚੂਰੀ ਦੀ ਬੇਲਿਉਂ ਆਂਵਦੀ ਹੈ ।
ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੰਗੀ, ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ ।
(ਭੱਤਾ=ਸ਼ਾਹ ਵੇਲਾ, ਬਾਸ=ਮਹਿਕ, ਕਲ੍ਹਾ=ਫਸਾਦ)

84. ਕੈਦੋ ਰਾਂਝੇ ਕੋਲ

ਹੀਰ ਗਈ ਜਾਂ ਨਦੀ ਵਲ ਲੈਣ ਪਾਣੀ, ਕੈਦੋ ਆਣ ਕੇ ਮੁਖ ਵਿਖਾਵਾਂਦਾ ਹੈ ।
ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ, ਆਨ ਸਵਾਲ ਖ਼ੁਦਾਇ ਦਾ ਪਾਂਵਦਾ ਹੈ ।
ਰਾਂਝੇ ਰੁਗ ਭਰ ਕੇ ਚੂਰੀ ਚਾਇ ਦਿੱਤੀ, ਲੈ ਕੇ ਤੁਰਤ ਹੀ ਪਿੰਡ ਨੂੰ ਧਾਂਵਦਾ ਹੈ ।
ਰਾਂਝਾ ਹੀਰ ਨੂੰ ਪੁੱਛਦਾ ਇਹ ਲੰਙਾਂ, ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਹੈ ।
ਵਾਰਿਸ ਸ਼ਾਹ ਮੀਆਂ ਜਿਵੇਂ ਪੱਛ ਕੇ ਤੇ, ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ ।
85. ਹੀਰ

ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਸਾਡਾ ਕੰਮ ਹੈ ਨਾਲ ਵੈਰਾਈਆਂ ਦੇ ।
ਸਾਡੇ ਖੋਜ ਨੂੰ ਤਕ ਕੇ ਕਰੇ ਚੁਗਲੀ, ਦਿਨੇ ਰਾਤ ਹੈ ਵਿੱਚ ਬੁਰਿਆਈਆਂ ਦੇ ।
ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ, ਭੰਗ ਘੱਤਦਾ ਵਿੱਚ ਕੁੜਮਾਈਆਂ ਦੇ ।
ਬਾਬਾਲ ਅੰਮੜੀ ਤੇ ਜਾਇ ਠਿਠ ਕਰਸੀ, ਜਾ ਆਖਸੀ ਪਾਸ ਭਰਜਾਈਆਂ ਦੇ ।
(ਵੀਰਾਨੀ=ਪੁਰਾਣੀ ਦੁਸ਼ਮਣੀ, ਵੈਰ ਠਿਠ ਕਰਸੀ=ਮਖੌਲ ਕਰੇਗਾ)

86. ਤਥਾ

ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੇ ।
ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂਹਾਂ, ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ ।
ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ, ਉਠ ਵਗਿਆ ਕੰਡ ਵਲਾਇਕੇ ਤੇ ।
ਨੇੜੇ ਜਾਂਦਾ ਹਈ ਜਾਇ ਮਿਲ ਨੱਢੀਏ ਨੀ, ਜਾਹ ਪੁੱਛ ਲੈ ਗੱਲ ਸਮਝਾਇਕੇ ਤੇ ।
ਵਾਰਿਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀਂ, ਦੋ ਤਿੰਨ ਅੱਡੀਆਂ ਹਿਕ ਵਿਚ ਲਾਇਕੇ ਤੇ ।
(ਸੂੰਹਾ=ਸੂਹ ਕੱਢਣ ਵਾਲਾ, ਕੰਡ=ਪਿੱਠ)

87. ਹੀਰ ਦਾ ਕੈਦੋ ਨੂੰ ਟੱਕਰਨਾ

ਮਿਲੀ ਰਾਹ ਵਿੱਚ ਦੌੜ ਦੇ ਆ ਨਢੀ, ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ ।
ਨੇੜੇ ਆਣ ਕੇ ਸ਼ੀਹਣੀ ਵਾਂਗ ਗੱਜੀ ,ਅੱਖੀਂ ਰੋਹ ਦਾ ਨੀਰ ਪਲੱਟਿਆ ਸੂ ।
ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ, ਲੱਕੋਂ ਚਾਇਕੇ ਜ਼ਿਮੀਂ ਤੇ ਸੱਟਿਆ ਸੂ ।
ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ, ਧੋਬੀ ਪਟੜੇ ਤੇ ਖੇਸ ਨੂੰ ਛੱਟਿਆ ਸੂ ।
ਵਾਰਿਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ, ਸ਼ੈਤਾਨ ਨੂੰ ਜ਼ਿਮੀਂ ਤੇ ਸੱਟਿਆ ਸੂ ।
(ਸੇਲ੍ਹੀ=ਲੱਕ ਦੁਆਲੇ ਬੰਨ੍ਹੀ ਪੇਟੀ)

88. ਹੀਰ ਨੇ ਕੈਦੋਂ ਨੂੰ ਡਰਾਉਣਾ

ਹੀਰ ਢਾਇ ਕੇ ਆਖਿਆ ਮੀਆਂ ਚਾਚਾ, ਚੂਰੀ ਦੇਹ ਜੇ ਜੀਵਿਆ ਲੋੜਨਾ ਹੈਂ ।
ਨਹੀਂ ਮਾਰ ਕੇ ਜਿੰਦ ਗਵਾ ਦੇਸਾਂ, ਮੈਨੂੰ ਕਿਸੇ ਨਾ ਹਟਕਣਾ ਹੋੜਨਾ ਹੈਂ ।
ਬੰਨ੍ਹ ਪੈਰ ਤੇ ਹੱਥ ਲਟਕਾਇ ਦੇਸਾਂ, ਲੜ ਲੜਕੀਆਂ ਨਾਲ ਕੀ ਜੋੜਨਾ ਹੈਂ ।
ਚੂਰੀ ਦੇਹ ਖਾਂ ਨਾਲ ਹਯਾ ਆਪੇ, ਕਾਹੇ ਅਸਾਂ ਦੇ ਨਾਲ ਅਜੋੜਨਾ ਹੈਂ ।
(ਅਜੋੜਨਾ=ਦੁਸ਼ਮਣੀ ਕਰਨੀ)

89. ਕੈਦੋਂ ਦਾ ਪਰ੍ਹਿਆ ਵਿੱਚ ਫ਼ਰਿਆਦ ਕਰਨਾ

ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ, ਚੁਣ ਮੇਲ ਕੇ ਪਰ੍ਹੇ ਵਿਚ ਲਿਆਂਵਦਾ ਈ ।
ਕਿਹਾ ਮੰਨਦੇ ਨਹੀਂ ਸਾਉ ਮੂਲ ਮੇਰਾ, ਚੂਰੀ ਪੱਲਿਉਂ ਖੋਲ ਵਿਖਾਂਵਦਾ ਈ ।
ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ, ਨਢੀ ਮਾਰ ਕੇ ਨਹੀਂ ਸਮਝਾਂਵਦਾ ਈ ।
ਚਾਕ ਨਾਲ ਇਕੱਲੜੀ ਜਾਏ ਬੇਲੇ, ਅੱਜ ਕਲ ਕੋਈ ਲੀਕ ਲਾਂਵਦਾ ਈ ।
ਵਾਰਿਸ ਸ਼ਾਹ ਜਦੋਕਣਾ ਚਾਕ ਰੱਖਿਆ, ਓਸ ਵੇਲੜੇ ਨੂੰ ਪਛੋਤਾਂਵਦਾ ਈ ।
(ਲੀਕ ਲਾਉਣੀ=ਕਲੰਕ ਦਾ ਟਿੱਕਾ ਲਾਉਣਾ)

90. ਚੂਚਕ

ਚੂਚਕ ਆਖਿਆ ਕੂੜੀਆਂ ਕਰੇਂ ਗੱਲਾਂ, ਹੀਰ ਖੇਡਦੀ ਨਾਲ ਸਹੇਲੀਆਂ ਦੇ ।
ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ, ਤ੍ਰਿੰਞਣ ਜੋੜਦੀ ਵਿੱਚ ਹਵੇਲੀਆਂ ਦੇ ।
ਇਹ ਚੁਗ਼ਲ ਜਹਾਨ ਦਾ ਮਗਰ ਲੱਗਾ, ਫ਼ੱਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ ।
ਕਦੀ ਨਾਲ ਮਦਾਰੀਆਂ ਭੰਗ ਘੋਟੇ, ਕਦੀ ਜਾਇ ਨੱਚੇ ਨਾਲ ਚੇਲੀਆਂ ਦੇ ।
ਨਹੀਂ ਚੂਹੜੇ ਦਾ ਪੁੱਤ ਹੋਏ ਸਈਅਦ, ਘੋੜੇ ਹੋਣ ਨਾਹੀਂ ਪੁੱਤ ਲੇਲੀਆਂ ਦੇ ।
ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ, ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ ।
(ਕੂੜੀਆਂ=ਝੂਠੀਆਂ)

91. ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗ਼ਲੀ

ਮਾਂ ਹੀਰ ਦੀ ਥੇ ਲੋਕ ਕਰਨ ਚੁਗ਼ਲੀ, ਮਹਿਰੀ ਮਲਕੀਏ ਧੀ ਖ਼ਰਾਬ ਹੈ ਨੀ ।
ਅਸੀਂ ਮਾਸੀਆਂ ਫੁਫੀਆਂ ਲਜ ਮੋਈਆਂ, ਸਾਡਾ ਅੰਦਰੋਂ ਜੀਉ ਕਬਾਬ ਹੈ ਨੀ ।
ਸ਼ਮਸੁੱਦੀਨ ਕਾਜ਼ੀ ਨਿਤ ਕਰੇ ਮਸਲੇ, ਸ਼ੋਖ਼ ਧੀ ਦਾ ਵਿਆਹ ਸਵਾਬ ਹੈ ਨੀ ।
ਚਾਕ ਨਾਲ ਇਕੱਲੀਆਂ ਜਾਣ ਧੀਆਂ, ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ ।
ਤੇਰੀ ਧੀ ਦਾ ਮਗ਼ਜ਼ ਹੈ ਬੇਗ਼ਮਾਂ ਦਾ, ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ ।
ਵਾਰਿਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਣ, ਧੀ ਮਲਕੀ ਦੀ ਪੁੱਜ ਖ਼ਰਾਬ ਹੈ ਨੀ ।
(ਸਵਾਬ=ਪੁੰਨ, ਪੁੱਜ=ਬਹੁਤ)

92. ਕੈਦੋ ਦੀ ਹੀਰ ਦੀ ਮਾਂ ਕੋਲ ਚੁਗ਼ਲੀ

ਕੈਦੋ ਆਖਦਾ ਧੀ ਵਿਆਹ ਮਲਕੀ, ਧਰੋਹੀ ਰਬ ਦੀ ਮੰਨ ਲੈ ਡਾਇਣੇ ਨੀ ।
ਇੱਕੇ ਮਾਰ ਕੇ ਵੱਢ ਕੇ ਕਰਸੁ ਬੇਰੇ, ਮੂੰਹ ਸਿਰ ਭੰਨ ਚੋਆਂ ਸਾੜ ਸਾਇਣੇ ਨੀ ।
ਵੇਖ ਧੀ ਦਾ ਲਾਡ ਕੀ ਦੰਦ ਕੱਢੇਂ, ਬਹੁਤ ਝੂਰਸੇਂ ਰੰਨੇ ਕਸਾਇਣੇ ਨੀ ।
ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ, ਲਿੰਬ ਵਾਂਗ ਭੜੋਲੇ ਦੇ ਆਇਣੇ ਨੀ ।
(ਧਰੋਹੀ=ਵਾਸਤਾ, ਬੇਰੇ=ਟੋਟੇ, ਆਇਣਾ=ਭੜੋਲੇ ਦਾ ਮੂੰਹ)

93. ਮਲਕੀ ਦਾ ਗ਼ੁੱਸਾ

ਗ਼ੁੱਸੇ ਨਾਲ ਮਲਕੀ ਤਪ ਲਾਲ ਹੋਈ, ਝੱਬ ਦੌੜ ਤੂੰ ਮਿੱਠੀਏ ਨਾਇਣੇ ਨੀ ।
ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ, ਤੈਨੂੰ ਮਾਉਂ ਸਦੇਂਦੀ ਹੈ ਡਾਇਣੇ ਨੀ ।
ਨੀ ਖੜਦੁੰਬੀਏ ਮੂਨੇ ਪਾੜ੍ਹੀਏ ਨੀ, ਮੁਸ਼ਟੰਡੀਏ ਬਾਰ ਦੀਏ ਵਾਇਣੇ ਨੀ ।
ਵਾਰਿਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ, ਘਰ ਆ ਸਿਆਪੇ ਦੀਏ ਨਾਇਣੇ ਨੀ ।
(ਖੜਦੁੰਬੀ=ਖੜੀ ਪੂੰਛ ਵਾਲੀ, ਮੂਨ=ਕਾਲੀ ਹਿਰਨੀ, ਪਾੜ੍ਹਾ=ਹਿਰਨ ਦੀ
ਨਸਲ ਦਾ ਜਾਨਵਰ, ਵਾਇਣ=ਨਾਚੀ,ਨੱਚਣ ਵਾਲੀ)

94. ਹੀਰ ਦਾ ਮਾਂ ਕੋਲ ਆਉਣਾ

ਹੀਰ ਆਇ ਕੇ ਆਖਦੀ ਹੱਸ ਕੇ ਤੇ, ਅਨੀ ਝਾਤ ਨੀ ਅੰਬੜੀਏ ਮੇਰੀਏ ਨੀ ।
ਤੈਨੂੰ ਡੂੰਘੜੇ ਖੂਹ ਵਿੱਚ ਚਾਇ ਬੋੜਾਂ, ਕੁੱਲ ਪੱਟੀਉ ਬਚੜੀਏ ਮੇਰੀਏ ਨੀ ।
ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ, ਚੁਪ ਕੀਤੜੇ ਚਾ ਨਬੇੜੀਏ ਨੀ ।
ਤੈਨੂੰ ਵੱਡਾ ਉਦਮਾਦ ਆ ਜਾਗਿਆ ਏ, ਤੇਰੇ ਵਾਸਤੇ ਮੁਣਸ ਸਹੇੜੀਏ ਨੀ ।
ਧੀ ਜਵਾਨ ਜੇ ਨਿਕਲੇ ਘਰੋਂ ਬਾਹਰ, ਲੱਗੇ ਵੱਸ ਤਾਂ ਖੂਹ ਨਘੇਰੀਏ ਨੀ ।
ਵਾਰਿਸ ਜਿਉਂਦੇ ਹੋਣ ਜੇ ਭੈਣ ਭਾਈ, ਚਾਕ ਚੋਬਰਾਂ ਨਾਂਹ ਸਹੇੜੀਏ ਨੀ ।
(ਬੋੜਾਂ=ਡੋਬਾਂ, ਨਬੇੜੀਏ=ਮਾਰ ਦੇਈਏ, ਉਦਮਾਦ=ਕਾਮ ਖੁਮਾਰੀ,
ਨਘੇਰੀਏ =ਸੁਟ ਦੇਈਏ, ਚੋਬਰ=ਹੱਟਾ ਕੱਟਾ)

95. ਮਾਂ ਨੇ ਹੀਰ ਨੂੰ ਡਰਾਉਣਾ

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ, ਕਰੇ ਫਿਕਰ ਉਹ ਤੇਰੇ ਮੁਕਾਵਣੇ ਦਾ ।
ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਕੇਹਾ ਫ਼ਾਇਦਾ ਮਾਪਿਆਂ ਤਾਵਣੇ ਦਾ ।
ਨਕ ਵੱਢ ਕੇ ਕੋੜਮਾਂ ਗਾਲਿਉ ਈ, ਹੋਇਆ ਫ਼ਾਇਦਾ ਲਾਡ ਲਡਾਵਣੇ ਦਾ ।
ਰਾਤੀਂ ਚਾਕ ਨੂੰ ਚਾਇ ਜਵਾਬ ਦੇਸਾਂ, ਨਹੀਂ ਸ਼ੌਕ ਏ ਮਹੀਂ ਚਰਵਾਣੇ ਦਾ ।
ਆ ਮਿੱਠੀਏ ਲਾਹ ਨੀ ਸਭ ਗਹਿਣੇ, ਗੁਣ ਕੀ ਹੈ ਗਹਿਣਿਆਂ ਪਾਵਣੇ ਦਾ ।
ਵਾਰਿਸ ਸ਼ਾਹ ਮੀਆਂ ਛੋਹਰੀ ਦਾ, ਜੀਉ ਹੋਇਆ ਈ ਲਿੰਗ ਕੁਟਾਵਣੇ ਦਾ ।
(ਲਿੰਗ ਕੁਟਾਵਣੇ=ਕੁੱਟ ਖਾਣ ਦਾ)

96. ਹੀਰ ਦਾ ਉੱਤਰ

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ ।
ਇਹੋ ਜਹੇ ਜੇ ਆਦਮੀ ਹੱਥ ਆਵਣ, ਸਾਰਾ ਮੁਲਕ ਹੀ ਰਬ ਥੀਂ ਦੁਆ ਮੰਗੇ ।
ਜਿਹੜੇ ਰਬ ਕੀਤੇ ਕੰਮ ਹੋਇ ਰਹੇ, ਸਾਨੂੰ ਮਾਂਓਂ ਕਿਉਂ ਗ਼ੈਬ ਦੇ ਦਏਂ ਪੰਗੇ ।
ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ ।
ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ ।
ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ, ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ ।
97. ਹੀਰ ਦੇ ਮਾਂ ਪਿਉ ਦੀ ਸਲਾਹ

ਮਲਕੀ ਆਖ਼ਦੀ ਚੂਚਕਾ ਬਣੀ ਔਖੀ, ਸਾਨੂੰ ਹੀਰ ਦਿਆਂ ਮਿਹਣਿਆਂ ਖ਼ੁਆਰ ਕੀਤਾ ।
ਤਾਹਨੇ ਦੇਣ ਸ਼ਰੀਕ ਤੇ ਲੋਕ ਸਾਰੇ, ਚੌਤਰਫਿਉਂ ਖੁਆਰ ਸੰਸਾਰ ਕੀਤਾ ।
ਵੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ, ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ ।
ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ ।
ਕੱਢ ਚਾਕ ਨੂੰ ਖੋਹ ਲੈ ਮਹੀਂ ਸੱਭੇ, ਅਸਾਂ ਚਾਕ ਥੋਂ ਜੀਉ ਬੇਜ਼ਾਰ ਕੀਤਾ ।
ਇੱਕੇ ਧੀ ਨੂੰ ਚਾਘੜੇ ਡੋਬ ਕਰੀਏ, ਜਾਣੋਂ ਰਬ ਨੇ ਚਾ ਗੁਨ੍ਹਾਗਾਰ ਕੀਤਾ ।
ਝੱਬ ਵਿਆਹ ਕਰ ਧੀ ਨੂੰ ਕੱਢ ਦੇਸੋਂ, ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ ।
ਵਾਰਿਸ ਸ਼ਾਹ ਨੂੰ ਹੀਰ ਫ਼ੁਆਰ ਕੀਤਾ, ਨਹੀਂ ਰੱਬ ਸੀ ਸਾਹਿਬ ਸਰਦਾਰ ਕੀਤਾ ।
(ਚਾਘੜੇ=ਡੂੰਘੇ ਪਾਣੀ ਵਿਚ, ਬੇਜ਼ਾਰ=ਦੁਖੀ)

98. ਚੂਚਕ

ਚੂਚਕ ਆਖਦਾ ਮਲਕੀਏ ਜੰਮਦੀ ਨੂੰ, ਗਲ ਘੁਟਕੇ ਕਾਹੇ ਨਾ ਮਾਰਿਉ ਈ ।
ਘੁੱਟੀ ਅੱਕ ਦੀ ਘੋਲ ਨਾ ਦਿੱਤੀਆ ਈ, ਉਹ ਅੱਜ ਸਵਾਬ ਨਿਤਾਰਿਉ ਈ ।
ਮੰਝ ਡੂੰਘੜੇ ਵਹਿਣ ਨਾ ਬੋੜਿਆ ਈ, ਵੱਢ ਬੋੜ ਕੇ ਮੂਲ ਨਾ ਮਾਰਿਉ ਈ ।
ਵਾਰਿਸ ਸ਼ਾਹ ਖ਼ੁਦਾ ਦਾ ਖ਼ੌਫ਼ ਕੀਤੋ, ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਉ ਈ ।
(ਖ਼ੌਫ਼=ਡਰ, ਕਾਰੂੰ=ਹਜ਼ਰਤ ਮੂਸਾ ਦੇ ਵੇਲੇ ਬਨੀ ਇਸਰਾਈਲ ਦਾ ਇੱਕ
ਬਹੁਤ ਹੀ ਮਾਲਦਾਰ ਕੰਜੂਸ ਅਤੇ ਘੁਮੰਡੀ ਪੁਰਸ਼ ਸੀ, ਫਰਊਨ ਦੇ ਦਰਬਾਰ
ਵਿੱਚ ਇਹਦਾ ਬਹੁਤ ਰਸੂਖ ਸੀ ।ਇਹਦਾ ਨਾਂ ਵੱਡੇ ਖ਼ਜ਼ਾਨਿਆਂ ਨਾਲ ਜੋੜਿਆ
ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਇਹਦੇ ਖਜ਼ਾਨਿਆਂ ਦੀਆਂ ਚਾਬੀਆਂ ਚਾਲੀ
ਊਠਾਂ ਤੇ ਲੱਦੀਆਂ ਜਾਂਦੀਆਂ ਸਨ । ਰੱਬ ਦੇ ਰਾਹ ਵਿੱਚ ਇੱਕ ਦਮੜੀ ਵੀ
ਖਰਚ ਨਹੀਂ ਕਰਦਾ ਸੀ । ਅਖੀਰ ਰੱਬ ਦੇ ਕਹਿਰ ਨਾਲ ਸਣੇ ਮਾਲ ਧਨ
ਧਰਤੀ ਵਿੱਚ ਹੀ ਧਸ ਗਿਆ)

99. ਚੂਚਕ ਰਾਂਝੇ ਨੂੰ

ਰਾਤੀਂ ਰਾਂਝੇ ਨੇ ਮਹੀਂ ਜਾਂ ਆਣ ਢੋਈਆਂ, ਚੂਚਕ ਸਿਆਲ ਮੱਥੇ ਵੱਟ ਪਾਇਆ ਈ ।
ਭਾਈ ਛੱਡ ਮਹੀਂ ਉਠ ਜਾ ਘਰ ਨੂੰ, ਤੇਰਾ ਤੌਰ ਬੁਰਾ ਨਜ਼ਰ ਆਇਆ ਈ ।
ਸਿਆਲ ਕਹੇ ਭਾਈ ਸਾਡੇ ਕੰਮ ਨਾਹੀਂ, ਜਾਏ ਉਧਰੇ ਜਿਧਰੋਂ ਆਇਆ ਈ ।
ਅਸਾਂ ਸਾਨ੍ਹ ਨਾ ਰਖਿਆ ਨੱਢੀਆਂ ਦਾ, ਧੀਆਂ ਚਾਰਨੀਆਂ ਕਿਸ ਬਤਾਇਆ ਈ ।
'ਇੱਤਕੱਵਾ ਮਵਾਜ਼ਿ ਅਤੁਹਮ', ਵਾਰਿਸ ਸ਼ਾਹ ਇਹ ਧੁਰੋਂ ਫ਼ੁਰਮਾਇਆ ਈ ।
(ਇੱਤਕੱਵਾ ਮਵਾਜ਼ਿ ਅਤੁਹਮ=ਤੁਹਮਤ ਵਾਲੀਆਂ ਥਾਵਾਂ ਤੋਂ ਬਚੋ)

100. ਚੂਚਕ ਤੇ ਰਾਂਝਾ

'ਵੱਲੋ ਬਸਤ ਅਲਹੁ ਰਿਜ਼ਕ ਲਇਬਾਦਹ', ਰੱਜ ਖਾਇਕੇ ਮਸਤੀਆਂ ਚਾਈਆਂ ਨੀ ।
'ਕੁਲੂ ਵਸ਼ਰਬੂ' ਰੱਬ ਨੇ ਹੁਕਮ ਦਿੱਤਾ, ਨਹੀਂ ਮਸਤੀਆਂ ਲਿਖੀਆਂ ਆਈਆਂ ਨੀ ।
ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁਧ ਮਲਾਈਆਂ ਨੀ ।
'ਵਮਾ ਮਿਨ ਦਆਬੱਤਨਿ ਫ਼ਿਲ ਅਰਜ਼', ਇਹ ਆਇਤਾਂ ਧੁਰੋਂ ਫ਼ੁਰਮਾਈਆਂ ਨੀ ।
ਵਾਰਿਸ ਸ਼ਾਹ ਮੀਆਂ ਰਿਜ਼ਕ ਰੱਬ ਦੇਸੀ, ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ ।
(ਵੱਲੋ ਬਸਤ ਅਲਹੁ ਰਿਜ਼ਕ=(ਕੁਰਾਨ ਮਜੀਦ ਵਿੱਚੋਂ) ਰੱਜ ਖਾਣ ਦੀਆਂ ਮਸਤੀਆਂ,
ਕੁਲੂ ਵਸ਼ਰਬੂ… ਵਮਾ ਮਿਨ ਦਆਬੱਤਨਿ ਫ਼ਿਲ ਅਰਜ਼=ਹੋਰ ਨਹੀਂ ਹੈ, ਕੋਈ ਚਾਰ-ਪੈਰਾ
ਜ਼ਮੀਨ ਉੱਤੇ)

101. ਰਾਂਝੇ ਨੇ ਚੂਚਕ ਦੇ ਘਰੋਂ ਚਲੇ ਜਾਣਾ

ਰਾਂਝਾ ਸੱਟ ਖੂੰਡੀ ਉਤੋਂ ਲਾਹ ਭੂਰਾ, ਛੱਡ ਚਲਿਆ ਸਭ ਮੰਗਵਾੜ ਮੀਆਂ ।
ਜੇਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਛੱਡ ਟੁਰੇ ਹੈ ਸੰਨ੍ਹ ਦਾ ਪਾੜ ਮੀਆਂ ।
ਦਿਲ ਚਾਇਆ ਦੇਸ ਤੇ ਮੁਲਕ ਉਤੋਂ, ਉਹਦੇ ਭਾਇ ਦਾ ਬੋਲਿਆ ਹਾੜ ਮੀਆਂ ।
ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸਭੇ, ਖੜੇ ਕੱਟੀਆਂ ਨੂੰ ਕਾਈ ਧਾੜ ਮੀਆਂ ।
ਮੈਨੂੰ ਮਝੀਂ ਦੀ ਕੁੱਝ ਪਰਵਾਹ ਨਾਹੀਂ, ਨੱਢੀ ਪਈ ਸੀ ਇੱਤ ਰਿਹਾੜ ਮੀਆਂ ।
ਤੇਰੀ ਧੀ ਨੂੰ ਅਸੀਂ ਕੀ ਜਾਣਨੇ ਹਾਂ, ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ ।
ਤੇਰੀਆਂ ਮੱਝਾਂ ਦੇ ਕਾਰਨੇ ਰਾਤ ਅੱਧੀ, ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ ।
ਮੰਗੂ ਮਗਰ ਮੇਰੇ ਸਭੋ ਆਂਵਦਾ ਈ, ਮਝੀਂ ਆਪਣੀਆਂ ਮਹਿਰ ਜੀ ਤਾੜ ਮੀਆਂ ।
ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ, ਸਹੀ ਕੀਤੋ ਈ ਕੋਈ ਕਿਰਾੜ ਮੀਆਂ ।
ਮਹੀਂ ਚਾਰਦੇ ਨੂੰ ਹੋ ਗਏ ਮਾਹ ਬਾਰਾਂ, ਅੱਜ ਉਠਿਆ ਅੰਦਰੋਂ ਸਾੜ ਮੀਆਂ ।
ਵਹੀ ਖਤਰੀ ਦੀ ਰਹੀ ਖਤਰੀ ਤੇ, ਲੇਖਾ ਗਿਆ ਈ ਹੋਇ ਪਹਾੜ ਮੀਆਂ ।
ਤੇਰੀ ਧੀ ਰਹੀ ਤੇਰੇ ਘਰੇ ਬੈਠੀ, ਝਾੜਾ ਮੁਫ਼ਤ ਦਾ ਲਿਆ ਈ ਝਾੜ ਮੀਆਂ ।
ਹੱਟ ਭਰੇ ਭਕੁੰਨੇ ਨੂੰ ਸਾਂਭ ਲਿਆ, ਕੱਢ ਛੱਡਿਓ ਨੰਗ ਕਿਰਾੜ ਮੀਆਂ ।
ਵਾਰਿਸ ਸ਼ਾਹ ਅੱਗੋਂ ਪੂਰੀ ਨਾ ਪਈਆ, ਪਿੱਛੋਂ ਆਇਆ ਸੈਂ ਪੜਤਣੇ ਪਾੜ ਮੀਆਂ ।
(ਮੰਗਵਾੜ=ਪਸ਼ੂਆਂ ਦਾ ਵਾੜਾ, ਥੜਾ=ਪਹਿਰੇ ਤੇ ਬੈਠਣ ਵਾਲੀ ਥਾਂ, ਹਾੜ ਬੋਲਣਾ=
ਤਰਾਹ ਨਿਕਲ ਜਾਣਾ, ਖੋਲੀਆਂ=ਮਾਲ ਡੰਗਰ, ਰਿਹਾੜ=ਖਹਿੜੇ, ਤਾੜ ਲੈ=ਬੰਦ ਕਰ ਲੈ,
ਚਰਾਈ ਘੁਟ ਬਹੇਂ=ਚਰਾਈ ਨਾ ਦੇਵੇਂ, ਝਾੜਾ=ਨਫ਼ਾ, ਪੜਤਣੇ ਪਾੜ ਕੇ=ਰੁਕਾਵਟਾਂ ਚੀਰ ਕੇ)

102. ਗਾਈਆਂ ਮੱਝਾਂ ਦਾ ਰਾਂਝੇ ਬਿਨਾ ਨਾ ਚੁਗਣਾ

ਮਝੀਂ ਚਰਨ ਨਾ ਬਾਝ ਰੰਝੇਟੜੇ ਦੇ, ਮਾਹੀ ਹੋਰ ਸਭੇ ਝਖ਼ ਮਾਰ ਰਹੇ ।
ਕਾਈ ਘੁਸ ਜਾਏ ਕਾਈ ਡੁਬ ਜਾਏ, ਕਾਈ ਸਨ੍ਹ ਰਹੇ ਕਾਈ ਪਾਰ ਰਹੇ ।
ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ, ਮਗਰ ਲਗ ਕੇ ਖੋਲੀਆਂ ਚਾਰ ਰਹੇ ।
ਵਾਰਿਸ ਸ਼ਾਹ ਚੂਚਕ ਪਛੋਤਾਂਵਦਾ ਈ, ਮੰਗੂ ਨਾ ਛਿੜੇ, ਅਸੀਂ ਹਾਰ ਰਹੇ ।
(ਸੰਨ੍ਹ=ਵਿਚਕਾਰ, ਖੁੰਮਾਂ=ਸਿੱਧੇ ਖੜ੍ਹੇ ਹੋ ਕੇ)

103. ਮਾਂ ਨੂੰ ਹੀਰ ਦਾ ਉੱਤਰ

ਮਾਏ ਚਾਕ ਤਰਾਹਿਆ ਚਾਇ ਬਾਬੇ, ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ ।
ਰੱਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ, ਕੋਈ ਓਸ ਦੇ ਰੱਬ ਨਾ ਤੁਸੀਂ ਹੋ ਨੀ ।
ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ, ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ ।
ਵਾਰਿਸ ਸ਼ਾਹ ਔਲਾਦ ਨਾ ਮਾਲ ਰਹਿਸੀ, ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ ।
(ਤਰਾਹਿਆ=ਡਰਾ ਕੇ ਭਜਾ ਦਿੱਤਾ, ਬਾਬੇ=ਅੱਬਾ ਨੇ, ਬੁਸ ਬੁਸੀ=ਅੰਦਰ ਵਿਸ ਘੋਲਣਾ)

104. ਮਲਕੀ ਚੂਚਕ ਨੂੰ

ਮਲਕੀ ਗੱਲ ਸੁਣਾਂਵਦੀ ਚੂਚਕੇ ਨੂੰ, ਲੋਕ ਬਹੁਤ ਦਿੰਦੇ ਬਦ ਦੁਆ ਮੀਆਂ ।
ਬਾਰਾਂ ਬਰਸ ਉਸ ਮਝੀਆਂ ਚਾਰੀਆਂ ਨੇ, ਨਹੀਂ ਕੀਤੀ ਸੂ ਚੂੰ ਚਰਾ ਮੀਆਂ ।
ਹੱਕ ਖੋਹ ਕੇ ਚਾ ਜਵਾਬ ਦਿੱਤਾ, ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ ।
ਪੈਰੀਂ ਲਗ ਕੇ ਜਾ ਮਨਾ ਉਸ ਨੂੰ, ਆਹ ਫ਼ੱਕਰ ਦੀ ਬੁਰੀ ਪੈ ਜਾ ਮੀਆਂ ।
ਵਾਰਿਸ ਸ਼ਾਹ ਫ਼ਕੀਰ ਨੇ ਚੁਪ ਕੀਤੀ, ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ ।
(ਚੂੰ ਚਰਾ ਕਰਨੀ=ਨਾਂਹ ਨੁੱਕਰ ਕਰਨੀ,ਬਹਾਨੇ ਘੜਨੇ, ਦੇਗ ਲੁੜ੍ਹਾ=ਰੋੜ ਦੇਵੇਗੀ)

105. ਚੂਚਕ

ਚੂਚਕ ਆਖਿਆ ਜਾਹ ਮਨਾ ਉਸਨੂੰ, ਵਿਆਹ ਤੀਕ ਤਾਂ ਮਹੀਂ ਚਰਾਇ ਲਈਏ ।
ਜਦੋਂ ਹੀਰ ਪਾ ਡੋਲੀ ਟੋਰ ਦੇਈਏ, ਰੁਸ ਪਵੇ ਜਵਾਬ ਤਾਂ ਚਾਇ ਦੇਈਏ ।
ਸਾਡੀ ਧੀਉ ਦਾ ਕੁੱਝ ਨਾ ਲਾਹ ਲੈਂਦਾ, ਸਭ ਟਹਿਲ ਟਕੋਰ ਕਰਾਇ ਲਈਏ ।
ਵਾਰਿਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ, ਜਟਕਾ ਫੰਦ ਏਥੇ ਹਿਕ ਲਾਇ ਲਈਏ ।
(ਟਹਿਲ ਟਕੋਰ=ਸੇਵਾ)

106. ਮਲਕੀ ਦਾ ਰਾਂਝੇ ਨੂੰ ਲੱਭਣਾ

ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ, ਜਿਹੜਾ ਜਿਹੜਾ ਸੀ ਭਾਈਆਂ ਸਾਂਵਿਆਂ ਦਾ ।
ਸਾਡੇ ਮਾਹੀ ਦੀ ਖ਼ਬਰ ਹੈ ਕਿਤੇ ਅੜਿਉ, ਕਿਧਰ ਮਾਰਿਆ ਗਿਆ ਪਛਤਾਵਿਆਂ ਦਾ ।
ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ, ਰੰਗ ਧੋਵੇ ਪਲੰਘ ਦੇ ਪਾਵਿਆਂ ਦਾ ।
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ, ਇਹ ਜੇ ਪਿਆ ਸਰਦਾਰ ਨਿਥਾਵਿਆਂ ਦਾ ।
ਸਿਰ ਪਟੇ ਸਫ਼ਾ ਕਰ ਹੋ ਰਹਿਆ, ਜੇਹਾ ਬਾਲਕਾ ਮੁੰਨਿਆਂ ਬਾਵਿਆਂ ਦਾ ।
ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਉਭੇ ਸਾਹ ਭਰਦਾ ਮਾਰਾ ਹਾਵਿਆਂ ਦਾ ।
(ਸਾਂਵੇ ਭਾਈ=ਬਰਾਬਰ ਦੇ ਭਾਈ, ਸੱਥਰ=ਧਰਤੀ ਉੱਤੇ ਘਾਹ ਫੂਸ ਦਾ ਬਣਾਇਆ
ਬਿਸਤਰਾ, ਉਭੇ ਸਾਹ ਭਰਦਾ=ਠੰਡੇ ਸਾਹ ਲੈਂਦਾ)

107. ਮਲਕੀ ਦਾ ਰਾਂਝੇ ਨੂੰ ਤਸੱਲੀ ਦੇਣੀ

ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ, ਕੋਈ ਸਖ਼ਨ ਨਾ ਜੀਊ ਤੇ ਲਿਆਵਣਾ ਈ ।
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ ਈ ।
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ, ਸ਼ਾਮੋ ਸ਼ਾਮ ਰਾਤੀਂ ਘਰੀਂ ਆਵਣਾ ਈ ।
ਤੂੰ ਹੀ ਚੋਇਕੇ ਦੁਧ ਜਮਾਵਣਾ ਈ, ਤੂੰ ਹੀ ਹੀਰ ਦਾ ਪਲੰਘ ਵਿਛਾਵਣਾ ਈ ।
ਕੁੜੀ ਕਲ੍ਹ ਦੀ ਤੇਰੇ ਤੋਂ ਰੁਸ ਬੈਠੀ, ਤੂੰ ਹੀ ਓਸ ਨੂੰ ਆਇ ਮਨਾਵਣਾ ਈ ।
ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ ।
ਮੰਗੂ ਛੇੜ ਕੇ ਝੱਲ ਵਿੱਚ ਮੀਆਂ ਵਾਰਿਸ, ਅਸਾਂ ਤਖਤ ਹਜ਼ਾਰੇ ਨਾ ਜਾਵਣਾ ਈ ।
108. ਰਾਂਝੇ ਦਾ ਹੀਰ ਨੂੰ ਕਹਿਣਾ

ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ, ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ ।
ਮੀਆਂ ਮੰਨ ਲਏ ਓਸ ਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅੰਮੜੀ ਹੈ ।
ਕੀ ਜਾਣੀਏ ਉੱਠ ਕਿਸ ਘੜੀ ਬਹਿਸੀ, ਅਜੇ ਵਿਆਹ ਦੀ ਵਿੱਥ ਤਾਂ ਲੰਮੜੀ ਹੈ ।
ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਕਿਸੇ ਪੱਲੇ ਨਹੀਂ ਬੱਧੜੀ ਦੰਮੜੀ ਹੈ ।
109. ਰਾਂਝੇ ਦਾ ਮਲਕੀ ਦੇ ਆਖੇ ਫੇਰ ਮਝੀਆਂ ਚਾਰਨਾ

ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ, ਛੇੜ ਮੱਝੀਆਂ ਝੱਲ ਨੂੰ ਆਂਵਦਾ ਹੈ ।
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ, ਆਪ ਨਹਾਇਕੇ ਰੱਬ ਧਿਆਂਵਦਾ ਹੈ ।
ਹੀਰ ਸੱਤੂਆਂ ਦਾ ਮਗਰ ਘੋਲ ਛੰਨਾ, ਵੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਹੈ ।
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ, ਹਥ ਬੰਨ੍ਹ ਸਲਾਮ ਕਰਾਂਵਦਾ ਹੈ ।
ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ, ਅੱਗੋਂ ਪੀਰ ਹੁਣ ਇਹ ਫਰਮਾਂਵਦਾ ਹੈ ।
(ਝਾਂਗੜੇ=ਜੰਗਲ,ਦਰਖਤਾਂ ਦਾ ਝੁੰਡ,ਝਿੜੀ)

110. ਪੀਰਾਂ ਦਾ ਉੱਤਰ

ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ, ਨਾਹੀਂ ਇਸ਼ਕ ਨੂੰ ਲੀਕ ਲਗਾਵਣਾ ਈ ।
ਬੱਚਾ ਖਾ ਚੂਰੀ ਚੋਏ ਮਝ ਬੂਰੀ, ਜ਼ਰਾ ਜਿਉ ਨੂੰ ਨਹੀਂ ਵਲਾਵਣਾ ਈ ।
ਅੱਠੇ ਪਹਿਰ ਖ਼ੁਦਾਇ ਦੀ ਯਾਦ ਅੰਦਰ, ਤੁਸਾਂ ਜ਼ਿਕਰ ਤੇ ਖ਼ੈਰ ਕਮਾਵਣਾ ਈ ।
ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਇਸ਼ਕ ਤੋਂ ਨਹੀਂ ਡੁਲਾਵਣਾ ਈ ।
(ਵਲਾਵਣਾ=ਅਸਲ ਕੰਮ ਤੋਂ ਧਿਆਨ ਪਾਸੇ ਕਰਨਾ)

111. ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ

ਹੀਰ ਵੱਤ ਕੇ ਬੇਲਿਉਂ ਘਰੀਂ ਆਈ, ਮਾਂ ਬਾਪ ਕਾਜ਼ੀ ਸੱਦ ਲਿਆਉਂਦੇ ਨੇ ।
ਦੋਵੇ ਆਪ ਬੈਠੇ ਅਤੇ ਵਿੱਚ ਕਾਜ਼ੀ, ਅਤੇ ਸਾਹਮਣੇ ਹੀਰ ਬਹਾਉਂਦੇ ਨੇ ।
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ ।
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਉਂ ਦੇ ਨੇ ।
ਤ੍ਰਿੰਞਣ ਜੋੜ ਕੇ ਆਪਣੇ ਘਰੀਂ ਬਹੀਏ, ਸੁਘੜ ਗਾਉਂ ਕੇ ਜੀਉ ਪਰਚਾਉਂਦੇ ਨੇ ।
ਲਾਲ ਚਰਖੜਾ ਡਾਹ ਕੇ ਛੋਪ ਪਾਈਏ, ਕੇਹੇ ਸੁਹਣੇ ਗੀਤ ਝਨਾਉਂ ਦੇ ਨੇ ।
ਨੀਵੀਂ ਨਜਰ ਹਿਆ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫ਼ਰਮਾਉਂਦੇ ਨੇ ।
ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਇਹ ਪੰਜ ਗਰਾਉਂ ਦੇ ਨੇ ।
ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ, ਬਾਲਾ ਸ਼ਾਨ ਇਹ ਜਟ ਸਦਾਉਂਦੇ ਨੇ ।
ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ, ਅੱਜ ਕਲ੍ਹ ਲਾਗੀ ਘਰ ਆਉਂਦੇ ਨੇ ।
ਏਥੇ ਵਿਆਹ ਦੇ ਵੱਡੇ ਸਾਮਾਨ ਹੋਏ, ਖੇੜੇ ਪਏ ਬਣਾ ਬਣਾਉਂਦੇ ਨੇ ।
ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਜ ਲੈ ਆਉਂਦੇ ਨੇ ।
(ਛੋਪ=ਕੱਤਣ ਲਈ ਪਾਏ ਪੂਣੀਆਂ ਦੇ ਜੋਟੇ, ਬਾਲਾ ਸ਼ਾਨ=ਉੱਚੀ ਸ਼ਾਨ)

112. ਹੀਰ

ਹੀਰ ਆਖਦੀ ਬਾਬਲਾ ਅਮਲੀਆਂ ਤੋਂ, ਨਹੀਂ ਅਮਲ ਹਟਾਇਆ ਜਾਇ ਮੀਆਂ ।
ਜਿਹੜੀਆਂ ਵਾਦੀਆਂ ਆਦਿ ਦੀਆਂ ਜਾਣ ਨਾਹੀਂ, ਰਾਂਝੇ ਚਾਕ ਤੋਂ ਰਹਿਆ ਨਾ ਜਾਇ ਮੀਆਂ ।
ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ, ਝੁਟ ਨਾਲ ਓਹ ਰਿਜ਼ਕ ਕਮਾਇ ਮੀਆਂ ।
ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਣੀ ਦੇ ਹਟਾਇ ਮੀਆਂ ।
ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ ।
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖ਼ੁਦਾਇ ਮੀਆਂ ।
ਹੋਰ ਸਭ ਗੱਲਾਂ ਮੰਜ਼ੂਰ ਹੋਈਆਂ, ਰਾਂਝੇ ਚਾਕ ਥੀਂ ਰਹਿਆ ਨਾ ਜਾਇ ਮੀਆਂ ।
ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ, ਸਿਰ ਜਾਏ ਤੇ ਇਹ ਨਾ ਜਾਇ ਮੀਆਂ ।
ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, ਬਾਰਾਂ ਬਰਸ ਬਿਨਾਂ ਨਾਹੀਂ ਜਾਇ ਮੀਆਂ ।
(ਵਾਦੀਆਂ=ਆਦਤਾਂ, ਆਦਿ=ਮੁਢ ਕਦੀਮ ਦੀਆਂ, ਝੁੱਟ=ਪੰਜੇ ਦਾ ਤਿੱਖਾ ਹੱਲਾ,
ਵਾਰਿਦ ਹੋ ਰਹੀ=ਵਾਪਰ ਰਹੀ, ਸਾਰ=ਲੋਹਾ)

113. ਚੂਚਕ

ਇਹਦੇ ਵਢ ਲੁੜ੍ਹਕੇ ਖੋਹ ਚੂੰਡਿਆਂ ਥੋਂ, ਗਲ ਘੁਟ ਕੇ ਡੂੰਘੜੇ ਬੋੜੀਏ ਨੀ ।
ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਢੂਈਂ ਨਾਲ ਖੜਲੱਤ ਦੇ ਤੋੜੀਏ ਨੀ ।
ਇਹਦਾ ਦਾਤਰੀ ਨਾਲ ਚਾ ਢਿਡ ਪਾੜੋ, ਸੂਆ ਅੱਖੀਆਂ ਦੇ ਵਿੱਚ ਪੋੜੀਏ ਨੀ ।
ਵਾਰਿਸ ਚਾਕ ਤੋਂ ਇਹ ਨਾ ਮੁੜੇ ਮੂਲੇ, ਅਸੀਂ ਰਹੇ ਬਹੁਤੇਰੜਾ ਹੋੜੀਏ ਨੀ ।
(ਲੁੜ੍ਹਕੇ=ਕੰਨਾਂ ਦੇ ਗਹਿਣੇ, ਚੁੰਡਿਆਂ=ਸਿਰ ਦੇ ਵਾਲ, ਖੜਲੱਤ=ਦਰਵਾਜ਼ੇ
ਦੀ ਸਾਖ, ਪੋੜਨਾ=ਗੱਡਣਾ,ਖੋਭ ਦੇਣੇ)

114. ਮਲਕੀ

ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ, ਜਦੋਂ ਗ਼ੁੱਸਿਆਂ ਤੇ ਬਾਪ ਆਂਵਦੇ ਨੇ ।
ਸਿਰ ਵਢ ਕੇ ਨਈਂ ਵਿੱਚ ਰੋੜ੍ਹ ਦਿੰਦੇ, ਮਾਸ ਕਾਉਂ ਕੁੱਤੇ ਬਿੱਲੇ ਖਾਂਵਦੇ ਨੇ ।
ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ, ਕਈ ਡੂਮ ਢਾਡੀ ਪਏ ਗਾਂਵਦੇ ਨੇ ।
ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ ।
ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ, ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ ।
ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਦੇਣੇ ਖ਼ੂਨ ਨਾ ਤਿਨਾਂ ਦੇ ਆਂਵਦੇ ਨੇ ।
(ਘੁਟ=ਗਲ ਘੁਟ ਕੇ, ਲੰਘਾਵਨਾ=ਮਾਰ ਦੇਣਾ, ਪਾਰ ਬੁਲਾ ਦੇਣਾ, ਸੱਸੀ
ਜਾਮ ਜਲਾਲੀ=ਸਿੰਧ ਦੇ ਪੁਰਾਣੇ ਸ਼ਹਿਰ ਭੰਬੋਰ ਦੇ ਬਾਦਸ਼ਾਹ ਜਾਮ ਜਲਾਲੀ
ਦੀ ਪੁਤਰੀ ਸੱਸੀ ਸੀ । ਉਸਦੇ ਜੰਮਣ ਤੇ ਨਜੂਮੀਆਂ ਨੇ ਦੱਸਿਆ ਕਿ ਉਹ
ਵੱਡੀ ਹੋ ਕੇ ਇਸ਼ਕ ਕਰਕੇ ਬਾਦਸ਼ਾਹ ਦੀ ਬਦਨਾਮੀ ਕਰੇਗੀ । ਇਸ ਤੋਂ
ਬਚਣ ਲਈ ਜਾਮ ਜਲਾਲੀ ਨੇ ਸੱਸੀ ਨੂੰ ਜੰਮਦਿਆਂ ਹੀ ਇੱਕ ਸੰਦੂਕ ਵਿੱਚ
ਪਾਕੇ ਨਦੀ ਵਿੱਚ ਰੋੜ੍ਹ ਦਿੱਤਾ । ਉਸ ਨੂੰ ਇੱਕ ਬੇਔਲਾਦ ਧੋਬੀ ਅੱਤੇ ਨੇ
ਪਾਲ ਲਿਆ ।ਇਹੋ ਲੜਕੀ ਕੀਚਮ ਮਕਰਾਨ ਦੇ ਰਾਜਕੁਮਾਰ ਪੁੰਨੂੰ ਦੇ
ਇਸ਼ਕ ਵਿੱਚ ਉਹਨੂੰ ਵਾਜਾਂ ਮਾਰਦੀ ਰੇਤ ਵਿੱਚ ਭੁੱਜ ਕੇ ਮਰ ਗਈ)

115. ਹੀਰ

ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ ।
ਮਿਲਣ ਖਾਣੀਆਂ ਤਿਨ੍ਹਾਂ ਨੂੰ ਫਾੜ ਕਰਕੇ, ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏ ।
ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ, ਗਲ ਪੱਲੂੜਾ ਤੇ ਮੂੰਹ ਘਾਹ ਮਾਏ ।
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਓਹਦਾ ਹੀਰ ਦੇ ਨਾਲ ਨਿਬਾਹ ਮਾਏਂ ।
(ਪੱਲੂੜਾ=ਪੱਲਾ)

116. ਹੀਰ ਦਾ ਭਰਾ ਸੁਲਤਾਨ

ਸੁਲਤਾਨ ਭਾਈ ਆਇਆ ਹੀਰ ਸੰਦਾ, ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ ।
ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ, ਸੁੱਟਾਂ ਏਸ ਨੂੰ ਜਾਨ ਥੀਂ ਮਾਰ ਅੰਮਾਂ ।
ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ, ਫੇਰਾਂ ਏਸ ਦੀ ਧੌਣ ਤਲਵਾਰ ਅੰਮਾਂ ।
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ, ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ ।
ਜੇ ਧੀ ਨਾ ਹੁਕਮ ਵਿੱਚ ਰੱਖਿਆ ਈ, ਸਭ ਸਾੜ ਸੱਟੂੰ ਘਰ ਬਾਰ ਅੰਮਾਂ ।
ਵਾਰਿਸ ਸ਼ਾਹ ਜਿਹੜੀ ਧੀਉ ਬੁਰੀ ਹੋਵੇ, ਦੇਈਏ ਰੋੜ੍ਹ ਸਮੁੰਦਰੋਂ ਪਾਰ ਅੰਮਾਂ ।
(ਹੀਰ ਸੰਦਾ=ਹੀਰ ਦਾ, ਸਤਰ=ਪਰਦਾ)

117. ਹੀਰ ਆਪਣੇ ਭਰਾ ਨੂੰ

ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਵੇ ।
ਵਹਿਣ ਪਏ ਦਰਿਆ ਨਾ ਕਦੀ ਮੁੜਦੇ, ਵੱਡੇ ਲਾਇ ਰਹੇ ਜ਼ੋਰ ਜ਼ਾਰੀਆਂ ਵੇ ।
ਲਹੂ ਨਿਕਲਣੋ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ ।
ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਣ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ ।
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ, ਏਹ ਨਹੀਂ ਸੁਖਾਲੀਆਂ ਯਾਰੀਆਂ ਵੇ ।
ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇ, ਦੇਖੋ ਇਸ਼ਕ ਬਣਾਈਆਂ ਖ਼ੁਆਰੀਆਂ ਵੇ ।
118. ਹੀਰ ਨੂੰ ਕਾਜ਼ੀ ਦੀ ਨਸੀਹਤ

ਕਾਜ਼ੀ ਆਖਿਆ ਖ਼ੌਫ਼ ਖ਼ੁਦਾਇ ਦਾ ਕਰ, ਮਾਪੇ ਜਿੱਦ ਚੜ੍ਹੇ ਚਾਇ ਮਾਰਨੀਗੇ ।
ਤੇਰੀ ਕਿਆੜੀਉਂ ਜੀਭ ਖਿਚਾ ਕੱਢਣ, ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀਗੇ ।
ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ, ਓਸ ਵਕਤ ਹੀ ਪਾਰ ਉਤਾਰਨੀਗੇ ।
ਮਾਂ ਆਖਦੀ ਲੋੜ੍ਹ ਖੁਦਾਇ ਦਾ ਜੇ, ਤਿੱਖੇ ਸ਼ੋਖ ਦੀਦੇ ਵੇਖ ਪਾੜਨੀਗੇ ।
ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ, ਨਹੀਂ ਅੱਗ ਦੇ ਵਿੱਚ ਨਿਘਾਰਨੀਗੇ ।
(ਕਿਆੜੀ=ਜੜ੍ਹੋਂ, ਤਰਕ ਕਰ=ਛੱਡ ਦੇ, ਨਿਘਾਰਨਾ=ਸੁੱਟਣਾ)

119. ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ

ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ, ਜਦੋਂ ਹੀਰ ਸੁਨੇਹੜਾ ਘੱਲਿਆ ਈ ।
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ, ਗਿਲਾ ਸਭਨਾ ਦਾ ਅਸਾਂ ਝੱਲਿਆ ਈ ।
ਆਏ ਪੀਰ ਪੰਜੇ ਅੱਗੇ ਹਥ ਜੋੜੇ, ਨੀਰ ਰੋਂਦਿਆਂ ਮੂਲ ਨਾਲ ਠੱਲ੍ਹਿਆ ਈ ।
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜਿਉ ਸਾਡਾ ਥਰਥੱਲਿਆ ਈ ।
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਉਂ ਤੇ ਬਾਪ ਪਥੱਲਿਆ ਈ ।
ਮਦਦ ਕਰੋ ਖੁਦਾਇ ਦੇ ਵਾਸਤੇ ਜੀ, ਮੇਰਾ ਇਸ਼ਕ ਖ਼ਰਾਬ ਹੋ ਚੱਲਿਆ ਈ ।
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ, ਮੀਏਂ ਰਾਂਝੇ ਦਾ ਜੀਉ ਤਸੱਲਿਆ ਈ ।
ਤੇਰੀ ਹੀਰ ਦੀ ਮੱਦਤੇ ਮੀਆਂ ਰਾਂਝਾ, ਮਖ਼ਦੂਮ ਜਹਾਨੀਆਂ ਘੱਲਿਆ ਈ ।
ਦੋ ਸੱਦ ਸੁਣਾ ਖਾਂ ਵੰਝਲੀ ਦੇ, ਸਾਡਾ ਗਾਵਣੇ ਤੇ ਜੀਉ ਚੱਲਿਆ ਈ ।
ਵਾਰਿਸ ਸ਼ਾਹ ਅੱਗੇ ਜਟ ਗਾਂਵਦਾ ਈ, ਵੇਖੋ ਰਾਗ ਸੁਣ ਕੇ ਜੀਉ ਹੱਲਿਆ ਈ ।
(ਪਥੱਲਿਆ=ਉਲੱਦ ਦਿੱਤਾ,ਤੰਗ ਕੀਤਾ, ਤਸੱਲਿਆ=ਤਸੱਲੀ ਦਿੱਤੀ ਸੱਦ=ਬੋਲ,
ਗੀਤ, ਜੀਉ ਚੱਲਿਆ=ਦਿਲ ਚਾਹੁੰਦਾ, ਜੀਉ ਹੱਲਿਆ=ਰੂਹ ਕੰਬ ਗਈ)

120. ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ

ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ, ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ ।
ਕਦੀ ਊਧੋ ਤੇ ਕਾਨ੍ਹ ਦੇ ਬਿਸ਼ਨਪਦੇ, ਕਦੇ ਮਾਝ ਪਹਾੜੀ ਦੀ ਲਾਂਵਦਾ ਏ ।
ਕਦੀ ਢੋਲ ਤੇ ਮਾਰਵਣ ਛੋਹ ਦਿੰਦਾ, ਕਦੀ ਬੂਬਨਾ ਚਾਇ ਸੁਣਾਂਵਦਾ ਏ ।
ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ, ਵਿੱਚ ਝਿਊਰੀ ਦੀ ਕਲੀ ਲਾਂਵਦਾ ਏ ।
ਕਦੀ ਸੋਹਣੀ ਤੇ ਮਹੀਂਵਾਲ ਵਾਲੇ, ਨਾਲ ਸ਼ੌਕ ਦੇ ਸੱਦ ਸੁਣਾਂਵਦਾ ਏ ।
ਕਦੀ ਧੁਰਪਦਾਂ ਨਾਲ ਕਬਿਤ ਛੋਹੇ, ਕਦੀ ਸੋਹਲੇ ਨਾਲ ਰਲਾਂਵਦਾ ਏ ।
ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਹੀ ਦਾ ਭੋਗ ਚਾ ਪਾਂਵਦਾ ਏ ।
ਸੋਰਠ ਗੁਜਰੀਆਂ ਪੂਰਬੀ ਲਲਿਤ ਭੈਰੋਂ, ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ ।
ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ, ਜੈਤਸਰੀ ਭੀ ਨਾਲ ਰਲਾਂਵਦਾ ਏ ।
ਮਾਲਸਰੀ ਤੇ ਪਰਜ ਬਿਹਾਗ ਬੋਲੇ, ਨਾਲ ਮਾਰਵਾ ਵਿੱਚ ਵਜਾਵੰਦਾ ਏ ।
ਕੇਦਾਰਾ ਬਿਹਾਗੜਾ ਤੇ ਰਾਗ ਮਾਰੂ, ਨਾਲੇ ਕਾਨ੍ਹੜੇ ਦੇ ਸੁਰ ਲਾਂਵਦਾ ਏ ।
ਕਲਿਆਨ ਦੇ ਨਾਲ ਮਾਲਕੌਂਸ ਬੋਲੇ, ਅਤੇ ਮੰਗਲਾਚਾਰ ਸੁਣਾਂਵਦਾ ਏ ।
ਭੈਰੋਂ ਨਾਲ ਪਲਾਸੀਆਂ ਭੀਮ ਬੋਲੇ, ਨਟ ਰਾਗ ਦੀ ਜ਼ੀਲ ਵਜਾਂਵਦਾ ਏ ।
ਬਰਵਾ ਨਾਲ ਪਹਾੜ ਝੰਝੋਟੀਆਂ ਦੇ, ਹੋਰੀ ਨਾਲ ਆਸਾਖੜਾ ਗਾਂਵਦਾ ਏ ।
ਬੋਲੇ ਰਾਗ ਬਸੰਤ ਹਿੰਡੋਲ ਗੋਪੀ, ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਏ ।
ਪਲਾਸੀ ਨਾਲ ਤਰਾਨਿਆਂ ਰਾਮਕਲੀ, ਵਾਰਿਸ ਸ਼ਾਹ ਨੂੰ ਖੜਾ ਸੁਣਾਂਵਦਾ ਏ ।
(ਬਿਸ਼ਨ ਪਦੇ=ਸਿਫ਼ਤ ਦੇ ਗੀਤ, ਧੁਰ ਪਦ=ਸ਼ੁਰੂ ਹੋਣ ਦਾ ਪੈਰ, ਸੁਹਲਾ=
ਸੋਲ੍ਹਾਂ (16) ਅੰਗ ਦਾ ਕਬਿਤ, ਮਾਲਕੌਂਸ=ਇੱਕ ਰਾਗ ਦਾ ਨਾਮ, ਮੰਗਲਾ
ਚਾਰ=ਬੰਦਨਾਂ ਦੇ ਸ਼ਬਦ ਹਿੰਡੋਲ ਗੋਪੀ=ਝੂਲੇ ਦਾ ਗੀਤ, ਪਲਾਸੀਆਂ ਭੀਮ=
ਭੀਮ ਪਲਾਸੀ,ਇੱਕ ਰਾਗ, ਕਲੀ=ਸ਼ਿਆਰ ਦਾ ਇੱਕ ਹਿੱਸਾ, ਹੋਰੀ=ਹੋਲੀ,
ਮੁੰਦਾਵਨੀ=ਅੰਤਲਾ ਗੀਤ, ਸਾਰੰਗ=ਦੁਪਹਿਰ ਵੇਲੇ ਗਾਇਆ ਜਾਣ ਵਾਲਾ
ਕਲਾਸਕੀ ਰਾਗ, ਰਾਗ ਸੂਹੀ=ਰਗ ਦਾ ਇੱਕ ਭੇਦ, ਸੋਰਠ=ਸੁਰਾਸ਼ਟਰ ਦੇਸ
ਦੀ ਰਾਗਨੀ, ਗੁਜਰੀ=ਗੁਜਰਾਤ ਦੇਸ਼ ਦੀ ਰਾਗਨੀ, ਪੂਰਬੀ=ਇੱਕ ਰਾਗਨੀ
ਜਿਹੜੀ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਹੈ, ਲਲਿਤ=ਇੱਕ ਰਾਗਨੀ,
ਭੈਰਵ=ਇੱਕ ਰਾਗ ਜਿਹੜਾ ਡਰ ਪੈਦਾ ਕਰਦਾ ਹੈ, ਦੀਪਕ ਰਾਗ=ਇੱਕ ਰਾਗ
ਜਿਸ ਦੇ ਗਾਇਆਂ ਅੱਗ ਲੱਗ ਜਾਂਦੀ ਹੈ,ਇਸ ਪਿੱਛੋਂ ਮਲ੍ਹਾਰ ਗਾਉਣਾ ਜ਼ਰੂਰੀ ਹੈ,
ਮੇਘ=ਬਰਸਾਤ ਦੇ ਦਿਨਾਂ ਦਾ ਰਾਗ ਜੋ ਰਾਤ ਦੇ ਪਿਛਲੇ ਪਹਿਰ ਗਾਇਆ ਜਾਂਦਾ ਹੈ,
ਕਹਿੰਦੇ ਹਨ ਕਿ ਇਹ ਰਾਗ ਬ੍ਰਹਮਾ ਦੇ ਸਿਰ ਵਿੱਚੋਂ ਨਿਕਲਿਆ ਹੈ, ਮਲ੍ਹਾਰ=ਸਾਵਣ
ਮਾਹ ਵਿੱਚ ਗਾਈ ਜਾਣ ਵਾਲੀ ਰਾਗਨੀ, ਧਨਾਸਰੀ=ਇੱਕ ਰਾਗਨੀ, ਜੈਤਸਰੀ=ਰਾਗ,
ਮਾਲਸਰੀ=ਇੱਕ ਰਾਗਨੀ, ਬਸੰਤ=ਇੱਕ ਰਾਗ, ਰਾਮ ਕਲੀ=ਇੱਕ ਰਾਗਨੀ, ਮਲਕੀ=
ਅਕਬਰ ਬਾਦਸ਼ਾਹ ਦੇ ਜ਼ਮਾਨੇ ਦਾ ਮਸ਼ਹੂਰ ਕਿੱਸਾ, ਕੀਮਾ ਮਲਕੀ ਸਿੰਧ ਅਤੇ ਪੱਛਮੀ
ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ, ਜਲਾਲੀ=(ਜਲਾਲੀ ਅਤੇ ਰੋਡਾ) ਮੁਲਤਾਨ ਦੇ ਲਾਗੇ
ਤਲਹਿ ਪਿੰਡ ਦੇ ਲੁਹਾਰ ਦੀ ਬੇਟੀ, ਜਿਹੜੀ ਬਹੁਤ ਸੁੰਦਰ ਅਤੇ ਅਕਲ ਵਾਲੀ ਸੀ ।
ਬਲਖ ਦਾ ਇੱਕ ਨੌਜਵਾਨ ਅਲੀ ਗੌਹਰ ਉਹਦੀ ਸੁੰਦਰਤਾ ਨੂੰ ਸਪਨੇ ਵਿੱਚ ਦੇਖ ਕੇ
ਉਹਦੀ ਭਾਲ ਵਿੱਚ ਫ਼ਕੀਰ ਬਣ ਕੇ ਨਿਕਲ ਪਿਆ ।ਇਹਨੇ ਆਪਣੇ ਸਾਰੇ ਵਾਲ
ਮੁਨਾ ਦਿੱਤੇ ਇਸ ਲਈ ਉਹਨੂੰ ਰੋਡਾ ਕਹਿੰਦੇ ਹਨ ।ਜਦੋਂ ਇਹ ਜਲਾਲੀ ਦੇ ਪਿੰਡ
ਪਹੁੰਚਾ ਤਾਂ ਉਹ ਖੂਹ ਤੇ ਪਾਣੀ ਭਰਦੀ ਸੀ ।ਫੇਰ ਮੁਲਾਕਾਤਾਂ ਵਧ ਗਈਆਂ ।ਜਲਾਲੀ
ਉਤੇ ਘਰ ਵਾਲਿਆਂ ਨੇ ਪਾਬੰਦੀ ਲਾ ਦਿੱਤੀ ।ਉਹ ਆਪ ਉਹਨੂੰ ਮਿਲਣ ਚਲਾ ਗਿਆ ।
ਸਜ਼ਾ ਦੇ ਤੌਰ ਤੇ ਰੋਡੇ ਨੂੰ ਨਦੀ ਵਿੱਚ ਸੁੱਟ ਦਿੱਤਾ ।ਓਥੋਂ ਉਹ ਬਚ ਕੇ ਨਿਕਲ ਆਇਆ ।
ਜਦੋਂ ਜਲਾਲੀ ਦਾ ਵਿਆਹ ਹੋਣ ਲੱਗਾ ਤਾਂ ਉਹ ਉਹਨੂੰ ਭਜਾ ਕੇ ਲੈ ਗਿਆ ।ਪੱਤਣ ਤੇ
ਦਰਿਆ ਪਾਰ ਕਰਨ ਲੱਗਾ ਸੀ ਕਿ ਫੜਿਆ ਗਿਆ।ਲੁਹਾਰਾਂ ਨੇ ਉਹਦੇ ਟੋਟੇ ਕਰਕੇ ਨਦੀ
ਵਿੱਚ ਰੋੜ੍ਹ ਦਿੱਤਾ ਅਤੇ ਜਲਾਲੀ ਇਸੇ ਸਦਮੇ ਨਾਲ ਮਰ ਗਈ)

121. ਪੀਰਾਂ ਦਾ ਰਾਂਝੇ ਤੇ ਖ਼ੁਸ਼ ਹੋਣਾ

ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ ।
ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ ।
ਤੈਨੂੰ ਲਾਏ ਭਬੂਤ ਮਲੰਗ ਕਰੀਏ, ਬੱਚਾ ਓਹ ਵੀ ਤੇਰੀ ਮਲੰਗਣੀ ਹੈ ।
ਜੇਹੇ ਨਾਲ ਰਲੀ ਤੇਹੀ ਹੋ ਜਾਏ, ਨੰਗਾਂ ਨਾਲ ਲੜੇ ਸੋ ਭੀ ਨੰਗਣੀ ਹੈ ।
ਵਾਰਿਸ ਸ਼ਾਹ ਨਾ ਲੜੀਂ ਨਾ ਛੱਡ ਜਾਈਂ, ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ ।
(ਅਜੀ=ਅੱਜ ਹੀ, ਟੰਗਣੀ=ਵਿਆਹ ਬਗ਼ੈਰ ਮਾਪਿਆਂ ਘਰ ਬਿਠਾਈ ਰੱਖਣੀ)

122. ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੀ

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤੀਆ ਨੇ ਜਾਹ ਹੀਰ ਤੇਰੀ ।
ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮੱਦਦ ਹੋ ਗਏ ਪੰਜੇ ਪੀਰ ਤੇਰੀ ।
ਜਾਹ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ ।
ਵਾਰਿਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ, ਕਰ ਛੱਡੀ ਹੈ ਨੇਕ ਤਦਬੀਰ ਤੇਰੀ ।
(ਖ਼ੁਸ਼ਹਾਲ=ਖੁਸ਼, ਮਕਸੂਦ=ਮੰਗ,ਮੁਰਾਦ, ਤਕਸੀਰ=ਗਲਤੀ)

123. ਹੀਰ ਰਾਂਝੇ ਦੀ ਮਿੱਠੀ ਨਾਇਣ ਨਾਲ ਸਲਾਹ

ਰਾਂਝੇ ਆਖਿਆ ਆ ਖਾਂ ਬੈਠ ਹੀਰੇ, ਕੋਈ ਖ਼ੂਬ ਤਦਬੀਰ ਬਣਾਈਏ ਜੀ ।
ਤੇਰੇ ਮਾਉਂ ਤੇ ਬਾਪ ਦਿਲਗੀਰ ਹੁੰਦੇ, ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਜੀ ।
ਮਿੱਠੀ ਨੈਣ ਨੂੰ ਸਦ ਕੇ ਬਾਤ ਗਿਣੀਏ, ਜੇ ਤੂੰ ਕਹੇਂ ਤੇਰੇ ਘਰ ਆਈਏ ਜੀ ।
ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ, ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਜੀ ।
ਦਿਨੇ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਜੀ ।
ਹੀਰ ਪੰਜ ਮੁਹਰਾਂ ਹੱਥ ਦਿੱਤੀਆਂ ਨੇ, ਜੀਵੇਂ ਮਿਠੀਏ ਡੌਲ ਬਣਾਈਏ ਜੀ ।
ਕੁੜੀਆਂ ਨਾਲ ਨਾ ਖੋਲ੍ਹਣਾ ਭੇਦ ਮੂਲੇ, ਸਭਾ ਜੀਉ ਦੇ ਵਿੱਚ ਲੁਕਾਈਏ ਜੀ ।
ਵਾਰਿਸ ਸ਼ਾਹ ਛੁਪਾਈਏ ਖ਼ਲਕ ਕੋਲੋਂ, ਭਾਵੇ ਆਪਣਾ ਹੀ ਗੁੜ ਖਾਈਏ ਜੀ ।
(ਡੌਲ=ਸਕੀਮ, ਮੂਲੇ=ਬਿਲਕੁਲ)

124. ਨਾਈਆਂ ਦੇ ਘਰ

ਫਲ੍ਹੇ ਕੋਲ ਜਿੱਥੇ ਮੰਗੂ ਬੈਠਦਾ ਸੀ, ਓਥੇ ਕੋਲ ਹੈਸੀ ਘਰ ਨਾਈਆਂ ਦਾ ।
ਮਿੱਠੀ ਨਾਇਣ ਘਰਾਂ ਸੰਦੀ ਖਸਮਣੀ ਸੀ, ਨਾਈ ਕੰਮ ਕਰਦੇ ਫਿਰਨ ਸਾਈਆਂ ਦਾ ।
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ ।
ਚਾਂ ਭਾਂ ਮੱਠੀ ਫਿਰਨ ਵਾਲਿਆਂ ਦੀ, ਬਾਰਾ ਖੁਲ੍ਹਦਾ ਲੇਫ਼ ਤਲਾਈਆਂ ਦਾ ।
ਮਿੱਠੀ ਸੇਜ ਵਿਛਾਏ ਕੇ ਫੁੱਲ ਪੂਰੇ, ਉੱਤੇ ਆਂਵਦਾ ਕਦਮ ਖ਼ੁਦਾਈਆਂ ਦਾ ।
ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ, ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾ ।
ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ, ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ ।
ਆਪੋ ਆਪਣੀ ਕਾਰ ਵਿੱਚ ਜਾਇ ਰੁੱਝਣ, ਬੂਹਾ ਫੇਰ ਨਾ ਵੇਖਦੇ ਨਾਈਆਂ ਦਾ ।
(ਖਸਮਣੀ=ਮਾਲਕਣ, ਚਾਂ ਭਾਂ=ਰੌਲਾ, ਬਾਰਾ ਖੁਲਦਾ=ਦਬਾਉ ਘਟ ਹੁੰਦਾ, ਫੁੱਲ
ਪੂਰੇ=ਫੁੱਲ ਸਜਾਏ, ਭਾਤ=ਚੌਲ)

125. ਹੀਰ ਅਤੇ ਸਹੇਲੀਆਂ ਦੀਆਂ ਰਾਂਝੇ ਨਾਲ ਖੇਡਾਂ

ਦਿੰਹੁ ਹੋਵੇ ਦੁਪਹਿਰ ਤਾਂ ਆਵੇ ਰਾਂਝਾ, ਅਤੇ ਓਧਰੋਂ ਹੀਰ ਵੀ ਆਂਵਦੀ ਹੈ ।
ਇਹ ਮਹੀਂ ਲਿਆ ਬਹਾਂਵਦਾ ਏ, ਓਹ ਨਾਲ ਸਹੇਲੀਆਂ ਲਿਆਂਵਦੀ ਹੈ ।
ਉਹ ਵੰਝਲੀ ਨਾਲ ਸਰੋਦ ਕਰਦਾ, ਇਹ ਨਾਲ ਸਹੇਲੀਆਂ ਗਾਂਵਦੀ ਹੈ ।
ਕਾਈ ਜ਼ੁਲਫ ਨਚੋੜਦੀ ਰਾਂਝਨੇ ਦੀ, ਕਾਈ ਆਣ ਗਲੇ ਨਾਲ ਲਾਂਵਦੀ ਹੈ ।
ਕਾਈ ਚੰਬੜੇ ਲਕ ਨੂੰ ਮਸ਼ਕਬੋਰੀ, ਕਾਈ ਮੁਖ ਨੂੰ ਮੁਖ ਛੁਹਾਂਵਦੀ ਹੈ ।
ਕਾਈ 'ਮੀਰੀ ਆਂ' ਆਖ ਕੇ ਭੱਜ ਜਾਂਦੀ, ਮਗਰ ਪਵੇ ਤਾਂ ਟੁੱਭੀਆਂ ਲਾਂਵਦੀ ਹੈ ।
ਕਾਈ ਆਖਦੀ ਮਾਹੀਆ ਮਾਹੀਆ ਵੇ, ਤੇਰੀ ਮਝ ਕਟੀ ਕੱਟਾ ਜਾਂਵਦੀ ਹੈ ।
ਕਾਈ ਮਾਮੇ ਦਿਆਂ ਖ਼ਰਬੂਜ਼ਿਆਂ ਨੂੰ, ਕੌੜੇ ਬਕਬਕੇ ਚਾ ਬਣਾਂਵਦੀ ਹੈ ।
ਕਾਈ ਆਖਦੀ ਝਾਤ ਹੈ ਰਾਂਝਿਆ ਵੇ, ਮਾਰ ਬਾਹੁਲੀ ਪਾਰ ਨੂੰ ਧਾਂਵਦੀ ਹੈ ।
ਕੁੱਤੇ ਤਾਰੀਆਂ ਤਰਨ ਚਵਾਇ ਕਰਕੇ, ਇੱਕ ਛਾਲ ਘੜੰਮ ਦੀ ਲਾਂਵਦੀ ਹੈ ।
ਮੁਰਦੇ-ਤਾਰੀਆਂ ਤਰਨ ਚੌਫਾਲ ਪੈ ਕੇ, ਕੋਈ ਨੌਲ ਨਿੱਸਲ ਰੁੜ੍ਹੀ ਆਂਵਦੀ ਹੈ ।
ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ, ਤੇ ਪਤਾਲ ਦੀ ਮਿੱਟੀ ਲਿਆਂਵਦੀ ਹੈ ।
ਇੱਕ ਬਣਨ ਚਤਰਾਂਗ ਮੁਗ਼ਾਬੀਆਂ ਵੀ, ਸੁਰਖ਼ਾਬ ਤੇ ਕੂੰਜ ਬਣ ਆਂਵਦੀ ਹੈ ।
ਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ, ਇੱਕ ਕਿਲਕਿਲਾ ਹੋ ਵਿਖਾਂਵਦੀ ਹੈ ।
ਇੱਕ ਵਾਂਗ ਕਕੋਹਿਆਂ ਸੰਘ ਟੱਡੇ, ਇੱਕ ਊਦ ਦੇ ਵਾਂਗ ਬੁਲਾਂਵਦੀ ਹੈ ।
ਔਗਤ ਬੋਲਦੀ ਇੱਕ ਟਟੀਹਰੀ ਹੋ, ਇੱਕ ਸੰਗ ਜਲਕਾਵਣੀ ਆਂਵਦੀ ਹੈ ।
ਇੱਕ ਲੁਧਰ ਹੋਇਕੇ ਕੁੜਕੁੜਾਵੇ, ਇੱਕ ਹੋਇ ਸੰਸਾਰ ਸ਼ੂਕਾਂਵਦੀ ਹੈ ।
ਇੱਕ ਦੇ ਪਸਲੇਟੀਆਂ ਹੋਇ ਬੁਲ੍ਹਣ, ਮਸ਼ਕ ਵਾਂਗਰਾਂ ਓਹ ਫੂਕਾਂਵਦੀ ਹੈ ।
ਹੀਰ ਤਰੇ ਚੌਤਰਫ ਹੀ ਰਾਂਝਣੇ ਦੇ, ਮੋਰ ਮਛਲੀ ਬਣ ਬਣ ਆਂਵਦੀ ਹੈ ।
ਆਪ ਬਣੇ ਮਛਲੀ ਨਾਲ ਚਾਵੜਾਂ ਦੇ, ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ ।
ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ, ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ ।
ਵਾਰਿਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ, ਨਿਤ ਯਾਰ ਦਾ ਜੀਉ ਪਰਚਾਂਵਦੀ ਹੈ ।
(ਸਰੋਦ ਕਰਦਾ=ਗਾਉਂਦਾ, ਮਸ਼ਕ ਬੋਰੀ=ਜਿੱਦਾਂ ਮਾਸ਼ਕੀ ਨੇ ਲੱਕ ਨਾਲ ਪਾਣੀ
ਵਾਲੀ ਮਸ਼ਕ ਬੋਰੀ ਵਾਂਗ ਬੰਨ੍ਹੀ ਹੋਵੇ, 'ਮੀਰੀ ਆਂ'=ਮਿੱਤੀ ਹਾਂ, ਮਾਮੇ ਦੇ ਖ਼ਰਬੂਜ਼ੇ=
ਨਦੀ ਵਿੱਚ ਖੇਡੀ ਜਾਣ ਵਾਲੀ ਇੱਕ ਖੇਡ, ਬਾਹਲੀ=ਬਾਂਹ,ਕਮੀਜ਼ ਦੀ ਬਾਂਹ, ਚਵਾ=
ਚਾਉ, ਨੌਲ ਨਿੱਸਲ=ਪਾਣੀ ਉੱਤੇ ਸਿੱਧਾ ਤਰਨਾ ਕਿ ਸਾਰਾ ਸਰੀਰ ਦਿਸੇ, ਡੰਬੜੇ=
ਦੰਭੀ,ਫ਼ਰੇਬੀ, ਬੁਲ੍ਹਣ=ਇੱਕ ਵੱਡੀ ਮੱਛੀ, ਕੁਰਲ=ਕਨਕੁਰਲ, ਜਾਲੀਆਂ ਪਾਉਂਦੀ=
ਜਾਲ ਲਾਉਂਦੀ)

126. ਕੈਦੋਂ ਦਾ ਮਲਕੀ ਕੋਲ ਲੂਤੀਆਂ ਲਾਉਣਾ

ਕੈਦੋ ਆਖਦਾ ਮਲਕੀਏ ਭੈੜੀਏ ਨੀ, ਤੇਰੀ ਧੀਉ ਵੱਡਾ ਚੱਚਰ ਚਾਇਆ ਈ ।
ਜਾਇ ਨਈਂ ਤੇ ਚਾਕ ਦੇ ਨਾਲ ਘੁਲਦੀ, ਏਸ ਮੁਲਕ ਦਾ ਰੱਛ ਗਵਾਇਆ ਈ ।
ਮਾਂ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ ।
ਮੂੰਹ ਘੁਟ ਰਹੇ ਵਾਲ ਪੁਟ ਰਹੇ, ਲਿੰਗ ਕੁਟ ਰਹੇ ਮੈਨੂੰ ਤਾਇਆ ਈ ।
ਹਿੱਕ ਹੁੱਟ ਰਹੇ ਝਾਟਾ ਪੁਟ ਰਹੇ, ਅੰਤ ਹੁੱਟ ਰਹੇ ਗ਼ੈਬ ਚਾਇਆ ਈ ।
ਲਿਟਾਂ ਪੁਟ ਰਹੇ ਤੇ ਨਿਖੁੱਟ ਰਹੇ, ਲੱਤੀਂ ਜੁਟ ਰਹੇ ਤੇ ਲਟਕਾਇਆ ਈ ।
ਮੱਤੀਂ ਦੇ ਰਹੇ ਪੀਰ ਸੇਂਵ ਰਹੇ, ਪੈਰੀਂ ਪੈ ਰਹੇ ਲੋੜ੍ਹਾ ਆਇਆ ਈ ।
ਵਾਰਿਸ ਸ਼ਾਹ ਮੀਆਂ ਸੁੱਤੇ ਮਾਮਲੇ ਨੂੰ, ਲੰਙੇ ਰਿੱਛ ਨੇ ਮੋੜ ਜਗਾਇਆ ਈ ।
(ਮੁਲਕ ਦਾ ਰੱਛ=ਦੇਸ਼ ਦੀਆਂ ਕਦਰਾਂ ਕੀਮਤਾਂ, ਤਾਇਆ=ਦਿਲ ਸਾੜ
ਦਿੱਤਾ, ਲੰਙਾ ਰਿੱਛ=ਕੈਦੋ)

127. ਮਲਕੀ ਦਾ ਕਾਮਿਆਂ ਨੂੰ ਹੁਕਮ

ਮਲਕੀ ਆਖਦੀ ਸੱਦ ਤੂੰ ਹੀਰ ਤਾਈ, ਝਬ ਹੋ ਤੂੰ ਔਲੀਆ ਨਾਈਆ ਵੇ ।
ਅਲਫੂ ਮੋਚੀਆ ਮੌਜਮਾ ਵਾਗੀਆ ਵੇ, ਧੱਦੀ ਮਾਛੀਆ ਭਜ ਤੂੰ ਭਾਈਆ ਵੇ ।
ਖੇਡਣ ਗਈ ਮੂੰਹ ਸੋਝਲੇ ਘਰੋਂ ਨਿਕਲੀ, ਨਿੰਮ੍ਹੀ ਸ਼ਾਮ ਹੋਈ ਨਹੀਂ ਆਈਆ ਵੇ ।
ਵਾਰਿਸ ਸ਼ਾਹ ਮਾਹੀ ਹੀਰ ਨਹੀਂ ਆਏ, ਮਹਿੜ ਮੰਗੂਆਂ ਦੀ ਘਰੀਂ ਆਈਆ ਵੇ ।
(ਸੋਝਲੇ=ਸਾਝਰੇ, ਮੰਗੂਆਂ ਦੀ ਮਹਿੜ=ਬਾਹਰ ਚੁਗਣ ਗਏ ਪਸ਼ੂਆਂ ਵਿੱਚੋਂ ਕੁਝ
ਪਹਿਲਾਂ ਘਰ ਮੁੜੇ ਪਸ਼ੂ)

128. ਹੀਰ ਨੂੰ ਸੱਦਣ ਲਈ ਬੰਦੇ ਦੌੜੇ

ਝੰਗੜ ਡੂਮ ਤੇ ਫੱਤੂ ਕਲਾਲ ਦੌੜੇ, ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ ।
ਜਾ ਹੀਰ ਅੱਗੇ ਧੁੰਮ ਘੱਤੀਆ ਨੇ, ਬੱਚਾ ਕੇਹੀ ਉਡਾਈ ਆ ਖ਼ਾਕ ਮੀਆਂ ।
ਤੇਰੀ ਮਾਂਉਂ ਤੇਰੇ ਉਤੇ ਬਹੁਤ ਗ਼ੁੱਸੇ, ਜਾਨੋਂ ਮਾਰਸੀ ਚੂਚਕ ਬਾਪ ਮੀਆਂ ।
ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ, ਨਾਲੇ ਆਖਦੇ ਮਾਰੀਏ ਚਾਕ ਮੀਆਂ ।
ਸਿਆਲ ਘੇਰ ਘੇਰਨ ਪਵਣ ਮਗਰ ਤੇਰੇ, ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ ।
ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ, ਤੇ ਗੁਲੇਲੜਾ ਪੌਸ ਪਟਾਕ ਮੀਆਂ ।
ਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ, ਸਾਰਾ ਕੋੜਮਾ ਬਹੁਤ ਗ਼ਮਨਾਕ ਮੀਆਂ ।
ਵਾਰਿਸ ਸ਼ਾਹ ਯਤੀਮ ਦੇ ਮਾਰਨੇ ਨੂੰ, ਸਭਾ ਜੁੜੀ ਝਨਾਉਂ ਦੀ ਢਾਕ ਮੀਆਂ ।
(ਧੁੰਮ ਘਤੀਆ=ਰੌਲਾ ਪਾਇਆ)

129. ਹੀਰ ਦਾ ਮਾਂ ਕੋਲ ਆਉਣਾ

ਹੀਰ ਮਾਂ ਨੂੰ ਆਣ ਸਲਾਮ ਕੀਤਾ, ਮਾਉਂ ਆਖਦੀ ਆ ਨੀ ਨਹਿਰੀਏ ਨੀ ।
ਯਰੋਲੀਏ ਗੋਲੀਏ ਬੇਹਿਆਏ, ਘੁੰਢ ਵੀਣੀਏ ਤੇ ਗੁਲ ਪਹਿਰੀਏ ਨੀ ।
ਉਧਲਾਕ ਟੂੰਬੇ ਅਤੇ ਕੜਮੀਏ ਨੀ, ਛਲਛਿੱਦਰੀਏ ਤੇ ਛਾਈਂ ਜਹਿਰੀਏ ਨੀ ।
ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ, ਗ਼ੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ ।
ਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ, ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ ।
ਆ ਆਖਨੀ ਹਾਂ ਟਲ ਜਾ ਹੀਰੇ, ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ ।
ਸਾਨ੍ਹਾਂ ਨਾਲ ਰਹੇਂ ਦਿਹੁੰ ਰਾਤ ਖਹਿੰਦੀ, ਆ ਟਲੀਂ ਨੀ ਕੱਟੀਏ ਵਹਿੜੀਏ ਨੀ ।
ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ, ਤੇਰੀ ਸਾਇਤ ਆਂਵਦੀ ਕਹਿਰੀਏ ਨੀ ।
ਵਾਰਿਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ, ਵੇਖੀਂ ਨੀਲ ਡਾਡਾਂ ਉੱਠੇ ਲਹਿਰੀਏ ਨੀ ।
(ਯਰੋਲੀ=ਯਾਰ ਰੱਖਣ ਵਾਲੀ, ਘੁੰਡ ਵੀਣੀ=ਵਿਖਾਵੇ ਦਾ ਘੁੰਡ ਕੱਢਣ ਵਾਲੀ,
ਫ਼ਰੇਬਨ, ਗੁਲ ਪਹਿਰੀ=ਫੁੱਲਾਂ ਨਾਲ ਸਜਾਵਟ ਕਰਨ ਵਾਲੀ, ਉਧਲਾਕ=ਉੱਧਲ
ਜਾਣੀ, ਟੂੰਬੇ=ਟੂਮ, ਕੜਮੀਏ=ਬਦ ਨਸੀਬੇ, ਛਲ ਛਿੱਦਰੀਏ=ਉਪਰੋਂ ਭੋਲੀ ਪਰ
ਅੰਦਰੋਂ ਛਲਾਂ ਨਾਲ ਭਰੀ, ਛਾਈ=ਮਿੱਟੀ ਦਾ ਭਾਵ ਕੱਚਾ, ਜਹਿਰ=ਜਹਿਰੀਏ,
ਪਾਣੀ ਦਾ ਘੜਾ, ਸ਼ਾਦੀ ਤੋਂ ਪਹਿਲਾਂ ਇੱਕ ਰਿਵਾਜ਼ ਸੀ ਕਿ ਕੁੜੀਆਂ ਥੱਲੇ ਉਪਰ
ਦੋ ਤਿੰਨ ਘੜੇ ਪਾਣੀ ਦੇ ਭਰ ਕੇ ਸਿਰ ਤੇ ਰੱਖਦੀਆਂ ਸਨ ਅਤੇ ਉਨ੍ਹਾਂ ਦੇ ਸਿਖਰ
ਇੱਕ ਸ਼ਰਬਤ ਦਾ ਪਿਆਲਾ ਭਰਕੇ ਰੱਖ ਦਿੱਤਾ ਜਾਂਦਾ ਸੀ । ਜੋ ਕੋਈ ਮਰਦ
ਇਹ ਘੜੇ ਲਹਾਉਣ ਵਿੱਚ ਮਦਦ ਕਰੇ ਤਾਂ ਉਹ ਆਦਮੀ ਉਸ ਮੁਟਿਆਰ ਨਾਲ
ਵਿਆਹ ਕਰਾਵੇਗਾ, ਗੋਲਾ ਦਿੰਗੀ=ਭੈੜੇ ਚਲਨ ਵਾਲੀ ਇਸਤਰੀ, ਉਜ਼ਬਕ=
ਉਜ਼ਬੇਕਸਤਾਨ ਦੀ,ਧਾੜਵੀ, ਮਾਲਜ਼ਾਦੀ=ਕੰਜਰੀ ਜਾਂ ਵੇਸਵਾ, ਮੁਤਹਿਰਾ=ਡੰਡਾ,
ਕਪੜ ਧੜੀ=ਕਪੜਿਆਂ ਨੂੰ ਕੁਟ ਕੁਟ ਧੋਣਾ, ਨੀਲ ਡਾਡਾਂ=ਡੰਡੇ ਦੀਆਂ ਪਈਆਂ ਲਾਸਾਂ)

130. ਹੀਰ

ਅੰਮਾਂ ਚਾਕ ਬੇਲੇ ਅਸੀਂ ਪੀਂਘ ਪੀਂਘਾਂ, ਕੈਸੇ ਗ਼ੈਬ ਦੇ ਤੂਤੀਏੇ ਬੋਲਨੀ ਹੈਂ ।
ਗੰਦਾ ਬਹੁਤ ਮਲੂਕ ਮੂੰਹ ਝੂਠੜੇ ਦਾ, ਐਡਾ ਝੂਠ ਪਹਾੜ ਕਿਉਂ ਤੋਲਨੀ ਹੈਂ ।
ਸ਼ੁਲਾ ਨਾਲ ਗੁਲਾਬ ਤਿਆਰ ਕੀਤਾ, ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂ ।
ਗਦਾਂ ਕਿਸੇ ਦੀ ਨਹੀਂ ਚੁਰਾ ਆਂਦੀ, ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ ।
ਅਣਸੁਣਿਆਂ ਨੂੰ ਚਾ ਸੁਣਾਇਆ ਈ, ਮੋਏ ਨਾਗ਼ ਵਾਂਗੂੰ ਵਿਸ ਘੋਲਨੀ ਹੈਂ ।
ਵਾਰਿਸ ਸ਼ਾਹ ਗੁਨਾਹ ਕੀ ਅਸਾਂ ਕੀਤਾ, ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ ।
(ਗ਼ੈਬ ਦੇ ਤੂਤੀਏ=ਜਿਹੜੇ ਬੋਲ ਕਿਸੇ ਨੇ ਸੁਣੇ ਨਾ ਹੋਣ, ਸ਼ੁਲਾ=ਸ਼ਰਾਬ, ਪਿਆਜ਼
ਘੋਲਣਾ=ਕੰਮ ਖ਼ਰਾਬ ਕਰਨਾ, ਗਦਾਂ=ਗਧੀ, ਗ਼ੈਬ ਤੋਲਨੇ=ਨਿਰਾ ਝੂਠ ਬੋਲਣਾ)

131. ਮਲਕੀ

ਸੜੇ ਲੇਖ ਸਾਡੇ ਕੱਜ ਪਏ ਤੈਨੂੰ, ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ ।
ਨਿਤ ਕਰੇਂ ਤੌਬਾ ਨਿਕ ਕਰੇਂ ਯਾਰੀ, ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀ ।
ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ, ਤੈਨੂੰ ਕਿਸੇ ਫ਼ਕੀਰ ਦੀ ਕੇਹੀ ਵੱਗੀ ।
ਵਾਰਿਸ ਸ਼ਾਹ ਇਹ ਦੁਧ ਤੇ ਖੰਡ ਖਾਂਦੀ, ਮਾਰੀ ਫਿਟਕ ਦੀ ਗਈ ਜੇ ਹੋ ਬੱਗੀ ।
(ਕਜ=ਐਬ,ਨੁਕਸ, ਕਹੀ ਵੱਗੀ=ਮੂੰਹੋਂ ਆਖੀ ਬਦ-ਦੁਆ ਲੱਗ ਗਈ,
ਫਿਟਕ=ਖ਼ੂਨ ਦੇ ਘਟ ਹੋਣ ਕਾਰਨ ਰੰਗ ਪੀਲਾ ਹੋਣ ਦੀ ਬੀਮਾਰੀ)

132. ਹੀਰ

ਅੰਮਾਂ ਬਸ ਕਰ ਗਾਲ੍ਹੀਆਂ ਦੇ ਨਾਹੀਂ, ਗਾਲ੍ਹੀ ਦਿੱਤੀਆਂ ਵੱਡੜਾ ਪਾਪ ਆਵੇ ।
ਨਿਉਂ ਰਬ ਦੀ ਪੱਟਣੀ ਖਰੀ ਔਖੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ ।
ਲੈ ਜਾਏ ਮੈਂ ਭੱਈਆਂ ਪਿਟੜੀ ਨੂੰ, ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ ।
ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ।
(ਭੱਈਆਂ-ਪਿੱਟੀ=ਭੱਈਆਂ ਪਿੱਟੀਆਂ,ਇੱਕ ਗਾਲ )

133. ਕੈਦੋਂ ਦਾ ਸਿਆਲਾਂ ਨੂੰ ਕਹਿਣਾ

ਕੈਦੋ ਆਇਕੇ ਆਖਦਾ ਸੌਹਰਿਓ ਵੋ, ਮੈਥੋਂ ਕੌਣ ਚੰਗਾ ਮੱਤ ਦੇਸੀਆ ਵੋਇ ।
ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ, ਅੱਜ ਕਲ ਵਿਗਾੜ ਕਰੇਸੀਆ ਵੋਇ ।
ਇਹ ਨਿਤ ਦਾ ਪਿਆਰ ਨਾ ਜਾਏ ਖ਼ਾਲੀ, ਪਿੰਜ ਗੱਡ ਦਾ ਪਾਸ ਨਾ ਵੈਸੀਆ ਵੋਇ ।
ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ, ਪਰ੍ਹਾ ਛੱਡ ਝੇੜਾ ਬਹੁ ਭੇਸੀਆ ਵੋਇ ।
ਰਗ ਇੱਕ ਵਧੀਕ ਹੈ ਲੰਙਿਆਂ ਦੀ, ਕਿਰਤਘਣ ਫ਼ਰਫ਼ੇਜ਼ ਮਲਘੇਸੀਆ ਵੋਇ ।
(ਖ਼ਾਲੀ ਪਿੰਜ ਗਡ=ਬਿਨਾ ਪਿੰਜ ਤੋਂ ਗੱਡਾ, ਫ਼ਰਫ਼ੇਜ਼=ਫ਼ਰੇਬ, ਬਹੁਭੇਸੀਆ=
ਬਹੁਰੂਪੀਆ, ਮਲਘੇਸੀਆ=ਗੰਦਾ)

134. ਤਥਾ

ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ, ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ ।
ਜਿਨ੍ਹਾਂ ਬਾਣ ਹੈ ਨੱਚਣੇ ਕੁਦਣੇ ਦੀ, ਰੱਖੇ ਕੌਣ ਰੰਨਾਂ ਹਰਿਆਰੀਆਂ ਨੂੰ ।
ਏਸ ਪਾਇ ਭੁਲਾਵੜਾ ਠਗ ਲੀਤੇ, ਕੰਮ ਪਹੁੰਚਸੀ ਬਹੁਤ ਖ਼ੁਆਰੀਆਂ ਨੂੰ ।
ਜਦੋਂ ਚਾਕ ਉਧਾਲ ਲੈ ਜਾਗ ਨੱਢੀ, ਤਦੋਂ ਝੂਰਸੋਂ ਬਾਜ਼ੀਆਂ ਹਾਰੀਆਂ ਨੂੰ ।
ਵਾਰਿਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ, ਸੇਈ ਜਾਣਦੇ ਦਾਰੀਆਂ ਯਾਰੀਆਂ ਨੂੰ ।
(ਭੁਲਾਵੜਾ=ਭੁਲੇਖਾ, ਦਾਰੀਆਂ=ਦਾਰੀ ਦਾ ਬਹੁ-ਵਚਨ,ਖ਼ਾਤਰਦਾਰੀ)

135. ਹੀਰ ਨੂੰ ਸਹੇਲੀਆਂ ਨੇ ਕੈਦੋਂ ਬਾਬਤ ਦੱਸਣਾ

ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ, ਜਾ ਕੰਨ ਦੇ ਵਿੱਚ ਸੁਣਾਇਆ ਈ ।
ਤੈਨੂੰ ਮਿਹਣਾ ਚਾਕ ਦਾ ਦੇ ਕੈਦੋਂ, ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ ।
ਵਾਂਗ ਢੋਲ ਹਰਾਮ ਸ਼ੈਤਾਨ ਦੇ ਨੇ, ਡੱਗਾ ਵਿੱਚ ਬਾਜ਼ਾਰ ਦੇ ਲਾਇਆ ਈ ।
ਇਹ ਗੱਲ ਜੇ ਜਾਇਸੀ ਅੱਜ ਖ਼ਾਲੀ, ਤੂੰ ਹੀਰ ਕਿਉਂ ਨਾਉਂ ਸਦਾਇਆ ਈ ।
ਕਰ ਛੱਡ ਤੂੰ ਏਸ ਦੇ ਨਾਲ ਏਹੀ, ਸੁਣੇ ਦੇਸ ਜੋ ਕੀਤੜਾ ਪਾਇਆ ਈ ।
ਵਾਰਿਸ ਸ਼ਾਹ ਅਪਰਾਧੀਆਂ ਰਹਿਣ ਚੜ੍ਹੀਆਂ, ਲੰਙੇ ਰਿੱਛ ਨੇ ਮਾਮਲਾ ਚਾਇਆ ਈ ।
136. ਹੀਰ ਦਾ ਸਹੇਲੀਆਂ ਨੂੰ ਉੱਤਰ

ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ, ਗਲ ਪਾ ਰੱਸਾ ਮੂੰਹ ਘੁਟ ਘੱਤੋ ।
ਲੈ ਕੇ ਕੁਤਕੇ ਤੇ ਕੁੱਢਣ ਮਾਛੀਆਂ ਦੇ, ਧੜਾ ਧੜ ਹੀ ਮਾਰ ਕੇ ਕੁਟ ਘੱਤੋ ।
ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ, ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ ।
ਮਾਰ ਏਸ ਨੂੰ ਲਾਇਕੇ ਅੱਗ ਝੁੱਗੀ, ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ ।
ਵਾਰਿਸ ਸ਼ਾਹ ਮੀਆਂ ਦਾੜ੍ਹੀ ਭੰਬੜੀ ਦਾ, ਜੇ ਕੋ ਵਾਲ ਦਿਸੇ ਸਭੋ ਪੁਟ ਘੱਤੋ ।
(ਕੁਤਕੇ=ਘੋਟਨੇ, ਕੁਢਣ=ਚੁਭੇ ਜਾਂ ਭੱਠ ਵਿੱਚੋਂ ਸੁਆਹ ਕੱਢਣ ਵਾਲਾ ਸੰਦ,
ਟੋਭੜੇ=ਟੋਭੇ)

137. ਹੀਰ ਦੀ ਸਹੇਲੀਆਂ ਨਾਲ ਕੈਦੋ ਨੂੰ ਚੰਡਣ ਦੀ ਸਲਾਹ

ਸਈਆਂ ਨਾਲ ਰਲ ਕੇ ਹੀਰ ਮਤਾ ਕੀਤਾ, ਖਿੰਡ-ਪੁੰਡ ਕੇ ਗਲੀਆਂ ਮੱਲੀਆਂ ਨੇ ।
ਕੈਦੋਂ ਆਣ ਵੜਿਆ ਜਦੋਂ ਫਲ੍ਹੇ ਅੰਦਰ, ਖ਼ਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ ।
ਹੱਥੀਂ ਪਕੜ ਕਾਂਬਾਂ ਵਾਂਗ ਸ਼ਾਹ ਪਰੀਆਂ, ਗ਼ੁੱਸਾ ਖਾਇਕੇ ਸਾਰੀਆਂ ਚੱਲੀਆਂ ਨੇ ।
ਕੈਦੋਂ ਘੇਰ ਜਿਉਂ ਗਧਾ ਘਮਿਆਰ ਪਕੜੇ, ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ ।
ਘਾੜ ਘੜਨ ਠਠਿਆਰ ਜਿਉਂ ਪੌਣ ਧਮਕਾਂ, ਧਾਈਂ ਛੱਟਦੀਆਂ ਜਿਵੇਂ ਮੁਹੱਲੀਆਂ ਨੇ ।
(ਕਾਂਬਾਂ=ਛਮਕਾਂ)

138. ਤਥਾ

ਗਲ ਪਾਇਕੇ ਸੇਲ੍ਹੀਆਂ ਲਾਹ ਟੋਪੀ, ਪਾੜ ਜੁੱਲੀਆਂ ਸੰਘ ਨੂੰ ਘੁੱਟਿਉ ਨੇ ।
ਭੰਨ ਕੌਰ ਤੇ ਕੁਤਕੇ ਛੜਨ ਲੱਤੀਂ, ਰੋੜ੍ਹ ਵਿੱਚ ਖੁੜੱਲ ਦੇ ਸੁੱਟਿਉ ਨੇ ।
ਝੰਝੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁੱਟਿਉ ਨੇ ।
ਵਾਰਿਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ, ਏਹ ਅਖੱਟੜਾ ਹੀ ਚਾ ਖੁੱਟਿਓ ਨੇ ।
(ਲਾਂਗੜ=ਲੰਗੋਟੀ,ਤਹਿਮਤ, ਅਖੱਟੜਾ=ਕਰੜਾ)

139. ਤਥਾ

ਹਿਕ ਮਾਰ ਲੱਤਾਂ ਦੂਈ ਲਾ ਛਮਕਾਂ, ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ ।
ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ, ਕੋਈ ਪਕੜ ਕੇ ਧੌਣ ਭੋਇੰ ਮਾਰਦੀ ਹੈ ।
ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ, ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ ।
ਚੋਰ ਮਾਰੀਦਾ ਵੇਖੀਏ ਚਲੋ ਯਾਰੋ, ਵਾਰਿਸ ਸ਼ਾਹ ਏਹ ਜ਼ਬਤ ਸਰਕਾਰ ਦੀ ਹੈ ।
(ਤ੍ਰੀਈ=ਤੀਜੀ, ਦੁੱਬਰ ਵਿੱਚ=ਗੁਦਾ ਵਿੱਚ, ਡੰਡਕਾ=ਡੰਡਾ)

140. ਕੈਦੋਂ ਕੁੜੀਆਂ ਨਾਲ ਉਲਝਿਆ

ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ, ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ ।
ਵੱਤੇ ਫਿਰਨ ਪਰਵਾਰ ਜਿਉਂ ਚੰਨ ਦਵਾਲੇ, ਗਿਰਦ ਪਾਇਲਾਂ ਪਾਉਂਦੀਆਂ ਮੋਰ ਵਾਂਗੂੰ ।
ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ, ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ ।
ਵਾਰਿਸ ਸ਼ਾਹ ਅੰਗਿਆਰੀਆਂ ਭਖਦੀਆਂ ਨੀ, ਉਹਦੀ ਪ੍ਰੀਤ ਹੈ ਚੰਨ ਚਕੋਰ ਵਾਂਗੂੰ ।
(ਚੱਕ=ਦੰਦੀ, ਕੋਟ=ਕਿਲਾ)

141. ਕੈਦੋਂ ਦੀ ਝੁੱਗੀ ਸਾੜਨੀ

ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ, ਸਿਆਲੀਂ ਲਾਇਕੇ ਪਾਸਣਾ ਧਾਈਆਂ ਨੀ ।
ਹੱਥੀਂ ਬਾਲ ਮਵਾਤੜੇ ਕਾਹ ਕਾਨੇ, ਵੱਡੇ ਭਾਂਬੜੇ ਬਾਲ ਲੈ ਆਈਆਂ ਨੀ ।
ਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ, ਕੁੱਕੜ ਕੁੱਤਿਆਂ ਚਾਇ ਭਜਾਈਆਂ ਨੀ ।
ਫੌਜ਼ਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ, ਮੁੜ ਫੇਰ ਲਾਹੌਰ ਨੂੰ ਆਈਆਂ ਨੀ ।
(ਚਕਚੂਰ=ਚੂਰ ਚੂਰ, ਕਾਹ=ਘਾਹ, ਮਵਾਤੜਾ=ਲਾਟਾਂ, ਮਾਰ ਮਥਰਾ=
ਫਤਹਿ ਕਰਕੇ)

142. ਕੈਦੋਂ ਦੀ ਪੰਚਾਂ ਅੱਗੇ ਫ਼ਰਿਆਦ

ਕੈਦੋ ਲਿੱਥੜੇ ਪੱਥੜੇ ਖ਼ੂਨ ਵਹਿੰਦੇ, ਕੂਕੇ ਬਾਹੁੜੀ ਤੇ ਫ਼ਰਿਆਦ ਮੀਆਂ ।
ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ, ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ ।
ਕਫ਼ਨ ਪਾੜ ਬਾਦਸ਼ਾਹ ਥੇ ਜਾ ਕੂਕਾਂ, ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂ ।
ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ, ਸ਼ੀਰੀਂ ਮਾਰਿਆ ਜਿਵੇਂ ਫ਼ਰਹਾਦ ਮੀਆਂ ।
ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ, ਏਹ ਗੱਲ ਨਾ ਜਾਏ ਬਰਬਾਦ ਮੀਆਂ ।
ਵਾਰਿਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ, ਨਹੀਂ ਆਂਵਦਾ ਇਸ਼ਕ ਦਾ ਸਵਾਦ ਮੀਆਂ ।
(ਕੂਕੇ=ਚੀਕਾਂ ਮਾਰੇ, ਦਾਦ ਦਿਉ=ਇਨਸਾਫ਼ ਕਰੋ, ਬਿਨਾ ਫਾਟ=ਬਗ਼ੈਰ ਕੁਟ ਖਾਣ
ਤੇ, ਸਵਾਦ=ਸੁਆਦ, ਮਜ਼ਾ)

143. ਚੂਚਕ ਦਾ ਕੈਦੋਂ ਨੂੰ ਉੱਤਰ

ਚੂਚਕ ਆਖਿਆ ਲੰਙਿਆ ਜਾ ਸਾਥੋਂ, ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ ।
ਸਰਦਾਰ ਹੈਂ ਚੋਰ ਉਚੱਕਿਆਂ ਦਾ, ਸੂਹਾਂ ਬੈਠਾ ਹੈਂ ਸਾਹਿਆਂ ਫੇੜਿਆਂ ਦਾ ।
ਤੈਨੂੰ ਵੈਰ ਹੈ ਨਾਲ ਅੰਞਾਣਿਆਂ ਦੇ, ਤੇ ਵੱਲ ਹੈ ਦੱਬ ਦਰੇੜਿਆਂ ਦਾ ।
ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ, ਇਹੋ ਚੱਜ ਜੇ ਮਾਹਣੂਆਂ ਭੈੜਿਆਂ ਦਾ ।
ਵਾਰਿਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ, ਏਹੋ ਮੂਲ ਹੈ ਸਭ ਬਖੇੜਿਆਂ ਦਾ ।
(ਵਲ=ਢੰਗ,ਤਰੀਕਾ, ਸੂਹਾਂ=ਸੂਹ ਲੈਣ ਵਾਲਾ,ਸੂਹੀਆ, ਸਾਹਾ=ਵਿਆਹ ਸ਼ਾਦੀ,
ਦਬ ਦਰੇੜੇ=ਝਗੜੇ,ਦਬਾਉ, ਮੂਲ=ਜੜ੍ਹ, ਅਬਲੀਸ=ਸ਼ੈਤਾਨ)

144. ਕੈਦੋਂ ਨੇ ਆਪਣੀ ਹਾਲਤ ਦੱਸਣਾ

ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ, ਝੁੱਗੀ ਲਾ ਮੁਆਤੜੇ ਸਾੜੀਆ ਨੇ ।
ਦੌਰ ਭੰਨ ਕੇ ਕੁਤਕੇ ਸਾੜ ਮੇਰੇ, ਪੈਵੰਦ ਜੁੱਲੀਆਂ ਫੋਲ ਕੇ ਪਾੜੀਆ ਨੇ ।
ਕੁੱਕੜ ਕੁੱਤੀਆਂ ਭੰਗ ਅਫੀਮ ਲੁੱਟੀ, ਮੇਰੀ ਬਾਵਨੀ ਚਾ ਉਜਾੜੀਆ ਨੇ ।
ਧੜਵੈਲ ਧਾੜੇ ਮਾਰ ਲੁੱਟਣ, ਮੇਰਾ ਦੇਸ ਲੁਟਿਆ ਏਨ੍ਹਾਂ ਲਾੜੀਆਂ ਨੇ ।
(ਉਧਲਾਂ=ਉਧਲ ਜਾਣੀਆਂ, ਪੈਵੰਦ=ਜੋੜ, ਪੈਵੰਦ ਜੁੱਲੀਆਂ=ਉਹ ਜੁੱਲੀ
ਜਾਂ ਗੋਦੜੀ ਜਿਹੜੀ ਵੱਖ ਵੱਖ ਭਾਂਤ ਦੇ ਸੁਹਣੇ ਟੋਟੇ ਜੋੜ ਕੇ ਸੀਤੀ ਹੋਵੇ,
ਬਾਵਨੀ=ਬਵੰਜਾਂ ਪਿੰਡਾਂ ਦੀ ਜਗੀਰ)

145. ਸਿਆਲਾਂ ਦਾ ਉੱਤਰ

ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ, ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈਂ ।
ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ, ਮਾਵਾਂ ਧੀਆਂ ਨੂੰ ਪਾੜ ਵਿਖਾਵਨਾ ਹੈਂ ।
ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ, ਐਵੇਂ ਟੱਕਰਾਂ ਪਿਆ ਲੜਾਵਨਾ ਹੈਂ ।
ਪਰ੍ਹਾਂ ਜਾਹ ਜੱਟਾ ਪਿੱਛਾ ਛਡ ਸਾਡਾ, ਐਵੇਂ ਕਾਸ ਨੂੰ ਪਿਆ ਅਕਾਵਨਾ ਹੈਂ ।
(ਲੂਤੀਆਂ ਲਾਉਣਾਂ=ਚੁਗ਼ਲੀਆਂ ਕਰਕੇ ਫਸਾਦ ਕਰਵਾਉਣਾ)

146. ਕੈਦੋ

ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ, ਭਰੇ ਦੇਸ 'ਚ ਫਾਟਿਆ ਕੁੱਟਿਆ ਹਾਂ ।
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ, ਧੁਰੋਂ ਜੜ੍ਹਾਂ ਥੀਂ ਲਾ ਮੈਂ ਪੁੱਟਿਆ ਹਾਂ ।
ਮੈਂ ਮਾਰਿਆਂ ਦੇਖਦੇ ਮੁਲਕ ਸਾਰੇ, ਧਰੂਹ ਕਰੰਗ ਮੋਏ ਵਾਂਗੂੰ ਸੁੱਟਿਆ ਹਾਂ ।
ਹੱਡ ਗੋਡੜੇ ਭੰਨ ਕੇ ਚੂਰ ਕੀਤੇ, ਅੜੀਦਾਰ ਗੱਦੋਂ ਵਾਂਗ ਕੁੱਟਿਆ ਹਾਂ ।
ਵਾਰਿਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ, ਰੋ ਰੋ ਕੇ ਬਹੁਤ ਨਖੁੱਟਿਆ ਹਾਂ ।
(ਧਰੋਹੀ=ਦੁਹਾਈ, ਕਰੰਗ=ਮੁਰਦਾ ਸਰੀਰ,ਪਿੰਜਰ, ਅੜੀਦਾਰ ਗਦੋਂ=
ਅੜਬੈਲ ਜਾਂ ਅੜੀਅਲ ਗਧੀ)

147. ਸਿਆਲਾਂ ਨੇ ਕੁੜੀਆਂ ਤੋਂ ਪੁੱਛਣਾ

ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ, ਲੰਙਾ ਕਾਸ ਨੂੰ ਢਾਹ ਕੇ ਮਾਰਿਆ ਜੇ ।
ਐਵੇਂ ਬਾਝ ਤਕਸੀਰ ਗੁਨਾਹ ਲੁਟਿਆ, ਇੱਕੇ ਕੋਈ ਗੁਨਾਹ ਨਿਤਾਰਿਆ ਜੇ ।
ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ, ਏਡਾ ਕਹਿਰ ਤੇ ਖ਼ੂਨ ਗੁਜ਼ਾਰਿਆ ਜੇ ।
ਕਹੋ ਕੌਣ ਤਕਸੀਰ ਫ਼ਕੀਰ ਅੰਦਰ, ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇ ।
ਝੁੱਗੀ ਸਾੜ ਕੇ ਮਾਰ ਕੇ ਭੰਨ ਭਾਂਡੇ, ਏਸ ਫ਼ਕਰ ਨੂੰ ਮਾਰ ਉਤਾਰਿਆ ਜੇ ।
ਵਾਰਿਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ, ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ ।
(ਇੱਕੇ=ਜਾਂ, ਮਾਰ ਉਤਾਰਿਆ=ਕੁਟ ਕੁਟ ਕੇ ਮਰਨ ਵਾਲਾ ਕਰ ਦਿੱਤਾ)

148. ਕੁੜੀਆਂ ਦਾ ਉੱਤਰ

ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ ।
ਸਾਡੀਆਂ ਮੰਮੀਆਂ ਟੋਂਹਦਾ ਤੋੜ ਗੱਲ੍ਹਾਂ, ਪਿੱਛੇ ਹੋਇਕੇ ਸੁੱਥਣਾਂ ਸੁੰਘਦਾ ਏ ।
ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ, ਸਾਨ੍ਹ ਹੋਇਕੇ ਟੱਪਦਾ ਰਿੰਗਦਾ ਏ ।
ਨਾਲੇ ਬੰਨ੍ਹ ਕੇ ਜੋਗ ਨੂੰ ਜੋ ਦਿੰਦਾ, ਗੁੱਤਾਂ ਬੰਨ੍ਹ ਕੇ ਖਿੱਚਦਾ ਤੰਗਦਾ ਏ ।
ਤੇੜੋਂ ਲਾਹ ਕਹਾਈ ਵੱਤੇ ਫਿਰੇ ਭੌਂਦਾ, ਭੌਂ ਭੌਂ ਮੂਤਦਾ ਤੇ ਨਾਲ ਤ੍ਰਿੰਗਦਾ ਏ ।
ਵਾਰਿਸ ਸ਼ਾਹ ਉਜਾੜ ਵਿੱਚ ਜਾਇਕੇ ਤੇ, ਫਲਗਣਾਂ ਅਸਾਡੀਆਂ ਸੁੰਘਦਾ ਏ ।
(ਕਾਰੇ=ਭੈੜੇ ਕੰਮ, ਕਹਾਈ=ਲੰਗੋਟੀ, ਠੁੰਗਦਾ=ਠੂੰਗੇ ਮਾਰਦਾ, ਫਲਗਣਾਂ=
ਬਸੰਤ ਦੀ ਰੁੱਤੇ ਕੁੜੀਆਂ ਦੇ ਪਾਏ ਹਾਰ)

149. ਸਿਆਲਾਂ ਦਾ ਕੁੜੀਆਂ ਨੂੰ ਉੱਤਰ

ਉਹ ਆਖਦਾ ਮਾਰ ਗਵਾ ਦਿੱਤਾ, ਹੱਡ ਗੋਡੜੇ ਭੰਨ ਕੇ ਚੂਰ ਕੀਤੇ ।
ਝੁੱਗੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ, ਲਾਹ ਭਾਗ ਪੱਟੇ ਪੁਟ ਦੂਰ ਕੀਤੇ ।
ਟੰਗੋਂ ਪਕੜ ਘਸੀਟ ਕੇ ਵਿੱਚ ਖਾਈ, ਤੁਸਾਂ ਮਾਰ ਕੇ ਖ਼ਲਕ ਰਜੂਰ ਕੀਤੇ ।
ਵਾਰਿਸ ਸ਼ਾਹ ਗੁਨਾਹ ਥੋਂ ਪਕੜ ਕਾਫ਼ਰ, ਹੱਡ ਪੈਰ ਮਲਾਇਕਾਂ ਚੂਰ ਕੀਤੇ ।
(ਭਾਗ=ਭੰਗ, ਮਲਾਇਕਾਂ=ਫਰਿਸ਼ਤਿਆਂ,ਮਲਕ ਦਾ ਬਹੁ ਵਚਨ)

150. ਕੁੜੀਆਂ ਦਾ ਉੱਤਰ

ਵਾਰ ਘੱਤਿਆ ਕੌਣ ਬਲਾ ਕੁੱਤਾ, ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ ।
ਅਸਾਂ ਭੱਈੜੇ ਪਿੱਟੀਆਂ ਹਥ ਲਾਇਆ, ਤੁਸੀਂ ਏਤਨੀ ਗੱਲ ਨਾ ਸਾਰਦੇ ਹੋ ।
ਫ਼ਰਫ਼ਜੀਆਂ ਮਕਰਿਆਂ ਠਕਰਿਆਂ ਨੂੰ, ਮੂੰਹ ਲਾਇਕੇ ਚਾ ਵਿਗਾੜਦੇ ਹੋ ।
ਮੁੱਠੀ ਮੁੱਠੀ ਹਾਂ ਏਡ ਅਪਰਾਧ ਪੌਂਦੇ, ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ ।
ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ, ਇਹੇ ਸੱਚ ਤੇ ਝੂਠ ਨਿਤਾਰਦੇ ਹੋ ।
ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ, ਤੁਸਾਂ ਗੱਲ ਕੀ ਚਾ ਨਿਖਾਰਦੇ ਹੋ ।
ਵਾਰਿਸ ਸ਼ਾਹ ਮੀਆਂ ਮਰਦ ਸਦਾ ਝੂਠੇ, ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ ।
(ਅਪਰਾਧ ਪੌਂਦੇ=ਅਪਰਾਧ ਕਰਦੇ)

151. ਕੈਦੋਂ ਦਾ ਫ਼ਰਿਆਦ ਕਰਨਾ

ਕੈਦਂੋ ਬਾਹੁੜੀ ਤੇ ਫ਼ਰਿਆਦ ਕੂਕੇ, ਧੀਆਂ ਵਾਲਿਉ ਕਰੋ ਨਿਆਉਂ ਮੀਆਂ ।
ਮੇਰਾ ਹੱਟ ਪਸਾਰੀ ਦਾ ਲੁਟਿਆ ਨੇ, ਕੋਲ ਵੇਖਦਾ ਪਿੰਡ ਗਿਰਾਉਂ ਮੀਆਂ ।
ਮੇਰੀ ਭੰਗ ਅਫੀਮ ਤੇ ਪੋਸਤ ਲੁੜ੍ਹਿਆ, ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ ।
ਮੇਰੀ ਤੁਸਾਂ ਦੇ ਨਾਲ ਨਾ ਸਾਂਝ ਕਾਈ, ਪਿੰਨ ਟੁਕੜੇ ਪਿੰਡ ਦੇ ਖਾਉਂ ਮੀਆਂ ।
ਤੋਤੇ ਬਾਗ਼ ਉਜਾੜਦੇ ਮੇਵਿਆਂ ਦੇ, ਅਤੇ ਫਾਹ ਲਿਆਂਵਦੇ ਕਾਉਂ ਮੀਆਂ ।
ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ ।
152. ਸਿਆਲਾਂ ਨੇ ਕੈਦੋਂ ਨੂੰ ਤਸੱਲੀ ਦੇਣੀ

ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ, ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ ।
ਹਾਏ ਹਾਏ ਫ਼ਕੀਰ ਤੇ ਕਹਿਰ ਹੋਇਆ, ਕੋਈ ਵੱਡਾ ਹੀ ਖ਼ੂਨ ਗੁਜਾਰਿਆ ਨੇ ।
ਬਹੁਤ ਦੇ ਦਿਲਾਸੜਾ ਪੂੰਝ ਅੱਖੀਂ, ਕੈਦੋ ਲੰਙੇ ਨੂੰ ਠੱਗ ਕੇ ਠਾਰਿਆ ਨੇ ।
ਕੈਦੋ ਆਖਿਆ ਧੀਆਂ ਦੇ ਵਲ ਹੋ ਕੇ, ਵੇਖੋ ਦੀਨ ਈਮਾਨ ਨਿਘਾਰਿਆ ਨੇ ।
ਵਾਰਿਸ ਅੰਧ ਰਾਜਾ ਤੇ ਬੇਦਾਦ ਨਗਰੀ, ਝੂਠਾ ਵੇਖ ਜੋ ਭਾਂਬੜਾ ਮਾਰਿਆ ਨੇ ।
(ਭਾਂਬੜਾ=ਭੰਵਰਾ)

153. ਚੂਚਕ ਤੇ ਕੈਦੋਂ

ਚੂਚਕ ਆਖਿਆ ਅੱਖੀਂ ਵਿਖਾਲ ਮੈਨੂੰ, ਮੁੰਡੀ ਲਾਹ ਸੁੱਟਾਂ ਮੁੰਡੇ ਮੁੰਡੀਆਂ ਦੀ ।
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ, ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀ ।
ਸਰਵਾਹੀਆਂ ਛਿੱਕ ਕੇ ਅਲਖ ਲਾਹਾਂ, ਅਸੀਂ ਸਥ ਨਾ ਪਰ੍ਹੇ ਹਾਂ ਟੁੰਡਿਆਂ ਦੀ ।
ਕੈਦੋ ਆਖਿਆ ਵੇਖ ਫੜਾਵਨਾ ਹਾਂ, ਭਲਾ ਮਾਉਂ ਕਿਹੜੀ ਇਹਨਾਂ ਲੁੰਡਿਆਂ ਦੀ ।
ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ, ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ ।
ਏਸ ਹੀਰ ਦੀ ਪੜਛ ਦੀ ਭੰਗ ਲੈਸਾਂ, ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ ।
ਵਾਰਿਸ ਸ਼ਾਹ ਮੀਆਂ ਏਥੇ ਖੇਡ ਪੌਂਦੀ, ਵੇਖੋ ਬੁੱਢਿਆਂ ਦੀ ਅਤੇ ਮੁੰਡਿਆਂ ਦੀ ।
(ਮੁੰਡੀ=ਗਰਦਨ, ਮੁੰਡੀਆਂ=ਕੁੜੀਆਂ, ਸਰਵਾਹੀਆਂ=ਤਲਵਾਰਾਂ, ਪੜਛ=
ਖੱਲ ਦਾ ਟੁਕੜਾ)

154. ਕੈਦੋਂ ਨੇ ਬੇਲੇ ਵਿੱਚ ਲੁਕ ਕੇ ਬਹਿਣਾ

ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ, ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ ।
ਹੋਇਆ ਸ਼ਾਹ ਵੇਲਾ ਤਦੋਂ ਵਿੱਚ ਬੇਲੇ, ਫੇਰੇ ਆਣ ਪਏ ਸੱਸੀ ਪੁੰਨੂਆਂ ਦੇ ।
ਪੋਣਾ ਬੰਨ੍ਹ ਕੇ ਰਾਂਝੇ ਨੇ ਹੱਥ ਮਲਿਆ, ਢੇਰ ਆ ਲੱਗੇ ਰੱਤੇ ਚੁੰਨੂਆਂ ਦੇ ।
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ, ਕੈਦੋ ਪੈ ਰਹਿਆ ਵਾਂਗ ਹੋ ਘੁਨੂੰਆਂ ਦੇ ।
(ਉਸ਼ੇਰ=ਸਵੇਰ, ਚੁੰਨੂਆਂ=ਫੁਲਕਾਰੀਆਂ, ਘੁਨੂੰਆਂ=ਘੋਗਲ-ਕੰਨਾ)

155. ਸਈਆਂ ਦੇ ਜਾਣ ਪਿੱਛੋਂ ਹੀਰ ਤੇ ਰਾਂਝੇ ਦਾ ਇਕੱਠੇ ਪੈ ਜਾਣਾ

ਜਦੋਂ ਲਾਲ ਖਜੂਰਿਉਂ ਖੇਡ ਸੱਈਆਂ, ਸਭੇ ਘਰੋ ਘਰੀ ਉਠ ਚੱਲੀਆਂ ਨੀ ।
ਰਾਂਝਾ ਹੀਰ ਨਿਆਰੜੇ ਹੋ ਸੁੱਤੇ, ਕੰਧਾਂ ਨਦੀ ਦੀਆਂ ਮਹੀਂ ਨੇ ਮੱਲੀਆਂ ਨੀ ।
ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ, ਟੰਗਾਂ ਲੰਙੇ ਦੀਆਂ ਤੇਜ਼ ਹੋ ਚੱਲੀਆਂ ਨੀ ।
ਪਰ੍ਹੇ ਵਿੱਚ ਕੈਦੋ ਆਣ ਪੱਗ ਮਾਰੀ, ਚਲੋ ਵੇਖ ਲਉ ਗੱਲਾਂ ਅਵੱਲੀਆਂ ਨੀ ।
(ਕੰਧਾਂ=ਕੰਢੇ, ਲਾਲ ਖਜੂਰੀ=ਇੱਕ ਥਾਂ ਦਾ ਨਾਂਉ, ਪੱਗ ਮਾਰੀ=ਦਾਅਵੇ
ਨਾਲ ਗੱਲ ਕੀਤੀ)

156. ਚੂਚਕ ਘੋੜੇ ਚੜ੍ਹ ਕੇ ਬੇਲੇ ਨੂੰ

ਪਰ੍ਹੇ ਵਿੱਚ ਬੇਗ਼ੈਰਤੀ ਕੁੱਲ ਹੋਈ, ਚੋਭ ਵਿੱਚ ਕਲੇਜੜੇ ਚਸਕਦੀ ਏ ।
ਬੇਸ਼ਰਮ ਹੈ ਟੱਪ ਕੇ ਸਿਰੇ ਚੜ੍ਹਦਾ, ਭਲੇ ਆਦਮੀ ਦੀ ਜਾਨ ਧਸਕਦੀ ਏ ।
ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ, ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ ।
ਸੁੰਬ ਘੋੜੇ ਦੇ ਕਾੜ ਹੀ ਕਾੜ ਵੱਜਣ, ਸੁਣਦਿਆਂ ਹੀਰ ਰਾਂਝੇ ਤੋਂ ਖਿਸਕਦੀ ਏ ।
ਉਠ ਰਾਂਝਨਾ ਵੇ ਬਾਬਲ ਆਂਵਦਾ ਈ, ਨਾਲੇ ਗੱਲ ਕਰਦੀ ਨਾਲੇ ਰਿਸ਼ਕਦੀ ਏ ।
ਮੈਨੂੰ ਛੱਡ ਸਹੇਲੀਆਂ ਨੱਸ ਗਈਆਂ, ਮਕਰ ਨਾਲ ਹੌਲੀ ਹੌਲੀ ਬੁਸਕਦੀ ਏ ।
ਵਾਰਿਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ, ਸਾਹ ਘੁਟ ਜਾਂਦੀ ਨਾਹੀਂ ਕੁਸਕਦੀ ਏ ।
(ਟੱਪ ਕੇ=ਪੁੱਜ ਕੇ, ਰਿਸ਼ਕਦੀ=ਹੌਲੀ ਹੌਲੀ ਖਿਸਕਦੀ, ਧਸਕਦੀ=ਥੱਲੇ ਨੂੰ ਜਾਂਦੀ
ਬੁਸਕਦੀ=ਹਟਕੋਰੇ ਲੈਂਦੀ)

157. ਚੂਚਕ ਨੇ ਬੇਲੇ ਵਿੱਚ ਹੀਰ ਨੂੰ ਰਾਂਝੇ ਨਾਲ ਦੇਖਣਾ

ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ, ਗ਼ੁੱਸਾ ਖਾਇਕੇ ਹੋਇਆ ਈ ਰੱਤ ਵੰਨਾ ।
ਇਹ ਵੇਖ ਨਿਘਾਰ ਖ਼ੁਦਾਇ ਦਾ ਜੀ, ਬੇਲੇ ਵਿੱਚ ਇਕੱਲੀਆਂ ਫਿਰਨ ਰੰਨਾਂ ।
ਅਖੀਂ ਨੀਵੀਆਂ ਰੱਖ ਕੇ ਠੁਮਕ ਚੱਲੀ, ਹੀਰ ਕੱਛ ਵਿੱਚ ਮਾਰ ਕੇ ਥਾਲ ਛੰਨਾ ।
ਚੂਚਕ ਆਖਦਾ ਰਖ ਤੂੰ ਜਮ੍ਹਾਂ ਖ਼ਾਤਰ, ਤੇਰੇ ਸੋਟਿਆਂ ਨਾਲ ਮੈ ਲਿੰਙ ਭੰਨਾਂ ।
(ਖਾਤਰ ਜਮ੍ਹਾਂ ਰੱਖ=ਤਸੱਲੀ ਰਖ,ਠਹਿਰ)

158. ਹੀਰ ਦਾ ਬਾਪ ਨੂੰ ਉੱਤਰ

ਮਹੀਂ ਛਡ ਮਾਹੀ ਉਠ ਜਾਏ ਭੁੱਖਾ, ਉਸ ਦੇ ਖਾਣੇ ਦੀ ਖ਼ਬਰ ਨਾ ਕਿਸੇ ਲੀਤੀ ।
ਭੱਤਾ ਫੇਰ ਨਾ ਕਿਸੇ ਲਿਆਵਣਾ ਈ, ਏਦੂੰ ਪਿਛਲੀ ਬਾਬਲਾ ਹੋਈ ਬੀਤੀ ।
ਮਸਤ ਹੋ ਬੇਹਾਲ ਤੇ ਮਹਿਰ ਖਲਾ, ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ ।
ਕਿਤੇ ਨੱਢੀ ਦਾ ਚਾਇ ਵਿਵਾਹ ਕੀਚੈ, ਇਹ ਮਹਿਰ ਨੇ ਜਿਉ ਦੇ ਵਿੱਚ ਕੀਤੀ ।
(ਅਬਦਾਲ=ਦਰਵੇਸ਼ਾਂ ਦਾ ਇੱਕ ਫਿਰਕਾ ਜਿਹੜਾ ਭੰਗ ਪੀਂਦਾ ਹੈ)

159. ਰਾਂਝੇ ਦੇ ਭਰਾਵਾਂ ਤੇ ਭਾਬੀਆਂ ਦਾ ਚੂਚਕ ਤੇ ਹੀਰ ਨਾਲ ਚਿੱਠੀ-ਪੱਤਰ

ਜਦੋਂ ਰਾਂਝਣਾ ਜਾਇ ਕੇ ਚਾਕ ਲੱਗਾ, ਮਹੀਂ ਸਾਂਭੀਆਂ ਚੂਚਕ ਸਿਆਲ ਦੀਆਂ ।
ਲੋਕਾਂ ਤਖ਼ਤ ਹਜ਼ਾਰੇ ਵਿੱਚ ਜਾ ਕਿਹਾ, ਕੂੰਮਾਂ ਓਸ ਅੱਗੇ ਵੱਡੇ ਮਾਲ ਦੀਆਂ ।
ਭਾਈਆਂ ਰਾਂਝੇ ਦਿਆਂ ਸਿਆਲਾਂ ਨੂੰ ਖ਼ਤ ਲਿਖਿਆ, ਜ਼ਾਤਾਂ ਮਹਿਰਮ ਜ਼ਾਤ ਦੇ ਹਾਲ ਦੀਆਂ ।
ਮੌਜੂ ਚੌਧਰੀ ਦਾ ਪੁੱਤ ਚਾਕ ਲਾਇਉ, ਇਹ ਕੁਦਰਤਾਂ ਜੱਲ-ਜਲਾਲ ਦੀਆਂ ।
ਸਾਥੋਂ ਰੁਸ ਆਇਆ ਤੁਸੀਂ ਮੋੜ ਘੱਲੋ, ਇਹਨੂੰ ਵਾਹਰਾਂ ਰਾਤ ਦਿੰਹ ਭਾਲਦੀਆਂ ।
ਜਿਨਾਂ ਭੋਏਂ ਤੋਂ ਰੁੱਸ ਕੇ ਉਠ ਆਇਆ, ਕਿਆਰੀਂ ਬਣੀ ਪਈਆਂ ਏਸ ਲਾਲ ਦੀਆਂ ।
ਸਾਥੋਂ ਵਾਹੀਆਂ ਬੀਜੀਆਂ ਲਏ ਦਾਣੇ, ਅਤੇ ਮਾਨੀਆਂ ਪਿਛਲੇ ਸਾਲ ਦੀਆਂ ।
ਸਾਥੋਂ ਘੜੀ ਨਾ ਵਿਸਰੇ ਵੀਰ ਪਿਆਰਾ, ਰੋ ਰੋ ਭਾਬੀਆਂ ਏਸ ਦੀਆਂ ਜਾਲਦੀਆਂ ।
ਮਹੀਂ ਚਾਰਦਿਆਂ ਵਢਿਓਸੁ ਨੱਕ ਸਾਡਾ, ਸਾਥੇ ਖੂਹਣੀਆਂ ਏਸ ਦੇ ਮਾਲ ਦੀਆਂ ।
ਮੱਝੀਂ ਕਟਕ ਨੂੰ ਦੇ ਕੇ ਖਿਸਕ ਜਾਸੀ, ਸਾਡਾ ਨਹੀਂ ਜ਼ਿੰਮਾਂ ਫਿਰੋ ਭਾਲਦੀਆਂ ।
ਇਹ ਸੂਰਤਾਂ ਠਗ ਜੋ ਵੇਖਦੇ ਹੋ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੀਆਂ ।
(ਖੂਣੀਆਂ=ਖੂਹਣੀ,ਵੱਡੀ ਗਿਣਤੀ, ਜੱਲ-ਜਲਾਲ=ਸਰਬ ਸ਼ਕਤੀਮਾਨ,ਰੱਬ, ਜਣਾ=
ਪੁਰਸ਼,ਰਾਂਝਾ, ਮਾਨੀ=ਜਿਣਸ ਦਾ ਇੱਕ ਮਾਪ, ਸਾਥੇ=ਸਾਡੇ ਕੋਲ)

160. ਰਾਂਝੇ ਦੇ ਭਰਾਵਾਂ ਦਾ ਚੂਚਕ ਨੂੰ ਖ਼ਤ

ਤੁਸੀਂ ਘਲ ਦੇਹੋ ਤਾਂ ਅਹਿਸਾਨ ਹੋਵੇ, ਨਹੀਂ ਚਲ ਮੇਲਾ ਅਸੀਂ ਆਵਨੇ ਹਾਂ ।
ਗਲ ਪਲੜਾ ਪਾਏ ਕੇ ਵੀਰ ਸੱਭੇ, ਅਸੀਂ ਰੁੱਠੜਾ ਵੀਰ ਮਨਾਵਨੇ ਹਾਂ ।
ਅਸਾਂ ਆਇਆਂ ਨੂੰ ਤੁਸੀਂ ਜੇ ਨਾ ਮੋੜੋ, ਤਦੋਂ ਪਏ ਪਕਾ ਪਕਾਵਨੇ ਹਾਂ ।
ਨਾਲ ਭਾਈਆਂ ਪਿੰਡ ਦੇ ਪੈਂਚ ਸਾਰੇ, ਵਾਰਿਸ ਸ਼ਾਹ ਨੂੰ ਨਾਲ ਲਿਆਵਨੇ ਹਾਂ ।
(ਮੇਲਾ=ਇਕੱਠੇ ਹੋ ਕੇ)

161. ਚੂਚਕ ਦਾ ਉੱਤਰ

ਚੂਚਕ ਸਿਆਲ ਨੇ ਲਿਖਿਆ ਰਾਂਝਿਆਂ ਨੂੰ, ਨੱਢੀ ਹੀਰ ਦਾ ਚਾਕ ਉਹ ਮੁੰਡੜਾ ਜੇ ।
ਸਾਰਾ ਪਿੰਡ ਡਰਦਾ ਓਸ ਚਾਕ ਕੋਲੋਂ, ਸਿਰ ਮਾਹੀਆਂ ਦੇ ਓਹਦਾ ਕੁੰਡੜਾ ਜੇ ।
ਅਸਾਂ ਜਟ ਹੈ ਜਾਣ ਕੇ ਚਾਕ ਲਾਇਆ, ਦੇਈਏ ਤਰਾਹ ਜੇ ਜਾਣੀਏ ਗੁੰਡੜਾ ਜੇ ।
ਇਹ ਗੱਭਰੂ ਘਰੋਂ ਕਿਉਂ ਕਢਿਆ ਜੇ, ਲੰਙਾ ਨਹੀਂ ਕੰਮਚੋਰ ਨਾ ਟੁੰਡੜਾ ਜੇ ।
ਸਿਰ ਸੋਂਹਦੀਆਂ ਬੋਦੀਆਂ ਨੱਢੜੇ, ਦੇ ਕੰਨੀਂ ਲਾਡਲੇ ਦੇ ਬਣੇ ਬੁੰਦੜਾ ਜੇ ।
ਵਾਰਿਸ ਸ਼ਾਹ ਨਾ ਕਿਸੇ ਨੂੰ ਜਾਣਦਾ ਹੈ, ਪਾਸ ਹੀਰ ਦੇ ਰਾਤ ਦਿੰਹੁ ਹੁੰਦੜਾ ਜੇ ।
162. ਰਾਂਝੇ ਦੀਆਂ ਭਾਬੀਆਂ ਨੂੰ ਹੀਰ ਦਾ ਉੱਤਰ

ਘਰ ਆਈਆਂ ਦੌਲਤਾਂ ਕੌਣ ਮੋੜੇ, ਕੋਈ ਬੰਨ੍ਹ ਪਿੰਡੋਂ ਕਿਸੇ ਟੋਰਿਆ ਈ ।
ਅਸਾਂ ਜਿਉਂਦਿਆਂ ਨਹੀਂ ਜਵਾਬ ਦੇਣਾ, ਸਾਡਾ ਰੱਬ ਨੇ ਜੋੜਨਾ ਜੋੜਿਆ ਈ ।
ਖ਼ਤਾਂ ਚਿੱਠੀਆਂ ਅਤੇ ਸੁਨੇਹਿਆਂ ਤੇ, ਕਿਸੇ ਲੁਟਿਆ ਮਾਲ ਨਾ ਮੋੜਿਆ ਈ ।
ਜਾਏ ਭਾਈਆਂ ਭਾਬੀਆਂ ਪਾਸ ਜਮ ਜਮ, ਕਿਸੇ ਨਾਹੀਉਂ ਹਟਕਿਆ ਹੋੜਿਆ ਈ ।
ਵਾਰਿਸ ਸ਼ਾਹ ਸਿਆਲਾਂ ਦੇ ਬਾਗ਼ ਵਿੱਚੋਂ, ਅਸਾਂ ਫੁੱਲ ਗੁਲਾਬ ਦਾ ਤੋੜਿਆ ਈ ।
163. ਹੀਰ ਨੂੰ ਚਿੱਠੀ ਦਾ ਉੱਤਰ

ਭਰਜਾਈਆਂ ਰਾਂਝੇ ਦੀਆਂ ਤੰਗ ਹੋ ਕੇ, ਖ਼ਤ ਹੀਰ ਸਿਆਲ ਨੂੰ ਲਿਖਿਆ ਈ ।
ਸਾਥੋਂ ਛੈਲ ਸੋ ਅੱਧ ਵੰਡਾਏ ਸੁੱਤੀ, ਲੋਕ ਯਾਰੀਆਂ ਕਿਧਰੋਂ ਸਿਖਿਆ ਈ ।
ਦੇਵਰ ਚੰਨ ਸਾਡਾ ਸਾਥੋਂ ਰੁੱਸ ਆਇਆ, ਬੋਲ ਬੋਲ ਕੇ ਖਰਾ ਤ੍ਰਿਖਿਆ ਈ ।
ਸਾਡਾ ਲਾਲ ਮੋੜੋ ਸਾਨੂੰ ਖ਼ੈਰ ਘੱਤੋ, ਜਾਣੋਂ ਕਮਲੀਆਂ ਨੂੰ ਪਾਈ ਭਿਖਿਆ ਈ ।
ਕੁੜੀਏ ਸਾਂਭ ਨਾਹੀਂ ਮਾਲ ਰਾਂਝਿਆਂ ਦਾ, ਕਰ ਸਾਰਦਾ ਦੀਦੜਾ ਤ੍ਰਿਖਿਆ ਈ ।
ਝੁਟ ਕੀਤਿਆਂ ਲਾਲ ਨਾ ਹਥ ਆਵਣ, ਸੋਈ ਮਿਲੇ ਜੋ ਤੋੜ ਦਾ ਲਿਖਿਆ ਈ ।
ਕੋਈ ਢੂੰਡ ਵਡੇਰੜਾ ਕੰਮ ਜੋਗਾ, ਅਜੇ ਇਹ ਨਾ ਯਾਰੀਆਂ ਸਿਖਿਆ ਈ ।
ਵਾਰਿਸ ਸ਼ਾਹ ਲੈ ਚਿੱਠੀਆਂ ਦੌੜਿਆ ਈ, ਕੰਮ ਕਾਸਦਾਂ ਦਾ ਮੀਆਂ ਸਿਖਿਆ ਈ ।
(ਵੰਡਾਏ ਸੁੱਤੀ=ਸੁੱਤੀ ਨੇ ਅੱਧ ਲੈ ਲਿਆ, ਕਾਸਦ=ਸੁਨੇਹਾ ਲਿਜਾਣ ਵਾਲਾ)

164. ਹੀਰ ਨੂੰ ਚਿੱਠੀ ਮਿਲੀ

ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ, ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ ।
ਸਾਰੇ ਮੁਆਮਲੇ ਅਤੇ ਵੰਝਾਪ ਸਾਰੇ, ਗਿਲਾ ਲਿਖਿਆ ਵਾਚ ਸੁਣਾਇਆ ਈ ।
ਘੱਲੋ ਮੋੜ ਕੇ ਦੇਵਰ ਅਸਾਡੜੇ ਨੂੰ, ਮੁੰਡਾ ਰੁੱਸ ਹਜ਼ਾਰਿਉਂ ਆਇਆ ਈ ।
ਹੀਰ ਸੱਦ ਕੇ ਰਾਂਝਣੇ ਯਾਰ ਤਾਈਂ, ਸਾਰਾ ਮੁਆਮਲਾ ਖੋਲ੍ਹ ਸੁਣਾਇਆ ਈ ।
(ਵੰਝਾਪ=ਜੁਦਾਈ ਦਾ ਦੁਖ)

165. ਭਾਬੀਆਂ ਨੂੰ ਰਾਂਝੇ ਨੇ ਆਪ ਉੱਤਰ ਲਿਖਾਉਣਾ

ਭਾਈਆਂ ਭਾਬੀਆਂ ਚਾ ਜਵਾਬ ਦਿੱਤਾ, ਸਾਨੂੰ ਦੇਸ ਥੀਂ ਚਾ ਤ੍ਰਾਹਿਉ ਨੇ ।
ਭੋਏਂ ਖੋਹ ਕੇ ਬਾਪ ਦਾ ਲਿਆ ਵਿਰਸਾ, ਮੈਨੂੰ ਆਪਣੇ ਗਲੋਂ ਚਾ ਲਾਹਿਉ ਨੇ ।
ਮੈਨੂੰ ਮਾਰ ਕੇ ਬੋਲੀਆਂ ਭਾਬੀਆਂ ਨੇ, ਕੋਈ ਸੱਚ ਨਾ ਕੌਲ ਨਿਭਾਹਿਉ ਨੇ ।
ਮੈਨੂੰ ਦੇਹ ਜਵਾਬ ਤੇ ਕੱਢਿਉ ਨੇ, ਹਲ ਜੋੜ ਕਿਆਰੜਾ ਵਾਹਿਉ ਨੇ ।
ਰਲ ਰੰਨ ਖ਼ਸਮਾਂ ਮੈਨੂੰ ਠਿਠ ਕੀਤਾ, ਮੇਰਾ ਅਰਸ਼ ਦਾ ਕਿੰਗਰਾ ਢਾਹਿਉ ਨੇ ।
ਨਿਤ ਬੋਲੀਆਂ ਮਾਰੀਆਂ ਜਾ ਸਿਆਲੀਂ, ਮੇਰਾ ਕਢਨਾ ਦੇਸ ਥੀਂ ਚਾਹਿਉ ਨੇ ।
ਅਸੀਂ ਹੀਰ ਸਿਆਲ ਦੇ ਚਾਕ ਲੱਗੇ, ਜੱਟੀ ਮਹਿਰ ਦੇ ਨਾਲ ਦਿਲ ਫਾਹਿਉ ਨੇ ।
ਹੁਣ ਚਿੱਠੀਆਂ ਲਿਖ ਕੇ ਘੱਲਦੀਆਂ ਨੇ, ਰਾਖਾ ਖੇਤੜੀ ਨੂੰ ਜਦੋਂ ਚਾਹਿਉ ਨੇ ।
ਵਾਰਿਸ ਸ਼ਾਹ ਸਮਝਾ ਜਟੇਟੀਆਂ ਨੂੰ, ਸਾਡੇ ਨਾਲ ਮੱਥਾ ਕੇਹਾ ਡਾਹਿਉ ਨੇ ।
(ਅਰਸ਼ ਦਾ ਕਿੰਗਰਾ ਢਾਇਆ=ਦਿਲ ਤੋੜ ਦਿੱਤਾ, ਮੱਥਾ ਡਾਹੁਣਾ=
ਨਾਜਾਇਜ਼ ਲੜਾਈ ਕਰਨੀ)

166. ਹੀਰ ਨੇ ਉੱਤਰ ਲਿਖਣਾ

ਹੀਰ ਪੁਛ ਕੇ ਮਾਹੀੜੇ ਆਪਣੇ ਤੋਂ, ਲਿਖਵਾ ਜਵਾਬ ਚਾ ਟੋਰਿਆ ਈ ।
ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ, ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ ।
ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ, ਕਦੀ ਤੋੜਨਾ ਤੇ ਨਹੀਂ ਤੋੜਿਆ ਈ ।
ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ ।
ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਵਕਤ ਗਏ ਨੂੰ ਫੇਰ ਕਿਸ ਮੋੜਿਆ ਈ ।
ਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਾਹੀਂ ਛੋੜਿਆ ਈ ।
(ਮਹੀਂਵਾਲ=ਮੱਝਾਂ ਦੇ ਸੰਭਾਲਣ ਵਾਲਾ ਚਾਕਰ, ਤੋੜਨਾ=ਜਵਾਬ ਦੇ ਦੇਣਾ)

167. ਭਰਜਾਈਆਂ ਦਾ ਉੱਤਰ

ਜੇ ਤੂੰ ਸੋਹਣੀ ਹੋਇਕੇ ਬਣੇਂ ਸੌਕਣ, ਅਸੀਂ ਇੱਕ ਥੀਂ ਇੱਕ ਚੜ੍ਹੰਦੀਆਂ ਹਾਂ ।
ਰਬ ਜਾਣਦਾ ਹੈ ਸਭੇ ਉਮਰ ਸਾਰੀ, ਅਸੀਂ ਏਸ ਮਹਿਬੂਬ ਦੀਆਂ ਬੰਦੀਆਂ ਹਾਂ ।
ਅਸੀਂ ਏਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ ।
ਓਹ ਅਸਾਂ ਦੇ ਨਾਲ ਹੈ ਚੰਨ ਬਣਦਾ, ਅਸੀਂ ਖਿੱਤੀਆਂ ਨਾਲ ਸੋਹੰਦੀਆਂ ਹਾਂ ।
ਉਹ ਮਾਰਦਾ ਗਾਲੀਆਂ ਦੇਹ ਸਾਨੂੰ, ਅਸੀਂ ਫੇਰ ਮੁੜ ਚੌਖਣੇ ਹੁੰਦੀਆਂ ਹਾਂ ।
ਜਿਸ ਵੇਲੜੇ ਦਾ ਸਾਥੋਂ ਰੁਸ ਆਇਆ, ਅਸੀਂ ਹੰਝਰੋਂ ਰੱਤ ਦੀਆਂ ਰੁੰਨੀਆਂ ਹਾਂ ।
ਇਹਦੇ ਥਾਂ ਗ਼ੁਲਾਮ ਲਉ ਹੋਰ ਸਾਥੋਂ, ਮਮਨੂਨ ਅਹਿਸਨ ਦੀਆਂ ਹੁੰਨੀਆਂ ਹਾਂ ।
ਰਾਂਝੇ ਲਾਲ ਬਾਝੋਂ ਅਸੀਂ ਖ਼ੁਆਰ ਹੋਈਆਂ, ਕੂੰਜਾਂ ਡਾਰ ਥੀਂ ਅਸੀਂ ਵਿਛੁੰਨੀਆਂ ਹਾਂ ।
ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ, ਅਸੀਂ ਏਸ ਦੇ ਇਸ਼ਕ ਨੇ ਮੁੰਨੀਆਂ ਹਾਂ ।
ਵਾਰਿਸ ਸ਼ਾਹ ਰਾਂਝੇ ਅੱਗੇ ਹਥ ਜੋੜੀਂ, ਤੇਰੇ ਪ੍ਰੇਮ ਦੀ ਅੱਗ ਨੇ ਭੁੰਨੀਆਂ ਹਾਂ ।
(ਚੌਖਣੇ=ਇੱਕ ਮਿਕ, ਹੰਝਰੋਂ=ਹੰਝੂ, ਮਮਨੂਨ=ਅਹਿਸਾਨਮੰਦ, ਵਿਛੁੰਨੀਆਂ=
ਵਿਛੜੀਆਂ)

168. ਹੀਰ ਦਾ ਉੱਤਰ

ਚੂਚਕ ਸਿਆਲ ਤੋਂ ਲਿਖ ਕੇ ਨਾਲ ਚੋਰੀ, ਹੀਰ ਸਿਆਲ ਨੇ ਕਹੀ ਬਤੀਤ ਹੈ ਨੀ ।
ਸਾਡੀ ਖ਼ੈਰ ਤੁਸਾਡੜੀ ਖ਼ੈਰ ਚਾਹਾਂ, ਜੇਹੀ ਖ਼ਤ ਦੇ ਲਿਖਣ ਦੀ ਰੀਤ ਹੈ ਨੀ ।
ਹੋਰ ਰਾਂਝੇ ਦੀ ਗੱਲ ਜੋ ਲਿਖਿਆ ਜੇ, ਏਹਾ ਬਾਤ ਬੁਰੀ ਅਨਾਨੀਤ ਹੈ ਨੀ ।
ਰੱਖਾਂ ਚਾਇ ਮੁਸਹਿਫ਼ ਕੁਰਆਨ ਇਸ ਨੂੰ, ਕਸਮ ਖਾਇਕੇ ਵਿੱਚ ਮਸੀਤ ਹੈ ਨੀ ।
ਤੁਸੀਂ ਮਗਰ ਕਿਉਂ ਏਸ ਦੇ ਉਠ ਪਈਆਂ, ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨੀ ।
ਅਸੀਂ ਤ੍ਰਿੰਞਣਾਂ ਵਿੱਚ ਜਾਂ ਬਹਿਨੀਆਂ ਹਾਂ, ਸਾਨੂੰ ਗਾਵਣਾ ਏਸ ਦਾ ਗੀਤ ਹੈ ਨੀ ।
ਦਿੰਹੇਂ ਛੇੜ ਮੱਝੀਂ ਵੜੇ ਝਲ ਬੇਲੇ, ਏਸ ਮੁੰਡੜੇ ਦੀ ਏਹਾ ਰੀਤ ਹੈ ਨੀ ।
ਰਾਤੀਂ ਆਨ ਅੱਲਾਹ ਨੂੰ ਯਾਦ ਕਰਦਾ, ਵਾਰਿਸ ਸ਼ਾਹ ਨਾਲ ਏਹਦੀ ਮੀਤ ਹੈ ਨੀ ।
(ਬਤੀਤ=ਕਹਾਣੀ, ਅਨਾਨੀਤ=ਮੇਰੇ ਵਕਾਰ ਦਾ ਮੁਆਮਲਾ, ਰੱਖਾਂ ਚਾ ਮਸਹਿਫ਼
ਕੁਰਆਨ=ਸਿਰ ਤੇ ਕੁਰਆਨ ਰਖ ਕੇ ਕਸਮ ਖਾਵਾਂ, ਮਸਹਿਫ਼=ਕੁਰਾਨ ਦੀ ਛੋਟੀ
ਕਾਪੀ ਜਿਹੜੀ ਆਮ ਲੋਕੀਂ ਗਲ ਪਾ ਕੇ ਰੱਖਦੇ ਹਨ)

169. ਤਥਾ

ਨੀ ਮੈਂ ਘੋਲ ਘੱਤੀ ਇਹਦੇ ਮੁਖੜੇ ਤੋਂ, ਪਾਉ ਦੁਧ ਚਾਵਲ ਇਹਦਾ ਕੂਤ ਹੈ ਨੀ ।
ਇੱਲ-ਲਿਲਾਹ ਦੀਆਂ ਜੱਲਿਆਂ ਪਾਂਵਦਾ ਹੈ, ਜ਼ਿਕਰ ਹੱਯ ਤੇ 'ਲਾਯਮੂਤ' ਹੈ ਨੀ ।
ਨਹੀਂ ਭਾਬੀਆਂ ਥੀਂ ਕਰਤੂਤ ਕਾਈ, ਸੱਭਾ ਲੜਨ ਨੂੰ ਬਣੀ ਮਜ਼ਬੂਤ ਹੈ ਨੀ ।
ਜਦੋਂ ਤੁਸਾਂ ਦੇ ਸੀ ਗਾਲੀਆਂ ਦੇਂਦੀਆਂ ਸਾਉ, ਇਹਤਾਂ ਔਤਣੀ ਦਾ ਕੋਈ ਊਤ ਹੈ ਨੀ ।
ਮਾਰਿਆ ਤੁਸਾਂ ਦੇ ਮੇਹਣੇ ਗਾਲ੍ਹੀਆਂ ਦਾ, ਇਹ ਤਾਂ ਸੁਕ ਕੇ ਹੋਇਆ ਤਾਬੂਤ ਹੈ ਨੀ ।
ਸੌਂਪ ਪੀਰਾਂ ਨੂੰ ਝੱਲ ਵਿੱਚ ਛੇੜਨ ਮਹੀਆਂ, ਇਹਦੀ ਮੱਦਤੇ ਖਿਜ਼ਰ ਤੇ ਲੂਤ ਹੈ ਨੀ ।
ਵਾਰਿਸ ਸ਼ਾਹ ਫਿਰੇ ਉਹਦੇ ਮਗਰ ਲੱਗਾ, ਅੱਜ ਤਕ ਓਹ ਰਿਹਾ ਅਣਛੂਤ ਹੈ ਨੀ ।
(ਹੱਯ ਲਾਯਮੂਤ=ਸਦਾ ਅਮਰ ਰਹਿਣ ਵਾਲਾ, ਇੱਲ-ਲਿਲਾਹ=ਰੱਬ ਦਾ ਨਾਂ, ਕੂਤ=
ਖੁਰਾਕ, ਤਾਬੂਤ=ਲਾਸ਼ ਵਾਲਾ ਸੰਦੂਕ,ਬਕਸਾ. ਮੱਦਤੇ=ਮਦਦ ਕਰਦੇ ਹਨ, ਲੂਤ=ਇੱਕ
ਪ੍ਰਸਿੱਧ ਪੈਗ਼ੰਬਰ)

170. ਰਾਂਝੇ ਦੀਆਂ ਭਰਜਾਈਆਂ ਦਾ ਉੱਤਰ

ਸਾਡਾ ਮਾਲ ਸੀ ਸੋ ਤੇਰਾ ਹੋ ਗਿਆ, ਜ਼ਰਾ ਵੇਖਣਾ ਬਿਰਾ ਖ਼ੁਦਾਈਆਂ ਦਾ ।
ਤੂੰ ਹੀ ਚੱਟਿਆ ਸੀ ਤੂੰ ਹੀ ਪਾਲਿਆ ਸੀ, ਨਾ ਇਹ ਭਾਬੀਆਂ ਦਾ ਤੇ ਨਾ ਭਾਈਆਂ ਦਾ ।
ਸ਼ਾਹੂਕਾਰ ਹੋ ਬੈਠੀ ਏਂ ਮਾਰ ਥੈਲੀ, ਖੋਹ ਬੈਠੀ ਹੈ ਮਾਲ ਤੂੰ ਸਾਈਆਂ ਦਾ ।
ਅੱਗ ਲੈਣ ਆਈ ਘਰ ਸਾਂਭਿਉਈ, ਏਹ ਤੇਰਾ ਹੈ, ਬਾਪ ਨਾ ਮਾਈਆਂ ਦਾ ।
ਗੁੰਡਾ ਹੱਥ ਆਇਆ ਤੁਸਾਂ ਗੁੰਡੀਆਂ ਨੂੰ ,ਅੰਨ੍ਹੀਂ ਚੂਹੀ ਤੇ ਥੋਥੀਆਂ ਧਾਈਆਂ ਦਾ ।
ਵਾਰਿਸ ਸ਼ਾਹ ਦੀ ਮਾਰ ਈ ਵੱਗੇ ਹੀਰੇ, ਜੇਹਾ ਖੋਹਿਉ ਈ ਵੀਰ ਤੂੰ ਭਾਈਆਂ ਦਾ ।
(ਬਿਰਾ=ਫਸਲ ਦੀ ਜਿਣਸ ਜਿਹੜੀ ਟੈਕਸ ਦੇ ਤੌਰ ਤੇ ਵਸੂਲ ਕੀਤੀ ਜਾਂਦੀ ਸੀ,
ਬਿਰਾ ਖੁਦਾਈਆਂ ਦਾ=ਖ਼ੁਦਾਈ ਟੈਕਸ, ਥੋਥੀਆਂ=ਖ਼ਾਲੀ, ਧਾਈਆਂ=ਧਾਨ)

171. ਹੀਰ ਦਾ ਉੱਤਰ

ਤੁਸੀਂ ਏਸ ਦੇ ਖ਼ਿਆਲ ਨਾ ਪਵੋ ਅੜੀਉ ! ਨਹੀਂ ਖੱਟੀ ਕੁੱਝ ਏਸ ਵਪਾਰ ਉਤੋਂ ।
ਨੀ ਮੈਂ ਜਿਉਂਦੀ ਏਸ ਬਿਨ ਰਹਾਂ ਕੀਕੂੰ, ਘੋਲ ਘੋਲ ਘੱਤੀ ਰਾਂਝੇ ਯਾਰ ਉੱਤੋਂ ।
ਝੱਲਾਂ ਬੇਲਿਆਂ ਵਿੱਚ ਇਹ ਫਿਰੇ ਭੌਂਦਾ, ਸਿਰ ਵੇਚਦਾ ਮੈਂ ਗੁਨਾਹਗਾਰ ਉੱਤੋਂ ।
ਮੇਰੇ ਵਾਸਤੇ ਕਾਰ ਕਮਾਂਵਦਾ ਹੈ, ਮੇਰੀ ਜਿੰਦ ਘੋਲੀ ਇਹਦੀ ਕਾਰ ਉੱਤੋਂ ।
ਤਦੋਂ ਭਾਬੀਆਂ ਸਾਕ ਨਾ ਬਣਦੀਆਂ ਸਨ, ਜਦੋਂ ਸੱਟਿਆ ਪਕੜ ਪਹਾੜ ਉੱਤੋਂ ।
ਘਰੋਂ ਭਾਈਆਂ ਚਾ ਜਵਾਬ ਦਿੱਤਾ, ਏਨ੍ਹਾਂ ਭੋਏਂ ਦੀਆਂ ਪੱਤੀਆਂ ਚਾਰ ਉੱਤੋਂ ।
ਨਾਉਮੀਦ ਹੋ ਵਤਨ ਨੂੰ ਛਡ ਟੁਰਿਆ, ਮੋਤੀ ਤੁਰੇ ਜਿਉਂ ਪੱਟ ਦੀ ਤਾਰ ਉੱਤੋਂ ।
ਬਿਨਾ ਮਿਹਨਤਾਂ ਮਸਕਲੇ ਲੱਖ ਫੇਰੋ, ਨਹੀਂ ਮੋਰਚਾ ਜਾਏ ਤਲਵਾਰ ਉੱਤੋਂ ।
ਇਹ ਮਿਹਣਾ ਲਹੇਗਾ ਕਦੇ ਨਾਹੀਂ, ਏਸ ਸਿਆਲਾਂ ਦੀ ਸੱਭ ਸਲਵਾੜ ਉੱਤੋਂ ।
ਨੱਢੀ ਆਖਸਨ ਝਗੜਦੀ ਨਾਲ ਲੋਕਾਂ, ਏਸ ਸੋਹਣੇ ਭਿੰਨੜੇ ਯਾਰ ਉੱਤੋਂ ।
ਵਾਰਿਸ ਸ਼ਾਹ ਸਮਝਾ ਤੂੰ ਭਾਬੀਆਂ ਨੂੰ, ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ ।
(ਮਿਸਕਲਾ=ਤਲਵਾਰ ਨੂੰ ਪਾਲਿਸ਼ ਕਰਨ ਵਾਲਾ ਜਾਂ ਚਮਕਾਉਣ ਵਾਲਾ
ਪੱਥਰ, ਮੋਰਚਾ=ਜੰਗਾਲ, ਸਲਵਾੜ=ਜਿਵੇਂ ਸਾਰੇ ਜੱਟਾਂ ਲਈ 'ਜਟਵਾੜ'
ਕਿਹਾ ਜਾਂਦਾ ਹੈ ਉਵੇਂ ਸਾਰੇ 'ਸਿਆਲਾਂ' ਲਈ ਸਲਵਾੜ ਕਿਹਾ ਗਿਆ ਹੈ)

172. ਚੂਚਕ ਦੀ ਅਪਣੇ ਭਰਾਵਾਂ ਨਾਲ ਸਲਾਹ

ਚੂਚਕ ਸੱਦ ਭਾਈ ਪਰ੍ਹੇ ਲਾ ਬੈਠਾ, ਕਿਤੇ ਹੀਰ ਨੂੰ ਚਾ ਪਰਨਾਈਏ ਜੀ ।
ਆਖੋ ਰਾਂਝੇ ਨਾਲ ਵਿਵਾਹ ਦੇਸਾਂ, ਇੱਕੇ ਬੰਨੜੇ ਚਾ ਮੁਕਾਈਏ ਜੀ ।
ਹੱਥੀਂ ਆਪਣੀ ਕਿਤੇ ਸਾਮਾਨ ਕੀਚੇ, ਜਾਨ ਬੁਝ ਕੇ ਲੀਕ ਨਾ ਲਾਈਏ ਜੀ ।
ਭਾਈਆਂ ਆਖਿਆ ਚੂਚਕਾ ਇਹ ਮਸਲਤ, ਅਸੀਂ ਖੋਲ ਕੇ ਚਾ ਸੁਣਾਈਏ ਜੀ ।
ਵਾਰਿਸ ਸ਼ਾਹ ਫ਼ਕੀਰ ਪ੍ਰੇਮ ਸ਼ਾਹੀ, ਹੀਰ ਓਸ ਥੋਂ ਪੁਛ ਮੰਗਾਈਏ ਜੀ ।
(ਮਸਲਤ= ਮਸਲਹਤ,ਸਲਾਹ ਮਸ਼ਵਰਾ)

173. ਭਾਈਆਂ ਦਾ ਚੂਚਕ ਨੂੰ ਉੱਤਰ

ਰਾਂਝਿਆਂ ਨਾਲ ਨਾ ਕਦੀ ਹੈ ਸਾਕ ਕੀਤਾ, ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ ।
ਕਿੱਥੋਂ ਰੁਲਦਿਆਂ ਗੋਲਿਆਂ ਆਇਆਂ ਨੂੰ, ਦੇਸੋ ਏਹ ਸਿਆਲਾਂ ਦੀਆਂ ਜਾਈਆਂ ਵੋ ।
ਨਾਲ ਖੇੜਿਆਂ ਦੇ ਇਹ ਸਾਕ ਕੀਚੇ, ਦਿੱਤੀ ਮਸਲਤ ਸਭਨਾਂ ਭਾਈਆਂ ਵੋ ।
ਭਲਿਆਂ ਸਾਕਾਂ ਦੇ ਨਾਲ ਚਾ ਸਾਕ ਕੀਚੇ, ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ ।
ਵਾਰਿਸ ਸ਼ਾਹ ਅੰਗਿਆਰੀਆਂ ਭਖਦਿਆਂ ਭੀ, ਕਿਸੇ ਵਿੱਚ ਬਾਰੂਦ ਛੁਪਾਈਆਂ ਵੋ ।
(ਗੋਲਾ=ਨੌਕਰ)

174. ਖੇੜਿਆਂ ਨੇ ਕੁੜਮਾਈ ਲਈ ਨਾਈ ਭੇਜਣਾ

ਖੇੜਿਆਂ ਭੇਜਿਆਂ ਅਸਾਂ ਥੇ ਇੱਕ ਨਾਈ, ਕਰਨ ਮਿੰਨਤਾਂ ਚਾ ਅਹਿਸਾਨ ਕੀਚੈ ।
ਭਲੇ ਜਟ ਬੂਹੇ ਉੱਤੇ ਆ ਬੈਠੇ, ਇਹ ਛੋਕਰੀ ਉਨ੍ਹਾਂ ਨੂੰ ਦਾਨ ਕੀਚੈ ।
ਅਸਾਂ ਭਾਈਆਂ ਇਹ ਸਲਾਹ ਦਿੱਤੀ, ਕਿਹਾ ਅਸਾਂ ਸੋ ਸਭ ਪਰਵਾਨ ਕੀਚੈ ।
ਅੰਨ ਧਨ ਦਾ ਕੁੱਝ ਵਸਾਹ ਨਾਹੀਂ, ਅਤੇ ਬਾਹਾਂ ਦਾ ਨਾ ਗੁਮਾਨ ਕੀਚੈ ।
ਜਿੱਥੇ ਰਬ ਦੇ ਨਾਉਂ ਦਾ ਜ਼ਿਕਰ ਆਇਆ, ਲਖ ਬੇਟੀਆਂ ਚਾ ਕੁਰਬਾਨ ਕੀਚੈ ।
ਵਾਰਿਸ ਸ਼ਾਹ ਮੀਆਂ ਨਾਹੀਂ ਕਰੋ ਆਕੜ, ਫ਼ਰਊਨ ਜਿਹਿਆਂ ਵਲ ਧਿਆਨ ਕੀਚੈ ।
(ਫ਼ਰਔਨ=ਮਿਸਰ ਦੇ ਪੁਰਾਣੇ ਬਾਦਸ਼ਾਹ ਅਪਣੇ ਆਪ ਨੂੰ ਫ਼ਰਔਨ ਕਹਾਉਂਦੇ
ਸਨ । ਕੁਰਆਨ ਵਿੱਚ ਜਿਸ ਫ਼ਰਾਔਨ ਦਾ ਜਿਕਰ ਹੈ ਉਹਨੂੰ ਸਿਖਿਆ ਦੇਣ
ਅਤੇ ਉਹਦਾ ਮੁਕਾਬਲਾ ਕਰਨ ਲਈ ਹਜ਼ਰਤ ਮੂਸਾ ਨੂੰ ਭੇਜਿਆ ਗਿਆ ।ਮੂਸਾ
ਫ਼ਰਔਨ ਦੀ ਪਤਨੀ ਆਸੀਆ ਦੀ ਗੋਦ ਵਿੱਚ, ਉਹਦੇ ਸਾਹਮਣੇ ਪਲਦਾ ਸੀ ।
ਭਾਵੇਂ ਨਜੂਮੀਆਂ ਦੇ ਕਹੇ ਤੇ ਫ਼ਰਔਨ ਨੇ ਬਨੀ ਇਸਰਾਈਲ ਦੇ ਸਾਰੇ ਪੁੱਤਰ
ਮਾਰ ਦਿੱਤੇ ਸਨ ।ਜਦੋਂ ਮੂਸਾ ਨੇ ਫ਼ਰਔਨ ਨੂੰ ਰਬ ਦਾ ਸੁਨੇਹਾ ਦਿੱਤਾ ਤਾਂ ਉਹ
ਮੂਸਾ ਦਾ ਜਾਨੀ ਦੁਸ਼ਮਨ ਬਣ ਗਿਆ । ਜਦ ਹਜ਼ਰਤ ਮੂਸਾ ਬਨੀ ਇਸਰਾਈਲ
ਨੂੰ ਨਾਲ ਲੈ ਕੇ ਮਿਸਰ ਤੋਂ ਨਿਕਲਿਆ ਤਾਂ ਨੀਲ ਨਦੀ ਨੇ ਰੱਬ ਦੀ ਕੁਦਰਤ ਨਾਲ
ਉਹਨੂੰ ਪਾਰ ਜਾਣ ਲਈ ਰਸਤਾ ਦਿੱਤਾ ਅਤੇ ਮੂਸਾ ਰਾਜ਼ੀ ਅਤੇ ਸਲਾਮਤ ਪਾਰ ਹੋ
ਗਿਆ । ਫ਼ਰਔਨ ਅਤੇ ਉਹਦੀ ਫ਼ੌਜ ਮੂਸਾ ਦਾ ਪਿੱਛਾ ਕਰਦੀ ਨੀਲ ਨਦੀ ਵਿੱਚ
ਗਰਕ ਹੋ ਗਈ । ਅੱਜ ਵੀ ਕਾਹਰਾ ਸ਼ਹਿਰ ਦੇ ਅਜਾਇਬ ਘਰ ਵਿੱਚ ਫ਼ਰਔਨ ਦੀ
ਲਾਸ਼ ਰੱਖੀ ਦੱਸੀ ਜਾਂਦੀ ਹੈ)

175. ਚੂਚਕ ਨੇ ਪੈਂਚਾ ਨੂੰ ਸੱਦਣਾ

ਚੂਚਕ ਫੇਰ ਕੇ ਗੰਢ ਸੱਦਾ ਘੱਲੇ, ਆਵਣ ਚੌਧਰੀ ਸਾਰਿਆਂ ਚੱਕਰਾਂ ਦੇ ।
ਹੱਥ ਦੇ ਰੁਪਈਆ ਪੱਲੇ ਪਾ ਸ਼ੱਕਰ, ਸਵਾਲ ਪਾਂਵਦੇ ਛੋਹਰਾਂ ਬੱਕਰਾਂ ਦੇ ।
ਲਾਗੀਆਂ ਆਖਿਆ ਸੰਨ ਨੂੰ ਸੰਨ ਮਿਲਿਆ, ਤੇਰਾ ਸਾਕ ਹੋਇਆ ਨਾਲ ਠੱਕਰਾਂ ਦੇ ।
ਧਰਿਆ ਢੋਲ ਜਟੇਟੀਆਂ ਦੇਣ ਵੇਲਾਂ, ਛੰਨੇ ਲਿਆਂਵਦੀਆਂ ਦਾਣਿਆਂ ਸ਼ੱਕਰਾਂ ਦੇ ।
ਰਾਂਝੇ ਹੀਰ ਸੁਣਿਆ ਦਿਲਗੀਰ ਹੋਏ, ਦੋਵੇਂ ਦੇਣ ਗਾਲੀਂ ਨਾਲ ਅੱਕਰਾਂ ਦੇ ।
(ਗੰਢ ਫੇਰੀ=ਸੁਨੇਹਾ ਭੇਜਿਆ, ਚੱਕਰਾਂ=ਪਿੰਡਾਂ,ਚੱਕਾਂ, ਬੱਕਰਾਂ=ਕਵਾਰੀਆਂ,
ਲੜਕੀਆਂ, ਠੱਕਰ=ਠਾਕਰ,, ਅੱਕਰਾਂ=ਵੈਰ,ਰੋਸਾ,ਨਰਾਜ਼ਗੀ)

176. ਖੇੜਿਆਂ ਨੂੰ ਵਧਾਈਆਂ

ਮਿਲੀ ਜਾਇ ਵਧਾਈ ਜਾਂ ਖੇੜਿਆਂ, ਨੂੰ ਲੁੱਡੀ ਮਾਰ ਕੇ ਝੁੰਮਰਾਂ ਘੱਤਦੇ ਨੀ ।
ਛਾਲਾਂ ਲਾਣ ਅਪੁੱਠੀਆਂ ਖੁਸ਼ੀ ਹੋਏ, ਲਾਇ ਮਜਲਸਾਂ ਖੇਡਦੇ ਵੱਤਦੇ ਨੀ ।
ਭਲੇ ਕੁੜਮ ਮਿਲੇ ਸਾਨੂੰ ਸ਼ਰਮ ਵਾਲੇ, ਰੱਜੇ ਜੱਟ ਵੱਡੇ ਅਹਿਲ ਪੱਤ ਦੇ ਨੀ ।
ਵਾਰਿਸ ਸ਼ਾਹ ਦੀ ਸ਼ੀਰਨੀ ਵੰਡਿਆ ਨੇ, ਵੱਡੇ ਦੇਗਚੇ ਦੁੱਧ ਤੇ ਭੱਤ ਦੇ ਨੀ ।
(ਝੁੰਮਰ=ਝੁੰਬਰ,ਇੱਕ ਨਾਚ, ਅਹਿਲ ਪਤ=ਇੱਜ਼ਤ ਵਾਲੇ)

177. ਹੀਰ ਦਾ ਮਾਂ ਨਾਲ ਕਲੇਸ਼

ਹੀਰ ਮਾਉਂ ਦੇ ਨਾਲ ਆ ਲੜਨ ਲੱਗੀ, ਤੁਸਾਂ ਸਾਕ ਕੀਤਾ ਨਾਲ ਜ਼ੋਰੀਆਂ ਦੇ ।
ਕਦੋ ਮੰਗਿਆ ਮੁਣਸ ਮੈਂ ਆਖ ਤੈਨੂੰ, ਵੈਰ ਕੱਢਿਉਈ ਕਿਨ੍ਹਾਂ ਖੋਰੀਆਂ ਦੇ ।
ਹੁਣ ਕਰੇਂ ਵਲਾ ਕਿਉਂ ਅਸਾਂ ਕੋਲੋਂ, ਇਹ ਕੰਮ ਨਾ ਹੁੰਦੇ ਨੀ ਚੋਰੀਆਂ ਦੇ ।
ਜਿਹੜੇ ਹੋਣ ਬੇਅਕਲ ਚਾ ਲਾਂਵਦੇ ਨੀ, ਇੱਟ ਮਾੜੀਆਂ ਦੀ ਵਿੱਚ ਮੋਰੀਆਂ ਦੇ ।
ਚਾਇ ਚੁਗ਼ਦ ਨੂੰ ਕੂੰਜ ਦਾ ਸਾਕ ਦਿੱਤੋ, ਪਰੀ ਬਧੀਆ ਜੇ ਗਲ ਢੋਰੀਆਂ ਦੇ ।
ਵਾਰਿਸ ਸ਼ਾਹ ਮੀਆਂ ਗੰਨਾ ਚੱਖ ਸਾਰਾ, ਮਜ਼ੇ ਵੱਖ ਨੇ ਪੋਰੀਆਂ ਪੋਰੀਆਂ ਦੇ ।
(ਵਲਾ=ਪਰਦਾ, ਮਾੜੀ=ਮਹਿਲ, ਢੋਰ=ਪਸ਼ੂ, ਚੁਗ਼ਦ=ਉੱਲੂ)

178. ਹੀਰ ਨੇ ਰਾਂਝੇ ਨਾਲ ਸਲਾਹ ਕਰਨੀ

ਹੀਰ ਆਖਦੀ ਰਾਂਝਿਆ ਕਹਿਰ ਹੋਇਆ, ਏਥੋਂ ਉਠ ਕੇ ਚਲ ਜੇ ਚੱਲਣਾ ਈ ।
ਦੋਨੋਂ ਉਠ ਕੇ ਲੰਮੜੇ ਰਾਹ ਪਈਏ, ਕੋਈ ਅਸਾਂ ਨੇ ਦੇਸ ਨਾ ਮੱਲਣਾ ਈ ।
ਜਦੋਂ ਝੁੱਗੜੇ ਵੜੀ ਮੈਂ ਖੇੜਿਆਂ ਦੇ, ਕਿਸੇ ਅਸਾਂ ਨੂੰ ਮੋੜ ਨਾ ਘੱਲਣਾ ਈ ।
ਮਾਂ ਬਾਪ ਨੇ ਜਦੋਂ ਵਿਆਹ ਟੋਰੀ, ਕੋਈ ਅਸਾਂ ਦਾ ਵੱਸ ਨਾ ਚੱਲਣਾ ਈ ।
ਅਸੀਂ ਇਸ਼ਕੇ ਦੇ ਆਣ ਮੈਦਾਨ ਰੁਧੇ, ਬੁਰਾ ਸੂਰਮੇ ਨੂੰ ਰਣੋਂ ਹੱਲਣਾ ਈ ।
ਵਾਰਿਸ ਸ਼ਾਹ ਜੇ ਇਸ਼ਕ ਫ਼ਿਰਾਕ ਛੁੱਟੇ, ਇਹ ਕਟਕ ਫਿਰ ਆਖ ਕਿਸ ਝੱਲਣਾ ਈ ।
(ਰੁੱਧੇ=ਰੁੱਝੇ,ਆ ਗਏ)

179. ਰਾਂਝੇ ਦਾ ਹੀਰ ਨੂੰ ਉੱਤਰ

ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ ।
ਕਿੜਾਂ ਪੌਂਦੀਆਂ ਮੁਠੇ ਸਾਂ ਦੇਸ ਵਿੱਚੋਂ, ਕਿਸੇ ਸੁਣੇ ਸਨ ਖੂਹਣੀਆਂ ਗਾਲਿਆਂ ਦੇ ।
ਠੱਗੀ ਨਾਲ ਤੂੰ ਮਝੀਂ ਚਰਾ ਲਈਆਂ, ਏਹੋ ਰਾਹ ਨੇ ਰੰਨਾਂ ਦੀਆਂ ਚਾਲਿਆਂ ਦੇ ।
ਵਾਰਿਸ ਸ਼ਾਹ ਸਰਾਫ ਸਭ ਜਾਣਦੇ ਨੀ, ਐਬ ਖੋਟਿਆਂ ਭੰਨਿਆਂ ਰਾਲਿਆਂ ਦੇ ।
(ਕਿੜਾਂ=ਖਬਰਾਂ,ਵੈਰ, ਭੰਨਿਆਂ=ਤੋੜਿਆਂ, ਖੋਟਿਆਂ=ਨਕਲੀ, ਰਾਲਿਆਂ=ਰਲਾ
ਕੀਤੇ ਹੋਏ)

180. ਹੀਰ ਦੇ ਵਿਆਹ ਦੀ ਤਿਆਰੀ

ਚੂਚਕ ਸਿਆਲ ਨੇ ਕੌਲ ਵਸਾਰ ਘੱਤੇ, ਜਦੋਂ ਹੀਰ ਨੂੰ ਪਾਇਆ ਮਾਈਆਂ ਨੇ ।
ਕੁੜੀਆਂ ਝੰਗ ਸਿਆਲ ਦੀਆਂ ਧੁੰਮਲਾ ਹੋ, ਸਭੇ ਪਾਸ ਰੰਝੇਟੇ ਦੇ ਆਈਆਂ ਨੇ ।
ਉਹਦੇ ਵਿਆਹ ਦੇ ਸਭ ਸਾਮਾਨ ਹੋਏ, ਗੰਢੀਂ ਫੇਰੀਆਂ ਦੇਸ ਤੇ ਨਾਈਆਂ ਨੇ ।
ਹੁਣ ਤੇਰੀ ਰੰਝੇਟਿਆ ਗੱਲ ਕੀਕੂੰ, ਤੂੰ ਭੀ ਰਾਤ ਦਿੰਹੁ ਮਹੀਂ ਚਰਾਈਆਂ ਨੇ ।
ਆ ਵੇ ਮੂਰਖਾ ਪੁੱਛ ਤੂੰ ਨਢੜੀ ਨੂੰ, ਮੇਰੇ ਨਾਲ ਤੂੰ ਕੇਹੀਆਂ ਚਾਈਆਂ ਨੇ ।
ਹੀਰੇ ਕਹਿਰ ਕੀਤੋ ਰਲ ਨਾਲ ਭਾਈਆਂ, ਸਭਾ ਗਲੋ ਗਲ ਚਾ ਗਵਾਈਆਂ ਨੇ ।
ਜੇ ਤੂੰ ਅੰਤ ਮੈਨੂੰ ਪਿੱਛਾ ਦੇਵਣਾ ਸੀ, ਏਡੀਆਂ ਮਿਹਨਤਾਂ ਕਾਹੇ ਕਰਾਈਆਂ ਨੇ ।
ਏਹੀ ਹੱਦ ਹੀਰੇ ਤੇਰੇ ਨਾਲ ਸਾਡੀ, ਮਹਿਲ ਚਾੜ੍ਹ ਕੇ ਪੌੜੀਆਂ ਚਾਈਆਂ ਨੇ ।
ਤੈਨੂੰ ਵਿਆਹ ਦੇ ਹਾਰ ਸ਼ਿੰਗਾਰ ਬੱਧੇ, ਅਤੇ ਖੇੜਿਆਂ ਘਰੀਂ ਵਧਾਈਆਂ ਨੇ ।
ਖਾ ਕਸਮ ਸੌਗੰਦ ਤੂੰ ਘੋਲ ਪੀਤੀ, ਡੋਬ ਸੁਟਿੱਉ ਪੂਰੀਆਂ ਪਾਈਆਂ ਨੇ ।
ਬਾਹੋਂ ਪਕੜ ਕੇ ਟੋਰ ਦੇ ਕਢ ਦੇਸੋਂ, ਓਵੇਂ ਤੋੜ ਨੈਣਾਂ ਜਿਵੇਂ ਲਾਈਆਂ ਨੇ ।
ਯਾਰ ਯਾਰ ਥੀਂ ਜੁਦਾ ਕਰ ਦੂਰ ਹੋਵੇ, ਮੇਰੇ ਬਾਬ ਤਕਦੀਰ ਲਿਖਾਈਆਂ ਨੇ ।
ਵਾਰਿਸ ਸ਼ਾਹ ਨੂੰ ਠਗਿਉ ਦਗ਼ਾ ਦੇ ਕੇ, ਜੇਹੀਆਂ ਕੀਤੀਆਂ ਸੋ ਅਸਾਂ ਪਾਈਆਂ ਨੇ ।
(ਧੁੰਮਲਾ=ਇਕੱਠੀਆਂ ਹੋ ਕੇ)

181. ਰਾਂਝੇ ਦਾ ਉੱਤਰ

ਰਾਂਝੇ ਆਖਿਆ ਮੂੰਹੋਂ ਕੀ ਬੋਲਣਾ ਏਂ, ਘੁਟ ਵੱਟ ਕੇ ਦੁਖੜਾ ਪੀਵਣਾ ਏਂ ।
ਮੇਰੇ ਸਬਰ ਦੀ ਦਾਦ ਜੇ ਰੱਬ ਦਿੱਤੀ, ਖੇੜੀਂ ਹੀਰ ਸਿਆਲ ਨਾ ਜੀਵਣਾ ਏਂ ।
ਸਬਰ ਦਿਲਾਂ ਦੇ ਮਾਰ ਜਹਾਨ ਪੱਟਣ, ਉੱਚੀ ਕਾਸਨੂੰ ਅਸਾਂ ਬਕੀਵਣਾ ਏਂ ।
ਤੁਸੀਂ ਕਮਲੀਆਂ ਇਸ਼ਕ ਥੀਂ ਨਹੀਂ ਵਾਕਫ, ਨਿਹੁੰ ਲਾਵਣਾ ਨਿੰਮ ਦਾ ਪੀਵਣਾਂ ਏਂ ।
ਵਾਰਿਸ ਸ਼ਾਹ ਜੀ ਚੁਪ ਥੀਂ ਦਾਦ ਪਾਈਏ, ਉੱਚੀ ਬੋਲਿਆਂ ਨਹੀਂ ਵਹੀਵਣਾ ਏਂ ।
182. ਸਹੇਲੀਆਂ ਨੇ ਹੀਰ ਕੋਲ ਆਉਣਾ

ਰਲ ਹੀਰ ਤੇ ਆਈਆਂ ਫੇਰ ਸੱਭੇ, ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ ।
ਸੋਟਾ ਵੰਝਲੀ ਕੰਬਲੀ ਸੁਟ ਕੇ ਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ ।
ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ, ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ ।
ਅਸਾਂ ਏਤਨੀ ਗੱਲ ਮਾਲੂਮ ਕੀਤੀ, ਤੇਰਾ ਨਿਕਲ ਈਮਾਨ ਹੁਣ ਚੱਲਿਆ ਈ ।
ਬੇਸਿਦਕ ਹੋਈਂਏ ਸਿਦਕ ਹਾਰਿਉਈ, ਤੇਰਾ ਸਿਦਕ ਈਮਾਨ ਹੁਣ ਹੱਲਿਆ ਈ ।
ਉਹਦਾ ਵੇਖਕੇ ਹਾਲ ਅਹਿਵਾਲ ਸਾਰਾ, ਸਾਡਾ ਰੋਂਦਿਆਂ ਨੀਰ ਨਾ ਠੱਲਿਆ ਈ ।
ਹਾਏ ਹਾਏ ਮੁਠੀ ਫਿਰੇਂ ਠੱਗ ਹੈ ਨੀ, ਉਹਨੂੰ ਸੱਖਣਾ ਕਾਸ ਨੂੰ ਘਲਿਆ ਈ ।
ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ, ਸਕਲਾਤ ਦੇ ਬਈਆਂ ਨੂੰ ਚੱਲਿਆ ਈ ।
ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਅਰਸ਼ ਰੱਬ ਦਾ ਤਦੋਂ ਤਰਥੱਲਿਆ ਈ ।
(ਸਕਲਾਤ=ਗੁਲਨਾਰੀ ਰੰਗ ਦੇ, ਬਈਆਂ=ਬਈਏ ਦਾ ਬਹੁ-ਵਚਨ,ਬਿਜੜੇ)

183. ਹੀਰ ਦਾ ਉੱਤਰ

ਹੀਰ ਆਖਿਆ ਓਸ ਨੂੰ ਕੁੜੀ ਕਰਕੇ, ਬੁੱਕਲ ਵਿੱਚ ਲੁਕਾ ਲਿਆਇਆ ਜੇ ।
ਮੇਰੀ ਮਾਉਂ ਤੇ ਬਾਪ ਤੋਂ ਕਰੋ ਪਰਦਾ, ਗੱਲ ਕਿਸੇ ਨਾ ਮੂਲ ਸੁਣਾਇਆ ਜੇ ।
ਆਹਮੋਂ-ਸਾਮ੍ਹਣਾ ਆਇਕੇ ਕਰੇ ਝੇੜਾ, ਤੁਸੀਂ ਮੁਨਸਫ ਹੋਇ ਮੁਕਾਇਆ ਜੇ ।
ਜਿਹੜੇ ਹੋਣ ਸੱਚੇ ਸੋਈ ਛੁਟ ਜਾਸਣ, ਡੰਨ ਝੂਠਿਆਂ ਨੂੰ ਤੁਸੀਂ ਲਾਇਆ ਜੇ ।
ਮੈਂ ਆਖ ਥੱਕੀ ਓਸ ਕਮਲੜੇ ਨੂੰ, ਲੈ ਕੇ ਉਠ ਚਲ ਵਕਤ ਘੁਸਾਇਆ ਜੇ ।
ਮੇਰਾ ਆਖਣਾ ਓਸ ਨਾ ਕੰਨ ਕੀਤਾ, ਹੁਣ ਕਾਸ ਨੂੰ ਡੁਸਕਣਾ ਲਾਇਆ ਜੇ ।
ਵਾਰਿਸ ਸ਼ਾਹ ਮੀਆਂ ਇਹ ਵਕਤ ਘੁੱਥਾ, ਕਿਸੇ ਪੀਰ ਨੂੰ ਹੱਥ ਨਾ ਆਇਆ ਜੇ ।
(ਨਾ ਕੰਨ ਕੀਤਾ=ਨਾ ਮੰਨਿਆ, ਘੁੱਥਾ=ਬੀਤਿਆ)

184. ਰਾਂਝੇ ਦਾ ਹੀਰ ਕੋਲ ਆਉਣਾ

ਰਾਤੀਂ ਵਿੱਚ ਰਲਾਇਕੇ ਮਾਹੀੜੇ ਨੂੰ, ਕੁੜੀਆਂ ਹੀਰ ਦੇ ਪਾਸ ਲੈ ਆਈਆਂ ਨੀ ।
ਹੀਰ ਆਖਿਆ ਜਾਂਦੇ ਨੂੰ ਬਿਸਮਿੱਲਾ, ਅੱਜ ਦੌਲਤਾਂ ਮੈਂ ਘਰੀਂ ਪਾਈਆਂ ਨੀ ।
ਲੋਕਾਂ ਆਖਿਆ ਹੀਰ ਦਾ ਵਿਆਹ ਹੁੰਦਾ, ਅਸੀਂ ਦੇਖਣੇ ਆਈਆਂ ਮਾਈਆਂ ਨੀ ।
ਸੂਰਜ ਚੜ੍ਹੇਗਾ ਮਗ਼ਰਬੋ ਜਿਵੇਂ ਕਿਆਮਤ, ਤੌਬਾ ਤਰਕ ਕਰ ਕੁਲ ਬੁਰਾਈਆਂ ਨੀ ।
ਜਿਨ੍ਹਾਂ ਮੱਝੀਂ ਦਾ ਚਾਕ ਸਾਂ ਸਣੇ ਨੱਢੀ, ਸੋਈ ਖੇੜਿਆਂ ਦੇ ਹੱਥ ਆਈਆਂ ਨੀ ।
ਓਸੇ ਵਕਤ ਜਵਾਬ ਹੈ ਮਾਲਕਾਂ ਨੂੰ, ਹਿਕ ਧਾੜਵੀਆਂ ਦੇ ਅੱਗੇ ਲਾਈਆਂ ਨੀ ।
ਇਹ ਸਹੇਲੀਆਂ ਸਾਕ ਤੇ ਸੈਣ ਤੇਰੇ, ਸਭੇ ਮਾਸੀਆਂ ਫੁਫੀਆਂ ਤਾਈਆਂ ਨੀ ।
ਤੁਸਾਂ ਵਹੁਟੀਆਂ ਬਣਨ ਦੀ ਨੀਤ ਬੱਧੀ, ਲੀਕਾਂ ਹੱਦ ਤੇ ਪੁੱਜ ਕੇ ਲਾਈਆਂ ਨੀ ।
ਅਸਾਂ ਕੇਹੀ ਹੁਣ ਆਸ ਹੈ ਨੱਢੀਏ ਨੀ, ਜਿੱਥੇ ਖੇੜਿਆਂ ਜ਼ਰਾਂ ਵਿਖਆਈਆਂ ਨੀ ।
ਵਾਰਿਸ ਸ਼ਾਹ ਅੱਲਾਹ ਨੂੰ ਸੌਂਪ ਹੀਰੇ, ਸਾਨੂੰ ਛੱਡ ਕੇ ਹੋਰ ਧਿਰ ਲਾਈਆਂ ਨੀ ।
(ਮਾਹੀੜੇ=ਰਾਂਝੇ ਨੂੰ, ਮਗ਼ਰਬ=ਪੱਛਮ, ਜ਼ਰਾਂ=ਜ਼ਰ ਦਾ ਬਹੁ-ਵਚਨ,ਦੌਲਤ)

185. ਖੇੜਿਆਂ ਦਾ ਬ੍ਰਾਹਮਣਾਂ ਤੋਂ ਸਾਹਾ ਕਢਾਉਣਾ

ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਤੋਂ, ਭਲੀ ਤਿੱਥ ਮਹੂਰਤ ਤੇ ਵਾਰ ਮੀਆਂ ।
ਨਾਵੇਂ ਸਾਵਣੋਂ ਰਾਤ ਸੀ ਵੀਰਵਾਰੀ, ਲਿਖ ਘਲਿਆ ਇਹ ਨਿਰਵਾਰ ਮੀਆਂ ।
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ, ਢਿਲ ਲਾਵਣੀ ਨਹੀਂ ਜ਼ਿਨਹਾਰ ਮੀਆਂ ।
ਓਥੇ ਖੇੜਿਆਂ ਪੁਜ ਸਾਮਾਨ ਕੀਤੇ, ਏਥੇ ਸਿਆਲ ਭੀ ਹੋਏ ਤਿਆਰ ਮੀਆਂ ।
ਰਾਂਝੇ ਦੁਆ ਕੀਤੀ ਜੰਞ ਆਂਵਦੀ ਨੂੰ, ਪਏ ਗ਼ੈਬ ਦਾ ਕਟਕ ਕਿ ਧਾੜ ਮੀਆਂ ।
ਵਾਰਿਸ ਸ਼ਾਹ ਸਰਬਾਲੜਾ ਨਾਲ ਹੋਇਆ, ਹੱਥ ਤੀਰ ਕਾਨੀ ਤਲਵਾਰ ਮੀਆਂ ।
(ਸਾਹਾ ਸੁਧਾਇਆ=ਵਿਆਹ ਦੀ ਤਾਰੀਖ ਬਾਰੇ ਬਾਹਮਣਾਂ ਤੋਂ ਪਤਰੀ
ਖੁਲਵਾਈ, ਜ਼ਿਨਹਾਰ=ਬਿਲਕੁਲ)

186. ਸ਼ੀਰਨੀ ਦੀ ਤਿਆਰੀ

ਲੱਗੇ ਨੁਗਦੀਆਂ ਤਲਣ ਤੇ ਸ਼ਕਰ ਪਾਰੇ, ਢੇਰ ਲਾ ਦਿੱਤੇ ਵੱਡੇ ਘਿਉਰਾਂ ਦੇ ।
ਤਲੇ ਖ਼ੂਬ ਜਲੇਬ ਗੁਲ ਬਹਿਸ਼ਤ ਬੂੰਦੀ, ਲੱਡੂ ਟਿੱਕੀਆਂ ਭੰਬਰੀ ਮਿਉਰਾਂ ਦੇ ।
ਮੈਦਾ ਖੰਡ ਤੇ ਘਿਉ ਪਾ ਰਹੇ ਜੱਫੀ, ਭਾਬੀ ਲਾਡਲੀ ਨਾਲ ਜਿਉਂ ਦਿਉਰਾਂ ਦੇ ।
ਕਲਾਕੰਦ ਮਖਾਣਿਆਂ ਸਵਾਦ ਮਿੱਠੇ, ਪਕਵਾਨ ਗੁੰਨ੍ਹੇ ਨਾਲ ਤਿਉਰਾਂ ਦੇ ।
ਟਿੱਕਾ ਵਾਲੀਆਂ ਨੱਥ ਹਮੇਲ ਝਾਂਜਰ, ਬਾਜ਼ੂਬੰਦ ਮਾਲਾ ਨਾਲ ਨਿਉਰਾਂ ਦੇ ।
(ਮਿਠਾਈਆਂ=ਨੁਗਦੇ,ਸ਼ੱਕਰਪਾਰੇ,ਜਲੇਬ,ਗੁਲ ਬਹਿਸ਼ਤ,ਬੂੰਦੀ,ਲੱਡੂ,
ਟਿੱਕੀਆਂ,ਭੰਬਰੀ,ਮਿਊਰ,ਕਲਾਕੰਦ,ਮਖਾਣੇ, ਗਹਿਣੇ=ਟਿੱਕਾ,ਵਾਲੀਆਂ,
ਨੱਥ, ਹਮੇਲ, ਝਾਂਜਰ, ਬਾਜ਼ੂਬੰਦ,ਮਾਲਾ,ਨਿਉਰ)

187. ਤਥਾ

ਮੱਠੀ ਹੋਰ ਖਜੂਰ ਪਰਾਕੜੀ ਵੀ, ਭਰੇ ਖੌਂਚੇ ਨਾਲ ਸਮੋਸਿਆਂ ਦੇ ।
ਅੰਦਰਸੇ ਕਚੌਰੀਆਂ ਅਤੇ ਲੁੱਚੀ, ਵੜੇ ਖੰਡ ਦੇ ਖਿਰਨੀਆਂ ਖੋਸਿਆਂ ਦੇ ।
ਪੇੜੇ ਨਾਲ ਖ਼ਤਾਈਆਂ ਹੋਰ ਗੁਪਚੁੱਪ, ਬੇਦਾਨਿਆਂ ਨਾਲ ਪਲੋਸਿਆਂ ਦੇ ।
ਰਾਂਝਾ ਜੋੜ ਕੇ ਪਰ੍ਹੇ ਫ਼ਰਿਆਦ ਕਰਦਾ, ਦੇਖੋ ਖਸਦੇ ਸਾਕ ਬੇਦੋਸਿਆਂ ਦੇ ।
ਵਾਰਿਸ ਸ਼ਾਹ ਨਸੀਬ ਹੀ ਪੈਣ ਝੋਲੀ, ਕਰਮ ਢੈਣ ਨਾਹੀਂ ਨਾਲ ਝੋਸਿਆਂ ਦੇ ।
(ਖਸਦੇ=ਖੋਹ ਲੈਂਦੇ, ਝੋਸੇ=ਹਿਲੂਣੇ, ਢੈਣ ਨਾਹੀਂ=ਡਿਗਦੇ ਨਹੀਂ, ਬੇਦੋਸੇ=ਬੇਕਸੂਰ)

188. ਰੋਟੀ ਦਿੱਤੀ

ਮੰਡੇ ਮਾਸ ਚਾਵਲ ਦਾਲ ਦਹੀਂ ਧੱਗੜ, ਇਹ ਮਾਹੀਆਂ ਪਾਹੀਆਂ ਰਾਹੀਆਂ ਨੂੰ ।
ਸਭੋ ਚੂਹੜੇ ਚੱਪੜੇ ਰੱਜ ਥੱਕੇ, ਰਾਖੇ ਜਿਹੜੇ ਸਾਂਭਦੇ ਵਾਹੀਆਂ ਨੂੰ ।
ਕਾਮੇ ਚਾਕ ਚੋਬਰ ਸੀਰੀ ਧੱਗੜਾਂ ਨੂੰ, ਦਹੀਂ ਰੋਟੀ ਦੇ ਨਾਲ ਭਲਾਹੀਆਂ ਨੂੰ ।
ਦਾਲ ਸ਼ੋਰਬਾ ਰਸਾ ਤੇ ਮੱਠਾ ਮੰਡੇ, ਡੂਮਾ ਢੋਲੀਆਂ ਕੰਜਰਾਂ ਨਾਈਆਂ ਨੂੰ ।
(ਧੱਗੜ=ਮੋਟੀ ਰੋਟੀ,ਰੋਟ, ਪਾਹੀਆਂ=ਦੂਜੇ ਪਿੰਡ ਦਾ ਮੁਜ਼ਾਰਾ)

189. ਫ਼ਰਿਆਦ ਰਾਂਝੇ ਦੀ

ਸਾਕ ਮਾੜਿਆਂ ਦੇ ਖੋਹ ਲੈਣ ਢਾਡੇ, ਅਣਪੁੱਜਦੇ ਉਹ ਨਾ ਬੋਲਦੇ ਨੇ ।
ਨਹੀਂ ਚਲਦਾ ਵਸ ਲਾਚਾਰ ਹੋ ਕੇ, ਮੋਏ ਸੱਪ ਵਾਂਙੂ ਵਿੱਸ ਘੋਲਦੇ ਨੇ ।
ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨੇ ।
ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ, ਮਾੜੇ ਮਾੜਿਆਂ ਥੇ ਦੁੱਖ ਫੋਲਦੇ ਨੇ ।
ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ, ਮਾੜਾ ਕੰਗਲਾ ਝੂਠਾ ਕਰ ਟੋਰਦੇ ਨੇ ।
ਵਾਰਿਸ ਸ਼ਾਹ ਲੁਟਾਇੰਦੇ ਖੜੇ ਮਾੜੇ, ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ ।
(ਅਣਪੁਜਦੇ=ਗ਼ਰੀਬ, ਵਿਸ ਘੋਲਦੇ=ਖਿਝਦੇ, ਖ਼ੌਫ਼=ਡਰ)

190. ਚੌਲਾਂ ਦੀਆਂ ਕਿਸਮਾਂ

ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪੱਤੀਏ ਝੋਨੜੇ ਛੜੀਦੇ ਨੀ ।
ਬਾਸਮਤੀ ਮੁਸਾਫ਼ਰੀ ਬੇਗ਼ਮੀ ਸਨ, ਹਰਿਚੰਦ ਤੇ ਜ਼ਰਦੀਏ ਧਰੀਦੇ ਨੀ ।
ਸੱਠੀ ਕਰਚਕਾ ਸੇਉਲਾ ਘਰਤ ਕੰਟਲ, ਅਨੋਕੀਕਲਾ ਤੀਹਰਾ ਸਰੀ ਦੇ ਨੀ ।
ਬਾਰੀਕ ਸਫ਼ੈਦ ਕਸ਼ਮੀਰ ਕਾਬਲ, ਖ਼ੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ ।
ਗੁੱਲੀਆਂ ਸੁੱਚੀਆਂ ਨਾਲ ਖੋਹਰੀਆਂ ਦੇ, ਮੋਤੀ ਚੂਰ ਲੰਬੋਹਾਂ ਜੜੀਦੇ ਨੀ ।
ਵਾਰਿਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ, ਪਿੰਡ ਪਿੰਡ ਸੁਨਿਆਰੜੇ ਫੜੀਦੇ ਨੀ ।
(ਗੁੱਲੀਆਂ=ਸੋਨਾ, ਸੱਠੀ=ਸੱਠਾ ਦਿਨਾਂ ਵਿੱਚ ਪੱਕਣ ਵਾਲਾ ਚੌਲ)

191. ਗਹਿਣਿਆਂ ਦੀ ਸਜਾਵਟ

ਕੰਙਣ ਨਾਲ ਜ਼ੰਜੀਰੀਆਂ ਪੰਜ ਮਣੀਆਂ, ਹਾਰ ਨਾਲ ਲੌਂਗੇਰ ਪੁਰਾਇਉ ਨੇ ।
ਤਰਗਾਂ ਨਾਲ ਕਪੂਰਾਂ ਦੇ ਜੁੱਟ ਸੁੱਚੇ, ਤੋੜੇ ਪਾਉਂਟੇ ਗਜਰੀਆਂ ਛਾਇਉ ਨੇ ।
ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ, ਮੁਹਰ ਬਿਛੂਏ ਨਾਲ ਘੜਾਇਉ ਨੇ ।
ਸੋਹਣੀਆਂ ਅੱਲੀਆਂ ਪਾਨ ਪਾਜ਼ੇਬ ਪੱਖੇ, ਘੁੰਗਰਿਆਲੜੇ ਘੁੰਗਰੂ ਲਾਇਉ ਨੇ ।
ਜਿਵੇਂ ਨਾਲ ਨੌਗ੍ਰਿਹੀ ਤੇ ਚੌਂਪ ਕਲੀਆਂ, ਕਾਨ ਫੂਲ ਤੇ ਸੀਸ ਬਣਾਇਉ ਨੇ ।
ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆਹਾ, ਸੋਈ ਖੱਟੜੇ ਚਾ ਪਵਾਇਉ ਨੇ ।
192. ਤਥਾ

ਅਸਕੰਦਰੀ ਨੇਵਰਾਂ ਬੀਰ-ਬਲੀਆਂ, ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ ।
ਹਸ ਕੜੇ ਛੜਕੰਙਣਾ ਨਾਲ ਬੂਲਾਂ, ਵੱਧੀ ਡੋਲ ਮਿਆਂਨੜਾ ਧਾਰਿਆਂ ਨੇ ।
ਚੱਨਣਹਾਰ ਲੂਹਲਾਂ ਟਿੱਕਾ ਨਾਲ ਬੀੜਾ, ਅਤੇ ਜੁਗਨੀ ਚਾ ਸਵਾਰਿਆ ਨੇ ।
ਬਾਂਕਾਂ ਚੂੜੀਆਂ ਮੁਸ਼ਕ-ਬਲਾਈਆਂ ਭੀ, ਨਾਲ ਮਛਲੀਆਂ ਵਾਲੜੋ ਸਾਰਿਆਂ ਨੇ ।
ਸੋਹਣੀ ਆਰਸੀ ਨਾਲ ਅੰਗੂਠੀਆਂ ਦੇ, ਇਤਰ-ਦਾਨ ਲਟਕਣ ਹਰਿਆਰਿਆ ਨੇ ।
ਦਾਜ ਘੱਤ ਕੇ ਤੌਂਕ ਸੰਦੂਕ ਬੱਧੇ, ਸੁਣੋ ਕੀ ਕੀ ਦਾਜ ਰੰਗਾਇਆ ਨੇ ।
ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਇਕ ਉਹ ਬਦਰੰਗ ਕਰਾਇਆ ਨੇ ।
(ਮਿਆਂਨੜਾ=ਸ਼ਰੀਫ ਲੋਕਾਂ ਦੀ ਪਰਦੇਦਾਰ ਪਾਲਕੀ)

193. ਕੱਪੜਿਆਂ ਦੀਆਂ ਭਾਂਤਾਂ

ਲਾਲ ਪੰਖੀਆਂ ਅਤੇ ਮਤਾਹ ਲਾਚੇ, ਖੰਨ ਰੇਸ਼ਮੀ ਖੇਸ ਸਲਾਰੀਆਂ ਨੇ ।
ਮਾਂਗ ਚੌਂਕ ਪਟਾਂਗਲਾਂ ਚੂੜੀਏ ਸਨ, ਬੂੰਦਾਂ ਅਤੇ ਪੰਜਦਾਣੀਆਂ ਸਾਰੀਆਂ ਨੇ ।
ਚੌਂਪ ਛਾਇਲਾਂ ਤੇ ਨਾਲ ਚਾਰ ਸੂਤੀ, ਚੰਦਾਂ ਮੋਰਾਂ ਦੇ ਬਾਨ੍ਹਣੂੰ ਛਾਰੀਆਂ ਨੇ ।
ਸਾਲੂ ਪੱਤਰੇ ਚਾਦਰਾਂ ਬਾਫਤੇ ਦੀਆਂ, ਨਾਲ ਭੋਛਣਾਂ ਦੇ ਫੁਲਕਾਰੀਆਂ ਨੇ ।
ਵਾਰਿਸ ਸ਼ਾਹ ਚਿਕਨੀ ਸਿਰੋਪਾਉ ਖ਼ਾਸੇ, ਪੋਸ਼ਾਕੀਆਂ ਨਾਲ ਦੀਆਂ ਭਾਰੀਆਂ ਨੇ ।
(ਬਾਫ਼ਤਾ=ਕਸੂਰ ਵਿੱਚ ਬੁਣਿਆ ਕੱਪੜਾ, ਭੋਛਣਾਂ=ਪੁਸ਼ਾਕਾਂ)

194. ਦਾਜ ਦਾ ਸਾਮਾਨ

ਲਾਲ ਘੱਗਰੇ ਕਾਢਵੇਂ ਨਾਲ ਮਸ਼ਰੂ, ਮੁਸ਼ਕੀ ਪੱਗਾਂ ਦੇ ਨਾਲ ਤਸੀਲੜੇ ਨੀ ।
ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ, ਕੀਮਖ਼ਾਬ ਤੇ ਚੁੰਨੀਆਂ ਪੀਲੜੇ ਨੇ ।
ਬੋਕ ਬੰਦ ਤੇ ਅੰਬਰੀ ਬਾਦਲਾ ਸੀ, ਜ਼ਰੀ ਖ਼ਾਸ ਚੌਤਾਰ ਰਸੀਲੜੇ ਨੀ ।
ਚਾਰਖ਼ਾਨੀਏ ਡੋਰੀਏ ਮਲਮਲਾਂ ਸਨ, ਚੌਂਪ ਛਾਇਲਾਂ ਨਿਪਟ ਸੁਖੀਲੜੇ ਨੀ ।
ਇਲਾਹ ਤੇ ਜਾਲੀਆਂ ਝਿੰਮੀਆਂ ਸਨ, ਸ਼ੀਰ ਸ਼ੱਕਰ ਗੁਲਬਦਨ ਰਸੀਲੜੇ ਨੀ ।
ਵਾਰਿਸ ਸ਼ਾਹ ਦੋ ਓਢਣੀਆਂ ਹੀਰ ਰਾਂਝਾ, ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ ।
(ਮਸ਼ਰੂ=ਮਸ਼ਰੂਹ,ਸ਼ਰ੍ਹਾ ਅਨੁਸਾਰ, ਬੋਕ ਬੰਦ=ਕੀਮਤੀ ਕੱਪੜੇ ਢੱਕਣ ਲਈ
ਗਿਲਾਫ, ਝੰਮੀ=ਜ਼ਨਾਨਾ ਦੁਸ਼ਾਲਾ, ਨਿਪਟ ਸੁਖੇਲੜਾ=ਪੂਰਾ ਆਰਾਮ, ਬੁਰੇ
ਹੀਲੜੇ=ਮੰਦੇ ਹਾਲ)

195. ਭਾਂਡਿਆਂ ਦੀ ਸਜਾਵਟ

ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ, ਲੋਹ ਕੜਛ ਦੇ ਨਾਲ ਕੜਾਹੀਆਂ ਦੇ ।
ਕੌਲ ਨਾਲ ਸਨ ਬੁਗੁਣੇ ਸਨ ਤਬਲਬਾਜ਼ਾਂ, ਕਾਬ ਅਤੇ ਪਰਾਤ ਬਰਵਾਹੀਆਂ ਦੇ ।
ਚਮਚੇ ਬੇਲੂਏ ਵੱਧਣੇ ਦੇਗਚੇ ਭੀ, ਨਾਲ ਖੌਂਚੇ ਤਾਸ ਬਾਦਸ਼ਾਹੀਆਂ ਦੇ ।
ਪਟ ਉਣੇ ਪਟੇਹੜਾਂ ਦਾਜ ਰੱਤੇ, ਜਿਗਰ ਪਾਟ ਗਏ ਵੇਖ ਕੇ ਰਾਹੀਆਂ ਦੇ ।
ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ, ਢੁੱਕੇ ਬਹੁਤ ਬਾਲਣ ਨਾਲ ਕਾਹੀਆਂ ਦੇ ।
ਦੇਗਾਂ ਖਿਚਦੇ ਘਤ ਜ਼ੰਜੀਰ ਰੱਸੇ, ਤੋਪਾਂ ਖਿਚਦੇ ਕਟਕ ਬਾਦਸ਼ਾਹੀਆਂ ਦੇ ।
ਵਾਰਿਸ ਸ਼ਾਹ ਮੀਆਂ ਚਾਉ ਵਿਆਹ ਦਾ ਸੀ, ਸੁੰਞੇ ਫਿਰਨ ਖੰਧੇ ਮੰਗੂ ਮਾਹੀਆਂ ਦੇ ।
(ਬੁਗੁਣਾ=ਤੰਗ ਮੂੰਹ ਵਾਲਾ ਭਾਂਡਾ, ਕਾਬ=ਥਾਲੀ, ਤਾਸ=ਕਟੋਰੇ)

196. ਸਿਆਲਾਂ ਦਾ ਮੇਲ

ਡਾਰਾਂ ਖ਼ੂਬਾਂ ਦੀਆਂ ਸਿਆਲਾਂ ਦੇ ਮੇਲ ਆਈਆਂ, ਹੂਰ ਪਰੀ ਦੇ ਹੋਸ਼ ਗਵਾਉਂਦੀਆਂ ਨੇ ।
ਲਖ ਜੱਟੀਆਂ ਮੁਸ਼ਕ ਲਪੇਟੀਆਂ ਨੇ, ਅੱਤਣ ਪਦਮਣੀ ਵਾਂਗ ਸੁਹਾਉਂਦੀਆਂ ਨੇ ।
ਬਾਰਾਂ ਜ਼ਾਤ ਤੇ ਸੱਤ ਸਨਾਤ ਢੁੱਕੀ, ਰੰਗ ਰੰਗ ਦੀਆਂ ਸੂਰਤਾਂ ਆਉਂਦੀਆਂ ਨੇ ।
ਉੱਤੇ ਭੋਛਣ ਸਨ ਪੰਜ ਟੂਲੀਏ ਦੇ, ਅਤੇ ਲੁੰਗੀਆਂ ਤੇੜ ਝਨਾਉੁਂ ਦੀਆਂ ਨੇ ।
ਲੱਖ ਸਿੱਠਨੀ ਦੇਣ ਤੇ ਲੈਣ ਗਾਲੀਂ, ਵਾਹ ਵਾਹ ਕੀਹ ਸਿਹਰਾ ਗਾਂਉਦੀਆਂ ਨੇ ।
ਪਰੀਜ਼ਾਦ ਜਟੇਟੀਆਂ ਨੈਣ ਖ਼ੂਨੀਂ ਨਾਲ, ਹੇਕ ਮਹੀਨ ਦੇ ਗਾਉਂਦੀਆਂ ਨੇ ।
ਨਾਲ ਆਰਸੀ ਮੁਖੜਾ ਵੇਖ ਸੁੰਦਰ, ਖੋਲ੍ਹ ਆਸ਼ਕਾਂ ਨੂੰ ਤਰਸਾਉਂਦੀਆਂ ਨੇ ।
ਇਕ ਖੋਲ੍ਹ ਕੇ ਚਾਦਰਾਂ ਕੱਢ ਛਾਤੀ, ਉਪਰਵਾੜਿਉਂ ਝਾਤੀਆਂ ਪਾਉਂਦੀਆਂ ਨੇ ।
ਇੱਕ ਵਾਂਗ ਬਸਾਤੀਆਂ ਕੱਢ ਲਾਟੂ, ਵੀਰਾਰਾਧ ਦੀ ਨਾਫ਼ ਵਿਖਾਉਂਦੀਆਂ ਨੇ ।
ਇੱਕ ਤਾੜੀਆਂ ਮਾਰਦੀਆਂ ਨੱਚਦੀਆਂ ਨੇ, ਇੱਕ ਹੱਸਦੀਆਂ ਘੋੜੀਆਂ ਗਾਉਂਦੀਆਂ ਨੇ ।
ਇੱਕ ਗਾਉਂ ਕੇ ਕੋਇਲਾਂ ਕਾਂਗ ਹੋਈਆਂ, ਇੱਕ ਰਾਹ ਵਿੱਚ ਦੋਹਰੜੇ ਲਾਉਂਦੀਆਂ ਨੇ ।
ਇਕ ਆਖਦੀਆਂ ਮੋਰ ਨਾ ਮਾਰ ਮੇਰਾ, ਇਕ ਵਿਚ ਮਮੋਲੜਾ ਗਾਉਂਦੀਆਂ ਨੇ ।
ਵਾਰਿਸ ਸ਼ਾਹ ਜਿਉਂ ਸ਼ੇਰ ਗੜ੍ਹ ਪਟਣ ਮੱਕੇ, ਲਖ ਸੰਗਤਾਂ ਜ਼ਿਆਰਤੀਂ ਆਉਂਦੀਆਂ ਨੇ ।
(ਖ਼ੂਬਾਂ=ਸੁਹਣਿਆਂ, ਅੱਤਣ=ਉਹ ਥਾਂ ਜਿੱਥੇ ਸਾਰੀਆਂ ਕੁੜੀਆਂ ਖੇਡਣ ਲਈ
ਇਕੱਠੀਆਂ ਹੁੰਦੀਆਂ ਹਨ, ਸਨਾਤ=ਨੀਚ ਜ਼ਾਤ, ਆਰਸੀ=ਸ਼ੀਸ਼ਾ, ਲਾਟੂ=ਛਾਤੀਆਂ
ਤੇ ਜੋਬਨ ਦਾ ਉਭਾਰ, ਬਸਾਤੀ=ਮੁਨਿਆਰ, ਨਾਫ਼=ਧੁੰਨੀ)

197. ਤਥਾ

ਜਿਵੇਂ ਲੋਕ ਨਗਾਹੇ ਤੇ ਰਤਨ ਹਾਜੀ, ਢੋਲ ਮਾਰਦੇ ਤੇ ਰੰਗ ਲਾਂਵਦੇ ਨੇ ।
ਭੜਥੂ ਮਾਰ ਕੇ ਫੁਮਣੀਆਂ ਘੱਤਦੇ ਨੇ, ਇੱਕ ਆਂਵਦੇ ਤੇ ਇੱਕ ਜਾਂਵਦੇ ਨੇ ।
ਜਿਹੜੇ ਸਿਦਕ ਦੇ ਨਾਲ ਚਲ ਆਂਵਦੇ ਨੇ, ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ ।
ਵਾਰਿਸ ਸ਼ਾਹ ਦਾ ਚੂਰਮਾ ਕੁਟ ਕੇ ਤੇ, ਦੇ ਫ਼ਾਤਿਹਾ ਵੰਡ ਵੰਡਾਂਵਦੇ ਨੇ ।
198. ਖੇੜਿਆਂ ਦੀ ਜੰਞ ਦੀ ਚੜ੍ਹਤ

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ, ਚੜ੍ਹੇ ਗਭਰੂ ਡੰਕ ਵਜਾਇ ਕੇ ਜੀ ।
ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ, ਦਾਰੂ ਪੀ ਕੇ ਧਰਗ ਵਜਾਇਕੇ ਜੀ ।
ਘੋੜੀਂ ਪਾਖਰਾਂ ਸੋਨੇ ਦੀਆਂ ਸਾਖਤਾਂ ਨੇ, ਲੂਹਲਾਂ ਹੋਰ ਹਮੇਲ ਛਣਕਾਇਕੇ ਜੀ ।
ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ, ਵਿੱਚ ਕਲਗੀਆਂ ਜਿਗਾ ਲਗਾਇਕੇ ਜੀ ।
ਸਿਹਰੇ ਫੁੱਲਾਂ ਦੇ ਤੁੱਰਿਆਂ ਨਾਲ ਲਟਕਣ, ਟਕੇ ਦਿੱਤੇ ਨੀ ਲਖ ਲੁਟਾਇਕੇ ਜੀ ।
ਢਾਡੀ ਭੁਗਤੀਏ ਕੰਜਰੀਆਂ ਨਕਲੀਏ ਸਨ, ਅਤੇ ਡੂਮ ਸਰੋਦ ਵਜਾਇਕੇ ਜੀ ।
ਕਸ਼ਮੀਰੀ ਤੇ ਦਖਣੀ ਨਾਲ ਵਾਜੇ, ਭੇਰੀ ਤੂਤੀਆਂ ਵੱਜੀਆਂ ਚਾਇਕੇ ਜੀ ।
ਵਾਰਿਸ ਸ਼ਾਹ ਦੇ ਮੁਖ ਤੇ ਬੰਨ੍ਹ ਮੁਕਟਾ, ਸੋਇਨ ਸਿਹਰੇ ਬੰਨ੍ਹ ਬੰਨ੍ਹਾਇਕੇ ਜੀ ।
(ਪਾਖਰਾਂ=ਲੜਾਈ ਵਿੱਚ ਘੋੜੇ ਤੇ ਪਾਉਣ ਵਾਲੀ ਲੋਹੇ ਦੀ ਪੁਸ਼ਾਕ, ਸਾਖਤ=
ਘੋੜੇ ਦੀ ਪੂਛ ਤੇ ਪਾਉਣ ਵਾਲਾ ਸਾਜ਼, ਜਿਗਾ=ਪਗੜੀ ਉਤੇ ਲਾਉਣ ਵਾਲਾ
ਗਹਿਣਾ, ਭਗਤੀਏ=ਨੱਚਣ ਵਾਲੇ,ਰਾਸਧਾਰੀਏ, ਭੇਰੀ=ਬਿਗਲ ਵਜਾਉਣ ਵਾਲਾ)

199. ਆਤਿਸ਼ਬਾਜ਼ੀ

ਆਤਿਸ਼ ਬਾਜ਼ੀਆਂ ਛੁਟਦੀਆਂ ਫੁਲ ਝੜੀਆਂ, ਫੂਹੀ ਛੁੱਟੇ ਤੇ ਬਾਜ਼ ਹਵਾ ਮੀਆਂ ।
ਹਾਥੀ ਮੋਰ ਤੇ ਚਰਖੀਆਂ ਝਾੜ ਛੁੱਟਣ, ਤਾੜ ਤਾੜ ਪਟਾਕਿਆਂ ਪਾ ਮੀਆਂ ।
ਸਾਵਨ ਭਾਦੋਂ ਕਮਚੀਆਂ ਨਾਲ ਚਹਿਕੇ, ਟਿੰਡ ਚੂਹਿਆਂ ਦੀ ਕਰੇ ਤਾ ਮੀਆਂ ।
ਮਹਿਤਾਬੀਆਂ ਟੋਟਕੇ ਚਾਦਰਾਂ ਸਨ, ਦੇਵਣ ਚੱਕੀਆਂ ਵੱਡੇ ਰਸਾ ਮੀਆਂ ।
(ਰਸਾ=ਸੁਆਦ)

200. ਖੇੜੇ ਜੰਞ ਲੈ ਕੇ ਢੁੱਕੇ

ਮਿਲੇ ਮੇਲ ਸਿਆਲਣਾਂ ਜੰਜ ਆਂਦੀ, ਲੱਗੀਆਂ ਸੌਣ ਸੁਪੱਤ ਕਰਾਵਣੇ ਨੂੰ ।
ਘੱਤ ਸੁਰਮ ਸਲਾਈਆਂ ਦੇਣ ਗਾਲ੍ਹੀਂ, ਅਤੇ ਖਡੁੱਕਣੇ ਨਾਲ ਖਿਡਾਵਣੇ ਨੂੰ ।
ਮੌਲੀ ਨਾਲ ਚਾ ਕਛਿਆ ਗਭਰੂ ਨੂੰ ਰੋੜੀ ਲੱਗੀਆਂ ਆਨ ਖੋਵਾਵਣੇ ਨੂੰ ।
ਭਰੀ ਘੜੀ-ਘੜੋਲੀ ਤੇ ਕੁੜੀ ਨ੍ਹਾਤੀ, ਆਈਆਂ ਫੇਰ ਨਿਕਾਹ ਪੜ੍ਹਾਵਣੇ ਨੂੰ ।
ਮੌਲੀ ਨਾਲ ਚਾ ਕੱਛਿਆ ਗੱਭਰੂ ਨੂੰ, ਰੋੜੀ ਲੱਗੀਆਂ ਆਣ ਖਵਾਵਣੇ ਨੂੰ ।
ਵਾਰਿਸ ਸ਼ਾਹ ਵਿਆਹ ਦੇ ਗੀਤ ਮਿੱਠੇ, ਕਾਜ਼ੀ ਆਇਆ ਮੇਲ ਮਿਲਾਵਣੇ ਨੂੰ ।
(ਸੌਣ ਸੁਪਤ=ਇਸ ਭਾਂਤ ਦੀ ਸੌਗੰਧ ਜਿਹਦੇ ਵਿੱਚ ਵਿਆਹੰਦੜ ਵਚਨ
ਦਿੰਦਾ ਹੈ ਕਿ ਉਹ ਆਪਣੀ ਵਿਆਹੀ ਜਾਣ ਵਾਲੀ ਸਾਥਣ ਤੋਂ ਬਗੈਰ
ਹੋਰ ਹਰ ਇਸਤਰੀ ਨੂੰ ਆਪਣੀ ਮਾਂ, ਭੈਣ ਜਾਂ ਪੁੱਤਰੀ ਸਮਝੇਗਾ,
ਖਡੁੱਕਣੇ=ਵਿਆਹ ਦੀ ਰਸਮ ਜਿਹਦੇ ਵਿੱਚ ਕੁੜੀਆਂ ਆਟੇ ਦੀਆਂ
ਖੇਡਾਂ ਬਣਾ ਕੇ ਲਾੜੇ ਤੋਂ ਲਾਗ ਲੈਂਦੀਆਂ ਹਨ, ਰੋੜੀ=ਗੁੜ, ਘੜੀ-
ਘੜੋਲੀ=ਵਿਆਹ ਦੀ ਇੱਕ ਰਸਮ ਜਿਹਦੇ ਵਿੱਚ ਕੁੜੀਆਂ ਲਾੜੇ
ਲਾੜੀ ਨੂੰ ਖੂਹ ਵਿੱਚੋਂ ਪਾਣੀ ਦੇ ਡੋਲ ਖਿੱਚਣ ਲਈ ਕਹਿੰਦੀਆਂ
ਅਤੇ ਇੱਕ ਘੜਾ ਭਰਨ ਲਈ ਆਖਦੀਆਂ ਹਨ)

201. ਤਥਾ

ਭੇਟਕ ਮੰਗਦੀਆਂ ਸਾਲੀਆਂ ਚੀਚ ਛੱਲਾ, ਦੁਧ ਦੇ ਅਣਯਧੜੀ ਚਿੜੀ ਦਾ ਵੇ ।
ਦੁਧ ਦੇ ਗੋਹੀਰੇ ਦਾ ਚੋ ਜੱਟਾ, ਨਾਲੇ ਦੱਛਣਾ ਖੰਡ ਦੀ ਪੁੜੀ ਦਾ ਵੇ ।
ਲੌਂਗਾਂ ਮੰਜੜਾ ਨਦੀ ਵਿੱਚ ਕੋਟ ਕਰਦੇ, ਘਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ ।
ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ, ਵੇਖਾਂ ਕਿੱਕਰਾਂ ਉਹ ਵੀ ਗਿੜੀ ਦਾ ਵੇ ।
ਤੰਬੂ ਤਾਣ ਦੇ ਖਾਂ ਸਾਨੂ ਬਾਝ ਥੰਮਾਂ, ਪਹੁੰਚਾ ਦੇ ਖਾਂ ਸੋਇਨੇ ਦੀ ਚਿੜੀ ਦਾ ਵੇ ।
ਇੱਕ ਮੁਨਸ ਕਸੀਰੇ ਦਾ ਖਰੀ ਮੰਗੇ, ਹਾਥੀ ਪਾਇ ਕੁੱਜੇ ਵਿੱਚ ਫੜੀ ਦਾ ਵੇ ।
ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ, ਲੇਖਾ ਨਾਲ ਤੇਰੇ ਇਵੇਂ ਵਰੀ ਦਾ ਵੇ ।
ਵਾਰਿਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ, ਜਿਵੇਂ ਫੁਲ ਗੁਲਾਬ ਖਿੜੀ ਦਾ ਵੇ ।
(ਭੇਟਕ=ਭੇਟਾ, ਗੁਹੀਰਾ=ਜੰਗਲ ਵਿੱਚ ਖੁੱਡਾਂ ਦੇ ਵਿੱਚ ਰਹਿਣ ਵਾਲਾ
ਜ਼ਹਿਰੀਲਾ ਗਿਰਗਟ, ਕਿੱਕਰਾਂ=ਕਿਵੇਂ, ਪਹੁੰਚਾ=ਪੈਰ, ਕਸੀਰੇ ਦਾ ਮੁਨਸ=
ਨਿਕੰਮਾ ਆਦਮੀ, ਖਰੀ=ਵਧੀਆ,ਸ਼ੁੱਧ, ਵਰੀ=ਲਾੜੇ ਵਾਲੇ ਪਾਸੇ ਵੱਲੋਂ
ਲਾੜੀ ਲਈ ਲਿਆਂਦੇ ਕੱਪੜੇ ਅਤੇ ਗਹਿਣੇ ਆਦਿ)

202. ਸੈਦਾ

ਅਨੀ ਸੋਹਣੀਏ ਛੈਲ ਮਲੂਕ ਕੁੜੀਏ, ਸਾਥੋਂ ਏਤਨਾ ਝੇੜ ਨਾ ਝਿੜੀ ਦਾ ਨੀ ।
ਸਈਆਂ ਤਿੰਨ ਸੌ ਸੱਠ ਬਲਕੀਸ ਰਾਣੀ, ਇਹ ਲੈ ਚੀਚ ਛੱਲਾ ਇਸ ਦੀ ਪਿੜੀ ਦਾ ਨੀ ।
ਚੜ੍ਹਿਆ ਸਾਵਣ ਤੇ ਬਾਗ਼ ਬਹਾਰ ਹੋਈ, ਦਭ ਕਾਹ ਸਰਕੜਾ ਖਿੜੀ ਦਾ ਨੀ ।
ਟੰਗੀਂ ਪਾ ਢੰਗਾ ਦੋਹਨੀਂ ਪੂਰ ਕੱਢੀ, ਇਹ ਲੈ ਦੁਧ ਅਣਯਧੜੀ ਚਿੜੀ ਦਾ ਨੀ ।
ਦੁਧ ਲਿਆ ਗੋਹੀਰੇ ਦਾ ਚੋ ਕੁੜੀਏ, ਇਹ ਲੈ ਪੀ ਜੇ ਬਾਪ ਨਾ ਲੜੀ ਦਾ ਨੀ ।
ਸੂਹੀਆਂ ਸਾਵੀਆਂ ਨਾਲ ਬਹਾਰ ਤੇਰੀ, ਮੁਸ਼ਕ ਆਂਵਦਾ ਲੌਂਗਾਂ ਦੀ ਧੜੀ ਦਾ ਨੀ ।
ਖੰਡ ਪੁੜੀ ਦੀ ਦੱਛਣਾ ਦਿਆਂ ਤੈਨੂੰ, ਤੁੱਕਾ ਲਾਵੀਏ ਵਿਚਲੀ ਧੜੀ ਦਾ ਨੀ ।
ਚਾਲ ਚਲੇਂ ਮੁਰਗਾਈਆਂ ਤੇ ਤਰੇਂ ਤਾਰੀ, ਬੋਲਿਆਂ ਫੁਲ ਗੁਲਾਬ ਦਾ ਝੜੀ ਦਾ ਨੀ ।
ਕੋਟ ਨਦੀ ਵਿੱਚ ਲੈ ਸਣੇ ਲੌਂਗ ਮੰਜਾ, ਤੇਰੇ ਸੌਣ ਨੂੰ ਕੌਣ ਲੌ ਵੜੀ ਦਾ ਨੀ ।
ਇੱਕ ਗੱਲ ਭੁੱਲੀ ਮੇਰੇ ਯਾਦ ਆਈ, ਰੋਟ ਸੁਖਿਆ ਪੀਰ ਦਾ ਧੜੀ ਦਾ ਨੀ ।
ਬਾਝ ਬਲਦਾਂ ਦੇ ਖੂਹ ਭਜਾ ਦਿੱਤਾ, ਅੱਡਾ ਖੜਕਦਾ ਕਾਠ ਦੀ ਕੜੀ ਦਾ ਨੀ ।
ਝਬ ਨਹਾ ਲੈ ਬੁੱਕ ਭਰ ਛੈਲ ਕੁੜੀਏ, ਚਾਉ ਖੂਹ ਦਾ ਨਾਲ ਲੈ ਖੜੀ ਦਾ ਨੀ ।
ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ, ਅਸਾਂ ਮੁਨਸ ਲੱਧਾ ਜੋੜ ਜੁੜੀ ਦਾ ਨੀ ।
ਅਸਾਂ ਭਾਲ ਕੇ ਸਾਰਾ ਜਹਾਨ ਆਂਦਾ, ਜਿਹੜਾ ਸਾੜਿਆਂ ਮੂਲ ਨਾ ਸੜੀਦਾ ਨੀ ।
ਇੱਕ ਚਾਕ ਦੀ ਭੈਣ ਤੇ ਤੁਸੀਂ ਸੱਭੇ, ਚਲੋ ਨਾਲ ਮੇਰੇ ਜੋੜ ਜੁੜੀ ਦਾ ਨੀ ।
ਵਾਰਿਸ ਸ਼ਾਹ ਘੇਰਾ ਕਾਹਨੂੰ ਘਤਿਉ ਜੇ, ਜੇਹਾ ਚੰਨ ਪਰਵਾਰ ਵਿੱਚ ਵੜੀਦਾ ਨੀ ।
(ਝੇੜ=ਝਗੜਾ, ਪਿੜੀ=ਬਾਂਸ ਦੀ ਛੋਟੀ ਜਹੀ ਪਟਾਰੀ, ਢੰਗਾ ਪਾ ਕੇ=ਜੁਟ
ਪਾ ਕੇ, ਖੰਡ ਪੁੜੀ=ਸੁਹਾਗ ਪਟਾਰੀ, ਕੋਟ ਨਦੀ ਵਿੱਚ=ਨਦੀ ਦੇ ਵਿਚਾਲੇ ਸੁੱਕੀ
ਥਾਂ, ਧੜੀ=ਜਿਹਦਾ ਭਾਰ ਇੱਕ ਧੜੀ ਹੋਵੇ, ਚੰਨ ਪਰਵਾਰ=ਅਸਮਾਨ ਵਿੱਚ ਚੰਦ
ਦੁਆਲੇ ਚਾਨਣ ਦਾ ਇੱਕ ਚੱਕਰ)

203. ਕਾਜ਼ੀ ਨਾਲ ਹੀਰ ਦੇ ਸਵਾਲ ਜਵਾਬ

ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ, ਨੱਢੀ ਵਿਹਰ ਬੈਠੀ ਨਹੀਂ ਬੋਲਦੀ ਹੈ ।
ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ, ਮਾਉਂ ਕੁਫ਼ਰ ਤੇ ਗ਼ੈਬ ਕਿਉਂ ਤੋਲਦੀ ਹੈ ।
ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ, ਪਈ ਜਾਨ ਗ਼ਰੀਬ ਦੀ ਡੋਲਦੀ ਹੈ ।
ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ, ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ ।
ਮੱਖਣ ਨਜ਼ਰ ਰੰਝੇਟੇ ਦੇ ਅਸਾਂ ਕੀਤਾ, ਸੁੰਞੀ ਮਾਉਂ ਕਿਉਂ ਛਾਹ ਨੂੰ ਰੋਲਦੀ ਹੈ ।
ਵਾਰਿਸ ਸ਼ਾਹ ਮੀਆਂ ਅੰਨ੍ਹੇ ਮੇਉ ਵਾਂਗੂੰ, ਪਈ ਮੂਤ ਵਿੱਚ ਮੱਛੀਆਂ ਟੋਲਦੀ ਹੈ ।
(ਵਿਹਰ ਬੈਠਣਾ=ਬਾਗ਼ੀ ਹੋ ਜਾਣਾ, ਨਜ਼੍ਹਾ=ਮਰਨ ਕੰਢਾ, ਛਾਹ=ਲੱਸੀ,
ਮੇਉ=ਮੱਛੀਆਂ ਫੜਨ ਵਾਲਾ)

204. ਕਾਜ਼ੀ

ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ, ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਣਾ ਈ ।
ਬਾਅਦ ਮੌਤ ਦੇ ਨਾਲ ਈਮਾਨ ਹੀਰੇ, ਦਾਖ਼ਲ ਵਿੱਚ ਬਹਿਸ਼ਤ ਦੇ ਥੀਵਣਾ ਈ ।
ਨਾਲ ਜ਼ੌਕ ਦੇ ਸ਼ੌਕ ਦਾ ਨੂਰ ਸ਼ਰਬਤ ਵਿੱਚ ਜੰਨਤੁਲ-ਅਦਨ ਦੇ ਪੀਵਣਾ ਈ ।
ਚਾਦਰ ਨਾਲ ਹਿਆ ਦੇ ਸਤਰ ਕੀਜੇ, ਕਾਹ ਦਰਜ਼ ਹਰਾਮ ਦੀ ਸੀਵਣਾ ਈ ।
(ਇਰਸ਼ਾਦ ਕੀਤਾ=ਹੁਕਮ ਦਿੱਤਾ,ਕਿਹਾ, ਜੰਨਤੁਲ-ਅਦਨ=ਬਹਿਸ਼ਤ,
ਹਿਆ=ਸ਼ਰਮ, ਸਤਰ=ਪਰਦਾ ਦਰਜ਼=ਛੋਟੀ ਜਹੀ ਕਾਤਰ, ਕਾਹ=ਕਿਉਂ)

205. ਹੀਰ

ਹੀਰ ਆਖਦੀ ਜੀਵਣਾ ਭਲਾ ਸੋਈ, ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ ।
ਸਭੋ ਜੱਗ ਫ਼ਾਨੀ ਹਿੱਕੋ ਰਬ ਬਾਕੀ, ਹੁਕਮ ਕੀਤਾ ਹੈ ਰਬ ਰਹਿਮਾਨ ਮੀਆਂ ।
'ਕੁਲੇ ਸ਼ੈਹਇਨ ਖ਼ਲਕਨਾ ਜ਼ੋਜਈਨੇ', ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ ।
ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ, ਲੌਹ ਕਲਮ ਤੇ ਜ਼ਿਮੀਂ ਆਸਮਾਨ ਮੀਆਂ ।
(ਕੁੱਲੇ ਸ਼ੈਹਇਨ ਖ਼ਲਕਨਾ ਜ਼ੋਜਈਨ=(ਕੁਰਾਨ ਮਜੀਦ ਵਿੱਚੋਂ) ਅਸੀਂ ਹਰ ਇੱਕ
ਚੀਜ਼ ਦੇ ਜੋੜੇ ਬਣਾਏ ਹਨ, ਧਉਲ=ਧਰਤੀ ਹੇਠਲਾ ਬਲਦ, ਬਾਸ਼ਕ=ਸੱਪ)

206. ਕਾਜ਼ੀ

ਜੋਬਨ ਰੂਪ ਦਾ ਕੁੱਝ ਵਸਾਹ ਨਾਹੀਂ, ਮਾਨ ਮੱਤੀਏ ਮੁਸ਼ਕ ਪਲੱਟੀਏ ਨੀ ।
ਨਬੀ ਹੁਕਮ ਨਕਾਹ ਫਰਮਾ ਦਿੱਤਾ, 'ਫ਼ਇਨਕਿਹੂ' ਮਨ ਲੈ ਜੱਟੀਏ ਨੀ ।
ਕਦੀ ਦੀਨ ਇਸਲਾਮ ਦੇ ਰਾਹ ਟੁਰੀਏ, ਜੜ੍ਹ ਕੁਫ਼ਰ ਦੀ ਜੀਉ ਤੋਂ ਪੱਟੀਏ ਨੀ ।
ਜਿਹੜੇ ਛਡ ਹਲਾਲ ਹਰਾਮ ਤੱਕਣ, ਵਿੱਚ ਹਾਵੀਏ ਦੋਜ਼ਖੇ ਸੱਟੀਏ ਨੀ ।
ਖੇੜਾ ਹੱਕ ਹਲਾਲ ਕਬੂਲ ਕਰ ਤੂੰ, ਵਾਰਿਸ ਸ਼ਾਹ ਬਣ ਬੈਠੀਏਂ ਵਹੁਟੀਏ ਨੀ ।
('ਰੱਬ ਫ਼ਇਨ ਕਿਹੂ'=ਰੱਬ ਨੇ ਫ਼ੁਰਮਾਇਆ ਹੈ ਕਿ ਔਰਤਾਂ ਦਾ ਨਿਕਾਹ ਕਰੋ)

207. ਹੀਰ

ਕਲੂਬੁਲ-ਮੋਮਨੀਨ ਅਰਸ਼ ਅੱਲਾਹ ਤਾਲ੍ਹਾ, ਕਾਜ਼ੀ ਅਰਸ਼ ਖੁਦਾਇ ਦਾ ਢਾਹ ਨਾਹੀਂ ।
ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ, ਓਥੇ ਖੇੜਿਆਂ ਦੀ ਕੋਈ ਵਾਹ ਨਾਹੀਂ ।
ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ, ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ ।
ਜਿਸ ਜੀਵਣੇ ਕਾਨ ਈਮਾਨ ਵੇਚਾਂ, ਏਹਾ ਕੌਣ ਜੋ ਅੰਤ ਫ਼ਨਾਹ ਨਾਹੀਂ ।
ਜੇਹਾ ਰੰਘੜਾਂ ਵਿੱਚ ਨਾ ਪੀਰ ਕੋਈ, ਅਤੇ ਲੁੱਧੜਾਂ ਵਿੱਚ ਬਾਦਸ਼ਾਹ ਨਾਹੀਂ ।
ਵਾਰਿਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ, ਨਾਲ ਅਹਿਲ-ਤਰੀਕਤਾਂ ਰਾਹ ਨਾਹੀਂ ।
(ਹਾਵੀਆ=ਦੋਜ਼ਖ ਭਾਵ ਨਰਕ ਦਾ ਸਾਰਿਆਂ ਤੋਂ ਔਖਾ ਹਿੱਸਾ, ਕਲੂਬੁਲਮੋਮਨੀਨ=
ਰੱਬ, ਚਾੜ੍ਹ ਲਾਹ=ਉਤਰਨਾ ਚੜ੍ਹਨਾ, ਕਾਨ=ਕਾਰਨ, ਅਹਿਲੇ ਤਰੀਕਤ=ਤਰੀਕਤ
ਵਾਲੇ, ਕਮਾਲ=ਖ਼ੂਬੀ,ਪੂਰਣਤਾ)

208. ਕਾਜ਼ੀ

ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ, ਕਰਾਂ ਉਮਰ ਖ਼ਿਤਾਬ ਦਾ ਨਿਆਉਂ ਹੀਰੇ ।
ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ, ਕੋਈ ਵੇਖਸੀ ਪਿੰਡ ਗਿਰਾਉਂ ਹੀਰੇ ।
ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ, ਛੱਡ ਚਾਕ ਰੰਝੇਟੇ ਦਾ ਨਾਉਂ ਹੀਰੇ ।
ਅੱਖੀਂ ਮੀਟ ਕੇ ਵਕਤ ਲੰਘਾ ਮੋਈਏ, ਇਹ ਜਹਾਨ ਹੈ ਬੱਦਲਾਂ ਛਾਉਂ ਹੀਰੇ ।
ਵਾਰਿਸ ਸ਼ਾਹ ਹੁਣ ਆਸਰਾ ਰਬ ਦਾ ਹੈ, ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ ।
(ਵਿੱਟਰੇ=ਨਰਾਜ਼ ਹੋਏ, ਉਮਰ ਖ਼ਿਤਾਬ= ਮੁਸਲਮਾਨਾਂ ਦੇ ਦੂਜੇ ਖਲੀਫ਼ਾ,
ਇਨ੍ਹਾਂ ਨੇ 634 ਤੋਂ 644 ਈ ਤੱਕ ਖਿਲਾਫ਼ਤ ਕੀਤੀ । ਇਹ ਇਨਸਾਫ਼
ਲਈ ਮਸ਼ਹੂਰ ਹਨ)

209. ਹੀਰ

ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ, ਬੁਰੀ ਬਾਣ ਹੈ ਤਿਨ੍ਹਾਂ ਹਤਿਆਰਿਆਂ ਨੂੰ ।
ਨਿਤ ਸ਼ਹਿਰ ਦੇ ਫ਼ਿਕਰ ਗ਼ਲਤਾਨ ਰਹਿੰਦੇ, ਏਹੋ ਸ਼ਾਮਤਾਂ ਰੱਬ ਦਿਆਂ ਮਾਰਿਆਂ ਨੂੰ ।
ਖਾਵਣ ਵੱਢੀਆਂ ਨਿਤ ਈਮਾਨ ਵੇਚਣ, ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ ।
ਰਬ ਦੋਜ਼ਖਾਂ ਨੂੰ ਭਰੇ ਪਾ ਬਾਲਣ, ਕੇਹਾ ਦੋਸ ਹੈ ਅਸਾਂ ਵਿਚਾਰਿਆਂ ਨੂੰ ।
ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ, ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ ।
(ਰਲੇ=ਆਪੋ ਵਿੱਚ ਮਿਲੇ, ਬਾਣ=ਆਦਤ, ਗ਼ੁਲਤਾਨ=ਫਸੇ ਹੋਏ)

210. ਕਾਜ਼ੀ

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ, ਤੱਕਣ ਨਜ਼ਰ ਹਰਾਮ ਦੀ ਮਾਰੀਅਨਗੇ ।
ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ, ਓਥੇ ਪਾਪ ਤੇ ਪੁੰਨ ਨਵਾਰੀਅਨਗੇ ।
ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ, ਘੱਤ ਅੱਗ ਦੇ ਵਿੱਚ ਨਘਾਰੀਅਨਗੇ ।
ਕੂਚ ਵਕਤ ਨਾ ਕਿਸੇ ਹੈ ਸਾਥ ਰਲਣਾ, ਖ਼ਾਲੀ ਦਸਤ ਤੇ ਜੇਬ ਭੀ ਝਾੜੀਅਨਗੇ ।
ਵਾਰਿਸ ਸ਼ਾਹ ਇਹ ਉਮਰ ਦੇ ਲਾਲ ਮੁਹਰੇ, ਇੱਕ ਰੋਜ਼ ਨੂੰ ਆਕਬਤ ਹਾਰੀਅਨਗੇ ।
(ਨਵਾਰੀਅਨਗੇ=ਪੜਤਾਲ ਕਰਨਗੇ, ਆਕਬਤ=ਅੰਤ,ਮਰਨ ਪਿੱਛੋਂ)

211. ਹੀਰ

'ਕਾਲੂ-ਬਲਾ' ਦੇ ਦਿੰਹੁ ਨਿਕਾਹ ਬੱਧਾ, ਰੂਹ ਨਬੀ ਦੀ ਆਪ ਪੜ੍ਹਾਇਆ ਈ ।
ਕੁਤਬ ਹੋਇ ਵਕੀਲ ਵਿੱਚ ਆਇ ਬੈਠਾ, ਹੁਕਮ ਰੱਬ ਨੇ ਆਪ ਕਰਾਇਆ ਈ ।
ਜਬਰਾਈਲ ਮੇਕਾਈਲ ਗਵਾਹ ਚਾਰੇ, ਅਜ਼ਰਾਈਲ ਅਸਰਾਫ਼ੀਲ ਆਇਆ ਈ ।
ਅਗਲਾ ਤੋੜ ਕੇ ਹੋਰ ਨਿਕਾਹ ਪੜ੍ਹਨਾ, ਆਖ ਰੱਬ ਨੇ ਕਦੋਂ ਫ਼ੁਰਮਾਇਆ ਈ ।
(ਕਾਲੂ ਬਲਾ=ਜਿਸ ਦਿਨ ਰੱਬ ਨਾਲ ਵਚਨ ਕੀਤਾ ਸੀ, ਕੁਤਬ=ਵਕੀਲ,
ਜਬਰਾਈਲ, ਮੇਕਈਲ, ਅਜ਼ਰਾਈਲ ਅਤੇ ਅਸਰਾਫ਼ੀਲ=ਫਰਿਸ਼ਤਿਆਂ ਦੇ ਨਾਂ)

212. ਤਥਾ

ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤਪੇ, ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ ।
ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ, ਓਨ੍ਹਾਂ ਫ਼ਿਕਰ ਅੰਦੇਸੜਾ ਕਾਸ ਦਾ ਈ ।
ਆਖਿਰ ਸਿਦਕ ਯਕੀਨ ਤੇ ਕੰਮ ਪੌਸੀ, ਮੌਤ ਚਰਗ਼ ਇਹ ਪੁਤਲਾ ਮਾਸ ਦਾ ਈ ।
ਦੋਜ਼ਖ਼ ਮੋਰੀਆਂ ਮਿਲਣ ਬੇਸਿਦਕ ਝੂਠੇ, ਜਿਨ੍ਹਾਂ ਬਾਣ ਤੱਕਣ ਆਸ ਪਾਸ ਦਾ ਈ ।
(ਤਾਉ=ਗਰਮੀ, ਅੰਦੇਸੜਾ=ਅੰਦੇਸ਼ਾ,ਡਰ, ਚਰਗ਼=ਸ਼ਿਕਾਰੀ ਪਰਿੰਦਾ)

213. ਕਾਜ਼ੀ

ਲਿਖਿਆ ਵਿੱਚ ਕੁਰਾਨ ਕਿਤਾਬ ਦੇ ਹੈ, ਗੁਨਾਹਗਾਰ ਖ਼ੁਦਾ ਦਾ ਚੋਰ ਹੈ ਨੀ ।
ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ, ਇਹੋ ਰਾਹ ਤਰੀਕਤ ਦਾ ਜ਼ੋਰ ਹੈ ਨੀ ।
ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਣ, ਪੈਰ ਵੇਖ ਕੇ ਝੂਰਦਾ ਮੋਰ ਹੈ ਨੀ ।
ਜੋ ਕੁੱਝ ਮਾਉਂ ਤੇ ਬਾਪ ਤੇ ਅਸੀਂ ਕਰੀਏ, ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ ।
214. ਹੀਰ

ਕਾਜ਼ੀ ਮਾਉਂ ਤੇ ਬਾਪ ਇਕਰਾਰ ਕੀਤਾ, ਹੀਰ ਰਾਂਝੇ ਦੇ ਨਾਲ ਵਿਆਹੁਣੀ ਹੈ ।
ਅਸਾਂ ਓਸ ਦੇ ਨਾਲ ਚਾ ਕੌਲ ਕੀਤਾ, ਲਬੇ-ਗੋਰ ਦੇ ਤੀਕ ਨਿਬਾਹੁਣੀ ਹੈ ।
ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ, ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ ।
ਵਾਰਿਸ ਸ਼ਾਹ ਨਾ ਜਾਣਦੀ ਮੈਂ ਕਮਲੀ, ਖ਼ੁਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ ।
(ਲਬੇ-ਗੋਰ=ਮਰਨ ਤੱਕ, ਖ਼ੁਰਸ਼=ਖੁਰਾਕ)

215. ਕਾਜ਼ੀ

ਕੁਰਬ ਵਿੱਚ ਦਰਗਾਹ ਦਾ ਤਿੰਨ੍ਹਾਂ ਨੂੰ ਹੈ, ਜਿਹੜੇ ਹੱਕ ਦੇ ਨਾਲ ਨਿਕਾਹੀਅਨਗੇ ।
ਮਾਉਂ ਬਾਪ ਦੇ ਹੁਕਮ ਦੇ ਵਿੱਚ ਚੱਲੇ, ਬਹੁਤ ਜ਼ੌਕ ਦੇ ਨਾਲ ਵਿਵਾਹੀਅਨਗੇ ।
ਜਿਹੜੇ ਸ਼ਰ੍ਹਾ ਨੂੰ ਛੱਡ ਬੇਹੁਕਮ ਹੋਏ, ਵਿੱਚ ਹਾਵੀਏ ਜੋਜ਼ਖ਼ੇ ਲਾਹੀਅਨਗੇ ।
ਜਿਹੜੇ ਹੱਕ ਦੇ ਨਾਲ ਪਿਆਰ ਵੰਡਣ, ਅੱਠ ਬਹਿਸ਼ਤ ਭੀ ਉਹਨਾਂ ਨੂੰ ਚਾਹੀਅਨਗੇ ।
ਜਿਹੜੇ ਨਾਲ ਤਕੱਬਰੀ ਆਕੜਨਗੇ, ਵਾਂਗ ਈਦ ਦੇ ਬੱਕਰੇ ਢਾਹੀਅਨਗੇ ।
ਤਨ ਪਾਲ ਕੇ ਜਿਨ੍ਹਾਂ ਖ਼ੁਦ-ਰੂਈ ਕੀਤੀ, ਅੱਗੇ ਅੱਗ ਦੇ ਆਕਬਤ ਡਾਹੀਅਨਗੇ ।
ਵਾਰਿਸ ਸ਼ਾਹ ਮੀਆਂ ਜਿਹੜੇ ਬਹੁਤ ਸਿਆਣੇ, ਕਾਉਂ ਵਾਂਗ ਪਲਕ ਵਿੱਚ ਫਾਹੀਅਨਗੇ ।
(ਕੁਰਬ=ਨੇੜਤਾ, ਤਕੱਬਰੀ=ਗਰੂਰ,ਹੰਕਾਰ, ਖ਼ੁਦਰੂਈ=ਗਰੂਰ,ਘੁਮੰਡ)

216. ਹੀਰ

ਜਿਹੜੇ ਇੱਕ ਦੇ ਨਾਂਉਂ ਤੇ ਮਹਿਵ ਹੋਏ, ਮਨਜ਼ੂਰ ਖੁਦਾ ਦੇ ਰਾਹ ਦੇ ਨੇ ।
ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਮਕਬੂਲ ਦਰਗਾਹ ਅੱਲਾਹ ਦੇ ਨੇ ।
ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ, ਤਿੰਨ੍ਹਾਂ ਫ਼ਿਕਰ ਅੰਦੇਸੜੇ ਕਾਹ ਦੇ ਨੇ ।
ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ, ਓ ਸਾਹਿਬ ਮਰਤਬਾ ਜਾਹ ਦੇ ਨੇ ।
ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜ੍ਹਨ, ਓਹ ਚੋਰ ਉਚੱਕੜੇ ਰਾਹ ਦੇ ਨੇ ।
ਇਹ ਕੁਰਾਨ ਮਜੀਦ ਦੇ ਮਾਇਨੇ ਨੇ, ਜਿਹੜੇ ਸ਼ਿਅਰ ਮੀਆਂ ਵਾਰਿਸ ਸ਼ਾਹ ਦੇ ਨੇ ।
(ਤਹਿਕੀਕ=ਭਾਲ, ਵਿਰਦ ਕੀਤਾ=ਜਪਿਆ)

217. ਕਾਜ਼ੀ ਦਾ ਸਿਆਲਾਂ ਨੂੰ ਉੱਤਰ

ਕਾਜ਼ੀ ਆਖਿਆ ਇਹ ਜੇ ਰੋੜ ਪੱਕਾ, ਹੀਰ ਝਗੜਿਆਂ ਨਾਲ ਨਾ ਹਾਰਦੀ ਹੈ ।
ਲਿਆਉ ਪੜ੍ਹੋ ਨਕਾਹ ਮੂੰਹ ਬੰਨ੍ਹ ਇਸਦਾ, ਕਿੱਸਾ ਗੋਈ ਫ਼ਸਾਦ ਗੁਜ਼ਾਰਦੀ ਹੈ ।
ਛੱਡ ਮਸਜਿਦਾਂ ਦਾਇਰਿਆਂ ਵਿੱਚ ਵੜਦੀ, ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ ।
ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਉ ਨਿਤਾਰਦੀ ਹੈ ।
(ਕਿੱਸਾ ਗੋ=ਕਹਾਣੀਆਂ ਘੜਣ ਵਾਲੀ, ਦਾਇਰਿਆਂ ਵਿੱਚ ਵੜਦੀ=ਚੰਗੇ ਕੰਮ
ਛਡ ਕੇ ਬੁਰੇ ਪਾਸੇ ਲੱਗੀ)

218. ਕਾਜ਼ੀ ਵੱਲੋਂ ਨਿਕਾਹ ਕਰਕੇ ਹੀਰ ਨੂੰ ਖੇੜਿਆਂ ਨਾਲ ਤੋਰ ਦੇਣਾ

ਕਾਜ਼ੀ ਪੜ੍ਹ ਨਿਕਾਹ ਤੇ ਘੱਤ ਡੋਲੀ, ਨਾਲ ਖੇੜਿਆਂ ਦੇ ਦਿੱਤੀ ਟੋਰ ਮੀਆਂ ।
ਤੇਵਰ ਬਿਉਰਾਂ ਨਾਲ ਜੜਾਊ ਗਹਿਣੇ, ਦਮ ਦੌਲਤਾਂ ਨਿਅਮਤਾਂ ਹੋਰ ਮੀਆਂ ।
ਟਮਕ ਮਹੀਂ ਤੇ ਘੋੜੇ ਉਠ ਦਿੱਤੇ, ਗਹਿਣਾ ਪੱਤਰਾ ਢੱਗੜਾ ਢੋਰ ਮੀਆਂ ।
ਹੀਰ ਖੇੜਿਆਂ ਨਾਲ ਨਾ ਟੁਰੇ ਮੂਲੇ, ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ ।
ਖੇੜੇ ਘਿੰਨ ਕੇ ਹੀਰ ਨੂੰ ਰਵਾਂ ਹੋਏ, ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ ।
(ਦਮ=ਦਾਮ,ਪੈਸੇ, ਪੱਤਰ=ਸੋਨੇ ਦਾ ਪੱਤਰਾ, ਜਦੋਂ ਲੋੜ ਪਵੇ ਤਾਂ ਇਸ ਦਾ
ਜੋ ਮਰਜ਼ੀ ਬਣਵਾ ਲਵੋ, ਰਵਾਂ ਹੋਏ=ਤੁਰ ਪਏ)

219. ਰਾਂਝੇ ਬਿਨਾਂ ਗਾਈਆਂ ਮੱਝਾਂ ਦਾ ਕਾਬੂ ਨਾ ਆਉਣਾ

ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ, ਭੂਹੇ ਹੋਇਕੇ ਪਿੰਡ ਭਜਾਇਉ ਨੇ ।
ਪੁੱਟ ਝੁੱਗੀਆਂ ਲੋਕਾਂ ਨੂੰ ਢੁੱਡ ਮਾਰਨ, ਭਾਂਡੇ ਭੰਨ ਕੇ ਸ਼ੋਰ ਘਤਾਇਉ ਨੇ ।
ਚੌਰ ਚਾਇਕੇ ਬੂਥੀਆਂ ਉਤਾਂਹ ਕਰਕੇ, ਸ਼ੂਕਾਟ ਤੇ ਧੁੰਮਲਾ ਲਾਇਉ ਨੇ ।
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ, ਪੈਰ ਚੁੰਮ ਕੇ ਆਣ ਜਗਾਇਉ ਨੇ ।
ਚਸ਼ਮਾ ਪੈਰ ਦੀ ਖ਼ਾਕ ਦਾ ਲਾ ਮੱਥੇ, ਵਾਂਗ ਸੇਵਕਾਂ ਸਖ਼ੀ ਮਨਾਇਉ ਨੇ ।
ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ, ਲਾਲ ਬੇਗ ਦਾ ਥੜਾ ਪੁਜਾਇਉ ਨੇ ।
ਪਕਵਾਲ ਤੇ ਪਿੰਨੀਆ ਰੱਖ ਅੱਗੇ, ਭੋਲੂ ਰਾਮ ਨੂੰ ਖੁਸ਼ੀ ਕਰਾਇਉ ਨੇ ।
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫ਼ਕਤ, ਸਿਰ ਟਮਕ ਚਾ ਚਵਾਇਉ ਨੇ ।
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ, ਦਿੰਹੁ ਜਾਇਕੇ ਪਿੰਡ ਚੜ੍ਹਾਇਉ ਨੇ ।
ਦੇ ਚੂਰੀ ਤੇ ਖਿਚੜੀ ਦੀਆਂ ਸੱਤ ਬੁਰਕਾਂ, ਨਢਾ ਦੇਵਰਾ ਗੋਦ ਬਹਾਇਉ ਨੇ ।
ਅੱਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ, 'ਜੇ ਤੂੰ ਆਂਦੜੀ ਵੇ ਵੀਰਿਆ' ਗਾਇਉ ਨੇ ।
ਸਿਰੋਂ ਲਾਹ ਟਮਕ ਭੂਰਾ ਖੱਸ ਲੀਤਾ, ਆਦਮ ਬਹਿਸ਼ਤ ਥੀਂ ਕੱਢ ਤ੍ਰਾਹਿਉ ਨੇ ।
ਵਾਰਿਸ ਸ਼ਾਹ ਮੀਆਂ ਵੇਖ ਕੁਦਰਤਾਂ ਨੀ, ਭੁਖਾ ਜੰਨਤੋਂ ਰੂਹ ਕਢਾਇਉ ਨੇ ।
(ਚੌਰ=ਪੂਛ, ਭੋਲੂ ਰਾਮ=ਭੋਲੇ ਨਾਥ,ਬੇਗੁਨਾਹ ਬੱਚਾ, ਸ਼ਫ਼ਕਤ=ਮਿਹਰਬਾਨੀ,
ਪਿਆਰ)

220. ਹੀਰ ਨੇ ਰਾਂਝੇ ਨੂੰ ਕਿਹਾ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵੱਸ ਥੀਂ ਗੱਲ ਬੇਵੱਸ ਹੋਈ ।
ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਟੋਰੀ, ਸਾਡੀ ਤੈਂਦੜੀ ਦੋਸਤੀ ਭੱਸ ਹੋਈ ।
ਘਰ ਖੇੜਿਆਂ ਦੇ ਨਹੀਂ ਵੱਸਣਾ ਮੈਂ ਸਾਡੀ ਉਨ੍ਹਾਂ ਦੇ ਨਾਲ ਖ਼ਰਖ਼ੱਸ ਹੋਈ ।
ਜਾਹ ਜੀਵਾਂਗੀ ਮਿਲਾਂਗੀ ਰਬ ਮੇਲੇ, ਹਾਲ ਸਾਲ ਤਾਂ ਦੋਸਤੀ ਬੱਸ ਹੋਈ ।
ਲੱਗਾ ਤੀਰ ਜੁਦਾਈ ਦਾ ਮੀਆਂ ਵਾਰਿਸ, ਸਾਡੇ ਵਿਚ ਕਲੇਜੜੇ ਧੱਸ ਹੋਈ ।
(ਭੱਸ=ਮਿੱਟੀ, ਖ਼ਰਖ਼ੱਸ=ਲੜਾਈ ਝਗੜਾ, ਹਾਲ ਸਾਲ=ਇਸ ਵੇਲੇ)

221. ਰਾਂਝੇ ਦਾ ਉੱਤਰ

ਜੋ ਕੁੱਝ ਵਿੱਚ ਰਜ਼ਾਇ ਦੇ ਲਿਖ ਛੁੱਟਾ, ਮੂੰਹੋਂ ਬੱਸ ਨਾ ਆਖੀਏ ਭੈੜੀਏ ਨੀ ।
ਸੁੰਞਾ ਸੱਖਣਾ ਚਾਕ ਨੂੰ ਰੱਖਿਓੁਈ, ਮੱਥੇ ਭੌਰੀਏ ਚੰਦਰੀਏ ਬਹਿੜੀਏ ਨੀ ।
ਮੰਤਰ ਕੀਲ ਨਾ ਜਾਣੀਏ ਡੂਮਣੇ ਦਾ, ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ ।
ਇੱਕ ਯਾਰ ਦੇ ਨਾਂ ਤੇ ਫ਼ਿਦਾ ਹੋਈਏ, ਮਹੁਰਾ ਦੇ ਕੇ ਇੱਕੇ ਨਬੇੜੀਏ ਨੀ ।
ਦਗ਼ਾ ਦੇਵਣਾ ਈ ਹੋਵੇ ਜਿਹੜੇ ਨੂੰ, ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ ।
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ, ਏਡੇ ਪਿੱਟਣੇ ਨਾ ਸਹੇੜੀਏ ਨੀ ।
ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ ।
(ਸੁੰਞਾਂ ਸੱਖਣਾ=ਖ਼ਾਲੀ, ਮੱਥੇ ਭੌਰੀ ਵਾਲੀ=ਭੈੜੀ ਕਿਸਮਤ ਵਾਲੀ, ਫ਼ਿਦਾ=
ਕੁਰਬਾਨ, ਪੂਰਾ ਨਾ ਉਤਰਨਾ=ਵਫਾ ਨਾ ਕਰਨੀ;
ਪਾਠ ਭੇਦ:
ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ=
ਵਾਰਿਸ ਤੋੜ ਨਿਭਾਵਣੀ ਦੱਸ ਸਾਨੂੰ, ਨਹੀਂ ਦੇਇ ਜਵਾਬ ਚਾਇ ਟੋਰੀਏ ਨੀ)

222. ਹੀਰ ਦਾ ਉੱਤਰ

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋਇ ਫ਼ਕੀਰ ਤੈਂ ਆਵਣਾ ਈ ।
ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ, ਸਵਾਹ ਲਾਇਕੇ ਕੰਨ ਪੜਾਵਣਾ ਈ ।
ਸੱਭਾ ਜ਼ਾਤ ਸਿਫ਼ਾਤ ਬਰਬਾਦ ਕਰਕੇ, ਅਤੇ ਠੀਕ ਤੈਂ ਸੀਸ ਮੁਨਾਵਣਾ ਈ ।
ਤੂੰ ਹੀ ਜੀਂਵਦਾ ਦੀਦਨਾ ਦਏਂ ਸਾਨੂੰ, ਅਸਾਂ ਵੱਤ ਨਾ ਜਿਉਂਦਿਆਂ ਆਵਣਾ ਈ ।
(ਦੀਦਨਾ=ਦੀਦਾਰ, ਵੱਤ=ਫਿਰ)

223. ਰਾਂਝੇ ਨੇ ਸਿਆਲਾਂ ਨੂੰ ਗਾਲ੍ਹਾਂ ਕੱਢਣੀਆਂ

ਰਾਂਝੇ ਆਖਿਆ ਸਿਆਲ ਗਲ ਗਏ ਸਾਰੇ, ਅਤੇ ਹੀਰ ਵੀ ਛਡ ਈਮਾਨ ਚੱਲੀ ।
ਸਿਰ ਹੇਠਾਂ ਕਰ ਲਿਆ ਫੇਰ ਮਹਿਰ ਚੂਚਕ, ਜਦੋਂ ਸੱਥ ਵਿੱਚ ਆਣ ਕੇ ਗੱਲ ਹੱਲੀ ।
ਧੀਆਂ ਵੇਚਦੇ ਕੌਲ ਜ਼ਬਾਨ ਹਾਰਨ, ਮਹਿਰਾਬ ਮੱਥੇ ਉੱਤੇ ਧੌਣ ਚੱਲੀ ।
ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਵੇਖਦੇ ਹੋ, ਜਿਹਾ ਮੁੰਡ ਮੰਗਵਾੜ ਦੀ ਮਸਰ ਪਲੀ ।
ਵਾਰਿਸ ਸ਼ਾਹ ਮੀਆਂ ਧੀ ਸੋਹਣੀ ਨੂੰ, ਗਲ ਵਿੱਚ ਚਾ ਪਾਂਵਦੇ ਹੈਣ ਟੱਲੀ ।
(ਕੌਲ ਜ਼ਬਾਨ ਹਾਰਨ=ਮੁੱਕਰ ਜਾਵਣ, ਮੁੰਡ ਮੰਗਵਾੜ ਦੀ ਮਸਰ ਪਲੀ=
ਜਿਵੇਂ ਪਸ਼ੂਆਂ ਨੇ ਪਲੇ ਹੋਏ ਮਸਰ ਖਾ ਕੇ ਰੜੇ ਕਰ ਦਿੱਤੇ ਹੋਣ)

224. ਤਥਾ

ਯਾਰੋ ਜੱਟ ਦਾ ਕੌਲ ਮਨਜ਼ੂਰ ਨਾਹੀਂ, ਗ਼ੋਜ਼ ਸ਼ੁਤਰ ਹੈ ਕੌਲ ਗੁਸਤਾਈਆਂ ਦਾ ।
ਪੱਤਾਂ ਹੋਣ ਇੱਕੀ ਜਿਸ ਜਟ ਤਾਈਂ, ਸੋਈ ਅਸਲ ਭਰਾ ਹੈ ਭਾਈਆਂ ਦਾ ।
ਜਦੋਂ ਬਹਿਣ ਅਰੂੜੀ ਤੇ ਅਕਲ ਆਵੇ, ਜਿਵੇਂ ਖੋਤੜਾ ਹੋਵੇ ਗੁਸਾਈਆਂ ਦਾ ।
ਸਿਰੋਂ ਲਾਹ ਕੇ ਚਿੱਤੜਾਂ ਹੇਠ ਦਿੰਦੇ, ਮਜ਼ਾ ਆਵਨੈ ਤਦੋਂ ਸਫ਼ਾਈਆਂ ਦਾ ।
ਜੱਟੀ ਜਟ ਦੇ ਸਾਂਗ 'ਤੇ ਹੋਣ ਰਾਜ਼ੀ, ਫੜੇ ਮੁਗ਼ਲ ਤੇ ਵੇਸ ਗੀਲਾਈਆਂ ਦਾ ।
ਧੀਆਂ ਦੇਣੀਆਂ ਕਰਨ ਮੁਸਾਫ਼ਰਾਂ ਨੂੰ ਵੇਚਣ, ਹੋਰ ਧਰੇ ਮਾਲ ਜਵਾਈਆਂ ਦਾ ।
ਵਾਰਿਸ ਸ਼ਾਹ ਨਾ ਮੁਹਤਬਰ ਜਾਣਨਾ ਜੇ, ਕੌਲ ਜੱਟ ਸੁਨਿਆਰ ਕਸਾਈਆਂ ਦਾ ।
(ਗ਼ੋਜ਼ ਸ਼ੁਤਰ=ਉਠ ਦਾ ਪੱਦ, ਗੁਸਤਾਈ=ਗੰਵਾਰ,ਪੇਂਡੂ, ਅਰੂੜੀ=ਰੂੜੀ,ਢੇਰ,
ਗੁਸਾਈਂ=ਸਨਿਆਸੀ, ਗੀਲਾਈ=ਗੀਲਾਨੀ)

225. ਤਥਾ

ਪੈਂਚਾਂ ਪਿੰਡ ਦੀਆਂ ਸੱਚ ਥੀਂ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ ।
ਪਹਿਲਾਂ ਹੋਰਨਾਂ ਨਾਲ ਇਕਰਾਰ ਕਰਕੇ, ਤੁਅਮਾ ਵੇਖ ਦਾਮਾਦ ਫਿਰ ਹੋਰ ਕੀਤੇ ।
ਗੱਲ ਕਰੀਏ ਈਮਾਨ ਦੀ ਕੱਢ ਛੱਡਣ, ਪੈਂਚ ਪਿੰਡ ਦੇ ਠਗ ਤੇ ਚੋਰ ਕੀਤੇ ।
ਅਸ਼ਰਾਫ਼ ਦੀ ਗੱਲ ਮਨਜ਼ੂਰ ਨਾਹੀਂ, ਚੋਰ ਚੌਧਰੀ ਅਤੇ ਲੰਡੋਰ ਕੀਤੇ ।
ਕਾਉਂ ਬਾਗ਼ ਦੇ ਵਿੱਚ ਕਲੋਲ ਕਰਦੇ, ਕੂੜਾ ਫੋਲਣੇ ਦੇ ਉਤੇ ਮੋਰ ਕੀਤੇ ।
ਜ਼ੋਰੋ ਜ਼ੋਰ ਵਿਆਹ ਲੈ ਗਏ ਖੇੜੇ, ਅਸਾਂ ਰੋ ਬਹੁਤੇ ਰੜੇ ਸ਼ੋਰ ਕੀਤੇ ।
ਵਾਰਿਸ ਸ਼ਾਹ ਜੋ ਅਹਿਲ ਈਮਾਨ ਆਹੇ, ਤਿੰਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ ।
(ਵੇਸ=ਭੇਸ, ਕੋਰ=ਅੰਨ੍ਹੇ, ਤੁਅਮਾ=ਮਾਸ ਦਾ ਟੁਕੜਾ ਜਿਹੜਾ ਬਾਜ਼ ਦੇ ਮੂੰਹ
ਨੂੰ ਸੁਆਦ ਲਈ ਲਾਉਂਦੇ ਹਨ, ਅਸ਼ਰਾਫ=ਸ਼ਰੀਫ ਦਾ ਬਹੁ-ਵਚਨ,ਭਲਾਮਾਣਸ,
ਲੰਡੋਰ=ਲੰਡਰ,ਬਦਮਾਸ਼, ਅਹਿਲੇ ਈਮਾਨ=ਈਮਾਨ ਵਾਲੇ ਲੋਕ, ਗੋਰ=ਕਬਰ)

226. ਤਥਾ

ਯਾਰੋ ਠੱਗ ਸਿਆਲ ਤਹਿਕੀਕ ਜਾਣੋ, ਧੀਆਂ ਠੱਗਣੀਆਂ ਸਭ ਸਿਖਾਂਵਦੇ ਜੇ ।
ਪੁੱਤਰ ਠੱਗ ਸਰਦਾਰਾਂ ਦੇ ਮਿੱਠਿਆਂ ਹੋ, ਉਹਨੂੰ ਮਹੀਂ ਦਾ ਚਾਕ ਬਣਾਂਵਦੇ ਜੇ ।
ਕੌਲ ਹਾਰ ਜ਼ਬਾਨ ਦਾ ਸਾਕ ਖੋਹਣ, ਚਾ ਪੈਵੰਦ ਹਨ ਹੋਰ ਧਿਰ ਲਾਂਵਦੇ ਜੇ ।
ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆਂ ਦਾ, ਬੈਠ ਪਰ੍ਹੇ ਵਿੱਚ ਪੈਂਚ ਸਦਾਂਵਦੇ ਜੇ ।
ਜੱਟ ਚੋਰ ਤੇ ਯਾਰ ਤਿਰਾਹ ਮਾਰਨ, ਡੰਡੀ ਮੋਂਹਦੇ ਤੇ ਸੰਨ੍ਹਾਂ ਲਾਂਵਦੇ ਜੇ ।
ਵਾਰਿਸ ਸ਼ਾਹ ਇਹ ਜੱਟ ਨੇ ਠੱਗ ਸੱਭੇ, ਤਰੀ ਠੱਗ ਨੇ ਜੱਟ ਝਨ੍ਹਾਂ ਦੇ ਜੇ ।
(ਤਹਿਕੀਕ=ਸੱਚ, ਪੈਵੰਦ=ਜੋੜ,ਰਿਸ਼ਤਾ, ਤਿਰਾਹ=ਤਿੰਨ ਰਾਹ, ਡੰਡੀ
ਮੋਹਣਾ=ਰਾਹ ਵਿੱਚ ਰਾਹੀ ਲੁੱਟਣੇ, ਤਰੀ ਠਗ=ਮਹਾਂ ਠੱਗ)

227. ਤਥਾ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ, ਧੀਆਂ ਮਾਰਦੇ ਤੇ ਪਾੜ ਲਾਂਵਦੇ ਜੇ ।
ਤਰਕ ਕੌਲ ਹਦੀਸ ਦੇ ਨਿਤ ਕਰਦੇ, ਚੋਰੀ ਯਾਰੀਆਂ ਵਿਆਜ ਕਮਾਂਵਦੇ ਜੇ ।
ਜੇਹੇ ਆਪ ਥੀਵਣ ਤੇਹੀਆਂ ਔਰਤਾਂ ਨੇ, ਬੇਟੇ ਬੇਟੀਆਂ ਚੋਰੀਆਂ ਲਾਂਵਦੇ ਜੇ ।
ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ, ਉਸ ਦੀ ਵੱਡੀ ਤਾਰੀਫ਼ ਸੁਣਾਂਵਦੇ ਜੇ ।
ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਵੇ, ਉਹਨੂੰ ਮਿਹਣਾ ਮਸ਼ਕਰੀ ਲਾਂਵਦੇ ਜੇ ।
ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ, ਵੇਖੋ ਰੱਬ ਤੇ ਮੌਤ ਭੁਲਾਂਵਦੇ ਜੇ ।
ਵਾਰਿਸ ਸ਼ਾਹ ਮੀਆਂ ਦੋ ਦੋ ਖ਼ਸਮ ਦੇਂਦੇ, ਨਾਲ ਬੇਟੀਆਂ ਵੈਰ ਕਮਾਂਵਦੇ ਜੇ ।
(ਤਰਕ ਕਰਦੇ=ਛੱਡ ਦਿੰਦੇ, ਪਾੜ ਲਾਉਂਦੇ=ਕੰਧ ਪਾੜ ਕੇ ਚੋਰੀ ਕਰਦੇ,
ਤੇਹੀਆਂ=ਉਸੇ ਤਰ੍ਹਾਂ ਦੀਆਂ)

228. ਹੀਰ ਦੇ ਗਾਨੇ ਦੀ ਰਸਮ

ਜਦੋਂ ਗਾਨੜੇ ਦੇ ਦਿਨ ਆਣ ਪੁੱਗੇ, ਲੱਸੀ ਮੁੰਦਰੀ ਖੇਡਣੇ ਆਈਆਂ ਨੇ ।
ਪਈ ਧੁਮ ਕੇਹਾ ਗਾਨੜੇ ਦੀ, ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ ।
ਸੈਦਾ ਲਾਲ ਪੀਹੜੇ ਉਤੇ ਆ ਬੈਠਾ, ਕੁੜੀਆਂ ਵਹੁਟੜੀ ਪਾਸ ਬਹਾਈਆਂ ਨੇ ।
ਪਕੜ ਹੀਰ ਦੇ ਹੱਥ ਪਰਾਤ ਪਾਏ, ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ ।
ਵਾਰਿਸ ਸ਼ਾਹ ਮੀਆਂ ਨੈਣਾਂ ਹੀਰ ਦਿਆਂ, ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ ।
(ਲੱਸੀ ਮੁੰਦਰੀ=ਵਿਆਹ ਦੀ ਇੱਕ ਰਸਮ, ਝੁੰਬਰਾਂ=ਛਹਿਬਰਾਂ,ਝੜੀਆਂ)

229. ਹੀਰ ਦੇ ਜਾਣ ਪਿੱਛੋਂ ਰਾਂਝਾ ਹੈਰਾਨ ਤੇ ਭਾਬੀਆਂ ਦਾ ਖ਼ਤ

ਘਰ ਖੇੜਿਆਂ ਦੇ ਜਦੋਂ ਹੀਰ ਆਈ, ਚੁਕ ਗਏ ਤਗਾਦੜੇ ਅਤੇ ਝੇੜੇ ।
ਵਿੱਚ ਸਿਆਲਾਂ ਦੇ ਚੁਪ ਚਾਂਗ ਹੋਈ, ਅਤੇ ਖ਼ੁਸ਼ੀ ਹੋ ਫਿਰਦੇ ਨੇ ਸਭ ਖੇੜੇ ।
ਫ਼ੌਜਦਾਰ ਤਗ਼ੱਈਅਰ ਹੋ ਆਣ ਬੈਠਾ, ਕੋਈ ਓਸ ਦੇ ਪਾਸ ਨਾ ਪਾਏ ਫੇਰੇ ।
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗੱਲਾਂ, ਅਤੇ ਰਾਂਝੇ ਦੀਆਂ ਭਾਬੀਆਂ ਕਰਨ ਝੇੜੇ ।
ਚਿੱਠੀ ਲਿਖ ਕੇ ਹੀਰ ਦੀ ਉਜ਼ਰਖ਼ਾਹੀ, ਜਿਵੇਂ ਮੋਏ ਨੂੰ ਪੁਛੀਏ ਹੋ ਨੇੜੇ ।
ਹੋਈ ਲਿਖੀ ਰਜ਼ਾ ਦੀ ਰਾਂਝਿਆ ਵੇ, ਸਾਡੇ ਅੱਲੜੇ ਘਾ ਸਨ ਤੂੰ ਉਚੇੜੇ ।
ਮੁੜ ਕੇ ਆ ਨਾ ਵਿਗੜਿਆ ਕੰਮ ਤੇਰਾ, ਲਟਕੰਦੜਾ ਘਰੀਂ ਤੂੰ ਪਾ ਫੇਰੇ ।
ਜਿਹੜੇ ਫੁੱਲ ਦਾ ਨਿੱਤ ਤੂੰ ਰਹੇਂ ਰਾਖਾ, ਓਸ ਫੁੱਲ ਨੂੰ ਤੋੜ ਲੈ ਗਏ ਖੇੜੇ ।
ਜੈਂਦੇ ਵਾਸਤੇ ਫਿਰੇਂ ਤੂੰ ਵਿੱਚ ਝੱਲਾਂ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ ।
ਕੋਈ ਨਹੀਂ ਵਸਾਹ ਕੰਵਾਰੀਆਂ ਦਾ, ਐਵੇਂ ਲੋਕ ਨਿਕੰਮੜੇ ਕਰਨ ਝੇੜੇ ।
ਤੂੰ ਤਾਂ ਮਿਹਨਤਾਂ ਸੈਂ ਦਿੰਹੁ ਰਾਤ ਕਰਦਾ, ਵੇਖ ਕੁਦਰਤਾਂ ਰੱਬ ਦੀਆਂ ਕੌਣ ਫੇਰੇ ।
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ, ਖੁਸ ਜਾਣ ਜਾਂ ਖੱਪਰਾਂ ਮੂੰਹੋਂ ਹੇੜੇ ।
ਕਲਸ ਜ਼ਰੀ ਦਾ ਚਾੜ੍ਹੀਏ ਜਾ ਰੋਜ਼ੇ, ਜਿਸ ਵੇਲੜੇ ਆਣ ਕੇ ਵੜੇਂ ਵਿਹੜੇ ।
ਵਾਰਿਸ ਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ, ਖ਼ੁਆਜਾ ਖ਼ਿਜ਼ਰ ਚਿਰਾਗ਼ ਦੇ ਲਏ ਪੇੜੇ ।
(ਚੁੱਕ ਗਏ=ਮੁੱਕ ਗਏ, ਤਗਾਦੜੇ=ਤਕਾਜ਼ੇ,ਝਗੜੇ, ਤਗ਼ੱਈਅਰ=ਬਦਲੀ,
ਉਜ਼ਰਖ਼ਾਹੀ=ਮੁਆਫੀ ਚਾਹੁਣ ਦਾ ਭਾਵ, ਰਜ਼ਾ=ਕਿਸਮਤ, ਬੇੜ੍ਹੇ=ਬਘਿਆੜ,
ਖੁੱਸ ਜਾਣ=ਖੋਹ ਲਏ ਜਾਣ, ਖੱਪਰ=ਕਾਸਾ, ਹੇੜੇ=ਸ਼ਿਕਾਰੀ, ਚਿਰਾਗ਼=ਦੀਵਾ)

230. ਰਾਂਝੇ ਦਾ ਉੱਤਰ

ਭਾਬੀ ਖ਼ਿਜ਼ਾਂ ਦੀ ਰੁੱਤ ਜਾਂ ਆਣ ਪੁੰਨੀ, ਭੌਰ ਆਸਰੇ ਤੇ ਪਏ ਜਾਲਦੇ ਨੀ ।
ਸੇਵਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ, ਫੇਰ ਫੁੱਲ ਲੱਗਣ ਨਾਲ ਡਾਲਦੇ ਨੀ ।
ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ, ਜਿਹੜੇ ਮਹਿਰਮ ਅਸਾਡੜੇ ਹਾਲ ਦੇ ਨੀ ।
ਜਿਨ੍ਹਾਂ ਸੂਲੀਆਂ 'ਤੇ ਲਏ ਜਾਇ ਝੂਟੇ, ਮਨਸੂਰ ਹੋਰੀਂ ਸਾਡੇ ਨਾਲ ਦੇ ਨੀ ।
ਵਾਰਿਸ ਸ਼ਾਹ ਜੋ ਗਏ ਸੋ ਨਹੀਂ ਮੁੜਦੇ, ਲੋਕ ਅਸਾਂ ਥੋਂ ਆਵਣਾ ਭਾਲਦੇ ਨੀ ।
(ਖ਼ਿਜ਼ਾਂ=ਪੱਤਝੜ, ਪੁੰਨੀ=ਪੁੱਜੀ, ਜਾਲਦੇ ਨੇ=ਗੁਜ਼ਾਰਾ ਕਰਦੇ ਹਨ)

231. ਤਥਾ

ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ, ਇਹ ਪੇਖਣੇ ਜੱਲ-ਜਲਾਲ ਦੇ ਨੀ ।
ਏਸ ਇਸ਼ਕ ਪਿੱਛੇ ਮਰਨ ਲੜਣ ਸੂਰੇ, ਸਫ਼ਾਂ ਡੋਬਦੇ ਖੂਹਣੀਆਂ ਗਾਲਦੇ ਨੀ ।
ਭਾਬੀ ਇਸ਼ਕ ਥੋਂ ਨੱਸ ਕੇ ਉਹ ਜਾਂਦੇ, ਪੁੱਤਰ ਹੋਣ ਜੋ ਕਿਸੇ ਕੰਗਾਲ ਦੇ ਨੀ ।
ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ, ਵਾਰਿਸ ਸ਼ਾਹ ਹੋਰੀਂ ਫਿਰਨ ਭਾਲਦੇ ਨੀ ।
(ਪੇਖਣੇ=ਨਜ਼ਾਰੇ, ਜੱਲ-ਜਲਾਲ=ਮਹਾਨ ਅਤੇ ਜਲਾਲ ਵਾਲਾ,ਰੱਬ, ਕੰਗਾਲ=
ਕਮੀਨਾ)

232. ਰਾਂਝਾ ਜੱਗ ਦੀ ਰੀਤ ਬਾਰੇ

ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਗਏ ਕਰਮ ਤੇ ਭਾਗ ਨਾ ਆਂਵਦੇ ਨੀ ।
ਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ, ਗਏ ਰੂਹ ਕਲਬੂਤ ਨਾ ਆਂਵਦੇ ਨੀ ।
ਗਈ ਜਾਨ ਜਹਾਨ ਥੀਂ ਛੱਡ ਜੁੱਸਾ, ਗਏ ਹੋਰ ਸਿਆਣੇ ਫ਼ਰਮਾਂਵਦੇ ਨੀ ।
ਮੁੜ ਏਤਨੇ ਫੇਰ ਜੇ ਆਂਵਦੇ ਨੀ, ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀ ।
ਵਾਰਿਸ ਸ਼ਾਹ ਮੀਆਂ ਸਾਨੂੰ ਕੌਣ ਸੱਦੇ, ਭਾਈ ਭਾਬੀਆਂ ਹੁਨਰ ਚਲਾਂਵਦੇ ਨੀ ।
(ਕਲਬੂਤ=ਸਰੀਰ, ਹੁਨਰ ਚਲਾਉਣਾ=ਚਲਾਕੀ ਕਰਨਾ)

233. ਤਥਾ

ਅੱਗੇ ਵਾਹੀਉਂ ਚਾ ਗਵਾਇਉ ਨੇ, ਹੁਣ ਇਸ਼ਕ ਥੀਂ ਚਾ ਗਵਾਂਵਦੇ ਨੇ ।
ਰਾਂਝੇ ਯਾਰ ਹੋਰਾਂ ਏਹਾ ਠਾਠ ਛੱਡੀ, ਕਿਤੇ ਜਾਇਕੇ ਕੰਨ ਪੜਾਂਵਦੇ ਨੇ ।
ਇੱਕੇ ਆਪਣੀ ਜਿੰਦ ਗਵਾਂਵਦੇ ਨੇ, ਇੱਕੇ ਹੀਰ ਜੱਟੀ ਬੰਨ੍ਹ ਲਿਆਂਵਦੇ ਨੇ ।
ਵੇਖੋ ਜੱਟ ਹੁਣ ਫੰਧ ਚਲਾਂਵਦੇ ਨੇ, ਬਣ ਚੇਲੜੇ ਘੋਨ ਹੋ ਆਂਵਦੇ ਨੇ ।
(ਬੰਨ੍ਹ ਲਿਆਉਣੀ=ਵਿਆਹ ਲਿਆਉਣੀ)

234. ਹੀਰ ਦੇ ਸੌਹਰਿਆਂ ਦੀ ਸਲਾਹ

ਮਸਲਤ ਹੀਰ ਦਿਆਂ ਸੌਹਰਿਆਂ ਇਹ ਕੀਤੀ, ਮੁੜ ਹੀਰ ਨਾ ਪੇਈਅੜੇ ਘੱਲਣੀ ਜੇ ।
ਮਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ, ਇਹ ਗੱਲ ਕੁਸਾਖ ਦੀ ਚੱਲਣੀ ਜੇ ।
ਆਖ਼ਰ ਰੰਨ ਦੀ ਜ਼ਾਤ ਬੇਵਫ਼ਾ ਹੁੰਦੀ, ਜਾਇ ਪੇਈਅੜੇ ਘਰੀਂ ਇਹ ਮੱਲਣੀ ਜੇ ।
ਵਾਰਿਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ, ਇਹ ਗੱਲ ਨਾ ਕਿਸੇ ਉਥੱਲਣੀ ਜੇ ।
(ਪੇਈਅੜੇ=ਪੇਕੀਂ, ਕੁਸਾਖ=ਬੇਭਰੋਸਗੀ, ਉਥੱਲਣੀ=ਉਲਟਾਉਣੀ, ਮੱਲਣੀ=
ਪਹਿਲਵਾਨਣੀ)

235. ਇੱਕ ਵਹੁਟੀ ਹੱਥ ਹੀਰ ਦਾ ਸੁਨੇਹਾ

ਇੱਕ ਵਹੁਟੜੀ ਸਾਹਵਰੇ ਚੱਲੀ ਸਿਆਲੀਂ, ਆਈ ਹੀਰ ਥੇ ਲੈ ਸਨੇਹਿਆਂ ਨੂੰ ।
ਤੇਰੇ ਪੇਈਅੜੇ ਚਲੀ ਹਾਂ ਦੇਹ ਗੱਲਾਂ, ਖੋਲ੍ਹ ਕਿੱਸਿਆਂ ਜੇਹਿਆਂ ਕੇਹਿਆਂ ਨੂੰ ।
ਤੇਰੇ ਸਹੁਰਿਆਂ ਤੁਧ ਪਿਆਰ ਕੇਹਾ, ਕਰੋ ਗਰਮ ਸੁਨੇਹਿਆਂ ਬੇਹਿਆਂ ਨੂੰ ।
ਤੇਰੀ ਗੱਭਰੂ ਨਾਲ ਹੈ ਬਣੀ ਕੇਹੀ, ਵਹੁਟੀਆਂ ਦਸਦੀਆ ਨੇ ਅਸਾਂ ਜੇਹਿਆਂ ਨੂੰ ।
ਹੀਰ ਆਖਿਆ ਓਸ ਦੀ ਗੱਲ ਐਵੇਂ, ਵੈਰ ਰੇਸ਼ਮਾਂ ਨਾਲ ਜਿਉਂ ਲੇਹਿਆਂ ਨੂੰ ।
ਵਾਰਿਸ ਕਾਖ਼ ਤੇ ਅਲਿਫ਼ ਤੇ ਲਾਮ ਬੋਲੇ, ਕੀ ਆਖਣਾ ਏਹਿਆਂ ਤੇਹਿਆਂ ਨੂੰ ।
(ਲੇਹਾ=ਊਨੀ ਕੱਪੜੇ ਨੂੰ ਖਾਣ ਵਾਲਾ ਕਿਰਮ, ਕੰਡਿਆਲੀ ਬੂਟੀ ਜੋ ਕੱਪੜੇ
ਨੂੰ ਚੰਬੜ ਜਾਂਦੀ ਹੈ)

236. ਹੀਰ ਦਾ ਸੁਨੇਹਾ

ਹੱਥ ਬੰਨ੍ਹ ਕੇ ਗਲ ਵਿੱਚ ਪਾ ਪੱਲਾ, ਕਹੀਂ ਦੇਸ ਨੂੰ ਦੁਆ ਸਲਾਮ ਮੇਰਾ ।
ਘੁਟ ਵੈਰੀਆਂ ਦੇ ਵੱਸ ਪਾਇਉ ਨੇ, ਸਈਆਂ ਚਾਇ ਵਿਸਾਰਿਆ ਨਾਮ ਮੇਰਾ ।
ਮਝੋ ਵਾਹ ਵਿੱਚ ਡੋਬਿਆ ਮਾਪਿਆਂ ਨੇ, ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾ ।
ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ, ਇੱਕ ਏਤਨਾ ਕਹੀਂ ਪੈਗ਼ਾਮ ਮੇਰਾ ।
ਵਾਰਿਸ ਨਾਲ ਬੇਵਾਰਿਸਾਂ ਰਹਿਮ ਕੀਜੇ, ਮਿਹਰਬਾਨ ਹੋ ਕੇ ਆਉ ਸ਼ਾਮ ਮੇਰਾ ।
(ਹੱਥ ਜੋੜ, ਗਲ ਵਿੱਚ ਪਾ ਪੱਲਾ=ਪੂਰੇ ਅਦਬ ਸਤਿਕਾਰ ਨਾਲ, ਘੁਟ=ਗਲ
ਘੁਟ ਕੇ, ਸ਼ਾਮ=ਕ੍ਰਿਸ਼ਨ, ਜਿਸ ਦਾ ਰੰਗ ਕਾਲਾ ਸੀ)

237. ਹੀਰ ਨੂੰ ਰਾਂਝੇ ਦੀ ਤਲਬ

ਤਰੁੱਟੇ ਕਹਿਰ ਕਲੂਰ ਸਿਰ ਤੱਤੜੀ ਦੇ, ਤੇਰੇ ਬਿਰਹਾ ਫ਼ਿਰਾਕ ਦੀ ਕੁਠੀਆਂ ਮੈਂ ।
ਸੁੰਞੀ ਤਰਾਟ ਕਲੇਜੜੇ ਵਿੱਚ ਧਾਣੀ ,ਨਹੀਂ ਜਿਉਣਾ ਮਰਨ ਤੇ ਉੱਠੀਆਂ ਮੈਂ ।
ਚੋਰ ਪੌਣ ਰਾਤੀਂ ਘਰ ਸੁੱਤਿਆਂ ਦੇ, ਵੇਖੋ ਦਿਹੇਂ ਬਾਜ਼ਾਰ ਵਿੱਚ ਮੁੱਠੀਆਂ ਮੈਂ ।
ਜੋਗੀ ਹੋਇਕੇ ਆ ਜੇ ਮਿਲੇ ਮੈਨੂੰ, ਕਿਸੇ ਅੰਬਰੋਂ ਮਿਹਰ ਦੀਉਂ ਤਰੁੱਠੀਆਂ ਮੈਂ ।
ਨਹੀਂ ਛਡ ਘਰ ਬਾਰ ਉਜਾੜ ਵੈਸਾਂ, ਨਹੀਂ ਵੱਸਣਾ ਤੇ ਨਾਹੀਂ ਵੁੱਠੀਆਂ ਮੈਂ ।
ਵਾਰਿਸ ਸ਼ਾਹ ਪਰੇਮ ਦੀਆਂ ਛਟੀਆਂ ਨੇ, ਮਾਰ ਫੱਟੀਆਂ ਜੁੱਟੀਆਂ ਕੁੱਠੀਆਂ ਮੈਂ ।
(ਤਰੁਟੇ=ਟੁਟ ਪਏ, ਕਹਿਰ ਕਲੂਰ=ਵੱਡੀ ਮੁਸੀਬਤ, ਬਿਰਹਾ ਫ਼ਿਰਾਕ=ਜੁਦਾਈ,
ਉੱਠੀਆਂ=ਤਿਆਰ, ਫੱਟੀਆਂ=ਜ਼ਖਮੀ ਕੀਤੀਆਂ, ਜੁੱਟੀਆਂ=ਕੱਸ ਕੇ ਬੰਨ੍ਹੀ ਹੋਈ ਹਾਂ)

238. ਵਹੁਟੀ ਦੀ ਪੁੱਛ ਗਿੱਛ

ਵਹੁਟੀ ਆਣ ਕੇ ਸਾਹੁਰੇ ਵੜੀ ਜਿਸ ਦਿਨ, ਪੁੱਛੇ ਚਾਕ ਸਿਆਲਾਂ ਦਾ ਕੇਹੜਾ ਨੀ ।
ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ, ਮੁੰਡਾ ਤਖ਼ਤ ਹਜ਼ਾਰੇ ਦਾ ਜੇਹੜਾ ਨੀ ।
ਜਿਹੜਾ ਆਸ਼ਕਾਂ ਵਿੱਚ ਮਸ਼ਹੂਰ ਰਾਂਝਾ, ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ ।
ਕਿਤੇ ਦਾਇਰੇ ਇੱਕੇ ਮਸੀਤ ਹੁੰਦਾ, ਕੋਈ ਓਸ ਦਾ ਕਿਤੇ ਹੈ ਵਿਹੜਾ ਨੀ ।
ਇਸ਼ਕ ਪੱਟ ਤਰੱਟੀਆਂ ਗਾਲੀਆਂ ਨੇ, ਉੱਜੜ ਗਈਆਂ ਦਾ ਵਿਹੜਾ ਕਿਹੜਾ ਨੀ ।
(ਪੱਟੇ ਤਰੱਟੇ=ਬਰਬਾਦ ਕੀਤੇ)

239. ਸਿਆਲਾਂ ਦੀਆਂ ਕੁੜੀਆਂ

ਕੁੜੀਆਂ ਆਖਿਆ ਛੈਲ ਹੈ ਮੱਸ ਭਿੰਨਾ, ਛੱਡ ਬੈਠਾ ਹੈ ਜਗ ਦੇ ਸਭ ਝੇੜੇ ।
ਸੱਟ ਵੰਝਲੀ ਅਹਿਲ ਫ਼ਕੀਰ ਹੋਇਆ, ਜਿਸ ਰੋਜ਼ ਦੇ ਹੀਰ ਲੈ ਗਏ ਖੇੜੇ ।
ਵਿੱਚ ਬੇਲਿਆਂ ਕੂਕਦਾ ਫਿਰੇ ਕਮਲਾ, ਜਿੱਥੇ ਬਾਘ ਬਘੇਲੇ ਤੇ ਸ਼ੀਂਹ ਬੇੜ੍ਹੇ ।
ਕੋਈ ਓਸ ਦੇ ਨਾਲ ਨਾ ਗੱਲ ਕਰਦਾ, ਬਾਝ ਮੰਤਰੋਂ ਨਾਗ ਨੂੰ ਕੌਣ ਛੇੜੇ ।
ਕੁੜੀਆਂ ਆਖਿਆ ਜਾਉ ਵਿਲਾਉ ਉਸ ਨੂੰ, ਕਿਵੇਂ ਘੇਰ ਕੇ ਮਾਂਦਰੀ ਕਰੋ ਨੇੜੇ ।
(ਵਿਲਾਉ=ਘਰ ਲਿਆਉ)

240. ਕੁੜੀਆਂ ਉਹਨੂੰ ਰਾਂਝੇ ਕੋਲ ਲੈ ਗਈਆਂ

ਕੁੜੀਆਂ ਜਾਇ ਵਿਲਾਇਆ ਰਾਂਝਣੇ ਨੂੰ, ਫਿਰੇ ਦੁਖ ਤੇ ਦਰਦ ਦਾ ਲੱਦਿਆ ਈ ।
ਆ ਘਿਨ ਸੁਨੇਹੜਾ ਸੱਜਣਾਂ ਦਾ, ਤੈਨੂੰ ਹੀਰ ਸਿਆਲ ਨੇ ਸੱਦਿਆ ਈ ।
ਤੇਰੇ ਵਾਸਤੇ ਮਾਪਿਆਂ ਘਰੋਂ ਕੱਢੀ, ਅਸਾਂ ਸਾਹੁਰਾ ਪੇਈਅੜਾ ਰੱਦਿਆ ਈ ।
ਤੁਧ ਬਾਝ ਨਹੀਂ ਜਿਉਣਾ ਹੋਗ ਮੇਰਾ, ਵਿੱਚ ਸਿਆਲਾਂ ਦੇ ਜਿਉ ਕਿਉਂ ਅਡਿਆ ਈ ।
ਝੱਬ ਹੋ ਫ਼ਕੀਰ ਤੇ ਪਹੁੰਚ ਮੈਂਥੇ, ਓਥੇ ਝੰਡੜਾ ਕਾਸ ਨੂੰ ਗੱਡਿਆ ਈ ।
ਵਾਰਿਸ ਸ਼ਾਹ ਇਸ ਇਸ਼ਕ ਦੀ ਨੌਕਰੀ ਨੇ, ਦੰਮਾਂ ਬਾਝ ਗ਼ੁਲਾਮ ਕਰ ਛੱਡਿਆ ਈ ।
(ਆ ਘਿਨ=ਲੈ ਜਾ, ਦੰਮਾਂ ਬਾਝ ਗ਼ੁਲਾਮ=ਬਿਨ ਤਨਖਾਹ ਦੇ ਨੌਕਰ)

241. ਰਾਂਝੇ ਨੇ ਹੀਰ ਨੂੰ ਚਿੱਠੀ ਲਿਖਵਾਈ

ਮੀਏਂ ਰਾਂਝੇ ਨੇ ਮੁੱਲਾਂ ਨੂੰ ਜਾ ਕਿਹਾ, ਚਿੱਠੀ ਲਿਖੋ ਜੀ ਸੱਜਣਾਂ ਪਿਆਰਿਆਂ ਨੂੰ ।
ਤੁਸਾਂ ਸਾਹੁਰੇ ਜਾ ਆਰਾਮ ਕੀਤਾ, ਅਸੀਂ ਢੋਏ ਹਾਂ ਸੂਲ ਅੰਗਿਆਰਿਆਂ ਨੂੰ ।
ਅੱਗ ਲੱਗ ਕੇ ਜ਼ਿਮੀਂ ਅਸਮਾਨ ਸਾੜੇ, ਚਾ ਲਿੱਖਾਂ ਜੇ ਦੁਖੜਿਆਂ ਸਾਰਿਆਂ ਨੂੰ ।
ਮੈਥੋਂ ਠਗ ਕੇ ਮਹੀਂ ਚਰਾਇ ਲਈਉਂ, ਰੰਨਾਂ ਸੱਚ ਨੇ ਤੋੜਦੀਆਂ ਤਾਰਿਆਂ ਨੂੰ ।
ਚਾਕ ਹੋਕੇ ਵੱਤ ਫ਼ਕੀਰ ਹੋਸਾਂ, ਕੇਹਾ ਮਾਰਿਉ ਅਸਾਂ ਵਿਚਾਰਿਆਂ ਨੂੰ ।
ਗਿਲਾ ਲਿਖੋ ਜੇ ਯਾਰ ਨੇ ਲਿਖਿਆ ਏ, ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ ।
ਵਾਰਿਸ ਸ਼ਾਹ ਨਾ ਰੱਬ ਬਿਨ ਟਾਂਗ ਕਾਈ, ਕਿਵੇਂ ਜਿੱਤੀਏ ਮਾਮਲਿਆਂ ਹਾਰਿਆਂ ਨੂੰ ।
(ਢੋਏ=ਲਾਗੇ,ਨੇੜੇ, ਟਾਂਗ=ਸਹਾਰਾ,ਆਸਰਾ)

242. ਤਥਾ

ਤੈਨੂੰ ਚਾ ਸੀ ਵੱਡਾ ਵਿਆਹ ਵਾਲਾ, ਭਲਾ ਹੋਇਆ ਜੇ ਝੱਬ ਵਹੀਜੀਏਂ ਨੀ ।
ਐਥੋਂ ਨਿਕਲ ਗਈਏਂ ਬੁਰੇ ਦਿਹਾਂ ਵਾਂਗੂੰ, ਅੰਤ ਸਾਹੁਰੇ ਜਾ ਪਤੀਜੀਏਂ ਨੀ ।
ਰੰਗ ਰੱਤੀਏ ਵਹੁਟੀਏ ਖੇੜਿਆਂ ਦੀਏ, ਕੈਦੋ ਲੰਙੇ ਦੀ ਸਾਕ ਭਤੀਜੀਏਂ ਨੀ ।
ਚੁਲੀਂ ਪਾ ਪਾਣੀ ਦੁੱਖਾਂ ਨਾਲ ਪਾਲੀ, ਕਰਮ ਸੈਦੇ ਦੇ ਮਾਪਿਆਂ ਬੀਜੀਏਂ ਨੀ ।
ਕਾਸਦ ਜਾਇਕੇ ਹੀਰ ਨੂੰ ਖ਼ਤ ਦਿੱਤਾ, ਇਹ ਲੈ ਚਾਕ ਦਾ ਲਿਖਿਆ ਲੀਜੀਏਂ ਨੀ ।
(ਦਿਹਾਂ=ਦਿਨਾਂ, ਰੰਗ ਰੱਤੀਏ=ਗ੍ਰਿਹਸਥ ਦੀਆਂ ਮੌਜਾਂ ਮਾਣਨ ਵਲ ਸੰਕੇਤ ਹੈ)

243. ਉੱਤਰ ਹੀਰ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ, ਰੱਬਾ ਮੇਲ ਤੂੰ ਚਿਰੀਂ ਵਿਛੁੰਨਿਆਂ ਨੂੰ ।
ਹੱਥੀਂ ਮਾਪਿਆਂ ਦਿੱਤੀ ਸਾਂ ਜ਼ਾਲਮਾਂ ਨੂੰ, ਲੱਗਾ ਲੂਣ ਕਲੇਜਿਆਂ ਭੁੰਨਿਆਂ ਨੂੰ ।
ਮੌਤ ਅਤੇ ਸੰਜੋਗ ਨਾ ਟਲੇ ਮੂਲੇ, ਕੌਣ ਮੋੜਦਾ ਸਾਹਿਆਂ ਪੁੰਨਿਆਂ ਨੂੰ ।
ਜੋਗੀ ਹੋਇਕੇ ਆ ਤੂੰ ਸੱਜਣਾਂ ਵੋ, ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ ।
ਕਿਸੇ ਤੱਤੜੇ ਵਕਤ ਸੀ ਨਿਹੁੰ ਲੱਗਾ, ਵਾਰਿਸ ਬੀਜਿਆ ਦਾਣਿਆਂ ਭੁੰਨਿਆਂ ਨੂੰ ।
(ਚਿਰੀਂ ਵਿਛੁੰਨੇ=ਦੇਰ ਦੇ ਵਿਛੜੇ, ਸਾਹਿਆਂ ਪੁੰਨਿਆਂ ਨੂੰ=ਵਕਤ ਪੂਰਾ ਹੋਏ ਨੂੰ)

244. ਤਥਾ

ਕਾਇਦ ਆਬਖੋਰ ਦੇ ਖਿੱਚੀ ਵਾਂਗ ਕਿਸਮਤ, ਕੋਇਲ ਲੰਕ ਦੇ ਬਾਗ਼ ਦੀ ਗਈ ਦਿੱਲੀ ।
ਮੈਨਾ ਲਈ ਬੰਗਾਲਿaੁਂ ਚਾਕ ਕਮਲੇ, ਖੇੜਾ ਪਿਆ ਅਜ਼ਗ਼ੈਬ ਦੀ ਆਣ ਬਿੱਲੀ ।
ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ, ਹੀਰ ਨਾਹੀਉਂ ਇਸ਼ਕ ਦੇ ਵਿੱਚ ਢਿੱਲੀ ।
ਕੋਈ ਜਾਇਕੇ ਪਕੜ ਫ਼ਕੀਰ ਕਾਮਿਲ, ਫ਼ਕਰ ਮਾਰਦੇ ਵਿੱਚ ਰਜ਼ਾ ਕਿੱਲੀ ।
ਵਾਰਿਸ ਸ਼ਾਹ ਮਸਤਾਨੜਾ ਹੋ ਲੱਲ੍ਹੀ, ਸੇਲ੍ਹੀ ਗੋਦੜੀ ਬੰਨ੍ਹ ਹੋ ਸ਼ੇਖ਼ ਚਿੱਲੀ ।
(ਕਾਇਦ=ਕਾਫਲੇ ਦਾ ਸਰਦਾਰ,ਲੀਡਰ, ਆਬਖੋਰਾ=ਦਾਣਾ ਪਾਣੀ,ਕਿਸਮਤ,
ਮਾਰਦੇ ਰਜ਼ਾ ਵਿੱਚ ਕਿੱਲੀ=ਰੇਖ ਵਿੱਚ ਮੇਖ ਮਾਰਦੇ, ਲੱਲ੍ਹੀ=ਗੋਦੜੀ ਪਹਿਨਣ
ਵਾਲਾ ਫ਼ਕੀਰ,ਕਮਲਾ)

245. ਹੀਰ ਦੀ ਚਿੱਠੀ

ਦਿੱਤੀ ਹੀਰ ਲਿਖਾਇਕੇ ਇਹ ਚਿੱਠੀ, ਰਾਂਝੇ ਯਾਰ ਦੇ ਹੱਥ ਲੈ ਜਾ ਦੇਣੀ ।
ਕਿਤੇ ਬੈਠ ਨਿਵੇਕਲਾ ਸੱਦ ਮੁੱਲਾਂ, ਸਾਰੀ ਖੋਲ੍ਹ ਕੇ ਬਾਤ ਸੁਣਾ ਦੇਣੀ ।
ਹੱਥ ਬੰਨ੍ਹ ਕੇ ਮੇਰਿਆਂ ਸੱਜਣਾਂ ਨੂੰ, ਰੋ ਰੋ ਸਲਾਮ ਦੁਆ ਦੇਣੀ ।
ਮਰ ਚੁੱਕੀਆਂ ਜਾਨ ਹੈ ਨੱਕ ਉਤੇ, ਹਿੱਕ ਵਾਰ ਜੇ ਦੀਦਨਾ ਆ ਦੇਣੀ ।
ਖੇੜੇ ਹੱਥ ਨਾ ਲਾਂਵਦੇ ਮੰਜੜੀ ਨੂੰ, ਹੱਥ ਲਾਇਕੇ ਗੋਰ ਵਿੱਚ ਪਾ ਦੇਣੀ ।
ਕਖ ਹੋ ਰਹੀਆਂ ਗ਼ਮਾਂ ਨਾਲ ਰਾਂਝਾ, ਏਹ ਚਿਣਗ ਲੈ ਜਾਇਕੇ ਲਾ ਦੇਣੀ ।
ਮੇਰਾ ਯਾਰ ਹੈਂ ਤਾਂ ਮੈਥੇ ਪਹੁੰਚ ਮੀਆਂ, ਕੰਨ ਰਾਂਝੇ ਦੇ ਏਤਨੀ ਪਾ ਦੇਣੀ ।
ਮੇਰੀ ਲਈਂ ਨਿਸ਼ਾਨੜੀ ਬਾਂਕ ਛੱਲਾ, ਰਾਂਝੇ ਯਾਰ ਦੇ ਹੱਥ ਲਿਜਾ ਦੇਣੀ ।
ਵਾਰਿਸ ਸ਼ਾਹ ਮੀਆਂ ਓਸ ਕਮਲੜੇ ਨੂੰ, ਢੰਗ ਜ਼ੁਲਫ਼ ਜ਼ੰਜੀਰ ਦੀ ਪਾ ਦੇਣੀ ।
(ਦੀਦਨਾ=ਦੇਖਣਾ,ਕਖ=ਤੀਲਾ, ਚਿਣਗ=ਚੰਗਿਆੜੀ,ਅੱਗ)

246. ਤਥਾ

ਅੱਗੇ ਚੂੰਡੀਆਂ ਨਾਲ ਹੰਢਾਇਆ ਈ, ਜ਼ੁਲਫ਼ ਕੁੰਡਲਾਂਦਾਰ ਹੁਣ ਵੇਖ ਮੀਆਂ ।
ਘਤ ਕੁੰਡਲੀ ਨਾਗ ਸਿਆਹ ਪਲਮੇ, ਵੇਖੇ ਉਹ ਭਲਾ ਜਿਸ ਲੇਖ ਮੀਆਂ ।
ਮਲੇ ਵਟਣਾ ਲੋੜ੍ਹ ਦੰਦਾਸੜੇ ਦਾ, ਨੈਣ ਖ਼ੂਨੀਆਂ ਦੇ ਭਰਨ ਭੇਖ ਮੀਆਂ ।
ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫ਼ਾਂ, ਖ਼ੂਨੀ ਨੈਣਾਂ ਦੇ ਭੇਖ ਨੂੰ ਦੇਖ ਮੀਆਂ ।
ਵਾਰਿਸ ਸ਼ਾਹ ਫ਼ਕੀਰ ਹੋ ਪਹੁੰਚ ਮੈਂਥੇ, ਫ਼ਕਰ ਮਾਰਦੇ ਰੇਖ ਵਿੱਚ ਮੇਖ ਮੀਆਂ ।
(ਚੂੰਡੀਆਂ=ਲੰਮੇ ਵਾਲ, ਕੁੰਡਲੀ=ਚੱਕਰ,ਵਲ, ਲੇਖ=ਕਿਸਮਤ)

247. ਹੀਰ ਦੀ ਚਿੱਠੀ ਕਾਸਦ ਰਾਂਝੇ ਕੋਲ ਲਿਆਇਆ

ਕਾਸਦ ਆਣ ਰੰਝੇਟੇ ਨੂੰ ਖਤ ਦਿੱਤਾ, ਨਢੀ ਮੋਈ ਹੈ ਨੱਕ ਤੇ ਜਾਨ ਆਈ ।
ਕੋਈ ਪਾ ਭੁਲਾਵੜਾ ਠਗਿਓਈ, ਸਿਰ ਘੱਤਿਉ ਚਾ ਮਸਾਨ ਮੀਆਂ ।
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ, ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ ।
ਇੱਕ ਘੜੀ ਆਰਾਮ ਨਾ ਆਉਂਦਾ ਈ, ਕੇਹਾ ਠੋਕਿਉ ਪ੍ਰੇਮ ਦਾ ਬਾਣ ਮੀਆਂ ।
ਤੇਰਾ ਨਾਂਉਂ ਲੈ ਕੇ ਨੱਢੀ ਜਿਉਂਦੀ ਹੈ, ਭਾਵੇਂ ਜਾਣ ਤੇ ਭਾਵੇਂ ਨਾ ਜਾਣ ਮੀਆਂ ।
ਮੂੰਹੋਂ ਰਾਂਝੇ ਦਾ ਨਾਮ ਜਾਂ ਕੱਢ ਬਹਿੰਦੀ, ਓਥੇ ਨਿਤ ਪੌਂਦੇ ਘਮਸਾਣ ਮੀਆਂ ।
ਰਾਤੀਂ ਘੜੀ ਨਾ ਸੇਜ ਤੇ ਮੂਲ ਸੌਂਦੀ, ਰਹੇ ਲੋਗ ਬਹੁਤੇਰੜਾ ਰਾਣ ਮੀਆਂ ।
ਜੋਗੀ ਹੋਇਕੇ ਨਗਰ ਵਿੱਚ ਪਾ ਫੇਰਾ, ਮੌਜਾਂ ਨਾਲ ਤੂੰ ਨੱਢੜੀ ਮਾਣ ਮੀਆਂ ।
ਵਾਰਿਸ ਸ਼ਾਹ ਮੀਆਂ ਸਭੋ ਕੰਮ ਹੁੰਦੇ, ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ ।
(ਨੱਕ ਤੇ ਜਾਨ=ਮਰਨ ਕੰਢੇ, ਭੁਲਾਵੜਾ=ਭੁਲੇਖਾ, ਰਾਣ=ਕਹਿ ਰਹੇ)

248. ਰਾਂਝੇ ਦੀ ਉੱਤਰ ਲਈ ਫ਼ਰਮਾਇਸ਼

ਚਿੱਠੀ ਨਾਉਂ ਤੇਰੇ ਲਿਖੀ ਨੱਢੜੀ ਨੇ, ਵਿੱਚੇ ਲਿਖੇ ਸੂ ਦਰਦ ਫ਼ਿਰਾਕ ਸਾਰੇ ।
ਰਾਂਝਾ ਤੁਰਤ ਪੜ੍ਹਾਇਕੇ ਫਰਸ਼ ਹੋਇਆ, ਦਿਲੋਂ ਆਹ ਦੇ ਠੰਡੜੇ ਸਾਹ ਮਾਰੇ ।
ਮੀਆਂ ਲਿਖ ਤੂੰ ਦਰਦ ਫ਼ਿਰਾਕ ਮੇਰਾ, ਜਿਹੜਾ ਅੰਬਰੋਂ ਸੁਟਦਾ ਤੋੜ ਤਾਰੇ ।
ਘਾ ਲਿਖ ਜੋ ਦਿਲੇ ਦੇ ਦੁਖੜੇ ਦੇ, ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ ।
(ਫਰਸ਼ ਹੋਇਆ=ਧਰਤੀ ਤੇ ਲੇਟ ਗਿਆ)

249. ਰਾਂਝੇ ਦਾ ਉੱਤਰ ਲਿਖਣਾ

ਲਿਖਿਆ ਇਹ ਜਵਾਬ ਰੰਝੇਟੜੇ ਨੇ, ਜਦੋਂ ਜੀਊ ਵਿੱਚ ਓਸ ਦੇ ਸ਼ੋਰ ਪਏ ।
ਓਸੇ ਰੋਜ਼ ਦੇ ਅਸੀਂ ਫ਼ਕੀਰ ਹੋਏ, ਜਿਸ ਰੋਜ਼ ਦੇ ਹੁਸਨ ਦੇ ਚੋਰ ਹੋਏ ।
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ, ਮਝੋ ਵਾਹ ਫ਼ਿਰਾਕ ਦੇ ਬੋੜ ਹੋਏ ।
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ, ਅੱਟੀ ਲੱਗੜੀ ਪ੍ਰੀਤ ਨੂੰ ਤੋੜ ਗਏ ।
ਸਾਡੀ ਜ਼ਾਤ ਸਿਫ਼ਾਤ ਬਰਬਾਦ ਕਰਕੇ, ਲੜ ਖੇੜਿਆਂ ਦੇ ਨਾਲ ਜੋੜ ਗਏ ।
ਆਪ ਹੱਸ ਕੇ ਸਾਹੁਰੇ ਮੱਲਿਓਨੇ, ਸਾਡੇ ਨੈਣਾਂ ਦਾ ਨੀਰ ਨਖੋੜ ਗਏ ।
ਆਪ ਹੋ ਮਹਿਬੂਬ ਜਾ ਸਤਰ ਬੈਠੇ, ਸਾਡੇ ਰੂਪ ਦਾ ਰਸਾ ਨਚੋੜ ਗਏ ।
ਵਾਰਿਸ ਸ਼ਾਹ ਮੀਆਂ ਮਿਲੀਆਂ ਵਾਹਰਾਂ ਥੋਂ, ਧੜਵੈਲ ਵੇਖੋ ਜ਼ੋਰੋ ਜ਼ੋਰ ਗਏ ।
(ਦਰਪੇਸ਼ ਕੀਤਾ=ਹਾਜ਼ਰ ਕਰ ਦਿੱਤਾ, ਅੱਟੀ=ਪੱਕੀ, ਸੂਤ ਦੀ ਅੱਟੀ
ਵਾਂਗੂ ਇੱਕ ਦੂਜੀ ਵਿੱਚ ਫਸਾਈ ਹੋਈ, ਅੱਟੀਆਂ ਨੂੰ ਆਪੋ ਵਿਚ ਫਸਾਉਣ
ਦਾ ਇੱਕ ਖਾਸ ਢੰਗ ਹੁੰਦਾ ਹੈ ਅਤੇ ਉਹ ਸੌਖਿਆਂ ਜੁਦਾ ਨਹੀਂ ਹੁੰਦੀਆਂ,
ਨਖੋੜ ਗਏ=ਖਤਮ ਕਰ ਗਏ)

250. ਉੱਤਰ ਰਾਂਝੇ ਵੱਲੋਂ

ਸਾਡੀ ਖ਼ੈਰ ਹੈ ਚਾਹੁੰਦੇ ਖ਼ੈਰ ਤੈਂਡੀ, ਫਿਰ ਲਿਖੋ ਹਕੀਕਤਾਂ ਸਾਰੀਆਂ ਜੀ ।
ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ, ਕੱਟੇ ਕੌਣ ਮੁਸੀਬਤਾਂ ਭਾਰੀਆਂ ਜੀ ।
ਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ, ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ ।
ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ, ਚੰਚਲ-ਹਾਰੀਆਂ ਇਹ ਕਵਾਰੀਆਂ ਜੀ ।
ਸੱਪ ਰੱਸੀਆਂ ਦੇ ਕਰਨ ਮਾਰ ਮੰਤਰ, ਤਾਰੇ ਦੇਂਦੀਆਂ ਨੇ ਹੇਠ ਖਾਰੀਆਂ ਜੀ ।
ਪੇਕੇ ਜੱਟਾਂ ਨੂੰ ਮਾਰ ਫ਼ਕੀਰ ਕਰਕੇ, ਲੈਦ ਸਾਹੁਰੇ ਜਾਇ ਘੁਮਕਾਰੀਆਂ ਜੀ ।
ਆਪ ਨਾਲ ਸੁਹਾਗ ਦੇ ਜਾ ਰੁੱਪਣ, ਪਿੱਛੇ ਲਾ ਜਾਵਣ ਪੁਚਕਾਰੀਆਂ ਜੀ ।
ਸਰਦਾਰਾਂ ਦੇ ਪੁੱਤਰ ਫ਼ਕੀਰ ਕਰਕੇ, ਆਪ ਮੱਲਦੀਆਂ ਜਾਂ ਸਰਦਾਰੀਆਂ ਜੀ ।
ਵਾਰਿਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ, ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ ।
(ਚੰਚਲ-ਹਾਰੀਆਂ=ਚਲਾਕ, ਖਾਰੀ=ਟੋਕਰੀ, ਘੁੰਮਕਾਰੀ=ਚਰਖੇ ਦੀ ਆਵਾਜ਼,
ਰੁੱਪਣ=ਰੁੱਝ ਜਾਣ, ਖਾਰੀਆਂ=ਟੋਕਰੇ)

251. ਰਾਂਝਾ ਆਪਣੇ ਦਿਲ ਨਾਲ

ਰਾਂਝੇ ਆਖਿਆ ਲੁੱਟੀਂ ਦੀ ਹੀਰ ਦੌਲਤ, ਜਰਮ ਗਾਲੀਏ ਤਾਂ ਉਹਨੂੰ ਜਾ ਲਈਏ ।
ਉਹ ਰੱਬ ਦੇ ਨੂਰ ਦਾ ਖ਼ਵਾਨ ਯਗ਼ਮਾ ਸ਼ੁਹਦੇ ਹੋਇਕੇ ਰੰਗ ਵਟਾ ਲਈਏ ।
ਇੱਕ ਹੋਵਣਾ ਰਹਿਆ ਫ਼ਕੀਰ ਮੈਥੋਂ, ਰਹਿਆ ਏਤਨਾ ਵਸ ਸੋ ਲਾ ਲਈਏ ।
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ, ਜ਼ਰਾ ਖ਼ਾਕ ਦੇ ਵਿੱਚ ਰਮਾ ਲਈਏ ।
ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ, ਚੇਲੇ ਹੋਇਕੇ ਕੰਨ ਪੜਵਾ ਲਈਏ ।
ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ, ਜ਼ਰਾ ਆਪਣੇ ਨੂੰ ਚਿਣਗ ਲਾ ਲਈਏ ।
ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ, ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ ।
ਓਥੇ ਖ਼ੁਦੀ ਗੁਮਾਨ ਮਨਜ਼ੂਰ ਨਾਹੀਂ, ਸਿਰ ਵੇਚੀਏ ਤਾਂ ਭੇਤ ਪਾ ਲਈਏ ।
ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ, ਜਦੋਂ ਆਪਣਾ ਆਪ ਗਵਾ ਲਈਏ ।
(ਜਰਮ=ਜਨਮ, ਖ਼ਾਨ ਯਗ਼ਮਾ=ਸਦਾ ਬਰਤ, ਸਿਹਰ=ਜਾਦੂ, ਝੋਕ=ਆਰਜ਼ੀ ਡੇਰਾ)

252. ਰਾਂਝੇ ਦਾ ਜੋਗੀ ਬਣਨ ਦਾ ਇਰਾਦਾ

ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ, ਸਮਾਂ ਆਇਆ ਹੈ ਸ਼ੌਕ ਜਗਾਵਣੇ ਦਾ ।
ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਾਵਣੇ ਦਾ ।
ਪਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਹੈ ਰਗੜ ਮੁਨਾਵਣੇ ਦਾ ।
ਜਰਮ ਕਰਮ ਤਿਆਗ ਕੇ ਠਾਣ ਬੈਠਾ, ਕਿਸੇ ਜੋਗੀ ਦੇ ਹੱਥ ਵਿਕਾਵਣੇ ਦਾ ।
ਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ, ਕੰਨ ਪਾੜ ਕੇ ਮੁੰਦਰਾਂ ਪਾਵਣੇ ਦਾ ।
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ, ਸਿਹਰ ਦੱਸ ਦੇ ਰੰਨ ਖਿਸਕਾਵਣੇ ਦਾ ।
ਵਾਰਿਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ, ਫ਼ਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ ।
(ਮਤਾ ਜਾਗਿਆ=ਇਰਾਦਾ ਹੋਇਆ)

253. ਰਾਂਝੇ ਦਾ ਹੋਕਾ

ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ, ਸਾਰੇ ਆਉ ਕਿਸੇ ਫ਼ਕੀਰ ਜੇ ਹੋਵਣਾ ਜੇ ।
ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੋ ਚਾਰਨਾ ਤੇ ਨਾ ਹੀ ਚੋਵਣਾ ਜੇ ।
ਜ਼ਰਾ ਕੰਨ ਪੜਾਇਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜੱਗ ਦਾ ਹੋਵਣਾ ਜੇ ।
ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ, ਨਾਢੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ ।
ਨਹੀਂ ਦੇਣੀ ਵਧਾਈ ਫਿਰ ਜੰਮਦੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ ।
ਮੰਗ ਖਾਵਣਾ ਅਤੇ ਮਸੀਤ ਸੌਣਾ, ਨਾ ਕੁੱਝ ਬੋਵਣਾ ਤੇ ਨਾ ਕੁੱਝ ਲੋਵਣਾ ਜੇ ।
ਨਾਲੇ ਮੰਗਣਾ ਤੇ ਨਾਲੇ ਘੂਰਨਾ ਈ, ਦੇਣਦਾਰ ਨਾ ਕਿਸੇ ਦਾ ਹੋਵਣਾ ਜੇ ।
ਖ਼ਸ਼ੀ ਆਪਣੀ ਉੱਠਣਾ ਮੀਆਂ ਵਾਰਿਸ, ਅਤੇ ਆਪਣੀ ਨੀਂਦ ਹੀ ਸੋਵਣਾ ਜੇ ।
(ਦਿਹਾੜ=ਦਿਹਾੜੀ ਕਰਨੀ,ਮਜ਼ਦੂਰੀ ਕਰਨੀ, ਕਸਬ=ਕੰਮ, ਬੋਵਣਾ=ਬੀਜਣਾ,
ਲੋਵਣਾ=ਵਢਣਾ)

254. ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ

ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ, ਸਾਨੂੰ ਆਪਣਾ ਕਰੋ ਫ਼ਕੀਰ ਸਾਈਂ ।
ਤੇਰੇ ਦਰਸ ਦੀਦਾਰ ਦੇ ਦੇਖਣੇ ਨੂੰ, ਆਇਆਂ ਦੇਸ ਪਰਦੇਸ ਮੈਂ ਚੀਰ ਸਾਈਂ ।
ਸਿਦਕ ਧਾਰ ਕੇ ਨਾਲ ਯਕੀਨ ਆਇਆ, ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ ।
ਬਾਦਸ਼ਾਹ ਸੱਚਾ ਰੱਬ ਆਲਮਾਂ ਦਾ, ਫ਼ਕਰ ਓਸ ਦੇ ਹੈਣ ਵਜ਼ੀਰ ਸਾਈਂ ।
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ ।
ਯਾਦ ਹੱਕ ਦੀ ਸਬਰ ਤਸਲੀਮ ਨਿਹਚਾ, ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ ।
ਫ਼ਕਰ ਕੁਲ ਜਹਾਨ ਦਾ ਆਸਰਾ ਹੈ, ਤਾਬਿਹ ਫ਼ਕਰ ਦੀ ਪੀਰ ਤੇ ਮੀਰ ਸਾਈਂ ।
ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ, ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ ।
ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ, ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ ।
ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ, ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ ।
(ਨਿਹਚਾ=ਯਕੀਨ, ਸੀਰ=ਸਾਂਝੇਦਾਰੀ, ਸਾਂਝ, ਥੇ=ਕਿੱਥੇ,ਕਿਹੜੀ ਥਾਂ)

255. ਨਾਥ

ਨਾਥ ਦੇਖ ਕੇ ਬਹੁਤ ਮਲੂਕ ਚੰਚਲ, ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾ ।
ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ, ਅਤੇ ਲਾਡਲਾ ਮਾਉਂ ਤੇ ਬਾਪ ਸੰਦਾ ।
ਕਿਸੇ ਦੁਖ ਤੋਂ ਰੁਸ ਕੇ ਉਠ ਆਇਆ, ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ ।
ਨਾਥ ਆਖਦਾ ਦੱਸ ਖਾਂ ਸੱਚ ਮੈਂਥੇ, ਤੂੰ ਹੈਂ ਕਿਹੜੇ ਦੁਖ ਫ਼ਕੀਰ ਹੁੰਦਾ ।
(ਅਹਿਲ ਤਬਾਅ=ਰੂਹ ਵਾਲਾ, ਹੁਸ਼ਨਾਕ=ਸ਼ੁਕੀਨ, ਧੰਦਾ=ਝਗੜਾ)

256. ਤਥਾ

ਇਹ ਜਗ ਮਕਾਮ ਫ਼ਨਾਹ ਦਾ ਹੈ, ਸੱਭਾ ਰੇਤ ਦੀ ਕੰਧ ਇਹ ਜੀਵਣਾ ਹੈ ।
ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ, ਅਜ਼ਰਾਈਲ ਨੇ ਪਾੜਣਾ ਸੀਵਣਾ ਹੈ ।
ਅੱਜ ਕਲ ਜਹਾਨ ਦਾ ਸਹਿਜ ਮੇਲਾ, ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ ।
ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ, ਲਖ ਆਬੇ-ਹਿਆਤ ਜੇ ਪੀਵਣਾ ਹੈ ।
257. ਤਥਾ

ਹੱਥ ਕੰਙਨਾ ਪਹੁੰਚੀਆਂ ਫਬ ਰਹੀਆਂ, ਕੰਨੀ ਛਣਕਦੇ ਸੁਹਣੇ ਬੁੰਦੜੇ ਨੇ ।
ਮੰਝ ਪਟ ਦੀਆਂ ਲੁੰਗੀਆਂ ਖੇਸ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ ।
ਸਿਰ ਕੁੱਚਕੇ ਬਾਰੀਆਂਦਾਰ ਛੱਲੇ, ਕੱਜਲ ਭਿੰਨੜੇ ਨੈਣ ਨਚੰਦੜੇ ਨੇ ।
ਖਾਣ ਪੀਣ ਪਹਿਰਨ ਸਿਰੋਂ ਮਾਪਿਆਂ ਦੇ, ਤੁਸਾਂ ਜਹੇ ਫ਼ਕੀਰ ਕਿਉਂ ਹੁੰਦੜੇ ਨੇ ।
(ਕੁੱਚਕੇ=ਛੋਟੇ ਕੁੰਡਲਦਾਰ ਵਾਲ, ਨਚੰਦੜੇ=ਨਚਦੇ)

258. ਤਥਾ

ਖ਼ਾਬ ਰਾਤ ਦਾ ਜੱਗ ਦੀਆਂ ਸਭ ਗੱਲਾਂ, ਧਨ ਮਾਲ ਨੂੰ ਮੂਲ ਨਾ ਝੂਰੀਏ ਜੀ ।
ਪੰਜ ਭੂਤ ਵਿਕਾਰ ਤੇ ਉਦਰ ਪਾਪੀ, ਨਾਲ ਸਬਰ ਸੰਤੋਖ ਦੇ ਪੂਰੀਏ ਜੀ ।
ਉਸ਼ਨ ਸੀਤ ਦੁਖ ਸੁਖ ਸਮਾਨ ਜਾਪੇ, ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ ।
ਭੂ ਆਤਮਾ ਵਸ ਰਸ ਕਸ ਤਿਆਗੇ, ਐਵੇਂ ਗੁਰੂ ਨੂੰ ਕਾਹਿ ਵਡੂਰੀਏ ਜੀ ।
(ਪੰਜ ਭੂਤ=1. ਅੱਗ, 2. ਪਾਣੀ, 3. ਮਿੱਟੀ, 4. ਹਵਾ, 5. ਅਕਾਸ਼,
ਇੰਨ੍ਹਾਂ ਵਿੱਚ ਖ਼ਰਾਬੀ ਨਾਲ ਵਿਕਾਰ ਜਾਂ ਖ਼ਰਾਬੀ ਪੈ ਜਾਂਦੀ ਹੈ, ਉਦਰ=ਪੇਟ,
ਉਸ਼ਨ=ਗਰਮੀ, ਸੀਤ=ਠੰਡ,ਸਰਦੀ, ਸਮਾਨ=ਬਰਾਬਰ, ਮਸ਼ਰੂ=ਰੇਸ਼ਮ,
ਮੁਸਲਮਾਨ ਸਰ੍ਹਾ ਵਿਚ ਰੇਸ਼ਮ ਪਹਿਨਣਾ ਮਨ੍ਹਾ ਹੈ ਪਰ ਉਸ ਵਿੱਚ ਕੁੱਝ
ਸੂਤੀ ਧਾਗੇ ਪਾ ਲਏ ਜਾਂਦੇ ਹਨ ।ਏਥੇ ਰੇਸ਼ਮ, ਗਰਮ ਭੂਰਾ ਅਤੇ ਸ਼ਾਲ ਨੂੰ
ਬਰਾਬਰ ਜਾਂ ਇੱਕ ਸਮਾਨ ਜਾਨਣ ਵੱਲ ਇਸ਼ਾਰਾ ਹੈ, ਵਸ, ਰਸ, ਕਸ=
ਦੁਖ ਸੁਖ, ਵਡੂਰੀਏ=ਬਦਨਾਮ ਕਰਨਾ)

259. ਤਥਾ

ਭੋਗ ਭੋਗਣਾ ਦੁਧ ਤੇ ਦਹੀਂ ਪੀਵੇਂ, ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈਂ ।
ਖਰੀ ਕਠਨ ਹੈ ਫ਼ਕਰ ਦੀ ਵਾਟ ਝਾਗਣ, ਮੂੰਹੋਂ ਆਖ ਕੇ ਕਾਹ ਵਿਗੋਵਨਾ ਹੈਂ ।
ਵਾਹੇਂ ਵੰਝਲੀ ਤਰੀਮਤਾਂ ਨਿਤ ਘੂਰੇਂ, ਗਾਈਂ ਮਹੀਂ ਵਿਲਾਇਕੇ ਚੋਵਨਾ ਹਂੈ ।
ਸੱਚ ਆਖ ਜੱਟਾ ਕਹੀ ਬਣੀ ਤੈਨੂੰ, ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ ।
(ਭੋਗ ਭੋਗਣਾ=ਸੁਆਦ ਮਾਨਣੇ, ਵਾਟ=ਰਾਹ, ਝਾਗਣਾ=ਤੁਰਨਾ, ਵਿਗੋਵਨਾ=
ਨਾਸ ਕਰਨਾ)

260. ਰਾਂਝਾ

ਜੋਗੀ ਛੱਡ ਜਹਾਨ ਫ਼ਕੀਰ ਹੋਏ, ਏਸ ਜੱਗ ਵਿੱਚ ਬਹੁਤ ਖ਼ਵਾਰੀਆਂ ਨੇ ।
ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ, ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ ।
ਉਹ ਪੁਰਖ ਨਿਰਬਾਣ ਪਦ ਜਾ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ ।
ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਊ ਤੇ ਘੁੰਡੀਆਂ ਚਾੜ੍ਹੀਆਂ ਨੇ ।
ਏਸ ਜਟ ਗ਼ਰੀਬ ਨੂੰ ਤਾਰ ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ ।
ਵਾਰਿਸ ਸ਼ਾਹ ਮੀਆਂ ਰਬ ਸ਼ਰਮ ਰੱਖੇ, ਜੱਗ ਵਿੱਚ ਮਸੀਬਤਾਂ ਭਾਰੀਆਂ ਨੇ ।
(ਨਿਰਬਾਣ=ਨਿਰਵਾਣ, ਮੁਕਤੀ, ਜੀਊ ਤੇ ਘੁੰਢੀਆਂ ਚਾੜ੍ਹੀਆਂ=ਨਾਰਾਜ਼ਗੀ)

261. ਨਾਥ

ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆਂ, ਖਰੀ ਕਠਨ ਹੈ ਜੋਗ ਮੁਹਿੰਮ ਮੀਆਂ ।
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਘੋਲ ਕੇ ਪੀਵਣੀ ਨਿੰਮ ਮੀਆਂ ।
'ਜਹਾਂ ਸੁਨ ਸਮਾਧ ਕੀ ਮੰਡਲੀ ਹੈ,' ਅਤੇ ਝੂਟਣਾ ਹੈ ਰਿੰਮ ਝਿੰਮ ਮੀਆਂ ।
ਤਹਾਂ ਭਸਮ ਲਗਾਇਕੇ ਭਸਮ ਹੋਣਾ, ਪੇਸ਼ ਜਾਏ ਨਾਹੀਂ ਗਰਬ ਡਿੰਮ੍ਹ ਮੀਆਂ ।
(ਗਰਬ=ਗ਼ਰੂਰ, ਡਿੰਮ੍ਹ=ਫ਼ਰੇਬ,ਪਖੰਡ)

262. ਰਾਂਝਾ

ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ, ਸ਼ੌਕ ਜਾਗਿਆ ਹਰਫ਼ ਨਗੀਨਿਆਂ ਦੇ ।
ਏਸ ਜੋਗ ਦੇ ਪੰਥ ਵਿੱਚ ਆ ਵੜਿਆਂ, ਛੁਪਨ ਐਬ ਸਵਾਬ ਕਮੀਨਿਆਂ ਦੇ ।
ਹਿਰਸ ਅੱਗ ਤੇ ਸਬਰ ਦਾ ਪਵੇ ਪਾਣੀ, ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ ।
ਹਿਕ ਫ਼ਕਰ ਹੀ ਰਬ ਦੇ ਰਹਿਣ ਸਾਬਤ, ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ ।
ਤੇਰੇ ਦਵਾਰ ਤੇ ਆਣ ਮੁਹਤਾਜ ਹੋਏ, ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ ।
ਤੇਰਾ ਹੋਇ ਫ਼ਕੀਰ ਮੈਂ ਨਗਰ ਮੰਗਾਂ, ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ ।
(ਸਵਾਬ=ਪੁੰਨ, ਹਿਰਸ=ਲਾਲਚ,ਤਮ੍ਹਾਂ, ਅਹਿਲ ਖਜ਼ੀਨਾ=ਖਜ਼ਾਨੇ ਦੇ ਮਾਲਕ,
ਰੋਜ਼ੀਨਾ=ਇੱਕ ਦਿਨ ਦੀ ਮਜ਼ਦੂਰੀ)

263. ਨਾਥ

ਏਸ ਜੋਗ ਦੇ ਵਾਇਦੇ ਬਹੁਤ ਔਖੇ, ਨਾਦ ਅਨਹਤ ਤੇ ਸੁੰਨ ਵਜਾਵਣਾ ਵੋ ।
ਜੋਗੀ ਜੰਗਮ ਗੋਦੜੀ ਜਟਾ ਧਾਰੀ, ਮੁੰਡੀ ਨਿਰਮਲਾ ਭੇਖ ਵਟਾਵਣਾ ਵੋ ।
ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ, ਦਸਵੇਂ ਦਵਾਰ ਹੈ ਸਾਸ ਚੜ੍ਹਾਵਣਾ ਵੋ ।
ਜੰਮੇ ਆਏ ਦਾ ਹਰਖ਼ ਤੇ ਸੋਗ ਛੱਡੇ, ਨਹੀਂ ਮੋਇਆਂ ਗਿਆਂ ਪਛੋਤਾਵਣਾ ਵੋ ।
ਨਾਉਂ ਫ਼ਕਰ ਦਾ ਬਹੁਤ ਆਸਾਨ ਲੈਣਾ, ਖਰਾ ਕਠਨ ਹੈ ਜੋਗ ਕਮਾਵਣਾ ਵੋ ।
ਧੋ ਧਾਇਕੇ ਜਟਾਂ ਨੂੰ ਧੂਪ ਦੇਣਾ, ਸਦਾ ਅੰਗ ਬਿਭੂਤ ਰਮਾਵਣਾ ਵੋ ।
ਉਦਿਆਨ ਵਾਸੀ ਜਤੀ ਸਤੀ ਜੋਗੀ, ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ ।
ਲਖ ਖ਼ੂਬਸੂਰਤ ਪਰੀ ਹੂਰ ਹੋਵੇ, ਜ਼ਰਾ ਜੀਊ ਨਾਹੀਂ ਭਰਮਾਵਣਾ ਵੋ ।
ਕੰਦ ਮੂਲ ਤੇ ਪੋਸਤ ਅਫੀਮ ਬਿਜਿਆ, ਨਸ਼ਾ ਖਾਇਕੇ ਮਸਤ ਹੋ ਜਾਵਣਾ ਵੋ ।
ਜਗ ਾਂਬ ਖਿਆਲ ਹੈ ਸੁਪਨ ਮਾਤਰ, ਹੋ ਕਮਲਿਆਂ ਹੋਸ਼ ਭੁਲਾਵਣਾ ਵੋ ।
ਘੱਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ, ਬੀਨ ਕਿੰਗ ਤੇ ਸੰਖ ਵਜਾਵਣਾ ਵੋ ।
ਜਗਨ ਨਾਥ ਗੋਦਾਵਰੀ ਗੰਗ ਜਮਨਾ, ਸਦਾ ਤੀਰਥਾਂ ਤੇ ਜਾ ਨ੍ਹਾਵਣਾ ਵੋ ।
ਮੇਲੇ ਸਿੱਧਾਂ ਦੇ ਖੇਲਣਾਂ ਦੇਸ ਪੱਛਮ, ਨਵਾਂ ਨਾਥਾਂ ਦਾ ਦਰਸ਼ਨ ਪਾਵਣਾ ਵੋ ।
ਕਾਮ ਕਰੋਧ ਤੇ ਲੋਭ ਹੰਕਾਰ ਮਾਰਨ, ਜੋਗੀ ਖ਼ਾਕ ਦਰ ਖ਼ਾਕ ਹੋ ਜਾਵਣਾ ਵੋ ।
ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ, ਤੈਨੂੰ ਔਖ਼ੜਾ ਜੋਗ ਕਮਾਵਣਾ ਵੋ ।
ਵਾਰਿਸ ਜੋਗ ਹੈ ਕੰਮ ਨਿਰਾਸਿਆਂ ਦਾ ,ਤੁਸਾਂ ਜੱਟਾਂ ਕੀ ਜੋਗ ਥੋਂ ਪਾਵਣਾ ਵੋ ।
(ਅਨਹਤ ਨਾਦ=ਬਿਨਾ ਫੂਕ ਮਾਰੇ ਵੱਜਣ ਵਾਲਾ ਨਰਸਿੰਗਾ, ਜੰਗਮ=ਘੰਟੀ
ਵਜਾਉਣ ਵਾਲੇ, ਮੁੰਡੀ=ਘੋਨ ਮੋਨ, ਨਿਰਮਲਾ=ਸਾਧਾਂ ਦਾ ਇੱਕ ਪੰਥ, ਹਰਖ=
ਖ਼ੁਸ਼ੀ, ਉਦਿਆਨ ਵਾਸੀ=ਸ਼ਹਿਰ ਤੋਂ ਦੂਰ ਜੰਗਲ ਵਿੱਚ ਡੇਰਾ ਲਾਉਣ ਵਾਲੇ,
ਰਮਾਵਣਾ=ਲਾਉਣਾ, ਕੰਦ ਮੂਲ=ਜੜ੍ਹਾਂ ਆਦਿ, ਬਿਜਿਆ=ਭੰਗ,ਸੁੱਖਾ,
ਨਿਰਾਸੇ=ਬੇਆਸੇ,ਨਾਉਮੀਦ)

264. ਰਾਂਝਾ

ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ, ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ ।
ਜਿਹੜਾ ਆਸ ਕਰਕੇ ਡਿੱਗੇ ਆਣ ਦਵਾਰੇ, ਜੀਊ ਓਸ ਦਾ ਚਾ ਨਾ ਤੋੜੀਏ ਜੀ ।
ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ, ਪਾਰ ਲਾਈਏ ਵਿੱਚ ਨਾ ਬੋੜੀਏ ਜੀ ।
ਵਾਰਿਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ, ਮਿਹਰ ਓਸ ਥੋਂ ਨਾ ਵਿਛੋੜੀਏ ਜੀ ।
(ਜੈਂਦਾ=ਜਿਸਦਾ, ਦਵਾਰੇ ਆ ਡਿੱਗੇ=ਦਰ ਤੇ ਆ ਕੇ ਬੇਨਤੀ ਕਰੇ)

265. ਨਾਥ

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫ਼ਸ ਮਾਰਨਾ ਕੰਮ ਭੁਜੰਗਿਆਂ ਦਾ ।
ਛੱਡ ਜ਼ਰਾਂ ਤੇ ਹੁਕਮ ਫ਼ਕੀਰ ਹੋਵਣ, ਇਹ ਕੰਮ ਹੈ ਮਾਹਣੂੰਆਂ ਚੰਗਿਆਂ ਦਾ ।
ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ, ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ ।
ਜਿਹੜੇ ਮਰਨ ਸੋ ਫ਼ਕਰ ਥੀਂ ਹੋ ਵਾਕਿਫ਼, ਨਹੀਂ ਕੰਮ ਇਹ ਮਰਨ ਥੀਂ ਸੰਗਿਆਂ ਦਾ ।
ਏਥੇ ਥਾਂ ਨਾਹੀਂ ਅੜਬੰਗਿਆਂ ਦਾ, ਫ਼ਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ ।
ਸ਼ੌਕ ਮਿਹਰ ਤੇ ਸਿਦਕ ਯਕੀਨ ਬਾਝੋਂ, ਕੇਹਾ ਫ਼ਾਇਦਾ ਟੁਕੜਿਆਂ ਮੰਗਿਆਂ ਦਾ ।
ਵਾਰਿਸ ਸ਼ਾਹ ਜੋ ਇਸ਼ਕ ਦੇ ਰੰਗ ਰੱਤੇ, ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ ।
(ਨਫ਼ਸ=ਹਉਮੈ,ਭੈੜਾ ਮਨ, ਭੁਜੰਗੀ=ਸੱਪ,ਕਾਲਾ ਨਾਗ਼, ਮਾਹਣੂੰਆਂ=ਮਰਦਾਂ, ਤੇਗ਼=
ਤਲਵਾਰ, ਅੜਬੰਗੇ=ਅੜਬ, ਕੁੰਦੀ=ਕਪੜਿਆਂ ਦੇ ਵੱਟ ਕੱਢਣ ਵਾਲਾ ਜੰਤਰ)

266. ਤਥਾ

ਜੋਗ ਕਰੇ ਸੋ ਮਰਨ ਥੀਂ ਹੋਇ ਅਸਥਿਰ, ਜੋਗ ਸਿੱਖੀਏ ਸਿਖਣਾ ਆਇਆ ਈ ।
ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ, ਇਹ ਹੀ ਜੋਗੀਆਂ ਦਾ ਫ਼ਰਮਾਇਆ ਈ ।
ਨਾਲ ਸਿਦਕ ਯਕੀਨ ਦੇ ਬੰਨ੍ਹ ਤਕਵਾ, ਧੰਨੇ ਪੱਥਰੋਂ ਰੱਬ ਨੂੰ ਪਾਇਆ ਈ ।
ਸੰਸੇ ਜੀਊ ਮਲੀਨ ਦੇ ਨਸ਼ਟ ਕੀਤੇ, ਤੁਰਤ ਗੁਰੂ ਨੇ ਰੱਬ ਵਿਖਾਇਆ ਈ ।
ਬੱਚਾ ਸੁੰਨ ਜੋ ਵਿੱਚ ਕਲਬੂਤ ਖ਼ਾਕੀ, ਸੱਚੇ ਰੱਬ ਨੇ ਥਾਉਂ ਬਣਾਇਆ ਈ ।
ਵਾਰਿਸ ਸ਼ਾਹ ਮੀਆਂ 'ਹਮਾਂ ਓਸਤ' ਜਾਪੇ, ਸਰਬ-ਮਈ ਭਗਵਾਨ ਨੂੰ ਪਾਇਆ ਈ ।
(ਅਸਥਿਰ=ਪੱਕੇ ਪੈਰੀਂ, ਤਕਵਾ=ਪਰਹੇਜ਼ਗਾਰੀ, ਸੰਸੇ=ਫ਼ਿਕਰ,ਸ਼ਕ,
ਮਲੀਨ=ਗੰਦਾ, ਨਸ਼ਟ=ਖਤਮ, ਹਮਾਂ ਓਸਤ=ਉਹ (ਰੱਬ) ਸਭ ਕੁੱਝ ਹੈ)

267. ਤਥਾ

ਮਾਲਾ ਮਣਕਿਆਂ ਵਿੱਚ ਜਿਉਂ ਇੱਕ ਧਾਗਾ, ਤਿਵੇਂ ਸਰਬ ਕੇ ਬੀਚ ਸਮਾਇ ਰਹਿਆ ।
ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ, ਨਸ਼ਾ ਭੰਗ ਅਫੀਮ ਵਿੱਚ ਆਇ ਰਹਿਆ ।
ਜਿਵੇਂ ਪੱਤਰੀਂ ਮਹਿੰਦੀਉਂ ਰੰਗ ਰਚਿਆ, ਤਿਵੇਂ ਜਾਨ ਜਹਾਨ ਵਿੱਚ ਆਇ ਰਹਿਆ ।
ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ, ਤਿਵੇਂ ਜੋਤ ਮੇਂ ਜੋਤ ਸਮਾਇ ਰਹਿਆ ।
ਰਾਂਝਾ ਬੰਨ੍ਹ ਕੇ ਖਰਚ ਹੈ ਮਗਰ ਲੱਗਾ, ਜੋਗੀ ਆਪਣਾ ਜ਼ੋਰ ਸਭ ਲਾਇ ਰਹਿਆ ।
ਤੇਰੇ ਦਵਾਰ ਜੋਗਾ ਹੋ ਰਹਿਆ ਹਾਂ ਮੈਂ, ਜੱਟ ਜੋਗੀ ਨੂੰ ਗਿਆਨ ਸਮਝਾਇ ਰਹਿਆ ।
ਵਾਰਿਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ, ਦੀਨ ਦੁਨੀ ਦੇ ਕੰਮ ਥੀਂ ਜਾਇ ਰਹਿਆ ।
(ਸਰਬ=ਸਾਰਿਆਂ, ਪੱਤਰੀਂ=ਪੱਤਿਆਂ ਵਿੱਚ, ਰਕਤ=ਲਹੂ, ਖਰਚ ਬੰਨ੍ਹ ਕੇ=ਪੱਕੇ
ਇਰਾਦੇ ਨਾਲ)

268. ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਚੇਲਿਆਂ ਦੇ ਤਾਅਨੇ

ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ, ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ ।
ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ, ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ ।
ਦੇਖ ਸੁਹਣਾ ਰੂਪ ਜਟੇਟੜੇ ਦਾ, ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ ।
ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ, ਮੱਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੀ ।
ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ, ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ ।
ਵਾਰਿਸ ਸ਼ਾਹ ਖੁਸ਼ਾਮਦ ਏ ਸੁਹਣਿਆਂ ਦੀ, ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ ।
(ਸਾਣ ਚੜ੍ਹਾਕੇ=ਤਿੱਖੀ ਕਰਕੇ, ਨਿਰਵਾਰ=ਫ਼ਰਕ,ਵਖ ਵਖ ਕਰਨਾ, ਖੁਸ਼ਾਮਦ=
ਚਾਪਲੂਸੀ)

269. ਨਾਥ ਦਾ ਚੇਲਿਆਂ ਨੂੰ ਉੱਤਰ

ਗ਼ੀਬਤ ਕਰਨ ਬੇਗਾਨੜੀ ਤਾਇਤ ਔਗੁਣ, ਸੱਤੇ ਆਦਮੀ ਇਹ ਗੁਨ੍ਹਾਗਾਰ ਹੁੰਦੇ ।
ਚੋਰ ਕਿਰਤਘਣ ਚੁਗ਼ਲ ਤੇ ਝੂਠ-ਬੋਲੇ, ਲੂਤੀ ਲਾਵਣਾ ਸੱਤਵਾਂ ਯਾਰ ਹੁੰਦੇ ।
ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਬਹਿਣਾ, ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ ।
ਵਾਰਿਸ ਜਿਨ੍ਹਾਂ ਉਮੀਦ ਨਾ ਤਾਂਗ ਕਾਈ, ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ ।
(ਗ਼ੀਬਤ=ਚੁਗ਼ਲੀ,ਨਿੰਦਾ, ਤਾਇਤ=ਤਾਬੇਦਾਰੀ,ਕਿਰਤਘਣ=ਕਿਸੇ ਦੇ ਕੀਤੇ
ਨੂੰ ਭੁਲ ਜਾਣ ਵਾਲਾ, ਅਸਾਂ ਜੋਗ ਨੂੰ ਗਲ ਨਹੀਂ ਬੰਨ੍ਹ ਰੱਖਣਾ=ਮੈਂ ਜੋਗ ਤੁਹਾਨੂੰ
ਹੀ ਦੇ ਦੇਣਾ ਹ, ਆਪਣੇ ਕੋਲ ਨਹੀਂ ਰਖੀ ਰੱਖਣਾ)

270. ਚੇਲਿਆਂ ਨੇ ਗ਼ੁੱਸਾ ਕਰਨਾ

ਰਲ ਚੇਲਿਆਂ ਕਾਵਸ਼ਾਂ ਕੀਤੀਆਂ ਨੇ, ਬਾਲ ਨਾਥ ਨੂੰ ਪਕੜ ਪਥੱਲਿਉ ਨੇ ।
ਛੱਡ ਦਵਾਰ ਉਖਾੜ ਭੰਡਾਰ ਚੱਲੇ, ਜਾ ਰੰਦ ਤੇ ਵਾਟ ਸਭ ਮਲਿਉ ਨੇ ।
ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ, ਮੋੜ ਗੋਦੜੀ ਨਾਥ ਥੇ ਘਲਿਉ ਨੇ ।
ਵਾਰਿਸ ਰਬ ਬਖ਼ੀਲ ਨਾ ਹੋਏ ਮੇਰਾ, ਚਾਰੇ ਰਾਹ ਨਸੀਬ ਦੇ ਮਲਿਉ ਨੇ ।
(ਕਾਵਸ਼ਾਂ=ਦੁਸ਼ਮਣੀ, ਦਵਾਰ ਉਖਾੜ ਭੰਡਾਰ ਚਲੇ=ਡੇਰਾ ਛੱਡ ਕੇ ਤੁਰ
ਚੱਲੇ, ਰੰਦ=ਖੇਤਾਂ ਵਿੱਚੋਂ ਸਿੱਧਾ ਰਾਹ, ਬਖ਼ੀਲ=ਈਰਖਾਲੂ,ਕੰਜੂਸ)

271. ਰਾਂਝਾ

ਸੁੰਞਾ ਲੋਕ ਬਖ਼ੀਲ ਹੈ ਬਾਬ ਮੈਂਡੇ, ਮੇਰਾ ਰੱਬ ਬਖ਼ੀਲ ਨਾ ਲੋੜੀਏ ਜੀ ।
ਕੀਜੇ ਗ਼ੌਰ ਤੇ ਕੰਮ ਬਣਾ ਦਿੱਜੇ, ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ ।
ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ, ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ ।
ਕੋਈ ਕੰਮ ਗ਼ਰੀਬ ਦਾ ਕਰੇ ਜ਼ਾਇਆ, ਸਗੋਂ ਓਸ ਨੂੰ ਹਟਕੀਏ ਹੋੜੀਏ ਜੀ ।
ਬੇੜਾ ਲੱਦਿਆ ਹੋਵੇ ਮੁਸਾਫ਼ਰਾਂ ਦਾ, ਪਾਰ ਲਾਈਏ ਵਿੱਚ ਨਾ ਬੋੜੀਏ ਜੀ ।
ਜ਼ਿਮੀਂ ਨਾਲ ਨਾ ਮਾਰੀਏ ਫੇਰ ਆਪੇ, ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ ।
ਭਲਾ ਕਰਦਿਆਂ ਢਿਲ ਨਾ ਮੂਲ ਕਰੀਏ, ਕਿੱਸਾ ਤੂਲ ਦਰਾਜ਼ ਨਾ ਟੋਰੀਏ ਜੀ ।
ਵਾਰਿਸ ਸ਼ਾਹ ਯਤੀਮ ਦੀ ਗ਼ੌਰ ਕਰੀਏ, ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ ।
(ਸੁੰਞਾ ਲੋਕ=ਸਾਰੇ ਲੋਕ, ਬਾਬ ਮੈਂਡੇ=ਮੇਰੇ ਵਾਸਤੇ, ਤੂਲ ਦਰਾਜ਼=ਲੰਬਾ ਚੌੜਾ,
ਹੱਥ ਜੋੜੀਏ=ਮਦਦ ਕਰੀਏ)

272. ਨਾਥ

ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ, ਬੁਰੀਆਂ ਚੁਗ਼ਲੀਆਂ ਧ੍ਰੋਹ ਬਖ਼ੀਲੀਆਂ ਵੋ ।
ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ, ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ ।
ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੋ ।
ਗੁਰੂ ਦਬਕਿਆ ਮੁੰਦਰਾਂ ਝੱਬ ਲਿਆਉ, ਛੱਡ ਦੇਹੋ ਗੱਲਾਂ ਅਣਖੀਲੀਆਂ ਵੋ ।
ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ, ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ ।
ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ, ਕਢ ਅੱਖੀਆਂ ਨੀਲੀਆਂ ਪੀਲੀਆਂ ਵੋ ।
(ਕਾਵਸ਼=ਦੁਸ਼ਮਣੀ,ਵੈਰ, ਜ਼ੁਹਦ=ਪਰਹੇਜ਼ਗਾਰੀ)

273. ਚੇਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ

ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ, ਜਾਇ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ ।
ਸੱਭਾ ਤਿੰਨ ਸੌ ਸੱਠ ਜਾਂ ਭਵੇਂ ਤੀਰਥ, ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ ।
ਨਵੇਂ ਨਾਥ ਬਵੰਜੜਾ ਬੀਰ ਆਏ, ਚੌਂਸਠ ਜੋਗਨਾਂ ਨਾਲ ਰਸੀਲੀਆਂ ਨੇ ।
ਛੇ ਜਤੀ ਤੇ ਦਸੇ ਅਵਤਾਰ ਆਏ, ਵਿੱਚ ਆਬੇ ਹਿਆਤ ਦੇ ਝੀਲੀਆਂ ਨੇ ।
(ਮੇਲੀਆਂ=ਇਕੱਠੀਆਂ ਕੀਤੀਆਂ, ਵਾਚ ਕੇ=ਪੜ੍ਹ ਕੇ, ਨਵੇਂ=ਨੌਂ, ਬਵੰਜੜਾ=
ਬਵੰਜਾ, ਚੌਂਸਠ ਜੋਗਨੀ=ਦੁਰਗਾ ਦੇਵੀ ਦੀਆਂ ਚੌਂਹਟ ਸਹੇਲੀਆਂ, ਦਸ ਅਵਤਾਰ=
ਵਿਸ਼ਨੂੰ ਦੇ ਦਸ ਅਵਤਾਰ ਇਹ ਹਨ:-1. ਰਾਮ, 2. ਕ੍ਰਿਸ਼ਨ, 3. ਬੁਧ, 4. ਨਰ
ਸਿੰਘ, 5.ਵਾਮਨ, 6. ਮੱਛ, 7. ਕੱਛਪ, 8. ਬਰ੍ਹਾ, 9. ਪਰਸ ਰਾਮ 10. ਕਲਕੀ)

274. ਚੇਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰਦਰਾਂ ਲਿਆਂਦੀਆਂ

ਦਿਨ ਚਾਰ ਬਣਾਇ ਸੁਕਾਇ ਮੁੰਦਰਾਂ, ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ ।
ਗ਼ੁੱਸੇ ਨਾਲ ਵਿਗਾੜ ਕੇ ਗੱਲ ਸਾਰੀ, ਡਰਦੇ ਗੁਰੂ ਥੀਂ ਚਾ ਸਵਾਰਿਆ ਨੇ ।
ਜ਼ੋਰਾਵਰਾਂ ਦੀ ਗੱਲ ਹੈ ਬਹੁਤ ਮੁਸ਼ਕਲ, ਜਾਣ ਬੁਝ ਕੇ ਬਦੀ ਵਿਸਾਰਿਆ ਨੇ ।
ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ, ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ ।
ਘੁਟ ਵਟ ਕੇ ਕਰੋਧ ਨੂੰ ਛਮਾ ਕੀਤਾ, ਕਾਈ ਮੋੜ ਕੇ ਗੱਲ ਨਾ ਸਾਰਿਆ ਨੇ ।
ਲਿਆਇ ਉਸਤਰਾ ਗੁਰੂ ਦੇ ਹੱਥ ਦਿੱਤਾ, ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ ।
ਵਾਰਿਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ, ਲਖ ਵੈਰੀਆਂ ਧਕ ਕੇ ਮਾਰਿਆ ਨੇ ।
(ਨਜ਼ਰ ਗੁਜ਼ਾਰਿਆ=ਬਾਲ ਨਾਥ ਨੂੰ ਪੇਸ਼ ਕੀਤੀਆਂ, ਛਮਾ ਕੀਤਾ=ਮੁਆਫ ਕੀਤਾ,
ਨਰਦਾਂ=ਕੌਡੀਆਂ, ਬਾਜ਼ੀ=ਸ਼ਤਰੰਜ, ਫੇਟੀ=ਧੱਕਾ, ਊਠ ਅਤੇ ਘੋੜੇ ਦੇ ਪੇਟ ਦਾ ਰੋਗ
ਜਿਹਦੇ ਨਾਲ ਉਹ ਮਰ ਜਾਂਦੇ ਹਨ, ਛਿਲ ਕੇ ਤੀਲੇ=ਪਿਛਲੇ ਜ਼ਮਾਨੇ ਵਿੱਚ ਦੁੱਧ ਵਿੱਚ
ਰਲਾਏ ਪਾਣੀ ਨੂੰ ਦੇਖਣ ਲਈ, ਕਾਨੇ ਨੂੰ ਛਿਲ ਕੇ ਜੋ ਗੁੱਦਾ ਅੰਦਰੋਂ ਨਿਕਲੇ ਉਹਦੀਆਂ
ਲੰਬੀਆਂ ਲੰਬੀਆਂ ਨਲਕੀਆਂ ਦੁੱਧ ਵਿੱਚ ਲਟਕਾ ਦਿੰਦੇ ਅਤੇ ਦੁੱਧ ਵਿੱਚੋਂ ਪਾਣੀ ਗੁੱਦੇ
ਵਿੱਚ ਚੜ੍ਹ ਜਾਂਦਾ)

275. ਬਾਲ ਨਾਥ ਨੇ ਰਾਂਝੇ ਨੂੰ ਜੋਗ ਦੇਣਾ

ਬਾਲ ਨਾਥ ਨੇ ਸਾਮ੍ਹਣੇ ਸੱਦ ਧੀਦੋ, ਜੋਗ ਦੇਣ ਨੂੰ ਪਾਸ ਬਹਾਲਿਆ ਸੂ ।
ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ, ਸੱਭੋ ਕੋੜਮੇ ਦਾ ਨਾਉਂ ਗਾਲਿਆ ਸੂ ।
ਕੰਨ ਪਾੜਕੇ ਝਾੜ ਕੇ ਲੋਭ ਬੋਦੇ, ਇੱਕ ਪਲਕ ਵਿੱਚ ਮੁੰਨ ਵਿਖਾਲਿਆ ਸੂ ।
ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ, ਜਾਪੇ ਦੁਧ ਪਵਾ ਕੇ ਪਾਲਿਆ ਸੂ ।
ਛਾਰ ਅੰਗ ਰਮਾਇ ਸਿਰ ਮੁੰਨ ਅੱਖੀਂ, ਪਾ ਮੁੰਦਰਾਂ ਚਾ ਨਵਾਲਿਆ ਸੂ ।
ਖ਼ਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ, ਰਾਂਝਾ ਜੋਗੀੜਾ ਸਾਰ ਵਿਖਾਲਿਆ ਸੂ ।
ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂੰ, ਜਟ ਫੇਰ ਮੁੜ ਭੰਨ ਕੇ ਗਾਲਿਆ ਸੂ ।
(ਕੰਨ ਪਾੜਣ=ਕੰਨ ਪਾੜਣ ਨਾਲ ਕਾਮੁਕ ਰੀਝਾਂ ਜਾਂਦੀਆਂ ਲਗਦੀਆਂ ਹਨ,
ਜਨਣੀ=ਮਾਂ, ਛਾਰ=ਸੁਆਹ, ਨਵਾਲਿਆ ਸੂ=ਬਖਸ਼ਸ਼ ਕੀਤੀ, ਸਾਰ ਵਖਾਲਿਆ=
ਆਪਣੀ ਸ਼ਰਨ ਵਿੱਚ ਲੈ ਲਿਆ)

276. ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ

ਦਿੱਤੀ ਦੀਖਿਆ ਰਬ ਦੀ ਯਾ ਦੱਸੀ, ਗੂਰ ਜੋਗ ਦੇ ਭੇਤ ਨੂੰ ਪਾਈਏ ਜੀ ।
ਨਹਾ ਧੋਇ ਪ੍ਰਭਾਤ ਵਿਭੂਤ ਮਲੀਏ, ਚਾਇ ਕਿਸਵਤ ਅੰਗ ਵਟਾਈਏ ਜੀ ।
ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ, ਪਹਿਲੇ ਰੱਬ ਦਾ ਨਾਉਂ ਧਿਆਈਏ ਜੀ ।
ਨਗਰ ਅਲਖ ਜਗਾਇਕੇ ਜਾ ਵੜੀਏ, ਪਾਪ ਜਾਣ ਜੇ ਨਾਦ ਵਜਾਈਏ ਜੀ ।
ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ, ਦਈਏ ਦੁਆ ਅਸੀਸ ਸੁਣਾਈਏ ਜੀ ।
ਇਸੀ ਭਾਂਤ ਸੋਂ ਨਗਰ ਦੀ ਭੀਖ ਲੈ ਕੇ, ਮਸਤ ਲਟਕਦੇ ਦਵਾਰ ਕੋ ਆਈਏ ਜੀ ।
ਵੱਡੀ ਮਾਉਂ ਹੈ ਜਾਣ ਕੇ ਕਰੋ ਨਿਸਚਾ, ਛੋਟੀ ਭੈਣ ਮਿਸਾਲ ਕਰਾਈਏ ਜੀ ।
ਵਾਰਿਸ ਸ਼ਾਹ ਯਕੀਨ ਦੀ ਕੁਲ੍ਹਾ ਪਹਿਦੀ, ਸਭੋ ਸੱਤ ਹੈ ਸੱਤ ਠਹਿਰਾਈਏ ਜੀ ।
(ਪ੍ਰਭਾਤ=ਸਵੇਰੇ, ਕਿਸਵਤ=ਕੱਪੜੇ,ਪੋਸ਼ਾਕ, ਕੁਲ੍ਹਾ=ਕੁੱਲਾ, ਟੋਪੀ)

277. ਰਾਂਝਾ ਨਾਥ ਅੱਗੇ ਵਿਟਰ ਗਿਆ

ਰਾਂਝਾ ਆਖਦਾ ਮਗਰ ਨਾ ਪਵੋ ਮੇਰੇ, ਕਦੀ ਕਹਿਰ ਦੇ ਵਾਕ ਹਟਾਈਏ ਜੀ ।
ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ, ਗਲ ਘੁੱਟ ਕੇ ਚਾਇ ਲੰਘਾਈਏ ਜੀ ।
ਪਹਿਲੇ ਚੇਲਿਆਂ ਨੂੰ ਚਾ ਹੀਜ਼ ਕਰੀਏ, ਪਿੱਛੋਂ ਜੋਗ ਦੀ ਰੀਤ ਬਤਾਈਏ ਜੀ ।
ਇੱਕ ਵਾਰ ਜੋ ਦੱਸਣਾ ਦੱਸ ਛੱਡੋ, ਘੜੀ ਘੜੀ ਨਾ ਗੁਰੂ ਅਕਾਈਏ ਜੀ ।
ਕਰਤੂਤ ਜੇ ਏਹਾ ਸੀ ਸਭ ਤੇਰੀ, ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ ।
ਵਾਰਿਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ, ਕੋਈ ਭਲੀ ਹੀ ਮਤ ਸਿਖਾਈਏ ਜੀ ।
(ਹੀਜ਼=ਖੱਸੀ,ਹੀਜੜਾ)

278. ਨਾਥ

ਕਹੇ ਨਾਥ ਰੰਝੇਟਿਆ ਸਮਝ ਭਾਈ, ਸਿਰ ਚਾਇਉਈ ਜੋਗ ਭਰੋਟੜੀ ਨੂੰ ।
ਅਲਖ ਨਾਦ ਵਜਾਇਕੇ ਕਰੋ ਨਿਸਚਾ, ਮੇਲ ਲਿਆਵਣਾ ਟੁਕੜੇ ਰੋਟੜੀ ਨੂੰ ।
ਅਸੀਂ ਮੁਖ ਆਲੂਦ ਨਾ ਜੂਠ ਕਰੀਏ, ਚਾਰ ਲਿਆਵੀਏ ਆਪਣੀ ਖੋਤੜੀ ਨੂੰ ।
ਵਡੀ ਮਾਉਂ ਬਰਾਬਰ ਜਾਣਨੀ ਹੈ, ਅਤੇ ਭੈਣ ਬਰਾਬਰਾਂ ਛੋਟੜੀ ਨੂੰ ।
ਜਤੀ ਸਤੀ ਨਿਮਾਣਿਆਂ ਹੋ ਰਹੀਏ, ਸਾਬਤ ਰੱਖੀਏ ਏਸ ਲੰਗੋਟੜੀ ਨੂੰ ।
ਵਾਰਿਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ, ਵੱਢ ਦੂਰ ਕਰੀਂ ਏਸ ਬੋਟੜੀ ਨੂੰ ।
(ਭਰੋਟੜੀ=ਗੱਠੜੀ, ਮੇਲ ਲਿਆਉਣਾ=ਮੰਗ ਲਿਆਉਣਾ, ਆਲੂਦ=ਗੰਦਾ,
ਜਤੀ=ਲਿੰਗ ਭੁਖ ਤੇ ਕਾਬੂ ਰੱਖਣ ਵਲਾ ਫ਼ਕੀਰ, ਸਤੀ=ਲੰਗੋਟੇ ਦਾ ਸਤ
ਕਾਇਮ ਰੱਖਣ ਵਾਲਾ)

279. ਰਾਂਝਾ

ਸਾਬਤ ਹੋਏ ਲੰਗੋਟੜੀ ਸੁਣੀਂ ਨਾਥਾ, ਕਾਹੇ ਝੁੱਗੜਾ ਚਾਇ ਉਜਾੜਦਾ ਮੈਂ ।
ਜੀਭ ਇਸ਼ਕ ਥੋਂ ਰਹੇ ਜੇ ਚੁਪ ਮੇਰੀ, ਕਾਹੇ ਐਡੜੇ ਪਾੜਣੇ ਪਾੜਦਾ ਮੈਂ ।
ਜੀਊ ਮਾਰ ਕੇ ਰਹਿਣ ਜੇ ਹੋਏ ਮੇਰਾ, ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ ।
ਏਸ ਜੀਊ ਨੂੰ ਨਢੜੀ ਮੋਹ ਲੀਤਾ, ਨਿੱਤ ਫ਼ਕਰ ਦਾ ਨਾਉਂ ਚਿਤਾਰਦਾ ਮੈਂ ।
ਜੇ ਤਾਂ ਮਸਤ ਉਜਾੜ ਵਿੱਚ ਜਾ ਬਹਿੰਦਾ, ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ ।
ਸਿਰ ਰੋੜ ਕਰਾਇ ਕਿਉਂ ਕੰਨ ਪਾਟਣ, ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ ।
ਜੇ ਮੈਂ ਜਾਣਦਾ ਹੱਸਣੋਂ ਮਨ੍ਹਾਂ ਕਰਨਾ, ਤੇਰੇ ਟਿੱਲੇ 'ਤੇ ਧਾਰ ਨਾ ਮਾਰਦਾ ਮੈਂ ।
ਜੇ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ, ਇਹ ਮੁੰਦਰਾਂ ਮੂਲ ਨਾ ਸਾੜਦਾ ਮੈਂ ।
ਇਕੇ ਕੰਨ ਸਵਾਰ ਦੇ ਫੇਰ ਮੇਰੇ, ਇੱਕੇ ਘਤੂੰ ਢਲੈਤ ਸਰਕਾਰ ਦਾ ਮੈਂ ।
ਹੋਰ ਵਾਇਦਾ ਫ਼ਿਕਰ ਨਾ ਕੋਈ ਮੈਂਥੇ, ਵਾਰਿਸ ਰਖਦਾ ਹਾਂ ਗ਼ਮ ਯਾਰ ਦਾ ਮੈਂ ।
(ਢਲੈਤ=ਸਿਪਾਹੀ,ਚੌਕੀਦਾਰ)

280. ਨਾਥ

ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ, ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ ।
ਉਹ ਛੱਡ ਤਕਸੀਰ ਮੁਆਫ਼ ਤੇਰੀ, ਜਿਹੜੀਆਂ ਪਿਛਲੀਆਂ ਸਫ਼ਾਂ ਨਖੋਰੀਆਂ ਵੋ ।
ਉਹ ਛੱਡ ਚਾਲੇ ਗੁਆਰਪੁਣੇ ਵਾਲੇ, ਚੁੰਨੀ ਪਾੜ ਕੇ ਘਤਿਉ ਮੋਰੀਆਂ ਵੋ ।
ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ, ਜਿਹੜੀਆਂ ਪਾੜੀਉਂ ਖੰਡ ਦੀਆਂ ਬੋਰੀਆਂ ਵੋ ।
ਜੋਇ ਰਾਹਕਾਂ ਜੋਤਰੇ ਲਾ ਦਿੱਤੇ, ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ ।
ਧੋ ਧਾਇ ਕੇ ਮਾਲਕਾਂ ਵਰਤ ਲਈਆਂ, ਜਿਹੜੀਆਂ ਚਾਟੀਆਂ ਕੀਤਿਉਂ ਖੋਰੀਆਂ ਵੋ ।
ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ, ਕੋਈ ਖਰਚੀਆਂ ਨਾਹੀਉਂ ਬੋਰੀਆਂ ਵੋ ।
ਛੱਡ ਸਭ ਬੁਰਿਆਈਆਂ ਖ਼ਾਕ ਹੋ ਜਾ, ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ ।
ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ, ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ ।
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ ।
(ਸਫ਼ਾਂ ਨਘੋਰੀਆਂ=ਮਾੜੇ ਕੰਮ, ਰਾਹਕ=ਵਾਹਕ,ਹਲ ਵਾਹੁਣ ਵਾਲਾ ਕਿਰਸਾਨ,
ਖੋਰੀਆਂ=ਖੁਰਲੀਆਂ, ਬੋਰੀਆਂ=ਰਕਮਾਂ, ਸੋਰੀਆਂ=ਅਰਦਾਸ ਕਰਕੇ ਪਾਈਆਂ)

281. ਰਾਂਝਾ

ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ, ਸਾਥੋਂ ਇਹ ਨਾ ਵਾਇਦੇ ਹੋਵਣੇ ਨੀ ।
ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕੜੇ ਨਹੀਂ ਪਰੋਵਣੇ ਨੀ ।
ਐਵੇਂ ਕੰਨ ਪੜਾਇਕੇ ਖ਼ੁਆਰ ਹੋਏ, ਸਾਥੋਂ ਨਹੀਂ ਹੁੰਦੇ ਏਡੇ ਰੋਵਣੇ ਨੀ ।
ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੀ ।
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ, ਉਹ ਗੁਰੂ ਨਾ ਬੰਨ੍ਹ ਕੇ ਚੋਵਣੇ ਨੀ ।
ਹੱਸ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ, ਅਸਾਂ ਧੂੰਏਂ ਦੇ ਗੋਹੇ ਕਹੇ ਢੋਵਣੇ ਨੀ ।
ਵਾਰਿਸ ਸ਼ਾਹ ਕੀ ਜਾਣੀਏ ਅੰਤ ਆਖ਼ਰ, ਖੱਟੇ ਚੋਵਣੇ ਕਿ ਮਿੱਠੇ ਚੋਵਣੇ ਨੀ ।
(ਖਰਾ=ਬਹੁਤ, ਨਾੜੀਆਂ=ਹਰਨਾਲੀਆਂ, ਕਚਕੜੇ=ਕਚ ਦੇ ਮਣਕੇ, ਵਰਜਦੇ=
ਰੋਕਦੇ, ਖੱਟੇ=ਕੌੜੇ, ਮਿੱਠੇ=ਅਸੀਲ)

282. ਨਾਥ

ਛੱਡ ਯਾਰੀਆਂ ਚੋਰੀਆਂ ਦਗ਼ਾ ਜੱਟਾ ਬਹੁਤ ਔਖੀਆ ਇਹ ਫ਼ਕੀਰੀਆਂ ਨੀ ।
ਜੋਗ ਜਾਲਣਾ ਸਾਰ ਦਾ ਨਿਗਲਣਾ ਹੈ, ਇਸ ਜੋਗ ਵਿੱਚ ਬਹੁਤ ਜ਼ਹੀਰੀਆਂ ਨੀ ।
ਜੋਗੀ ਨਾਲ ਨਸੀਹਤਾਂ ਹੋ ਜਾਂਦੇ, ਜਿਵੇਂ ਉਠ ਦੇ ਨੱਕ ਨਕੀਰੀਆਂ ਨੀ ।
ਤੂੰਬਾ ਸਿਮਰਨਾ ਖੱਪਰੀ ਨਾਦ ਸਿੰਙੀ, ਚਿਮਟਾ ਭੰਗ ਨਲੀਏਰ ਜ਼ੰਜੀਰੀਆਂ ਨੀ ।
ਛਡ ਤਰੀਮਤਾਂ ਦੀ ਝਾਕ ਹੋਇ ਜੋਗੀ, ਫ਼ਕਰ ਨਾਲ ਜਹਾਨ ਕੀ ਸੀਰੀਆਂ ਨੀ ।
ਵਾਰਿਸ ਸ਼ਾਹ ਇਹ ਜਟ ਫ਼ਕੀਰ ਹੋਇਆ, ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ ।
(ਸਾਰ=ਲੋਹਾ, ਜ਼ਹੀਰੀ=ਔਖਿਆਈ, ਨਕੀਰੀ=ਨਕੇਲ, ਨਲੀਏਰ=ਨਾਰੀਅਲ,
ਸਿਮਰਨਾ=ਮਾਲਾ, ਝਾਕ=ਆਸ)

283. ਰਾਂਝਾ

ਸਾਨੂੰ ਜੋਗ ਦੀ ਰੀਝ ਤਦੋਕਣੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ ।
ਛਡ ਦੇਸ ਸ਼ਰੀਕ ਕਬੀਲੜੇ ਨੂੰ, ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ ।
ਰਲ ਹੀਰ ਦੇ ਨਾਲ ਸੀ ਉਮਰ ਜਾਲੀ, ਅਸਾਂ ਮਜ਼ੇ ਜਵਾਨੀ ਦੇ ਖ਼ੂਬ ਕੀਤੇ ।
ਹੀਰ ਛੱਤਿਆਂ ਨਾਲ ਮੈਂ ਮੱਸ ਭਿੰਨਾ, ਅਸਾਂ ਦੋਹਾਂ ਨੇ ਨਸ਼ੇ ਮਰਗ਼ੂਬ ਕੀਤੇ ।
ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ, ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ ।
ਦਿਹਾਂ ਕੰਡ ਦਿੱਤੀ ਭਵੀਂ ਬੁਰੀ ਸਾਇਤ, ਨਾਲ ਖੇੜਿਆਂ ਦੇ ਮਨਸੂਬ ਕੀਤੇ ।
ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ, ਇਹ ਵਾਇਦੇ ਆਣ ਮਤਲੂਬ ਕੀਤੇ ।
ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ, ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ ।
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ਼, ਨਾਅਰੇ ਦਰਦ ਦੇ ਬਹੁਤ ਯਾਕੂਬ ਕੀਤੇ ।
ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ, ਵਾਰਿਸ ਸ਼ਾਹ ਜਿਹੇ ਮਜਜ਼ੂਬ ਕੀਤੇ ।
(ਹਜੂਬ=ਪਰਦੇ, ਅਸਲੂਬ=ਤਰੀਕੇ,ਵਤੀਰਾ, ਨਸ਼ੇ ਮਰਗ਼ੂਬ ਕੀਤੇ=ਮੌਜਾਂ
ਮਾਣੀਆਂ, ਮਨਸੂਬ ਕੀਤੇ=ਮੰਗਣੀ ਕਰ ਦਿੱਤੀ, ਫਾਥੇ=ਫਸ ਗਏ, ਮਤਲੂਬ=
ਚਾਹ,ਮੰਗ, ਫਰਜ਼ੰਦ=ਪੁੱਤਰ, ਮਜਜ਼ੂਬ=ਰਬ ਦੇ ਧਿਆਨ ਵਿੱਚ ਡੁੱਬਾ ਚੁਪ
ਚਾਪ ਫ਼ਕੀਰ)

284. ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ

ਨਾਥ ਮੀਟ ਅੱਖਾਂ ਦਰਗਾਹ ਅੰਦਰ, ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ ।
ਦਰਗਾਹ ਲਾਉਬਾਲੀ ਹੈ ਹੱਕ ਵਾਲੀ, ਓਥੇ ਆਦਮੀ ਬੋਲਦਾ ਹੰਗਦਾ ਜੀ ।
ਜ਼ਿਮੀਂ ਅਤੇ ਅਸਮਾਨ ਦਾ ਵਾਰਿਸੀ ਤੂੰ, ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ ।
ਰਾਂਝਾ ਜੱਟ ਫ਼ਕੀਰ ਹੋ ਆਣ ਬੈਠਾ, ਲਾਹ ਆਸਰਾ ਨਾਮ ਤੇ ਨੰਗ ਦਾ ਜੀ ।
ਸਭ ਛੱਡੀਆਂ ਬੁਰਿਆਈਆਂ ਬੰਨ੍ਹ ਤਕਵਾ, ਨਾਹ ਆਸਰਾ ਸਾਕ ਤੇ ਅੰਗ ਦਾ ਜੀ ।
ਮਾਰ ਹੀਰ ਦੇ ਨੈਣਾਂ ਨੇ ਖ਼ੁਆਰ ਕੀਤਾ, ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ ।
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਅੰਗ ਪਤੰਗ ਦਾ ਜੀ ।
ਕੰਨ ਪਾੜ ਮੁਨਾਇਕੇ ਸੀਸ ਦਾੜ੍ਹੀ, ਪੀਏ ਬਹਿ ਪਿਆਲੜਾ ਭੰਗ ਦਾ ਜੀ ।
ਜੋਗੀ ਹੋ ਕੇ ਦੇਸ ਤਿਆਗ ਆਇਆ, ਰਿਜ਼ਕ ਰੋਹੀ ਜਿਉਂ ਕੂੰਜ ਕੁਲੰਗ ਦਾ ਜੀ ।
ਤੁਸੀਂ ਰੱਬ ਗ਼ਰੀਬ ਨਿਵਾਜ਼ ਸਾਹਿਬ, ਸਵਾਲ ਸੁਣਨਾ ਏਸ ਮਲੰਗ ਦਾ ਜੀ ।
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋ ਜੋਗੀ ਹੀਰ ਮੰਗਦਾ ਜੀ ।
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ, ਦਿਉ ਫ਼ਕਰ ਨੂੰ ਚਰਮ ਪਲੰਗ ਦਾ ਜੀ ।
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ, ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ ।
ਵਾਰਿਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ, ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਜੀ ।
(ਲਾਉਬਾਲੀ=ਬੇਪਰਵਾਹ, ਨੰਗ=ਸ਼ਰਮ ਹਿਆ, ਪਤੰਗ=ਪਤੰਗਾ,ਪਰਵਾਨਾ, ਕੁਲੰਗ=
ਲਮਢੀਂਗ, ਚਰਮ=ਖੱਲ, ਪਲੰਗ=ਚੀਤਾ, ਢੰਗ=ਪੈਖੜ ਜੋ ਰੁਕ ਰੁਕ ਕੇ ਚੱਲਣ ਲਈ
ਮਜਬੂਰ ਕਰਦਾ ਹੈ)

285. ਨਾਥ

ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ, ਬੱਚਾ ਜਾਹ ਤੇਰਾ ਕੰਮ ਹੋਇਆ ਈ ।
ਫਲ ਆਣ ਲੱਗਾ ਓਸ ਬੂਟੜੇ ਨੂੰ, ਜਿਹੜਾ ਵਿੱਚ ਦਰਗਾਹ ਦੇ ਬੋਇਆ ਈ ।
ਹੀਰ ਬਖਸ਼ ਦਿੱਤੀ ਸੱਚੇ ਰਬ ਤੈਨੂੰ, ਮੋਤੀ ਲਾਲ ਦੇ ਨਾਲ ਪਰੋਇਆ ਈ ।
ਚੜ੍ਹ ਦੌੜ ਕੇ ਜਿੱਤ ਲੈ ਖੇੜਿਆਂ ਨੂੰ, ਬੱਚਾ ਸਉਣ ਤੈਨੂੰ ਭਲਾ ਹੋਇਆ ਈ ।
ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ, ਜੋਗੀ ਤੁਰਤ ਤਿਆਰ ਵੀ ਹੋਇਆ ਈ ।
ਖੁਸ਼ੀ ਦੇ ਕੇ ਕਰੋ ਵਿਦਾ ਮੈਨੂੰ, ਹੱਥ ਬੰਨ੍ਹ ਕੇ ਆਣ ਖਲੋਇਆ ਈ ।
ਵਾਰਿਸ ਸ਼ਾਹ ਜਾਂ ਨਾਥ ਨੇ ਵਿਦਾ ਕੀਤਾ, ਟਿਲਿਉਂ ਉੱਤਰਦਾ ਪੱਤਰਾ ਹੋਇਆ ਈ ।
(ਸਉਣ=ਸ਼ਗਨ)

286. ਰਾਂਝਾ ਟਿੱਲੇ ਤੋ ਤੁਰ ਪਿਆ

ਜੋਗੀ ਨਾਥ ਥੋਂ ਖ਼ੁਸ਼ੀ ਲੈ ਵਿਦਾ ਹੋਇਆ, ਛੁਟਾ ਬਾਜ਼ ਜਿਉਂ ਤੇਜ਼ ਤਰਾਰਿਆਂ ਨੂੰ ।
ਪਲਕ ਝਲਕ ਵਿੱਚ ਕੰਮ ਹੋ ਗਿਆ ਉਸਦਾ, ਲੱਗੀ ਅੱਗ ਜੋਗੀਲਿਆਂ ਸਾਰਿਆਂ ਨੂੰ ।
ਮੁੜ ਕੇ ਧੀਦੋ ਨੇ ਇੱਕ ਜਵਾਬ ਦਿੱਤਾ, ਓਹਨਾਂ ਚੇਲਿਆਂ ਹੈਂਸਿਆਰਿਆਂ ਨੂੰ ।
ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਕਰਮਾਂ ਦੇ ਮਾਰਿਆਂ ਨੂੰ ।
ਅਸੀਂ ਜੱਟ ਅਣਜਾਣ ਸਾਂ ਫਸ ਗਏ, ਕਰਮ ਕੀਤਾ ਸੂ ਅਸਾਂ ਵਿਚਾਰਿਆਂ ਨੂੰ ।
ਵਾਰਿਸ ਸ਼ਾਹ ਜਾਂ ਅੱਲਾਹ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ ।
(ਜੋਗੀਲਾ=ਨਕਲੀ ਜੋਗੀ, ਹੈਂਸਿਆਰੇ=ਹਤਿਆਰੇ, ਕਰਮ=ਬਖਸ਼ਿਸ਼)

287. ਤਥਾ

ਜਦੋਂ ਕਰਮ ਅੱਲਾਹ ਦਾ ਕਰੇ ਮੱਦਦ, ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ ।
ਲਹਿਣਾ ਕਰਜ਼ ਨਾਹੀਂ ਬੂਹੇ ਜਾਇ ਬਹੀਏ, ਕੇਹਾ ਤਾਣ ਹੈ ਅਸਾਂ ਨਿਤਾਣਿਆਂ ਦਾ ।
ਮੇਰੇ ਕਰਮ ਸਵੱਲੜੇ ਆਣ ਪਹੁੰਚੇ, ਖੇਤ ਜੰਮਿਆਂ ਭੁੰਨਿਆਂ ਦਾਣਿਆਂ ਦਾ ।
ਵਾਰਿਸ ਸ਼ਾਹ ਮੀਆਂ ਵੱਡਾ ਵੈਦ ਆਇਆ, ਸਰਦਾਰ ਹੈ ਸਭ ਸਿਆਣਿਆਂ ਦਾ ।
288. ਲੋਕਾਂ ਦੀਆਂ ਗੱਲਾਂ

ਜਿਹੜੇ ਪਿੰਡ 'ਚ ਆਵੇ ਤੇ ਲੋਕ ਪੁੱਛਣ, ਇਹ ਜੋਗੀੜਾ ਬਾਲੜਾ ਛੋਟੜਾ ਨੀ ।
ਕੰਨੀਂ ਮੁੰਦਰਾਂ ਏਸ ਨੂੰ ਨਾ ਫੱਬਣ, ਇਹਦੇ ਤੇੜ ਨਾ ਬਣੇ ਲੰਗੋਟੜਾ ਨੀ ।
ਸੱਤ ਜਰਮ ਕੇ ਹਮੀਂ ਹੈਂ ਨਾਥ ਪੂਰੇ, ਕਦੀ ਵਾਹਿਆ ਨਾਹੀਂ ਜੋਤਰਾ ਨੀ ।
ਦੁਖ ਭੰਜਨ ਨਾਥ ਹੈ ਨਾਮ ਮੇਰਾ, ਮੈਂ ਧਨਵੰਤਰੀ ਵੈਦ ਦਾ ਪੋਤਰਾ ਨੀ ।
ਜੇ ਕੋ ਅਸਾਂ ਦੇ ਨਾਲ ਦਮ ਮਾਰਦਾ ਹੈ, ਏਸ ਜਗ ਤੋਂ ਜਾਏਗਾ ਔਤਰਾ ਨੀ ।
ਹੀਰਾ ਨਾਥ ਹੈ ਵੱਡਾ ਗੁਰੂ ਦੇਵ ਲੀਤਾ, ਚਲੇ ਓਸ ਕਾ ਪੂਜਨੇ ਚੌਤਰਾ ਨੀ ।
ਵਾਰਿਸ ਸ਼ਾਹ ਜੋ ਕੋਈ ਲਏ ਖੁਸ਼ੀ ਸਾਡੀ, ਦੁੱਧ ਪੁਤਰਾਂ ਦੇ ਨਾਲ ਸੌਂਤਰਾ ਨੀ ।
(ਧਨਵੰਤਰੀ=ਵੱਡਾ ਵੈਦ,ਹਿੰਦੂ ਵੈਦਗੀ ਦਾ ਪਿਤਾਮਾ, ਜਰਮ=ਜਨਮ, ਔਤਰਾ=
ਔਂਤਰਾ,ਬੇਔਲਾਦ, ਸੌਂਤਰਾ=ਔਂਤਰੇ ਦਾ ਉਲਟ,ਔਲਾਦਵਾਲਾ)

289. ਰਾਂਝੇ ਨੇ ਚਾਲੇ ਪਾ ਦਿੱਤੇ

ਧਾਇ ਟਿਲਿਉਂ ਰੰਦ ਲੈ ਖੇੜਿਆਂ ਦਾ, ਚੱਲਿਆ ਮੀਂਹ ਜਿਉਂ ਆਂਵਦਾ ਵੁਠ ਉੱਤੇ ।
ਕਾਅਬਾ ਰੱਖ ਮੱਥੇ ਰਬ ਯਾਦ ਕਰਕੇ, ਚੜ੍ਹਿਆ ਖੇੜਿਆਂ ਦੀ ਸੱਜੀ ਗੁੱਠ ਉੱਤੇ ।
ਨਸ਼ੇ ਨਾਲ ਝੁਲਾਰਦਾ ਮਸਤ ਜੋਗੀ, ਜਿਵੇਂ ਸੁੰਦਰੀ ਝੂਲਦੀ ਉੱਠ ਉੱਤੇ ।
ਚਿੱਪੀ ਖਪਰੀ ਫਾਹੁੜੀ ਡੰਡਾ ਕੂੰਡਾ, ਭੰਗ ਪੋਸਤ ਬੱਧੇ ਚਾ ਪਿਠ ਉੱਤੇ ।
ਏਵੇਂ ਸਰਕਦਾ ਆਂਵਦਾ ਖੇੜਿਆਂ ਨੂੰ, ਜਿਵੇਂ ਫ਼ੌਜ ਸਰਕਾਰ ਦੀ ਲੁੱਟ ਉੱਤੇ ।
ਬੈਰਾਗ ਸਨਿਆਸ ਜਿਉਂ ਲੜਣ ਚੱਲੇ, ਰੱਖ ਹੱਥ ਤਲਵਾਰ ਦੀ ਮੁੱਠ ਉੱਤੇ ।
ਵਾਰਿਸ ਸ਼ਾਹ ਸੁਲਤਾਨ ਜਿਉਂ ਦੌੜ ਕੀਤੀ, ਚੜ੍ਹ ਆਇਆ ਈ ਮਥਰਾ ਦੀ ਲੁੱਟ ਉੱਤੇ ।
(ਵੁਠ ਉੱਤੇ=ਵਰ੍ਹਨ ਲਈ ਚੜ੍ਹਦਾ ਹੈ,, ਝੁਲਾਰਦਾ=ਝੂਲਦਾ, ਲੁਠ ਉਤੇ=ਕਿਸੇ ਥਾਂ ਨੂੰ
ਅੱਗ ਲਾਉਣ ਲਈ ਹਮਲਾ ਕਰਨਾ)

290. ਜੋਗੀ ਬਣ ਕੇ ਰਾਂਝਾ ਰੰਗ ਪੁਰ ਆਇਆ

ਰਾਂਝਾ ਭੇਸ ਵਟਾਇਕੇ ਜੋਗੀਆਂ ਦਾ ਉਠ ਹੀਰ ਦੇ ਸ਼ਹਿਰ ਨੂੰ ਧਾਂਵਦਾ ਏ ।
ਭੁਖਾ ਸ਼ੇਰ ਜਿਉੁਂ ਦੌੜਦਾ ਮਾਰ ਉਤੇ, ਚੋਰ ਵਿਠ ਉਤੇ ਜਿਵੇਂ ਆਂਵਦਾ ਏ ।
ਚਾ ਨਾਲ ਜੋਗੀ ਓਥੋਂ ਸਰਕ ਟੁਰਿਆ, ਜਿਵੇਂ ਮੀਂਹ ਅੰਧੇਰ ਦਾ ਆਂਵਦਾ ਏ ।
ਦੇਸ ਖੇੜਿਆਂ ਦੇ ਰਾਂਝਾ ਆ ਵੜਿਆ, ਵਾਰਿਸ ਸ਼ਾਹ ਇਆਲ ਬੁਲਾਂਵਦਾ ਏ ।
(ਮਾਰ=ਸ਼ਿਕਾਰ, ਵਿਠ=ਰਾਤ ਨੂੰ ਦੇਖੀ ਭਾਲੀ ਥਾਂ, ਇਆਲੀ=ਆਜੜੀ)

291. ਆਜੜੀ ਅਤੇ ਰਾਂਝੇ ਦੇ ਸਵਾਲ ਜਵਾਬ

ਜਦੋਂ ਰੰਗਪੁਰ ਦੀ ਜੂਹ ਜਾ ਵੜਿਆ, ਭੇਡਾਂ ਚਾਰੇ ਇਆਲੀ ਵਿੱਚ ਬਾਰ ਦੇ ਜੀ ।
ਨੇੜੇ ਆਇਕੇ ਜੋਗੀ ਨੂੰ ਵੇਖਦਾ ਹੈ, ਜਿਵੇਂ ਨੈਣ ਵੇਖਣ ਨੈਣ ਯਾਰ ਦੇ ਜੀ ।
ਝੱਸ ਚੋਰ ਤੇ ਚੁਗ਼ਲ ਦੀ ਜੀਭ ਵਾਂਗੂੰ, ਗੁੱਝੇ ਰਹਿਣ ਨਾ ਦੀਦੜੇ ਯਾਰ ਦੇ ਜੀ ।
ਚੋਰ ਯਾਰ ਤੇ ਠਗ ਨਾ ਰਹਿਣ ਗੁੱਝੇ, ਕਿੱਥੇ ਛਪਦੇ ਆਦਮੀ ਕਾਰ ਦੇ ਜੀ ।
ਤੁਸੀਂ ਕਿਹੜੇ ਦੇਸ ਦੇ ਫ਼ਕਰ ਸਾਈਂ, ਸੁਖ਼ਨ ਦੱਸਖਾਂ ਖੋਲ੍ਹ ਨਿਰਵਾਰਦੇ ਜੀ ।
ਹਮੀਂ ਲੰਕ ਬਾਸ਼ੀ ਚੇਲੇ ਅਗਸਤ ਮੁਨਿ ਦੇ, ਹਮੀਂ ਪੰਛੀ ਸਮੁੰਦਰੋਂ ਪਾਰ ਦੇ ਜੀ ।
ਬਾਰਾਂ ਬਰਸ ਬੈਠੇ ਬਾਰਾਂ ਬਰਸ ਫਿਰਦੇ, ਮਿਲਣ ਵਾਲਿਆਂ ਦੀ ਕੁਲ ਤਾਰਦੇ ਜੀ ।
ਵਾਰਿਸ ਸ਼ਾਹ ਮੀਆਂ ਚਾਰੇ ਚਕ ਭੌਂਦੇ, ਹਮੀਂ ਕੁਦਰਤਾਂ ਕੂੰ ਦੀਦ ਮਾਰਦੇ ਜੀ ।
(ਗੁੱਝੇ=ਲੁਕੇ ਹੋਏ, ਸੁਖ਼ਨ=ਗੱਲ ਬਾਤ, ਨਿਰਵਾਰ=ਖੋਲ੍ਹ ਕੇ, ਚਾਰ ਚੱਕ=ਸਾਰੀ
ਦੁਨੀਆਂ, ਦੀਦ ਮਾਰ ਦੇ=ਨਜ਼ਾਰੇ ਕਰਦੇ)

292. ਆਜੜੀ

ਤੂੰ ਤਾਂ ਚਾਕ ਸਿਆਲਾਂ ਦਾ ਨਾਉਂ ਧੀਦੋ, ਛੱਡ ਖਚਰ ਪੌ ਕੁਲ ਹੰਜਾਰ ਦੇ ਜੀ ।
ਮਝੀਂ ਚੂਚਕੇ ਦੀਆ ਜਦੋਂ ਚਾਰਦਾ ਸੈਂ, ਨੱਢੀ ਮਾਣਦਾ ਸੈਂ ਵਿੱਚ ਬਾਰ ਜੀ ।
ਤੇਰਾ ਮੇਹਣਾ ਹੀਰ ਸਿਆਲ ਤਾਈਂ, ਆਮ ਖ਼ਬਰ ਸੀ ਵਿਚ ਸੰਸਾਰ ਦੇ ਜੀ ।
ਨੱਸ ਜਾ ਏਥੋਂ ਮਾਰ ਸੁੱਟਣੀਗੇ, ਖੇੜੇ ਅੱਤ ਚੜ੍ਹੇ ਭਰੇ ਭਾਰਦੇ ਜੀ ।
ਦੇਸ ਖੇੜਿਆਂ ਦੇ ਜ਼ਰਾ ਖਬਰ ਹੋਵੇ, ਜਾਣ ਤਖਤ ਹਜ਼ਾਰੇ ਨੂੰ ਮਾਰ ਦੇ ਜੀ ।
ਭੱਜ ਜਾ ਮਤਾਂ ਖੇੜੇ ਲਾਧ ਕਰਨੀ, ਪਿਆਦੇ ਬੰਨ੍ਹ ਲੈ ਜਾਣ ਸਰਕਾਰ ਦੇ ਜੀ ।
ਮਾਰ ਚੂਰ ਕਰ ਸੁੱਟਣੇ ਹੱਡ ਗੋਡੇ, ਮਲਕ ਗੋਰ ਅਜ਼ਾਬ ਕਹਾਰ ਦੇ ਜੀ ।
ਵਾਰਿਸ ਸ਼ਾਹ ਜਿਉਂ ਗੋਰ ਵਿੱਚ ਹੱਡ ਕੜਕਣ, ਗੁਰਜ਼ਾਂ ਨਾਲ ਆਸੀ ਗੁਨ੍ਹਾਗਾਰ ਦੇ ਜੀ ।
(ਖਚਰ ਪੌ=ਮੱਕਾਰੀ,ਚਲਾਕੀਆਂ, ਲਾਧ ਕਰਨੀ=ਜੇ ਖ਼ਬਰ ਕਰ ਦਿੱਤੀ, ਪਿਆਦੇ=
ਸਿਪਾਹੀ, ਅਜ਼ਾਬ=ਦੁਖ ਤਕਲੀਫ, ਭਾਰ=ਅੱਠ ਹਜ਼ਾਰ ਤੋਲੇ ਦੇ ਵਜ਼ਨ ਦਾ ਵੱਟਾ,
ਕਹਾਰ=ਕਹਿਰ, ਆਸੀ=ਗੁਨਾਹਗਾਰ)

293. ਆਜੜੀ ਨਾਲ ਰਾਂਝੇ ਦੀ ਗੱਲ ਬਾਤ

ਇੱਜੜ ਚਾਰਨਾ ਕੰਮ ਪੈਗ਼ਬਰਾਂ ਦਾ, ਕੇਹਾ ਅਮਲ ਸ਼ੈਤਾਨ ਦਾ ਤੋਲਿਉ ਈ ।
ਭੇਡਾਂ ਚਾਰ ਕੇ ਤੁਹਮਤਾਂ ਜੋੜਣਾਂ ਏਂ, ਕੇਹਾ ਗ਼ਜ਼ਬ ਫ਼ਕੀਰ ਤੇ ਬੋਲਿਉ ਈ ।
ਅਸੀਂ ਫ਼ਕਰ ਅੱਲਾਹ ਦੇ ਨਾਗ ਕਾਲੇ, ਅਸਾਂ ਨਾਲ ਕੀ ਕੋਇਲਾ ਘੋਲਿਉ ਈ ।
ਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ, ਹੋਇਉਂ ਜੋਗੀੜਾ ਜੀਊ ਜਾਂ ਡੋਲਿਉ ਈ ।
ਸੱਚ ਮੰਨ ਕੇ ਪਿਛਾਂਹ ਮੁੜ ਜਾਹ ਜੱਟਾ, ਕੇਹਾ ਕੂੜ ਦਾ ਘੋਲਣਾ ਘੋਲਿਉ ਈ ।
ਵਾਰਿਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ, ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ ।
(ਤੁਹਮਤਾਂ=ਊਜਾਂ ਕੋਲਾ ਘੋਲਣਾ=ਦੋਸ਼ ਲਾਉਣਾ, ਸ਼ੱਕਰ ਵਿੱਚ ਪਿਆਜ਼ ਘੋਲਣਾ=
ਚੰਗੇ ਕੰਮ ਜਾਂ ਚੰਗੀ ਵਸਤ ਨੂੰ ਵਿਗਾੜਣਾ)

294. ਆਜੜੀ

ਅਵੇ ਸੁਣੀ ਚਾਕਾ ਸਵਾਹ ਲਾ ਮੂੰਹ ਤੇ, ਜੋਗੀ ਹੋਇਕੇ ਨਜ਼ਰ ਭੁਆ ਬੈਠੋਂ ।
ਹੀਰ ਸਿਆਲ ਦਾ ਯਾਰ ਮਸ਼ਹੂਰ ਰਾਂਝਾ, ਮੌਜਾਂ ਮਾਣ ਕੇ ਕੰਨ ਪੜਵਾ ਬੈਠੋਂ ।
ਖੇੜੇ ਵਿਆਹ ਲਿਆਏ ਮੂੰਹ ਮਾਰ ਤੇਰੇ, ਸਾਰੀ ਉਮਰ ਦੀ ਲੀਕ ਲਵਾ ਬੈਠੋਂ ।
ਤੇਰੇ ਬੈਠਿਆਂ ਵਿਆਹ ਲੈ ਗਏ ਖੇੜੇ, ਦਾੜ੍ਹੀ ਪਰ੍ਹੇ ਦੇ ਵਿੱਚ ਮੁਨਾ ਬੈਠੋਂ ।
ਮੰਗ ਛੱਡੀਏ ਨਾ ਜੇ ਜਾਨ ਹੋਵੇ, ਵੰਨੀ ਦਿੱਤੀਆਂ ਛਡ ਹਿਆ ਬੈਠੋਂ ।
ਜਦੋਂ ਡਿਠੋਈ ਦਾਉ ਨਾ ਲੱਗੇ ਕੋਈ, ਬੂਹੇ ਨਾਥ ਦੇ ਅੰਤ ਨੂੰ ਜਾ ਬੈਠੋਂ ।
ਇੱਕ ਅਮਲ ਨਾ ਕੀਤੋਈ ਗ਼ਾਫ਼ਲਾ ਵੋ, ਐਵੇਂ ਕੀਮੀਆਂ ਉਮਰ ਗੁਆ ਬੈਠੋਂ ।
ਸਿਰ ਵੱਢ ਕਰ ਸਨ ਤੇਰੇ ਚਾ ਬੇਰੇ, ਜਿਸ ਵੇਲੜੇ ਖੇੜੀਂ ਤੂੰ ਜਾ ਬੈਠੋਂ ।
ਵਾਰਿਸ ਸ਼ਾਹ ਤਰਿਆਕ ਦੀ ਥਾਂ ਨਾਹੀਂ, ਹੱਥੀਂ ਆਪਣੇ ਜ਼ਹਿਰ ਤੂੰ ਖਾ ਬੈਠੋਂ ।
(ਲੀਕ ਲਵਾ ਬੈਠਾਂ=ਬਦਨਾਮੀ ਕਰਾ ਲਈ, ਵੰਨੀ=ਵਹੁਟੀ,ਬਹੂ, ਡਿੱਠੋਈ=
ਦੇਖਿਆ, ਕੀਮੀਆ=ਅਕਸੀਰ,ਏਥੇ ਅਰਥ ਹੈ ਕੀਮਤੀ, ਬੇਰੇ=ਟੋਟੇ,
ਤਰਿਆਕ=ਤੋੜ,ਜ਼ਹਿਰ ਨੂੰ ਦੂਰ ਕਰਨ ਦੀ ਦਵਾ, ਥਾਂ=ਥਾਹ,ਪਤਾ)

295. ਰਾਂਝਾ

ਸਤ ਜਰਮ ਕੇ ਹਮੀਂ ਫ਼ਕੀਰ ਜੋਗੀ, ਨਹੀਂ ਨਾਲ ਜਹਾਨ ਦੇ ਸੀਰ ਮੀਆਂ ।
ਅਸਾਂ ਸੇਲ੍ਹੀਆਂ ਖਪਰਾਂ ਨਾਲ ਵਰਤਣ, ਭੀਖ ਖਾਇਕੇ ਹੋਣਾਂ ਵਹੀਰ ਮੀਆਂ ।
ਭਲਾ ਜਾਣ ਜੱਟਾ ਕਹੇਂ ਚਾਕ ਸਾਨੂੰ, ਅਸੀਂ ਫ਼ਕਰ ਹਾਂ ਜ਼ਾਹਰਾ ਪੀਰ ਮੀਆਂ ।
ਨਾਉਂ ਮਿਹਰੀਆਂ ਦੇ ਲਿਆਂ ਡਰਨ ਆਵੇ, ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ ।
ਜਤੀ ਸਤੀ ਹਠੀ ਤਪੀ ਨਾਥ ਪੂਰੇ, ਸਤ ਜਨਮ ਕੇ ਗਹਿਰ ਗੰਭੀਰ ਮੀਆਂ ।
ਜਟ ਚਾਕ ਬਣਾਉਣ ਨਾਹੀਂ ਜੋਗੀਆਂ ਨੂੰ, ਏਹੀ ਜੀਊ ਆਵੇ ਸਟੂੰ ਚੀਰ ਮੀਆਂ ।
ਥਰਾ ਥਰ ਕੰਬੇ ਗ਼ੁੱਸੇ ਨਾਲ ਜੋਗੀ, ਅੱਖੀਂ ਰੋਹ ਪਲਟਿਆ ਨੀਰ ਮੀਆਂ ।
ਹੱਥ ਜੋੜ ਇਆਲ ਨੇ ਪੈਰ ਪਕੜੇ, ਜੋਗੀ ਬਖਸ਼ ਲੈ ਇਹ ਤਕਸੀਰ ਮੀਆਂ ।
ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁਲ ਗਿਆ ਚੇਲਾ ਬਖਸ਼ ਪੀਰ ਮੀਆਂ ।
ਵਾਰਿਸ ਸ਼ਾਹ ਦਾ ਅਰਜ਼ ਜਨਾਬ ਅੰਦਰ, ਸੁਣ ਹੋਇ ਨਾਹੀਂ ਦਿਲਗੀਰ ਮੀਆਂ ।
(ਸੀਰ=ਵਾਹ, ਗਹਿਰ ਗੰਭੀਰ=ਸੰਜੀਦਾ,ਡੂੰਘਾ, ਰੋਹ=ਗ਼ੁੱਸਾ)

296. ਆਜੜੀ

ਭੱਤੇ ਬੇਲਿਆਂ ਵਿੱਚ ਲੈ ਜਾਏ ਜੱਟੀ, ਪੀਂਘਾਂ ਪੀਂਘਦੀ ਨਾਲ ਪਿਆਰੀਆਂ ਦੇ ।
ਇਹ ਪ੍ਰੇਮ ਪਿਆਲੜਾ ਝੋਕਿਉਈ, ਨੈਣ ਮਸਤ ਸਨ ਵਿੱਚ ਖ਼ੁਮਾਰੀਆਂ ਦੇ ।
ਵਾਹੇਂ ਵੰਝਲੀ ਤੇ ਫਿਰੇ ਮਗਰ ਲੱਗੀ, ਹਾਂਝ ਘਿਨ ਕੇ ਨਾਲ ਕੁਆਰੀਆਂ ਦੇ ।
ਜਦੋਂ ਵਿਆਹ ਹੋਇਆ ਤਦੋਂ ਵਿਹਰ ਬੈਠੀ, ਡੋਲੀ ਚਾੜ੍ਹਿਆ ਨੇ ਨਾਲ ਖ਼ੁਆਰੀਆਂ ਦੇ ।
ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ ।
ਮਸਾਂ ਨੀਂਗਰਾਂ ਦੀਆਂ ਲਾਡ ਨੱਢੀਆਂ ਦੇ, ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ ।
ਜੱਟੀ ਵਿਆਹ ਦਿੱਤੀ ਰਹਿਉਂ ਨੀਧਰਾ ਤੂੰ, ਸੁੰਞੇ ਸਖਣੇ ਤੌਕ ਪਟਾਰੀਆਂ ਦੇ ।
ਖੇਡਣ ਵਾਲੀਆਂ ਸਾਹੁਰੇ ਬੰਨ੍ਹ ਖੜੀਆਂ, ਰੁਲਣ ਛਮਕਾਂ ਹੇਠ ਬੁਖ਼ਾਰੀਆਂ ਦੇ ।
ਬੁੱਢਾ ਹੋਇਕੇ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ ।
ਗੁੰਡੀ ਰੰਨ ਬੁੱਢੀ ਹੋ ਬਣੇ ਹਾਜਣ, ਫੇਰੇ ਮੋਰਛਰ ਗਿਰਦ ਪਿਆਰੀਆਂ ਦੇ ।
ਪਰ੍ਹਾਂ ਜਾ ਜੱਟਾ ਮਾਰ ਸੁੱਟਣੀਗੇ, ਨਹੀਂ ਛੁਪਦੇ ਯਾਰ ਕਵਾਰੀਆਂ ਦੇ ।
ਕਾਰੀਗਰੀ ਮੌਕੂਫ਼ ਕਰ ਮੀਆਂ ਵਾਰਿਸ, ਤੈਥੇ ਵਲ ਹੈਂ ਪਾਵਣ ਛਾਰੀਆਂ ਦੇ ।
(ਖੁਮਾਰੀ=ਮਸਤੀ, ਹਾਂਝ ਘਿਨ ਕੇ=ਪੂਰੇ ਦਿਲ ਨਾਲ, ਖਾਂਗੜ=ਮਝ, ਗਾਂ,
ਝੋਕਾਂ=ਡੇਰੇ, ਪਿੰਡ, ਖ਼ੂਬਾਂ=ਸੁਹਣੀਆਂ, ਨਿਧਰਾ=ਕਿਸੇ ਧਿਰ ਜਾਂ ਪਾਸੇ ਦਾ ਨਾ,
ਤੌਂਕ=ਟਮਕ, ਬੁਖਾਰੀ=ਦਾਣੇ ਪਾਉਣ ਵਾਲੀ ਕੋਠੀ, ਖੜੀਆਂ=ਲੈ ਗਏ, ਹਾਜਣ=
ਹਜ ਕਰਨ ਵਾਲੀ,ਭਗਤਣੀ, ਮੋਰ ਛਰ=ਮੋਰ ਛੜ,ਮੋਰ ਦੇ ਖੰਭਾਂ ਦਾ ਪੱਖਾ,
ਮੌਕੂਫ ਕਰ=ਛੱਡ,ਖ਼ਤਮ ਕਰ)

297. ਰਾਂਝੇ ਮੰਨਿਆਂ ਕਿ ਆਜੜੀ ਠੀਕ ਏ

ਤੁਸੀਂ ਅਕਲ ਦੇ ਕੋਟ ਇਆਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ ।
ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀਂ ਸ਼ੀਹਣੀ ਨਾਲ ਕਸਤੂਰ ਹੈ ਜੀ ।
ਲੋਹਾ ਪਸ਼ਮ ਪਿਸਤਾ ਡੱਬਾ ਮੌਤ ਸੂਰਤ, ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ ।
ਪੰਜੇ ਬਾਜ਼ ਜੇਹੇ ਲਕ ਵਾਂਗ ਚੀਤੇ, ਪਹੁੰਚਾ ਵੱਗਿਆ ਮਿਰਗ ਸਭ ਦੂਰ ਹੈ ਜੀ ।
ਚੱਕ ਸ਼ੀਂਹ ਵਾਂਗੂੰ ਗੱਜ ਮੀਂਹ ਵਾਂਗੂੰ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ ।
ਕਿਸੇ ਪਾਸ ਨਾ ਖੋਲਣਾ ਭੇਤ ਭਾਈ, ਜੋ ਕੁੱਝ ਆਖਿਉ ਸਭ ਮਨਜ਼ੂਰ ਹੈ ਜੀ ।
ਆ ਪਿਆ ਪਰਦੇਸ ਵਿੱਚ ਕੰਮ ਮੇਰਾ, ਲਈਏ ਹੀਰ ਇੱਕੇ ਸਿਰ ਦੂਰ ਹੈ ਜੀ ।
ਵਾਰਿਸ ਸ਼ਾਹ ਹੁਣ ਬਣੀ ਹੈ ਬਹੁਤ ਔਖੀ, ਅੱਗੇ ਸੁੱਝਦਾ ਕਹਿਰ ਕਲੂਰ ਹੈ ਜੀ ।
(ਕੋਟ=ਗੜ੍ਹ, ਲੁਕਮਾਨ=ਇੱਕ ਪ੍ਰਸਿੱਧ ਹਕੀਮ ਜਿਸ ਦਾ ਜ਼ਿਕਰ ਬਾਈਬਲ ਅਤੇ
ਕੁਰਾਨ ਵਿੱਚ ਵੀ ਆਇਆ ਹੈ, ਪਰ ਉਸ ਬਾਰੇ ਹੋਰ ਕੁੱਝ ਪਤਾ ਥੌਹ ਨਹੀਂ ਮਿਲਦਾ,
ਸਾਰੇ ਮੰਨਦੇ ਹਨ ਕਿ ਉਹ ਬਹੁਤ ਸਿਆਣਾ ਅਤੇ ਮੰਤਕੀ ਸੀ, ਦਸਤੂਰ=ਮਿਸਾਲ,ਨਮੂਨਾ,
ਬਾਜ਼,ਭੌਰ,ਕਸਤੂਰ,ਲੋਹਾ,ਡੱਬਾ=ਸਾਰੇ ਕੁੱਤਿਆਂ ਦੇ ਨਾਂ ਹਨ, ਮਰਗ=ਮੌਤ, ਚੱਕ ਮਾਰਨਾ=
ਦੰਦੀ ਜਾਂ ਬੁਰਕੀ ਵੱਢਣੀ, ਕਹਿਰ ਕਲੂਰ=ਮੌਤ ਵਰਗੀ ਵੱਡੀ ਮੁਸੀਬਤ)

298. ਰਾਂਝਾ

ਭੇਤ ਦੱਸਣਾ ਮਰਦ ਦਾ ਕੰਮ ਨਾਹੀਂ, ਮਰਦ ਸੋਈ ਜੋ ਵੇਖ ਦੰਮ ਘੁਟ ਜਾਏ ।
ਗੱਲ ਜੀਊ ਦੇ ਵਿੱਚ ਹੀ ਰਹੇ ਖੁਫ਼ੀਆ, ਕਾਉਂ ਵਾਂਗ ਪੈਖ਼ਾਲ ਨਾ ਸੁੱਟ ਜਾਏ ।
ਭੇਤ ਕਿਸੇ ਦਾ ਦੱਸਣਾ ਭਲਾ ਨਾਹੀਂ, ਭਾਂਵੇਂ ਪੁੱਛ ਕੇ ਲੋਕ ਨਿਖੁੱਟ ਜਾਏ ।
ਵਾਰਿਸ ਸ਼ਾਹ ਨਾ ਭੇਤ-ਸੰਦੂਕ ਖੋਲ੍ਹਣ, ਭਾਵੇਂ ਜਾਨ ਦਾ ਜੰਦਰਾ ਟੁੱਟ ਜਾਏ ।
(ਪੈਖ਼ਾਲ=ਬਿੱਠ, ਨਿਖੁੱਟ=ਖ਼ਤਮ)

299. ਆਜੜੀ

ਮਾਰ ਆਸ਼ਕਾਂ ਦੀ ਲੱਜ ਲਾਹੀਆਈ, ਯਾਰੀ ਲਾਇਕੇ ਘਿੰਨ ਲੈ ਜਾਵਣੀ ਸੀ ।
ਅੰਤ ਖੇੜਿਆਂ ਹੀਰ ਲੈ ਜਾਵਣੀ ਸੀ, ਯਾਰੀ ਓਸ ਦੇ ਨਾਲ ਕਿਉਂ ਲਾਵਣੀ ਸੀ ।
ਏਡੀ ਧੁੰਮ ਕਿਉਂ ਮੂਰਖਾ ਪਾਵਣੀ ਸੀ, ਨਹੀਂ ਯਾਰੀ ਹੀ ਮੂਲ ਨਾ ਲਾਵਣੀ ਸੀ ।
ਉਸ ਦੇ ਨਾਲ ਨਾ ਕੌਲ ਕਰਾਰ ਕਰਦੋਂ, ਨਹੀਂ ਯਾਰੀ ਹੀ ਸਮਝਕੇ ਲਾਵਣੀ ਸੀ ।
ਕਟਕ ਤਖ਼ਤ ਹਜ਼ਾਰੇ ਦਾ ਲਿਆ ਕੇ ਤੇ, ਹਾਜ਼ਰ ਕਦ ਸਭ ਜੰਞ ਬਣਾਵਣੀ ਸੀ ।
ਤੇਰੀ ਫ਼ਤਿਹ ਸੀ ਮੂਰਖਾ ਦੋਹੀਂ ਦਾਹੀਂ, ਏਹ ਵਾਰ ਨਾ ਮੂਲ ਗਵਾਵਣੀ ਸੀ ।
ਇਕੇ ਹੀਰ ਨੂੰ ਮਾਰ ਕੇ ਡੋਬ ਦੇਂਦੇ, ਇਕੇ ਹੀਰ ਹੀ ਮਾਰ ਮੁਕਾਵਣੀ ਸੀ ।
ਇਕੇ ਹੀਰ ਵੀ ਕੱਢ ਲੈ ਜਾਵਣੀ ਸੀ, ਇਕੇ ਖੂਹ ਦੇ ਵਿਚ ਪਾਵਣੀ ਸੀ ।
ਨਾਲ ਸੇਹਰਿਆਂ ਹੀਰ ਵਿਆਹਵਣੀ ਸੀ, ਹੀਰ ਅੱਗੇ ਸ਼ਹੀਦੀ ਪਾਵਣੀ ਸੀ ।
ਬਣੇਂ ਗ਼ਾਜ਼ੀ ਜੇ ਮਰੇਂ ਸ਼ਹੀਦ ਹੋਵੇਂ, ਏਹ ਖ਼ਲਕ ਤੇਰੇ ਹੱਥ ਆਵਣੀ ਸੀ ।
ਤੇਰੇ ਮੂੰਹ ਤੇ ਜੱਟ ਹੰਢਾਂਵਦਾ ਏ, ਜ਼ਹਿਰ ਖਾਇ ਕੇ ਹੀ ਮਰ ਜਾਵਣੀ ਸੀ ।
ਇੱਕੇ ਯਾਰੀ ਤੈਂ ਮੂਲ ਨਾ ਲਾਵਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਛਡਾਵਣੀ ਸੀ ।
ਲੈ ਗਏ ਵਿਆਹ ਕੇ ਜੀਊਂਦਾ ਮਰ ਜਾਏਂ, ਏਹ ਲੀਕ ਤੂੰ ਕਾਹੇ ਲਾਵਣੀ ਸੀ ।
ਮਰ ਜਾਵਣਾਂ ਸੀ ਦਰ ਯਾਰ ਦੇ ਤੇ, ਇਹ ਸੂਰਤ ਕਿਉਂ ਗਧੇ ਚੜ੍ਹਾਵਣੀ ਸੀ ।
ਵਾਰਿਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜ੍ਹੀ ਪਰੇ ਦੇ ਵਿੱਚ ਮੁਨਾਵਣੀ ਸੀ ।
(ਸੂਰਤ ਗਧੇ ਚੜ੍ਹਾਵਣੀ=ਬੁਰੀ ਸ਼ਕਲ ਬਨਾਉਣੀ)

300. ਰਾਂਝਾ

ਅੱਖੀਂ ਵੇਖ ਕੇ ਮਰਦ ਹਨ ਚੁੱਪ ਕਰਦੇ, ਭਾਂਵੇਂ ਚੋਰ ਈ ਝੁੱਗੜਾ ਲੁਟ ਜਾਏ ।
ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖ਼ੁਆਰ ਹੋਵੇ ਕਿ ਖਿੰਡ ਫੁਟ ਜਾਏ ।
ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ, ਮਤਾਂ ਚਾਂਗ ਨਿਸ਼ਾਨੜਾ ਚੁਟ ਜਾਏ ।
ਹਾਥੀ ਚੋਰ ਗੁਲੇਰ ਥੀਂ ਛੁਟ ਜਾਂਦੇ, ਏਹਾ ਕੌਣ ਜੋ ਇਸ਼ਕ ਥੀਂ ਛੁਟ ਜਾਏ ।
(ਝੁੱਗੜਾ=ਘਰ,ਝੁੱਗਾ, ਖਿੰਡ ਫੁਟ=ਖਿੰਡ ਪੁੰਡ, ਤੋਦਾ=ਚਾਂਦਮਾਰੀ ਲਈ
ਬਣਾਇਆ ਮਿੱਟੀ ਦਾ ਕੱਚਾ ਥੜਾ, ਚਾਂਗ=ਲੋਕਾਂ ਦੀ ਭੀੜ, ਮਤਾਂ ਨਿਸ਼ਾਨੜਾ
ਛੁਟ ਜਾਏ=ਏਦਾਂ ਨਾ ਹੋਵੇ ਕਿ ਨਿਸ਼ਾਨਾ ਟਿਕਾਣੇ ਤੇ ਨਾ ਲੱਗੇ, ਹਾਥੀ ਚੋਰ ਗੁਲੇਰ
ਛੁਟ ਜਾਂਦੇ=ਕਵੀ ਦਾ ਇਸ਼ਾਰਾ ਏਥੇ ਇੱਕ ਸੁਨਿਆਰੇ ਦੀ ਕਹਾਣੀ ਵੱਲ ਹੈ ।
ਇੱਕ ਰਾਜੇ ਨੇ ਦਸ ਮਣ ਸੋਨੇ ਦਾ ਹਾਥੀ ਬਣਾਉਣ ਲਈ ਇੱਕ ਸੁਨਿਆਰਾ ਆਪਣੇ
ਮਹਲ ਵਿਚ ਇਸ ਕੰਮ ਤੇ ਲਾ ਦਿੱਤਾ ਅਤੇ ਉਸ ਦੀ ਪੂਰੀ ਨਿਗਰਾਨੀ ਰੱਖੀ ।
ਸੁਨਿਆਰੇ ਨੇ ਇੱਕ ਪਿੱਤਲ ਦਾ ਦਸ ਮਣ ਦਾ ਹਾਥੀ ਆਪਣੇ ਘਰ ਬਣਾ ਕੇ ਨਾਲ
ਵਗਦੀ ਨਦੀ ਵਿੱਚ ਲੁਕਾ ਦਿੱਤਾ ।ਜਦੋਂ ਮਹਲ ਵਿੱਚ ਹਾਥੀ ਤਿਆਰ ਹੋ ਗਿਆ ਤਾਂ
ਉਹ ਹਾਥੀ ਨੂੰ ਰਾਜੇ ਦੇ ਬੰਦਿਆਂ ਦੀ ਮਦਦ ਨਾਲ ਵਗਦੇ ਪਾਣੀ ਵਿੱਚ ਰਗੜ ਕੇ ਸਾਫ਼
ਕਰਨ ਦੇ ਬਹਾਨੇ ਨਦੀ ਵਿਚ ਲੈ ਗਿਆ । ਉਹ ਸੋਨੇ ਦਾ ਹਾਥੀ ਪਿੱਤਲ ਦੇ ਹਾਥੀ
ਨਾਲ ਬਦਲ ਕੇ ਮੋੜ ਲਿਆਇਆ ।ਕੁੱਝ ਸਮੇਂ ਪਿੱਛੋਂ ਉਹਦੀ ਬੇਈਮਾਨੀ ਦਾ ਪਤਾ
ਲੱਗਣ ਤੇ ਉਹਨੂੰ ਮੌਤ ਦੀ ਸਜ਼ਾ ਦਾ ਹੁਕਮ ਹੋਇਆ ।ਮਰਨ ਤੋਂ ਪਹਿਲਾਂ ਉਹਨੇ
ਆਪਣੀ ਆਖਰੀ ਮੰਗ ਵਿੱਚ ਦਸ ਮੀਟਰ ਰੇਸ਼ਮ ਦੀ ਪਗੜੀ ਮੰਗ ਕੇ ਲਈ ।ਉਹਦੇ
ਵਿੱਚ ਇੱਕ ਕਿਲ ਅਤੇ ਹਥੌੜੀ ਲੁਕਾ ਲਈ ਰਾਜੇ ਨੇ ਰਵਾਇਤ ਅਨੁਸਰ ਉਸ ਨੂੰ
ਬਿਨਾਂ ਕਿਸੇ ਰਾਸ਼ਨ ਪਾਣੀ ਗੁਲੇਰ ਭਾਵ ਇੱਕ ਉਚੇ ਮੁਨਾਰੇ ਉਤੇ ਚੜ੍ਹਾ ਦਿੱਤਾ ਤਾਂ
ਕਿ ਉਹ ਓਥੇ ਹੀ ਭੁੱਖਾ ਤਿਆਹਿਆ ਮਰ ਜਾਵੇ ।ਸੁਨਿਆਰ ਰਾਤ ਨੂੰ ਲੋਕਾਂ ਦੇ
ਜਾਣ ਪਿੱਛੋਂ ਹਥੌੜੀ ਨਾਲ ਕਿੱਲ ਗੱਡ ਕੇ ਉੱਪਰੋਂ ਰੇਸ਼ਮ ਦੀ ਪਗੜੀ ਨਾਲ ਉੱਤਰ
ਕੇ ਦੌੜ ਗਿਆ ।ਰਾਜੇ ਨੇ ਐਲਾਨ ਕੀਤਾ ਕਿ ਜੇ ਉਹ ਸਿਆਣਾ ਸੁਨਿਆਰ ਆ
ਜਾਵੇ ਤਾਂ ਉਹਨੂੰ ਉਹ ਆਪਣਾ ਵਜ਼ੀਰ ਬਣਾ ਦੇਵੇਗਾ ।ਸੁਨਿਆਰ ਨੇ ਆ ਕੇ ਰਾਜੇ
ਨੂੰ ਆਪਣੀ ਕਹਾਣੀ ਦੱਸੀ ਅਤੇ ਰਾਜੇ ਨੇ ਆਪਣਾ ਵਚਨ ਪੂਰਾ ਕੀਤਾ)

301. ਆਜੜੀ

ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾਉ ਜੇ ਲੱਗਦਾ ਈ ।
ਲਾਟ ਰਹੇ ਨਾ ਜੀਊ ਦੇ ਵਿੱਚ ਲੁਕੀ, ਇਹ ਇਸ਼ਕ ਅਲੰਬੜਾ ਅੱਗ ਦਾ ਈ ।
ਜਾ ਵੇਖ ਮਾਅਸ਼ੂਕ ਦੇ ਨੈਣ ਖ਼ੂਨੀ, ਤੈਨੂੰ ਨਿਤ ਉਲਾਂਹਬੜਾ ਜਗ ਦਾ ਈ ।
ਸਮਾਂ ਯਾਰ ਦਾ ਤੇ ਘੱਸਾ ਬਾਜ਼ ਵਾਲਾ, ਝੁਟ ਚੋਰ ਦਾ ਤੇ ਦਾਉ ਠਗ ਦਾ ਈ ।
ਲੈ ਕੇ ਨੱਢੜੀ ਨੂੰ ਛਿਣਕ ਜਾ ਚਾਕਾ, ਸੈਦਾ ਸਾਕ ਨਾ ਸਾਡੜਾ ਲਗਦਾ ਈ ।
ਵਾਰਿਸ ਕੰਨ ਪਾਟੇ ਮਹੀਂ ਚਾਰ ਮੁੜਿਉਂ, ਅਜੇ ਮੁੱਕਾ ਨਾ ਮਿਹਣਾ ਜੱਗ ਦਾ ਈ ।
(ਅਲੰਬੜਾ=ਲਾਂਬੂ, ਛਿਣਕ ਜਾ=ਦੌੜ ਜਾ)

302. ਤਥਾ

ਸੁਣ ਮੂਰਖਾ ਫੇਰ ਜੇ ਦਾਉ ਲੱਗੇ, ਨਾਲ ਸਹਿਤੀ ਦੇ ਝਗੜਾ ਪਾਵਣਾ ਈ ।
ਸਹਿਤੀ ਵੱਡੀ ਝਗੜੈਲ ਮਰੀਕਣੀ ਹੈ, ਓਹਦੇ ਨਾਲ ਮੱਥਾ ਜਾ ਲਾਵਣਾ ਈ ।
ਹੋਸੀ ਝਗੜਿਉਂ ਮੁਸ਼ਕਲ ਆਸਾਨ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ ।
ਚੌਦਾਂ ਤਬਕ ਦੇ ਮਕਰ ਉਹ ਜਾਣਦੀ ਏ, ਜ਼ਰਾ ਓਸ ਦੇ ਮਕਰ ਨੂੰ ਪਾਵਣਾ ਈ ।
ਕਦਮ ਪਕੜਸੀ ਜੋਗੀਆ ਆਇ ਤੇਰੇ, ਜ਼ਰਾ ਸਹਿਤੀ ਦਾ ਜੀਊ ਠਹਿਰਾਵਣਾ ਈ ।
ਵਾਰਿਸ ਸ਼ਾਹ ਹੈ ਵੱਡੀ ਉਸ਼ਟੰਡ ਸਹਿਤੀ, ਕੋਈ ਕਸ਼ਫ਼ ਦਾ ਜ਼ੋਰ ਵਿਖਾਵਣਾ ਈ ।
(ਕਸ਼ਫ਼=ਕਰਾਮਾਤ)

303. ਰਾਂਝਾ

ਮਰਦ ਬਾਝ ਮਹਿਰੀ ਪਾਣੀ ਬਾਝ ਧਰਤੀ, ਆਸ਼ਕ ਡਿਠੜੇ ਬਾਝ ਨਾ ਰੱਜਦੇ ਨੇ ।
ਲਖ ਸਿਰੀਂ ਅਵੱਲ ਸਵੱਲ ਆਵਣ, ਯਾਰ ਯਾਰਾਂ ਥੋਂ ਮੂਲ ਨਾ ਭੱਜਦੇ ਨੇ ।
ਭੀੜਾਂ ਬਣਦੀਆਂ ਅੰਗ ਵਟਾਇ ਦੇਂਦੇ, ਪਰਦੇ ਆਸ਼ਕਾਂ ਦੇ ਮਰਦ ਕੱਜਦੇ ਨੇ ।
ਦਾ ਚੋਰ ਤੇ ਯਾਰ ਦਾ ਇੱਕ ਸਾਇਤ, ਨਹੀਂ ਵੱਸਦੇ ਮੀਂਹ ਜੋ ਗੱਜਦੇ ਨੇ ।
(ਮਹਿਰੀ=ਜ਼ਨਾਨੀ, ਸਿਰੀਂ=ਸਿਰ ਤੇ, ਅਵੱਲ ਸਵੱਲ=ਔਖ ਸੌਖ, ਅੰਗ
ਵਟਾਇ ਦੇਂਦੇ=ਸੂਰਤਾਂ ਬਦਲ ਦਿੰਦੇ, ਕੱਜਦੇ=ਢਕਦੇ, ਇੱਕ ਸਾਇਤ=ਬਹੁਤ
ਥੋੜ੍ਹਾ ਸਮਾਂ)

304. ਰਾਂਝਾ ਰੰਗਪੁਰ ਖੇੜੀਂ ਪੁੱਜਾ

ਰਾਂਝੇ ਅੱਗੇ ਇਆਲ ਨੇ ਕਸਮ ਖਾਧੀ, ਨਗਰ ਖੇੜਿਆਂ ਦੇ ਜਾਇ ਧੱਸਿਆ ਈ ।
ਯਾਰੋ ਕੌਣ ਗਿਰਾਉਂ ਸਰਦਾਰ ਕਿਹੜਾ, ਕੌਣ ਲੋਕ ਕਦੋਕਣਾ ਵੱਸਿਆ ਈ ।
ਅੱਗੇ ਪਿੰਡ ਦੇ ਖੂਹ ਤੇ ਭਰਨ ਪਾਣੀ, ਕੁੜੀਆਂ ਘੱਤਿਆ ਹੱਸ ਖ਼ਰਖੱਸਿਆ ਈ ।
ਯਾਰ ਹੀਰ ਦਾ ਭਾਵੇਂ ਤੇ ਇਹ ਜੋਗੀ, ਕਿਸੇ ਲਭਿਆ ਤੇ ਨਾਹੀਂ ਦੱਸਿਆ ਈ ।
ਪਾਣੀ ਪੀ ਠੰਡਾ ਛਾਂਵੇਂ ਘੋਟ ਬੂਟੀ, ਸੁਣ ਪਿੰਡ ਦਾ ਨਾਉਂ ਖਿੜ ਹੱਸਿਆ ਈ ।
ਇਹਦਾ ਨਾਉਂ ਹੈ ਰੰਗਪੁਰ ਖੇੜਿਆਂ ਦਾ, ਕਿਸੇ ਭਾਗ ਭਰੀ ਚਾ ਦੱਸਿਆ ਈ ।
ਅਰੀ ਕੌਣ ਸਰਦਾਰ ਹੈ ਭਾਤ ਖਾਣੀ, ਸਖ਼ੀ ਸ਼ੂਮ ਕੇਹਾ ਲਿਆ ਜੱਸਿਆ ਈ ।
ਅੱਜੂ ਨਾਮ ਸਰਦਾਰ ਤੇ ਪੁਤ ਸੈਦਾ, ਜਿਸ ਨੇ ਹੱਕ ਰੰਝੇਟੇ ਦਾ ਖੱਸਿਆ ਈ ।
ਬਾਗ਼ ਬਾਗ਼ ਰੰਝੇਟੜਾ ਹੋ ਗਿਆ, ਜਦੋਂ ਨਾਉਂ ਜਟੇਟੀਆਂ ਦੱਸਿਆ ਈ ।
ਸਿੰਙੀ ਖੱਪਰੀ ਬੰਨ੍ਹ ਤਿਆਰ ਹੋਇਆ, ਲੱਕ ਚਾ ਫ਼ਕੀਰ ਨੇ ਕੱਸਿਆ ਈ ।
ਕਦੀ ਲਏ ਹੂਲਾਂ ਕਦੀ ਝੂਲਦਾ ਏ, ਕਦੀ ਰੋ ਪਿਆ ਕਦੀ ਹੱਸਿਆ ਈ ।
ਵਾਰਿਸ ਸ਼ਾਹ ਕਿਰਸਾਨ ਜਿਉਂ ਹਣ ਰਾਜ਼ੀ, ਮੀਂਹ ਔੜ ਦੇ ਦਿਹਾਂ ਤੇ ਵੱਸਿਆ ਈ ।
(ਖ਼ਰਖੱਸ=ਝਗੜਾ, ਭਾਤ ਖਾਣੀ=ਚੌਲ ਖਾਣੀ,ਕਿਸਮਤ ਵਾਲੀ. ਸਖੀ=ਪੈਸੇ
ਟਕੇ ਵੱਲੋਂ ਖੁੱਲ੍ਹ ਦਿਲ, ਸੂਮ=ਸਖੀ ਦਾ ਉਲਟ,ਹੱਥ ਘੁਟ, ਹੂਲਾਂ=ਠੰਡੇ ਸਾਹ,
ਔੜ=ਮੀਂਹ ਵਲੋਂ ਸੋਕਾ)

305. ਰਾਂਝੇ ਦੁਆਲੇ ਗੱਭਰੂ

ਆ ਜੋਗੀਆ ਕੇਹਾ ਇਹ ਦੇਸ ਡਿੱਠੋ, ਪੁੱਛਣ ਗੱਭਰੂ ਬੈਠ ਵਿੱਚ ਦਾਰੀਆਂ ਦੇ ।
ਓਥੇ ਝੱਲ ਮਸਤਾਨੀਆਂ ਕਰੇ ਗੱਲਾਂ, ਸੁਖ਼ਨ ਸੁਣੋ ਕੰਨ ਪਾਟਿਆਂ ਪਿਆਰਿਆਂ ਦੇ ।
ਕਰਾਂ ਕੌਣ ਸਲਾਹ ਮੈਂ ਖੇੜਿਆਂ ਦੀ, ਡਾਰ ਫਿਰਨ ਚੌਤਰਫ਼ ਕਵਾਰੀਆਂ ਦੇ ।
ਮਾਰ ਆਸ਼ਕਾਂ ਨੂੰ ਕਰਨ ਚਾ ਬੇਰੇ, ਨੈਣ ਤਿਖੜੇ ਨੋਕ ਕਟਾਰੀਆਂ ਦੇ ।
ਦੇਣ ਆਸ਼ਕਾਂ ਨੂੰ ਤੋੜੇ ਨਾਲ ਨੈਣਾਂ, ਨੈਣ ਰਹਿਣ ਨਾਹੀਂ ਹਰਿਆਰੀਆਂ ਦੇ ।
ਏਸ ਜੋਬਨੇ ਦੀਆਂ ਵਣਜਾਰੀਆਂ ਨੂੰ, ਮਿਲੇ ਆਣ ਸੌਦਾਗਰ ਯਾਰੀਆਂ ਦੇ ।
ਸੁਰਮਾ ਫੁਲ ਦੰਦਾਸੜਾ ਸੁਰਖ਼ ਮਹਿੰਦੀ, ਲੁਟ ਲਏ ਨੇ ਹੱਟ ਪਸਾਰੀਆਂ ਦੇ ।
ਨੈਣਾਂ ਨਾਲ ਕਲੇਜੜਾ ਛਿਕ ਕੱਢਣ, ਦਿਸਣ ਭੋਲੜੇ ਮੁਖ ਵਿਚਾਰੀਆਂ ਦੇ ।
ਜੋਗੀ ਵੇਖ ਕੇ ਆਣ ਚੌਗਿਰਦ ਹੋਈਆਂ, ਛੁੱਟੇ ਪਰ੍ਹੇ ਵਿੱਚ ਨਾਗ਼ ਪਟਾਰੀਆਂ ਦੇ ।
ਓਥੇ ਖੋਲ੍ਹ ਕੇ ਅੱਖੀਆਂ ਹੱਸ ਪੌਂਦਾ, ਡਿਠੇ ਖ਼ਾਬ ਵਿੱਚ ਮੇਲ ਕਵਾਰੀਆਂ ਦੇ ।
ਆਣ ਗਿਰਦ ਹੋਈਆਂ ਬੈਠਾ ਵਿੱਚ ਝੂਲੇ, ਬਾਦਸ਼ਾਹ ਜਿਉਂ ਵਿੱਚ ਅੰਮਾਰੀਆਂ ਦੇ ।
ਵਾਰਿਸ ਸ਼ਾਹ ਨਾ ਰਹਿਣ ਨਿਚੱਲੜੇ ਬਹਿ, ਜਿਨ੍ਹਾਂ ਨਰਾਂ ਨੂੰ ਸ਼ੌਕ ਨੇ ਨਾਰੀਆਂ ਦੇ ।
(ਤੋੜੇ ਦੇਣਾ=ਦਿਖਾਵਾ ਕਰਨਾ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ, ਛਿੱਕ
ਕੱਢਣ=ਕਢ ਲੈਣ, ਅੰਮਾਰੀਆਂ=ਹਾਥੀ ਉਤੇ ਬੈਠਣ ਲਈ ਪਰਬੰਧ, ਨਿਚੱਲੜੇ=
ਚੁਪ ਚਾਪ)

306. ਰਾਂਝਾ

ਮਾਹੀ ਮੁੰਡਿਉ ਘਰੀਂ ਨਾ ਜਾ ਕਹਿਣਾ, ਜੋਗੀ ਮਸਤ ਕਮਲਾ ਇੱਕ ਆਇ ਵੜਿਆ ।
ਕੰਨੀਂ ਮੁੰਦਰਾਂ ਸੇਲ੍ਹੀਆਂ ਨੈਣ ਸੁੰਦਰ, ਦਾੜ੍ਹੀ ਪਟੇ ਸਿਰ ਭਵਾਂ ਮੁਨਾਇ ਵੜਿਆ ।
ਜਹਾਂ ਨਾਉਂ ਮੇਰਾ ਕੋਈ ਜਾ ਲੈਂਦਾ, ਮਹਾ ਦੇਵ ਲੈ ਦੌਲਤਾਂ ਆਇ ਵੜਿਆ ।
ਕਿਸੇ ਨਾਲ ਕੁਦਰਤ ਫੁੱਲ ਜੰਗਲੇ ਥੀਂ, ਕਿਵੇਂ ਭੁਲ ਭੁਲਾਵੜੇ ਆਇ ਵੜਿਆ ।
ਵਾਰਿਸ ਕੰਮ ਸੋਈ ਜਿਹੜੇ ਰੱਬ ਕਰਸੀ, ਮੈਂ ਤਾਂ ਓਸ ਦਾ ਭੇਜਿਆ ਆਇ ਵੜਿਆ ।
(ਮਾਹੀ ਮੰਡਿਉ =ਰਾਂਝਾ ਮੁੰਡਿਆਂ ਨੂੰ ਉਲਟਾ ਕਹਿ ਰਿਹਾ ਕਿ ਤੁਸੀਂ ਘਰ ਜਾ ਕੇ
ਨਾ ਦਸਿਉ ਕਿ ਜੋਗੀ ਆਇਆ ਹੈ ਕਿਉਂਕਿ ਉਹਨੂੰ ਪਤਾ ਹੈ ਏਦਾਂ ਕਹਿਣ ਨਾਲ
ਮਾਹੀ ਮੁੰਡੇ ਜ਼ਰੂਰ ਘਰ ਜਾ ਕੇ ਦੱਸਣਗੇ ।ਜਿਹੜਾ ਕੰਮ ਕਰਵਾਉਣਾ ਹੋਵੇ ਉਸਤੋਂ
ਉਲਟ ਕਰਨ ਲਈ ਆਖਣਾ, ਜੰਗਲੇ=ਜੰਗਲ ਦਾ, ਜਹਾਂ ਨਾਉਂ =ਜਿੱਥੇ ਕੋਈ ਮੇਰਾ
ਨਾਂ ਲੈਂਦਾ ਹੈ ਸ਼ਿਵ ਜੀ ਮਹਾਰਾਜ ਆਪ ਨਾਲ ਲੈ ਕੇ ਆਉਂਦੇ ਹਨ)

307. ਕੁੜੀਆਂ ਦੀਆਂ ਘਰ ਜਾ ਕੇ ਗੱਲਾਂ

ਕੁੜੀਆਂ ਵੇਖ ਕੇ ਜੋਗੀ ਦੀ ਤਬਾਅ ਸਾਰੀ, ਘਰੀਂ ਹੱਸਦੀਆਂ ਹੱਸਦੀਆਂ ਆਈਆਂ ਨੇ ।
ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕੰਨੀਂ ਮੁੰਦਰਾਂ ਓਸ ਨੇ ਪਾਈਆਂ ਨੇ ।
ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਭਿੱਛਿਆ ਨਾਹੀਉਂ ਪਾਈਆਂ ਨੇ ।
ਹੱਥ ਖੱਪਰੀ ਫਾਹੁੜੀ ਮੋਢਿਆਂ ਤੇ, ਗਲ ਸੇਲ੍ਹੀਆਂ ਅਜਬ ਬਣਾਈਆਂ ਨੇ ।
ਅਰੜਾਂਵਦਾ ਵਾਗ ਜਲਾਲੀਆਂ ਦੇ, ਜਟਾਂ ਵਾਂਗ ਮਦਾਰੀਆਂ ਛਾਈਆਂ ਨੇ ।
ਨਾ ਉਹ ਮੁੰਡੀਆ ਗੋਦੜੀ ਨਾਥ ਜੰਗਮ, ਨਾ ਉਦਾਸੀਆਂ ਵਿੱਚ ਠਹਿਰਾਈਆਂ ਨੇ ।
ਪ੍ਰੇਮ-ਮੱਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜ੍ਹੀਆਂ ਲਾਲ ਸਵਾਈਆਂ ਨੇ ।
ਖ਼ੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾਂ ਖੀਵੀਆਂ ਸਾਣ ਚੜ੍ਹਾਈਆਂ ਨੇ ।
ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੀ ਔਂਸੀਆਂ ਸਵਾਹ ਤੇ ਪਾਈਆਂ ਨੇ ।
ਕਦੀ ਕਿੰਗ ਵਜਾਇਕੇ ਖੜ੍ਹਾ ਰੋਵੇ, ਕਦੀ ਸੰਖ ਤੇ ਨਾਦ ਘੂਕਾਈਆਂ ਨੇ ।
ਅੱਠੇ ਪਹਿਰ ਅੱਲਾਹ ਨੂੰ ਯਾਦ ਕਰਦਾ, ਖ਼ੈਰ ਓਸ ਨੂੰ ਪਾਉਂਦੀਆਂ ਮਾਈਆਂ ਨੇ ।
ਨਸ਼ੇ ਬਾਝ ਭਵਾਂ ਉਹਦੀਆਂ ਮੱਤੀਆਂ ਨੇ, ਮਿਰਗਾਣੀਆਂ ਗਲੇ ਬਣਾਈਆਂ ਨੇ ।
ਜਟਾਂ ਸੁੰਹਦੀਆਂ ਛੈਲ ਓਸ ਜੋਗੀੜੇ ਨੂੰ, ਜਿਵੇਂ ਚੰਦ ਦਵਾਲੇ ਘਟਾਂ ਆਈਆਂ ਨੇ ।
ਨਾ ਕੋਇ ਮਾਰਦਾ ਨਾ ਕਿਸੇ ਨਾਲ ਲੜਿਆ, ਨੈਣਾਂ ਓਸ ਦਿਆਂ ਝੰਬਰਾਂ ਲਾਈਆਂ ਨੇ ।
ਕੋਈ ਗੁਰੂ ਪੂਰਾ ਓਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ ।
ਵਾਰਿਸ ਸ਼ਾਹ ਚੇਲਾ ਬਾਲਨਾਥ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਤੇ ਲਾਈਆਂ ਨੇ ।
(ਜਲਾਲੀ=ਸੱਯਦ ਸ਼ਾਹ ਜਲਾਲੀ ਦੇ ਮੁਰੀਦ,ਜੋਸ਼ੀਲੇ ਅਤੇ ਗੁਸੈਲੇ ਸੁਭਾ ਵਾਲੇ
ਮਲੰਗ, ਮਦਾਰੀ=ਹਜ਼ਰਤ ਸ਼ਾਹ ਮਦਾਰ ਦੇ ਮੁਰੀਦ ਮੁੰਡੀ, ਗੋਦੜੀ ਅਤੇ ਜੰਗਮ=
ਫ਼ਕੀਰਾਂ ਦੇ ਫਿਰਕੇ ਹਨ, ਸ਼ਾਹ ਮਦਾਰ=ਇਨ੍ਹਾਂ ਦਾ ਮਜ਼ਾਰ ਮੱਕਨਪਰ (ਅਵਧ)
ਭਾਰਤ ਵਿੱਚ ਹੈ,ਇਹਦੇ ਚੇਲੇ ਸਿਰ ਤੇ ਬਹੁਤ ਸੰਘਣੀਆਂ ਜਟਾਂ ਰੱਖਦੇ ਹਨ ।
ਮਦਾਰੀ ਸਾਧ ਭੰਗ ਬਹੁਤ ਘੋਟਦੇ ਅਤੇ ਪੀਂਦੇ ਹਨ, ਉਨ੍ਹਾਂ ਨੂੰ ਬਖਸ਼ ਹੈ ਕਿ ਸੱਪ
ਦੇ ਕੱਟੇ ਦਾ ਇਲਾਜ ਕਰ ਸਕਦੇ ਹਨ, ਜੇ ਜ਼ਹਿਰੀਲਾ ਸੱਪ ਇਨ੍ਹਾਂ ਦੀ ਹੱਦ ਵਿੱਚ
ਆ ਜਾਵੇ ਤਾਂ ਦੱਸਦੇ ਹਨ ਕਿ ਉਹ ਅੰਨ੍ਹਾਂ ਹੋ ਜਾਂਦਾ ਸੀ, ਮਿਰਗਾਣੀਆਂ=ਹਿਰਨ,
ਸ਼ੇਰ ਜਾਂ ਚੀਤੇ ਦੀ ਖਲ, ਝੰਬਰਾਂ=ਛਹਿਬਰਾਂ)

308. ਹੀਰ ਦੀ ਨਨਾਣ ਸਹਿਤੀ ਨੇ ਹੀਰ ਨੂੰ ਜੋਗੀ ਬਾਰੇ ਦੱਸਣਾ

ਘਰ ਆਇ ਨਿਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਨੀ ।
ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ, ਗਲ ਹੈਂਕਲਾ ਅਜਬ ਸੁਹਾਹਿਆ ਨੀ ।
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਓਸ ਨੇ ਲਾਲ ਗਵਾਇਆ ਨੀ ।
ਨਾਲੇ ਗਾਂਵਦਾ ਤੇ ਨਾਲੇ ਰੋਂਵਦਾ ਏ, ਵੱਡਾ ਓਸ ਨੇ ਰੰਗ ਵਟਾਇਆ ਨੀ ।
ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ, ਰੂਪ ਤੁਧ ਥੀਂ ਦੂਣ ਸਵਾਇਆ ਨੀ ।
ਵਿੱਚ ਤ੍ਰਿੰਞਣਾਂ ਗਾਂਵਦਾ ਫਿਰੇ ਭੌਂਦਾ, ਅੰਤ ਓਸਦਾ ਕਿਸੇ ਨਾ ਪਾਇਆ ਨੀ ।
ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਨੀ ।
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ, ਤਾਂ ਹੀ ਓਸ ਨੇ ਸੀਸ ਮੁਨਾਇਆ ਨੀ ।
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਬੁੰਦੇ ਲਾਹ ਕੇ ਕੰਨ ਪੜਾਇਆ ਨੀ ।
ਕਹਿਨ ਤਖਤ ਹਜ਼ਾਰੇ ਦਾ ਇਹ ਰਾਂਝਾ, ਬਾਲ ਨਾਥ ਤੋਂ ਜੋਗ ਲਿਆਇਆ ਨੀ ।
ਵਾਰਿਸ ਇਹ ਫ਼ਕਰ ਤਾਂ ਨਹੀਂ ਖ਼ਾਲੀ, ਕਿਸੇ ਕਾਰਨੇ ਤੇ ਉਤੇ ਆਇਆ ਨੀ ।
(ਅਜਬ=ਅਜੀਬ, ਸੁਹਾਇਆ=ਸਜਾਇਆ, ਰਜਵੰਸ=ਰਾਜਵੰਸ,ਸ਼ਾਹੀ
ਖ਼ਾਨਦਾਨ, ਕਾਰਨੇ ਉਤੇ=ਕਾਰਾ ਕਰਨ)

309. ਹੀਰ

ਮੁਠੀ ਮੁਠੀ ਇਹ ਗੱਲ ਨਾ ਕਰੋ ਭੈਣਾਂ, ਮੈਂ ਸੁਣਦਿਆਂ ਈ ਮਰ ਗਈ ਜੇ ਨੀ ।
ਤੁਸਾਂ ਇਹ ਜਦੋਕਨੀ ਗੱਲ ਟੋਰੀ, ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ ।
ਗਏ ਟੁਟ ਸਤਰਾਣ ਤੇ ਅਕਲ ਡੁੱਬੀ, ਮੇਰੇ ਧੁਖ ਕਲੇਜੜੇ ਪਈ ਜੇ ਨੀ ।
ਕੀਕੂੰ ਕੰਨ ਪੜਾਇਕੇ ਜੀਂਵਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ ।
ਰੋਵਾਂ ਜਦੋਂ ਸੁਣਿਆਂ ਓਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ ।
ਮੱਸੁ-ਭਿੰਨੇ ਦਾ ਨਾਉਂ ਜਾਂ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ੍ਹ ਗਈ ਜੇ ਨੀ ।
ਕਿਵੇਂ ਵੇਖੀਏ ਓਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਞਣਾਂ ਵਿੱਚ ਧੁੰਮ ਪਈ ਜੇ ਨੀ ।
ਵੇਖਾਂ ਕਿਹੜੇ ਦੇਸ ਦਾ ਉਹ ਜੋਗੀ, ਓਸ ਥੋਂ ਕੈਣ ਪਿਆਰੀ ਰੁੱਸ ਗਈ ਜੇ ਨੀ ।
ਇੱਕ ਪੋਸਤ ਧਤੂਰਾ ਭੰਗ ਪੀ ਕੇ, ਮੌਤ ਓਸ ਨੇ ਮੁੱਲ ਕਿਉਂ ਲਈ ਜੇ ਨੀ ।
ਜਿਸ ਦਾ ਮਾਉਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਓਸ ਦੀ ਰਈ ਜੇ ਨੀ ।
ਭਾਵੇਂ ਭੁਖੜਾ ਰਾਹ ਵਿੱਚ ਰਹੇ ਢੱਠਾ, ਕਿਸੇ ਖ਼ਬਰ ਨਾ ਓਸ ਦੀ ਲਈ ਜੇ ਨੀ ।
ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ, ਮੈਂ ਤਾਂ ਨਿੱਘੜਾ ਬੋੜ ਹੋ ਗਈ ਜੇ ਨੀ ।
ਨਹੀਂ ਰਬ ਦੇ ਗ਼ਜ਼ਬ ਤੋਂ ਲੋਕ ਡਰਦੇ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨੀ ।
ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠਾ, ਦਿੱਤਾ ਰਬ ਦਾ ਮਾਉਂ ਸਹਿ ਗਈ ਜੇ ਨੀ ।
ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨੱਢੜੀ ਚੌੜ ਹੋ ਗਈ ਜੇ ਨੀ ।
ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖ਼ਲਕ ਮਗਰ ਕਿਉਂ ਓਸ ਦੇ ਪਈ ਜੇ ਨੀ ।
(ਮੁਠੀ ਮੁਠੀ=ਦੁਹਾਈ ਦੇ ਸ਼ਬਦ ਹਨ,ਹਾਏ ਲੋਕਾ ਮੈਂ ਧੋਖੇ ਵਿੱਚ ਲੁੱਟੀ ਗਈ,
ਜਦੋਕਨੀ=ਜਦੋਂ ਦੀ, ਲਹਿ ਗਈ=ਧਰਤੀ ਵਿੱਚ ਨਿੱਘਰ ਗਈ, ਸਤਰਾਣ=ਤਾਕਤ,
ਕਲੇਜੜੇ ਧੁਖ ਲੱਗੀ=ਕਾਲਜਾ ਸੜਣ ਲੱਗਾ, ਚੌੜ ਹੋ ਗਈ=ਬਰਬਾਦ ਹੋ ਗਈ)

310. ਤਥਾ

ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪੱਟਿਆ ਸੂ ।
ਅੱਗੇ ਅੱਗ ਫ਼ਿਰਾਕ ਦੀ ਸਾੜ ਸੁੱਟੀ, ਸੜੀ ਬਲੀ ਨੂੰ ਮੋੜ ਕੇ ਫੱਟਿਆ ਸੂ ।
ਨਾਲੇ ਰੰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀਂ ਨਫ਼ਾ ਕੀ ਖਟਿਆ ਸੂ ।
ਮੇਰੇ ਵਾਸਤੇ ਦੁਖੜੇ ਫਿਰੇ ਜਰਦਾ, ਲੋਹਾ ਤਾਇ ਜੀਭੇ ਨਾਲ ਚੱਟਿਆ ਸੂ ।
ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾ ਪਲੱਟਿਆ ਸੂ ।
ਹੋਇਆ ਚਾਕ ਮਲੀ ਪਿੰਡੇ ਖਾਕ ਰਾਂਝੇ, ਲਾਹ ਨੰਗ ਨਾਮੂਸ ਨੂੰ ਸੱਟਿਆ ਸੂ ।
ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਜਫਾ ਜਾਲ ਕੀ ਖੱਟਿਆ ਵੱਟਿਆ ਸੂ ।
(ਜਰਦਾ=ਝਲਦਾ,ਸਹਿੰਦਾ, ਤਾਅ ਕੇ=ਗਰਮ ਕਰਕੇ, ਨੀਰ=ਪਾਣੀ,ਹੰਝੂ,
ਨੰਗ ਨਾਮੂਸ=ਸ਼ਰਮ ਹਿਆ, ਜਫ਼ਾ ਜਾਲ ਕੇ=ਦੁਖ ਝੱਲ ਕੇ)

311. ਹੀਰ ਕੁੜੀਆਂ ਨੂੰ

ਗੱਲੀਂ ਲਾਇਕੇ ਕਿਵੇਂ ਲਿਆਉ ਉਸਨੂੰ, ਰਲ ਪੁਛੀਏ ਕਿਹੜੇ ਥਾਂਉਂਦਾ ਈ ।
ਖੇਹ ਲਾਇਕੇ ਦੇਸ ਵਿੱਚ ਫਿਰੇ ਭੌਂਦਾ, ਅਤੇ ਨਾਉਂ ਦਾ ਕੌਣ ਕਹਾਂਉਂਦਾ ਈ ।
ਵੇਖਾਂ ਕਿਹੜੇ ਦੇਸ ਦਾ ਚੌਧਰੀ ਹੈ, ਅਤੇ ਜ਼ਾਤ ਦਾ ਕੌਣ ਸਦਾਉਂਦਾ ਈ ।
ਵੇਖਾਂ ਰੋਹੀਓਂ, ਮਾਝਿਉਂ ਪੱਟੀਉਂ ਹੈ, ਰਾਵੀ ਬਿਆਸ ਦਾ ਇੱਕੇ ਝਨਾਉਂ ਦਾ ਈ ।
ਫਿਰੇ ਤ੍ਰਿੰਞਣਾ ਵਿੱਚ ਖ਼ੁਆਰ ਹੁੰਦਾ, ਵਿੱਚ ਵਿਹੜਿਆਂ ਫੇਰੀਆਂ ਪਾਉਂਦਾ ਈ ।
ਵਾਰਿਸ ਸ਼ਾਹ ਮੁੜ ਟੋਹ ਇਹ ਕਾਸ ਦਾ ਨੀ, ਕੋਈ ਏਸ ਦਾ ਭੇਤ ਨਾ ਪਾਉਂਦਾ ਈ ।
(ਭੌਂਦਾ=ਘੁੰਮਦਾ, ਰੋਹੀ=ਬਹਾਵਲਪੁਰ ਚੂਲਸਤਾਨ ਬੀਕਾਨੇਰ ਦਾ ਇਲਾਕਾ)

312. ਕੁੜੀਆਂ ਜੋਗੀ ਕੋਲ

ਲੈਣ ਜੋਗੀ ਨੂੰ ਆਈਆਂ ਧੁੰਬਲਾ ਹੋ, ਚਲੋ ਗੱਲ ਬਣਾਇ ਸਵਾਰੀਏ ਨੀ ।
ਸੱਭੇ ਬੋਲੀਆਂ 'ਵੇ ਨਮਸਕਾਰ ਜੋਗੀ', ਕਿਉਂ ਨੀ ਸਾਈਂ ਸਵਾਰੀਏ ਪਿਆਰੀਏ ਨੀ ।
ਵੱਡੀ ਮਿਹਰ ਹੋਈ ਏਸ ਦੇਸ ਉਤੇ, ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ ।
ਨਗਰ ਮੰਗ ਅਤੀਤ ਨੇ ਅਜੇ ਖਾਣਾ, ਬਾਤਾਂ ਸ਼ੌਕ ਦੀਆਂ ਚਾਇ ਵਿਸਾਰੀਏ ਨੀ ।
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ, ਨਗਰ ਜਾਇਕੇ ਭੀਖ ਚਿਤਾਰੀਏ ਨੀ ।
ਵਾਰਿਸ ਸ਼ਾਹ ਤੁਮਹੀਂ ਘਰੋਂ ਖਾਇ ਆਈਆਂ, ਨਾਲ ਚਾਵੜਾਂ ਲਉ ਗੁਟਕਾਰੀਏ ਨੀ ।
(ਧੁੰਬਲਾ=ਗਰੋਹ ਬਣ ਕੇ, ਅਤੀਤ=ਜੋਗੀ, ਬੈਰਾਗੀ, ਸਾਈਂ ਸਵਾਰੀ=ਜਿਹਦੇ ਉਤੇ
ਰਬ ਆਪ ਮਿਹਰ ਕਰੇ, ਗੁਟਕਾਰੀਏ=ਗੁਟਕਣਾ;
ਪਾਠ ਭੇਦ: ਗੁਟਕਾਰੀਏ=ਘੁਮਕਾਰੀਏ)

313. ਕੁੜੀਆਂ

'ਰਸਮ ਜਗ ਦੀ ਕਰੋ ਅਤੀਤ ਸਾਈਂ', ਸਾਡੀਆਂ ਸੂਰਤਾਂ ਵਲ ਧਿਆਨ ਕੀਚੈ ।
ਅਜੂ ਖੇੜੇ ਦੇ ਵਿਹੜੇ ਨੂੰ ਕਰੋ ਫੇਰਾ, ਜ਼ਰਾ ਹੀਰ ਦੀ ਤਰਫ਼ ਧਿਆਨ ਕੀਚੈ ।
ਵਿਹੜਾ ਮਹਿਰ ਦਾ ਚਲੋ ਵਿਖਾ ਲਿਆਈਏ, ਸਹਿਤੀ ਮੋਹਣੀ ਤੇ ਨਜ਼ਰ ਆਣ ਕੀਚੈ ।
ਵਾਰਿਸ ਵੇਖੀਏ ਘਰਾਂ ਸਰਦਾਰ ਦੀਆਂ ਨੂੰ, ਅਜੀ ਸਾਹਿਬੋ ! ਨਾ ਗੁਮਾਨ ਕੀਚੈ ।
(ਮੋਹਣੀ=ਮੋਹ ਲਣੈ ਵਾਲੀ,ਸੁਹਣੀ)

314. ਰਾਂਝਾ

ਹਮੀਂ ਬੱਡੇ ਫ਼ਕੀਰ ਸਤ ਪੀੜ੍ਹੀਏ ਹਾਂ, ਰਸਮ ਜਗ ਦੀ ਹਮੀਂ ਨਾ ਜਾਨਤੇ ਹਾਂ ।
ਕੰਦ ਮੂਲ ਉਜਾੜ ਵਿੱਚ ਖਾਇਕੇ ਤੇ, ਬਣ ਬਾਸ ਲੈ ਕੇ ਮੌਜਾਂ ਮਾਨਤੇ ਹਾਂ ।
ਬਘਿਆੜ ਸ਼ੇਰ ਅਰ ਮਿਰਗ ਚੀਤੇ, ਹਮੀਂ ਤਿਨ੍ਹਾਂ ਦੀਆਂ ਸੂਰਤਾਂ ਝਾਨਤੇ ਹਾਂ ।
ਤੁਮਹੀਂ ਸੁੰਦਰਾਂ ਬੈਠੀਆਂ ਖ਼ੂਬਸੂਰਤ, ਹਮੀਂ ਬੂਟੀਆਂ ਝਾਣੀਆਂ ਛਾਨਤੇ ਹਾਂ ।
ਨਗਰ ਬੀਚ ਨਾ ਆਤਮਾ ਪਰਚਦਾ ਏ, ਉਦਿਆਨ ਪਖੀ ਤੰਬੂ ਤਾਨਤੇ ਹਾਂ ।
ਗੁਰੂ ਤੀਰਥ ਜੋਗ ਬੈਰਾਗ ਹੋਵੇ, ਰੂਪ ਤਿਨ੍ਹਾਂ ਦੇ ਹਮੀਂ ਪਛਾਨਤੇ ਹਾਂ ।
(ਅਰ=ਅਤੇ, ਝਾਨਤੇ=ਵੇਖਦੇ, ਝਾਨੀਆਂ=ਵੇਖਦੇ, ਉਦਿਆਨ=ਵਸੋਂ ਤੋਂ ਦੂਰ,
ਜੰਗਲ ਵਿੱਚ ਪੱਖੀ ਤੰਬੂ=ਝੁੱਗੀ,ਦੋ ਬਾਂਸ ਜਾਂ ਲੱਕੜਾਂ ਸਿੱਧੀਆਂ ਗੱਡ ਕੇ ਉਨ੍ਹਾਂ
ਦੇ ਸਿਰਿਆਂ ਉਪਰ ਵਿਚਕਾਰ ਇੱਕ ਹੋਰ ਲੱਕੜ ਬੰਨ੍ਹ ਕੇ, ਉੱਪਰ ਪਾਈ ਢਾਲੂ
ਛੱਤ)

315. ਕੁੱਝ ਹੋਰ ਕੁੜੀਆਂ

ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ, ਵੇਖ ਰਾਂਝਣੇ ਨੂੰ ਮੂਰਛਤ ਹੋਈਆਂ ।
ਅੱਖੀਂ ਟੱਡੀਆਂ ਰਹਿਉਂ ਨੇ ਮੁਖ ਮੀਟੇ, ਟੰਗਾਂ ਬਾਹਾਂ ਵੱਗਾ ਬੇਸੱਤ ਹੋਈਆਂ ।
ਅਨੀ ਆਉ ਖਾਂ ਪੁਛੀਏ ਨੱਢੜੇ ਨੂੰ, ਦੇਹੀਆਂ ਵੇਖ ਜੋਗੀ ਉਦਮਤ ਹੋਈਆਂ ।
ਧੁੱਪੇ ਆਣ ਖਲੋਤੀਆਂ ਵੇਂਹਦੀਆਂ ਨੇ, ਮੁੜ੍ਹਕੇ ਡੁੱਬੀਆਂ ਤੇ ਰੱਤੋ-ਰੱਤ ਹੋਈਆਂ ।
(ਮੂਰਛਤ=ਬੇਸੁਧ, ਟੱਡੀਆਂ=ਅੱਡੀਆਂ ਹੋਈਆਂ, ਵੱਗਾ=ਚਿੱਟਾ, ਬੇਸਤ=
ਬਿਨਾ ਸਾਹ ਸਤ ਦੇ, ਉਦਮਤ=ਮਸਤ,ਹੈਰਾਨ)

316. ਕੁੜੀਆਂ ਆਪੋ ਵਿੱਚ

ਸਈਉ ਵੇਖੋ ਤੇ ਮਸਤ ਅਲੱਸਤ ਜੋਗੀ, ਜੈਂਦਾ ਰਬ ਦੇ ਨਾਲ ਧਿਆਨ ਹੈ ਨੀ ।
ਇਨ੍ਹਾਂ ਭੌਰਾਂ ਨੂੰ ਆਸਰਾ ਰਬ ਦਾ ਹੈ, ਘਰ ਬਾਰ ਨਾ ਤਾਣ ਨਾ ਮਾਣ ਹੈ ਨੀ ।
ਸੋਇਨੇ ਵੰਨੜੀ ਦੇਹੀ ਨੂੰ ਖੇਹ ਕਰਕੇ, ਚਲਣਾ ਖ਼ਾਕ ਵਿੱਚ ਫ਼ਕਰ ਦੀ ਬਾਣ ਹੈ ਨੀ ।
ਸੋਹਣਾ ਫੁਲ ਗੁਲਾਬ ਮਾਸ਼ੂਕ ਨੱਢਾ, ਰਾਜ ਪੁੱਤਰ ਤੇ ਸੁਘੜ ਸੁਜਾਨ ਹੈ ਨੀ ।
ਜਿਨ੍ਹਾਂ ਭੰਗ ਪੀਤੀ ਸਵਾਹ ਲਾਇ ਬੈਠੇ, ਓਨ੍ਹਾਂ ਮਾਹਣੂਆਂ ਦੀ ਕੇਹੀ ਕਾਣ ਹੈ ਨੀ ।
ਜਿਵੇਂ ਅਸੀਂ ਮੁਟਿਆਰ ਹਾਂ ਰੰਗ ਭਰੀਆਂ, ਤਿਵੇਂ ਇਹ ਭੀ ਅਸਾਡੜਾ ਹਾਣ ਹੈ ਨੀ ।
ਆਓ, ਪੁੱਛੀਏ ਕਿਹੜੇ ਦੇਸ ਦਾ ਹੈ, ਅਤੇ ਏਸ ਦਾ ਕੌਣ ਮਕਾਨ ਹੈ ਨੀ ।
(ਭੌਰ=ਆਸ਼ਕ, ਕਾਣ=ਸ਼ਰਮ,ਪਰਵਾਹ, ਮਕਾਨ=ਥਾਂ)

317. ਕੁੜੀਆਂ ਰਾਂਝੇ ਨੂੰ

ਸੁਣੀ ਜੋਗੀਆ ਗੱਭਰੂਆ ਛੈਲ ਬਾਂਕੇ, ਨੈਣਾਂ ਖੀਵਿਆ ਮਸਤ ਦੀਵਾਨਿਆ ਵੇ ।
ਕੰਨੀਂ ਮੁੰਦਰਾਂ ਖੱਪਰੀ ਨਾਦ ਸਿੰਙੀ, ਗਲ ਸੇਲ੍ਹੀਆਂ ਤੇ ਹਥ ਗਾਨਿਆ ਵੇ ।
ਵਿੱਚੋਂ ਨੈਣ ਹੱਸਣ ਹੋਠ ਭੇਤ ਦੱਸਣ, ਅੱਖੀਂ ਮੀਟਦਾ ਨਾਲ ਬਹਾਨਿਆ ਵੇ ।
ਕਿਸ ਮੁਨਿਉਂ ਕੰਨ ਕਿਸ ਪਾੜਿਉ ਨੀ, ਤੇਰਾ ਵਤਨ ਹੈ ਕੌਣ ਦੀਵਾਨਿਆ ਵੇ ।
ਕੌਣ ਜ਼ਾਤ ਹੈ ਕਾਸ ਤੋਂ ਜੋਗ ਲੀਤੋ, ਸੱਚੋ ਸੱਚ ਹੀ ਦੱਸ ਮਸਤਾਨਿਆ ਵੇ ।
ਏਸ ਉਮਰ ਕੀ ਵਾਇਦੇ ਪਏ ਤੈਨੂੰ, ਕਿਉਂ ਭੌਨਾ ਏਂ ਦੇਸ ਬੇਗਾਨਿਆ ਵੇ ।
ਕਿਸੇ ਰੰਨ ਭਾਬੀ ਬੋਲੀ ਮਾਰਿਆ ਈ, ਹਿੱਕ ਸਾੜਿਆ ਸੂ ਨਾਲ ਤਾਨ੍ਹਿਆਂ ਵੇ ।
ਵਿੱਚ ਤ੍ਰਿੰਞਣਾ ਪਵੇ ਵਿਚਾਰ ਤੇਰੀ, ਹੋਵੇ ਜ਼ਿਕਰ ਤੇਰਾ ਚੱਕੀ-ਹਾਨਿਆਂ ਵੇ ।
ਬੀਬਾ ਦੱਸ ਸ਼ਤਾਬ ਹੋ ਜੀਊ ਜਾਂਦਾ, ਅਸੀਂ ਧੁਪ ਦੇ ਨਾਲ ਮਰ ਜਾਨੀਆਂ ਵੇ ।
ਕਰਨ ਮਿੰਨਤਾਂ ਮੁੱਠੀਆਂ ਭਰਨ ਲੱਗੀਆਂ, ਅਸੀਂ ਪੁਛ ਕੇ ਹੀ ਟੁਰ ਜਾਨੀਆਂ ਵੇ ।
ਵਾਰਿਸ ਸ਼ਾਹ ਗੁਮਾਨ ਨਾ ਪਵੀਂ ਮੀਆਂ, ਅਵੇ ਹੀਰ ਦਿਆ ਮਾਲ ਖ਼ਜ਼ਾਨਿਆ ਵੇ ।
(ਵਾਇਦੇ=ਦੁਖ, ਚੱਕੀ ਹਾਨਾ=ਚੱਕੀ-ਖ਼ਾਨਾ, ਸ਼ਤਾਬ=ਛੇਤੀ, ਜੀਊ ਜਾਂਦਾ=
ਗਰਮੀ ਨਾਲ ਦਿਲ ਘਬਰਾ ਰਿਹਾ)

318. ਰਾਂਝਾ

ਰਾਂਝਾ ਆਖਦਾ ਖਿਆਲ ਨਾ ਪਵੋ ਮੇਰੇ, ਸੱਪ ਸ਼ੀਂਹ ਫ਼ਕੀਰ ਦਾ ਦੇਸ ਕੇਹਾ ।
ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ, ਅਸਾਂ ਜ਼ਾਤ ਸਿਫ਼ਾਤ ਤੇ ਭੇਸ ਕੇਹਾ ।
ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਕ ਕਬੀਲੜਾ ਖ਼ੇਸ਼ ਕੇਹਾ ।
ਜੇਹੜਾ ਵਤਨ ਤੇ ਜ਼ਾਤ ਵਲ ਧਿਆਨ ਰੱਖੇ, ਦੁਨੀਆਂਦਾਰ ਹੈ ਉਹ ਦਰਵੇਸ਼ ਕੇਹਾ ।
ਦੁਨੀਆਂ ਨਾਲ ਪੈਵੰਦ ਹੈ ਅਸਾਂ ਕੇਹਾ, ਪੱਥਰ ਜੋੜਨਾ ਨਾਲ ਸਰੇਸ਼ ਕੇਹਾ ।
ਸੱਭਾ ਖ਼ਾਕ ਦਰ ਖ਼ਾਕ ਫ਼ਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕੇਹਾ ।
(ਕਬੀਲੜਾ=ਟੱਬਰ,ਕੁਟੰਭ, ਦਮਾਂ=ਸਾਹਾਂ)

319. ਤਥਾ

ਸਾਨੂੰ ਨਾ ਅਕਾਉ ਰੀ ਭਾਤ ਖਾਣੀ, ਖੰਡਾ ਕਰੋਧ ਕਾ ਹਮੀਂ ਨਾ ਸੂਤਨੇ ਹਾਂ ।
ਜੇ ਕਰ ਆਪਣੀ ਆਈ ਤੇ ਆ ਜਾਈਏ, ਖੁੱਲ੍ਹੀ ਝੰਡ ਸਿਰ ਤੇ ਅਸੀਂ ਭੂਤਨੇ ਹਾਂ ।
ਘਰ ਮਹਿਰਾਂ ਦੇ ਕਾਸਨੂੰ ਅਸਾਂ ਜਾਣਾ, ਸਿਰ ਮਹਿਰੀਆਂ ਦੇ ਅਸੀਂ ਮੂਤਨੇ ਹਾਂ ।
ਵਾਰਿਸ ਸ਼ਾਹ ਮੀਆਂ ਹੇਠ ਬਾਲ ਭਾਂਬੜ, ਉਲਟੇ ਹੋਇਕੇ ਰਾਤ ਨੂੰ ਝੂਟਨੇ ਹਾਂ ।
320. ਕੁੜੀਆਂ ਤੇ ਰਾਂਝਾ

ਅਸਾਂ ਅਰਜ਼ ਕੀਤਾ ਤੈਨੂੰ ਗੁਰੂ ਕਰਕੇ, ਬਾਲ ਨਾਥ ਦੀਆਂ ਤੁਸੀਂ ਨਿਸ਼ਾਨੀਆਂ ਹੋ ।
ਤਨ ਛੇਦਿਆ ਹੈ ਕਿਵੇਂ ਜ਼ਾਲਮਾਂ ਨੇ, ਕਸ਼ਮੀਰ ਦੀਆਂ ਤੁਸੀਂ ਖ਼ੁਰਮਾਨੀਆਂ ਹੋ ।
ਸਾਡੀ ਆਜਜ਼ੀ ਤੁਸੀਂ ਨਾ ਮੰਨਦੇ ਹੋ, ਗ਼ੁੱਸੇ ਨਾਲ ਪਸਾਰ ਦੇ ਆਨੀਆਂ ਹੋ ।
ਅਸਾਂ ਆਖਿਆ ਮਹਿਰ ਦੇ ਚਲੋ ਵਿਹੜੇ, ਤੁਸੀਂ ਨਹੀਂ ਕਰਦੇ ਮਿਹਰਬਾਨੀਆਂ ਹੋ ।
ਸਭੇ ਸੋਂਹਦੀਆਂ ਤ੍ਰਿੰਞਣੀਂ ਸ਼ਾਹ ਪਰੀਆਂ, ਜਿਵੇਂ ਤਕਰਸ਼ਾਂ ਦੀਆਂ ਤੁਸੀਂ ਕਾਨੀਆਂ ਹੋ ।
ਚਲ ਕਰੋ ਅੰਗੁਸ਼ਤ ਫ਼ਰਿਸ਼ਤਿਆਂ ਨੂੰ, ਤੁਸੀਂ ਅਸਲ ਸ਼ੈਤਾਨ ਦੀਆਂ ਨਾਨੀਆਂ ਹੋ ।
ਤੁਸਾਂ ਸ਼ੇਖ ਸਾਅਦੀ ਨਾਲ ਮਕਰ ਕੀਤਾ, ਤੁਸੀਂ ਵੱਡੇ ਸ਼ਰਰ ਦੀਆਂ ਬਾਨੀਆਂ ਹੋ ।
ਅਸੀਂ ਕਿਸੇ ਪਰਦੇਸ ਦੇ ਫ਼ਕਰ ਆਏ, ਤੁਸੀਂ ਨਾਲ ਸ਼ਰੀਕਾਂ ਦੇ ਸਾਨੀਆਂ ਹੋ ।
ਜਾਉ ਵਾਸਤੇ ਰਬ ਦੇ ਖ਼ਿਆਲ ਛੱਡੋ, ਸਾਡੇ ਹਾਲ ਥੀਂ ਤੁਸੀਂ ਬੇਗਾਨੀਆਂ ਹੋ ।
ਵਾਰਿਸ ਸ਼ਾਹ ਫ਼ਕੀਰ ਦੀਵਾਨੜੇ ਨੇ, ਤੁਸੀਂ ਦਾਨੀਆਂ ਅਤੇ ਪਰਧਾਨੀਆਂ ਹੋ ।
(ਤਨ ਛੇਦਿਆ=ਸਰੀਰ ਵਿੱਚ ਗਲੀਆਂ ਕੀਤੀਆਂ, ਆਨੀਆਂ ਪਸਾਰਦੇ=ਡੇਲ
ਕੱਢਦੇ ਹੋ, ਤਰਕਸ਼=ਤੀਰਾਂ ਦਾ ਭੱਥਾ, ਅੰਗੁਸ਼ਤ=ਉਂਗਲੀ,ਇਸ਼ਾਰਾ, ਸ਼ੇਖ਼ ਸਾਅਦੀ=
ਈਰਾਨ ਦੇ ਬਹੁਤ ਵੱਡੇ ਸ਼ਾਇਰ, 'ਗੁਲਿਸਤਾਂ' ਅਤੇ 'ਬੋਸਤਾਂ' ਦੋ ਜਗਤ ਪ੍ਰਸਿੱਧ
ਕਿਤਾਬਾਂ ਦੇ ਰਚੇਤਾ ਹਨ ।ਦੱਸਿਆ ਜਾਂਦਾ ਹੈ ਕਿ ਉਹ ਭਾਰਤ ਵੀ ਆਏ ਸਨ।
ਉਨ੍ਹਾਂ ਔਰਤਾਂ ਦੇ ਚਲਿੱਤਰਾਂ ਬਾਰੇ ਸੁਣਿਆ ਹੋਇਆ ਸੀ ।ਇੱਕ ਪਿੰਡ ਜਾ ਕੇ ਸਭ
ਤੋਂ ਵਧ ਭਲੀਮਾਨਸ ਔਰਤ ਦਾ ਪਤਾ ਕੀਤਾ ।ਜਦੋਂ ਉਹ ਖੂਹ ਤੇ ਪਾਣੀ ਭਰਨ ਆਈ
ਤਾਂ ਉਹਨੂੰ ਚਲਿੱਤਰਾਂ ਬਾਬਤ ਪੁੱਛਿਆ ।ਉਹ ਕਹਿਣ ਲੱਗੀ ਕਿ ਉਹਨੂੰ ਨਹੀਂ ਆਉਂਦੇ,
ਉਹ ਹੋਰ ਔਰਤਾਂ ਦਾ ਪਤਾ ਦੱਸ ਸਕਦੀ ਹੈ ।ਉਹਨੂੰ ਇੱਕ ਨਿੱਕੀ ਜਹੀ ਮਕਰੀ ਆਉਂਦੀ
ਹੈ ।ਉਹ ਦਿਖਾ ਸਕਦੀ ਹੈ ।ਸ਼ੇਖ ਦੇ ਹਾਂ ਕਹਿਣ ਤੇ ਉਹਨੇ ਕਿਹਾ ਕਿ ਜਦੋਂ ਉਹ ਉਹਦੇ
ਕੋਲੋਂ ਕੁੱਝ ਕਦਮ ਪਰੇ ਜਾਵੇਗਾ ਸ਼ੁਰੂ ਕਰੇਗੀ ।ਜਦੋਂ ਸ਼ੇਖ ਸਾਹਿਬ ਕੁੱਝ ਕਦਮ ਪਰੇ ਨਾਲ
ਦੀ ਗਲੀ ਮੁੜੇ ਤਾਂ ਉਹਨੇ ਰੋਲਾ ਪਾ ਦਿੱਤਾ ਕਿ ਲੋਕੋ ਫੜੋ, ਨਾਲ ਦੀ ਗਲੀ ਜਾਣ ਵਾਲਾ
ਕਾਣਾ ਪੁਰਸ਼ ਉਹਦੀ ਇੱਜ਼ਤ ਲੁੱਟਣੀ ਚਾਹੁੰਦਾ ਹੈ, ਲੋਕਾਂ ਫੜ ਕੇ ਸ਼ੇਖ਼ ਦੀ ਖਿੱਚ ਧੂਹ
ਕੀਤੀ ।ਕੋਤਵਾਲ ਕੋਲ ਲਿਜਾ ਕੇ ਇੱਕ ਮਕਾਨ ਵਿੱਚ ਬੰਦ ਕਰ ਦਿੱਤਾ ।ਫਿਰ ਉਹ
ਔਰਤ ਫੜਣ ਵਾਲਿਆਂ ਨੂੰ ਕਹਿਣ ਲੱਗੀ ਤੁਸੀਂ ਉਸ ਕਾਣੇ ਆਦਮੀ ਨਾਲ ਚੰਗੀ
ਕੀਤੀ ਉਹ ਬਦਮਾਸ਼ ਏਸੇ ਦਾ ਹੱਕਦਾਰ ਸੀ ।ਫੜਣ ਵਾਲੇ ਆਖਣ ਲੱਗੇ ਕਿ ਉਹ
ਗਲਤ ਪੁਰਸ਼ ਫੜ ਲਿਆਏ ਹਨ ।ਸ਼ੇਖ ਨੂੰ ਵੇਖ ਕੇ ਉਹ ਆਖਣ ਲੱਗੀ ਕਿ ਮੈਨੂੰ
ਛੇੜਣ ਵਾਲਾ ਪੁਰਸ਼ ਅੱਖੋਂ ਕਾਣਾ ਸੀ ।ਜਿਹੜਾ ਤੁਸੀਂ ਫੜ ਲਿਆਏ ਹੋ ਉਹ ਤਾ
ਸ਼ੇਖ਼ ਸਾਅਦੀ ਹੈ ਜਿਹੜਾ ਉਹਨੇ ਰਾਤੀਂ ਸੁਫ਼ਨੇ ਵਿੱਚ ਵੇਖਿਆ ਸੀ ।ਔਰਤ ਨੇ ਸ਼ੇਖ਼
ਦੇ ਪੈਰੀਂ ਹੱਥ ਲਾਏ ਅਤੇ ਕਿਹਾ ਇਹ ਤਾਂ ਵਲੀ ਪੁਰਸ਼ ਫਰਿਸ਼ਤਾ ਹੈ ।ਉਹ ਕਾਣਾ
ਸੂਰ ਵੀ ਇਸੇ ਗਲੀ ਵਿੱਚ ਭੱਜਾ ਸੀ ।ਮੈਨੂੰ ਮੁਆਫ਼ ਕਰੋ' ਫੜਣ ਵਾਲਿਆਂ ਵੀ
ਸਾਅਦੀ ਤੋਂ ਮੁਆਫ਼ੀ ਮੰਗੀ । ਜਾਂਦੀ ਹੋਈ ਉਹ ਔਰਤ ਕਹਿ ਗਈ ਕਿ ਉਹਨੂੰ ਤਾਂ
ਨਿੱਕੀ ਜਹੀ ਮਕਰੀ ਆਉਂਦੀ ਸੀ ਉਹ ਦਿਖਾ ਦਿੱਤੀ ਹੈ, ਸ਼ਰਰ=ਸ਼ਰਾਰਤ, ਸਾਨੀ=
ਬਰਾਬਰ)

321. ਰਾਂਝਾ

ਹਮੀਂ ਭਿਛਿਆ ਵਾਸਤੇ ਤਿਆਰ ਬੈਠੇ, ਤੁਮਹੀਂ ਆਣ ਕੇ ਰਿੱਕਤਾਂ ਛੇੜਦੀਆਂ ਹੋ ।
ਅਸਾਂ ਲਾਹ ਪੰਜਾਲੀਆਂ ਜੋਗ ਛੱਡੀ, ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ ।
ਅਸੀਂ ਛੱਡ ਝੇੜੇ ਜੋਗ ਲਾਇ ਬੈਠੇ, ਤੁਸੀਂ ਫੇਰ ਆਲੂਦ ਲਬੇੜਦੀਆਂ ਹੋ ।
ਪਿੱਛੋਂ ਕਹੋਗੀ ਭੂਤਨੇ ਆਣ ਲੱਗੇ, ਅੰਨ੍ਹੇ ਖੂਹ ਵਿੱਚ ਸੰਗ ਕਿਉਂ ਰੇੜ੍ਹਦੀਆਂ ਹੋ ।
ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ, ਤੁਮ੍ਹੀਂ ਆਣ ਕੇ ਕਾਹਿ ਖਹੇੜਦੀਆਂ ਹੋ ।
(ਆਲੂਦ=ਲਿਬੜਿਆ ਹੋਇਆ, ਸੰਗ=ਪੱਥਰ, ਅੰਨ੍ਹਾ ਖੂਹ=ਬੇਆਬਾਦ ਜਾਂ
ਉਜੜਿਆ ਖੂਹ ਜਿਸ ਬਾਬਤ ਵਹਿਮ ਸੀ ਕਿ ਉਸ ਵਿੱਚ ਇੱਟ ਪੱਥਰ ਮਾਰਨ
ਨਾਲ ਭੂਤ ਲਗ ਜਾਂਦੇ ਹਨ)

322. ਰਾਂਝਾ ਗਦਾ ਕਰਨ ਤੁਰ ਪਿਆ

ਰਾਂਝਾ ਖੱਪਰੀ ਪਕੜ ਕੇ ਗਜ਼ੇ ਚੜ੍ਹਿਆ, ਸਿੰਙੀ ਦਵਾਰ-ਬ-ਦਵਾਰ ਵਜਾਉਂਦਾ ਏ ।
ਕੋਈ ਦੇ ਸੀਧਾ ਕੋਈ ਪਾਏ ਟੁੱਕੜ, ਕੋਈ ਥਾਲੀਆਂ ਪਰੋਸ ਲਿਆਉਂਦਾ ਏ ।
ਕੋਈ ਆਖਦੀ ਜੋਗੀੜਾ ਨਵਾਂ ਬਣਿਆ, ਰੰਗ ਰੰਗ ਦੀ ਕਿੰਗ ਵਜਾਉਂਦਾ ਏ ।
ਕੋਈ ਦੇ ਗਾਲੀ ਧਾੜੇ ਮਾਰ ਫਿਰਦਾ, ਕੋਈ ਬੋਲਦੀ ਜੋ ਮਨ ਭਾਉਂਦਾ ਏ ।
ਕੋਈ ਜੋੜ ਕੇ ਹੱਥ ਤੇ ਕਰੇ ਮਿੰਨਤ, ਸਾਨੂੰ ਆਸਰਾ ਫ਼ਕਰ ਦੇ ਨਾਉਂ ਦਾ ਏ ।
ਕੋਈ ਆਖਦੀ ਮਸਤਿਆ ਚਾਕ ਫਿਰਦਾ, ਨਾਲ ਮਸਤੀਆਂ ਘੂਰਦਾ ਗਾਉਂਦਾ ਏ ।
ਕੋਈ ਆਖਦੀ ਮਸਤ ਦੀਵਾਨੜਾ ਹੈ, ਬੁਰਾ ਲੇਖ ਜਨੈਂਦੜੀ ਮਾਉਂ ਦਾ ਏ ।
ਕੋਈ ਆਖਦੀ ਠਗ ਉਧਾਲ ਫਿਰਦਾ, ਸੂਹਾ ਚੋਰਾਂ ਦੇ ਕਿਸੇ ਰਾਉਂ ਦਾ ਏ ।
ਲੜੇ ਭਿੜੇ ਤੇ ਗਾਲੀਆਂ ਦਏ ਲੋਕਾਂ, ਠਠੇ ਮਾਰਦਾ ਲੋੜ੍ਹ ਕਮਾਂਉਦਾ ਏ ।
ਆਟਾ ਕਣਕ ਦਾ ਲਏ ਤੇ ਘਿਉ ਭੱਤਾ, ਦਾਣਾ ਟੁਕੜਾ ਗੋਦ ਨਾ ਪਾਉਂਦਾ ਏ ।
ਵਾਰਿਸ ਸ਼ਾਹ ਰੰਝੇਟੜਾ ਚੰਦ ਚੜ੍ਹਿਆ, ਘਰੋ ਘਰੀ ਮੁਬਾਰਕਾਂ ਲਿਆਉਂਦਾ ਏ ।
(ਗਜ਼ਾ ਕਰਨ=ਮੰਗਣ, ਸੀਧਾ=ਕੱਚਾ ਖੁਸ਼ਕ ਰਾਸ਼ਨ, ਧਾੜੇ ਮਾਰ=ਚੋਰ,ਡਾਕੂ,
ਠੱਠੇ ਮਾਰ=ਮਖੌਲ ਉਡਾਉਣ ਵਾਲਾ)

323. ਰਾਂਝਾ

ਆ ਵੜੇ ਹਾਂ ਉਜੜੇ ਪਿੰਡ ਅੰਦਰ, ਕਾਈ ਕੁੜੀ ਨਾ ਤ੍ਰਿੰਞਣੀਂ ਗਾਂਵਦੀ ਹੈ ।
ਨਾਹੀਂ ਕਿਕਲੀ ਪਾਂਵਦੀ ਨਾ ਸੰਮੀ, ਪੰਬੀ ਪਾ ਨਾ ਧਰਤ ਹਲਾਂਵਦੀ ਹੈ ।
ਨਾਹੀਂ ਚੂਹੜੀ ਦਾ ਗੀਤ ਗਾਂਉਂਦੀਆਂ ਨੇ, ਗਿੱਧਾ ਰਾਹ ਵਿੱਚ ਕਾਈ ਨਾ ਪਾਂਵਦੀ ਹੈ ।
ਵਾਰਿਸ ਸ਼ਾਹ ਛੱਡ ਚੱਲੀਏ ਇਹ ਨਗਰੀ, ਐਸੀ ਤਬ੍ਹਾ ਫ਼ਕੀਰ ਦੀ ਆਂਵਦੀ ਹੈ ।
(ਸੰਮੀ=ਹਲਕਾ ਚੁਸਤ ਨਾਚ, ਪੰਬੀ=ਛਾਲ ਮਾਰ ਕੇ ਨੱਚਣਾ)

324. ਕੁੜੀਆਂ

ਚਲ ਜੋਗੀਆ ਅਸੀਂ ਵਿਖਾ ਲਿਆਈਏ, ਜਿੱਥੇ ਤ੍ਰਿੰਞਣੀਂ ਛੋਹਰੀਆਂ ਗਾਉਂਦੀਆਂ ਨੇ ।
ਲੈ ਕੇ ਜੋਗੀ ਨੂੰ ਆਣ ਵਿਖਾਲਿਉ ਨੇ, ਜਿੱਥੇ ਵਹੁਟੀਆਂ ਛੋਪ ਰਲ ਪਾਉਂਦੀਆਂ ਨੇ ।
ਇੱਕ ਨੱਚਦੀਆਂ ਮਸਤ ਮਲੰਗ ਬਣ ਕੇ, ਇੱਕ ਸਾਂਗ ਚੂੜ੍ਹੀ ਦਾ ਲਾਉਂਦੀਆਂ ਨੇ ।
ਇੱਕ ਬਾਇੜਾਂ ਨਾਲ ਘਸਾ ਬਾਇੜ, ਇੱਕ ਮਾਲ੍ਹ ਤੇ ਮਾਲ੍ਹ ਫਿਰਾਉਂਦੀਆਂ ਨੇ ।
ਵਾਰਿਸ ਸ਼ਾਹ ਜੋਗੀ ਆਣ ਧੁੱਸ ਦਿੱਤੀ,ਕੁੜੀਆਂ ਸੱਦ ਕੇ ਕੋਲ ਬਹਾਉਂਦੀਆਂ ਨੇ ।
(ਛੋਪ=ਜੋਟੇ, ਬਾਇੜਾਂ=ਲਕੜੀ ਦਾ ਗੋਲ ਚੱਕਰ)

325. ਤ੍ਰਿੰਞਣ ਵਿੱਚ ਜ਼ਾਤਾਂ ਦਾ ਵੇਰਵਾ

ਜਿੱਥੇ ਤ੍ਰਿੰਞਣਾਂ ਦੀ ਘੁਮਕਾਰ ਪੌਂਦੀ, ਅੱਤਣ ਬੈਠੀਆਂ ਲਖ ਮਹਿਰੇਟੀਆਂ ਨੇ ।
ਖਤਰੇਟੀਆਂ ਅਤੇ ਬਹਿਮਨੇਟੀਆਂ ਨੇ, ਤੁਰਕੇਟੀਆਂ ਅਤੇ ਜਟੇਟੀਆਂ ਨੇ ।
ਲੁਹਾਰੀਆਂ ਲੌਂਗ ਸੁਪਾਰੀਆਂ ਨੇ, ਸੁੰਦਰ ਖੋਜੀਆਂ ਅਤੇ ਰੰਘੜੇਟੀਆਂ ਨੇ ।
ਸੁੰਦਰ ਕੁਆਰੀਆਂ ਰੂਪ ਸੰਗਾਰੀਆਂ ਨੇ, ਅਤੇ ਵਿਆਹੀਆਂ ਮੁਸ਼ਕ ਲਪੇਟੀਆਂ ਨੇ ।
ਅਰੋੜੀਆਂ ਮੁਸ਼ਕ ਵਿੱਚ ਬੋੜੀਆਂ ਨੇ, ਫੁਲਹਾਰੀਆਂ ਛੈਲ ਸੁਨਰੇਟੀਆਂ ਨੇ ।
ਮਨਿਹਾਰੀਆਂ ਤੇ ਪੱਖੀਵਾਰੀਆਂ, ਨੇ ਸੁੰਦਰ ਤੇਲਣਾਂ ਨਾਲ ਮੋਚੇਟੀਆਂ ਨੇ ।
ਪਠਾਣੀਆਂ ਚਾਦਰਾਂ ਤਾਣੀਆਂ ਨੇ, ਪਸ਼ਤੋ ਮਾਰਦੀਆਂ ਨਾਲ ਮੁਗ਼ਲੇਟੀਆਂ ਨੇ ।
ਪਿੰਜਾਰੀਆਂ ਨਾਲ ਚਮਿਆਰੀਆਂ ਨੇ, ਰਾਜਪੂਤਨੀਆਂ ਨਾਲ ਭਟੇਟੀਆਂ ਨੇ ।
ਦਰਜ਼ਾਨੀਆਂ ਸੁਘੜ ਸਿਆਣੀਆਂ ਨੇ, ਬਰਵਾਲੀਆਂ ਨਾਲ ਮਛੇਟੀਆਂ ਨੇ ।
ਸਈਅੱਦ ਜ਼ਾਦੀਆਂ ਤੇ ਸ਼ੈਖ਼ ਜ਼ਾਦੀਆਂ, ਨੇ ਤਰਖਾਣੀਆਂ ਨਾਲ ਘੁਮਰੇਟੀਆਂ ਨੇ ।
ਰਾਉਲਿਆਣੀਆਂ ਬੇਟੀਆਂ ਬਾਣੀਆਂ ਦੀਆਂ, ਛੰਨਾਂ ਵਾਲੀਆਂ ਨਾਲ ਵਣੇਟੀਆਂ ਨੇ ।
ਚੰਗੜਿਆਣੀਆਂ ਨਾਇਣਾਂ ਮੀਰਜ਼ਾਦਾਂ, ਜਿਨ੍ਹਾਂ ਲੱਸੀਆਂ ਨਾਲ ਲਪੇਟੀਆਂ ਨੇ ।
ਗੰਧੀਲਣਾਂ ਛੈਲ ਛਬੀਲੀਆਂ ਨੇ, ਤੇ ਕਲਾਲਣਾਂ ਭਾਬੜੀਆਂ ਬੇਟੀਆਂ ਨੇ ।
ਬਾਜ਼ੀਗਰਨੀਆਂ ਨਟਨੀਆਂ ਕੁੰਗੜਾਨੀਆਂ, ਵੀਰਾ ਰਾਧਣਾਂ ਰਾਮ ਜਣੇਟੀਆਂ ਨੇ ।
ਪੂਰਬਿਆਣੀਆਂ ਛੀਂਬਣਾਂ ਰੰਗਰੇਜ਼ਾਂ, ਬੈਰਾਗਣਾਂ ਨਾਲ ਠਠਰੇਟੀਆਂ ਨੀ ।
ਸੰਡਾਸਣਾਂ ਅਤੇ ਖ਼ਰਾਸਣਾਂ ਨੀ ,ਢਾਲਗਰਨੀਆਂ ਨਾਲ ਵਣਸੇਟੀਆਂ ਨੀ ।
ਕੁੰਗਰਾਣੀਆਂ ਡੂਮਣੀਆਂ ਦਾਈਂ ਕੁੱਟਾਂ, ਆਤਿਸ਼ਬਾਜ਼ਣਾਂ ਨਾਲ ਪਹਿਲਵੇਟੀਆਂ ਨੇ ।
ਖਟੀਕਣਾਂ ਤੇ ਨੇਚਾ ਬੰਦਨਾਂ ਨੇ, ਚੂੜੀਗਰਨੀਆਂ ਤੇ ਕੰਮਗਰੇਟੀਆਂ ਨੇ ।
ਭਰਾਇਣਾਂ ਵਾਹਨਾਂ ਸਰਸਸਿਆਣੀਆਂ, ਸਾਉਂਸਿਆਣੀਆਂ ਕਿਤਨ ਕੋਝੇਟੀਆਂ ਨੇ ।
ਬਹਿਰੂਪਣਾਂ ਰਾਂਝਣਾਂ ਜ਼ੀਲਵੱਟਾਂ, ਬਰਵਾਲੀਆਂ ਭੱਟ ਬਹਿਮਨੇਟੀਆਂ ਨੇ ।
ਲੁਬਾਣੀਆਂ ਢੀਡਣਾਂ ਪੀਰਨੀਆਂ ਨੇ, ਸਾਊਆਣੀਆਂ ਦੁਧ ਦੁਧੇਟੀਆਂ ਨੇ ।
ਝਬੇਲਣਾ ਮਿਉਣੀਆਂ ਫਫੇਕੁਟਣੀਆਂ, ਜੁਲਹੇਟੀਆਂ ਨਾਲ ਕਸੇਟੀਆਂ ਨੇ ।
ਕਾਗ਼ਜ਼-ਕੁੱਟ ਡਬਗਰਨੀਆਂ ਉਰਦ-ਬੇਗਾਂ, ਹਾਥੀਵਾਨੀਆਂ ਨਾਲ ਬਲੋਚੇਟੀਆਂ ਨੇ ।
ਬਾਂਕੀਆਂ ਗੁਜਰੀਆਂ ਡੋਗਰੀਆਂ ਛੈਲ ਬਣੀਆਂ, ਰਾਜਵੰਸਣਾਂ ਰਾਜੇ ਦੀਆਂ ਬੇਟੀਆਂ ਨੇ ।
ਪਕੜ ਅੰਚਲਾ ਜੋਗੀ ਨੂੰ ਲਾ ਗੱਲੀਂ, ਵਿਹੜੇ ਵਾੜ ਕੇ ਘੇਰ ਲੈ ਬੈਠੀਆਂ ਨੇ ।
ਵਾਰਿਸ ਸ਼ਾਹ ਜੀਜਾ ਬੈਠਾ ਹੋ ਜੋਗੀ, ਦਵਾਲੇ ਬੈਠੀਆਂ ਸਾਲੀਆਂ ਜੇਠੀਆਂ ਨੇ ।
(ਘੁਮਕਾਰ=ਗੂੰਜ, ਅੱਤਣ=ਕੁੜੀਆਂ ਦੀ ਮਹਿਫ਼ਲ, ਵਣੇਟੀ=ਵਾਣ ਵੱਟਨ ਵਾਲੀ,
ਮੀਰਜ਼ਾਦੀ=ਸੱਯਦਜ਼ਾਦੀ, ਕਲਾਲਣ=ਸ਼ਰਾਬ ਕੱਢਣ ਤੇ ਵੇਚਣ ਵਾਲੀ, ਰਾਮ ਜਣੀ=
ਨਾਚੀ, ਵਣਸੇਟੀ=ਬਾਂਸ, ਨੜੇ ਅਤੇ ਸਰਕੰਡੇ ਦਾ ਸਮਾਨ ਬਣਾਉਣ ਵਾਲੀ, ਅੰਚਲਾ=
ਆਂਚਲ,ਪੱਲਾ, ਕੁੰਗਰਾਣੀ=ਮਿੱਟੀ ਦੇ ਖਿਡੌਣੇ ਬਣਾਉਣ ਵਾਲੀ, ਪਹਿਲਵੇਟੀ=
ਪਹਿਲਵਾਨ ਦੀ ਇਸਤਰੀ, ਕੰਮਗਰੇਟੀ=ਕਮਾਨ ਬਣਾਉਣ ਵਾਲੀ)

326. ਤਥਾ

ਕਾਈ ਆ ਰੰਝੇਟੇ ਦੇ ਨੈਣ ਵੇਖੇ, ਕਾਈ ਮੁਖੜਾ ਵੇਖ ਸਲਾਹੁੰਦੀ ਹੈ ।
ਅੜੀਉ ਵੇਖੋ ਤਾਂ ਸ਼ਾਨ ਇਸ ਜੋਗੀੜੇ ਦੀ, ਰਾਹ ਜਾਂਦੜੇ ਮਿਰਗ ਫਹਾਉਂਦੀ ਹੈ ।
ਝੂਠੀ ਦੋਸਤੀ ਉਮਰ ਦੇ ਨਾਲ ਜੁੱਸੇ, ਦਿਨ ਚਾਰ ਨਾ ਤੋੜ ਨਿਬਾਹੁੰਦੀ ਹੈ ।
ਕੋਈ ਓਢਨੀ ਲਾਹ ਕੇ ਮੁਖ ਪੂੰਝੇ, ਧੋ ਧਾ ਬਿਭੂਤ ਚਾ ਲਾਹੁੰਦੀ ਹੈ ।
ਕਾਈ ਮੁਖ ਰੰਝੇਟੇ ਦੇ ਨਾਲ ਜੋੜੇ, ਤੇਰੀ ਤਬ੍ਹਾ ਕੀ ਜੋਗੀਆ ਚਾਹੁੰਦੀ ਹੈ ।
ਸਹਿਤੀ ਲਾਡ ਦੇ ਨਾਲ ਚਵਾ ਕਰਕੇ, ਚਾਇ ਸੇਲ੍ਹੀਆਂ ਜੋਗੀ ਦੀਆਂ ਲਾਹੁੰਦੀ ਹੈ ।
ਰਾਂਝੇ ਪੁੱਛਿਆ ਕੌਣ ਹੈ ਇਹ ਨੱਢੀ, ਧੀ ਅਜੂ ਦੀ ਕਾਈ ਚਾ ਆਂਹਦੀ ਹੈ ।
ਅੱਜੂ ਬੱਜੂ ਛੱਜੂ ਫੱਜੂ ਅਤੇ ਕੱਜੂ, ਹੁੰਦਾ ਕੌਣ ਹੈ ਤਾਂ ਅੱਗੋਂ ਆਂਹਦੀ ਹੈ ।
ਵਾਰਿਸ ਸ਼ਾਹ ਨਿਨਾਣ ਹੈ ਹੀਰ ਸੰਦੀ, ਧੀਉ ਖੇੜਿਆਂ ਦੇ ਬਾਦਸ਼ਾਹ ਦੀ ਹੈ ।
327. ਰਾਂਝੇ ਤੇ ਸਹਿਤੀ ਦੇ ਸਵਾਲ ਜਵਾਬ

ਅੱਜੂ ਧੀ ਰੱਖੀ ਧਾੜੇ ਮਾਰ ਲੱਪੜ, ਮੁਸ਼ਟੰਡੜੀ ਤ੍ਰਿੰਞਣੀਂ ਘੁੰਮਦੀ ਹੈ ।
ਕਰੇ ਆਣ ਬੇਅਦਬੀਆਂ ਨਾਲ ਫ਼ੱਕਰਾਂ, ਸਗੋਂ ਸੇਲ੍ਹੀਆਂ ਨੂੰ ਨਾਹੀਂ ਚੁਮਦੀ ਹੈ ।
ਲਾਹ ਸੇਲ੍ਹੀਆਂ ਮਾਰਦੀ ਜੋਗੀਆਂ ਨੂੰ, ਅਤੇ ਮਿਲਦੀਆਂ ਮਹੀਂ ਨੂੰ ਟੁੰਬਦੀ ਹੈ ।
ਫਿਰੇ ਨਚਦੀ ਸ਼ੋਖ਼ ਬੇਹਾਣ ਘੋੜੀ, ਨਾ ਇਹ ਬਹੇ ਨਾ ਕਤਦੀ ਤੁੰਬਦੀ ਹੈ ।
ਸਿਰਦਾਰ ਹੈ ਲੋਹਕਾਂ ਲਾਹਕਾਂ ਦੀ, ਪੀਹਣ ਡੋਲ੍ਹਦੀ ਤੇ ਤੌਣ ਲੁੰਬਦੀ ਹੈ ।
ਵਾਰਿਸ ਸ਼ਾਹ ਦਿਲ ਆਂਵਦਾ ਚੀਰ ਸੁੱਟਾਂ, ਬੁਨਿਆਦ ਪਰ ਜ਼ੁਲਮ ਦੀ ਖੁੰਬ ਦੀ ਹੈ ।
(ਧਾੜੇਮਾਰ=ਵਾਰਦਾਤਨ, ਬੇਹਾਣ=ਬਛੇਰੀ, ਲੁੰਬਣਾ=ਝਪਟਾ ਮਾਰਨਾ,
ਤੌਣ=ਗੁੰਨਿਆ ਹੋਇਆ ਆਟਾ)

328. ਸਹਿਤੀ

ਲੱਗੇਂ ਹੱਥ ਤਾਂ ਪਕੜ ਪਛਾੜ ਸੁੱਟਾਂ, ਤੇਰੇ ਨਾਲ ਕਰਸਾਂ ਸੋ ਤੂੰ ਜਾਣਸੇਂ ਵੇ ।
ਹਿੱਕੋ ਹਿੱਕ ਕਰਸਾਂ ਭੰਨ ਲਿੰਗ ਗੋਡੇ, ਤਦੋਂ ਰਬ ਨੂੰ ਇੱਕ ਪਛਾਣਸੇਂ ਵੇ ।
ਵਿਹੜੇ ਵੜਿਉਂ ਤਾਂ ਖੋਹ ਚਟਕੋਰਿਆਂ ਨੂੰ, ਤਦੋਂ ਸ਼ੁਕਰ ਬਜਾ ਲਿਆਵਸੇਂ ਵੇ ।
ਗੱਦੋਂ ਵਾਂਗ ਜਾਂ ਜੂੜ ਕੇ ਘੜਾਂ ਤੈਨੂੰ, ਤਦੋਂ ਛੱਟ ਤਦਬੀਰ ਦੀ ਆਣਸੇਂ ਵੇ ।
ਸਹਿਤੀ ਉਠ ਕੇ ਘਰਾਂ ਨੂੰ ਖਿਸਕ ਚੱਲੀ, ਮੰਗਣ ਆਵਸੈਂ ਤਾਂ ਮੈਨੂੰ ਜਾਣਸੇਂ ਵੇ ।
ਵਾਰਿਸ ਸ਼ਾਹ ਵਾਂਗੂੰ ਤੇਰੀ ਕਰਾਂ ਖ਼ਿਦਮਤ, ਮੌਜ ਸੇਜਿਅ ਦੀ ਤਦੋਂ ਮਾਣਸੇਂ ਵੇ ।
(ਹਿੱਕੋ ਹਿੱਕ ਕਰਸਾਂ=ਹੱਡ ਗੋਡੇ ਸੁਜਾ ਕੇ ਇੱਕ ਕਰ ਦੇਵਾਂਗੀ, ਸੇਜਿਆ=ਸੇਜ)

329. ਰਾਂਝਾ

ਸੱਪ ਸ਼ੀਹਣੀ ਵਾਂਗ ਕੁਲਹਿਣੀਏਂ ਨੀ, ਮਾਸ ਖਾਣੀਏਂ ਤੇ ਰੱਤ ਪੀਣੀਏਂ ਨੀ ।
ਕਾਹੇ ਫ਼ੱਕਰ ਦੇ ਨਾਲ ਰੇਹਾੜ ਪਈਏਂ, ਭਲਾ ਬਖਸ਼ ਸਾਨੂੰ ਮਾਪੇ ਜੀਣੀਏਂ ਨੀ ।
ਦੁਖੀ ਜੀਉ ਦੁਖਾ ਨਾ ਭਾਗ ਭਰੀਏ, ਸੋਇਨ-ਚਿੜੀ ਤੇ ਕੂੰਜ ਲਖੀਣੀਏਂ ਨੀ ।
ਸਾਥੋਂ ਨਿਸ਼ਾ ਨਾ ਹੋਸੀਆ ਮੂਲ ਤੇਰੀ, ਸਕੇ ਖ਼ਸਮ ਥੀਂ ਨਾ ਪਤੀਣੀਏਂ ਨੀ ।
ਚਰਖਾ ਚਾਇ ਨਿਹੱਥੜੇ ਮਰਦ ਮਾਰੇ, ਕਿਸੇ ਯਾਰ ਨੇ ਪਕੜ ਪਲੀਹਣੀਏਂ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਵੈਰ ਪਈਏ, ਜਰਮ-ਤੱਤੀਏ ਕਰਮ ਦੀ ਹੀਣੀਏਂ ਨੀ ।
(ਰੇਹਾੜ=ਝਗੜਾ, ਲਖੀਣੀਏਂ=ਵੇਖਣ ਯੋਗ, ਪਲੀਹਣਾ=ਬੀਜਣ ਤੋਂ ਪਹਿਲਾਂ
ਖੇਤ ਨੂੰ ਸਿੰਜਣਾ)

330. ਰਾਂਝਾ ਇੱਕ ਜੱਟ ਦੇ ਵਿਹੜੇ ਵਿੱਚ

ਵਿਹੜੇ ਜੱਟਾਂ ਦੇ ਮੰਗਦਾ ਜਾ ਵੜਿਆ, ਅੱਗੇ ਜੱਟ ਬੈਠਾ ਗਾਉਂ ਮੇਲਦਾ ਹੈ ।
ਸਿੰਙੀ ਫੂਕ ਕੇ ਨਾਦ ਘੂਕਾਇਆ ਸੂ, ਜੋਗੀ ਗੱਜ ਗਜੇ ਵਿੱਚ ਜਾਇ ਠੇਲ੍ਹਦਾ ਹੈ ।
ਵਿਹੜੇ ਵਿੱਚ ਔਧੂਤ ਜਾ ਗੱਜਿਆ ਈ, ਮਸਤ ਸਾਨ੍ਹ ਵਾਂਗੂੰ ਜਾਇ ਮੇਲ੍ਹਦਾ ਹੈ ।
ਹੂ, ਹੂ ਕਰਕੇ ਸੰਘ ਟੱਡਿਆ ਸੂ, ਫ਼ੀਲਵਾਨ ਜਿਉਂ ਹਸਤ ਨੂੰ ਪੇਲਦਾ ਹੈ ।
(ਮੇਲਦਾ=ਚੋਣ ਲਈ ਤਿਆਰ ਕਰਦਾ, ਫੀਲਵਾਨ=ਹਥਵਾਨ,ਮਹਾਵਤ, ਹਸਤ=
ਹਾਥੀ, ਪੇਲਦਾ=ਹਕਦਾ)

331. ਜੱਟ ਨੇ ਕਿਹਾ

ਨਿਆਣਾ ਤੋੜ ਕੇ ਢਾਂਡੜੀ ਉਠ ਨੱਠੀ, ਭੰਨ ਦੋਹਣੀ ਦੁੱਧ ਸਭ ਡੋਹਲਿਆ ਈ ।
ਘੱਤ ਖ਼ੈਰ ਏਸ ਕਟਕ ਦੇ ਮੋਹਰੀ ਨੂੰ, ਜੱਟ ਉਠਕੇ ਰੋਹ ਹੋ ਬੋਲਿਆ ਈ ।
ਝਿਰਕ ਭੁੱਖੜੇ ਦੇਸ ਦਾ ਇਹ ਜੋਗੀ, ਏਥੇ ਦੁੰਦ ਕੀ ਆਣ ਕੇ ਘੋਲਿਆ ਈ ।
ਸੂਰਤ ਜੋਗੀਆਂ ਦੀ ਅੱਖ ਗੁੰਡਿਆਂ ਦੀ, ਦਾਬ ਕਟਕ ਦੇ ਤੇ ਜੀਊ ਡੋਲਿਆ ਈ ।
ਜੋਗੀ ਅੱਖੀਆਂ ਕਢ ਕੇ ਘਤ ਤਿਊੜੀ, ਲੈ ਕੇ ਖੱਪਰਾ ਹੱਥ ਵਿੱਚ ਤੋਲਿਆ ਈ ।
ਵਾਰਿਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ, ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ ।
(ਨਿਆਣਾ=ਟੰਗੀਂ ਪਾਈ ਰੱਸੀ, ਢਾਂਡੜੀ=ਬੁੱਢੀ ਗਾਂ, ਦੁੰਦ=ਫਸਾਦ, ਝਿਰਕ=ਭੁਖੜ,
ਜੰਬੂ=ਦੇਵਤਿਆਂ ਵਿਰੁੱਧ ਲੜਣ ਵਾਲਾ ਇੱਕ ਰਾਕਸ਼, ਸ਼ਾਕਣੀ=ਇੱਕ ਭਿਆਨਕ ਦੇਵੀ
ਜਿਹੜੀ ਦੁਰਗਾ ਦੀ ਸੇਵਾਦਾਰਨੀ ਸੀ)

332. ਜੱਟੀ ਨੇ ਰਾਂਝੇ ਨੂੰ ਬੁਰਾ ਭਲਾ ਕਿਹਾ

ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੇ ਅੜਤਨੇ ਪੜਤਨੇ ਪਾੜ ਸੁੱਟੇ ।
ਪੁਣੇ ਦਾਦ ਪੜਦਾਦੜੇ ਜੋਗੀੜੇ ਦੇ, ਸੱਭੇ ਟੰਗਨੇ ਤੇ ਸਾਕ ਚਾੜ੍ਹ ਸੁੱਟੇ ।
ਮਾਰ ਬੋਲੀਆਂ ਗਾਲੀਆਂ ਦੇ ਜੱਟੀ, ਸਭ ਫ਼ੱਕਰ ਦੇ ਪਿੱਤੜੇ ਸਾੜ ਸੁੱਟੇ ।
ਜੋਗੀ ਰੋਹ ਦੇ ਨਾਲ ਖੜਲੱਤ ਘੱਤੀ, ਧੌਲ ਮਾਰ ਕੇ ਦੰਦ ਸਭ ਝਾੜ ਸੁੱਟੇ ।
ਜੱਟੀ ਜ਼ਿਮੀਂ 'ਤੇ ਪਟੜੇ ਵਾਂਗ ਢੱਠੀ, ਜੈਸੇ ਵਾਹਰੂ ਫੱਟ ਕੇ ਧਾੜ ਸੁੱਟੇ ।
ਵਾਰਿਸ ਸ਼ਾਹ ਮੀਆਂ ਜਿਵੇਂ ਮਾਰ ਤੇਸੇ ਫ਼ਰਹਾਦ ਨੇ ਚੀਰ ਪਹਾੜ ਸੁੱਟੇ ।
(ਅੜਤਨੇ ਪੜਤਨੇ=ਅੱਗ ਪਿੱਛਾ, ਟੰਗਣੇ ਤੇ ਸਾਕ ਚਾੜ੍ਹ ਦਿੱਤੇ=ਸਾਕਾਂ
ਨੂੰ ਗਾਲਾਂ ਕੱਢੀਆਂ, ਪਿੱਤੜੇ=ਪਿੱਤੇ, ਗ਼ੁੱਸਾ ਕਰਨ ਵਾਲਾ ਬਕਵਾਸ ਕੀਤਾ,
ਫ਼ਰਹਾਦ=ਸ਼ੀਰੀਂ ਫ਼ਰਹਾਦ ਦੀ ਪਿਆਰ ਗਾਥਾ ਦਾ ਨਾਇਕ ।ਈਰਾਨੀ
ਬਾਦਸ਼ਾਹ ਖੁਸਰੋ ਪਰਵੇਜ਼ ਦੀ ਮਲਕਾ ਦਾ ਆਸ਼ਕ ।ਖੁਸਰੋ ਨੇ ਫ਼ਰਹਾਦ
ਦੀ ਆਜ਼ਮਾਇਸ਼ ਕਰਨ ਲਈ ਇਹ ਸ਼ਰਤ ਰਖ ਦਿੱਤੀ ਕਿ ਜੇ ਉਹ
ਵਸਤੂਨ ਨਾਮੀ ਪਹਾੜ ਵਿੱਚੋਂ ਦੁੱਧ ਦੀ ਨਹਿਰ ਰਾਨੀ ਦੇ ਮਹੱਲ ਤੱਕ
ਲੈ ਆਵੇ ਤਾਂ ਸ਼ੀਰੀਂ ਉਹਦੇ ਹਵਾਲੇ ਕਰ ਦਿੱਤੀ ਜਾਵੇਗੀ ।ਫ਼ਰਹਾਦ
ਦੇ ਸੱਚੇ ਪਿਆਰ ਨੇ ਪੱਥਰ ਦੇ ਪਹਾੜ ਨੂੰ ਸਿਦਕ ਅਤੇ ਬੇਮਿਸਾਲ
ਹਿੰਮਤ ਲਾਲ ਕੱਟ ਕੇ ਦੁੱਧ ਦੀ ਨਹਿਰ ਕੱਢ ਦਿੱਤੀ ਐਪਰ ਬਾਦਸ਼ਾਹ
ਨੇ ਬਾਦਸ਼ਾਹਾਂ ਵਾਲੀ ਗੱਲ ਕੀਤੀ ਅਤੇ ਇੱਕ ਫਫਾਕੁਟਣੀ ਰਾਹੀਂ
ਫ਼ਰਹਾਦ ਨੂੰ ਕਿਹਾ ਕਿ ਸ਼ੀਰੀਂ ਮਰ ਗਈ ।ਉਹਨੇ ਇਸ ਖ਼ਬਰ
ਨੂੰ ਸੱਚ ਮੰਨ ਕੇ ਪਹਾੜ ਕੱਟਣ ਵਾਲਾ ਤੇਸ਼ਾ ਆਪਣੇ ਸਿਰ ਵਿੱਚ
ਮਾਰ ਕੇ ਆਪਣੀ ਜਾਨ ਲੈ ਲਈ ।ਇਹ ਖ਼ਬਰ ਸੁਣ ਕੇ ਸ਼ੀਰੀਂ
ਨੇ ਵੀ ਮਹੱਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ)

333. ਜੱਟ ਦੀ ਫ਼ਰਿਆਦ

ਜੱਟ ਵੇਖ ਕੇ ਜੱਟੀ ਨੂੰ ਕਾਂਗ ਘੱਤੀ, ਵੇਖੋ ਪਰੀ ਨੂੰ ਰਿਛ ਪਥੱਲਿਆ ਜੇ ।
ਮੇਰੀ ਸੈਆਂ ਦੀ ਮਹਿਰ ਨੂੰ ਮਾਰ ਜਿੰਦੋਂ, ਤਿਲਕ ਮਹਿਰ ਦੀ ਜੂਹ ਨੂੰ ਚੱਲਿਆ ਜੇ ।
'ਲੋਕਾ ਬਾਹੁੜੀ' ਤੇ ਫ਼ਰਿਆਦ ਕੂਕੇ, ਮੇਰਾ ਝੁੱਗੜਾ ਚੌੜ ਕਰ ਚੱਲਿਆ ਜੇ ।
ਪਿੰਡ ਵਿੱਚ ਇਹ ਆਣ ਬਲਾਇ ਵੱਜੀ, ਜੇਹਾ ਜਿੰਨਪਛਵਾੜ ਵਿੱਚ ਮੱਲਿਆ ਜੇ ।
ਪਕੜ ਲਾਠੀਆਂ ਗੱਭਰੂ ਆਣ ਢੁੱਕੇ, ਵਾਂਗ ਕਾਢਵੇਂ ਕਣਕ ਦੇ ਹੱਲਿਆ ਜੇ ।
ਵਾਰਿਸ ਸ਼ਾਹ ਜਿਉਂ ਧੂੰਇਆਂ ਸਰਕਿਆਂ 'ਤੇ, ਬੱਦਲ ਪਾਟ ਕੇ ਘਟਾਂ ਹੋ ਚੱਲਿਆ ਜੇ ।
(ਕਾਂਗ=ਦੁਹਾਈ ਪਾਹਰਿਆ, ਝੁੱਗੜਾ=ਵਸਦਾ ਘਰ, ਵੱਜੀ=ਆ ਗਈ)

334. ਜੱਟੀ ਦੀ ਮਦਦ ਤੇ ਲੋਕ ਆਏ

ਆਇ, ਆਇ ਮੁਹਾਣਿਆਂ ਜਦੋਂ ਕੀਤੀ, ਚੌਹੀਂ ਵਲੀਂ ਜਾਂ ਪਲਮ ਕੇ ਆਇ ਗਏ ।
ਸੱਚੋ ਸੱਚ ਜਾਂ ਫਾਟ ਤੇ ਝਵੇਂ ਵੈਰੀ, ਜੋਗੀ ਹੋਰੀਂ ਭੀ ਜੀ ਚੁਰਾਇ ਗਏ ।
ਵੇਖੋ ਫ਼ੱਕਰ ਅੱਲਾਹ ਦੇ ਮਾਰ ਜੱਟੀ, ਓਸ ਜਟ ਨੂੰ ਵਾਇਦਾ ਪਾਇ ਗਏ ।
ਜਦੋਂ ਮਾਰ ਚੌਤਰਫ਼ ਤਿਆਰ ਹੋਈ, ਓਥੋਂ ਆਪਣਾ ਆਪ ਖਿਸਕਾਇ ਗਏ ।
ਇੱਕ ਫਾਟ ਕੱਢੀ ਸਭੇ ਸਮਝ ਗਈਆਂ, ਰੰਨਾਂ ਪਿੰਡ ਦੀਆਂ ਨੂੰ ਰਾਹ ਪਾਇ ਗਏ ।
ਜਦੋਂ ਖ਼ਸਮ ਮਿਲੇ ਪਿੱਛੋਂ ਵਾਹਰਾਂ ਦੇ, ਤਦੋਂ ਧਾੜਵੀ ਖੁਰੇ ਉਠਾਇ ਗਏ ।
ਹੱਥ ਲਾਇਕੇ ਬਰਕਤੀ ਜਵਾਨ ਪੂਰੇ, ਕਰਾਮਾਤ ਜ਼ਾਹਰਾ ਦਿਖਲਾਇ ਗਏ ।
ਵਾਰਿਸ ਸ਼ਾਹ ਮੀਆਂ ਪਟੇ ਬਾਜ਼ ਛੁੱਟੇ, ਜਾਨ ਰੱਖ ਕੇ ਚੋਟ ਚਲਾਇ ਗਏ ।
(ਮੁਹਾਣਿਆਂ=ਵੱਗ ਦੇ ਛੇੜੂਆਂ ਦੀਆਂ ਤੀਵੀਆਂ, ਚੌਂਹੀ ਵਲੀਂ=ਚਾਰੇ
ਪਾਸਿਉਂ, ਪਲਮ ਕੇ=ਇਕੱਠੀਆਂ ਹੋਕੇ, ਝਵੇਂ=ਤਿਆਰ ਹੋਏ, ਵਾਇਦਾ=
ਦੁਖ,ਖ਼ਸਮ=ਮਾਲਕ, ਬਰਕਤੀ ਜਵਾਨ=ਬਰਕਤ ਵਾਲਾ ਫ਼ਕੀਰ, ਪਟੇ ਬਾਜ਼=
ਲਕੜੀ ਜਾਂ ਗਤਕੇ ਨਾਲ ਦੋ ਹੱਥ ਦਿਖਾਉਣ ਵਾਲਾ)

335. ਜੋਗੀ ਦੀ ਤਿਆਰੀ

ਜੋਗੀ ਮੰਗ ਕੇ ਪਿੰਡ ਤਿਆਰ ਹੋਇਆ, ਆਟਾ ਮੇਲ ਕੇ ਖੱਪਰਾ ਪੂਰਿਆ ਈ ।
ਕਿਸੇ ਹੱਸ ਕੇ ਰੁਗ ਚਾ ਪਾਇਆ ਈ, ਕਿਸੇ ਜੋਗੀ ਨੂੰ ਚਾ ਵਡੂਰਿਆ ਈ ।
ਕਾਈ ਦੱਬ ਕੇ ਜੋਗੀ ਨੂੰ ਡਾਂਟ ਲੈਂਦੀ, ਕਿਤੇ ਓਨ੍ਹਾਂ ਨੂੰ ਜੋਗੀ ਨੇ ਘੂਰਿਆ ਈ ।
ਫਲੇ ਖੇੜਿਆਂ ਦੇ ਝਾਤ ਪਾਇਆ ਸੂ, ਜਿਵੇਂ ਸੋਲ੍ਹਵੀਂ ਦਾ ਚੰਦ ਪੂਰਿਆ ਈ ।
(ਵਡੂਰਿਆ=ਚੰਗਾ ਮੰਦਾ ਕਿਹਾ, ਫਲੇ=ਦਰਵਾਜ਼ੇ, ਸੋਲ੍ਹਵੀਂ ਦਾ ਚੰਦ=ਭਾਵੇਂ
ਉਹ ਚੌਧਵੀਂ ਦਾ ਚੰਦ ਸੀ ਪਰ ਜੋਗੀ ਬਣ ਕੇ ਸੋਲ੍ਹਵੀਂ ਦਾ ਲਗਦਾ ਸੀ)

336. ਰਾਂਝਾ ਖੇੜਿਆਂ ਦੇ ਘਰੀਂ ਆਇਆ

ਕਹੀਆਂ ਵਲਗਣਾਂ ਵਿਹੜੇ ਤੇ ਅਰਲਖੋੜਾਂ, ਕਹੀਆਂ ਬੱਖਲਾਂ ਤੇ ਖੁਰਲਾਣੀਆਂ ਨੀ ।
ਕਹੀਆਂ ਕੋਰੀਆਂ ਚਾਟੀਆਂ ਨੇਹੀਂਆਂ ਤੇ, ਕਹੀਆਂ ਕਿੱਲੀਆਂ ਨਾਲ ਮਧਾਣੀਆਂ ਨੀ ।
ਓਥੇ ਇੱਕ ਛਛੋਹਰੀ ਜੇਹੀ ਬੈਠੀ, ਕਿਤੇ ਨਿਕਲੀਆਂ ਘਰੋਂ ਸਵਾਣੀਆਂ ਨੀ ।
ਛੱਤ ਨਾਲ ਟੰਗੇ ਹੋਏ ਨਜ਼ਰ ਆਵਣ, ਖੋਪੇ ਨਾੜੀਆਂ ਅਤੇ ਪਰਾਣੀਆਂ ਨੀ ।
ਕੋਈ ਪਲੰਘ ਉਤੇ ਨਾਗਰਵੇਲ ਪਈਆਂ, ਜਿਹੀਆਂ ਰੰਗ ਮਹਿਲ ਵਿੱਚ ਰਾਣੀਆਂ ਨੀ ।
ਵਾਰਿਸ ਕੁਆਰੀਆਂ ਕਸ਼ਟਨੇ ਕਰਨ ਪਈਆਂ, ਮੋਏ ਮਾਪੜੇ ਤੇ ਮਿਹਨਤਾਣੀਆਂ ਨੀ ।
ਸਹਿਤੀ ਆਖਿਆ ਭਾਬੀਏ ਵੇਖਨੀ ਹੈਂ, ਫਿਰਦਾ ਲੁੱਚਾ ਮੁੰਡਾ ਘਰ ਸਵਾਣੀਆਂ ਨੀ ।
ਕਿਤੇ ਸੱਜਰੇ ਕੰਨ ਪੜਾ ਲੀਤੇ, ਧੁਰੋਂ ਲਾਹਨਤਾਂ ਇਹ ਪੁਰਾਣੀਆਂ ਨੀ ।
(ਅਰਲ ਖੋੜ=ਵਾਰਿਸ ਸ਼ਾਹ ਦੇ ਸਮੇਂ ਚੋਰਾਂ ਦੇ ਡਰ ਤੋਂ ਪਸੂਆਂ ਵਾਲੀ ਹਵੇਲੀ ਨੂੰ
ਅੰਦਰੋਂ ਬੰਦ ਕਰਕੇ ਸੁਰੱਖਿਆ ਲਈ ਅੰਦਰ ਹੀ ਸੌਂਦੇ ਸਨ ।ਦਰਵਾਜ਼ੇ ਦੇ ਪਿੱਛੇ ਇੱਕ
ਲਕੜੀ ਦਾ ਅਰਲ ਵੀ ਰੱਖਿਆ ਜਾਂਦਾ ਸੀ ਜਿਹਦੇ ਦੋਨੋਂ ਸਿਰੇ ਕੰਧ ਵਿੱਚ ਚਲੇ ਜਾਂਦੇ
ਸਨ ।ਇੱਕ ਪਾਸੇ ਸਾਰਾ ਅਰਲ ਕੰਧ ਵਿੱਚ ਚਲਾ ਜਾਂਦਾ ਸੀ, ਬੁੱਖਲ=ਪਸ਼ੂਆਂ ਵਾਲਾ
ਮਕਾਨ, ਨੇਹੀਆਂ=ਛੋਟੀ ਘੜੌਂਜੀ, ਨਾਗਰ ਵੇਲ=ਸਭ ਤੋਂ ਵਧੀਆ ਪਾਨ ਦੀ ਵੇਲ
ਨਾਜ਼ੁਕ ਸਰੀਰ ਵਾਲੀ ਸੁਹਣੀ, ਕਸ਼ਟਨੇ=ਸਖਤ ਮਿਹਨਤ ਵਾਲੇ ਕੰਮ)

337. ਰਾਂਝਾ ਹੀਰ ਦੇ ਘਰ ਆਇਆ

ਜੋਗੀ ਹੀਰ ਦੇ ਸਾਹੁਰੇ ਜਾ ਵੜਿਆ, ਭੁਖਾ ਬਾਜ਼ ਜਿਉਂ ਫਿਰੇ ਲਲੋਰਦਾ ਜੀ ।
ਆਇਆ ਖ਼ੁਸ਼ੀ ਦੇ ਨਾਲ ਦੋ ਚੰਦ ਹੋ ਕੇ, ਸੂਬਾਦਾਰ ਜਿਉਂ ਨਵਾਂ ਲਾਹੌਰ ਦਾ ਜੀ ।
ਧੁੱਸ ਦੇ ਵਿਹੜੇ ਜਾ ਵੜਿਆ, ਹੱਥ ਕੀਤਾ ਸੂ ਸੰਨ੍ਹ ਦੇ ਚੋਰ ਦਾ ਜੀ ।
ਜਾ ਅਲਖ ਵਜਾਇਕੇ ਨਾਦ ਫੂਕੇ, ਸਵਾਲ ਪਾਉਂਦਾ ਲੁਤਪੁਤਾ ਲੋੜ ਦਾ ਜੀ ।
ਅਨੀ ਖੇੜਿਆਂ ਦੀ ਪਿਆਰੀਏ ਵਹੁਟੀਏ ਨੀ, 'ਹੀਰੇ ਸੁਖ ਹੈ' ਚਾਇ ਟਕੋਰਦਾ ਜੀ ।
ਵਾਰਿਸ ਸ਼ਾਹ ਹੁਣ ਅੱਗ ਨੂੰ ਪਈ ਫਵੀ, ਸ਼ਗਨ ਹੋਇਆ ਜੰਗ ਤੇ ਸ਼ੋਰ ਦਾ ਜੀ ।
(ਲਲੋਰਦਾ=ਲੂਰ ਲੂਰ ਕਰਦਾ,ਭਾਲਦਾ, ਦੋ ਚੰਦ=ਦੁਗਣਾ, ਲੁਤਪੁਤਾ=ਸੁਆਦਲਾ,
ਟਕੋਰਦਾ=ਟਨਕਾਉਂਦਾ,ਟੁੰਹਦਾ)

338. ਸਹਿਤੀ

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ, ਤੇਰਾ ਜੀਊ ਕਾਈ ਗੱਲ ਲੋੜਦਾ ਜੀ ।
ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ, ਕੰਡਾ ਵਿੱਚ ਕਲੇਜੜੇ ਪੋੜਦਾ ਜੀ ।
ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ, ਫਿਰੇਂ ਫੁਲ ਗੁਲਾਬ ਦਾ ਤੋੜਦਾ ਜੀ ।
ਵਾਰਿਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ, ਡਾਂਗ ਨਾਲ ਕੋਈ ਮੂੰਹ ਮੋੜਦਾ ਜੀ ।
(ਰਾਵਲਾ=ਇਹ ਜੋਗੀਆਂ ਦਾ ਫਿਰਕਾ ਹੈ ਜਿਸ ਬਾਬਤ ਕਥਾ ਪ੍ਰਚੱਲਤ ਹੈ
ਕਿ ਜਦ ਹੀਰ ਦੇ ਵਿਯੋਗ ਵਿੱਚ ਰਾਂਝਾ ਬਾਲਨਾਥ ਦਾ ਚੇਲਾ ਹੋਇਆ, ਉਸ
ਤੋਂ ਇਹ ਫਿਰਕਾ ਚਲਿਆ, ਕਾਈ=ਕਿਹੜੀ, ਪੋੜਦਾ=ਚੁਭੋਂਦਾ, ਸ਼ੁਤਰ=ਊਠ)

339. ਰਾਂਝਾ

ਆ ਕੁਆਰੀਏ ਐਡ ਅਪਰਾਧਨੇ ਨੀ, ਧੱਕਾ ਦੇ ਨਾ ਹਿੱਕ ਦੇ ਜ਼ੋਰ ਦਾ ਨੀ ।
ਬੁੰਦੇ ਕੰਧਲੀ ਨਥਲੀ ਹੱਸ ਕੜੀਆਂ, ਬੈਸੇਂ ਰੂਪ ਬਣਾਇਕੇ ਮੋਰ ਦਾ ਨੀ ।
ਅਨੀ ਨੱਢੀਏ ਰਿਕਤਾਂ ਛੇੜ ਨਾਹੀਂ, ਇਹ ਕੰਮ ਨਾਹੀਂ ਧੁੰਮ ਸ਼ੋਰ ਦਾ ਨੀ ।
ਵਾਰਿਸ ਸ਼ਾਹ ਫ਼ਕੀਰ ਗ਼ਰੀਬ ਉਤੇ, ਵੈਰ ਕੱਢਿਉਈ ਕਿਸੇ ਖੋਰ ਦਾ ਨੀ ।
(ਅਪਰਾਧਨੇ=ਜ਼ਾਲਮੇ, ਬੁੰਦੇ, ਨਥਲੀ, ਹਸ ਕੜੀਆਂ=ਗਹਿਨਿਆਂ ਦੇ ਨਾਂ,
ਖੋਰ=ਖੋਰੀ)

340. ਸਹਿਤੀ

ਕਲ੍ਹ ਜਾਇਕੇ ਨਾਲ ਚਵਾਇ ਚਾਵੜ, ਸਾਨੂੰ ਭੰਨ ਭੰਡਾਰ ਕਢਾਇਉ ਵੇ ।
ਅੱਜ ਆਣ ਵੜਿਉਂ ਜਿੰਨ ਵਾਂਗ ਵਿਹੜੇ, ਵੈਰ ਕਲ੍ਹ ਦਾ ਆਣ ਜਗਾਇਉ ਵੇ ।
ਗਦੋਂ ਆਣ ਵੜਿਉਂ ਵਿੱਚ ਛੋਹਰਾਂ ਦੇ, ਕਿਨ੍ਹਾਂ ਸ਼ਾਮਤਾਂ ਆਣ ਫਹਾਇਉ ਵੇ ।
ਵਾਰਿਸ ਸ਼ਾਹ ਰਜ਼ਾਇ ਦੇ ਕੰਮ ਵੇਖੋ, ਅੱਜ ਰੱਬ ਨੇ ਠੀਕ ਕੁਟਾਇਉ ਵੇ ।
(ਭੰਨ=ਭੰਡ ਕੇ, ਛੋਹਰਾਂ=ਕੁੜੀਆਂ)

341. ਰਾਂਝਾ

ਕੱਚੀ ਕੁਆਰੀਏ ਲੋੜ੍ਹ ਦੀਏ ਮਾਰੀਏ ਨੀ, ਟੂਣੇ ਹਾਰੀਏ ਆਖ ਕੀ ਆਹਨੀ ਹੈਂ ।
ਭਲਿਆਂ ਨਾਲ ਬੁਰਿਆਂ ਕਾਹੇ ਹੋਵਣੀ ਹੈਂ, ਕਾਈ ਬੁਰੇ ਹੀ ਫਾਹੁਣੇ ਫਾਹੁਨੀ ਹੈਂ ।
ਅਸਾਂ ਭੁਖਿਆਂ ਆਣ ਸਵਾਲ ਕੀਤਾ, ਕਹੀਆਂ ਗ਼ੈਬ ਦੀਆਂ ਰਿੱਕਤਾਂ ਡਾਹੁਨੀ ਹੈਂ ।
ਵਿੱਚੋਂ ਪੱਕੀਏ ਛੈਲ ਉਚੱਕੀਏ ਨੀ, ਰਾਹ ਜਾਂਦੜੇ ਮਿਰਗ ਕਿਉਂ ਫਾਹੁਨੀ ਹੈਂ ।
ਗੱਲ ਹੋ ਚੁੱਕੀ ਫੇਰ ਛੇੜਨੀ ਹੈਂ, ਹਰੀ ਸਾਖ ਨੂੰ ਮੋੜ ਕਿਉਂ ਵਾਹੁਨੀ ਹੈਂ ।
ਘਰ ਜਾਣ ਸਰਦਾਰ ਦਾ ਭੀਖ ਮਾਂਗੀ, ਸਾਡਾ ਅਰਸ਼ ਦਾ ਕਿੰਗਰਾ ਢਾਹੁਨੀ ਹੈਂ ।
ਕੇਹਾ ਨਾਲ ਪਰਦੇਸੀਆਂ ਵੈਰ ਚਾਇਉ, ਚੈਂਚਰ ਹਾਰੀਏ ਆਖ ਕੀ ਆਹਨੀ ਹੈਂ ।
ਰਾਹ ਜਾਂਦੜੇ ਫ਼ਕਰ ਖਹੇੜਣੀਂ ਹੈਂ, ਆ ਨਹਿਰੀਏ ਸਿੰਗ ਕਿਉਂ ਡਾਹੁਨੀ ਹੈਂ ।
ਘਰ ਪੇਈਅੜੇ ਧਰੋਹੀਆਂ ਫੇਰੀਆਂ ਨੀ, ਢਗੀ ਵਿਹਰੀਏ ਸਾਨ੍ਹਾਂ ਨੂੰ ਵਾਹੁਨੀ ਹੈਂ ।
ਆ ਵਾਸਤਾ ਈ ਨੈਣਾਂ ਗੁੰਡਿਆਂ ਦਾ, ਇਹ ਕਲ੍ਹਾ ਕਿਵੇਂ ਪਿੱਛੋਂ ਲਾਹੁਣੀ ਹੈਂ ।
ਸ਼ਿਕਾਰ ਦਰਿਆ ਵਿੱਚ ਖੇਡ ਮੋਈਏ, ਕੇਹੀਆਂ ਮੂਤ ਵਿੱਚ ਮੱਛੀਆਂ ਫਾਹੁਨੀ ਹੈਂ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਨੀ ਹੈਂ, ਅੱਖੀਂ ਨਾਲ ਕਿਉਂ ਖੱਖਰਾਂ ਲਾਹੁਨੀ ਹੈਂ ।
(ਸਾਖ=ਖੇਤੀ, ਨਹਿਰੀ=ਕੌੜ, ਢੱਗੀ ਵਹਿਰੀ…ਸਾਨ੍ਹਾਂ ਨੂੰ ਵਾਂਹਦੀ=ਮੱਛਰੀ
ਹੋਈ ਗਾਂ ਸਾਨ੍ਹਾਂ ਤੇ ਚੜ੍ਹਦੀ ਹੈ, ਕਲ੍ਹਾ=ਝਗੜਾ)

342. ਸਹਿਤੀ

ਅਨੀ ਸੁਣੋ ਭੈਣਾਂ ਕੋਈ ਛਿਟ ਜੋਗੀ, ਵੱਡੀ ਜੂਠ ਭੈੜਾ ਕਿਸੇ ਥਾਉਂ ਦਾ ਹੈ ।
ਝਗੜੈਲ ਮਰਖਨਾਂ ਘੰਢ ਮੱਚੜ ਰੱਪੜ ਖੰਡ ਇਹ ਕਿਸੇ ਗਿਰਾਉਂ ਦਾ ਹੈ ।
ਪਰਦੇਸੀਆਂ ਦੀ ਨਹੀਂ ਡੌਲ ਇਸ ਦੀ, ਇਹ ਵਾਕਿਫ਼ ਹੀਰ ਦੇ ਨਾਉਂ ਦਾ ਹੈ ।
ਗੱਲ ਆਖ ਕੇ ਹੱਥਾਂ ਤੇ ਪਵੇ ਮੁੱਕਰ, ਆਪੇ ਲਾਂਵਦਾ ਆਪ ਬੁਝਾਉਂਦਾ ਹੈ ।
ਹੁਣੇ ਭੰਨ ਕੇ ਖੱਪਰੀ ਤੋੜ ਸੇਲ੍ਹੀ, ਨਾਲੇ ਜਟਾਂ ਦੀ ਜੂਟ ਖੁਹਾਉਂਦਾ ਹੈ ।
ਜੇ ਮੈਂ ਉਠ ਕੇ ਪਾਣ ਪੱਤ ਲਾਹ ਸੁੱਟਾਂ, ਪੈਂਚ ਇਹ ਨਾ ਕਿਸੇ ਗਿਰਾਉਂ ਦਾ ਹੈ ।
ਕੋਈ ਡੂਮ ਮੋਚੀ ਇੱਕੇ ਢੇਡ ਕੰਜਰ, ਇੱਕੇ ਚੂਹੜਾ ਕਿਸੇ ਸਰਾਉਂ ਦਾ ਹੈ ।
ਵਾਰਿਸ ਸ਼ਾਹ ਮੀਆਂ ਵਾਹ ਲਾ ਰਹੀਆਂ, ਇਹ ਝਗੜਿਉਂ ਬਾਜ਼ ਨਾ ਆਉਂਦਾ ਹੈ ।
(ਛਿਟ=ਬਹੁਤ ਬੁਰਾ,ਫਸਾਦੀ, ਘੰਡ=ਹੰਢਿਆ ਹੋਇਆ, ਰੱਪੜ ਖੰਡ=ਝਗੜਾਲੂ,
ਰੱਪੜ ਜਮੀਨ ਵਰਗਾ, ਮਰਖਨਾ=ਮਾਰਨ ਖੰਡਾ, ਜੂਟ=ਜੂੜਾ, ਢੇਡ=ਢੀਠ,ਬੇਸ਼ਰਮ,
ਬਾਜ਼ ਨਹੀਂ ਆਉਂਦਾ=ਹਟਦਾ ਨਹੀਂ,ਟਲਦਾ ਨਹੀਂ)

343. ਰਾਂਝਾ

ਪਕੜ ਢਾਲ ਤਲਵਾਰ ਕਿਉਂ ਗਿਰਦ ਹੋਈ, ਮੱਥਾ ਮੁੰਨੀਏ ਕੜਮੀਏ ਭਾਗੀਏ ਨੀ ।
ਚੈਂਚਰ ਹਾਰੀਏ ਡਾਰੀਏ ਜੰਗ ਬਾਜ਼ੇ, ਛੱਪਰ ਨੱਕੀਏ ਬੁਰੇ ਤੇ ਲਾਗੀਏ ਨੀ ।
ਫਸਾਦ ਦੀ ਫ਼ੌਜ ਦੀਏ ਪੇਸ਼ਵਾਏ, ਸ਼ੈਤਾਨ ਦੀ ਲੱਕ ਤੜਾਗੀਏ ਨੀ ।
ਅਸੀਂ ਜੱਟੀਆਂ ਨਾਲ ਜੇ ਕਰੇ ਝੇੜੇ, ਦੁਖ ਜ਼ੁਹਦ ਤੇ ਫ਼ਕਰ ਕਿਉਂ ਝਾਗੀਏ ਨੀ ।
ਮੱਥਾ ਡਾਹ ਨਾਹੀਂ ਆਓ ਛੱਡ ਪਿੱਛਾ, ਭੰਨੇ ਜਾਂਦੇ ਮਗਰ ਨਾਹੀਂ ਲਾਗੀਏ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਕਦਮ ਫੜੀਏ, ਛੱਡ ਕਿਬਰ ਹੰਕਾਰ ਤਿਆਗੀਏ ਨੀ ।
(ਮੱਥਾ ਮੁੰਨੀ=ਸਿਰ ਮੁੰਨੀ, ਕੜਮੀ=ਮੰਦਭਾਗੀ, ਛੱਪਰ ਨੱਕੀ=ਬਦਸੂਰਤ,
ਬੁਰੇ ਤੇ ਲਾਗੀਏ=ਮਾੜੇ ਕੰਮਾਂ ਤੇ ਲੱਗੀ ਹੋਈ, ਪੇਸ਼ਵਾ=ਆਗੂ,ਦੱਖਣੀ ਭਾਰਤ
ਵਿੱਚ ਮਰਹਟਿਆਂ ਦੇ ਲੀਡਰ ਨੂੰ ਪੇਸ਼ਵਾ ਕਿਹਾ ਜਾਂਦਾ ਸੀ, ਲੱਕ ਤੜਾਗੀ=
ਲੱਕ ਦੀ ਤੜਾਗੀ,ਗੂੜ੍ਹਾ ਸਾਥੀ, ਭੰਨੇ=ਦੌੜੇ,ਭੱਜੇ)

344. ਸਹਿਤੀ

ਚੱਕੀ-ਹਾਨਿਆਂ ਵਿੱਚ ਵਿਚਾਰ ਪੌਂਦੀ, ਇਹਦੀ ਧੁੰਮ ਤਨੂਰ ਤੇ ਭੱਠ ਹੈ ਨੀ ।
ਕਮਜ਼ਾਤ ਕੁਪੱਤੜਾ ਢੀਠ ਬੈਂਡਾ, ਡਿੱਬੀਪੁਰੇ ਦੇ ਨਾਲ ਦੀ ਚੱਠ ਹੈ ਨੀ ।
ਭੇੜੂਕਾਰ ਘੁਠਾ ਠੱਗ ਮਾਝੜੇ ਦਾ, ਜੈਂਦਾ ਰੰਨ ਯਰੋਲੀ ਦਾ ਹੱਠ ਹੈ ਨੀ ।
ਮੰਗ ਖਾਣੇ ਹਰਾਮ ਮੁਸ਼ਟੰਡਿਆਂ ਨੂੰ, ਵੱਡਾ ਸਾਰ ਹਸ਼ਧਾਤ ਦੀ ਲੱਠ ਹੈ ਨੀ ।
ਮੁਸ਼ਟੰਡੜੇ ਤੁਰਤ ਪਛਾਣ ਲਈਦੇ, ਕੰਮ ਡਾਹ ਦਿਉ ਇਹ ਵੀ ਜੱਟ ਹੈ ਨੀ ।
ਇਹ ਜੱਟ ਹੈ ਪਰ ਝੁੱਘਾ ਪਟ ਹੈ ਨੀ, ਇਹ ਚੌਧਰੀ ਚੌੜ ਚੁਪੱਟ ਹੈ ਨੀ ।
ਗੱਦੋਂ ਲੱਦਿਆ ਸਣੇ ਇਹ ਛੱਟ ਹੈ ਨੀ, ਭਾਵੇਂ ਵੇਲਣੇ ਦੀ ਇਹ ਲਠ ਹੈ ਨੀ ।
ਵਾਰਿਸ ਸ਼ਾਹ ਹੈ ਇਹ ਤੇ ਰਸ ਮਿੱਠਾ, ਏਹ ਤਾਂ ਕਾਠੇ ਕਮਾਦ ਦੀ ਗੱਠ ਹੈ ਨੀ ।
(ਚੱਕੀ ਹਾਣਾ=ਜਿੱਥੇ ਬੰਦੇ ਇਕੱਠੇ ਹੁੰਦੇ ਹਨ, ਭੱਠ=ਦਾਣੇ ਆਦਿ ਭੁੰਨਣ
ਦੀ ਵੱਡੀ ਭੱਠੀ, ਬੈਂਡਾ=ਖੁੰਢਾ, ਚਠ=ਚੁੜੇਲ, ਯਰੋਲੀ=ਯਾਰ, ਹਠ=ਜ਼ਿਦ,
ਹਸ਼ਧਾਤ=ਹਸ਼ਤਧਾਤ, ਅਠਧਾਤਾ 1. ਸੋਨਾ, 2. ਚਾਂਦੀ, 3. ਲੋਹਾ, 4. ਤਾਂਬਾ,
5. ਜਿਸਤ, 6. ਪਿੱਤਲ, 7. ਸਿੱਕਾ ਅਤੇ 8 ਟੀਨ, ਕਾਠਾ=ਸਖ਼ਤ ਕਮਾਦ)

345. ਗੁਆਂਢਣਾਂ ਦਾ ਉੱਤਰ

ਵਿਹੜੇ ਵਾਲੀਆਂ ਦਾਨੀਆਂ ਆਣ ਖੜ੍ਹੀਆਂ, ਕਿਉਂ ਬੋਲਦੀ ਏਸ ਦੀਵਾਨੜੇ ਨੀ ।
ਕੁੜੀਏ ਕਾਸ ਨੂੰ ਲੁਝਦੀ ਨਾਲ ਜੋਗੀ, ਇਹ ਜੰਗਲੀ ਖਰੇ ਨਿਮਾਨੜੇ ਨੀ ।
ਮੰਗ ਖਾਇਕੇ ਸਦਾ ਇਹ ਦੇਸ ਤਿਆਗਣ, ਤੰਬੂ ਆਸ ਦੇ ਇਹ ਨਾ ਤਾਣਦੇ ਨੀ ।
ਜਾਪ ਜਾਣਦੇ ਰੱਬ ਦੀ ਯਾਦ ਵਾਲਾ, ਐਡੇ ਝਗੜੇ ਇਹ ਨਾ ਜਾਣਦੇ ਨੀ ।
ਸਦਾ ਰਹਿਣ ਉਦਾਸ ਨਿਰਾਸ ਨੰਗੇ, ਬਿਰਛ ਫੂਕ ਕੇ ਸਿਆਲ ਲੰਘਾਂਵਦੇ ਨੀ ।
ਵਾਰਿਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ ।
(ਦਾਨੀਆਂ=ਅਕਲ ਵਾਲੀਆਂ, ਲੁਝਦੀ=ਲੜਦੀ)

346. ਸਹਿਤੀ

ਨੈਣਾਂ ਹੀਰ ਦਿਆਂ ਵੇਖ ਕੇ ਆਹ ਭਰਦਾ, ਵਾਂਗ ਆਸ਼ਕਾਂ ਅੱਖੀਆਂ ਮੀਟਦਾ ਈ ।
ਜਿਵੇਂ ਖ਼ਸਮ ਕੁਪੱਤੜਾ ਰੰਨ ਭੰਡੇ, ਕੀਤੀ ਗੱਲ ਨੂੰ ਪਿਆ ਘਸੀਟਦਾ ਈ ।
ਰੰਨਾਂ ਗੁੰਡੀਆਂ ਵਾਂਗ ਫ਼ਰਫ਼ੇਜ ਕਰਦਾ, ਤੋੜਣ ਹਾਰੜਾ ਲੱਗੜੀ ਪ੍ਰੀਤ ਦਾ ਈ ।
ਘਤ ਘਗਰੀ ਬਹੇ ਇਹ ਵੱਡਾ ਠੇਠਰ, ਇਹ ਉਸਤਾਦੜਾ ਕਿਸੇ ਮਸੀਤ ਦਾ ਈ ।
ਚੂੰਢੀ ਵੱਖੀਆਂ ਦੇ ਵਿੱਚ ਵੱਢ ਲੈਂਦਾ, ਪਿੱਛੋਂ ਆਪਣੀ ਵਾਰ ਮੁੜ ਚੀਕਦਾ ਈ ।
ਇੱਕੇ ਖ਼ੈਰ-ਹੱਥਾ ਨਹੀਂ ਇਹ ਰਾਵਲ, ਇੱਕੇ ਚੇਲੜਾ ਕਿਸੇ ਪਲੀਤ ਦਾ ਈ ।
ਨਾ ਇਹ ਜਿੰਨ ਨਾ ਭੂਤ ਨਾ ਰਿਛ ਬਾਂਦਰ, ਨਾ ਇਹ ਚੇਲੜਾ ਕਿਸੇ ਅਤੀਤ ਦਾ ਈ ।
ਵਾਰਿਸ ਸ਼ਾਹ ਪ੍ਰੇਮ ਦੀ ਜ਼ੀਲ ਨਿਆਰੀ, ਨਿਆਰਾ ਅੰਤਰਾ ਇਸ਼ਕ ਦੇ ਗੀਤ ਦਾ ਈ ।
(ਫ਼ਰਫ਼ੇਜ=ਫ਼ਰੇਬ, ਘਗਰੀ ਘਤ ਬਹਿਣਾ=ਡੇਰਾ ਲਾ ਲੈਣਾ, ਠੇਠਰ=ਗੰਵਾਰ,
ਅਤੀਤ=ਜੋਗੀ, ਅੰਤਰਾ=ਗੀਤ ਦੇ ਦੋ ਹਿੱਸੇ ਹਨ, ਇੱਕ ਮੁੜ ਮੁੜ ਦੁਹਰਾਇਆ
ਜਾਣ ਵਾਲਾ ਦੂਜਾ ਅੰਤਰਾ)

347. ਰਾਂਝਾ

ਇਹ ਮਿਸਲ ਮਸ਼ਹੂਰ ਹੈ ਜਗ ਸਾਰੇ ਕਰਮ ਰਬ ਦੇ ਜੇਡ ਨਾ ਮਿਹਰ ਹੈ ਨੀ ।
ਹੁਨਰ ਝੂਠ ਕਮਾਨ ਲਹੌਰ ਜੇਹੀ, ਅਤੇ ਕਾਂਵਰੂ ਜੇਡ ਨਾ ਸਿਹਰ ਹੈ ਨੀ ।
ਚੁਗਲੀ ਨਹੀਂ ਦੀਪਾਲਪੁਰ ਕੋਟ ਜੇਹੀ, ਉਹ ਨਮਰੂਦ ਦੀ ਥਾਉਂ ਬੇ ਮਿਹਰ ਹੈ ਨੀ ।
ਨਕਸ਼ ਚੀਨ ਤੇ ਮੁਸ਼ਕ ਨਾ ਖੁਤਨ ਜੇਹਾ, ਯੂਸਫ਼ ਜੇਡ ਨਾ ਕਿਸੇ ਦਾ ਚਿਹਰ ਹੈ ਨੀ ।
ਮੈਂ ਤਾਂ ਤੋੜ ਹਸ਼ਧਾਤ ਦੇ ਕੋਟ ਸੁੱਟਾਂ, ਰੈਨੂੰ ਦੱਸ ਖਾਂ ਕਾਸ ਦੀ ਵਿਹਰ ਹੈ ਨੀ ।
ਬਾਤ ਬਾਤ ਤੇਰੀ ਵਿੱਚ ਹੈਣ ਕਾਮਣ, ਵਾਰਿਸ ਸ਼ਾਹ ਦਾ ਸ਼ਿਅਰ ਕੀ ਸਿਹਰ ਹੈ ਨੀ ।
(ਕਾਂਵਰੂ=ਕਾਮਰੂਪ,ਪੂਰਬੀ ਬੰਗਾਲ ਦਾ ਇੱਕ ਜ਼ਿਲ੍ਹਾ ਜਿਹੜਾ ਜਾਦੂ ਟੂਣੇ ਲਈ
ਮਸ਼ਹੂਰ ਹੈ, ਚਿਹਰ=ਚਿਹਰਾ, ਕਾਮਣ=ਜਾਦੂ, ਟੂਣੇ ਵਾਲੀ, ਵਿਹਰ=ਦੁੱਖ)

348. ਤਥਾ

ਕੋਈ ਅਸਾਂ ਜਿਹਾ ਵਲੀ ਸਿਧ ਨਾਹੀਂ, ਜਗ ਆਂਵਦਾ ਨਜ਼ਰ ਜ਼ਹੂਰ ਜੇਹਾ ।
ਦਸਤਾਰ ਬਜਵਾੜਿਉਂ ਖ਼ੂਬ ਆਵੇ, ਅਤੇ ਬਾਫ਼ਤਾ ਨਹੀਂ ਕਸੂਰ ਜੇਹਾ ।
ਕਸ਼ਮੀਰ ਜੇਹਾ ਕੋਈ ਮੁਲਕ ਨਾਹੀਂ, ਨਹੀਂ ਚਾਨਣਾ ਚੰਦ ਦੇ ਨੂਰ ਜੇਹਾ ।
ਅੱਗੇ ਨਜ਼ਰ ਦੇ ਮਜ਼ਾ ਮਾਸ਼ੂਕ ਦਾ ਹੈ, ਅਤੇ ਢੋਲ ਨਾ ਸੋਂਹਦਾ ਦੂਰ ਜੇਹਾ ।
ਨਹੀਂ ਰੰਨ ਕੁਲੱਛਣੀ ਤੁਧ ਜੇਹੀ, ਨਹੀਂ ਜ਼ਲਜ਼ਲਾ ਹਸ਼ਰ ਦੇ ਸੂਰ ਜੇਹਾ ।
ਸਹਿਤੀ ਜੇਡ ਨਾ ਹੋਰ ਝਗੜੈਲ ਕੋਈ, ਅਤੇ ਸੁਹਣਾ ਹੋਰ ਨਾ ਤੂਰ ਜੇਹਾ ।
ਖੇੜਿਆਂ ਜੇਡ ਨਾ ਨੇਕ ਨਸੀਬ ਕੋਈ, ਕੋਈ ਥਾਉਂ ਨਾ ਬੈਤੁਲ ਮਾਮੂਰ ਜੇਹਾ ।
ਸਹਿਜ ਵਸਦੀਆਂ ਜੇਡ ਨਾਲ ਭਲਾ ਕੋਈ, ਬੁਰਾ ਨਹੀਂ ਹੈ ਕੰਮ ਫਤੂਰ ਜੇਹਾ ।
ਹਿੰਗ ਜੇਡ ਨਾ ਹੋਰ ਬਦਬੂ ਕੋਈ, ਬਾਸਦਾਰ ਨਾ ਹੋਰ ਕਚੂਰ ਜੇਹਾ ।
ਵਾਰਿਸ ਸ਼ਾਹ ਜੇਹਾ ਗੁਨਾਹਗਾਰ ਨਾਹੀਂ, ਕੋਈ ਤਾਓ ਨਾ ਤਪਤ ਤੰਦੂਰ ਜੇਹਾ ।
(ਦਸਤਾਰ=ਪਗੜੀ, ਬਾਫ਼ਤਾ=ਰੇਸ਼ਮ ਦਾ ਕੱਪੜਾ, ਕੁਲੱਛਣੀ=ਭੈੜੇ ਲੱਛਣਾਂ
ਵਾਲੀ, ਜ਼ਲਜ਼ਲਾ=ਭੁਚਾਲ, ਹਸ਼ਰ=ਕਿਆਮਤ, ਸੂਰ=ਬਿਗਲ, ਬੈਤੁਲ ਮਾਮੂਰ=
ਚੌਥੇ ਅਸਮਾਨ ਉਪਰੇ ਜ਼ਮੁਰਦ ਦੀ ਬਣੀ ਇੱਕ ਮਸਜਿਦ ।ਕਹਿੰਦੇ ਹਨ ਕਿ ਜੇ
ਕਰ ਕੋਈ ਚੀਜ਼ ਓਥੋਂ ਡਿਗ ਪਵੇ ਤਾਂ ਉਹ ਕਾਅਬੇ ਦੀ ਛਤ 'ਤੇ ਆ ਟਿਕਦੀ ਹੈ ।
ਫਤੂਰ=ਫਸਾਦ,ਖ਼ਰਾਬੀ, ਕਚੂਰ=ਕਾਫ਼ੂਰ)

349. ਸਹਿਤੀ

ਜੋਗ ਦੱਸ ਖਾਂ ਕਿੱਧਰੋਂ ਹੋਇਆ ਪੈਦਾ, ਕਿੱਥੋਂ ਹੋਇਆ ਸੰਦਾਸ ਬੈਰਾਗ ਹੈ ਵੇ ।
ਕੇਤੀ ਰਾਹ ਹੈਂ ਜੋਗ ਦੇ ਦੱਸ ਖਾਂ ਵੇ, ਕਿੱਥੋਂ ਨਿਕਲਿਆ ਜੋਗ ਦਾ ਰਾਗ ਹੈ ਵੇ ।
ਇਹ ਖੱਪਰੀ ਸੇਲ੍ਹੀਆਂ ਨਾਦ ਕਿੱਥੋਂ, ਕਿਸ ਬੱਧਿਆ ਜਟਾਂ ਦੀ ਪਾਗ ਹੈ ਵੇ ।
ਵਾਰਿਸ ਸ਼ਾਹ ਭਿਬੂਤ ਕਿਸ ਕੱਢਿਆ ਈ, ਕਿੱਥੋਂ ਨਿਕਲੀ ਪੂਜਣੀ ਆਗ ਹੈ ਵੇ ।
(ਸੰਦਾਸ=ਸਨਿਆਸ, ਕੇਤੀ=ਕਿੰਨੇ, ਪਾਗ=ਪਗੜੀ, ਭਿਬੂਤ=ਸਰੀਰ ਉਤੇ
ਮਲੀ ਜਾਣ ਵਾਲੀ ਸੁਆਹ)

350. ਰਾਂਝਾ

ਮਹਾਂਦੇਵ ਥੋਂ ਜੋਗ ਦਾ ਪੰਥ ਬਣਿਆਂ, ਦੇਵਦਤ ਹੈ ਗੁਰੂ ਸੰਦਾਸੀਆਂ ਦਾ ।
ਰਾਮਾਨੰਦ ਥੋਂ ਸਭ ਵੈਰਾਗ ਹੋਇਆ, ਪਰਮ ਜੋਤ ਹੈ ਗੁਰੂ ਉਦਾਸੀਆਂ ਦਾ ।
ਬ੍ਰਹਮਾ ਬਰਾਹਮਣਾ ਦਾ ਰਾਮ ਹਿੰਦੂਆਂ ਦਾ, ਬਿਸ਼ਨ ਅਤੇ ਮਹੇਸ਼ ਸਭ ਰਾਸੀਆਂ ਦਾ ।
ਸੁਥਰਾ ਸੁਥਰਿਆਂ ਦਾ ਨਾਨਕ ਉਦਾਸੀਆਂ ਦਾ, ਸ਼ਾਹ ਮੱਖਣ ਹੈ ਮੁੰਡੇ ਉਪਾਸੀਆਂ ਦਾ ।
ਜਿਵੇਂ ਸਈਅੱਦ ਜਲਾਲ ਜਲਾਲੀਆਂ ਦਾ, ਤੇ ਅਵੈਸ ਕਰਨੀ ਖੱਗਾਂ ਕਾਸੀਆਂ ਦਾ ।
ਜਿਵੇਂ ਸ਼ਾਹ ਮਦਾਰ ਮਦਾਰੀਆਂ ਦਾ, ਤੇ ਅੰਸਾਰ ਅੰਸਾਰੀਆਂ ਤਾਸੀਆਂ ਦਾ ।
ਹੈ ਵਸ਼ਿਸ਼ਟ ਨਿਰਬਾਣ ਵੈਰਾਗੀਆਂ ਦਾ, ਸ੍ਰੀ ਕ੍ਰਿਸ਼ਨ ਭਗਵਾਨ ਉਪਾਸੀਆਂ ਦਾ ।
ਹਾਜੀ ਨੌਸ਼ਾਹ ਜਿਵੇਂ ਨੌਸ਼ਾਹੀਆਂ ਦਾ, ਅਤੇ ਭਗਤ ਕਬੀਰ ਜੌਲਾਸੀਆਂ ਦਾ ।
ਦਸਤਗੀਰ ਦਾ ਕਾਦਰੀ ਸਿਲਸਲਾ ਹੈ, ਤੇ ਫ਼ਰੀਦ ਹੈ ਚਿਸ਼ਤ ਅੱਬਾਸੀਆਂ ਦਾ ।
ਜਿਵੇਂ ਸ਼ੈਖ਼ ਤਾਹਿਰ ਪੀਰ ਹੈ ਮੋਚੀਆਂ ਦਾ, ਸ਼ਮਸ ਪੀਰ ਸੁਨਿਆਰਿਆਂ ਚਾਸੀਆਂ ਦਾ ।
ਨਾਮ ਦੇਵ ਹੈ ਗੁਰੂ ਛੀਂਬਿਆਂ ਦਾ, ਲੁਕਮਾਨ ਲੁਹਾਰ ਤਰਖਾਸੀਆਂ ਦਾ ।
ਖ਼ੁਆਜਾ ਖਿਜ਼ਰ ਹੈ ਮੇਆਂ ਮੁਹਾਣਿਆਂ ਦਾ, ਨਕਸ਼ਬੰਦ ਮੁਗ਼ਲਾਂ ਚੁਗ਼ਤਾਸੀਆਂ ਦਾ ।
ਸਰਵਰ ਸਖੀ ਭਰਾਈਆਂ ਸੇਵਕਾਂ ਦਾ, ਲਾਲ ਬੇਗ਼ ਹੈ ਚੂਹੜਿਆਂ ਖਾਸੀਆਂ ਦਾ ।
ਨਲ ਰਾਜਾ ਹੈ ਗੁਰੂ ਜਵਾਰੀਆਂ ਦਾ, ਸ਼ਾਹ ਸ਼ੱਮਸ ਨਿਆਰੀਆਂ ਹਾਸੀਆਂ ਦਾ ।
ਹਜ਼ਰਤ ਸ਼ੀਸ਼ ਹੈ ਪੀਰ ਜੁਲਾਹਿਆਂ ਦਾ, ਸ਼ੈਤਾਨ ਹੈ ਪੀਰ ਮਰਾਸੀਆਂ ਦਾ ।
ਜਿਵੇਂ ਹਾਜੀ ਗਿਲਗੋ ਨੂੰ ਘੁਮਿਆਰ ਮੰਨਣ, ਹਜ਼ਰਤ ਅਲੀ ਹੈ ਸ਼ੀਆਂ ਖਾਸੀਆਂ ਦਾ ।
ਸੁਲੇਮਾਨ ਪਾਰਸ ਪੀਰ ਨਾਈਆਂ ਦਾ, ਅਲੀ ਰੰਗਰੇਜ਼ ਅਦਰੀਸ ਦਰਜ਼ਾਸੀਆਂ ਦਾ ।
ਇਸ਼ਕ ਪੀਰ ਹੈ ਆਸ਼ਕਾਂ ਸਾਰਿਆਂ ਦਾ, ਭੁਖ ਪੀਰ ਹੈ ਮਸਤਿਆਂ ਪਾਸੀਆਂ ਦਾ ।
ਹੱਸੂ ਤੇਲੀ ਜਿਉਂ ਪੀਰ ਹੈ ਤੇਲੀਆਂ ਦਾ, ਸੁਲੇਮਾਨ ਹੈ ਜਿੰਨ ਭੂਤਾਸੀਆਂ ਦਾ ।
ਸੋਟਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਤੇ ਦਾਊਦ ਹੈ ਜ਼ਰ੍ਹਾ-ਨਵਾਸੀਆਂ ਦਾ ।
ਵਾਰਿਸ ਸ਼ਾਹ ਜਿਉਂ ਰਾਮ ਹੈ ਹਿੰਦੂਆਂ ਦਾ, ਅਤੇ ਰਹਿਮਾਨ ਹੈ ਮੋਮਨਾਂ ਖ਼ਾਸੀਆਂ ਦਾ ।
(ਚਾਸੀ=ਕਿਸਾਨ, ਖਾਸੀ=ਕੂੜਾ ਕਰਕਟ ਚੁੱਕਣ ਵਾਲੇ, ਤਾਸੀ=ਸੋਨੇ ਦੇ ਗਹਿਣੇ
ਬਨਾਉਣ ਵਾਲੇ, ਪਾਸੀ=ਤਾੜ ਦੇ ਦਰਖੱਤ ਤੋਂ ਤਾੜੀ ਕੱਢਣ ਵਾਲਾ, ਪੀਰ=ਗੁਰੂ,
ਜ਼ਰ੍ਹਾ-ਨਵਾਸੀ=ਹਰ ਵੇਲੇ ਜ਼ੱਰਹਿ ਬਖ਼ਤਰ ਪਹਿਨਣ ਵਾਲਾ)

351. ਸਹਿਤੀ

ਮਾਯਾ ਉਠਾਈ ਫਿਰਨ ਏਸ ਜੱਗ ਉਤੇ, ਜਿਨ੍ਹਾਂ ਭੌਣ ਤੇ ਕੁਲ ਬਿਹਾਰ ਹੈ ਵੇ ।
ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ, ਧੁਰੋਂ ਫਿਰਨ ਏਨ੍ਹਾਂਦੜੀ ਕਾਰ ਹੈ ਵੇ ।
ਸੂਰਜ ਚੰਦ ਘੋੜਾ ਅਤੇ ਰੂਹ ਚਕਲ, ਨਜ਼ਰ ਸ਼ੇਰ ਪਾਣੀ ਵਣਜਾਰ ਹੈ ਵੇ ।
ਤਾਣਾ ਤਣਨ ਵਾਲੀ ਇੱਲ ਗਧਾ ਕੁੱਤਾ, ਤੀਰ ਛੱਜ ਤੇ ਛੋਕਰਾ ਯਾਰ ਹੈ ਵੇ ।
ਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ, ਕਿਲਾ ਤਰੱਕਲਾ ਫਿਰਨ ਵਫ਼ਾਰ ਹੈ ਵੇ ।
ਬਿੱਲੀ ਰੰਨ ਫ਼ਕੀਰ ਤੇ ਅੱਗ ਬਾਂਦੀ, ਏਨ੍ਹਾਂ ਫਿਰਨ ਘਰੋ ਘਰੀ ਕਾਰ ਹੈ ਵੇ ।
ਵਾਰਿਸ ਸ਼ਾਹ ਵੈਲੀ ਭੇਖੇ ਲਖ ਫਿਰਦੇ, ਸਬਰ ਫ਼ਕਰ ਦਾ ਕੌਲ ਕਰਾਰ ਹੈ ਵੇ ।
(ਮਾਯਾ =ਮਾਇਆ, ਭੌਣ=ਘੁੰਮਣ ਘਿਰਨ, ਬਿਹਾਰ=ਕੰਮ, ਚਕਲ=ਚੱਕਰ,
ਮਰੱਕਬ=ਸਵਾਰੀ ਦੇ ਜਾਨਵਰ ਜਾਂ ਗੱਡੀ, ਵੈਲੀ=ਵੈਲ ਵਾਲੇ)

352. ਤਥਾ

ਫਿਰਨ ਬੁਰਾ ਹੈ ਜਗ ਤੇ ਏਨ੍ਹਾਂ ਤਾਈਂ, ਜੇ ਇਹ ਫਿਰਨ ਤਾਂ ਕੰਮ ਦੇ ਮੂਲ ਨਾਹੀਂ ।
ਫਿਰੇ ਕੌਲ ਜ਼ਬਾਨ ਜਵਾਨ ਰਣ ਥੀਂ, ਸਤਰਦਾਰ ਘਰ ਛੋੜ ਮਾਕੂਲ ਨਾਹੀਂ ।
ਰਜ਼ਾ ਅੱਲਾਹ ਦੀ ਹੁਕਮ ਕਤੱਈ ਜਾਣੋ, ਕੁਤਬ ਕੋਹ ਕਾਅਬਾ ਹੈ ਮਾਮੂਲ ਨਾਹੀਂ ।
ਰੰਨ ਆਏ ਵਿਗਾੜ ਤੇ ਚਿਹ ਚੜ੍ਹੀ, ਫ਼ੱਕਰ ਆਏ ਜਾਂ ਕਹਿਰ ਕਲੂਲ ਨਾਹੀਂ ।
ਜ਼ਿੰਮੀਂਦਾਰ ਕਨਕੂਤੀਆਂ ਖ਼ੁਸ਼ੀ ਨਾਹੀਂ, ਅਤੇ ਅਹਿਮਕ ਕਦੇ ਮਲੂਲ ਨਾਹੀਂ ।
ਵਾਰਿਸ ਸ਼ਾਹ ਦੀ ਬੰਦਗੀ ਲਿਲ੍ਹ ਨਾਹੀਂ, ਵੇਖਾਂ ਮੰਨ ਲਏ ਕਿ ਕਬੂਲ ਨਾਹੀਂ ।
(ਰਣ=ਜੰਗ, ਕਨਕੂਤੀਆਂ=ਮਹਿਕਮਾ ਮਾਲ ਦੇ ਉਹ ਨੌਕਰ ਜਿਹੜੇ ਖੜੀ
ਫ਼ਸਲ ਦਾ ਅੰਦਾਜ਼ਾ ਲਾਉਂਦੇ ਸਨ, ਲਿਲ੍ਹ=ਬਿਨਾ ਮਤਲਬ)

353. ਤਥਾ

ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ, ਰੰਨ ਗਧੀ ਹੈ ਜੋ ਵਫ਼ਾਦਾਰ ਨਾਹੀਂ ।
ਨਿਆਜ਼ ਬਿਨਾਂ ਹੈ ਕੰਚਨੀ ਬਾਂਝ ਭਾਵੇਂ, ਮਰਦ ਗਧਾ ਜੋ ਅਕਲ ਦਾ ਯਾਰ ਨਾਹੀਂ ।
ਬਿਨਾ ਆਦਮੀਅਤ ਨਾਹੀਂ ਇਨਸ ਜਾਪੇ, ਬਿਨਾ ਆਬ ਕੱਤਾਲ ਤਲਵਾਰ ਨਾਹੀਂ ।
ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ, ਦਮਾਂ ਬਾਝ ਜੀਵਨ ਦਰਕਾਰ ਨਾਹੀਂ ।
ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ, ਲੂਣ ਬਾਝ ਤੁਆਮ ਸਵਾਰ ਨਾਹੀਂ ।
ਸ਼ਰਮ ਬਾਝ ਮੁੱਛਾਂ ਬਿਨਾਂ ਅਮਲ ਦਾੜ੍ਹੀ, ਤਲਬ ਬਾਝ ਫ਼ੌਜਾਂ ਭਰ ਭਾਰ ਨਾਹੀਂ ।
ਅਕਲ ਬਾਝ ਵਜ਼ੀਰ ਸਲਵਾਤ ਮੋਮਨ, ਬਿਨ ਦੀਵਾਨ ਹਿਸਾਬ ਸ਼ੁਮਾਰ ਨਾਹੀਂ ।
ਵਾਰਿਸ, ਰੰਨ, ਫ਼ਕੀਰ, ਤਲਵਾਰ, ਘੋੜਾ, ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ ।
(ਅਫਲ=ਜਿਹਨੂੰ ਫਲ ਨਾ ਲੱਗੇ, ਕੰਚਨੀ=ਨਾਚੀ, ਇਨਸ=ਇੱਕ ਆਦਮੀ, ਆਬ=
ਧਾਰ,ਤੇਜ਼ ਸ਼ਾਸ਼ਤਰ ਦੀ, ਕੱਤਾਲ=ਤਲਵਾਰ, ਇਬਾਦਤ=ਭਜਨ ਬੰਦਗੀ, ਦਮਾਂ=ਸਾਹਾਂ,
ਦਰਕਾਰ ਨਾਹੀਂ=ਨਹੀਂ ਚਾਹੀਦਾ, ਤੁਆਮ=ਖਾਣਾ, ਸਵਾਰ=ਸੁਆਦ, ਤਲਬ=ਤਨਖਾਹ,
ਸਲਵਾਤ=ਨਮਾਜ਼, ਦੀਵਾਨ=ਵਜ਼ੀਰੇ ਮਾਲ)

354. ਰਾਂਝਾ

ਮਰਦ ਕਰਮ ਦੇ ਨਕਦ ਹਨ ਸਹਿਤੀਏ ਨੀ, ਰੰਨਾਂ ਦੁਸ਼ਮਣਾਂ ਨੇਕ ਕਮਾਈਆਂ ਦੀਆਂ ।
ਤੁਸੀਂ ਏਸ ਜਹਾਨ ਵਿੱਚ ਹੋ ਰਹੀਆਂ, ਪੰਜ ਸੇਰੀਆਂ ਘਟ ਧੜਵਾਈਆਂ ਦੀਆਂ ।
ਮਰਦ ਹੈਣ ਜਹਾਜ਼ ਨੇ ਕੋਕੀਆਂ ਦੇ, ਰੰਨਾਂ ਬੇੜੀਆਂ ਹੈਣ ਬੁਰਾਈਆਂ ਦੀਆਂ ।
ਮਾਉਂ ਬਾਪ ਦਾ ਨਾਉਂ ਨਾਮੂਸ ਡੋਬਣ, ਪੱਤਾ ਲਾਹ ਸੁੱਟਣ ਭਲਿਆਂ ਭਾਈਆਂ ਦੀਆਂ ।
ਹੱਡ ਮਾਸ ਹਲਾਲ ਹਰਾਮ ਕੱਪਣ, ਏਹ ਕੁਹਾੜੀਆਂ ਹੈਣ ਕਸਾਈਆਂ ਦੀਆਂ ।
ਲਬਾਂ ਲਾਹੁੰਦੀਆਂ ਸਾਫ਼ ਕਰ ਦੇਣ ਦਾੜ੍ਹੀ, ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ ।
ਸਿਰ ਜਾਏ, ਨਾ ਯਾਰ ਦਾ ਸਿਰ ਦੀਚੇ, ਸ਼ਰਮਾਂ ਰੱਖੀਏ ਅੱਖੀਆਂ ਲਾਈਆਂ ਦੀਆਂ ।
ਨੀ ਤੂੰ ਕੇਹੜੀ ਗੱਲ ਤੇ ਐਡ ਸ਼ੂਕੇਂ, ਗੱਲਾਂ ਦੱਸ ਖਾਂ ਪੂਰੀਆਂ ਪਾਈਆਂ ਦੀਆਂ ।
ਆਢਾ ਨਾਲ ਫ਼ਕੀਰਾਂ ਦੇ ਲਾਉਂਦੀਆਂ ਨੇ, ਖ਼ੂਬੀਆਂ ਵੇਖ ਨਨਾਣ ਭਰਜਾਈਆਂ ਦੀਆਂ ।
ਵਾਰਿਸ ਸ਼ਾਹ ਤੇਰੇ ਮੂੰਹ ਨਾਲ ਮਾਰਾਂ, ਪੰਡਾਂ ਬੰਨ੍ਹ ਕੇ ਸਭ ਭਲਿਆਈਆਂ ਦੀਆਂ ।
(ਕਰਮ ਦੇ ਨਕਦ=ਨੇਕ ਭਾਵ ਭਲੇ ਕੰਮ ਨੂੰ ਦੇਰ ਨਹੀਂ ਲਾਉਂਦੇ, ਕੱਪਣ=ਕੱਟਣ,
ਸਿਰ=ਭੇਦ, ਮੂੰਹ ਨਾਲ ਮਾਰਨ=ਨਾਮੰਜ਼ੂਰ ਕਰਨ)

355. ਸਹਿਤੀ

ਰੀਸ ਜੋਗੀਆਂ ਦੀ ਤੈਥੋਂ ਨਹੀਂ ਹੁੰਦੀ, ਹੌਂਸਾਂ ਕੇਹੀਆਂ ਜਟਾਂ ਰਖਾਈਆਂ ਦੀਆਂ ।
ਬੇਸ਼ਰਮ ਦੀ ਮੁਛ ਜਿਉਂ ਪੂਛ ਪਿੱਦੀ, ਜਿਹੀਆਂ ਮੁੰਜਰਾਂ ਬੇਟ ਦੇ ਧਾਈਆਂ ਦੀਆਂ ।
ਤਾਨਸੈਨ ਜੇਹਾ ਰਾਗ ਨਹੀਂ ਬਣਦਾ, ਲਖ ਸਫ਼ਾਂ ਜੇ ਹੋਣ ਅਤਾਈਆਂ ਦੀਆਂ ।
ਅਖੀਂ ਡਿੱਠੀਆਂ ਨਹੀਂ ਤੂੰ ਚੋਬਰਾ ਵੇ, ਪਿਰਮ ਕੁੱਠੀਆਂ ਬਿਰਹੋਂ ਸਤਾਈਆਂ ਦੀਆਂ ।
ਸਿਰ ਮੁੰਨ ਦਾੜ੍ਹੀ ਖੇਹ ਲਾਈਆ ਈ, ਕਦਰਾਂ ਡਿੱਠੀਉਂ ਏਡੀਆਂ ਚਾਈਆਂ ਦੀਆਂ ।
ਤੇਰੀ ਚਰਾਚਰ ਬਿਰਕਦੀ ਜੀਭ ਏਵੇਂ, ਜਿਉਂ ਮੁਰਕਦੀਆਂ ਜੁੱਤੀਆਂ ਸਾਈਆਂ ਦੀਆਂ ।
ਲੰਡਿਆਂ ਨਾਲ ਘੁਲਣਾ ਮੰਦੇ ਬੋਲ ਬੋਲਣ, ਨਹੀਂ ਚਾਲੀਆਂ ਏਹ ਭਲਿਆਈਆਂ ਦੀਆਂ ।
ਨਹੀਂ ਕਾਅਬਿਉਂ ਚੂਹੜਾ ਹੋਇ ਵਾਕਿਫ, ਖ਼ਬਰਾਂ ਜਾਣਦੇ ਚੂਹੜੇ ਗੁਹਾਈਆਂ ਦੀਆਂ ।
ਨਹੀਂ ਫ਼ਕਰ ਦੇ ਭੇਤ ਦਾ ਜ਼ਰਾ ਵਾਕਿਫ, ਖ਼ਬਰਾਂ ਤੁਧ ਨੂੰ ਮਹੀਂ ਚਰਾਈਆਂ ਦੀਆਂ ।
ਚੁਤੜ ਸਵਾਹ ਭਰੇ ਵੇਖ ਮਗਰ ਲੱਗੋਂ, ਜਿਵੇਂ ਕੁੱਤੀਆਂ ਹੋਣ ਗੁਸਾਈਆਂ ਦੀਆਂ ।
ਜਿਹੜੀਆਂ ਸੂਣ ਉਜਾੜ ਵਿੱਚ ਵਾਂਗ ਖੱਚਰ, ਕਦਰਾਂ ਉਹ ਕੀ ਜਾਣਦੀਆਂ ਦਾਈਆਂ ਦੀਆਂ ।
ਗੱਦੋਂ ਵਾਂਗ ਜਾਂ ਰਜਿਉਂ ਕਰੇਂ ਮਸਤੀ, ਕੱਛਾਂ ਸੁੰਘਨੈਂ ਰੰਨਾਂ ਪਰਾਈਆਂ ਦੀਆਂ ।
ਬਾਪੂ ਨਹੀਂ ਪੂਰਾ ਤੈਨੂੰ ਕੋਈ ਮਿਲਿਆ, ਅਜੇ ਟੋਹੀਉਂ ਬੁੱਕਲਾਂ ਮਾਈਆਂ ਦੀਆਂ ।
ਪੂਛਾਂ ਗਾਈ ਨੂੰ ਮਹੀਂ ਦੀਆਂ ਜੋੜਨਾ ਏਂ, ਖੁਰੀਆਂ ਮਹੀਂ ਨੂੰ ਲਾਉਨੈਂ ਗਾਈਆਂ ਦੀਆਂ ।
ਹਾਸਾ ਵੇਖ ਕੇ ਆਉਂਦਾ ਸਿਫ਼ਲਵਾਈ, ਗੱਲਾਂ ਤਬ੍ਹਾ ਦੀਆਂ ਵੇਖ ਸਫ਼ਾਈਆਂ ਦੀਆਂ ।
ਮੀਆਂ ਕੌਣ ਛੁਡਾਵਸੀ ਆਣ ਤੈਨੂੰ, ਧਮਕਾਂ ਪੌਣਗੀਆਂ ਜਦੋਂ ਕੁਟਾਈਆਂ ਦੀਆਂ ।
ਗੱਲਾਂ ਇਸ਼ਕ ਦੇ ਵਾਲੀਆਂ ਨੇਈਂ ਰੁਲੀਆਂ, ਕੱਚੇ ਘੜੇ ਤੇ ਵਹਿਣ ਲੁੜ੍ਹਾਈਆਂ ਦੀਆਂ ।
ਪਰੀਆਂ ਨਾਲ ਕੀ ਦੇਵਾਂ ਨੂੰ ਆਖ ਲੱਗੇ, ਜਿਨ੍ਹਾਂ ਵੱਖੀਆਂ ਭੰਨੀਆਂ ਭਾਈਆਂ ਦੀਆਂ ।
ਇਹ ਇਸ਼ਕ ਕੀ ਜਾਣਦੈ ਚਾਕ ਚੋਬਰ, ਖ਼ਬਰਾਂ ਜਾਣਦੈ ਰੋਟੀਆਂ ਢਾਈਆਂ ਦੀਆਂ ।
ਵਾਰਿਸ ਸ਼ਾਹ ਨਾ ਬੇਟੀਆਂ ਜਿਨ੍ਹਾਂ ਜਣੀਆਂ, ਕਦਰਾਂ ਜਾਣਦੇ ਨਹੀਂ ਜਵਾਈਆਂ ਦੀਆਂ ।
(ਹੋਸ=ਹਵਸ,ਲਾਲਚ ਬੇਟ ਦੇ ਧਈਆਂ=ਬੇਟ ਦੇ ਚੌਲ, ਮੁੰਜਰਾਂ=ਬੱਲੀਆਂ, ਸਿੱਟੇ,
ਅਤਾਈਆਂ=ਬੇਸੁਆਦ ਗਵੱਈਆ, ਬਿਰਕਦੀ=ਚਲਦੀ, ਚਾਲੀਆਂ=ਚਾਲੇ,ਤੌਰ ਤਰੀਕੇ,
ਮਰਕਦੀਆਂ=ਚੀਕਦੀਆਂ, ਗੁਹਾਈਆਂ=ਗੋਹੇ,ਗੁਸਈਂ=ਹਿੰਦੂ ਫ਼ਕੀਰ, ਬਾਪੂ=ਪੂਰਾ ਉਸਤਾਦ
ਸਿਫ਼ਲਵਾਈ=ਘਟੀਆਪਣ, ਖ਼ਫ਼ਾਈ=ਆਪਣੇ ਭੇਦ ਨੂੰ ਲੁਕਾਉਣ ਵਾਲਾ, ਨੇਈਂ=ਨਦੀ)

356. ਰਾਂਝਾ

ਅਸੀਂ ਸਹਿਤੀਏ ਮੂਲ ਨਾਲ ਡਰਾਂ ਤੈਥੋਂ, ਤਿੱਖੇ ਦੀਦੜੇ ਤੈਂਦੜੇ ਸਾਰ ਦੇ ਨੀ ।
ਹਾਥੀ ਨਹੀਂ ਤਸਵੀਰ ਦਾ ਕਿਲਾ ਢਾਹੇ ਸ਼ੇਰ ਮੱਖੀਆਂ ਨੂੰ ਨਾਹੀਂ ਮਾਰਦੇ ਨੀ ।
ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ ।
ਫਟ ਹੈਂ ਲੜਾਈ ਦੇ ਅਸਲ ਢਾਈ, ਹੋਰ ਐਵੇਂ ਪਸਾਰ ਪਸਾਰਦੇ ਨੀ ।
ਇੱਕੇ ਮਾਰਨਾ ਇੱਕੇ ਤਾਂ ਆਪ ਮਰਨਾ, ਇੱਕੇ ਨੱਸ ਜਾਣਾ ਅੱਗੇ ਸਾਰ ਦੇ ਨੀ ।
ਹਿੰਮਤ ਸੁਸਤ ਬਰੂਤ ਸਰੀਨ ਭਾਰੇ, ਇਹ ਗਭਰੂ ਕਿਸੇ ਨਾ ਕਾਰ ਦੇ ਨੀ ।
ਬੰਨ੍ਹ ਟੋਰੀਏ ਜੰਗ ਨੂੰ ਢਿੱਗ ਕਰਕੇ, ਸਗੋਂ ਅਗਲਿਆਂ ਨੂੰ ਪਿੱਛੋਂ ਮਾਰਦੇ ਨੀ ।
ਸੜਣ ਕੱਪੜੇ ਹੋਣ ਤਹਿਕੀਕ ਕਾਲੇ, ਜਿਹੜੇ ਗੋਸ਼ਟੀ ਹੋਣ ਲੋਹਾਰ ਦੇ ਨੀ ।
ਝੂਠੇ ਮਿਹਣਿਆਂ ਨਾਲ ਨਾ ਜੋਗ ਜਾਂਦਾ, ਸੰਗ ਗਲੇ ਨਾ ਨਾਲ ਫੁਹਾਰ ਦੇ ਨੀ ।
ਖੈਰ ਦਿੱਤਿਆਂ ਮਾਲ ਨਾ ਹੋਏ ਥੋੜ੍ਹਾ, ਬੋਹਲ ਥੁੜੇ ਨਾ ਚੁਣੇ ਗੁਟਾਰ ਦੇ ਨੀ ।
ਜਦੋਂ ਚੂਹੜੇ ਨੂੰ ਜਿੰਨ ਕਰੇ ਦਖਲਾ, ਝਾੜਾ ਕਰੀਦਾ ਨਾਲ ਪੈਜ਼ਾਰ ਦੇ ਨੀ ।
ਤੈਂ ਤਾਂ ਫ਼ਿਕਰ ਕੀਤਾ ਸਾਨੂੰ ਮਾਰਨੇ ਦਾ, ਤੈਨੂੰ ਵੇਖ ਲੈ ਯਾਰ ਹੁਣ ਮਾਰਦੇ ਨੀ ।
ਜੇਹਾ ਕਰੇ ਕੋਈ ਤੇਹਾ ਪਾਂਵਦਾ ਹੈ, ਸੱਚੇ ਵਾਇਦੇ ਪਰਵਰਦਗਾਰ ਦੇ ਨੀ ।
ਵਾਰਿਸ ਸ਼ਾਹ ਮੀਆਂ ਰੰਨ ਭੌਂਕਣੀ ਨੂੰ, ਫ਼ਕਰ ਪਾਇ ਜੜੀਆਂ ਚਾਇ ਮਾਰਦੇ ਨੀ ।
(ਫੂਈਆਂ=ਬਹਾਰੇ ਆਈ ਗਿਦੜੀਆਂ, ਸਰੀਨ=ਚੁੱਤੜ, ਬਰੂਤ=ਠੰਡ, ਲੁਹਾਰ ਦੇ
ਗੋਸ਼ਟੀ=ਲੁਹਾਰ ਕੋਲ ਬੈਠਣ ਉਠਣ ਵਾਲੇ, ਸੰਗ=ਪੱਥਰ, ਚੁਣੇ=ਚੁਗੇ, ਪੈਜ਼ਾਰ=ਜੁੱਤੀ,
ਪਰਵਰਦਗਾਰ=ਪਾਲਣਹਾਰ, ਜੜੀਆਂ=ਜਾਦੂ ਟੂਣੇ ਨਾਲ ਲੱਗਾ ਇੱਕ ਰੋਗ ਜਿਹੜਾ
ਅਖੀਰ ਵਿੱਚ ਜਾਨ ਲੇਵਾ ਸਾਬਤ ਹੁੰਦਾ ਹੈ)

357. ਸਹਿਤੀ

ਤੇਰੀਆਂ ਸੇਲ੍ਹੀਆਂ ਥੋਂ ਅਸੀਂ ਨਹੀਂ ਡਰਦੇ, ਕੋਈ ਡਰੇ ਨਾ ਭੀਲ ਦੇ ਸਾਂਗ ਕੋਲੋਂ ।
ਐਵੇਂ ਮਾਰੀਦਾ ਜਾਵਸੇਂ ਏਸ ਪਿੰਡੋਂ, ਜਿਵੇਂ ਖਿਸਕਦਾ ਕੁਫ਼ਰ ਹੈ ਬਾਂਗ ਕੋਲੋਂ ।
ਸਿਰੀ ਕੱਜ ਕੇ ਟੁਰੇਂਗਾ ਜਹਿਲ ਜੱਟਾ, ਜਿਵੇਂ ਧਾੜਵੀ ਸਰਕਦਾ ਕਾਂਗ ਕੋਲੋਂ ।
ਮੇਰੇ ਡਿੱਠਿਆਂ ਕੰਬਸੀ ਜਾਨ ਤੇਰੀ, ਜਿਵੇਂ ਚੋਰ ਦੀ ਜਾਨ ਝਲਾਂਗ ਕੋਲੋਂ ।
ਤੇਰੀ ਟੂਟਣੀ ਫਿਰੇ ਹੈ ਸੱਪ ਵਾਂਗੂੰ, ਆਇ ਰੰਨਾਂ ਦੇ ਡਰੀਂ ਉਪਾਂਗ ਕੋਲੋਂ ।
ਐਵੇਂ ਖ਼ੌਫ਼ ਪੌਸੀ ਤੈਨੂੰ ਮਾਰਨੇ ਦਾ, ਜਿਵੇਂ ਢੱਕ ਦਾ ਪੈਰ ਉਲਾਂਘ ਕੋਲੋਂ ।
ਵਾਰਿਸ ਸ਼ਾਹ ਇਹ ਜੋਗੀੜਾ ਮੋਇਆ ਪਿਆਸਾ, ਪਾਣੀ ਦੇਣਗੀਆਂ ਜਦੋਂ ਪੁੜਸਾਂਗ ਕੋਲੋਂ ।
(ਭੀਲ=ਭੀਲ ਕੌਮ ਜਿਹੜੀ ਵਿੰਧੀਆਚਲ ਪਰਬਤ ਕੋਲ ਬਸੀ ਹੋਈ ਹੈ, ਕਜ ਕੇ=
ਢਕ ਕੇ, ਜਹਿਲ=ਜਾਹਿਲ,ਗੰਵਾਰ, ਝਲਾਂਗ=ਸਵੇਰਾ, ਉਪਾਂਗ=ਉਪ ਅੰਗ,ਕਿਸੇ ਅੰਗ)

358. ਰਾਂਝਾ

ਕੇਹੀਆਂ ਆਣ ਪੰਚਾਇਤਾਂ ਜੋੜੀਆਂ ਨੀ, ਅਸੀਂ ਰੰਨ ਨੂੰ ਰੇਵੜੀ ਜਾਣਨੇ ਹਾਂ ।
ਫੜੀਏ ਚਿੱਥ ਕੇ ਲਈਏ ਲੰਘਾ ਪਲ ਵਿੱਚ, ਤੰਬੂ ਵੈਰ ਦੇ ਨਿਤ ਨਾ ਤਾਣਨੇ ਹਾਂ ।
ਲੋਕ ਜਾਗਦੇ ਮਹਿਰੀਆਂ ਨਾਲ ਪਰਚਣ, ਅਸੀਂ ਖ਼ੁਆਬ ਅੰਦਰ ਮੌਜਾਂ ਮਾਣਨੇ ਹਾਂ ।
ਲੋਕ ਛਾਣਦੇ ਭੰਗ ਤੇ ਸ਼ਰਬਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਹਾਂ ।
ਫੂਈ ਮਗਰ ਲੱਗੀ ਇਸ ਦੀ ਮੌਤ ਆਹੀ, ਵਾਰਿਸ ਸ਼ਾਹ ਹੁਣ ਮਾਰ ਕੇ ਰਾਣਨੇ ਹਾਂ ।
(ਰੇਵੜੀ=ਰਿਉੜੀ, ਨਜ਼ਰ ਵਿੱਚ ਛਾਣਨਾ=ਜਾਚਣਾ, ਰਾਣਨੇ=ਪੈਰਾਂ ਥੱਲੇ ਮਿਧਣਾਂ)

359. ਰਾਂਝਾ-ਇਹ ਨਾ ਭਲੇ

ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ, ਕਟਕ ਮਾਘ ਵਿੱਚ ਮਨ੍ਹਾ ਹਨ੍ਹੇਰੀਆਂ ਨੀ ।
ਰੋਵਣ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਸਤਰ ਮਜਲਸਾਂ ਕਰਨ ਮੰਦੇਰੀਆਂ ਨੀ ।
ਚੁਗਲੀ ਖਾਵੰਦਾਂ ਦੀ ਬਦੀ ਨਾਲ ਮੀਏਂ, ਖਾਇ ਲੂਣ ਹਰਾਮ ਬਦ-ਖ਼ੈਰੀਆਂ ਨੀ ।
ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ ।
ਚੋਰੀ ਨਾਲ ਰਫ਼ੀਕ ਦੇ ਦਗ਼ਾ ਪੀਰਾਂ, ਪਰ ਨਾਰ ਪਰ ਮਾਲ ਉਸੀਰੀਆਂ ਨੀ ।
ਗ਼ੀਬਤ ਤਰਕ ਸਲਵਾਤ ਤੇ ਝੂਠ ਮਸਤੀ, ਦੂਰ ਕਰਨ ਫਰਿਸ਼ਤਿਆਂ ਤੀਰੀਆਂ ਨੀ ।
ਲੜਣ ਨਾਲ ਫ਼ਕੀਰ ਸਰਦਾਰ ਯਾਰੀ, ਕੱਢ ਘੱਤਣਾ ਮਾਲ ਵਸੇਰੀਆਂ ਨੀ ।
ਮੁੜਣ ਕੌਲ ਜ਼ਬਾਨ ਦਾ ਫਿਰਨ ਪੀਰਾਂ, ਬੁਰਿਆਂ ਦਿਨਾਂ ਦਿਆਂ ਇਹ ਭੀ ਫੇਰੀਆਂ ਨੀ ।
ਮੇਰੇ ਨਾਲ ਜੋ ਖੇੜਿਆਂ ਵਿੱਚ ਹੋਈ, ਖ਼ਚਰਵਾਦੀਆਂ ਇਹ ਸਭ ਤੇਰੀਆਂ ਨੀ ।
ਭਲੇ ਨਾਲ ਭਲਿਆਂਈਆਂ ਬਦੀ ਬੁਰਿਆਂ, ਯਾਦ ਰੱਖ ਨਸੀਹਤਾਂ ਮੇਰੀਆਂ ਨੀ ।
ਬਿਨਾਂ ਹੁਕਮ ਦੇ ਮਰਨ ਨਾ ਉਹ ਬੰਦੇ, ਸਾਬਤ ਜਿੰਨ੍ਹਾਂ ਦੇ ਰਿਜ਼ਕ ਦੀਆਂ ਢੇਰੀਆਂ ਨੀ ।
ਬਦਰੰਗ ਨੂੰ ਰੰਗ ਕੇ ਰੰਗ ਲਾਇਉ, ਵਾਹ ਵਾਹ ਇਹ ਕੁਦਰਤਾਂ ਤੇਰੀਆਂ ਨੀ ।
ਏਹਾ ਘੱਤ ਕੇ ਜਾਦੂੜਾ ਕਰੂੰ ਕਮਲੀ, ਪਈ ਗਿਰਦ ਮੇਰੇ ਘੱਤੀਂ ਫੇਰੀਆਂ ਨੀ ।
ਵਾਰਿਸ ਸ਼ਾਹ ਅਸਾਂ ਨਾਲ ਜਾਦੂਆਂ ਦੇ, ਕਈ ਰਾਣੀਆਂ ਕੀਤੀਆਂ ਚੇਰੀਆਂ ਨੀ ।
(ਮਜਲਿਸ=ਮਹਿਫ਼ਲ, ਖਾ ਲੂਣ ਕਰੇ ਬਦਖ਼ੈਰੀਆਂ=ਨਮਕਹਰਾਮੀ, ਰਫ਼ੀਕ=ਸਾਥੀ,
ਪਰ ਨਾਰ=ਪਰਾਈ ਇਸਤਰੀ, ਪਰ ਮਾਲ=ਪਰਾਇਆ ਮਾਲ, ਉਸੀਰੀ=ਕਿਸੇ ਚੀਜ਼
ਨੂੰ ਪ੍ਰਾਪਤ ਕਰਨ ਲਈ ਹਰ ਵੇਲੇ ਕੁੜ੍ਹਨਾ,ਸੜਣਾਂ, ਗ਼ੀਬਤ=ਚੁਗ਼ਲੀ, ਤੀਰੀ=ਉੜਾਨ,
ਚੇਰੀ=ਚੇਲੀ)

360. ਸਹਿਤੀ

ਅਸਾਂ ਜਾਦੂੜੇ ਘੋਲ ਕੇ ਸਭ ਪੀਤੇ, ਕਰਾਂ ਬਾਵਰੇ ਜਾਦੂਆਂ ਵਾਲਿਆਂ ਨੂੰ ।
ਰਾਜੇ ਭੋਜ ਜਿਹੇ ਕੀਤੇ ਚਾ ਘੋੜੇ, ਨਹੀਂ ਜਾਣਦਾ ਸਾਡਿਆਂ ਚਾਲਿਆਂ ਨੂੰ ।
ਸਕੇ ਭਾਈਆਂ ਨੂੰ ਕਰਨ ਨਫ਼ਰ ਰਾਜੇ, ਅਤੇ ਰਾਜ ਬਹਾਂਵਦੇ ਸਾਲਿਆਂ ਨੂੰ ।
ਸਿਰਕੱਪ ਰਸਾਲੂ ਨੂੰ ਵਖ਼ਤ ਪਾਇਆ, ਘਤ ਮਕਰ ਦੇ ਰੌਲਿਆਂ ਰਾਲਿਆਂ ਨੂੰ ।
ਰਾਵਣ ਲੰਕ ਲੁਟਾਇਕੇ ਗਰਦ ਹੋਇਆ, ਸੀਤਾ ਵਾਸਤੇ ਭੇਖ ਵਿਖਾਲਿਆਂ ਨੂੰ ।
ਯੂਸਫ਼ ਬੰਦ ਵਿੱਚ ਪਾ ਜ਼ਹੀਰ ਕੀਤਾ, ਸੱਸੀ ਵਖ਼ਤ ਪਾਇਆ ਊਠਾਂ ਵਾਲਿਆਂ ਨੂੰ ।
ਰਾਂਝਾ ਚਾਰ ਕੇ ਮਹੀਂ ਫ਼ਕੀਰ ਹੋਇਆ, ਹੀਰ ਮਿਲੀ ਜੇ ਖੇੜਿਆਂ ਸਾਲਿਆਂ ਨੂੰ ।
ਰੋਡਾ ਵੱਢ ਕੇ ਡੱਕਰੇ ਨਦੀ ਪਾਇਆ, ਤੇ ਜਲਾਲੀ ਦੇ ਵੇਖ ਲੈ ਚਾਲਿਆਂ ਨੂੰ ।
ਫੋਗੂ ਉਮਰ ਬਾਦਸ਼ਾਹ ਖ਼ੁਆਰ ਹੋਇਆ, ਮਿਲੀ ਮਾਰਵਣ ਢੋਲ ਦੇ ਰਾਲਿਆਂ ਨੂੰ ।
ਵਲੀ ਬਲਮ ਬਾਊਰ ਈਮਾਨ ਦਿੱਤਾ, ਵੇਖ ਡੋਬਿਆ ਬੰਦਗੀ ਵਾਲਿਆਂ ਨੂੰ ।
ਮਹੀਂਵਾਲ ਤੋਂ ਸੋਹਣੀ ਰਹੀ ਏਵੇਂ, ਹੋਰ ਪੁਛ ਲੈ ਇਸ਼ਕ ਦੇ ਭਾਲਿਆਂ ਨੂੰ ।
ਅਠਾਰਾਂ ਖੂਹਣੀ ਕਟਕ ਲੜ ਮੋਏ ਪਾਂਡੋ, ਡੋਬ ਡਾਬ ਕੇ ਖੱਟਿਆ ਘਾਲਿਆਂ ਨੂੰ ।
ਰੰਨਾ ਮਾਰ ਲੜਾਏ ਇਮਾਮ-ਜ਼ਾਦੇ, ਮਾਰ ਘੱਤਿਆ ਪੀਰੀਆਂ ਵਾਲਿਆਂ ਨੂੰ ।
ਵਾਰਿਸ ਸ਼ਾਹ ਤੂੰ ਜੋਗੀਆ ਕੌਣ ਹੁੰਨੈਂ, ਓੜਕ ਭਰੇਂਗਾ ਸਾਡਿਆਂ ਹਾਲਿਆਂ ਨੂੰ ।
(ਘੋਲ ਕੇ ਪੀਤੇ=ਖ਼ਤਮ ਕਰ ਦਿੱਤੇ, ਨਫ਼ਰ=ਗੁਲਾਮ,ਦਾਸ, ਜ਼ਹੀਰ=ਦੁਖੀ,
ਸਿਰਕੱਪ=ਗੱਖਰਫ਼ਤਿ ਹੂਡੀ ਰਾਜਾ ਜੋ ਵੈਰੀਆਂ ਦੇ ਸਿਰ ਕਪ (ਵਢ) ਲੈਂਦਾ ਸੀ।
ਰਸਾਲੂ=ਸਲਵਾਨ ਦਾ ਪੁੱਤਰ ਅਤੇ ਪੂਰਨ ਭਗਤ ਦਾ ਭਰਾ, ਰਾਲਿਆਂ=ਮਿਲਾਪ,
ਫੋਗੂ ਉਮਰ=ਊਮਰ ਸੂਮਰ ਸਿੰਧ ਦਾ ਇੱਕ ਅਮੀਰ ਜੋ ਅਰਬੀ ਨਸਲ ਦਾ ਸੀ ।
ਜਦ ਢੋਲਾ ਮਾਰਵਣ ਨੂੰ ਲੈ ਕੇ ਪੁਗਲ ਤੋਂ ਗਿਆ ਤਾਂ ਰਾਹ ਵਿੱਚ ਇਸ ਅਮੀਰ ਨੇ
ਮਾਰਵਣ ਨੂੰ ਖੋਹਣ ਦਾ ਯਤਨ ਕੀਤਾ ਪਰ ਮਾਰਵਣ ਦੇ ਇਸ਼ਾਰੇ ਨਾਲ ਢੋਲੇ ਨੇ ਓਥੋਂ
ਅਪਣਾ ਉਠ, ਜਿਸ ਦੀ ਇੱਕ ਲੱਤ ਬੱਧੀ ਸੀ, ਉਸੇ ਤਰ੍ਹਾਂ ਭਜਾ ਲਿਆ ਅਤੇ ਰਾਣੀ
ਨੂੰ ਬਚਾ ਕੇ ਲੈ ਗਿਆ, ਵਲੀ ਬਲਮ ਬਾਊਰ=ਕੁਰਬਾਨੀਆਂ ਦਾ ਇੱਕ ਮਸ਼ਹੂਰ ਵਲੀ ।
ਜਦ ਹਜ਼ਰਤ ਮੂਸਾ ਨੇ ਮਦਾਇਨ ਵਾਲਿਆਂ ਉਪਰ ਹਮਲਾ ਕੀਤਾ ਤਾਂ ਓਥੋਂ ਦੇ ਬਾਦਸ਼ਾਹ
ਨੇ ਬਲਮ ਬਾਊਰ ਨੂੰ ਕਿਹਾ ਕਿ ਉਹ ਮੂਸਾ ਨੂੰ ਬਦ ਦੁਆਂ ਦੇਵੇ ।ਉਹਨੇ ਬਦਦੁਆ ਲਈ
ਹੱਥ ਉਪਰ ਨੂੰ ਚੁੱਕੇ ਪਰ ਮੂੰਹੋਂ ਬਦਦੁਆ ਨਾ ਨਿਕਲੀ, ਅਠਾਰਾਂ ਖੂਹਣੀ=ਮਹਾਂਭਾਰਤ ਦੇ
ਯੁੱਧ ਵਿੱਚ, ਆਖਿਆ ਜਾਂਦਾ ਹੈ ਕਿ ਦੋਵੇਂ ਪਾਸਿਆਂ ਦੀਆਂ ਫ਼ੌਜਾਂ ਦੀ ਗਿਣਤੀ ਅਠਾਰਾਂ
ਖੂਹਣੀਆਂ ਸੀ ।ਪਾਂਡੋਆਂ ਦਾ ਲਸ਼ਕਰ ਸਤ ਖੂਹਣੀਆਂ ਅਤੇ ਕੌਰਵਾਂ ਦਾ ਗਿਆਰਾਂ
ਖੂਹਣੀਆਂ, ਹਾਲੇ ਭਰਨੇ=ਖਰਾਜ ਭਰਨਾ,ਮਾਲੀਆ ਜਾਂ ਮਾਮਲਾ, ਇਮਾਮ-ਜ਼ਾਦੇ=
ਇਮਾਮ ਹਸਨ ਹਜਰਤ ਅਲੀ ਦੇ ਵੱਡੇ ਪੁੱਤਰ (24. 670 ਈ), ਹਜ਼ਰਤ ਅਲੀ ਦੇ
ਸ਼ਹੀਦ ਹੋਣ ਪਿੱਛੋਂ ਕੂਫਾ ਦੇ ਲੋਕਾਂ ਇਨ੍ਹਾਂ ਨੂੰ ਛੇ ਕੁ ਮਹੀਨੇ ਖਲੀਫਾ ਮੰਨ ਲਿਆ ।
ਅਮੀਰ ਮੁਆਵੀਆ ਨਾਲ ਕੁਝ ਇੱਕ ਸ਼ਰਤਾਂ ਤੇ ਆਪ ਨੇ ਉਸ ਦੇ ਹੱਕ ਵਿੱਚ ਖਿਲਾਫ਼ਤ
ਛੱਡ ਦਿੱਤੀ ।ਮੁਆਵੀਆਂ ਦੇ ਮਰਨ ਪਿੱਛੋਂ ਉਹਦਾ ਪੁੱਤਰ ਤਖ਼ਤ ਤੇ ਬੈਠਾ ।ਉਸ ਨੇ ਜੈਨਬ
ਨਾਮੀ ਬੀਵੀ ਰਾਹੀਂ ਇਮਾਮ ਹਸਨ ਨੂੰ ਜ਼ਹਿਰ ਦਵਾ ਦਿੱਤੀ)

361. ਰਾਂਝਾ

ਆ ਨੱਢੀਏ ਗ਼ੈਬ ਕਿਉਂ ਵਿੱਢਿਆ ਈ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ ।
ਕਰੇਂ ਨਰਾਂ ਦੇ ਨਾਲ ਬਰਾਬਰੀ ਕਿਉਂ, ਆਖ ਤੁਸਾਂ ਵਿੱਚ ਕੀ ਭਲਿਆਈਆਂ ਨੀ ।
ਬੇਕਸਾਂ ਦਾ ਕੋਈ ਨਾ ਰੱਬ ਬਾਝੋਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ ।
ਜਿਹੜਾ ਰੱਬ ਦੇ ਨਾਂਉਂ ਤੇ ਭਲਾ ਕਰਸੀ, ਅੱਗੇ ਮਿਲਣਗੀਆਂ ਉਸ ਭਲਿਆਈਆਂ ਨੀ ।
ਅੱਗੇ ਤਿਨ੍ਹਾਂ ਦਾ ਹਾਲ ਜ਼ਬੂਨ ਹੋਸੀ, ਵਾਰਿਸ ਸ਼ਾਹ ਜੋ ਕਰਨ ਬੁਰਿਆਈਆਂ ਨੀ ।
(ਗ਼ੈਬ ਵਿਢਨਾ=ਵਾਧੂ ਦੀ ਲੜਾਈ ਛੇੜਣੀ, ਬੇਕਸ=ਕਮਜ਼ੋਰ,ਨਿਮਾਣਾ, ਜ਼ਬੂਨ =ਬੁਰਾ)

362. ਤਥਾ

ਮਰਦ ਸਾਦ ਹਨ ਚਿਹਰੇ ਨੇਕੀਆਂ ਦੇ, ਸੂਰਤ ਰੰਨ ਦੀ ਮੀਮ ਮੌਕੂਫ਼ ਹੈ ਨੀ ।
ਮਰਦ ਆਲਮ ਫਾਜ਼ਲ ਅੱਜਲ ਕਾਬਲ, ਕਿਸੇ ਰੰਨ ਨੂੰ ਕੌਣ ਵਕੂਫ਼ ਹੈ ਨੀ ।
ਸਬਰ ਫ਼ਰ੍ਹਾ ਹੈ ਮੰਨਿਆ ਨੇਕ ਮਰਦਾਂ, ਏਥੇ ਸਬਰ ਦੀ ਵਾਗ ਮਾਤੂਫ਼ ਹੈ ਨੀ ।
ਦਫਤਰ ਮਕਰ ਫ਼ਰੇਬ ਤੇ ਖ਼ਚਰਵਾਈਆਂ, ਏਹਨਾਂ ਪਿਸਤਿਆਂ ਵਿੱਚ ਮਲਫ਼ੂਫ਼ ਹੈ ਨੀ ।
ਰੰਨ ਰੇਸ਼ਮੀ ਕੱਪੜਾ ਮਨ੍ਹਾ ਮੁਸਲੇ, ਮਰਦ ਜੌਜ਼ਕੀਦਾਰ ਮਸ਼ਰੂਫ਼ ਹੈ ਨੀ ।
ਵਾਰਿਸ ਸ਼ਾਹ ਵਲਾਇਤੀ ਮਰਦ ਮੇਵੇ, ਅਤੇ ਰੰਨ ਮਸਵਾਕ ਦਾ ਸੂਫ਼ ਹੈ ਨੀ ।
(ਸਾਦ=ਸਾਦੇ,ਨਿਰਾਸਰੇ, ਮੌਕੂਫ਼=ਰੱਦ ਕੀਤੀ ਹੋਈ, ਵਕੂਫ਼=ਅਕਲ,ਸਮਝ,
ਫਰ੍ਹਾ=ਲਗਾਮ, ਮਾਤੂਫ਼=ਮੁੜੀ ਹੋਈ, ਮਲਫ਼ੂਫ਼=ਲਪੇਟਿਆ ਹੋਇਆ, ਮਸ਼ਰੂਫ਼=
ਮਾਣਯੋਗ, ਮਸਵਾਕ=ਦਾਤਣ, ਸੂਫ਼=ਚਿਥਿਆ ਹੋਇਆ ਬੁਰਸ਼ ਵਰਗਾ)

363. ਸਹਿਤੀ-ਇਹ ਜਹਾਨ ਤੇ ਭਲੇ

ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਜਾਨ ਕੁਰਬਾਨ ਹੋਵੇ ।
ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਕੁਲ ਪਾਤ ਦਾ ਜੋ ਨਿਗਾਹਬਾਨ ਹੋਵੇ ।
ਗਾਉਂ ਸੋਈ ਜੋ ਸਿਆਲ ਵਿਚ ਦੁੱਧ ਦੇਵੇ, ਬਾਦਸ਼ਾਹ ਜੋ ਨਿੱਤ ਸ਼ੱਬਾਨ ਹੋਵੇ ।
ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ, ਪਿਆਦਾ ਸੋਈ ਜੋ ਭੂਤ ਮਸਾਣ ਹੋਵੇ ।
ਇਮਸਾਕ ਹੈ ਅਸਲ ਅਫ਼ੀਮ ਬਾਝੋਂ, ਗ਼ੁੱਸੇ ਬਿਨਾ ਫ਼ਕੀਰ ਦੀ ਜਾਨ ਹੋਵੇ ।
ਰੋਗ ਸੋਈ ਜੋ ਨਾਲ ਇਲਾਜ ਹੋਵੇ, ਤੀਰ ਸੋਈ ਜੋ ਨਾਲ ਕਮਾਨ ਹੋਵੇ ।
ਕੰਜਰ ਸੋਈ ਜੋ ਗ਼ੈਰਤਾਂ ਬਾਝ ਹੋਵਣ, ਜਿਵੇਂ ਭਾਂਬੜਾ ਬਿਨਾਂ ਇਸ਼ਨਾਨ ਹੋਵੇ ।
ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ, ਜੱਲਾਦ ਜੋ ਮਿਹਰ ਬਿਨ ਖ਼ਾਨ ਹੋਵੇ ।
ਕਵਾਰੀ ਸੋਈ ਜੋ ਕਰੇ ਹਿਆ ਬਹੁਤੀ, ਨੀਵੀਂ ਨਜ਼ਰ ਤੇ ਬਾਝ ਜ਼ਬਾਨ ਹੋਵੇ ।
ਬਿਨਾ ਚੋਰ ਤੇ ਜੰਗ ਦੇ ਦੇਸ ਵਸੇ, ਪਟ ਸੂਈ ਬਿਨ ਅੰਨ ਦੀ ਪਾਣ ਹੋਵੇ ।
ਸਈਅਦ ਸੋਈ ਜੋ ਸੂਮ ਨਾ ਹੋਵੇ ਕਾਇਰ, ਜ਼ਾਨੀ ਸਿਆਹ ਤੇ ਨਾ ਕਹਿਰਵਾਨ ਹੋਵੇ ।
ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ, ਅਤੇ ਆਦਮੀ ਬੇਨੁਕਸਾਨ ਹੋਵੇ ।
ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ, ਮਤਾਂ ਮੰਗਣੋਂ ਕੋਈ ਵਧਾਣ ਹੋਵੇ ।
ਵਾਰਿਸ ਸ਼ਾਹ ਫ਼ਕੀਰ ਬਿਨ ਹਿਰਸ ਗ਼ਫ਼ਲਤ, ਯਾਦ ਰੱਬ ਦੀ ਵਿੱਚ ਮਸਤਾਨ ਹੋਵੇ ।
(ਕੁਲ ਪਾਤ=ਖ਼ਾਨਦਾਨ ਦੀ ਇੱਜ਼ਤ, ਸ਼ਬਾਨ=ਰਖਿਅਕ ਆਜੜੀ, ਇਮਸਾਕ=
ਬੰਧੇਜ, ਬਾਝ ਜ਼ਬਾਨ=ਘਟ ਬੋਲੇ, ਜ਼ਾਨੀ=ਭੋਗੀ, ਸੂਮ=ਕੰਜੂਸ, ਵਧਾਣ=ਵਾਧਾ)

364. ਰਾਂਝਾ

ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਸੱਭੋ ਮਿਹਨਤਾਂ ਪੇਟ ਦੇ ਕਾਰਨੇ ਨੀ ।
ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੱਯਦ-ਜ਼ਾਦਿਆਂ ਨੇ ਗਧੇ ਚਾਰਨੇ ਨੀ ।
ਪੇਟ ਵਾਸਤੇ ਪਰੀ ਤੇ ਹੂਰ-ਜ਼ਾਦਾਂ, ਜਾਣ ਜਿੰਨ ਤੇ ਭੂਤ ਦੇ ਵਾਰਨੇ ਨੀ ।
ਪੇਟ ਵਾਸਤੇ ਰਾਤ ਨੂੰ ਛੋਡ ਘਰ ਦਰ, ਹੋਇ ਪਾਹਰੂ ਹੋਕਰੇ ਮਾਰਨੇ ਨੀ ।
ਪੇਟ ਵਾਸਤੇ ਸਭ ਖ਼ਰਾਬੀਆਂ ਨੇ, ਪੇਟ ਵਾਸਤੇ ਖ਼ੂਨ ਗੁਜ਼ਾਰਨੇ ਨੀ ।
ਪੇਟ ਵਾਸਤੇ ਫ਼ੱਕਰ ਤਸਲੀਮ ਤੋੜਣ, ਸਭੇ ਸਮਝ ਲੈ ਰੰਨੇ ਗਵਾਰਨੇ ਨੀ ।
ਏਸ ਜ਼ਿਮੀਂ ਨੂੰ ਵਾਹੁੰਦਾ ਮੁਲਕ ਮੁੱਕਾ, ਅਤੇ ਹੋ ਚੁੱਕੇ ਵੱਡੇ ਕਾਰਨੇ ਨੀ ।
ਗਾਹਵਣ ਹੋਰ ਤੇ ਰਾਹਕ ਨੇ ਹੋਰ ਇਸ ਦੇ, ਖ਼ਾਵੰਦ ਹੋਰ ਦਮ ਹੋਰਨਾਂ ਮਾਰਨੇ ਨੀ ।
ਮਿਹਰਬਾਨ ਜੇ ਹੋਵੇ ਫ਼ਕੀਰ ਇੱਕ ਪਲ, ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨੇ ।
ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਨੇ ਕੰਮ ਸਵਾਰਨੇ ਨੀ ।
ਵਾਰਿਸ ਸ਼ਾਹ ਜੇ ਰੰਨ ਨੇ ਮਿਹਰ ਕੀਤੀ, ਭਾਂਡੇ ਬੋਲ ਕੇ ਹੀ ਮੂਹਰੇ ਮਾਰਨੇ ਨੀ ।
(ਕਾਰ ਸਾਜ਼=ਕੰਮ ਬਣਾਉਣ ਵਾਲਾ, ਹੋਕਰੇ=ਲਲਕਾਰੇ, ਰਾਹਕ=ਕਾਸ਼ਤਕਾਰ)

365. ਸਹਿਤੀ

ਰੱਬ ਜੇਡ ਨਾ ਕੋਈ ਹੈ ਜੱਗ ਦਾਤਾ, ਜ਼ਿਮੀਂ ਜੇਡ ਨਾ ਕਿਸੇ ਦੀ ਸਾਬਰੀ ਵੇ ।
ਮਝੀਂ ਜੇਡ ਨਾ ਕਿਸੇ ਦੇ ਹੋਣ ਜੇਰੇ, ਰਾਜ ਹਿੰਦ ਪੰਜਾਬ ਦਾ ਬਾਬਰੀ ਵੇ ।
ਚੰਦ ਜੇਡ ਚਾਲਾਕ ਨਾ ਸਰਦ ਕੋਈ, ਹੁਕਮ ਜੇਡ ਨਾ ਕਿਸੇ ਅਕਾਬਰੀ ਵੇ ।
ਬੁਰਾ ਕਸਬ ਨਾ ਨੌਕਰੀ ਜੇਡ ਕੋਈ, ਯਾਦ ਹੱਕ ਦੀ ਜੇਡ ਅਕਾਬਰੀ ਵੇ ।
ਮੌਤ ਜੇਡ ਨਾ ਸਖ਼ਤ ਹੈ ਕੋਈ ਚਿੱਠੀ, ਓਥੇ ਕਿਸੇ ਦੀ ਨਹੀਉਂ ਨਾਬਰੀ ਵੇ ।
ਮਾਲਜ਼ਾਦੀਆਂ ਜੇਡ ਨਾ ਕਸਬ ਭੈੜਾ, ਕਮਜ਼ਾਤ ਨੂੰ ਹੁਕਮ ਹੈ ਖ਼ਾਬਰੀ ਵੇ ।
ਰੰਨ ਵੇਖਣੀ ਐਬ ਫ਼ਕੀਰ ਤਾਈਂ, ਭੂਤ ਵਾਂਗ ਹੈ ਸਿਰਾਂ ਤੇ ਟਾਬਰੀ ਵੇ ।
ਵਾਰਿਸ ਸ਼ਾਹ ਸ਼ੈਤਾਨ ਦੇ ਅਮਲ ਤੇਰੇ, ਦਾੜ੍ਹੀ ਸ਼ੇਖ਼ ਦੀ ਹੋ ਗਈ ਝਾਬਰੀ ਵੇ ।
(ਸਾਬਰੀ=ਸਬਰ, ਬਾਬਰੀ=ਬਾਬਰ ਦਾ ਰਾਜ, ਅਕਾਬਰੀ=ਵਡਿਆਈ,
ਨਾਬਰੀ=ਨਾਂਹ,ਇਨਕਾਰ, ਖ਼ਾਬਰੀ=ਟੁੱਟੀ ਸੜ੍ਹਕ, ਝਾਬਰੀ=ਐਬ ਢਕਣ
ਦਾ ਇੱਕ ਵਸੀਲਾ)

366. ਰਾਂਝਾ

ਰੰਨ ਵੇਖਣੀ ਐਬ ਹੈ ਅੰਨ੍ਹਿਆਂ ਨੂੰ, ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ ।
ਸਭ ਖ਼ਲਕ ਦਾ ਵੇਖ ਕੇ ਲਉ ਮੁਜਰਾ, ਕਰੋ ਦੀਦ ਇਸ ਜਗ ਦੇ ਪੇਖਣੇ ਨੂੰ ।
ਰਾਉ ਰਾਜਿਆਂ ਸਿਰਾਂ ਦੇ ਦਾਉ ਲਾਏ, ਜ਼ਰਾ ਜਾਇ ਕੇ ਅੱਖੀਆਂ ਸੇਕਣੇ ਨੂੰ ।
ਸੱਭਾ ਦੀਦ ਮੁਆਫ਼ ਹੈ ਆਸ਼ਕਾਂ ਨੂੰ, ਰੱਬ ਨੈਣ ਦਿੱਤੇ ਜਗ ਵੇਖਣੇ ਨੂੰ ।
ਮਹਾਂ ਦੇਵ ਜਹਿਆਂ ਪਾਰਬਤੀ ਅੱਗੇ, ਕਾਮ ਲਿਆਉਂਦਾ ਸੀ ਮਥਾ ਟੇਖਣੇ ਨੂੰ ।
ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ, ਤੇਰਾ ਨਾਮ ਇਸ ਜਗ ਤੋਂ ਛੇਕਣੇ ਨੂੰ ।
ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ, ਅੰਤ ਸੱਦੀਏਂਗਾ ਲੇਖਾ ਲੇਖਣੇ ਨੂੰ ।
(ਲਉ ਮੁਜਰਾ=ਸਲਾਮ ਕਬੂਲ ਕਰੋ, ਛੇਕਣਾ=ਰਦ ਕਰ ਦੇਣਾ, ਲੇਖਾ ਲੇਖਣੇ
ਨੂੰ =ਕੀਤੇ ਕੰਮਾਂ ਦਾ ਲੇਖਾ ਦੇਣ ਲਈ)

367. ਸਹਿਤੀ

ਜੇਹੀ ਨੀਤ ਹਈ ਤੇਹੀ ਮੁਰਾਦ ਮਿਲੀਆ, ਘਰੋ ਘਰੀ ਛਾਈ ਸਿਰ ਪਾਵਨਾ ਹਂੈ ।
ਫਿਰੇਂ ਮੰਗਦਾ ਭੌਂਕਦਾ ਖ਼ੁਆਰ ਹੁੰਦਾ, ਲਖ ਦਗ਼ੇ ਪਖੰਡ ਕਮਾਵਣਾ ਹੈਂ ।
ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ, ਹੱਥਾ ਖਾਵਣਾ ਅਤੇ ਹੰਢਾਵਣਾ ਹੈਂ ।
ਸੋਇਨਾ ਰੁੱਪੜਾ ਪਹਿਨ ਕੇ ਅਸੀਂ ਬਹੀਏ, ਵਾਰਿਸ ਸ਼ਾਹ ਕਿਉਂ ਜੀਊ ਭਰਮਾਵਣਾ ਹੈਂ ।
(ਛਾਈ=ਸੁਆਹ, ਸੋਇਨਾ ਰੁਪੜਾ=ਸੋਨਾ ਚਾਂਦੀ)

368. ਰਾਂਝਾ

ਸੋਇਨਾ ਰੁਪੜਾ ਸ਼ਾਨ ਸਵਾਣੀਆਂ ਦਾ, ਤੂੰ ਤਾਂ ਨਹੀਂ ਅਸੀਲ ਨੀ ਗੋਲੀਏ ਨੀ ।
ਗਧਾ ਉੜਦਕਾਂ ਨਾਲ ਨਾ ਹੋਇ ਘੋੜਾ, ਬਾਂਝ ਪਰੀ ਨਾ ਹੋਏ ਯਰੋਲੀਏ ਨੀ ।
ਰੰਗ ਗੋਰੜੇ ਨਾਲ ਤੂੰ ਜਗ ਮੁੱਠਾ, ਵਿੱਚੋਂ ਗੁਣਾਂ ਦੇ ਕਾਰਨੇ ਪੋਲੀਏ ਨੀ ।
ਵਿਹੜੇ ਵਿੱਚ ਤੂੰ ਕੰਜਰੀ ਵਾਂਗ ਨੱਚੇਂ, ਚੋਰਾਂ ਯਾਰਾਂ ਦੇ ਵਿੱਚ ਵਿਚੋਲੀਏ ਨੀ ।
ਅਸਾਂ ਪੀਰ ਕਿਹਾ ਤੂੰ ਹੀਰ ਆਖੇਂ, ਭੁਲ ਗਈ ਹੈਂ ਸੁਣਨ ਵਿੱਚ ਭੋਲੀਏ ਨੀ ।
ਅੰਤ ਇਹ ਜਹਾਨ ਹੈ ਛੱਡ ਜਾਣਾ, ਐਡੇ ਕੁਫ਼ਰ ਅਪਰਾਧ ਕਿਉਂ ਤੋਲੀਏ ਨੀ ।
ਫ਼ਕਰ ਅਸਲ ਅੱਲਾਹ ਦੀ ਹੈਣ ਮੂਰਤ, ਅੱਗੇ ਰੱਬ ਦੇ ਝੂਠ ਨਾ ਬੋਲੀਏ ਨੀ ।
ਹੁਸਨ ਮੱਤੀਏ ਬੂਬਕੇ ਸੋਇਨ ਚਿੜੀਏ, ਨੈਣਾਂ ਵਾਲੀਏ ਸ਼ੋਖ਼ ਮਮੋਲੀਏ ਨੀ ।
ਤੈਂਡਾ ਭਲਾ ਥੀਵੇ ਸਾਡਾ ਛੱਡ ਪਿੱਛਾ, ਅੱਬਾ ਜਿਊਣੀਏ ਆਲੀਏ ਭੋਲੀਏ ਨੀ ।
ਵਾਰਿਸ ਸ਼ਾਹ ਕੀਤੀ ਗੱਲ ਹੋਇ ਚੁੱਕੀ, ਮੂਤ ਵਿੱਚ ਨਾ ਮੱਛੀਆਂ ਟੋਲੀਏ ਨੀ ।
(ਅਸੀਲ=ਭਲੀ ਮਾਨਸ, ਯਰੋਲੀਏ=ਰਾਂਝਾ ਨਫ਼ਰਤ ਨਾਲ ਸਹਿਤੀ ਨੂੰ ਕਹਿੰਦਾ
ਹੈ ਕਿ ਉਹ ਉਹਦੀ ਯਾਰੀ ਬਾਰੇ ਜਾਣਦਾ ਹੈ, ਬੂਬਕੇ=ਬੇਸਮਝ ਕੁਆਰੀ ਕੁੜੀ)

369. ਸਹਿਤੀ

ਛੇੜ ਖ਼ੁੰਦਰਾਂ ਭੇੜ ਮਚਾਵਣਾ ਏਂ, ਸੇਕਾਂ ਲਿੰਗ ਤੇਰੇ ਨਾਲ ਸੋਟਿਆਂ ਦੇ ।
ਅਸੀਂ ਜੱਟੀਆਂ ਮੁਸ਼ਕ ਲਪੇਟੀਆਂ ਹਾਂ, ਨੱਕ ਪਾੜ ਸੁੱਟੇ ਜਿਨ੍ਹਾਂ ਝੋਟਿਆਂ ਦੇ ।
ਜਦੋਂ ਮੋਲ੍ਹੀਆਂ ਪਕੜ ਕੇ ਗਿਰਦ ਹੋਈਏ ਪਿਸਤੇ ਕਢੀਏ ਚੀਨਿਆਂ ਕੋਟਿਆਂ ਦੇ ।
ਜੁੱਤ ਘੇਰਨੀ ਕੁਤਕੇ ਅਤੇ ਸੋਟੇ, ਇਹ ਇਲਾਜ ਨੇ ਚਿਤੜਾਂ ਮੋਟਿਆਂ ਦੇ ।
ਲਪੜ ਸ਼ਾਹ ਦਾ ਬਾਲਕਾ ਸ਼ਾਹ ਝੱਖੜ, ਤੈਂਥੇ ਵੱਲ ਹਨ ਵੱਡੇ ਲਪੋਟਿਆਂ ਦੇ ।
ਵਾਰਿਸ ਸ਼ਾਹ ਰੋਡਾ ਸਿਰ ਕੰਨ ਪਾਟੇ, ਇਹ ਹਾਲ ਚੋਰਾਂ ਯਾਰਾਂ ਖੋਟਿਆਂ ਦੇ ।
(ਖੁੰਦਰਾਂ=ਛੇੜਾਂ ਛੇੜਣੀਆਂ, ਮੋਲ੍ਹੀ=ਨਿੱਕਾ ਮੋਲ੍ਹਾ, ਪਿਸਤਾ=ਕਿਸੇ ਬੀਜ ਦਾ
ਮਗ਼ਜ਼, ਘੇਰਨੀ=ਚਰਖੇ ਦੀ ਹੱਥੀ, ਲੱਪੜ=ਝਗੜਾਲੂ, ਲਪੋਟਾ=ਵੱਡੀਆਂ ਗੱਪਾਂ
ਮਾਰਨ ਵਾਲਾ)

370. ਰਾਂਝਾ

ਫ਼ਕਰ ਸ਼ੇਰ ਦਾ ਆਖਦੇ ਹੈਣ ਬੁਰਕਾ, ਭੇਤ ਫ਼ੱਕਰ ਦਾ ਮੂਲ ਨਾ ਖੋਲ੍ਹੀਏ ਨੀ ।
ਦੁੱਧ ਸਾਫ਼ ਹੈ ਵੇਖਣਾ ਆਸ਼ਕਾਂ ਦਾ, ਸ਼ੱਕਰ ਵਿੱਚ ਪਿਆਜ਼ ਨਾ ਘੋਲੀਏ ਨੀ ।
ਸਰੇ ਖ਼ੈਰ ਸੋ ਹੱਸ ਕੇ ਆਣ ਦੀਚੇ, ਲਈਏ ਦੁਆ ਤੇ ਮਿੱਠੜਾ ਬੋਲੀਏ ਨੀ ।
ਲਈਏ ਅੱਘ ਚੜ੍ਹਾਇਕੇ ਵੱਧ ਪੈਸਾ, ਪਰ ਤੋਲ ਥੀਂ ਘੱਟ ਨਾ ਤੋਲੀਏ ਨੀ ।
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ, ਨੀ ਬੇਸ਼ਰਮ ਕੁਪੱਤੀਏ ਲੋਲ੍ਹੀਏ ਨੀ ।
ਮਸਤੀ ਨਾਲ ਫ਼ਕੀਰਾਂ ਨੂੰ ਦਏਂ ਗਾਲੀਂ, ਵਾਰਿਸ ਸ਼ਾਹ ਦੋ ਠੋਕ ਨਾ ਬੋਲੀਏ ਨੀ ।
(ਫ਼ਕਰ ਸ਼ੇਰ ਦਾ ਬੁਰਕਾ=ਫ਼ਕੀਰ ਅਸਲ ਵਿੱਚ ਰੱਬ ਦੇ ਸ਼ੇਰ ਹਨ ਜਿਨ੍ਹਾਂ ਨੇ
ਫ਼ਕੀਰੀ ਦਾ ਬੁਰਕਾ ਪਾਇਆ ਹੋਇਆ ਹੈ, ਸ਼ੱਕਰ ਵਿੱਚ ਪਿਆਜ਼ ਘੋਲਣਾ=
ਕੰਮ ਵਿਗਾੜਣਾ, ਸਰੇ ਖ਼ੈਰ=ਜੇ ਖ਼ੈਰ (ਭਿਖਿਆ) ਸਰਦੀ ਹੈ, ਦੋ ਠੋਕ=ਕਣਕ
ਦੇ ਦੋ ਮੋਟੇ ਰੋਟ ਖਾ ਕੇ)

371. ਸਹਿਤੀ

ਅਸੀਂ ਭੂਤ ਦੀ ਅਕਲ ਗਵਾ ਦੇਈਏ, ਸਾਨੂੰ ਲਾ ਬਿਭੂਤ ਡਰਾਉਨਾ ਹੈਂ ।
ਤ੍ਰਿੰਞਣ ਵੇਖ ਕੇ ਵਹੁਟੀਆਂ ਛੈਲ ਕੁੜੀਆਂ, ਓਥੇ ਕਿੰਗ ਦੀ ਤਾਰ ਵਜਾਉਨਾ ਹੈਂ ।
ਮੇਰੀ ਭਾਬੀ ਦੇ ਨਾਲ ਤੂੰ ਰਮਜ਼ ਮਾਰੇਂ, ਭਲਾ ਆਪ ਤੂੰ ਕੌਣ ਸਦਾਉਨਾ ਹੈਂ ।
ਉਹ ਪਈ ਹੈਰਾਨ ਹੈ ਨਾਲ ਜ਼ਹਿਮਤ, ਘੜੀ ਘੜੀ ਕਿਉਂ ਪਿਆ ਅਕਾਉਨਾ ਹੈਂ ।
ਨਾ ਤੂੰ ਵੈਦ ਨਾ ਮਾਂਦਰੀ ਨਾ ਮੁੱਲਾਂ, ਝਾੜੇ ਗ਼ੈਬ ਦੇ ਕਾਸ ਨੂੰ ਪਾਉਨਾ ਹੈਂ ।
ਚੋਰ ਚੂਹੜੇ ਵਾਂਗ ਹੈ ਟੇਢ ਤੇਰੀ, ਪਿਆਜਾਪਦਾ ਸਿਰੀ ਭਨਾਉਨਾ ਹੈਂ ।
ਕਦੀ ਭੂਤਨਾ ਹੋਇਕੇ ਝੁੰਡ ਖੋਲੇਂ, ਕਦੀ ਜੋਗ ਧਾਰੀ ਬਣ ਆਉਨਾ ਹੈਂ ।
ਇੱਟ ਸਿੱਟ ਫਗਵਾੜ ਤੇ ਕੁਆਰ ਗੰਦਲ, ਇਹ ਬੂਟੀਆਂ ਖੋਲ੍ਹ ਵਿਖਾਉਨਾ ਹੈਂ ।
ਦਾਰੂ ਨਾ ਖ਼ਿਤਾਬ ਨਾ ਹੱਥ ਸ਼ੀਸ਼ੀ, ਆਖ ਕਾਸ ਦਾ ਵੈਦ ਸਦਾਉਨਾ ਹੈਂ ।
ਜਾ ਘਰੋਂ ਅਸਾਡਿਉਂ ਨਿਕਲ ਭੁੱਖੇ, ਹੁਣੇ ਜਟਾਂ ਦੀ ਜੂਟ ਖੋਹਾਉਨਾ ਹੈਂ ।
ਖੋਹ ਬਾਬਰੀਆਂ ਖਪਰੀ ਭੰਨ ਤੋੜੂੰ, ਹੁਣ ਹੋਰ ਕੀ ਮੂੰਹੋਂ ਅਖਾਉਨਾ ਹੈਂ ।
ਰੰਨਾ ਬਲਮ ਬਾਉਰ ਦਾ ਦੀਨ ਖੋਹਿਆ, ਵਾਰਿਸ ਸ਼ਾਹ ਤੂੰ ਕੌਣ ਸਦਾਉਨਾ ਹੈਂ ।
(ਰਮਜ਼=ਇਸ਼ਾਰੇ, ਜ਼ਹਿਮਤ=ਬੀਮਾਰੀ,ਤਕਲੀਫ਼, ਅਕਾਉਣਾ=ਦੁਖੀ ਕਰਨਾ,
ਇਟ ਸਿਟ, ਫਗਵਾੜ, ਕਵਾਰ ਗੰਦਲ=ਤਿੰਨ ਬੂਟੀਆਂ ਹਨ, ਖੋਹ ਬਾਬਰੀਆ=
ਵਾਲ ਪੁਟ ਕੇ)

372. ਰਾਂਝਾ

ਅਸਾਂ ਮਿਹਨਤਾਂ ਡਾਢੀਆਂ ਕੀਤੀਆਂ ਨੇ, ਅਨੀ ਗੁੰਡੀਏ ਠੇਠਰੇ ਜੱਟੀਏ ਨੀ ।
ਕਰਾਮਾਤ ਫ਼ਕੀਰ ਦੀ ਵੇਖ ਨਾਹੀਂ, ਖ਼ੈਰ ਰਬ ਤੋਂ ਮੰਗ ਕੁਪੱਤੀਏ ਨੀ ।
ਕੰਨ ਪਾਟਿਆਂ ਨਾਲ ਨਾ ਜ਼ਿਦ ਕੀਚੈ, ਅੰਨ੍ਹੇ ਖੂਹ ਵਿੱਚ ਝਾਤ ਨਾ ਘੱਤੀਏ ਨੀ ।
ਮਸਤੀ ਨਾਲ ਤਕੱਬਰੀ ਰਾਤ ਦਿਨੇ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ ।
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਝਾੜਾ ਮਿਹਰ ਦਾ ਜਿਨ੍ਹਾਂ ਨੂੰ ਘੱਤੀਏ ਨੀ ।
ਪੜ੍ਹ ਫੂਕੀਏ ਇੱਕ ਅਜ਼ਮਤ ਸੈਫ਼ੀ, ਜੜ ਜਿੰਨ ਤੇ ਭੂਤ ਦੀ ਪੱਟੀਏ ਨੀ ।
ਤੇਰੀ ਭਾਬੀ ਦੇ ਦੁਖੜੇ ਦੂਰ ਹੋਵਣ, ਅਸੀਂ ਮਿਹਰ ਜੇ ਚਾਇ ਪਲੱਟੀਏ ਨੀ ।
ਮੂੰਹੋਂ ਮਿਠੜਾ ਬੋਲ ਤੇ ਮੋਮ ਹੋ ਜਾ, ਤਿੱਖੀ ਹੋ ਨਾ ਕਮਲੀਏ ਜੱਟੀਏ ਨੀ ।
ਜਾਂਦੇ ਸਭ ਆਜ਼ਾਰ ਯਕੀਨ ਕਰਕੇ, ਵਾਰਿਸ ਸ਼ਾਹ ਦੇ ਪੈਰ ਜੇ ਚੱਟੀਏ ਨੀ ।
(ਅਜ਼ਮਤ=ਤਲਿਸਮੀ ਦੁਆ ਦਾ ਅਸਰ, ਸੈਫ਼ੀ=ਦੁਸ਼ਮਣ ਦਾ ਵਾਰ ਉਤਾਰਨ
ਲਈ ਅਟਲ ਤਾਸੀਰ ਵਾਲੀ ਦੁਆ, ਕਿਹਾ ਜਾਂਦਾ ਹੈ ਕਿ ਸੈਫ਼ੀ ਵਾਲੇ ਪੁਰਸ਼
ਦੇ ਕਬਜ਼ੇ ਵਿੱਚ ਸੱਤਰ ਹਜ਼ਾਰ ਜਿੰਨ ਅਤੇ ਸੱਤਰ ਹਜ਼ਾਰ ਫ਼ਰਿਸ਼ਤੇ ਹੁੰਦੇ ਹਨ,
ਆਜ਼ਾਰ=ਦੁਖ)

373. ਸਹਿਤੀ

ਫ਼ਰਫ਼ੇਜੀਆ ਬੀਰ ਬੈਤਾਲਿਆ ਵੇ, ਔਖੇ ਇਸ਼ਕ ਦੇ ਝਾੜਣੇ ਪਾਵਣੇ ਵੇ ।
ਨੈਣਾਂ ਵੇਖ ਕੇ ਮਾਰਨੀ ਫੂਕ ਸਾਹਵੇਂ, ਸੁੱਤੇ ਪਰੇਮ ਦੇ ਨਾਗ ਜਗਾਵਣੇ ਵੇ ।
ਕਦੋਂ 'ਯੂਸਫ਼ੀ ਤਿਬ ਮੀਜ਼ਾਨ' ਪੜ੍ਹਿਉਂ, 'ਦਸਤੂਰ ਇਲਾਜ' ਸਿਖਾਵਣੇ ਵੇ ।
'ਕੁਰਤਾਸ ਸਕੰਦਰੀ' 'ਤਿੱਬ ਅਕਬਰ', ਜ਼ਖੀਰਿਉਂ ਬਾਬ ਸੁਣਾਵਣੇ ਵੇ ।
'ਕਾਨੂੰਨ ਮੌਜਜ਼' 'ਤੁਹਫ਼ਾ ਮੋਮਨੀਨ' ਵੀ, 'ਕਿਫ਼ਾਇਆ ਮਨਸੂਰੀ' ਥੀਂ ਪਾਵਣੇ ਵੇ ।
'ਪਰਾਨ ਸੰਗਲੀ' ਵੇਦ ਮਨੌਤ ਸਿਮ੍ਰਿਤਿ, 'ਨਿਰਘੰਟ' ਦੇ ਧਿਆਇ ਫੁਲਾਵਣੇ ਵੇ ।
'ਕਰਾਬਾਦੀਨ' 'ਸ਼ਿਫ਼ਾਈ' ਤੇ 'ਕਾਦਰੀ' ਵੀ, 'ਮੁਤਫ਼ਰਿਕ ਤਿੱਬਾ' ਪੜ੍ਹ ਜਾਵਣੇ ਵੇ ।
'ਰਤਨ ਜੋਤ' 'ਬਲਮੀਕ ਤੇ ਸਾਂਕ' 'ਸੌਛਨ' 'ਸੁਖਦੇਉ ਗੰਗਾ' ਤੈਂਥੇ ਆਵਣੇ ਵੇ ।
ਫ਼ੈਲਸੂਫ਼ ਜਹਾਨ ਦੀਆਂ ਅਸੀਂ ਰੰਨਾਂ, ਸਾਡੇ ਮਕਰ ਦੇ ਭੇਤ ਕਿਸ ਪਾਵਣੇ ਵੇ ।
ਅਫ਼ਲਾਤੂਨ ਸ਼ਾਗਿਰਦ ਗ਼ਲਾਮ ਅਰੱਸਤੂ, ਲੁਕਮਾਨ ਥੀਂ ਪੈਰ ਧੁਆਵਣੇ ਵੇ ।
ਗੱਲਾਂ ਚਾਇ ਚਵਾਇ ਦੀਆਂ ਬਹੁਤ ਕਰਨੈਂ, ਇਹ ਰੋਗ ਨਾ ਤੁਧ ਥੀਂ ਜਾਵਣੇ ਵੇ ।
ਏਨ੍ਹਾ ਮਕਰਿਆਂ ਥੋਂ ਕੌਣ ਹੋਵੇ ਚੰਗਾ, ਠੱਗ ਫਿਰਦੇ ਨੇ ਰੰਨਾਂ ਵਿਲਾਵਣੇ ਵੇ ।
ਜਿਹੜੇ ਮਕਰ ਦੇ ਪੈਰ ਖਿਲਾਰ ਬੈਠੇ, ਬਿਨਾਂ ਫਾਟ ਖਾਧੇ ਨਹੀਂ ਜਾਵਣੇ ਵੇ ।
ਮੂੰਹ ਨਾਲ ਕਹਿਆਂ ਜਿਹੜੇ ਜਾਣ ਨਾਹੀਂ, ਹੱਡ ਗੋਡੜੇ ਤਿਨ੍ਹਾਂ ਭੰਨਾਵਣੇ ਵੇ ।
ਵਾਰਿਸ ਸ਼ਾਹ ਇਹ ਮਾਰ ਹੈ ਵਸਤ ਐਸੀ, ਜਿੰਨ ਭੂਤ ਤੇ ਦੇਵ ਨਿਵਾਵਣੇ ਵੇ ।
(ਬੀਰ ਬੈਤਾਲਾ=ਜਿੰਨ, ਭੂਤ ਅਤੇ ਮਸਾਣ ਆਦਿ ਦਾ ਇਲਾਜ ਕਰਨ ਵਾਲਾ,
ਤਿੱਬ,ਹਿਕਮਤ ਦੀਆਂ ਕਿਤਾਬਾਂ=ਤਿੱਬ ਯੂਸਫ਼ੀ, ਮੀਜ਼ਾਨੁਲ ਤਿੱਬ, ਦਸਤੂਰੁਲ ਇਲਾਜ,
ਕੁਰਤਾਸ ਸਕੰਦਰੀ, ਤਿੱਬ ਅਕਬਰ ਜ਼ਖੀਰਾ,ਤੁਹਫਾ=-ਏ-ਮੋਮਨੀਨ, ਕਿਫ਼ਾਇਆ
ਮਨਸੂਰੀ, ਪਰਾਨ ਸੰਗਲੀ, ਵੇਦ ਮਨੌਤ, ਸਿਮਰਿਤ ਨਿਰਘੰਟ, ਕਰਾਬਾਦੀਨ ਸਫ਼ਾਈ,
ਕਰਾਬਾਦੀਨ ਕਾਦਰੀ, ਮੁਤਫ਼ਰਿਕ ਤਿੱਬ, ਰਤਨ ਜੋਤ=ਮਸਾਲੇ ਵਿੱਚ ਪਾਉਣ ਲਈ ਇੱਕ
ਵਸਤ ਖਾਣਾ ਬਨਾਉਣ ਵਿੱਚ ਵਰਤੀ ਜਾਂਦੀ ਹੈ ਅਤੇ ਦਵਾਈ ਦੇ ਤੌਰ ਤੇ ਵੀ ਵਰਤੀ ਜਾਂਦੀ
ਹੈ ਤੇ ਇਹਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ, ਸਾਂਕ ਬਲਮੀਕ=ਇੱਕ ਗਰਭ ਸਹਾਇਕ ਬੂਟੀ,
ਫ਼ੈਲਸੂਫ਼=ਚਾਲਾਕ,ਹੁਸ਼ਿਆਰ, ਅਫ਼ਲਾਤੂਨ ਯੂਨਾਨ ਦਾ ਜਗਤ ਪ੍ਰਸਿੱਧ ਫ਼ਿਲਾਸਫ਼ਰ,
ਜਿਹੜਾ ਸੁਕਰਾਤ ਦਾ ਸ਼ਾਗਿਰਦ ਸੀ । ਸੁਕਰਾਤ ਨੂੰ ਉਹਦੇ ਨੌਜਵਾਨਾਂ ਨੂੰ ਕੀਤੇ ਪ੍ਰਵਚਨਾਂ
ਕਰਕੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ)

374. ਰਾਂਝਾ

ਏਹਾ ਰਸਮ ਕਦੀਮ ਹੈ ਜੋਗੀਆਂ ਦੀ, ਉਹਨੂੰ ਮਾਰਦੇ ਹੈਂ ਜਿਹੜੀ ਟਰਕਦੀ ਹੈ ।
ਖ਼ੈਰ ਮੰਗਨੇ ਗਏ ਫ਼ਕੀਰ ਤਾਈਂ, ਅੱਗੋ ਕੁੱਤਿਆ ਵਾਂਗਰਾਂ ਘੁਰਕਦੀ ਹੈ ।
ਇਹ ਖਸਮ ਦੇ ਖਾਣ ਨੂੰ ਕਿਵੇਂ ਦੇਸੀ, ਜਿਹੜੀ ਖ਼ੈਰ ਦੇ ਦੇਣ ਤੋਂ ਝੁਰਕਦੀ ਹੈ ।
ਐਡੀ ਪੀਰਨੀ ਇੱਕੇ ਪਹਿਲਵਾਨਣੀ ਹੈ, ਇੱਕੇ ਕੰਜਰੀ ਇਹ ਕਿਸੇ ਤੁਰਕ ਦੀ ਹੈ ।
ਪਹਿਲੇ ਫੂਕ ਕੇ ਅੱਗ ਮਹਿਤਾਬੀਆਂ ਨੂੰ, ਪਿੱਛੋਂ ਸਰਦ ਪਾਣੀ ਵੇਖੋ ਬੁਰਕਦੀ ਹੈ ।
ਰੰਨ ਘੰਡ ਨੂੰ ਜਦੋਂ ਪੈਜ਼ਾਰ ਵੱਜਣ, ਓਥੋਂ ਚੁਪ ਚੁਪਾਤੜੀ ਛੁਰਕਦੀ ਹੈ ।
ਇੱਕ ਝੁਟ ਦੇ ਨਾਲ ਮੈਂ ਪੱਟ ਲੈਣੀ, ਜਿਹੜੀ ਜ਼ੁਲਫ਼ ਗੱਲ੍ਹਾਂ ਉਤੇ ਲੁੜਕਦੀ ਹੈ ।
ਸਿਆਣੇ ਜਾਣਦੇ ਹਨ ਧਣੀ ਜਾਏ ਝੋਟੀ, ਜਿਹੜੀ ਸਾਨ੍ਹਾਂ ਦੇ ਮੂਤਰੇ ਖੁਰਕਦੀ ਹੈ ।
ਫ਼ਕਰ ਜਾਣ ਮੰਗਨ ਖ਼ੈਰ ਭੁਖ ਮਰਦੇ, ਅੱਗੋਂ ਸਗਾਂ ਵਾਂਗੂੰ ਸਗੋਂ ਦੁਰਕਦੀ ਹੈ ।
ਲੰਡੀ ਪਾਹੜੀ ਨੂੰ ਖੇਤ ਹੱਥ ਆਇਆ, ਪਈ ਉਪਰੋਂ ਉਪਰੋਂ ਮੁਰਕਦੀ ਹੈ ।
ਵਾਰਿਸੇ ਮੌਰ ਫੁਰਦੇ ਅਤੇ ਲਣ ਚੁੱਤੜ, ਸਵਾ ਮਣੀ ਮੁਤਹਿਰ ਵੀ ਫੁਰਕਦੀ ਹੈ ।
(ਟਰਕਦੀ=ਵਾਧੂ ਬੋਲਦੀ, ਝੁਰਕਦੀ=ਪਿੱਛੇ ਹਟਦੀ, ਬੁਰਕਦੀ=ਛਿੜਕਦੀ,
ਛੁੜਕਦੀ=ਦੌੜ ਜਾਂਦੀ, ਧਣੀ ਜਾਏ=ਨਵੀਂ ਹੋ ਜਾਏ, ਸਗ=ਕੁਤਾ, ਮੁਰਕਦੀ=ਖਾਂਦੀ)

375. ਸਹਿਤੀ

ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਠੀਕ ਮਰੀਂਦੀਆਂ ਨੀ ।
ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੀ ।
ਉਹ ਵਾਹਨਾਂ ਜਾਣ ਕਬਾਬ ਹੋਈਆਂ, ਜਿੜੀਆਂ ਹੱਈੜੀਆਂ ਨਾਲ ਖਹੀਂਦੀਆਂ ਨੀ ।
ਇੱਕ ਦਿਨ ਉਹ ਫੇਰਸਨ ਆਣ ਘੋੜੇ, ਕਿੜਾਂ ਜਿਨ੍ਹਾਂ ਦੀਆਂ ਨਿੱਤ ਸੁਣੀਦੀਆਂ ਨੀ ।
ਥੋੜ੍ਹੀਆਂ ਕਰਨ ਸੁਹਾਗ ਦੀਆਂ ਉਹ ਆਸਾਂ, ਜਿਹੜੀਆਂ ਧਾੜਵੀਆਂ ਨਾਲ ਮੰਗੀਦੀਆਂ ਨੀ ।
ਜੋਕਾਂ ਇੱਕ ਦਿਨ ਪਕੜ ਨਚੂਹਣਗੀਆਂ, ਅਣਪੁਣੇ ਲਹੂ ਨਿਤ ਪੀਂਦੀਆਂ ਨੀ ।
ਦਿਲ ਮਾਲ ਦੀਚੇ ਲੱਖ ਕੰਜਰੀ ਨੂੰ, ਕਦੀ ਦਿਲੋਂ ਮਹਿਬੂਬ ਨਾ ਥੀਂਦੀਆਂ ਨੀ ।
ਇੱਕ ਦਿਹੁੰ ਪਕੜੀਆਂ ਜਾਣਗੀਆਂ ਹਾਕਮਾ ਥੇ, ਪਰ ਸੇਜ ਜੋ ਨਿਤ ਚੜ੍ਹੀਂਦੀਆਂ ਨੀ ।
ਇੱਕ ਦਿਨ ਗੜੇ ਵਸਾਇ ਸਨ ਉਹ ਘਟਾਂ, ਹਾਠਾਂ ਜੋੜ ਕੇ ਨਿਤ ਘਰੀਂਦੀਆਂ ਨੀ ।
ਤੇਰੇ ਲੌਣ ਮੋਢੇ ਸਾਡੇ ਲੌਣ ਨਾੜੇ, ਮੁਸ਼ਕਾਂ ਕਿਸੇ ਦੀਆਂ ਅੱਜ ਬਝੀਂਦੀਆਂ ਨੀ ।
(ਵਾਹਨਾਂ=ਹਿਰਨੀਆਂ, ਹਈੜਿਆਂ=ਸ਼ਿਕਾਰੀਆਂ, ਕਿੜਾਂ=ਭਿਣਕ,ਨਚੂਹਣਾ=
ਨਿਚੋੜਣਾ, ਪਰ ਸੇਜ=ਪਰਾਈ ਸੇਜ, ਹਾਠਾਂ ਜੋੜ=ਇਕੱਠੀਆਂ ਹੋ ਕੇ,ਜੁੜ ਕੇ)

376. ਰਾਂਝਾ

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲੇ, ਪੜ੍ਹ ਸੈਫ਼ੀਆਂ ਜ਼ੁਹਦ ਕਮਾਵਨੇ ਹਾਂ ।
ਮਕਰ ਫ਼ਨ ਨੂੰ ਭੰਨ ਕੇ ਸਾਫ਼ ਕਰਦੇ, ਜਿਨ ਭੂਤ ਨੂੰ ਸਾੜ ਵਿਖਾਵਨੇ ਹਾਂ ।
ਨਕਸ਼ ਲਿਖ ਕੇ ਫੂਕ ਯਾਸੀਨ ਦੇਈਏ, ਸਾਏ ਸੂਲ ਦੀ ਜ਼ਾਤ ਗਵਾਵਨੇ ਹਾਂ ।
ਦੁਖ ਦਰਦ ਬਲਾਇ ਤੇ ਜਾਏ ਤੰਗੀ, ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ ।
ਸਣੇ ਤਸਮੀਆਂ ਪੜ੍ਹਾਂ ਇਖ਼ਲਾਸ ਸੂਰਾ, ਜੜ੍ਹਾਂ ਵੈਰ ਦੀਆਂ ਪੁੱਟ ਵਗਾਹਵਨੇ ਹਾਂ ।
ਦਿਲੋਂ ਹੁੱਬ ਦੇ ਚਾਇ ਤਾਵੀਜ਼ ਲਿਖੀਏ, ਅਸੀਂ ਰੁਠੜੇ ਯਾਰ ਮਿਲਾਵਨੇ ਹਾਂ ।
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ, ਐਤਵਾਰ ਮਸਾਣ ਜਗਾਵਨੇ ਹਾਂ ।
ਜਿਹੜੀ ਗੱਭਰੂ ਤੋਂ ਰੰਨ ਰਹੇ ਵਿਟਰ, ਲੌਂਗ ਮੰਦਰੇ ਚਾ ਖਵਾਵਨੇ ਹਾਂ ।
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ, ਫੁਲ ਮੰਦਰ ਕੇ ਚਾਇ ਸੁੰਘਾਵਨੇ ਹਾਂ ।
ਉਹਨਾਂ ਵਹੁਟੀਆਂ ਦੇ ਦੁਖ ਦੂਰ ਦਰਦ ਜਾਂਦੇ, ਪੜ੍ਹ ਹਿੱਕ ਤੇ ਹੱਥ ਫਿਰਾਵਨੇ ਹਾਂ ।
ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ, ਦੰਦ ਭੰਨ ਕੇ ਲਿਟਾਂ ਮੁਨਾਵਨੇ ਹਾਂ ।
ਜਾਂ ਸਿਹਰ ਜਾਦੂ ਚੜ੍ਹੇ ਭੂਤ ਕੁੱਦੇ, ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ ।
ਕਿਸੇ ਨਾਲ ਜੇ ਵੈਰ ਵਰੋਧ ਹੋਵੇ, ਉਹਨੂੰ ਭੂਤ ਮਸਾਣ ਚਿਮੜਾਵਨੇ ਹਾਂ ।
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ, ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ ।
ਜੈਂਦੇ ਨਾਲ ਮੁਦੱਪੜਾ ਠੀਕ ਹੋਵੇ, ਉਹਨੂੰ ਬੀਰ ਬੈਤਾਲ ਪਹੁੰਚਾਵਨੇ ਹਾਂ ।
ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ, ਹੁਕਮ ਰੱਬ ਦੇ ਨਾਲ ਪੁਟਾਵਨੇ ਹਾਂ ।
ਵਾਰਿਸ ਸ਼ਾਹ ਜੇ ਹੋਰ ਨਾ ਦਾਉ ਲੱਗੇ, ਸਿਰ ਪ੍ਰੇਮ ਦੀਆਂ ਜੜੀਆਂ ਪਾਵਨੇ ਹਾਂ ।
(ਸੂਰਾ ਯਾਸੀਨ=ਜਿਹੜੀ ਆਮ ਕਰਕੇ ਮੁਸ਼ਕਿਲ ਵੇਲੇ ਪੜ੍ਹੀ ਦਾ ਹੈ ਅਤੇ ਹਰ
ਕੰਮ ਵਿੱਚ ਸੌਖ ਪੈਦਾ ਕਰਦਾ ਹੈ, ਸਾਏ=ਪਰਛਾਵੇਂ, ਹੁੱਬ=ਪਿਆਰ, ਤਸਮੀਆ=
ਬਿਸਮਿੱਲਾ ਉਲ ਰਹਿਮਾਨ ਉਲ ਰਹੀਮ, ਵਿਟਰ=ਨਾਰਾਜ਼, ਗੰਡਾ=ਧਾਗਾ,
ਮੁਦੱਪੜਾ=ਦੁਸ਼ਮਣੀ)

377. ਸਹਿਤੀ

ਮਹਿਬੂਬ ਅੱਲਾਹ ਦੇ ਲਾਡਲੇ ਹੋ, ਏਸ ਵਹੁਟੜੀ ਨੂੰ ਕੋਈ ਸੂਲ ਹੈ ਜੀ ।
ਕੋਈ ਗੁਝੜਾ ਰੋਗ ਹੈ ਏਸ ਧਾਣਾ, ਪਈ ਨਿੱਤ ਇਹ ਰਹੇ ਰੰਜੂਲ ਹੈ ਜੀ ।
ਹੱਥੋਂ ਲੁੜ੍ਹੀ ਵੰਿਹਦੀ ਲਾਹੂ ਲੱਥੜੀ ਵੀ, ਦੇਹੀ ਹੋ ਜਾਂਦੀ ਮਖ਼ਤੂਲ ਹੈ ਜੀ ।
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ, ਹਰ ਕਿਸੇ ਦੇ ਨਾਲ ਮਾਕੂਲ ਹੈ ਜੀ ।
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ, ਇਹ ਵਹੁਟੜੀ ਘਰੇ ਦਾ ਮੂਲ ਹੈ ਜੀ ।
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ, ਜੇਹਾ ਕਾਫ਼ਰਾਂ ਨਾਲ ਰਸੂਲ ਹੈ ਜੀ ।
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ, ਜੋ ਕੁੱਝ ਆਖਦੀ ਸਭ ਕਬੂਲ ਹੈ ਜੀ ।
ਵਾਰਿਸ ਪਲੰਘ ਤੇ ਕਦੇ ਨਾ ਉਠ ਬੈਠੇ, ਸਾਡੇ ਢਿੱਡ ਵਿੱਚ ਫਿਰੇ ਡੰਡੂਲ ਹੈ ਜੀ ।
(ਧਾਉਣਾ=ਹਮਲਾ ਕਰਨਾ, ਲਾਹੂਲੱਥੜੀ=ਭੁਸ ਜਾਂ ਸਾਹ ਦਾ ਰੋਗੀ,
ਮਖ਼ਤੂਲ=ਪਾਗ਼ਲ, ਡੰਡੂਲ=ਪੇਟ ਦਰਦ)

378. ਰਾਂਝਾ

ਨਬਜ਼ ਵੇਖ ਕੇ ਏਸ ਦੀ ਕਰਾਂ ਕਾਰੀ, ਦੇਇ ਵੇਦਨਾ ਸਭ ਬਤਾਇ ਮੈਨੂੰ ।
ਨਾੜ ਵੇਖ ਕੇ ਕਰਾਂ ਇਲਾਜ ਇਸਦਾ, ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ ।
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਿਰ, ਮਜ਼ਾ ਮੂੰਹ ਦਾ ਦੇਇ ਬਤਾਏ ਮੈਨੂੰ ।
ਵਾਰਿਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ, ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ ।
(ਕਾਰ=ਇਲਾਜ, ਵੇਦਨਾ=ਦੁਖ,ਰੋਗ, ਨਾੜ=ਨਬਜ਼, ਸਤ=ਹਿੰਮਤ,ਤਾਕਤ,
ਬਿਲਕ=ਪਕੜ)

379. ਤਥਾ

ਖੰਘ ਖੁਰਕ ਤੇ ਸਾਹ ਤੇ ਅੱਖ ਆਈ, ਸੂਲ ਦੰਦ ਦੀ ਪੀੜ ਗਵਾਵਨੇ ਹਾਂ ।
ਕੌਲੰਜ ਤਪਦਿਕ ਤੇ ਮੁਹਰਕਾ ਤੱਪ ਹੋਵੇ, ਉਹਨੂੰ ਕਾੜ੍ਹਿਆਂ ਨਾਲ ਗਵਾਵਨੇ ਹਾਂ ।
ਸਰਸਾਮ ਸੌਦਾਇ ਜ਼ੁਕਾਮ ਨਜ਼ਲਾ, ਇਹ ਸ਼ਰਬਤਾਂ ਨਾਲ ਪਟਾਵਨੇ ਹਾਂ ।
ਸੰਨ ਨਫ਼ਖ਼ ਇਸਤਸਕਾ ਹੋਵੇ, ਲਹਿਮ ਤਬਲ ਤੇ ਵਾਉ ਵੰਜਾਵਨੇ ਹਾਂ ।
ਲੂਤ ਫੋੜਿਆਂ ਅਤੇ ਗੰਭੀਰ ਚੰਬਲ, ਤੇਲ ਲਾਇਕੇ ਜੜ੍ਹਾਂ ਪਟਾਵਨੇ ਹਾਂ ।
ਹੋਵੇ ਪੁੜਪੁੜੀ ਪੀੜ ਕਿ ਅੱਧ ਸੀਸੀ, ਖੱਟਾ ਦਹੀਂ ਉੱਤੇ ਉਹਦੇ ਪਾਵਨੇ ਹਾਂ ।
ਅਧਰੰਗ ਮੁਖ-ਭੈਂਗੀਆ ਹੋਵੇ ਜਿਸ ਨੂੰ, ਸ਼ੀਸ਼ਾ ਹਲਬ ਦਾ ਕਢ ਵਿਖਾਵਨੇ ਹਾਂ ।
ਮਿਰਗੀ ਹੋਵਸ ਤਾਂ ਲਾਹ ਕੇ ਪੈਰ ਛਿੱਤਰ, ਉਹ ਨੱਕ ਤੇ ਚਾਇ ਸੁੰਘਾਵਨੇ ਹਾਂ ।
ਝੋਲਾ ਮਾਰ ਜਾਏ ਟੰਗ ਸੁੰਨ ਹੋਵੇ, ਤਦੋਂ ਪੈਨ ਦਾ ਤੇਲ ਮਲਾਵਨੇ ਹਾਂ ।
ਰੰਨ ਮਰਦ ਨੂੰ ਕਾਮ ਜੇ ਕਰੇ ਗ਼ਲਬਾ, ਧਨੀਆਂ ਭਿਉਂ ਕੇ ਚਾ ਪਿਲਾਵਨੇ ਹਾਂ ।
ਨਾਮਰਦ ਨੂੰ ਚੀਚ ਵਹੁਟੀਆਂ ਦਾ, ਤੇਲ ਕੱਢ ਕੇ ਨਿੱਤ ਮਲਾਵਨੇ ਹਾਂ ।
ਜੇ ਕਿਸੇ ਨੂੰ ਬਾਦ ਫ਼ਰੰਗ ਹੋਵੇ, ਰਸਕਪੂਰ ਤੇ ਲੌਂਗ ਦਿਵਾਵਨੇ ਹਾਂ ।
ਪਰਮੇਉ ਸੁਜ਼ਾਕ ਤੇ ਛਾਹ ਮੂਤੀ, ਉਹਨੂੰ ਇੰਦਰੀ ਝਾੜ ਦਿਵਾਵਨੇ ਹਾਂ ।
ਅਤੀਸਾਰ ਨਬਾਹੀਆਂ ਸੂਲ ਜਿਹੜੇ, ਈਸਬਗੋਲ ਹੀ ਘੋਲ ਪਿਵਾਵਨੇ ਹਾਂ ।
ਵਾਰਿਸ ਸ਼ਾਹ ਜਿਹੜੀ ਉਠ ਬਹੇ ਨਾਹੀ,ਂ ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ ।
(ਖੁਰਕ=ਖਾਜ, ਅੱਖ ਆਈ=ਅੱਖ ਦੁਖਣਾ, ਕੌਲੰਜ=ਪੇਟ ਦਾ ਸਖ਼ਤ ਦਰਦ,
ਤਪ ਮੁਹਰਕਾ=ਟਾਈਫਾਇਡ, ਨਫ਼ਖ਼=ਅਫਾਰਾ, ਇਸਤਸਕਾ,ਲਹਿਮ ਤਬਲ=
ਪੇਟ ਦਾ ਰੋਗ, ਇਹ ਦੋ ਭਾਂਤ ਦਾ ਹੁੰਦੇ 1. ਲਹਿਮ ਦੇ ਰੋਗ ਵਿੱਚ ਪੇਟ ਵਧ
ਜਾਂਦਾ ਹੈ ।2. ਤਬਲ ਦੇ ਰੋਗ ਵਿੱਚ ਪੇਟ ਤਬਲੇ ਵਾਂਗੂੰ ਕਸ ਹੋ ਜਾਂਦਾ ਹੈ,
ਲੂਤ, ਫੋੜੇ, ਗੰਭੀਰ, ਚੰਬਲ=ਚਮੜੀ ਦੇ ਰੋਗ, ਪੁੜਪੁੜੀ ਪੀੜ=ਪੁੜਪੁੜੀ
ਦਾ ਦਰਦ, ਅਧ ਸੀਸੀ=ਅੱਧਾ ਸਿਰ ਦੁਖਣਾ ਭੈਂਗੀਆ=ਮੂੰਹ ਵਿੰਗਾ ਹੋ
ਜਾਣਾ,ਲਕਵਾ, ਸ਼ੀਸ਼ਾ ਹਲਬ=ਸ਼ਾਮ ਦੇਸ ਦੇ ਹਲਥ ਸ਼ਹਿਰ ਦਾ ਸ਼ੀਸ਼ਾ,
ਜਿਹੜਾ ਜਾਦੂ ਲਈ ਮਸ਼ਹੂਰ ਹੈ, ਪੈਨ=ਇੱਕ ਪੰਛੀ ਜਿਹਦਾ ਤੇਲ ਮਾਲਿਸ਼
ਲਈ ਵਰਤਿਆ ਜਾਂਦਾ ਹੈ, ਚੀਚ ਵਹੁਟੀ=ਚੀਜ ਵਹੁਟੀ,ਵੀਰ ਵਹੁਟੀ,
ਬਾਦ ਫ਼ਰਮਗ=ਆਤਸ਼ਕ, ਪਰਮੇਉ=ਪੇਸ਼ਾਬ ਜਲ ਕੇ ਆਉਣਾ, ਇੰਦਰੀ
ਝਾੜ=ਮਸਾਨੇ ਦੀ ਸਫ਼ਾਈ ਲਈ ਪੇਸ਼ਾਬ ਲਿਆਉਣ ਵਾਲੀ ਦਵਾਈ,
ਅਤੀਸਾਰ=ਬਾਰ ਬਾਰ ਟੱਟੀ ਜਾਣਾ, ਨਬਾਹੀਆਂ=ਦਰਦ ਨਾਲ ਟੱਟੀਆਂ
ਲਗਣਾ)

380. ਸਹਿਤੀ

ਲਖ ਵੈਦਗੀ ਵੈਦ ਲਗਾ ਥੱਕੇ, ਧੁਰੋਂ ਟੁਟੜੀ ਕਿਸੇ ਨਾ ਜੋੜਨੀ ਵੇ ।
ਜਿੱਥੇ ਕਲਮ ਤਕਦੀਰ ਦੀ ਵਗ ਚੁੱਕੀ, ਕਿਸੇ ਵੈਦਗੀ ਨਾਲ ਨਾ ਮੋੜਨੀ ਵੇ ।
ਜਿਸ ਕੰਮ ਵਿੱਚ ਵਹੁਟੜੀ ਹੋਵੇ ਚੰਗੀ, ਸੋਈ ਖ਼ੈਰ ਹੈ ਅਸਾਂ ਨਾ ਲੋੜਨੀ ਵੇ ।
ਵਾਰਿਸ ਸ਼ਾਹ ਆਜ਼ਾਰ ਹੋਰ ਸਭ ਮੁੜਦੇ, ਇਹ ਕਤੱਈ ਨਾ ਕਿਸੇ ਨੇ ਮੋੜਨੀ ਵੇ ।
381. ਰਾਂਝਾ

ਤੈਨੂੰ ਆਖਦਾ ਹਾਂ ਹੌਲੀ ਗੱਲ ਕਰੀਏ, ਗੱਲ ਫ਼ਕਰ ਦੀ ਨੂੰ ਨਾਹੀਂ ਹੱਸੀਏ ਨੀ ।
ਜੋ ਕੁੱਝ ਕਹਿਣ ਫ਼ਕੀਰ ਸੋ ਰੱਬ ਆਖੇ, ਆਖੇ ਫ਼ਕਰ ਦੇ ਥੋਂ ਨਾਹੀਂ ਨੱਸੀਏ ਨੀ ।
ਹੋਵੇ ਖ਼ੈਰ ਤੇ ਦੇਹੀ ਦਾ ਰੋਗ ਜਾਏ, ਨਿਤ ਪਹਿਨੀਏ ਖਾਈਏ ਵੱਸੀਏ ਨੀ ।
ਭਲਾ ਬੁਰਾ ਜੋ ਵੇਖੀਏ ਮਸ਼ਟ ਕਰੀਏ, ਭੇਤ ਫ਼ਕਰ ਦਾ ਮੂਲ ਨਾ ਦੱਸੀਏ ਨੀ ।
ਹੱਥ ਬੰਨ੍ਹ ਫ਼ਕੀਰ ਤੇ ਸਿਦਕ ਕੀਜੇ, ਨਹੀਂ ਸੇਲ੍ਹੀਆਂ ਟੋਪੀਆਂ ਖੱਸੀਏ ਨੀ ।
ਦੁਖ ਦਰਦ ਤੇਰੇ ਸਭ ਜਾਣ ਕੁੜੀਏ, ਭੇਤ ਜੀਊ ਦਾ ਖੋਲ੍ਹ ਕੇ ਦੱਸੀਏ ਨੀ ।
ਮੁਖ ਖੋਲ੍ਹ ਵਿਖਾਇ ਜੋ ਹੋਵੇ ਚੰਗੀ, ਅਨੀ ਭੋਲ-ਇਆਣੀਏ ਸੱਸੀਏ ਨੀ ।
ਰੱਬ ਆਣ ਸਬੱਬ ਜਾਂ ਮੇਲਦਾ ਈ, ਖ਼ੈਰ ਹੋਇ ਜਾਂਦੀ ਨਾਲ ਲੱਸੀਏ ਨੀ ।
ਸੁਲ੍ਹਾ ਕੀਤਿਆਂ ਫ਼ਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕੱਸੀਏ ਨੀ ।
ਤੇਰੇ ਦਰਦ ਦਾ ਸਭ ਇਲਾਜ ਮੈਂਥੇ, ਵਾਰਿਸ ਸ਼ਾਹ ਨੂੰ ਵੇਦਨਾ ਦੱਸੀਏ ਨੀ ।
(ਮਸ਼ਟ ਕਰੀਏ=ਚੁਪ ਕਰੀਏ, ਖੱਸੀਏ=ਖੋਹੀਏ)

382. ਸਹਿਤੀ

ਸਹਿਤੀ ਗੱਜ ਕੇ ਆਖਦੀ ਛੱਡ ਜੱਟਾ, ਖੋਹ ਸਭ ਨਵਾਲੀਆਂ ਸੱਟੀਆਂ ਨੀ ।
ਹੋਰ ਸਭ ਜ਼ਾਤਾਂ ਠੱਗ ਖਾਂਦੀਆਂ ਨੀ, ਪਰ ਏਸ ਵਿਹੜੇ ਵਿੱਚ ਜੱਟੀਆਂ ਨੀ ।
ਅਸਾਂ ਏਤਨੀ ਗੱਲ ਮਾਲੂਮ ਕੀਤੀ, ਇਹ ਜੱਟੀਆਂ ਮੁਲਕ ਦੀਆਂ ਫੱਟੀਆਂ ਨੀ ।
ਡੂਮਾਂ ਰਾਵਲਾਂ ਕਾਉਂ ਤੇ ਜੱਟੀਆਂ ਦੀਆਂ, ਜੀਭਾਂ ਧੁਰੋਂ ਸ਼ੈਤਾਨ ਦੀਆਂ ਚੱਟੀਆਂ ਨੀ ।
ਪਰ ਅਸਾਂ ਭੀ ਜਿਨ੍ਹਾਂ ਨੂੰ ਹਥ ਲਾਇਆ, ਉਹ ਬੂਟੀਆਂ ਜੜਾਂ ਥੀਂ ਪੱਟੀਆਂ ਨੀ ।
ਪੋਲੇ ਢਿਡ ਤੇ ਅਕਲ ਦੀ ਮਾਰ ਵਾਰਿਸ, ਛਾਹਾਂ ਪੀਣ ਤਰਬੇਹੀਆਂ ਖੱਟੀਆਂ ਨੀ ।
(ਪੋਲੇ ਢਿਡ=ਹਾਮਲਾ, ਤਰਬੇਹੀ=ਤਿਬੇਹੀ,ਤਿੰਨਾਂ ਡੰਗਾਂ ਦੀ ਬੇਹੀ, ਛਾਹ=ਲੱਸੀ)

383. ਰਾਂਝਾ

ਹੌਲੀ ਸਹਿਜ ਸੁਭਾਉ ਦੀ ਗੱਲ ਕੀਚੈ, ਨਾਹੀਂ ਕੜਕੀਏ ਬੋਲੀਏ ਗੱਜੀਏ ਨੀ ।
ਲਖ ਝੁਟ ਤਰਲੇ ਫਿਰੇ ਕੋਈ ਕਰਦਾ, ਦਿੱਤੇ ਰੱਬ ਦੇ ਬਾਝ ਨਾ ਰੱਜੀਏ ਨੀ ।
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਲਖ ਔਗੁਣਾਂ ਹੋਣ ਤਾਂ ਕੱਜੀਏ ਨੀ ।
ਅਸੀਂ ਨਜ਼ਰ ਕਰੀਏ ਤੁਰਤ ਹੋਣ ਚੰਗੇ, ਜਿਨ੍ਹਾਂ ਰੋਗੀਆਂ ਤੇ ਜਾ ਵੱਜੀਏ ਨੀ ।
ਚੌਦਾਂ ਤਬਕ ਨੌ ਖੰਡ ਦੀ ਖ਼ਬਰ ਸਾਨੂੰ, ਮੂੰਹ ਫ਼ਕਰ ਥੋਂ ਕਾਸ ਨੂੰ ਕੱਜੀਏ ਨੀ ।
ਜੈਂਦੇ ਹੁਕਮ ਵਿੱਚ ਜਾਨ ਤੇ ਮਾਲ ਆਲਮ, ਓਸ ਰੱਬ ਥੋਂ ਕਾਸ ਨੂੰ ਭੱਜੀਏ ਨੀ ।
ਸਾਰੀ ਉਮਰ ਈ ਪਲੰਘ ਤੇ ਪਈ ਰਹਿਸੇਂ, ਏਸ ਅਕਲ ਦੇ ਨਾਲ ਕੁਚੱਜੀਏ ਨੀ ।
ਸ਼ਰਮ ਜੇਠ ਤੇ ਸੌਹਰਿਉਂ ਕਰਨ ਆਈ, ਮੂੰਹ ਫ਼ਕਰ ਥੋਂ ਕਾਸਨੂੰ ਲੱਜੀਏ ਨੀ ।
ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ, ਜਦੋਂ ਆਪਣੀ ਜਾਨ ਨੂੰ ਤੱਜੀਏ ਨੀ ।
(ਚੌਦਾਂ ਤਬਕ=ਸੱਤ ਅਸਮਾਨ ਅਤੇ ਸੱਤ ਪਤਾਲ, ਨੌਖੰਡ=ਸਾਰੀ ਧਰਤੀ,
ਆਲਮ=ਜਹਾਨ)

384. ਸਹਿਤੀ

ਕੇਹੀ ਵੈਦਗੀ ਆਣ ਮਚਾਈਆ ਹੀ, ਕਿਸ ਵੈਦ ਨੇ ਦੱਸ ਪੜ੍ਹਾਇਆ ਹੈਂ ।
ਵਾਂਗ ਚੌਧਰੀ ਆਣ ਕੇ ਪੈਂਚ ਬਨਿਉਂ, ਕਿਸ ਚਿੱਠੀਆਂ ਘਲ ਸਦਾਇਆ ਹੈਂ ।
ਸੇਲ੍ਹੀ ਟੋਪੀਆਂ ਪਹਿਨ ਲੰਗੂਰ ਵਾਂਗੂੰ, ਤੂੰ ਤੇ ਸ਼ਾਹ ਭੋਲੂ ਬਣ ਆਇਆ ਹੈ ।
ਵੱਡੇ ਦਗ਼ੇ ਤੇ ਫੰਧ ਫ਼ਰੇਬ ਪੜ੍ਹਿਉਂ, ਐਵੇਂ ਕੰਨ ਪੜਾ ਗਵਾਇਆ ਹੈਂ ।
ਨਾ ਤੂੰ ਜਟ ਰਹਿਉਂ ਨਾ ਤੂੰ ਫ਼ਕੀਰ ਹੋਇਉਂ, ਐਵੇਂ ਮੁੰਨ ਕੇ ਘੋਨ ਕਰਾਇਆ ਹੈਂ ।
ਨਾ ਜੰਮਿਉਂ ਨਾ ਕਿਸੇ ਮਤ ਦਿੱਤੀ, ਮੁੜ ਪੁੱਟ ਕੇ ਕਿਸੇ ਨਾ ਲਾਇਆ ਹੈਂ ।
ਬੁਰੇ ਦਿਹਾਂ ਦੀਆਂ ਫੇਰੀਆਂ ਏਹ ਹੈ ਨੀ, ਅੱਜ ਰਬ ਨੇ ਠੀਕ ਕੁਟਾਇਆ ਹੈਂ ।
ਵਾਰਿਸ ਸ਼ਾਹ ਕਰ ਬੰਦਗੀ ਰੱਬ ਦੀ ਤੂੰ, ਜਿਸ ਵਾਸਤੇ ਰੱਬ ਬਣਾਇਆ ਹੈਂ ।
(ਸ਼ਾਹ ਭੋਲੂ=ਬਾਂਦਰ)

385. ਰਾਂਝਾ

ਤੇਰੀ ਤਬ੍ਹਾ ਚਾਲਾਕ ਛਲ ਛਿੱਦਰੇ ਨੀ, ਚੋਰ ਵਾਂਗ ਕੀ ਸੇਲ੍ਹੀਆਂ ਸਿੱਲੀਆਂ ਨੀ ।
ਪੈਰੀਂ ਬੱਲੀਆਂ ਹੋਣ ਫਿਰੰਦਿਆਂ ਦੇ, ਤੇਰੀ ਜੀਭ ਹਰਿਆਰੀਏ ਬੱਲੀਆਂ ਨੀ ।
ਕੇਹਾ ਰੋਗ ਹੈ ਦੱਸ ਇਸ ਵਹੁਟੜੀ ਨੂੰ, ਇੱਕੇ ਮਾਰਦੀ ਫਿਰੇਂ ਟਰਪੱਲੀਆਂ ਨੀ ।
ਕਿਸੇ ਏਸ ਨੂੰ ਚਾ ਮਸਾਨ ਘੱਤੇ, ਪੜ੍ਹ ਠੋਕੀਆਂ ਸਾਰ ਦੀਆਂ ਕਿੱਲੀਆਂ ਨੀ ।
ਸਹੰਸ ਵੇਦ ਤੇ ਧੂਪ ਹੋਰ ਫੁਲ ਹਰਮਲ, ਹਰੇ ਸ਼ਰੀਂਹ ਦੀਆਂ ਛਮਕਾਂ ਗਿੱਲੀਆਂ ਨੀ ।
ਝਬ ਕਰਾਂ ਮੈਂ ਜਤਨ ਝੜ ਜਾਨ ਕਾਮਣ, ਅਨੀ ਕਮਲੀਉ ਹੋਇਉ ਨਾ ਢਿੱਲੀਆਂ ਨੀ ।
ਹਥ ਫੇਰ ਕੇ ਧੂਪ ਦੇਇ ਕਰਾਂ ਝਾੜਾ, ਫਿਰੇਂ ਮਾਰਦੀ ਨੈਣ ਤੇ ਖਿੱਲੀਆਂ ਨੀ ।
ਰੱਬ ਵੈਦ ਪੱਕਾ ਘਰ ਘੱਲਿਆ ਜੇ, ਫਿਰੋ ਢੂੰਡਦੀਆਂ ਪੂਰਬਾਂ ਦਿੱਲੀਆਂ ਨੀ ।
ਵਾਰਿਸ ਸ਼ਾਹ ਪ੍ਰੇਮ ਦੀ ਜੜੀ ਘੱਤੀ, ਨੈਣਾਂ ਹੀਰ ਦੀਆਂ ਕੱਚੀਆਂ ਪਿੱਲੀਆਂ ਨੀ ।
(ਸਿੱਲੀਆਂ=ਚੋਰਾਂ ਵਾਂਗੂੰ ਤਾੜਣਾ, ਟਰਪੱਲੀਆਂ=ਪਖੰਡੀ ਗੱਲਾਂ, ਸਹੰਸ=ਹਜ਼ਾਰ,
ਖਿੱਲੀਆਂ ਮਾਰਨਾ=ਹੱਸਣਾ ਟੱਪਣਾ, ਪੂਰਬਾਂ ਦਿੱਲੀਆਂ=ਦਿੱਲੀ ਦੱਖਣ,ਦੂਰ ਦੂਰ)

386. ਸਹਿਤੀ

ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ, ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ ।
ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ, ਕਦੀ ਜੋਤਰਾ ਮੂਲ ਨਾ ਵਾਹਿਆ ਈ ।
ਕਿਸੇ ਜੋਗੀੜੇ ਠਗ ਫ਼ਕੀਰ ਕੀਤੋਂ, ਅਨਜਾਣ ਕਕੋਹੜਾ ਫਾਹਿਆ ਈ ।
ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਊ, ਕਿਸੇ ਨਾਲ ਨਾ ਕੌਲ ਨਿਬਾਹਿਆ ਈ ।
ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ, ਉਸ ਦਾ ਅਰਸ਼ ਦਾ ਕਿੰਗਰਾ ਢਾਹਿਆ ਈ ।
ਪੇਟ ਰੱਖ ਕੇ ਆਪਣਾ ਪਾਲਿਉ ਈ, ਕਿਤੇ ਰੰਨ ਨੂੰ ਚਾਇ ਤਰਾਹਿਆ ਈ ।
ਡੱਬੀਪੁਰੇ ਦਿਆ ਝੱਲ ਵਲੱਲਿਆ ਵੇ, ਅਸਾਂ ਨਾਲ ਕੀ ਖਚਰ ਪੌ ਚਾਹਿਆ ਈ ।
ਸਵਾਹ ਲਾਈਆ ਪਾਣ ਨਾ ਲਥੀਆਈ, ਐਵੇਂ ਕਪੜਾ ਚੀਥੜਾ ਲਾਹਿਆ ਈ ।
ਵਾਰਿਸ ਆਖਨੀ ਹਾਂ ਟਲ ਜਾਹ ਸਾਥੋਂ, ਗਾਂਡੂ ਸਾਥ ਲੱਧੋ ਹੁੰਡ ਵਧਾਇਆ ਈ ।
(ਕਕੋਹੜਾ=ਤਿੱਖੀ ਆਵਾਜ਼ ਵਾਲਾ ਪਾਣੀ ਦਾ ਪੰਛੀ, ਤਜਿਆ=ਛਡਿਆ,
ਆਪਣਾ ਪੇਟ ਪਾਲਣਾ=ਖੁਦਗ਼ਰਜ਼, ਪਾਣ ਲੱਥਣੀ=ਸੁਭਾ ਬਦਲਣਾ)

387. ਰਾਂਝਾ

ਮਾਨ ਮੱਤੀਏ ਰੂਪ ਗੁਮਾਨ ਭਰੀਏ, ਭੈੜ ਕਾਰੀਏ ਗਰਬ ਗਹੇਲੀਏ ਨੀ ।
ਐਡੇ ਫ਼ਨ ਫ਼ਰੇਬ ਕਿਉਂ ਖੇਡਨੀ ਹੈਂ, ਕਿਸੇ ਵੱਡੇ ਉਸਤਾਦ ਦੀਏ ਚੇਲੀਏ ਨੀ ।
ਏਸ ਹੁਸਨ ਦਾ ਨਾ ਗੁਮਾਨ ਕੀਚੈ, ਮਾਨ ਮੱਤੀਏ ਰੂਪ ਰੁਹੇਲੀਏ ਨੀ ।
ਤੇਰੀ ਭਾਬੀ ਦੀ ਨਹੀਂ ਪਰਵਾਹ ਸਾਨੂੰ, ਵੱਡੀ ਹੀਰ ਦੀ ਅੰਗ ਸਹੇਲੀਏ ਨੀ ।
ਮਿਲੇ ਸਿਰਾਂ ਨੂੰ ਨਾ ਵਿਛੋੜ ਦੀਚੈ, ਹੱਥੋਂ ਵਿਛੜਿਆਂ ਸਿਰਾਂ ਨੂੰ ਮੇਲੀਏ ਨੀ ।
ਕੇਹਾ ਵੈਰ ਫ਼ਕੀਰ ਦੇ ਨਾਲ ਚਾਇਉ, ਪਿੱਛਾ ਛੱਡ ਅਨੋਖੀਏ ਲੇਲੀਏ ਨੀ ।
ਇਹ ਜੱਟੀ ਸੀ ਕੂੰਜ ਤੇ ਜਟ ਉੱਲੂ, ਪਰ ਬੱਧਿਆ ਜੇ ਗੁਲ ਖੇਲੀਏ ਨੀ ।
ਵਾਰਿਸ ਜਿਨਸ ਦੇ ਨਾਲ ਹਮਜਿਨਸ ਬਣਦੀ ਭੌਰ ਤਾਜ਼ਣਾਂ ਗਧੇ ਨਾਲ ਮੇਲੀਏ ਨੀ ।
(ਗਰਬ ਗਹੇਲੀ=ਹੰਕਾਰੀ ਹੋਈ, ਰੋਹੇਲੀ=ਗੁਲਾਮ ਕਾਦਰ ਰੋਹੇਲਾ ਦਾ ਸਿਪਾਹੀ,
ਖੇਲਾ=ਜਵਾਨ ਸਾਨ੍ਹ ਜਾਂ ਝੋਟਾ, ਹਮ ਜਿਣਸ=ਇੱਕੋ ਜਿਣਸ ਦੇ, ਜਿਵੇਂ ਬਾਜ਼ ਤੇ
ਕਬੂਤਰ ਦੋ ਵੱਖਰੀਆਂ ਜਿਣਸਾਂ ਹਨ, ਭੌਰ ਤਾਜ਼ਣ=ਮੁਸ਼ਕੀ ਰੰਗ ਦੀ ਅਰਬੀ ਘੋੜੀ,
ਮੇਲਣਾ=ਬੱਚੇ ਲੈਣ ਲਈ ਨਵੀਂ ਕਰਾਉਣਾ)

388. ਹੀਰ ਨੂੰ ਜੋਗੀ ਦੀ ਸੱਚਾਈ ਦਾ ਪਤਾ ਲੱਗਣਾ

ਹੀਰ ਕੰਨ ਧਰਿਆ ਇਹ ਕੌਣ ਆਇਆ, ਕੋਈ ਇਹ ਤਾਂ ਹੈ ਦਰਦ ਖ਼ਾਹ ਮੇਰਾ ।
ਮੈਨੂੰ ਭੌਰ ਤਾਜ਼ਣ ਜਿਹੜਾ ਆਖਦਾ ਹੈ, ਅਤੇ ਗਧਾ ਬਣਾਇਆ ਸੂ ਚਾ ਖੇੜਾ ।
ਮਤਾਂ ਚਾਕ ਮੇਰਾ ਕਿਵੇਂ ਆਣ ਭਾਸੇ, ਏਸੇ ਨਾਲ ਮੈਂ ਉਠ ਕੇ ਕਰਾਂ ਝੇੜਾ ।
ਵਾਰਿਸ ਸ਼ਾਹ ਮਤ ਕੰਨ ਪੜਾਇ ਰਾਂਝਾ, ਘਤ ਮੁੰਦਰਾਂ ਮੰਨਿਆਂ ਹੁਕਮ ਮੇਰਾ ।
(ਕੰਨ ਧਰਿਆ=ਖ਼ਿਆਲ ਨਾਲ ਸੁਣਿਆ, ਦਰਦ ਖ਼ਾਹ=ਹਮਦਰਦ)

389. ਹੀਰ

ਬੋਲੀ ਹੀਰ ਵੇ ਅੜਿਆ ਜਾਹ ਸਾਥੋਂ, ਕੋਈ ਖ਼ੁਸ਼ੀ ਨਾ ਹੋਵੇ ਤੇ ਹੱਸੀਏ ਕਿਉਂ ।
ਪਰਦੇਸੀਆਂ ਜੋਗੀਆਂ ਕਮਲਿਆਂ ਨੂੰ, ਵਿੱਚੋਂ ਜੀਊ ਦਾ ਭੇਤ ਚਾਇ ਦੱਸੀਏ ਕਿਉਂ ।
ਜੇ ਤੂੰ ਅੰਤ ਰੰਨਾ ਵਲ ਵੇਖਣਾ ਸੀ, ਵਾਹੀ ਜੋਤਰੇ ਛੱਡ ਕੇ ਨੱਸੀਏ ਕਿਉਂ ।
ਜੇ ਤਾਂ ਆਪ ਇਲਾਜ ਨਾ ਜਾਣੀਏ ਵੇ, ਜਿੰਨ ਭੂਤ ਤੇ ਜਾਦੂੜੇ ਦੱਸੀਏ ਕਿਉਂ ।
ਫ਼ਕੀਰ ਭਾਰੜੇ ਗੋਰੜੇ ਹੋਇ ਰਹੀਏ, ਕੁੜੀ ਚਿੜੀ ਦੇ ਨਾਲ ਖਰਖੱਸੀਏ ਕਿਉਂ ।
ਜਿਹੜਾ ਕੰਨ ਲਪੇਟ ਕੇ ਨੱਸ ਜਾਏ, ਮਗਰ ਲੱਗ ਕੇ ਓਸ ਨੂੰ ਧੱਸੀਏ ਕਿਉਂ ।
ਵਾਰਿਸ ਸ਼ਾਹ ਉਜਾੜ ਦੇ ਵਸਦਿਆਂ ਨੂੰ, ਆਪ ਖ਼ੈਰ ਦੇ ਨਾਲ ਫੇਰ ਵੱਸੀਏ ਕਿਉਂ ।
(ਧੱਸੀਏ=ਵੜੀਏ, ਜਾਦੂੜੇ=ਜਾਦੂ, ਭਾਰੜੇ ਗੋਰੜੇ=ਚੁਪ ਚਾਪ,ਸੰਜੀਦਾ, ਖਰਖੱਸ=
ਖਰਮਸਤੀ)

390. ਰਾਂਝਾ

ਘਰੋਂ ਸੱਖਣਾ ਫ਼ਕਰ ਨਾ ਡੂਮ ਜਾਇ, ਅਨੀ ਖੇੜਿਆਂ ਦੀਏ ਗ਼ਮਖ਼ੋਰੀਏ ਨੀ ।
ਕੋਈ ਵੱਡੀ ਤਕਸੀਰ ਹੈ ਅਸਾਂ ਕੀਤੀ, ਸਦਕਾ ਹੁਸਨ ਦਾ ਬਖਸ਼ ਲੈ ਗੋਰੀਏ ਨੀ ।
ਘਰੋਂ ਸਰੇ ਸੋ ਫ਼ਕਰ ਨੂੰ ਖੈਰ ਦੀਜੇ, ਨਹੀਂ ਤੁਰਤ ਜਵਾਬ ਦੇ ਟੋਰੀਏ ਨੀ ।
ਵਾਰਿਸ ਸ਼ਾਹ ਕੁੱਝ ਰੱਬ ਦੇ ਨਾਮ ਦੀਚੈ, ਨਹੀਂ ਆਜਜ਼ਾਂ ਦੀ ਕਾਈ ਜ਼ੋਰੀਏ ਨੀ ।
(ਸੱਖਣਾ=ਖ਼ਾਲੀ)

391. ਹੀਰ

ਹੀਰ ਆਖਦੀ ਜੋਗੀਆ ਝੂਠ ਆਖੇਂ, ਕੌਣ ਰੁੱਠੜੇ ਯਾਰ ਮਿਲਾਂਵਦਾ ਈ ।
ਏਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ ।
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਊ ਦਾ ਰੋਗ ਗਵਾਂਵਦਾ ਈ ।
ਭਲਾ ਦੱਸ ਖਾਂ ਚਿਰੀਂ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀਂ ਲਿਆਂਵਦਾ ਈ ।
ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਐਵੇਂ ਜੀਊੜਾ ਲੋਕ ਵਲਾਂਵਦਾ ਈ ।
ਇੱਕ ਬਾਜ਼ ਥੋਂ ਕਾਉਂ ਨੇ ਕੂੰਜ ਖੋਹੀ, ਵੇਖਾਂ ਚੁੱਪ ਹੈ ਕਿ ਕੁਰਲਾਂਵਦਾ ਈ ।
ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਂਵਦਾ ਈ ।
ਦਿਆਂ ਚੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾਂ ਮੈਂ ਆਂਵਦਾ ਈ ।
(ਜੀਊੜਾ ਵਲਾਉਂਦੇ=ਤਸੱਲੀ ਦਿੰਦੇ, ਘਿਉ ਦੇ ਦੀਵੇ ਬਾਲਣੇ=ਖ਼ੁਸ਼ੀਆਂ ਕਰਨੀਆਂ)

392. ਰਾਂਝਾ

ਜਦੋਂ ਤੀਕ ਜ਼ਿਮੀਂ ਅਸਮਾਨ ਕਾਇਮ, ਤਦੋਂ ਤੀਕ ਇਹ ਵਾਹ ਸਭ ਵਹਿਣਗੇ ਨੀ ।
ਸੱਭਾ ਕਿਬਰ ਹੰਕਾਰ ਗੁਮਾਨ ਲੱਦੇ, ਆਪੋ ਵਿੱਚ ਇਹ ਅੰਤ ਨੂੰ ਢਹਿਣਗੇ ਨੀ ।
ਇਸਰਾਫ਼ੀਲ ਜਾਂ ਸੂਰ ਕਰਨਾਇ ਫੂਕੇ, ਤਦ ਜ਼ਿਮੀਂ ਅਸਮਾਨ ਸਭ ਢਹਿਣਗੇ ਨੀ ।
ਕੁਰਸੀ ਅਰਸ਼ੀ ਤੇ ਲੌਹ ਕਲਮ ਜੰਨਤ, ਰੂਹ ਦੋਜ਼ਖਾਂ ਸਤ ਇਹ ਰਹਿਣਗੇ ਨੀ ।
ਕੁੱਰਾ ਸੁਟ ਕੇ ਪ੍ਰਸ਼ਨ ਮੈਂ ਲਾਂਵਦਾ ਹਾਂ, ਦੱਸਾਂ ਉਹਨਾਂ ਜੋ ਉਠ ਕੇ ਬਹਿਣਗੇ ਨੀ ।
ਨਾਲੇ ਪੱਤਰੀ ਫੋਲ ਕੇ ਫਾਲ ਘੱਤਾਂ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਨੀ ।
(ਵਾਹ ਵਹਿਣਗੇ=ਦੁਨੀਆਂ ਦਾ ਕਾਰੋਬਾਰ ਚਲਦਾ ਰਹੇਗਾ, ਇਸਰਾਫ਼ੀਲ ਸੂਰ
ਕਰਨਾਇ=ਕਿਆਮਤ ਵਾਲੇ ਦਿਨ ਜਦੋਂ ਇਸਰਾਫ਼ੀਲ ਬਿਗਲ ਵਜਾਵੇਗਾ, ਇਹ
ਸੱਤ=1. ਕੁਰਸੀ 2. ਅਰਸ਼, 3. ਲੋਹਫੱਟੀ, 4. ਕਲਮ, 5. ਜੰਨਤ, 6. ਦੋਜ਼ਖ,
7. ਰੂਹ, ਕੁੱਰਾ ਸੁਟ= ਜੋਤਿਸ਼ ਨਾਲ ਪਤਾ ਕਰਨਾ, ਫ਼ਾਲ ਘੱਤਾਂ=ਸ਼ਗਨ ਦੱਸਾਂ)

393. ਤਥਾ

ਤੁਸੀਂ ਛੱਤਿਆਂ ਨਾਲ ਉਹ ਮੱਸ ਭਿੰਨਾ, ਤਦੋਂ ਦੋਹਾਂ ਜਾ ਜੀਊ ਰਲ ਗਿਆ ਸੀ ਨੀ ।
ਓਸ ਵੰਝਲੀ ਨਾਲ ਤੂੰ ਨਾਲ ਲਟਕਾਂ, ਜੀਊ ਦੋਹਾਂ ਦਾ ਦੋਹਾਂ ਨੇ ਲਿਆ ਸੀ ਨੀ ।
ਉਹ ਇਸ਼ਕ ਦੇ ਹੱਟ ਵਿਕਾਇ ਰਹਿਆ, ਮਹੀਂ ਕਿਸੇ ਦੀਆਂ ਚਾਰਦਾ ਪਿਆ ਸੀ ਨੀ ।
ਨਾਲ ਸ਼ੌਕ ਮਹੀਂ ਉਹ ਚਾਰਦਾ ਸੀ, ਤੇਰਾ ਵਿਆਹ ਹੋਇਆ ਲੁੜ੍ਹ ਗਿਆ ਸੀ ਨੀ ।
ਤੁਸੀਂ ਚੜ੍ਹੇ ਡੋਲੀ ਤਾਂ ਉਹ ਹਕ ਮਹੀਂ, ਟਮਕ ਚਾਇਕੇ ਨਾਲ ਲੈ ਗਿਆ ਸੀ ਨੀ ।
ਹੁਣ ਕੰਨ ਪੜਾ ਫ਼ਕੀਰ ਹੋਇਆ, ਨਾਲ ਜੋਗੀਆਂ ਦੇ ਰਲ ਗਿਆ ਸੀ ਨੀ ।
ਅੱਜ ਪਿੰਡ ਤੁਸਾਡੜੇ ਆ ਵੜਿਆ, ਅਜੇ ਲੰਘ ਕੇ ਅਗ੍ਹਾਂ ਨਾ ਗਿਆ ਸੀ ਨੀ ।
ਹੁਣ ਸੰਗਲੀ ਸੁਟ ਕੇ ਸ਼ਗਨ ਬੋਲਾਂ, ਅੱਗੇ ਸਾਂਵਰੀ ਥੇ ਸ਼ਗਨ ਲਿਆ ਸੀ ਨੀ ।
ਵਾਰਿਸ ਸ਼ਾਹ ਮੈਂ ਪੱਤਰੀ ਭਾਲ ਡਿੱਠੀ, ਕੁੱਰਾ ਇਹ ਨਜ਼ੂਮ ਦਾ ਪਿਆ ਸੀ ਨੀ ।
(ਛੱਤੀ=ਕੁਆਰੀ, ਮਸ ਭਿੰਨਾਂ=ਮੁਛ ਫੁਟਦੀ, ਲਟਕ=ਸਜਣੀ ਦੀ ਨਖਰੀਲੀ
ਚਾਲ, ਲੁੜ੍ਹ ਗਿਆ=ਬਰਬਾਦ ਹੋ ਗਿਆ)

394. ਤਥਾ

ਛੋਟੀ ਉਮਰ ਦੀਆਂ ਯਾਰੀਆਂ ਬਹੁਤ ਮੁਸ਼ਕਲ, ਪੁੱਤਰ ਮਹਿਰਾਂ ਦੇ ਖੋਲੀਆਂ ਚਾਰਦੇ ਨੇ ।
ਕੰਨ ਪਾੜ ਫ਼ਕੀਰ ਹੋ ਜਾਣ ਰਾਜੇ, ਦਰਦ ਮੰਦ ਫਿਰਨ ਵਿੱਚ ਬਾਰ ਦੇ ਨੇ ।
ਰੰਨਾਂ ਵਾਸਤੇ ਕੰਨ ਪੜਾਇ ਰਾਜੇ, ਸੱਭਾ ਜ਼ਾਤ ਸਿਫ਼ਾਤ ਨਿਘਾਰਦੇ ਨੇ ।
ਭਲੇ ਦਿੰਹੁ ਤੇ ਨੇਕ ਨਸੀਬ ਹੋਵਣ, ਸੱਜਨ ਆ ਬਹਿਸਣ ਕੋਲ ਯਾਰ ਦੇ ਨੇ ।
ਵਾਰਿਸ ਸ਼ਾਹ ਜਾਂ ਜ਼ੌਕ ਦੀ ਲੱਗੇ ਗੱਦੀ, ਜੌਹਰ ਨਿਕਲੇ ਅਸਲ ਤਲਵਾਰ ਦੇ ਨੇ ।
(ਗਦੀ=ਢਾਲ ਦਾ ਵਿਚਕਾਰਲਾ ਹਿੱਸਾ ਜਿੱਥੇ ਫੜਣ ਵਾਲਾ ਹੱਥ ਪਾਉਂਦਾ ਹੈ)

395. ਤਥਾ

ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ, ਉਹ ਰਾਹਕਾਂ ਵੱਢ ਕੇ ਗਾਹ ਲਇਆ ।
ਲਾਵੇਹਾਰ ਰਾਖੇ ਸਭ ਵਿਦਾ ਹੋਏ, ਨਾਉਮੀਦ ਹੋ ਕੇ ਜੱਟ ਰਾਹ ਪਇਆ ।
ਜਿਹੜੇ ਬਾਜ਼ ਥੋਂ ਕਾਂਉ ਨੇ ਕੂੰਜ ਖੋਹੀ, ਸਬਰ ਸ਼ੁਕਰ ਕਰ ਬਾਜ਼ ਫ਼ਨਾ ਥਇਆ ।
ਦੁਨੀਆਂ ਛੱਡ ਉਦਾਸੀਆਂ ਬੰਨ੍ਹ ਲਈਆਂ, ਸੱਯਦ ਵਾਰਿਸੋਂ ਹੁਣ ਵਾਰਿਸ ਸ਼ਾਹ ਭਇਆ ।
(ਰਾਹਕਾਂ=ਮੁਜਾਰਾ, ਲਾਵੇਹਾਰ=ਫਸਲ ਵੱਢਣ ਵਾਲੇ ਲਾਵੇ, ਫ਼ਨਾ=ਫ਼ਨਾਹ,
ਜੀਂਦਾ ਹੀ ਮਰ ਗਿਆ, ਉਦਾਸੀ=ਉਦਾਸੀ ਫ਼ਕੀਰ)

396. ਹੀਰ ਸਮਝ ਗਈ

ਹੀਰ ਉਠ ਬੈਠੀ ਪਤੇ ਠੀਕ ਲੱਗੇ, ਅਤੇ ਠੀਕ ਨਿਸ਼ਾਨੀਆਂ ਸਾਰੀਆਂ ਨੀ ।
ਇਹ ਤਾਂ ਜੋਗੀੜਾ ਪੰਡਤ ਠੀਕ ਮਿਲਿਆ, ਬਾਤਾਂ ਆਖਦਾ ਖ਼ੂਬ ਕਰਾਰੀਆਂ ਨੀ ।
ਪਤੇ ਵੰਝਲੀ ਦੇ ਏਸ ਠੀਕ ਦਿੱਤੇ, ਅਤੇ ਮਹੀਂ ਭੀ ਸਾਡੀਆਂ ਚਾਰੀਆਂ ਨੀ ।
ਵਾਰਿਸ ਸ਼ਾਹ ਇਹ ਇਲਮ ਦਾ ਧਨੀ ਡਾਢਾ, ਖੋਲ੍ਹ ਕਹੇ ਨਿਸ਼ਾਨੀਆਂ ਸਾਰੀਆਂ ਨੀ ।
(ਇਲਮ ਦਾ ਧਨੀ=ਬਹੁਤ ਇਲਮ ਵਾਲਾ)

397. ਹੀਰ

ਭਲਾ ਦੱਸ ਖਾਂ ਜੋਗੀਆ ਚੋਰ ਸਾਡਾ, ਹੁਣ ਕਿਹੜੀ ਤਰਫ਼ ਨੂੰ ਉੱਠ ਗਿਆ ।
ਵੇਖਾਂ ਆਪ ਹੁਣ ਕਿਹੜੀ ਤਰਫ਼ ਫਿਰਦਾ, ਅਤੇ ਮੁਝ ਗ਼ਰੀਬ ਨੂੰ ਕੁੱਠ ਗਿਆ ।
ਰੁਠੇ ਆਦਮੀ ਘਰਾਂ ਵਿੱਚ ਆਣ ਮਿਲਦੇ, ਗੱਲ ਸਮਝ ਜਾਂ ਬੱਧੜੀ ਮੁੱਠ ਗਿਆ ।
ਘਰੇ ਵਿੱਚ ਪੌਂਦਾ ਗੁਣਾਂ ਸੱਜਣਾਂ ਦਾ, ਯਾਰ ਹੋਰ ਨਾਹੀਂ ਕਿਤੇ ਗੁੱਠ ਗਿਆ ।
ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ, ਕਿਤੇ ਮਹਿਲ ਨਾਲ ਮਾੜੀਆਂ ਉੱਠ ਗਿਆ ।
ਸਾਨੂੰ ਸਬਰ ਕਰਾਰ ਤੇ ਚੈਨ ਨਾਹੀਂ, ਵਾਰਿਸ ਸ਼ਾਹ ਜਦੋਕਣਾ ਰੁੱਠ ਗਿਆ ।
(ਕੁੱਠ ਗਿਆ=ਮਾਰ ਗਿਆ, ਗੁੱਠੇ=ਪਾਸੇ, ਜਦੋਕਣਾ=ਜਿਸ ਵੇਲੇ ਦਾ,
ਬੱਧੜੀ ਮੁੱਠ=ਚੁਪ ਕਰਕੇ, ਗੁਣਾ ਪੌਣਾ=ਵੰਡ ਕਰਨ ਵੇਲੇ ਕੁਦਰਤ ਤੇ
ਛੱਡ ਦੇਣਾ)

398. ਰਾਂਝਾ

ਏਸ ਘੁੰਡ ਵਿੱਚ ਬਹੁਤ ਖ਼ਵਾਰੀਆਂ ਨੇ, ਅੱਗ ਲਾਇਕੇ ਘੁੰਡ ਨੂੰ ਸਾੜੀਏ ਨੀ ।
ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ ।
ਘੁੰਡ ਆਸ਼ਕਾਂ ਦੇ ਬੇੜੇ ਡੋਬ ਦੇਂਦਾ, ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ ।
ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ ।
ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਲਾਹ ਤੂੰ ਮੂੰਹ ਤੋਂ ਲਾੜੀਏ ਨੀ ।
ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ ।
(ਤਾੜਣਾ=ਬੰਦ ਕਰਨਾ)

399. ਹੀਰ ਰਾਂਝੇ ਦੀ ਆਪੋ ਵਿੱਚ ਗੱਲ

ਅੱਖੀਂ ਸਾਮ੍ਹਣੇ ਚੋਰ ਜੇ ਆਇ ਫਾਸਣ, ਕਿਉਂ ਦੁੱਖ ਵਿੱਚ ਆਪ ਨੂੰ ਗਾਲੀਏ ਵੇ ।
ਮੀਆਂ ਜੋਗੀਆ ਝੂਠੀਆਂ ਇਹ ਗੱਲਾਂ, ਘਰ ਹੋਣ ਤਾਂ ਕਾਸ ਨੂੰ ਭਾਲੀਏ ਵੇ ।
ਅੱਗ ਬੁਝੀ ਨੂੰ ਧੀਰੀਆਂ ਲੱਖ ਦਿੱਚਣ, ਬਿਨਾ ਫੂਕ ਮਾਰੇ ਨਾ ਬਾਲੀਏ ਵੇ ।
ਹੀਰ ਵੇਖ ਕੇ ਤੁਰਤ ਪਛਾਣ ਲੀਤਾ, ਹੱਸ ਆਖਦੀ ਬਾਤ ਸੰਭਾਲੀਏ ਵੇ ।
ਸਹਿਤੀ ਪਾਸ ਨਾ ਦੇਵਣਾ ਭੇਤ ਮੂਲੇ, ਸ਼ੇਰ ਪਾਸ ਨਾ ਬੱਕਰੀ ਪਾਲੀਏ ਵੇ ।
ਵੇਖ ਮਾਲ ਚੁਰਾਇਕੇ ਪਿਆ ਮੁੱਕਰ, ਰਾਹ ਜਾਂਦੜਾ ਕੋਈ ਨਾ ਭਾਲੀਏ ਵੇ ।
ਵਾਰਿਸ ਸ਼ਾਹ ਮਲਖੱਈਆਂ ਨੂੰ ਮਾਲ ਲੱਧਾ, ਚਲੋ ਕੁੱਜੀਆਂ ਬਦਰ ਪਵਾਲੀਏ ਵੇ ।
(ਫਾਸਣ=ਆ ਜਾਵਣ, ਧੀਰੀਆਂ ਦੇਣਾ=ਛੇੜਨਾ, ਮਲਖੱਈਆਂ=ਮਾਲ ਦੇ ਮਾਲਕ)

400. ਰਾਂਝਾ

ਕਹੀ ਦੱਸਣੀ ਅਕਲ ਸਿਆਣਿਆਂ ਨੂੰ, ਕਦੀ ਨਫ਼ਰ ਕਦੀਮ ਸੰਭਾਲੀਏ ਨੀ ।
ਦੌਲਤਮੰਦ ਨੂੰ ਜਾਣਦਾ ਸਭ ਕੋਈ, ਨੇਹੁੰ ਨਾਲ ਗ਼ਰੀਬ ਦੇ ਪਾਲੀਏ ਨੀ ।
ਗੋਦੀ ਬਾਲ ਢੰਡੋਰੜਾ ਜਗ ਸਾਰੇ, ਜੀਊ ਸਮਝ ਲੈ ਖੇੜਿਆਂ ਵਾਲੀਏ ਨੀ ।
ਸਾੜ ਘੁੰਡ ਨੂੰ ਖੋਲ ਕੇ ਵੇਖ ਨੈਣਾਂ ਨੀ ਅਨੋਖਿਆਂ ਸਾਲੂ ਵਾਲੀਏ ਨੀ ।
ਵਾਰਿਸ ਸ਼ਾਹ ਏਹ ਇਸ਼ਕ ਦਾ ਗਾਉ ਤਕੀਆ, ਅਨੀ ਹੁਸਨ ਦੀ ਗਰਮ ਨਿਹਾਲੀਏ ਨੀ ।
(ਸੁਜਾਖਾ=ਸੂਝ ਅੱਖਾਂ,ਅਕਲਮੰਦ, ਗੋਦੀ ਬਾਲ, ਢੰਡੋਰਾ ਜੱਗ ਵਿੱਚ=ਗੁਆਚੀ
ਵਸਤ ਕੋਲ ਹੁੰਦਿਆਂ ਏਧਰ ਓਧਰ ਭਾਵ ਦੂਰ ਪਰੇ ਭਾਲਨਾ, ਗਾਉ ਤਕੀਆ=
ਵੱਡਾ ਸਿਰ੍ਹਾਣਾ, ਨਿਹਾਲੀ=ਰਜਾਈ)

401. ਸਹਿਤੀ

ਸਹਿਤੀ ਸਮਝਿਆ ਇਹ ਰਲ ਗਏ ਦੋਵੇਂ, ਲਈਆਂ ਘੁਟ ਫ਼ਕੀਰ ਬਲਾਈਆਂ ਨੀ ।
ਇਹ ਵੇਖ ਫ਼ਕੀਰ ਨਿਹਾਲ ਹੋਈ, ਜੜੀਆਂ ਏਸ ਨੇ ਘੋਲ ਪਿਵਾਈਆਂ ਨੀ ।
ਸਹਿਤੀ ਆਖਦੀ ਮਗ਼ਜ਼ ਖਪਾ ਨਾਹੀਂ, ਅਨੀ ਭਾਬੀਏ ਘੋਲ ਘੁਮਾਈਆਂ ਨੀ ।
ਏਸ ਜੋਗੀੜੇ ਨਾਲ ਤੂੰ ਖੌਝ ਨਾਹੀਂ, ਨੀ ਮੈਂ ਤੇਰੀਆਂ ਲਵਾਂ ਬਲਾਈਆਂ ਨੀ ।
ਮਤਾਂ ਘੱਤ ਜਗ-ਧੂੜ ਤੇ ਕਰੂ ਕਮਲੀ, ਗੱਲਾਂ ਏਸ ਦੇ ਨਾਲ ਕੀ ਲਾਈਆਂ ਨੀ ।
ਇਹ ਖ਼ੈਰ ਨਾ ਭਿਛਿਆ ਲਏ ਦਾਣੇ, ਕਿੱਥੋਂ ਕੱਢੀਏ ਦੁਧ ਮਲਾਈਆਂ ਨੀ ।
ਡਰਨ ਆਂਵਦਾ ਭੂਤਨੇ ਵਾਂਗ ਇਸ ਥੋਂ, ਕਿਸੇ ਥਾਂਉਂ ਦੀਆਂ ਇਹ ਬਲਾਈਆਂ ਨੀ ।
ਖ਼ੈਰ ਘਿਨ ਕੇ ਜਾ ਫ਼ਰਫ਼ੇਜੀਆ ਵੇ, ਅੱਤਾਂ ਰਾਵਲਾ ਕੇਹੀਆਂ ਚਾਈਆਂ ਨੀ ।
ਫਿਰੇਂ ਬਹੁਤ ਪਖੰਡ ਖਿਲਾਰਦਾ ਤੂੰ, ਏਥੇ ਕਈ ਵਲੱਲੀਆਂ ਪਾਈਆਂ ਨੀ ।
ਵਾਰਿਸ ਸ਼ਾਹ ਗ਼ਰੀਬ ਦੀ ਅਕਲ ਘੁੱਥੀ, ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੀ ।
(ਜਗ-ਧੂੜ=ਕਿਸੇ ਨੂੰ ਖ਼ਾਬੂ ਕਰਨ ਦਾ ਤਵੀਤ, ਘੁਥੀ=ਜਾਂਦੀ ਰਹੀ)

402. ਰਾਂਝਾ

ਮੈਂ ਇਕੱਲੜਾ ਗੱਲ ਨਾ ਜਾਣਨਾ ਹਾਂ, ਤੁਸੀਂ ਦੋਵੇਂ ਨਿਨਾਣ ਭਰਜਾਈਆਂ ਨੀ ।
ਮਾਲਜ਼ਾਦੀਆਂ ਵਾਂਗ ਬਣਾ ਤੇਰੀ, ਪਾਈ ਬੈਠੀ ਹੈਂ ਸੁਰਮ-ਸਲਾਈਆਂ ਨੀ ।
ਪੈਰ ਪਕੜ ਫ਼ਕੀਰ ਦੇ ਦੇ ਭਿਛਿਆ, ਅੜੀਆਂ ਕੇਹੀਆਂ ਕਵਾਰੀਏ ਲਾਈਆਂ ਨੀ ।
ਧਿਆਨ ਰੱਬ ਤੇ ਰੱਖ ਨਾ ਹੋ ਤੱਤੀ, ਗ਼ੁੱਸੇ ਹੋਣ ਨਾ ਭਲਿਆਂ ਦੀਆਂ ਜਾਈਆਂ ਨੀ ।
ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗਭਰੀਏ, ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ ।
ਜਿਸ ਰੱਬ ਦੇ ਅਸੀਂ ਫ਼ਕੀਰ ਹੋਏ, ਵੇਖ ਕੁਦਰਤਾਂ ਓਸ ਵਿਖਾਈਆਂ ਨੀ ।
ਸਾਡੇ ਪੀਰ ਨੂੰ ਜਾਣਦੀ ਗਿਆ ਮੋਇਆ, ਤਾਂਹੀ ਗਾਲ੍ਹੀਆਂ ਦੇਣੀਆਂ ਲਾਈਆਂ ਨੀ ।
ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ, ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੀ ।
(ਮਾਲਜ਼ਾਦੀ=ਕੰਜਰੀ, ਬਣਾ=ਬਣਤਰ, ਗਿਆ ਮੋਇਆ=ਗਿਆ ਗੁਜ਼ਰਿਆ,
ਅੱਤਾਂ=ਅੱਤ ਦਾ ਬਹੁ=ਵਚਨ, ਤੱਤੀ=ਗਰਮ)

403. ਸਹਿਤੀ

ਪਤੇ ਡਾਚੀਆਂ ਦੇ ਪੂਰੇ ਲਾਵਨਾ ਹੈਂ, ਦੇਂਦਾ ਮਿਹਣੇ ਸ਼ਾਮਤਾਂ ਚੌਰੀਆਂ ਵੇ ।
ਮੱਥਾ ਡਾਹਿਉ ਨਾਲ ਕਵਾਰੀਆਂ ਦੇ, ਤੇਰੀਆਂ ਲੌਂਦੀਆਂ ਜੋਗੀਆ ਮੌਰੀਆਂ ਵੇ ।
ਤੇਰੀ ਜੀਭ ਮਵੇਸੀਆ ਹੱਥ ਇੱਲਤ, ਤੇਰੇ ਚੁਤੜੀਂ ਲੜਦੀਆਂ ਭੌਰੀਆਂ ਵੇ ।
ਖ਼ੈਰ ਮਿਲੇ ਸੋ ਲਏਂ ਨਾ ਨਾਲ ਮਸਤੀ, ਮੰਗੇਂ ਦੁੱਧ ਤੇ ਪਾਨ ਗਲੌਰੀਆਂ ਵੇ ।
ਰੁਗ ਦੇਣ ਆਟਾ ਇੱਕੇ ਟੁਕ ਚੱਪਾ, ਭਰ ਦੇਣ ਨਾ ਜੱਟੀਆਂ ਕੌਰੀਆਂ ਵੇ ।
ਏਸ ਅੰਨ ਨੂੰ ਢੂੰਡਦੇ ਉਹ ਫਿਰਦੇ, ਚੜ੍ਹਨ ਹਾਥੀਆਂ ਤੇ ਹੋਵਣ ਚੋਰੀਆਂ ਵੇ ।
ਸੋਟਾ ਵੱਡਾ ਇਲਾਜ ਕੁਪੱਤਿਆਂ ਦਾ, ਤੇਰੀਆਂ ਭੈੜੀਆਂ ਦਿਸਦੀਆਂ ਤੌਰੀਆਂ ਵੇ ।
ਵੱਡੇ ਕਮਲਿਆਂ ਦੀ ਅਸਾਂ ਭੰਗ ਝਾੜੀ, ਏਥੇ ਕਈ ਫ਼ਕੀਰੀਆਂ ਸੌਰੀਆਂ ਵੇ ।
ਵਾਰਿਸ ਮਾਰ ਸਵਾਰਦੇ ਭੂਤ ਰਾਕਸ਼, ਜਿਹੜੀਆਂ ਮਹਿਰੀਆਂ ਹੋਣ ਅਪੌੜੀਆਂ ਵੇ ।
(ਜੀਭ ਮਵੇਸੀਆ=ਜੀਭ ਦੀ ਬਵਾਸੀਰ,ਬੋਲਦਾ ਬਹੁਤ ਹੈ, ਫਲੌਰੀਆਂ=ਪਕੌੜੀਆਂ,
ਕੌਰੀ=ਪਾਣੀ ਵਾਲੀ ਘਰੋਟੀ, ਚੌਰੀ=ਚੌਰ ਹੋਣੀ, ਤੌਰੀਆਂ=ਤੌਰ ਤਰੀਕੇ, ਅਪੌੜ=
ਉਲਟੀ ਅਕਲ ਵਾਲੀ)

404. ਰਾਂਝਾ

ਬੁਰਾ ਖਹਿਣ ਫ਼ਕੀਰਾਂ ਦੇ ਨਾਲ ਪਈਆਂ, ਅਠਖੇਲ ਬੁਰਿਆਰ ਉਚੱਕੀਆਂ ਨੀ ।
ਰਾਤਬ ਖਾਇਕੇ ਹੰਜਰਨ ਵਿੱਚ ਤੱਲੇ, ਮਾਰਨ ਲੱਤ ਇਰਾਕੀਆਂ ਬੱਕੀਆਂ ਨੀ ।
ਇੱਕ ਭੌਂਕਦੀ ਦੂਸਰੀ ਦਏ ਟਿਚਕਰ, ਇਹ ਨਨਾਣ ਭਾਬੀ ਦੋਵੇਂ ਸਕੀਆਂ ਨੀ ।
ਏਥੇ ਬਹੁਤ ਫ਼ਕੀਰ ਜ਼ਹੀਰ ਕਰਦੇ, ਖ਼ਰ ਦੇਂਦੀਆਂ ਦੇਂਦੀਆਂ ਅੱਕੀਆਂ ਨੀ ।
ਜਿਨ੍ਹੀਂ ਡੱਬੀਆਂ ਪਾਇਕੇ ਸਿਰੀਂ ਚਾਈਆਂ, ਰੰਨਾਂ ਤਿਨ੍ਹਾਂ ਦੀਆਂ ਨਹੀਉਂ ਸਕੀਆਂ ਨੀ ।
ਨਾਲੇ ਢਿੱਡ ਖੁਰਕਣ ਨਾਲੇ ਦੁਧ ਰਿੜਕਣ, ਅਤੇ ਚਾਟੀਆਂ ਕੁੱਤਿਆਂ ਲੱਕੀਆਂ ਨੀ ।
ਝਾਟਾ ਖੁਰਕਦੀਆਂ ਗੁਨ੍ਹਦੀਆਂ ਨੱਕ ਸਿਣਕਣ, ਮਾਰਨ ਵਾਇਕੇ ਚਾੜ੍ਹ ਕੇ ਨੱਕੀਆਂ ਨੀ ।
ਲੜੋ ਨਹੀਂ ਜੇ ਚੰਗੀਆਂ ਹੋਵਣਾ ਜੇ, ਵਾਰਿਸ ਸ਼ਾਹ ਤੋਂ ਲਉ ਦੋ ਫੱਕੀਆਂ ਨੀ ।
(ਬੁਰਿਆਰ=ਬੁਰੀਆਂ, ਰਾਤਬ=ਘੋੜੇ ਦਾ ਖਾਣਾ, ਹੰਜਰਨਾ=ਚੰਗਾ ਖਾਣਾ ਪੀਣਾ ਪਰ
ਮਾਲਕ ਦੇ ਖ਼ਾਬੂ ਨਾ ਆਉਣਾ,ਹਿਣਕਣਾ, ਇਰਾਕੀ ਬੱਕੀ=ਇਰਾਕ ਦੇਸ਼ ਦੀਆਂ ਘੋੜੀਆਂ,
ਡੱਬੀਆਂ ਪਾ ਕੇ=ਡੱਬੀ ਵਿੱਚ ਪਾ ਕੇ, ਕਹਾਣੀ ਦੱਸੀ ਜਾਂਦੀ ਹੈ ਕਿ ਇੱਕ ਸਾਧ ਔਰਤਾਂ ਦੀ
ਬੇਵਫ਼ਾਈ ਤੋਂ ਤੰਗ ਆ ਗਿਆ ਸੀ ।ਉਹਨੇ ਇੱਕ ਸੁੰਦਰ ਇਸਤਰੀ ਨਾਲ ਸ਼ਾਦੀ ਕੀਤੀ
ਅਤੇ ਜਾਦੂ ਦੇ ਜ਼ੋਰ ਨਾਲ ਉਸ ਨੂੰ ਇੱਕ ਡੱਬੀ ਵਿੱਚ ਪਾ ਲਿਆ ।ਉਹ ਡੱਬੀ ਨੂੰ ਹਰ ਵੇਲੇ
ਆਪਣੇ ਵਾਲਾਂ ਵਿੱਚ ਲੁਕਾਈ ਰਖਦਾ ।ਦਿਲ ਪਰਚਾਵੇ ਲਈ ਕਦੇ ਕਦੇ ਉਹਨੂੰ ਬਾਹਰ
ਕੱਢਦਾ ।ਉਸ ਸੁੰਦਰੀ ਨੇ ਵੀ ਆਪਣਾ ਯਾਰ ਡੱਬੀ ਵਿੱਚ ਪਾਕੇ ਸਿਰ ਵਿੱਚ ਲੁਕਾਇਆ
ਸੀ ।ਇੱਕ ਦਿਨ ਉਸ ਸਾਧੂ ਨੇ ਨਦੀ ਵਿੱਚ ਨਹਾਉਣ ਵੇਲੇ ਆਪਣੀ ਘਰ ਵਾਲੀ ਨੂੰ
ਨਦੀ ਦੇ ਕੰਢੇ ਆਪਣੇ ਕੱਪੜਿਆਂ ਦੀ ਰਾਖੀ ਛੱਡ ਦਿੱਤਾ ।ਮੌਕਾ ਤਾੜ ਕੇ ਪਤਨੀ
ਆਪਣੇ ਯਾਰ ਨੂੰ ਡੱਬੀ ਵਿੱਚੋਂ ਕੱਢ ਕੇ ਲਾਗੇ ਇੱਕ ਬਿਰਛ ਉਹਲੇ ਉਹਦੇ ਨਾਲ ਮਸਤ
ਹੋ ਗਈ ।ਨਦੀ ਕੰਢੇ ਬੈਠੇ ਕਿਸੇ ਹੋਰ ਪੁਰਸ਼ ਨੇ ਸਭ ਕੁੱਝ ਦੇਖ ਲਿਆ ।ਉਸ ਨੇ
ਤਿਕਾਲਾਂ ਨੂੰ ਸਾਧੂ ਨੂੰ ਆਪਣੇ ਘਰ ਪ੍ਰੀਤੀ ਭੋਜਨ ਤੇ ਸੱਦਿਆ ।ਖਾਣ ਵੇਲੇ ਉਹਨੇ
ਸਾਧੂ ਅੱਗੇ ਤਿੰਨ ਥਾਲੀਆਂ ਪ੍ਰੋਸ ਦਿੱਤੀਆਂ ।ਜਦੋਂ ਉਹਨੇ ਪੁੱਛਿਆ ਤਾਂ ਘਰ ਵਾਲੇ
ਨੇ ਕਿਹਾ ਕਿ ਇੱਕ ਥਾਲੀ ਤੁਹਾਡੀ ਪਤਨੀ ਲਈ ਹੈ । ਪਰ ਜਦੋਂ ਤੀਜੀ ਥਾਲੀ
ਦੀ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਇਹ ਉਹਦੀ ਪਤਨੀ ਦੇ ਯਾਰ ਵਾਸਤੇ ਹੈ
ਤਾਂ ਕਿ ਉਹ ਭੁੱਖਾ ਨਾ ਰਹੇ ਤਾਂ ਸਾਧੂ ਨੂੰ ਸਾਰਾ ਪਤਾ ਲੱਗਾ, ਕੁਤੇ ਲੱਕੀ=ਢਿਡ
ਮੋਟੇ ਲੱਕ ਪਤਲੇ ਵਾਲੀ, ਵਾਇਕੇ=ਸੁੜ੍ਹਕੇ, ਫੱਕੀ=ਪੀਸੀ ਹੋਈ ਦਵਾਈ)

405. ਸਹਿਤੀ

ਅਨੀ ਵੇਖੋ ਨੀ ਵਾਸਤਾ ਰੱਬ ਦਾ ਜੇ, ਵਾਹ ਪੈ ਗਿਆ ਨਾਲ ਕੁਪੱਤਿਆਂ ਦੇ ।
ਮਗਰ ਹਲਾਂ ਦੇ ਚੋਬਰਾਂ ਲਾਇ ਦੀਚਣ, ਇੱਕੇ ਛੇੜ ਦੀਚਣ ਮਗਰ ਕੱਟਿਆਂ ਦੇ ।
ਇੱਕੇ ਵਾਢੀਆਂ ਲਾਵੀਆਂ ਕਰਨ ਚੋਬਰ, ਇੱਕੇ ਡਾਹ ਦੀਚਣ ਹੇਠ ਝੱਟਿਆਂ ਦੇ ।
ਇਹ ਪੁਰਾਣੀਆਂ ਲਾਨ੍ਹਤਾਂ ਹੈਣ ਜੋਗੀ, ਗੱਦੋਂ ਵਾਂਗ ਲੇਟਣ ਵਿੱਚ ਘੱਟਿਆਂ ਦੇ ।
ਹੀਰ ਆਖਦੀ ਬਹੁਤ ਹੈ ਸ਼ੌਕ ਤੈਨੂੰ, ਭੇੜ ਪਾਇ ਬਹੇਂ ਨਾਲ ਡੱਟਿਆਂ ਦੇ ।
ਵਾਰਿਸ ਸ਼ਾਹ ਮੀਆਂ ਖਹਿੜੇ ਨਾ ਪਵੀਏ, ਕੰਨ ਪਾਟਿਆਂ ਰਬ ਦਿਆਂ ਪੱਟਿਆਂ ਦੇ ।
(ਡੱਟਿਆਂ=ਢੱਠਿਆਂ)

406. ਹੀਰ ਨੂੰ ਸਹਿਤੀ

ਭਾਬੀ ਜੋਗੀਆਂ ਦੇ ਵੱਡੇ ਕਾਰਨੇ ਨੀ, ਗੱਲਾਂ ਨਹੀਂ ਸੁਣੀਆਂ ਕੰਨ-ਪਾਟਿਆਂ ਦੀਆਂ ।
ਰੋਕ ਬੰਨ੍ਹ ਪੱਲੇ ਦੁਧ ਦਹੀਂ ਪੀਵਣ, ਵੱਡੀਆਂ ਚਾਟੀਆਂ ਜੋੜਦੇ ਆਟਿਆਂ ਦੀਆਂ ।
ਗਿੱਠ ਗਿੱਠ ਵਧਾਇਕੇ ਵਾਲ ਨਾਖ਼ੁਨ, ਰਿਛ ਪਲਮਦੇ ਲਾਂਗੜਾਂ ਪਾਟਿਆਂ ਦੀਆਂ ।
ਵਾਰਿਸ ਸ਼ਾਹ ਇਹ ਮਸਤ ਕੇ ਪਾਟ ਲੱਥੇ, ਰਗਾਂ ਕਿਰਲੀਆਂ ਵਾਂਗ ਨੇ ਗਾਟਿਆਂ ਦੀਆਂ ।
(ਰੋਕ=ਨਕਦ, ਲਾਂਗੜ=ਲੰਗੋਟੀ, ਪਾਟ ਲੱਥੇ=ਖਾ ਖਾ ਕੇ ਪਾਟਣੇ ਆਏ ਹਨ)

407. ਰਾਂਝਾ

ਇਹ ਮਿਸਲ ਮਸ਼ਹੂਰ ਜਹਾਨ ਸਾਰੇ, ਜੱਟੀ ਚਾਰੇ ਹੀ ਥੋਕ ਸਵਾਰਦੀ ਹੈ ।
ਉਨ ਤੁੰਬਦੀ ਮਨ੍ਹੇ 'ਤੇ ਬਾਲ ਲੇੜ੍ਹੇ, ਚਿੜੀਆਂ ਹਾਕਰੇ ਲੇਲੜੇ ਚਾਰਦੀ ਹੈ ।
ਬੰਨ੍ਹ ਝੇੜੇ ਫ਼ਕੀਰ ਦੇ ਨਾਲ ਲੜਦੀ, ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ ।
ਵਾਰਿਸ ਸ਼ਾਹ ਦੋ ਲੜਣ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਹੈ ।
(ਹਾਕਰੇ=ਉੜਾਵੇ, ਬਾਲ ਲੇੜ੍ਹੇ=ਬਾਲ ਦੁਧ ਚੁੰਘੇ)

408. ਸਹਿਤੀ

ਮੇਰੇ ਹੱਥ ਲੌਂਦੇ ਤੇਰੀ ਲਵੇਂ ਟੋਟਣ, ਕੋਈ ਮਾਰਸੀਗਾ ਨਾਲ ਮੁਹਲਿਆਂ ਦੇ ।
ਅਸੀਂ ਘੜਾਂਗੇ ਵਾਂਗ ਕਲਬੂਤ ਮੋਚੀ, ਕਰੇਂ ਚਾਵੜਾਂ ਨਾਲ ਤੂੰ ਰੁਹਲਿਆਂ ਦੇ ।
ਸੁੱਟੂੰ ਮਾਰ ਚਪੇੜ ਤੇ ਦੰਦ ਭੰਨੂੰ, ਸਵਾਦ ਆਵਸੀ ਚੁਹਲਿਆਂ ਮੁਹਲਿਆਂ ਦੇ ।
ਵਾਰਿਸ ਹੱਡ ਤੇਰੇ ਘਾਟ ਵਾਂਗ ਛੜੀਅਨ, ਨਾਲ ਕੁਤਕਿਆਂ ਪੌਲਿਆਂ ਮੁਹਲਿਆਂ ਦੇ ।
(ਚਾਵੜਾਂ=ਸ਼ਰਾਰਤਾਂ, ਚੁਹਲ ਮੁਹਲ=ਹਾਸਾ ਮਖੌਲ, ਪੌਲੇ=ਜੁੱਤੀਆਂ)

409. ਰਾਂਝਾ

ਤੇਰੇ ਮੌਰ ਲੌਂਦੇ ਫਾਟ ਖਾਣ ਉੱਤੇ, ਮੇਰੀ ਫਰਕਦੀ ਅੱਜ ਮੁਤਹਿਰ ਹੈ ਨੀ ।
ਮੇਰਾ ਕੁਤਕਾ ਲਵੇਂ ਤੇ ਤੇਰੇ ਚੁਤੜ, ਅੱਜ ਦੋਹਾਂ ਦੀ ਵੱਡੀ ਕੁਦਹਿੜ ਹੈ ਨੀ ।
ਚਿੱਭੜ ਵਾਂਗ ਤੇਰੇ ਬੀਉ ਕੱਢ ਸੁੱਟਾਂ, ਮੈਨੂੰ ਆਇਆ ਜੋਸ਼ ਦਾ ਕਹਿਰ ਹੈ ਨੀ ।
ਏਸ ਭੇਡ ਦੇ ਖ਼ੂਨ ਤੋਂ ਕਿਸੇ ਚਿੜ੍ਹ ਕੇ, ਨਹੀਂ ਮਾਰ ਲੈਣਾ ਕੋਈ ਸ਼ਹਿਰ ਹੈ ਨੀ ।
ਉਜਾੜੇ-ਖ਼ੋਰ ਗੱਦੋਂ ਵਾਂਗ ਕੁੱਟੀਏਂਗੀ, ਕੇਹੀ ਮਸਤ ਤੈਨੂੰ ਵੱਡੀ ਵਿਹਰ ਹੈ ਨੀ ।
ਵਾਰਿਸ ਸ਼ਾਹ ਇਹ ਡੁਗਡੁਗੀ ਰੰਨ ਕੁੱਟਾਂ, ਕਿਸ ਛਡਾਵਣੀ ਵਿਹਰ ਤੇ ਕਹਿਰ ਹੈ ਨੀ ।
(ਫਾਟ=ਭੁੰਨੇ ਹੋਏ ਜੌਂ, ਲੌਂਦੇ=ਚਾਹੁਣ, ਕੁਦਹਿੜ=ਕੁਦਨਾ, ਬਿਉ=ਬੀ ਭਾਵ ਬੀਜ,
ਚਿੜ੍ਹ=ਚਿੜ, ਵਿਹਰ ਤੇ ਕਹਿਰ=ਵਿਹਰਨੇ ਵਾਲੇ ਉਤੇ ਕਹਿਰ ਟੁੱਟਦਾ ਹੈ)

410. ਤਥਾ

ਅਸੀਂ ਸਬਰ ਕਰਕੇ ਚੁਪ ਹੋ ਬੈਠੇ, ਬਹੁਤ ਔਖੀਆਂ ਇਹ ਫ਼ਕੀਰੀਆਂ ਨੇ ।
ਨਜ਼ਰ ਥੱਲੇ ਕਿਉਂ ਲਿਆਵਣੀ ਕੰਨ ਪਾਟੇ, ਜਿਸਦੇ ਹੱਸ ਦੇ ਨਾਲ ਜ਼ੰਜੀਰੀਆਂ ਨੇ ।
ਜਿਹੜੇ ਦਰਸ਼ਨੀ ਹੁੰਡਵੀ ਵਾਚ ਬੈਠੇ, ਸੱਭੇ ਚਿਠੀਆਂ ਉਹਨਾਂ ਨੇ ਚੀਰੀਆਂ ਨੇ ।
ਤੁਸੀਂ ਕਰੋ ਹਿਆ ਕਵਾਰੀਉ ਨੀ, ਅਜੇ ਦੁੱਧ ਦੀਆਂ ਦੰਦੀਆਂ ਖੀਰੀਆਂ ਨੇ ।
ਵਾਂਗ ਬੁਢਿਆਂ ਕਰੇ ਪੱਕਚੰਡ ਗੱਲਾਂ, ਮੱਥੇ ਚੁੰਡੀਆਂ ਕਵਾਰ ਦੀਆਂ ਚੀਰੀਆਂ ਨੇ ।
ਕੇਹੀ ਚੰਦਰੀ ਲੱਗੀ ਹੈਂ ਆਣ ਮੱਥੇ, ਅਖੀਂ ਭੁਖ ਦੀਆਂ ਭੌਣ ਭੰਬੀਰੀਆਂ ਨੇ ।
ਮੈਂ ਤਾਂ ਮਾਰ ਤਲੇਟੀਆਂ ਪੁਟ ਸੁੱਟਾਂ, ਮੇਰੀ ਉਂਗਲੀ ਉਂਗਲੀ ਪੀਰੀਆਂ ਨੇ ।
ਵਾਰਿਸ ਸ਼ਾਹ ਫ਼ੌਜਦਾਰ ਦੇ ਮਾਰਨੇ ਨੂੰ, ਸੈਨਾਂ ਮਾਰੀਆਂ ਵੇਖ ਕਸ਼ਮੀਰੀਆਂ ਨੇ ।
(ਕੰਨ ਪਾਟੇ=ਕੰਨਾਂ ਵਿੱਚ ਛੇਦ, ਹੁੰਡਵੀ=ਹੁੰਡੀ,ਇਕਰਾਰਨਾਮਾ, ਪੱਕਚੰਡ=
ਸਿਆਣਿਆਂ ਵਾਲੀਆਂ ਗੱਲਾਂ, ਤਲੇਟੀ=ਕਿਸੇ ਚੀਜ਼ ਦਾ ਥੱਲੇ ਦਾ ਭਾਗ,
ਸੈਨਾਂ=ਸੈਨਤਾਂ)

411. ਹੀਰ ਰਾਂਝੇ ਵੱਲ ਹੋਈ

ਸੈਨੀ ਮਾਰ ਕੇ ਹੀਰ ਨੇ ਜੋਗੀੜੇ ਨੂੰ, ਕਹਿਆ ਚੁਪ ਕਰ ਏਸ ਭਕਾਉਨੀ ਹਾਂ ।
ਤੇਰੇ ਨਾਲ ਜੇ ਏਸ ਨੇ ਵੈਰ ਚਾਇਆ, ਮੱਥਾ ਏਸ ਦੇ ਨਾਲ ਮੈਂ ਲਾਉਨੀ ਹਾਂ ।
ਕਰਾਂ ਗਲੋਂ ਗਲਾਇਣ ਨਾਲ ਇਸ ਦੇ, ਗਲ ਏਸਦੇ ਰੇਸ਼ਟਾ ਪਾਉਨੀ ਹਾਂ ।
ਵਾਰਿਸ ਸ਼ਾਹ ਮੀਆਂ ਰਾਂਝੇ ਯਾਰ ਅੱਗੇ, ਇਹਨੂੰ ਕੰਜਰੀ ਵਾਂਗ ਨਚਾਉਨੀ ਹਾਂ ।
(ਸੈਨੀ=ਸੈਨਤ,ਇਸ਼ਾਰਾ, ਕਰਾਂ ਗਲੋਂ ਗਲਾਇਨ=ਗੱਲ ਵਧਾ ਲੈਣੀ, ਰੇਸ਼ਟਾ=
ਝਗੜਾ)

412. ਹੀਰ ਸਹਿਤੀ ਨੂੰ

ਹੀਰ ਆਖਦੀ ਏਸ ਫ਼ਕੀਰ ਨੂੰ ਨੀ, ਕੇਹਾ ਘਤਿਉ ਗ਼ੈਬ ਦਾ ਵਾਇਦਾ ਈ ।
ਏਨ੍ਹਾਂ ਆਜਜ਼ਾਂ ਭੌਰ ਨਿਮਾਣਿਆਂ ਨੂੰ, ਪਈ ਮਾਰਨੀ ਹੈਂ ਕੇਹਾ ਫ਼ਾਇਦਾ ਈ ।
ਅੱਲਾਹ ਵਾਲਿਆਂ ਨਾਲ ਕੀ ਵੈਰ ਪਈਏਂ, ਭਲਾ ਕਵਾਰੀਏ ਏਹ ਕੀ ਕਾਇਦਾ ਈ ।
ਪੈਰ ਚੁੰਮ ਫ਼ਕੀਰ ਦੀ ਟਹਿਲ ਕੀਚੈ, ਏਸ ਕੰਮ ਵਿੱਚ ਖ਼ੈਰ ਦਾ ਜ਼ਾਇਦਾ ਈ ।
ਪਿੱਛੋਂ ਫੜੇਂਗੀ ਕੁਤਕਾ ਜੋਗੀੜੇ ਦਾ, ਕੌਣ ਜਾਣਦਾ ਕਿਹੜੀ ਜਾਇ ਦਾ ਈ ।
ਵਾਰਿਸ ਸ਼ਾਹ ਫ਼ਕੀਰ ਜੇ ਹੋਣ ਗ਼ੁੱਸੇ, ਖ਼ੌਫ਼ ਸ਼ਹਿਰ ਨੂੰ ਕਹਿਤ ਵਬਾਇ ਦਾ ਈ ।
(ਖ਼ੈਰ=ਭਲਾਈ, ਜ਼ਾਇਦਾ=ਜ਼ਿਆਦਾ, ਕੁਤਕਾ=ਡੰਡਾ, ਵਬਾ=ਬਿਮਾਰੀ,
ਕਹਿਤ=ਕਾਲ,ਭੁਖਮਰੀ)

413. ਸਹਿਤੀ ਤੇ ਹੀਰ

ਭਾਬੀ ਇੱਕ ਧਿਰੋਂ ਲੜੇ ਫ਼ਕੀਰ ਸਾਨੂੰ, ਤੂੰ ਭੀ ਜਿੰਦ ਕਢੇਂ ਨਾਲ ਘੂਰੀਆਂ ਦੇ ।
ਜੇ ਤਾਂ ਹਿੰਗ ਦੇ ਨਿਰਖ ਦੀ ਖ਼ਬਰ ਨਾਹੀਂ, ਕਾਹਿ ਪੁੱਛੀਏ ਭਾ ਕਸਤੂਰੀਆਂ ਦੇ ।
ਏਨ੍ਹਾਂ ਜੋਗੀਆਂ ਦੇ ਨਾਹੀਂ ਵੱਸ ਕਾਈ, ਕੀਤੇ ਰਿਜ਼ਕ ਨੇ ਵਾਇਦੇ ਦੂਰੀਆਂ ਦੇ ।
ਜੇ ਤਾਂ ਪੱਟ ਪੜਾਵਣਾ ਨਾ ਹੋਵੇ, ਕਾਹਿ ਖਹਿਣ ਕੀਚੈ ਨਾਲ ਭੂਰੀਆਂ ਦੇ ।
ਜਾਣ ਸਹਿਤੀਏ ਫ਼ੱਕਰ ਨੀ ਨਾਗ ਕਾਲੇ, ਮਿਲੇ ਹੱਕ ਕਮਾਈਆਂ ਪੂਰੀਆਂ ਦੇ ।
ਕੋਈ ਦੇ ਬਦ ਦੁਆ ਤੇ ਗਾਲ ਸੁੱਟੇ, ਪਿੱਛੋਂ ਫ਼ਾਇਦੇ ਕੀ ਏਨ੍ਹਾਂ ਝੂਰੀਆਂ ਦੇ ।
ਲਛੂ ਲਛੂ ਕਰਦੀ ਫਿਰੇਂ ਨਾਲ ਫੱਕਰਾਂ, ਲੁੱਚ ਚਾਲੜੇ ਇਹਨਾਂ ਲੰਗੂਰੀਆਂ ਦੇ ।
ਵਾਰਿਸ ਸ਼ਾਹ ਫ਼ਕੀਰ ਦੀ ਰੰਨ ਵੈਰਨ, ਜਿਵੇਂ ਵੈਰੀ ਨੇ ਮਿਰਗ ਅੰਗੂਰੀਆਂ ਦੇ ।
(ਕਾਹਿ=ਕਿਉਂ, ਲਛੂ ਲਛੂ ਕਰਦੀ=ਗੱਲਾਂ ਬਾਤਾਂ ਨਾਲ ਲੜਣ ਦਾ ਸੱਦਾ ਦਿੰਦੀ,
ਅੰਗੂਰੀ=ਪੌਦੇ ਦੇ ਤਾਜ਼ੇ ਫੁੱਟੇ ਪੱਤੇ)

414. ਸਹਿਤੀ

ਭਾਬੀ ਕਰੇਂ ਰਿਆਇਤਾਂ ਜੋਗੀਆਂ ਦੀਆਂ, ਹੱਥੀਂ ਸੁੱਚੀਆਂ ਪਾਇ ਹਥੌੜੀਆਂ ਨੀ ।
ਜਿਹੜੀ ਦੀਦ ਵਿਖਾਇਕੇ ਕਰੇ ਆਕੜ, ਮੈਂ ਤਾਂ ਪਟ ਸੁੱਟਾਂ ਏਹਦੀਆਂ ਚੌੜੀਆਂ ਨੀ ।
ਗੁਰੂ ਏਸ ਦੇ ਨੂੰ ਨਹੀਂ ਪਹੁੰਚ ਓਥੇ, ਜਿੱਥੇ ਅਕਲਾਂ ਅਸਾਡੀਆਂ ਦੌੜੀਆ ਨੀ ।
ਮਾਰ ਮੁਹਲੀਆਂ ਸੱਟਾਂ ਸੂ ਭੰਨ ਟੰਗਾਂ, ਫਿਰੇ ਢੂੰਡਦਾ ਕਾਠ ਕਠੌਰੀਆਂ ਨੀ ।
ਜਿੰਨ ਭੂਤ ਤੇ ਦੇਉ ਦੀ ਅਕਲ ਜਾਵੇ, ਜਦੋਂ ਮਾਰ ਕੇ ਉੱਠੀਆਂ ਛੌੜੀਆਂ ਨੀ ।
ਵਾਰਿਸ ਸ਼ਾਹ ਫ਼ਕੀਰ ਦੇ ਨਾਲ ਲੜਨਾ, ਕੱਪਣ ਜ਼ਹਿਰ ਦੀਆਂ ਗੰਦਲਾਂ ਕੌੜੀਆਂ ਨੀ ।
(ਹਥੌੜੀਆਂ=ਹੱਥ ਕੰਙਨ, ਕਾਠ ਕਠੌਰੀਆਂ=ਵਸਾਖੀਆਂ,ਫਹੁੜੀਆਂ)

415. ਹੀਰ

ਹਾਏ ਹਾਏ ਫ਼ਕੀਰ ਨੂੰ ਬੁਰਾ ਬੋਲੇਂ, ਬੁਰੇ ਸਹਿਤੀਏ ਤੇਰੇ ਅਪੌੜ ਹੋਏ ।
ਜਿਨ੍ਹਾਂ ਨਾਲ ਨਮਾਣਿਆਂ ਵੈਰ ਚਾਇਆ, ਸਣੇ ਜਾਨ ਤੇ ਮਾਲ ਦੇ ਚੌੜ ਹੋਏ ।
ਕੰਨ ਪਾਟਿਆਂ ਨਾਲ ਜਿਸ ਚਿਹ ਬੱਧੀ, ਪਸ-ਪੇਸ਼ ਥੀਂ ਅੰਤ ਨੂੰ ਰੌੜ ਹੋਏ ।
ਰਹੇ ਔਤ ਨਖੱਤਰੀ ਰੰਡ ਸੁੰਞੀ, ਜਿਹੜੀ ਨਾਲ ਮਲੰਗਾਂ ਦੇ ਕੌੜ ਹੋਏ ।
ਇਨ੍ਹਾਂ ਤਿਹਾਂ ਨੂੰ ਛੇੜੀਏ ਨਹੀਂ ਮੋਈਏ, ਜਿਹੜੇ ਆਸ਼ਕ ਫ਼ਕੀਰ ਤੇ ਭੌਰ ਹੋਏ ।
ਵਾਰਿਸ ਸ਼ਾਹ ਲੜਾਈ ਦਾ ਮੂਲ ਬੋਲਣ, ਵੇਖ ਦੋਹਾਂ ਦੇ ਲੜਨ ਦੇ ਤੌਰ ਹੋਏ ।
(ਅਪੌੜ=ਪੁਠੇ ਕੰਮ, ਚਿਹ=ਜ਼ਿੱਦ, ਨਖੱਤਰੀ=ਬੇਨਸੀਬ ਔਰਤ, ਚੌੜ=ਬਰਬਾਦ,
ਤਿਹਾਂ=ਤਿੰਨਾਂ,ਆਸ਼ਕ,ਫ਼ਕੀਰ,ਭੌਰ)

416. ਸਹਿਤੀ

ਭਾਬੀ ਏਸ ਜੇ ਗਧੇ ਦੀ ਅੜੀ ਬੱਧੀ, ਅਸੀਂ ਰੰਨਾਂ ਭੀ ਚਹਿ ਚਹਾਰੀਆਂ ਹਾਂ ।
ਇਹ ਮਾਰਿਆ ਏਸ ਜਹਾਨ ਤਾਜ਼ਾ, ਅਸੀਂ ਰੋਜ਼ੇ-ਮੀਸਾਕ ਦੀਆਂ ਮਾਰੀਆਂ ਹਾਂ ।
ਇਹ ਜ਼ਿਦ ਦੀ ਛੁਰੀ ਜੇ ਹੋ ਬੈਠਾ, ਅਸੀਂ ਚਿਹ ਦੀਆਂ ਤੇਜ਼ ਕਟਾਰੀਆਂ ਹਾਂ ।
ਜੇ ਇਹ ਗੁੰਡਿਆਂ ਵਿੱਚ ਹੈ ਪੈਰ ਧਰਦਾ, ਅਸੀਂ ਖਚਰੀਆਂ ਬਾਂਕੀਆਂ ਡਾਰੀਆਂ ਹਾਂ ।
ਮਰਦ ਰੰਗ ਮਹੱਲ ਹਨ ਇਸ਼ਰਤਾਂ ਦੇ, ਅਸੀਂ ਜ਼ੌਕ ਤੇ ਮਜ਼ੇ ਦੀਆਂ ਮਾੜੀਆਂ ਹਾਂ ।
ਇਹ ਆਪ ਨੂੰ ਮਰਦ ਸਦਾਂਵਦਾ ਹੈ, ਅਸੀਂ ਨਰਾਂ ਦੇ ਨਾਲ ਦੀਆਂ ਨਾਰੀਆਂ ਹਾਂ ।
ਏਸ ਚਾਕ ਦੀ ਕੌਣ ਮਜਾਲ ਹੈ ਨੀ, ਰਾਜੇ ਭੋਜ ਥੀਂ ਅਸੀਂ ਨਾ ਹਾਰੀਆਂ ਹਾਂ ।
ਵਾਰਿਸ ਸ਼ਾਹ ਵਿੱਚ ਹੱਕ ਸਫ਼ੈਦ-ਪੋਸ਼ਾਂ, ਅਸੀਂ ਹੋਲੀ ਦੀਆਂ ਰੰਗ ਪਿਚਕਾਰੀਆਂ ਹਾਂ ।
(ਚਹਿ ਚਹਾਰੀਆਂ=ਜ਼ਿਦ ਦੀਆਂ ਪੱਕੀਆਂ, ਰੋਜ਼-ਏ-ਮੀਸਾਕ=ਰਬ ਨਾਲ ਕੌਲ
ਇਕਰਾਰ ਦਾ ਦਿਨ, ਇਸ਼ਰਤ=ਐਸ਼ ਆਰਾਮ, ਮਾੜੀਆਂ=ਮਹਿਲ, ਰਾਜੇ ਭੋਜ=
ਰਾਜੇ ਭੋਗ ਦੀ ਬੇਵਫ਼ਾ ਪਤਨੀ ਉਸ ਦੇ ਕਿਸੇ ਛੋਟੀ ਪੱਧਰ ਦੇ ਨੌਕਰ ਨੂੰ ਪਿਆਰ
ਕਰਨ ਲੱਗੀ ।ਰਾਜੇ ਨੂੰ ਪਤਾ ਲੱਗਣ ਤੇ ਰਾਣੀ ਨੇ ਆਖਿਆ ਕਿ ਉਹ ਉਸ ਪੁਰਸ਼
ਨੂੰ ਕੀ ਆਖੇ ਭਾਵ ਉਹ ਉਹਦੇ ਬਰਾਬਰ ਦਾ ਨਹੀਂ ।ਰਾਣੀ ਨੇ ਆਪਣੇ ਯਾਰ
ਪਿਆਰੇ ਨੂੰ ਇਹ ਸਾਬਤ ਕਰਨ ਲਈ ਕਿ ਰਾਜਾ ਕੁੱਝ ਕਰਨ ਜੋਗਾ ਨਹੀਂ ਉਹਦੇ
ਸਾਮ੍ਹਣੇ ਰਾਜੇ ਉਤੇ ਸਵਾਰੀ ਕਰ ਲਈ, ਹੋਰੀ=ਹੋਲੀ)

417. ਹੀਰ

ਜਿਨ੍ਹਾਂ ਨਾਲ ਫ਼ਕੀਰ ਦੇ ਅੜੀ ਬੱਧੀ, ਹੱਥ ਧੋ ਜਹਾਨ ਥੀਂ ਚੱਲੀਆਂ ਨੀ ।
ਆ ਟਲੀਂ ਕਵਾਰੀਏ ਡਾਰੀਏ ਨੀ, ਕੋਹੀਆਂ ਚਾਈਓਂ ਭਵਾਂ ਅਵੱਲੀਆਂ ਨੀ ।
ਹੈਣ ਵੱਸਦੇ ਮੀਂਹ ਭੀ ਹੋ ਨੀਂਵੇਂ, ਧੁੰਮਾਂ ਕਹਿਰ ਦੀਆਂ ਦੇਸ ਤੇ ਘੱਲੀਆਂ ਨੀ ।
ਕਾਰੇ ਹੱਥੀਆਂ ਕਵਾਰੀਆਂ ਵਿਹੁ-ਭਰੀਆਂ, ਭਲਾ ਕੀਕਰੂੰ ਰਹਿਣ ਨਚੱਲੀਆਂ ਨੀ ।
ਮੁਣਸ ਮੰਗਦੀਆਂ ਜੋਗੀਆਂ ਨਾਲ ਲੜ ਕੇ, ਰਾਤੀਂ ਔਖੀਆਂ ਹੋਣ ਇਕੱਲੀਆਂ ਨੀ ।
ਪੱਛੀ ਚਰਖੜਾ ਰੁਲੇ ਹੈ ਸੜਨ ਜੋਗਾ, ਕਦੀ ਚਾਰ ਨਾ ਲਾਹੀਉਂ ਛੱਲੀਆਂ ਨੀ ।
ਜਿੱਥੇ ਗਭਰੂ ਹੋਣ ਜਾ ਖਹੇਂ ਆਪੇ, ਪਰ੍ਹੇ ਮਾਰ ਕੇ ਬਹੇਂ ਪਥੱਲੀਆਂ ਨੀ ।
ਟਲ ਜਾ ਫ਼ਕੀਰ ਥੋਂ ਗੁੰਡੀਏ ਨੀ, ਵਾਰਿਸ ਕਵਾਰੀਏ ਰਾਹੀਂ ਕਿਉਂ ਮੱਲੀਆਂ ਨੀ ।
(ਹੱਥ ਧੋ=ਖ਼ਾਲੀ)

418. ਸਹਿਤੀ

ਭਲਾ ਦੱਸ ਭਾਬੀ ਕੇਹਾ ਵੈਰ ਚਾਇਉ, ਭਈਆਂ ਪਿੱਟਿਆਂ ਨੂੰ ਪਈ ਲੂਹਨੀ ਹੈਂ ।
ਅਣਹੁੰਦੀਆਂ ਗੱਲਾਂ ਦੇ ਨਾਉਂ ਲੈ ਕੇ, ਘਾ ਅੱਲੜੇ ਪਈ ਖਨੂੰਹਨੀ ਹੈਂ ।
ਆਪ ਛਾਨਣੀ ਛੇੜਦੀ ਦੀ ਦੋਹਨੀ ਨੂੰ, ਐਵੇਂ ਕੰਡਿਆਂ ਤੋਂ ਪਈ ਧੂਹਨੀ ਹੈਂ ।
ਸੋਹਨੀ ਹੋਈ ਹੈਂ ਨਹੀਂ ਤੂੰ ਗ਼ੈਬ ਚਾਇਆ, ਖੂਨ ਖ਼ਲਕ ਦਾ ਪਈ ਨਚੂਹਨੀ ਹੈਂ ।
ਆਪ ਚਾਕ ਹੰਢਾਇਕੇ ਛੱਡ ਆਈਏਂ, ਹੋਰ ਖ਼ਲਕ ਨੂੰ ਪਈ ਵਡੂਹਨੀ ਹੈਂ ।
ਆਖ ਭਾਈ ਨੂੰ ਹੁਣੇ ਕੁਟਾਇ ਘੱਤੂੰ, ਜੇਹੇ ਅਸਾਂ ਨੂੰ ਮੇਹਣੇ ਲੂਹਨੀ ਹੈਂ ।
ਆਪ ਕਮਲੀ ਲੋਕਾਂ ਦੇ ਸਾਂਗ ਲਾਏਂ, ਖੱਚਰਵਾਈਆਂ ਦੀ ਵੱਡੀ ਖੂਹਨੀ ਹੈਂ ।
ਵਾਰਿਸ ਸ਼ਾਹ ਕੇਹੀ ਬਘਿਆੜੀ ਏਂ ਨੀ, ਮੁੰਡੇ ਮੋਹਣੀ ਤੇ ਵੱਡੀ ਸੂਹਣੀ ਹੈਂ ।
(ਅੱਲੜੇ=ਤਾਜ਼ੇ, ਵਡੂਹਨੀ=ਬਦਨਾਮ ਕਰਦੀ, ਸੂਹਣੀ=ਸੂਹ ਲੈਣ ਵਾਲੀ)

419. ਹੀਰ

ਖ਼ੁਆਰ ਖੱਜਲਾਂ ਰੁਲਦੀਆਂ ਫਿਰਦੀਆ ਸਨ, ਅੱਖੀਂ ਵੇਖਦਿਆਂ ਹੋਰ ਦੀਆਂ ਹੋਰ ਹੋਈਆਂ ।
ਅਤੇ ਦੁਧ ਦੀਆਂ ਧੋਤੀਆਂ ਨੇਕ ਨੀਤਾਂ, ਆਖੇ ਚੋਰਾਂ ਦੇ ਤੇ ਅਸੀਂ ਚੋਰ ਹੋਈਆਂ ।
ਚੋਰ ਚੌਧਰੀ ਗੁੰਡੀ ਪਰਧਾਨ ਕੀਤੀ, ਇਹ ਉਲਟ ਅਵੱਲੀਆਂ ਜ਼ੋਰ ਹੋਈਆਂ ।
ਬਦਜ਼ੇਬ ਤੇ ਕੋਝੀਆਂ ਭੇਡ ਮੂੰਹੀਆਂ, ਆਕੇ ਹੁਸਨੇ ਦੇ ਬਾਗ਼ ਦੀਆਂ ਮੋਰ ਹੋਈਆਂ ।
ਇਹ ਚੁਗ਼ਲ ਬਲੋਚਾਂ ਦੇ ਨੇਹੁੰ ਮੁੱਠੀ, ਅੰਨ੍ਹੀਂ ਡੌਰ ਘੂਠੀ ਮਨਖੋਰ ਹੋਈਆਂ ।
ਇਹਦੀ ਬਣਤ ਵੇਖੋ ਨਾਲ ਨਖ਼ਰਿਆਂ ਦੇ, ਮਾਲਜ਼ਾਦੀਆਂ ਵਿੱਚ ਲਹੌਰ ਹੋਈਆਂ ।
ਭਰਜਾਈਆਂ ਨੂੰ ਬੋਲੀ ਮਾਰਦੀਆਂ ਨੇ, ਫਿਰਨ ਮੰਡੀਆਂ ਵਿੱਚ ਲਲੋਰ ਹੋਈਆਂ ।
ਵਾਰਿਸ ਸ਼ਾਹ ਝਨ੍ਹਾਉਂ ਤੇ ਧੁਮ ਇਹਦੀ, ਜਿਵੇਂ ਸੱਸੀ ਦੀਆਂ ਸ਼ਹਿਰ ਭੰਬੋਰ ਹੋਈਆਂ ।
(ਬਦਜ਼ੇਬ=ਕੋਝਾ, ਭੇਡ ਮੂੰਹੀਆਂ=ਭੱਦੀਆਂ, ਘੂਠੀ=ਚੁਪ ਗੁਪ, ਜਿਹੜੀ ਖੁਲ੍ਹ ਕੇ ਦਿਲ
ਦੀ ਗੱਲ ਨਾ ਕਰੇ)

420. ਸਹਿਤੀ

ਲੜੇ ਜੱਟ ਤੇ ਕੁੱਟੀਏ ਡੂਮ ਨਾਹੀਂ, ਸਿਰ ਜੋਗੀੜੇ ਦੇ ਗੱਲ ਆਈਆ ਈ ।
ਆ ਕੱਢੀਏ ਵੱਢੀਏ ਇਹ ਫਸਤਾ, ਜਗਧੂੜ ਕਾਈ ਏਸ ਪਾਈਆ ਈ ।
ਏਸ ਮਾਰ ਮੰਤਰ ਵੈਰ ਪਾਇ ਦਿੱਤਾ, ਚਾਣਚੱਕ ਦੀ ਪਈ ਲੜਾਈਆ ਈ ।
ਹੀਰ ਨਹੀਂ ਖ਼ਾਂਦੀ ਮਾਰ ਅਸਾਂ ਕੋਲੋਂ, ਵਾਰਿਸ ਗੱਲ ਫ਼ਕੀਰ ਤੇ ਆਈਆ ਈ ।
(ਫਸਤਾ ਵੱਢੀਏ=ਝਗੜਾ ਮੁਕਾਈਏ, ਚਾਣਚਕ=ਅਚਾਨਕ)

421. ਸਹਿਤੀ ਨੌਕਰਾਣੀ ਨੂੰ

ਸਹਿਤੀ ਆਖਿਆ ਉਠ ਰਬੇਲ ਬਾਂਦੀ, ਖ਼ੈਰ ਪਾ ਫ਼ਕੀਰ ਨੂੰ ਕੱਢੀਏ ਨੀ ।
ਆਟਾ ਘੱਤ ਕੇ ਰੁਗ ਕਿ ਬੁਕ ਚੀਣਾਂ, ਵਿੱਚੋਂ ਅਲਖ ਫ਼ਸਾਦ ਦੀ ਵੱਢੀਏ ਨੀ ।
ਦੇ ਭਿਛਿਆ ਵਿਹੜਿਉਂ ਕਢ ਆਈਏ, ਹੋੜਾ ਵਿੱਚ ਬਰੂੰਹ ਦੇ ਗੱਡੀਏ ਨੀ ।
ਅੰਮਾਂ ਆਵੇ ਤਾਂ ਭਾਬੀ ਤੋਂ ਵੱਖ ਹੋਈਏ, ਸਾਥ ਉੱਠ ਬਲੇਦੇ ਦਾ ਛੱਡੀਏ ਨੀ ।
ਆਵੇ ਖੋਹ ਨਵਾਲੀਆਂ ਹੀਰ ਸੁੱਟੀਏ, ਓਹਦੇ ਯਾਰ ਨੂੰ ਕੁਟ ਕੇ ਛੱਡੀਏ ਨੀ ।
ਵਾਂਗ ਕਿਲਾ ਦੀਪਾਲਪੁਰ ਹੋ ਆਕੀ, ਝੰਡਾ ਵਿੱਚ ਮਵਾਸ ਦੇ ਗੱਡੀਏ ਨੀ ।
ਵਾਰਿਸ ਸ਼ਾਹ ਦੇ ਨਾਲ ਦੋ ਹੱਥ ਕਰੀਏ, ਅਵੇ ਉੱਠ ਤੂੰ ਸਾਰ ਦੀਏ ਹੱਡੀਏ ਨੀ ।
(ਰਬੇਲ ਬਾਂਦੀ=ਨੌਕਰਾਣੀ, ਹੋੜਾ ਵਿੱਚ ਬਰੂੰਹ=ਦਰਵਾਜ਼ਾ ਬੰਦ ਕਰੀਏ,
ਬਲੇਦਾ=ਬਲਦ, ਆਕੀ=ਬਾਗੀ, ਮਵਾਸ=ਫ਼ਨਾਹ ਘਰ)

422. ਨੌਕਰਾਣੀ ਦਾ ਖ਼ੈਰ ਪਾਉਣਾ ਤੇ ਜੋਗੀ ਦਾ ਹੋਰ ਭੜਕਣਾ

ਬਾਂਦੀ ਹੋ ਗ਼ੁੱਸੇ ਨੱਕ ਚਾੜ੍ਹ ਉਠੀ, ਬੁਕ ਚੀਣੇ ਦਾ ਚਾਇ ਉਲੇਰਿਆ ਸੂ ।
ਧਰੋਹੀ ਰੱਬ ਦੀ ਖ਼ੈਰ ਲੈ ਜਾ ਸਾਥੋਂ, ਹਾਲ ਹਾਲ ਕਰ ਪੱਲੂੜਾ ਫੇਰਿਆ ਸੂ ।
ਬਾਂਦੀ ਲਾਡ ਦੇ ਨਾਲ ਚਵਾਇ ਕਰਕੇ, ਧੱਕਾ ਦੇ ਨਾਥ ਨੂੰ ਗੇਰਿਆ ਸੂ ।
ਲੈ ਕੇ ਖ਼ੈਰ ਤੇ ਖੱਪਰਾ ਜਾ ਸਾਥੋਂ, ਓਸ ਸੁੱਤੜੇ ਨਾਗ ਨੂੰ ਛੇੜਿਆ ਸੂ ।
ਛਿੱਬੀ ਗੱਲ੍ਹ ਵਿੱਚ ਦੇ ਪਸ਼ਮ ਪੁੱਟੀ, ਹੱਥ ਜੋਗੀ ਦੇ ਮੂੰਹ ਤੇ ਫੇਰਿਆ ਸੂ ।
ਵਾਰਿਸ ਸ਼ਾਹ ਫਰੰਗ ਦੇ ਬਾਗ਼ ਵੜ ਕੇ, ਵੇਖ ਕਲਾ ਦੇ ਖੂਹ ਨੂੰ ਗੇੜਿਆ ਸੂ ।
(ਪੱਲੂੜਾ ਫੇਰਨਾ=ਦੂਰ ਖੜ੍ਹੇ ਨੂੰ ਮਦਦ ਦਾ ਇਸ਼ਾਰਾ ਕਰਨਾ, ਪਸ਼ਮ=ਵਾਲ,
ਫਰੰਗ=ਅੰਗਰੇਜ਼)

423. ਰਾਂਝਾ

ਰਾਂਝਾ ਵੇਖ ਕੇ ਬਹੁਤ ਹੈਰਾਨ ਹੋਇਆ, ਪਈਆਂ ਦੁੱਧ ਵਿੱਚ ਅੰਬ ਦੀਆਂ ਫਾੜੀਆਂ ਨੀ ।
ਗ਼ੁੱਸੇ ਨਾਲ ਜਿਉਂ ਹਸ਼ਰ ਨੂੰ ਜ਼ਿਮੀਂ ਤਪੇ, ਜੀਊ ਵਿੱਚ ਕਲੀਲੀਆਂ ਚਾੜ੍ਹੀਆਂ ਨੀ ।
ਚੀਣਾ ਚੋਗ ਚਮੂਣਿਆ ਆਣ ਪਾਇਉ, ਮੁੰਨ ਚੱਲੀ ਹੈਂ ਗੋਲੀਏ ਦਾੜ੍ਹੀਆਂ ਨੀ ।
ਜਿਸ ਤੇ ਨਬੀ ਦਾ ਰਵਾ ਦਰੂਦ ਨਾਹੀਂ, ਅੱਖੀਂ ਭਰਨ ਨਾ ਮੂਲ ਉਘਾੜੀਆਂ ਨੀ ।
ਜਿਸ ਦਾ ਪੱਕੇ ਪਰਾਉਂਠਾ ਨਾ ਮੰਡਾ, ਪੰਡ ਨਾ ਬੱਝੇ ਵਿੱਚ ਸਾੜ੍ਹੀਆਂ ਨੀ ।
ਡੁੱਬ ਮੋਏ ਨੇ ਕਾਸਬੀ ਵਿੱਚ ਚੀਣੇ, ਵਾਰਿਸ ਸ਼ਾਹ ਨੇ ਬੋਲੀਆਂ ਮਾਰੀਆਂ ਨੀ ।
ਨੈਣੂੰ ਯੂਸ਼ਬਾ ਬੋਲ ਅਬੋਲ ਕਹਿ ਕੇ, ਡੁੱਬੇ ਆਪਣੇ ਆਪਣੀ ਵਾਰੀਆਂ ਨੀ ।
ਅਵੋ ਭਿੱਛਿਆ ਘੱਤਿਉ ਆਣ ਚੀਣਾ, ਨਾਲ ਫ਼ਕਰ ਦੇ ਘੋਲੀਉਂ ਯਾਰੀਆਂ ਨੀ ।
ਔਹ ਲੋਹੜਾ ਵੱਡਾ ਕਹਿਰ ਕੀਤੋ, ਕੰਮ ਡੋਬ ਸੁੱਟਿਆ ਰੰਨਾਂ ਡਾਰੀਆਂ ਨੀ ।
ਵਾਰਿਸ ਖੱਪਰੀ ਚਾ ਪਲੀਤ ਕੀਤੀ, ਪਈਆਂ ਧੋਣੀਆਂ ਸੇਹਲੀਆਂ ਸਾਰੀਆਂ ਨੀ ।
(ਦੁਧ ਵਿੱਚ ਅੰਬ ਦੀਆਂ ਫਾੜੀਆਂ=ਕੰਮ ਵਿਗੜ ਜਾਣਾ, ਕਲੀਲੀਆਂ
ਚਾੜ੍ਹੀਆਂ=ਗ਼ੁੱਸੇ ਵਿੱਚ ਦੰਦ ਪੀਹਣ ਲੱਗਾ,ਕਚੀਚੀਆਂ ਵੱਟੀਆਂ, ਚਮੂਣੀ=
ਛੋਟੀ ਚਿੜੀ, ਦਾੜ੍ਹੀ ਮੁਨਣੀ=ਬੇਇਜ਼ਤੀ ਕਰਨੀ, ਦਰੂਦ ਰਵਾ ਨਹੀਂ=
ਫ਼ਾਤਿਹ ਪੜ੍ਹਨਾ ਠੀਕ ਨਹੀਂ, ਅਖੀਂ ਨਹੀਂ ਭਰਦੀਆਂ=ਬਹੁਤ ਬਰੀਕ ਹੈ,
ਕਾਸਬੀ=ਜੁਲਾਹਾ)

424. ਸਹਿਤੀ

ਚੀਣਾਂ ਝਾਲ ਝੱਲੇ ਜਟਾ ਧਾਰੀਆਂ ਦੀ, ਮਾਈ ਬਾਪ ਹੈ ਨੰਗਿਆਂ ਭੁੱਖਿਆਂ ਦਾ ।
ਅੰਨ ਚੀਣੇ ਦਾ ਖਾਵੀਏ ਨਾਲ ਲੱਸੀ, ਸਵਾਦ ਦੁੱਧ ਦਾ ਟੁਕੜਿਆਂ ਰੁੱਖਿਆਂ ਦਾ ।
ਬਣਨ ਪਿੰਨੀਆਂ ਏਸ ਦੇ ਚਾਉਲਾਂ ਦੀਆਂ, ਖਾਵੇ ਦੇਣ ਮਜ਼ਾ ਚੋਖਾ ਚੁੱਖਿਆਂ ਦਾ ।
ਵਾਰਿਸ ਸ਼ਾਹ ਮੀਆਂ ਨਵਾਂ ਨਜ਼ਰ ਆਇਆ, ਇਹ ਚਾਲੜਾ ਲੁੱਚਿਆਂ ਭੁੱਖਿਆਂ ਦਾ ।
(ਚੋਖਾ=ਵੱਧ, ਚੁਖਿਆਂ ਦਾ=ਟੋਟੇ ਕੀਤੀਆਂ)

425. ਰਾਂਝਾ

ਚੀਣਾ ਖ਼ੈਰ ਦੇਣਾ ਬੁਰਾ ਜੋਗੀਆਂ ਨੂੰ, ਮੱਛੀ ਭਾਬੜੇ ਨੂੰ ਮਾਸ ਬਾਹਮਣਾਂ ਨੀ ।
ਕੈਫ਼ ਭਗਤ ਕਾਜ਼ੀ ਤੇਲ ਖੰਘ ਵਾਲੇ, ਵੱਢ ਸੁੱਟਣਾ ਲੁੰਗ ਪਲਾਹਮਣਾਂ ਨੀ ।
ਜ਼ਹਿਰ ਜੀਂਵਦੇ ਨੂੰ ਅੰਨ ਸੰਨ੍ਹ ਵਾਲੇ, ਪਾਣੀ ਹਲਕਿਆਂ ਨੂੰ, ਧਰਨ ਸਾਹਮਣਾ ਨੀ ।
ਵਾਰਿਸ ਸ਼ਾਹ ਜਿਉਂ ਸੰਖੀਆ ਚੂਹਿਆਂ ਨੂੰ, ਸੰਖ ਮੁੱਲਾਂ ਨੂੰ ਬਾਂਗ ਜਿਉਂ ਬਾਹਮਣਾਂ ਨੀ ।
(ਕੈਫ਼=ਨਸ਼ਾ, ਲੁੰਗ ਪਲਾਹਮਨ=ਕੂੰਬਲਾਂ, ਸੰਨ੍ਹ=ਲਕਵਾ, ਧਰਨ=ਰੱਖਣਾ)

426. ਸਹਿਤੀ

ਕਿਉਂ ਵਿਗੜ ਕੇ ਤਿਗੜ ਕੇ ਪਾਟ ਲੱਥੋਂ, ਅੰਨ ਆਬੇ-ਹਿਆਤ ਹੈ ਭੁੱਖਿਆਂ ਨੂੰ ।
ਬੁੱਢਾ ਹੋਵਸੇਂ ਲਿੰਗ ਜਾ ਰਹਿਣ ਟੁਰਨੋਂ, ਫਿਰੇਂ ਢੂੰਡਦਾ ਟੁੱਕਰਾਂ ਰੁੱਖਿਆਂ ਨੂੰ ।
ਕਿਤੇ ਰੰਨ ਘਰ ਬਾਰ ਨਾ ਅੱਡਿਆ ਈ, ਅਜੇ ਫਿਰੇਂ ਚਲਾਉਂਦਾ ਤੁੱਕਿਆਂ ਨੂੰ ।
ਵਾਰਿਸ ਸ਼ਾਹ ਅੱਜ ਵੇਖ ਜੋ ਚੜ੍ਹੀ ਮਸਤੀ, ਓਹਨਾਂ ਲੁੱਚਿਆਂ ਭੁੱਖਿਆਂ ਸੁੱਕਿਆਂ ਨੂੰ ।
(ਤੀਰ ਤੁੱਕੇ=ਕਿਸੇ ਪਿੰਡ ਵਿੱਚ ਇੱਕ ਭੋਲਾ ਪੁਰਸ਼ ਰਹਿੰਦਾ ਸੀ ।ਉਹਦੇ ਘਰ ਵਾਲੀ
ਨੇ ਉਹਨੂੰ ਕਮਾਈ ਕਰਨ ਲਈ ਪਰਦੇਸ ਭੇਜ ਦਿੱਤਾ ਅਤੇ ਪਿੱਛੋਂ ਇਕ ਬਦਚਲਨ
ਨਾਲ ਫਸ ਗਈ ।ਉਹ ਪੁਰਸ਼ ਕੁੱਝ ਸਮੇ ਪਿੱਛੋਂ ਘਰ ਆਇਆ ।ਉਹ ਬਹੁਤਾ ਸਮਾਂ
ਘਰ ਹੀ ਰਹਿੰਦਾ ਜਿਸ ਕਰਕੇ ਘਰ ਵਾਲੀ ਬਹੁਤ ਤੰਗ ਸੀ ।ਅਖ਼ੀਰ ਘਰਵਾਲੀ ਦੇ
ਯਾਰ ਨੇ ਉਹਦੇ ਪਤੀ ਨਾਲ ਦੋਸਤੀ ਜ਼ਾਹਰ ਕੀਤੀ ।ਪਤੀ ਨੂੰ ਤੀਰ ਅੰਦਾਜ਼ੀ ਦੀ
ਕਲਾ ਸਿੱਖਣ ਲਈ ਮਨਾਇਆ ਅਤੇ ਆਪਣਾ ਸ਼ਗਿਰਦ ਥਾਪਿਆ ।ਜਦੋਂ ਘਰਵਾਲੀ
ਦਾ ਮਾਲਕ ਤੀਰ (ਤੁੱਕਾ) ਚਲਾਉਂਦਾ ਤਾਂ ਆਸ਼ਕ ਚਕ ਕੇ ਲਿਆਉਂਦਾ ਅਤੇ ਫਿਰ
ਦੂਜੀ ਬਾਰੀ ਦਿੰਦਾ ।ਆਸ਼ਕ ਦੇ ਤੁੱਕੇ ਦਿਨੋ ਦਿਨ ਦੂਰ ਜਾਣ ਲੱਗੇ ।ਕਈ ਵਾਰੀ ਉਹ
ਚੁਕ ਕੇ ਲਿਆਉਣ ਨੂੰ 30-40 ਮਿੰਟ ਲੱਗਦੇ ।ਓਨੀ ਦੇਰ ਵਿੱਚ ਉਹ ਉਹਦੀ ਘਰ
ਵਾਲੀ ਨਾਲ ਮੌਜਾਂ ਕਰਦਾ ।ਇੱਕ ਵਾਰ ਘਰ ਵਾਲਾ ਸ਼ੱਕ ਕਾਰਨ ਤੀਰ ਚੁੱਕਣ ਗਿਆ
ਰਸਤੇ ਵਿੱਚੋਂ ਦੋ ਚਾਰ ਮਿੰਟ ਵਿੱਚ ਮੁੜ ਆਇਆ ਅਤੇ ਆਪਣੀ ਪਤਨੀ ਅਤੇ ਆਸ਼ਕ
ਨੂੰ ਮੌਕੇ ਤੇ ਨੱਪ ਲਿਆ ।ਉਸ ਨੇ ਉਹਨੂੰ ਕੁੱਟ ਕੁੱਟ ਕੇ ਪਿੰਡੋਂ ਕੱਢ ਦਿੱਤਾ ।ਉਹ ਦੂਰ
ਦੇ ਇੱਕ ਪਿੰਡ ਜਾ ਵਸਿਆ ।ਇੱਕ ਵਾਰੀ ਇਸਤਰੀ ਦਾ ਮਾਲਕ ਉਸ ਪਿੰਡ ਇੱਕ
ਜਨੇਤੇ ਗਿਆ ਉਸ ਬਦਮਾਸ਼ ਨੂੰ ਮਿਲ ਪਿਆ ਅਤੇ ਉਹਨੂੰ ਪੁੱਛਿਆ ਕਿ ਉਹਨੇ ਕਿਤੇ
ਘਰ ਬਾਰ ਵਸਾ ਲਿਆ ਹੈ ਜਾਂ ਹਾਲੀਂ ਤੀਰ ਤੁੱਕੇ ਹੀ ਚਲਾਉਂਦਾ ਹੈ, ਅੰਨ=ਰੋਟੀ,
ਆਬੇ-ਹਿਆਤ=ਅੰਮ੍ਰਿਤ, ਅੱਡਿਆ=ਵਸਾਇਆ)

427. ਜੋਗੀ ਲੜਣ ਲਈ ਤਿਆਰ

ਜੋਗੀ ਗ਼ਜ਼ਬ ਦੇ ਸਿਰ ਤੇ ਸੱਟ ਖੱਪਰ, ਪਕੜ ਉਠਿਆ ਮਾਰ ਕੇ ਛੌੜਿਆ ਈ ।
ਲੈ ਕੇ ਫਾਹੁੜੀ ਘੁਲਣ ਨੂੰ ਤਿਆਰ ਹੋਇਆ, ਮਾਰ ਵਿਹੜੇ ਦੇ ਵਿੱਚ ਅਪੌੜਿਆ ਈ ।
ਸਾੜ ਬਾਲ ਕੇ ਜੀਊ ਨੂੰ ਖ਼ਾਕ ਕੀਤਾ, ਨਾਲ ਕਾਵੜਾਂ ਦੇ ਜਟ ਕੌੜ੍ਹਿਆ ਈ ।
ਜੇਹਾ ਜ਼ਕਰੀਆ ਖ਼ਾਨ ਮੁਹਿੰਮ ਕਰਕੇ, ਲੈ ਕੇ ਤੋਪ ਪਹਾੜ ਨੂੰ ਦੌੜਿਆ ਈ ।
ਜੇਹਾ ਮਹਿਰ ਦੀ ਸਥ ਦਾ ਬਾਨ-ਭੁੱਚਰ, ਵਾਰਿਸ ਸ਼ਾਹ ਫ਼ਕੀਰ ਤੇ ਦੌੜਿਆ ਈ ।
(ਅਪੌੜਿਆ=ਪਿੱਛੇ ਮੁੜਿਆ, ਕੌੜ੍ਹਿਆ=ਕੁੜ੍ਹਿਆ,ਜਲ ਭੁੱਜ ਗਿਆ,
ਬਾਨ-ਭੁੱਚਰ=ਮੋਟਾ ਕੁੱਤਾ)

428. ਰਾਂਝਾ ਨੌਕਰਾਣੀ ਨੂੰ

ਹੱਥ ਚਾਇ ਮੁਤਹਿਰੜੀ ਕੜਕਿਆ ਈ, ਤੈਨੂੰ ਆਉਂਦਾ ਜਗ ਸਭ ਸੁੰਞ ਰੰਨੇ ।
ਚਾਵਲ ਨਿਹਮਤਾਂ ਕਣਕ ਤੂੰ ਆਪ ਖਾਏਂ, ਖ਼ੈਰ ਦੇਣ ਤੇ ਕੀਤਾ ਹੈ ਖੁੰਝ ਰੰਨੇ ।
ਖੜ ਦਹੇ ਚੀਣਾ ਘਰ ਖ਼ਾਵੰਦਾਂ ਦੇ, ਨਹੀਂ ਮਾਰ ਕੇ ਕਰੂੰਗਾ ਮੁੰਜ ਰੰਨੇ ।
ਫਿਟ ਚੜ੍ਹਦਿਆਂ ਚੂੜੀਆਂ ਕਢ ਸੁਟਾਂ, ਲਾ ਬਹੀਏਂ ਜੇ ਵੈਰ ਦੀ ਝੁੰਜ ਰੰਨੇ ।
ਸਿਰ ਫਾਹੁੜੀ ਮਾਰ ਕੇ ਦੰਦ ਝਾੜੂੰ, ਟੰਗਾਂ ਭੰਨ ਕੇ ਕਰੂੰਗਾ ਲੁੰਜ ਰੰਨੇ ।
ਤੇਰੀ ਵਰੀ-ਸੂਈ ਹੁਣੇ ਫੋਲ ਸੁੱਟਾਂ, ਜਹੀ ਰਹੇਂਗੀ ਉਂਜ ਦੀ ਉਂਜ ਰੰਨੇ ।
ਵਾਰਿਸ ਸ਼ਾਹ ਸਿਰ ਚਾੜ੍ਹ ਵਿਗਾੜੀਏਂ ਤੂੰ, ਹਾਥੀ ਵਾਂਗ ਮੈਦਾਨ ਵਿੱਚ ਗੁੰਜ ਰੰਨੇ ।
(ਸੁੰਞ=ਸੁੰਞਾਂ, ਖੁੰਝ=ਗਲਤੀ, ਮੁੰਜ ਕਰਨੀ=ਮੁੰਜ ਵਾਂਗੂ ਕੁੱਟੂੰ, ਚੂੜੀਆਂ ਕੱਢਣਾ=
ਬਾਹੋਂ ਫੜ ਕੇ ਝਟਕਾ ਦੇਣਾ, ਵਰੀ ਸੂਈ ਫੋਲ ਸੁੱਟਾਂ=ਵਰੀ ਭਾਵ ਸਹੁਰਿਆਂ ਨੇ
ਵਰੀ ਵਿੱਚ ਦਿੱਤਾ ਸਮਾਨ,ਭਾਵ ਤੇਰੇ ਸਾਰੇ ਭੇਦ ਫੋਲ ਦੇਵਾਂਗਾ, ਕੁੰਜ=ਹਾਥੀ ਦਾ
ਵਿਖਾਵੇ ਦਾ ਦੰਦ, ਲੁੰਜ=ਲੂਲ੍ਹਾ,ਲੰਗੜਾ)

429. ਸਹਿਤੀ ਨੌਕਰਾਣੀ ਨੂੰ

ਬਾਂਦੀ ਹੋਇਕੇ ਚੁਪ ਖਲੋ ਰਹੀ, ਸਹਿਤੀ ਆਖਦੀ ਖ਼ੈਰ ਨਾ ਪਾਇਉ ਕਿਉਂ ।
ਇਹ ਤਾਂ ਜੋਗੀੜਾ ਲੀਕ ਕੰਮਜ਼ਾਤ ਕੰਜਰ, ਏਸ ਨਾਲ ਤੂੰ ਭੇੜ ਮਚਾਇਉ ਕਿਉਂ ।
ਆਪ ਜਾਇ ਕੇ ਦੇ ਜੇ ਹੈ ਲੈਂਦਾ, ਘਰ ਮੌਤ ਦੇ ਘਤ ਫਹਾਇਉ ਕਿਉਂ ।
ਮੇਰੀ ਪਾਣ ਪੱਤ ਏਸ ਨੇ ਲਾਹ ਸੁੱਟੀ, ਜਾਣ ਬੁੱਝ ਬੇਸ਼ਰਮ ਕਰਾਇਉ ਕਿਉਂ ।
ਮੈਂ ਤਾਂ ਏਸ ਦੇ ਹੱਥ ਵਿੱਚ ਆਣ ਫਾਥੀ, ਮੂੰਹ ਸ਼ੇਰ ਦੇ ਮਾਸ ਫਹਾਇਉ ਕਿਉਂ ।
ਵਾਰਿਸ ਸ਼ਾਹ ਮੀਆਂ ਏਸ ਮੋਰਨੀ ਨੇ, ਦਵਾਲੇ ਲਾਹੀਕੇ ਬਾਜ਼ ਛੁਡਾਇਉ ਕਿਉਂ ।
(ਲੀਕ=ਬਦਨਾਮੀ ਦਾ ਧੱਬਾ, ਦਵਾਲੇ ਲਾਹੀਕੇ=ਬਾਜ਼ ਦੇ ਤਸਮੇ ਖੋਲ੍ਹ ਕੇ)

430. ਰਾਂਝਾ

ਝਾਟਾ ਖੋਹ ਕੇ ਮੀਢੀਆਂ ਪੁੱਟ ਘੱਤੂੰ, ਗੁੱਤੋਂ ਪਕੜ ਕੇ ਦਿਉਂ ਵਿਲਾਵੜਾ ਨੀ ।
ਜੇ ਤਾਂ ਪਿੰਡ ਦਾ ਖ਼ੌਫ਼ ਵਿਖਾਵਨੀ ਹੈਂ, ਲਿਖਾਂ ਪਸ਼ਮ ਤੇ ਇਹ ਗਿਰਾਂਵੜਾ ਨੀ ।
ਤੇਰਾ ਅਸਾਂ ਦੇ ਨਾਲ ਮੁਦਪੱੜਾ ਹੈ, ਨਹੀਂ ਹੋਵਣਾ ਸਹਿਜ ਮਿਲਾਵੜਾ ਨੀ ।
ਲਤ ਮਾਰ ਕੇ ਛੜੂੰਗਾ ਚਾਇ ਗੁੰਬੜ, ਕਢ ਆਈ ਹੈਂ ਢਿਡ ਜਿਉਂ ਤਾਵੜਾ ਨੀ ।
ਸਣੇ ਕਵਾਰੀ ਦੇ ਮਾਰ ਕੇ ਮਿੱਝ ਕਢੂੰ, ਚੁਤੜ ਘੜੂੰਗਾ ਨਾਲ ਫਹਾਵੜਾ ਨੀ ।
ਹੱਥ ਲਗੇ ਤਾਂ ਸੁਟੂੰਗਾ ਚੀਰ ਰੰਨੇ, ਕਢ ਲਊਂਗਾ ਸਾਰੀਆਂ ਕਾਵੜਾਂ ਨੀ ।
ਤੁਸੀਂ ਤਰੈ ਘੁਲਾਟਣਾਂ ਜਾਣਦਾ ਹਾਂ, ਕੱਢਾ ਦੋਹਾਂ ਦਾ ਪੋਸਤਿਆਵੜਾ ਨੀ ।
ਵਾਰਿਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ, ਨਿਕਲ ਜਾਣਗੀਆਂ ਜਵਾਨੀਆਂ ਦੀਆਂ ਚਾਵੜਾਂ ਨੀ ।
(ਪਸ਼ਮ ਤੇ ਲਿਖਣਾ=ਕੋਈ ਪਰਵਾਹ ਨਾ ਕਰਨਾ, ਮਦੱਪੜਾ=ਨੇੜਤਾ, ਗੁੰਬੜ=
ਮੋਟਾ ਢਿੱਡ, ਗੋਗੜ, ਤਾਵੜਾ=ਤੌੜਾ, ਕਵਾਰੀ=ਕੁਆਰੀ ਭਾਵ ਹੀਰ, ਘੁਲ੍ਹਾਟਾਂ=
ਪਹਿਲਵਾਨਣੀ, ਪੋਸਤਿਆਵੜਾ=ਕਚੂਮਰ)

431. ਤਥਾ

ਹੀਰੇ ਕਰਾਂ ਮੈਂ ਬਹੁਤ ਹਿਆ ਤੇਰਾ, ਨਹੀਂ ਮਾਰਾਂ ਸੂ ਪਕੜ ਪਥੱਲ ਕੇ ਨੀ ।
ਸੱਭਾ ਪਾਣ ਪੱਤ ਏਸ ਦੀ ਲਾਹ ਸੁੱਟਾਂ, ਲੱਖ ਵਾਹਰਾਂ ਦਏ ਜੇ ਘੱਲ ਕੇ ਨੀ ।
ਜੇਹਾ ਮਾਰ ਚਿਤੌੜ ਗੜ੍ਹ ਸ਼ਾਹ ਅਕਬਰ, ਢਾਹ ਮੋਰਚੇ ਲਏ ਮਚੱਲਕੇ ਨੀ ।
ਜਿਉਂ ਜਿਉਂ ਸ਼ਰਮ ਦਾ ਮਾਰਿਆ ਚੁਪ ਕਰਨਾਂ, ਨਾਲ ਮਸਤੀਆਂ ਆਂਵਦੀ ਚੱਲ ਕੇ ਨੀ ।
ਤੇਰੀ ਪਕੜ ਸੰਘੀ ਜਿੰਦ ਕੱਢ ਸੁੱਟਾਂ, ਮੇਰੇ ਖੁੱਸ ਨਾ ਜਾਣਗੇ ਤੱਲਕੇ ਨੀ ।
ਭਲਾ ਆਖ ਕੀ ਖੱਟਣਾ ਵੱਟਣਾ ਹਈ, ਵਾਰਿਸ ਸ਼ਾਹ ਦੇ ਨਾਲ ਪਿੜ ਮੱਲ ਕੇ ਨੀ ।
(ਪਥੱਲ=ਉਲਟਾ ਕੇ, ਮਚੱਲਕੇ=ਇਕਰਾਰ ਨਾਮੇ, ਤੱਲਕੇ=ਜਗੀਰ)

432. ਹੀਰ

ਬੋਲੀ ਹੀਰ ਮੀਆਂ ਪਾ ਖ਼ਾਕ ਤੇਰੀ, ਪਿੱਛਾ ਟੁੱਟੀਆਂ ਅਸੀਂ ਪਰਦੇਸਣਾਂ ਹਾਂ ।
ਪਿਆਰੇ ਵਿਛੜੇ ਚੌਂਪ ਨਾ ਰਹੀ ਕਾਈ, ਲੋਕਾਂ ਵਾਂਗ ਨਾ ਮਿੱਠੀਆਂ ਮੇਸਣਾਂ ਹਾਂ ।
ਅਸੀਂ ਜੋਗੀਆ ਪੈਰ ਦੀ ਖ਼ਾਕ ਤੇਰੀ, ਨਾਹੀਂ ਖੋਟੀਆਂ ਅਤੇ ਮਲਖੇਸਣਾਂ ਹਾਂ ।
ਨਾਲ ਫ਼ਕਰ ਦੇ ਕਰਾਂ ਬਰਾਬਰੀ ਕਿਉਂ, ਅਸੀਂ ਜੱਟੀਆਂ ਹਾਂ ਕਿ ਕੁਰੇਸ਼ਣਾਂ ਹਾਂ ।
(ਪਾਇ ਖ਼ਾਕ=ਪੈਰਾਂ ਦੀ ਮਿੱਟੀ, ਪਿੱਛਾ ਟੁੱਟੀ=ਜਿਹਦੀ ਪੁਸ਼ਤ ਪਨਾਹ ਕਰਨ
ਵਾਲਾ ਕੋਈ ਨਾ ਹੋਵੇ, ਚੌਂਪ=ਚਾਉ, ਮਿੱਠੀ ਮੇਸਣੀ=ਚੁਪ ਐਪਰ ਖਚਰੀ,
ਕੁਰੇਸ਼ਣਾਂ=ਕੁਰੈਸ਼ੀ ਖ਼ਾਨਦਾਨ ਦੀਆਂ, ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ
ਦਾ ਨਾਮ ਕੁਰੈਸ਼ ਹੈ)

433. ਹੀਰ ਨੂੰ ਸਹਿਤੀ

ਨਵੀਂ ਨੂਚੀਏ ਕੱਚੀਏ ਯਾਰਨੀਏ ਨੀ, ਕਾਰੇ-ਹੱਥੀਏ ਚਾਕ ਦੀਏ ਪਿਆਰੀਏ ਨੀ ।
ਪਹਿਲੇ ਕੰਮ ਸਵਾਰ ਹੋ ਬਹੇਂ ਨਿਆਰੀ, ਬੇਲੀ ਘੇਰ ਲੈ ਜਾਣੀਏ ਡਾਰੀਏ ਨੀ ।
ਆਪ ਭਲੀ ਹੋ ਬਹੇਂ ਤੇ ਅਸੀਂ ਬੁਰੀਆਂ, ਕਰੇਂ ਖਚਰ-ਪੌ ਰੂਪ ਸ਼ਿੰਗਾਰੀਏ ਨੀ ।
ਅਖੀਂ ਮਾਰ ਕੇ ਯਾਰ ਨੂੰ ਛੇੜ ਪਾਉ ਨੀ ਮਹਾਂ ਸਤੀਏ ਚਹਿ ਚਹਾਰੀਏ ਨੀ ।
ਆਉ ਜੋਗੀ ਨੂੰ ਲਈਂ ਛੁਡਾ ਸਾਥੋਂ, ਤੁਸਾਂ ਦੋਹਾਂ ਦੀ ਪੈਜ ਸਵਾਰੀਏ ਨੀ ।
ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ, ਕਰੀਏ ਸਾਥ ਤਾਂ ਪਾਰ ਉਤਾਰੀਏ ਨੀ ।
(ਕਾਰੇ ਹੱਥੀ=ਹੁਸ਼ਿਆਰ, ਚਲਾਕ)

434. ਸਹਿਤੀ ਨੇ ਖ਼ੈਰ ਪਾਉਣਾ

ਸਹਿਤੀ ਹੋ ਗ਼ੁੱਸੇ ਚਾ ਖ਼ੈਰ ਪਾਇਆ, ਜੋਗੀ ਵੇਖਦੇ ਤੁਰਤ ਹੀ ਰੱਜ ਪਿਆ ।
ਮੂੰਹੋਂ ਆਖਦੀ ਰੋਹ ਦੇ ਨਾਲ ਜੱਟੀ, ਕਟਕ ਖੇੜਿਆਂ ਦੇ ਭਾਵੇਂ ਅੱਜ ਪਿਆ ।
ਇਹ ਲੈ ਮਕਰਿਆ ਠਕਰਿਆ ਰਾਵਲਾ ਵੇ, ਕਾਹੇ ਵਾਚਨਾ ਏਂ ਐਡ ਧਰੱਜ ਪਿਆ ।
ਠੂਠੇ ਵਿੱਚ ਸਹਿਤੀ ਚੀਣਾ ਘਤ ਦਿੱਤਾ, ਫੱਟ ਜੋਗੀ ਦੇ ਕਾਲਜੇ ਵੱਜ ਪਿਆ ।
ਵਾਰਿਸ ਸ਼ਾਹ ਸ਼ਰਾਬ ਖ਼ਰਾਬ ਹੋਇਆ, ਸ਼ੀਸ਼ਾ ਸੰਗ ਤੇ ਵੱਜ ਕੇ ਭੱਜ ਪਿਆ ।
(ਰੱਜ ਪਿਆ=ਦੁਖੀ ਹੋਇਆ, ਸ਼ੀਸਾ=ਪਿਆਲਾ, ਸੰਗ=ਪੱਥਰ,
ਕਾਲਜੇ ਵੱਜ ਪਿਆ=ਬਹੁਤ ਤਕਲੀਫ਼ ਹੋਈ)

435. ਰਾਂਝਾ

ਖ਼ੈਰ ਫ਼ਕਰ ਨੂੰ ਅਕਲ ਦੇ ਨਾਲ ਦੀਚੈ, ਹੱਥ ਸੰਭਲ ਕੇ ਬੁੱਕ ਉਲਾਰੀਏ ਨੀ ।
ਕੀਚੈ ਐਡ ਹੰਕਾਰ ਨਾ ਜੋਬਨੇ ਦਾ, ਘੋਲ ਘੱਤੀਏ ਮਸਤ ਹੰਕਾਰੀਏ ਨੀ ।
ਹੋਈਉਂ ਮਸਤ ਗਰੂਰ ਤਕੱਬਰੀ ਦਾ, ਲੋੜ੍ਹ ਘਤਿਉਂ ਰੰਨੇ ਡਾਰੀਏ ਨੀ ।
ਕੀਚੈ ਹੁਸਨ ਦਾ ਮਾਣ ਨਾ ਭਾਗ ਭਰੀਏ, ਛਲ ਜਾਇਸੀ ਰੂਪ ਵਿਚਾਰੀਏ ਨੀ ।
ਠੂਠਾ ਭੰਨ ਫ਼ਕੀਰ ਨੂੰ ਪੱਟਿਉ ਈ, ਸ਼ਾਲਾ ਯਾਰ ਮਰੀ ਅਨੀ ਡਾਰੀਏ ਨੀ ।
ਮਾਪੇ ਮਰਨ ਹੰਕਾਰ ਭੱਜ ਪਵੇ ਤੇਰਾ, ਵਾਰਿਸ ਪੱਤਣੇ ਦੀਏ ਵਣਜਾਰੀਏ ਨੀ ।
(ਸ਼ਾਲਾ=ਰਬ ਕਰੇ)

436. ਸਹਿਤੀ

ਘੋਲ ਘਤਿਉਂ ਯਾਰ ਦੇ ਨਾਉਂ ਉਤੋਂ, ਮੂੰਹੋਂ ਸੰਭਲੀਂ ਜੋਗੀਆਂ ਆਰਿਆ ਵੇ ।
ਤੇਰੇ ਨਾਲ ਮੈਂ ਆਖ ਕੀ ਬੁਰਾ ਕੀਤਾ, ਹੱਥ ਲਾ ਨਾਹੀਂ ਤੈਨੂੰ ਮਾਰਿਆ ਵੇ ।
ਮਾਉਂ ਸੁਣਦਿਆਂ ਪੁਣੇਂ ਤੂੰ ਯਾਰ ਮੇਰਾ, ਵੱਡਾ ਕਹਿਰ ਕੀਤੋ ਲੋੜ੍ਹੇ ਮਾਰਿਆ ਵੇ ।
ਰੁਗ ਆਟੇ ਦਾ ਹੋਰ ਲੈ ਜਾ ਸਾਥੋਂ, ਕਿਵੇਂ ਵੱਢ ਫ਼ਸਾਦ ਹਰਿਆਰਿਆ ਵੇ ।
ਤੈਥੇ ਆਦਮੀਗਰੀ ਦੀ ਗੱਲ ਨਾਹੀਂ, ਰੱਬ ਚਾਇ ਬਥੁੰਨ ਉਸਾਰਿਆ ਵੇ ।
ਵਾਰਿਸ ਕਿਸੇ ਅਸਾਡੇ ਨੂੰ ਖ਼ਬਰ ਹੋਵੇ, ਐਵੇਂ ਮੁਫ਼ਤ ਵਿੱਚ ਜਾਏਂਗਾ ਮਾਰਿਆ ਵੇ ।
(ਮਾਂ ਸੁਣਦਿਆਂ=ਮਾਂ ਸਾਹਮਣੇ, ਪੁਣੇਂ=ਗਾਲਾਂ ਕੱਢੇਂ, ਆਦਮੀਗਰੀ=
ਇਨਸਾਨੀਅਤ, ਬਥੁੰਨ=ਬੇਢਬਾ,ਪਸੂ, ਅਸਾਡੇ=ਸਾਡੇ ਟੱਬਰ ਦੇ ਬੰਦੇ ਨੂੰ)

437. ਰਾਂਝਾ

ਜੇ ਤੈਂ ਪੋਲ ਕਢਾਵਣਾ ਨਾ ਆਹਾ, ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ ।
ਜੇ ਤੈਂ ਕਵਾਰਿਆਂ ਯਾਰ ਹੰਢਾਵਣੇ ਸਨ, ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ ।
ਖ਼ੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ ।
ਭਰਜਾਈ ਨੂੰ ਮਿਹਣਾ ਚਾਕ ਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ ।
ਬੋਤੀ ਹੋ ਬਲੋਚ ਦੇ ਹੱਥ ਆਈਏਂ, ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ ।
ਵਾਰਿਸ ਸ਼ਾਹ ਜਾਂ ਆਕਬਤ ਖ਼ਾਕ ਹੋਣਾ, ਏਥੇ ਆਪਣੀ ਸ਼ਾਨ ਵਧਾਈਏ ਕਿਉਂ ।
(ਪੋਲ ਕਢਾਵਣਾ=ਪੋਲ ਜ਼ਾਹਰ ਕਰਾਉਣਾ, ਬੋਤੀ=ਊਠਣੀ ਕਵਾਰ ਦੀ ਜੜ੍ਹ
ਭਨਾਈਏ=ਕਵਾਰ ਪੁਣਾ ਬਰਬਾਦ ਕਰਾਉਣਾ, ਆਕਬਤ=ਅੰਤ)

438. ਸਹਿਤੀ

ਜੋ ਕੋ ਜੰਮਿਆ ਮਰੇਗਾ ਸਭ ਕੋਈ, ਘੜ੍ਹਿਆ ਭੱਜਸੀ ਵਾਹ ਸਭ ਵਹਿਣਗੇ ਵੇ ।
ਮੀਰ ਪੀਰ ਵਲੀ ਗ਼ੌਸ ਕੁਤਬ ਜਾਸਣ, ਇਹ ਸਭ ਪਸਾਰੜੇ ਢਹਿਣਗੇ ਵੇ ।
ਜਦੋਂ ਰਬ ਆਮਾਲ ਦੀ ਖ਼ਬਰ ਪੁੱਛੇ, ਹਥ ਪੈਰ ਗਵਾਹੀਆਂ ਕਹਿਣਗੇ ਵੇ ।
ਭੰਨੇਂ ਠੂਠੇ ਤੋਂ ਐਡ ਵਧਾ ਕੀਤੋ, ਬੁਰਾ ਤੁਧ ਨੂੰ ਲੋਕ ਸਭ ਕਹਿਣਗੇ ਵੇ ।
ਜੀਭ ਬੁਰਾ ਬੋਲੇਸਿਆ ਰਾਵਲਾ ਵੇ, ਹੱਡ ਪੈਰ ਸਜ਼ਾਈਆਂ ਲੈਣਗੇ ਵੇ ।
ਕੁਲ ਚੀਜ਼ ਫ਼ਨਾਹ ਹੋ ਖ਼ਾਕ ਰਲਸੀ, ਸਾਬਤ ਵਲੀ ਅੱਲਾਹ ਦੇ ਰਹਿਣਗੇ ਵੇ ।
ਠੂਠਾ ਨਾਲ ਤਕਦੀਰ ਦੇ ਭੱਜ ਪਿਆ, ਵਾਰਿਸ ਸ਼ਾਹ ਹੋਰੀਂ ਸੱਚ ਕਹਿਣਗੇ ਵੇ ।
(ਵਾਹ=ਨਦੀ, ਆਮਾਲ=ਅਮਲ ਦਾ ਬਹੁ-ਵਚਨ,ਕੰਮ, ਵਧਾ ਕੀਤਾ=ਵੱਡੀ
ਗੱਲ ਬਣਾ ਲਈ, ਰਲਸੀ=ਰਲੇਗੀ)

439. ਰਾਂਝਾ

ਸ਼ਾਲਾ ਕਹਿਰ ਪੌਸੀ ਛੁੱਟੇ ਬਾਜ਼ ਪੈਣੀ, ਠੂਠਾ ਭੰਨ ਕੇ ਲਾਡ ਭੰਗਾਰਨੀ ਹੈਂ ।
ਲੱਕ ਬੰਨ੍ਹ ਕੇ ਰੰਨੇ ਘੁਲ੍ਹੱਕੜੇ ਨੀ, ਮਾੜਾ ਵੇਖ ਫ਼ਕੀਰ ਨੂੰ ਮਾਰਨੀ ਹੈਂ ।
ਨਾਲੇ ਮਾਰਨੀ ਹੈਂ ਜੀਊ ਸਾੜਨੀ ਹੈਂ, ਨਾਲੇ ਹਾਲ ਹੀ ਹਾਲ ਪੁਕਾਰਨੀ ਹੈਂ ।
ਮਰੇ ਹੁਕਮ ਦੇ ਨਾਲ ਤਾਂ ਸਭ ਕੋਈ, ਬਿਨਾ ਹੁਕਮ ਦੇ ਖ਼ੂਨ ਗੁਜ਼ਾਰਨੀ ਹੈਂ ।
ਬੁਰੇ ਨਾਲ ਜੇ ਬੋਲੀਏ ਬੁਰਾ ਹੋਈਏ, ਅਸੀਂ ਬੋਦਲੇ ਹਾਂ ਤਾਂ ਤੂੰ ਮਾਰਨੀ ਹੈਂ ।
ਠੂਠਾ ਫੇਰ ਦਰੁਸਤ ਕਰ ਦੇਹ ਮੇਰਾ, ਹੋਰ ਆਖ ਕੀ ਸੱਚ ਨਿਤਾਰਨੀ ਹੈਂ ।
ਲੋਕ ਆਖਦੇ ਹਨ ਇਹ ਕੁੜੀ ਕਵਾਰੀ, ਸਾਡੇ ਬਾਬ ਦੀ ਧਾੜਵੀ ਧਾਰਨੀ ਹੈਂ ।
ਐਡੇ ਫ਼ਨ ਫ਼ਰੇਬ ਹਨ ਯਾਦ ਤੈਨੂੰ, ਮੁਰਦਾਰਾਂ ਦੀ ਸਿਰ ਸਰਦਾਰਨੀ ਹੈਂ ।
ਘਰ ਵਾਲੀਏ ਵਹੁਟੀਏ ਬੋਲ ਤੂੰ ਵੀ, ਕਹੀ ਜੀਊ ਵਿੱਚ ਸੋਚ ਵਿਚਾਰਨੀ ਹੈਂ ।
ਸਵਾ ਮਣੀ ਮੁਤਹਿਰ ਪਈ ਫਰਕਦੀ ਹੈ, ਕਿਸੇ ਯਾਰਨੀ ਦੇ ਸਿਰ ਮਾਰਨੀ ਹੈਂ ।
ਇੱਕ ਚੋਰ ਤੇ ਦੂਸਰੀ ਚਤਰ ਬਣੀਉਂ, ਵਾਰਿਸ ਸ਼ਾਹ ਹੁਣ ਢਾਇ ਕੇ ਮਾਰਨੀ ਹੈਂ ।
(ਸ਼ਾਲਾ=ਰਬ ਚਾਹੇ, ਲਾਡ ਭੰਗਾਰਨੀ=ਮਖੌਲ ਕਰਦੀ,ਗੱਲਾਂ ਮਾਰਦੀ, ਘੁਲੱਕੜੀ=
ਘੁਲਣ ਵਾਲੀ, ਹਾਲ ਹੀ ਹਾਲ ਪੁਕਾਰਨਾ=ਹਾਏ ਹਾਏ ਕਰਨਾ,ਰੌਲਾ ਪਾਉਣਾ,
ਧਾੜਵੀ=ਧਾੜਾ ਮਾਰਨ ਵਾਲੀ, ਮੁਰਦਾਰ=ਗੰਦਾ,ਹਰਾਮੀ)

440. ਹੀਰ

ਹੀਰ ਆਖਦੀ ਇਹ ਚਵਾਇ ਕੇਹਾ, ਠੂਠਾ ਭੰਨ ਫ਼ਕੀਰਾਂ ਨੂੰ ਮਾਰਨਾ ਕੀ ।
ਜਿਨ੍ਹਾਂ ਹਿਕ ਅੱਲਾਹ ਦਾ ਆਸਰਾ ਹੈ, ਓਨ੍ਹਾਂ ਪੰਖੀਆਂ ਨਾਲ ਖਹਾੜਨਾ ਕੀ ।
ਜਿਹੜੇ ਕੰਨ ਪੜਾਇ ਫ਼ਕੀਰ ਹੋਏ, ਭਲਾ ਉਨ੍ਹਾਂ ਦਾ ਪੜਤਨਾ ਪਾੜਣਾ ਕੀ ।
ਥੋੜ੍ਹੀ ਗੱਲ ਦਾ ਵਢਾ ਵਧਾ ਕਰਕੇ, ਸੌਰੇ ਕੰਮ ਨੂੰ ਚਾ ਵਿਗਾੜਨਾ ਕੀ ।
ਜਿਹੜੇ ਘਰਾਂ ਦੀਆਂ ਚਾਵੜਾਂ ਨਾਲ ਮਾਰੇਂ, ਘਰ ਚੱਕ ਕੇ ਏਸ ਲੈ ਜਾਵਣਾ ਕੀ ।
ਮੇਰੇ ਬੂਹਿਉਂ ਫ਼ਕਰ ਕਿਉਂ ਮਾਰਿਉ ਈ, ਵਸਦੇ ਘਰਾਂ ਤੋਂ ਫ਼ਕਰ ਮੋੜਾਵਣਾ ਕੀ ।
ਘਰ ਮੇਰਾ ਤੇ ਮੈਂ ਨਾਲ ਖੁਣਸ ਚਾਇਉ, ਏਥੋਂ ਕਵਾਰੀਏ ਤੁਧ ਲੈ ਜਾਵਣਾ ਕੀ ।
ਬੋਲ੍ਹ ਰਾਹਕਾਂ ਦੇ ਹੌਸ ਚੂਹੜੇ ਦੀ, ਮਰਸ਼ੂ ਮਰਸ਼ੂ ਦਿਨ ਰਾਤ ਕਰਾਵਣਾ ਕੀ ।
ਵਾਰਿਸ ਸ਼ਾਹ ਇਹ ਹਿਰਸ ਬੇਫ਼ਾਇਦਾ ਈ, ਓੜਕ ਏਸ ਜਹਾਨ ਤੋਂ ਚਾਵਣਾ ਕੀ ।
(ਚਵਾ=ਚਾ, ਸੌਰੇ=ਸੰਵਾਰੇ ਹੋਏ, ਚੰਗੇ ਭਲੇ, ਖੁਣਸ=ਵੈਰ,ਝਗੜਾ, ਹੌਸ=ਆਕੜ,
ਮਰਸ਼ੂ ਮਰਸ਼ੂ ਕਰਨਾ=ਜਾਇਦਾਦ ਦੇ ਝਗੜੇ ਵਿੱਚ ਗਲਤ ਗੱਲਾਂ ਕਰਨੀਆਂ)

441. ਸਹਿਤੀ ਹੀਰ ਨੂੰ

ਭਲਾ ਆਖ ਕੀ ਆਂਹਦੀ ਏਂ ਨੇਕ ਪਾਕੇ, ਜਿਸ ਦੇ ਪੱਲੂ ਤੇ ਪੜ੍ਹਨ ਨਮਾਜ਼ ਆਈ ।
ਘਰ ਵਾਰ ਤੇਰਾ ਅਸੀਂ ਕੋਈ ਹੋਈਆਂ, ਜਾਪੇ ਲੱਦ ਕੇ ਘਰੋਂ ਜਹਾਜ਼ ਆਈ ।
ਮੁੰਡੇ ਮੋਹਣੀਏਂ ਤੇ ਝੋਟੇ ਦੋਹਣੀਏਂ ਨੀ, ਅਜੇ ਤੀਕ ਨਾ ਇਸ਼ਕ ਥੀਂ ਬਾਜ਼ ਆਈ ।
ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਅਜੇ ਤੀਕ ਨਾ ਯਾਦ ਹਜਾਜ਼ ਆਈ ।
(ਨੇਕ ਪਾਕ=ਭਲੀਮਾਨਸ ਅਤੇ ਪਵਿੱਤਰ, ਜਾਪੇ=ਜਾਪਦਾ ਹੈ, ਝੋਟੇ ਦੋਹਣੀ=ਝੋਟੇ
ਚੋਂਦੀ ਏਂ,ਔਖੇ ਤੇ ਨਾ ਹੋਣ ਵਾਲੇ ਕੰਮ ਕਰਦੀ ਹੈਂ, ਹਜਾਜ਼=ਸਊਦੀ ਅਰਬ ਦਾ ਇੱਕ
ਸੂਬਾ ਹੈ ਮੱਕਾ ਮੁਅੱਜ਼ਮਾ ਅਤੇ ਮਦੀਨਾ ਮਨੱਵਰਾ ਦੇ ਪਵਿੱਤਰ ਸ਼ਹਿਰ ਇਸੇ ਸੂਬੇ ਵਿੱਚ
ਸਥਿਤ ਹਨ)

442. ਹੀਰ

ਇਹ ਮਸਤ ਫ਼ਕੀਰ ਨਾ ਛੇੜ ਲੀਕੇ, ਕੋਈ ਵੱਡਾ ਫਸਾਦ ਗਲ ਪਾਸੀਆ ਨੀ ।
ਮਾਰੇ ਜਾਣ ਖੇੜੇ ਉਜੜ ਜਾਣ ਮਾਪੇ, ਤੁਧ ਲੰਡੀ ਦਾ ਕੁੱਝ ਨਾ ਜਾਸੀਆ ਨੀ ।
ਪੈਰ ਪਕੜ ਫ਼ਕੀਰ ਦੇ ਕਰਸ ਰਾਜ਼ੀ, ਨਹੀਂ ਏਸ ਦੀ ਆਹ ਪੈ ਜਾਸੀਆ ਨੀ ।
ਵਾਰਿਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ, ਜਾ ਗੋਰ ਅੰਦਰ ਪਛੋਤਾਸੀਆ ਨੀ ।
(ਕਰਸ ਰਾਜ਼ੀ=ਉਸ ਨੂੰ ਰਾਜ਼ੀ ਕਰ)

443. ਸਹਿਤੀ

ਤੇਰੇ ਜੇਹੀਆਂ ਲੱਖ ਪੜ੍ਹਾਈਆਂ ਮੈਂ, ਤੇ ਉਡਾਈਆਂ ਨਾਲ ਅੰਗੂਠਿਆਂ ਦੇ ।
ਤੈਨੂੰ ਸਿੱਧ ਕਾਮਲ ਵਲੀ ਗੌਂਸ ਦਿੱਸੇ, ਮੈਨੂੰ ਠੱਗ ਦਿੱਸੇ ਭੇਸ ਝੂਠਿਆਂ ਦੇ ।
ਸਾਡੇ ਖੌਂਸੜੇ ਨੂੰ ਯਾਦ ਨਹੀਂ ਚੋਬਰ, ਭਾਵੇਂ ਆਣ ਲਾਵੇ ਢੇਰ ਠੂਠਿਆਂ ਦੇ ।
ਇਹ ਮਸਤ ਮਲੰਗ ਮੈਂ ਮਸਤ ਏਦੂੰ, ਇਸ ਥੇ ਮਕਰ ਹਨ ਟੁਕੜਿਆਂ ਜੂਠਿਆਂ ਦੇ ।
ਵਾਰਿਸ ਸ਼ਾਹ ਮੀਆਂ ਨਾਲ ਚਵਾੜੀਆਂ ਦੇ, ਲਿੰਙ ਸੇਕੀਏ ਚੋਬਰਾਂ ਘੂਠਿਆਂ ਦੇ ।
(ਚਵਾੜੀਆਂ=ਬਾਂਸਾਂ)

444. ਹੀਰ

ਏਸ ਫ਼ੱਕਰ ਦੇ ਨਾਲ ਕੀ ਵੈਰ ਪਈਏਂ, ਉਧਲ ਜਾਇਸੈਂ ਤੈਂ ਨਹੀਂ ਵੱਸਣਾ ਈ ।
ਠੂਠਾ ਭੰਨ ਫ਼ਕੀਰ ਨੂੰ ਮਾਰਨੀ ਹੈਂ, ਅੱਗੇ ਰੱਬ ਦੇ ਆਖ ਕੀ ਦੱਸਣਾ ਈ ।
ਤੇਰੇ ਕਵਾਰ ਨੂੰ ਖ਼ਵਾਰ ਸੰਸਾਰ ਕਰਸੀ, ਏਸ ਜੋਗੀ ਦਾ ਕੁਝ ਨਾ ਘੱਸਣਾ ਈ ।
ਨਾਲ ਚੂਹੜੇ ਖੱਤਰੀ ਘੁਲਣ ਲੱਗੇ, ਵਾਰਿਸ ਸ਼ਾਹ ਫਿਰ ਮੁਲਕ ਨੇ ਹੱਸਣਾ ਈ ।
(ਕਵਾਰ ਨੂੰ ਖ਼ਵਾਰ ਕਰਨਾ=ਉਧਾਲੀ ਗਈ ਔਰਤ ਉਤੇ ਹਰ ਥਾਂ ਹਮਲੇ ਕਰਨੇ,
ਚੂਹੜੇ ਦਾ ਖ਼ਤਰੀ ਘੋਲ=ਹਰ ਹਾਲਤ ਵਿੱਚ ਖ਼ਤਰੀ ਦਾ ਨੁਕਸਾਨ ਹੈ,ਮਾੜੇ ਨੂੰ
ਮਾਰਨਾ ਵੀ ਬੇਇਜ਼ਤੀ ਹੈ ਅਤੇ ਉਸ ਤੋਂ ਮਾਰ ਖਾਣੀ ਵੀ ਨਿਰਾਦਰੀ)

445. ਸਹਿਤੀ

ਇੱਕੇ ਮਰਾਂਗੀ ਮੈਂ ਇੱਕੇ ਏਸ ਮਾਰਾਂ, ਇੱਕੇ ਭਾਬੀਏ ਤੁਧ ਮਰਾਇਸਾਂ ਨੀ ।
ਰੋਵਾਂ ਮਾਰ ਭੁੱਬਾਂ ਭਾਈ ਆਂਵਦੇ ਤੇ,ਤੈਨੂੰ ਖ਼ਾਹ-ਮਖ਼ਾਹ ਕੁਟਾਇਸਾਂ ਨੀ ।
ਚਾਕ ਲੀਕ ਲਾਈ ਤੈਨੂੰ ਮਿਲੇ ਭਾਬੀ, ਗੱਲਾਂ ਪਿਛਲੀਆਂ ਕੱਢ ਸੁਣਇਸਾਂ ਨੀ ।
ਇੱਕੇ ਮਾਰੀਏਂ ਤੂੰ ਇੱਕੇ ਇਹ ਜੋਗੀ, ਇਹੋ ਘਗਰੀ ਚਾਇ ਵਿਛਾਇਸਾਂ ਨੀ ।
ਸੀਤਾ ਦਹਿਸਿਰੇ ਨਾਲ ਜੋ ਗਾਹ ਕੀਤਾ, ਕੋਈ ਵੱਡਾ ਕਮੰਦ ਪਵਾਇਸਾਂ ਨੀ ।
ਰੰਨ ਤਾਹੀਂ ਜਾਂ ਘਰੋਂ ਕਢਾਇ ਤੈਨੂੰ, ਮੈਂ ਮੁਰਾਦ ਬਲੋਚ ਹੰਢਾਇਸਾਂ ਨੀ ।
ਸਿਰ ਏਸ ਦਾ ਵਢ ਕੇ ਅਤੇ ਤੇਰਾ, ਏਸ ਠੂਠੇ ਦੇ ਨਾਲ ਰਲਾਇਸਾਂ ਨੀ ।
ਰਖ ਹੀਰੇ ਤੂੰ ਏਤਨੀ ਜਮ੍ਹਾਂ ਖ਼ਾਤਰ, ਤੇਰੀ ਰਾਤ ਨੂੰ ਭੰਗ ਲੁਹਾਇਸਾਂ ਨੀ ।
ਮੈਂ ਕੁਟਾਇਸਾਂ ਅਤੇ ਮਰਾਇਸਾਂ ਨੀ, ਗੁੱਤੋਂ ਧਰੂਹ ਕੇ ਘਰੋਂ ਕਢਾਇਸਾਂ ਨੀ ।
ਵਾਰਿਸ ਸ਼ਾਹ ਕੋਲੋਂ ਭੰਨਾਇ ਟੰਗਾਇਸਾਂ ਨੀ, ਤੇਰੇ ਲਿੰਙ ਸਭ ਚੂਰ ਕਰਾਇਸਾਂ ਨੀ ।
(ਦਹਿਸਿਰਾ=ਰਾਵਣ, ਜੋ ਗਾਹ=ਜਿੱਦਾਂ ਕਰੇ, ਜਮ੍ਹਾਂ ਖ਼ਾਤਰ ਰੱਖ=ਤਸੱਲੀ ਰੱਖ)

446. ਹੀਰ

ਖ਼ੂਨ ਭੇਡ ਦੇ ਜੇ ਪਿੰਡ ਮਾਰ ਲਈਏ, ਉਜੜ ਜਾਏ ਜਹਾਨ ਤੇ ਜੱਗ ਸਾਰਾ ।
ਹੱਥੋਂ ਜੂਆਂ ਦੇ ਜੁੱਲ ਜੇ ਸੁੱਟ ਵੇਚਣ, ਕੀਕੂੰ ਕੱਟੀਏ ਪੋਹ ਤੇ ਮਾਘ ਸਾਰਾ ।
ਤੇਰੇ ਭਾਈ ਦੀ ਭੈਣ ਨੂੰ ਖੜੇ ਜੋਗੀ, ਹੱਥ ਲਾਏ ਮੈਨੂੰ ਕਈ ਹੋਸ ਕਾਰਾ ।
ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ, ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ ।
ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ, ਆਖ ਕਵਾਰੀਏ ਪਾਇਉ ਤੂੰ ਕੇਹਾ ਆੜਾ ।
ਵਾਰਿਸ ਖੋਹ ਕੇ ਚੂੰਡੀਆਂ ਤੇਰੀਆਂ ਨੂੰ, ਕਰਾਂ ਖ਼ੂਬ ਪੈਜ਼ਾਰ ਦੇ ਨਾਲ ਝਾੜਾ ।
(ਜੁੱਲ=ਜੁੱਲੀ, ਹੋਸ=ਹੋਵੇਗਾ, ਭੰਗ ਝਾੜੇ=ਮੈਨੂੰ ਕੁੱਟੇ, ਆੜਾ=ਝਗੜਾ, ਪੈਜ਼ਾਰ=
ਜੁੱਤੀ, ਝਾੜਾ ਕਰਨਾ=ਭੂਤ ਲਾਹੁਣੇ)

447. ਸਹਿਤੀ

ਕੱਜਲ ਪੂਛਲਿਆਲੜਾ ਘਤ ਨੈਣੀਂ, ਜ਼ੁਲਫਾਂ ਕੁੰਡਲਾਂ ਦਾਰ ਬਣਾਵਨੀ ਹੈਂ ।
ਨੀਵੀਆਂ ਪੱਟੀਆਂ ਹਿਕ ਪਲਮਾ ਜ਼ੁਲਫਾਂ, ਛੱਲੇ ਘਤ ਕੇ ਰੰਗ ਵਟਾਵਨੀ ਹੈਂ ।
ਅਤੇ ਆਸ਼ਕਾਂ ਨੂੰ ਦਿਖਲਾਵਨੀ ਹੈਂ, ਨੱਥ ਵਿਹੜੇ ਦੇ ਵਿੱਚ ਛਣਕਾਵਨੀ ਹੈਂ ।
ਬਾਂਕੀ ਭਖ ਰਹੀ ਚੋਲੀ ਬਾਫ਼ਤੇ ਦੀ, ਉਤੇ ਕਹਿਰ ਦੀਆਂ ਅੱਲੀਆਂ ਲਾਵਨੀ ਹੈਂ ।
ਠੋਡੀ ਗੱਲ੍ਹ ਤੇ ਪਾਇਕੇ ਖ਼ਾਲ ਖ਼ੂਨੀ, ਰਾਹ ਜਾਂਦੜੇ ਮਿਰਗ ਫਹਾਵਨੀ ਹੈਂ ।
ਕਿਨ੍ਹਾਂ ਨਖਰਿਆਂ ਨਾਲ ਭਰਮਾਵਨੀ ਹੈਂ, ਅਖੀਂ ਪਾ ਸੁਰਮਾ ਮਟਕਾਵਨੀ ਹੈਂ ।
ਮਲ ਵੱਟਣਾਂ ਲੋੜ੍ਹ ਦੰਦਾਸੜੇ ਦਾ, ਜ਼ਰੀ ਬਾਦਲਾ ਪਟ ਹੰਢਾਵਨੀ ਹੈਂ ।
ਤੇੜ ਚੂੜੀਆਂ ਪਾ ਕੇ ਕਹਿਰ ਵਾਲਾ, ਕੁੰਜਾਂ ਘਤ ਕੇ ਲਾਵਣਾ ਲਾਵਨੀ ਹੈਂ ।
ਨਵਾਂ ਵੇਸ ਤੇ ਵੇਸ ਬਣਾਵਨੀ ਹੈਂ, ਲਏਂ ਫੇਰੀਆਂ ਤੇ ਘੁਮਕਾਵਨੀ ਹੈਂ ।
ਨਾਲ ਹੁਸਨ ਗੁਮਾਨ ਦੇ ਪਲੰਘ ਬਹਿ ਕੇ, ਹੂਰ ਪਰੀ ਦੀ ਭੈਣ ਸਦਾਵਨੀ ਹੈਂ ।
ਪੈਰ ਨਾਲ ਚਵਾਇ ਦੇ ਚਾਵਨੀ ਹੈਂ, ਲਾਡ ਨਾਲ ਗਹਿਣੇ ਛਨਕਾਵਨੀ ਹੈਂ ।
ਸਰਦਾਰ ਹੈਂ ਖ਼ੂਬਾਂ ਦੇ ਤ੍ਰਿੰਞਣਾਂ ਦੀ, ਖ਼ਾਤਰ ਤਲੇ ਨਾ ਕਿਸੇ ਲਿਆਵਨੀ ਹੈਂ ।
ਵੇਖ ਹੋਰਨਾਂ ਨੱਕ ਚੜ੍ਹਾਵਨੀ ਹੈਂ, ਬੈਠੀ ਪਲੰਘ ਤੇ ਤੂਤੀਏ ਲਾਵਨੀ ਹੈਂ ।
ਮਹਿੰਦੀ ਲਾਇ ਹੱਥੀਂ ਪਹਿਨ ਜ਼ਰੀ ਜ਼ੇਵਰ, ਸੋਇਨ ਮਿਰਗ ਦੀ ਸ਼ਾਨ ਗਵਾਵਨੀ ਹੈਂ ।
ਪਰ ਅਸੀਂ ਭੀ ਨਹੀਂ ਹਾਂ ਘਟ ਤੈਥੋਂ, ਜੇ ਤੂੰ ਆਪ ਨੂੰ ਛੈਲ ਸਦਾਵਨੀ ਹੈਂ ।
ਸਾਡੇ ਚੰਨ ਸਰੀਰ ਮਥੈਲੀਆਂ ਦੇ, ਸਾਨੂੰ ਚੂਹੜੀ ਹੀ ਨਜ਼ਰ ਆਵਨੀ ਹੈਂ ।
ਨਾਢੂ ਸ਼ਾਹ ਦੀ ਰੰਨ ਹੋ ਪਲੰਘ ਬਹਿ ਕੇ, ਸਾਡੇ ਜੀਊ ਨੂੰ ਜ਼ਰਾ ਨਾ ਭਾਵਨੀ ਹੈਂ ।
ਤੇਰਾ ਕੰਮ ਨਾ ਕੋਈ ਵਗਾੜਿਆ ਮੈਂ, ਐਵੇਂ ਜੋਗੀ ਦੀ ਟੰਗ ਭਨਾਵਨੀ ਹੈਂ ।
ਸਣੇ ਜੋਗੀ ਦੇ ਮਾਰ ਕੇ ਮਿਝ ਕੱਢੂੰ, ਜੈਂਦੀ ਚਾਵੜਾਂ ਪਈ ਦਖਾਵਨੀ ਹੈਂ ।
ਤੇਰਾ ਯਾਰ ਜਾਨੀ ਅਸਾਂ ਨਾ ਭਾਵੇ, ਹੁਣੇ ਹੋਰ ਕੀ ਮੂੰਹੋਂ ਅਖਾਵਨੀ ਹੈਂ ।
ਸੱਭਾ ਅੜਤਨੇ ਪੜਤਨੇ ਪਾੜ ਸੁੱਟੂੰ, ਐਵੇਂ ਸ਼ੇਖੀਆਂ ਪਈ ਜਗਾਵਨੀ ਹੈਂ ।
ਵੇਖ ਜੋਗੀ ਨੂੰ ਮਾਰ ਖਦੇੜ ਕੱਢਾਂ, ਵੇਖਾਂ ਓਸਨੂੰ ਆਇ ਛੁਡਾਵਨੀ ਹੈਂ ।
ਤੇਰੇ ਨਾਲ ਜੋ ਕਰਾਂਗੀ ਮੁਲਕ ਵੇਖੇ, ਜੇਹੇ ਮਿਹਣੇ ਲੂਤੀਆਂ ਲਾਵਨੀ ਹੈਂ ।
ਤੁੱਧ ਚਾਹੀਦਾ ਕੀ ਏਸ ਗੱਲ ਵਿੱਚੋਂ, ਵਾਰਿਸ ਸ਼ਾਹ ਤੇ ਚੁਗ਼ਲੀਆਂ ਲਾਵਨੀ ਹੈਂ ।
(ਪੂਛਲਿਆਲੜਾ=ਪੂਛਾਂ ਵਾਲਾ, ਪਲਮਾ ਜ਼ੁਲਫਾਂ=ਜ਼ੁਲਫਾਂ ਖਿਲਾਰ ਕੇ, ਭਖ
ਰਹੀ=ਚਮਕਾਂ ਮਾਰਦੀ, ਅੱਲੀਆਂ=ਕਿਨਾਰੀਆਂ, ਜ਼ਰੀ=ਸੁਨਹਿਰੀ ਤਾਰਾਂ ਵਾਲੀ,
ਬਾਦਲਾ=ਚਾਂਦੀ ਰੰਗਾ, ਚੂੜੀਆਂ=ਇੱਕ ਭਾਂਤ ਦਾ ਧਾਰੀਦਾਰ ਕੱਪੜਾ, ਲਾਵਣ=
ਕੱਪੜੇ ਤੇ ਲੱਗੀ ਕੋਰ, ਖ਼ਾਤਰ ਤਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਨਾ ਸਮਝਣਾ,
ਮਥੈਲੀ=ਮਨਮੋਹਣੀ, ਅੜਤਣੇ ਪੜਤਣੇ ਪਾੜ ਸੁਟੂੰ=ਸਾਰੇ ਭੇਤ ਫੋਲ ਦੇਊਂ, ਖਦੇੜ
ਕੱਢਾਂ=ਕੁਟ ਕੁਟ ਕੇ ਭਜਾ ਦੇਣਾ)

448. ਹੀਰ

ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ ਕਿਉਂ ਪਈ ਬਣਾਵਨੀ ਹੈਂ ।
ਭਲਾ ਜੀਊ ਕਿਉਂ ਭਰਮਾਵਨੀ ਹੈਂ, ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ ।
ਲੱਗੀ ਵੱਸ ਤੇ ਖੂਹ ਵਿਚ ਪਾਵਨੀ ਹੈਂ, ਸੜੇ ਕਾਂਦ ਕਿਉਂ ਲੂਤੀਆਂ ਲਾਵਨੀ ਹੈਂ ।
ਐਡੀ ਲਟਕਣੀ ਨਾਲ ਕਿਉਂ ਕਰੇਂ ਗੱਲਾਂ, ਸੈਦੇ ਨਾਲ ਨਿਕਾਹ ਪੜ੍ਹਾਵਨੀ ਹੈਂ ।
ਵਾਰਿਸ ਨਾਲ ਉਠ ਜਾ ਤੂੰ ਉੱਧਲੇ ਨੀ, ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ ।
(ਚਿੱਬੇ=ਵਿੰਗੇ ਟੇਢੇ, ਕਾਂਦ=ਅੰਗਾਰੀ, ਲੂਤੀ=ਅੱਗ)

449. ਸਹਿਤੀ ਤੇ ਰਾਂਝੇ ਦੀ ਲੜਾਈ

ਸਹਿਤੀ ਨਾਲ ਲੌਂਡੀ ਹੱਥੀਂ ਪਕੜ ਮੋਲ੍ਹੇ, ਜੈਂਦੇ ਨਾਲ ਛੜੇਂਦੀਆਂ ਚਾਵਲੇ ਨੂੰ ।
ਗਿਰਦ ਆ ਭਵੀਆਂ ਵਾਂਗ ਜੋਗਣਾਂ ਦੇ, ਤਾਉ ਘੱਤਿਉ ਨੇ ਓਸ ਰਾਵਲੇ ਨੂੰ ।
ਖਪਰ ਸੇਲ੍ਹੀਆਂ ਤੋੜ ਕੇ ਗਿਰਦ ਹੋਈਆਂ, ਢਾਹ ਲਿਉ ਨੇ ਸੋਹਣੇ ਸਾਂਵਲੇ ਨੂੰ ।
ਅੰਦਰ ਹੀਰ ਨੂੰ ਵਾੜ ਕੇ ਮਾਰ ਕੁੰਡਾ, ਬਾਹਰ ਕੁਟਿਉ ਨੇ ਲਟ-ਬਾਵਲੇ ਨੂੰ ।
ਘੜੀ ਘੜੀ ਵਲਾਇ ਕੇ ਵਾਰ ਕੀਤਾ, ਓਹਨਾਂ ਕੁੱਟਿਆ ਸੀ ਏਸ ਲਾਡਲੇ ਨੂੰ ।
ਵਾਰਿਸ ਸ਼ਾਹ ਮੀਆਂ ਨਾਲ ਮੋਲ੍ਹਿਆਂ ਦੇ, ਠੰਡਾ ਕੀਤੋ ਨੇ ਓਸ ਉਤਾਵਲੇ ਨੂੰ ।
(ਗਿਰਦ ਆਣ ਭਵੀਆਂ=ਆਲੇ ਦੁਆਲੇ ਘੁੰਮੀਆਂ,ਘੇਰ ਲਿਆ, ਉਤਾਵਲਾ=
ਜੋਸ਼ੀਲਾ, ਤੇਜ਼)

450. ਤਥਾ

ਦੋਹਾਂ ਵਟ ਲੰਗੋਟੜੇ ਲਏ ਮੋਲ੍ਹੇ, ਕਾਰੇ ਵੇਖ ਲੈ ਮੁੰਡੀਆਂ ਮੁੰਨੀਆਂ ਦੇ ।
ਨਿਕਲ ਝੁੱਟ ਕੀਤਾ ਸਹਿਤੀ ਰਾਵਲੇ ਤੇ, ਪਾਸੇ ਭਨ੍ਹਿਉਂ ਨੇ ਨਾਲ ਕੂਹਣੀਆਂ ਦੇ ।
ਜਟ ਮਾਰ ਮਧਾਣੀਆਂ ਫੇਹ ਸੁੱਟਿਆ, ਸਿਰ ਭੰਨਿਆਂ ਨਾਲ ਦਧੂਣੀਆਂ ਦੇ ।
ਢੋ ਕਟਕ ਹੁਸੈਨ ਖ਼ਾਨ ਨਾਲ ਲੜਿਆ, ਜਿਵੇਂ ਅਬੂ ਸਮੁੰਦ ਵਿੱਚ ਚੂਹਣੀਆਂ ਦੇ ।
(ਕਟਕ ਢੋ ਕੇ=ਫ਼ੌਜ ਲਿਆ ਕੇ, ਹੁਸੈਨ ਖਾਂ…ਚੂਹਣੀਆਂ=ਨਵਾਬ ਹੁਸੈਨ ਖਾਂ
ਪੇਸ਼ਗੀ ਦੀ ਜੰਗ ਅਬਦਲ ਸਮਦ ਹਾਕਮ ਲਹੌਰ ਨਾਲ ਚੂਨੀਆਂ ਵਿੱਚ ਹੋਈ ਸੀ)

451. ਰਾਂਝੇ ਨੇ ਸਹਿਤੀ ਹੋਰਾਂ ਨੂੰ ਕੁੱਟਣਾ

ਰਾਂਝਾ ਖਾਇਕੇ ਮਾਰ ਫਿਰ ਗਰਮ ਹੋਇਆ, ਮਾਰੂ ਮਾਰਿਆ ਭੂਤ ਫ਼ਤੂਰ ਦੇ ਨੇ ।
ਵੇਖ ਪਰੀ ਦੇ ਨਾਲ ਖ਼ਮ ਮਾਰਿਆ ਈ, ਏਸ ਫ਼ਰੇਸ਼ਤੇ ਬੈਤ ਮਾਅਮੂਰ ਦੇ ਨੇ ।
ਕਮਰ ਬੰਨ੍ਹ ਕੇ ਪੀਰ ਨੂੰ ਯਾਦ ਕੀਤਾ ਲਾਈ ਥਾਪਨਾ ਮਲਕ ਹਜ਼ੂਰ ਦੇ ਨੇ ।
ਡੇਰਾ ਬਖਸ਼ੀ ਦਾ ਮਾਰ ਕੇ ਲੁੱਟ ਲੀਤਾ, ਪਾਈ ਫ਼ਤਹਿ ਪਠਾਣ ਕਸੂਰ ਦੇ ਨੇ ।
ਜਦੋਂ ਨਾਲ ਟਕੋਰ ਦੇ ਗਰਮ ਹੋਇਆ, ਦਿੱਤਾ ਦੁਖੜਾ ਘਾਉ ਨਾਸੂਰ ਦੇ ਨੇ ।
ਵਾਰਿਸ ਸ਼ਾਹ ਜਾਂ ਅੰਦਰੋਂ ਗਰਮ ਹੋਇਆ, ਲਾਟਾਂ ਕੱਢੀਆਂ ਤਾਉ ਤਨੂਰ ਦੇ ਨੇ ।
(ਮਾਰੂ=ਐਲਾਨੇ ਜੰਗ ਦਾ ਨਗਾਰਾ, ਖ਼ਮ ਮਾਰਿਆ=ਥਾਪੀ ਮਾਰੀ, ਬੈਤ ਮਾਅਮੂਰ=
ਖ਼ਾਨਾ ਕਾਅਬਾ, ਫ਼ਤੂਰ ਦਾ ਭੂਤ=ਫਸਾਦ ਦਾ ਸ਼ੈਤਾਨ)

452. ਰਾਂਝੇ ਨੇ ਸੱਟਾਂ ਮਾਰਨੀਆਂ

ਦੋਵੇਂ ਮਾਰ ਸਵਾਰੀਆਂ ਰਾਵਲੇ ਨੇ, ਪੰਜ ਸੱਤ ਫਾਹੁੜੀਆਂ ਲਾਈਆਂ ਸੂ ।
ਗੱਲਾਂ ਪੁੱਟ ਕੇ ਚੋਲੀਆਂ ਕਰੇ ਲੀਰਾਂ, ਹਿੱਕਾਂ ਭੰਨ ਕੇ ਲਾਲ ਕਰਾਈਆਂ ਸੂ ।
ਨਾਲੇ ਤੋੜ ਝੰਝੋੜ ਕੇ ਪਕੜ ਗੁੱਤੋਂ, ਦੋਵੇਂ ਵਿਹੜੇ ਦੇ ਵਿੱਚ ਭਵਾਈਆਂ ਸੂ ।
ਖੋਹ ਚੂੰਡੀਆਂ ਗੱਲ੍ਹਾਂ ਤੇ ਮਾਰ ਹੁੱਜਾਂ, ਦੋ ਦੋ ਧੌਣ ਦੇ ਮੁੱਢ ਟਿਕਾਈਆਂ ਸੂ ।
ਜੇਹਾ ਰਿਛ ਕਲੰਦਰਾਂ ਘੋਲ ਪੌਂਦਾ, ਸੋਟੇ ਚੁਤੜੀਂ ਲਾ ਨਚਾਈਆਂ ਸੂ ।
ਗਿੱਟੇ ਲੱਕ ਠਕੋਰ ਕੇ ਪਕੜ ਤੱਗੋਂ, ਦੋਵੇਂ ਬਾਂਦਰੀ ਵਾਂਗ ਟਪਾਈਆਂ ਸੂ ।
ਜੋਗੀ ਵਾਸਤੇ ਰਬ ਦੇ ਲੜੇ ਨਾਹੀਂ, ਹੀਰ ਅੰਦਰੋਂ ਆਖ ਛੁਡਾਈਆਂ ਸੂ ।
453. ਹੋਰ ਕੁੜੀਆਂ ਦਾ ਸਹਿਤੀ ਕੋਲ ਆਉਣਾ

ਓਹਨਾਂ ਛੁਟਦੀਆਂ ਹਾਲ ਪੁਕਾਰ ਕੀਤੀ, ਪੰਜ ਸੱਤ ਮੁਸ਼ਟੰਡੀਆਂ ਆ ਗਈਆਂ ।
ਵਾਂਗ ਕਾਬਲੀ ਕੁੱਤਿਆਂ ਗਿਰਦ ਹੋਈਆਂ, ਦੋ ਦੋ ਅਲੀ-ਉਲ-ਹਿਸਾਬ ਟਿਕਾ ਗਈਆਂ ।
ਉਹਨੂੰ ਇੱਕ ਨੇ ਧੱਕ ਕੇ ਰੱਖ ਅੱਗੇ, ਘਰੋਂ ਕੱਢ ਕੇ ਤਾਕ ਚੜ੍ਹਾ ਗਈਆਂ ।
ਬਾਜ਼ ਤੋੜ ਕੇ ਤੁਆਮਿਉਂ ਲਾਹਿਉ ਨੇ, ਮਾਸ਼ੂਕ ਦੀ ਦੀਦ ਹਟਾ ਗਈਆਂ ।
ਧੱਕਾ ਦੇ ਕੇ ਸੱਟ ਪਲੱਟ ਉਸ ਨੂੰ, ਹੋੜਾ ਵੱਡਾ ਮਜ਼ਬੂਤ ਫਹਾ ਗਈਆਂ ।
ਸੂਬੇਦਾਰ ਤਗ਼ਈਅਰ ਕਰ ਕੱਢਿਉ ਨੇ, ਵੱਡਾ ਜੋਗੀ ਨੂੰ ਵਾਇਦਾ ਪਾ ਗਈਆਂ ।
ਅੱਗੇ ਵੈਰ ਸੀ ਨਵਾਂ ਫਿਰ ਹੋਰ ਹੋਇਆ, ਵੇਖ ਭੜਕਦੀ ਤੇ ਭੜਕਾ ਗਈਆਂ ।
ਘਰੋਂ ਕੱਢ ਅਰੂੜੀ ਤੇ ਸੱਟਿਉ ਨੇ, ਬਹਿਸ਼ਤੋਂ ਕੱਢ ਕੇ ਦੋਜ਼ਖ਼ੇ ਪਾ ਗਈਆਂ ।
ਜੋਗੀ ਮਸਤ ਹੈਰਾਨ ਹੋ ਦੰਗ ਰਹਿਆ, ਕੋਈ ਜਾਦੂੜਾ ਘੋਲ ਪਿਵਾ ਗਈਆਂ ।
ਅੱਗੇ ਠੂਠੇ ਨੂੰ ਝੂਰਦਾ ਖ਼ਫ਼ਾ ਹੁੰਦਾ, ਉਤੋਂ ਨਵਾਂ ਪਸਾਰ ਬਣਾ ਗਈਆਂ ।
ਵਾਰਿਸ ਸ਼ਾਹ ਮੀਆਂ ਨਵਾਂ ਸਿਹਰ ਹੋਇਆ, ਪਰੀਆਂ ਜਿੰਨ ਫ਼ਰਿਸ਼ਤੇ ਨੂੰ ਲਾ ਗਈਆਂ ।
(ਤਾਕ ਚੜ੍ਹਾ ਗਈਆਂ=ਬੰਦ ਕਰ ਗਈਆਂ, ਤੁਅਮਾ=ਬਾਜ਼ ਨੂੰ ਸ਼ਿਕਾਰ ਲਈ ਤਿਆਰ
ਕਰਨ ਵਾਸਤੇ ਉਹਦੇ ਮੂੰਹ ਨੂੰ ਲਾਇਆ ਮਾਸ, ਫਹਾ ਗਈਆਂ=ਫਸਾ ਜਾਂ ਅੜਾ ਗਈਆਂ,
ਤਗ਼ਈਅਰ=ਬਦਲ ਕੇ, ਵਾਇਦਾ=ਮੁਸ਼ਕਿਲ,ਸਮੱਸਿਆ, ਅਰੂੜੀ=ਢੇਰ, ਸਿਹਰ=ਜਾਦੂ)

454. ਕਵੀ

ਘਰੋਂ ਕੱਢਿਆ ਅਕਲ ਸ਼ਊਰ ਗਇਆ, ਆਦਮ ਜੰਨਤੋ ਕੱਢ ਹੈਰਾਨ ਕੀਤਾ ।
ਸਿਜਦੇ ਵਾਸਤੇ ਅਰਸ਼ ਤੋਂ ਦੇ ਧੱਕੇ, ਜਿਵੇਂ ਰਬ ਨੇ ਰੱਦ ਸ਼ੈਤਾਨ ਕੀਤਾ ।
ਸ਼ੱਦਾਦ ਬਹਿਸ਼ਤ ਥੀਂ ਰਹਿਆ ਬਾਹਰ, ਨਮਰੂਦ ਮੱਛਰ ਪਰੇਸ਼ਾਨ ਕੀਤਾ ।
ਵਾਰਿਸ ਸ਼ਾਹ ਹੈਰਾਨ ਹੋ ਰਹਿਆ ਜੋਗੀ, ਜਿਵੇਂ ਨੂਹ ਹੈਰਾਨ ਤੂਫ਼ਾਨ ਕੀਤਾ ।
(ਅਕਲ ਸ਼ਊਰ ਗਿਆ=ਮਤ ਮਾਰੀ ਗਈ, ਰਦ ਕਰ ਦਿੱਤਾ=ਨਾਪਸੰਦ ਕਰ
ਦਿੱਤਾ, ਸ਼ੱਦਾਦ=ਆਦ ਕੌਮ ਦਾ ਇੱਕ ਬਾਦਸ਼ਾਹ, ਨਮਰੂਦ=ਹਜ਼ਰਤ ਮੂਸਾ ਦੇ
ਸਮੇਂ ਦਾ ਬਾਦਸ਼ਾਹ ਇਸ ਨੇ ਵੀ ਰੱਬ ਹੋਣ ਦਾ ਦਾਅਵਾ ਕੀਤਾ ਸੀ ।ਇਸ ਨੇ
ਇਬਰਾਹੀਮ ਨੂੰ ਅੱਗ ਵਿੱਚ ਸੁੱਟਿਆ ਪਰ ਅੱਗ ਰਬ ਦੇ ਹੁਕਮ ਨਾਲ ਗੁਲਜ਼ਾਰ
ਬਣ ਗਈ । ਇੱਕ ਮੱਛਰ ਦੇ ਨਾਸ ਵਿੱਚ ਵੜ ਜਾਣ ਨਾਲ ਇਹਦੀ ਮੌਤ ਹੋਈ)

455. ਰਾਂਝਾ ਆਪਣੇ ਆਪ ਨਾਲ

ਹੀਰ ਚੁਪ ਬੈਠੀ ਅਸੀਂ ਕੁਟ ਕੱਢੇ, ਸਾਡਾ ਵਾਹ ਪਿਆ ਨਾਲ ਡੋਰਿਆਂ ਦੇ ।
ਉਹ ਵੇਲੜਾ ਹੱਥ ਨਾ ਆਂਵਦਾ ਹੈ, ਲੋਕ ਦੇ ਰਹੇ ਲਖ ਢੰਡੋਰਿਆਂ ਦੇ ।
ਇੱਕ ਰੰਨ ਗਈ ਦੂਆ ਆਉਣ ਗਿਆ, ਲੋਕ ਸਾੜਦੇ ਨਾਲ ਨਿਹੋਰਿਆਂ ਦੇ ।
ਨੂੰਹਾਂ ਰਾਜਿਆਂ ਤੇ ਰੰਨਾਂ ਡਾਢਿਆਂ ਦੀਆਂ, ਕੀਕੂੰ ਹੱਥ ਆਵਣ ਨਾਲ ਜ਼ੋਰਿਆਂ ਦੇ ।
ਅਸਾਂ ਮੰਗਿਆ ਉਨ੍ਹਾਂ ਨਾਂ ਖ਼ੈਰ ਕੀਤਾ, ਮੈਨੂੰ ਮਾਰਿਆ ਨਾਲ ਫਹੌੜਿਆਂ ਦੇ ।
ਵਾਰਿਸ ਜ਼ੋਰ ਜ਼ਰ ਜ਼ਾਰੀਆਂ ਯਾਰੀਆਂ ਦੇ, ਸਾਏ ਜ਼ਰਾਂ ਤੇ ਨਾ ਕਮਜ਼ੋਰਿਆ ਦੇ ।
(ਡੋਰਾ=ਬੋਲਾ,ਜਿਹਨੂੰ ਉੱਚਾ ਸੁਣੇ, ਜ਼ੋਰੀ=ਤਾਕਤ)

456. ਰਾਂਝਾ ਦੁਖੀ ਹੋ ਕੇ

ਧੂੰਆਂ ਹੂੰਝਦਾ ਰੋਇਕੇ ਢਾਹ ਮਾਰੇ, ਰੱਬਾ ਮੇਲ ਕੇ ਯਾਰ ਵਿਛੋੜਿਉ ਕਿਉਂ ।
ਮੇਰਾ ਰੜੇ ਜਹਾਜ਼ ਸੀ ਆਣ ਲੱਗਾ, ਬੰਨੇ ਲਾਇਕੇ ਫੇਰ ਮੁੜ ਬੋੜਿਉ ਕਿਉਂ ।
ਕੋਈ ਅਸਾਂ ਥੀਂ ਵੱਡਾ ਗੁਨਾਹ ਹੋਇਆ, ਸਾਥ ਫ਼ਜ਼ਲ ਦਾ ਲੱਦ ਕੇ ਮੋੜਿਉ ਕਿਉਂ ।
ਵਾਰਿਸ ਸ਼ਾਹ ਇਬਾਦਤਾਂ ਛਡ ਕੇ ਤੇ, ਦਿਲ ਨਾਲ ਸ਼ੈਤਾਨ ਦੇ ਜੋੜਿਉ ਕਿਉਂ ।
(ਢਾਹ=ਧਾਹ)

457. ਤਥਾ

ਮੈਨੂੰ ਰਬ ਬਾਝੋਂ ਨਹੀਂ ਤਾਂਘ ਕਾਈ, ਸਭ ਡੰਡੀਆਂ ਗ਼ਮਾਂ ਨੇ ਮੱਲੀਆਂ ਨੇ ।
ਸਾਰੇ ਦੇਸ਼ ਤੇ ਮੁਲਕ ਦੀ ਸਾਂਝ ਚੁੱਕੀ, ਸਾਡੀਆਂ ਕਿਸਮਤਾਂ ਜੰਗਲੀਂ ਚੱਲੀਆਂ ਨੇ ।
ਜਿੱਥੇ ਸ਼ੀਂਹ ਬੁੱਕਣ ਸ਼ੂਕਣ ਨਾਗ ਕਾਲੇ, ਬਘਿਆੜ ਘੱਤਣ ਨਿਤ ਜੱਲੀਆਂ ਨੇ ।
ਚਿੱਲਾ ਕਟ ਕੇ ਪੜ੍ਹਾਂ ਕਲਾਮ ਡਾਹਢੀ, ਤੇਗਾਂ ਵੱਜੀਆਂ ਆਣ ਅਵੱਲੀਆਂ ਨੇ ।
ਕੀਤੀਆਂ ਮਿਹਨਤਾਂ ਵਾਰਿਸਾ ਦੁਖ ਝਾਗੇ, ਰਾਤਾਂ ਜਾਂਦੀਆਂ ਨਹੀਂ ਨਿਚੱਲੀਆਂ ਨੇ ।
(ਤਾਂਘ=ਖਾਹਿਸ਼,ਅਰਮਾਨ, ਜੱਲੀਆਂ ਘੱਤਣ=ਚਾਂਭੜਾਂ ਪਾਉਂਦੇ)

458. ਰਾਂਝੇ ਨੂੰ ਪੀਰ ਯਾਦ ਆਏ

ਰੋਂਦਾ ਕਾਸਨੂੰ ਬੀਰ ਬੈਤਾਲੀਆ ਵੇ, ਪੰਜਾਂ ਪੀਰਾਂ ਦਾ ਤੁਧ ਮਿਲਾਪ ਮੀਆਂ ।
ਲਾ ਜ਼ੋਰ ਲਲਕਾਰ ਤੂੰ ਪੀਰ ਪੰਜੇ, ਤੇਰਾ ਦੂਰ ਹੋਵੇ ਦੁਖ ਤਾਪ ਮੀਆਂ ।
ਜਿਨ੍ਹਾਂ ਪੀਰਾਂ ਦਾ ਜ਼ੋਰ ਹੈ ਤੁਧ ਨੂੰ ਵੇ, ਕਰ ਰਾਤ ਦਿੰਹ ਓਹਨਾਂ ਦਾ ਜਾਪ ਮੀਆਂ ।
ਜ਼ੋਰ ਆਪਣਾ ਫ਼ਕਰ ਨੂੰ ਯਾਦ ਆਇਆ, ਬਾਲਨਾਥ ਮੇਰਾ ਗੁਰੂ ਬਾਪ ਮੀਆਂ ।
ਵਾਰਿਸ ਸ਼ਾਹ ਭੁਖਾ ਬੂਹੇ ਰੋਏ ਬੈਠਾ, ਦੇਇ ਉਨ੍ਹਾਂ ਨੂੰ ਵੱਡਾ ਸਰਾਪ ਮੀਆਂ ।
459. ਰਾਂਝਾ ਆਪਣੇ ਆਪ ਨੂੰ ਕਹਿੰਦਾ ਹੈ

ਕਰਾਮਾਤ ਜਗਾਇ ਕੇ ਸਿਹਰ ਫੂਕਾਂ, ਜੜ੍ਹ ਖੇੜਿਆਂ ਦੀ ਮੁਢੋਂ ਪੱਟ ਸੁੱਟਾਂ ।
ਫ਼ੌਜਦਾਰ ਨਾਹੀਂ ਪਕੜ ਕਵਾਰੜੀ ਨੂੰ, ਹੱਥ ਪੈਰ ਤੇ ਨੱਕ ਕੰਨ ਕੱਟ ਸੁੱਟਾਂ ।
ਨਾਲ ਫ਼ੌਜ ਨਾਹੀਂ ਦਿਆਂ ਫੂਕ ਅੱਗਾਂ, ਕਰ ਮੁਲਕ ਨੂੰ ਚੌੜ ਚੁਪੱਟ ਸੁੱਟਾਂ ।
'ਅਲਮਾਤਰਾ ਕੈਫ਼ਾ ਬੁਦੂ ਕੱਹਾਰ' ਪੜ੍ਹ ਕੇ, ਨਈਂ ਵਹਿੰਦੀਆਂ ਪਲਕ ਵਿੱਚ ਅੱਟ ਸੁਟਾਂ ।
ਸਹਿਤੀ ਹੱਥ ਆਵੇ ਪਕੜ ਚੂੜੀਆਂ ਥੋਂ, ਵਾਂਗ ਟਾਟ ਦੀ ਤਪੜੀ ਛੱਟ ਸੁਟਾਂ ।
ਪੰਜ ਪੀਰ ਜੇ ਬਹੁੜਨ ਆਣ ਮੈਨੂੰ, ਦੁਖ ਦਰਦ ਕਜੀਅੜੇ ਕੱਟ ਸੱਟਾਂ ।
ਹੁਕਮ ਰਬ ਦੇ ਨਾਲ ਮੈਂ ਕਾਲ ਜੀਭਾ, ਮਗਰ ਲੱਗ ਕੇ ਦੂਤ ਨੂੰ ਚੱਟ ਸੁੱਟਾਂ ।
ਜਟ ਵਟ ਤੇ ਪਟ ਤੇ ਫਟ ਬੱਧੇ, ਵਰ ਦੇਣ ਸਿਆਣਿਆਂ ਸੱਤ ਸੁਟਾਂ ।
ਪਾਰ ਹੋਵੇ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ ।
ਵਾਰਿਸ ਸ਼ਾਹ ਮਾਸ਼ੂਕ ਜੇ ਮਿਲੇ ਖ਼ਿਲਵਤ, ਸਭ ਜੀਊ ਦੇ ਦੁਖ ਉਲੱਟ ਸੁੱਟਾਂ ।
(ਸਿਹਰ ਫੂਕਾਂ=ਜਾਦੂ ਕਰਾਂ, ਅਲਮਾਤਰਾ ਕੈਫ਼ਾ=ਸੂਰਾ ਫ਼ੀਲ
ਜਿਸ ਵਿੱਚ ਅਬਰਹਿ ਦੇ ਹਾਥੀਆਂ ਤੇ ਅਬਾਬੀਲਾਂ ਦੇ ਲਸ਼ਕਰ ਵੱਲੋਂ ਹਮਲੇ
ਦਾ ਵਰਣਨ ਹੈ ।ਆਬਬੀਲਾਂ ਨੇ ਕੰਕਰੀਆਂ ਮਾਰ ਮਾਰ ਕੇ ਹਾਥੀਆਂ ਦਾ
ਕਚੂਮਰ ਕੱਢ ਦਿੱਤਾ, ਬੁਦੂ ਕੱਹਾਰ=ਇਹ ਇੱਕ ਜਲਾਲੀ ਅਮਲ ਹੈ ਜਿਹੜਾ
ਵੈਰੀ ਉਤੇ ਗ਼ਾਲਬ ਆਉਣ ਲਈ ਪੜ੍ਹਿਆ ਜਾਂਦਾ ਹੈ, ਨਈਂ ਵਹਿੰਦੀਆਂ=
ਵਗਦੀਆਂ ਨਦੀਆਂ ਨੂੰ ਅੱਖ ਦੇ ਫੋਰੇ ਵਿੱਚ ਸੁਕਾ ਕੇ ਉਨ੍ਹਾਂ ਨੂੰ ਮਿੱਟੀ ਨਾਲ
ਭਰ ਦੇਵਾਂ, ਕਜੀਅੜੇ=ਕਜ਼ੀਏ, ਝੱਟ ਸੁੱਟਾਂ=ਖ਼ਾਲੀ ਕਰ ਦੇਵਾਂ)

460. ਰਾਂਝਾ ਕਾਲੇ ਬਾਗ਼ ਵਿਚ

ਦਿਲ ਫ਼ਿਕਰ ਨੇ ਘੇਰਿਆ ਬੰਦ ਹੋਇਆ, ਰਾਂਝਾ ਜੀਊ ਗ਼ੋਤੇ ਲਖ ਖਾਇ ਬੈਠਾ ।
ਸੱਥੋਂ ਹੂੰਝ ਧੂੰਆਂ ਸਿਰ ਚਾ ਟੁਰਿਆ, ਕਾਲੇ ਬਾਗ਼ ਵਿਚ ਢੇਰ ਮਚਾਇ ਬੈਠਾ ।
ਅਖੀਂ ਮੀਟ ਕੇ ਰਬ ਧਿਆਨ ਧਰ ਕੇ, ਚਾਰੋਂ ਤਰਫ਼ ਹੈ ਧੂੰਨੜਾ ਲਾਇ ਬੈਠਾ ।
ਵਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ, ਉੱਥੇ ਵਲਗਣਾਂ ਖ਼ੂਬ ਬਣਾਇ ਬੈਠਾ ।
ਅਸਾਂ ਕੱਚ ਕੀਤਾ ਰੱਬ ਸਚ ਕਰਸੀ, ਇਹ ਆਖ ਕੇ ਵੈਲ ਜਗਾਇ ਬੈਠਾ ।
ਭੜਕੀ ਅੱਗ ਜਾਂ ਤਾਉਣੀ ਤਾਉ ਕੀਤਾ, ਇਸ਼ਕ ਮੁਸ਼ਕ ਵਿਸਾਰ ਕੇ ਜਾਇ ਬੈਠਾ ।
ਵਿੱਚ ਸੰਘਣੀ ਛਾਉਂ ਦੇ ਘਤ ਭੂਰਾ, ਵਾਂਗ ਅਹਿਦੀਆਂ ਢਾਸਣਾ ਲਾਇ ਬੈਠਾ ।
ਵਾਰਿਸ ਸ਼ਾਹ ਉਸ ਵਕਤ ਨੂੰ ਝੂਰਦਾ ਈ, ਜਿਸ ਵੇਲੜੇ ਅੱਖੀਆਂ ਲਾਇ ਬੈਠਾ ।
(ਸੱਥੋਂ=ਸਥ ਵਿੱਚੋਂ, ਧੂੰਨੜਾ=ਧੂੰਆਂ, ਵੈਲ=ਐਬ, ਅਹਿਦੀ=ਪਿਆਦਾ,
ਤਾਉਨੀ=ਭੱਠੀ)

461. ਤਥਾ

ਮੀਟ ਅੱਖੀਆਂ ਰੱਖੀਆਂ ਬੰਦਗੀ ਤੇ, ਘੱਤੇ ਜੱਲੀਆਂ ਚਿੱਲੇ ਵਿੱਚ ਹੋਇ ਰਹਿਆ ।
ਕਰੇ ਆਜਜ਼ੀ ਵਿੱਚ ਮੁਰਾਕਬੇ ਦੇ, ਦਿਨੇ ਰਾਤ ਖ਼ੁਦਾਇ ਥੇ ਰੋਇ ਰਹਿਆ ।
ਵਿੱਚ ਯਾਦ ਖ਼ੁਦਾਇ ਦੀ ਮਹਿਵ ਰਹਿੰਦਾ, ਕਦੀ ਬੈਠ ਰਹਿਆ ਕਦੀ ਸੋਇ ਰਹਿਆ ।
ਵਾਰਿਸ ਸ਼ਾਹ ਨਾ ਫ਼ਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਵਣਾ ਸੀ ਸੋਈ ਹੋਇ ਰਹਿਆ ।
(ਮਹਿਵ=ਲੱਗਾ ਹੋਇਆ)

462. ਤਥਾ

ਨਿਉਲੀ ਕਰਮ ਕਰਦਾ ਕਦੀ ਅਰਧ ਤਪ ਵਿੱਚ, ਕਦੀ ਹੋਮ ਸਰੀਰ ਜੋ ਲਾਇ ਰਹਿਆ ।
ਕਦੀ ਨਖੀ ਤਪ ਸ਼ਾਮ ਤਪ ਪੌਣ ਭਖੀ, ਸਦਾ-ਬਰਤ ਨੇਮੀ ਚਿੱਤ ਲਾਇ ਰਹਿਆ ।
ਕਦੀ ਉਰਧ ਤਪ ਸਾਸ ਤਪ ਗਰਾਸ ਤਪ ਨੂੰ, ਕਦੀ ਜੋਗ ਜਤੀ ਚਿਤ ਲਾਇ ਰਹਿਆ ।
ਕਦੀ ਮਸਤ ਮਕਜ਼ੂਬ ਲਟ ਹੋ ਸੁਥਰਾ, ਅਲਫ ਸਿਆਹ ਮੱਥੇ ਉੱਤੇ ਲਾਇ ਰਹਿਆ ।
ਆਵਾਜ਼ ਆਇਆ ਬੱਚਾ ਰਾਂਝਣਾ ਵੋ, ਤੇਰਾ ਸੁਬ੍ਹਾ ਮੁਕਾਬਲਾ ਆਇ ਰਹਿਆ ।
(ਨਖੀ ਤਪ=ਸਰੀਰ ਦਾ ਸਾਰਾ ਭਾਰ ਹੱਥਾਂ ਅਤੇ ਪੈਰਾਂ ਦੇ ਪੰਜਿਆਂ ਤੇ ਪਾਉਣਾ,
ਪੌਣ ਭੱਖੀ=ਅਪਣੇ ਅੰਦਰ ਸਾਫ਼ ਹਵਾ ਖਿਚਣਾ ਅਤੇ ਗੰਦੀ ਹਵਾ ਬਾਹਰ ਕੱਢਣਾ,
ਨਿਉਲੀ ਕਰਮ=ਯੋਗ ਅਭਿਆਸ ਵਿੱਚ ਛੇ ਕਰਮ ਹਨ: 1. ਨਿਉਲੀ ਕਰਮ, 2
ਨੇਤੀ ਕਰਮ, 3. ਧੇਤੀ ਕਰਮ, 4. ਦਸਤੀ ਕਰਮ, 5. ਤਰਾਟਕ, 6 ਕਪਾਲ ਭਾਤੀ,
ਅਰਧ ਤਪ=ਆਕਾਸ਼ ਵਲ ਮੂੰਹ ਕਰਕੇ ਬਾਹਾਂ ਖੜੀਆਂ ਕਰਕੇ ਕੀਤੀ ਹੋਈ ਕਸਰਤ,
ਗਰਾਸ=ਬੁਰਕੀ, ਮਕਜ਼ੂਬ=ਰਬ ਦੀ ਯਾਦ ਵਿੱਚ ਡੁਬਾ ਹੋਇਆ)

463. ਕੁੜੀਆਂ ਕਾਲੇ ਬਾਗ਼ ਵਿੱਚ ਗਈਆਂ

ਰੋਜ਼ ਜੁੰਮੇ ਦੇ ਤ੍ਰਿੰਞਣਾਂ ਧੂੜ ਘੱਤੀ, ਤੁਰ ਨਿਕਲੇ ਕਟਕ ਅਰਬੇਲੀਆਂ ਦੇ ।
ਜਿਵੇਂ ਕੂੰਜਾਂ ਦੀ ਡਾਰ ਆ ਲਹੇ ਬਾਗੀਂ, ਫਿਰਨ ਘੋੜੇ ਤੇ ਰੱਬ ਮਹੇਲੀਆਂ ਦੇ ।
ਵਾਂਗ ਸ਼ਾਹ ਪਰੀਆਂ ਛਣਾਂ ਛਣ ਛਣਕਣ, ਵੱਡੇ ਤ੍ਰਿੰਞਣ ਨਾਲ ਸਹੇਲੀਆਂ ਦੇ ।
ਧਮਕਾਰ ਪੈ ਗਈ ਤੇ ਧਰਤ ਕੰਬੀ, ਛੁੱਟੇ ਪਾਸਨੇ ਗਰਬ ਗਹੇਲੀਆਂ ਦੇ ।
ਵੇਖ ਜੋਗੀ ਦਾ ਥਾਂਉਂ ਵਿੱਚ ਆ ਵੜੀਆਂ, ਮਹਿਕਾਰ ਪੈ ਗਏ ਚੰਬੇਲੀਆਂ ਦੇ ।
ਵਾਰਿਸ ਸ਼ਾਹ ਉਸ਼ਨਾਕ ਜਿਉਂ ਢੂੰਡ ਲੈਂਦੇ, ਇਤਰ ਵਾਸਤੇ ਹੱਟ ਫੁਲੇਲੀਆਂ ਦੇ ।
(ਧੂੜ ਘੱਤੀ=ਧੂੜ ਪੱਟੀ, ਅਰਬੇਲੀਆਂ=ਮੁਟਿਆਰਾਂ, ਪਾਸਣੇ ਛੁਟਣਾ=ਦੌੜ
ਆਰੰਭ ਕਰਨਾ, ਮਹਿਕਾਰ=ਮਹਿਕ, ਉਸ਼ਨਾਕ=ਸ਼ੌਕ ਵਾਲੇ)

464. ਕੁੜੀਆਂ ਨੇ ਰਾਂਝੇ ਦਾ ਡੇਰਾ ਬਰਬਾਦ ਕਰਨਾ

ਧੂੰਆਂ ਫੋਲ ਕੇ ਰੋਲ ਕੇ ਸੱਟ ਖੱਪਰ, ਤੋੜ ਸੇਲ੍ਹੀਆਂ ਭੰਗ ਖਿਲਾਰੀਆਂ ਨੇ ।
ਡੰਡਾ ਕੂੰਡਾ ਭੰਗ ਅਫੀਮ ਕੋਹੀ, ਫੋਲ ਫਾਲ ਕੇ ਪੱਟੀਆਂ ਡਾਰੀਆਂ ਨੇ ।
ਧੂੰਆਂ ਸਵਾਹ ਖਿਲਾਰ ਕੇ ਭੰਨ ਹੁੱਕਾ, ਗਾਹ ਘੱਤ ਕੇ ਲੁੱਡੀਆਂ ਮਾਰੀਆਂ ਨੇ ।
ਸਾਫ਼ਾ ਸੰਗਲੀ ਚਿਮਟਾ ਭੰਗ ਕੱਕੜ, ਨਾਦ ਸਿਮਰਨਾ ਧੂਪ ਖਿਲਾਰੀਆਂ ਨੇ ।
ਜੇਹਾ ਹੂੰਝ ਬੁਹਾਰ ਤੇ ਫੋਲ ਕੂੜਾ, ਬਾਹਰ ਸੁੱਟਿਆ ਕੱਢ ਪਸਾਰੀਆਂ ਨੇ ।
ਕਰਨ ਹਲੂ ਹਲੂ ਤੇ ਮਾਰ ਹੇਕਾਂ, ਦੇਣ ਧੀਰੀਆਂ ਤੇ ਖਿੱਲੀ ਮਾਰੀਆਂ ਨੇ ।
ਵਾਰਿਸ ਸ਼ਾਹ ਜਿਉਂ ਦਲਾਂ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟ ਉਜਾੜੀਆਂ ਨੇ ।
(ਕੋਹੀ=ਇੱਕ ਨਸ਼ੇ ਵਾਲੀ ਬੂਟੀ, ਗਾਹ ਘਤਣਾ=ਗਾਹੁਣਾ, ਸਾਫ਼ਾ=ਸਾਫ਼ੀ,
ਕੱਕੜ=ਕੱਚਾ ਤਮਾਖੂ, ਸਿਮਰਨਾ=ਮਾਲਾ, ਬੁਹਾਰ=ਬੁਹਾਰੀ ਨਾਲ ਹੂੰਝ ਕੇ,
ਧੂਫ਼=ਅਗਰ ਬੱਤੀ, ਹਲੂ ਹਲੂ=ਇਕੱਠੀਆਂ ਹੋ ਕੇ ਜੈਕਾਰੇ ਆਦਿ ਛੱਡਣੇ,
ਦਲਾਂ=ਸਿੱਖ ਫ਼ੌਜਾਂ)

465. ਤਥਾ

ਕਿਲੇਦਾਰ ਨੂੰ ਮੋਰਚੇ ਤੰਗ ਢੁੱਕੇ, ਸ਼ਬਖੂਨ ਤੇ ਤਿਆਰ ਹੋ ਸੱਜਿਆ ਈ ।
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ, ਉਠ ਬੋਤੀਆਂ ਦੇ ਮਨ੍ਹੇ ਗੱਜਿਆ ਈ ।
ਸਭਾ ਨੱਸ ਗਈਆਂ ਇੱਕਾ ਰਹੀ ਪਿੱਛੇ, ਆਇ ਸੋਇਨ ਚਿੜੀ ਉਤੇ ਵੱਜਿਆ ਈ ।
ਹਾਇ ਹਾਇ ਮਾ-ਮੁੰਡੀਏ ਜਾਹ ਨਾਹੀਂ, ਪਰੀ ਵੇਖ ਅਵਧੂਤ ਨਾ ਲੱਜਿਆ ਈ ।
ਨੰਗੀ ਹੋ ਨੱਠੀ ਸੱਟ ਸਤਰ ਜ਼ੇਵਰ, ਸੱਭਾ ਜਾਨ ਭਿਆਣੀਆਂ ਤੱਜਿਆ ਈ ।
ਮਲਕੁਲਮੌਤ ਅਜ਼ਾਬ ਦੇ ਕਰੇ ਨੰਗੀ, ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ ।
ਉਤੋਂ ਨਾਦ ਵਜਾਇਕੇ ਕਰੇ ਨਾਹਰਾ, ਅਖੀਂ ਲਾਲ ਕਰਕੇ ਮੂੰਹ ਟੱਡਿਆ ਈ ।
ਵਾਰਿਸ ਸ਼ਾਹ ਹਿਸਾਬ ਨੂੰ ਪਰੀ ਪਕੜੀ, ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ ।
(ਮੋਰਚੇ ਤੰਗ ਢੁੱਕੇ=ਮੋਰਚੇ ਨੇੜੇ ਲੱਗੇ, ਸ਼ਬਖੂਨ=ਰਾਤ ਵੇਲੇ ਚੋਰੀ ਹਮਲਾ ਕਰਨਾ,
ਥੜਾ=ਚੋਰ ਫੜਣ ਲਈ ਜਾਂ ਦੁਸ਼ਮਣ ਦੇ ਰਾਹ ਵਿੱਚ ਹਥਿਆਰਬੰਦ ਆਦਮੀਆਂ ਦਾ
ਲੁਕ ਕੇ ਬੈਠਣਾ, ਅਵਧੂਤ=ਬਿਭੂਤ ਮਲਣ ਵਾਲਾ ਨੰਗਾ ਸਾਧੂ, ਜਾਨ ਭਿਆਣੀ=
ਆਪਣੀ ਬੱਚਤ ਲਈ ਘਬਰਾਈ ਹੋਈ, ਮਲਕੁਲਮੌਤ=ਮੌਤ ਦਾ ਫ਼ਰਿਸ਼ਤਾ,ਜਮਦੂਤ,
ਅਜ਼ਾਬ=ਦੁਖ, ਪਰੀ ਪਕੜੀ=ਕੁੜੀ ਫੜ ਲਈ, ਹਸ਼ਰ ਦਾ ਸੂਰ=ਕਿਆਮਤ ਦਾ ਨਾਦ)

466. ਕੁੜੀ ਦਾ ਰਾਂਝੇ ਨੂੰ ਕਹਿਣਾ

ਕੁੜੀ ਆਖਿਆ ਮਾਰ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆਂ ਵੇ ।
ਲੱਗੇ ਫਾਹੁੜੀ ਬਾਹੁੜੀ ਮਰਾਂ ਜਾਨੋਂ, ਰੱਖ ਲਈ ਤੂੰ ਮੀਆਂ ਮਸਤਾਨਿਆਂ ਵੇ ।
ਇਜ਼ਰਾਈਲ ਜਮ ਆਣ ਕੇ ਬਹੇ ਬੂਹੇ, ਨਹੀਂ ਛੁਟੀਂਦਾ ਨਾਲ ਬਹਾਨਿਆਂ ਵੇ ।
ਤੇਰੀ ਡੀਲ ਹੈ ਦੇਉ ਦੀ ਅਸੀਂ ਪਰੀਆਂ, ਇੱਕਸ ਲਤ ਲੱਗੇ ਮਰ ਜਾਨੀਆਂ ਵੇ ।
ਗੱਲ ਦੱਸਣੀ ਹੈ ਸੋ ਤੂੰ ਦੱਸ ਮੈਨੂੰ, ਤੇਰਾ ਲੈ ਸੁਨੇਹੜਾ ਜਾਨੀਆਂ ਵੇ ।
ਮੇਰੀ ਤਾਈ ਹੈ ਜਿਹੜੀ ਤੁੱਧ ਬੇਲਣ, ਅਸੀਂ ਹਾਲ ਥੀਂ ਨਹੀਂ ਬੇਗਾਨੀਆਂ ਵੇ ।
ਤੇਰੇ ਵਾਸਤੇ ਓਸਦੀ ਕਰਾਂ ਮਿੰਨਤ, ਜਾਇ ਹੀਰ ਅੱਗੇ ਟਟਿਆਨੀਆਂ ਵੇ ।
ਵਾਰਿਸ ਆਖ ਕੀਕੂੰ ਆਖਾਂ ਜਾਇ ਉਸ ਨੂੰ, ਅਵੇ ਇਸ਼ਕ ਦੇ ਕੰਮ ਦਿਆ ਬਾਨੀਆਂ ਵੇ ।
(ਇੱਕਸ=ਇੱਕੋਬੇਲਣ=ਸਹੇਲੀ, ਟਟਿਆਨੀਆਂ=ਟਟ੍ਹੀਰੀ ਦੀ ਅਵਾਜ਼ ਵਾਂਗ ਤਰਲਾ)

467. ਰਾਂਝੇ ਦਾ ਕੁੜੀ ਹੱਥ ਹੀਰ ਨੂੰ ਸੁਨੇਹਾ

ਜਾਇ ਹੀਰ ਨੂੰ ਆਖਣਾ ਭਲਾ ਕੀਤੋ, ਸਾਨੂੰ ਹਾਲ ਥੀਂ ਚਾ ਬੇਹਾਲ ਕੀਤੋ ।
ਝੰਡਾ ਸਿਆਹ ਸਫ਼ੈਦ ਸੀ ਇਸ਼ਕ ਵਾਲਾ, ਉਹ ਘੱਤ ਮਜੀਠ ਗ਼ਮ ਲਾਲ ਕੀਤੋ ।
ਦਾਨਾ ਬੇਗ ਦੇ ਮਗਰ ਜਿਉਂ ਪਏ ਗ਼ਿਲਜ਼ੀ ਡੇਰਾ, ਲੁੱਟ ਕੇ ਚਾਇ ਕੰਗਾਲ ਕੀਤੋ ।
ਤਿਲਾ ਕੁੰਦ ਨੂੰ ਅੱਗ ਦਾ ਤਾਉ ਦੇ ਕੇ, ਚਾਇ ਅੰਦਰੋਂ ਬਾਹਰੋਂ ਲਾਲ ਕੀਤੋ ।
ਅਹਿਮਦ ਸ਼ਾਹ ਵਾਂਗੂੰ ਮੇਰੇ ਵੈਰ ਪੈ ਕੇ, ਪੱਟ ਪੱਟ ਕੇ ਚੱਕ ਦਾ ਤਾਲ ਕੀਤੋ ।
ਚਿਹਰੀਂ ਸ਼ਾਦ ਬਹਾਲੀਆਂ ਖੇੜਿਆਂ ਨੂੰ, ਬਰਤਰਫ਼ੀਆਂ ਤੇ ਮਹੀਂਵਾਲ ਕੀਤੋ ।
ਫ਼ਤਿਹਾਬਾਦ ਚਾਇ ਦਿਤੀਆ ਖੇੜਿਆਂ ਨੂੰ, ਭਾਰਾ ਰਾਂਝਣੇ ਦੇ ਵੈਰੋਵਾਲ ਕੀਤੋ ।
ਛੱਡ ਨੱਠੀ ਏ ਸਿਆਲ ਤੇ ਮਹੀਂ ਮਾਹੀ, ਵਿੱਚ ਖੇੜਿਆਂ ਦੇ ਆਇ ਜਾਲ ਕੀਤੋ ।
ਜਾਂ ਮੈਂ ਗਿਆ ਵਿਹੜੇ ਸਹਿਤੀ ਨਾਲ ਰਲ ਕੇ, ਫੜੇ ਚੋਰ ਵਾਂਗੂੰ ਮੇਰਾ ਹਾਲ ਕੀਤੋ ।
ਨਾਦਰ ਸ਼ਾਹ ਥੋਂ ਹਿੰਦ ਪੰਜਾਬ ਥਰਕੇ, ਮੇਰੇ ਬਾਬ ਦਾ ਤੁਧ ਭੁੰਚਾਲ ਕੀਤੋ ।
ਭਲੇ ਚੌਧਰੀ ਦਾ ਪੁਤ ਚਾਕ ਹੋਇਆ, ਚਾਇ ਜਗ ਉੱਤੇ ਮਹੀਂਵਾਲ ਕੀਤੋ ।
ਤੇਰੇ ਬਾਬ ਦਰਗਾਹ ਥੀਂ ਮਿਲੇ ਬਦਲਾ, ਜੇਹਾ ਜ਼ਾਲਮੇ ਤੈਂ ਮੇਰੇ ਨਾਲ ਕੀਤੋ ।
ਦਿੱਤੇ ਆਪਣਾ ਸ਼ੌਕ ਤੇ ਸੋਜ਼ ਮਸਤੀ, ਵਾਰਿਸ ਸ਼ਾਹ ਫ਼ਕੀਰ ਨਿਹਾਲ ਕੀਤੋ ।
(ਦੀਨਾ ਬੇਗ=ਅਹਿਮਦ ਸ਼ਾਹ ਅਬਦਾਲੀ ਨੇ 1762-63 ਵਿੱਚ ਪੰਜਾਬ ਤੇ
ਹਮਲਾ ਕੀਤਾ ਅਤੇ ਬਹੁਤ ਤਬਾਹੀ ਕੀਤੀ ਸੀ, ਤਿਲਾ ਕੁੰਦ=ਝੂਠਾ ਸੋਨਾ,
ਚਿਹਰੀਂ ਸ਼ਾਦ ਬਹਾਲੀਆਂ=ਖੇੜਿਆਂ ਦੀ ਆਸਾਮੀ ਨੂੰ ਬਹਾਲ ਅਤੇ ਮੰਨ ਲਿਆ
ਹੈ ਤੇ ਮੱਝਾਂ ਚਾਰਨ ਵਾਲੇ ਨੂੰ ਹਟਾ ਦਿੱਤਾ ਹੈ ।ਅਜਿਹੇ ਸਮੇਂ ਖੇੜਿਆਂ ਦੇ ਚਿਹਰੇ
ਤੇ ਖ਼ੁਸ਼ੀਆਂ, ਫ਼ਤਿਹਾਬਾਦ ਅਤੇ ਵੈਰੋਵਾਲ ਸਤਲੁਜ ਨਦੀ ਦੇ ਕੰਢੇ ਦੋ ਪਿੰਡ ਹਨ।
ਵਾਰਿਸ ਨੇ ਦੋਨਾਂ ਪਿੰਡਾਂ ਦਾ ਜ਼ਿਕਰ ਚਿੰਨ੍ਹਾਤਮਕ ਤੌਰ ਤੇ ਕੀਤਾ ਹੈ ।ਖੇੜਿਆਂ ਦੇ
ਹੱਥ 'ਫ਼ਤਹਿ' ਭਾਵ ਜਿੱਤ ਅਤੇ ਰਾਂਝੇ ਦੇ ਹਿੱਸੇ 'ਵੈਰ' ਆਇਆ, ਥਰਕੇ=ਕੰਬੇ)

468. ਕੁੜੀ ਹੀਰ ਕੋਲ ਆਈ

ਕੁੜੀ ਆਪਣਾ ਆਪ ਛੁੜਾ ਨੱਠੀ, ਤੀਰ ਗ਼ਜ਼ਬ ਦਾ ਜੀਊ ਵਿੱਚ ਕੱਸਿਆ ਈ ।
ਸਹਿਜੇ ਆ ਕੇ ਹੀਰ ਦੇ ਕੋਲ ਬਹਿ ਕੇ, ਹਾਲ ਓਸ ਨੂੰ ਖੋਲ੍ਹ ਕੇ ਦੱਸਿਆ ਈ ।
ਛਡ ਨੰਗ ਨਾਮੂਸ ਫ਼ਕੀਰ ਹੋਇਆ, ਰਹੇ ਰੋਂਦੜਾ ਕਦੀ ਨਾ ਹੱਸਿਆ ਈ ।
ਏਸ ਹੁਸਨ ਕਮਾਨ ਨੂੰ ਹੱਥ ਫੜਕੇ, ਆ ਕਹਿਰ ਦਾ ਤੀਰ ਕਿਉਂ ਕੱਸਿਆ ਈ ।
ਘਰੋਂ ਮਾਰ ਕੇ ਮੁਹਲਿਆਂ ਕਢਿਆ ਈ, ਜਾ ਕੇ ਕਾਲੜੇ ਬਾਗ਼ ਵਿੱਚ ਵੱਸਿਆ ਈ ।
ਵਾਰਿਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ, ਨੀਰ ਓਸ ਦੇ ਨੈਣਾਂ ਥੀਂ ਵੱਸਿਆ ਈ ।
(ਕਹਿਰ ਦਾ ਤੀਰ ਕੱਸਿਆ=ਕਹਿਰ ਕੀਤਾ)

469. ਹੀਰ

ਕੁੜੀਏ ਵੇਖ ਰੰਝੇਟੜੇ ਕੱਚ ਕੀਤਾ, ਖੋਲ੍ਹ ਜੀਊ ਦਾ ਭੇਤ ਪਸਾਰਿਉ ਨੇ ।
ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਉਸ ਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇ ।
ਰਸਮ ਇਸ਼ਕ ਦੇ ਮੁਲਕ ਦੀ ਚੁਪ ਰਹਿਣਾ, ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇ ।
ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ, ਐਵੇਂ ਬੋਲਣੋਂ ਅਗਨ ਸੰਘਾਰਿਉ ਨੇ ।
ਯੂਸਫ਼ ਬੋਲ ਕੇ ਬਾਪ ਤੇ ਖ਼ਾਬ ਦੱਸੀ, ਉਸ ਨੂੰ ਖੂਹ ਦੇ ਵਿੱਚ ਉਤਾਰਿਉ ਨੇ ।
ਵਾਰਿਸ ਸ਼ਾਹ ਕਾਰੂੰ ਨੂੰ ਸਣੇ ਦੌਲਤ, ਹੇਠ ਜ਼ਿਮੀਂ ਦੇ ਚਾਇ ਨਿਘਾਰਿਉ ਨੇ ।
(ਭੇਤ ਪਸਾਰਨਾ=ਭੇਤ ਦੱਸ ਦੇਣਾ, ਸੰਘਾਰਿਉ=ਮਾਰਿਆ ਗਿਆ)

470. ਤਥਾ

ਚਾਕ ਹੋਇ ਕੇ ਖੋਲੀਆਂ ਚਾਰਦਾ ਸੀ, ਜਦੋਂ ਉਸ ਦਾ ਜੀਊ ਤੂੰ ਖੱਸਿਆ ਸੀ ।
ਉਹਦੀ ਨਜ਼ਰ ਦੇ ਸਾਮ੍ਹਣੇ ਖੇਡਦੀ ਸੈਂ, ਮੁਲਕ ਓਸ ਦੇ ਬਾਬ ਦਾ ਵੱਸਿਆ ਸੀ ।
ਆ ਸਾਹੁਰੇ ਵਹੁਟੜੀ ਹੋਇ ਬੈਠੀ, ਤਦੋਂ ਜਾਇਕੇ ਜੋਗ ਵਿੱਚ ਧੱਸਿਆ ਸੀ ।
ਆਇਆ ਹੋ ਫ਼ਕੀਰ ਤਾਂ ਲੜੇ ਸਹਿਤੀ, ਗੜਾ ਕਹਿਰ ਦਾ ਓਸ ਤੇ ਵੱਸਿਆ ਸੀ ।
ਮਾਰ ਮੁਹਲਿਆਂ ਨਾਲ ਹੈਰਾਨ ਕੀਤੋ, ਤਦੋਂ ਕਾਲੜੇ ਬਾਗ਼ ਨੂੰ ਨੱਸਿਆ ਸੀ ।
ਪਿੱਛਾ ਦੇ ਨਾ ਮਾੜਿਆਂ ਜਾਣ ਕੇ ਨੀ, ਭੇਤ ਇਸ਼ਕ ਦਾ ਆਸ਼ਕਾਂ ਦੱਸਿਆ ਸੀ ।
ਡੋਲੀ ਚੜ੍ਹੀ ਤਾਂ ਯਾਰ ਤੋਂ ਛੁੱਟ ਪਈਏਂ, ਤਦੋਂ ਮੁਲਕ ਸਾਰਾ ਤੈਨੂੰ ਹੱਸਿਆ ਸੀ ।
ਜਦੋਂ ਮਹੀਂ ਨੂੰ ਕੂਚ ਦਾ ਹੁਕਮ ਕੀਤਾ, ਤੰਗ ਤੋਬਰਾ ਨਫ਼ਰ ਨੇ ਕੱਸਿਆ ਸੀ ।
ਜਦੋਂ ਰੂਹ ਇਕਰਾਰ ਇਖ਼ਰਾਜ ਕੀਤਾ, ਤਦੋਂ ਜਾਇ ਕਲਬੂਤ ਵਿੱਚ ਧੱਸਿਆ ਸੀ ।
ਜਿਹੜੇ ਨਿਵੇਂ ਸੋ ਉਹ ਹਜ਼ੂਰ ਹੋਏ, ਵਾਰਿਸ ਸ਼ਾਹ ਨੂੰ ਪੀਰ ਨੇ ਦੱਸਿਆ ਸੀ ।
(ਖੱਸਿਆ=ਲੁੱਟਿਆ, ਬਾਬ ਦਾ=ਭਾ ਦਾ, ਗੜਾ=ਅਹਿਣ, ਤੰਗ ਤੋਬਰਾ ਕੱਸਣਾ=
ਘੋੜੇ ਨੂੰ ਸਵਾਰੀ ਲਈ ਤਿਆਰ ਕਰਨਾ, ਨਫ਼ਰ=ਨੌਕਰ, ਇਖ਼ਰਾਜ=ਖ਼ਾਰਜ ਹੋਣਾ,
ਨਿਕਲ ਜਾਣਾ, ਨਿਵੇਂ=ਝੁਕੇ)

471. ਤਥਾ

ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ, ਜੁਦਾ ਹੋਇ ਕੇ ਪਿੰਡ ਥੀਂ ਹਾਰ ਰਹਿਆ ।
ਨੈਣਾਂ ਤੇਰਿਆਂ ਜੱਟ ਨੂੰ ਕਤਲ ਕੀਤਾ, ਚਾਕ ਹੋਇਕੇ ਖੋਲ੍ਹੀਆਂ ਚਾਰ ਰਹਿਆ ।
ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ, ਰਾਂਝਾ ਹੋਇ ਕੇ ਟੱਕਰਾਂ ਮਾਰ ਰਹਿਆ ।
ਅੰਤ ਕੰਨ ਪੜਾ ਫ਼ਕੀਰ ਹੋਇਆ, ਘਤ ਮੁੰਦਰਾਂ ਵਿੱਚ ਉਜਾੜ ਰਹਿਆ ।
ਓਸ ਵਤਨ ਨਾ ਮਿਲੇ ਤੂੰ ਸਤਰਖ਼ਾਨੇ, ਥੱਕ ਹੁੱਟ ਕੇ ਅੰਤ ਨੂੰ ਹਾਰ ਰਹਿਆ ।
ਤੈਨੂੰ ਚਾਕ ਦੀ ਆਖਦਾ ਜਗ ਸਾਰਾ, ਇਵੇਂ ਓਸ ਨੂੰ ਮਿਹਣੇ ਮਾਰ ਰਹਿਆ ।
ਸ਼ਕਰ ਗੰਜ ਮਸਊਦ ਮੌਦੂਦ ਵਾਂਗੂੰ, ਉਹ ਨਫ਼ਸ ਤੇ ਹਿਰਸ ਨੂੰ ਮਾਰ ਰਹਿਆ ।
ਸੁਧਾ ਨਾਲ ਤਵੱਕਲੀ ਠੇਲ੍ਹ ਬੇੜਾ, ਵਾਰਿਸ ਵਿੱਚ ਡੁੱਬਾ ਇੱਕੇ ਪਾਰ ਰਹਿਆ ।
(ਥੱਕ ਹੁਟ=ਥੱਕ ਟੁੱਟ ਕੇ, ਤਵੱਕਲੀ=ਵਾਰਿਸ ਨੇ ਤੁਵੱਕਲੀ ਦਾ ਪੰਜਾਬੀਕਰਣ
ਕੀਤਾ ਹੈ, ਭਰੋਸੇ ਨਾਲ, ਸ਼ਕਰ ਗੰਜ ਮਸਊਦ=ਬਾਬਾ ਫਰੀਦ ਨੂੰ ਸ਼ਕਰਗੰਜ ਦੇ
ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਭਗਤੀ ਅਤੇ ਰਿਆਜ਼ਤ
ਬਾਰੇ ਬਹੁਤ ਕਹਾਣੀਆਂ ਮਸ਼ਹੂਰ ਹਨ ।ਉਹ ਰੱਬ ਦੀ ਯਾਦ ਵਿੱਚ ਸੁੱਕ ਕੇ
ਪਿੰਜਰ ਹੋ ਗਏ ਸਨ)

472 ਹੀਰ

ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ, ਜਾ ਲਾ ਲੈ ਜ਼ੋਰ ਜੋ ਲਾਵਣਾ ਈ ।
ਅਸੀਂ ਹੁਸਨ ਤੇ ਹੋ ਮਗ਼ਰੂਰ ਬੈਠੇ, ਚਾਰ ਚਸ਼ਮ ਦਾ ਕਟਕ ਲੜਾਵਣਾ ਈ ।
ਲਖ ਜ਼ੋਰ ਤੂੰ ਲਾ ਜੋ ਲਾਵਣਾ ਈ, ਅਸਾਂ ਬੱਧਿਆਂ ਬਾਝ ਨਾ ਆਵਣਾ ਈ ।
ਸੁਰਮਾ ਅੱਖੀਆਂ ਦੇ ਵਿੱਚ ਪਾਵਣਾ ਈ, ਅਸਾਂ ਵੱਡਾ ਕਮੰਦ ਪਵਾਵਣਾ ਈ ।
ਰੁਖ਼ ਦੇ ਕੇ ਯਾਰ ਭਤਾਰ ਤਾਈਂ, ਸੈਦਾ ਰਾਂਝੇ ਦੇ ਨਾਲ ਲੜਾਵਣਾ ਈ ।
ਠੰਢਾ ਹੋਏ ਬੈਠਾ ਸੈਦਾ ਵਾਂਗ ਦਹਿਸਰ, ਸੋਹਣੀ ਲੰਕ ਨੂੰ ਓਸ ਲੁਟਾਵਣਾ ਈ ।
ਰਾਂਝੇ ਕੰਨ ਪੜਾਇਕੇ ਜੋਗ ਲੀਤਾ, ਅਸਾਂ ਇਸ਼ਕ ਦਾ ਜੋਗ ਲੈ ਲਾਵਣਾ ਈ ।
ਵਾਰਿਸ ਸ਼ਾਹ ਉਹ ਬਾਗ਼ ਵਿੱਚ ਜਾ ਬੈਠਾ, ਹਾਸਲ ਬਾਗ਼ ਦਾ ਅਸਾਂ ਲਿਆਵਣਾ ਈ ।
(ਚਾਰ ਚਸ਼ਮ=ਅੱਖਾਂ ਮੇਲਣੀਆਂ, ਬਧਿਆਂ ਬਾਝ=ਬਗ਼ੈਰ ਸ਼ਾਦੀ ਦੇ, ਲਾਵਾਂ ਵੇਲ
ਲਾੜੇ ਲਾੜੀ ਦਾ ਪੱਲਾ ਬੰਨਿਆਂ ਜਾਂਦਾ ਹੈ, ਭੱਤਾਰ=ਕੰਤ,ਖਾਵੰਦ, ਹਾਸਲ ਬਾਗ਼=
ਫਲ,ਆਮਦਨੀ)

473. ਕੁੜੀ

ਆਕੀ ਹੋਇਕੇ ਖੇੜਿਆਂ ਵਿੱਚ ਵੜੀ ਏਂ, ਇਸ਼ਕ ਹੁਸਨ ਦੀ ਵਾਰਿਸੇ ਜੱਟੀਏ ਨੀ ।
ਪਿੱਛਾ ਅੰਤ ਨੂੰ ਦੇਵਣਾ ਹੋਵੇ ਜਿਸ ਨੂੰ, ਝੁੱਗਾ ਓਸ ਦਾ ਕਾਸ ਨੂੰ ਪੱਟੀਏ ਨੀ ।
ਜਿਹੜਾ ਵੇਖ ਕੇ ਮੁੱਖ ਨਿਹਾਲ ਹੋਵੇ, ਕੀਚੈ ਕਤਲ ਨਾ ਹਾਲ ਪਲੱਟੀਏ ਨੀ ।
ਇਹ ਆਸ਼ਕੀ ਵੇਲ ਅੰਗੂਰ ਦੀ ਏ, ਮੁੱਢੋਂ ਏਸ ਨੂੰ ਪੁੱਟ ਨਾ ਸੱਟੀਏ ਨੀ ।
ਇਹ ਜੋਬਨਾ ਨਿੱਤ ਨਾ ਹੋਵਣਾ ਈ, ਛਾਉਂ ਬੱਦਲਾਂ ਜਦੀ ਜਾਣ ਜੱਟੀਏ ਨੀ ।
ਲੈ ਕੇ ਸੱਠ ਸਹੇਲੀਆਂ ਵਿੱਚ ਬੇਲੇ, ਨਿਤ ਢਾਂਵਦੀ ਸੈਂ ਉਹ ਨੂੰ ਢੱਟੀਏ ਨੀ ।
ਪਿੱਛਾ ਨਾਹਿ ਦੀਚੇ ਸੱਚੇ ਆਸ਼ਕਾਂ ਨੂੰ, ਜੋ ਕੁੱਝ ਜਾਨ ਤੇ ਬਣੇ ਸੋ ਕੱਟੀਏ ਨੀ ।
ਦਾਅਵਾ ਬੰਨ੍ਹੀਏ ਤਾਂ ਖੜਿਆਂ ਹੋ ਲੜੀਏ, ਤੀਰ ਮਾਰ ਕੇ ਆਪ ਨਾ ਛੱਪੀਏ ਨੀ ।
ਅੱਠੇ ਪਹਿਰ ਵਿਸਾਰੀਏ ਨਹੀਂ ਸਾਹਿਬ, ਕਦੀ ਹੋਸ਼ ਦੀ ਅੱਖ ਪਰੱਤੀਏ ਨੀ ।
ਜਿਨ੍ਹਾਂ ਕੰਤ ਭੁਲਾਇਆ ਛੁਟੜਾਂ ਨੇ, ਲਖ ਮੌਲੀਆਂ ਮਹਿੰਦੀਆਂ ਘੱਤੀਏ ਨੀ ।
ਉਠ ਝਬਦੇ ਜਾਇਕੇ ਹੋ ਹਾਜ਼ਿਰ, ਏਹੇ ਕੰਮ ਨੂੰ ਢਿੱਲ ਨਾ ਘੱਤੀਏ ਨੀ ।
ਮਿੱਠੀ ਚਾਟ ਹਲਾਇਕੇ ਤੋਤੜੇ ਨੂੰ, ਪਿੱਛੋਂ ਕੰਕਰੀ ਰੋੜ ਨਾ ਘੱਤੀਏ ਨੀ ।
(ਜੋਬਨਾ=ਜਵਾਨੀ, ਸਾਹਿਬ=ਮਾਲਿਕ, ਤੋਤੜਾ=ਤੋਤਾ, ਛੁੱਟੜਾਂ=ਆਜ਼ਾਦ
ਔਰਤਾਂ, ਮੌਲੀ ਮਹਿੰਦੀ=ਸੁਹਾਗ ਦੀ ਨਿਸ਼ਾਨੀ)

474. ਹੀਰ ਸਹਿਤੀ ਨੂੰ

ਜਿਵੇਂ ਮੁਰਸ਼ਦਾਂ ਪਾਸ ਜਾ ਢਹਿਣ ਤਾਲਬ, ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੇਰੇ ।
ਕਰੀਂ ਸਭ ਤਕਸੀਰ ਮੁਆਫ ਸਾਡੀ, ਪੈਰੀਂ ਪਵਾਂ ਮਨਾਏਂ ਜੇ ਨਾਲ ਮੇਰੇ ।
ਬਖ਼ਸ਼ੇ ਨਿਤ ਗੁਨਾਹ ਖੁਦਾਇ ਸੱਚਾ, ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ ।
ਵਾਰਿਸ ਸ਼ਾਹ ਮਨਾਵੜਾ ਅਸਾਂ ਆਂਦਾ, ਸਾਡੀ ਸੁਲਾਹ ਕਰਾਂਵਦਾ ਨਾਲ ਤੇਰੇ ।
(ਜਾ ਢਹਿਣ=ਪੈਰੀਂ ਪੈਂਦੇ ਹਨ, ਤਾਲਬ=ਲੋੜਵੰਦ)

475. ਸਹਿਤੀ

ਅਸਾਂ ਕਿਸੇ ਦੇ ਨਾਲ ਕੁੱਝ ਨਹੀਂ ਮਤਲਬ, ਸਿਰੋਪਾ ਲਏ ਖ਼ੁਸ਼ੀ ਹਾਂ ਹੋਇ ਰਹੇ ।
ਲੋਕਾਂ ਮਿਹਣੇ ਮਾਰ ਬੇਪਤੀ ਕੀਤੀ, ਮਾਰੇ ਸ਼ਰਮ ਦੇ ਅੰਦਰੇ ਰੋਇ ਰਹੇ ।
ਗ਼ੁੱਸੇ ਨਾਲ ਇਹ ਵਾਲ ਪੈਕਾਨ ਵਾਂਗੂੰ, ਸਾਡੇ ਜੀਊ ਤੇ ਵਾਲ ਗਡੋਇ ਰਹੇ ।
ਨੀਲ ਮੱਟੀਆਂ ਵਿੱਚ ਡੁਬੋਇ ਰਹੇ, ਲੱਖ ਲੱਖ ਮੈਲੇ ਨਿਤ ਧੋਇ ਰਹੇ ।
ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ, ਲਖ ਸੂਹੇ ਦੇ ਵਿੱਚ ਸਮੋਇ ਰਹੇ ।
(ਸਿਰੋਪਾ=ਸਿਰ ਤੋਂ ਪੈਰਾਂ ਤੱਕ ਮਾਣ ਦਾ ਲਿਬਾਸ, ਪੈਕਾਨ=ਤੀਰ)

476. ਹੀਰ

ਹੀਰ ਆਣ ਜਨਾਬ ਵਿੱਚ ਅਰਜ਼ ਕੀਤਾ, ਨਿਆਜ਼ਮੰਦ ਹਾਂ ਬਖ਼ਸ਼ ਮੈਂ ਗ਼ੋਲੀਆਂ ਨੀ ।
ਸਾਨੂੰ ਬਖਸ਼ ਗੁਨਾਹ ਤਕਸੀਰ ਸਾਰੀ, ਜੋ ਕੁਝ ਲੜਦਿਆਂ ਤੁੱਧ ਨੂੰ ਬੋਲੀਆਂ ਨੀ ।
ਅੱਛੀ ਪੀੜ-ਵੰਡਾਵੜੀ ਭੈਣ ਮੇਰੀ, ਤੈਥੋਂ ਵਾਰ ਘੱਤੀ ਘੋਲ ਘੋਲੀਆਂ ਨੀ ।
ਮੇਰਾ ਕੰਮ ਕਰ ਮੁੱਲ ਲੈ ਬਾਝ ਦੰਮਾਂ, ਦੂਣਾ ਬੋਲ ਲੈ ਜੋ ਕੁੱਝ ਬੋਲੀਆਂ ਨੀ ।
ਘਰ ਬਾਰ ਤੇ ਮਾਲ ਜ਼ਰ ਹੁਕਮ ਤੇਰਾ, ਸਭੇ ਤੇਰੀਆਂ ਢਾਂਡੀਆਂ ਖੋਲ੍ਹੀਆਂ ਨੀ ।
ਮੇਰਾ ਯਾਰ ਆਇਆ ਚਲ ਵੇਖ ਆਈਏ, ਪਈ ਮਾਰਦੀ ਸੈਂ ਨਿਤ ਬੋਲੀਆਂ ਨੀ ।
ਜਿਸ ਜ਼ਾਤ ਸਿਫ਼ਾਤ ਚੌਧਰਾਈ ਛੱਡੀ, ਮੇਰੇ ਵਾਸਤੇ ਚਾਰੀਆ ਖੋਲੀਆਂ ਨੀ ।
ਜਿਹੜਾ ਮੁਢ ਕਦੀਮ ਦਾ ਯਾਰ ਮੇਰਾ, ਜਿਸ ਚੂੰਡੀਆਂ ਕਵਾਰ ਦੀਆਂ ਖੋਲ੍ਹੀਆਂ ਨੀ ।
ਵਾਰਿਸ ਸ਼ਾਹ ਗੁਮਰ ਦੇ ਨਾਲ ਬੈਠਾ, ਨਾਹੀਂ ਬੋਲਦਾ ਮਾਰਦਾ ਬੋਲੀਆਂ ਨੀ ।
(ਜਨਾਬ=ਦਰਗਾਹ, ਨਿਆਜ਼ਮੰਦ=ਮੁਹਤਾਜ, ਗੋਲੀ=ਨੌਕਰ, ਦੂਣਾ=ਦੁੱਗਣਾਂ,
ਢਾਂਡੀਆਂ ਖੋਲੀਆਂ=ਪਸ਼ੂ, ਗੁਮਰ=ਗ਼ੁੱਸੇ)

477. ਸਹਿਤੀ

ਪਿਆ ਲਾਹਨਤੋਂ ਤੌਕ ਸ਼ੈਤਾਨ ਦੇ ਗਲ, ਉਹਨੂੰ ਰਬ ਨਾ ਅਰਸ਼ ਤੇ ਚਾੜ੍ਹਨਾ ਏਂ ।
ਝੂਠ ਬੋਲਿਆਂ ਜਿਨ੍ਹਾਂ ਵਿਆਜ ਖਾਧੇ, ਤਿਨ੍ਹਾਂ ਵਿੱਚ ਬਹਿਸ਼ਤ ਨਾ ਵਾੜਨਾ ਏਂ ।
ਅਸੀਂ ਜੀਊ ਦੀ ਮੇਲ ਚੁਕਾਇ ਬੈਠੇ, ਵਤ ਕਰਾਂ ਨਾ ਸੀਵਣਾ ਪਾੜਨਾ ਏਂ ।
ਸਾਨੂੰ ਮਾਰ ਲੈ ਭਈਅੜਾ-ਪਿੱਟੜੀ ਨੂੰ, ਚਾੜ੍ਹ ਸੀਖ ਉੱਤੇ ਜੇ ਤੂੰ ਚਾੜ੍ਹਨਾ ਏਂ ।
ਅੱਗੇ ਜੋਗੀ ਥੋਂ ਮਾਰ ਕਰਾਈਆ ਈ, ਹੁਣ ਹੋਰ ਕੀ ਪੜਤਣਾ ਪਾੜਨਾ ਏਂ ।
ਤੌਬਾ ਤੁਨ ਨਸੂਹਨ ਜੇ ਮੈਂ ਮੂੰਹੋਂ ਬੋਲਾਂ, ਨਕ ਵੱਢ ਕੇ ਗਧੇ ਤੇ ਚਾੜ੍ਹਨਾ ਏਂ ।
ਘਰ ਬਾਰ ਥੀਂ ਚਾਇ ਜਵਾਬ ਦਿੱਤਾ, ਹੋਰ ਆਖ ਕੀ ਸੱਚ ਨਿਤਾਰਨਾ ਏਂ ।
ਮੇਰੇ ਨਾਲ ਨਾ ਵਾਰਿਸਾ ਬੋਲ ਐਵੇਂ, ਮਤਾਂ ਹੋ ਜਾਈ ਕੋਈ ਕਾਰਨਾ ਏਂ ।
(ਤੌਕ=ਪੰਜਾਲੀ, ਵਤ=ਦੁਬਾਰਾ, ਪਾੜਨਾਂ ਸੀਵਣਾ=ਫਫਾਕੁਟਣੀਆਂ ਵਾਲਾ
ਕੰਮ, ਤੌਬਾ ਤੁਨ ਨਸੂਹਨ= ਕਹਿੰਦੇ ਹਨ ਕਿ ਇੱਕ ਸੁਹਣੇ ਚੌਦਾਂ ਵਰ੍ਹਿਆਂ ਦੇ
ਮੁੰਡੇ ਨੇ ਲੜਕੀ ਦਾ ਰੂਪ ਧਾਰ ਕੇ ਸ਼ਾਹੀ ਮਹਲ ਵਿੱਚ ਨੌਕਰੀ ਕਰ ਲਈ,
ਉੱਥੇ ਉਹ ਰਾਣੀ ਨਾਲ ਨਜਾਇਜ਼ ਸਬੰਧ ਕਾਇਮ ਕਰ ਬੈਠਾ ।ਇੱਕ ਦਿਨ
ਰਾਣੀ ਦਾ ਕੀਮਤੀ ਹਾਰ ਗੁਆਚ ਗਿਆ ।ਰਾਜੇ ਨੇ ਸਾਰੀਆਂ ਨੌਕਰਾਨੀਆਂ
ਨੂੰ ਨੰਗਾ ਕਰਕੇ ਤਲਾਸ਼ੀ ਲੈਣ ਦਾ ਹੁਕਮ ਦਿੱਤਾ ।ਨਸੂਹ ਨੂੰ ਹੱਥਾਂ ਪੈਰਾਂ ਦੀਆਂ
ਪੈ ਗਈਆਂ । ਉਸ ਨੇ ਰੱਬ ਅੱਗੇ ਗਿੜਗਿੜਾ ਕੇ ਅਰਦਾਰ ਕੀਤੀ ਕਿ ਜੇ ਮੈਂ
ਹੁਣ ਬਚ ਜਾਵਾਂ ਤਾਂ ਸਾਰੀ ਉਮਰ ਬਦਕਾਰੀ ਅਤੇ ਗੁਨਾਹ ਤੋਂ ਤੌਬਾ ਕਰ
ਲਵਾਂਗਾ ।ਰਬ ਦੀ ਕੁਦਰਤ ਗੁਆਚਾ ਹੋਇਆ ਹਾਰ ਮਿਲ ਗਿਆ ਅਤੇ ਨਸੂਹ
ਨੇ ਬਾਕੀ ਸਾਰੀ ਉਮਰ ਨੇਕੀ ਦੀ ਜ਼ਿੰਦਗੀ ਵਿੱਚ ਬਤੀਤ ਕੀਤੀ)

478. ਹੀਰ

ਆ ਸਹਿਤੀਏ ਵਾਸਤਾ ਰੱਬ ਦਾ ਈ, ਨਾਲ ਭਾਬੀਆਂ ਦੇ ਮਿੱਠਾ ਬੋਲੀਏ ਨੀ ।
ਹੋਈਏ ਪੀੜਵੰਡਾਵੜੇ ਸ਼ੁਹਦਿਆਂ ਦੇ, ਜ਼ਹਿਰ ਬਿਸੀਅਰਾਂ ਵਾਂਗ ਨਾ ਘੋਲੀਏ ਨੀ ।
ਕੰਮ ਬੰਦ ਹੋਵੇ ਪਰਦੇਸੀਆਂ ਦਾ, ਨਾਲ ਮਿਹਰ ਦੇ ਓਸ ਨੂੰ ਖੋਲ੍ਹੀਏ ਨੀ ।
ਤੇਰੇ ਜੇਹੀ ਨਿਨਾਣ ਹੋ ਮੇਲ ਕਰਨੀ, ਜੀਊ ਜਾਨ ਭੀ ਓਸ ਤੋਂ ਘੋਲੀਏ ਨੀ ।
ਜੋਗੀ ਚਲ ਮਨਾਈਏ ਬਾਗ਼ ਵਿੱਚੋਂ, ਹੱਥ ਬੰਨ੍ਹ ਕੇ ਮਿੱਠੜਾ ਬੋਲੀਏ ਨੀ ।
ਜੋ ਕੁੱਝ ਕਹੇ ਸੋ ਸਿਰੇ ਤੇ ਮੰਨ ਲਈਏ, ਗ਼ਮੀ ਸ਼ਾਦੀਉਂ ਮੂਲ ਨਾ ਡੋਲੀਏ ਨੀ ।
ਚਲ ਨਾਲ ਮੇਰੇ ਜੀਵੇਂ ਭਾਗ ਭਰੀਏ, ਮੇਲੇ ਕਰਨੀਏ ਵਿੱਚ-ਵਿਚੋਲੀਏ ਨੀ ।
ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ, ਖੰਡ ਦੁੱਧ ਦੇ ਵਿੱਚ ਚਾ ਘੋਲੀਏ ਨੀ ।
(ਵੰਡਾਵਾੜੇ=ਵੰਡਾਉਣ ਵਾਲੇ, ਬਿਸੀਅਰ=ਜ਼ਹਿਰੀਲੇ,ਵਿਸ ਭਰੇ)

479. ਸਹਿਤੀ ਨੇ ਹੀਰ ਦੀ ਗੱਲ ਮੰਨਣੀ

ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ, ਰਾਜ਼ੀ ਹੋ ਇਬਲੀਸ ਭੀ ਨੱਚਦਾ ਏ ।
ਤਿਵੇਂ ਸਹਿਤੀ ਦੇ ਜੀਊ ਵਿੱਚ ਖ਼ੁਸ਼ੀ ਹੋਈ, ਜੀਊ ਰੰਨ ਦਾ ਛੱਲੜਾ ਕੱਚ ਦਾ ਏ ।
ਜਾ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ ।
ਵਾਰਿਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ ।
(ਕਜ਼ਾ=ਸਵੇਰ ਦੀ ਨਮਾਜ਼ ਖਰਾਬ ਹੋ ਜਾਵੇ)

480. ਸਹਿਤੀ ਨੇ ਜੋਗੀ ਲਈ ਭੇਟਾ ਲਿਜਾਣੀ

ਸਹਿਤੀ ਖੰਡ ਮਲਾਈ ਦਾ ਥਾਲ ਭਰਿਆ, ਚਾਇ ਕਪੜੇ ਵਿੱਚ ਲੁਕਾਇਆ ਈ ।
ਜੇਹਾ ਵਿੱਚ ਨਮਾਜ਼ ਵਿਸ਼ਵਾਸ ਗ਼ੈਬੋਂ, ਅਜ਼ਾਜ਼ੀਲ ਬਣਾ ਲੈ ਆਇਆ ਈ ।
ਉੱਤੇ ਪੰਜ ਰੁਪਏ ਸੂ ਰੋਕ ਰੱਖੇ, ਜਾਇ ਫ਼ਕਰ ਥੇ ਫੇਰੜਾ ਪਾਇਆ ਈ ।
ਜਦੋਂ ਆਂਵਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭਵਾਇਆ ਈ ।
ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾਉ ਦੋਜ਼ਖ਼ੇ ਦਾ ਕੇਹਾ ਆਇਆ ਈ ।
ਤਲਬ ਮੀਂਹ ਦੀ ਵਗਿਆ ਆਣ ਝੱਖੜ, ਯਾਰੋ ਆਖ਼ਰੀ ਦੌਰ ਹੁਣ ਆਇਆ ਈ ।
ਸਹਿਤੀ ਬੰਨ੍ਹ ਕੇ ਹੱਥ ਸਲਾਮ ਕੀਤਾ, ਅੱਗੋਂ ਮੂਲ ਜਵਾਬ ਨਾ ਆਇਆ ਈ ।
ਆਮਿਲ ਚੋਰ ਤੇ ਚੌਧਰੀ ਜਟ ਹਾਕਮ, ਵਾਰਿਸ ਸ਼ਾਹ ਨੂੰ ਰੱਬ ਵਿਖਾਇਆ ਈ ।
(ਵਿਸ਼ਵਾਸ=ਪੂਰਾ ਯਕੀਨ, ਤਾਉ=ਸੇਕ)

481. ਰਾਂਝਾ

ਜਦੋਂ ਖ਼ਲਕ ਪੈਦਾ ਕੀਤੀ ਰੱਬ ਸੱਚੇ, ਬੰਦਿਆਂ ਵਾਸਤੇ ਕੀਤੇ ਨੇ ਇਹ ਪਸਾਰੇ ।
ਰੰਨਾਂ ਛੋਕਰੇ ਜਿੰਨ ਸ਼ੈਤਾਨ ਰਾਵਲ, ਕੁੱਤਾ ਕੁੱਕੜੀ ਬਕਰੀ ਉੱਠ ਸਾਰੇ ।
ਏਹਾ ਮੂਲ ਫ਼ਸਾਦ ਦਾ ਹੋਏ ਪੈਦਾ, ਜਿਨ੍ਹਾਂ ਸਭ ਜਗਤ ਦੇ ਮੌਲ ਮਾਰੇ ।
ਆਦਮ ਕਢ ਬਹਿਸ਼ਤ ਥੀਂ ਖ਼ਵਾਰ ਕੀਤਾ, ਇਹ ਡਾਇਣਾਂ ਧੁਰੋਂ ਹੀ ਕਰਨ ਕਾਰੇ ।
ਇਹ ਕਰਨ ਫ਼ਕੀਰ ਚਾ ਰਾਜਿਆਂ ਨੂੰ, ਇਹਨਾਂ ਰਾਉ ਰਜ਼ਾਦੜੇ ਸਿੱਧ ਮਾਰੇ ।
ਵਾਰਿਸ ਸ਼ਾਹ ਜੋ ਹੁਨਰ ਸਭ ਵਿੱਚ ਮਰਦਾਂ, ਅਤੇ ਮਹਿਰੀਆਂ ਵਿੱਚ ਨੇ ਐਬ ਭਾਰੇ ।
(ਮੂਲ=ਜੜ੍ਹ, ਮੌਲ=ਹਰਿਆਈ, ਫ਼ਸਾਦ ਦੀਆਂ ਅੱਠ ਜੜ੍ਹਾਂ=1. ਰੰਨ, 2 ਛੋਕਰਾ,
3.ਜਿੰਨ, 4. ਰਾਵਲ, 5. ਕੁੱਤਾ, 6. ਕੁਕੜੀ, 7.ਬੱਕਰੀ, 8. ਊਠ, ਰਜ਼ਾਦੜੇ=
ਰਾਏਜ਼ਾਦੜੇ ਭਾਵ ਬਾਦਸ਼ਾਹਾਂ ਦੇ ਪੁੱਤ)

482 ਸਹਿਤੀ

ਸਹਿਤੀ ਆਖਿਆ ਪੇਟ ਨੇ ਖ਼ੁਆਰ ਕੀਤਾ, ਕਣਕ ਖਾ ਬਹਿਸ਼ਤ ਥੀਂ ਕੱਢਿਆ ਈ ।
ਆਈ ਮੈਲ ਤਾਂ ਜੰਨਤੋਂ ਮਿਲੇ ਧੱਕੇ, ਰੱਸਾ ਆਸ ਉਮੀਦ ਦਾ ਵੱਢਿਆ ਈ ।
ਆਖ ਰਹੇ ਫ਼ਰੇਸ਼ਤੇ ਕਣਕ ਦਾਣਾ, ਨਹੀਂ ਖਾਵਣਾ ਹੁਕਮ ਕਰ ਛੱਡਿਆ ਈ ।
ਸਗੋਂ ਆਦਮੇ ਹੱਵਾ ਨੂੰ ਖ਼ਵਾਰ ਕੀਤਾ, ਸਾਥ ਓਸ ਦਾ ਏਸ ਨਾ ਛੱਡਿਆ ਈ ।
ਫੇੜਨ ਮਰਦ ਤੇ ਸੌਂਪਦੇ ਤਰੀਮਤਾਂ ਨੂੰ, ਮੂੰਹ ਝੂਠ ਦਾ ਕਾਸ ਨੂੰ ਟੱਡਿਆ ਈ ।
ਮਰਦ ਚੋਰ ਤੇ ਠੱਗ ਜਵਾਰੀਏ ਨੇ, ਸਾਥ ਬਦੀ ਦਾ ਨਰਾਂ ਨੇ ਲੱਦਿਆ ਈ ।
ਫਰਕਾਨ ਵਿੱਚ 'ਫ਼ਨਕਰੂ' ਰੱਬ ਕਿਹਾ, ਜਦੋਂ ਵਹੀ ਰਸੂਲ ਨੇ ਸੱਦਿਆ ਈ ।
ਵਾਰਿਸ ਸ਼ਾਹ ਇਹ ਤਰੀਮਤਾਂ ਖਾਣ ਰਹਿਮਤ, ਪੈਦਾ ਜਿਨ੍ਹਾਂ ਜਹਾਨ ਕਰ ਛੱਡਿਆ ਈ ।
(ਮੈਲ=ਰੀਝ, ਹੱਵਾ=ਪਹਿਲੀ ਔਰਤ ਜਿਹੜੀ ਰਬ ਨੇ ਪੈਦਾ ਕੀਤੀ, ਬਾਬਾ ਆਦਮ ਦੀ
ਸਾਥਣ, ਫ਼ਨਕਰੂ=ਤਦੋਂ ਵਿਆਹ ਕਰ ਲਵੋ ਜਿਹੜੀ ਤੁਹਾਨੂੰ ਔਰਤਾਂ ਵਿੱਚੋਂ ਪਸੰਦ ਆਵੇ)

483. ਰਾਂਝਾ

ਰੰਨਾਂ ਦਹਿਸਿਰੇ ਨਾਲ ਕੀ ਗਾਹ ਕੀਤਾ, ਰਾਜੇ ਭੋਜ ਨੂੰ ਦੇ ਲਗਾਮੀਆਂ ਨੀ ।
ਸਿਰਕੱਪ ਤੇ ਨਾਲ ਸਲਵਾਹਨੇ ਦੇ, ਵੇਖ ਰੰਨਾਂ ਨੇ ਕੀਤੀਆਂ ਖ਼ਾਮੀਆਂ ਨੀ ।
ਮਰਦ ਹੈਣ ਸੋ ਰੱਖਦੇ ਹੇਠ ਸੋਟੇ, ਸਿਰ ਚਾੜ੍ਹੀਆਂ ਨੇ ਇਹਨਾਂ ਕਾਮੀਆਂ ਨੀ ।
ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨਕ ਪਾਟੇ, ਕੌਣ ਤਿਨ੍ਹਾਂ ਦੀਆਂ ਭਰੇਗਾ ਹਾਮੀਆਂ ਨੀ ।
(ਸਿਰ ਕੱਪ=ਇੱਕ ਧੋਖੇ ਅਤੇ ਜੂਏਬਾਜ਼ ਰਾਜਾ ਸੀ ਜਿਹੜਾ ਵੈਰੀ ਨੂੰ ਹਰਾ ਕੇ
ਉਹਦਾ ਸਿਰ ਵੱਢ ਦਿੰਦਾ ਸੀ ।ਰਾਜਾ ਰਸਾਲੂ ਆਪਣੀ ਜਲਾਵਤਨੀ ਦੇ ਦਿਨਾਂ
ਵਿੱਚ ਇਹਦੀ ਰਾਜਧਾਨੀ ਜਾ ਪੁੱਜਾ ।ਓਥੇ ਉਹਨੇ ਸਰਕੱਪ ਦੀ ਬੇਈਮਾਨੀ ਦਾ
ਭੇਦ ਲੱਭਿਆ।ਸਿਰਕਪ ਨੇ ਚੂਹੇ ਪਾਲੇ ਹੋਏ ਸਨ ਜਿਹੜੇ ਵੈਰੀ ਦੀਆਂ ਨਰਦਾਂ
ਅੱਗੇ ਪਿੱਛੇ ਕਰ ਦਿੰਦੇ ਸਨ ।ਏਸ ਕੰਮ ਲਈ ਉਹ ਖੇਡ ਦੇ ਵਿਚਕਾਰ ਬੱਤੀ ਬੁਝਾ
ਦਿੰਦਾ ਸੀ ।ਰਸਾਲੂ ਨੇ ਇਸ ਦਾ ਪਤਾ ਲਾ ਲਿਆ ਅਤੇ ਚੂਹਿਆਂ ਦੇ ਮੁਕਾਬਲੇ ਤੇ
ਇੱਕ ਬਿੱਲੀ ਲੈ ਗਿਆ ।ਨਰਦਾਂ ਅੱਗੇ ਪਿੱਛੇ ਕਰਨ ਦੀ ਥਾਂ ਚੂਹੇ ਡਰਦੇ ਲੁਕ ਗਏ,
ਸਿਰਕੱਪ ਤੇ ਸਲਵਾਨ=ਰਾਜੇ ਸਿਰਕਪ ਦੀ ਧੀ ਰਾਣੀ ਕੋਕਲਾਂ ਸੀ, ਰਾਜਾ ਰਸਾਲੂ ਨੇ
ਇਹਨੂੰ ਇਹਦੇ ਪਿਉ ਕੋਲੋਂ ਜੂਏ ਵਿੱਚ ਜਿੱਤ ਲਿਆ ਅਤੇ ਏਹਨੂੰ ਇੱਕ ਮਹਿਲ ਵਿੱਚ
ਰੱਖ ਕੇ ਇੱਕ ਤੋਤਾ ਇਹਦੀ ਰਾਖੀ ਲਈ ਛੱਡ ਦਿੱਤਾ।ਰਾਣੀ ਨੇ ਪਿੱਛੋਂ ਹੋਡੀ ਰਾਜੇ
ਨਾਲ ਅੱਖਾਂ ਲੜਾ ਲਈਆਂ ।ਉਹ ਰਾਣੀ ਨੂੰ ਮਹਿਲਾਂ ਦੇ ਪਿੱਛੋਂ ਲਾਹ ਕੇ ਲੇ ਗਿਆ ।
ਰਾਜੇ ਦੇ ਆਉਣ ਤੇ ਤੋਤੇ ਨੇ ਉਹਨੂੰ ਸਾਰੀ ਗੱਲ ਦੱਸੀ ।ਰਾਜਾ ਦੁਖੀ ਹੋ ਕੇ ਆਪਣੇ
ਭਰਾ ਪੂਰਨ ਭਗਤ ਵਾਂਗੂੰ ਸਾਧ ਹੋ ਗਿਆ)

484. ਸਹਿਤੀ

ਜਿਸ ਮਰਦ ਨੂੰ ਸ਼ਰਮ ਨਾ ਹੋਵੇ ਗ਼ੈਰਤ, ਓਸ ਮਰਦ ਥੀਂ ਚੰਗੀਆਂ ਤੀਵੀਆਂ ਨੇ ।
ਘਰ ਵਸਦੇ ਔਰਤਾਂ ਨਾਲ ਸੋਹਣੇ, ਸ਼ਰਮਵੰਦ ਤੇ ਸਤਰ ਦੀਆਂ ਬੀਵੀਆਂ ਨੇ ।
ਇੱਕ ਹਾਲ ਵਿੱਚ ਮਸਤ ਘਰ ਬਾਰ ਅੰਦਰ, ਇੱਕ ਹਾਰ ਸ਼ਿੰਗਾਰ ਵਿੱਚ ਖੀਵੀਆਂ ਨੇ ।
ਵਾਰਿਸ ਸ਼ਾਹ ਹਿਆਉ ਦੇ ਨਾਲ ਅੰਦਰ, ਅੱਖੀਂ ਹੇਠ ਜ਼ਿਮੀਂ ਦੇ ਸੀਵੀਆਂ ਨੇ ।
485. ਰਾਂਝਾ

ਵਫ਼ਾਦਾਰ ਨਾ ਰੰਨ ਜਹਾਨ ਉੱਤੇ, ਪੈਂਦੀ ਸ਼ੇਰ ਦੇ ਨੱਕ ਵਿੱਚ ਨੱਥ ਨਾਹੀਂ ।
ਗਧਾ ਨਹੀਂ ਕੁਲੱਦ ਮਨਖੱਟ ਖੋਜਾ, ਅਤੇ ਖੁਸਰਿਆਂ ਦੀ ਕਾਈ ਕੱਥ ਨਾਹੀਂ ।
ਨਾਮਰਦ ਦੇ ਵਾਰ ਨਾ ਕਿਸੇ ਗਾਂਵੀਂ, ਅਤੇ ਗਾਂਡੂਆਂ ਦੀ ਕਾਈ ਸੱਥ ਨਾਹੀਂ ।
ਜੋਗੀ ਨਾਲ ਨਾ ਰੰਨ ਦਾ ਟੁਰੇ ਟੂਣਾਂ, ਜ਼ੋਰ ਨਈਂ ਦਾ ਚੜ੍ਹੇ ਅਗੱਥ ਨਾਹੀਂ ।
ਯਾਰੀ ਸੁੰਹਦੀ ਨਹੀਂ ਸੁਹਾਗਣਾਂ ਨੂੰ, ਰੰਡੀ ਰੰਨ ਨੂੰ ਸੁੰਹਦੀ ਨੱਥ ਨਾਹੀਂ ।
ਵਾਰਿਸ ਸ਼ਾਹ ਉਹ ਆਪ ਹੈ ਕਰਨਹਾਰਾ, ਇਨ੍ਹਾਂ ਬੰਦਿਆਂ ਦੇ ਕਾਈ ਹੱਥ ਨਾਹੀਂ ।
(ਨੱਥ ਨਾਹੀਂ=ਬਸ ਵਿੱਚ ਨਹੀਂ, ਕੁਲੱਦ=ਜਿਹੜਾ ਲੱਦਣ ਦੇ ਕੰਮ ਨਾ ਆਵੇ,
ਮਨਖੱਟ=ਜਿਹੜਾ ਕੁੱਝ ਖੱਟੇ ਨਾ, ਅਗੱਥ=ਤੂਫ਼ਾਨ, ਕੱਥ=ਵਰਣਨ ਯੋਗ)

486. ਸਹਿਤੀ

ਮੀਆਂ ਤ੍ਰੀਮਤਾਂ ਨਾਲ ਵਿਆਹ ਸੋਹਣ, ਅਤੇ ਮਰਨ ਤੇ ਸੋਹੰਦੇ ਵੈਣ ਮੀਆਂ ।
ਘਰ ਬਾਰ ਦੀ ਜ਼ੇਬ ਤੇ ਹੈਣ ਜ਼ੀਨਤ, ਨਾਲ ਤ੍ਰੀਮਤਾਂ ਸਾਕ ਤੇ ਸੈਣ ਮੀਆਂ ।
ਇਹ ਤ੍ਰੀਮਤਾਂ ਸੇਜ ਦੀਆਂ ਵਾਰਿਸੀ ਨੇ, ਅਤੇ ਦਿਲਾਂ ਦੀਆਂ ਦੇਣ ਤੇ ਲੈਣ ਮੀਆਂ ।
ਵਾਰਿਸ ਸ਼ਾਹ ਇਹ ਜੋਰੂਆਂ ਜੋੜਦੀਆਂ ਨੇ, ਅਤੇ ਮਹਿਰੀਆਂ ਮਹਿਰ ਦੀਆਂ ਹੈਣ ਮੀਆਂ ।
(ਜ਼ੇਬ ਅਤੇ ਜ਼ੀਨਤ=ਸਜਾਵਟ, ਵਾਰਿਸੀ=ਹੱਕਦਾਰ, ਜੋਰੂ=ਪਤਨੀ)

487. ਰਾਂਝਾ

ਸੱਚ ਆਖ ਰੰਨੇ ਕੇਹੀ ਧੁੰਮ ਚਾਈਆ, ਤੁਸਾਂ ਭੋਜ ਵਜ਼ੀਰ ਨੂੰ ਕੁੱਟਿਆ ਜੇ ।
ਦਹਿਸਿਰ ਮਾਰਿਆ ਭੇਤ ਘਰੋਗੜੇ ਨੇ, ਸਣੇ ਲੰਕ ਦੇ ਓਸ ਨੂੰ ਪੁੱਟਿਆ ਜੇ ।
ਕੈਰੋ ਪਾਂਡੋਆਂ ਦੇ ਕਟਕ ਕਈ ਖੂਹਣੀ, ਮਾਰੇ ਤੁਸਾਂ ਦੇ ਸਭ ਨਿਖੁੱਟਿਆ ਜੇ ।
ਕਤਲ ਇਮਾਮ ਹੋਏ ਕਰਬਲਾ ਅੰਦਰ, ਮਾਰ ਦੀਨ ਦਿਆਂ ਵਾਰਿਸਾਂ ਸੁੱਟਿਆ ਜੇ ।
ਜੋ ਕੋ ਸ਼ਰਮ ਹਿਆਂ ਦਾ ਆਦਮੀ ਸੀ, ਜਾਨ ਮਾਲ ਥੋਂ ਓਸ ਨੂੰ ਪੁੱਟਿਆ ਜੇ ।
ਵਾਰਿਸ ਸ਼ਾਹ ਫ਼ਕੀਰ ਤਾਂ ਨੱਸ ਆਇਆ, ਪਿੱਛਾ ਏਸ ਦਾ ਆਣ ਕਿਉ ਖੁੱਟਿਆ ਜੇ ।
(ਧੁੰਮ=ਰੌਲਾ, ਘਰੋਗੜੇ=ਘਰ ਦੇਨਿਖੁੱਟਿਆ=ਖ਼ਤਮ ਹੋ ਗਏ, ਕਰਬਲਾ=ਇਰਾਕ
ਵਿੱਚ ਇੱਕ ਜਗਤਪ੍ਰਸਿੱਧ ਸ਼ਹਿਰ ਜਿਹੜਾ ਫਰਾਤ ਦਰਿਆ ਦੇ ਪੱਛਮੀ ਕੰਢੇ ਤੇ ਵਸਿਆ
ਹੋਇਆ ਹੈ ।ਏਥੇ 10 ਅਕਤੂਬਰ 680 ਨੂੰ ਚੌਥੇ ਖ਼ਲੀਫ਼ਾ ਹਜ਼ਰਤ ਅਲੀ ਦੇ ਪੁੱਤਰ
ਹੁਸੈਨ ਨੂੰ ਯਜ਼ੀਦ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਮਾਰਿਆ ।ਇਮਾਮ ਦਾ ਮਕਬਰਾ
ਏਥੇ ਬਣਾਇਆ ਗਿਆ ਹੈ ।ਬਹੁਤ ਮੁਸਲਮਾਨ ਇਸ ਦੇ ਆਸ ਪਾਸ ਮੁਰਦੇ ਦਫ਼ਨ
ਕਰਨੇ ਪਸੰਦ ਕਰਦੇ ਹਨ, ਖੁੱਟਿਆ=ਪੁੱਟਿਆ)

488. ਸਹਿਤੀ

ਤੈਨੂੰ ਵੱਡਾ ਹੰਕਾਰ ਹੈ ਜੋਬਨੇ ਦਾ, ਖ਼ਾਤਰ ਥੱਲੇ ਨਾ ਕਿਸੇ ਨੂੰ ਲਿਆਵਨਾ ਹੈਂ ।
ਜਿਨ੍ਹਾਂ ਜਾਇਉਂ ਤਿਨ੍ਹਾਂ ਦੇ ਨਾਉਂ ਰੱਖੇ, ਵੱਡਾ ਆਪ ਨੂੰ ਗ਼ੌਸ ਸਦਾਵਨਾ ਹੈਂ ।
ਹੋਵਣ ਤ੍ਰੀਮਤਾਂ ਨਹੀਂ ਤਾਂ ਜਗ ਮੁੱਕੇ, ਵੱਤ ਕਿਸੇ ਨਾ ਜਗ ਤੇ ਆਵਨਾ ਹੈਂ ।
ਅਸਾਂ ਚਿੱਠੀਆਂ ਘਲ ਸਦਾਇਆ ਸੈਂ, ਸਾਥੋਂ ਆਪਣਾ ਆਪ ਛੁਪਾਵਨਾ ਹੈਂ ।
ਕਰਾਮਾਤ ਤੇਰੀ ਅਸਾਂ ਢੂੰਡ ਡਿੱਠੀ, ਐਵੇਂ ਸ਼ੇਖੀਆਂ ਪਿਆ ਜਗਾਵਨਾ ਹੈਂ ।
ਚਾਕ ਸੱਦ ਕੇ ਬਾਗ਼ ਥੀਂ ਕਢ ਛੱਡੂੰ, ਹੁਣੇ ਹੋਰ ਕੀ ਮੂੰਹੋਂ ਅਖਾਵਨਾ ਹੈਂ ।
ਅੰਨ ਖ਼ਾਨਾਂ ਹੈਂ ਰੱਜ ਕੇ ਗਧੇ ਵਾਂਗੂੰ, ਕਦੀ ਸ਼ੁਕਰ ਬਜਾ ਨਾ ਲਿਆਵਨਾ ਹੈਂ ।
ਛੱਡ ਬੰਦਗੀ ਚੋਰਾਂ ਦੇ ਚਲਨ ਫੜਿਉ, ਵਾਰਿਸ ਸ਼ਾਹ ਫ਼ਕੀਰ ਸਦਾਵਨਾ ਹੈਂ ।
(ਖ਼ਾਤਰ ਥੱਲੇ ਨਾ ਲਿਆਉਣਾ=ਕਿਸੇ ਨੂੰ ਕੁੱਝ ਮੰਨਦਾ ਨਹੀਂ, ਵੱਤ=ਫਿਰ,
ਚਲਨ=ਚਾਲੇ,ਕੰਮਕਾਰ)

489. ਰਾਂਝਾ

ਬਾਗ਼ ਛੱਡ ਗਏ ਗੋਪੀ ਚੰਦ ਜੇਹੇ, ਸ਼ੱਦਾਦ ਫ਼ਰਊਨ ਕਹਾਇ ਗਿਆ ।
ਨੌਸ਼ੇਰਵਾਂ ਛੱਡ ਬਗ਼ਦਾਦ ਟੁਰਿਆ, ਉਹ ਅਪਦੀ ਵਾਰ ਲੰਘਾਇ ਗਿਆ ।
ਆਦਮ ਛਡ ਬਹਿਸ਼ਤ ਦੇ ਬਾਗ ਢੱਠਾ, ਭੁਲੇ ਵਿਸਰੇ ਕਣਕ ਨੂੰ ਖਾਇ ਗਿਆ ।
ਫ਼ਰਊਨ ਖ਼ੁਦਾ ਕਹਾਇਕੇ ਤੇ, ਮੂਸਾ ਨਾਲ ਉਸ਼ਟੰਡ ਉਠਾਇ ਗਿਆ ।
ਨਮਰੂਦ ਸ਼ੱਦਾਦ ਜਹਾਨ ਉੱਤੇ, ਦੋਜ਼ਖ ਅਤੇ ਬਹਿਸ਼ਤ ਬਣਾਇ ਗਿਆ ।
ਕਾਰੂੰ ਜ਼ਰਾਂ ਇਕੱਠੀਆਂ ਮੇਲ ਕੇ ਤੇ, ਬੰਨ੍ਹ ਸਿਰੇ ਤੇ ਪੰਡ ਉਠਾਇ ਗਿਆ ।
ਨਾਲ ਦੌਲਤਾਂ ਹੁਕਮ ਤੇ ਸ਼ਾਨ ਸ਼ੌਕਤ, ਮਹਿਖਾਸਰੋਂ ਇੰਦ ਲੁਟਾਇ ਗਿਆ ।
ਸੁਲੇਮਾਨ ਸਿਕੰਦਰੋਂ ਲਾਇ ਸੱਭੇ, ਸੱਤਾਂ ਨਵਾਂ ਤੇ ਹੁਕਮ ਚਲਾਇ ਗਿਆ ।
ਉਹ ਭੀ ਏਸ ਜਹਾਨ ਤੇ ਰਹਿਉ ਨਾਹੀਂ, ਜਿਹੜਾ ਆਪ ਖ਼ੁਦਾ ਕਹਾਇ ਗਿਆ ।
ਮੋਇਆ ਬਖ਼ਤੁਲ ਨੁਸਰ ਜਿਹੜਾ ਚਾੜ੍ਹ ਡੋਲਾ, ਸੱਚੇ ਰਬ ਨੂੰ ਤੀਰ ਚਲਾਇ ਗਿਆ ।
ਤੇਰੇ ਜੇਹੀਆਂ ਕੇਤੀਆਂ ਹੋਈਆਂ ਨੇ, ਤੈਨੂੰ ਚਾ ਕੀ ਬਾਗ਼ ਦਾ ਆਇ ਗਿਆ ।
ਵਾਰਿਸ ਸ਼ਾਹ ਉਹ ਆਪ ਹੈ ਕਰਨ ਕਾਰਨ, ਸਿਰ ਬੰਦਿਆਂ ਦੇ ਗਿਲਾ ਲਾਇ ਗਿਆ ।
(ਗੋਪੀਚੰਦ ਰਾਜਾ=ਬੰਗਾਲ ਦੇਸ਼ ਵਿੱਚ ਰੰਗਪੁਰ (ਰੰਗਵਤੀ) ਦਾ ਰਾਜਾ ਸੀ ਜੋ
ਭਰਥਰੀ ਹਰੀ ਦੀ ਭੈਣ ਮੰਨਾਵਤੀ ਦਾ ਪੁੱਤਰ ਅਤੇ ਪਾਟਮਦੇਵੀ ਦਾ ਪਤੀ ਸੀ ।
ਇਹ ਵੈਰਾਗ ਦੇ ਕਾਰਨ ਰਾਜ ਤਿਆਗ ਕੇ ਜਲੰਧਰ ਨਾਥ ਜੋਗੀ ਦਾ ਚੇਲਾ ਹੋਇਆ,
ਸ਼ੱਦਾਦ=ਜ਼ਾਲਮ ਬਾਦਸ਼ਾਹ, ਸਾਸਾਨ ਦੇ ਮਸ਼ਹੂਰ ਬਾਦਸ਼ਾਹ ਕਬਾਦ ਦਾ ਪੁੱਤਰ,
ਤਖ਼ਤ ਤੇ ਬਹਿੰਦਿਆਂ ਹੀ ਇਹਨੇ ਸਾਰੇ ਭਰਾਵਾਂ ਅਤੇ ਉਨ੍ਹਾਂ ਦੀ ਸੰਤਾਨ ਨੂੰ
ਕਤਲ ਕਰਵਾ ਦਿੱਤਾ ਸੀ, ਨੌਸ਼ੇਰਵਾਂ ਆਦਲ=ਇਹਨੇ ਚਿੱਟੋ ਹੂਣਾਂ ਦਾ ਬਾਰ
ਬਾਰ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ।ਆਪਣੀ ਪਰਬੰਧਕੀ
ਯੋਗਤਾ ਕਾਰਨ ਪ੍ਰਸਿੱਧ ਹੈ ।ਨੌਸ਼ੇਰਵਾਂ ਦਾ ਸ਼ਾਬਦਿਕ ਅਰਥ 'ਅਮਰ' ਹੈ
ਪਰ ਫਿਰ ਵੀ ਉਹ ਮਰ ਗਿਆ, ਸੁਲੇਮਾਨ=ਹਜ਼ਰਤ ਦਾਊਦ ਦਾ ਪੁੱਤਰ, ਰੱਬ
ਦਾ ਨਬੀ=ਬੈਤੁਲਮਕੱਦਸ ਦੀ ਨੀਂਹ ਇਸ ਨੇ ਰੱਖੀ ਸੀ ।ਇਹ ਜਿੰਨਾ ਪਰੀਆਂ
ਦਾ ਬਾਦਸ਼ਾਹ ਸੀ ਤੇ ਪੰਛੀਆਂ ਦੀਆਂ ਬੋਲੀਆਂ ਸਮਝਦਾ ਸੀ ।ਇੱਕ ਵਾਰੀ ਰੱਬ
ਦਾ ਕਹਿਰ ਨਾਜ਼ਲ ਹੋਇਆ ।ਜਿਸ ਕਾਰਨ ਇਹਨੂੰ ਭੱਠੀ ਵਾਲੀ ਦਾ ਭੱਠ ਝੋਕਣਾ
ਪਿਆ ਸੀ, ਉਸ਼ਟੰਡ=ਚਲਾਕ,ਝੂਠਾ, ਸੁਲੇਮਾਨ ਸਿਕੰਦਰੋਂ=ਸੁਲੇਮਾਨ ਤੋਂ ਲੈ ਕੇ
ਸਿਕੰਦਰ ਤੱਕ ਕਈ ਯੂਨਾਨੀ ਬਾਦਸ਼ਾਹ ਹੋਏ ਜਿਨ੍ਹਾਂ ਨੇ ਸਤ ਦੀਪਾਂ ਅਤੇ ਨੌਂ ਖੰਡਾਂ
ਉੱਤੇ ਹੁਕਮ ਚਲਾਏ ਪਰ ਅਸਲੀ ਸਫ਼ਲਤਾ ਉਨ੍ਹਾਂ ਨੂੰ ਵੀ ਨਾ ਮਿਲੀ, ਬਖ਼ਤੁਲ
ਨੁਸਰ ਦਾ ਡੋਲਾ=ਬਖ਼ਤੁਲ ਨੁਸਰ ਦਾ ਉੜਣ ਖਟੋਲਾ, ਉਹ ਬਾਬਲ ਰਾਜ ਦਾ ਬਾਦਸ਼ਾਹ
ਸੀ ।ਉਹਨੇ ਇੱਕ ਉੜਣ ਖਟੋਲਾ ਬਣਾਇਆ ਹੋਇਆ ਸੀ ਜਿਸ ਨਾਲ ਚੌਂਹੀਂ ਪਾਸੀਂ
ਚਾਰ ਬਾਂਸ ਸਨ ।ਉਨ੍ਹਾਂ ਉੱਤੇ ਮਾਸ ਬੱਧਾ ਸੀ ।ਬਾਂਸਾਂ ਦੇ ਥੱਲੇ ਚਾਰ ਬਾਜ਼ ਸਨ ।ਉਹ
ਮਾਸ ਖਾਣ ਲਈ ਉੱਪਰ ਉਡਦੇ ਤੇ ਉੜਣ ਖਟੋਲਾ ਉੱਪਰ ਨੂੰ ਉੜਦਾ ।ਬਾਦਸ਼ਾਹ ਖਟੋਲੇ
ਦੇ ਵਿਚਕਾਰ ਤੀਰ ਕਮਾਨ ਲੈ ਕੇ ਬੈਠਦਾ ਤੇ ਅਸਮਾਨ ਵਿੱਚ ਤੀਰ ਚਲਾਉਂਦਾ ।ਫਿਰ
ਖਟੋਲਾ ਧਰਤੀ ਤੇ ਉਤਾਰ ਕੇ ਲੋਕਾਂ ਨੂੰ ਮਾਸ ਅਤੇ ਇੱਕ ਖੂਨ ਦਾ ਪਿਆਲਾ ਦਿਖਾ ਕੇ
ਕਹਿੰਦਾ ਕਿ ਮੈਂ ਤੁਹਾਡੇ ਰੱਬ ਨੂੰ ਖ਼ਤਮ ਕਰ ਆਇਆ ਹਾਂ ।ਉਹਨੂੰ ਵੀ ਮੌਤ ਆ ਗਈ,
ਕੇਤੀਆਂ=ਕਿੰਨੀਆਂ)

490. ਸਹਿਤੀ

ਪੰਡ ਝਗੜਿਆਂ ਦੀ ਕੇਹੀ ਖੋਲ੍ਹ ਬੈਠੋਂ, ਵੱਡਾ ਮਹਿਜ਼ਰੀ ਘੰਡ ਲਟ ਬਾਵਲਾ ਵੇ ।
ਅਸਾਂ ਇੱਕ ਰਸਾਇਣ ਹੈ ਢੂਡ ਆਂਦੀ, ਭਲਾ ਦੱਸ ਖਾਂ ਕੀ ਹੈ ਰਾਵਲਾ ਵੇ ।
ਉੱਤੇ ਰੱਖਿਆ ਕੀ ਏ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਚਤਰਾਵਲਾ ਵੇ ।
ਦੱਸੇ ਬਿਨਾਂ ਨਾ ਜਾਪਦੀ ਜ਼ਾਤ ਭੈੜੀ, ਛੜੇ ਬਾਝ ਨਾ ਥੀਂਵਦਾ ਚਾਵਲਾ ਵੇ ।
ਕੀ ਰੋਕ ਹੈ ਕਾਸਦੀ ਇਹ ਬਾਸਨ, ਸਾਨੂੰ ਦੱਸ ਖਾਂ ਸੋਹਣਿਆਂ ਸਾਂਵਲਾ ਵੇ ।
ਸਹਿਜ ਨਾਲ ਸਭ ਕੰਮ ਨਿਬਾਹ ਹੁੰਦੇ, ਵਾਰਿਸ ਸ਼ਾਹ ਨਾ ਹੋ ਉਤਾਵਲਾ ਵੇ ।
(ਮਹਿਜ਼ਰੀ=ਥਾਨੇ ਅਤੇ ਅਦਾਲਤਾਂ ਵਿੱਚ ਫਿਰਨ ਵਾਲਾ,ਅਰਜ਼ੀ ਪਰਚੇ
ਕਰਨ ਵਾਲਾ, ਰਸਾਇਣ=ਕੀਮੀਆ, ਚਤਰਾਵਲਾ=ਚਤਰ,ਚਲਾਕ, ਬਾਸਨ=
ਬਰਤਨ)

491. ਰਾਂਝਾ

ਕਰਾਮਾਤ ਹੈ ਕਹਿਰ ਦਾ ਨਾਂਉ ਰੰਨੇ, ਕੇਹਾ ਘੱਤਿਉ ਆਣ ਵਸੂਰਿਆ ਈ ।
ਕਰੇਂ ਚਾਵੜਾਂ ਚਿੱਘੜਾਂ ਨਾਲ ਮਸਤੀ, ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ ।
ਫ਼ਕਰ ਆਖਸਨ ਸੋਈ ਕੁੱਝ ਰੱਬ ਕਰਸੀ, ਐਵਂੇ ਜੋਗੀ ਨੂੰ ਚਾ ਵਡੂਰਿਆ ਈ ।
ਉੱਤੇ ਪੰਜ ਪੈਸੇ ਨਾਲ ਰੋਕ ਧਰਿਉ, ਖੰਡ ਚਾਵਲਾਂ ਦਾ ਥਾਲ ਪੂਰਿਆ ਈ ।
(ਵਸੂਰਾ=ਸ਼ਕ ਸ਼ੁਬਾ, ਚਿਘੜਾਂ=ਮਜ਼ਾਕ, ਪੂਰਿਆ=ਸਜਾਇਆ ਹੋਇਆ)

492 ਸਹਿਤੀ

ਮਗਰ ਤਿੱਤਰਾਂ ਦੇ ਅੰਨ੍ਹਾ ਬਾਜ਼ ਛੁੱਟੇ, ਜਾਇ ਚਿੰਮੜੇ ਦਾਂਦ ਪਤਾਲੂਆਂ ਨੂੰ ।
ਅੰਨਾਂ ਭੇਜਿਆ ਅੰਬ ਅਨਾਰ ਵੇਖਣ, ਜਾਇ ਚਿੰਮੜੇ ਤੂਤ ਸੰਭਾਲੂਆਂ ਨੂੰ ।
ਘਲਿਆ ਫੁੱਲ ਗੁਲਾਬ ਦਾ ਤੋੜ ਲਿਆਵੀਂ, ਜਾਇ ਲੱਗਾ ਹੈ ਲੈਣ ਕਚਾਲੂਆਂ ਨੂੰ ।
ਅੰਨ੍ਹਾਂ ਮੋਹਰੀ ਲਾਈਏ ਕਾਫ਼ਲੇ ਦਾ, ਲੁਟਵਾਇਸੀ ਸਾਥ ਦਿਆਂ ਚਾਲੂਆਂ ਨੂੰ ।
ਖੱਚਰਪਵਾਂ ਦੇ ਚਾਲੜੇ ਕਰਨ ਲੱਗੋਂ, ਅਸਾਂ ਫਾਟਿਆ ਕੁੱਟਿਆ ਚਾਲੂਆਂ ਨੂੰ ।
ਵਾਰਿਸ ਸ਼ਾਹ ਤੰਦੂਰ ਵਿੱਚ ਦੱਬ ਬੈਠਾ, ਕਮਲਾ ਘੱਲਿਆ ਰੰਗਣੇ ਸਾਲੂਆਂ ਨੂੰ ।
(ਦਾਂਦ ਪਤਾਲੂ=ਬਲਦਾਂ ਦੇ ਪਤਾਲੂ, ਸੰਭਾਲੂ=ਇੱਕ ਦਰਖ਼ਤ, ਚਾਲੂਆਂ=ਤੁਰਨ
ਵਾਲੇ,ਸਾਥ, ਤੰਦੂਰ.. ਸਾਲੂਆਂ=ਕਮਲਾ ਬੰਦਾ ਅੱਗ ਦੀ ਲਾਲੀ ਅਤੇ ਕੱਪੜੇ ਦੀ
ਲਾਲੀ ਵਿੱਚ ਫ਼ਰਕ ਨਹੀਂ ਦਸ ਸਕਿਆ)

493. ਰਾਂਝੇ ਨੇ ਸਹਿਤੀ ਨੂੰ ਕਰਾਮਾਤ ਵਿਖਾਉਣੀ

ਜਾ ਖੋਲ੍ਹ ਕੇ ਵੇਖ ਜੋ ਸਿਦਕ ਆਵੀ, ਕੇਹਾ ਸ਼ੱਕ ਦਿਲ ਆਪਣੇ ਪਾਇਉ ਈ ।
ਕਿਹਿਆ ਅਸਾਂ ਸੋ ਰੱਬ ਤਹਿਕੀਕ ਕਰਸੀ, ਕੇਹਾ ਆਣ ਕੇ ਮਗ਼ਜ਼ ਖਪਾਇਉ ਈ ।
ਜਾਹ ਵੇਖ ਜੋ ਵਸਵਸਾ ਦੂਰ ਹੋਵੀ, ਕੇਹਾ ਡੌਰੂੜਾ ਆਣ ਵਜਾਇਉ ਈ ।
ਸ਼ੱਕ ਮਿਟੀ ਜੋ ਥਾਲ ਨੂੰ ਖੋਲ੍ਹ ਵੇਖੇਂ, ਏਥੇ ਮਕਰ ਕੀ ਆਣ ਫੈਲਾਇਉ ਈ ।
(ਆਵੀ=ਆਵੇ, ਰਬ ਤਹਿਕੀਕ ਕਰਸੀ=ਰਬ ਉਹੀ ਕਰੇਗਾ, ਵਸਵਸਾ=ਸ਼ਕ,
ਡੌਰੂੜਾ=ਡੌਰੂ)

494. ਸਹਿਤੀ ਨੇ ਕਰਾਮਾਤ ਵੇਖੀ

ਸਹਿਤੀ ਖੋਲ੍ਹ ਕੇ ਥਾਲ ਜਾਂ ਧਿਆਨ ਕੀਤਾ, ਖੰਡ ਚਾਵਲਾਂ ਦਾ ਥਾਲ ਹੋ ਗਿਆ ।
ਛੁਟਾ ਤੀਰ ਫ਼ਕੀਰ ਦੇ ਮੁਅਜਜ਼ੇ ਦਾ, ਵਿੱਚੋਂ ਕੁਫ਼ਰ ਦਾ ਜੀਊ ਪਰੋ ਗਿਆ ।
ਜਿਹੜਾ ਚਲਿਆ ਨਿਕਲ ਯਕੀਨ ਆਹਾ, ਕਰਾਮਾਤ ਨੂੰ ਵੇਖ ਖਲੋ ਗਿਆ ।
ਗਰਮ ਗ਼ਜ਼ਬ ਦੀ ਆਤਸ਼ੋ ਆਬ ਆਹਾ, ਬਰਫ਼ ਕਸ਼ਫ਼ ਦੀ ਨਾਲ ਸਮੋ ਗਿਆ ।
ਐਵੇਂ ਡਾਹਡਿਆਂ ਮਾੜਿਆਂ ਕੇਹਾ ਲੇਖਾ, ਓਸ ਖੋਹ ਲਿਆ ਉਹ ਰੋ ਗਿਆ ।
ਮਰਨ ਵਕਤ ਹੋਇਆ ਸੱਭੋ ਖ਼ਤਮ ਲੇਖਾ, ਜੋ ਕੋ ਜੰਮਿਆਂ ਝੋਵਣੇ ਝੋ ਗਿਆ ।
ਵਾਰਿਸ ਸ਼ਾਹ ਜੋ ਕੀਮੀਆ ਨਾਲ ਛੁੱਥਾ, ਸੋਇਨਾ ਤਾਂਬਿਉਂ ਤੁਰਤ ਹੀ ਹੋ ਗਿਆ ।
(ਮੁਅਜਜ਼ੇ=ਕਰਾਮਾਤਾਂ, ਆਤਿਸ਼=ਅੰਗਾਰ, ਆਬ=ਪਾਣੀ, ਕਸ਼ਫ਼=ਢਕੀ ਹੋਈ
ਵਸਤ ਬਾਰੇ ਗ਼ੈਬ ਦੇ ਇਲਮ ਨਾਲ ਪਤਾ ਕਰ ਲੈਣਾ, ਛੁੱਥਾ=ਛੋਹਿਆ ਗਿਆ,
ਝੋਵਣੇ ਝੋ ਗਿਆ=ਕੰਮ ਕਰ ਗਿਆ)

495. ਸਹਿਤੀ ਨੂੰ ਰਾਂਝੇ ਤੇ ਯਕੀਨ

ਹੱਥ ਬੰਨ੍ਹ ਕੇ ਬੇਨਤੀ ਕਰੇ ਸਹਿਤੀ, ਦਿਲ ਜਾਨ ਥੀਂ ਚੇਲੜੀ ਤੇਰੀਆਂ ਮੈਂ ।
ਕਰਾਂ ਬਾਂਦੀਆਂ ਵਾਂਗ ਬਜਾ ਖ਼ਿਦਮਤ, ਨਿਤ ਪਾਂਵਦੀ ਰਹਾਂਗੀ ਫੇਰੀਆਂ ਮੈਂ ।
ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਦਿਲ ਜਾਨ ਥੀਂ ਤੁਧ ਤੇ ਹੇਰੀਆਂ ਮੈਂ ।
ਕਰਾਮਾਤ ਤੇਰੀ ਉੱਤੇ ਸਿਦਕ ਕੀਤਾ, ਤੇਰੇ ਕਸ਼ਫ਼ ਦੇ ਹੁਕਮ ਨੇ ਘੇਰੀਆਂ ਮੈਂ ।
ਸਾਡੀ ਜਾਨ ਤੇ ਮਾਲ ਹੈ ਹੀਰ ਤੇਰੀ, ਨਾਲੇ ਸਣੇ ਸਹੇਲੀਆਂ ਤੇਰੀਆਂ ਮੈਂ ।
ਅਸਾਂ ਕਿਸੇ ਦੀ ਗੱਲ ਨਾ ਕਦੇ ਮੰਨੀ, ਤੇਰੇ ਇਸਮ ਦੇ ਹੁੱਬ ਦੀ ਟੇਰੀਆਂ ਮੈਂ ।
ਇੱਕ ਫ਼ੱਕਰ ਅੱਲਾਹ ਦਾ ਰੱਖ ਤਕਵਾ, ਹੋਰ ਢਾਹ ਬੈਠੀ ਸੱਭੇ ਢੇਰੀਆਂ ਮੈਂ ।
ਪੂਰੀ ਨਾਲ ਹਿਸਾਬ ਨਾ ਹੋ ਸਕਾਂ, ਵਾਰਿਸ ਸ਼ਾਹ ਕੀ ਕਰਾਂਗੀ ਸ਼ੇਰੀਆਂ ਮੈਂ ।
(ਇਸਮ=ਰਬ ਦਾ ਨਾਂ, ਟੇਰਨਾ=ਕਿਸੇ ਸਾਜ਼ ਨੂੰ ਸੁਰ ਕਰਨਾ, ਤਕਵਾ=
ਸਹਾਰਾ, ਢੇਰੀਆਂ ਢਾਹ ਦੇਣਾ=ਆਸ ਛੱਡ ਦੇਣੀ)

496. ਰਾਂਝਾ

ਘਰ ਆਪਣੇ ਵਿੱਚ ਚਵਾਇ ਕਰਕੇ, ਆਖ ਨਾਗਣੀ ਵਾਂਗ ਕਿਉਂ ਸ਼ੂਕੀਏਂ ਨੀ ।
ਨਾਲ ਜੋਗੀਆਂ ਮੋਰਚਾ ਲਾਇਉਈ, ਰੱਜੇ ਜਟ ਵਾਂਗੂੰ ਵੱਡੀ ਫੂਕੀਏਂ ਨੀ ।
ਜਦੋਂ ਬੰਨ੍ਹ ਝੇੜੇ ਥੱਕ ਹੁਟ ਰਹੀਏ, ਜਾਇ ਪਿੰਡ ਦੀਆਂ ਰੰਨਾਂ ਤੇ ਕੂਕੀਏਂ ਨੀ ।
ਕਢ ਗਾਲੀਆਂ ਸਣੇ ਰਬੇਲ ਬਾਂਦੀ ਘਿਨ ਮੋਲ੍ਹੀਆਂ ਅਸਾਂ ਤੇ ਘੂਕੀਏਂ ਨੀ ।
ਭਲੋ ਭਲੀ ਜਾਂ ਡਿਠੋ ਈ ਆਸ਼ਕਾਂ ਦੀ, ਵਾਂਗ ਕੁੱਤੀਆਂ ਅੰਤ ਨੂੰ ਚੂਕੀਏਂ ਨੀ ।
ਵਾਰਿਸ ਸ਼ਾਹ ਥੀਂ ਪੁਛ ਲੈ ਬੰਦਗੀ ਨੂੰ, ਰੂਹ ਸਾਜ਼ ਕਲਬੂਤ ਵਿੱਚ ਫੂਕੀਏਂ ਨੀ ।
497. ਸਹਿਤੀ

ਸਾਨੂੰ ਬਖਸ਼ ਅੱਲਾਹ ਦੇ ਨਾਂਉ ਮੀਆਂ, ਸਾਥੋਂ ਭੁੱਲਿਆਂ ਇਹ ਗੁਨਾਹ ਹੋਇਆ ।
ਕੱਚਾ ਸ਼ੀਰ ਪੀਤਾ ਬੰਦਾ ਸਦਾ ਭੁੱਲਾ, ਧੁਰੋਂ ਆਦਮੋਂ ਭੁਲਣਾ ਰਾਹ ਹੋਇਆ ।
ਆਦਮ ਭੁਲ ਕੇ ਕਣਕ ਨੂੰ ਖਾ ਬੈਠਾ, ਕਢ ਜੰਨਤੋਂ ਹੁਕਮ ਫ਼ਨਾਹ ਹੋਇਆ ।
ਸ਼ੈਤਾਨ ਉਸਤਾਦ ਫ਼ਰਿਸ਼ਤਿਆਂ ਦਾ, ਭੁੱਲਾ ਸਿਜਦਿਉਂ ਕੁਫ਼ਰ ਦੇ ਰਾਹ ਹੋਇਆ ।
ਮੁਢੋਂ ਰੂਹ ਭੁੱਲਾ ਕੌਲ ਵਿਚ ਵੜਿਆ, ਜੁੱਸਾ ਛੱਡ ਕੇ ਅੰਤ ਫ਼ਨਾਹ ਹੋਇਆ ।
ਕਾਰੂੰ ਭੁਲ ਜ਼ਕਾਤ ਕੀਂ ਸ਼ੂਮ ਹੋਇਆ, ਵਾਰਦ ਓਸ ਤੇ ਕਹਿਰ ਅੱਲਾਹ ਹੋਇਆ ।
ਭੁਲ ਜ਼ਕਰੀਏ ਲਈ ਫ਼ਨਾਹ ਹੇਜ਼ਮ, ਆਰੇ ਨਾਲ ਉਹ ਚੀਰ ਦੋ ਫਾਹ ਹੋਇਆ ।
ਅਮਲਾਂ ਬਾਝ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ ।
(ਕੱਚਾ ਸ਼ੀਰ=ਕੱਚਾ ਦੁੱਧ, ਕਿਬਰ=ਗਰੂਰ, ਕੌਲ ਵੜਿਆ=ਕਾਲਬ ਵਿੱਚ ਦਾਖਲ
ਹੋਇਆ, ਜੁੱਸਾ=ਤਾਕਤ, ਹੇਜ਼ਮ=ਸੁੱਕਾ ਦਰਖ਼ਤ,ਬਾਲਣ ਯੋਗ ਲਕੜੀ, ਜ਼ਕਾਤ=
ਖ਼ੈਰਾਤ,ਸਦਕਾ, ਦੋ ਫਾਹ=ਦੋ ਫਾਕੜਾਂ, ਪੌਲੇ=ਜੁੱਤੀਆਂ, ਹਜ਼ਰਤ ਜ਼ਕਰੀਆ=
ਆਪ ਹਜ਼ਰਤ ਸੁਲੇਮਾਨ ਬਿਨ ਦਾਊਦ ਦੀ ਸੰਤਾਨ ਵਿੱਚੋਂ ਸਨ ।ਜਦੋਂ ਇਨ੍ਹਾਂ
ਪਿੱਛੇ ਇਸਰਾਈਲੀ ਕਾਤਲ ਦੌੜੇ ਤਾਂ ਆਪ ਇੱਕ ਸ਼ਰੀਂਹ ਦੇ ਦਰਖ਼ਤ ਵਿੱਚ
ਲੁਕ ਗਏ ਐਪਰ ਪੁਸ਼ਾਕ ਦਾ ਇੱਕ ਸਿਰਾ ਬਾਹਰ ਰਹਿ ਗਿਆ ।ਵੈਰੀਆਂ ਨੇ
ਨਿਸ਼ਾਨੀ ਨੂੰ ਵੇਖ ਕੇ ਦਰਖ਼ਤ ਨੂੰ ਆਰੇ ਨਾਲ ਚੀਰ ਦਿੱਤਾ ਅਤੇ ਆਪ ਵੀ
ਵਿੱਚੇ ਚੀਰੇ ਗਏ)

498. ਰਾਂਝਾ

ਘਰ ਪੇਈੜੇ ਵੱਡੀ ਹਵਾ ਤੈਨੂੰ, ਦਿਤਿਉਂ ਛਿੱਬੀਆਂ ਨਾਲ ਅੰਗੂਠਿਆਂ ਦੇ ।
ਅੰਤ ਸੱਚ ਦਾ ਸੱਚ ਆ ਨਿਤਰੇਗਾ ,ਕੋਈ ਦੇਸ ਨਾ ਵੱਸਦੇ ਝੂਠਿਆਂ ਦੇ ।
ਫ਼ਕਰ ਮਾਰਿਉ ਅਸਾਂ ਨੇ ਸਬਰ ਕੀਤਾ, ਨਹੀਂ ਜਾਣਦੀ ਦਾਉ ਤੂੰ ਘੂਠਿਆਂ ਦੇ ।
ਜੱਟੀ ਹੋ ਫ਼ਕੀਰ ਦੇ ਨਾਲ ਲੜੇਂ, ਛੰਨਾ ਭੇੜਿਉ ਈ ਨਾਲ ਠੂਠਿਆਂ ਦੇ ।
ਸਾਨੂੰ ਬੋਲੀਆਂ ਮਾਰ ਕੇ ਨਿੰਦਦੀ ਸੈਂ, ਮੂੰਹ ਡਿਠੋ ਈ ਟੁੱਕਰਾਂ ਜੂਠਿਆਂ ਦੇ ।
ਵਾਰਿਸ ਸ਼ਾਹ ਫ਼ਕੀਰ ਨੂੰ ਛੇੜਦੀ ਸੈਂ, ਡਿੱਠੋ ਮੁਅਜਜ਼ੇ ਇਸ਼ਕ ਦੇ ਲੂਠਿਆਂ ਦੇ ।
(ਪੇਈੜੇ=ਪੇਕੇ, ਲੂਠਿਆਂ=ਝੁਲਸੇ ਹੋਏ)

499. ਤਥਾ

ਕਰੇ ਜਿਨ੍ਹਾਂ ਦੀਆਂ ਰਬ ਹਮਾਇਤਾਂ ਨੀ, ਹੱਕ ਤਿਨ੍ਹਾਂ ਦਾ ਖ਼ੂਬ ਮਾਮੂਲ ਕੀਤਾ ।
ਜਦੋਂ ਮੁਸ਼ਰਿਕਾਂ ਆਣ ਸਵਾਲ ਕੀਤਾ, ਤਦੋਂ ਚੰਨ ਦੋ-ਖੰਨ ਰਸੂਲ ਕੀਤਾ ।
ਕਢ ਪੱਥਰੋਂ ਊਠਣੀ ਰਬ ਸੱਚੇ, ਕਰਾਮਾਤ ਪੈਗ਼ੰਬਰੀ ਮੂਲ ਕੀਤਾ ।
ਵਾਰਿਸ ਸ਼ਾਹ ਨੇ ਕਸ਼ਫ਼ ਦਿਖਾਇ ਦਿੱਤਾ, ਤਦੋਂ ਜੱਟੀ ਨੇ ਫ਼ਕਰ ਕਬੂਲ ਕੀਤਾ ।
(ਮਾਮੂਲ=ਨਿਤ ਦਾ ਆਮ ਕੰਮ, ਮਸ਼ਰਿਕਾਂ=ਮੂਰਤੀ ਪੂਜਾ, ਦੋ-ਖੰਨ=ਦੋ ਟੁਕੜੇ)

500. ਤਥਾ

ਫਿਰੇਂ ਜ਼ੋਮ ਦੀ ਭਰੀ ਤੇ ਸਾਣ ਚੜ੍ਹੀ, ਆ ਟਲੀਂ ਨੀ ਮੁੰਡੀਏ ਵਾਸਤਾ ਈ ।
ਮਰਦ ਮਾਰ ਮੁਰੱਕਣੇ ਜੰਗ-ਬਾਜ਼ੇ, ਮਾਨ ਮੱਤੀਏ ਗੁੰਡੀਏ ਵਾਸਤਾ ਈ ।
ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ, ਲਿਆ ਹੀਰ ਨੀ ਨੱਢੀਏ ਵਾਸਤਾ ਈ ।
ਵਾਰਿਸ ਸ਼ਾਹ ਸਮਝਾਇ ਜਟੇਟੜੀ ਨੂੰ, ਲਾਹ ਦਿਲੇ ਦੀ ਘੁੰਢੀਏ ਵਾਸਤਾ ਈ ।
(ਜ਼ੋਮ=ਗੁਮਾਨ, ਸਾਣ ਚੜ੍ਹੀ=ਤਿੱਖੀ)

501. ਸਹਿਤੀ

ਜੀਕੂੰ ਤੁਸੀਂ ਫ਼ਰਮਾਉ ਸੋ ਜਾ ਆਖਾਂ, ਤੇਰੇ ਹੁਕਮ ਦੀ ਤਾਬਿਆ ਹੋਈਆਂ ਮੈਂ ।
ਤੈਨੂੰ ਪੀਰ ਜੀ ਭੁਲ ਕੇ ਬੁਰਾ ਬੋਲੀ, ਭੁੱਲੀ ਵਿਸਰੀ ਆਣ ਵਗੋਈਆਂ ਮੈਂ ।
ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ, ਕਾਸਦ ਹੋਇਕੇ ਜਾ ਖਲੋਈਆਂ ਮੈਂ ।
ਵਾਰਿਸ ਸ਼ਾਹ ਦੇ ਮੁਅਜਜ਼ੇ ਸਾਫ਼ ਕੀਤੀ, ਨਹੀਂ ਮੁਢ ਦੀ ਵੱਡੀ ਬਦਖੋਈਆਂ ਮੈਂ ।
(ਆਣ ਵਗੋਈਆਂ=ਸਿੱਧੇ ਰਾਹ ਆ ਗਈ ਹਾਂ, ਕਾਸਦ=ਸੁਨੇਹਾ ਲਿਜਾਣ
ਵਾਲਾ, ਸਾਫ਼=ਨੇਕ ਨੀਤ, ਬਦਖੋਈ=ਬੁਰੀ ਆਦਤ)

502. ਰਾਂਝਾ

ਲਿਆ ਹੀਰ ਸਿਆਲ ਜੋ ਦੀਦ ਕਰੀਏ, ਆ ਜਾਹ ਵੋ ਦਿਲਬਰਾ ਵਾਸਤਾ ਈ ।
ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ, ਘੁੰਢ ਲਾਹ ਵੋ ਦਿਲਬਰਾ ਵਾਸਤਾ ਈ ।
ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ, ਮਿਸਲ ਮਾਹ ਵੋ ਦਿਲਬਰਾ ਵਾਸਤਾ ਈ ।
ਜ਼ੁਲਫ ਨਾਗ ਵਾਂਗੂੰ ਚੱਕਰ ਘਤ ਬੈਠੀ, ਗਲੋਂ ਲਾਹ ਵੋ ਦਿਲਬਰਾ ਵਾਸਤਾ ਈ ।
ਦਿੰਹ ਰਾਤ ਨਾ ਜੋਗੀ ਨੂੰ ਟਿਕਣ ਦੇਂਦੀ, ਤੇਰੀ ਚਾਹ ਵੋ ਦਿਲਬਰਾ ਵਾਸਤਾ ਈ ।
ਲੋੜ੍ਹੇ ਲੁਟਿਆਂ ਨੈਣਾਂ ਦੀ ਝਾਕ ਦੇ ਕੇ, ਲੁੜ੍ਹ ਜਾਹ ਵੋ ਦਿਲਬਰਾ ਵਾਸਤਾ ਈ ।
ਗਲ ਪਲੂੜਾ ਇਸ਼ਕ ਦਿਆਂ ਕੁਠਿਆਂ ਦੇ, ਮੂੰਹ ਘਾਹ ਵੋ ਦਿਲਬਰਾ ਵਾਸਤਾ ਈ ।
ਸਦਕਾ ਸੈਦੇ ਦੇ ਨਵੇਂ ਪਿਆਰ ਵਾਲਾ, ਮਿਲ ਜਾਹ ਵੋ ਦਿਲਬਰਾ ਵਾਸਤਾ ਈ ।
ਵਾਰਿਸ ਸ਼ਾਹ ਨਿਆਜ਼ ਦਾ ਫਰਜ਼ ਭਾਰਾ, ਸਿਰੋਂ ਲਾਹ ਵੋ ਦਿਲਬਰਾ ਵਾਸਤਾ ਈ ।
(ਵੋ=ਓ, ਝਾਕ=ਆਸ, ਚੱਕਰ ਘਤ=ਕੁੰਡਲੀ ਮਾਰਕੇ, ਮੂੰਹ ਵਿੱਚ ਘਾਹ ਲੈ ਕੇ=
ਮੇਰਾ ਵਾਸਤਾ ਹੈ, ਨਿਆਜ਼=ਨਮਾਜ਼, ਆਜਜ਼ੀ)

503. ਸਹਿਤੀ

ਲੈ ਕੇ ਸੋਹਣੀ ਮੋਹਣੀ ਇੰਦਰਾਣੀ, ਮਿਰਗ-ਨੈਣੀ ਨੂੰ ਜਾਇਕੇ ਘੱਲਨੀ ਹਾਂ ।
ਤੇਰੀਆਂ ਅਜ਼ਮਤਾਂ ਵੇਖ ਕੇ ਪੀਰ ਮੀਆਂ, ਬਾਂਦੀ ਹੋਇਕੇ ਘਰਾਂ ਨੂੰ ਚੱਲਨੀ ਹਾਂ ।
ਪੀਰੀ ਪੀਰ ਦੀ ਵੇਖ ਮੁਰੀਦ ਹੋਈ, ਤੇਰੇ ਪੈਰ ਹੀ ਆਣ ਕੇ ਮੱਲਨੀ ਹਾਂ ।
ਮੈਨੂੰ ਬਖ਼ਸ਼ ਮੁਰਾਦ ਬਲੋਚ ਸਾਈਆਂ, ਤੇਰੀਆਂ ਜੁੱਤੀਆਂ ਸਿਰੇ ਤੇ ਝੱਲਨੀ ਹਾਂ ।
ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ, ਦੀ ਦਰਬਾਰ ਅੱਲਾਹ ਦਾ ਮੱਲਨੀ ਹਾਂ ।
(ਅਜ਼ਮਤ=ਵਡਿਆਈ, ਪੈਰ ਮੱਲਨੀ ਹਾਂ=ਪੈਰਾਂ ਵਿੱਚ ਬਹਿੰਦੀ ਹਾਂ,ਸ਼ਰਨ
ਆਉਂਦੀ ਹਾਂ, ਝੱਲਨੀ ਹਾਂ=ਸਹਿੰਦੀ ਹਾਂ)

504. ਸਹਿਤੀ ਦਾ ਹੀਰ ਨੂੰ

ਸਹਿਤੀ ਜਾਇਕੇ ਹੀਰ ਨੂੰ ਕੋਲ ਬਹਿ ਕੇ, ਭੇਤ ਯਾਰ ਦਾ ਸੱਭ ਸਮਝਾਇਆ ਈ ।
ਜਿਹਨੂੰ ਮਾਰ ਕੇ ਘਰੋਂ ਫ਼ਕੀਰ ਕੀਤੋ, ਉਹ ਜੋਗੀੜਾ ਹੋਇਕੇ ਆਇਆ ਈ ।
ਉਹਨੂੰ ਠਗ ਕੇ ਮਹੀਂ ਚਰਾਇ ਲਈਉਂ, ਏਥੇ ਆਇਕੇ ਰੰਗ ਵਟਾਇਆ ਈ ।
ਤੇਰੇ ਨੈਣਾਂ ਨੇ ਚਾਇ ਮਲੰਗ ਕੀਤਾ, ਮਨੋ ਓਸ ਨੂੰ ਚਾਇ ਭੁਲਾਇਆ ਈ ।
ਉਹ ਤੇ ਕੰਨ ਪੜਾਇਕੇ ਵਣ ਲੱਥਾ, ਆਪ ਵਹੁਟੜੀ ਆਣ ਸਦਾਇਆ ਈ ।
ਆਪ ਹੋ ਜ਼ੁਲੈਖ਼ਾ ਦੇ ਵਾਂਗ ਸੱਚੀ, ਉਹਨੂੰ ਯੂਸਫ਼ ਚਾਇ ਬਣਾਇਆ ਈ ।
ਕੀਤੇ ਕੌਲ ਇਕਰਾਰ ਵਸਾਰ ਸਾਰੇ, ਆਣ ਸੈਦੇ ਨੂੰ ਕੰਤ ਬਣਾਇਆ ਈ ।
ਹੋਇਆ ਚਾਕ ਪਿੰਡੇ ਮਲੀ ਫ਼ਾਕ ਰਾਂਝੇ, ਕੰਨ ਪਾੜ ਕੇ ਹਾਲ ਵਣਜਾਇਆ ਈ ।
ਦੇਣੇਦਾਰ ਮਵਾਸ ਹੋ ਵਿਹਰ ਬੈਠੀ, ਲਹਿਣੇਦਾਰ ਹੀ ਅੱਕ ਕੇ ਆਇਆ ਈ ।
ਗਾਲੀਂ ਦੇ ਕੇ ਵਿਹੜਿਉਂ ਕਢ ਉਸ ਨੂੰ, ਕਲ੍ਹ ਮੋਲ੍ਹਿਆਂ ਨਾਲ ਕੁਟਾਇਆ ਈ ।
ਹੋ ਜਾਏਂ ਨਿਹਾਲ ਜੇ ਕਰੇਂ ਜ਼ਿਆਰਤ, ਤੈਨੂੰ ਬਾਗ਼ ਵਿੱਚ ਓਸ ਬੁਲਾਇਆ ਈ ।
ਜ਼ਿਆਰਤ ਮਰਦ ਕੁੱਫ਼ਾਰਤ ਹੋਣ ਇਸ਼ਯਾਂ, ਨੂਰ ਫ਼ੱਕਰ ਦਾ ਵੇਖਨਾ ਆਇਆ ਈ ।
ਬਹੁਤ ਜ਼ੁਹਦ ਕੀਤਾ ਮਿਲੇ ਪੀਰ ਪੰਜੇ, ਮੈਨੂੰ ਕਸ਼ਫ਼ ਵੀ ਜ਼ੋਰ ਵਿਖਾਇਆ ਈ ।
ਝੱਬ ਨਜ਼ਰ ਲੈ ਕੇ ਮਿਲ ਹੋ ਰਈਅਤ, ਫ਼ੌਜਦਾਰ ਬਹਾਲ ਹੋ ਆਇਆ ਈ ।
ਉਹਦੀ ਨਜ਼੍ਹਾ ਤੂੰ ਆਬੇਹਿਆਤ ਉਸ ਦਾ, ਕੇਹਾ ਭਾਬੀਏ ਝਗੜਾ ਲਇਆ ਈ ।
ਚਾਕ ਲਾਇਕੇ ਕੰਨ ਪੜਾਇਉ ਨੀ, ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ ।
ਬਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ, ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਇਆ ਈ ।
ਇੱਕੇ ਮਾਰ ਜਾਸੀ ਇੱਕੇ ਤਾਰ ਜਾਸੀ, ਇਹ ਮੀਂਹ ਅਨਿਆਉਂ ਦਾ ਆਇਆ ਈ ।
ਅਮਲ ਫ਼ੌਤ ਤੇ ਵੱਡੀ ਦਸਤਾਰ ਫੁੱਲੀ, ਕੇਹਾ ਭੀਲ ਦਾ ਸਾਂਗ ਬਣਾਇਆ ਈ ।
ਵਾਰਿਸ ਕੌਲ ਭੁਲਾਇਕੇ ਕੇ ਖੇਡ ਰੁੱਧੋਂ, ਕੇਹਾ ਨਵਾਂ ਮਖ਼ੌਲ ਜਗਾਇਆ ਈ ।
(ਵਣ ਲੱਥਾ=ਜੰਗਲ ਵਿੱਚ ਡੇਰਾ ਲਾ ਲਿਆ, ਜ਼ੁਲੈਖ਼ਾ ਅਤੇ ਯੂਸਫ਼=ਯੂਸਫ਼
ਅਤੇ ਜ਼ੁਲੈਖ਼ਾ ਦੀ ਕਹਾਣੀ ਕੁਰਾਨ ਸ਼ਰੀਫ ਵਿੱਚ ਵੀ ਆਉਂਦੀ ਹੈ । ਯੂਸਫ਼
ਯਾਕੂਬ ਦਾ ਪੁੱਤਰ ਅਤੇ ਇਬਰਾਹੀਮ ਦਾ ਪੜੋਤਾ ਸੀ ।ਯੂਸਫ਼ ਬਹੁਤ ਸੁੰਦਰ
ਸੀ ।ਉਸਦੇ ਮਤੇਰ ਭਰਾਵਾਂ ਨੇ ਈਰਖਾ ਨਾਲ ਉਸ ਨੂੰ ਜੰਗਲ ਦੇ ਇੱਕ ਅੰਨ੍ਹੇ
ਖੂਹ ਵਿੱਚ ਸੁੱਟ ਦਿੱਤਾ ਅਤੇ ਯਾਕੂਬ ਕੋਲ ਝੂਠ ਕਹਿ ਦਿੱਤਾ ਕਿ ਉਸ ਨੂੰ ਜੰਗਲੀ
ਦਰਿੰਦੇ ਲੈ ਗਏ ।ਯੂਸਫ਼ ਨੂੰ ਕੋਲੋਂ ਲੰਘਦੇ ਵਪਾਰੀਆਂ ਦੇ ਕਾਫ਼ਲੇ ਨੇ ਖੂਹੋਂ ਕੱਢ
ਕੇ ਮਿਸਰ ਵਿੱਚ ਮੰਡੀ ਵਿੱਚ ਲਿਜਾ ਕੇ ਇੱਕ ਗ਼ੁਲਾਮ ਵਜੋਂ ਵੇਚ ਦਿੱਤਾ ।ਓਥੇ
ਦੀ ਇੱਕ ਇਸਤਰੀ ਜ਼ੁਲੈਖ਼ਾ ਨੇ ਉਸ ਉੱਤੇ ਮੋਹਤ ਹੋਕੇ ਉਸ ਨਾਲ ਆਯੋਗ
ਸਬੰਧ ਸਥਾਪਤ ਕਰਨੇ ਚਾਹੇ ਐਪਰ ਯੂਸਫ਼ ਨਾ ਮੰਨਿਆ ।ਜ਼ੁਲੈਖ਼ਾ ਨੇ ਦੋਸ਼
ਲਾਕੇ ਯੂਸਫ਼ ਨੂੰ ਕੈਦ ਕਰਵਾ ਦਿੱਤਾ।ਯੂਸਫ਼ ਨੂੰ ਸੁਫ਼ਨਿਆਂ ਦੇ ਠੀਕ ਅਰਥ
ਕੱਢਣੇ ਆਉਂਦੇ ਸਨ ।ਕੈਦ 'ਚੋਂ ਛੱਡੇ ਜਾਦ ਪਿੱਛੋਂ ਉਹ ਮਿਸਰ ਦਾ ਚੰਗਾ
ਵਜ਼ੀਰ ਤੇ ਫੇਰ ਰਾਜਾ ਬਣਿਆ ।ਭੁਖੇ ਮਰਦੇ ਮੰਗਣ ਆਏ ਆਪਣੇ ਉਨ੍ਹਾਂ
ਭਰਾਵਾਂ ਦੀ ਵੀ ਮਦਦ ਕੀਤੀ ਜੋ ਉਹਨੂੰ ਖੂਹ ਵਿੱਚ ਸੁੱਟ ਗਏ ਸਨ, ਮਵਾਸ=
ਬਾਗ਼ੀਆਂ ਦਾ ਡੇਰਾ, ਜ਼ਿਆਰਤ=ਦੀਦਾਰ, ਜ਼ਿਆਰਤ ਮਰਦ ਕੁੱਫ਼ਾਰਤ ਹੋਣ
ਇਸ਼ਯਾਂ =ਮਰਦਾਂ ਦਾ ਦੀਦਾਰ ਕਰਨ ਨਾਲ ਗੁਨਾਹ ਧੋ ਹੋ ਜਾਂਦੇ ਹਨ, ਜ਼ੁਹਦ=
ਪਰਹੇਜ਼ਗਾਰੀ, ਝੱਬ=ਛੇਤੀ, ਨਜ਼ਰ ਲੈ ਕੇ =ਨਵੇਂ ਲੱਗੇ ਫ਼ੌਜਦਾਰ ਕੋਲ ਨਜ਼ਰਾਨਾ
ਲੈ ਕੇ, ਗਲ ਵਿੱਚ ਪਰਨਾ ਪਾ ਕੇ ਹਾਜ਼ਰ ਹੁੰਦੇ ਸਨ, ਨਜ਼੍ਹਾ=ਮਰਨ ਵੇਲਾ)

505. ਹੀਰ

ਹੀਰ ਆਖਿਆ ਜਾਇਕੇ ਖੋਲ੍ਹ ਬੁੱਕਲ, ਉਹਦੇ ਵੇਸ ਨੂੰ ਫੂਕ ਵਿਖਾਵਨੀ ਹਾਂ ।
ਨੈਣਾਂ ਚਾੜ੍ਹ ਕੇ ਸਾਣ ਤੇ ਕਰਾਂ ਪੁਰਜ਼ੇ, ਕਤਲ ਆਸ਼ਕਾਂ ਦੇ ਉੱਤੇ ਧਾਵਨੀ ਹਾਂ ।
ਅੱਗੇ ਚਾਕ ਸੀ ਫ਼ਾਕ ਕਰ ਸਾੜ ਸੁੱਟਾਂ, ਉਹਦੇ ਇਸ਼ਕ ਨੂੰ ਸਿਕਲ ਚੜ੍ਹਾਵਨੀ ਹਾਂ ।
ਉਹਦੇ ਪੈਰਾਂ ਦੀ ਖ਼ਾਕ ਹੈ ਜਾਨ ਮੇਰੀ, ਸਾਰੀ ਸੱਚ ਦੀ ਨਿਸ਼ਾ ਦੇ ਆਵਨੀ ਹਾਂ ।
ਮੋਇਆ ਪਿਆ ਹੈ ਨਾਲ ਫ਼ਿਰਾਕ ਰਾਂਝਾ, ਈਸਾ ਵਾਂਗ ਮੁੜ ਫੇਰ ਜੀਵਾਵਨੀ ਹਾਂ ।
ਵਾਰਿਸ ਸ਼ਾਹ ਪਤੰਗ ਨੂੰ ਸ਼ਮ੍ਹਾਂ ਵਾਂਗੂੰ, ਅੰਗ ਲਾਇਕੇ ਸਾੜ ਵਿਖਾਵਨੀ ਹਾਂ ।
(ਸਿਕਲ ਚੜ੍ਹਾਉਣਾ=ਚਮਕਾਉਣਾ,ਤੇਜ਼ ਕਰਨਾ, ਨਿਸ਼ਾ=ਯਕੀਨ, ਈਸਾ=ਮਸੀਹ
ਵਾਂਗੂੰ ਦੂਜੀ ਵਾਰ ਜਿਉਂਦਾ ਕਰਦੀ ਹਾਂ, ਪਤੰਗ=ਪਰਵਾਨਾ,ਭੰਬਟ)

506. ਹੀਰ ਸਜ ਕੇ ਕਾਲੇ ਬਾਗ਼ ਨੂੰ ਗਈ

ਹੀਰ ਨ੍ਹਾਇਕੇ ਪੱਟ ਦਾ ਪਹਿਨ ਤੇਵਰ, ਵਾਲੀਂ ਇਤਰ ਫਲੇਲ ਮਲਾਂਵਦੀ ਹੈ ।
ਵਲ ਪਾਇਕੇ ਮੀਢੀਆਂ ਖ਼ੂਨੀਆਂ ਨੂੰ, ਗੋਰੇ ਮੁਖ ਤੇ ਜ਼ੁਲਫ਼ ਪਲਮਾਂਵਦੀ ਹੈ ।
ਕੱਜਲ ਭਿੰਨੜੇ ਨੈਣ ਅਪਰਾਧ ਲੱਥੇ, ਦੋਵੇਂ ਹੁਸਨ ਦੇ ਕਟਕ ਲੈ ਧਾਂਵਦੀ ਹੈ ।
ਮਲ ਵਟਣਾ ਹੋਠਾਂ ਤੇ ਲਾ ਸੁਰਖ਼ੀ, ਨਵਾਂ ਲੋੜ੍ਹ ਤੇ ਲੋੜ੍ਹ ਚੜਾਂਵਦੀ ਹੈ ।
ਸਿਰੀਸਾਫ਼ ਸੰਦਾ ਭੋਛਨ ਸੁੰਹਦਾ ਸੀ, ਕੰਨੀਂ ਬੁੱਕ ਬੁੱਕ ਵਾਲੀਆਂ ਪਾਂਵਦੀ ਹੈ ।
ਕੀਮਖ਼ਾਬ ਦੀ ਚੋਲੜੀ ਹਿੱਕ ਪੈਧੀ, ਮਾਂਗ ਚੌਂਕ ਲੈ ਤੋੜ ਵਲਾਂਵਦੀ ਹੈ ।
ਘੱਤ ਝਾਂਜਰਾਂ ਲੋੜ੍ਹ ਦੇ ਸਿਰੇ ਚੜ੍ਹ ਕੇ, ਹੀਰ ਸਿਆਲ ਲਟਕਦੀ ਆਂਵਦੀ ਹੈ ।
ਟਿੱਕਾਬੰਦਲੀ ਬਣੀ ਹੈ ਨਾਲ ਲੂਹਲਾਂ, ਵਾਂਗ ਮੋਰ ਦੇ ਪਾਇਲਾਂ ਪਾਂਵਦੀ ਹੈ ।
ਹਾਥੀ ਮਸਤ ਛੁੱਟਾ ਛਣਾ ਛਣ ਛਣਕੇ, ਕਤਲ ਆਮ ਖ਼ਲਕਤ ਹੁੰਦੀ ਆਂਵਦੀ ਹੈ ।
ਕਦੀ ਕਢ ਕੇ ਘੁੰਢ ਲੋੜ੍ਹਾ ਦੇਂਦੀ, ਕਦੀ ਖੋਲ੍ਹ ਕੇ ਮਾਰ ਮੁਕਾਂਵਦੀ ਹੈ ।
ਘੁੰਡ ਲਾਹ ਕੇ ਲਟਕ ਵਿਖਾ ਸਾਰੀ, ਜੱਟੀ ਰੁੱਠੜਾ ਯਾਰ ਮਨਾਂਵਦੀ ਹੈ ।
ਵਾਰਿਸ ਮਾਲ ਦੇ ਨੂੰ ਸੱਭਾ ਖੋਲ੍ਹ ਦੌਲਤ, ਵੱਖੋ ਵੱਖ ਕਰ ਚਾਇ ਵਿਖਾਂਵਦੀ ਹੈ ।
ਵਾਰਿਸ ਸ਼ਾਹ ਸ਼ਾਹ ਪਰੀ ਦੀ ਨਜ਼ਰ ਚੜ੍ਹਿਆ, ਖ਼ਲਕਤ ਸੈਫ਼ੀਆਂ ਫੂਕਣੇ ਆਂਵਦੀ ਹੈ ।
(ਤੇਵਰ=ਸੂਟ,ਤਿਉਰ, ਪਲਮਾਂਵਦੀ=ਖਿਲਾਰਦੀ, ਭੋਛਨ=ਪੁਸ਼ਾਕ, ਬੁਕ ਬੁਕ
ਬਾਲੀਆਂ=ਢੇਰ ਸਾਰੀਆਂ ਬਾਲੀਆਂ, ਕੀਮਖ਼ਾਬ=ਇੱਕ ਕਪੜਾ, ਪੈਧੀ=ਪਾਈ,
ਪਹਿਨੀ, ਟਿੱਕਾ ਬਿੰਦਲੀ=ਮੱਥੇ ਦੇ ਗਹਿਣੇ, ਲਟਕ=ਸ਼ਾਨ, ਸੈਫ਼ੀਆਂ ਫੂਕਣ=
ਜਾਦੂ ਕਰਨੇ)

507. ਰਾਂਝੇ ਨੇ ਹੀਰ ਨੂੰ ਵੇਖਣਾ

ਰਾਂਝਾ ਵੇਖ ਕੇ ਆਖਦਾ ਪਰੀ ਕੋਈ, ਇੱਕੇ ਭਾਵੇਂ ਤਾਂ ਹੀਰ ਸਿਆਲ ਹੋਵੇ ।
ਕੋਈ ਹੂਰ ਕਿ ਮੋਹਣੀ ਇੰਦਰਾਣੀ, ਹੀਰ ਹੋਵੇ ਤਾਂ ਸਈਆਂ ਦੇ ਨਾਲ ਹੋਵੇ ।
ਨੇੜੇ ਆ ਕੇ ਕਾਲਜੇ ਧਾਹ ਗਿਉਸ, ਜਿਵੇਂ ਮਸਤ ਕੋਈ ਨਸ਼ੇ ਨਾਲ ਹੋਵੇ ।
ਰਾਂਝਾ ਆਖਦਾ ਅਬਰ ਬਹਾਰ ਆਇਆ, ਬੇਲਾ ਜੰਗਲਾ ਲਾਲੋ ਹੀ ਲਾਲ ਹੋਵੇ ।
ਹਾਠ ਜੋੜ ਕੇ ਬੱਦਲਾਂ ਹਾਂਝ ਬੱਧੀ, ਵੇਖਾਂ ਕੇਹੜਾ ਦੇਸ ਨਿਹਾਲ ਹੋਵੇ ।
ਚਮਕੀ ਲੈਲਾਤੁਲਕਦਰ ਸਿਆਹ ਸ਼ਬ ਥੀਂ, ਜਿਸ ਤੇ ਪਵੇਗੀ ਨਜ਼ਰ ਨਿਹਾਲ ਹੋਵੇ ।
ਡੌਲ ਢਾਲ ਤੇ ਚਾਲ ਦੀ ਲਟਕ ਸੁੰਦਰ, ਜੇਹਾ ਪੇਖਣੇ ਦਾ ਕੋਈ ਖ਼ਿਆਲ ਹੋਵੇ ।
ਯਾਰ ਸੋਈ ਮਹਿਬੂਬ ਥੋਂ ਫ਼ਿਦਾ ਹੋਵੇ, ਜੀਊ ਸੋਈ ਜੋ ਮੁਰਸ਼ਦਾਂ ਨਾਲ ਹੋਵੇ ।
ਵਾਰਿਸ ਸ਼ਾਹ ਆਇ ਚੰਬੜੀ ਰਾਂਝਣੇ ਨੂੰ, ਜੇਹਾ ਗਧੇ ਦੇ ਗਲੇ ਵਿੱਚ ਲਾਲ ਹੋਵੇ ।
(ਬਹਾਰ=ਬਸੰਤ, ਅਬਰ ਬਹਾਰ=ਖ਼ੁਸ਼ੀਆਂ ਦਾ ਮੀਂਹ, ਜੰਗਲਾ ਬੇਲਾ=ਜੰਗਲ
ਬੇਲਾ,ਹਰ ਪਾਸੇ, ਹਾਠ ਜੋੜ=ਘਟਾ ਵਾਂਗੂ ਜੁੜ ਕੇ, ਲੈਲਾਤੁਲ ਕਦਰ=ਨਸੀਬਾਂ
ਵਾਲੀ ਰਾਤ, ਸਿਆਹ ਸ਼ਬ=ਕਾਲੀ ਰਾਤ, ਗਧੇ ਦੇ ਗਲ ਵਿੱਚ ਲਾਲ=ਰਾਂਝਾ
ਫ਼ਕੀਰ ਬਣ ਕੇ ਬਦ ਸੂਰਤ ਲਗਦਾ ਸੀ ।ਹੀਰ ਪੂਰੀ ਬਣ ਠਣ ਕੇ ਆਈ ਸੀ)

508. ਇੱਕ ਦੂਜੇ ਨਾਲ ਮੁਲਾਕਾਤ

ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ, ਰਹਿਆ ਹੋਸ਼ ਨਾ, ਅਕਲ ਥੀਂ ਤਾਕ ਕੀਤਾ ।
ਲੰਕ ਬਾਗ਼ ਦੀ ਪਰੀ ਨੇ ਝਾਕ ਦੇ ਕੇ, ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ ।
ਬੰਨ੍ਹ ਮਾਪਿਆਂ ਜ਼ਾਲਮਾਂ ਟੋਰ ਦਿੱਤੀ, ਤੇਰੇ ਇਸ਼ਕ ਨੇ ਮਾਰ ਕੇ ਖ਼ਾਕ ਕੀਤਾ ।
ਮਾਂ ਬਾਪ ਤੇ ਅੰਗ ਭੁਲਾ ਬੈਠੀ, ਅਸਾਂ ਚਾਕ ਨੂੰ ਆਪਣਾ ਸਾਕ ਕੀਤਾ ।
ਤੇਰੇ ਬਾਝ ਨਾ ਕਿਸੇ ਨੂੰ ਅੰਗ ਲਾਇਆ, ਸੀਨਾ ਸਾੜ ਕੇ ਬਿਰਹੋਂ ਨੇ ਖ਼ਾਕ ਕੀਤਾ ।
ਵੇਖ ਨਵੀਂ ਨਰੋਈ ਅਮਾਨ ਤੇਰੀ, ਸ਼ਾਹਦ ਹਾਲ ਦਾ ਮੈਂ ਰਬ ਪਾਕ ਕੀਤਾ ।
ਅੱਲਾਹ ਜਾਣਦਾ ਹੈ ਏਨ੍ਹਾਂ ਆਸ਼ਕਾਂ ਨੇ, ਮਜ਼ੇ ਜ਼ੌਕ ਨੂੰ ਚਾਇ ਤਲਾਕ ਕੀਤਾ ।
ਵਾਰਿਸ ਸ਼ਾਹ ਲੈ ਚਲਣਾ ਤੁਸਾਂ ਸਾਨੂੰ, ਕਿਸ ਵਾਸਤੇ ਜੀਊ ਗ਼ਮਨਾਕ ਕੀਤਾ ।
(ਅਕਲ ਥੀਂ ਤਾਕ ਕੀਤਾ=ਹੋਸ਼ ਜਾਂਦੀ ਰਹੀ, ਚਾਕ ਕੀਤਾ=ਚੀਰ ਦਿੱਤਾ,
ਖ਼ਾਕ ਕੀਤਾ=ਮਿੱਟੀ ਵਿੱਚ ਰਲਾ ਦਿੱਤਾ, ਅਮਾਨ=ਅਮਾਨਤ, ਸ਼ਾਹਦ=ਗਵਾਹ,
ਤਲਾਕ ਕੀਤਾ=ਜੁਦਾ ਕੀਤਾ)

509. ਰਾਂਝਾ

ਚੌਧਰਾਈਆਂ ਛੱਡ ਕੇ ਚਾਕ ਬਣੇ, ਮਹੀਂ ਚਾਰ ਕੇ ਅੰਤ ਨੂੰ ਚੋਰ ਹੋਏ ।
ਕੌਲ ਕਵਾਰੀਆਂ ਦੇ ਲੋੜ੍ਹੇ ਮਾਰੀਆਂ ਦੇ, ਅਲੋਹਾਰੀਆਂ ਦੇ ਹੋਰੋ ਹੋਰ ਹੋਏ ।
ਮਾਂ ਬਾਪ ਇਕਰਾਰ ਕਰ ਕੌਲ ਹਾਰੇ, ਕੰਮ ਖੇੜਿਆਂ ਦੇ ਜ਼ੋਰੋ ਜ਼ੋਰ ਹੋਏ ।
ਰਾਹ ਸੱਚ ਦੇ ਤੇ ਕਦਮ ਧਰਨ ਨਾਹੀਂ, ਜਿਨ੍ਹਾਂ ਖੋਟਿਆਂ ਦੇ ਮਨ ਖੋਰ ਹੋਏ ।
ਤੇਰੇ ਵਾਸਤੇ ਮਿਲੀ ਹਾਂ ਕਢ ਦੇਸੋਂ, ਅਸੀਂ ਆਪਣੇ ਦੇਸ ਦੇ ਚੋਰ ਹੋਏ ।
ਵਾਰਿਸ ਸ਼ਾਹ ਨਾ ਅਕਲ ਨਾ ਹੋਸ਼ ਰਹਿਆ, ਮਾਰੇ ਹੀਰ ਦੇ ਸਿਹਰ ਦੇ ਮੋਰ ਹੋਏ ।
(ਅਲੋਹਾਰੀ=ਕੁਆਰੀ ਮੁਟਿਆਰ ਜਿਹੜੀ ਮਰਦ ਦੇ ਛੂਹਣ ਨਾਲ ਬੇਕਰਾਰ
ਵੀ ਹੋਵੇ ਪਰ ਚਾਹੁੰਦੀ ਵੀ ਹੋਵੇ ਕਿ ਉਹ ਉਹਨੂੰ ਛੇੜੇ ਵੀ, ਸਿਹਰ ਨਾਲ ਮੋਰ
ਹੋਏ=ਜਾਦੂ ਨਾਲ ਮੋਰ ਬਣਾ ਦਿੱਤਾ ਹੈ ਅਤੇ ਨੱਚਦੇ ਫਿਰਦੇ ਹਾਂ)

510. ਹੀਰ

ਮਿਹਤਰ ਨੂਹ ਦਿਆਂ ਬੇਟਿਆਂ ਜ਼ਿੱਦ ਕੀਤੀ, ਡੁਬ ਮੋਏ ਨੇ ਛੱਡ ਮੁਹਾਣਿਆਂ ਨੂੰ ।
ਯਾਕੂਬ ਦਿਆਂ ਪੁੱਤਰਾਂ ਜ਼ੁਲਮ ਕੀਤਾ, ਸੁਣਿਆ ਹੋਸੀਆ ਯੂਸੁਫ਼ੋਂ ਵਾਣਿਆਂ ਨੂੰ ।
ਹਾਬੀਲ ਕਾਬੀਲ ਦੀ ਜੰਗ ਹੋਈ, ਛੱਡ ਗਏ ਨੇ ਕੁਤਬ ਟਿਕਾਣਿਆਂ ਨੂੰ ।
ਜੇ ਮੈਂ ਜਾਣਦੀ ਮਾਪਿਆਂ ਬੰਨ੍ਹ ਦੇਣੀ, ਛਡ ਚਲਦੀ ਝੰਗ ਸਮਾਣਿਆਂ ਨੂੰ ।
ਖ਼ਾਹਿਸ਼ ਹੱਕ ਦੀ ਕਲਮ ਤਕਦੀਰ ਵੱਗੀ, ਮੋੜੇ ਕੌਣ ਅੱਲਾਹ ਦਿਆਂ ਭਾਣਿਆਂ ਨੂੰ ।
ਕਿਸੇ ਤੱਤੜੇ ਵਖ਼ਤ ਸੀ ਨੇਹੁੰ ਲੱਗਾ, ਤੁਸਾਂ ਬੀਜਿਆ ਭੁੰਨਿਆਂ ਦਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਖ ਤੇਰੀ, ਵਲੇਂ ਕਾਸ ਨੂੰ ਏਡ ਵਲਾਣਿਆਂ ਨੂੰ ।
ਗੁੰਗਾ ਨਹੀਂ ਕੁਰਾਨ ਦਾ ਹੋਇ ਹਾਫਿਜ਼, ਅੰਨ੍ਹਾ ਵੇਖਦਾ ਨਹੀਂ ਟਿਟ੍ਹਾਣਿਆਂ ਨੂੰ ।
ਵਾਰਿਸ ਸ਼ਾਹ ਅੱਲਾਹ ਬਿਨ ਕੌਣ ਪੁੱਛੇ, ਪਿੱਛਾ ਟੁੱਟਿਆਂ ਅਤੇ ਨਮਾਣਿਆਂ ਨੂੰ ।
(ਮਿਹਤਰ=ਸਰਦਾਰ, ਮੁਹਾਣਿਆਂ=ਜਿਹੜੇ ਨੂਹ ਦੀ ਕਿਸ਼ਤੀ ਵਿੱਚ ਬੈਠੇ ਹੋਏ
ਸਨ, ਵਾਣਾ=ਭੇਸ, ਹਾਬੀਲ, ਖ਼ਾਬੀਲ=ਦੋ ਭਾਈ ਅਪਣੇ ਕੁਤਬ ਭਾਵ ਅਪਣ
ਟਿਕਾਣੇ ਰਹਿੰਦੇ ਪਰ ਦੋਨਾਂ ਭਰਾਵਾਂ ਨੇ ਆਪਣਾ ਅਸੂਲ ਛੱਡ ਦਿੱਤਾ ।ਇੱਕ
ਔਰਤ ਕਾਰਨ ਲੜਣ ਲੱਗੇ ।ਹਜ਼ਰਤ ਆਦਮ ਨੇ ਸ਼ਰਤ ਲਾਈ ਹੋਈ ਸੀ ਕਿ
ਜਿਹਦੀ ਨਿਆਜ਼ ਰੱਬ ਕਬੂਲ ਕਰ ਲਵੇ ਔਰਤ ਉਹਦੀ ਹੋ ਜਾਏਗੀ ।ਰਬ ਨੇ
ਹਾਬੀਲ ਦੀ ਨਿਆਜ਼ ਅਸਮਾਨੀ ਅੱਗ ਨਾਲ ਜਾਲ ਕੇ ਕਬੂਲ ਕਰ ਲਈ, ਇਸ
ਲਈ ਝਗੜਾ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਕਾਬੀਲ ਨੇ ਜ਼ਿਦ ਕੀਤੀ ਅਤੇ
ਕਿਸੇ ਅਸੂਲ ਤੇ ਕਾਇਮ ਨਾ ਰਿਹਾ, ਟਿਟਾਹਣੇ=ਜੁਗਨੂੰ, ਸਾਢੇ ਤਿੰਨ ਹੱਥ ਥਾਂ=
ਕਬਰ ਦੀ ਲੰਬਾਈ, ਪਿੱਛਾ ਟੁੱਟੇ=ਜਿਨ੍ਹਾਂ ਦੀ ਪੁਸ਼ਤ ਪਨਾਹ ਜਾਂ ਪਿੱਛਾ ਪੂਰਨ
ਵਾਲਾ ਨਾ ਹੋਵੇ)

511. ਰਾਂਝਾ

ਤੇਰੇ ਮਾਪਿਆਂ ਸਾਕ ਕੁਥਾਂ ਕੀਤਾ, ਅਸੀਂ ਰੁਲਦੇ ਰਹਿ ਗਏ ਪਾਸਿਆਂ ਤੇ ।
ਆਪੇ ਰੁਮਕ ਗਈ ਏਂ ਨਾਲ ਖੇੜਿਆਂ ਦੇ, ਸਾਡੀ ਗੱਲ ਗਵਾਈਆ ਹਾਸਿਆਂ ਤੇ ।
ਸਾਨੂੰ ਮਾਰ ਕੇ ਹਾਲ ਬੇਹਾਲ ਕੀਤੋ, ਆਪ ਹੋਈ ਏਂ ਦਾਬਿਆਂ ਧਾਸਿਆਂ ਤੇ ।
ਸਾਢੇ ਤਿੰਨ ਮਣ ਦਿਹ ਮੈਂ ਫ਼ਿਦਾ ਕੀਤੀ, ਅੰਤ ਹੋਈ ਹੈ ਤੋਲਿਆਂ ਮਾਸਿਆਂ ਤੇ ।
ਸ਼ਸ਼ ਪੰਜ ਬਾਰਾਂ ਦੱਸਣ ਤਿੰਨ ਕਾਣੇ, ਲਿਖੇ ਏਸ ਜ਼ਮਾਨੇ ਦੇ ਪਾਸਿਆਂ ਤੇ ।
ਵਾਰਿਸ ਸ਼ਾਹ ਵਸਾਹ ਕੀ ਜ਼ਿੰਦਗੀ ਦਾ, ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ ।
(ਸਾਢੇ ਤਿੰਨ ਮਨ ਦੇਹ=ਮੋਟਾ ਤਾਜ਼ਾ, ਤੋਲੇ ਮਾਸੇ=ਬਹੁਤ ਕੰਮਜ਼ੋਰ, ਸ਼ਸ਼ ਪੰਜ
ਬਾਰਾਂ=ਛੱਕਾ ਤੇ ਪੌਂ ਬਾਰਾਂ, ਨਕਸ਼=ਲੀਕ,ਨਿਸ਼ਾਨ)

512. ਹੀਰ

ਜੋ ਕੋ ਏਸ ਜਹਾਨ ਤੇ ਆਦਮੀ ਹੈ, ਰੌਂਦਾ ਮਰੇਗਾ ਉਮਰ ਥੀਂ ਝੂਰਦਾ ਈ ।
ਸਦਾ ਖ਼ੁਸ਼ੀ ਨਾਹੀਂ ਕਿਸੇ ਨਾਲ ਨਿਭਦੀ, ਏਹ ਜ਼ਿੰਦਗੀ ਨੇਸ਼ ਜ਼ੰਬੂਰ ਦਾ ਈ ।
ਬੰਦਾ ਜੀਵਣੇ ਦੀਆਂ ਨਿਤ ਕਰੇ ਆਸਾਂ, ਇਜ਼ਰਾਈਲ ਸਿਰੇ ਉੱਤੇ ਘੂਰਦਾ ਈ ।
ਵਾਰਿਸ ਸ਼ਾਹ ਇਸ ਇਸ਼ਕ ਦੇ ਕਰਨਹਾਰਾ, ਵਾਲ ਵਾਲ ਤੇ ਖਾਰ ਖਜੂਰ ਦਾ ਈ ।
(ਨੇਸ਼=ਡੰਗ, ਜ਼ੰਬੂਰ=ਧਮੂੜੀ,ਭਰਿੰਡ, ਖਾਰ=ਕੰਡਾ)

513. ਹੀਰ ਨੇ ਜਾਣ ਦੀ ਆਗਿਆ ਮੰਗੀ

ਤੁਸੀਂ ਕਰੋ ਜੇ ਹੁਕਮ ਤਾਂ ਘਰ ਜਾਈਏ, ਨਾਲ ਸਹਿਤੀ ਦੇ ਸਾਜ਼ ਬਨਾਈਏ ਜੀ ।
ਬਹਿਰ ਇਸ਼ਕ ਦਾ ਖ਼ੁਸ਼ਕ ਗ਼ਮ ਨਾਲ ਹੋਇਆ, ਮੀਂਹ ਅਕਲ ਦੇ ਨਾਲ ਭਰਾਈਏ ਜੀ ।
ਕਿਵੇਂ ਕਰਾਂ ਕਸ਼ਾਇਸ਼ ਮੈਂ ਅਕਲ ਵਾਲੀ, ਤੇਰੇ ਇਸ਼ਕ ਦੀਆਂ ਪੂਰੀਆਂ ਪਾਈਏ ਜੀ ।
ਜਾ ਤਿਆਰੀਆਂ ਟੁਰਨ ਦੀਆਂ ਝਬ ਕਰੀਏ, ਸਾਨੂੰ ਸੱਜਣੋਂ ਹੁਕਮ ਕਰਾਈਏ ਜੀ ।
ਹਜ਼ਰਤ ਸੂਰਾ ਇਖ਼ਲਾਸ ਲਿਖ ਦੇਵੋ ਮੈਨੂੰ, ਫਾਲ ਕੁਰ੍ਹਾ ਨਜ਼ੂਮ ਦਾ ਪਾਈਏ ਜੀ ।
ਖੋਲ੍ਹੋ ਫ਼ਾਲ-ਨਾਮਾ ਤੇ ਦੀਵਾਨ ਹਾਫ਼ਿਜ਼, ਵਾਰਿਸ ਸ਼ਾਹ ਥੀਂ ਫ਼ਾਲ ਕਢਾਈਏ ਜੀ ।
(ਸਾਜ਼ ਬਣਾਈਏ=ਘਾੜਤ ਘੜੀਏ, ਬਹਿਰ=ਸਾਗਰ, ਕਸ਼ਾਇਸ਼=ਖੋਲ੍ਹਣਾ,
ਸੂਰਾ ਇਖ਼ਲਾਸ=ਇਹ ਸੂਰਾ ਤਿੰਨ ਬਾਰੀ ਪੜ੍ਹਨ ਤੇ ਸਾਰੀ ਕੁਰਾਨ ਦਾ ਸਵਾਬ
ਮਿਲਦਾ ਹੈ ਅਤੇ ਈਮਾਨ ਤਾਜ਼ਾ ਰਹਿੰਦਾ ਹੈ, ਫ਼ਾਲ=ਸ਼ਗਨ, ਦੀਵਾਨ ਹਾਫਿਜ਼=
ਦੀਵਾਨ ਹਾਫ਼ਿਜ਼ ਖੋਲ੍ਹ ਕੇ ਵੀ ਫ਼ਾਲ ਕੱਢਿਆ ਜਾਂਦਾ ਹੈ)

514. ਹੀਰ ਨੇ ਰਾਂਝੇ ਗਲ ਲੱਗਣਾ

ਅੱਵਲ ਪੈਰ ਪਕੜੇ ਇਅਤਕਾਦ ਕਰਕੇ, ਫੇਰ ਨਾਲ ਕਲੇਜੇ ਦੇ ਲੱਗ ਗਈ ।
ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ, ਵੇਖੋ ਜਲ ਪਤੰਗ ਤੇ ਅੱਗ ਗਈ ।
ਕਿਹੀ ਲਗ ਗਈ ਚਿਣਗ ਜੱਗ ਗਈ, ਖ਼ਬਰ ਜੱਗ ਗਈ ਵੱਜ ਧਰੱਗ ਗਈ ।
ਯਾਰੋ ਠਗਾਂ ਦੀ ਰਿਉੜੀ ਹੀਰ ਜੱਟੀ, ਮੂੰਹ ਲਗਦਿਆਂ ਯਾਰ ਨੂੰ ਠੱਗ ਗਈ ।
ਲੱਗਾ ਮਸਤ ਹੋ ਕਮਲੀਆਂ ਕਰਨ ਗੱਲਾਂ, ਦੁਆ ਕਿਸੇ ਫ਼ਕੀਰ ਦੀ ਵੱਗ ਗਈ ।
ਅੱਗੇ ਧੂੰਆਂ ਧੁਖੇਂਦੜਾ ਜੋਗੀੜੇ ਦਾ, ਉਤੋਂ ਫੂਕ ਕੇ ਝੁੱਗੜੇ ਅੱਗ ਗਈ ।
ਯਾਰ ਯਾਰ ਦਾ ਬਾਗ਼ ਵਿੱਚ ਮੇਲ ਹੋਇਆ, ਗੱਲ ਆਮ ਮਸ਼ਹੂਰ ਹੋ ਜੱਗ ਗਈ ।
ਵਾਰਿਸ ਤਰੁਟਿਆਂ ਨੂੰ ਰਬ ਮੇਲਦਾ ਏ, ਵੇਖੋ ਕਮਲੜੇ ਨੂੰ ਪਰੀ ਲੱਗ ਗਈ ।
(ਇਅਤਕਾਦ=ਯਕੀਨ, ਵੱਜ ਧਰਗ ਗਈ=ਨਗਾਰਾ ਵਜ ਗਿਆ, ਠਗਾਂ ਦੀ
ਰਿਉੜੀ=ਨਸ਼ੇ ਵਾਲੀ ਰਿਉੜੀ, ਤਰੁਟਿਆਂ=ਜੁਦਾ ਹੋਇਆਂ,ਵਿਛੁੜਿਆਂ)

515. ਹੀਰ ਤੇ ਸਹਿਤੀ ਦੇ ਸਵਾਲ ਜਵਾਬ

ਹੀਰ ਹੋ ਰੁਖ਼ਸਤ ਰਾਂਝੇ ਯਾਰ ਕੋਲੋਂ, ਆਖੇ ਸਹਿਤੀਏ ਮਤਾ ਪਕਾਈਏ ਨੀ ।
ਠੂਠਾ ਭੰਨ ਫ਼ਕੀਰ ਨੂੰ ਕੱਢਿਆ ਸੀ, ਕਿਵੇਂ ਓਸ ਨੂੰ ਖ਼ੈਰ ਭੀ ਪਾਈਏ ਨੀ ।
ਵਹਿਣ ਲੋੜ੍ਹ ਪਿਆ ਬੇੜਾ ਸ਼ੁਹਦਿਆਂ ਦਾ, ਨਾਲ ਕਰਮ ਦੇ ਬੰਨੜੇ ਲਾਈਏ ਨੀ ।
ਮੇਰੇ ਵਾਸਤੇ ਓਸ ਨੇ ਲਏ ਤਰਲੇ, ਕਿਵੇਂ ਓਸ ਦੀ ਆਸ ਪੁਜਾਈਏ ਨੀ ।
ਤੈਨੂੰ ਮਿਲੇ ਮੁਰਾਦ ਤੇ ਅਸਾਂ ਮਾਹੀ, ਦੋਵੇਂ ਆਪਣੇ ਯਾਰ ਹੰਢਾਈਏ ਨੀ ।
ਰਾਂਝਾ ਕੰਨ ਪੜਾ ਫ਼ਕੀਰ ਹੋਇਆ, ਸਿਰ ਓਸ ਦੇ ਵਾਰੀ ਚੜ੍ਹਾਈਏ ਨੀ ।
ਬਾਕੀ ਉਮਰ ਰੰਝੇਟੇ ਦੇ ਨਾਲ ਜਾਲਾਂ, ਕਿਵੇਂ ਸਹਿਤੀਏ ਡੌਲ ਬਣਾਈਏ ਨੀ ।
ਹੋਇਆ ਮੇਲ ਜਾਂ ਚਿਰੀਂ ਵਿਛੁੰਨਿਆਂ ਦਾ, ਯਾਰ ਰੱਜ ਕੇ ਗਲੇ ਲਗਾਈਏ ਨੀ ।
ਜੀਊ ਆਸ਼ਕਾਂ ਦਾ ਅਰਸ਼ ਰੱਬ ਦਾ ਹੈ, ਕਿਵੇਂ ਓਸ ਨੂੰ ਠੰਢ ਪਵਾਈਏ ਨੀ ।
ਕੋਈ ਰੋਜ਼ ਦਾ ਹੁਸਨ ਪਰਾਹੁਣਾ ਈ, ਮਜ਼ੇ ਖ਼ੂਬੀਆਂ ਨਾਲ ਹੰਢਾਈਏ ਨੀ ।
ਸ਼ੈਤਾਨ ਦੀਆਂ ਅਸੀਂ ਉਸਤਾਦ ਰੰਨਾਂ, ਕੋਈ ਆਉ ਖਾਂ ਮਕਰ ਫੈਲਾਈਏ ਨੀ ।
ਬਾਗ਼ ਜਾਂਦੀਆਂ ਅਸੀਂ ਨਾ ਸੁੰਹਦੀਆਂ ਹਾਂ, ਕਿਵੇਂ ਯਾਰ ਨੂੰ ਘਰੀਂ ਲਿਆਈਏ ਨੀ ।
ਗਲ ਘੱਤ ਪੱਲਾ ਮੂੰਹ ਘਾਹ ਲੈ ਕੇ, ਪੈਰੀਂ ਲੱਗ ਕੇ ਪੀਰ ਮਨਾਈਏ ਨੀ ।
ਵਾਰਿਸ ਸ਼ਾਹ ਗੁਨਾਹਾਂ ਦੇ ਅਸੀਂ ਲੱਦੇ, ਚਲੋ ਕੁੱਲ ਤਕਸੀਰ ਬਖ਼ਸ਼ਾਈਏ ਨੀ ।
(ਵਾਰੀ ਚੜ੍ਹਾਈਏ=ਖੇਲ ਕੇ ਬਾਜ਼ੀ ਚੜ੍ਹਾਈਏ,ਉਹਦੇ ਸਿਰ ਅਹਿਸਾਨ ਕਰੀਏ,
ਡੌਲ=ਤਰੀਕਾ, ਪੀਰ ਮਨਾਈਏ=ਤਿੰਨੇ ਗੱਲਾਂ ਸੁਲਾਹ ਕਰਨ ਵਾਲੀਆਂ ਹਨ:
ਗਲ ਵਿੱਚ ਪੱਲਾ ਪਾਉਣਾ, ਮੂੰਹ ਵਿੱਚ ਘਾਹ ਲੈਣਾ, ਪੈਰੀਂ ਲੱਗਣਾ)

516. ਸਹਿਤੀ

ਅੱਗੋਂ ਰਾਇਬਾਂ ਸੈਰਫ਼ਾਂ ਬੋਲੀਆਂ ਨੇ, ਕੇਹਾ ਭਾਬੀਏ ਨੀ ਮੱਥਾ ਖੇੜਿਆ ਈ ।
ਭਾਬੀ ਆਖ ਕੀ ਲਧੀਉ ਟਹਿਕ ਆਈਏਂ, ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ ।
ਮੋਈ ਗਈ ਸੈਂ ਜਿਉਂਦੀ ਆ ਵੜੀਏਂ, ਸੱਚ ਆਖ ਕੀ ਸਹਿਜ ਸਹੇੜਿਆ ਈ ।
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ, ਸਭੋ ਸੁਖ ਤੇ ਦੁਖ ਨਿਬੇੜਿਆ ਈ ।
ਨੈਣ ਸ਼ੋਖ ਹੋਏ ਰੰਗ ਚਮਕ ਆਇਆ, ਕੋਈ ਜ਼ੋਬਨੇ ਦਾ ਖੂਹ ਗੇੜਿਆ ਈ ।
ਆਸ਼ਕ ਮਸਤ ਹਾਥੀ ਭਾਵੇਂ ਬਾਗ਼ ਵਾਲਾ, ਤੇਰੀ ਸੰਗਲੀ ਨਾਲ ਖਹੇੜਿਆ ਈ ।
ਕਦਮ ਚੁਸਤ ਤੇ ਸਾਫ਼ ਕਨੌਤੀਆਂ ਨੇ, ਹੱਕ ਚਾਬਕ ਅਸਵਾਰ ਨੇ ਫੇਰਿਆ ਈ ।
ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ, ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ ।
(ਰਾਇਬਾਂ,ਸੈਰਫ਼ਾਂ=ਵੇਖਣ ਪਰਖਣ ਵਾਲੀਆਂ ਗੁਆਂਢੀ ਔਰਤਾਂ, ਕਨੌਤੀਆਂ=ਕੰਨ,
ਲਧੀਉ=ਲਭਿਉ)

517. ਤਥਾ

ਨੈਣ ਮਸਤ ਗੱਲ੍ਹਾਂ ਤੇਰੀਆਂ ਲਾਲ ਹੋਈਆਂ, ਡੁੱਕਾਂ ਭੰਨ ਚੋਲੀ ਵਿੱਚ ਟੇਲੀਆਂ ਨੀ ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਪੇਡੂ ਨਾਲ ਵਲੂੰਧਰਾਂ ਮੇਲੀਆਂ ਨੀ ।
ਕਿਸੇ ਅੰਬ ਤੇਰੇ ਅੱਜ ਚੂਪ ਲਏ, ਤਿਲ ਪੀੜ ਕਢੇ ਜਿਵੇਂ ਤੇਲੀਆਂ ਨੀ ।
ਤੇਰਾ ਕਿਸੇ ਨਢੇ ਨਾਲ ਮੇਲ ਹੋਇਆ, ਧਾਰਾਂ ਕਜਲੇ ਦੀਆਂ ਸੁਰਮੀਲੀਆਂ ਨੀ ।
ਤੇਰੀਆਂ ਗੱਲ੍ਹਾਂ ਤੇ ਦੰਦਾਂ ਦੇ ਦਾਗ਼ ਦਿੱਸਣ, ਅੱਜ ਸੋਧੀਆਂ ਠਾਕਰਾਂ ਚੇਲੀਆਂ ਨੀ ।
ਅੱਜ ਨਹੀਂ ਇਆਲੀਆਂ ਖ਼ਬਰ ਲੱਧੀ, ਬਘਿਆੜਾਂ ਨੇ ਰੋਲੀਆਂ ਛੇਲੀਆਂ ਨੀ ।
ਅੱਜ ਖੇੜਿਆਂ ਨੇ ਨਾਲ ਮਸਤੀਆਂ ਦੇ, ਹਾਥੀਵਾਨਾਂ ਨੇ ਹਥਣੀਆਂ ਪੇਲੀਆਂ ਨੀ ।
ਛੁੱਟਾ ਝਾਂਜਰਾਂ ਬਾਗ਼ ਦੇ ਸੁਫ਼ੇ ਵਿੱਚੋਂ, ਗਾਹ ਕੱਢੀਆਂ ਸਭ ਹਵੇਲੀਆਂ ਨੀ ।
ਥੱਕ ਹੁੱਟ ਕੇ ਘਰਕਦੀ ਆਣ ਪਈਏਂ, ਵਾਰਿਸ ਮੁੱਠੀਆਂ ਭਰਨ ਸਹੇਲੀਆਂ ਨੀ ।
(ਡੁੱਕਾਂ=ਹਥੇਲੀਆਂ, ਟੇਲੀਆਂ=ਘਿਸਰੀਆਂ, ਛੇਲੀ=ਬਕਰੀ ਦੀ ਬੱਚੀ,ਮੇਮਨੀ,
ਸੁਫ਼ੇ=ਦਾਲਾਨ, ਗਾਹ ਕਢੀਆਂ=ਗਾਹ ਦਿੱਤੀਆਂ)

518. ਤਥਾ

ਸਭੋ ਮਲ ਦਲ ਸੁਟੀਏਂ ਵਾਂਗ ਫੁੱਲਾਂ, ਝੋਕਾਂ ਤੇਰੀਆਂ ਮਾਣੀਆਂ ਬੇਲੀਆਂ ਨੇ ।
ਕਿਸੇ ਜ਼ੋਮ ਭਰੇ ਫੜ ਨੱਪੀਏਂ ਤੂੰ, ਧੜਕੇ ਕਾਲਜਾ ਪੌਂਦੀਆਂ ਤ੍ਰੇਲੀਆਂ ਨੇ ।
ਵੀਰਾਂ ਵਹੁਟੀਆਂ ਦਾ ਖੁੱਲ੍ਹਾ ਅੱਜ ਬਾਰਾ, ਕੌਂਤਾਂ ਰਾਵੀਆਂ ਢਾਹ ਕੇ ਮੇਲੀਆਂ ਨੇ ।
ਕਿਸੇ ਲਈ ਉੁਸ਼ਨਾਕ ਨੇ ਜਿਤ ਬਾਜ਼ੀ, ਪਾਸਾ ਲਾਇਕੇ ਬਾਜ਼ੀਆਂ ਖੇਲੀਆਂ ਨੇ ।
ਸੂਬਾਦਾਰ ਨੇ ਕਿਲੇ ਨੂੰ ਢੋ ਤੋਪਾਂ, ਕਰਕੇ ਜ਼ੇਰ ਸਭ ਰਈਅਤਾਂ ਮੇਲੀਆਂ ਨੇ ।
(ਜ਼ੋਮ=ਜੋਸ਼, ਤ੍ਰੇਲੀ=ਪਸੀਨਾ, ਵੀਰ ਵਹੁਟੀ=ਬੀਰ ਬਹੁਟੀ,ਚੀਚ ਵਹੁਟੀ,
ਬਾਰਾ ਖੁਲ੍ਹਣਾ=ਮੁਸ਼ਕਲ ਸੌਖੀ ਹੋਣੀ, ਜ਼ੇਰ=ਅਪਣੇ ਥੱਲੇ ਕਰਕੇ)

519. ਤਥਾ

ਜਿਵੇਂ ਸੋਹਣੇ ਆਦਮੀ ਫਿਰਨ ਬਾਹਰ, ਕਿਚਰਕ ਦੌਲਤਾਂ ਰਹਿਣ ਛੁਪਾਈਆਂ ਨੇ ।
ਅੱਜ ਭਾਵੇਂ ਤਾਂ ਬਾਗ਼ ਵਿੱਚ ਈਦ ਹੋਈ, ਖਾਧੀਆਂ ਭੁਖਿਆਂ ਨੇ ਮਠਿਆਈਆਂ ਨੇ ।
ਅੱਜ ਕਈਆਂ ਦੇ ਦਿਲਾਂ ਦੀ ਆਸ ਪੁੰਨੀ, ਜਮ ਜਮ ਜਾਣ ਬਾਗ਼ੀਂ ਭਰਜਾਈਆਂ ਨੇ ।
ਵਸੇ ਬਾਗ਼ ਜੁੱਗਾਂ ਤਾਈਂ ਸਣੇ ਭਾਬੀ, ਜਿੱਥੇ ਪੀਣ ਫ਼ਕੀਰ ਮਲਾਈਆਂ ਨੇ ।
ਖ਼ਾਕ ਤੋਦਿਆਂ ਤੇ ਵੱਡੇ ਤੀਰ ਛੁੱਟੇ, ਤੀਰ ਅੰਦਾਜ਼ਾਂ ਨੇ ਕਾਨੀਆਂ ਲਾਈਆਂ ਨੇ ।
ਅੱਜ ਜੋ ਕੋਈ ਬਾਗ਼ ਵਿੱਚ ਜਾ ਵੜਿਆ, ਮੂੰਹੋਂ ਮੰਗੀਆਂ ਦੌਲਤਾਂ ਪਾਈਆਂ ਨੇ ।
ਪਾਣੀ ਬਾਝ ਸੁੱਕੀ ਦਾੜ੍ਹੀ ਖੇੜਿਆਂ ਦੀ, ਅੱਜ ਮੁੰਨ ਕਢੀ ਦੋਹਾਂ ਨਾਈਆਂ ਨੇ ।
ਸਿਆਹ ਭੌਰ ਹੋਈਆਂ ਚਸ਼ਮਾਂ ਪਿਆਰਿਆਂ ਦੀਆਂ, ਭਰ ਭਰ ਪਾਉਂਦੇ ਰਹੇ ਸਲਾਈਆਂ ਨੇ ।
ਅੱਜ ਆਬਦਾਰੀ ਚੜ੍ਹੀ ਮੋਤੀਆਂ ਨੂੰ, ਜੀਊ ਆਈਆਂ ਭਾਬੀਆਂ ਆਈਆਂ ਨੇ ।
ਵਾਰਿਸ ਸ਼ਾਹ ਹੁਣ ਪਾਣੀਆਂ ਜ਼ੋਰ ਕੀਤਾ, ਬਹੁਤ ਖ਼ੁਸ਼ੀ ਕੀਤੀ ਮੁਰਗ਼ਾਈਆਂ ਨੇ ।
(ਕਿਚਰਕ=ਕਿੰਨੀ ਦੇਰ ਤੱਕ, ਪੁੰਨੀ=ਪੁੱਗੀ, ਖ਼ਾਕ ਤੋਦੇ=ਮਿੱਟੀ ਦੇ ਧੈੜੇ,
ਛੈਲੇ=ਛੈਲਾ ਦਾ ਬਹੁ-ਵਚਨ,ਗਭਰੂ, ਆਬਦਾਰੀ=ਚਮਕ, ਜੀਊ ਆਈਆਂ=
ਮਨਪਸੰਦ)

520. ਤਥਾ

ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਉਸ਼ਨਾਕ ਨੇ ਲੁੱਟ ਲਏ ।
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਈ, ਨਾਫੇ ਮੁਸ਼ਕ ਵਾਲੇ ਦੋਵੇਂ ਪੁਟ ਲਏ ।
ਜਿਹੜੇ ਨਿਤ ਨਿਸ਼ਾਨ ਛੁਪਾਂਵਦੀ ਸੈਂ, ਕਿਸੇ ਤੀਰ ਅੰਦਾਜ਼ ਨੇ ਚੁੱਟ ਲਏ ।
ਕਿਸੇ ਹਿਕ ਤੇਰੀ ਨਾਲ ਹਿਕ ਜੋੜੀ, ਵਿੱਚੇ ਫੁੱਲ ਗੁਲਾਬ ਦੇ ਘੁਟ ਲਏ ।
ਕਿਸੇ ਹੋ ਬੇਦਰਦ ਕਸ਼ੀਸ਼ ਦਿੱਤੀ, ਬੰਦ ਬੰਦ ਕਮਾਨ ਦੇ ਤਰੁਟ ਗਏ ।
ਆਖ ਕਿਨ੍ਹਾਂ ਫੁਲੇਲਿਆਂ ਪੀੜੀਏਂ ਤੂੰ, ਇਤਰ ਕੱਢ ਕੇ ਫੋਗ ਨੂੰ ਸੱਟ ਗਏ ।
(ਨਾਫਾ=ਧੁੰਨੀ, ਮੁਸ਼ਕ=ਕਸਤੂਰੀ, ਚੁਟ=ਚੁੰਡ, ਕਸ਼ੀਸ਼=ਖਿਚ,ਕਸ਼ਿਸ਼,
ਫੋਗ=ਖ਼ੁਸ਼ਕ ਗੁੱਦਾ)

521. ਤਥਾ

ਤੇਰੀ ਗਾਧੀ ਨੂੰ ਅੱਜ ਕਿਸੇ ਧੱਕਿਆ ਈ, ਕਿਸੇ ਅੱਜ ਤੇਰਾ ਖੂਹਾ ਗੇੜਿਆ ਈ ।
ਲਾਇਆ ਰੰਗ ਨਿਸੰਗ ਮਲੰਗ ਭਾਵੇਂ, ਅੱਗ ਨਾਲ ਤੇਰੇ ਅੰਗ ਭੇੜਿਆ ਈ ।
ਲਾਹ ਚੱਪਣੀ ਦੁੱਧ ਦੀ ਦੇਗਚੀ ਦੀ, ਕਿਸੇ ਅੱਜ ਮਲਾਈ ਨੂੰ ਛੇੜਿਆ ਈ ।
ਸੁਰਮੇਦਾਨੀ ਦਾ ਲਾਹ ਬਰੋਚਨਾ ਨੀ, ਸੁਰਮੇ ਸੁਰਮਚੂ ਕਿਸੇ ਲਿਬੇੜਿਆ ਈ ।
ਵਾਰਿਸ ਸ਼ਾਹ ਤੈਨੂੰ ਪਿੱਛੋਂ ਆਇ ਮਿਲਿਆ, ਇੱਕੇ ਨਵਾਂ ਹੀ ਕੋਈ ਸਹੇੜਿਆ ਈ ।
(ਨਿਸੰਗ=ਬਿਨਾ ਸੰਗ ਦੇ, ਮਲੰਗ=ਫੱਕਰ, ਦੇਗਚੀ=ਪਤੀਲੀ, ਬਰੋਚਨਾ=ਢੱਕਣ)

522. ਤਥਾ

ਭਾਬੀ ਅੱਜ ਜੋਬਨ ਤੇਰੇ ਲਹਿਰ ਦਿੱਤੀ, ਜਿਵੇਂ ਨਦੀ ਦਾ ਨੀਰ ਉੱਛੱਲਿਆ ਈ ।
ਤੇਰੀ ਚੋਲੀ ਦੀਆਂ ਢਿੱਲੀਆਂ ਹੈਣ ਤਣੀਆਂ, ਤੈਨੂੰ ਕਿਸੇ ਮਹਿਬੂਬ ਪਥੱਲਿਆ ਈ ।
ਕੁਫ਼ਲ ਜੰਦਰੇ ਤੋੜ ਕੇ ਚੋਰ ਵੜਿਆ, ਅੱਜ ਬੀੜਾ ਕਸਤੂਰੀ ਦਾ ਹੱਲਿਆ ਈ ।
ਸੂਹਾ ਘੱਗਰਾ ਲਹਿਰਾਂ ਦੇ ਨਾਲ ਉਡੇ, ਬੋਕਬੰਦ ਦੋ-ਚੰਦ ਹੋ ਚੱਲਿਆ ਈ ।
ਸੁਰਖ਼ੀ ਹੋਠਾਂ ਦੀ ਕਿਸੇ ਨੇ ਚੂਪ ਲਈ, ਅੰਬ ਸੱਖਣਾਂ ਮੋੜ ਕੇ ਘੱਲਿਆ ਈ ।
ਕਸਤੂਰੀ ਦੇ ਮਿਰਗ ਜਿਸ ਢਾਹ ਲਏ, ਕੋਈ ਵੱਡਾ ਹੇੜੀ ਆ ਮਿਲਿਆ ਈ ।
(ਕੁਫ਼ਲ=ਜਿੰਦਰਾ, ਬੀੜਾ=ਢੱਕਣ, ਬੋਕਬੰਦ=ਗਿਲਾਫ਼, ਸੱਖਣਾਂ=ਖ਼ਾਲੀ,
ਹੇੜੀ=ਸ਼ਿਕਾਰੀ)

523. ਤਥਾ

ਤੇਰੇ ਸਿਆਹ ਤਤੋਲੜੇ ਕੱਜਲੇ ਦੇ, ਠੋਡੀ ਅਤੇ ਗੱਲ੍ਹਾਂ ਉਤੋਂ ਗੁੰਮ ਗਏ ।
ਤੇਰੇ ਫੁਲ ਗੁਲਾਬ ਦੇ ਲਾਲ ਹੋਏ, ਕਿਸੇ ਘੇਰ ਕੇ ਰਾਹ ਵਿੱਚ ਚੁੰਮ ਲਏ ।
ਤੇਰੇ ਖਾਂਚੇ ਇਹ ਸ਼ੱਕਰ ਪਾਰਿਆਂ ਦੇ, ਹੱਥ ਮਾਰ ਕੇ ਭੁੱਖਿਆਂ ਲੁੰਮ ਲਏ ।
ਧਾੜਾ ਮਾਰ ਕੇ ਧਾੜਵੀ ਮੇਵਿਆਂ ਦੇ, ਚੱਲੇ ਝਾੜ ਬੂਟੇ ਕਿਤੇ ਗੁੰਮ ਗਏ ।
ਵੱਡੇ ਵਣਜ ਹੋਏ ਅੱਜ ਜੋਬਨਾਂ ਦੇ, ਕੋਈ ਨਵੇਂ ਵਣਜਾਰੇ ਘੁੰਮ ਗਏ ।
ਕੋਈ ਧੋਬੀ ਵਲਾਇਤੋਂ ਆ ਲੱਥਾ, ਸਰੀ ਸਾਫ਼ ਦੇ ਥਾਨ ਚੜ੍ਹ ਖੁੰਮ ਗਏ ।
ਤੇਰੀ ਚੋਲੀ ਵਲੂੰਧਰੀ ਸਣੇ ਸੀਨੇ, ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਮ ਗਏ ।
ਖੇੜੇ ਕਾਬਲੀ ਕੁੱਤਿਆਂ ਵਾਂਗ ਏਥੇ, ਵਢਵਾਇ ਕੇ ਕੰਨ ਤੇ ਦੁੰਮ ਗਏ ।
ਵਾਰਿਸ ਸ਼ਾਹ ਅਚੰਬੜਾ ਨਵਾਂ ਹੋਇਆ, ਸੁੱਤੇ ਪਾਹਰੂ ਨੂੰ ਚੋਰ ਟੁੰਮ ਗਏ ।
(ਤਤੋਲੜੇ=ਆਪ ਬਣਾਇਆ ਤਿਲ, ਖਾਂਚੇ=ਮਠਿਆਈਆ ਵੇਚਣ ਵਾਲੇ
ਦੁਕਾਨਦਾਰਾਂ ਦੇ ਵੱਡੇ ਥਾਲ,ਲੁੰਮ ਲਏ=ਝਪਟੀ ਮਾਰ ਕੇ ਖੋਹ ਲਏ, ਦੁੰਮ=
ਪੂਛ, ਅਚੰਭੜਾ=ਅਚੰਬਾ, ਪਾਹਰੂ=ਪਹਿਰੇਦਾਰ)

524. ਤਥਾ

ਕਿਸੇ ਕੇਹੇ ਨਪੀੜੇਨੇ ਪੀੜੀਏਂ ਤੂੰ, ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ ।
ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ, ਇਹ ਤਾਂ ਕੰਮ ਹੋਇਆ ਹਿਲਜੁੱਲ ਦਾ ਨੀ ।
ਤੇਰਾ ਲੱਕ ਕਿਸੇ ਪਾਇਮਾਲ ਕੀਤਾ, ਢੱਗਾ ਜੋਤਰੇ ਜਿਵੇਂ ਹੈ ਘੁੱਲਦਾ ਨੀ ।
ਵਾਰਿਸ ਸ਼ਾਹ ਮੀਆਂ ਇਹ ਦੁਆ ਮੰਗੋ, ਖੁੱਲ੍ਹ ਜਾਏ ਬਾਰਾ ਅੱਜ ਕੁੱਲ ਦਾ ਨੀ ।
(ਤੋਰੀ ਦੇ ਫੁਲ ਦਾ=ਪੀਲਾ, ਪਾਇਮਾਲ=ਪੈਰਾਂ ਥੱਲੇ ਮਿੱਧਿਆ, ਬਾਰਾ ਖੁਲ੍ਹ
ਜਾਏ=ਕੰਮ ਬਣ ਜਾਵੇ, ਕੁੱਲ=ਸਾਰਿਆਂ ਦਾ)

525. ਹੀਰ

ਪਰਨੇਹਾਂ ਦਾ ਮੈਨੂੰ ਅਸਰ ਹੋਇਆ, ਰੰਗ ਜ਼ਰਦ ਹੋਇਆ ਏਸੇ ਵਾਸਤੇ ਨੀ ।
ਛਾਪਾਂ ਖੁੱਭ ਗਈਆਂ ਗੱਲ੍ਹਾਂ ਮੇਰੀਆਂ ਤੇ, ਦਾਗ਼ ਲਾਲ ਪਏ ਏਸੇ ਵਾਸਤੇ ਨੀ ।
ਕੱਟੇ ਜਾਂਦੇ ਨੂੰ ਭਜ ਕੇ ਮਿਲੀ ਸਾਂ ਮੈਂ, ਤਾਣੀਆਂ ਢਿੱਲੀਆਂ ਨੇ ਏਸੇ ਵਾਸਤੇ ਨੀ ।
ਰੁੰਨੀ ਅਥਰੂ ਡੁੱਲ੍ਹੇ ਸਨ ਮੁਖੜੇ ਤੇ, ਘੁਲ ਗਏ ਤਤੋਲੜੇ ਪਾਸਤੇ ਨੀ ।
ਮੂਧੀ ਪਈ ਬਨੇਰੇ ਤੇ ਵੇਖਦੀ ਸਾਂ, ਪੇਡੂ ਲਾਲ ਹੋਏ ਏਸੇ ਵਾਸਤੇ ਨੀ ।
ਸੁਰਖਖ਼ੀ ਹੋਠਾਂ ਦੀ ਆਪ ਮੈਂ ਚੂਪ ਲਈ, ਰੰਗ ਉਡ ਗਿਆ ਏਸੇ ਵਾਸਤੇ ਨੀ ।
ਕੱਟਾ ਘੁਟਿਆ ਵਿੱਚ ਗਲਵੱਕੜੀ ਦੇ, ਡੁੱਕਾਂ ਲਾਲ ਹੋਈਆਂ ਏਸੇ ਵਾਸਤੇ ਨੀ ।
ਮੇਰੇ ਪੇਡੂ ਨੂੰ ਕੱਟੇ ਨੇ ਢੁੱਡ ਮਾਰੀ, ਲਾਸਾਂ ਬਖਲਾਂ ਦੀਆਂ ਮੇਰੇ ਮਾਸ ਤੇ ਨੀ ।
ਹੋਰ ਪੁਛ ਵਾਰਿਸ ਮੈਂ ਗ਼ਰੀਬਣੀ ਨੂੰ, ਕੀ ਆਖਦੇ ਲੋਕ ਮੁਹਾਸਤੇ ਨੀ ।
(ਪਰਨੇਹਾਂ=ਪੀਲੀਆ, ਯਰਕਾਨ, ਜ਼ਰਦ=ਪੀਲਾ, ਛਾਪਾਂ=ਮੁੰਦੀਆਂ,
ਰੁੰਨੀ=ਰੋਈ, ਪੇਡੂ=ਧੁੰਨੀ ਤੋਂ ਥੱਲੇ ਦਾ ਢਿਡ)

526. ਸਹਿਤੀ

ਭਾਬੀ ਅੱਖੀਆਂ ਦੇ ਰੰਗ ਰੱਤ ਵੰਨੇ, ਤੈਨੂੰ ਹੁਸਨ ਚੜ੍ਹਿਆ ਅਨਿਆਉਂ ਦਾ ਨੀ ।
ਅੱਜ ਧਿਆਨ ਤੇਰਾ ਆਸਮਾਨ ਉੱਤੇ, ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ ।
ਤੇਰੇ ਸੁਰਮੇ ਦੀਆਂ ਧਾਰੀਆਂ ਦੌੜ ਰਹੀਆਂ, ਜਿਵੇਂ ਕਾਟਕੂ ਮਾਲ ਤੇ ਧਾਉਂਦਾ ਨੀ ।
ਰਾਜਪੂਤ ਮੈਦਾਨ ਵਿੱਚ ਲੜਣ ਤੇਗ਼ਾਂ, ਅੱਗੇ ਢਾਡੀਆਂ ਦਾ ਪੁੱਤ ਗਾਉਂਦਾ ਨੀ ।
ਰੁਖ ਹੋਰ ਦਾ ਹੋਰ ਹੈ ਅੱਜ ਵਾਰਿਸ, ਚਾਲਾ ਨਵਾਂ ਕੋਈ ਨਜ਼ਰ ਆਉਂਦਾ ਨੀ ।
(ਕਾਟਕੂ=ਧਾੜਵੀ)

527. ਹੀਰ

ਮੁੱਠੀ ਮੁੱਠੀ ਮੈਨੂੰ ਕੋਈ ਅਸਰ ਹੋਇਆ, ਅੱਜ ਕੰਮ ਤੇ ਜੀਊ ਨਾ ਲਗਦਾ ਨੀ ।
ਭੁੱਲੀ ਵਿਸਰੀ ਬੂਟੀ ਉਲੰਘ ਆਈ, ਇੱਕੇ ਪਿਆ ਭੁਲਾਵੜਾ ਠੱਗ ਦਾ ਨੀ ।
ਤੇਵਰ ਲਾਲ ਮੈਨੂੰ ਅੱਜ ਖੇੜਿਆਂ ਦਾ, ਜਿਵੇਂ ਲੱਗੇ ਉਲੰਬੜਾ ਅੱਗ ਦਾ ਨੀ ।
ਅੱਜ ਯਾਦ ਆਏ ਮੈਨੂੰ ਸੇਈ ਸੱਜਣ, ਜੈਂਦਾ ਮਗਰ ਉਲਾਂਭੜਾ ਜੱਗ ਦਾ ਨੀ ।
ਖੁਲ੍ਹ ਖੁਲ੍ਹ ਜਾਂਦੇ ਬੰਦ ਚੋਲੜੀ ਦੇ, ਅੱਜ ਗਲੇ ਮੇਰੇ ਕੋਈ ਲੱਗਦਾ ਨੀ ।
ਘਰ ਬਾਰ ਵਿੱਚੋਂ ਡਰਨ ਆਂਵਦਾ ਹੈ, ਜਿਵੇਂ ਕਿਸੇ ਤਤਾਰਚਾ ਵੱਗਦਾ ਨੀ ।
ਇੱਕੇ ਜੋਬਨੇ ਦੀ ਨਈਂ ਨੇ ਠਾਠ ਦਿੱਤੀ, ਬੂੰਬਾ ਆਂਵਦਾ ਪਾਣੀ ਤੇ ਝੱਗਦਾ ਨੀ ।
ਵਾਰਿਸ ਸ਼ਾਹ ਬੁਲਾਉ ਨਾ ਮੂਲ ਮੈਨੂੰ, ਸਾਨੂੰ ਭਲਾ ਨਾਹੀਂ ਕੋਈ ਲੱਗਦਾ ਨੀ ।
(ਤਿਉਰ ਲਾਲ=ਲਾਲ ਰੰਗ ਦੇ ਸੂਟ, ਉਲੰਬੜਾ=ਲਾਟ, ਉਲਾਂਭੜਾ=ਮਿਹਣਾ,
ਤਤਾਰਚਾ=ਬਰਛੀ, ਬੂੰਬਾ=ਫੁਹਾਰਾ)

528. ਸਹਿਤੀ

ਅੱਜ ਕਿਸੇ ਭਾਬੀ ਤੇਰੇ ਨਾਲ ਕੀਤੀ, ਚੋਰ ਯਾਰ ਫੜੇ ਗੁਨਾਹਗਾਰੀਆਂ ਨੂੰ ।
ਭਾਬੀ ਅੱਜ ਤੇਰੀ ਗੱਲ ਉਹ ਬਣੀ, ਦੁੱਧ ਹੱਥ ਲੱਗਾ ਦੁਧਾਧਾਰੀਆਂ ਨੂੰ ।
ਤੇਰੇ ਨੈਣਾਂ ਦੀਆਂ ਨੋਕਾਂ ਦੇ ਖ਼ਤ ਬਣਦੇ, ਵਾਢ ਮਿਲੀ ਹੈ ਜਿਵੇਂ ਕਟਾਰੀਆਂ ਨੂੰ ।
ਹੁਕਮ ਹੋਰ ਦਾ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ ।
ਤੇਰੇ ਜੋਬਨੇ ਦਾ ਰੰਗ ਕਿਸੇ ਲੁਟਿਆ, ਹਨੂਮਾਨ ਜਿਉਂ ਲੰਕ ਅਟਾਰੀਆਂ ਨੂੰ ।
ਹੱਥ ਲੱਗ ਗਈ ਏਂ ਕਿਸੇ ਯਾਰ ਤਾਈਂ, ਜਿਵੇਂ ਕਸਤੂਰੀ ਦਾ ਭਾਅ ਵਪਾਰੀਆਂ ਨੂੰ ।
ਤੇਰੀ ਤੱਕੜੀ ਦੀਆਂ ਕਸਾਂ ਢਿਲੀਆਂ ਨੇ, ਕਿਸੇ ਤੋਲਿਆ ਲੌਂਗ ਸੁਪਾਰੀਆਂ ਨੂੰ ।
ਜਿਹੜੇ ਨਿੱਤ ਸਵਾਹ ਵਿੱਚ ਲੇਟਦੇ ਸਨ, ਅਜ ਲੈ ਬੈਠੇ ਸਰਦਾਰੀਆਂ ਨੂੰ ।
ਅੱਜ ਸਿਕਦਿਆਂ ਕਵਾਰੀਆਂ ਕਰਮ ਖੁਲ੍ਹੇ, ਨਿਤ ਢੂੰਡਦੇ ਸਨ ਜਿਹੜੇ ਯਾਰੀਆਂ ਨੂੰ ।
ਚੂੜੇ ਬੀੜੇ ਤੇ ਚੌੜ ਸ਼ਿੰਗਾਰ ਹੋਏ, ਠੋਕਰ ਲਗ ਗਈ ਮਨਿਆਰੀਆਂ ਨੂੰ ।
ਵਾਰਿਸ ਸ਼ਾਹ ਜਿਨ੍ਹਾਂ ਮਲੇ ਇਤਰ ਸ਼ੀਸ਼ੇ, ਉਹਨਾਂ ਕੀ ਕਰਨਾ ਫ਼ੌਜਦਾਰੀਆਂ ਨੂੰ ।
(ਦੁਧਾ ਧਾਰੀ=ਜਿਹੜੇ ਕੇਵਲ ਦੁੱਧ ਹੀ ਪੀਂਦੇ ਹਨ, ਵਾਢ=ਕੱਟਣ ਦੀ ਸ਼ਖ਼ਤੀ,
ਅੱਜ ਮਿਲੀ .. ਕੰਧਾਰੀਆਂ ਨੂੰ=ਨਾਦਰ ਸ਼ਾਹ 1739 ਈ ਦੇ ਹਮਲੇ ਵਿੱਚ
ਕੋਹਨੂਰ ਹੀਰਾ ਅਤੇ ਤਖ਼ਤ ਤਾਊਸ ਲੁਟ ਕੇ ਕੰਧਾਰ ਲੈ ਗਿਆ ਸੀ, ਦਿੱਲੀ
ਵੀ ਪੰਜਾਬ ਵਿੱਚ ਸ਼ਾਮਲ ਸੀ, ਸੁਆਹ ਲਟੇਂਦੇ=ਮੰਦੇ ਹਾਲੀਂ ਸਨ, ਸਿਕਦਿਆਂ=
ਤਰਸਦਿਆਂ)

529. ਹੀਰ

ਕੇਹੀ ਛਿੰਜ ਘੱਤੀ ਅੱਜ ਤੁਸਾਂ ਭੈਣਾਂ, ਖ਼ੁਆਰ ਕੀਤਾ ਜੇ ਮੈਂ ਨਿੱਘਰ ਜਾਂਦੜੀ ਨੂੰ ।
ਭੱਈਆਂ ਪਿੱਟੜੀ ਕਦੋਂ ਮੈਂ ਗਈ ਕਿਧਰੇ, ਕਿਉ ਰਵਾਇਆ ਜੇ ਮੁਣਸ ਖਾਂਦੜੀ ਨੂੰ ।
ਛੱਜ ਛਾਣਨੀ ਘੱਤ ਉਡਾਇਆ ਜੇ, ਮਾਪੇ ਪਿੱਟੜੀ ਤੇ ਲੁੜ੍ਹ ਜਾਂਦੜੀ ਨੂੰ ।
ਵਾਰਿਸ ਸ਼ਾਹ ਦੇ ਢਿਡ ਵਿੱਚ ਸੂਲ ਹੁੰਦਾ, ਸੱਦਣ ਗਈ ਸਾਂ ਮੈਂ ਕਿਸੇ ਮਾਂਦਰੀ ਨੂੰ ।
(ਛਿੰਜ ਘੱਤੀ=ਰੌਲਾ ਪਾਇਆ, ਛਜ ਛਾਣਨੀ ਘਤ ਉਡਾਇਆ=ਬਹੁਤ
ਬਦਨਾਮੀ ਕੀਤੀ)

530. ਸਹਿਤੀ

ਕਿਸੇ ਹੋ ਬੇਦਰਦ ਲਗਾਮ ਦਿੱਤੀ, ਅੱਡੀਆਂ ਵੱਖੀਆਂ ਵਿੱਚ ਚੁਭਾਈਆਂ ਨੇ ।
ਢਿੱਲਿਆਂ ਹੋ ਕੇ ਕਿਸੇ ਮੈਦਾਨ ਦਿੱਤਾ, ਲਈਆਂ ਕਿਸੇ ਮਹਿਬੂਬ ਸਫ਼ਾਈਆਂ ਨੇ ।
ਸਿਆਹ ਕਾਲਾ ਹੋਠਾਂ ਤੇ ਲਹੂ ਲੱਗਾ, ਕਿਸੇ ਨੀਲੀ ਨੂੰ ਠੋਕਰਾਂ ਲਾਈਆਂ ਨੇ ।
ਵਾਰਿਸ ਸ਼ਾਹ ਮੀਆਂ ਹੋਣੀ ਹੋ ਰਹੀ, ਹੁਣ ਕੇਹੀਆਂ ਰਿੱਕਤਾਂ ਚਾਈਆਂ ਨੇ ।
(ਮੈਦਾਨ ਦਿੱਤਾ=ਅੱਗੇ ਵਧਣ ਦਾ ਮੌਕਾ ਦਿੱਤਾ, ਨੀਲੀ=ਨੀਲੀ ਘੋੜੀ,
ਠੋਕਰਾਂ=ਅੱਡੀ ਲਾਈ)

531. ਹੀਰ

ਲੁੜ੍ਹ ਗਈ ਜੇ ਮੈਂ ਧਰਤ ਪਾਟ ਚੱਲੀ, ਕੁੜੀਆਂ ਪਿੰਡ ਦੀਆਂ ਅੱਜ ਦੀਵਾਨੀਆਂ ਨੇ ।
ਚੋਚੇ ਲਾਉਂਦੀਆਂ ਧੀਆਂ ਪਰਾਈਆਂ ਨੂੰ, ਬੇਦਰਦ ਤੇ ਅੰਤ ਬੇਗਾਨੀਆਂ ਨੇ ।
ਮੈਂ ਬੇਦੋਸੜੀ ਅਤੇ ਬੇਖ਼ਬਰ ਤਾਈਂ, ਰੰਗ ਰੰਗ ਦੀਆਂ ਲਾਂਦੀਆਂ ਕਾਨੀਆਂ ਨੇ ।
ਮਸਤ ਫਿਰਨ ਉਤਮਾਦ ਦੇ ਨਾਲ ਭਰੀਆਂ, ਟੇਢੀ ਚਾਲ ਚੱਲਣ ਮਸਤਾਨੀਆਂ ਨੇ ।
(ਚੋਚੇ=ਊਜ, ਉਦਮਾਦ=ਨਸ਼ਾ)

532. ਸਹਿਤੀ

ਭਾਬੀ ਜਾਣਨੇ ਹਾਂ ਅਸੀਂ ਸਭ ਚਾਲੇ, ਜਿਹੜੇ ਮੂੰਗ ਤੇ ਚਣੇ ਖਿਡਾਵਨੀ ਹੈਂ ।
ਆਪ ਖੇਡੇ ਹੈਂ ਤੂੰ ਗੁਹਤਾਲ ਚਾਲੇ, ਸਾਨੂੰ ਹਸਤੀਆਂ ਚਾਇ ਬਣਾਵਨੀ ਹੈ ।
ਚੀਚੋਚੀਚ ਕੰਧੋਲੀਆਂ ਆਪ ਖੇਡੇਂ, ਅੱਡੀ ਟਾਪਿਆਂ ਨਾਲ ਵਿਲਾਵਨੀ ਹੈਂ ।
ਆਪ ਰਹੇਂ ਬੇਦੋਸ਼ ਬੇਗਰਜ਼ ਬਣ ਕੇ, ਮਾਲ ਖੇੜਿਆਂ ਦਾ ਲੁਟਵਾਵਨੀ ਹੈਂ ।
(ਮੂੰਗ ਤੇ ਚਣੇ ਖਿਡਾਉਣੇ=ਕਹਾਣੀ ਦੱਸੀ ਜਾਂਦੀ ਹੈ ਕਿ ਮਹਾਨ ਫਾਰਸੀ
ਕਵੀ ਸ਼ੇਖ ਸਾਅਦੀ ਨੇ ਔਰਤਾਂ ਦੇ ਮਕਰ ਤੋਂ ਤੰਗ ਆ ਕੇ ਇੱਕ ਨਿੱਕੀ
ਬੱਚੀ ਨੂੰ ਆਪਣੀ ਨਿਗਰਾਨੀ ਵਿੱਚ ਪਾਲਿਆ ।ਲੜਕੀ ਮੁਟਿਆਰ ਹੋ
ਗਈ ।ਸ਼ੈਖ਼ ਆਪ ਬਾਹਰ ਜਾਣ ਵੇਲੇ ਉਹਨੂੰ ਘਰ ਵਿੱਚ ਬੰਦ ਕਰਕੇ
ਕਾਰੇ ਲਾਉਣ ਲਈ ਮੂੰਗ, ਚਣੇ ਅਤੇ ਚੌਲ ਰਲਾ ਕੇ ਦੇ ਦਿੰਦਾ ਅਤੇ
ਲੜਕੀ ਨੂੰ ਤਿੰਨੇ ਵਸਤਾਂ ਚੁਗ ਕੇ ਵੱਖ ਵੱਖ ਕਰਨ ਲਈ ਆਖਦਾ ।
ਤਿਕਾਲਾਂ ਨੂੰ ਉਹ ਜੁਦਾ ਭਾਂਡਿਆਂ ਵਿੱਚ ਉਨ੍ਹਾਂ ਨੂੰ ਰਿੰਨ੍ਹ ਲੈਂਦੇ।ਕਿੰਨੀ
ਦੇਰ ਇਹ ਕੰਮ ਚਲਦਾ ਰਿਹਾ ।ਫਿਰ ਉਸ ਲੜਕੀ ਦੀ ਕਿਸੇ ਆਪਣੇ
ਹਾਣੀ ਨਾਲ ਗੱਲਬਾਤ ਹੋ ਗਈ ।ਮੁੰਡਾ ਕੰਧ ਟੱਪ ਕੇ ਘਰ ਅੰਦਰ ਆ
ਜਾਂਦਾ ।ਦੋਵੇਂ ਮੌਜਾਂ ਕਰਦੇ ਅਤੇ ਫਿਰ ਮੂੰਗ, ਚੌਲ ਵੱਖਰੇ ਕਰਦੇ ।ਇੱਕ
ਦਿਨ ਉਹ ਆਪੋ ਵਿੱਚ ਮਸਤ ਹੋਕੇ ਸਭ ਕੁੱਝ ਭੁਲ ਗਏ ।ਅਖੀਰ ਮੁੰਡੇ
ਨੇ ਸਲਾਹ ਦਿੱਤੀ ਉਹ ਉਸ ਦਿਨ ਖਿਚੜੀ ਬਣਾ ਲਵੇ ਕਿਉਂਕਿ ਉਹ
ਉਨ੍ਹਾਂ ਨੂੰ ਵੱਖਰੇ ਵੱਖਰੇ ਨਾ ਕਰ ਸਕੇ ।ਤਿਕਾਲਾਂ ਨੂੰ ਸਾਅਦੀ ਖਿਚੜੀ
ਵੇਖ ਕੇ ਬਹੁਤ ਲੋਹਾ ਲਾਖਾ ਹੋਇਆ ਅਤੇ ਕੁੜੀ ਨੂੰ ਡਾਂਟ ਕੇ ਪੁੱਛਿਆ
ਕਿ ਇਹ ਕਿਹਦੀ ਸਲਾਹ ਹੈ ।ਜਦੋਂ ਤਲਵਾਰ ਖਿੱਚੀ ਤਾਂ ਉਹਨੇ ਸਭ
ਕੁੱਝ ਦੱਸ ਦਿੱਤਾ ।ਹੁਣ ਜਦੋਂ ਕੋਈ ਕੁਆਰੀ ਕੁੜੀ ਕਿਸੇ ਮੁੰਡੇ ਨਾਲ
ਨਾਜਾਇਜ਼ ਸਬੰਧ ਪੈਦਾ ਕਰੇ ਤਾਂ ਆਖਦੇ ਹਨ ਕਿ ਉਹ ਮੂੰਗ, ਚਣੇ
ਖੇਡਦੀ ਹੈ, ਗੁਹਤਾਲ ਚਾਲੇ=ਮਕਰ ਦੀਆਂ ਚਾਲਾਂ, ਹਸਤੀ=ਹਥਣੀ,
ਚੀਚੋ ਚੀਚ ਕੰਧੋਲੀਆਂ=ਮੁੰਡਿਆਂ ਦੀ ਇੱਕ ਖੇਡ, ਜਿਸ ਵਿੱਚ ਉਨ੍ਹਾਂ
ਦੇ ਦੋ ਗਰੁੱਪ ਮਿੱਥੇ ਵਖ਼ਤ ਵਿੱਚ ਕੱਧ ਆਦਿ ਤੇ ਲੀਕਾਂ ਕੱਢਦੇ ਹਨ ।
ਫਿਰ ਉਹ ਗਿਣ ਕੇ ਵੇਖਦੇ ਹਨ ।ਵੱਧ ਲੀਕਾਂ ਕੱਢਣ ਵਾਲੀ ਟੀਮ
ਜੇਤੂ ਹੁੰਦੀ ਹੈ, ਅੱਡੀ ਟਾਪਾ=ਅੱਡੀ ਟਾਪਾ ਕੁੜੀਆਂ ਦੀ ਇੱਕ ਖੇਡ ਹੈ)

533. ਹੀਰ

ਅੜੀਉ ਕਸਮ ਮੈਨੂੰ ਜੇ ਯਕੀਨ ਕਰੋ, ਮੈਂ ਨਰੋਲ ਬੇਗਰਜ਼ ਬੇਦੋਸੀਆਂ ਨੀ ।
ਜਿਹੜੀ ਆਪ ਵਿੱਚ ਰਮਜ਼ ਸੁਣਾਉਂਦੀਆਂ ਹੋ, ਨਹੀਂ ਜਾਣਦੀ ਮੈਂ ਚਾਪਲੋਸੀਆਂ ਨੀ ।
ਮੈਂ ਤਾਂ ਪੇਕਿਆਂ ਨੂੰ ਨਿੱਤ ਯਾਦ ਕਰਾਂ, ਪਈ ਪਾਉਨੀ ਹਾਂ ਨਿਤ ਔਸੀਆਂ ਨੀ ।
ਵਾਰਿਸ ਸ਼ਾਹ ਕਿਉਂ ਤਿਨ੍ਹਾਂ ਆਰਾਮ ਆਵੇ, ਜਿਹੜੀਆਂ ਇਸ਼ਕ ਦੇ ਥਲਾਂ ਵਿੱਚ ਤੋਸੀਆਂ ਨੀ ।
(ਨਰੋਲ=ਖ਼ਾਲਿਸ, ਚਾਪਲੋਸੀ=ਖ਼ੁਸ਼ਾਮਦ, ਤੋਸੀਆਂ=ਤੂਸੀਆਂ,ਫਸੀਆਂ)

534. ਸਹਿਤੀ

ਭਾਬੀ ਦੱਸ ਖਾਂ ਅਸੀਂ ਜੇ ਝੂਠ ਬੋਲਾਂ, ਤੇਰੀ ਇਹੋ ਜੇਹੀ ਕਲ੍ਹ ਡੌਲ ਸੀ ਨੀ ।
ਬਾਗ਼ੋਂ ਧੜਕਦੀ ਘਰਕਦੀ ਆਣ ਪਈ ਏਂ, ਦਸ ਖੇੜਿਆਂ ਦਾ ਤੈਨੂੰ ਹੌਲ ਸੀ ਨੀ ।
ਘੋੜੀ ਤੇਰੀ ਨੂੰ ਅੱਜ ਆਰਾਮ ਆਇਆ, ਜਿਹੜੀ ਨਿਤ ਕਰਦੀ ਪਈ ਔਲ ਸੀ ਨੀ ।
ਬੂਟਾ ਸੱਖਣਾ ਅੱਜ ਕਰਾਇ ਆਇਉਂ, ਕਿਸੇ ਤੋੜ ਲਿਆ ਜਿਹੜਾ ਮੌਲ ਸੀ ਨੀ ।
(ਸਖਣਾ=ਰੜਾ,ਖ਼ਾਲੀ, ਔਲ=ਬੇਕਰਾਰੀ,ਬੇਆਰਾਮੀ, ਮੌਲ=ਕਰੂੰਬਲਾਂ)

535. ਹੀਰ

ਰਾਹ ਜਾਂਦੀ ਮੈਂ ਝੋਟੇ ਨੇ ਢਾਹ ਲੀਤੀ, ਸਾਨੂੰ ਥੁੱਲ ਕੁਥੁੱਲ ਕੇ ਮਾਰਿਆ ਨੀ ।
ਹਬੂੰ ਕਬੂੰ ਵਗਾਇਕੇ ਭੰਨ ਚੂੜਾ, ਪਾੜ ਸੁੱਟੀਆਂ ਚੁੰਨੀਆਂ ਸਾਰੀਆਂ ਨੀ ।
ਡਾਹਢਾ ਮਾੜਿਆਂ ਨੂੰ ਢਾਹ ਮਾਰ ਕਰਦਾ, ਜ਼ੋਰਾਵਰਾਂ ਅੱਗੇ ਅੰਤ ਹਾਰੀਆਂ ਨੀ ।
ਨੱਸ ਚੱਲੀ ਸਾਂ ਓਸ ਨੂੰ ਵੇਖ ਕੇ ਮੈਂ, ਜਿਵੇਂ ਦੁਲ੍ਹੜੇ ਤੋਂ ਜਾਣ ਕਵਾਰੀਆਂ ਨੀ ।
ਸੀਨਾ ਫਿਹ ਕੇ ਭੰਨਿਉਸ ਪਾਸਿਆਂ ਨੂੰ, ਦੋਹਾਂ ਸਿੰਗਾਂ ਉੱਤੇ ਚਾਇ ਚਾੜ੍ਹੀਆਂ ਨੀ ।
ਰੜੇ ਢਾਇਕੇ ਖਾਈ ਪਟਾਕ ਮਾਰੀ, ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹੀਆਂ ਨੀ ।
ਮੇਰੇ ਕਰਮ ਸਨ ਆਣ ਮਲੰਗ ਮਿਲਿਆ, ਜਿਸ ਜੀਂਵਦੀ ਪਿੰਡ ਵਿੱਚ ਵਾੜੀਆਂ ਨੀ ।
ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ, ਹੀਰੇ ਹਰਨ ਮੈਂ ਤੱਤੜੀ ਦਾੜੀਆਂ ਨੀ ।
(ਹਬੂੰ ਕਬੂੰ =ਰੰਗ ਢੰਗ ਪੱਖੋਂ, ਦੁਲ੍ਹੜੇ=ਦੂਲ੍ਹੇ, ਵਿਆਂਹਦੜ, ਖਾਈ=ਟੋਆ, ਪਾੜ੍ਹੀ=
ਹਰਨੀ, ਕਰਮ=ਚੰਗੀ ਕਿਸਮਤ, ਦਾੜ੍ਹੀ=ਮਾਰੀ)

536. ਸਹਿਤੀ

ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ, ਹਿਲਿਆ ਹੋਇਆ ਕਦੀਮ ਦਾ ਮਾਰਦਾ ਦੀ ।
ਤੂੰ ਭੀ ਵਹੁਟੜੀ ਪੁੱਤਰ ਸਰਦਾਰ ਦੇ ਦੀ, ਉਸ ਭੀ ਦੁੱਧ ਪੀਤਾ ਸਰਦਾਰ ਦਾ ਈ ।
ਸਾਨ੍ਹ ਲਟਕਦਾ ਬਾਗ਼ ਵਿੱਚ ਹੋ ਕਮਲਾ, ਹੀਰ ਹੀਰ ਹੀ ਨਿਤ ਪੁਕਾਰਦਾ ਈ ।
ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ, ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ ।
ਪਰ ਉਹ ਹੀਲਤ ਬੁਰੀ ਹਿਲਾਇਆ ਈ, ਪਾਣੀ ਪੀਂਵਦਾ ਤੇਰੀ ਨਸਾਰ ਦਾ ਈ ।
ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ, ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ ।
ਵਾਰਿਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ, ਪੁੰਨ ਕਢਦਾ ਪਾਪ ਨਿਤਾਰਦਾ ਈ ।
(ਹਿਲਿਆ ਹੋਇਆ=ਗਿੱਝਾ ਹੋਇਆ, ਕਦੀਮ=ਮੁੱਢੋਂ, ਤੇਰੇ ਨਾਲ ਲਟਕਦਾ=ਪਿਆਰ
ਕਰਦਾ, ਹੀਲਤ=ਆਦਤ, ਹਿਲਾਇਆ=ਗਿਝਾਇਆ, ਨਸਾਰ=ਪਾੜਛਾ ਅਤੇ ਚੱਠਾ ਵੀ
ਕਹਿੰਦੇ ਹਨ ਜਿਹਦੇ ਵਿੱਚ ਟਿੰਡਾਂ ਦਾ ਪਾਣੀ ਡਿਗਦਾ ਸੀ)

537. ਹੀਰ

ਅਨੀ ਭਰੋ ਮੁਠੀ ਉਹ ਉਹ ਮੁਠੀ, ਕੁੱਠੀ ਬਿਰਹੋਂ ਨੇ ਢਿਡ ਵਿੱਚ ਸੂਲ ਹੋਇਆ ।
ਲਹਿਰ ਪੇਡੂਓਂ ਉਠ ਕੇ ਪਵੇ ਸੀਨੇ, ਮੇਰੇ ਜੀਉ ਦੇ ਵਿੱਚ ਡੰਡੂਲ ਹੋਇਆ ।
ਤਲਬ ਡੁਬ ਗਈ ਸਰਕਾਰ ਮੇਰੀ, ਮੈਨੂੰ ਇੱਕ ਨਾ ਦਾਮ ਵਸੂਲ ਹੋਇਆ ।
ਲੋਕ ਨਫ਼ੇ ਦੇ ਵਾਸਤੇ ਲੈਣ ਤਰਲੇ, ਮੇਰਾ ਸਣੇ ਵਹੀ ਚੌੜ ਮੂਲ ਹੋਇਆ ।
ਅੰਬ ਬੀਜ ਕੇ ਦੁਧ ਦੇ ਨਾਲ ਪਾਲੇ, ਭਾ ਤੱਤੀ ਦੇ ਅੰਤ ਬਬੂਲ ਹੋਇਆ ।
ਖੇੜਿਆਂ ਵਿੱਚ ਨਾ ਪਰਚਦਾ ਜੀਊ ਮੇਰਾ, ਸ਼ਾਹਦ ਹਾਲ ਦਾ ਰੱਬ ਰਸੂਲ ਹੋਇਆ ।
(ਡੰਡੂਲ=ਪੀੜ, ਤਲਬ=ਤਨਖਾਹ, ਇੱਕ ਨਾ ਦਾਮ=ਇੱਕ ਪੈਸਾ ਵੀ, ਵਹੀ=
ਖਾਤੇ ਦਾ ਰਜਿਸਟਰ, ਮੂਲ=ਉਹ ਅਸਲੀ ਧਨ ਜਿਹਦੇ ਤੇ ਵਿਆਜ ਲਗਦਾ ਹੈ,
ਭਾ=ਭਾਗੀਂ,ਕਿਸਮਤ ਵਿੱਚ, ਬਬੂਲ=ਕਿੱਕਰ)

538. ਸਹਿਤੀ

ਭਾਬੀ ਜ਼ੁਲਫ ਗੱਲ੍ਹਾਂ ਉੱਤੇ ਪੇਚ ਖਾਵੇ, ਸਿਰੇ ਲੋੜ੍ਹ ਦੇ ਸੁਰਮੇ ਦੀਆਂ ਧਾਰੀਆਂ ਨੀ ।
ਗਲ੍ਹਾਂ ਉੱਤੇ ਭੰਬੀਰੀਆਂ ਉਡਦੀਆਂ ਨੇ, ਨੈਣਾਂ ਸਾਣ ਕਟਾਰੀਆਂ ਚਾੜ੍ਹੀਆਂ ਨੀ ।
ਤੇਰੇ ਨੈਣਾਂ ਨੇ ਸ਼ਾਹ ਫ਼ਕੀਰ ਕੀਤੇ, ਸਣੇ ਹਾਥੀਆਂ ਫ਼ੌਜ ਅੰਮਾਰੀਆਂ ਨੀ ।
ਵਾਰਿਸ ਸ਼ਾਹ ਜ਼ੁਲਫਾਂ ਨਾਗ ਨੈਣ ਖ਼ੂਨੀ, ਫ਼ੌਜਾਂ ਕਤਲ ਉੱਤੇ ਚਾਇ ਚਾੜ੍ਹੀਆਂ ਨੀ ।
(ਸਿਰੇ ਲੋੜ੍ਹ ਦੇ=ਲੋੜ੍ਹ ਦੀ ਸਿਖਰ, ਅੰਮਾਰੀ=ਹਾਥੀ ਉੱਤੇ ਬੈਠਣ ਲਈ ਬਣਾਈ
ਪਰਦੇਦਾਰ ਪਾਲਕੀ)

539. ਹੀਰ

ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ, ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ ।
ਫ਼ੌਜਦਾਰ ਤਗੱਈਅਰ ਬਹਾਲ ਹੋਇਆ, ਝਾੜ ਤੰਬੂਆਂ ਅਤੇ ਗਲੀਚਿਆਂ ਨੂੰ ।
ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀਂ ਦੇ ਪੀਚਿਆਂ ਨੂੰ ।
ਵਾਰਿਸ ਵਾਂਗ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ ।
(ਵੁੱਠਾ=ਵਰ੍ਹਿਆ, ਤਗੱਈਅਰ=ਬਦਲੀ, ਵੱਲਾਂ=ਵੇਲਾਂ, ਪੀਚਣਾ=ਸਿੰਜਣਾ,
ਟੀਚਾ=ਨਿਸ਼ਾਨ)

540. ਸਹਿਤੀ ਨਾਲ ਹੀਰ ਦੀ ਸਲਾਹ

ਸਹਿਤੀ ਭਾਬੀ ਦੇ ਨਾਲ ਪਕਾਇ ਮਸਲਤ, ਵੱਡਾ ਮਕਰ ਫੈਲਾਇਕੇ ਬੋਲਦੀ ਹੈ ।
ਗਰਦਾਨਦੀ ਮਕਰ ਮੁਵੱਤਲਾਂ ਨੂੰ, ਅਤੇ ਕਨਜ਼ ਫ਼ਰੇਬ ਦੀ ਖੋਲ੍ਹਦੀ ਹੈ ।
ਅਬਲੀਸ ਮਲਫੂਫ ਖੰਨਾਸ ਵਿੱਚੋਂ, ਰਵਾਇਤਾਂ ਜਾਇਜ਼ੇ ਟੋਲਦੀ ਹੈ ।
ਵਫ਼ਾ ਗੱਲ ਹਦੀਸ ਮਨਸੂਖ਼ ਕੀਤੀ, ਕਾਜ਼ੀ ਲਾਅਨਤ ਅੱਲਾਹ ਦੇ ਕੋਲ ਦੀ ਹੈ ।
ਤੇਰੇ ਯਾਰ ਦਾ ਫ਼ਿਕਰ ਦਿਨ ਰਾਤ ਮੈਨੂੰ, ਜਾਨ ਮਾਪਿਆਂ ਤੋਂ ਪਈ ਡੋਲਦੀ ਹੈ ।
ਵਾਰਿਸ ਸ਼ਾਹ ਸਹਿਤੀ ਅੱਗੇ ਮਾਉਂ ਬੁੱਢੀ, ਵੱਡੇ ਗ਼ਜ਼ਬ ਦੇ ਕੀਰਨੇ ਫੋਲਦੀ ਹੈ ।
(ਮਸਲਤ ਪਕਾ=ਸਲਾਹ ਕਰਕੇ, ਗਰਦਾਨਦੀ=ਮੁੜ ਮੁੜ ਪੜ੍ਹਦੀ, ਅਬਲੀਸ
ਮਲਫੂਫ ਖੰਨਾਸ=ਅਬਲੀਸ ਮਲਫੂਫ ਦਾ ਅਰਥ ਹੈ ਲੁਕਿਆ ਹੋਇਆ ਸ਼ੈਤਾਨ
ਅਤੇ ਖੰਨਾਸ ਦਾ ਅਰਥ ਹੈ ਲੁਕ ਕੇ, ਘਾਤ ਵਿੱਚ ਬੈਠ ਕੇ ਸ਼ਿਕਾਰ ਕਰਨ ਵਾਲਾ।
ਸਹਿਤੀ ਸਾਰਿਆਂ ਮਕਰ ਫ਼ਰੇਬਾਂ ਉੱਤੇ ਅਮਲ ਕਰਦੀ ਹੈ ।ਕਾਜ਼ੀ ਲਾਅਨਤ
ਅੱਲਾਹ=ਇਹ ਵੀ ਇੱਕ ਫਰਜ਼ੀ ਨਾਉਂ ਕਵੀ ਵਾਰਿਸ ਸ਼ਾਹ ਨੇ ਘੜਿਆ ਹੈ)

541. ਸਹਿਤੀ ਦੀ ਮਾਂ ਦੀ ਸਹਿਤੀ ਨਾਲ ਗੱਲ

ਅਸੀਂ ਵਿਆਹ ਆਂਦੀ ਕੂੰਜ ਫਾਹ ਆਂਦੀ, ਸਾਡੇ ਭਾ ਦੀ ਬਣੀ ਹੈ ਔਖੜੀ ਨੀ ।
ਵੇਖ ਹੱਕ ਹਲਾਲ ਨੂੰ ਅੱਗ ਲਗਸੁ, ਰਹੇ ਖਸਮ ਦੇ ਨਾਲ ਇਹ ਕੋਖੜੀ ਨੀ ।
ਜਦੋਂ ਆਈ ਤਦੋਕਣੀ ਰਹੇ ਢਠੀ, ਕਦੀ ਹੋ ਨਾ ਬੈਠੀਆ ਸੌਖੜੀ ਨੀ ।
ਲਾਹੂ ਲੱਥੜੀ ਜਦੋਂ ਦੀ ਵਿਆਹ ਆਂਦੀ, ਇੱਕ ਕਲ੍ਹ ਦੀ ਜ਼ਰਾ ਹੈ ਚੋਖੜੀ ਨੀ ।
ਘਰਾਂ ਵਿੱਚ ਹੁੰਦੀ ਨੂੰਹਾਂ ਨਾਲ ਵਸਦੀ, ਇਹ ਉਜਾੜੇ ਦਾ ਮੂਲ ਹੈ ਛੋਕਰੀ ਨੀ ।
ਵਾਰਿਸ ਸ਼ਾਹ ਨਾ ਅੰਨ ਨਾ ਦੁੱਧ ਲੈਂਦੀ, ਭੁੱਖ ਨਾਲ ਸੁਕਾਂਵਦੀ ਕੋਖੜੀ ਨੀ ।
(ਔਖੜੀ=ਔਖੀ=ਮੁਸ਼ਕਲ, ਢਠੀ=ਬੀਮਾਰ, ਲਾਹੂ ਲੱਥੜੀ=ਖੂਨ ਦੇ ਘਾਟੇ
ਭਾਵ ਭੁਸੇ ਹੋਣ ਦਾ ਰੋਗ, ਚੋਖੜੀ=ਚੋਖੀ, ਕੋਖੜੀ=ਕੁਖ)

542. ਹੀਰ ਦੀ ਸੱਸ

ਹਾਥੀ ਫ਼ੌਜ ਦਾ ਵੱਡਾ ਸਿੰਗਾਰ ਹੁੰਦਾ, ਅਤੇ ਘੋੜੇ ਸੰਗਾਰ ਹਨ ਨਰਾਂ ਦੇ ਨੀ ।
ਹੱਛਾ ਪਹਿਨਣਾ ਖਾਵਣਾ ਸ਼ਾਨ ਸ਼ੌਕਤ, ਇਹ ਸਭ ਬਣਾਇ ਹਨ ਜ਼ਰਾਂ ਦੇ ਨੀ ।
ਘੋੜੇ ਖਾਣ ਖੱਟਣ ਕਰਾਮਾਤ ਕਰਦੇ, ਅਖੀਂ ਵੇਖਦਿਆਂ ਜਾਣ ਬਿਨ ਪਰਾਂ ਦੇ ਨੀ ।
ਮਝੀਂ ਗਾਈਂ ਸਿੰਗਾਰ ਦੀਆਂ ਸੱਥ ਟੱਲੇ, ਅਤੇ ਨੂੰਹਾਂ ਸ਼ਿੰਗਾਰ ਹਨ ਘਰਾਂ ਦੇ ਨੀ ।
ਖ਼ੈਰਖ਼ਾਹ ਦੇ ਨਲ ਬਦਖ਼ਾਹ ਹੋਣਾ, ਇਹ ਕੰਮ ਹਨ ਗੀਦੀਆਂ ਖਰਾਂ ਦੇ ਨੀ ।
ਮਸ਼ਹੂਰ ਹੈ ਰਸਮ ਜਹਾਨ ਅੰਦਰ, ਪਿਆਰ ਵਹੁਟੀਆਂ ਦੇ ਨਾਲ ਵਰਾਂ ਦੇ ਨੀ ।
ਦਿਲ ਔਰਤਾਂ ਲੈਣ ਪਿਆਰ ਕਰਕੇ, ਇਹ ਗਭਰੂ ਮਿਰਗ ਹਨ ਸਰਾਂ ਦੇ ਨੀ ।
ਤਦੋਂ ਰੰਨ ਬਦਖੂ ਨੂੰ ਅਕਲ ਆਵੇ, ਜਦੋਂ ਲੱਤ ਵੱਜਸ ਵਿੱਚ ਫ਼ਰਾਂ ਦੇ ਨੀ ।
ਸੈਦਾ ਵੇਖ ਕੇ ਜਾਏ ਬਲਾ ਵਾਂਗੂੰ, ਵੈਰ ਦੋਹਾਂ ਦੇ ਸਿਰਾਂ ਤੇ ਧੜਾਂ ਦੇ ਨੀ ।
(ਨਰਾਂ=ਮਰਦਾਂ, ਗੀਦੀ=ਬੇਗ਼ੈਰਤ, ਵਰ=ਖਾਵੰਦ, ਸਰਾਂ ਦੇ ਮਿਰਗ=ਮੁਹੱਬਤ
ਦੇ ਤੀਰ ਖਾਣ ਲਈ ਹਰ ਵੇਲੇ ਤਿਆਰ, ਫ਼ਰਾਂ=ਮੋਢੇ ਤੋਂ ਥੱਲੇ ਦੀ ਹੱਡੀ)

543. ਤਥਾ

ਪੀੜ੍ਹਾ ਘਤ ਕੇ ਕਦੀ ਨਾ ਬਹੇ ਬੂਹੇ, ਅਸੀਂ ਏਸ ਦੇ ਦੁਖ ਵਿੱਚ ਮਰਾਂਗੇ ਨੀ ।
ਏਸ ਦਾ ਜੀਊ ਨਾ ਪਰਚਦਾ ਪਿੰਡ ਸਾਡੇ, ਅਸੀਂ ਇਹਦਾ ਇਲਾਜ ਕੀ ਕਰਾਂਗੇ ਨੀ ।
ਸੁਹਣੀ ਰੰਨ ਬਾਜ਼ਾਰ ਨਾ ਵੇਚਣੀ ਹੈ, ਵਿਆਹ ਪੁਤ ਦਾ ਹੋਰ ਧਿਰ ਕਰਾਂਗੇ ਨੀ ।
ਮੁੱਲਾਂ ਵੈਦ ਹਕੀਮ ਲੈ ਜਾਣ ਪੈਸੇ, ਕਿਹੀਆਂ ਚੱਟੀਆਂ ਗ਼ੈਬ ਦੀਆਂ ਭਰਾਂਗੇ ਨੀ ।
ਵਹੁਟੀ ਗੱਭਰੂ ਦੋਹਾਂ ਨੂੰ ਵਾੜ ਅੰਦਰ, ਅਸੀਂ ਬਾਹਰੋਂ ਜੰਦਰਾ ਜੜਾਂਗੇ ਨੀ ।
ਸੈਦਾ ਢਾਇਕੇ ਏਸ ਨੂੰ ਲਏ ਲੇਖਾ, ਅਸੀਂ ਚੀਕਣੋਂ ਜ਼ਰਾ ਨਾ ਡਰਾਂਗੇ ਨੀ ।
ਸ਼ਰਮਿੰਦਗੀ ਸਹਾਂਗੇ ਜ਼ਰਾ ਜੱਗ ਦੀ, ਮੂੰਹ ਪਰ੍ਹਾਂ ਨੂੰ ਜ਼ਰਾ ਚਾ ਕਰਾਂਗੇ ਨੀ ।
ਕਦੀ ਚਰਖੜਾ ਡਾਹ ਨਾ ਛੋਪ ਕੱਤੇ, ਅਸੀਂ ਮੇਲ ਭੰਡਾਰ ਕੀ ਕਰਾਂਗੇ ਨੀ ।
ਵਾਰਿਸ ਸ਼ਾਹ ਸ਼ਰਮਿੰਦਗੀ ਏਸ ਦੀ ਥੋਂ, ਅਸੀਂ ਡੁੱਬ ਕੇ ਖੂਹ ਵਿੱਚ ਮਰਾਂਗੇ ਨੀ ।
(ਹੋਰ ਧਿਰ=ਹੋਰ ਥਾਂ, ਲਏ ਲੇਖਾ=ਹਿਸਾਬ ਲਵੇ)

544. ਹੀਰ ਆਪਣੀ ਸੱਸ ਕੋਲ

ਇਜ਼ਰਾਈਲ ਬੇਅਮਰ ਅਯਾਰ ਆਹਾ, ਹੀਰ ਚਲ ਕੇ ਸੱਸ ਥੇ ਆਂਵਦੀ ਹੈ ।
ਸਹਿਤੀ ਨਾਲ ਮੈਂ ਜਾਇਕੇ ਖੇਤ ਵੇਖਾਂ, ਪਈ ਅੰਦਰੇ ਉਮਰ ਵਿਹਾਵਦੀ ਹੈ ।
ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ, ਨਢੀ ਬੁਢੀ ਥੇ ਫੇਰੜੇ ਪਾਂਵਦੀ ਹੈ ।
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ, ਅਜ਼ਗ਼ੈਬ ਦੀ ਬਾਂਗ ਸੁਣਾਂਵਦੀ ਹੈ ।
ਚੱਲ ਭਾਬੀਏ ! ਵਾਉ ਜਹਾਨ ਦੀ ਲੈ, ਬਾਹੋਂ ਹੀਰ ਨੂੰ ਪਕੜ ਉਠਾਂਵਦੀ ਹੈ ।
ਵਾਂਗ ਬੁਢੀ ਇਮਾਮ ਨੂੰ ਜ਼ਹਿਰ ਦੇਣੀ, ਕਿੱਸਾ ਗ਼ੈਬ ਦਾ ਜੋੜ ਸੁਣਾਂਵਦੀ ਹੈ ।
ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ, ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ ।
ਇਹਨੂੰ ਖੇਤ ਲੈ ਜਾ ਕਪਾਹ ਚੁਣੀਏ, ਮੇਰੇ ਜੀਊ ਤਦਬੀਰ ਇਹਆਂਵਦੀ ਹੈ ।
ਵੇਖੋ ਮਾਉਂ ਨੂੰ ਧੀ ਵਲਾਂਵਦੀ ਹੈ, ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ ।
ਤਲੀ ਹੇਠ ਅੰਗਿਆਰ ਟਿਕਾਂਵਦੀ ਹੈ, ਉਤੋਂ ਬਹੁਤ ਪਿਆਰ ਕਰਾਂਵਦੀ ਹੈ ।
ਸ਼ੇਖ ਸਾਅਦੀ ਦੇ ਫ਼ਲਕ ਨੂੰ ਖ਼ਬਰ ਨਾਹੀਂ, ਜੀਕੂੰ ਰੋਇਕੇ ਫ਼ਨ ਚਲਾਂਵਦੀ ਹੈ ।
ਵੇਖੋ ਧੀਉ ਅੱਗੇ ਮਾਉਂ ਝੁਰਨ ਲੱਗੀ, ਹਾਲ ਨੂੰਹ ਦਾ ਖੋਲ੍ਹ ਸੁਣਾਂਵਦੀ ਹੈ ।
ਇਹਦੀ ਪਈ ਦੀ ਉਮਰ ਵਿਹਾਂਵਦੀ ਹੈ, ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ ।
ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ, ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ ।
ਦੁਖ ਜੀਊ ਦਾ ਖੋਲ੍ਹ ਸੁਣਾਂਵਦੀ ਹੈ, ਪਿੰਡੇ ਸ਼ਾਹ ਜੀ ਦੇ ਹੱਥ ਲਾਂਵਦੀ ਹੈ ।
ਇਨਸਾਫ਼ ਦੇ ਵਾਸਤੇ ਗਵਾਹ ਕਰਕੇ, ਵਾਰਿਸ ਸ਼ਾਹ ਨੂੰ ਕੋਲ ਬਹਾਂਵਦੀ ਹੈ ।
(ਬੇ ਅਮਰ=ਨਾਫ਼ਰਮਾਨ,ਹੁਕਮ ਨਾ ਮੰਨਣ ਵਾਲਾ, ਠੱਗਾਂ ਦੇ ਕੁੱਕੜ=
ਪਿਛਲੇ ਵਖ਼ਤੀਂ ਆਮ ਕਰਕੇ ਰਾਹੀ ਮੁਸਾਫ਼ਰ ਸਰਾਵਾਂ ਵਿੱਚ ਟਿਕਦੇ ਸਨ
ਅਤੇ ਤੜਕੇ ਸਾਝਰੇ ਕੁੱਕੜ ਦੀ ਬਾਂਗ ਨਾਲ ਸਫ਼ਰ ਤੇ ਤੁਰ ਪੈਂਦੇ ।ਸਰਾਵਾਂ
ਦੇ ਕੋਲ ਰਹਿਣ ਵਾਲੇ ਠਗ ਅਜੇਹੇ ਕੁੱਕੜ ਰੱਖਦੇ ਅਤੇ ਉਨ੍ਹਾਂ ਨੂੰ ਸਿਖਾਉਂਦੇ
ਕਿ ਉਹ ਕਿਸੇ ਵੇ ਲੇ ਵੀ ਬਾਂਗ ਦੇਣ ।ਬਾਂਗ ਸੁਣ ਕੇ ਮੁਸਾਫ਼ਰ ਬੇਵਖ਼ਤ
ਤੁਰ ਪੈਂਦੇ ਅਤੇ ਠਗ ਉਨ੍ਹਾਂ ਨੂੰ ਲੁੱਟ ਲੈਂਦੇ, ਬੁਢੀ ਇਮਾਮ ਨੂੰ ਜ਼ਹਿਰ ਦਿੱਤੀ=
ਇਮਾਮ ਹਜ਼ਰਤ ਹਸਨ ਨੂੰ ਇੱਕ ਫਫਾਕੁਟਣੀ ਨੇ ਜ਼ਹਿਰ ਦੇਣ ਵਾਲੀਆਂ
ਮੱਕਾਰਾਂ ਵਾਲਾ ਰੋਲ ਕੀਤਾ ਸੀ, ਬੁੜ੍ਹੀ ਦਾ ਨਾਮ ਅਲਸੋਨੀਆ ਸੀ, ਰੁੰਮੀ
ਲਾਉਣਾ=ਸਿੰਗੀ ਲਾਉਣਾ,ਰੀਹ ਆਦਿ ਦੇ ਇਲਾਜ ਲਈ ਮਾਲਸ਼ ਕਰਕ
ਸਿੰਗੀ ਲਾਉਂਦੇ ਸਨ ਐਪਰ ਕਈ ਬਿਨਾਂ ਮਾਲਸ਼ ਜਾਂ ਤੇਲ ਲਾਇਆਂ ਠੰਡੀ
ਸਿੰਗੀ ਜਾਂ ਫੋਕੀ ਸਿੰਗੀ ਲਾ ਦਿੰਦੇ, ਇਹਨੂੰ ਫੌਕੀ ਰੁੰਮੀ ਕਹਿੰਦੇ ਸਨ, ਫ਼ਲਕ
ਨੂੰ ਖ਼ਬਰ ਨਾਹੀਂ=ਆਮ ਖਿਆਲ ਕੀਤਾ ਜਾਂਦਾ ਕਿ ਜੋ ਕੁੱਝ ਬੰਦਿਆਂ ਨਾਲ
ਮਾੜਾ, ਚੰਗਾ ਹੁੰਦਾ ਹੈ ਤਾਂ ਉਹਦਾ ਪਤਾ ਫ਼ਰਿਸ਼ਤਿਆਂ ਨੂੰ ਹੁੰਦਾ ਹੈ, ਜਦੋਂ ਪੂਰੀ
ਬੇਇਲਮੀ ਜ਼ਾਹਰ ਕਰਨੀ ਹੋਵੇ ਤਾਂ ਕਹਿੰਦੇ ਹਨ ਕਿ ਮੇਰੇ ਤਾਂ ਫ਼ਰਿਸ਼ਤਿਆਂ ਨੂੰ
ਵੀ ਖ਼ਬਰ ਨਹੀਂ, ਸ਼ਾਹ ਜੀ ਦੇ ਪਿੰਡੇ ਹੱਥ ਲਾਉਣਾ=ਕਿਸੇ ਸਈਅਦਜ਼ਾਦੇ ਦੇ
ਸਰੀਰ ਨੂੰ ਹੱਥ ਲਾ ਕੇ ਕਸਮ ਖਾਣੀ ਕੇ ਜੇ ਮੈਨੂੰ ਝੂਠ ਬੋਲਾਂ ਤਾ ਸਈਅਦ ਦੀ
ਜ਼ਾਤ ਪਾਤ ਦੀ ਮੈਨੂੰ ਮਾਰ ਪਵੇ)

545. ਸਹਿਤੀ

ਨੂੰਹ ਲਾਲ ਜਹੀ ਅੰਦਰ ਘੱਤੀਆ ਈ, ਪਰਖ ਬਾਹਰਾਂ ਲਾਲ ਵਣਜਾਵਣੀ ਹੈਂ ।
ਤੇਰੀ ਇਹ ਫੁਲੇਲੜੀ ਪਦਮਣੀ ਸੀ, ਵਾਉ ਲੈਣ ਖੁਣੋਂ ਤੂੰ ਗਵਾਵਣੀ ਹੈਂ ।
ਇਹ ਫੁੱਲ ਗੁਲਾਬ ਦਾ ਘੁਟ ਅੰਦਰ, ਪਈ ਦੁਖੜੇ ਨਾਲ ਸੁਕਾਵਣੀ ਹੈਂ ।
ਅੱਠੇ ਪਹਿਰ ਹੀ ਤਾੜ ਕੇ ਵਿੱਚ ਕੋਠੇ, ਪੱਤਰ ਪਾਨਾਂ ਦੇ ਪਈ ਵੰਜਾਵਣੀ ਹੈਂ ।
ਵਾਰਿਸ ਧੀਉ ਸਿਆਲਾਂ ਦੀ ਮਾਰਨੀ ਹੈਂ, ਦੱਸ ਆਪ ਨੂੰ ਕੌਣ ਸਦਾਵਣੀ ਹੈਂ ।
(ਪਰਖ ਬਾਹਰਾਂ=ਪਰਖ ਦੇ ਬਗੈਰ, ਵਾਉ ਬਾਝ=ਬਿਨਾ ਹਵਾ, ਪਾਨਾਂ ਦੇ
ਪੱਤਰ=ਪਾਨਾਂ ਦੀ ਬੇਲ ਨੂੰ ਜੇ ਹਵਾ ਨਾ ਲੱਗੇ ਤਾਂ ਉਹ ਮਰ ਜਾਂਦੀ ਹੈ,
ਆਪ ਨੂੰ ਕੌਣ ਸਦਾਵਣੀ ਹੈਂ=ਆਪਣੇ ਆਪ ਨੂੰ ਕੀ ਸਮਝਦੀ ਹੈਂ)

546. ਵਾਕ ਕਵੀ

ਨੂੰਹਾਂ ਹੁੰਦੀਆਂ ਖ਼ਿਆਲ ਜੀਊ ਪੇਖਣੇ, ਦਾ ਮਾਨ ਮੱਤੀਆ ਬੂਹੇ ਦੀਆਂ ਮਹਿਰੀਆਂ ਨੇ ।
ਪਰੀ ਮੂਰਤਾਂ ਸੁਘੜ ਰਾਚੰਦਰਾਂ ਨੀ, ਇੱਕ ਮੋਮ ਤਬਾਅ ਇੱਕ ਠਹਿਰੀਆਂ ਨੇ ।
ਇੱਕ ਇਰਮ ਦੇ ਬਾਗ ਦੀਆਂ ਮੋਰਨੀਆਂ ਨੇ, ਇੱਕ ਨਰਮ ਮਲੂਕ ਇੱਕ ਨਹਿਰੀਆਂ ਨੇ ।
ਅੱਛਾ ਖਾਣ ਪਹਿਨਣ ਲਾਡ ਨਾਲ ਚੱਲਣ, ਲੈਣ ਦੇਣ ਦੇ ਵਿੱਚ ਲੁਧੇਰੀਆਂ ਨੇ ।
ਬਾਹਰ ਫਿਰਨ ਜਿਉਂ ਬਾਰ ਦੀਆਂ ਵਾਹਣਾਂ ਨੇ, ਸਤਰ ਵਿੱਚ ਬਹਾਈਆਂ ਸ਼ਹਿਰੀਆਂ ਨੇ ।
ਵਾਰਿਸ ਸ਼ਾਹ ਇਹ ਹੁਸਨ ਗੁਮਾਨ ਸੰਦਾ, ਅਖੀਂ ਨਾਲ ਗੁਮਾਨ ਦੇ ਗਹਿਰੀਆਂ ਨੇ ।
(ਰਾਚੰਦਰ=ਰਾਜਾ ਇੰਦਰ ਦੇ ਪ੍ਰੇਮ ਵਿੱਚ ਫਸੀ ਹੋਈ, ਮੋਮ=ਨਰਮ, ਠਹਿਰੀਆਂ=ਹਰ
ਸਾਂਚੇ ਵਿੱਚ ਢਲ ਜਾਣ ਵਾਲੀ, ਨਹਿਰ=ਸਖ਼ਤ, ਲੁਧੇਰੀਆਂ=ਕਿਸਾਨ ਔਰਤਾਂ)

547. ਤਥਾ

ਜਾਏ ਮੰਜਿਉਂ ਉਠ ਕੇ ਕਿਵੇਂ ਤਿਲਕੇ, ਹੱਡ ਪੈਰ ਹਿਲਾਇਕੇ ਚੁਸਤ ਹੋਵੇ ।
ਵਾਂਗ ਰੋਗਣਾਂ ਰਾਤ ਦਿਹੁੰ ਰਹੇ ਢਠੀ, ਕਿਵੇਂ ਹੀਰ ਵਹੁਟੀ ਤੰਦਰੁਸਤ ਹੋਵੇ ।
ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਉ ਨੂੰਹ ਬੂਹੇ ਉੱਤੇ ਸੁਸਤ ਹੋਵੇ ।
ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀ ਜਿਹੀਆਂ ਦੀ ਜੈਂਨੂੰ ਪੁਸ਼ਤ ਹੋਵੇ ।
(ਤਿਲਕੇ=ਹਿੱਲੇ, ਪੁਸ਼ਤ=ਮਦਦ)

548. ਹੀਰ

ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ ।
ਮਤਾਂ ਬਾਗ਼ ਗਿਆਂ ਮੇਰਾ ਜੀਊ ਖੁਲ੍ਹੇ, ਅੰਤ ਇਹ ਭੀ ਪਾੜਣਾ ਪਾੜਨੀ ਹਾਂ ।
ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ, ਕੁੱਝ ਕਿਸੇ ਦਾ ਨਹੀਂ ਵਿਗਾੜਨੀ ਹਾਂ ।
ਵਾਰਿਸ ਸ਼ਾਹ ਮੀਆਂ ਤਕਦੀਰ ਆਖੇ, ਵੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ ।
(ਪਾੜਣਾ ਪਾੜਦੀ ਹਾਂ=ਇਹ ਔਖਾ ਕੰਮ ਕਰਕੇ ਵੇਖਦੀ ਹਾਂ)

549. ਸਹਿਤੀ ਦੀ ਸਹੇਲੀਆਂ ਦੇ ਨਾਲ ਸਲਾਹ

ਅੜੀਉ ਆਉ ਖਾਂ ਬੈਠ ਕੇ ਗਲ ਗਿਣੀਏ, ਸੱਦ ਘੱਲੀਏ ਸਭ ਸਹੇਲੀਆਂ ਨੇ ।
ਕਈ ਕਵਾਰੀਆਂ ਕਈ ਵਿਆਹੀਆਂ ਨੇ, ਚੰਨ ਜਹੇ ਸਰੀਰ ਮਥੇਲੀਆਂ ਨੇ ।
ਰਜੂਅ ਆਣ ਹੋਈਆਂ ਸਭੇ ਪਾਸ ਸਹਿਤੀ, ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨੇ ।
ਜਿਨ੍ਹਾਂ ਮਾਉਂ ਤੇ ਬਾਪ ਨੂੰ ਭੁੰਨ ਖਾਧਾ, ਮੁੰਗ ਚਨੇ ਕਵਾਰੀਆਂ ਖੇਲੀਆਂ ਨੇ ।
ਵਿੱਚ ਹੀਰ ਸਹਿਤੀ ਦੋਵੇਂ ਬੈਠੀਆਂ ਨੇ, ਦਵਾਲੇ ਬੈਠੀਆਂ ਅਰਥ ਮਹੇਲੀਆਂ ਨੇ ।
ਵਾਰਿਸ ਸ਼ਾਹ ਸ਼ਿੰਗਾਰ ਮਹਾਵਤਾਂ ਨੇ, ਸਿਵੇਂ ਹਥਣੀਆਂ ਕਿਲੇ ਨੂੰ ਪੇਲੀਆਂ ਨੇ ।
(ਗਲ ਗਿਣੀਏ=ਗਲ ਸੋਚੀਏ, ਰਜੂਅ ਆਣ ਹੋਈਆਂ=ਹਦਾਇਤ ਲਈ ਆ
ਗਈਆਂ, ਅਰਥ ਮਹੇਲੀਆਂ=ਵਾਇਦੇ ਕਰਦੀਆਂ, ਮਹਾਵਤ=ਹਾਥੀ ਚਲਾਉਣ
ਵਾਲਾ)

550. ਸਹਿਤੀ

ਵਖ਼ਤ ਫਜਰ ਦੇ ਉਠ ਸਹੇਲੀਉ ਨੀ, ਤੁਸੀਂ ਆਪਦੇ ਆਹਰ ਹੀ ਆਵਣਾ ਜੇ ।
ਮਾਂ ਬਾਪ ਨੂੰ ਖ਼ਬਰ ਨਾ ਕਰੋ ਕੋਈ, ਭਲਕੇ ਬਾਗ਼ ਨੂੰ ਪਾਸਣਾ ਲਾਵਣਾ ਜੇ ।
ਵਹੁਟੀ ਹੀਰ ਨੂੰ ਬਾਗ਼ ਲੈ ਚਲਣਾ ਹੈ, ਜ਼ਰਾ ਏਸ ਦਾ ਜੀਊ ਵਲਾਵਣਾ ਜੇ ।
ਲਾਵਣ ਫੇਰਨੀ ਵਿੱਚ ਕਪਾਹ ਭੈਣਾਂ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਜੇ ।
ਰਾਹ ਜਾਂਦੀਆਂ ਪੁਛੇ ਲੋਕ ਅੜੀਉ, ਕੋਈ ਇਫ਼ਤਰਾ ਚਾ ਬਣਾਵਣਾ ਜੇ ।
ਖੇਡੋ ਸੰਮੀਆਂ ਤੇ ਘੱਤੋ ਪੰਭੀਆਂ ਨੀ, ਭਲਕੇ ਖੂਹ ਨੂੰ ਰੰਗ ਲਗਾਵਣਾ ਜੇ ।
ਵੜੋ ਵਟ ਲੰਗੋਟੜੇ ਵਿੱਚ ਪੈਲੀ, ਬੰਨਾ ਵਟ ਸਭ ਪੁੱਟ ਵਖਾਵਣਾ ਜੇ ।
ਬੰਨ੍ਹ ਝੋਲੀਆਂ ਚੁਣੋ ਕਪਾਹ ਸੱਭੇ, ਤੇ ਮੰਡਾਸਿਆਂ ਰੰਗ ਸੁਹਾਵਣਾ ਜੇ ।
ਵੱਡੇ ਰੰਗ ਹੋਸਨ ਇੱਕੋ ਜੇਡੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਜੇ ।
ਮੰਜਿਉਂ ਉਠਦੀਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ ।
ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਇਆ, ਸਭਨਾ ਅਜੂ ਦੇ ਫਲੇ ਨੂੰ ਆਵਣਾ ਜੇ ।
(ਫਜਰ=ਸਵੇਰ, ਆਪਣੇ ਆਹਰ=ਆਪਣੇ ਆਪ, ਪਾਸਨਾ=ਨਚਣਾ, ਲਾਵਣ
ਫੇਰਨੀ=ਨਚਣਾ, ਇਫਤਰਾ=ਮਨ ਘੜਤ ਬਹਾਨਾ, ਸੰਮੀ=ਢੋਲ ਅਤੇ ਸੰਮੀ ਦਾ
ਡਰਾਮਾ, ਪੰਭੀ=ਛੜੱਪੇ ਮਾਰ ਕੇ ਨੱਚਣਾ, ਮੰਡਾਸਾ=ਸਿਰ ਨੂੰ ਕੱਪੜੇ ਨਾਲ ਲਪੇਟ
ਲੈਣ, ਅਰਥ=ਫੈਸਲਾ,ਵਾਅਦਾ)

551. ਸਹਿਤੀ ਅਤੇ ਹੋਰ ਔਰਤਾਂ

ਮਤਿਆਂ ਵਿੱਚ ਉਮਾਹ ਦੀ ਰਾਤ ਗੁਜ਼ਰੀ, ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ ।
ਗਿਰਧੇ ਪਾਉਂਦੀਆਂ ਘੁੰਬਰਾਂ ਮਾਰਦੀਆਂ ਸਨ, ਜਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੇ ।
ਨਖਰੀਲੀਆ ਇੱਕ ਨਕ ਤੋੜਣਾਂ ਸਨ, ਹਿਕ ਭੋਲੀਆਂ ਸਿਧੀਆ ਸਾਦੀਆਂ ਨੇ ।
ਇੱਕ ਨੇਕ ਬਖ਼ਤਾਂ ਇੱਕ ਬੇਜ਼ਬਾਨਾਂ, ਹਿਕ ਨਚਨੀਆਂ ਤੇ ਮਾਲਜ਼ਾਦੀਆਂ ਨੇ ।
(ਉਮਾਹ=ਮਸਿਆ ਦੀ ਰਾਤ, ਉਦਮਾਦ=ਚਾਹ, ਉਮੰਗ, ਗਿਰਧੇ=ਗਿੱਧੇ, ਵਾਦੀਆਂ=
ਆਦਤਾਂ, ਨਕ ਤੋੜਣ=ਨਕ ਮੂੰਹ ਚੜ੍ਹਾ ਕੇ ਨਖਰੇ ਕਰਨ ਵਾਲੀਆਂ, ਨੇਕ ਬਖ਼ਤ=ਚੰਗੀ
ਕਿਸਮਤ ਵਾਲੀ,ਭਲੀ ਮਾਣਸ)

552. ਸਾਰੀਆਂ ਨੂੰ ਸੁਨੇਹਾ

ਗੰਢ ਫਿਰੀ ਰਾਤੀਂ ਵਿੱਚ ਖੇੜਿਆਂ ਦੇ, ਘਰੋਂ ਘਰੀ ਵਿਚਾਰ ਵਿਚਾਰਿਉ ਨੇ ।
ਭਲਕੇ ਖੂਹ ਤੇ ਜਾਇਕੇ ਕਰਾਂ ਕੁਸ਼ਤੀ ਇੱਕ ਦੂਸਰੀ ਨੂੰ ਖੁੰਮ ਮਾਰਿਉ ਨੇ ।
ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ, ਸਭ ਕੰਮ ਤੇ ਕਾਜ ਵਿਸਾਰਿਉ ਨੇ ।
ਬਾਜ਼ੀ ਦਿਤਿਆ ਨੇ ਪੇਵਾਂ ਬੁੱਢਿਆਂ ਨੂੰ, ਲਬਾ ਮਾਂਵਾਂ ਦੇ ਮੂੰਹਾਂ ਤੇ ਮਾਰਿਉ ਨੇ ।
ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ, ਬਿਨਾ ਆਤਸ਼ੋਂ ਫ਼ਨ ਪੰਘਾਰਿਉ ਨੇ ।
ਗਿਲਤੀ ਮਾਰ ਲੰਗੋਟੜੇ ਵਟ ਟੁਰੀਆਂ, ਸਭੋ ਕਪੜਾ ਚਿਥੜਾ ਝਾੜਿਉ ਨੇ ।
ਸਭਾ ਭੰਨ ਭੰਡਾਰ ਉਜਾੜ ਛੋਪਾਂ, ਸਣੇ ਪੂਣੀਆਂ ਪਿੜੀ ਨੂੰ ਸਾੜਿਉ ਨੇ ।
ਤੰਗ ਖਿਚ ਸਵਾਰ ਤਿਆਰ ਹੋਏ, ਕੜਿਆਲੜੇ ਘੋੜੀਆਂ ਚਾੜ੍ਹਿਉ ਨੇ ।
ਰਾਤੀਂ ਲਾ ਮਹਿੰਦੀ ਦਿੰਹ ਘਤ ਸੁਰਮਾ, ਗੁੰਦ ਚੁੰਡੀਆਂ ਕੁੰਭ ਸ਼ਿੰਗਾਰਿਉ ਨੇ ।
ਤੇੜ ਲੁੰਗੀਆਂ ਬਹੁਕਰਾਂ ਦੇਣ ਪਿੱਛੋਂ, ਸੁਥਣ ਚੂੜੀਆ ਪਾਂਉਚੇ ਚਾੜ੍ਹਿਉ ਨੇ ।
ਕੱਜਲ ਪੂਛਲਿਆਲੜੇ ਵਿਆਹੀਆਂ ਦੇ, ਹੋਠੀਂ ਸੁਰਖ਼ ਦੰਦਾਸੜੇ ਚਾੜ੍ਹਿਉ ਨੇ ।
ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ, ਬਿੰਦੀਆਂ ਪਾਇਕੇ ਰੂਪ ਸ਼ਿੰਗਾਰਿਉ ਨੇ ।
ਗੱਲ੍ਹਾਂ ਫ਼ੋਡੀਆ ਤੇ ਬਣੇ ਖਾਲ ਦਾਣੇ, ਰੜੇ ਹੁਸਨ ਨੂੰ ਚਾਇ ਉਘਾੜਿਉ ਨੇ ।
ਛਾਤੀਆਂ ਖੋਲ੍ਹ ਕੇ ਹੁਸਨ ਦੇ ਕੱਢ ਲਾਟੂ ਵਾਰਿਸ ਸ਼ਾਹ ਨੂੰ ਚਾਇ ਉਜਾੜਿਉ ਨੇ ।
(ਗੰਢ ਫੇਰੀ=ਖ਼ਬਰ ਕੀਤੀ, ਖੁੰਮ ਮਾਰਿਉ=ਥਾਪੀ ਮਾਰੀ, ਛਨਾਲ ਬਾਜ਼=
ਬਦਕਾਰ, ਲਬਾ=ਥੱਪੜ, ਬਾਜ਼ੀ ਦਿਤੀ=ਚਲਾਕੀ ਕੀਤੀ, ਫੈਲਸੂਫੀਆਂ=ਅਕਲ
ਵਾਲੀਆਂ ਹੁਸ਼ਿਆਰੀਆਂ, ਆਤਿਸ਼=ਅੱਗ, ਫ਼ਨ=ਫ਼ਰੇਬ, ਗਿਲਤੀ ਮਾਰਨਾ=
ਚਾਦਰ ਨਾਲ ਸਿਰ ਢਕ ਕੇ ਉਹਨੂੰ ਆਪਣੇ ਦੁਆਲੇ ਏਦਾਂ ਲਪੇਟ ਲੈਣਾ ਕਿ
ਖੁਲ੍ਹੇ ਨਾ, ਗਰਦਨ ਦੇ ਪਿੱਛੇ ਦੋਵਾਂ ਸਿਰਿਆਂ ਨੂੰ ਇਸ ਤਰ੍ਹਾਂ ਬੰਨ੍ਹ ਲੈਣਾ ਕਿ
ਗਿਲਤੀ ਖੁਲ੍ਹੇ ਨਾ, ਪਿੜੀ=ਇਕੱਠੀਆਂ ਹੋ ਕੇ ਕੱਤਣਾ, ਕੁੰਭ=ਹਾਥੀ ਦਾ ਮੱਥਾ,
ਬਹੁਕਰ ਦੇਣ=ਲੁੰਙੀਆਂ ਏਨੀਆਂ ਲੰਮੀਆਂ ਸਨ ਕਿ ਉਹ ਧਰਤੀ ਤੇ ਘਿਰਸਦੀਆਂ
ਧਰਤੀ ਸਾਫ਼ ਕਰਦੀਆਂ ਜਾਂਦੀਆਂ ਸਨ)

553. ਵਾਕ ਕਵੀ

ਦੇ ਦੁਆਈਆਂ ਰਾਤ ਮੁਕਾ ਸੁੱਟੀ, ਵੇਖੋ ਹੋਵਣੀ ਕਰੇ ਸ਼ਤਾਬੀਆਂ ਜੀ ।
ਜਿਹੜੀ ਹੋਵਣੀ ਗੱਲ ਸੋ ਹੋ ਰਹੀ, ਸੱਭੇ ਹੋਵਣੀ ਦੀਆਂ ਖ਼ਰਾਬੀਆਂ ਜੀ ।
ਏਸ ਹੋਵਣੀ ਸ਼ਾਹ ਫ਼ਕੀਰ ਕੀਤੇ, ਪੰਨੂ ਜੇਹਿਆਂ ਕਰੇ ਸ਼ਰਾਬੀਆਂ ਜੀ ।
ਮਜਨੂੰ ਜੇਹਿਆਂ ਨਾਮ ਮਜਜ਼ੂਬ ਹੋਏ, ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ ।
ਮਾਸ਼ੂਕ ਨੂੰ ਬੇਪਰਵਾਹ ਕਰਕੇ, ਵਾਏ ਆਸ਼ਕਾਂ ਰਾਤ ਬੇਖ਼ਾਬੀਆਂ ਜੀ ।
ਅਲੀ ਜੇਹਿਆਂ ਨੂੰ ਕਤਲ ਗ਼ੁਲਾਮ ਕੀਤਾ, ਖ਼ਬਰ ਹੋਈ ਨਾ ਮੂਲ ਅਸਹਾਬੀਆਂ ਜੀ ।
ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ ।
ਵਾਰਿਸ ਸ਼ਾਹ ਮੀਆਂ ਫਲੇ ਖੇੜਿਆਂ ਦੇ, ਜਮ੍ਹਾਂ ਆਣ ਹੋਈਆਂ ਹਰਬਾਬੀਆਂ ਜੀ ।
(ਹੋਵਣੀ=ਹੋਣੀ,ਕਿਸਮਤ, ਸ਼ਤਾਬੀ=ਜਲਦੀ,ਫੁਰਤੀ, ਖ਼ਰਾਬੀ=ਸ਼ਰਾਰਤ, ਮਜਜ਼ੂਬ=
ਰਬ ਦੇ ਪ੍ਰੇਮ ਵਿੱਚ ਮਸਤ, ਵਾਏ=ਹਾਏ, ਬੇਖ਼ਾਬੀ=ਉਣੀਂਦਰਾ, ਅਲੀ ਜਿਹਾਂ ਨੂੰ=
ਹਜ਼ਰਤ ਅਲੀ, ਹਜ਼ਰਤ ਮੁਹੰਮਦ ਸਾਹਿਬ ਦੇ ਚਾਚਾ ਅਬੂ ਤਾਲਬ ਦੇ ਛੋਟੇ ਪੁੱਤਰ,
ਜੋ ਸਭ ਤੋਂ ਪਹਿਲਾਂ 14 ਸਾਲ ਦੀ ਛੋਟੀ ਉਮਰ ਵਿੱਚ ਹੀ ਮੁਸਲਮਾਨ ਹੋ ਗਏ, ਆਪ
ਦਾ ਰਸੂਲ ਦੀ ਸਪੁੱਤਰੀ ਬੀਬੀ ਫ਼ਾਤਮਾ ਨਾਲ ਨਕਾਹ ਹੋਇਆ ।ਆਪ ਬਹੁਤ ਸੂਰਵੀਰ
ਸਨ ।ਉਸਮਾਨ ਦੇ ਸ਼ਹੀਦ ਹੋਣ ਪਿੱਛੋਂ ਆਪ ਨੂੰ 656 ਈ ਵਿੱਚ ਚੌਥਾ ਖ਼ਲੀਫ਼ਾ ਥਾਪਿਆ
ਗਿਆ ।ਆਪ ਕੂਫਾ ਵਿੱਚ ਅੱਬਦੁਰਹਿਮਾਨ ਨਾਮੀ ਗੁਲ਼ਾਮ ਹੱਥੋਂ ਕਤਲ ਹੋਏ ।ਆਪ
ਮਸੀਤ ਵਿੱਚ ਕਈ ਲੋਕਾਂ ਨਾਲ ਸਿਜਦਾ ਕਰ ਰਹੇ ਸਨ ।ਕਿਸੇ ਨੂੰ ਕਤਲ ਕਰਨ ਵਾਲੇ
ਦਾ ਪਤਾ ਨਾ ਲੱਗਾ, ਅਸਹਾਬ=ਸਾਹਿਬ ਦਾ ਬਹੁ-ਵਚਨ, ਉਹ ਲੋਕ ਜਿਹੜੇ ਰਸੂਲ ਦੇ
ਅਸਰ ਥੱਲੇ ਮੁਸਲਮਾਨ ਬਣੇ, ਹਰਬਾਬੀਆਂ=ਦਰ ਦਰ ਘੁੰਮਣ ਵਾਲੀਆਂ)

554. ਤਥਾ

ਇਸ਼ਕ ਇੱਕ ਤੇ ਇਫਤਰੇ ਲਖ ਕਰਨੇ, ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ ।
ਕੇਡਾ ਪਾੜਣਾ ਪਾੜਿਆ ਇਸ਼ਕ ਪਿੱਛੇ, ਸਦ ਘੱਲੀਆਂ ਸਭ ਕਵਾਰੀਆਂ ਨੀ ।
ਏਨ੍ਹਾਂ ਯਾਰੀਆਂ ਰਾਜਿਆਂ ਫ਼ਕਰ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆਂ ਨੀ ।
ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ, ਇਸ਼ਕ ਕੀਤਾ ਖ਼ਲਕਤਾਂ ਸਾਰੀਆ ਨੀ ।
ਏਸ ਇਸ਼ਕ ਨੇ ਵੇਖ ਫ਼ਰਹਾਦ ਕੁੱਠਾ, ਕੀਤੀਆਂ ਯੂਸਫ਼ ਨਾਲ ਖਵਾਰੀਆਂ ਨੀ ।
ਇਸ਼ਕ ਸੋਹਣੀ ਜਹੀਆਂ ਸੂਰਤਾਂ ਭੀ, ਡੋਬ ਵਿੱਚ ਦਰਿਆ ਦੇ ਮਾਰੀਆਂ ਨੀ ।
ਮਿਰਜ਼ੇ ਜੇਹੀਆਂ ਸੂਰਤਾਂ ਇਸ਼ਕ ਨੇ ਹੇ, ਅੱਗ ਲਾਇਕੇ ਬਾਰ ਵਿੱਚ ਸਾੜੀਆਂ ਨੀ ।
ਵੇਖ ਬੂਬਨਾਂ ਮਾਰੂਨ ਕਹਿਰ ਘੱਤੀ, ਕਈ ਹੋਰ ਕਰ ਚੱਲੀਆਂ ਯਾਰੀਆਂ ਨੀ ।
ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ, ਅਤੇ ਇਸ਼ਕ ਦੀਆਂ ਧਜਾਂ ਨਿਆਰੀਆਂ ਨੇ ।
(ਇਫਤਰੇ=ਬਹਾਨੇ, ਕੁੱਠਾ=ਮਾਰਿਆ, ਬੂਬਨਾ-ਮਾਰੂਨ=ਇੱਕ ਰਾਜਸਥਾਨੀ ਕਹਾਣੀ
ਅਨੁਸਾਰ ਢੋਲ ਬਾਦਸ਼ਾਹ ਪੋਗਲ ਤੋਂ ਆਪਣੀ ਮਹਿਬੂਬਾ ਰਾਣੀ ਮਾਰੂਨ ਨੂੰ ਲੈ ਕੇ ਚਲਿਆ
ਤਾਂ ਰਸਤੇ ਵਿੱਚ ਸਿੰਧੀ ਅਮੀਰ ਫੋਗੂ ਉਮਰ ਨੇ ਮਾਰੂਨ ਨੂੰ ਉਹਦੇ ਕੋਲੋਂ ਉਹਨੂੰ ਖੋਹਣ ਦੀ
ਅਸਫ਼ਲ ਕੋਸ਼ਿਸ਼ ਕੀਤੀ ।ਅਖੀਰ ਮਾਰੂਨ ਢੋਲ ਦੇ ਧੌਲਰ ਵਿੱਚ ਦਾਖਲ ਹੋਈ ।ਓਥੇ ਢੋਲ
ਦੀ ਪਹਿਲੀ ਪਤਨੀ ਬੂਬਨਾ ਉਹਨੂੰ ਵੇਖ ਕੇ ਸਾੜ ਨਾਲ ਗੁਸੇ ਵਿੱਚ ਆਈ ।ਇੱਕ ਵਿਆਹੀ
ਇਸਤਰੀ ਲਈ ਇੱਕ ਸੌਕਣ ਤੋਂ ਵੱਧ ਹੋਰ ਕੀ ਦੁਖ ਵਾਲੀ ਗੱਲ ਹੋ ਸਕਦੀ ਹੈ,ਧਜਾਂ=
ਸਜ ਧਜ,ਠਾਠ)

555. ਤਥਾ

ਸੁਬ੍ਹਾ ਚਲਣਾ ਖੇਤ ਕਰਾਰ ਹੋਇਆ, ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨੀ ।
ਆਪੋ ਆਪਣੇ ਥਾਂ ਤਿਆਰ ਹੋਈਆਂ, ਕਈ ਵਿਆਹੀਆਂ ਕਈ ਕਵਾਰੀਆਂ ਨੀ ।
ਰੋਜ਼ੇ ਦਾਰ ਨੂੰ ਈਦ ਦਾ ਚੰਨ ਚੜ੍ਹਿਆ, ਜਿਵੇਂ ਹਾਜੀਆਂ ਹਜ ਤਿਆਰੀਆਂ ਨੀ ।
ਜਿਵੇਂ ਵਿਆਹ ਦੀ ਖ਼ੁਸ਼ੀ ਦਾ ਚਾ ਚੜ੍ਹਦਾ, ਅਤੇ ਮਿਲਣ ਮੁਬਾਰਕਾਂ ਕਵਾਰੀਆਂ ਨੀ ।
ਚਲੋ ਚਲ ਹਿਲ ਜੁਲ ਤਰਥੱਲ ਧੜ ਧੜ, ਖ਼ੁਸ਼ੀ ਨਾਲ ਨੱਚਣ ਮਤਿਆਰੀਆਂ ਨੀ ।
ਥਾਉਂ ਥਾਈ ਚਵਾ ਦੇ ਨਾਲ ਫੜਕੇ, ਮੁੱਠੇ ਚੂੜੀਆਂ ਦੇ ਮਿਨਹਾਰੀਆਂ ਨੀ ।
ਗਿਰਦ ਫਲੇ ਦੀ ਖੁਰਲੀ ਆਣ ਹੋਈਆਂ, ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੀ ।
ਏਧਰ ਸਹਿਤੀ ਨੇ ਮਾਉਂ ਤੋਂ ਲਈ ਰੁਖਸਤ, ਚਲੋ ਚਲ ਜਾਂ ਸਭ ਪੁਕਾਰੀਆਂ ਨੀ ।
ਏਵੇਂ ਬੰਨ੍ਹ ਕਤਾਰ ਹੋ ਸਫ਼ਾਂ ਟੁਰੀਆਂ, ਜਿਵੇਂ ਲਦਿਆ ਸਾਥ ਬਿਉਪਾਰੀਆਂ ਨੀ ।
ਏਵੇਂ ਸਹਿਤੀ ਨੇ ਕਵਾਰੀਆਂ ਮੇਲ ਲਈਆਂ, ਜਿਵੇਂ ਝੁੰਡ ਮੇਲੇ ਜਟਾਧਾਰੀਆਂ ਨੀ ।
ਖ਼ਤਰੇਟੀਆਂ ਅਤੇ ਬਹਿਮਨੇਟੀਆਂ ਨੀ, ਜਟੇਟੀਆਂ ਨਾਲ ਸੁਨਿਆਰੀਆਂ ਨੀ ।
ਘੋੜੇ ਛੁੱਟੇ ਅਬਾਰ ਜਿਉਂ ਫਿਰਨ ਨਚਦੇ, ਚੱਲਣ ਟੇਢੜੀ ਚਾਲ ਮੁਟਿਆਰੀਆਂ ਨੀ ।
ਵਾਰਿਸ ਸ਼ਾਹ ਹੁਣ ਹੀਰ ਨੂੰ ਸੱਪ ਲੜਦਾ, ਚੈਂਚਰ ਪਾਉਂਦੀਆਂ ਚੈਂਚਰ ਹਾਰੀਆਂ ਨੀ ।
(ਦਿਲਦਾਰੀ ਕਰਨਾ=ਮੁਹੱਬਤ ਦਿਖਾਉਣੀ, ਕੁਆਰੀਆਂ ਮੁਬਾਰਕਾਂ=ਲੜਕੇ ਵਾਲਿਆਂ
ਦੇ ਵਹੁਟੀ ਆਉਣ ਤੇ ਵਧਾਈਆਂ, ਮਤਿਆਰੀਆਂ=ਨਸ਼ੇ ਵਿੱਚ ਮਸਤ, ਸਫ਼ਾਂ=ਕਤਾਰਾਂ,
ਅਬਾਰ=ਰੱਸਾ ਤੁੜਾ ਕੇ ਖੁਲ੍ਹੇ)

556. ਹੀਰ ਸਹਿਤੀ ਨਾਲ ਖੇਤ ਨੂੰ ਤੁਰ ਪਈ

ਹੁਕਮ ਹੀਰ ਦਾ ਮਾਂਉਂ ਥੋਂ ਲਿਆ ਸਹਿਤੀ, ਗਲ ਗਿਣੀ ਸੂ ਨਾਲ ਸਹੇਲੀਆਂ ਦੇ ।
ਤਿਆਰ ਹੋਈਆਂ ਦੋਵੇਂ ਨਿਨਾਣ ਭਾਬੀ, ਨਾਲ ਚੜ੍ਹੇ ਨੇ ਕਟਕ ਅਲਬੇਲੀਆਂ ਦੇ ।
ਛਡ ਪਾਸਨੇ ਤੁਰਕ ਬੇਰਾਹ ਚਲੇ, ਰਾਹ ਮਾਰਦੇ ਨੇ ਅਠਖੇਲੀਆਂ ਦੇ ।
ਕਿੱਲੇ ਪੁਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ ।
ਸੋਹਣ ਬੈਂਸਰਾਂ ਨਾਲ ਬਲਾਕ ਬੁੰਦੇ, ਟਿੱਕੇ ਫਬ ਰਹੇ ਵਿੱਚ ਮਥੇਲੀਆਂ ਦੇ ।
ਧਾਗੇ ਪਾਂਉਦੇ ਬੰਨ੍ਹ ਕੇ ਨਾਲ ਬੋਦੇ, ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ ।
ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ, ਸਹਿਤੀ ਗੁਰੂ ਚਲਿਆ ਨਾਲ ਚੇਲੀਆਂ ਦੇ ।
ਰਾਜੇ ਇੰਦਰ ਦੀ ਸਭਾ ਵਿੱਚ ਹੋਈ ਫੇਰੀ, ਪਏ ਅਜਬ ਛਨਕਾਰ ਅਰਬੇਲੀਆਂ ਦੇ ।
ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ, ਅਰਥ ਕੀਤੀਆਂ ਨੇ ਨਾਲ ਬੇਲੀਆਂ ਦੇ ।
ਵਾਰਿਸ ਸ਼ਾਹ ਕਸਤੂਰੀ ਦੇ ਮਿਰਗ ਛੁਟੇ, ਥਈਆ ਥਈਆ ਸਰੀਰ ਮਥੇਲੀਆਂ ਦੇ ।
(ਗਲ ਗਿਣੀ=ਸਲਾਹ ਬਣਾ ਲਈ, ਛਡ ਪਾਸਨੇ=ਪਾਸੇ ਛੱਡ ਕੇ, ਕਿੱਲੇ ਪੁਟ=
ਬੋਰੀਆ ਬਿਸਤਰਾ ਚੁਕ ਕੇ, ਬੈਂਸਰਾ, ਬੁਲਾਕ, ਬੁੰਦੇ, ਟਿੱਕੇ=ਸਾਰੇ ਵੱਖ ਵੱਖ
ਗਹਿਣੇ ਹਨ, ਬੋਦੇ=ਵਾਲ, ਫਬ=ਸਜ)

557. ਹੀਰ ਦਾ ਸੱਪ ਲੜਨ ਦਾ ਬਹਾਨਾ

ਫ਼ੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ, ਤੁਰਤ ਚਾ ਲੰਗੋਟੜੇ ਵੱਟਿਉ ਨੇ ।
ਸੰਮੀ ਘਤਦੀਆਂ ਮਾਰਦੀਆਂ ਫਿਰਨ ਗਿੱਧਾ, ਪੰਭੀ ਘਤ ਬੰਨਾਂ ਵਟ ਪੱਟਿਉ ਨੇ ।
ਤੋੜ ਕਿੱਕਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਭ ਕੇ ਖੂਨ ਪਲੱਟਿਉ ਨੇ ।
ਸਹਿਤੀ ਮਾਂਦਰਨ ਫ਼ਨ ਦਾ ਨਾਗ ਭਛਿਆ, ਦੰਦੀ ਮਾਰ ਕੇ ਖ਼ੂਨ ਉਲੱਟਿਉ ਨੇ ।
ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ, ਓਸ ਹੁਸਨ ਦੇ ਮੋਰ ਨੂੰ ਫੱਟਿਉ ਨੇ ।
ਵਾਰਿਸ ਯਾਰ ਦੇ ਖਰਚ ਤਹਿਸੀਲ ਵਿੱਚੋਂ, ਹਿੱਸਾ ਸਰਫ਼ ਕਸੂਰ ਦਾ ਕੱਟਿਉ ਨੇ ।
(ਸ਼ਿਸਤ ਅੰਦਾਜ਼=ਨਿਸ਼ਾਨੇ ਬਾਜ਼, ਖਰਚ ਤਹਿਸੀਲ=ਪੰਜੋਤਰਾ, ਨੰਬਰ ਦਾਰ
ਵੱਲੋਂ ਮਾਮਲਾ ਇਕੱਠਾ ਕਰਨ ਦੀ ਫੀਸ ਜੋ ਉਨ੍ਹਾਂ ਨੂੰ ਦਿੱਤੀ ਜਾਂਦੀ, ਕਸੂਰ=
ਛੋਟੇ ਮੁਲਾਜ਼ਮਾ ਵੱਲੋਂ ਕੰਮਕਾਰ ਵਿੱਚ ਕੀਤੀ ਗਲਤੀ ਤੇ ਕੀਤੀ ਕਟੌਤੀ)

558. ਹੀਰ ਦੀ ਹਾਲਤ

ਦੰਦ ਮੀਟ ਘਸੀਟ ਇਹ ਹੱਡ ਗੋਡੇ, ਚਿੱਬੇ ਹੋਠ ਗੱਲ੍ਹਾਂ ਕਰ ਨੀਲੀਆਂ ਜੀ ।
ਨੱਕ ਚਾੜ੍ਹ ਦੰਦੇੜਕਾ ਵੱਟ ਰੋਏ, ਕੱਢ ਅੱਖੀਆਂ ਨੀਲੀਆਂ ਪੀਲੀਆਂ ਜੀ ।
ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ, ਕੋਈ ਕਰੇ ਝਾੜਾ ਬੁਰੇ ਹੀਲੀਆਂ ਜੀ ।
ਮਾਰੇ ਲਿੰਗ ਤੇ ਪੈਰ ਬੇਸੁਰਤ ਹੋਈ, ਲਏ ਜੀਊ ਨੇ ਕਾਜ ਕਲੇਲੀਆਂ ਜੀ ।
ਸ਼ੈਤਾਨ ਸ਼ਤੂੰਗੜੇ ਹੱਥ ਜੋੜਣ, ਸਹਿਤੀ ਗੁਰੂ ਤੇ ਅਸੀਂ ਸਭ ਚੇਲੀਆਂ ਜੀ ।
(ਦੰਦੇੜ=ਦੰਦਲ, ਲਿੰਗ=ਲੱਤਾਂ ਬਾਹਾਂ, ਸ਼ਤੂੰਗੜੇ=ਸ਼ੈਤਾਨ)

559. ਤਥਾ

ਹੀਰ ਮੀਟ ਕੇ ਦੰਦ ਪੈ ਰਹੀ ਬੇਖ਼ੁਦ, ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ ।
ਕਾਲੇ ਨਾਗ ਨੇ ਫ਼ਨ ਫੈਲਾਇ ਵੱਡਾ, ਡੰਗ ਵਹੁਟੀ ਦੇ ਪੈਰ ਤੇ ਮਾਰਿਆ ਈ ।
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ, ਲੋਕਾਂ ਕੰਮ ਤੇ ਕਾਜ ਵਿਸਾਰਿਆ ਈ ।
ਮੰਜੇ ਪਾਇਕੇ ਹੀਰ ਨੂੰ ਘਰੀ ਘਿੰਨਿਆ, ਜਟੀ ਪਲੋ ਪਲੀ ਰੰਗ ਨੂੰ ਹਾਰਿਆ ਈ ।
ਦੋਖੋ ਫਾਰਸੀ ਤੋਰਕੀ ਨਜ਼ਮ ਨਸਰੋਂ, ਇਹ ਮਕਰ ਘਿਉ ਵਾਂਗ ਨਿਤਾਰਿਆ ਈ ।
ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ, ਜੇਹਾ ਖ਼ਚਰੀਆਂ ਖ਼ਚਰਪੌ ਸਾਰਿਆ ਈ ।
ਸ਼ੈਤਾਨ ਨੇ ਆਣ ਸਲਾਮ ਕੀਤਾ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ ।
ਅਫ਼ਲਾਤੂਨ ਦੀ ਰੀਸ਼ ਮਿਕਰਾਜ਼ ਕੀਤੀ, ਵਾਰਿਸ ਕੁਦਰਤਾਂ ਵੇਖ ਕੇ ਵਾਰਿਆ ਈ ।
(ਹਾਲ ਬੂ=ਦੁਹਾਈ, ਕਾਂਗ=ਰੌਲਾ, ਵਾਹਰ=ਲੋਕੀਂ, ਤੋਰਕੀ=ਤੁਰਕੀ, ਅਜੇਹਾ
ਮਕਰ ਤੁਰਕੀ ਫਾਰਸੀ ਵਾਰਤਕ ਜਾਂ ਕਵਿਤਾ ਵਿੱਚ ਕਿਤੇ ਹੋਵੇਗਾ ਐਪਰ ਕੁੜੀਆਂ
ਨੇ ਸਾਫ਼ ਸਾਫ਼ ਭਾਵ ਪੂਰਾ ਮਕਰ ਕੀਤਾ, ਰੀਸ਼=ਦਾੜ੍ਹੀ, ਮਿਕਰਾਜ਼ ਕੀਤੀ=ਦਾੜ੍ਹੀ
ਕਤਰ ਦਿੱਤੀ)

560. ਸਾਰੇ ਖ਼ਬਰ ਹੋ ਗਈ

ਖੜਕੇ ਸ਼ਾਂਘਰੋਂ ਦਿਲਬਰਾਂ ਕਾਂਗ ਕੀਤੀ, ਸਾਰੇ ਦੇਸ ਤੇ ਧੁੰਮ ਭੁੰਚਾਲ ਆਹੀ ।
ਘਰੀਂ ਖ਼ਬਰ ਹੋਈ ਕਿੜਾਂ ਦੇਸ ਸਾਰੇ, ਨੂੰਹ ਖੇੜਿਆਂ ਦੀ ਜੇਹੜੀ ਸਿਆਲ ਆਹੀ ।
ਸਰਦਾਰ ਸੀ ਖ਼ੂਬਾਂ ਦੇ ਤ੍ਰਿੰਞਣਾਂ ਦੀ, ਜਿਸ ਦੀ ਹੰਸ ਤੇ ਮੋਰ ਦੀ ਚਾਲ ਆਹੀ ।
ਖੇੜੇ ਨਾਲ ਸੀ ਓਸ ਅਜੋੜ ਮੁਢੋਂ, ਦਿਲੋਂ ਸਾਫ਼ ਰੰਝੇਟੇ ਦੇ ਨਾਲ ਆਹੀ ।
ਓਸ ਨਾਗਨੀ ਨੂੰ ਕੋਈ ਸੱਪ ਲੜਿਆ, ਸੱਸ ਓਸ ਨੂੰ ਵੇਖ ਨਿਹਾਲ ਆਹੀ ।
'ਇੰਨਾ ਕਈਦਾ ਕੁੰਨਾ' ਬਾਬਾ ਔਰਤਾਂ ਦੇ, ਧੁਰੋਂ ਵਿੱਚ ਕੁਰਾਨ ਦੇ ਫ਼ਾਲ ਆਹੀ ।
ਵਾਰਿਸ ਸ਼ਾਹ ਸੁਹਾਗੇ ਤੇ ਅੱਗ ਵਾਂਗੂੰ, ਸਿਉਨਾ ਖੇੜਿਆਂ ਦਾ ਸਭੋ ਗਾਲ ਆਹੀ ।
(ਸ਼ਾਂਘਰ=ਢੋਲ, ਵਾਹਰਾਂ=ਲੋਕਾਂ, ਕਿੜ=ਖ਼ਬਰ, ਇੰਨਾ ਕਈਦਾ ਕੁੰਨਾ=ਰਬ ਨੇ
ਇਸਤਰੀਆਂ ਨੂੰ ਬਦਨਾਮ ਨਹੀਂ ਕੀਤਾ)

561. ਮਾਂਦਰੀਆਂ ਨੂੰ ਸੱਦਿਆ

ਸਦ ਮਾਂਦਰੀ ਖੇੜਿਆਂ ਲਖ ਆਂਦੇ, ਫ਼ਕਰ ਵੈਦ ਤੇ ਭਟ ਮਦਾਰੀਆਂ ਦੇ ।
ਤਰਿਆਕ ਅਕਬਰ ਅਫ਼ਲਾਤੂਨ ਵਾਲਾ, ਦਾਰੂ ਵੱਡੇ ਫ਼ਰੰਗ ਪਸਾਰੀਆਂ ਦੇ ।
ਜਿਨ੍ਹਾਂ ਜ਼ਾਤ ਹਜ਼ਾਰ ਦੇ ਸੱਪ ਕੀਲੇ, ਘੱਤ ਆਂਦੇ ਨੇ ਵਿੱਚ ਪਟਾਰੀਆਂ ਦੇ ।
ਗੰਡੇ ਲੱਖ ਤਾਅਵੀਜ਼ ਤੇ ਧੂਪ ਧੂਣੀ, ਸੂਤ ਆਂਦੇ ਨੇ ਕੰਜ ਕਵਾਰੀਆਂ ਦੇ ।
ਕੋਈ ਅੱਕ ਚਵਾ ਖਵਾਇ ਗੰਢੇ, ਨਾਗਦੌਣ ਧਾਤਾ ਸਭੇ ਸਾਰਿਆਂ ਦੇ ।
ਕਿਸੇ ਲਾ ਮਣਕੇ ਲੱਸੀ ਵਿੱਚ ਘੱਤੇ, ਪਰਦੇ ਚਾਇ ਪਾਏ ਨਰਾਂ ਨਾਰੀਆਂ ਦੇ ।
ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ, ਘਿਉ ਦੇਂਦੇ ਨੇ ਨਾਲ ਖ਼ਵਾਰੀਆਂ ਦੇ ।
ਵਾਰਿਸ ਸ਼ਾਹ ਸਪਾਧਿਆਂ ਪਿੰਡ ਬੱਧੇ, ਦੱਸਣ ਜ਼ਹਿਰ ਮਹੁਰੇ ਧਾਤਾਂ ਮਾਰੀਆਂ ਦੇ ।
(ਤਰਿਆਕ=ਜ਼ਹਿਰ ਦਾ ਤੋੜ)

562. ਲੋਕਾਂ ਦੀਆਂ ਗੱਲਾਂ

ਦਰਦ ਹੋਰ ਤੇ ਦਾਰੂੜਾ ਹੋਰ ਕਰਦੇ, ਫ਼ਰਕ ਪਵੇ ਨਾ ਲੋੜ੍ਹ ਵਿੱਚ ਲੁੜ੍ਹੀ ਹੈ ਨੀ ।
ਰੰਨਾ ਵੇਖ ਕੇ ਆਖਦੀਆਂ ਜ਼ਹਿਰ ਧਾਣੀ, ਕੋਈ ਸਾਇਤ ਇਹ ਜਿਉਂਦੀ ਕੁੜੀ ਹੈ ਨੀ ।
ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ, ਛਿੱਬੀ ਕਾਲਜਾ ਚੀਰ ਦੀ ਛੁਰੀ ਹੋ ਨੀ ।
ਮਰ ਚੱਲੀ ਹੈ ਹੀਰ ਸਿਆਲ ਭਾਵੇਂ, ਭਲੀ ਬੁਰੀ ਓਥੇ ਆਣ ਜੁੜੀ ਹੈ ਨੀ ।
ਜਿਸ ਵੇਲੇ ਦੀ ਸੂਤਰੀ ਇਹ ਸੁੰਘੀ, ਭਾਗੀਂ ਹੋ ਗਈ ਹੈ ਨਾਹੀਂ ਮੁੜੀ ਹੈ ਨੀ ।
ਵਾਰਿਸ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਥੇ ਦਰਦ ਅਸਾਡੇ ਦੀ ਪੁੜੀ ਹੈ ਨੀ ।
(ਦਾਰੂੜਾ=ਦਾਰੂ, ਸਾਇਤ=ਘੜੀ, ਛਿੱਥੀ=ਤੇਜ਼, ਸੂਤਰੀ=ਸਫ਼)

563. ਸਹਿਤੀ ਅਤੇ ਮਾਂ

ਸਹਿਤੀ ਆਖਿਆ ਫ਼ਰਕ ਨਾ ਪਵੇ ਮਾਸਾ, ਇਹ ਸੱਪ ਨਾ ਕੀਲ ਤੇ ਆਂਵਦੇ ਨੇ ।
ਕਾਲੇ ਬਾਗ਼ ਵਿੱਚ ਜੋਗੀੜਾ ਸਿੱਧ ਦਾਤਾ, ਓਹਦੇ ਕਦਮ ਪਾਇਆਂ ਦੁਖ ਜਾਂਵਦੇ ਨੇ ।
ਬਾਸ਼ਕ ਨਾਂਗ ਕਰੂੰਡੀਏ ਮੇਂਡ ਭੱਸ਼ਕ, ਛੀਣੇ ਤਿੱਤਰੇ ਸਭ ਨਿਉਂ ਆਂਵਦੇ ਨੇ ।
ਕਲਗ਼ੀਧਰ ਤੇ ਉਡਣਾਂ ਭੂੰਡ ਆਬੀ, ਅਸਰਾਲ ਘਰਾਲ ਡਰ ਖਾਂਵਦੇ ਨੇ ।
ਤੰਦੂਰੜਾ ਬੋਰੜਾ ਫਣੀ ਫ਼ਨੀਅਰ, ਸਭ ਆਣ ਕੇ ਸੀਸ ਨਿਵਾਂਵਦੇ ਨੇ ।
ਮਣੀਦਾਰ ਦੋ ਸਿਰੇ ਤੇ ਖੜੱਪਿਆਂ ਥੇ, ਮੰਤਰ ਪੜ੍ਹੇ ਤਾਂ ਕੀਲ ਤੇ ਆਂਵਦੇ ਨੇ ।
ਕੰਗੂਰੀਆ ਧਾਮੀਆ ਲੁਸਲੁਸਾ ਵੀ, ਰਤਵਾਰੀਆ ਕਜਲੀਆ ਝਾਂਵਦੇ ਨੇ ।
ਖੰਜੂਰੀਆ ਤੇਲੀਆ ਨਿਪਟ ਜੰਘਾ ਹਥਵਾਰੀਆ ਗੋਝੀਆ ਗਾਂਵਦੇ ਨੇ ।
ਬਲਿਸ਼ਤੀਆ ਛੀਣੀਆ ਸੰਘ-ਟਾਪੂ, ਚਿਚਲਾਵੜਾ ਕੁਲਨਾਸੀਆ ਦਾਂਵਦੇ ਨੇ ।
ਕੋਈ ਦੁਖ ਤੇ ਦਰਦ ਨਾ ਰਹੇ ਭੋਰਾ, ਜਾਦੂ ਜਿੰਨ ਤੇ ਭੂਤ ਸਭ ਜਾਂਵਦੇ ਨੇ ।
ਰਾਉ ਰਾਜੇ ਤੇ ਵੈਦ ਤੇ ਦੇਵ ਪਰੀਆਂ, ਸਭ ਓਸ ਥੋਂ ਹੱਥ ਵਿਖਾਂਵਦੇ ਨੇ ।
ਹੋਰ ਵੈਦ ਸਭ ਵੈਦਗੀ ਲਾ ਥੱਕੇ, ਵਾਰਿਸ ਸ਼ਾਹ ਜੋਗੀ ਹੁਣ ਆਂਵਦੇ ਨੇ ।
564. ਜੋਗੀ ਸੱਦਣ ਲਈ ਆਦਮੀ ਭੇਜਣ ਦੀ ਸਲਾਹ

ਖੇੜਿਆਂ ਆਖਿਆ ਸੈਦੇ ਨੂੰ ਘਲ ਦੀਚੈ, ਜਿਹੜਾ ਡਿੱਗੇ ਫ਼ਕੀਰ ਦੇ ਜਾ ਪੈਰੀਂ ।
ਸਾਡੀ ਕਰੀਂ ਵਾਹਰ ਨਾਮ ਰਬ ਤੇ, ਕੋਈ ਫ਼ਜ਼ਲ ਦਾ ਪਲੂੜਾ ਚਾ ਫੇਰੀਂ ।
ਸਾਰਾ ਖੋਲ੍ਹ ਕੇ ਹਾਲ ਅਹਿਵਾਲ ਆਖੀਂ, ਨਾਲ ਮਹਿਰੀਆਂ ਬਰਕਤਾਂ ਵਿੱਚ ਦੈਰੀਂ ।
ਚਲੋ ਵਾਸਤੇ ਰਬ ਦੇ ਨਾਲ ਮੇਰੇ, ਕਦਮ ਘਤਿਆਂ ਫ਼ਕਰ ਦੇ ਹੋਣ ਖ਼ੈਰੀਂ ।
ਦਮ ਲਾਇਕੇ ਸਿਆਲ ਵਿਆਹ ਲਿਆਂਦੀ, ਜੰਜ ਜੋੜ ਕੇ ਗਏ ਸਾਂ ਵਿੱਚ ਡੇਰੀਂ ।
ਬੈਠ ਕੋੜਮੇ ਗਲ ਪਕਾ ਛੱਡੀ, ਸੈਦਾ ਘੱਲੀਏ ਰਲਣ ਜਾ ਐਰ ਗੈਰੀਂ ।
ਜੀਕੂੰ ਜਾਣਸੇਂ ਤਿਵੇਂ ਲਿਆ ਜੋਗੀ, ਕਰ ਮਿੰਨਤਾਂ ਲਾਵਣਾ ਹੱਥ ਪੈਰੀਂ ।
ਵਾਰਿਸ ਸ਼ਾਹ ਮੀਆਂ ਤੇਰਾ ਇਲਮ ਹੋਇਆ, ਮਸ਼ਹੂਰ ਵਿੱਚ ਜਿੰਨ ਤੇ ਇਨਸ ਤੈਰੀਂ ।
(ਦੈਰ=ਮੰਦਰ,ਬੁਤ ਖ਼ਾਨਾ, ਜਿੰਨ ਤੇ ਇਨਸ ਤੈਰੀਂ=ਆਦਮੀ ਅਤੇ ਪਰੇਤਾਂ
ਆਦਿ ਵਿੱਚ)

565. ਖੇੜਿਆਂ ਸੈਦੇ ਨੂੰ ਜੋਗੀ ਕੋਲ ਭੇਜਿਆ

ਅਜੂ ਆਖਿਆ ਸੈਦਿਆ ਜਾਹ ਭਾਈ, ਇਹ ਵਹੁਟੀਆਂ ਬਹੁਤ ਪਿਆਰੀਆਂ ਜੀ ।
ਜਾ ਬੰਨ੍ਹ ਕੇ ਹੱਥ ਸਲਾਮ ਕਰਨਾ, ਤੁਸਾਂ ਤਾਰੀਆਂ ਖ਼ਲਕਤਾਂ ਸਾਰੀਆਂ ਜੀ ।
ਅੱਗੇ ਨਜ਼ਰ ਰੱਖੀਂ ਸਭੋ ਹਾਲ ਦੱਸੀਂ, ਅੱਗੇ ਜੋਗੀੜੇ ਦੇ ਕਰੀਂ ਜ਼ਾਰੀਆਂ ਜੀ ।
ਸਾਨੂੰ ਬਣੀ ਹੈ ਹੀਰ ਨੂੰ ਸੱਪ ਲੜਿਆ, ਖੋਲ੍ਹ ਕਹੇਂ ਹਕੀਕਤਾਂ ਸਾਰੀਆਂ ਜੀ ।
ਆਖੀਂ ਵਾਸਤੇ ਰਬ ਦੇ ਚਲੋ ਜੋਗੀ, ਸਾਨੂੰ ਬਣੀਆਂ ਮਸੀਬਤਾਂ ਭਾਰੀਆਂ ਜੀ ।
ਜੋਗੀ ਮਾਰ ਮੰਤਰ ਕਰੇ ਸੱਪ ਹਾਜ਼ਰ, ਜਾ ਲਿਆ ਵਿਲਾਇਕੇ ਵਾਰੀਆਂ ਜੀ ।
ਵਾਰਿਸ ਸ਼ਾਹ ਓਥੇ ਨਾਹੀਂ ਫੁਰੇ ਮੰਤਰ, ਜਿੱਥੇ ਇਸ਼ਕ ਨੇ ਦੰਦੀਆਂ ਮਾਰੀਆਂ ਜੀ ।
(ਜ਼ਾਰੀਆਂ=ਬੇਨਤੀਆਂ)

566. ਸੈਦਾ ਜੋਗੀ ਕੋਲ ਗਿਆ

ਸੈਦਾ ਵੱਟ ਬੁੱਕਲ ਬੱਧੀ ਪਚਾਰਿੱਕੀ, ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ ।
ਵਾਹੋ ਵਾਹ ਚਲਿਆ ਖੁਰੀਂ ਬੰਨ੍ਹ ਖੇੜਾ, ਵਾਂਗ ਕਾਟਕੂ ਮਾਲ ਤੇ ਸਰਕਿਆ ਈ ।
ਕਾਲੇ ਬਾਗ਼ ਵਿੱਚ ਜੋਗੀ ਥੇ ਜਾ ਵੜਿਆ, ਜੋਗੀ ਵੇਖ ਕੇ ਜਟ ਨੂੰ ਦੜਕਿਆ ਈ ।
ਖੜਾ ਹੋ ਮਾਹੀ ਮੁੰਡਿਆ ਕਹਾਂ ਆਵੇਂ, ਮਾਰ ਫਾਹੁੜਾ ਸ਼ੋਰ ਕਰ ਭੜਕਿਆ ਈ ।
ਸੈਦਾ ਸੰਗ ਕੇ ਥਰ ਥਰ ਖੜਾ ਕੰਬੇ, ਉਸ ਦਾ ਅੰਦਰੋਂ ਕਾਲਜਾ ਧੜਕਿਆ ਈ ।
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ, ਏਹਾ ਖ਼ਤਰੇ ਦਾ ਮਾਰਿਆ ਯਰਕਿਆ ਈ ।
ਚੱਲੀਂ ਵਾਸਤੇ ਰਬ ਦੇ ਜੋਗੀਆ ਵੇ, ਖ਼ਾਰ ਵਿੱਚ ਕਲੇਜੇ ਦੇ ਰੜਕਿਆ ਈ ।
ਜੋਗੀ ਪੁੱਛਦਾ 'ਬਣੀ ਹੈ ਕੌਣ ਤੈਨੂੰ, ਏਸ ਹਾਲ ਆਂਇਉ ਜੱਟਾ' ਬੜ੍ਹਕਿਆ ਈ ।
ਜਟੀ ਵੜੀ ਕਪਾਹ ਵਿੱਚ ਬੰਨ੍ਹ ਝੋਲੀ, ਕਾਲਾ ਨਾਗ ਅਜ਼ਗ਼ੈਬ ਥੀਂ ਕੜਕਿਆ ਈ ।
ਵਾਰਿਸ ਸ਼ਾਹ ਜੋਂ ਚੋਟੀਆਂ ਕਢ ਆਏ, ਅਤੇ ਸੱਪ ਸਰੋਟਿਓਂ ਲੜਕਿਆ ਈ ।
(ਵੱਟ ਬੁੱਕਲ=ਬੁੱਕਲ ਮਾਰ ਕੇ, ਪਚਾਰਿੱਕੀ=ਚਾਦਰ ਨੂੰ ਰੇਬ ਕਰਕੇ ਜਾਂ ਸਾਫ਼ੇ
ਜਾਂ ਪਰਨੇ ਨੂੰ ਸੱਜੀ ਕੂਹਣੀ ਦੇ ਥੱਲੇ ਅਤੇ ਸੱਜੇ ਮੋਢੇ ਦੇ ਉਪਰੋਂ ਲਿਆ ਕੇ ਟੰਗਣ
ਜਾਂ ਬੰਨ੍ਹਣ ਦਾ ਢੰਗ, ਜੁੱਤੀ ਚਾੜ੍ਹ=ਜੁੱਤੀ ਪਾ ਕੇ, ਕਾਟਕੂ=ਧਾੜਵੀ, ਬੜ੍ਹਕਿਆ=
ਗਰਜਿਆ, ਯਰਕਿਆ=ਡਰ ਗਿਆ)

567. ਰਾਂਝਾ

ਤਕਦੀਰ ਨੂੰ ਮੋੜਨਾ ਭਾਲਦਾ ਏਂ, ਸੱਪ ਨਾਲ ਤਕਦੀਰ ਦੇ ਡੰਗਦੇ ਨੇ ।
ਜਿਹਨੂੰ ਰੱਬ ਦੇ ਇਸ਼ਕ ਦੀ ਚਾਟ ਲੱਗੀ, ਦੀਦਵਾਨ ਕਜ਼ਾ ਦੇ ਰੰਗ ਦੇ ਨੇ ।
ਜਿਹੜੇ ਛੱਡ ਜਹਾਨ ਉਜਾੜ ਵਸਣ, ਸੁਹਬਤ ਔਰਤਾਂ ਦੀ ਕੋਲੋਂ ਸੰਗਦੇ ਨੇ ।
ਕਦੀ ਕਿਸੇ ਦੀ ਕੀਲ ਵਿੱਚ ਨਹੀਂ ਆਏ, ਜਿਹੜੇ ਸੱਪ ਸਿਆਲ ਤੇ ਝੰਗ ਦੇ ਨੇ ।
ਅਸਾਂ ਚਾਇ ਕੁਰਾਨ ਤੇ ਤਰਕ ਕੀਤੀ, ਸੰਗ ਮਹਿਰੀਆਂ ਦੇ ਕੋਲੋਂ ਸੰਗਦੇ ਨੇ ।
ਮਰਨ ਦੇ ਜੱਟੀ ਜ਼ਰਾ ਵੈਣ ਸੁਣੀਏਂ, ਰਾਗ ਨਿਕਲਣ ਰੰਗ ਬਰੰਗ ਦੇ ਨੇ ।
ਜਵਾਨ ਮੇਰ ਮਹਿਰੀ ਬੜੇ ਰੰਗ ਹੋਤੇ, ਖ਼ੁਸ਼ੀ ਹੋਤੇ ਹੈਂ ਰੂਹ ਮਲੰਗ ਦੇ ਨੇ ।
ਵਾਰਿਸ ਸ਼ਾਹ ਮੁਨਾਇਕੇ ਸੀਸ ਦਾੜ੍ਹੀ, ਹੋ ਰਹੇ ਜਿਉਂ ਸੰਗਤੀ ਗੰਗ ਦੇ ਨੇ ।
(ਦੀਦਵਾਨ=ਦਰਸ਼ਨ ਕਰਨ ਵਾਲੇ, ਸੰਗਤੀ=ਦਰਸ਼ਨ ਕਰਨ ਵਾਲੇ,ਯਾਤਰੀ,
ਗੰਗਾ=ਗੰਗਾ)

568. ਸੈਦੇ ਤੇ ਰਾਂਝੇ ਦੇ ਸਵਾਲ ਜਵਾਬ

ਹੱਥ ਬੰਨ੍ਹ ਨੀਵੀਂ ਧੌਣ ਘਾਹ ਮੂੰਹ ਵਿੱਚ, ਕਢ ਦੰਦੀਆਂ ਮਿੰਨਤਾਂ ਘਾਲਿਆ ਵੋ ।
ਤੇਰੇ ਚਲਿਆਂ ਹੁੰਦੀ ਹੈ ਹੀਰ ਚੰਗੀ, ਧਰੋਹੀ ਰਬ ਦੀ ਮੁੰਦਰਾਂ ਵਾਲਿਆ ਵੋ ।
ਅੱਠ ਪਹਿਰ ਹੋਏ ਭੁਖੇ ਕੋੜਮੇ ਨੂੰ, ਲੁੜ੍ਹ ਗਏ ਹਾਂ ਫਾਕੜਾ ਜਾਲਿਆ ਵੋ ।
ਜਟੀ ਜ਼ਹਿਰ ਵਾਲੇ ਕਿਸੇ ਨਾਗ ਡੰਗੀ, ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ ।
ਚੰਗੀ ਹੋਏ ਨਾਹੀਂ ਜੱਟੀ ਨਾਗ ਡੰਗੀ, ਤੇਰੇ ਚੱਲਿਆਂ ਖ਼ੈਰ ਰਵਾਲਿਆ ਵੋ ।
ਜੋਗੀ ਵਾਸਤੇ ਰਬ ਦੇ ਤਾਰ ਸਾਨੂੰ, ਬੇੜਾ ਲਾ ਬੰਨੇ ਅੱਲਾਹ ਵਾਲਿਆ ਵੋ ।
ਲਿਖੀ ਵਿੱਚ ਰਜ਼ਾ ਦੇ ਮਰੇ ਜੱਟੀ, ਜਿਸ ਨੇ ਸੱਪ ਦਾ ਦੁਖ ਹੈ ਜਾਲਿਆ ਵੋ ।
ਤੇਰੀ ਜੱਟੀ ਦਾ ਕੀ ਇਲਾਜ ਕਰਨਾ, ਅਸਾਂ ਆਪਣਾ ਕੋੜਮਾ ਗਾਲਿਆ ਵੋ ।
ਵਾਰਿਸ ਸ਼ਾਹ ਰਜ਼ਾ ਤਕਦੀਰ ਵੇਲਾ, ਪੀਰਾਂ ਔਲੀਆਵਾਂ ਨਾਹੀਂ ਟਾਲਿਆ ਵੋ ।
(ਫਾਕੜਾ=ਫਾਕਾ)

569. ਜੋਗੀ

ਚੁਪ ਹੋ ਜੋਗੀ ਸਹਿਜ ਨਾਲ ਬੋਲੇ, ਜੱਟਾ ਕਾਸ ਨੂੰ ਪਕੜਿਉਂ ਕਾਹੀਆਂ ਨੂੰ ।
ਅਸੀਂ ਛੱਡ ਜਹਾਨ ਫ਼ਕੀਰ ਹੋਏ, ਛੱਡ ਦੌਲਤਾਂ ਨਾਲ ਬਾਦਸ਼ਾਹੀਆਂ ਨੂੰ ।
ਯਾਦ ਰਬ ਦੀ ਛੱਡ ਕੇ ਕਰਾਂ ਝੇੜੇ, ਢੂੰਡਾਂ ਉਡਦੀਆਂ ਛੱਡ ਕੇ ਫਾਹੀਆਂ ਨੂੰ ।
ਤੇਰੇ ਨਾਲ ਨਾ ਚੱਲਿਆਂ ਨਫ਼ਾ ਕੋਈ, ਮੇਰਾ ਅਮਲ ਨਾ ਫੁਰੇ ਵਿਵਾਹੀਆਂ ਨੂੰ ।
ਰੰਨਾ ਪਾਸ ਫ਼ਕੀਰ ਨੂੰ ਐਬ ਜਾਣਾ, ਜੇਹਾ ਨੱਸਣਾ ਰਣੋਂ ਸਿਪਾਹੀਆਂ ਨੂੰ ।
ਵਾਰਿਸ ਕਢ ਕੁਰਾਨ ਤੇ ਬਹੇਂ ਮਿੰਬਰ, ਕੇਹਾ ਅੱਡਿਉ ਮਕਰ ਦੀਆਂ ਫਾਹੀਆਂ ਨੂੰ ।
(ਕਾਹੀਆਂ=ਤਕਦੀਰ,ਹੋਣੀ, ਰਣੋਂ=ਜੰਗ ਵਿੱਚੋਂ)

570. ਸੈਦਾ

ਸੈਦਾ ਆਖਦਾ ਰੋਂਦੜੀ ਪਈ ਡੋਲੀ, ਚੁਪ ਕਰੇ ਨਾਹੀਂ ਹਤਿਆਰੜੀ ਵੋ ।
ਵਡੀ ਜਵਾਨ ਬਾਲਗ਼ ਕੋਈ ਪਰੀ ਸੂਰਤ, ਤਿੰਨ ਕਪੜੀਂ ਵੱਡੀ ਮੁਟਿਆਰੜੀ ਵੋ ।
ਜੋ ਮੈਂ ਹੱਥ ਲਾਵਾਂ ਸਿਰੋਂ ਲਾਹ ਲੈਂਦੀ, ਚਾਇ ਘੱਤਦੀ ਚੀਕ ਚਿਹਾੜੜੀ ਵੋ ।
ਹਥ ਲਾਵਣਾ ਪਲੰਘ ਨੂੰ ਮਿਲੇ ਨਾਹੀਂ, ਖ਼ੌਫ਼ ਖ਼ਤਰਿਉਂ ਰਹੇ ਨਿਆਰੜੀ ਵੋ ।
ਮੈਨੂੰ ਮਾਰ ਕੇ ਆਪ ਨਿਤ ਰਹੇ ਰੋਂਦੀ, ਏਸੇ ਬਾਣ ਉਹ ਰਹੇ ਕਵਾਰੜੀ ਵੋ ।
ਨਾਲ ਸੱਸ ਨਿਨਾਣ ਦੇ ਗਲ ਨਾਹੀਂ, ਪਈ ਮਚਦੀ ਨਿਤ ਖ਼ਵਾਰੜੀ ਵੋ ।
ਅਸਾਂ ਓਸ ਨੂੰ ਮੂਲ ਨਾ ਹੱਥ ਲਾਇਆ, ਕਾਈ ਲੋਥ ਲਾਗਰ ਹੈ ਭਾਰੜੀ ਵੋ ।
ਐਵੇਂ ਗ਼ਫ਼ਲਤਾਂ ਵਿੱਚ ਬਰਬਾਦ ਕੀਤੀ, ਵਾਰਿਸ ਸ਼ਾਹ ਏਹ ਉਮਰ ਵਿਚਾਰੜੀ ਵੋ ।
(ਲਾਗਰ=ਮਾੜੀ,ਕਮਜ਼ੋਰ)

571. ਸੈਦੇ ਨੂੰ ਕਸਮ ਖਵਾਈ

ਜੋਗੀ ਕੀਲ ਕੀਤੀ ਪਿੜੀ ਵਿੱਚ ਚੌਂਕੇ, ਛੁਰੀ ਓਸ ਦੇ ਵਿੱਚ ਖੁਭਾਈਆ ਸੂ ।
ਖਾ ਕਸਮ ਕੁਰਾਨ ਦੀ ਬੈਠ ਜੱਟਾ, ਕਸਮ ਚੋਰ ਨੂੰ ਚਾਇ ਕਰਾਈਆ ਸੂ ।
ਉਹਦੇ ਨਾਲ ਤੂੰ ਨਾਹੀਂਉ ਅੰਗ ਲਾਇਆ, ਛੁਰੀ ਪੁਟ ਕੇ ਧੌਣ ਰਖਾਈਆ ਸੂ ।
ਫੜਿਆ ਹੁਸਨ ਦੇ ਮਾਲ ਦਾ ਚੋਰ ਸਾਬਤ, ਤਾਹੀਂ ਓਸ ਤੋਂ ਕਸਮ ਕਰਾਈਆ ਸੂ ।
ਵਾਰਿਸ ਰਬ ਨੂੰ ਛੱਡ ਕੇ ਪਿਆ ਝੰਜਟ, ਐਵੇਂ ਰਾਇਗਾਂ ਉਮਰ ਗਵਾਈਆ ਸੂ ।
(ਕੀਲ ਕੀਤੀ ਵਿੱਚ ਚੌਂਕੇ=ਚੌਂਕ ਪੂਰਿਆ, ਰਾਇਗਾਂ=ਬਰਬਾਦ)

572. ਸੈਦੇ ਨੇ ਕਸਮ ਚੁੱਕੀ

ਖੇੜੇ ਨਿਸ਼ਾ ਦਿੱਤੀ ਅੱਗੇ ਜੋਗੀੜੇ ਦੇ, ਸਾਨੂੰ ਕਸਮ ਹੈ ਪੀਰ ਫ਼ਕੀਰ ਦੀ ਜੀ ।
ਮਰਾਂ ਹੋਇਕੇ ਏਸ ਜਹਾਨ ਕੋੜ੍ਹਾ, ਸੂਰਤ ਡਿੱਠੀ ਜੇ ਮੈਂ ਹੀਰ ਦੀ ਜੀ ।
ਸਾਨੂੰ ਹੀਰ ਜੱਟੀ ਧੌਲੀ ਧਾਰ ਦਿੱਸੇ, ਕੋਹਕਾਫ਼ ਤੇ ਧਾਰ ਕਸ਼ਮੀਰ ਦੀ ਜੀ ।
ਲੰਕਾ ਕੋਟ ਪਹਾੜ ਦਾ ਪਾਰ ਦਿੱਸੇ, ਫ਼ਰਹਾਦ ਨੂੰ ਨਹਿਰ ਜਿਉਂ ਸ਼ੀਰ ਦੀ ਜੀ ।
ਦੂਰੋਂ ਵੇਖ ਕੇ ਫ਼ਾਤਿਹਾ ਆਖ ਛੱਡਾਂ, ਗੋਰ ਪੀਰ ਪੰਜਾਲ ਦੇ ਪੀਰ ਦੀ ਜੀ ।
ਸਾਨੂੰ ਕਹਿਕਹਾ ਇਹ ਦੀਵਾਰ ਦਿੱਸੇ, ਢੁੱਕਾਂ ਜਾਇ ਤਾਂ ਕਾਲਜਾ ਚੀਰ ਦੀ ਜੀ ।
ਉਸ ਦੀ ਝਾਲ ਨਾ ਅਸਾਂ ਥੋਂ ਜਾਏ ਝੱਲੀ, ਝਾਲ ਕੌਣ ਝੱਲੇ ਛੁੱਟੇ ਤੀਰ ਦੀ ਜੀ ।
ਭੈਂਸ ਮਾਰ ਕੇ ਸਿੰਗ ਨਾ ਦੇ ਢੋਈ, ਐਵੇਂ ਹੌਂਸ ਕੇਹੀ ਦੁੱਧ ਖੀਰ ਦੀ ਜੀ ।
ਲੋਕ ਆਖਦੇ ਪਰੀ ਹੈ ਹੀਰ ਜੱਟੀ, ਅਸਾਂ ਨਹੀਂ ਡਿੱਠੀ ਸੂਰਤ ਹੀਰ ਦੀ ਜੀ ।
ਵਾਰਿਸ ਝੂਠ ਨਾ ਬੋਲੀਏ ਜੋਗੀਆਂ ਥੇ, ਖ਼ਿਆਨਤ ਨਾ ਕਰੀਏ ਚੀਜ਼ ਪੀਰ ਦੀ ਜੀ ।
(ਧੌਲੀ ਧਾਰ=ਬਰਫ਼ ਦਾ ਲੱਦਿਆ ਪਹਾੜ, ਦੂਰ ਠੰਡਾ, ਕੋਹ ਕਾਫ=ਜਿੰਨਾਂ
ਪਰੀਆਂ ਦਾ ਦੇਸ, ਕਸ਼ਮੀਰ ਦੀ ਧਾਰ=ਕਸ਼ਮੀਰੀ ਤੇਜ਼ ਨਦੀ, ਫ਼ਾਤਿਹਾ
ਆਖ ਛੱਡਾਂ=ਦੂਰੋਂ ਮੱਥਾ ਟੇਕ ਦਿੰਦਾ ਹਾਂ, ਗੋਰ=ਕਬਰ, ਪੀਰ ਪੰਜਾਲ=
ਗੁਜਰਾਤ (ਪਾਕਿਸਤਾਨ) ਤੋਂ ਕਸ਼ਮੀਰ ਜਾਂਦੇ ਰਸਤੇ ਵਿੱਚ 1500 ਫੁਟ
ਦੀ ਉਚਾਈ ਤੇ ਪੀਰ ਪੰਜਾਲ ਦੀ ਕਬਰ ਹੈ, ਹੌਂਸ=ਲਾਲਚ,ਚਾਹ,
ਖ਼ਿਆਨਤ=ਧੋਖਾ,ਹੇਰਾਫੇਰੀ)

573. ਰਾਂਝਾ ਸੈਦੇ ਦੁਆਲੇ

ਜੋਗੀ ਰੱਖ ਕੇ ਅਣਖ ਤੇ ਨਾਲ ਗ਼ੈਰਤ, ਕਢ ਅੱਖੀਆਂ ਰੋਹ ਥੀਂ ਫੁੱਟਿਆ ਈ ।
ਏਹ ਹੀਰ ਦਾ ਵਾਰਿਸੀ ਹੋਇ ਬੈਠਾ, ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ ।
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ, ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ ।
ਲੱਥ ਪੱਥ ਕੇ ਨਾਲ ਨਿਖੁਟਿਆ ਈ, ਕੁਟ ਫਾਟ ਕੇ ਖੇਹ ਵਿੱਚ ਸੁੱਟਿਆ ਈ ।
ਬੁਰਾ ਬੋਲਦਾ ਨੀਰ ਪੱਲਟ ਅਖੀਂ, ਜੇਹਿਆ ਬਾਣੀਆਂ ਸ਼ਹਿਰ ਵਿੱਚ ਲੁੱਟਿਆ ਈ ।
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ, ਚੋਰ ਯਾਰ ਵਾਂਗੂੰ ਢਾਹ ਕੁੱਟਿਆ ਈ ।
ਖੜਤਲਾਂ ਤੇ ਫੌਹੜੀਆਂ ਖ਼ੂਬ ਜੜੀਆਂ, ਧੌਣ ਸੇਕਿਆ ਨਾਲ ਨਝੁੱਟਿਆ ਈ ।
ਦੋਵੇਂ ਬੰਨ੍ਹ ਬਾਹਾਂ ਸਿਰੋਂ ਲਾਹ ਪਟਕਾ, ਗੁਨਾਹਗਾਰ ਵਾਂਗੂੰ ਉੱਠ ਜੁੱਟਿਆ ਈ ।
ਸ਼ਾਨਾ ਖੋਹ ਕੇ ਕੁਟ ਚਕਚੂਰ ਕੀਤਾ, ਲਿੰਗ ਭੰਨ ਕੇ ਸੰਘ ਨੂੰ ਘੁੱਟਿਆ ਈ ।
ਵਾਰਿਸ ਸ਼ਾਹ ਖੁਦਾ ਦੇ ਖ਼ੌਫ਼ ਕੋਲੋਂ, ਸਾਡਾ ਰੋਂਦਿਆਂ ਨੀਰ ਨਿਖੁੱਟਿਆ ਈ ।
(ਨੇਮ=ਨਿਯਮ, ਨਝੁੱਟਿਆ=ਵਾਲ ਪੱਟੇ, ਜੁੱਟਿਆ=ਜੂੜਿਆ,ਬੰਨ੍ਹ ਦਿੱਤਾ)

574. ਸੈਦਾ ਮਾਰ ਖਾ ਕੇ ਘਰ ਨੂੰ ਭੱਜਾ

ਖੇੜਾ ਖਾਇਕੇ ਮਾਰ ਤੇ ਭੱਜ ਚਲਿਆ, ਵਾਹੋ ਵਾਹ ਰੋਂਦਾ ਘਰੀਂ ਆਂਵਦਾ ਹੈ ।
ਇਹ ਜੋਗੀੜਾ ਨਹੀਂ ਜੇ ਧਾੜ ਕੜਕੇ, ਹਾਲ ਆਪਣਾ ਖੋਲ੍ਹ ਸੁਣਾਂਵਦਾ ਹੈ ।
ਇਹ ਕਾਂਵਰੂੰ ਦੇਸ ਦਾ ਸਿਹਰ ਜਾਣੇ, ਵੱਡੇ ਲੋੜ੍ਹ ਤੇ ਕਹਿਰ ਕਮਾਂਵਦਾ ਹੈ ।
ਇਹ ਦੇਵ ਉਜਾੜ ਵਿੱਚ ਆਣ ਲੱਥਾ, ਨਾਲ ਕੜਕਿਆਂ ਜਾਨ ਗਵਾਂਵਦਾ ਹੈ ।
ਨਾਲੇ ਪੜ੍ਹੇ ਕੁਰਾਨ ਤੇ ਦੇ ਬਾਂਗਾਂ, ਚੌਂਕੇ ਪਾਂਵਦਾ ਸੰਖ ਵਜਾਂਵਦਾ ਹੈ ।
ਮੈਨੂੰ ਮਾਰ ਕੇ ਕੁੱਟ ਤਹਿ ਬਾਰ ਕੀਤਾ, ਪਿੰਡਾ ਖੋਲ੍ਹ੍ਹਕੇ ਫੱਟ ਵਿਖਾਂਵਦਾ ਹੈ ।
(ਕਾਂਵਰੂੰ=ਕਾਮਰੂਪ ਦੇਸ਼ ਜਿਹੜਾ ਆਪਣੇ ਜਾਦੂ ਲਈ ਮਸ਼ਹੂਰ ਹੈ,
ਤਹਿ ਬਾਰ ਕੀਤਾ=ਕੁਟ ਕੇ ਸੁਰਮਾ ਬਣਾ ਦਿੱਤਾ)

575. ਸੈਦੇ ਦਾ ਪਿਉ ਆਖਣ ਲੱਗਾ

ਅਜੂ ਆਖਿਆ ਲਉ ਅਨ੍ਹੇਰ ਯਾਰੋ, ਵੇਖੋ ਗ਼ਜ਼ਬ ਫ਼ਕੀਰ ਨੇ ਚਾਇਆ ਜੇ ।
ਮੇਰਾ ਸੋਨੇ ਦਾ ਕੇਵੜਾ ਮਾਰ ਜਿੰਦੋਂ, ਕੰਮ ਕਾਰ ਥੀਂ ਚਾਇ ਗਵਾਇਆ ਜੇ ।
ਫ਼ਕਰ ਮਿਹਰ ਕਰਦੇ ਸਭ ਖ਼ਲਕ ਉੱਤੇ, ਓਸ ਕਹਿਰ ਜਹਾਨ ਤੇ ਚਾਇਆ ਜੇ ।
ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ, ਦੇਵ ਆਦਮੀ ਹੋਇਕੇ ਆਇਆ ਜੇ ।
576. ਸਹਿਤੀ ਨੇ ਪਿਉ ਨੂੰ ਕਿਹਾ

ਸਹਿਤੀ ਆਖਿਆ ਬਾਬਲਾ ਜਾਹ ਆਪੇ, ਸੈਦਾ ਆਪ ਨੂੰ ਵੱਡਾ ਸਦਾਂਵਦਾ ਏ ।
ਨਾਲ ਕਿਬਰ ਹੰਕਾਰ ਦੇ ਮਸਤ ਫਿਰਦਾ, ਖਾਤਰ ਥੱਲੇ ਨਾ ਕਿਸੇ ਨੂੰ ਲਿਆਂਵਦਾ ਏ ।
ਸਾਨ੍ਹੇ ਵਾਂਗਰਾਂ ਸਿਰੀ ਟਪਾਂਵਦਾ ਹੈ, ਅੱਗੋਂ ਆਕੜਾਂ ਪਿਆ ਵਿਖਾਂਵਦਾ ਏ ।
ਜਾਹ ਨਾਲ ਫ਼ਕੀਰ ਦੇ ਕਰੇ ਆਕੜ, ਗ਼ੁੱਸੇ ਗ਼ਜ਼ਬ ਨੂੰ ਪਿਆ ਵਧਾਂਵਦਾ ਏ ।
ਮਾਰ ਨੂੰਹ ਦੇ ਦੁਖ ਹੈਰਾਨ ਕੀਤਾ, ਅਜੂ ਘੋੜੇ ਤੇ ਚੜ੍ਹ ਦੁੜਾਂਵਦਾ ਏ ।
ਯਾਰੋ ਉਮਰ ਸਾਰੀ ਜੱਟੀ ਨਾ ਲੱਧੀ, ਰਹਿਆ ਸੁਹਣੀ ਢੂੰਡ ਢੂੰਡਾਂਵਦਾ ਏ ।
ਵਾਰਿਸ ਸ਼ਾਹ ਜਵਾਨੀ ਵਿੱਚ ਮਸਤ ਰਹਿਆ, ਵਖ਼ਤ ਗਏ ਤਾਈਂ ਪਛੋਤਾਂਵਦਾ ਏ ।
(ਸਾਨ੍ਹਾ=ਕਿਰਲਾ)

577. ਅੱਜੂ ਜੋਗੀ ਕੋਲ ਗਿਆ

ਜਾ ਬੰਨ੍ਹ ਖੜਾ ਹੱਥ ਪੀਰ ਅੱਗੇ, ਤੁਸੀਂ ਲਾਡਲੇ ਪਰਵਰਦਗਾਰ ਦੇ ਹੋ ।
ਤੁਸੀਂ ਫ਼ਕਰ ਇਲਾਹ ਦੇ ਪੀਰ ਪੂਰੇ, ਵਿੱਚ ਰੇਖ ਦੇ ਮੇਖ ਨੂੰ ਮਾਰਦੇ ਹੋ ।
ਹੋਵੇ ਦੁਆ ਕਬੂਲ ਪਿਆਰਿਆਂ ਦੀ, ਦੀਨ ਦੁਨੀ ਦੇ ਕੰਮ ਸਵਾਰਦੇ ਹੋ ।
ਅੱਠੇ ਪਹਿਰ ਖ਼ੁਦਾ ਦੀ ਯਾਦ ਅੰਦਰ, ਤੁਸੀਂਂ ਨਫ਼ਸ ਸ਼ੈਤਾਨ ਨੂੰ ਮਾਰਦੇ ਹੋ ।
ਹੁਕਮ ਰੱਬ ਦੇ ਥੋਂ ਤੁਸੀਂ ਨਹੀਂ ਬਾਹਰ, ਤੁਸੀਂ ਕੀਲ ਕੇ ਸੱਪ ਨੂੰ ਮਾਰਦੇ ਹੋ ।
ਲੁੜ੍ਹੇ ਜਾਨ ਬੇੜੇ ਅਵਗੁਣਹਾਰਿਆਂ ਦੇ, ਕਰੋ ਫਜ਼ਲ ਤਾਂ ਪਾਰ ਉਤਾਰਦੇ ਹੋ ।
ਤੇਰੇ ਚੱਲਿਆਂ ਨੂੰਹ ਮੇਰੀ ਜਿਉਂਦੀ ਹੈ, ਲੱਗਾ ਦਾਮਨੇ ਸੋ ਤੁਸੀਂ ਤਾਰਦੇ ਹੋ ।
ਵਾਰਿਸ ਸ਼ਾਹ ਦੇ ਉਜ਼ਰ ਮੁਆਫ਼ ਕਰਨੇ, ਬਖਸ਼ਣਹਾਰ ਬੰਦੇ ਗੁਨਾਹਗਾਰ ਦੇ ਹੋ ।
(ਰੇਖ ਵਿੱਚ ਮੇਖ ਮਾਰਨੀ=ਕਿਸਮਤ ਬਦਲਨਾ,ਹੀਲਾ ਕਰਨਾ, ਅੱਠੇ ਪਹਿਰ=
ਦਿਨ ਰਾਤ, ਨਫ਼ਸ=ਮਨ, ਲੁੜ੍ਹੇ=ਰੁੜ੍ਹੇ, ਫ਼ਜ਼ਲ=ਕਿਰਪਾ, ਲੱਗਾ ਦਾਮਨੇ=ਤੇਰਾ
ਪੱਲਾ ਫੜਿਆ)

578. ਜੋਗੀ

ਛਡ ਦੇਸ ਜਹਾਨ ਉਜਾੜ ਮੱਲੀ, ਅਜੇ ਜੱਟ ਨਾਹੀਂ ਪਿੱਛਾ ਛੱਡਦੇ ਨੇ ।
ਅਸਾਂ ਛੱਡਿਆ ਇਹ ਨਾ ਮੂਲ ਛੱਡਣ, ਕੀੜੇ ਮੁੱਢ ਕਦੀਮ ਦੇ ਹੱਡ ਦੇ ਨੇ ।
ਲੀਹ ਪਈ ਮੇਰੇ ਉੱਤੇ ਝਾੜੀਆਂ ਦੀ, ਪਾਸ ਜਾਣ ਨਾਹੀਂ ਪਿੰਜ ਗੱਡ ਦੇ ਨੇ ।
ਵਾਰਿਸ ਸ਼ਾਹ ਜਹਾਨ ਥੋਂ ਅੱਕ ਪਏ, ਅੱਜ ਕਲ ਫ਼ਕੀਰ ਹੁਣ ਲੱਦਦੇ ਨੇ ।
(ਹੱਡ ਦੇ ਕੀੜੇ=ਲੁਕੇ ਪੱਕੇ ਵੈਰੀ, ਲੀਹ=ਰੀਤ,ਰਸਮ, ਗਡ ਦੀ ਪਿੰਜ=
ਗੱਡੇ ਦੀ ਪਿੰਜਣੀ, ਅੱਕ ਪਏ=ਦੁਖੀ ਹੋ ਗਏ, ਲੱਦਦੇ=ਜਾਂਦੇ)

579. ਸੈਦੇ ਦੇ ਬਾਪ ਅਜੂ ਦਾ ਵਾਸਤਾ

ਚਲੀਂ ਜੋਗੀਆ ਰਬ ਦਾ ਵਾਸਤਾ ਈ, ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ ।
ਜੋ ਕੁੱਝ ਸਰੇ ਸੋ ਨਜ਼ਰ ਲੈ ਪੈਰ ਪਕੜਾਂ, ਜਾਨ ਮਾਲ ਪਰਿਵਾਰ ਨੂੰ ਵਾਰਨੇ ਹਾਂ ।
ਪਏ ਕੁਲ ਦੇ ਕੋੜਮੇ ਸਭ ਰੋਂਦੇ, ਅਸੀਂ ਕਾਗ ਤੇ ਮੋਰ ਉਡਾਰਨੇ ਹਾਂ ।
ਹੱਥ ਬੰਨ੍ਹ ਕੇ ਬੇਨਤੀ ਜੋਗੀਆ ਵੋ, ਅਸੀਂ ਆਜਜ਼ੀ ਨਾਲ ਪੁਕਾਰਨੇ ਹਾਂ ।
ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ, ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰਨੇ ਹਾਂ ।
ਵਾਰਿਸ ਸ਼ਾਹ ਵਸਾਹ ਕੀ ਏਸ ਦਮ ਦਾ, ਐਵੇਂ ਰਾਇਗਾਂ ਉਮਰ ਕਿਉ ਹਾਰਨੇ ਹਾਂ ।
(ਕਾਗ ਤੇ ਮੋਰ ਉੜਾਵੰਦੇ=ਰਾਹਾਂ ਤੱਕਦੇ, ਏਸ ਦਮ ਦਾ=ਇਸ ਜ਼ਿੰਦਗੀ ਦਾ,
ਰਾਇਗਾਂ=ਫ਼ਜ਼ੂਲ)

580. ਜੋਗੀ ਦਾ ਉਹਦੇ ਨਾਲ ਤੁਰਨਾ

ਜੋਗੀ ਚੱਲਿਆ ਰੂਹ ਦੀ ਕਲਾ ਹਲੀ, ਤਿੱਤਰ ਬੋਲਿਆ ਸ਼ਗਨ ਮਨਾਵਣੇ ਨੂੰ ।
ਐਤਵਾਰ ਨਾ ਪੁੱਛਿਆ ਖੇੜਿਆਂ ਨੇ, ਜੋਗੀ ਆਂਦਾ ਨੇ ਸੀਸ ਮੁਨਾਵਣੇ ਨੂੰ ।
ਵੇਖੋ ਅਕਲ ਸ਼ਊਰ ਜੋ ਮਾਰਿਉ ਨੇ, ਤੁਅਮਾ ਬਾਜ਼ ਦੇ ਹੱਥ ਫੜਾਵਣੇ ਨੂੰ ।
ਭੁੱਖਾ ਖੰਡ ਤੇ ਖੀਰ ਦਾ ਭਇਆ ਰਾਖਾ, ਰੰਡਾ ਘੱਲਿਆ ਸਾਕ ਕਰਾਵਣੇ ਨੂੰ ।
ਸੱਪ ਮਕਰ ਦਾ ਪਰੀ ਦੇ ਪੈਰ ਲੜਿਆ, ਸੁਲੇਮਾਨ ਆਇਆ ਝਾੜਾ ਪਾਵਣੇ ਨੂੰ ।
ਅਨਜਾਣ ਜਹਾਨ ਹਟਾ ਦਿੱਤਾ, ਆਏ ਮਾਂਦਰੀ ਕੀਲ ਕਰਾਵਣੇ ਨੂੰ ।
ਰਾਖਾ ਜੌਆਂ ਦੇ ਢੇਰ ਦਾ ਗਧਾ ਹੋਇਆ, ਅੰਨ੍ਹਾਂ ਘੱਲਿਆ ਹਰਫ਼ ਲਿਖਾਵਣੇ ਨੂੰ ।
ਮਿੰਨਤ ਖਾਸ ਕਰਕੇ ਓਹਨਾਂ ਸਦ ਆਂਦਾ, ਮੀਆਂ ਆਇਆ ਹੈ ਰੰਨ ਖਿਸਕਾਵਣੇ ਨੂੰ ।
ਉਹਨਾਂ ਸੱਪ ਦਾ ਮਾਂਦਰੀ ਢੂੰਡ ਆਂਦਾ, ਸਗੋਂ ਆਇਆ ਹੈ ਸੱਪ ਲੜਾਵਣੇ ਨੂੰ ।
ਵਸਦੇ ਝੁਗੜੇ ਚੌੜ ਕਰਾਵਣੇ ਨੂੰ, ਮੁੱਢੋਂ ਪੁੱਟ ਬੂਟਾ ਲੈਂਦੇ ਜਾਵਣੇ ਨੂੰ ।
ਵਾਰਿਸ ਬੰਦਗੀ ਵਾਸਤੇ ਘੱਲਿਆ ਸੈਂ, ਆ ਜੁੱਟਿਆ ਪਹਿਨਣੇ ਖਾਵਣੇ ਨੂੰ ।
(ਤਿੱਤਰ ਬੋਲਿਆ=ਚੰਗਾ ਸ਼ਗਨ, ਐਤਵਾਰ ਨਾ ਪੁੱਛਿਆ=ਦਿਨ ਨਾ
ਵਿਚਾਰਿਆ, ਤੁਅਮਾ=ਤਾਮਾ,ਮਾਸ ਦੀ ਬੁਰਕੀ)

581. ਤਥਾ

ਭਲਾ ਹੋਇਆ ਭੈਣਾਂ ਹੀਰ ਬਚੀ ਜਾਣੋਂ, ਮੰਨ ਮੰਨੇ ਦਾ ਵੈਦ ਹੁਣ ਆਇਆ ਨੀ ।
ਦੁਖ ਦਰਦ ਗਏ ਸੱਭੇ ਦਿਲ ਵਾਲੇ, ਕਾਮਲ ਵਲੀ ਨੇ ਫੇਰੜਾ ਪਾਇਆ ਨੀ ।
ਜਿਹੜਾ ਛੱਡ ਚੌਧਰਾਈਆਂ ਚਾਕ ਬਣਿਆ, ਵਤ ਓਸ ਨੇ ਜੋਗ ਕਮਾਇਆ ਨੀ ।
ਜੈਂਦੀ ਵੰਝਲੀ ਦੇ ਵਿੱਚ ਲਖ ਮੰਤਰ, ਓਹੋ ਰੱਬ ਨੇ ਵੈਦ ਮਿਲਾਇਆ ਨੀ ।
ਸ਼ਾਖਾਂ ਰੰਗ ਬਰੰਗੀਆਂ ਹੋਣ ਪੈਦਾ, ਸਾਵਣ ਮਾਹ ਜਿੱਥੇ ਮੀਂਹ ਵਸਾਇਆ ਨੀ ।
ਨਾਲੇ ਸਹਿਤੀ ਦੇ ਹਾਲ ਤੇ ਰਬ ਤਰੁਠਾ, ਜੋਗੀ ਦਿਲਾਂ ਦਾ ਮਾਲਕ ਆਇਆ ਨੀ ।
ਤਿੰਨਾਂ ਧਿਰਾਂ ਦੀ ਹੋਈ ਮੁਰਾਦ ਹਾਸਲ, ਧੂਆਂ ਏਸ ਚਰੋਕਣਾ ਪਾਇਆ ਨੀ ।
ਇਹਦੀ ਫੁਰੀ ਕਲਾਮ ਅਜ ਖੇੜਿਆਂ ਤੇ, ਇਸਮ ਆਜ਼ਮ ਅਸਰ ਕਰਾਇਆ ਨੀ ।
ਮਹਿਮਾਨ ਜਿਉਂ ਆਂਵਦਾ ਲੈਣ ਵਹੁਟੀ, ਅੱਗੋਂ ਸਾਹੁਰਿਆਂ ਪਲੰਘ ਵਿਛਾਇਆ ਨੀ ।
'ਵੀਰਾ ਰਾਧ' ਵੇਖੋ ਏਥੇ ਕੋਈ ਹੋਸੀ, ਜੱਗ ਧੂੜ ਭੁਲਾਵੜਾ ਪਾਇਆ ਨੀ ।
ਮੰਤਰ ਇੱਕ ਤੇ ਪੁਤਲੀਆਂ ਦੋਏਂ ਉੱਡਣ, ਅੱਲਾਹ ਵਾਲਿਆਂ ਖੇਲ ਰਚਾਇਆ ਨੀ ।
ਖਿਸਕੂ ਸ਼ਾਹ ਹੋਰੀਂ ਅੱਜ ਆਣ ਲੱਥੇ, ਤੰਬੂ ਆਣ ਉਧਾਲੂਆਂ ਲਾਇਆ ਨੀ ।
ਧਰਨਾ ਮਾਰ ਬੈਠਾ ਜੋਗੀ ਮੁੱਦਤਾਂ ਦਾ, ਅੱਜ ਖੇੜਿਆਂ ਨੇ ਖ਼ੈਰ ਪਾਇਆ ਨੀ ।
ਕੱਖੋਂ ਲਖ ਕਰ ਦਏ ਖ਼ੁਦਾ ਸੱਚਾ, ਦੁਖ ਹੀਰ ਦਾ ਰੱਬ ਗਵਾਇਆ ਨੀ ।
ਉਨ੍ਹਾਂ ਸਿਕਦਿਆਂ ਦੀ ਦੁਆ ਰੱਬ ਸੁਣੀ, ਓਸ ਨੱਡੜੀ ਦਾ ਯਾਰ ਆਇਆ ਨੀ ।
ਭਲਾ ਹੋਇਆ ਜੇ ਕਿਸੇ ਦੀ ਆਸ ਪੁੰਨੀ, ਰਬ ਵਿਛੜਿਆਂ ਨਾਲ ਮਿਲਾਇਆ ਨੀ ।
ਸਹਿਤੀ ਆਪਣੇ ਹੱਥ ਇਖਤਿਆਰ ਲੈ ਕੇ, ਡੇਰਾ ਡੂਮਾਂ ਦੀ ਕੋਠੜੀ ਪਾਇਆ ਨੀ ।
ਰੰਨਾਂ ਮੋਹ ਕੇ ਲੈਣ ਸ਼ਹਿਜ਼ਾਦਿਆਂ ਨੂੰ, ਵੇਖੋ ਇਫਤਰਾ ਕੌਣ ਬਣਾਇਆ ਨੀ ।
ਆਪੇ ਧਾੜਵੀ ਦੇ ਅੱਗੇ ਮਾਲ ਦਿੱਤਾ, ਪਿੱਛੋਂ ਸਾਂਘਰੂ ਢੋਲ ਵਜਾਇਆ ਨੀ ।
ਭਲਕੇ ਏਥੇ ਨਾ ਹੋਵਸਨ ਦੋ ਕੁੜੀਆਂ, ਸਾਨੂੰ ਸ਼ਗਨ ਏਹੋ ਨਜ਼ਰ ਆਇਆ ਨੀ ।
ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੋ, ਲੂਣ ਥਾਲ ਦੇ ਵਿੱਚ ਪਿਹਾਇਆ ਨੀ ।
(ਮੰਨ ਮੰਨੇ ਦਾ=ਮਨ ਚਾਹੁੰਦਾ,ਆਪਣੀ ਮਰਜ਼ੀ ਦਾ, ਸ਼ਾਖਾਂ=ਟਾਹਣੀਆਂ,
ਇਸਮ-ਏ-ਅਜ਼ਮ=ਵੱਡਾ ਨਾਂ, ਰਬ ਦੇ 92 ਸਿਫ਼ਾਤੀ ਨਾਵਾਂ ਵਿੱਚੋਂ ਇੱਕ ਨਾਂ ਹੈ,
ਜਿਸ ਦੇ ਕਹਿਣ ਨਾਲ ਸ਼ੈਤਾਨ ਦਾ ਅਸਰ ਜ਼ਾਇਲ ਹੋ ਜਾਂਦਾ ਹੈ, ਭਲਕੇ=ਆਉਣ
ਵਾਲੇ ਕੱਲ੍ਹ ਨੂੰ, ਪੁੰਨੀ=ਪੁੱਗੀ, ਲੂਣ ਥਾਲ ਵਿੱਚ ਪਿਹਾਇਆ=ਆਪਣੀ ਬਦਨਾਮੀ
ਆਪ ਕੀਤੀ)

582. ਕੁੜੀਆਂ ਦੀ ਹੀਰ ਨੂੰ ਵਧਾਈ

ਕੁੜੀਆਂ ਆਖਿਆ ਆਣ ਕੇ ਹੀਰ ਤਾਈਂ, ਅਨੀ ਵਹੁਟੀਏ ਅੱਜ ਵਧਾਈ ਏਂ ਨੀ ।
ਮਿਲੀ ਆਬੇ ਹਿਆਤ ਪਿਆਸਿਆਂ ਨੂੰ, ਹੁੰਣ ਜੋਗੀਆਂ ਦੇ ਵਿੱਚ ਆਈ ਏਂ ਨੀ ।
ਤੈਥੋਂ ਦੋਜ਼ਖ਼ੇ ਦੀ ਆਂਚ ਦੂਰ ਹੋਈ, ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ ।
ਜੀਊੜੇ ਰਬ ਨੇ ਮੇਲ ਕੇ ਤਾਰੀਏਂ ਤੂੰ, ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ ।
ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ,ਅੱਜ ਰੱਬ ਨੇ ਚੌੜ ਕਰਾਈ ਏਂ ਨੀ ।
583. ਜੋਗੀ ਦਾ ਮਰਦਾਂ ਅਤੇ ਔਰਤਾਂ ਨੂੰ ਤੋਰਨਾ

ਜੋਗੀ ਆਖਿਆ ਫਿਰੇ ਨਾ ਮਰਦ ਔਰਤ, ਪਵੇ ਕਿਸੇ ਦਾ ਨਾ ਪਰਛਾਵਣਾ ਵੋ ।
ਕਰਾਂ ਬੈਠ ਨਿਵੇਕਲਾ ਜਤਨ ਗੋਸ਼ੇ, ਕੋਈ ਨਹੀਂ ਜੇ ਛਿੰਜ ਪਵਾਵਣਾ ਵੋ ।
ਕੰਨ ਸੰਨ ਵਿੱਚ ਵਹੁਟੜੀ ਆਣ ਪਾਵੋ, ਨਹੀਂ ਧੁੰਮ ਤੇ ਸ਼ੋਰ ਕਰਾਵਣਾ ਵੋ ।
ਇੱਕੋ ਆਦਮੀ ਆਵਣਾ ਮਿਲੇ ਸਾਥੇ, ਔਖਾ ਸੱਪ ਦਾ ਰੋਗ ਗਵਾਵਣਾ ਵੋ ।
ਕਵਾਰੀ ਕੁੜੀ ਦਾ ਰੱਖ ਵਿੱਚ ਪੈਰ ਪਾਈਏ, ਨਹੀਂ ਹੋਰ ਕਿਸੇ ਏਥੇ ਆਵਣਾ ਵੋ ।
ਸੱਪ ਨੱਸ ਜਾਏ ਛਲ ਮਾਰ ਜਾਏ, ਖਰਾ ਔਖੜਾ ਛਿਲਾ ਕਮਾਵਣਾ ਵੋ ।
ਲਿਖਿਆ ਸੱਤ ਸੈ ਵਾਰ ਕੁਰਾਨ ਅੰਦਰ, ਨਾਹੀਂ ਛੱਡ ਨਮਾਜ਼ ਪਛਤਾਵਣਾ ਵੋ ।
ਵਾਰਿਸ ਸ਼ਾਹ ਨਿਕੋਈ ਤੇ ਬੰਦਗੀ ਕਰ, ਵਤ ਨਹੀਂ ਜਹਾਨ ਤੇ ਆਵਣਾ ਵੋ ।
(ਨਿਵੇਕਲਾ=ਇੱਕ ਪਾਸੇ, ਗੋਸ਼ੇ=ਖੂੰਜੇ, ਛਿੰਜ=ਰੌਲਾ, ਕੰਨ ਸੰਨ ਵਿੱਚ=
ਚੁਪ ਚਾਪ ਹੀ, ਰੱਖ=ਵਹੁਟੀ ਦੀ ਖਾਸ 'ਰੱਖ' ਰੱਖੀ ਜਾਵੇ)

584. ਸਹਿਤੀ ਨੇ ਕੁੜੀ ਕੋਲ ਹੀਰ ਨੂੰ ਸਪੁਰਦ ਕਰਨਾ

ਸਹਿਤੀ ਕੁੜੀ ਨੂੰ ਸੱਦ ਕੇ ਸੌਂਪਿਉ ਨੇ, ਮੰਜਾ ਵਿੱਚ ਐਵਾਨ ਦੇ ਪਾਇਕੇ ਤੇ ।
ਪਿੰਡੋਂ ਬਾਹਰਾ ਡੂਮਾਂ ਦਾ ਕੋਠੜਾ ਸੀ, ਓਥੇ ਦਿੱਤੀ ਨੇ ਥਾਉਂ ਬਣਾਇਕੇ ਤੇ ।
ਜੋਗੀ ਪਲੰਘ ਦੇ ਪਾਸੇ ਬਹਾਇਉ ਨੇ, ਆ ਬੈਠਾ ਹੈ ਸ਼ਗਨ ਮਨਾਇਕੇ ਤੇ ।
ਨਾਢੂ ਸ਼ਾਹ ਬਣਿਆ ਮਸਤ ਜੋ ਆਸ਼ਕ, ਮਾਸ਼ੂਕ ਨੂੰ ਪਾਸ ਬਹਾਇਕੇ ਤੇ ।
ਖੇੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ, ਤੁਅਮਾ ਬਾਗ਼ ਦੇ ਹੱਥ ਫੜਾਇਕੇ ਤੇ ।
ਸਿਰ ਤੇ ਹੋਵਣੀ ਆਇਕੇ ਕੂਕਦੀ ਹੈ, ਚੁਟਕੀ ਮਾਰ ਕੇ ਹੱਥ ਬੰਨ੍ਹਾਇਕੇ ਤੇ ।
ਉਨ੍ਹਾਂ ਖੇਹ ਸਿਰ ਘੱਤ ਕੇ ਪਿੱਟਣਾ ਹੈ, ਜਿਨ੍ਹਾਂ ਵਿਆਹੀਆਂ ਧੜੀ ਬੰਨ੍ਹਾਇਕੇ ਤੇ ।
ਵਾਰਿਸ ਸ਼ਾਹ ਹੁਣ ਤਿਨ੍ਹਾਂ ਨੇ ਵੈਣ ਕਰਨੇ, ਜਿਨ੍ਹਾਂ ਵਿਆਹਿਉਂ ਘੋੜੀਆਂ ਗਾਇਕੇ ਤੇ ।
(ਐਵਾਨ=ਡਿਊੜ੍ਹੀ, ਚੁਟਕੀ=ਬੰਦੂਕ ਜਾਂ ਪਸਤੌਲ ਦਾ ਉਹ ਭਾਗ ਜਿਹੜਾ ਗੋਲੀ
ਦੇ ਪਿੱਛੇ ਲੱਗਦਾ ਹੈ, ਧੜੀ=ਗੁੰਦੇ ਹੋਏ ਵਾਲ, ਵੈਣ ਕਰਨੇ=ਉੱਚੀ ਉੱਚੀ ਰੋਣਾ)

585. ਹੀਰ ਤੇ ਰਾਂਝੇ ਨੇ ਪੰਜੇ ਪੀਰ ਯਾਦ ਕੀਤੇ

ਅੱਧੀ ਰਾਤ ਰਾਂਝੇ ਪੀਰ ਯਾਦ ਕੀਤੇ, ਤੁਰ੍ਹਾ ਖਿਜ਼ਰ ਦਾ ਹੱਥ ਲੈ ਬੋਲਿਆ ਈ ।
ਸ਼ਕਰ ਗੰਜ ਦਾ ਪਕੜ ਰੁਮਾਲ ਚੁੰਮੇ, ਵਿੱਚ ਮੁਸ਼ਕ ਤੇ ਇਤਰ ਦੇ ਝੋਲਿਆ ਈ ।
ਖੰਜਰ ਕੱਢ ਮਖਦੂਮ ਜਹਾਨੀਏ ਦਾ, ਵਿੱਚੋਂ ਰੂਹ ਰੰਝੇਟੇ ਦਾ ਡੋਲਿਆ ਈ ।
ਖੂੰਡੀ ਪੀਰ ਬਹਾਉਦੀਨ ਵਾਲੀ, ਮੰਦਰਾ ਲਾਲ ਸ਼ਹਿਬਾਜ਼ ਦਾ ਟੋਲਿਆ ਈ ।
ਪੀਰ ਬਹਾਉਦੀਨ ਜ਼ਕਰੀਏ ਧਮਕ ਦਿੱਤੀ, ਕੰਧ ਢਾਇਕੇ ਰਾਹ ਨੂੰ ਖੋਲ੍ਹਿਆ ਈ ।
ਜਾ ਬੈਠਾ ਹੈਂ ਕਾਸ ਨੂੰ ਉਠ ਜੱਟਾ, ਸਵੀਂ ਨਾਹੀਂ ਤੇਰਾ ਰਾਹ ਖੋਲ੍ਹਿਆ ਈ ।
ਵਾਰਿਸ ਸ਼ਾਹ ਪਛੋਤਾਵਸੇਂ ਬੰਦਗੀ ਨੂੰ, ਇਜ਼ਰਾਈਲ ਜਾਂ ਧੌਣ ਚੜ੍ਹ ਬੋਲਿਆ ਈ ।
586. ਸਹਿਤੀ ਦੀ ਅਰਜ਼

ਨਿਕਲ ਕੋਠਿਉਂ ਤੁਰਨ ਨੂੰ ਤਿਆਰ ਹੋਇਆ, ਸਹਿਤੀ ਆਣ 'ਹਜ਼ੂਰ ਸਲਾਮ' ਕੀਤਾ ।
ਬੇੜਾ ਲਾ ਬੰਨੇ ਅਸਾਂ ਆਜਜ਼ਾਂ, ਦਾ ਰਬ ਫਜ਼ਲ ਤੇਰੇ ਉੱਤੇ ਆਮ ਕੀਤਾ ।
ਮੇਰਾ ਯਾਰ ਮਿਲਾਵਣਾ ਵਾਸਤਾ ਈ, ਅਸਾਂ ਕੰਮ ਤੇਰਾ ਸਰੰਜਾਮ ਕੀਤਾ ।
ਭਾਬੀ ਹੱਥ ਫੜਾਇਕੇ ਤੋਰ ਦਿੱਤੀ, ਕੰਮ ਖੇੜਿਆਂ ਦਾ ਸਭੋ ਖ਼ਾਮ ਕੀਤਾ ।
ਤੇਰੇ ਵਾਸਤੇ ਮਾਪਿਆਂ ਨਾਲ ਕੀਤੀ, ਜੋ ਕੁੱਝ ਅਲੀ ਦੇ ਨਾਲ ਗ਼ੁਲਾਮ ਕੀਤਾ ।
ਜੋ ਕੁੱਝ ਹੋਵਣੀ ਸੀਤਾ ਦੇ ਨਾਲ ਕੀਤੀ, ਅਤੇ ਦਹਿਸਰੇ ਨਾਲ ਜੋ ਰਾਮ ਕੀਤਾ ।
ਵਾਰਿਸ ਸ਼ਾਹ ਜਿਸ ਤੇ ਮਿਹਰਬਾਨ ਹੋਵੇ, ਓਥੇ ਫਜ਼ਲ ਨੇ ਆਣ ਮੁਕਾਮ ਕੀਤਾ ।
(ਸਰੰਜਾਮ=ਪੂਰਾ, ਖ਼ਾਮ ਕਰਨਾ=ਨਾਮੰਜ਼ੂਰ ਕਰਕੇ ਇੱਕ ਪਾਸੇ ਸੁਟ ਦੇਣਾ,
ਫ਼ਜ਼ਲ=ਰੱਬ ਦੀ ਮਿਹਰਬਾਨੀ)

587. ਰਾਂਝੇ ਨੇ ਅਸੀਸ ਦਿੱਤੀ

ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ ।
ਏਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ ।
ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਆਈ, ਰੱਬਾ ਯਾਰ ਮੇਲੀਂ ਏਸ ਯਾਰਨੀ ਦਾ ।
ਫਜ਼ਲ ਰੱਬ ਕੀਤਾ ਯਾਰ ਆ ਮਿਲਿਆ, ਓਸ ਸ਼ਾਹ ਮੁਰਾਦ ਪੁਕਾਰਨੀ ਦਾ ।
(ਹੁਬ=ਪਿਆਰ, ਸ਼ਾਹ ਮੁਰਾਦ=ਸਹਿਤੀ ਦਾ ਆਸ਼ਕ,ਮੁਰਾਦ ਬਲੋਚ)

588. ਸ਼ਾਹ ਮੁਰਾਦ ਆ ਪਹੁੰਚਾ

ਡਾਚੀ ਸ਼ਾਹ ਮੁਰਾਦ ਦੀ ਆਣ ਰਿੰਗੀ, ਉੱਤੋਂ ਬੋਲਿਆ ਸਾਈਂ ਸਵਾਰੀਏ ਨੀ ।
ਸ਼ਾਲਾ ਢੁਕ ਆਵੀਂ ਹੁਸ਼ ਢੁਕ ਨੇੜੇ, ਆ ਚੜ੍ਹੀਂ ਕਚਾਵੇ ਤੇ ਡਾਰੀਏ ਨੀ ।
ਮੇਰੀ ਗਈ ਕਤਾਰ ਕੁਰਾਹ ਘੁੱਥੀ, ਕੋਈ ਸਿਹਰ ਕੀਤੋ ਟੂਣੇ ਹਾਰੀਏ ਨੀ ।
ਵਾਈ ਸੂਈ ਦੀ ਪੋਤਰੀ ਇਹ ਡਾਚੀ, ਘਿੰਨ ਝੋਕ ਪਲਾਣੇ ਦੀ ਲਾੜੀਏ ਨੀ ।
ਵਾਰਿਸ ਸ਼ਾਹ ਬਹਿਸ਼ਤ ਦੀ ਮੋਰਨੀ ਤੂੰ, ਇਹ ਫ਼ਰਿਸ਼ਤਿਆਂ ਉੱਠ ਤੇ ਚਾੜ੍ਹੀਏ ਨੀ ।
(ਰਿੰਗੀ=ਅੜਿੰਗੀ, ਹੁਸ਼=ਡਾਚੀ ਨੂੰ ਬਿਠਾਉਣ ਲਈ ਹੁਕਮ ਦਿੱਤਾ,
ਵਾਈ ਸੂਈ=ਹਵਾ ਦੀ ਧੀ, ਬਹੁਤ ਤੇਜ਼ ਰਫ਼ਤਾਰ, ਝੋਕ ਘਿਨਣਾ=
ਝੂਲੇ ਲੈਣਾ)

589. ਸਹਿਤੀ ਨੂੰ ਮੁਰਾਦ ਨੇ ਤੇ ਹੀਰ ਨੂੰ ਰਾਂਝੇ ਨੇ ਲੈ ਜਾਣਾ

ਸਹਿਤੀ ਲਈ ਮੁਰਾਦ ਤੇ ਹੀਰ ਰਾਂਝੇ, ਰਵਾਂ ਹੋ ਚੱਲੇ ਲਾੜੇ ਲਾੜੀਆਂ ਨੇ ।
ਰਾਤੋ ਰਾਤ ਗਏ ਲੈ ਬਾਜ਼ ਕੂੰਜਾਂ, ਸਿਰੀਆਂ ਨਾਗਾਂ ਦੀਆਂ ਸ਼ੀਹਾਂ ਲਤਾੜੀਆਂ ਨੇ ।
ਆਪੋ ਧਾਪ ਗਏ ਲੈ ਕੇ ਵਾਹੋ ਦਾਹੀ, ਬਘਿਆੜਾਂ ਨੇ ਤਰੰਡੀਆਂ ਪਾੜੀਆਂ ਨੇ ।
ਫ਼ਜਰ ਹੋਈ ਕਿੜਾਊਆਂ ਗਜ ਘੱਤੇ, ਵੇਖੋ ਖੇੜਿਆਂ ਵਾਹਰਾਂ ਚਾੜ੍ਹੀਆਂ ਨੇ ।
ਜੜ੍ਹਾਂ ਦੀਨ ਈਮਾਨ ਦੀਆਂ ਕੱਟਣੇ ਨੂੰ, ਇਹ ਮਹਿਰੀਆਂ ਤੇਜ਼ ਕੁਹਾੜੀਆਂ ਨੇ ।
ਮੀਆਂ ਜਿਨ੍ਹਾਂ ਬੇਗਾਨੜੀ ਨਾਰ ਰਾਵੀ, ਮਿਲਣ ਦੋਜ਼ਖ਼ੀਂ ਤਾਉ ਚਵਾੜੀਆਂ ਨੇ ।
ਵਾਰਿਸ ਸ਼ਾਹ ਨਾਈਆਂ ਨਾਲ ਜੰਗ ਬੱਧਾ, ਖੇੜਿਆਂ ਕੁਲ ਮਨਾਇਕੇ ਦਾੜ੍ਹੀਆਂ ਨੇ ।
(ਰਵਾਂ ਹੋ ਚੱਲੇ=ਤੁਰ ਪਏ,, ਤਰੰਡੀਆਂ=ਭੇਡਾਂ ਦਾ ਇੱਜੜ, ਗਜ ਘੱਤੇ=ਦੌੜੇ
ਜਾਂ ਲੁਕੇ ਹੋਏ ਬੰਦੇ ਨੂੰ ਭਾਲਣ ਲਈ ਲੋਹੇ ਦਾ ਇੱਕ ਗਜ਼ ਵਰਤਿਆ ਜਾਂਦਾ ਸੀ
ਜਿਹਦੇ ਨਾਲ ਝਾੜ ਝੀਂਡੇ ਜਾਂ ਪਾਣੀ ਦਾ ਟੋਆ ਫ਼ਰੋਲਿਆ ਜਾਂਦਾ ਸੀ ।ਓਥੇ
ਗਜ਼ ਮਾਰ ਕੇ ਵੇਖਿਆ ਜਾਂਦਾ ਸੀ, ਚਵਾੜੀ=ਗਧੇ ਹੱਕਣ ਵਾਲੀ ਲਾਠੀ)

590. ਵਾਕ ਕਵੀ

ਇੱਕ ਜਾਣ ਭੰਨੇ ਬਹੁਤ ਨਾਲ ਖ਼ੁਸ਼ੀਆਂ, ਭਲਾ ਹੋਇਆ ਫ਼ਕੀਰਾਂ ਦੀ ਆਸ ਹੋਈ ।
ਇੱਕ ਜਾਣ ਰੋਂਦੇ ਜੂਹ ਖੇੜਿਆਂ ਦੀ, ਅੱਜ ਵੇਖੋ ਤਾਂ ਚੌੜ ਨਖ਼ਾਸ ਹੋਈ ।
ਇੱਕ ਲੈ ਡੰਡੇ ਨੰਗੇ ਜਾਣ ਭੰਨੇ, ਯਾਰੋ ਪਈ ਸੀ ਹੀਰ ਉਦਾਸ ਹੋਈ ।
ਇੱਕ ਚਿੱਤੜ ਵਜਾਂਵਦੇ ਫ਼ਿਰਨ ਭੌਂਦੇ, ਜੋ ਮੁਰਾਦ ਫ਼ਕੀਰਾਂ ਦੀ ਰਾਸ ਹੋਈ ।
ਵਾਰਿਸ ਸ਼ਾਹ ਕੀ ਮੁੰਨਦਿਆਂ ਢਿਲ ਲੱਗੇ, ਜਦੋਂ ਉਸਤਰੇ ਨਾਲ ਪਟਾਸ ਹੋਈ ।
(ਭੰਨੇ=ਦੌੜੇ,ਭੱਜੇ, ਨਖ਼ਾਸ=ਚੌੜ ਹੋਈ,ਪਸ਼ੂਆਂ ਦੀ ਮੰਡੀ ਉੱਜੜ ਗਈ,
ਪਟਾਸ=ਉਸਤਰਾ ਤੇਜ਼ ਕਰਨ ਲਈ ਵਰਤਿਆ ਜਾਂਦਾ ਚਮੜੇ ਦਾ ਪਟਾ)

591. ਪਹਿਲੀ ਵਾਹਰ

ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ, ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ ।
ਪਕੜ ਤਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ ।
ਮਾਰ ਬਰਛੀਆਂ ਆਣ ਬਲੋਚ ਕੜਕੇ, ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ ।
ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ ।
ਵਾਰਿਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ, ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ ।
(ਤਰਕਸ਼=ਭੱਥਾ, ਵਾਹਰੂ=ਪਿੱਛੇ ਆਏ ਬੰਦੇ, ਨਾਵਕ=ਤੀਰ, ਲੁਤਫ਼=ਮਿਹਰਬਾਨੀ)

592. ਦੂਜੀ ਵਾਹਰ ਨੇ ਰਾਂਝੇ ਤੇ ਹੀਰ ਨੂੰ ਫੜ ਲੈਣਾ

ਦੂਈਆਂ ਵਾਹਰਾਂ ਰਾਂਝੇ ਨੂੰ ਆਣ ਮਿਲੀਆਂ, ਸੁੱਤਾ ਪਿਆ ਉਜਾੜ ਵਿੱਚ ਘੇਰਿਉ ਨੇ ।
ਦੁੰਦ ਮਾਰਦੇ ਬਰਛੀਆਂ ਫੇਰਦੇ ਨੇ, ਘੋੜੇ ਵਿੱਚ ਮੈਦਾਨ ਦੇ ਫੇਰਿਉ ਨੇ ।
ਸਿਰ ਹੀਰ ਦੇ ਪਟ ਤੇ ਰੱਖ ਸੁੱਤਾ, ਸੱਪ ਮਾਲ ਤੋਂ ਆਣ ਕੇ ਛੇੜਿਉ ਨੇ ।
ਹੀਰ ਪਕੜ ਲਈ ਰਾਂਝਾ ਕੈਦ ਕੀਤਾ, ਵੇਖੋ ਜੋਗੀ ਨੂੰ ਚਾ ਖਦੇੜਿਉ ਨੇ ।
ਲਾਹ ਸੇਲ੍ਹੀਆਂ ਬੰਨ੍ਹ ਕੇ ਹੱਥ ਦੋਵੇਂ, ਪਿੰਡਾਂ ਚਾਬਕਾਂ ਨਾਲ ਉਚੇੜਿਉ ਨੇ ।
ਵਾਰਿਸ ਸ਼ਾਹ ਫ਼ਕੀਰ ਅੱਲਾਹ ਦੇ ਨੂੰ, ਮਾਰ ਮਾਰ ਕੇ ਚਾ ਖਦੇੜਿਉ ਨੇ ।
(ਦੁੰਦ ਮਾਰਦੇ=ਲਲਕਾਰੇ ਮਾਰਦੇ, ਚਾਬਕ=ਹੰਟਰ,ਛਾਂਟੇ, ਉਚੇੜਣਾ=
ਛਿਲਣਾਂ)

593. ਹੀਰ ਰਾਂਝੇ ਨੂੰ

ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ ।
ਨੀਂਦ ਵਲੀ ਤੇ ਗ਼ੌਸ ਤੇ ਕੁਤਬ ਮਾਰੇ, ਨੀਂਦ ਲੁੱਟਿਆ ਰਾਹ ਪੰਧਾਣਿਆਂ ਨੂੰ ।
ਏਸ ਨੀਂਦ ਨੇ ਸ਼ਾਹ ਫ਼ਕੀਰ ਕੀਤੇ, ਰੋ ਬੈਠੇ ਨੇ ਵਖ਼ਤ ਵਿਹਾਣਿਆਂ ਨੂੰ ।
ਨੀਂਦ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ ।
ਸੁੱਤੇ ਸੋਈ ਵਿਗੁਤੜੇ ਅਦਹਮ ਵਾਂਗੂੰ, ਗ਼ਾਲਬ ਨੀਂਦ ਹੈ ਦੇਵ-ਰੰਝਾਣਿਆਂ ਨੂੰ ।
ਨੀਂਦ ਹੇਠ ਸੁਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ ।
ਨੀਂਦ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫ਼-ਵਾਣਿਆਂ ਨੂੰ ।
ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ ।
ਨੀਂਦ ਫ਼ਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ ।
ਨੀਂਦ ਵੇਖ ਜੋ ਸੱਸੀ ਨੂੰ ਵਖ਼ਤ ਪਾਇਆ, ਫ਼ਿਰੇ ਢੂੰਡਦੀ ਪੈਰੋਂ ਵਾਹਣਿਆਂ ਨੂੰ ।
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਖ਼ਤ ਵਿਹਾਣਿਆਂ ਨੂੰ ।
ਸਾਢੇ ਤਿੰਨ ਹੱਥ ਜ਼ਿਮੀਂ ਹੈ ਮਿਲਕ ਤੇਰੀ, ਵਾਰਿਸ ਵਲੇਂ ਕਿਉਂ ਐਡ ਵਲਾਣਿਆਂ ਨੂੰ ।
(ਮੁੱਠੇ=ਮਾਰੇ ਗਏ, ਪੰਧਾਣੀ=ਪਾਂਧੀ, ਵਿਗੁਤੇ=ਲੁੱਟੇ ਗਏ, ਵਾਣਾ=ਬਾਣਾ, ਯੂਨਸ=
ਆਪ ਵੀ ਇੱਕ ਨਬੀ ਸਨ ।ਨੈਨਵਾ ਦੇ ਲੋਕਾਂ ਦੇ ਸੁਧਾਰ ਲਈ ਰਬ ਵੱਲੋਂ ਭੇਜੇ ਗਏ
ਸਨ ।ਲੋਕਾਂ ਨੇ ਪਰਵਾਹ ਨਾ ਕੀਤੀ ।ਆਪ ਇੱਕ ਪਹਾੜੀ ਤੇ ਚਲੇ ਗਏ ਅਤੇ ਲੋਕਾਂ
ਨੂੰ ਸਰਾਪ ਦਿੱਤਾ ਕਿ ਉਨ੍ਹਾਂ ਉਪਰ ਇੱਕ ਕਹਿਰ ਟੁੱਟੇਗਾ ।ਲੋਕਾਂ ਰਬ ਅੱਗੇ ਤੌਬਾ ਕੀਤੀ ।
ਤੂਫਾਨ ਨਾ ਆਇਆ ਪਰ ਜਦ ਇਹ ਨੱਸ ਕੇ ਬੇੜੀ ਵਿੱਚ ਪਾਣੀ ਨੂੰ ਪਾਰ ਕਰਨ ਲੱਗਾ
ਤਾਂ ਬੇੜੀ ਪਾਣੀ ਵਿੱਚ ਫਸ ਗਈ ।ਇਹ ਬੇੜੀ ਵਿੱਚੋਂ ਪਾਣੀ ਵਿੱਚ ਡਿਗ ਪਿਆ ਅਤੇ
ਇੱਕ ਵੱਡੀ ਮੱਛੀ ਨੇ ਇਹਨੂੰ ਨਿਗਲ ਲਿਆ ।ਮੱਛੀ ਦੇ ਪੇਟ ਅੰਦਰ ਇਹਨੇ ਰੱਬ ਨੂੰ
ਯਾਦ ਕੀਤਾ ਅਤੇ ਰੱਬ ਨੇ ਇਹਨੂੰ ਬਚਾਇਆ, ਫ਼ਜਰ ਦੀ ਨਮਾਜ਼ ਅਤੇ ਸ਼ੈਤਾਨ=
ਮਸ਼ਹੂਰ ਹੈ ਕਿ ਸ਼ੈਤਾਨ ਫ਼ਜਰ ਦੀ ਨਮਾਜ਼ ਦੀ ਅਜ਼ਾਨ ਬੰਦੇ ਨੂੰ ਸੁਣਨ ਨਹੀਂ ਦਿੰਦਾ ।
ਇਨਸਾਨ ਨੂੰ ਨੀਂਦ ਆ ਜਾਂਦੀ ਹੈ ਅਤੇ ਸ਼ੈਤਾਨ ਖ਼ੁਸ਼ ਹੁੰਦਾ ਹੈ)

594. ਤਥਾ

ਹਾਏ ਹਾਏ ਮੁੱਠੀ ਮਤ ਨਾ ਲਈਆ, ਦਿੱਤੀ ਅਕਲ ਹਜ਼ਾਰ ਚਕੇਟਿਆ ਵੇ ।
ਵਸ ਪਿਉਂ ਤੂੰ ਵੈਰੀਆਂ ਸਾਂਵਿਆਂ ਦੇ, ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ ।
ਜਿਹੜਾ ਛਿੜਿਆ ਵਿੱਚ ਜਹਾਨ ਝੇੜਾ, ਨਹੀਂ ਜਾਵਣਾ ਮੂਲ ਸਮੇਟਿਆ ਵੇ ।
ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ, ਖੜੀ ਬਾਂਹ ਕਰ ਕੂਕ ਰੰਝੇਟਿਆ ਵੇ ।
ਬਿਨਾ ਅਮਲ ਦੇ ਨਹੀਂ ਨਜ਼ਾਤ ਤੇਰੀ, ਪਿਆ ਮਾਰੀਏਂ ਕੁਤਬ ਦਿਆ ਬੇਟਿਆ ਵੇ ।
ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ, ਗਧਾ ਜ਼ਰੀ ਦੇ ਵਿੱਚ ਲਪੇਟਿਆ ਵੇ ।
ਅਸਰ ਸੁਹਬਤਾਂ ਦੇ ਕਰ ਜਾਣ ਗ਼ਲਬਾ, ਜਾ ਰਾਜੇ ਦੇ ਪਾਸ ਜਟੇਟਿਆ ਵੇ ।
ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ, ਜਿੱਥੇ ਕੀਮਿਆਂ ਦੇ ਨਾਲ ਭੇਟਿਆ ਵੇ ।
(ਖੜੀ ਬਾਂਹ ਕਰਕੇ=ਵਾਰਿਸ ਸ਼ਾਹ ਦੇ ਵੇਲੇ ਫ਼ਰਿਆਦੀ ਜੇ ਬਾਂਹ ਖੜੀ ਕਰਕੇ
ਫ਼ਰਿਆਦ ਕਰਦਾ ਤਾਂ ਖਿਆਲ ਕੀਤਾ ਜਾਂਦਾ ਸੀ ਉਹਦੀ ਗੱਲ ਵੱਲ ਧਿਆਨ ਦਿੱਤਾ
ਜਾਵੇਗਾ, ਚਕੇਟਾ=ਮਾਮੂਲੀ ਨੌਕਰ, ਨਜ਼ਾਤ=ਛੁਟਕਾਰਾ, ਭੇਟਿਆ=ਛੋਹਿਆ)

595. ਰਾਂਝੇ ਨੇ ਉੱਚੀ ਉੱਚੀ ਫ਼ਰਿਆਦ ਕੀਤੀ

ਕੂ ਕੂ ਕੀਤਾਇ ਕੂਕ ਰਾਂਝੇ, ਉੱਚਾ ਕੂਕਦਾ ਚਾਂਗਰਾਂ ਧਰਾਸਦਾ ਈ ।
ਬੂ ਬੂ ਮਾਰ ਲਲਕਰਾਂ ਕਰੇ ਧੁੰਮਾਂ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਈ ।
ਰਾਂਝੇ ਆਖਿਆ ਰਾਜਿਆ ਚਿਰੀਂ ਜੀਵੇਂ, ਕਰਮ ਰਬ ਦਾ ਫ਼ਿਕਰ ਗਮ ਕਾਸ ਦਾ ਈ ।
ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ ।
ਤੇਰੀ ਧਾਂਕ ਪਈ ਏ ਰੂਮ ਸ਼ਾਮ ਅੰਦਰ, ਬਾਦਸ਼ਾਹ ਡਰੇ ਆਸ ਪਾਸ ਦਾ ਈ ।
ਤੇਰੇ ਰਾਜ ਵਿੱਚ ਬਿਨਾ ਤਕਸੀਰ ਲੁਟਿਆ, ਨਾ ਗੁਨਾਹ ਤੇ ਨਾ ਕੋਈ ਵਾਸਤਾ ਈ ।
ਮੱਖੀ ਫਾਸਦੀ ਸ਼ਹਿਦ ਵਿੱਚ ਹੋ ਨੇੜੇ, ਵਾਰਿਸ ਸ਼ਾਹ ਏਸ ਜਗ ਵਿੱਚ ਫਾਸਦਾ ਈ ।
(ਕੂ ਕੂ ਕੀਤਾ=ਰੌਲਾ ਪਾਇਆ, ਚਾਂਗਰਾਂ=ਚੀਕਾਂ, ਧਰਾਸਦਾ=ਦੂਜੇ ਦੇ ਦਿਲ ਤੇ
ਅਸਰ ਕਰਨਾ, ਧਾਂਕ=ਰੁਅਬ, ਫਾਸਦੀ=ਫਸਦੀ)

596. ਰਾਜੇ ਦਾ ਹੁਕਮ

ਰਾਜੇ ਹੁਕਮ ਕੀਤਾ ਚੜ੍ਹੀ ਫ਼ੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ ।
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛਡ ਦਿਉ ਖਾਂ ਛਲ ਦਰੇੜਿਆਂ ਨੂੰ ।
ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ ।
ਪਕੜ ਵਿੱਚ ਹਜ਼ੂਰ ਦੇ ਲਿਆਉ ਹਾਜ਼ਰ, ਰਾਹਜ਼ਨਾਂ ਤੇ ਖੋਹੜੂ ਬੇੜ੍ਹਿਆਂ ਨੂੰ ।
ਬੰਨ੍ਹ ਖੜਾਂਗੇ ਇੱਕੇ ਤਾਂ ਚਲੋ ਆਪੇ, ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ ।
ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਭੀ ਫੜੇ ਨੇ ਆਪਣੇ ਫੇੜਿਆਂ ਨੂੰ ।
(ਦਰੇੜੇ=ਨਾਜਾਇਜ਼ ਦਬਾਉ, ਖੋਹੜੂ=ਖੋਹਣ ਵਾਲੇ, ਫੇੜੇ=ਬੁਰੇ ਵਖ਼ਤ)

597. ਫ਼ੌਜ ਨੇ ਖੇੜਿਆਂ ਨੂੰ ਰਾਜੇ ਦੇ ਪੇਸ਼ ਕੀਤਾ

ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ, ਸੂਰਤ ਬਣੇ ਨੇ ਆਣ ਫ਼ਰਿਆਦੀਆਂ ਦੇ ।
ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ, ਇਹ ਖੋਹੜੂ ਫੇਰ ਬੇਦਾਦੀਆਂ ਦੇ ।
ਮੈਥੋਂ ਖੋਹ ਫ਼ਕੀਰਨੀ ਉਠ ਨੱਠੇ, ਜਿਵੇਂ ਪੈਸਿਆਂ ਨੂੰ ਡੂਮ ਸ਼ਾਦੀਆਂ ਦੇ ।
ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਿਬ, ਇਹ ਵੱਡੇ ਦਰਬਾਰ ਨੇ ਆਦੀਆਂ ਦੇ ।
ਚੇਤਾਂ ਦਾੜ੍ਹੀਆਂ ਪਗੜੀਆਂ ਵੇਖ ਭੁੱਲੇਂ, ਸ਼ੈਤਾਨ ਨੇ ਅੰਦਰੋਂ ਵਾਦੀਆਂ ਦੇ ।
ਵਾਰਿਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ, ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ ।
(ਬਾਹਰੋਂ ਸੂਹੇ ਤੇ ਸਿਆਹ ਅੰਦਰੋਂ=ਦਿਸਦੇ ਭਲੇ ਮਾਣਸ ਹਨ ਪਰ ਇਨ੍ਹਾਂ ਦੀ
ਅਸਲੀਅਤ ਭੈੜੀ ਹੈ)

598. ਰਾਜੇ ਕੋਲ ਖੇੜਿਆਂ ਦੀ ਫ਼ਰਿਆਦ

ਖੇੜਿਆਂ ਜੋੜ ਕੇ ਹੱਥ ਫ਼ਰਿਆਦ ਕੀਤੀ, ਨਹੀਂ ਵਖ਼ਤ ਹੁਣ ਜ਼ੁਲਮ ਕਮਾਵਣੇ ਦਾ ।
ਇਹ ਠਗ ਹੈ ਮਹਿਜ਼ਰੀ ਵੱਡਾ ਘੁੱਠਾ, ਸਿਹਰ ਜਾਣਦਾ ਸਰ੍ਹੋਂ ਜਮਾਵਣੇ ਦਾ ।
ਵਿਹੜੇ ਵੜਦਿਆਂ ਨਢੀਆਂ ਮੋਹ ਲੈਂਦਾ, ਇਸ ਥੇ ਇਲਮ ਜੇ ਰੰਨਾਂ ਵਲਾਵਣੇ ਦਾ ।
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ, ਉਹ ਵਖ਼ਤ ਸੀ ਮਾਂਦਰੀ ਲਿਆਵਣੇ ਦਾ ।
ਸਹਿਤੀ ਦੱਸਿਆ ਜੋਗੀੜਾ ਬਾਗ਼ ਕਾਲੇ, ਢਬ ਜਾਣਦਾ ਝਾੜਿਆਂ ਪਾਵਣੇ ਦਾ ।
ਮੰਤਰ ਝਾੜਣੇ ਨੂੰ ਅਸਾਂ ਸਦ ਆਂਦਾ, ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ ।
ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ, ਫ਼ਕਰ ਵਲੀ ਅੱਲਾਹ ਪਹਿਰਾਵਣੇ ਦਾ ।
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ, ਇਸ ਥੇ ਵੱਲ ਜੇ ਭੇਖ ਵਟਾਵਣੇ ਦਾ ।
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ, ਸੂਲੀ ਰਸਮ ਹੈ ਚੋਰ ਚੜ੍ਹਾਵਣੇ ਦਾ ।
ਭਲਾ ਕਰੋ ਤਾਂ ਏਸ ਨੂੰ ਮਾਰ ਸੁੱਟੋ, ਵਕਤ ਆਇਆ ਹੈ ਚੋਰ ਮੁਕਾਵਣੇ ਦਾ ।
ਵਾਰਿਸ ਸ਼ਾਹ ਤੋਂ ਅਮਲ ਹੀ ਪੁੱਛਈਣਗੇ, ਵਖ਼ਤ ਆਵਸੀ ਅਮਲ ਤੁਲਾਵਣੇ ਦਾ ।
(ਮਹਿਜ਼ਰੀ=ਝੂਠਾ ਮਕੱਦਮੇ ਬਾਜ਼, ਵਿਲਾਵਣੇ ਦਾ=ਪਿੱਛੇ ਲਾਉਣ ਦਾ,
ਪਹਿਰਾਵਣੇ=ਪਹਿਰਾਵੇ,ਲਿਬਾਸ)

599. ਰਾਂਝਾ

ਰਾਂਝੇ ਆਖਿਆ ਸੁਹਣੀ ਰੰਨ ਡਿੱਠੀ, ਮਗਰ ਲਗ ਮੇਰੇ ਆ ਘੇਰਿਆ ਨੇ ।
ਨੱਠਾ ਖ਼ੌਫ਼ ਥੋਂ ਇਹ ਸਨ ਦੇਸ ਵਾਲੇ, ਪਿੱਛੇ ਕਟਕ ਅਜ਼ਗ਼ੈਬ ਦਾ ਛੇੜਿਆ ਨੇ ।
ਪੰਜਾਂ ਪੀਰਾਂ ਦੀ ਇਹ ਮੁਜਾਉਰਨੀ ਏ, ਇਹਨਾਂ ਕਿਧਰੋਂ ਸਾਕ ਸਹੇੜਿਆ ਨੇ ।
ਸਭ ਰਾਜਿਆਂ ਏਨ੍ਹਾਂ ਨੂੰ ਧੱਕ ਦਿੱਤਾ, ਤੇਰੇ ਮੁਲਕ ਵਿੱਚ ਆਇ ਕੇ ਛੇੜਿਆ ਨੇ ।
ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਣਾ ਫੇੜਿਆ ਨੇ ।
ਮਜਰੂਹ ਸਾਂ ਗ਼ਮਾਂ ਦੇ ਨਾਲ ਭਰਿਆ, ਮੇਰਾ ਅੱਲੜਾ ਘਾਉ ਉਚੇੜਿਆ ਨੇ ।
ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਇ ਨਿਬੇੜਿਆ ਨੇ ।
ਆਪ ਵਾਰਸੀ ਬਣੇ ਏਸ ਵਹੁਟੜੀ ਦੇ, ਮੈਨੂੰ ਮਾਰ ਕੇ ਚਾਇ ਖਦੇੜਿਆ ਨੇ ।
ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ ।
ਸੱਚ ਆਖ ਤੂੰ ਖੁਲ੍ਹ ਕੇ ਕਰਾਂ ਪੁਰਜ਼ੇ, ਕੋਈ ਬੁਰਾ ਇਸ ਨਾਲ ਜੇ ਫੇੜਿਆ ਨੇ ।
ਛਡ ਅਰਲੀਆਂ ਜੋਗ ਭਜਾਇ ਨੱਠੇ, ਪਰ ਖੂਹ ਨੂੰ ਅਜੇ ਨਾ ਗੇੜਿਆ ਨੇ ।
ਵਾਰਿਸ ਸ਼ਾਹ ਮੈਂ ਗਿਰਦ ਹੀ ਰਹਿਆ ਭੌਂਦਾ, ਸੁਰੇਮ ਸੁਰਮਚੂ ਨਹੀਂ ਲਿਬੇੜਿਆ ਨੇ ।
(ਮਜਾਉਰਨੀ=ਕਿਸੇ ਦਰਗਾਹ ਵਗੈਰਾ ਵਿੱਚ ਝਾੜੂ ਦੇਣ ਵਾਲੀ ਭਗਤਣ,
ਮਜਰੂਹ=ਜ਼ਖ਼ਮੀ, ਜੋਗ=ਬਲਦਾਂ ਦੀ ਜੋੜੀ, ਖੂਹ ਨਾ ਗੇੜਿਆ=ਜਿਣਸੀ ਭੋਗ
ਜਾਂ ਜਬਰ ਜਨਾਹੀ ਨਹੀਂ ਕੀਤੀ, ਗਿਰਦ=ਆਲੇ ਦੁਆਲੇ)

600. ਜਵਾਬ ਰਾਜੇ ਦਾ

ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਏਹ ਵੱਡਾ ਫ਼ਕੀਰ ਰੰਜਾਣਿਆ ਜੇ ।
ਨਕ ਕੰਨ ਵਢਾਇਕੇ ਦਿਆਂ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਜੇ ।
ਰੱਜੇ ਜਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਅਪਣੀ ਕਦਰ ਪਛਾਣਿਆ ਜੇ ।
ਰੰਨਾਂ ਖੋਹ ਫ਼ਕੀਰਾਂ ਦੀਆਂ ਰਾਹ ਮਾਰੋ, ਤੰਬੂ ਗਰਬ ਗੁਮਾਨ ਦਾ ਤਾਣਿਆ ਜੇ ।
ਰਾਤੀਂ ਚੋਰ ਤੇ ਦਿਨੇ ਉਧਾਲਿਆਂ ਤੇ, ਸ਼ੈਤਾਨ ਵਾਂਗੂੰ ਜਗ ਰਾਣਿਆ ਜੇ ।
ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ ।
ਇਹ ਨਿਤ ਹੰਕਾਰ ਨਾ ਮਾਲ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ ।
ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂੰ, ਦੁਨੀਆ ਖ਼ਾਬ ਖ਼ਿਆਲ ਕਰ ਜਾਣਿਆ ਜੇ ।
(ਰੰਜਾਣਿਆ=ਦੁਖੀ ਕੀਤਾ, ਰੰਜੀਦਾ ਕੀਤਾ, ਰਾਣਿਆ=ਮਿਥਿਆ)

601. ਸ਼ਰ੍ਹਾ ਦੇ ਮਹਿਕਮੇ ਵਿੱਚ ਪੇਸ਼ੀ

ਜਦੋਂ ਸ਼ਰ੍ਹਾ ਦੇ ਆਣ ਕੇ ਰਜੂਹ ਹੋਏ, ਕਾਜ਼ੀ ਆਖਿਆ ਕਰੋ ਬਿਆਨ ਮੀਆਂ ।
ਦਿਉ ਖੋਲ੍ਹ ਸੁਣਾਇ ਕੇ ਬਾਤ ਸਾਰੀ, ਕਰਾਂ ਉਮਰ ਖ਼ਿਤਾਬ ਦਾ ਨਿਆਂ ਮੀਆਂ ।
ਖੇੜੇ ਆਖਿਆ ਹੀਰ ਸੀ ਸਾਕ ਚੰਗਾ, ਘਰ ਚੂਚਕ ਸਿਆਲ ਦੇ ਜਾਣ ਮੀਆਂ ।
ਅਜੂ ਖੇੜੇ ਦੇ ਪੁੱਤਰ ਨੂੰ ਖ਼ੈਰ ਕੀਤਾ, ਹੋਰ ਲਾ ਥੱਕੇ ਲੋਕ ਤਾਣ ਮੀਆਂ ।
ਜੰਞ ਜੋੜ ਕੇ ਅਸਾਂ ਵਿਆਹ ਲਿਆਂਦੀ, ਟਕੇ ਖ਼ਰਚ ਕੀਤੇ ਖ਼ੈਰ ਦਾਨ ਮੀਆਂ ।
ਲੱਖ ਆਦਮਾਂ ਦੇ ਢੁੱਕੀ ਲਖਮੀ ਸੀ, ਹਿੰਦੂ ਜਾਣਦੇ ਤੇ ਮੁਸਲਮਾਨ ਮੀਆਂ ।
ਦੋਦ ਰਸਮ ਕੀਤੀ, ਮੁੱਲਾਂ ਸਦ ਆਂਦਾ, ਜਿਸ ਨੂੰ ਹਿਫਜ਼ ਸੀ ਫ਼ਿਕਾ ਕੁਰਾਨ ਮੀਆਂ ।
ਮੁੱਲਾਂ ਸ਼ਾਹਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਕੁਰਾਨ ਮੀਆਂ ।
ਅਸਾਂ ਲਾਇਕੇ ਦੰਮ ਵਿਆਹ ਆਂਦੀ, ਦੇਸ ਮੁਲਕ ਰਹਿਆ ਸਭੋ ਜਾਣ ਮੀਆਂ ।
ਰਾਵਣ ਵਾਂਗ ਲੈ ਚਲਿਆ ਸੀਤਾ ਤਾਈਂ, ਇਹ ਛੋਹਰਾ ਤੇਜ਼ ਜ਼ਬਾਨ ਮੀਆਂ ।
ਵਾਰਿਸ ਸ਼ਾਹ ਨੂੰਹ ਰਹੇ ਜੇ ਕਿਵੇਂ ਸਾਥੇ, ਰੱਬਾ ਜ਼ੁਮਲ ਦਾ ਰਹੇ ਈਮਾਨ ਮੀਆਂ ।
(ਰਜੂਹ ਹੋਏ=ਸਾਮਣੇ ਹੋਏ,ਪੇਸ਼ੀ ਹੋਈ, ਖ਼ੈਰ ਦਾਨ=ਦਾਨ ਦਿੱਤੇ, ਹਿਫ਼ਜ਼=
ਮੂੰਹ ਜ਼ਬਾਨੀ ਯਾਦ, ਸ਼ਾਹਦਾਂ=ਸ਼ਾਹਦ ਦਾ ਬਹੁਵਚਨ,ਗਵਾਹ, ਜ਼ੁਮਲ=ਸਾਰੇ)

602. ਰਾਜੇ ਨੇ ਪੁੱਛਿਆ

ਰਾਜਾ ਆਖਦਾ ਪੁੱਛੋ ਖਾਂ ਇਹ ਛਾਪਾ, ਕਿੱਥੋਂ ਦਾਮਨੇ ਨਾਲ ਚਮੋੜਿਆ ਜੇ ।
ਰਾਹ ਜਾਂਦੜੇ ਕਿਸੇ ਨਾ ਪੌਣ ਚੰਬੜ, ਇਹ ਭੂਤਨਾ ਕਿੱਥੋਂ ਸਹੇੜਿਆ ਜੇ ।
ਸਾਰੇ ਮੁਲਕ ਜੋ ਝਗੜਦਾ ਨਾਲ ਫਿਰਿਆ, ਕਿਸੇ ਹਟਕਿਆ ਨਾਹੀਂ ਹੋੜਿਆ ਜੇ ।
ਵਾਰਿਸ ਸ਼ਾਹ ਕਸੁੰਭੇ ਦੇ ਫੋਗ ਵਾਂਗੂੰ, ਉਹਦਾ ਅਕਰਾ ਰਸਾ ਨਿਚੋੜਿਆ ਜੇ ।
(ਛਾਪਾ=ਕੰਡਿਆਂ ਵਾਲੀ ਡਾਲ,ਢੀਂਗਰ, ਹਟਕਿਆ ਹੋੜਿਆ=ਰੋਕਿਆ,
ਅਕਰਾ=ਕੀਮਤੀ)

603. ਖੇੜਿਆਂ ਦਾ ਉੱਤਰ

ਕਿਤੋਂ ਆਇਆ ਕਾਲ ਵਿੱਚ ਭੁੱਖ ਮਰਦਾ, ਇਹ ਚਾਕ ਸੀ ਮਹਿਰ ਦੀਆਂ ਖੋਲੀਆਂ ਦਾ ।
ਲੋਕ ਕਰਨ ਵਿਚਾਰ ਜਵਾਨ ਬੇਟੀ, ਉਹਨੂੰ ਫ਼ਿਕਰ ਸ਼ਰੀਕਾਂ ਦੀਆਂ ਬੋਲੀਆਂ ਦਾ ।
ਛੈਲ ਨੱਢੜੀ ਵੇਖ ਕੇ ਮਗਰ ਲੱਗਾ, ਹਿਲਿਆ ਹੋਇਆ ਸਿਆਲਾਂ ਦੀਆਂ ਗੋਲੀਆਂ ਦਾ ।
ਮਹੀਂ ਚਾਰ ਕੇ ਮੱਚਿਆ ਦਾਅਵਿਆਂ ਤੇ, ਹੋਇਆ ਵਾਰਸੀ ਸਾਡੀਆਂ ਡੋਲੀਆਂ ਦਾ ।
ਮੌਜੂ ਚੌਧਰੀ ਦਾ ਪੁੱਤ ਆਖਦੇ ਸਨ, ਪਿਛਲੱਗ ਹਜ਼ਾਰੇ ਦੀਆਂ ਧੋਲੀਆਂ ਦਾ ।
ਹੱਕ ਕਰੀਂ ਜੋ ਉਮਰ ਖ਼ਿਤਾਬ ਕੀਤਾ, ਹੱਥ ਵੱਢਣਾ ਝੂਠਿਆਂ ਰੋਲੀਆਂ ਦਾ ।
ਨੌਸ਼ੀਰਵਾਂ ਗਧੇ ਦਾ ਅਦਲ ਕੀਤਾ, ਅਤੇ ਕੰਜਰੀ ਅਦਲ ਤੰਬੋਲੀਆਂ ਦਾ ।
ਨਾਦ ਖੱਪਰੀ ਠਗੀ ਦੇ ਬਾਬ ਸਾਰੇ, ਚੇਤਾ ਕਰੀਂ ਧਿਆਨ ਜੇ ਝੋਲੀਆਂ ਦਾ ।
ਮੰਤਰ ਮਾਰ ਕੇ ਖੰਭ ਦਾ ਕਰੇ ਕੁੱਕੜ, ਬੇਰ ਨਿੰਮ ਦੀਆਂ ਕਰੇ ਨਮੋਲੀਆਂ ਦਾ ।
ਕੰਘੀ ਲੋਹੇ ਦੀ ਤਾਇ ਕੇ ਪਟੇ ਵਾਹੇ, ਸਰਦਾਰ ਹੈ ਵੱਡੇ ਕੰਬੋਲੀਆਂ ਦਾ ।
ਅੰਬ ਬੀਜ ਤੰਦੂਰ ਵਿੱਚ ਕਰੇ ਹਰਿਆ, ਬਣੇ ਮੱਕਿaੁਂ ਬਾਲਕਾ ਔਲੀਆਂ ਦਾ ।
ਵਾਰਿਸ ਸ਼ਾਹ ਸਭ ਐਬ ਦਾ ਰਬ ਮਹਿਰਮ, ਐਵੇਂ ਸਾਂਗ ਹੈ ਪਗੜੀਆਂ ਪੋਲੀਆਂ ਦਾ ।
(ਹਿਲਿਆ=ਗਿੱਝਾ ਹੋਇਆ, ਡੋਲੀ=ਵਿਆਹ ਦੀ ਡੋਲੀ, ਰੋਲੀ=ਰੋਲ ਮਾਰਨ
ਵਾਲਾ,ਫ਼ਰੇਬੀ, ਨੌਸ਼ੀਰਵਾਂ ਆਦਲ=ਨੌਸ਼ੀਰਵਾਂ ਬਾਬਤ ਮਸ਼ਹੂਰ ਹੈ ਕਿ ਆਪਣੇ
ਮਹੱਲ ਦੇ ਥੱਲੇ ਇੱਕ ਜ਼ੰਜੀਰ ਲਾਈ ਹੋਈ ਸੀ ।ਫ਼ਰਿਆਦੀ ਜਦੋਂ ਜ਼ੰਜੀਰ ਖਿਚਦਾ
ਤਾਂ ਬਾਦਸ਼ਾਹ ਉਸੇ ਵੇਲੇ ਉਹਦੀ ਫ਼ਰਿਆਦ ਸੁਣਨ ਲਈ ਆ ਜਾਂਦਾ ।ਇੱਕ ਦਿਨ
ਇੱਕ ਖਰਸ ਖਾਧੇ ਗਧੇ ਨੇ ਰੱਸੀ ਨਾਲ ਸਰੀਰ ਰਗੜਿਆ ।ਬਾਦਸ਼ਾਹ ਨੂੰ ਖ਼ਬਰ
ਮਿਲ ਗਈ ।ਉਹਨੇ ਆਕੇ ਗਧਾ ਦੇਖਿਆ ਅਤੇ ਉਹਦੇ ਮਾਲਕ ਦਾ ਪਤਾ ਕਰਕੇ
ਉਹਨੂੰ ਡਾਂਟਿਆ ਅਤੇ ਗਧੇ ਦੀ ਸੰਭਾਲ ਕਰਨ ਲਈ ਖ਼ਬਰਦਾਰ ਕੀਤਾ, ਕੰਜਰੀ
ਅਦਲ=ਰੰਡੀਆਂ ਦੇ ਬਜ਼ਾਰ ਵਿੱਚ ਇੱਕ ਪਾਨ ਵੇਚਣ ਵਾਲੇ ਦੀ ਦੁਕਾਨ ਸੀ ।ਉਹ
ਇਕੱਲਾ ਹੋਣ ਦੇ ਬਾਵਜੂਦ ਬਹੁਤ ਹਰਮਨ ਪਿਆਰਾ ਸੀ ।ਉਹਨੇ ਇੱਕ ਸਫ਼ਰ ਤੇ
ਜਾਣ ਤੋਂ ਪਹਿਲਾਂ ਆਪਣੀ ਉਮਰ ਦੀ ਪੂੰਜੀ ਸੌ (ਸੋਨੇ) ਦੀਆਂ ਅਸ਼ਰਫ਼ੀਆਂ ਇੱਕ
ਅਮਾਨਤਾਂ ਰੱਖਣ ਵਾਲੇ ਮਸ਼ਹੂਰ ਆਦਮੀ ਕੋਲ ਰਖ ਦਿੱਤੀਆਂ ।ਵਾਪਸੀ ਤੇ ਉਹ
ਪੁਰਸ਼ ਬੇਈਮਾਨ ਹੋ ਗਿਆ ਅਤੇ ਅਮਾਨਤ ਦੇਣ ਤੋਂ ਮੁੱਕਰ ਗਿਆ, ਪਾਨ ਵੇਚਣ
ਵਾਲਾ ਬਹੁਤ ਦੁਖੀ ਹੋਇਆ ।ਉਹਨੂੰ ਉਦਾਸ ਵੇਖ ਕੇ ਕੋਠੇ ਵਾਲੀ ਨੇ ਉਹਨੂੰ
ਕਾਰਨ ਪੁੱਛਿਆ ਅਤੇ ਮਾਮਲਾ ਹਲ ਕਰਨ ਦਾ ਵਚਨ ਦਿੱਤਾ, ਉਹਨੇ ਵੀ
ਅਮਾਨਤਾਂ ਰੱਖਣ ਵਾਲੇ ਨੂੰ ਕਿਹਾ ਕਿ ਮੈਂ ਬਾਹਰ ਵਾਂਢੇ ਜਾਣਾ ਹੈ ਇਸ ਲਈ
ਕੁੱਝ ਮਾਲ ਦੇ ਭਰੇ ਡੱਬੇ ਤੇਰ ਖੋਲ੍ਹ ਰੱਖਣ ਲਈ ਲਿਆਵਾਂਗੀ ।ਉਨ੍ਹਾਂ ਵਿੱਚ
ਹੀਰੇ ਵੀ ਹਨ ।ਉਸ ਕੋਲ ਜਾਣ ਤੋਂ ਪਹਿਲਾਂ ਪਾਨ ਵੇਚਣ ਵਾਲੇ ਨੂੰ ਉਹਦੇ
ਕੋਲ ਭੇਜ ਦਿੱਤਾ ।ਉਹਦੇ ਹੁੰਦਿਆਂ ਉਹ ਵੀ ਚਲੀ ਗਈ ।ਪਾਨ ਵਾਲੇ ਨੇ
ਗੱਲ ਕੀਤੀ ।ਅਮਾਨਤ ਵਾਲੇ ਨੂੰ ਲਾਲਚ ਸੀ ਕਿ ਰੰਡੀ ਦਾ ਮਾਲ ਵਧ ਹੈ
ਇਸ ਲਈ ਉਹਨੇ ਪਾਨ ਵੇਚਣ ਵਾਲੇ ਨੂੰ ਕਿਹਾ ਤੂੰ ਗਲਤ ਬਕਸਾ ਖੋਲ੍ਹਿਆ
ਸੀ ਆਹ ਤੇਰਾ ਡੱਬਾ ਹਾਜ਼ਰ ਹੈ ਅਤੇ ਉਹਦਾ ਮਾਲ ਸਣੇ ਡੱਬਾ ਮੋੜ ਦਿੱਤਾ ।
ਉਸੇ ਵੇਲੇ ਪਹਿਲਾਂ ਮਿੱਥੇ ਅਨੁਸਾਰ ਉਹਦੀ (ਰੰਡੀ) ਦੀ ਇੱਕ ਸਹੇਲੀ ਸੁਨੇਹਾ
ਲੈ ਕੇ ਆ ਗਈ ਕਿ ਉਹ ਵਾਂਢੇ ਨਾ ਜਾਵੇ, ਓਥੋਂ ਪਤਾ ਆਇਆ ਹੈ ਕਿ ਤੇਰੇ
ਰਿਸ਼ਤੇਦਾਰ ਓਥੇ ਨਹੀਂ ਹੋਣਗੇ ਇਸ ਲਈ ਅਗਲੇ ਮਹੀਨੇ ਆਈਂ ।ਇਸ ਤਰ੍ਹਾਂ
ਪਾਨ ਵੇਚਣ ਵਾਲੇ ਨੂੰ ਉਹਦਾ ਮਾਲ ਵਾਪਸ ਮਿਲ ਗਿਆ ਅਤੇ ਕੋਠੇ ਵਾਲੀ ਨੇ
ਆਪਣਾ ਮਾਲ ਵੀ ਉਹਦੇ ਕੋਲੋ ਨਾ ਰੱਖਿਆ, ਕੰਬੋਲੀ=ਝੂਠਾ, ਪੋਲੀਆਂ
ਪਗੜੀਆਂ=ਵੱਡੇ ਵੱਡੇ ਪੱਗੜਾਂ ਵਾਲੇ ਨਿਰਾ ਸਾਂਗ ਹਨ)

604. ਕਾਜ਼ੀ ਤੇ ਰਾਂਝਾ

ਕਾਜ਼ੀ ਆਖਿਆ ਬੋਲ ਫ਼ਕੀਰ ਮੀਆਂ, ਛੱਡ ਝੂਠ ਦੇ ਦੱਬ ਦਰੇੜਿਆਂ ਨੂੰ ।
ਅਸਲ ਗੱਲ ਸੋ ਆਖ ਦਰਗਾਹ ਅੰਦਰ, ਲਾ ਤਜ਼ੱਕਰ ਝਗੜਿਆਂ ਝੇੜਿਆਂ ਨੂੰ ।
ਸਾਰੇ ਦੇਸ ਵਿੱਚ ਠਿੱਠ ਹੋ ਸਣੇ ਨੱਢੀ, ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ ।
ਪਿੱਛੇ ਮੇਲ ਕੇ ਚੋਇਆ ਰਿੜਕਿਆਈ, ਉਹ ਰੁੰਨਾਂ ਸੀ ਵਖ਼ਤ ਸਹੇੜਿਆਂ ਨੂੰ ।
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ, ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ ।
ਪਹਿਲਾਂ ਸੱਦਿਆ ਆਣ ਕੇ ਦਾਅਵਿਆਂ ਤੇ, ਸਲਾਮ ਹੈ ਵਲ ਛਲਾਂ ਤੇਰਿਆਂ ਨੂੰ ।
ਆਭੂ ਭੁੰਨਦਿਆਂ ਝਾੜ ਕੇ ਚੱਬ ਚੁੱਕੋਂ, ਹੁਣ ਵਹੁਟੜੀ ਦੇਹ ਇਹ ਖੇੜਿਆਂ ਨੂੰ ।
ਆਓ ਵੇਖ ਲੌ ਸੁਣਨ ਗਿਣਨ ਵਾਲਿਉ ਵੇ, ਏਹ ਮਲਾਹ ਜੇ ਡੋਬਦੇ ਬੋੜਿਆਂ ਨੂੰ ।
ਦੁਨੀਆਂਦਾਰ ਨੂੰ ਔਰਤਾਂ ਜ਼ੁਹਦ ਫ਼ੱਕਰਾਂ, ਮੀਆਂ ਛਡ ਦੇ ਸ਼ੁਹਦਿਆਂ ਝੇੜਿਆਂ ਨੂੰ ।
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ, ਬੇਟੀ ਅਪਣੀ ਬਖ਼ਸ਼ ਦੇ ਖੇੜਿਆਂ ਨੂੰ ।
ਨਿਤ ਮਾਲ ਪਰਾਏ ਹਨ ਚੋਰ ਖਾਂਦੇ, ਇਹ ਦੱਸ ਮਸਲੇ ਰਾਹੀਂ ਭੇੜਿਆਂ ਨੂੰ ।
ਛਡ ਜਾ ਹਿਆਉ ਦੇ ਨਾਲ ਜੱਟੀ, ਨਹੀਂ ਜਾਣਸੇਂ ਦੁੱਰਿਆਂ ਮੇਰਿਆਂ ਨੂੰ ।
ਐਬੀ ਕੁਲ ਜਹਾਨ ਦੇ ਪਕੜੀਅਣਗੇ, ਵਾਰਿਸ ਸ਼ਾਹ ਫ਼ਕੀਰ ਦੇ ਫੇੜਿਆਂ ਨੂੰ ।
(ਲਾ ਤਜ਼ੱਕਰ=ਜ਼ਿਕਰ ਨਹੀਂ ਕੀਤਾ ਜਾਂਦਾ, ਆਭੂ=ਕਣਕ ਦੇ ਸਿੱਟਿਆਂ ਨੂੰ
ਭੁੰਨਕੇ ਬਣਾਏ ਜਾਂ ਕਣਕ ਤੇ ਮੱਕੀ ਨੂੰ ਉਬਾਲ ਕੇ ਬਣਾਏ ਦਾਣੇ)

605. ਕਾਜ਼ੀ ਦਾ ਗ਼ੁੱਸਾ ਤੇ ਹੀਰ ਖੇੜਿਆਂ ਨੂੰ ਦਿੱਤੀ

ਕਾਜ਼ੀ ਖੋਹ ਦਿੱਤੀ ਹੀਰ ਖੇੜਿਆਂ ਨੂੰ, ਮਾਰੋ ਇਹ ਫ਼ਕੀਰ ਦਗ਼ੋਲੀਆ ਜੇ ।
ਵਿੱਚੋਂ ਚੋਰ ਤੇ ਯਾਰ ਤੇ ਲੁੱਚ ਲੁੰਡਾ, ਵੇਖੋ ਬਾਹਰੋਂ ਵਲੀ ਤੇ ਔਲੀਆ ਜੇ ।
ਦਗ਼ਾਦਾਰ ਤੇ ਝਾਗੜੂ ਕਲਾਕਾਰੀ, ਬਣ ਫ਼ਿਰੇ ਮਸ਼ਇਖ਼ ਤੇ ਔਲੀਆ ਜੇ ।
ਵਾਰਿਸ ਦਗ਼ੇ ਤੇ ਆਵੇ ਤਾਂ ਸਫ਼ਾਂ ਗਾਲੇ, ਅਖੀਂ ਮੀਟ ਬਹੇ ਜਾਪੇ ਰੌਲੀਆ ਜੇ ।
(ਦਗ਼ੋਲੀਆ=ਦਗ਼ੇਬਾਜ਼, ਮਸ਼ਾਇਖ=ਬੜੇ ਪੀਰ, ਰੌਲੀਆ=ਰਾਵਲ,ਫ਼ਕੀਰ)

606. ਖੇੜੇ ਹੀਰ ਨੂੰ ਲੈ ਕੇ ਤੁਰ ਪਏ

ਹੀਰ ਖੋਹ ਖੇੜੇ ਚਲੇ ਵਾਹੋ ਦਾਹੀ, ਰਾਂਝਾ ਰਹਿਆ ਮੂੰਹ ਗੁੰਝ ਹੈਰਾਨ ਯਾਰੋ ।
ਉਡ ਜਾਏ ਕਿ ਨਿਘਰੇ ਗ਼ਰਕ ਹੋਵੇ, ਵੇਹਲ ਦੇਵਸ ਨਾ ਜ਼ਿਮੀਂ ਅਸਮਾਨ ਯਾਰੋ ।
ਖੇਪ ਮਾਰ ਲਏ ਖੇਤੜੇ ਸੜੇ ਬੋਹਲ, ਹੁੱਕੇ ਅਮਲੀਆਂ ਦੇ ਰੁੜ੍ਹ ਜਾਣ ਯਾਰੋ ।
ਡੋਰਾਂ ਵੇਖ ਕੇ ਮੀਰ ਸ਼ਿਕਾਰ ਰੋਵਣ, ਹੱਥੋਂ ਜਿਨ੍ਹਾਂ ਦਿਉਂ ਬਾਜ਼ ਉਡ ਜਾਣ ਯਾਰੋ ।
ਉਹਨਾਂ ਹੋਸ਼ ਤੇ ਅਕਲ ਨਾ ਤਾਣ ਰਹਿੰਦਾ, ਸਿਰੀਂ ਜਿਨ੍ਹਾਂ ਦੇ ਪੌਣ ਵਦਾਨ ਯਾਰੋ ।
ਹੀਰ ਲਾਹ ਕੇ ਘੁੰਢ ਹੈਰਾਨ ਹੋਈ, ਸਤੀ ਚਿੱਖਾ ਦੇ ਵਿੱਚ ਮੈਦਾਨ ਯਾਰੋ ।
ਤਿੱਖਾ ਦੀਦੜਾ ਵਾਂਗ ਮਹਾ ਸਤੀ ਦੇ, ਮੱਲ ਖੜੀ ਸੀ ਇਸ਼ਕ ਮੈਦਾਨ ਯਾਰੋ ।
ਵਿੱਚ ਓਢਣੀ ਸਹਿਮ ਦੇ ਨਾਲ ਜੱਟੀ, ਜਿਵੇਂ ਵਿੱਚ ਕਿਰਬਾਨ ਕਮਾਨ ਯਾਰੋ ।
ਖੂੰਡੇ ਅਤੇ ਚੌਗਾਨ ਲੈ ਦੇਸ ਨੱਠਾ, ਵੇਖਾਂ ਕਿਹੜੇ ਫੁੰਡ ਲੈ ਜਾਣ ਯਾਰੋ ।
ਚੁਪ ਸੱਲ ਹੋ ਬੋਲਣੋਂ ਰਹੀ ਜੱਟੀ, ਬਿਨਾਂ ਰੂਹ ਦੇ ਜਿਵੇਂ ਇਨਸਾਨ ਯਾਰੋ ।
ਵਾਰਿਸ ਸ਼ਾਹ ਦੋਵੇਂ ਪਰੇਸ਼ਾਨ ਹੋਏ, ਜਿਵੇਂ ਪੜ੍ਹਿਆ ਲਾਹੌਲ ਸ਼ੈਤਾਨ ਯਾਰੋ ।
(ਮੂੰਹ ਗੁੰਝ=ਸੋਚਦਾ, ਦੇਵਸ ਨਾ=ਦਿੰਦੇ ਨਹੀਂ, ਖੇਪ=ਲੱਦਣ ਲਈ ਤਿਆਰ
ਬੋਹਲ, ਵਦਾਨ=ਵੱਡਾ ਭਾਰਾ ਹਥੌੜਾ, ਸਤੀ ਚਿਖਾ=ਚਿਖਾ ਵਿੱਚ ਸਤੀ ਹੋਣ
ਵਾਲੀ ਔਰਤ ਵਾਂਗੂੰ, ਮਹਾ ਸਤੀ=ਦੁਰਗਾ,ਕਾਲੀ ਦੇਵੀ ਵਾਂਗੂੰ ਗ਼ੁੱਸੇ ਵਿੱਚ,
ਕਿਰਬਾਨ=ਕਮਾਨਦਾਨ, ਸੱਲ=ਬੇਹਿਸ)

607. ਰਾਂਝਾ ਹੀਰ ਨੂੰ

ਰਾਂਝਾ ਆਖਦਾ ਜਾਹ ਕੀ ਵੇਖਦੀ ਹੈਂ, ਬੁਰਾ ਮੌਤ ਥੀਂ ਏਹ ਵਿਜੋਗ ਹੈ ਨੀ ।
ਪਏ ਧਾੜਵੀ ਲੁਟ ਲੈ ਚੱਲੇ ਮੈਨੂੰ, ਏਹ ਦੁੱਖ ਕੀ ਜਾਣਦਾ ਲੋਗ ਹੈ ਨੀ ।
ਮਿਲੀ ਸੈਦੇ ਨੂੰ ਹੀਰ ਤੇ ਸਵਾਹ ਮੈਨੂੰ, ਤੇਰਾ ਨਾਮ ਦਾ ਅਸਾਂ ਨੂੰ ਟੋਗ ਹੈ ਨੀ ।
ਬੁੱਕਲ ਲੇਫ ਦੀ ਤੇ ਜੱਫੀ ਵਹੁਟੀਆਂ ਦੀ, ਇਹ ਰੁਤ ਸਿਆਲ ਦਾ ਭੋਗ ਹੈ ਨੀ ।
ਸੌਂਕਣ ਰੰਨ ਗਵਾਂਢ ਕੁਪੱਤਿਆਂ ਦਾ, ਭਲੇ ਮਰਦ ਦੇ ਬਾਬ ਦਾ ਰੋਗ ਹੈ ਨੀ ।
ਖ਼ੁਸ਼ੀ ਨਿਤ ਹੋਵਣ ਮਰਦ ਫੁੱਲ ਵਾਂਗੂੰ, ਘਰੀਂ ਜਿਨ੍ਹਾਂ ਦੇ ਨਿੱਤ ਦਾ ਸੋਗ ਹੈ ਨੀ ।
ਤਿਨ੍ਹਾਂ ਵਿੱਚ ਜਹਾਨ ਕੀ ਮਜ਼ਾ ਪਾਇਆ, ਗਲੇ ਜਿਨ੍ਹਾਂ ਦੇ ਰੇਸ਼ਟਾ ਜੋਗ ਹੈ ਨੀ ।
ਜਿਹੜਾ ਬਿਨਾਂ ਖ਼ੁਰਾਕ ਦੇ ਕਰੇ ਕੁਸ਼ਤੀ, ਓਸ ਮਰਦ ਨੂੰ ਜਾਣੀਏ ਫੋਗ ਹੈ ਨੀ ।
ਅਸਮਾਨ ਢਹਿ ਪਵੇ ਤਾਂ ਨਹੀਂ ਮਰਦੇ, ਬਾਕੀ ਜਿਨ੍ਹਾਂ ਦੀ ਜ਼ਿਮੀਂ ਤੇ ਚੋਗ ਹੈ ਨੀ ।
ਜਦੋਂ ਕਦੋਂ ਮਹਿਬੂਬ ਨਾ ਛੱਡਣਾ ਏਂ, ਕਾਲਾ ਨਾਗ ਖ਼ੁਦਾਇ ਦੇ ਜੋਗ ਹੈ ਨੀ ।
ਕਾਉਂ ਕੂੰਜ ਨੂੰ ਮਿਲੀ ਤੇ ਸ਼ੇਰ ਫਾਹਵੀ, ਵਾਰਿਸ ਸ਼ਾਹ ਇਹ ਧੁਰੋਂ ਸੰਜੋਗ ਹੈ ਨੀ ।
(ਟੋਗ=ਹੱਥ ਨਾ ਆਉਣ ਵਾਲਾ ਪੰਛੀ, ਰੇਸ਼ਟਾ=ਝਗੜਾ,ਧੰਦਾ)

608. ਤਥਾ

ਬਰ ਵਕਤ ਜੇ ਫ਼ਜ਼ਲ ਦਾ ਮੀਂਹ ਵੱਸੇ, ਬੁਰਾ ਕੌਣ ਮਨਾਂਵਦਾ ਵੁੱਠਿਆਂ ਨੂੰ ।
ਲਬ ਯਾਰ ਦੇ ਆਬਿ-ਹਯਾਤ ਬਾਝੋਂ, ਕੌਣ ਜ਼ਿੰਦਗੀ ਬਖ਼ਸ਼ਦਾ ਕੁੱਠਿਆਂ ਨੂੰ ।
ਦੋਵੇਂ ਆਹ ਫ਼ਿਰਾਕ ਦੀ ਮਾਰ ਲਈਏ, ਕਰਾਮਾਤ ਮਨਾਵਸੀ ਰੁੱਠਿਆਂ ਨੂੰ ।
ਮੀਆਂ ਮਾਰ ਕੇ ਆਹ ਤੇ ਸ਼ਹਿਰ ਸਾੜੋ, ਬਾਦਸ਼ਾਹ ਜਾਣੇਂ ਅਸਾਂ ਮੁੱਠਿਆਂ ਨੂੰ ।
ਤੇਰੀ ਮੇਰੀ ਪ੍ਰੀਤ ਗਈ ਲੁੜ੍ਹ ਐਵੇਂ, ਕੌਣ ਮਿਲੈ ਹੈ ਵਾਹਰਾਂ ਛੁੱਟਿਆਂ ਨੂੰ ।
ਬਾਝ ਸੱਜਣਾਂ ਪੀੜ-ਵੰਡਾਵਿਆਂ ਦੇ, ਨਿੱਤ ਕੌਣ ਮਨਾਂਵਦਾ ਰੁੱਠਿਆਂ ਨੂੰ ।
ਬਿਨਾਂ ਤਾਲਿਆ ਨੇਕ ਦੇ ਕੌਣ ਮੋੜੇ, ਵਾਰਿਸ ਸ਼ਾਹ ਦਿਆਂ ਦਿਹਾਂ ਅਪੁੱਠਿਆਂ ਨੂੰ ।
(ਬਰ ਵਕਤ=ਮੌਕੇ ਸਿਰ,ਵੇਲੇ ਸਿਰ, ਫ਼ਜ਼ਲ=ਰਬ ਦੀ ਮਿਹਰ, ਵੁੱਠਿਆਂ=
ਵਰ੍ਹਦਿਆਂ, ਲਬ-ਏ-ਯਾਰ=ਯਾਰ ਦੀਆਂ ਬੁੱਲ੍ਹੀਆਂ, ਆਬ-ਏ-ਹਯਾਤ=ਅੰਮ੍ਰਿਤ)

609. ਹੀਰ ਦੀ ਆਹ

ਹੀਰ ਨਾਲ ਫ਼ਿਰਾਕ ਦੇ ਆਹ ਮਾਰੀ, ਰੱਬਾ ਵੇਖ ਅਸਾਡੀਆਂ ਭਖਣ ਭਾਹੀਂ ।
ਅੱਗੇ ਅੱਗ ਪਿੱਛੇ ਸੱਪ ਸ਼ੀਂਹ ਪਾਸੀਂ, ਸਾਡੀ ਵਾਹ ਨਾ ਚਲਦੀ ਚੌਹੀਂ ਰਾਹੀਂ ।
ਇੱਕੇ ਮੇਲ ਰੰਝੇਟੜਾ ਉਮਰ ਜਾਲਾਂ, ਇੱਕੇ ਦੋਹਾਂ ਦੀ ਉਮਰ ਦੀ ਅਲਖ ਲਾਹੀਂ ।
ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ, ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ ।
(ਭਾਹ=ਅੱਗ, ਉਮਰ ਦੀ ਅਲਖ ਲਾਹੀਂ=ਉਮਰ ਖ਼ਤਮ ਕਰ, ਕਾਦਰਾ=ਰੱਬਾ)

610. ਰਾਂਝੇ ਦੀ ਰੱਬ ਤੋਂ ਮੰਗ

ਰੱਬਾ ਕਹਿਰ ਪਾਈਂ ਕਹਿਰ ਸ਼ਹਿਰ ਉੱਤੇ, ਜਿਹੜਾ ਘੱਤ ਫ਼ਰਊਨ ਡੁਬਾਇਆ ਈ ।
ਜਿਹੜਾ ਨਾਜ਼ਲ ਹੋਇਆ ਜ਼ਕਰੀਏ ਤੇ, ਉਹਨੂੰ ਘੱਤ ਸ਼ਰੀਹ ਚਿਰਵਾਇਆ ਈ ।
ਜਿਹੜਾ ਪਾਇ ਕੇ ਕਹਿਰ ਦੇ ਨਾਲ ਗ਼ੁੱਸੇ, ਵਿੱਚ ਅੱਗ ਖ਼ਲੀਲ ਪਵਾਇਆ ਈ ।
ਜਿਹੜਾ ਪਾਇਕੇ ਕਹਿਰ ਤੇ ਸੁੱਟ ਤਖ਼ਤੋਂ, ਸੁਲੇਮਾਨ ਨੂੰ ਭੱਠ ਝੁਕਾਇਆ ਈ ।
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ, ਉਹਨੂੰ ਡੰਭਰੀ ਥੋਂ ਨਿਗਲਾਇਆ ਈ ।
ਜਿਹੜੇ ਕਹਿਰ ਤੇ ਗ਼ਜ਼ਬ ਦੀ ਪਕੜ ਕਾਤੀ, ਇਸਮਾਈਲ ਨੂੰ ਜਿਬ੍ਹਾ ਕਰਾਇਆ ਈ ।
ਜਿਹੜਾ ਘਤਿਉ ਗ਼ਜ਼ਬ ਤੇ ਵੈਰ ਗ਼ੁੱਸਾ, ਯੂਸਫ਼ ਖੂਹ ਵਿਚ ਬੰਦ ਕਰਵਾਇਆ ਈ ।
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ, ਇਕਸ ਨਫ਼ਰ ਤੋਂ ਕਤਲ ਕਰਾਇਆ ਈ ।
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ, ਇਮਾਮ ਹੁਸੈਨ ਨੂੰ ਚਾਇ ਕੁਹਾਇਆ ਈ ।
ਕੱਕੀ ਫੋਹੜੀ ਤੇਜ਼ ਜ਼ਬਾਨ ਖੋਲ੍ਹੋਂ, ਹਸਨ ਜ਼ਹਿਰ ਦੇ ਨਾਲ ਮਰਵਾਇਆ ਈ ।
ਓਹਾ ਕਹਿਰ ਘੱਤੀਂ ਏਸ ਦੇਸ ਉੱਤੇ, ਜਿਹੜਾ ਇਤਨਿਆਂ ਦੇ ਸਿਰ ਆਇਆ ਈ ।
(ਹਜ਼ਰਤ ਖ਼ਲੀਲ=(ਖ਼ਲੀਲ ਦਾ ਅਰਥ ਹੈ ਸਾਦਕ) ਆਪ ਬੁਤ ਪੂਜਾ ਵਿਰੁੱਧ
ਪਰਚਾਰ ਕੀਤਾ ਕਰਦੇ ਸਨ ਅਤੇ ਰਬ ਦੀ ਭਗਤੀ ਕਰਦੇ ਸਨ ।ਇੱਕ ਦਿਨ ਜਦੋਂ
ਪੂਜਾ ਘਰ ਤੋਂ ਲੋਕ ਬਾਹਰ ਗਏ ਸਨ ਤੇ ਖ਼ਲੀਲ ਨੇ ਸਾਰੇ ਬੁਤ ਭੰਨ ਦਿੱਤੇ ਜਿਸ
ਕਰਕੇ ਨਮਰੂਦ ਨੇ ਆਪ ਨੂੰ ਭੜਕਦੀ ਅੱਗ ਵਿੱਚ ਸੁੱਟਣ ਦਾ ਦੰਡ ਦਿੱਤਾ ।ਪਰ
ਰਬ ਦੇ ਹੁਕਮ ਨਾਲ ਅੱਗ ਠੰਡੀ ਹੋ ਗਈ, ਡੰਭਰੀ=ਵੱਡੀ ਮੱਛੀ, ਸ਼ਾਹ ਮਰਦਾਂ=
ਬਹਾਦਰਾਂ ਦਾ ਬਾਦਸ਼ਾਹ, ਹਜ਼ਰਤ ਅਲੀ, ਉਹਨੂੰ ਇੱਕ ਗੁਲਾਮ ਨੇ ਕਤਲ ਕਰ
ਦਿੱਤਾ ਸੀ)

611. ਰਾਂਝੇ ਦਾ ਸਰਾਪ

ਰਾਂਝੇ ਹੱਥ ਉਠਾ ਦੁਆ ਮੰਗੀ, ਤੇਰਾ ਨਾਮ ਕਹਾਰ ਜੱਬਾਰ ਸਾਈਂ ।
ਤੂੰ ਤਾਂ ਅਪਣੇ ਨਾਉਂ ਨਿਆਉਂ ਪਿੱਛੇ, ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈ ।
ਸਾਰਾ ਸ਼ਹਿਰ ਉਜਾੜਕੇ ਸਾੜ ਸਾਈਆਂ, ਕਿਵੇਂ ਮੁਝ ਗ਼ਰੀਬ ਥੇ ਦਾਦ ਪਾਈਂ ।
ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ, ਬੰਨੇ ਬੇੜੀਆਂ ਸਾਡੀਆਂ ਚਾ ਲਾਈਂ ।
ਵਾਰਿਸ ਸ਼ਾਹ ਪੀਰਾ ਸੁਣੀ ਕੂਕ ਸਾਡੀ, ਅੱਜੇ ਰਾਜੇ ਦੇ ਸ਼ਹਿਰ ਨੂੰ ਅੱਗ ਲਾਈਂ ।
(ਕਹਾਰ=ਕਹਿਰ ਵਰਤਾਉਣ ਵਾਲਾ, ਜੱਬਾਰ=ਜਬਰ ਕਰਨੇ ਵਾਲਾ,ਜ਼ਾਲਮ,
ਨਾਉਂ ਨਿਆਉਂ=ਆਪਣੇ ਨਾਂ ਨਾਲ ਇਨਸਾਫ਼ ਕਰਨ ਲਈ)

612. ਤਥਾ

ਜਿਵੇਂ ਇੰਦਰ ਤੇ ਕਹਿਰ ਦੀ ਨਜ਼ਰ ਕਰਕੇ, ਮਹਿਖਾਸਰੋਂ ਪੁਰੀ ਲੁਟਵਾਇਆ ਈ ।
ਸੁਰਗਾ ਪੁਰੀ ਅਮਰ ਪੁਰੀ ਇੰਦ ਪੁਰੀਆਂ, ਦੇਵ ਪੁਰੀ ਮੁਖ ਆਸਣ ਲਾਇਆ ਈ ।
ਕਹਿਰ ਕਰੀਂ ਜਿਉਂ ਭਦਰਕਾ ਕੋਹ ਮਾਰੀ, ਰੁੰਡ ਮੁੰਡ ਮੁਖਾ ਉੱਤੇ ਧਾਇਆ ਈ ।
ਰਕਤ ਬੀਜ ਮਹਿਖਾਸਰੋਂ ਲਾ ਸੱਭੇ, ਪਰਚੰਡ ਕਰ ਪਲਕ ਵਿੱਚ ਆਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਿਆ ਜੋਗੀ, ਬਿਸ਼ਵਾ ਮਿੱਤਰੋਂ ਖੇਲ ਕਰਵਾਇਆ ਈ ।
ਓਹਾ ਕ੍ਰੋਧ ਕਰ ਜਿਹੜਾ ਪਾਇ ਰਾਵਣ, ਰਾਮ ਚੰਦ ਥੋਂ ਲੰਕ ਲੁਟਵਾਇਆ ਈ ।
ਓਹਾ ਕ੍ਰੋਪ ਕਰ ਜਿਹੜਾ ਪਾਂਡੋਆਂ ਤੇ, ਚਿਖਾਬੂਹ ਦੇ ਵਿੱਚ ਕਰਵਾਇਆ ਈ ।
ਦਰੋਣਾਂ ਚਾਰਜੋਂ ਲਾਇਕੇ ਭੀਮ ਭੀਖਮ ,ਜਿਹੜਾ ਕੈਰਵਾਂ ਦੇ ਗਲ ਪਾਇਆ ਈ ।
ਕਹਿਰ ਪਾ ਜੋ ਘਤ ਹਕਨਾਕਸ਼ੇ ਤੇ, ਨਾਲ ਨਖਾਂ ਦੇ ਢਿਡ ਪੜਵਾਇਆ ਈ ।
ਘਤ ਕ੍ਰੋਪ ਜੋ ਪਾਇਕੇ ਕੰਸ ਰਾਜੇ, ਬੋਦਾ ਕਾਨ੍ਹ ਥੋਂ ਚਾਇ ਪੁਟਾਇਆ ਈ ।
ਘਤ ਕ੍ਰੋਪ ਜੋ ਪਾਇ ਕੁਲਖੇਤਰੇ ਨੂੰ, ਕਈ ਖੂਹਣੀ ਸੈਨਾ ਗਲਵਾਇਆ ਈ ।
ਘਤ ਕ੍ਰੋਪ ਜੋ ਦਰੋਪਦੀ ਨਾਲ ਹੋਈ, ਪੱਤ ਨਾਲ ਫਿਰ ਅੰਤ ਬਚਾਇਆ ਈ ।
ਜੁਧ ਵਿੱਚ ਜੋ ਰਾਮ ਨਲ ਨੀਲ ਲਛਮਣ, ਕੁੰਭ ਕਰਨ ਦੇ ਬਾਬ ਬਣਾਇਆ ਈ ।
ਘਤ ਕ੍ਰੋਪ ਜੋ ਬਾਲੀ ਤੇ ਰਾਮ ਕੀਤਾ, ਅਤੇ ਤਾੜਕਾ ਪਕੜ ਚਿਰਵਾਇਆ ਈ ।
ਘਤ ਕ੍ਰੋਪ ਸੁਬਾਹੂ ਮਾਰੀਚ ਮਾਰਿਉ, ਮਹਾ ਦੇਵ ਦਾ ਕੁੰਡ ਭਨਵਾਇਆ ਈ ।
ਉਹ ਕ੍ਰੋਪ ਕਰ ਜਿਹੜਾ ਏਨਿਆਂ ਤੇ, ਜੁਗਾ ਜੁਗ ਹੀ ਧੁੰਮ ਕਰਾਇਆ ਈ ।
ਉਸ ਦਾ ਆਖਿਆ ਰੱਬ ਮਨਜ਼ੂਰ ਕੀਤਾ, ਤੁਰਤ ਸ਼ਹਿਰ ਨੂੰ ਅੱਗ ਲਗਾਇਆ ਈ ।
ਜਦੋਂ ਅੱਗ ਨੇ ਸ਼ਹਿਰ ਨੂੰ ਚੌੜ ਕੀਤਾ, ਧੁੰਮ ਰਾਜੇ ਦੇ ਪਾਸ ਫ਼ਿਰ ਆਇਆ ਈ ।
ਵਾਰਿਸ ਸ਼ਾਹ ਮੀਆਂ ਵਾਂਗ ਸ਼ਹਿਰ ਲੰਕਾ, ਚਾਰੋਂ ਤਰਫ਼ ਹੀ ਅੱਗ ਮਚਾਇਆ ਈ ।
(ਕ੍ਰੋਪ=ਗ਼ੁੱਸਾ, ਨਖਾਂ=ਨਹੁੰਆਂ, ਨੋਟ: ਇਸ ਬੰਦ ਵਿੱਚ ਦਿੱਤੇ ਹਵਾਲੇ ਹਿੰਦੂ
ਮਿਥਿਹਾਸ ਵਿਚੋਂ ਲਏ ਗਏ ਹਨ)

613. ਸਾਰੇ ਸ਼ਹਿਰ ਨੂੰ ਅੱਗ ਲੱਗਣੀ

ਲੱਗੀ ਅੱਗ ਚੌਤਰਫ਼ ਜਾਂ ਸ਼ਹਿਰ ਸਾਰੇ, ਕੀਤਾ ਸਾਫ਼ ਸਭ ਝੁੱਗੀਆਂ ਝਾਹੀਆਂ ਨੂੰ ।
ਸਾਰੇ ਦੇਸ ਵਿੱਚ ਧੁੰਮ ਤੇ ਸ਼ੋਰ ਹੋਇਆ, ਖ਼ਬਰਾਂ ਪਹੁੰਚੀਆਂ ਪਾਂਧੀਆਂ ਰਾਹੀਆਂ ਨੂੰ ।
ਲੋਕਾਂ ਆਖਿਆ ਫ਼ਕਰ ਬਦ-ਦੁਆ ਦਿੱਤੀ, ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ ।
ਪਕੜ ਖੇੜਿਆਂ ਨੂੰ ਕਰੋ ਆਣ ਹਾਜ਼ਰ, ਨਹੀਂ ਜਾਣਦੇ ਜ਼ਬਤ ਬਾਦਸ਼ਾਹੀਆਂ ਨੂੰ ।
ਜਾ ਘੇਰ ਆਂਦੇ ਚਲੋ ਹੋਓ ਹਾਜ਼ਰ, ਖੇੜੇ ਫੜੇ ਨੇ ਵੇਖ ਲੈ ਗਾਹੀਆਂ ਨੂੰ ।
ਵਾਰਿਸ ਸੋਮ ਸਲਵਾਤ ਦੀ ਛੁਰੀ ਕੱਪੇ, ਇਹਨਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ ।
(ਝਾਹੀ=ਕੁੱਲੀ, ਜ਼ਬਤ=ਜ਼ਾਬਤਾ,ਕਾਨੂੰਨ, ਸੋਮ ਸਲਵਾਤ=ਰੋਜ਼ਾ ਨਮਾਜ਼)

614. ਹੀਰ ਰਾਂਝੇ ਨੂੰ ਮਿਲੀ

ਹੀਰ ਖੋਹ ਕੇ ਰਾਂਝੇ ਦੇ ਹੱਥ ਦਿੱਤੀ, ਕਰੀਂ ਜੋਗੀਆ ਖ਼ੈਰ ਦੁਆ ਮੀਆਂ ।
ਰਾਂਝੇ ਹੱਥ ਉਠਾ ਕੇ ਦੁਆ ਦਿੱਤੀ, ਤੂੰ ਹੈਂ ਜਲ ਜਲਾਲ ਖ਼ੁਦਾ ਮੀਆਂ ।
ਤੇਰੇ ਹੁਕਮ ਤੇ ਮੁਲਕ ਤੇ ਖ਼ੈਰ ਹੋਵੇ, ਤੇਰੀ ਦੂਰ ਹੋ ਕੁੱਲ ਬਲਾ ਮੀਆਂ ।
ਅੰਨ ਧੰਨ ਤੇ ਲਛਮੀ ਹੁਕਮ ਦੌਲਤ, ਨਿਤ ਹੋਵਣੀ ਦੂਣ ਸਵਾ ਮੀਆਂ ।
ਘੋੜੇ ਊਠ ਹਾਥੀ ਦਮ ਤੋਪ ਖ਼ਾਨੇ, ਹਿੰਦ ਸਿੰਧ ਤੇ ਹੁਕਮ ਚਲਾ ਮੀਆਂ ।
ਵਾਰਿਸ ਸ਼ਾਹ ਰਬ ਨਾਲ ਹਿਆ ਰੱਖੇ, ਮੀਟੀ ਮੁਠ ਹੀ ਦੇ ਲੰਘਾ ਮੀਆਂ ।
(ਜਲਜਲਾਲ=ਰੱਬ, ਸਿੰਧ=ਸਮੁੰਦਰ)

615. ਰਾਂਝਾ

ਲੈ ਕੇ ਚਲਿਆ ਆਪਣੇ ਦੇਸ ਤਾਈਂ, ਚਲ ਨੱਢੀਏ ਰੱਬ ਵਧਾਈਏਂ ਨੀ ।
ਚੌਧਰਾਣੀਏ ਤਖ਼ਤ ਹਜ਼ਾਰੇ ਦੀਏ, ਪੰਜਾਂ ਪੀਰਾਂ ਨੇ ਆਣ ਬਹਾਈਏਂ ਨੀ ।
ਕੱਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ, ਅਤੇ ਮੁਲਕ ਪਹਾੜ ਪਹੁੰਚਾਈਏਂ ਨੀ ।
ਹੀਰ ਆਖਿਆ ਇਵੇਂ ਜੇ ਜਾ ਵੜਸਾਂ, ਰੰਨਾ ਆਖਸਣ ਉਧਲੇ ਆਈਏਂ ਨੀ ।
ਪੇਈਏ ਸਹੁਰੇ ਡੋਬ ਕੇ ਗਾਲਿਉ ਨੀ, ਖੋਹ ਕੌਣ ਨਵਾਲੀਆਂ ਆਈਏਂ ਨੀ ।
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ, ਐਵੇਂ ਬੋਦਲੀ ਹੋਇਕੇ ਆਈਏਂ ਨੀ ।
ਘੱਤ ਜਾਦੂੜਾ ਦੇਵ ਨੇ ਪਰੀ ਠੱਗੀ, ਹੂਰ ਆਦਮੀ ਦੇ ਹੱਥ ਆਈਏਂ ਨੀ ।
ਵਾਰਿਸ ਸ਼ਾਹ ਪਰੇਮ ਦੀ ਜੜੀ ਘੱਤੀ, ਮਸਤਾਨੜੇ ਚਾਕ ਰਹਾਈਏਂ ਨੀ ।
(ਉਧਲ=ਨਿੱਕਲ ਕੇ ਆਈ,ਕੱਢ ਕੇ ਲਿਆਂਦੀ, ਅਕਦ ਨਕਾਹ=ਵਿਆਹ
ਦੀ ਰਸਮ, ਬੋਦਲੀ=ਬੋਦਲੇ ਪੀਰ ਦੀ ਫ਼ਕੀਰਨੀ ਭਾਵ ਮੁਰੀਦਨੀ)

616. ਹੀਰ

ਰਾਹੇ ਰਾਹ ਜਾਂ ਸਿਆਲਾਂ ਦੀ ਜੂਹ ਆਈ, ਹੀਰ ਆਖਿਆਂ ਵੇਖ ਲੈ ਜੂਹ ਮੀਆਂ ।
ਜਿੱਥੋਂ ਖੇਡਦੇ ਗਏ ਸਾਂ ਚੋਜ ਕਰਦੇ, ਤਕਦੀਰ ਲਾਹੇ ਵਿੱਚ ਖੂਹ ਮੀਆਂ ।
ਜਦੋਂ ਜੰਞ ਆਈ ਘਰ ਖੇੜਿਆਂ ਦੀ, ਤੂਫ਼ਾਨ ਆਇਆ ਸਿਰ ਨੂਹ ਮੀਆਂ ।
ਇਹ ਥਾਂਉ ਜਿੱਥੇ ਕੈਦੋ ਫਾਂਟਿਆ ਸੀ, ਨਾਲ ਸੇਲ੍ਹੀਆਂ ਬੰਨ੍ਹ ਧਰੂਹ ਮੀਆਂ ।
(ਲਾਹੇ=ਉਤਾਰੇ, ਧਰੂਹ=ਧੂਹ ਕੇ)

617. ਸਿਆਲਾਂ ਨੂੰ ਖ਼ਬਰ ਹੋਣੀ

ਮਾਹੀਆਂ ਆਖਿਆ ਜਾ ਕੇ ਵਿੱਚ ਸਿਆਲੀਂ, ਨਢੀ ਹੀਰ ਨੂੰ ਚਾਕ ਲੈ ਆਇਆ ਜੇ ।
ਦਾੜ੍ਹੀ ਖੇੜਿਆਂ ਦੀ ਸੱਭਾ ਮੁੰਨ ਸੁੱਟੀ, ਪਾਣੀ ਇੱਕ ਫੂਹੀ ਨਾਹੀਂ ਲਾਇਆ ਜੇ ।
ਸਿਆਲਾਂ ਆਖਿਆ ਪਰ੍ਹਾਂ ਨਾ ਜਾਣ ਕਿਤੇ, ਜਾ ਕੇ ਨੱਢੜੀ ਨੂੰ ਘਰੀਂ ਲਿਆਇਆ ਜੇ ।
ਆਖੋ ਰਾਂਝੇ ਨੂੰ ਜੰਞ ਬਣਾ ਲਿਆਵੇ, ਬਨ੍ਹ ਸਿਹਰੇ ਡੋਲੜੀ ਪਾਇਆ ਜੇ ।
ਜੋ ਕੁੱਝ ਹੈ ਨਸੀਬ ਸੋ ਦਾਜ ਦਾਮਨ, ਸਾਥੋਂ ਤੁਸੀਂ ਭੀ ਚਾ ਲੈਜਾਇਆ ਜੇ ।
ਏਧਰੋਂ ਹੀਰ ਤੇ ਰਾਂਝੇ ਨੂੰ ਲੈਣ ਚੱਲੇ, ਓਧਰੋਂ ਖੇੜਿਆਂ ਦਾ ਨਾਈ ਆਇਆ ਜੇ ।
ਸਿਆਲਾਂ ਆਖਿਆ ਖੇੜਿਆਂ ਨਾਲ ਸਾਡੇ, ਕੋਈ ਖ਼ੈਰ ਦੇ ਪੇਚ ਨਾ ਪਾਇਆ ਜੇ ।
ਹੀਰ ਵਿਆਹ ਦਿੱਤੀ ਮੋਈ ਗਈ ਸਾਥੋਂ, ਮੂੰਹ ਧੀਉ ਦਾ ਨਾ ਵਿਖਾਇਆ ਜੇ ।
ਮੁੜੀ ਤੁਸਾਂ ਥੋਂ ਉਹ ਕਿਸੇ ਖੂਹ ਡੁੱਬੀ, ਕੇਹਾ ਦੇਸ ਤੇ ਪੁਛਨਾ ਲਾਇਆ ਜੇ ।
ਸਾਡੀ ਧੀਉ ਦਾ ਖੋਜ ਮੁਕਾਇਆ ਜੇ, ਕੋਈ ਅਸਾਂ ਤੋਂ ਸਾਕ ਦਿਵਾਇਆ ਜੇ ।
ਓਵੇਂ ਮੋੜ ਕੇ ਨਾਈ ਨੂੰ ਟੋਰ ਦਿੱਤਾ, ਮੁੜ ਫੇਰ ਨਾ ਅਸਾਂ ਵੱਲ ਆਇਆ ਜੇ ।
ਵਾਰਿਸ ਤੁਸਾਂ ਥੋਂ ਇਹ ਉਮੀਦ ਆਹੀ, ਡੰਡੇ ਸੁਥਰਿਆਂ ਵਾਂਗ ਵਜਾਇਆ ਜੇ ।
(ਮਾਹੀਆਂ=ਮਾਹੀ ਮੁੰਡਿਆਂ, ਫੂਹੀ=ਪਾਣੀ ਦਾ ਤੁਪਕਾ, ਦਾਜ ਦਾਮਨ=ਦਾਜ,
ਪੀਚ=ਖਿਚ,ਗੰਢ, ਸੁਥਰਿਆਂ ਵਾਂਗ ਡੰਡੇ ਵਜਾਉਣਾ=ਬਰਾਮਪੁਰਰ ਪਿੰਡ
ਨਿਵਾਸੀ ਨੰਦੇ ਖ਼ਤਰੀ ਦੇ ਘਰ ਇੱਕ ਬਾਲਕ ਦੰਦਾਂ ਸਮੇਤ ਜਨਮਿਆਂ,
ਜਿਸ ਨੂੰ ਜੋਤਸ਼ੀਆਂ ਨੇ ਵਿਘਨਕਾਰੀ ਕਹਿ ਕੇ ਬਾਹਰ ਸੁਟ ਦਿੱਤਾ, ਸ਼੍ਰੀ
ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਪਰਤ ਰਹੇ ਸਨ ।ਉਨ੍ਹਾਂ ਨੇ ਬਾਲਕ
ਨੂੰ ਵੇਖ ਕੇ ਸੰਭਾਲ ਲਿਆ ਅਤੇ ਬੜੇ ਯਤਨਾਂ ਨਾਲ ਪਾਲਿਆਅਤੇ ਇਹਦਾ
ਨਾਉਂ 'ਸੁਥਰਾ' ਰੱਖਿਆ, ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਰਿਹਾ ।ਸੁਥਰੇ
ਸ਼ਾਹ ਦੀਆਂ ਹਾਸਰਸ ਦੀਆਂ ਬਹੁਤ ਕਹਾਣੀਆਂ ਮਸ਼ਹੂਰ ਹਨ ।ਦਿੱਲੀ ਦੇ
ਹਾਕਮਾਂ ਤੋਂ ਇਸਨੇ ਪੈਸਾ ਹੱਟੀ ਉਗਰਾਹਨ ਦਾ ਹੁਕਮ ਪਰਾਪਤ ਕੀਤਾ ।ਹੁਣ
ਸੁਥਰੇ ਸਿੱਖ ਧਰਮ ਭੁਲ ਗਏ ਹਨ ਅਤੇ ਡੰਡੇ ਵਜਾਕੇ ਹੱਟੀਆਂ ਤੋਂ ਮੰਗਕੇ
ਖਾਂਦੇ ਹਨ)

618. ਹੀਰ ਨੂੰ ਸਿਆਲਾਂ ਨੇ ਘਰ ਲਿਆਉਣਾ

ਭਾਈਆਂ ਜਾਇਕੇ ਹੀਰ ਨੂੰ ਘਰੀਂ ਆਂਦਾ, ਰਾਂਝਾ ਨਾਲ ਹੀ ਘਰੀਂ ਮੰਗਾਇਉ ਨੇ ।
ਲਾਹ ਮੁੰਦਰਾਂ ਜਟਾਂ ਮੁਨਾਇ ਸੁੱਟੀਆਂ, ਸਿਰ ਸੋਹਣੀ ਪੱਗ ਬਨ੍ਹਾਇਉ ਨੇ ।
ਘਿਨ ਘੱਤ ਕੇ ਖੰਡ ਤੇ ਦੁੱਧ ਚਾਵਲ, ਅੱਗੇ ਰਖ ਪਲੰਘ ਬਹਾਇਉ ਨੇ ।
ਯਾਕੂਬ ਦੇ ਪਿਆਰੜੇ ਪੁਤ ਵਾਂਗੂੰ, ਕੱਢ ਖੂਹ ਥੀਂ ਤਖ਼ਤ ਬਹਾਇਉ ਨੇ ।
ਜਾ ਭਾਈਆਂ ਦੀ ਜੰਞ ਜੋੜ ਲਿਆਵੀਂ, ਅੰਦਰ ਵਾੜ ਕੇ ਬਹੁਤ ਸਮਝਾਇਉ ਨੇ ।
ਨਾਲ ਦੇਇ ਲਾਗੀ ਖ਼ੁਸ਼ੀ ਹੋ ਸਭਨਾਂ, ਤਰਫ਼ ਘਰਾਂ ਦੇ ਓਸ ਪਹੁੰਚਾਇਉ ਨੇ ।
ਭਾਈਚਾਰੇ ਨੂੰ ਮੇਲ ਬਹਾਇਉ ਨੇ, ਸਭੋ ਹਾਲ ਅਹਿਵਾਲ ਸੁਣਾਇਉ ਨੇ ।
ਵੇਖੋ ਦਗ਼ੇ ਦੇ ਫੰਦ ਲਾਇਉ ਨੇ, ਧੀਉ ਮਾਰਨ ਦਾ ਮਤਾ ਪਕਾਇਉ ਨੇ ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੇ, ਵੇਖ ਨਵਾਂ ਪਾਖੰਡ ਰਚਾਇਉ ਨੇ ।
(ਯਾਕੂਬ ਦਾ ਪੁੱਤਰ=ਯੂਸਫ਼, ਫੰਦ=ਜਾਲ)

619. ਰਾਂਝਾ ਤਖ਼ਤ ਹਜ਼ਾਰੇ ਬਰਾਤ ਲਿਆਉਣ ਲਈ ਗਿਆ

ਰਾਂਝੇ ਜਾਇ ਕੇ ਘਰੇ ਆਰਾਮ ਕੀਤਾ, ਗੰਢ ਫੇਰੀਆ ਸੂ ਵਿੱਚ ਭਾਈਆਂ ਦੇ ।
ਸਾਰਾ ਕੋੜਮਾ ਆਇਕੇ ਗਿਰਦ ਹੋਇਆ, ਬੈਠਾ ਪੈਂਚ ਹੋ ਵਿੱਚ ਭਰਜਾਈਆਂ ਦੇ ।
ਚਲੋ ਭਾਈਉ ਵਿਆਹ ਕੇ ਸਿਆਲ ਲਿਆਈਏ, ਹੀਰ ਲਈ ਹੈ ਨਾਲ ਦੁਆਈਆਂ ਦੇ ।
ਜੰਞ ਜੋੜ ਕੇ ਰਾਂਝੇ ਤਿਆਰ ਕੀਤੀ, ਟਮਕ ਚਾ ਬੱਧੇ ਮਗਰ ਨਾਈਆਂ ਦੇ ।
ਵਾਜੇ ਦੱਖਣੀ ਧਰੱਗਾਂ ਦੇ ਨਾਲ ਵੱਜਣ, ਲਖ ਰੰਗ ਛੈਣੇ ਸਰਨਾਈਆਂ ਦੇ ।
ਵਾਰਿਸ ਸ਼ਾਹ ਵਸਾਹ ਕੀ ਜੀਊਣੇ ਦਾ, ਬੰਦਾ ਬੱਕਰਾ ਹੱਥ ਕਸਾਈਆਂ ਦੇ ।
(ਗੰਢ ਫੇਰੀ=ਵਿਆਹ ਦਾ ਸੱਤਾ ਦਿੱਤਾ, ਕੋੜਮਾ=ਖ਼ਾਨਦਾਨ, ਧਰੱਗ=ਢੋਲ,
ਸਰਨਾਈਆਂ=ਬੈਗ ਪਾਈਪਾਂ, ਮਸ਼ਕ ਵਰਗੀਆਂ ਬੀਨਾਂ)

620. ਸਿਆਲਾਂ ਨੇ ਹੀਰ ਨੂੰ ਮਾਰ ਦੇਣਾ

ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ, ਭਲੇ ਆਦਮੀ ਗ਼ੈਰਤਾਂ ਪਾਲਦੇ ਨੀ ।
ਯਾਰੋ ਗਲ ਮਸ਼ਹੂਰ ਜਹਾਨ ਉੱਤੇ, ਸਾਨੂੰ ਮੇਹਣੇ ਹੀਰ ਲਿਆਲ ਦੇ ਨੀ ।
ਪੱਤ ਰਹੇਗੀ ਨਾ ਜੇ ਟੋਰ ਦਿੱਤੀ, ਨੱਢੀ ਨਾਲ ਮੁੰਡੇ ਮਹੀਂਵਾਲ ਦੇ ਨੀ ।
ਫਟ ਜੀਭ ਦੇ ਕਾਲਖ ਬੇਟੀਆਂ ਦੀ, ਐਬ ਜੁਆਨੀ ਦੇ ਮੇਹਣੇ ਗਾਲ੍ਹ ਦੇ ਨੀ ।
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ, ਦਗ਼ਾ ਕਰਨ ਜੋ ਮਹਿਰਮ ਹਾਲ ਦੇ ਨੀ ।
ਕਬਰ ਵਿੱਚ ਦਾਉਸ ਖ਼ਨਜ਼ੀਰ ਹੋਸਣ, ਜਿਹੜੇ ਲਾਡ ਕਰਨ ਧਨ ਮਾਲ ਦੇ ਨੀ ।
ਔਰਤ ਆਪਣੀ ਕੋਲ ਜੇ ਗ਼ੈਰ ਵੇਖਣ, ਗ਼ੈਰਤ ਕਰਨ ਨਾ ਓਸ ਦੇ ਹਾਲ ਦੇ ਨੀ ।
ਮੂੰਹ ਤਿੰਨ੍ਹਾਂ ਦਾ ਵੇਖਣਾ ਖ਼ੂਕ ਵਾਂਗੂੰ, ਕਤਲ ਕਰਨ ਰਫ਼ੀਕ ਜੋ ਨਾਲ ਦੇ ਨੀ ।
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਈ, ਅਮਲ ਕਰਨ ਜੋ ਉਹ ਚੰਡਾਲ ਦੇ ਨੀ ।
ਹੋਏ ਚੂਹੜਾ ਤੁਰਕ ਹਰਾਮ ਮੁਸਲਮ, ਮੁਸਲਮਾਨ ਸਭ ਓਸ ਦੇ ਨਾਲ ਦੇ ਨੀ ।
ਦੌਲਤਮੰਦ ਦੇਉਸ ਦੀ ਤਰਕ ਸੁਹਬਤ, ਮਗਰ ਲੱਗੀਏ ਨੇਕ ਕੰਗਾਲ ਦੇ ਨੀ ।
ਕੋਈ ਕਚਕੜਾ ਲਾਲ ਨਾ ਹੋ ਜਾਂਦਾ, ਜੇ ਪਰੋਈਏ ਨਾਲ ਉਹ ਲਾਲ ਦੇ ਨੀ ।
ਜ਼ਹਿਰ ਦੇ ਕੇ ਮਾਰੀਏ ਨੱਢੜੀ ਨੂੰ, ਗੁਨਾਹਗਾਰ ਹੋ ਜਲਜਲਾਲ ਦੇ ਨੀ ।
ਮਾਰ ਸੁੱਟਿਆ ਹੀਰ ਨੂੰ ਮਾਪਿਆਂ ਨੇ, ਇਹ ਪੇਖਨੇ ਓਸ ਦੇ ਖ਼ਿਆਲ ਦੇ ਨੀ ।
ਬਦ-ਅਮਲੀਆਂ' ਜਿਨ੍ਹਾਂ ਥੋਂ ਕਰੇਂ ਚੋਰੀ, ਮਹਿਰਮ ਹਾਲ ਤੇਰੇ ਵਾਲ ਵਾਲ ਦੇ ਨੀ ।
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ, ਅਸਾਂ ਆਸਰੇ ਫਜ਼ਲ ਕਮਾਲ ਦੇ ਨੀ ।
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੀਅਨਗੇ, ਵਾਰਿਸ ਸ਼ਾਹ ਫ਼ਕੀਰ ਦੇ ਨਾਲ ਦੇ ਨੀ ।
(ਗ਼ੈਰਤ=ਅਣਖ, ਮਹੀਂਵਾਲ=ਮਝਾਂ ਚਾਰਨ ਵਾਲਾ, ਖ਼ਨਜ਼ੀਰ=ਸੂਰ, ਖ਼ੂਕ=ਸੂਰ,
ਧਨ=ਔਰਤ, ਰਫ਼ੀਕ=ਸਾਥੀ, ਚੰਡਾਲ=ਜ਼ਾਲਮ, ਤਰਕ ਹਰਾਮ=ਹਰਾਮ ਖਾਣਾ ਛਡ
ਦੇਣਾ, ਬਦ ਅਮਲੀਆਂ=ਮਾੜੇ ਕੰਮ ਕਰਨ ਵਾਲਿਆਂ)

621. ਹੀਰ ਦੀ ਮੌਤ ਦੀ ਖ਼ਬਰ ਰਾਂਝੇ ਨੂੰ ਦੇਣੀ

ਹੀਰ ਜਾਨੇ-ਬਹੱਕ ਤਸਲੀਮ ਹੋਈ, ਸਿਆਲਾਂ ਦਫ਼ਨਾ ਕੇ ਖ਼ਤ ਲਿਖਾਇਆ ਈ ।
ਵਲੀ ਗ਼ੌਸ ਤੇ ਕੁਤਬ ਸਭ ਖ਼ਤਮ ਹੋਏ, ਮੌਤ ਸੱਚ ਹੈ ਰੱਬ ਫ਼ੁਰਮਾਇਆ ਈ ।
'ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ', ਹੁਕਮ ਵਿੱਚ ਕੁਰਾਨ ਦੇ ਆਇਆ ਈ ।
ਅਸਾਂ ਸਬਰ ਕੀਤਾ ਤੁਸਾਂ ਸਬਰ ਕਰਨਾ, ਇਹ ਧੁਰੋਂ ਹੀ ਹੁੰਦੜਾ ਆਇਆ ਈ ।
ਅਸਾਂ ਹੋਰ ਉਮੀਦ ਸੀ ਹੋਰ ਹੋਈ, ਖ਼ਾਲੀ ਜਾਏ ਉਮੀਦ ਫ਼ੁਰਮਾਇਆ ਈ ।
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼, ਲਿਖ ਆਦਮੀ ਤੁਰਤ ਭਜਾਇਆ ਈ ।
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ, ਖ਼ਤ ਰੋਇਕੇ ਹੱਥ ਫੜਾਇਆ ਈ ।
ਇਹ ਰੋਵਣਾ ਖ਼ਬਰ ਕੀ ਲਿਆਇਆ ਏ, ਮੂੰਹ ਕਾਸ ਥੋਂ ਬੁਰਾ ਬਣਾਇਆ ਈ ।
ਮਾਜ਼ੂਲ ਹੋਇਉਂ ਤਖ਼ਤ ਜ਼ਿੰਦਗੀ ਥੋਂ, ਫ਼ਰਮਾਨ ਤਗ਼ੱਈਅਰ ਦਾ ਆਇਆ ਈ ।
ਮੇਰੇ ਮਾਲ ਨੂੰ ਖ਼ੈਰ ਹੈ ਕਾਸਦਾ ਓ, ਆਖ ਕਾਸਨੂੰ ਡੁਸਕਣਾ ਲਾਇਆ ਈ ।
ਤੇਰੇ ਮਾਲ ਨੂੰ ਧਾੜਵੀ ਉਹ ਪਿਆ, ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ ।
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ, ਮੈਨੂੰ ਸਿਆਲਾਂ ਨੇ ਅੱਜ ਭਿਜਵਾਇਆ ਈ ।
ਵਾਰਿਸ ਸ਼ਾਹ ਮੀਆਂ ਗੱਲ ਠੀਕ ਜਾਣੀਂ, ਤੈਥੇ ਕੂਚ ਦਾ ਆਦਮੀ ਆਇਆ ਈ ।
(ਜਾਨੇ-ਬਹੱਕ ਤਸਲੀਮ=ਮਰ ਗਈ, ਕੁਲ ਸ਼ੈਅਨ ਹਾਲਿਕੁਲ ਇੱਲਾ ਵਜ ਹਾ ਹੂ=
ਹਰ ਸ਼ੈ ਹਲਾਕ ਹੋ ਜਾਏਗੀ ਸਿਵਾ ਉਸ ਦੇ ਜਿਹਦੇ ਵਲ ਰਬ ਦੀ ਤਵੱਜੋ ਹੈ, ਮਾਜ਼ੂਲ
ਹੋਇਉਂ ਤਖ਼ਤ=ਗੱਦੀ ਤੋਂ ਲਾਹ ਦਿੱਤਾ, ਤਗ਼ੱਈਅਰ=ਬਦਲੀ, ਡੁਸਕਣਾ=ਰੋਣਾ)

622. ਰਾਂਝੇ ਨੇ ਆਹ ਮਾਰੀ

ਰਾਂਝੇ ਵਾਂਗ ਫ਼ਰਹਾਦ ਦੇ ਆਹ ਕੱਢੀ, ਜਾਨ ਗਈ ਸੂ ਹੋ ਹਵਾ ਮੀਆਂ ।
ਦੋਵੇਂ ਦਾਰੇ ਫ਼ਨਾ ਥੀਂ ਗਏ ਸਾਬਤ, ਜਾ ਰੁੱਪੇ ਨੇ ਦਾਰੇ ਬਕਾ ਮੀਆਂ ।
ਦੋਵੇਂ ਰਾਹ ਮਜਾਜ਼ ਦੇ ਰਹੇ ਸਾਬਤ, ਨਾਲ ਸਿਦਕ ਦੇ ਗਏ ਵਹਾ ਮੀਆਂ ।
ਵਾਰਿਸ ਸ਼ਾਹ ਇਸ ਖ਼ਾਬ ਸਰਾਏ ਅੰਦਰ, ਕਈ ਵਾਜੜੇ ਗਏ ਵਜਾ ਮੀਆਂ ।
(ਦਾਰ-ਏ-ਫ਼ਨਾ=ਮੌਤ ਦਾ ਘਰ,ਇਹ ਦੁਨੀਆਂ, ਦਾਰ-ਏ-ਬਕਾ=ਸਦਾ
ਰਹਿਣ ਵਾਲੀ ਦੁਨੀਆਂ,ਅਗਲਾ ਜਹਾਨ ਰਾਹ ਮਜਾਜ਼=ਇਸ਼ਕ ਮਜਾਜ਼ੀ
ਭਾਵ ਦੁਨਿਆਵੀ ਪਿਆਰ ਦੇ ਰਾਹ, ਸਾਬਤ=ਕਾਇਮ,ਪੱਕੇ, ਵਹਾ ਗਏ=
ਕਟ ਗਏ)

623. ਵਾਕ ਕਵੀ

ਕਈ ਬੋਲ ਗਏ ਸ਼ਾਖ਼ ਉਮਰ ਦੀ ਤੇ, ਏਥੇ ਆਲ੍ਹਣਾ ਕਿਸੇ ਨਾ ਪਾਇਆ ਈ ।
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ ।
ਵੱਡੀ ਉਮਰ ਆਵਾਜ਼ ਔਲਾਦ ਵਾਲਾ, ਜਿਸ ਨੂਹ ਤੂਫ਼ਾਨ ਮੰਗਵਾਇਆ ਈ ।
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਿਲਾਇਆ ਈ ।
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ, ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ ।
ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ, ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ ।
(ਸਾਥ ਲਦਾਇਆ=ਨਾਲ ਨਹੀਂ ਲੈ ਗਏ, ਤੂਫ਼ਾਨ ਮੰਗਵਾਇਆ=ਮੰਗ ਕੇ ਤੂਫ਼ਾਨ
ਲਿਆ, ਮਰਗ਼ੂਬ=ਸੁਹਣਾ)

624. ਹਿਜਰੀ ਸੰਮਤ 1180, ਤਾਰੀਖ 1823 ਬਿਕਰਮੀ

ਸਨ ਯਾਰਾਂ ਸੈ ਅੱਸੀਆਂ ਨਬੀ ਹਿਜ਼ਰਤ, ਲੰਮੇ ਦੇਸ ਦੇ ਵਿੱਚ ਤਿਆਰ ਹੋਈ ।
ਅਠਾਰਾਂ ਸੈ ਤੇਈਸੀਆਂ ਸੰਮਤਾਂ ਦਾ, ਰਾਜੇ ਬਿਕਰਮਾਜੀਤ ਦੀ ਸਾਰ ਹੋਈ ।
ਜਦੋਂ ਦੇਸ ਤੇ ਜੱਟ ਸਰਦਾਰ ਹੋਏ, ਘਰੋ ਘਰੀ ਜਾਂ ਨਵੀਂ ਸਰਕਾਰ ਹੋਈ ।
ਅਸ਼ਰਾਫ਼ ਖ਼ਰਾਬ ਕਮੀਨ ਤਾਜ਼ੇ, ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ ।
ਚੋਰ ਚੌਧਰੀ ਯਾਰਨੀ ਪਾਕ ਦਾਮਨ, ਭੂਤ ਮੰਡਲੀ ਇੱਕ ਥੀਂ ਚਾਰ ਹੋਈ ।
ਵਾਰਿਸ ਸ਼ਾਹ ਜਿਨ੍ਹਾਂ ਕਿਹਾ ਪਾਕ ਕਲਮਾ, ਬੇੜੀ ਤਿਨ੍ਹਾਂ ਦੀ ਆਕਬਤ ਪਾਰ ਹੋਈ ।
(ਲੰਮਾ ਦੇਸ਼=ਪੰਜਾਬ ਦਾ ਦੱਖਣ ਪੱਛਮ ਦਾ ਇਲਾਕਾ, ਦੇਸ ਤੇ ਜਟ ਸਰਦਾਰ ਹੋਏ=
ਆਦੀਨਾ ਬੇਗ਼ ਦੀ ਮੌਤ 1758 ਈ ਪਿੱਛੋਂ ਸਿੱਖ ਸਰਦਾਰਾਂ ਦੀਆਂ 12 ਮਿਸਲਾਂ ।
1762 ਵਿੱਚ ਮਲਕਾ ਹਾਂਸ ਦਾ ਸਰਦਾਰ ਮੁਹੰਮਦ ਅਜ਼ੀਮ ਸੀ, ਉਹਦੇ ਉੱਤੇ ਅਤੇ
1766 ਵਿੱਚ ਸੂਬਾ ਮੁਲਤਾਨ ਉੱਤੇ ਸਰਦਾਰ ਝੰਡਾ ਸਿੰਘ ਗੰਡਾ ਸਿੰਘ ਨੇ ਹਮਲਾ
ਕੀਤਾ ਅਤੇ ਇਹ ਇਲਾਕੇ ਮੁਹੰਮਦ ਅਜ਼ਮੀ ਤੋਂ ਖੋਹ ਲਏ, ਅਸ਼ਰਾਫ=ਸ਼ਰੀਫ਼ ਦਾ
ਬਹੁ-ਵਚਨ,ਭਲੇਮਾਣਸ, ਤਾਜ਼ੇ=ਤਰੱਕੀ ਤੇ, ਭੂਤ ਮੰਡਲੀ=ਬੁਰੇ ਲੋਕ, ਆਕਬਤ=
ਅਖ਼ੀਰ,ਅੰਤ)

625. ਵਾਕ ਕਵੀ

ਖਰਲ ਹਾਂਸ ਦਾ ਸ਼ਹਿਰ ਮਸ਼ਹੂਰ ਮਲਕਾ, ਜਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ ।
ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖ਼ਾਸ ਦੇ ਮੈਂ ।
ਪੜ੍ਹਣ ਗਭਰੂ ਦਿਲੀਂ ਵਿੱਚ ਖ਼ੁਸ਼ੀ ਹੋ ਕੇ, ਫੁੱਲ ਭੇਜਿਆ ਵਾਸਤੇ ਬਾਸ ਦੇ ਮੈਂ ।
ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੈਥੇ, ਕਰਾਂ ਮਾਣ ਨਿਮਾਨੜਾ ਕਾਸ ਦੇ ਮੈਂ ।
(ਮਲਕਾ ਹਾਂਸ=ਪਾਕਪਟਨ ਸਾਹੀਵਾਲ ਸੜ੍ਹਕ ਤੇ ਪਾਕਪਟਨ ਤੋਂ 9 ਮੀਲ ਦੂਰ
ਇੱਕ ਪੁਰਾਣਾ ਕਸਬਾ ਹੈ ਜਿਸਦੇ ਵਿੱਚ ਮੁਹੱਲਾ ਉੱਚਾ ਟਿੱਬਾ ਦੀ ਮਸੀਤ ਵਿੱਚ ਬੈਠ
ਕੇ ਵਾਰਿਸ ਸ਼ਾਹ ਨੇ ਕਿੱਸਾ ਹੀਰ ਪੂਰਾ ਕੀਤਾ, ਨਖ਼ਾਸ=ਮੰਡੀ, ਬਾਸ=ਮਹਿਕ,
ਰਾਸ=ਦੌਲਤ, ਕਾਸ ਦੇ=ਕਿਸ ਤੇ)

626. ਤਥਾ

ਅਫ਼ਸੋਸ ਮੈਨੂੰ ਆਪਣੀ ਨਾਕਸੀ ਦਾ, ਗੁਨਾਹਗਾਰ ਨੂੰ ਹਸ਼ਰ ਦੇ ਸੂਰ ਦਾ ਏ ।
ਇਹਨਾਂ ਮੋਮਨਾਂ ਖ਼ੌਫ਼ ਈਮਾਨ ਦਾ ਏ, ਅਤੇ ਹਾਜੀਆਂ ਬੈਤ ਮਾਮੂਰ ਦਾ ਏ ।
ਸੂਬਾ ਦਾਰ ਨੂੰ ਤਲਬ ਸਿਪਾਹ ਦੀ ਦਾ, ਅਤੇ ਚਾਕਰਾਂ ਕਾਟ ਕਸੂਰ ਦਾ ਏ ।
ਸਾਰੇ ਮੁਲਕ ਖ਼ਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫ਼ਸੋਸ ਕਸੂਰ ਦਾ ਏ ।
ਸਾਨੂੰ ਸ਼ਰਮ ਹਿਆ ਦਾ ਖ਼ੌਫ਼ ਰਹਿੰਦਾ, ਜਿਵੇਂ ਮੂਸਾ ਨੂੰ ਖ਼ੌਫ਼ ਕੋਹ ਤੂਰ ਦਾ ਏ ।
ਇਹਨਾਂ ਗ਼ਾਜ਼ੀਆਂ ਕਰਮ ਬਹਿਸ਼ਤ ਹੋਵੇ, ਤੇ ਸ਼ਹੀਦਾਂ ਨੂੰ ਵਾਅਦਾ ਹੂਰ ਦਾ ਏ ।
ਐਵੇਂ ਬਾਹਰੋਂ ਸ਼ਾਨ ਖ਼ਰਾਬ ਵਿੱਚੋਂ, ਜਿਵੇਂ ਢੋਲ ਸੁਹਾਵਣਾ ਦੂਰ ਦਾ ਏ ।
ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ, ਸ਼ਾਗਿਰਦ ਮਖ਼ਦੂਮ ਕਸੂਰ ਦਾ ਏ ।
ਰਬ ਆਬਰੂ ਨਾਲ ਈਮਾਨ ਬਖ਼ਸ਼ੇ, ਸਾਨੂੰ ਆਸਰਾ ਫ਼ਜ਼ਲ ਗ਼ਫੂਰ ਦਾ ਏ ।
ਵਾਰਿਸ ਸ਼ਾਹ ਨਾ ਅਮਲ ਦੇ ਟਾਂਕ ਮੈਥੇ, ਆਪ ਬਖਸ਼ ਲਕਾ ਹਜ਼ੂਰ ਦਾ ਏ ।
ਵਾਰਿਸ ਸ਼ਾਹ ਹੋਵੇ ਰੌਸ਼ਨ ਨਾਮ ਤੇਰਾ, ਕਰਮ ਹੋਵੇ ਜੇ ਰਬ ਸ਼ਕੂਰ ਦਾ ਏ ।
ਵਾਰਿਸ ਸ਼ਾਹ ਤੇ ਜੁਮਲਿਆਂ ਮੋਮਨਾਂ ਨੂੰ, ਹਿੱਸਾ ਬਖ਼ਸ਼ਿਆ ਆਪਣੇ ਨੂਰ ਦਾ ਏ ।
(ਨਾਕਸੀ=ਘਟ ਅਕਲ,ਨੁਕਸਾਂ, ਹਸ਼ਰ ਦਾ ਸੂਰ=ਕਿਆਮਤ ਦੇ ਬਿਗਲ,
ਮੋਮਨ=ਮੁਸਲਮਾਨ, ਬੈਤ ਮਾਮੂਰ=ਖ਼ਾਨਾ ਕਾਅਬਾ ਦੇ ਉੱਤੇ ਰਬ ਦਾ ਘਰ
ਜਿੱਥੇ ਫ਼ਰਿਸ਼ਤੇ ਭਜਨ ਬੰਦਗੀ ਕਰਦੇ ਹਨ, ਤਲਬ=ਤਨਖਾਹ, ਗ਼ਾਜ਼ੀ=
ਕਾਫ਼ਰਾਂ ਨਾਲ ਲੜਣ ਵਾਲਾ, ਮਖ਼ਦੂਮ=ਆਕਾ,ਪੀਰ, ਆਬਰੂ=ਇੱਜ਼ਤ,
ਗ਼ਫੂਰ=ਮੁਆਫ਼ ਕਰਨ ਵਾਲਾ, ਟਾਂਕ=ਚਾਰ ਤੋਲੇ ਭਾਰ ਤੋਲਣ ਦਾ ਵੱਟਾ
ਜੋ ਕੀਮਤੀ ਵਸਤਾਂ ਹੀਰੇ ਜਵਾਹਰਾਤ ਤੋਲਣ ਲਈ ਵਰਤਿਆ ਜਾਂਦਾ ਸੀ,
ਲਕਾ=ਚਿਹਰਾ,ਦੀਦਾਰ, ਜੁਮਲਿਆਂ=ਸਾਰਿਆਂ, ਕਰਮ=ਮਿਹਰਬਾਨੀ)

627. ਕਿਤਾਬ ਦਾ ਖ਼ਾਤਮਾ

ਖ਼ਤਮ ਰਬ ਦੇ ਕਰਮ ਦੇ ਨਾਲ ਹੋਈ, ਫ਼ਰਮਾਇਸ਼ ਪਿਆਰੜੇ ਯਾਰ ਦੀ ਸੀ ।
ਐਸਾ ਸ਼ਿਅਰ ਕੀਤਾ ਪੁਰਮਗ਼ਜ਼ ਮੋਜ਼ੂੰ, ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ ।
ਤੂਲ ਖੋਲ੍ਹ ਕੇ ਜ਼ਿਕਰ ਬਿਆਨ ਕੀਤਾ, ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ ।
ਤਮਸੀਲ ਦੇ ਨਾਲ ਬਣਾਇ ਕਹਿਆ, ਜੇਹੀ ਜ਼ੀਨਤ ਲਾਲ ਦੇ ਹਾਰ ਦੀ ਸੀ ।
ਜੋ ਕੋ ਪੜ੍ਹੇ ਸੋ ਬਹੁਤ ਖੁਰਸੰਦ ਹੋਵੇ, ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ ।
ਵਾਰਿਸ ਸ਼ਾਹ ਨੂੰ ਸਿੱਕ ਦੀਦਾਰ ਦੀ ਹੈ, ਜੇਹੀ ਹੀਰ ਨੂੰ ਭਟਕਨਾ ਯਾਰ ਦੀ ਸੀ ।
(ਪੁਰ ਮਗ਼ਜ਼=ਠੋਸ, ਮੌਜ਼ੂ ਕੀਤਾ=ਬਣਾਇਆ,ਲਿਖਿਆ, ਸ਼ਹਿਵਾਰ=ਬਾਦਸ਼ਾਹਾਂ
ਲਾਇਕ, ਤੂਲ ਖੋਲ੍ਹ ਕੇ=ਵਿਸਥਾਰ ਨਾਲ. ਤਮਸੀਲ=ਉਦਾਹਰਨ ਦੇ ਕੇ,ਦ੍ਰਿਸ਼ਟਾਂਤ,
ਜ਼ੀਨਤ=ਸਜਾਵਟ. ਖੁਰਸੰਦ=ਖ਼ੁਸ਼,ਪਰਸੰਨ, ਸਿਕ=ਖਾਹਿਸ਼)

628. ਤਥਾ

ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ, ਪੜ੍ਹਣ ਵਾਲਿਆਂ ਕਰੀਂ ਅਤਾ ਸਾਈ ।
ਸੁਣਨ ਵਾਲਿਆਂ ਨੂੰ ਬਖਸ਼ ਖ਼ੁਸ਼ੀ ਦੌਲਤ, ਰੱਖੀਂ ਜ਼ੌਕ ਤੇ ਸ਼ੌਕ ਦਾ ਚਾ ਸਾਈਂ ।
ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ, ਮੀਟੀ ਮੁਠ ਹੀ ਦੇਈਂ ਲੰਘਾ ਸਾਈ ।
ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਈਮਾਨ ਲਕਾ ਸਾਈਂ ।
(ਅਤਾ ਕਰੀਂ=ਮਿਹਰਬਾਨੀ ਨਾਲ ਕੁੱਝ ਤੁਹਫਾ ਦੇਈਂ)

629. ਵਾਕ ਕਵੀ

ਹੀਰ ਰੂਹ ਤੇ ਚਾਕ ਕਲਬੂਤ ਜਾਣੋ, ਬਾਲਨਾਥ ਏਹ ਪੀਰ ਬਣਾਇਆ ਈ ।
ਪੰਜ ਪੀਰ ਹਵਾਸ ਇਹ ਪੰਜ ਤੇਰੇ, ਜਿਨ੍ਹਾਂ ਥਾਪਣਾ ਤੁੱਧ ਨੂੰ ਲਾਇਆ ਈ ।
ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ, ਇਆਲ ਮੁਨਕਰ ਨਕੀਰ ਠਹਿਰਾਇਆ ਈ ।
ਕੋਠਾ ਗੋਰ ਇਜ਼ਰਾਈਲ ਹੈ ਇਹ ਖੇੜਾ, ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ ।
ਕੈਦੋ ਲੰਙਾ ਸ਼ੈਤਾਨ ਮਲਊਨ ਜਾਣੋ, ਜਿਸ ਨੇ ਵਿੱਚ ਦੀਵਾਨ ਫੜਾਇਆ ਈ ।
ਸਈਆਂ ਹੀਰ ਦੀਆਂ ਰੰਨ ਘਰ ਬਾਰ ਤੇਰਾ, ਜਿਨ੍ਹਾਂ ਨਾਲ ਪੈਵੰਦ ਬਣਾਇਆ ਈ ।
ਵਾਂਗ ਹੀਰ ਦੇ ਬੰਨ੍ਹ ਲੈ ਜਾਣ ਤੈਨੂੰ, ਕਿਸੇ ਨਾਲ ਨਾ ਸਾਥ ਲਦਾਇਆ ਈ ।
ਜਿਹੜਾ ਬੋਲਦਾ ਨਾਤਕਾ ਵੰਝਲੀ ਹੈ, ਜਿਸ ਹੋਸ਼ ਦਾ ਰਾਗ ਸੁਣਾਇਆ ਈ ।
ਸਹਿਤੀ ਮੌਤ ਤੇ ਜਿਸਮ ਹੈ ਯਾਰ ਰਾਂਝਾ, ਇਨ੍ਹਾਂ ਦੋਹਾਂ ਨੇ ਭੇੜ ਮਚਾਇਆ ਈ ।
ਸ਼ਹਿਵਤ ਭਾਬੀ ਤੇ ਭੁਖ ਰਬੇਲ ਬਾਂਦੀ, ਜਿਨ੍ਹਾਂ ਜੰਨਤੋਂ ਮਾਰ ਕਢਾਇਆ ਈ ।
ਜੋਗੀ ਹੈ ਔਰਤ ਕੰਨ ਪਾੜ ਜਿਸ ਨੇ, ਸਭ ਅੰਗ ਬਿਭੂਤ ਰਮਾਇਆ ਈ ।
ਦੁਨੀਆਂ ਜਾਣ ਐਵੇਂ ਜਿਵੇਂ ਝੰਗ ਪੇਕੇ, ਗੋਰ ਕਾਲੜਾ ਬਾਗ਼ ਬਣਾਇਆ ਈ ।
ਤ੍ਰਿੰਞਣ ਇਹ ਬਦ ਅਮਲੀਆਂ ਤੇਰੀਆਂ ਨੇ, ਕੱਢ ਕਬਰ ਥੀਂ ਦੋਜ਼ਖ਼ੇ ਪਾਇਆ ਈ ।
ਉਹ ਮਸੀਤ ਹੈ ਮਾਂਉਂ ਦਾ ਸ਼ਿਕਮ ਬੰਦੇ, ਜਿਸ ਵਿੱਚ ਸ਼ਬ ਰੋਜ਼ ਲੰਘਾਇਆ ਈ ।
ਅਦਲੀ ਰਾਜਾ ਏਹ ਨੇਕ ਨੇ ਅਮਲ ਤੇਰੇ, ਜਿਸ ਹੀਰ ਈਮਾਨ ਦਿਵਾਇਆ ਈ ।
ਵਾਰਿਸ ਸ਼ਾਹ ਮੀਆਂ ਬੇੜੀ ਪਾਰ ਤਿਨ੍ਹਾਂ, ਕਲਮਾ ਪਾਕ ਜ਼ਬਾਨ ਤੇ ਆਇਆ ਈ ।
(ਥਾਪਣਾ ਲਾਇਆ=ਥਾਪੀ ਦਿੱਤੀ, ਮੁਨਕਰ ਅਤੇ ਨਕੀਰ=ਦੋ ਫ਼ਰਿਸ਼ਤੇ ਜਿਹੜੇ
ਹਰ ਵੇਲੇ ਬੰਦੇ ਦੇ ਚੰਗੇ ਮੰਦੇ ਕੰਮ ਦਾ ਹਿਸਾਬ ਰੱਖਦੇ ਹਨ, ਮਲਊਨ=ਰੱਦ ਕੀਤਾ
ਹੋਇਆ,ਬਰਾਦਰੀ ਵਿੱਚੋਂ ਸੇਕਿਆ ਹੋਇਆ, ਪੈਵੰਦ=ਰਿਸ਼ਤਾ,ਜੋੜ, ਨਾਤਕਾ=
ਬੋਲਣ ਸ਼ਕਤੀ, ਭੇੜ=ਝਗੜਾ, ਸ਼ਹਿਵਤ=ਜਿਣਸੀ ਭੁਖ ਤੇ ਲਾਲਸਾ, ਸ਼ਿਕਮ=ਪੇਟ,
ਗਰਭ, ਸ਼ਬ ਰੋਜ਼=ਦਿਨ ਰਾਤ)