ਹੀਰ-ਰਾਂਝਾ ਹਾਸ਼ਮ ਸ਼ਾਹ

ਹੀਰ-ਰਾਂਝਾ ਹਾਸ਼ਮ ਸ਼ਾਹ
ਹਾਸ਼ਮ ਸ਼ਾਹ

ਹੀਰ ਰਾਂਝੇ ਕੀ ਬਿਰਤੀ
ਤੀਹ ਬੈਂਤਾਂ ਵਿਚ ਸਰਬ ਲਿਖਯਤੇ



ਅਲਫ਼ ਓਸ ਦਾ ਕੁਲ ਜ਼ਹੂਰ ਹੈ ਜੀ,
ਖ਼ਲਕ ਆਪੋ ਆਪਣੇ ਰਾਹ ਪਾਈ ।
ਕੋਈ ਹੱਸਦਾ ਹੈ ਕੋਈ ਰੋਂਵਦਾ ਹੈ,
ਸਭ ਇਸ਼ਕ ਨੇ ਧੂਮਾਧਾਮ ਚਾਈ ।
ਕਿੱਸਾ ਆਖਣਾ ਆਸ਼ਕਾਂ ਕਾਮਲਾਂ ਦਾ,
ਇਹ ਵੀ ਬੰਦਗੀ ਹੈ ਧੁਰੋਂ ਨਾਲ ਆਈ ।
ਹਾਸ਼ਮਸ਼ਾਹ ਨੂੰ ਆਖਿਆ ਦੋਸਤਾਂ ਨੇ,
ਰਾਂਝੇ ਹੀਰ ਦੀ ਸ਼ਾਇਰੀ ਆਖ ਕਾਈ ।੧।


ਬੇ ਬਹੁਤ ਹਿਕਾਇਤਾਂ ਛੋੜ ਕੇ ਮੈਂ,
ਰੰਗ ਰਸ ਦੀ ਹੈ ਥੋੜੀ ਬਾਤ ਜੋੜੀ ।
ਕਿੱਸਾ ਬਹੁਤ ਬੇਦਰਦ ਦਾ ਕੁਝ ਨਾਹੀਂ,
ਦਰਦਮੰਦ ਦੀ ਮਾਰਦੀ ਬਾਤ ਥੋੜੀ ।
ਲਿਖੇ ਲੇਖ ਦੀ ਡੋਰ ਨੂੰ ਜ਼ੋਰ ਡਾਢਾ,
ਕਿਸੇ ਪਾਸੁ ਨਾ ਟੁੱਟਦੀ ਮੂਲ ਤੋੜੀ ।
ਹਾਸ਼ਮਸ਼ਾਹ ਮੀਆਂ ਹੀਰ ਰਾਂਝਣੇ ਦੀ,
ਵੇਖ ਲੇਖ ਬਣਾਉਂਦਾ ਆਣ ਜੋੜੀ ।੨।


ਤੇ ਤਖ਼ਤ ਹਜ਼ਾਰੇ ਦੇ ਵਿਚ ਵੱਸੇ,
ਰੰਗ ਰੂਪ ਰਸੀਲੜਾ ਛੈਲ ਦੀਂਹਦਾ ।
ਬਾਪ ਦਾਦਿਓਂ ਉੱਜਲਾ ਨਾਉਂ ਧੀਦੋ,
ਜ਼ਿਮੀਦਾਰ-ਬੱਚਾ ਪੁੱਤ ਚੌਧਰੀ ਦਾ ।
ਫਿਰੇ ਲਾਡਲਾ ਮਸਤ ਖ਼ੁਮਾਰ ਹੋਇਆ,
ਭਲਾ ਬੁਰਾ ਨਾ ਜਾਣਦਾ ਕੌਣ ਕੀਹਦਾ ।
ਹਾਸ਼ਮਸ਼ਾਹ ਮੀਆਂ ਕੌਣ ਮਤ ਦੇਂਦਾ,
ਸੁਖੀ-ਲੱਧੜਾ ਹੋਂਵਦਾ ਪੁੱਤ ਜੀਂਹਦਾ ।੩।


ਸੇ ਸਾਬਤੀ ਨਾਲ ਨਿਬਾਹ ਹੋਇਆ,
ਜ਼ੌਕ ਸ਼ੌਕ ਤੇ ਐਸ਼ ਅਰਾਮ ਪਾਇਆ ।
ਜਿਹੜਾ ਲਾਡ ਗੁਮਾਨ ਦਾ ਜ਼ੋਰ ਆਹਾ,
ਮਾਪੇ ਮੁਇਆਂ ਰੰਝੇਟੇ ਦੇ ਪੇਸ਼ ਆਇਆ ।
ਕੋਈ ਚੱਜ ਅਚਾਰ ਨਾ ਜਾਣਦਾ ਸੀ,
ਫੇਰ ਮੇਹਣੇ ਤਾਨ੍ਹਿਆਂ ਜ਼ੋਰ ਪਾਇਆ ।
ਹਾਸ਼ਮਸ਼ਾਹ ਮੀਆਂ ਅਸਾਂ ਜ਼ਾਹਰ ਡਿੱਠਾ,
ਸੁਖਿਆਰਿਆਂ ਅੰਤ ਨੂੰ ਦੁਖ ਪਾਇਆ ।੪।


ਜੀਮ ਜਗ ਦੀ ਰੀਤ ਨਾ ਇੱਕ ਆਵੇ,
ਰਾਂਝਾ ਬਹੁਤ ਅਧੀਨ ਉਦਾਸ ਹੋਇਆ ।
ਭਾਈ ਸੱਤ ਤੇ ਆਂਢ ਗੁਆਂਢ ਸਾਰਾ,
ਜਮ੍ਹਾ ਆਣਿ ਰੰਝੇਟੇ ਦੇ ਪਾਸ ਹੋਇਆ ।
'ਮੂਲ ਜਾਹ ਨ ਰੱਬ ਦਾ ਵਾਸਤਾ ਈ,
ਤੇਰਾ ਖੇਸ਼ ਕਬੀਲੜਾ ਦਾਸ ਹੋਇਆ' ।
ਹਾਸ਼ਮਸ਼ਾਹ ਮੀਆਂ ਅੱਗ ਇਸ਼ਕ ਦੀ ਇਹ,
ਜਿਥੇ ਪਈ ਸ਼ਊਰ ਦਾ ਨਾਸ ਹੋਇਆ ।੫।


ਹੇ ਹਿਰਸ ਨਾਹੀ ਮੈਨੂੰ ਮੂਲ ਕਾਈ,
ਕਹਿਆ ਭਾਈਆਂ ਤੇ ਭਰਜਾਈਆਂ ਨੂੰ ।
ਅਵਾਜ਼ਾਰ ਹੋ ਕੇ ਉਠ ਰਾਹ ਪਿਆ,
ਮੱਥਾ ਟੇਕ ਕੇ ਚਾਚੀਆਂ ਤਾਈਆਂ ਨੂੰ ।
ਕੌਣ ਕਿਸੇ ਦੇ ਨਾਲ ਫ਼ਕੀਰ ਹੋਵੇ,
ਸੁਖ ਆਪੋ ਆਪਣਾ ਭਾਈਆਂ ਨੂੰ ।
ਹਾਸ਼ਮਸ਼ਾਹ ਮੀਆਂ ਸੂਲ ਪੁੱਤਰਾਂ ਦੇ,
ਸੀਨਾ ਸੱਲਦੇ ਦੁੱਖ ਨੀ ਮਾਈਆਂ ਨੂੰ ।੬।


ਖ਼ੇ ਖ਼ਰਚ ਨ ਸਾਥ, ਨ ਰਾਹ ਜਾਣੇ,
ਬੇਲੇ ਬਰਵਾ ਵਿਚ ਖ਼ੁਆਰ ਹੋਇਆ ।
ਸੋਜ਼ ਇਸ਼ਕ ਦਾ ਤੇ ਧੁੱਪ ਤੇਜ਼ ਲੱਗੀ,
ਪੈਰੀਂ ਚੁਭੇ ਬਬੂਲ ਬੀਮਾਰ ਹੋਇਆ ।
ਨੈਣੀਂ ਰੱਤ ਵਗੇ ਤਨੋਂ ਸਤ ਗਇਆ,
ਰਾਂਝਾ ਆਣ ਕੇ ਬਹੁਤ ਲਾਚਾਰ ਹੋਇਆ ।
ਹਾਸ਼ਮਸ਼ਾਹ ਮੀਆਂ ਉਥੇ ਰੱਬ ਬੇਲੀ,
ਸੋਹਣੀ ਵਾਂਗ ਉਰਾਰ ਨ ਪਾਰ ਹੋਇਆ ।੭।


ਦਾਲ ਦੁਖ ਕਜੀਅੜੇ ਬਹੁਤ ਹੋਏ,
ਮਰ ਪਿੱਟ ਕੇ ਝੰਗ ਸਿਆਲਿ ਆਇਆ ।
ਕੰਢੇ ਨਦੀ ਦੇ ਹੀਰ ਦੀ ਸੇਜਿ ਆਹੀ,
ਠੰਢੀ ਛਾਉਂ ਸੀ ਬਹੁਤ ਆਰਾਮ ਪਾਇਆ ।
ਭੁਞੇਂ ਰੁਲਦਿਆਂ ਨੂੰ ਸੇਜ ਹੱਥਿ ਆਈ,
ਰਾਂਝੇ ਸ਼ੁਕਰ ਕੀਤਾ ਸਾਈਂ ਚਿਤਿ ਆਇਆ ।
ਹਾਸ਼ਮਸ਼ਾਹ ਰੰਝੇਟੇ ਦੇ ਭਾਗ ਜਾਗੇ,
ਪਿਛੋਂ ਹੀਰ ਆਈ ਮੌਲੇ ਢੰਗ ਲਾਇਆ ।੮।


ਜ਼ਾਲ ਜ਼ੌਕ ਤੇ ਸ਼ੌਕ ਦੇ ਨਾਲ ਸੁੱਤਾ,
ਮਨੋਂ ਖ਼ੌਫ਼ ਲਾਹਿਆ ਮਿਠੀ ਨੀਂਦ ਕੀਤੀ ।
ਹੀਰ ਵੇਖ ਕੇ ਬਹੁਤ ਕ੍ਰੋਧ ਕੀਤਾ,
ਲੁੱਡਣ ਪਾਤਣੀ ਨੂੰ ਝਿੜਕ ਝੰਬ ਕੀਤੀ ।
ਪੱਲੂ ਲਾਹਿ ਕੇ ਹੀਰ ਦੀਦਾਰ ਕੀਤਾ,
ਰਾਂਝੇ ਯਾਰ ਦੀ ਤਰ੍ਹਾਂ ਪਛਾਣ ਲੀਤੀ ।
ਹਾਸ਼ਮਸ਼ਾਹ ਮਹਿਬੂਬ ਦਾ ਮੁਖ ਡਿੱਠਾ,
ਵੇਖ ਆਸ਼ਕਾਂ ਆਬਿਹਯਾਤ ਪੀਤੀ ।੯।
੧੦

ਰੇ ਰਾਜ ਤੇ ਭਾਗ ਵਿਸਾਰ ਦਿਤਾ,
ਹੋਈ ਬਾਵਰੀ ਰਹੀ ਨ ਸੁਧ ਕਾਈ ।
ਦੀਵਾ ਵੇਖ ਪਤੰਗ ਨੂੰ ਚਿੰੜਗ ਪਇਆ,
ਬਿਰਹੋਂ ਜਾਇ ਬਰੂਦ ਨੂੰ ਅੱਗ ਲਾਈ ।
ਮੁਸ਼ਕ ਆਪਣੇ ਮਿਰਗ ਬੇਹੋਸ਼ ਹੋਇਆ,
ਚੰਦ ਵੇਖ ਚਕੋਰ ਨੇ ਸਿਉ ਲਾਈ ।
ਹਾਸ਼ਮਸ਼ਾਹ ਰੰਝੇਟੇ ਨੂੰ ਲਾਇ ਸੀਨੇ,
ਹੀਰ ਝੰਗ ਸਿਆਲ ਨੂੰ ਉਠਿ ਧਾਈ ।੧੦।
੧੧

ਜ਼ੇ ਜ਼ੋਰ ਨ ਹੀਰ ਦਾ ਹੋਰ ਚੱਲੇ,
ਮੇਹੀਂ ਨਾਲ ਰੰਝੇਟੇ ਨੂੰ ਛੇੜਿਆ ਈ ।
ਸੀਨਾ ਬਿਰਹੋਂ ਦੇ ਸੋਜ਼ ਮਨੂਰ ਕੀਤਾ,
ਪਿੰਡਾ ਝੱਲ ਤੇ ਕਾਹ ਉਧੇੜਿਆ ਈ ।
ਰਾਤੀਂ ਨੀਂਦ ਨ ਦਿਨੇ ਆਰਾਮ ਆਵੇ,
ਠਾਣਾ ਸਬਰ ਦਾ ਇਸ਼ਕ ਉਖੇੜਿਆ ਈ ।
ਹਾਸ਼ਮਸ਼ਾਹ ਕੀ ਦੋਸ਼ ਹੈ ਮੇਹੀਆਂ ਦਾ,
ਦੁਖ ਪਾਉਂਦਾ ਆਪਣਾ ਫੇੜਿਆ ਈ ।੧੧।
੧੨

ਸੀਨ ਸਾਹੁਰੇ ਪੇਇੜੇ ਧੁੰਮ ਪਈਆ,
ਹੀਰ ਚਾਕ ਦਾ ਨੇਹੁੰ ਕਮਾਉਂਦੀ ਹੈ ।
ਚੂਰੀ ਕੁੱਟ ਕੇ ਨਾਲ ਬਹਾਨਿਆਂ ਦੇ,
ਚਾਕ ਪਾਸ ਇਕੱਲੜੀ ਜਾਉਂਦੀ ਹੈ ।
ਪਈ ਬਹੁਤ ਅਵੱਲੜੇ ਰਾਹ ਨੱਢੀ,
ਪੱਗਾਂ ਦਾੜ੍ਹੀਆਂ ਨੂੰ ਲਾਜ ਲਾਉਂਦੀ ਹੈ ।
ਹਾਸ਼ਮ ਸ਼ਾਹ ਮੀਆਂ ਬਹੁਤ ਚਰਚ ਹੋਈ,
ਭੈੜੀ ਨੰਗ ਨਮੂਸ ਗਵਾਉਂਦੀ ਹੈ ।੧੨।
੧੩

ਸੀਨ ਸ਼ੌਕ ਸਲੇਟੀ ਨੂੰ ਜ਼ੋਰ ਕੀਤਾ,
ਦੂਆ ਜੰਞ ਆਈ ਘਰ ਖੇੜਿਆਂ ਦੀ ।
ਹੀਰ ਅਕਦੁ ਨਿਕਾਹੁ ਨ ਮੰਨਦੀ ਹੈ,
ਮਾਪੇ ਲੋੜਦੇ ਲਾਜ ਸਹੇੜਿਆਂ ਦੀ ।
ਹੀਰ ਰੋਵਣੇ ਨਾਲ ਵਿਹਾਰ ਲਾਇਆ,
ਉਹਨੂੰ ਸਾਰ ਕੀ ਝਗੜਿਆਂ ਝੇੜਿਆਂ ਦੀ ।
ਹਾਸ਼ਮ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਉਤੇ,
ਪਈ ਗੱਲ ਨਿਆਉਂ ਨਿਬੇੜਿਆਂ ਦੀ ।੧੩।
੧੪

ਸੁਆਦ ਸੁਬ੍ਹਾ ਸਵੇਰੇ ਹੀ ਦੂਤੀਆਂ ਨੇ,
ਕਾਜ਼ੀ ਸ਼ਹਿਰ ਦੇ ਥੇ ਜਾਇ ਬਾਤ ਕੀਤੀ ।
ਕਾਜ਼ੀ ਭੇਜ ਕੇ ਨਫ਼ਰ ਗੁਲਾਮ ਕੋਈ,
ਜਗ੍ਹਾ ਆਪਣੀ ਹੀਰ ਬੁਲਾਇ ਲੀਤੀ ।
ਅਗੇ ਮੁਲਖ ਤੇ ਸ਼ਹਿਰ ਹਜੂਮ ਸਾਰਾ,
ਓਥੇ ਹੀਰ ਵੀ ਜਾਇ ਸਲਾਮ ਕੀਤੀ ।
ਹਾਸ਼ਮ ਸ਼ਾਹ ਜੁ ਰੱਬ ਕਰੀਮ ਹੈਂ ਤੂੰ,
ਕਾਜ਼ੀ ਖੋਲ੍ਹ ਕੇ ਹੱਥਿ ਕਿਤਾਬ ਲੀਤੀ ।੧੪।
੧੫

ਜ਼ੁਆਦ ਜ਼ਬਤ ਕਿਤਾਬ ਤਮਾਮ ਕਰਕੇ,
ਕਾਜ਼ੀ ਆਖਿਆ ਵੇਖ ਕੇ ਹੀਰ ਤਾਈਂ ।
'ਤਰਫ ਵੇਖਣਾ ਮਰਦ ਬੇਗਾਨਿਆਂ ਦੇ,
ਸ਼ਰ੍ਹਾ ਵਿਚ ਇਹ ਬਾਤ ਦਰੁਸਤ ਨਾਹੀਂ ।
ਸੱਚ ਆਖ ਬਦਬਖ਼ਤ ਸ਼ੈਤਾਨ ਨੱਢੀ,
ਸ਼ਹਿਰ ਵਿਚ ਤੂੰ ਇਹ ਕੀ ਧੁੰਮ ਪਾਈ' ?
ਹਾਸ਼ਮ ਹੀਰ ਦਾ ਰੱਬ ਹਯਾਉ ਰੱਖੇ,
ਦੂਤੀ ਦੁਸ਼ਮਨਾਂ ਹੀਰ ਤੇ ਖ਼ੂਬ ਲਾਈ ।੧੫।
੧੬

ਤੋਇ ਤੋਲ ਕੇ ਹੀਰ ਜਵਾਬ ਕੀਤਾ,
ਰਾਂਝੇ ਯਾਰ ਦੀ ਜੀਅ ਵਿਚ ਸ਼ਕਲ ਧਾਰੀ ।
ਉਥੇ ਖੇੜੇ ਤੇ ਸਭ ਸਿਆਲ ਬੈਠੇ,
ਪੈਂਚ ਚੌਧਰੀ ਤੇ ਕੁਲ ਸਭਾ ਸਾਰੀ ।
ਸੂਬਾਦਾਰ ਤੇ ਵਿਚ ਅਮੀਨ ਬੈਠੇ,
ਕਈ ਮੁਤਕੀ ਤੇ ਮੁਖ਼ਾਦੀਮ ਭਾਰੀ ।
ਹਾਸ਼ਮ ਏਸ ਜਵਾਬ ਥੋਂ ਕਤਾ ਹੋਵੇ,
ਰਾਂਝੇ ਹੀਰ ਦੀ ਪਾਕ ਪੁਨੀਤ ਯਾਰੀ ।੧੬।
੧੭

ਜ਼ੋਇ ਜ਼ਾਮਨ ਹੈ ਅਸਾਂ ਨਿਮਾਣਿਆਂ ਦਾ,
ਹੀਰ ਆਖਿਆ ਉਹ ਨਿਰਾਕਾਰ ਮੀਆਂ ।
ਜਿਹੜਾ ਅਸਾਂ ਤੇ ਤੁਸਾਂ ਨੂੰ ਰਿਜ਼ਕ ਦੇਵੇ,
ਪੈਦਾ ਕੀਤੇਸੂ ਲਾਖ ਹਜ਼ਾਰ ਮੀਆਂ ।
ਓਨ੍ਹੇ ਜਤੀ ਸਤੀ ਜੋਧੇ ਪੁਰਖ ਕੀਤੇ,
ਓਹੋ ਪਾਲਦਾ ਚੋਰ ਤੇ ਯਾਰ ਮੀਆਂ ।
ਹਾਸ਼ਮ ਦੇਖੀਏ ਕੌਣ ਸੁਰਜੀਤ ਹੋਵੇ,
ਪਿਆ ਮਾਰਦਾ ਵਿਚ ਬਜ਼ਾਰ ਮੀਆਂ ।੧੭।
੧੮

ਐਨ ਇਲਮ ਸੀ ਬਹੁਤ ਸ਼ੈਤਾਨ ਤਾਈਂ,
ਹੀਰ ਆਖਿਆ ਮੁੱਢ ਕਦੀਮ ਮੀਆਂ ।
ਲਿਖੇ ਲੇਖ ਨੇ ਮਾਰ ਕੇ ਗਰਦ ਕੀਤਾ,
ਉਹੀਓ ਹੋਇਆ ਸ਼ੈਤਾਨ ਅਲੀਮ ਮੀਆਂ ।
ਲੇਖਾਂ ਯੂਸਫ਼ ਜੇਹਾ ਗ਼ੁਲਾਮ ਕੀਤਾ,
ਜਿਹਦੇ ਖ਼ੂਬੀਆਂ ਬਹੁਤ ਅਜ਼ੀਮ ਮੀਆਂ ।
ਹਾਸ਼ਮ ਆਖਿਆ ਹੀਰ ਨੇ ਸਮਝ ਕਾਜ਼ੀ,
ਅਸੀਂ ਕੌਣ ਗਵਾਰ ਯਤੀਮ ਮੀਆਂ ।੧੮।
੧੯

ਗ਼ੈਨ ਗ਼ਰਕ ਹੋ ਜਾਓ ਨਾ ਅਕਲ ਤੁਸਾਂ,
ਕਾਜ਼ੀ ਆਖਿਆ ਹੀਰ ਦਿਆਂ ਮਾਪਿਆਂ ਨੂੰ ।
ਤੁਸਾਂ ਆਸ਼ਕਾਂ ਰੱਬ ਦਿਆਂ ਕੈਦ ਕੀਤਾ,
ਇਹ ਕੀ ਜਾਣਦੇ ਇਨ੍ਹਾਂ ਸਿਆਪਿਆਂ ਨੂੰ ।
ਤੁਸੀਂ ਲੋੜਦੇ ਹੀਰ ਦੇ ਸਾਥ ਪਿਛੇ,
ਪਾਸ ਬਾਂਹ ਹੋਵੇ ਇਕਲਾਪਿਆਂ ਨੂੰ ।
ਕੀਤਾ ਸੁਰਖ਼ਰੂ ਰੱਬ ਨੇ ਹੀਰ ਹਾਸ਼ਮ,
ਪਛੋਤਾਉਂਦੇ ਰਾਗ ਅਲਾਪਿਆਂ ਨੂੰ ।੧੯।
੨੦

ਫ਼ੇ ਫ਼ਾਇਦਾ ਕੁਝ ਨ ਹੋਇਓ ਨੇ,
ਝੂਠੇ ਹੋਏ ਸਿਆਲ ਲਾਚਾਰ ਹੋਏ ।
ਹੱਥ ਬੰਨ੍ਹ ਕੇ ਬੇਨਤੀ ਕਰਨ ਸਭੇ,
ਰੱਖ ਲੱਜ ਸਾਡੀ ਬਹੁਤ ਖ਼ੁਆਰ ਹੋਏ ।
ਇਕ ਵਾਰ ਤੂੰ ਸਾਹੁਰੇ ਜਾ ਹੀਰੇ,
ਫੇਰ ਆਖੀਏ ਤੇ ਗ਼ੁਨਾਹਗਾਰ ਹੋਏ ।
ਹਾਸ਼ਮਸ਼ਾਹ ਮੀਆਂ ਫੇਰ ਲਾਜ ਮਿਠੀ,
ਜ਼ੋਰ ਇਸ਼ਕ ਦਾ ਲਾਖ ਹਜ਼ਾਰ ਹੋਏ ।੨੦।
੨੧

ਕਾਫ ਕਦਰ ਪਛਾਣ ਕੇ ਮਾਪਿਆਂ ਦੀ,
ਹੀਰ ਖੇੜਿਆਂ ਨਾਲ ਤਿਆਰ ਹੋਈ ।
ਲੱਜ ਲਾਜ ਤੇ ਜਿੰਦੜੀ ਬਹੁਤ ਮਿਠੀ,
ਹੀਰ ਮੂਲ ਨ ਨੱਚੀਆ ਲਾਹ ਲੋਈ ।
ਰਾਂਝਾ ਟਮਕ ਚੁਕ ਖੇੜਿਆਂ ਨਾਲ ਹੋਇਆ,
ਡੋਲੀ ਖੇੜਿਆਂ ਦੇ ਬੂਹੇ ਜਾਇ ਢੋਈ ।
ਹਾਸ਼ਮਸ਼ਾਹ ਮੀਆਂ ਕਿੱਸਾ ਛੱਡ ਵਿਚੇ,
ਏਦੂੰ ਅਗਲੀ ਵਾਰਤਾ ਆਖ ਕੋਈ ।੨੧।
੨੨

ਕਾਫ ਕੋਟ ਹਜ਼ਾਰੇ ਨੂੰ ਉਠ ਧਾਇਆ,
ਹੋਰ ਚਾਕਰੀ ਮੂਲ ਨ ਪੁਜਦੀ ਸੂ ।
ਲੈਂਦਾ ਹਾਉਕੇ ਤੇ ਪਛੋਤਾਂਵਦਾ ਈ,
ਚਿਖਾ ਇਸ਼ਕ ਦੀ ਮੂਲ ਨਾ ਬੁਝਦੀ ਸੂ ।
ਰਾਂਝੇ ਰੋਇ ਦਿਤਾ ਵੇਖ ਭਾਈਆਂ ਨੂੰ,
ਮੂੰਹੋਂ ਦੁਆਇ ਸਲਾਮ ਨਾ ਸੁੱਝਦੀ ਸੂ ।
ਹਾਸ਼ਮਸ਼ਾਹ ਵਿਓਗ ਬੇਹੋਸ਼ ਕੀਤਾ,
ਹੋਰ ਗੇਣਤੀ ਮੁਝ ਨ ਤੁਝ ਦੀ ਸੂ ।੨੨।
੨੩

ਲਾਮ ਲਾਇਕੇ ਪ੍ਰੀਤ ਲਿਖਾਇ ਚਿਠੀ,
ਹੀਰ ਰਾਂਝਣੇ ਦੀ ਵਲ ਫੇਰ ਘੱਲੀ ।
ਸਾਨੂੰ ਮੇਹਿਣਾ ਦੇਇਕੇ ਜਗ ਸਾਰੇ,
ਆਪ ਤਖ਼ਤ ਹਜ਼ਾਰੇ ਦੀ ਜਾਇ ਮੱਲੀ ।
ਰਾਂਝਾ ਵੇਖਦੋ ਫੇਰ ਉਦਾਸ ਹੋਆਿ,
ਭੋਰਾ ਰਹੇ ਨ ਜੀਉ ਦੀ ਵਾਗ ਠੱਲ੍ਹੀ ।
ਹਾਸ਼ਮਸ਼ਾਹ ਰੰਝੇਟੇ ਨੇ ਹੀਰ ਪਿਛੇ,
ਜੋਗ ਪਾਇਆ ਤੇ ਸੀਸ ਤੇ ਖ਼ਾਕ ਮਲੀ ।੨੩।
੨੪

ਮੀਮ ਮੁਖ ਬਿਭੂਤ ਲਗਾਇ ਰਾਂਝਾ,
ਕੰਨੀਂ ਮੁੰਦਰਾਂ ਤੇ ਹੋਇਆ ਜਟਾ ਧਾਰੀ ।
ਤੂੰਬਾ ਹੱਥ ਤਾਂਬਾ ਲੱਕ ਲੰਗ ਸੋਹੇ,
ਭਲੀ ਪਾਈਸੁ ਜੋਗ ਦੀ ਜੁਗਤ ਸਾਰੀ ।
ਜਾਇ ਪਹੁੰਚਿਆ ਰੰਗਪੁਰ ਖੇੜਿਆਂ ਦੇ,
ਵਿਹੜੇ ਹੀਰ ਦੇ ਜਾ ਕੇ ਕੇਸ਼ ਧਾਰੀ ।
ਹਾਸ਼ਮ ਸ਼ਾਹ ਮੀਆਂ ਯਾਰ ਵੇਖਣੇ ਨੂੰ,
ਰਾਂਝੇ ਭੇਸ ਵਟਾਇਆ ਹੈ ਖ਼ੂਬ ਕਾਰੀ ।੨੪।
੨੫

ਨੂਨ ਨੇਹੁੰ-ਮੁਠੀ ਹੀਰ ਚੂਰ ਆਹੀ,
ਰਾਂਝੇ ਜਾਇ 'ਅਲੱਖ' ਬੁਲਾਇਆ ਸੀ ।
ਹੀਰ ਸੁਣੀ ਆਵਾਜ਼ ਤੇ ਉਠ ਬੈਠੀ,
ਬੋਲ ਮੀਤ ਦਾ ਖਰਾ ਸੁਖਾਇਆ ਸੀ ।
ਇਸ਼ਕ ਯਾਰ ਦੀ ਵਾਉ ਪਛਾਣਦਾ ਹੈ,
ਉਹ ਆਪ ਰਾਂਝਾ ਵਿਹੜੇ ਆਇਆ ਸੀ ।
ਹਾਸ਼ਮ ਸ਼ਾਹ ਮੀਆਂ ਲੋਕ ਝੂਠ ਆਖੇ,
ਰਾਂਝੇ ਨਾਲ ਸਹਿਤੀ ਝੇੜਾ ਪਾਇਆ ਸੀ ।੨੫।
੨੬

ਵਾਉ ਵੇਖ ਕੇ ਹੀਰ ਦਾ ਰੰਗ ਰਾਂਝੇ,
ਮਾਰੀ ਆਹ ਤੇ ਖਰਾ ਬੇਤਾਬ ਹੋਇਆ ।
ਦਰਦ ਇਸ਼ਕ ਦੇ ਫੱਟ ਤੇ ਲੂਣ ਪਾਇਆ,
ਅੱਗ ਇਸ਼ਕ ਦੀ ਨਾਲ ਕਬਾਬ ਹੋਇਆ ।
ਘੁੱਟ ਵੱਟ ਕੇ ਮੂੰਹੋਂ ਨ ਬੋਲਿਆ ਸੀ,
ਮੁੜ ਪਿਛ੍ਹਾਂ ਨੂੰ ਫੇਰ ਸ਼ਿਤਾਬ ਹੋਇਆ ।
ਹਾਸ਼ਮ ਸ਼ਾਹ ਮੀਆਂ ਧੂਆਂ ਪਾਉਣੇ ਦੇ,
ਰਾਂਝਾ ਫ਼ਿਕਰ ਦੇ ਵਿਚ ਖ਼ਰਾਬ ਹੋਇਆ ।੨੬।
੨੭

ਹੇ ਹੀਲਾ ਹਕੀਮਗੀ ਬਹੁਤ ਹੋਈ,
ਰੋਗ ਹੀਰ ਦਾ ਕਿਨ੍ਹੇ ਨਾ ਪਾਇਆ ਸੀ ।
ਹੱਥ ਬੰਨ੍ਹ ਖੇੜਾ ਗਰਜ਼ ਆਪਣੀ ਨੂੰ,
ਜੋਗੀ ਪਾਸ ਅਧੀਨ ਹੋ ਆਇਆ ਸੀ ।
'ਘਰ ਚਲੀਏ ਜੀ ! ਸਾਡੇ ਭਾਗ ਹੋਏ,
ਹੀਰ ਬਹੁਤ ਡਾਢਾ ਦੁਖ ਪਾਇਆ ਸੀ ।
ਹਾਸ਼ਮ ਸ਼ਾਹ ਮੀਆਂ ਮੌਲੇ ਦੁਸ਼ਮਣਾਂ ਨੂੰ,
ਹੱਥ ਬੰਨ੍ਹ ਕੇ ਆਣ ਨਿਵਾਇਆ ਸੀ ।੨੭।
੨੮

ਲਾਮ ਲਾਇ ਪ੍ਰੀਤ ਤਵੀਤ ਕੀਤੇ,
ਰਾਂਝੇ ਦਾਰੂਆਂ ਤੇ ਵੱਡਾ ਜ਼ੋਰ ਪਾਇਆ ।
ਸਮਾ ਪਾਇਕੇ ਹੀਰ ਨੂੰ ਸੰਗ ਲੀਤਾ,
ਚੋਰੀ ਝੰਗ ਸਿਆਲ ਨੂੰ ਉਠ ਧਾਇਆ ।
ਪਿਛੇ ਖ਼ਬਰ ਹੋਈ ਖੇੜੇ ਉਠ ਵਗੇ,
ਰਾਜੇ ਅਦਲੀ ਦੇ ਸ਼ਹਿਰ ਹੱਥਿ ਆਇਆ ।
ਹਾਸ਼ਮ ਸ਼ਾਹ ਮੀਆਂ ਵੇਖ ਸੁਬ੍ਹਾ ਹੋਈ,
ਰਾਜੇ ਪਾਸ ਹਜ਼ੂਰ ਨਿਆਉਂ ਪਾਇਆ ।੨੮।
੨੯

ਅਲਫ਼ ਆਖਿਆ ਹੀਰ ਨੂੰ ਦੱਸ ਹੀਰੇ !
ਤੇਰੇ ਨਾਲ ਰਾਂਝੇ ਕਿਹਾ ਸਾਕ ਹੈ ਜੀ ।
ਹੀਰ ਆਖਿਆ, 'ਸਾਕ ਨ ਆਸ਼ਕਾਂ ਦੇ,
ਮੇਰਾ ਦੀਨ ਈਮਾਨ ਇਹ ਚਾਕ ਹੈ ਜੀ ।
ਝੂਠ ਬੋਲਣੇ ਥੀਂ ਕੁਝ ਨਫ਼ਾ ਨਾਹੀਂ,
ਹੋਇ ਜਾਵਣਾ ਅੰਤ ਨੂੰ ਖ਼ਾਕ ਹੈ ਜੀ ।
ਹਾਸ਼ਮ ਆਖਿਆ ਹੀਰ ਨੇ ਰੱਬ ਜਾਣੇ,
ਮੇਰਾ ਖੇੜਿਆਂ ਥੋਂ ਪੱਲਾ ਪਾਕ ਹੈ ਜੀ ।੨੯।
੩੦

ਯੇ ਯਾਰ ਨੂੰ ਯਾਰ ਦੇ ਹੱਥ ਦਿਤਾ,
ਉਹਨਾਂ ਖੇੜਿਆਂ ਚਾਇ ਖਦੇੜਿਓ ਈ ।
ਜੁੱਗ ਜੁੱਗ ਹੋਵੇ ਰਾਜ ਆਦਲਾਂ ਦਾ,
ਰਾਜੇ ਨਿਆਉਂ ਹੀ ਨਿਆਉਂ ਨਿਬੇੜਿਓ ਈ ।
ਦੁਖ ਪਾਇ ਕੇ ਸੁਖ ਨਸੀਬ ਹੋਇਆ,
ਜਿਨ੍ਹਾਂ ਇਸ਼ਕ ਦਾ ਸਾਕ ਸਹੇੜਿਓ ਈ ।
ਹਾਸ਼ਮ ਸ਼ਾਹ ਮੀਆਂ, ਉਹਨਾਂ ਦੂਤੀਆਂ ਦਾ,
ਬੂਟਾ ਮੁੱਢ ਥੋਂ ਚਾਇ ਉਖੇੜਿਓ ਈ ।੩੦।