ਸੋਹਣੀ ਮਹੀਂਵਾਲ (ਕਾਦਰਯਾਰ)

ਸੋਹਣੀ ਮਹੀਂਵਾਲ (1912)
 ਕਾਦਰਯਾਰ
808ਸੋਹਣੀ ਮਹੀਂਵਾਲ1912ਕਾਦਰਯਾਰ

ਟਾਇਪ ਦਾ ਛਾਪਾ


ਕਿੱਸਾ

ਸੋਹਣੀ ਮਹੀਵਾਲ

ਕ੍ਰਿਤ ਕਾਦਰਯਾਰ

ਜਿਸਕੋ

ਚੌਧਰੀ ਬੂਟਾ ਮਲ ਅਣਦ

ਨੇ

ਅਪਣੇ ਮਤਬੈ ਗੁਲਸ਼ਨ ਪੰਜਾਬ ਸ਼ਹਿਰ

ਰਾਵਲਪਿੰਡੀ ਵਿਚ ਛਪਵਾਇਆ

ਪਹਿਲੀ ਵਾਰ


ਸੰਮਤ ੧੯੬੯

ਸਭ ਪ੍ਰਕਾਰ ਦੇ ਪੁਸਤਕ
ਮਿਲਣ ਦਾ ਪਤਾ
ਚੌਧਰੀ ਬੂਟਾ ਮਲ ਅਣਦ ਤਾਜਰ ਕੁਤਬ
ਵਾ ਮਾਲਕ ਮਤਬਾ ਗੁਲਸ਼ਨ ਪੰਜਾਬ
ਸ਼ਹਰ ਰਾਵਲਪਿੰਡੀ

ੴ ਸਤਿਗੁਰਪ੍ਰਸਾਦ॥

ਅਵਲ ਆਖ਼ਰ ਰੱਬ ਨੂੰ ਲਾਇਕ ਸਿਫ਼ਤ ਕਰੀਮ॥ ਨੂਰੋਂਪਾਕੀ ਇਸ਼ਕ ਦੀ ਪਾਲੀ ਰੋਜ਼ ਰਹੀਮ॥ ਸਰਵਰ ਕੀਤਾ ਇਸ਼ਕ ਤੋਂ ਹੱਦ ਪਈ ਵਿਚ ਮੀਮ॥ ਕੁਲ ਖਜ਼ਾਨੇ ਓਸਨੂੰ ਬਕਸ਼ੇ ਰੱਬ ਰਹੀਮ॥ ਇਸ਼ਕ ਅਜਿਹਾ ਪਾਲ ਨਾ ਲਾਇਕ ਉਸਨੂੰ ਜੋ॥ ਰੱਬ ਚਲਾਈ ਹੱਕਦੀ ਇਸ਼ਕ ਕਹਾਣੀ ਸੋ॥ ਲੱਜ਼ਤ ਏਹੋ ਇਸ਼ਕਦੀ ਜਾਣੇ ਨਾਲ ਦਿਲੇ॥ ਇਸ਼ਕ ਬੈਹ੍ਰ ਦੋ ਰਾਹ ਥੀਂ ਝਬਦੇ ਰੱਬ ਮਿਲੇ॥ ਜਿਸਨੂੰ ਲਾਗ ਨ ਇਸ਼ਕ ਦੀ ਸੋ ਖ਼ਰ ਭਾਰ ਭਲੇ॥ ਪਰ ਸਾਹਿਬ ਮਿਲਦਾ ਕਾਦਰਾ ਅੰਦਰ ਇਸ਼ਕ ਦਿਲੇ॥ ਜਿਸ ਦਿਨ ਯੂਸਫ਼ ਜੰਮਿਆ ਹੋਯਾ ਇਸ਼ਕ ਤਦੋਂ॥ ਪਰ ਜ਼ਾਹਿਰ ਵਿੱਚ ਜਹਾਨ ਦੇ ਹੋਯਾ ਇਸ਼ਕ ਤਦੋਂ॥ ਫੇਰ ਜਹਾਨੋਂ ਟੁਰਗਿਆ ਮਿਰਜ਼ਾ ਹੋਯਾ ਜਦੋਂ॥ ਉਸਨੂੰ ਪੁੱਛੋ ਕਾਦਰਾ ਹੋਯਾ ਫੇਰ ਕਦੋਂ ਨੇਕ ਜ਼ਮਾਨੇ ਸੱਚਦੇ ਅੱਗੇ ਹੋਈ ਗੱਲ॥ ਇਸ਼ਕ ਕਮਾਯਾ ਆਸ਼ਕਾਂ ਪਈ ਜਹਾਨੀਂ ਹੱਲ॥ ਲਾਖਾਂ ਮਾਲ ਜਹਾਨ ਥੀਂ ਕੀ ਤਿਨਾਂ ਦਾ ਮੁੱਲ॥ ਜਦ ਹੁੰਦੇ ਆਸ਼ਕ ਕਾਦਰਾ ਮਤਲਬ ਜਾਂਦੇ ਖੁੱਲ॥ ਪਰ ਇਸ਼ਕ ਪਿਯਾਲਾ ਜੈਹਿਰ ਦਾ ਪੀਵਣ ਮੁਸ਼ਕਿਲ ਹੈ॥ ਜਿਸ ਕਿਸ ਪੀਤਾ ਪਹੁੰਚਕੇ ਵਿਚੇ ਹਾਲ ਗਹੇ॥ ਇਸ਼ਕ ਹਯਾਤੀ ਦੁਸ਼ਮਨੀ ਓੜਕ ਇੱਕ ਰਹੇ॥ ਜਾਨ ਉੱਤੋਂ ਹੱਥ ਆਂਵਦਾ ਜੇ ਕੋਈ ਮੁੱਲ ਲਏ॥ ਗਾਹਕ ਚੰਗੇ ਇਸ਼ਕ ਦੇ ਹੋਏ ਲੱਖ ਕ੍ਰੋੜ॥ ਸ਼ਾਇਰ ਦਾਨਸ਼ਵੰਦ ਭੀ ਹੁੰਦੇ ਹੋਏ ਤੋੜ॥ ਅੰਤ ਕਿਸੇ ਨਹੀਂ ਪਾਇਆ ਰਹੇ ਤਰੱਯਾ ਜੋੜ॥ ਹੁਣ ਵਿੱਚ ਜ਼ਮਾਨੇ ਤੇਰ੍ਹਵੇਂ ਅਸਾਂਭੀ ਕੀਤੀ ਲੋੜ॥ ਇਕ ਬੁੱਧ ਦਲੀਲੋਂ ਇਸ਼ਕ ਦੀ ਕੀਤੀ ਅਸਾਂ ਵਿਚਾਰ॥ ਇਸ਼ਕ ਚਮਨ ਵਿਚ ਜਾ ਵੜੇ ਖੁੱਲੀ ਰਖ਼ਤ ਹਜ਼ਾਰ॥ ਸੋਹਣੀ ਮੇਹੀਂਵਾਲ ਦੀ ਹੋਈ ਗੱਲ ਪਿਆਰ॥ ਸਿਫ਼ਤ ਉਨਾਂ ਦੇ ਇਸ਼ਕ ਦੀ ਕੀਤੀ ਕਾਦਰਯਾਰ॥ ਜੋ ਕਰਨਾ ਵਰਤਿਆ ਮੁੱਢ ਕਦੀਮ ਅਯਾਮ॥ ਸੋਹਣੀ ਤੇ ਮੇਹੀਂਵਾਲ ਦੀ ਜਿਥੋ ਤੁਰੀ ਕਲਾਮ॥ ਹੋਸ਼ ਮਗ਼ਜ਼ਥੀ ਪੁਟਕੇ ਹੋਸ਼ਪਿਆਲਾ ਜਾਮ॥ ਹੁਣ ਨਵੀਂ ਕਹਾਣੀਕਾਦਰਾ ਜ਼ਾਹਿਰ ਕੀਤੀ ਆਮ॥ ਇਸ਼ਕ ਸ਼ਹਿਰ ਕਦੀਮ ਅਯਾਮ ਥੀਂ ਨਾਮ ਉਸਦਾ ਗੁਜਰਾਤ॥ ਕਰ ਸਿਕਲ ਉਤਾਰੇ ਬਾਦੀਏ ਕੀ ਕੁਝ ਕਹੀਯੇ ਬਾਤ॥ ਓਹ ਵਡਾ ਸਯਾਣਾ ਕਸਬਦਾ ਅਕਲ ਇਲਾਹੀ ਦਾਤ।ੳਥੇ ਦਾ ਘਮਿਆਰ ਸੀ ਸੰਧੀ ਜ਼ਾਤ॥ ਨੇਕ ਗਵਾਹੀ ੳਹਰ ਮੈਦਾਨ ਟੁਰੇ॥ ਆਕਲਤੁੱਲਾ ਕਸਬਦਾ ਰਹਿੰਦਾ ਸ਼ੈਹਰ ਦਰੇ॥ ਮਿੱਟੀ ਦੀ ਸਰਸਾਹੀਯੋ ਬਾਦੀਆ ਇੱਕ ਘੜੇ॥ ਗਿਰਦਾ ਜਿਉਂ ਪਰਕਾਰ ਦਾ ਤਿਵੇਂ ਦਰੁਸ੍ਹ ਕਰੇ॥ ਜਿਸਵਿਚ ਪੈਂਦਾ ਕਾਦਰਾ ਪਾਣੀ ਵਜ਼ਨ ਤਹਿਕੀਕ॥ ਸਾਫ਼ ਉਤਾਰੇ ਬੈਜ਼ਯੋ ਕਾਗਜ਼ ਵਾਂਗ ਬਾਰੀਕ॥ ਚੀਨੀ ਕਚ ਬਲੌਰ ਤੇ ਕਢੇ ਮੁਲ ਵਧੀਕ॥ ਓਹ ਟੋਰੋ ਵਿੱਚ ਵਲਾਇਤੀਂ ਬਾਦਸ਼ਾਹਾਂ ਦੇ ਤੀਕ॥ ਇਕ ਬੇਟੀ ਸੀ ਘਰ ਓਸਦੇ ਸੂਰਤ ਦੀ ਤਸਵੀਰ॥ ਵਾਂਗ ਜਲਾਲੀਸਾਹਬਿਾਂ ਲੈਲੀਸੱਸੀ ਹੀਰ॥ ਸ਼ੀਰੀ ਚੰਦ੍ਰਬਦਨ ਦੀ ਰੱਖੇ ਓਹ ਤਸਵੀਰ॥ ਨਾਮ ਸੋਹਣੀ ਸੀ ਕਾਦਰਾ ਦੇਹੀ ਮੁਸ਼ਕ ਅੰਬੀਰ॥ ਨਾਜ਼ਕ ਜੁਸਾ ਮਖ਼ਮਲੋਂ ਵਾਂਗ ਗੁਲਾਬੀਰੰਗ ਕੱਦੋਂ ਲੰਮੀ ਸਰੂ ਥੋਂ ਗਰਦਨ ਮਿਸਲ ਕੁਲੰਗ॥ ਕੇਲੇ ਵਾਂਗੂੰ ਪਿੰਨੀਆਂ ਅਤਲਸ ਪਹਿਨੇ ਅੰਗ॥ ਆਸ਼ਕ ਮਰ ਮਰ ਜਾਵਂਦੇ ਜੇਸ਼ੇ ਸ਼ਮਾਂ ਪਤੰਗ॥ ਲਾਇਕ ਸੋਹਣੀ ਸਿਫਤ ਦੇ ਅੰਦਰ ਹੁਸਨ ਕਮਾਲ॥ ਚੰਦ ਮੱਥੇ ਵਿੱਚ ਡਲ੍ਹਕਦਾ ਜੋਸ਼ ਹੁਸਨ ਦੇ ਨਾਲ ਸਿਰ ਪਰ ਨਾਜ਼ੁਕ ਮੀਡੀਆਂਅਤਰ ਝੜਿਦੇ ਬਾਲ॥ ਉਹ ਨੈਨ ਦੁਸ਼ਾਂਗੇ ਕਾਦਰਾ ਇਸ਼ਕ ਮਰੇਂਦਾ ਜਾਲ॥ ਦੰਦ ਪਰੋਤੇ ਮੋਤੀਆਂ ਕੋਇਲ ਵਾਂਗ ਜ਼ੁਬਾਨ॥ ਠੋਡੀਕਦਰ ਬਦਾਮ ਦੀ ਵਾਂਗੁੰ ਮੀਮ ਦਹਾਨ॥ ਬਾਜ਼ੂ ਘੜੇ ਖਰਾਦੀਆਂ ਖ਼ਾਸ ਖਰਾਦ ਉਤਾਰ॥ ਉਂਗਲੀਆਂ ਵਿੱਚ ਨਾਜ਼ਕੀ ਫਲੀਆਂ ਦੇ ਮਿਕਦਾਰ॥ ਸੀਨਾ ਸਖ਼ਤ ਬਿਲੋਰ ਦਾ ਲਾਯਾ ਉਸਤਾਕਰ॥ ਪਿਸਤਾਂ ਸੇਉ ਬਹਿਸਤ ਦੇ ਜਯੋਂ ਰਸਦਾਰ ਅਨਾਰ॥ ਸ਼ਿਕਮ ਸੁਰਾਹੀ ਇਸ਼ਕਦੀ ਸੀਨਾ ਸਖ਼ਤ ਕਹਾਇ॥ ਨੇਣੀ ਦੇਖਣ ਵਾਲਿਆਂ ਹੋਸ਼ਨ ਰਹੇ ਬਜਾਇ॥ ਪੀਵਨ ਵਾਲੇ ਮਰ ਗਏ ਜਾਨ ਜਹਾਨ ਗਵਾਏ॥ ਨਾਜ਼ਕ ਬਦਨ ਸਿੰਗਾਰ ਦਾ ਸਿਫ਼ਤ ਨ ਕੀਤੀ ਜਾਇ॥ ਸੋਹਣੀ ਉੱਤੇ ਰੱਬ ਨੇ ਦਿੱਤਾ ਐਡਾ ਹੁਸਨ॥ ਬੁਰਕੇ ਵਿੱਚੋਂ ਦਿਸਦੀ ਜਯੋਂ ਬਦਲ ਵਿਚ ਚੰਨ॥ ਸਿਫ਼ਤ ਭਰੀ ਹੈ ਕਾਦਰਾ ਸੂਰਤ ਵਿਚ ਬਦਨ॥ ਕੰਨੀ ਬੁਕ ਬੁਕ ਵਾਲਿਆਂ ਤੇਜ਼ ਸੁਨਹਿਰੀ ਰੰਗ॥ ਨੱਕ ਬਲਾਕ ਸਹਾਂਵਦੀ ਫਿਰੇ ਲਬਾਂ ਪਰ ਹਿੱਲ॥ ਹਥੀਂ ਕੰਗਨ ਸੇਬਦੇ ਪੈਣ ਜਿਨਾਂ ਵਿਚ ਵੱਲ॥ ਹੋਨ ਦੀਵਾਨੇ ਕਾਦਰਾ ਦਾਨੇ ਦੇਖ ਸ਼ਕਲ॥ ਜ਼ੁਬਾਨ ਸਿਫਤ ਨਾਂ ਕਰ ਸਕੇ ਕੀ ਕੁਝ ਆਖਾਂ ਗੱਲ॥ ਅਕਲ ਵਜੂਦੋਂ ਬਾਹਰੀ ਸੋਹਣੀ ਸ਼ਰਮ ਹਿਯਾਉ॥ ਪਰ ਨਾ ਸੀ ਕੀਤਾ ਕਾਦਰਾ ਮਾਂ ਪਿਉ ਓਸ ਵਿਆਹੁ॥ ਲੱਜ਼ਤਵਾਇ ਜਹਾਨ ਦੀ ਨਾ ਸੀ ਕੁੱਝ ਅਜੇ॥ ਭੋਲੀ ਭਾਲੀ ਜਾਤ ਦੀਮਸਤ ਮਿਜ਼ਾਜ ਸਜੇ॥ ਖ਼ੂਬੀ ਉਤੇ ਆ ਗਿਆ ਲੈਕੇ ਇਸ਼ਕ ਛੁਰੀ॥ ਪੜਦੇ ਕੱਟ ਦਿਮਾਗ਼ਦੇ ਦਿੱਤੀ ਇਸ਼ਕੀ ਪੁੜੀ॥ ਸਖ਼ਤ ਸੋਹਣੀ ਦੇ ਤਾਲਿਆ ਗੈਬੋਂ ਕਲਮ ਵੁੜੀ॥ ਪਰ ਖੋਲ੍ਹ ਹਕੀਕਤਕਾਦਰਾ ਕਿੱਥੋਂ ਗੱਲ ਟੁਰੀ॥ ਇਕ ਮਿਰਜ਼ਾ ਇਜ਼ਤਬੇਗ ਸੀ ਅੰਦਰ ਬਲਖ਼ ਬੁਖ਼ਾਰ॥ ਮਜਨੂੰ ਪੁਨੂੰ ਰਾਂਝਿਯੋਂ ਜਿਉਂ ਫ਼ਰਿਹਾਦ ਨੱਜਾਰ॥ ਓਹ ਰੋਡਾ ਮਿਰਜ਼ਾ ਯਾਰ ਸੀ ਕਾਮ ਕਵਰ ਦਾ ਯਾਰ॥ ਓਹ ਜ਼ਾਤ ਮੁਗ਼ਲ ਸੀ ਕਾਦਰਾ ਕਰਦਾ ਰੋਜ਼ ਵਾਪਾਰ॥ ਕਰਨਾਹੋਯਾ ਰੱਬ ਦਾ ਇਸ਼ਕ ਹੋਯਾ ਫਰੀਦ॥ ਮਾਲ ਤਜਾਰਤ ਸੋਂ ਲਿਆ ਪਹਲਾਂ ਓਸ ਖਰੀਦ॥ ਤੁਰਿਆ ਦਿੱਲੀ ਸ਼ਹਿਰ ਨੂੰ ਮੋਹਲਤ ਨਾਲ ਰਸੀਦ॥ ਗੁਲਸ਼ਨ ਪਿਆਰੇ ਕਾਦਰਾ ਖ਼ਤਮ ਹੋਯਾ ਖ਼ੁਸ਼ਦੀਦ॥ ਦਿਲੀ ਅੰਦਰ ਫਿਰ ਗਿਆ ਹੋਕਾ ਸ਼ਹਿਰ ਬਾਜ਼ਾਰ ਇਕ ਬੜਾ ਸੁਦਾਗਰ ਬਲਖ ਦਾ ਪਹੁਚਾ ਕਰਨ ਬਪਾਰ॥ ਲਾਚੀ ਲੌਂਗਾਂ ਜਾਫ਼ਲਾਂ ਲੱਦੇ ਊਠ ਹਜ਼ਾਰ॥ ਕੇਸਰ ਜ਼ੀਰਾ ਕਾਦਰਾ ਕੀ ਕੁਝ ਕਰਾਂ ਸ਼ੁਮਾਰ॥ ਮੇਵੇ ਖ਼ੂਬ ਵਿਲਾਇਤੀ ਲਦੇ ਓਸ ਤਮਾਮ॥ ਗਰੀ ਮੁਨੱਕਾ ਸਾਉਗੀ ਪਿਸਤਾ ਹੋਰ ਬਦਾਮ॥ ਭਾਰ ਹਰੀੜਾਂ ਸੁੰਢਦੇ ਓੜਕ ਮਿਰਚਾਂ ਆਮ॥ ਮੈਂ ਕੀ ਕੀ ਦੱਸਾਂ ਕਾਦਰਾ ਭਰੀਆਂ ਸਭ ਤਮਾਂਮ॥ ਅਵੱਲ ਅੱਗੇ ਪਾਤਸ਼ਾਹ ਰਖੀ ਓਸ ਨਿਯਾਜ਼॥ ਦੇਖ ਸੁਦਾਗਰ ਸੋਹਿਣਾ ਸੂਰਤ ਬੇ ਅੰਦਾਜ਼॥ ਚੁੱਗਤਾ ਸ਼ਾਹਿ ਜਹਾਨ ਦਾ ਬਹੁਤ ਹੋਯਾ ਖ਼ੁਸ਼ ਨਾਜ਼॥ ਉਸ ਖਿੱਲਤ ਬਖ਼ਸ਼ੀ ਕਾਦਰਾ ਕੀਤਾ ਸ਼ਾਹ ਆਬਾਦ॥ ਲੈ ਸੁਦਾਗਰ ਸਿਰੋਪਾਇ ਬੈਠਾ ਡੇਰੇ ਆਇ॥ ਸੱਦ ਦਲਾਲ ਬਾਜ਼ਾਰ ਦੇ ਦਿੱਤਾ ਰਖਤ ਖੁਲ੍ਹਇ॥ ਅੰਦਰ ਦਿੱਲੀ ਸ਼ਹਿਰ ਦੇ ਲੱਗਾ ਹੋਣ ਵਿਕਾਇ॥ ਕੁਲ ਮਾਲ ਫ਼ਰੋ- ਖਤ ਓਸਦਾ ਲਿਆ ਸ਼ਾਹਾਂ ਚੁਕਾਇ॥ ਮਾਲ ਸੁਦਾਗਰ ਬੇਚ ਕੇ ਕੀਤਾ ਬੈਠ ਹਿਸਾਬ॥ ਦੂਣੀ ਦੌਲਤ ਹੋਗਈ ਹੋਯਾ ਦੁਰ ਅਜ਼ਾਬ॥ ਰਾਹ ਡਿੱਠਾ ਤਖ਼ਤ ਪੰਜਾਬ ਦਾ ਸ਼ਹਿਰ ਬਹਿਸ਼ਤ ਲਾਹੌਰ॥ ਦਿੱਲੀ ਬਲਖ਼ ਬੁਖ਼ਾਰ ਥੀਂ ਦਿੱਲੀ ਸ਼ਹਿਰ ਭੰਬੋਰ॥ ਕਾਬਲ ਇਸਤੰਬੋਲ ਥੀਂ ਮਿਸਲ ਨਾ ਤਿਸਦੀ ਹੋਰ॥ ਚੀਨ ਮਚੀਨ ਨਾ ਕਾਦਰਾ ਸੋਹਿਣਾ ਸ਼ਹਿਰ ਨਾ ਹੋਰ॥ ਅਜਬਬਹਾਰ ਲਾਹੌਰ ਦੀ ਮਿਰਜ਼ੇ ਡਿੱਠੀ ਆਣ॥ ਖ਼ਰੀਦ ਫ਼ਰੋਖ਼ਤ ਹੋਰ ਭੀ ਕੀਤਾ ਮਾਲ ਉਥਾਨ॥ ਓੜਕ ਡੇਰਾ ਵਤਨ ਨੂੰ ਕੀਤਾ ਕੂਚ ਪਿਛਾਹਾਂ॥ ਰਾਵੀ ਲੰਘੀ ਕਾਦਰਾ ਪਹੁੰਚੇ ਜਾਇ ਝਨਾਂ॥ ਪਾਣੀ ਇਸ਼ਕ ਝਨਾਓਂਦਾ ਜਾਦੂਗੀਰ ਵਹੇ॥ ਇਸ਼ਕ ਝਨਾਓਂਲੱਭਦਾ ਜੇ ਕੋਈ ਮੁਲ ਲਵੇ॥ ਸਭ ਆਸ਼ਕ ਉਸਦੇ ਬਾਲਕੇ ਕੰਢੇ ਉਪਰ॥ ਹੁਣ ਤੱਸਲੀ ਕਾਦਰਾ ਮਿਰਜ਼ਾ ਪਹੁੰਚਾ ਹੈ॥ ਮਿਰਜ਼ੇ ਇਜ਼ੱਤਬੇਗ ਨੇ ਪਾਯਾ ਆਣ ਵਹੀਰ॥ ਗਿਆ ਲੰਘ ਝਨਾਂਵੋਂ ਕਾਦਰਾ ਸੇਵੇ ਖ੍ਵਾਜਾ ਪੀਰ॥ ਵਿੱਚ ਸ਼ਹਿਰ ਗੁਜਰਾਤ ਦੇ ਜਾਇ ਲਥੇ ਕਰ ਡੀਰ॥ ਖ਼ਬਰ ਹੋਈ ਵਿੱਚ ਸ਼ਹਿਰ ਦੇ ਪਹੁੰਚਾ ਕੋਈ ਅੰਬੀਰ॥ ਜਾਂ ਦੋ ਦਿਨ ਬੀਤੇ ਉਤਰਿਆਂ ਮਿਰਜ਼ੇ ਸੁਨੀ ਤਰੀਫ਼॥ ਇਕ ਸ਼ਹਿਰ ਅੰਦਰ ਘੁਮਿਆਰ ਹੈ ਤੁੱਲਾ ਇਸਮ ਸ਼ਰੀਫ਼॥ ਓਹ ਘੜੇ ਪਿਆਲੇ ਕੀਮਤੀ ਸੱਭੇ ਕਰਨ ਤਰੀਫ਼। ਨਫ਼ਰ ਬੁਲਾਯਾ ਕਾਦਰਾ ਮਿਰਜ਼ੇ ਸੁਨੀ ਤਰੀਫ਼॥ ਨਫ਼ਰ ਹਵੇਲੀ ਪੁਛੱਕੇ ਤੁੱਲੇ ਵੱਲ ਗਿਆ॥ ਆਹਿ ਸੋਹਣੀ ਹੁਸਨ ਦੀ ਮੱਥਾ ਨਜ਼ਰ ਪਿਆ॥ ਓਹ ਦੇਖ ਮੋਯਾ ਬਿਨ ਮਾਰਿਓਂ ਹੋ ਹੈਰਾਨ ਗਿਆ॥ ਪੈਸਾ ਪਲਿਯੋਂ ਖੋਲ੍ਹਕੇ ਪਯਾਲਾ ਮੁੱਲ ਲਿਆ॥ ਨਫ਼ਰ ਪਿਆਲਾ ਹਥਲੈ ਪਹੁੰਚਾ ਮਿਰਜ਼ੇ ਕੋਲ ਬੋਲੇ ਫੂਕੀ ਆਨਕੇ ੳੱਗ ਦੁਖਾਂ ਦੀ ਫੋਲ॥ ਪਿਆਲਾ ਮਿਰਜ਼ੇ ਹੱਥ ਦੇ ਕਹਿੰਦਾ ਗਲ ਫਰੋਲ॥ ਘਰ ਘੁਮਯਾਰਾਂ ਪਦਮਨੀ ਗੱਲ ਸੁਨਾਵਾਂ ਰੋਲ। ਮਿਰਜੇ ਉਸਦੀ ਗਲ ਨੂੰ ਸੁਣਿਆਂ ਲਾ ਧਿਆਨ॥ ਪਕੜ ਦਿਲਾਂ ਨੂੰ ਹੋਗਈ ਇਸ਼ਕ ਲਗਾਯਾ ਬਾਨ ਕਹੇ ਸ਼ਿਤਾਬੀ ਨਫਰ ਨੂੰ ਲੈ ਚਲ ਓਸ ਦੁਕਾਨ॥ ਖ਼ੂਬੀ ਉਪਰ ਹੋਗਿਆ ਇਸ਼ਕ ਕਰੇ ਘੁਮਸਾਨ॥ ਓਹਨੂੰ ਹਕੀਕੀ ਇਸ਼ਕ ਦੀ ਆਣ ਹੋਈ ਗਜਗਾਹ॥ ਮਿਰਜ਼ਾ ਦੇਖਣ ਚੱਲਿਆ ਭਾਂਡੇ ਦੇਖਨ ਚਾਹ। ਜਾਂ ਤੁੱਲੇ ਦੇ ਘਰ ਗਿਆ ਆਸ਼ਿਕ ਬੇਪਰਵਾਹ॥ ਸੋਹਣੀ ਆਹੀ ਕੱਤਦੀ ਬੈਠੀ ਉਸੇ ਜਾ॥ ਮਿਰਜ਼ੇ ਡਿੱਠੀ ਉਸਦੀ ਸੂਰਤ ਸੀ ਦਿਲਖਾਹ॥ ਨਿੱਸਲ ਬਾਂਹ ਹੁਲਾਰਦ ਕੱਢੇ ਤੰਦ ਹਵਾ॥ ਵਾਂਗ ਪਤੰਗ ਜਲ ਗਿਆ ਜਾਨ ਜਹਾਨ ਗਵਾ॥ ਪਰ ਜਿਸਨੂੰ ਜ਼ਹਿਮਤ ਇਸ਼ਕ ਦੀ ਹੋਵੇ ਮੌਤ ਦਵਾ॥ ਨਫ਼ਰ ਕਹਿਆ ਇਕ ਬਾਦਿਆ ਸਾਨੂੰ ਦੇਵੀਂ ਹੋਰ॥ ਬਾਪ ਸੋਹਣੀ ਦੇ ਆਖਿਆ ਉਠ ਬੱਚਾ ਦੇ ਹੋਰ॥ ਸੋਹਣੀ ਕਾਸਾ ਕਢਿਆ ਮਿਰਜ਼ੇ ਦਿੱਤਾ ਮੋੜ॥ ਪਰ ਦੋਤਿਨ ਵੇਰੀ ਕਾਦਰਾ ਕੀਤੀ ਗੱਲ ਅਜੋੜ॥ ਕੋਈ ਪਸੰਦ ਨਾ ਆਵਦਾ ਫੇਰ ਵਿਖਾਵੇ ਹੋਰ॥ ਸ਼ੌਕ ਉਹਦੇ ਦਿਲ ਹੋਰ ਸੀ ਪਿਆਲੇ ਦੇ ਸਿਰ ਜ਼ੋਰ॥ ਓੜਕ ਓਨਾ ਲੈਲਿਆ ਇੱਕ ਪਿਆਲਾ ਹੋਰ॥ ਬਹੁਤੀ ਗਲ ਨਾ ਚਾਹੀਏ ਕੀਤੀ ਦਿਲੋਂ ਨਖੋਰ॥ ਡੇਰੇ ਪਹੁੰਚੇ ਪਰਤ ਕੇ ਮਿਰਜ਼ੇ ਪਿਯਾ ਅੰਧੇਰ॥ ਪਰ ਦਿਲ ਵਿਚ ਲੱਗੀ ਕਾਦਰਾ ਇਸ਼ਕੇ ਦੀ ਸ਼ਮਸ਼ੇਰ॥ ਪਰ ਇਸ਼ਕ ਜਿਨ੍ਹਾ ਨੂੰ ਭੁੰਨਿਆ ਜੀਵਣ ਨਹੀਂ ਉਮੈਦ॥ ਲੱਖ ਹਕੀਮ ਅਜ਼ਾਰ ਦੇ ਦੇਨ ਦੁਵਾਈਂ ਵੈਦ॥ ਸੜਿਆ ਖ਼ੂਨ ਫਿਰਾਕ ਦਾ ਕਦੇ ਨਾ ਪਹੁੰਦਾ ਪੈਦ॥ ਬਾਝ ਪਿਆਰੇ ਕਾਦਰਾ ਕਦੀ ਨ ਹੁੰਦਾ ਪੈਦ॥ ਜ਼ਖਮ ਹਕੀਕੀ ਇਸ਼ਕ ਦੇ ਗਏ ਮੁਗ਼ਲ ਨੂੰ ਮਾਰ॥ ਵਾਰ ਸੁੱਟੀ ਗੁਜਰਾਤ ਤੋਂ ਦਿਲੀ ਬਲਖ ਬੁਖਾਰ। ਲੈ ਹੱਟ ਕਰਾਏ ਕਾਦਰਾ ਬੈਠਾ ਵਿੱਚ ਬਜ਼ਾਰ॥ ਦੀਦਾਰ ਸੋਹਨੀ ਦਾ ਕਰਨ ਨੂੰ ਕਰਦਾ ਨਿਤ ਬਪਾਰ॥ ਪੰਡ ਸਿਰੇ ਤੋਂ ਹਿਰਸ ਦੀ ਮਾਰੀ ਚਾ ਜ਼ਮੀਨ॥ ਇਸ਼ਕ ਕਹਾਣੀ ਫੜ ਲਿਆ ਕਰਕੇ ਦਿਲੋਂ ਯਕੀਨ॥ ਬਲਖ ਬਖਾਰਾ ਛਡਿਆ ਗ਼ਜ਼ਨੀ ਚੀਨ ਮਚੀਨ॥ ਪਰ ਇਸ਼ਕ ਨਾ ਪੁੱਛੇ ਕਾਦਰਾ ਸਾਊਜ਼ਾਤ ਕਮੀਨ॥ ਉਸ ਆਨ ਤਰੀਕਾ ਪਕੜਯਾ ਚੁੱਕ ਲਈ ਏਹ ਕਾਰ॥ ਘਰ ਘੁਮਿਆਰਾਂ ਜਾਵਣਾਂ ਰਾਤ ਦਿਨੇ ਇਕਵਾਰ॥ ਭਾਂਡੇ ਮੁੱਲ ਖਰੀਦ ਕੇ ਪੈਸੇ ਦਿੰਦਾ ਤਾਰ॥ ਦੇਖਨ ਕਾਰਨ ਕਾਦਰਾ ਦਿੱਤੇ ਦੰਮ ਉਜਾੜ॥ ਮਹਿੰਗੇ ਮੁੱਲ ਖ਼ਰੀਦ ਕੇ ਸਸਤੇ ਦਿੰਦਾ ਆ॥ ਕਿਤਨੀਮੁਦਤ ਕਾਦਰਾ ਏਵੇਂ ਗਈ ਵਿਹਾ॥ ਓੜਕ ਦੌਲਤ ਪਲਿਓਂ ਹੋਈ ਹੂ ਹਵਾ॥ ਪਰ ਕਿਚਰਕ ਲੰਘੇ ਬੈਠਿਆਂ ਖੂਹ ਲਈਦੇ ਖਾ॥ ਖਾਲੀ ਹੋਯਾ ਪੱਲਿਓਂ ਆਜਿਜ਼ ਹੋਯਾਆਨ॥ ਪਿੱਛਾ ਦੌਲਤ ਦੇਗਈ ਤੁੱਟਾ ਮਾਨ ਤਰਾਨ॥ ਸੱਜਨ ਦੁਸ਼ਮਨ ਹੋਗਏ ਨਾਲ ਜਿਨਾਂ ਸੀ ਸ਼ਾਨ॥ ਘਰ ਘੁਮਿਆਰਾਂ ਕਾਦਰਾ ਮੁਸ਼ਿਕਲ ਹੂਆ ਜਾਨ॥ ਅੱਗੇ ਵਿੱਚ ਵਪਾਰ ਦੇ ਸੋਹਣੀ ਦਿਸਦੀਆ। ਇਕ ਦਿਨ ਦਿਲ ਵਿਚ ਬੈਠ ਕੇ ਕੀਤੀ ਮੁਗ਼ਲ ਸਲਾਹ॥ ਕਰਕੇ ਉਸ ਖ਼ੁਦਾਇ ਨੂੰ ਬੁਧੀ ਦਿਲੋਂ ਦਲੀਲ। ਹੁਨ ਕਾਮਾਂ ਰਹੀਏ ਜਾਇਕੇ ਤਾਂ ਕੁਝ ਹੋਇ ਫ਼ਜ਼ੀਲ। ਘਰ ਘੁਮਿਆਰਾਂ ਜਾਇਕੇ ਸੱਭੇ ਗੱਲਾਂ ਝੱਲ॥ ਹੁਣ ਨੋਕਰ ਰਹੀਏ ਕਾਦਰਾ ਰਹਿੰਦਾ ਮੁਗ਼ਲ ਦੇ ਸੱਲ। ਤੁੱਲੇ ਉਸ ਦੀ ਬੇਨਤੀ ਸੁਨੀ ਦਿਲੇ ਦੇ ਨਾਲ॥ ਕਾਮਾਂ ਕਰਕੇ ਰਖਿਆ ਦਿੱਤਾ ਮਾਲ ਸੰਭਾਲ। ਉਸਦਾ ਨਾਮ ਪਕਾਇਆ ਤੁੱਲੇ ਦਾ ਮੇਹੀਵਾਲ॥ ਹੁਣ ਇੱਜ਼ਤ ਬੇਗ ਕਾਦਰਾ ਬਣਿਆ ਮੇਹੀਵਾਲ॥ ਪਰ ਜੋ ਕੁੱਝ ਚਾਹੇ ਸੋ ਕਰੇ ਰੱਬ ਰਹੀਮ ਗ਼ਫ਼ੂਰ॥ ਇਸ਼ਕ ਹਕੀਕੀ ਕਾਦਰਾ ਜਾਮ ਪਿਆਲਾ ਪੂਰ॥ ਜਿਸ ਦਿਨ ਇਸ਼ਕ ਜਹਾਨ ਤੇ ਹੋਯਾ ਆਨ ਸਹੀ। ਤੁੱਲੇ ਨੂੰ ਵਿਚ ਖ਼੍ਵਾਬ ਦੇ ਯੂਸਫ਼ ਮਿਲਿਆ ਸੀ॥ ਜਾਂ ਫਿਰ ਯੂਸਫ਼ ਜੰਮਿਆ ਉਸ ਦੀ ਖਬਰ ਲਏ॥ ਪਰ ਇਸ਼ਕੋ ਸਮਝੇ ਕਾਦਰਾ ਜਾ ਤਕਦੀਰ ਰਹੇ॥ ਯੂਸਫ਼ ਬੰਦੀ ਘੱਤਿਆ ਇਸ਼ਕੋਂ ਵਡੀ ਕਦਾ॥ ਕਿਸ ਕਿਸ ਉੱਤੇ ਇਸ਼ਕ ਦੀ ਟੁਰਦੀ ਨਹੀ ਰਜ਼ਾ॥ ਜ਼ੀਨਤ ਹੁਰਮਤ ਹੁਸਨ ਨੂੰ ਮਿਲਿਆ ਜ਼ਹਿਰ ਅਜ਼ਾ॥ ਪਰ ਔਰਤ ਉੱਤੇ ਪਈ ਨਜ਼ੀਰ ਨਿਗਾਹ॥ ਹਰਜਤ ਸ਼ੇਖਸੁਨਆਨ ਨੇ ਇਸ਼ਕ ਚਰਾਏ ਖ਼ੂਕ॥ ਮਜਨੂੰ ਵਿਚ ਉਜਾੜ ਦੇ ਸੁਕਾਖ਼੍ਵਾਹਿਸ ਸੂਕ॥ ਤੇਸ਼ਾ ਸਿਰ ਫ਼ਰਿਹਾਦ ਦੇ ਮਾਰੀ ਇਸ਼ਕ ਬੰਦੂਕ॥ ਮੈਯਾਰ ਦਿਵਾਨਾ ਕਾਦਰਾ ਕੀਤਾ ਇਸ਼ਕ ਨਹੂਕ॥ ਰੋਡੇ ਮਾਰਾਂ ਖਾਧੀਆਂ ਇਸ਼ਕ ਰੁਲਾਯਾ ਹੀ॥ ਪੁਨੂੰ ਧੋਤੇ ਕਪੜੇ ਚੁਕਕੇ ਘਾਟ ਨਦੀ॥ ਮਿਰਜ਼ੇ ਨਾਲ ਭੀ ਕਾਦਰਾ ਇਸ਼ਕ ਕਮਾਯਾ ਕੀ॥ ਜੋ ਕੋਈ ਆਸ਼ਕ ਹੋਰਹੇ ਓੜਕ ਏਹਾ ਖ਼ਤ॥ ਦੁਨੀਆਂ ਉੱਤੇ ਕਾਦਰਾ ਕਰਦਾ ਚੌੜ ਚੁਪੱਟ॥ ਫਿਕਰ ਮੇਹੀਂ ਵਾਲ ਨੂੰ ਇਸ਼ਕ ਚਲਾਈ ਫੂਕ॥ ਉਸ ਜ਼ਾਤ ਨਾ ਪੁੱਛੀ ਕਾਦਰਾ ਘਰ ਘੁਮਿਆਰਾਂ ਚੂਕ॥ ਉਸਦਾ ਨਾਮ ਪਕਾਇਆ ਖ਼ਲਕਤ ਮੇਹੀਂਵਾਲ॥ ਸੋਹਨੀ ਪਿੱਛੇ ਓਸਨੇ ਝੱਲੇ ਬਹੁਤ ਜ਼ਵਾਲ॥ ਦੇਖ ਹਮੇਸ਼ ਜੀਂਵਦਾ ਖਾਧੇ ਬਾਝ ਤੁਆਮ॥ ਗੱਲ ਉਨ੍ਹਾਦੀ ਕਾਦਰਾ ਜਾਣੇ ਬਾਝ ਨ ਆਮ॥ ਦਿੱਸੇ ਬਾਝ ਜ਼ਬਾਨ ਦੇ ਹਰਕੰਮ ਅੰਦਰ ਸ਼ੇਰ॥ ਘਰਦੀ ਕੁੱਲ ਤਵਾਜ਼ਿਆ ਚੁੱਕੀ ਓਸ ਦਲੇਰ॥ ਅਸਲੀ ਨੌਕਰ ਮਾਲ ਦਾ ਓਹ ਹਰਕੰਮ ਅੰਦਰ ਸ਼ੇਰ॥ ਜਾਂ ਘਰ ਆਵੇ ਕਾਦਰਾ ਉਸਨੂੰ ਹੋਈ ਸਵੇਰ॥ ਨਾਜ਼ਕ ਜੁੱਸਾ ਰਾਖਵਾਂ ਕਦੀ ਨਾ ਕੀਤਾ ਕੰਮ॥ ਪੈਗਿਆ ਵਸ ਅਨਾੜੀਆਂ ਮਾਥੇ ਵਗੀ ਕਲੰਮ॥ ਤੁੱਲਾ ਬਾਹਰ ਦੁਕਾਨ ਥੀਂ ਪਟਦਾ ਨਾਹਿ ਕਦਮ॥ ਉਸਦੇ ਪਿੱਛੇ ਕਾਦਰਾ ਧੰਧੇ ਕੀਤੇ ਤੰਮ॥ ਗੋਲੇ ਰਖਕੇ ਕਾਦਰਾ ਆਪ ਕਰੇ ਕੰਮ ਕੌਣ॥ ਮੇਹੀਂਵਾਲ ਯਤੀਮ ਨੂੰ ਨਾ ਪਲ ਮਿਲਦਾ ਸੌਂਣ॥ ਘਰਦੀ ਕੁਲ ਤਵਾਜ਼ਿਆ ਦੂਜਾ ਬਾਲਣਢੋਣ॥ ਇਕ ਜੰਗਲ ਸੀ ਕਾਦਰਾ ਦੂਜਾ ਮਹੀਂ ਪਿੱਛੇ ਭੌਂਣ॥ ਟੈਹਲ ਉਨਾਂਦੀ ਕਰਦਿਆਂ ਗੁਜ਼ਰ ਗਏ ਕਈ ਸਾਲ॥ ਸੋਹਣੀ ਬੇਪਰ ਵਾਹ ਨੂੰ ਨਾ ਕੁਝ ਖ਼ਾਬ ਖ਼ਿਆਲ॥ ਪੰਡ ਚੁਕਾਵਣ ਸੋਹਣੀ ਇਕ ਦਿਨ ਆਈ ਨਾਲ॥ ਤਿਸ ਦਿਨ ਓਥੇ ਕਾਦਰਾ ਰੋਯਾ ਮੇਹੀਂਵਾਲ॥ ਦੋਵੇਂ ਹੋਏ ਵਖਰੇ ਹੋਰੀ ਖ਼ਬਰ ਨ ਕੋਲ॥ ਰੋ ਰੋ ਮੇਹੀਂਵਾਲ ਨੇ ਦੱਸੇ ਦੁਖ ਫਰੋਲ॥ ਤੇਰੇ ਕਾਰਨ ਸੋਹਣੀਏਂ ਹਾਲ ਵੰਞਾਯਾ ਮੈਂ। ਖ਼ਬਰ ਨਾ ਪਿੱਛੋਂ ਕਾਦਰਾ ਕੀ ਕੁਛ ਕਰਨਾ ਤੈਂ। ਮੈਂ ਬਲਖ ਬੁਖ਼ਾਰਾ ਛੱਡਕੇ ਆਾ ਗੁਜਰਾਤ ਮਲੀ ਸਾਰਾ ਮਾਲ ਉਜਾੜ ਕੇ ਕੀਤਾ ਛੇਕ ਤਲੀ॥ ਤੇਰੇ ਪਿੱਛੇ ਹੂੰਜਿਆ ਕੂੜਾ ਗਲੀ ਗਲੀ॥ ਪਰ ਪਾਸ ਖਲੋਤੀ ਕਾਦਰਾ ਸੋਹਣੀ ਸੁਣੇ ਖਲੀ॥ ਸੋਹਣੀ ਮਾਰੀ ਸ਼ਰਮ ਦੀ ਮੂਲ ਨਾ ਕੀਤੀ ਗਲ॥ ਨਾ ਉਸ ਚਸ਼ਮਾਂ ਪਰਤਕੇ ਡਿੱਠਾ ਉਸਦੀਵਲ॥ ਪਰ ਵਿਚੋਂ ਆਹੀ ਓਸਦੀ ਬਾਤ ਨਾ ਗਈਆ ਚੱਲ॥ ਤਿਸ ਦਿਨ ਉਸਦੀ ਕਾਦਰਾ ਖੁਹਲੀ ਇਸ਼ਕ ਅਕਲ॥ ਬਾਗ ਮੁਰੱਤਬ ਇਸ਼ਕ ਦੇ ਬਧੇ ਆਨ ਵਿਕਾਰ॥ ਦਿਲ ਵਿੱਚ ਮੇਹੀਂਵਾਲ ਦੇ ਲੱਗਾ ਆਨ ਫ਼ਿਗਾਰ। ਦਿਨ ਦਿਨ ਹੋਰ ਮੁਹੱਬਤਾਂ ਕਰਨ ਲਗੇ ਇਤਫ਼ਾਕ। ਜਾਨ ਦੇਹਾਂ ਵਿੱਚ ਕਾਦਰਾ ਇਸ਼ਕ ਬਣਾਯਾ ਸਾਕ॥ ਨਾ ਕੋਈ ਵਾਹਦ ਵਾਫ਼ਰੀ ਬਹੁਤੀ ਗੱਲ ਕਰੇ॥ ਪਾਕ ਮੁਹੱਬਤ ਦੁਹਾਂ ਦੀ ਦਿਲ ਵਿੱਚ ਖ਼ੂਬ ਰਹੇ॥ ਇਕ ਜ਼ਾਲਮ ਖ਼ੌਫ਼ ਜਹਾਨ ਦਾ ਜ਼ਾਹਰ ਬਾਤਨ ਕਹੇ॥ ਪਰ ਖ਼ਲਕਤ ਡਾਢੀ ਕਾਦਰਾ ਕਿੱਥੋਂ ਛਪੀ ਰਹੇ॥ ਖ਼ੂਬੀ ਏਹੋ ਇਸ਼ਕ ਦੀ ਪਹਿਲਾਂ ਦਿੰਦਾ ਆਇ॥ ਸੀਖ਼ਾਂ ਚਾੜ੍ਹ ਕਬਾਬਦੇ ਕਰੇ ਕਬਾਬ ਬਨਾਇ। ਪਿੱਛੋਂ ਫੇਰ ਜਹਾਨ ਤੇ ਦੇਂਦਾ ਗੱਲ ਹਿਲਾਇ। ਪਰ ਆਲਮ ਬਾਕੀ ਕਾਦਰਾ ਛੱਡੇ ਛੱਜ ਕਲਾਇ॥ ਸੋਹਨੀ ਤੇ ਮੇਹੀਂਵਾਲ ਨੂੰ ਲੱਗਾ ਦਿਨ ਚੜ੍ਹਨ॥ ਇਸ਼ਕ ਸ਼ਗੂਫ਼ੇ ਕਾਦਰਾ ਤੋੜੇ ਲੱਖ ਕਰਨ॥ ਆਨ ਪਲੀਤਾ ਮੱਚਿਆ ਚੋਰੀ ਮੇਹੀਂ ਫਿਰਨ॥ ਪਰ ਇਸ਼ਕ ਅਜੇਹੋਂ ਕਾਦਰਾ ਅੰਗ ਪਤਾਨ ਡਰੱਨ॥ ਸੋਹਨੀ ਮੇਹੀਂਵਾਲ ਨੂੰ ਖ਼ਬਰ ਨਾ ਕਾਈ ਮੂਲ॥ ਧੁੰਮੀਂ ਵਿਚ ਕਬੀਲੜੇ ਉਠਿਆ ਫੇਰ ਫ਼ਤੂਰ॥ ਚੋਰ ਪਿਆ ਦਿਲ ਮਾਪਿਆਂ ਸੋਹਣੀ ਲੱਗਾ ਸੂਲ॥ ਏਹ ਦੁਖ ਮੰਦਾ ਕਾਦਰਾ ਦੁਨੀਆਂ ਵਿੱਚ ਨਜ਼ੂਲ। ਓਹ ਤੁੱਲਾ ਮੁਲਕੀਂ ਮੱਨਿਆਂ ਹੈਸੀ ਸ਼ਰਮ ਹਜੂਰ॥ ਸੋਖ਼ਤ ਆਈ ਓਸਨੂੰ ਹੋਇਆ ਬਹੁਤ ਰੰਜੂਲ॥ ਮਾਂ ਸੋਹਣੀ ਨੂੰ ਆਖਿਆ ਗੱਲ ਨਹੀ ਏਹ ਕੂੜ। ਏਹ ਨੇਕ ਨਾ ਕਾਮਾਂ ਜਾਪਦਾ ਕਰੋ ਘਰਾਂ ਤੇ ਦੂਰ। ਪਰ ਇਕ ਸਹੇਲੀ ਖ਼ਾਸ ਸੀ ਸੋਹਣੀਦੇ ਹਮਸਾਇ॥ ਵਾਕਿਫ਼ ਥੀ ਹਰ ਭੇਦ ਦੀ ਅਕਲ ਸੁਘੜ ਦਾਨਾਇ॥ ਕੁਲ ਹਕੀਕਤ ਓਂਸਦੀ ਸਮਝ ਲਈ ਦਿਲ ਪਾਇ। ਇਕਦਿਹਾੜੇ ਦੱਸਿਆ ਸੋਹਣੀ ਅੱਗੇ ਜਾਇ॥ ਅੱਜ ਤੁਹਾਡੇ ਸਿਰਾਂਤੇ ਭਾਂਬੜ ਮੱਚ ਗਏ। ਢੋਲ ਮਿਜ਼ਾਜੀ ਇਸ਼ਕ ਦੇ ਮੁਲਖੀਂ ਵਜ ਗਏ॥ ਅੱਗੇ ਟੁਰਯੋ ਸਮਝ ਕੇ ਦਰਦ ਰਫ਼ੀਕ ਰਹੇ॥ ਪਰ ਮੱਚੀ ਹੋਈ ਕਾਦਰਾ ਕਿਥੋਂ ਛਪ ਰਹੇ॥ ਓਂੜਕ ਓਂਨਾ ਸੱਦਿਆ ਮੇਹੀਂਵਾਲ ਸ਼ਤਾਬ॥ ਬਹਿ ਘੁਮਿਆਰਾਂ ਓਂਸਨੂੰ ਦਿੱਤਾ ਸਾਫ਼ ਜੁਵਾਬ। ਅਸਾਂ ਪ੍ਰਵਾਹ ਨ ਤੇਰੀ ਕਾਰ ਦੀ ਜਾਨੀ ਨਾ ਹਿਜਾਬ॥ ਚੰਗਾਂ ਕਰਕੇ ਰੱਖਿਆ ਦਿੱਤਾ ਏਹ ਖ਼ਤਾਬ॥ ਪਰ ਨਾਕੁਝ ਉਜ਼ਰ ਮੁਸਾਫ਼ਿਰਾਂ ਨਾਲ ਕਿਸੇ ਕੀ ਜ਼ੋਰ॥ ਸੱਕਾ ਬਾਝ ਖ਼ੁਦਾਇ ਦੇ ਕੌਣ ਓਂਹਦਾ ਸੀ ਹੋਰ॥ ਇਕ ਵਤਨ ਨਾ ਆਹਾ ਆਪਣਾ ਦੂਜਾ ਬਣਿਆ ਚੋਰ॥ ਹੋਯਾ ਅਰਥੀ ਕਾਦਰਾ ਟੁਰਿਆ ਹਿਰਸ ਤਰੋੜ॥ ਪਰ ਵਿੱਚੋਂ ਹੋਈ ਓਂਸਦੀ ਗੱਲ ਨਾ ਕੀਤੀ ਜਾਇ॥ ਤਿਸ ਦਿਨ ਓਂਖੇ ਕਾਦਰਾ ਖੁੱਲੇ ਇਸ਼ਕ ਜਲਾਇ। ਪਿੱਛੋਂ ਵਿੱਚ ਜਹਾਨ ਦੇ ਦਿਤੀ ਗਲ ਹਿਲਾ॥ ਪਰ ਵਿੱਚ ਆਦਰ ਕਾਦਰਾ ਦਿੱਤੋ ਢੋਲ ਧਰਾਇ॥ ਸੋਹਣੀ ਆਹੀਂ ਮਾਰਦੀ ਦਿਲ ਵਿਚ ਚੜ੍ਹਿਆ ਰੋਹ॥ ਰੋਂਦੀ ਆਹੀਂ ਮਾਰਕੇ ਨਾਲ ਫ਼ਿਰਾਕ ਅੰਦੋਹ॥ ਕੁਝ ਵੱਸ ਨਾ ਚੱਲੇ ਓਸਦਾ ਸਬਰ ਬੈਠੀ ਕਰ ਓਹ॥ ਪਰ ਪਹਿਲਾਂ ਨੌਬਤ ਓਸਦੀ ਕੀਤਾ ਆਨ ਧ੍ਰੋਹ॥ ਮੇਹੀਂਵਾਲ ਨੂੰ ਕੱਢਕੇ ਤੁੱਲੇ ਤਕ ਸਲਾਹ॥ ਕਾਜ ਸ਼ਿਤਾਬ ਅਰੰਭਿਆ ਆਨ ਸੁਧਾਇਆ ਸਾਹ॥ ਦੌਲਤ ਮੇਹੀਂਵਾਲ ਦੀ ਦਿੱਤੀ ਘੱਤ ਵਿਯਾਹ॥ ਪਰ ਰਬ ਨਾ ਚਾਹੇ ਕਾਦਰਾ ਬੰਦੀ ਰੋਜ਼ ਰਹਾ॥ ਸੋਹਣੀ ਸਾਬਤ ਸਾਵਰੀ ਰੱਖ ਲਈ ਰੱਬ ਆਪ॥ ਚੁੰਗੀ ਖਾਣੀ ਨਾ ਮਿਲੀ ਪਿੰਡੇ ਚੜ੍ਹਿਆ ਤਾਪ॥ ਉਸ ਰਾਤ ਗੁਜ਼ਾਰੀ ਰੋਂਦਿਆਂ ਮੂੰਹ ਥੀਂ ਕੱਢ ਅਲਾਪ॥ ਵੁਹ ਤਾਨੇ ਘੱਲ ਨ ਕਾਦਰਾ ਫੇਰ ਓਹਨੂੰ ਘਰ ਆਪ॥ ਸੋਹਣੀ ਮੇਹੀਂਵਾਲ ਦੀ ਛੇੜੇ ਕੌਨ ਅਮਾਨ॥ ਮਖ਼ਫ਼ੀ ਭੇਦ ਖ਼ੁਦਾਇ ਦਾ ਜਾਨੇ ਨਹੀਂ ਜਹਾਨ॥ ਓਹ ਜੋੜੀ ਸੀ ਅਲਾਹਿ ਦੀ ਦੋ ਜੁੱਸੇ ਇਕ ਜਾਨ॥ ਰਲ ਵਸਨਗੇ ਕਾਦਰਾ ਵਿਚ ਕਬਰ ਅਸਥਾਨ॥ ਦੁਨੀਆਂ ਉਪਰ ਦੁਖਦੀ ਚੱਲੇ ਉਮਰ ਗੁਜ਼ਾਰ॥ ਘੱਤ ਵਛੋੜਾ ਗੈਬਦਾ ਕੀਤਾ ਇਸ਼ਕ ਖ਼ੁਵਾਰ॥ ਉਹ ਘਰ ਰੋਂਦੀ ਮਾਪਿਆਂ ਮੇਹੀਂ ਵਾਲ ਬਜ਼ਾਰ॥ ਮੁਸ਼ਕਲ ਮਿਲਨਾ ਕਾਦਰਾ ਹੋਯਾ ਬਹੁਤ ਲਾਚਾਰ॥ ਵਿੱਚ ਮਸੀਤੇ ਦਾਇਰੇ ਰੋਂਦਾ ਮੇਹੀਂਵਾਲ॥ ਕਸਮ ਅਨਾਜੋਂ ਪਾਣੀਯੋਂ ਰੱਬ ਮਲੂੰਮ ਹਵਾਲ ਖ਼ੂਨ ਬਦਨ ਵਿਚ ਸੜ ਗਿਆ ਦਰਦ ਸੋਹਣੀ ਦੇ ਨਾਲ॥ ਮੇਹੀਂਵਾਲ ਨੂੰ ਕਾਦਰਾ ਗੁਜ਼ਰੇ ਰਾਤ ਮਹਾਲ॥ ਸੋਹਣੀ ਬਾਝੋਂ ਓਸਨੂੰ ਪਿਆ ਗ਼ੁਬਾਰ ਅੰਧੇਰ॥ ਕੁੱਸ ਗਿਆ ਬਿਨ ਕੁੱਸਿਯੋਂ ਇਸ਼ਕ ਲਿਯਾਸੀ ਘੇਰ॥ ਹੁਣ ਕੇਹੜੇ ਨਾਲ ਸਬੱਬ ਦੇ ਜਾ ਮਿਲੀਏ ਇਕਵੇਰ॥ ਘਰ ਘੁਮਯਾਂਰਾਂ ਕਾਦਰਾ ਰੋਂਦਾ ਨਾਹੀਂ ਫੇਰ॥ ਉਮਰ ਗੁਜ਼ਾਰੀ ਰੋਂਦਿਆਂ ਕਿਤਨੀ ਲੰਘ ਗਈ॥ ਇਕ ਦਿਨ ਇਸ਼ਕ ਸਿਖਾਲਿਆ ਦਿਲ ਵਿਚ ਬਾਤ ਪਈ॥ ਪਕੜ ਤਰੀਕਾ ਫ਼ਕਰ ਦਾ ਹੱਥ ਵਿਚ ਟਿੰਡ ਲਈ। ਹੁਣ ਵੇਖਣ ਕਾਰਣ ਕਾਦਰਾ ਮੰਗਣ ਚੜ੍ਹਿਆਈ॥ ਓਹ ਹੈਸੀ ਲਾਖੀ ਆਦਮੀ ਬਲਖ਼ ਬਖ਼ੁਰੇ ਦਾ॥ ਜ਼ਾਲਮ ਇਸ਼ਕ ਉਜਾੜਿਆ ਜੋ ਅਸਬਾਬ ਉਦਾ। ਓਹਸੀ ਵਿਚ ਗੁਜਰਾਤ ਦੇ ਚੜ੍ਹਿਆ ਕਰਨ ਗਦਾ॥ ਘਰ ਘੁਮਿਆਰਾਂ ਕਾਦਰਾ ਆਖੇ ਫੇਰ ਸਦਾ॥ ਕੁਝ ਹਾਜ਼ਰ ਹੈ ਤਾਂ ਭੇਜੀਓ ਜਾਇ ਕਰੀ ਸੁ ਪੁਕਾਰ॥ ਸੱਸ ਬੁਲਾਯਾ ਸੋਹਨੀਏਂ ਖੜਾ ਮੁਸਾਫ਼ਰ ਬਾਹਰ॥ ਉਠ ਬੱਚਾ ਘੱਤ ਖ਼ੈਰ ਤੂੰ ਸਦਕੇ ਨਾਮ ਗ਼ੁਫ਼ਾਰ॥ ਹੁਣ ਵੇਖ ਤਮਾਸ਼ਾ ਕਾਦਰਾ ਮਿਲਨ ਲਗੇ ਨੀ ਯਾਰ॥ ਸੋਹਣੀ ਖ਼ੈਰ ਫ਼ਕੀਰ ਨੂੰ ਪਾਵਨ ਪਹੁੰਚੀ ਵੱਤ॥ ਹੋਇ ਖਲੀ ਵਿਚ ਸਰਦਲਾਂ ਰੋਟੀ ਲੈਕੇ ਹਥ॥ ਸੂਰਤ ਮੇਹੀਂਵਾਲ ਦੀ ਡਿੱਠੀ ਨਜ਼ਰ ਪਰੱਤ॥ ਤੜਫ਼ ਓਥੇ ਹੀ ਕਾਦਰਾ ਜਾਇ ਡਿਗਾ ਮੁਠਵੱਟ॥ ਵਾਂਗ ਕਬੂਤ੍ਰ ਤੜਫਿਆ ਵਿੱਚ ਬਿਹੋਸ਼ ਮਕਾਨ॥ ਸੋਹਣੀ ਹੈਬਤ ਖਾਇਕੇ ਪਾਸ ਖਲੋਤੀ ਆਨ॥ ਯਾਰ ਪੁਰਾਣਾ ਆਪਣਾ ਵੇਖ ਹੋਈ ਹੈਰਾਨ॥ ਬੈਠ ਸਰ੍ਹਾਨੇ ਕਾਦਰਾ ਲਗੀ ਫੇਰ ਬੁਲਾਨ॥ ਜਾਂ ਉਸ ਅੱਖੀਂ ਪਰਤੀਆਂ ਸੋਹਣੀ ਕਰੇ ਜਵਾਬ। ਪੱਟ ਉਤੇ ਸਿਰ ਰਖਕੇ ਤਲੀਆਂ ਝਸ ਸ਼ਤਾਬ॥ ਕਯੋਂ ਜਾਨ ਗਵਾਏਂ ਆਪਣੀ ਸਾਨੂੰ ਦੇ ਅਜ਼ਾਬ॥ ਹੁਣ ਜੇ ਕੋਈ ਦੇਖੇ ਕਾਦਰਾ ਕਰਸੀ ਮਾਰ ਖ਼ਰਾਬ॥ ਤੂੰ ਨਾ ਕਰ ਸੱਜਨ ਕਾਹਲੀਆਂ ਨਾ ਬਾਝ ਲਗਾਮੋਂ ਵੱਗ॥ ਦਾਰੂ ਵਾਲੀ ਕੋਠੜੀ ਕ੍ਯੋਂ ਲੈ ਵੜਨਾਏਂ ਅੱਗ॥ ਦੁਸ਼ਮਨ ਤੇਰੀ ਜਾਨਦਾ ਬੈਠਾ ਸਾਰਾ ਜੱਗ ਚਲ ਬੈਠ ਨਦੀ ਤੇ ਕਾਦਰਾ ਆਖੇ ਸਾਡੇ ਲੱਗ॥ ਤੂੰ ਕਰ ਫ਼ਰਿਆਦ ਖ਼ੁਦਾਇ ਥੀਂ ਮੇਰੇ ਵਸ ਨਾ ਕੁਝ॥ ਮੇਰਾ ਆਪ ਕਲੇਜਾ ਭੁਜ ਗਿਆ ਬਾਲਣ ਹੋਈ ਬੁੱਝ॥ ਦਰਦ ਤੇਰੇ ਨੂੰ ਰੋਂਦਿਆਂ ਅੱਖੀਂ ਗਈਆਂ ਸੁੱਜ॥ ਪਰ ਤੈਨੂੰ ਖ਼ਬਰ ਕੀ ਕਮਲਿਆ ਜੋ ਦਮ ਗੁਜ਼ਰੇ ਮੁੱਝ॥ ਜੋ ਕੁਝ ਸੋਹਣੀ ਆਖਿ ਆ ਲਇਆ ਸਿਰੇ ਤੇ ਮੰਨ॥ ਉਠ ਗਿਆ ਵੱਲ ਝਨਾਉਂਦੀ ਕਮਰ ਸਬਰ ਦੀ ਬੰਨ੍ਹ॥ ਪੱਤਨ ਘਾਟ ਮਲਾਂਹਦੀ ਜਿੱਥੇ ਆਹੀ ਛੰਨ॥ ਜਾ ਉਥਾਹੀਂ ਕਾਦਰਾ ਲੱਗਾ ਮੁਗ਼ਲ ਵਸੰਨ॥ ਹੁਣ ਦੇਖੋ ਇਸ਼ਕ ਮਜਾਜ਼ ਦਾ ਲੱਗਾ ਹੋਣ ਬਿਪਾਰ॥ ਸੋਹਣੀ ਹੱਥੀਂ ਤੋਰਿਆ ਆਪ ਨਦੀ ਵਲ ਯਾਰ॥ ਖਾਣਾ ਪੀਣਾ ਭੁਲ ਗਿਆ ਲੱਗੀ ਸਾਂਗ ਦੁਸਾਰ॥ ਭੋਰਾ ਝੋਰਾ ਕਾਦਰਾ ਮੁਢੋਂ ਲੱਗਾ ਖ਼ਾਰ॥ ਹੁਣ ਸੋਹਣੀ ਬਾਝੋਂ ਪਿਆਰਿਆਂ ਹੋਈ ਜਾਨ ਤਰੁੱਟ॥ ਨਿਤ ਨ੍ਹਾਵਣ ਨਾਲ ਸਹੇਲੀਆਂ ਪਤਣ ਜਾਂਦੀ ਉਠ॥ ਓਹ ਦਰੀਯਾ ਝਨਾਂਦੇ ਬੈਠ ਜਿਸ ਮਕਾਨ॥ ਨੌਕਰ ਦੇਖ ਮਲਾਹ ਭੀ ਵਾਕਫ਼ ਹੋਏ ਆਨ॥ ਰਾਤੀ ਉਸਨੂੰ ਬੇੜੀਆਂ ਸਊਂਪ ਸਭੇ ਟੁਰਜਾਨ॥ ਰੋਟੀ ਘੱਲਨ ਕਾਦਰਾ ਜੋ ਕੁਝ ਘਰੀਂ ਪਕਾਨ॥ ਪਰ ਲੋਕ ਸ਼ਿਕਾਰੀ ਸ਼ਹਿਰ ਦੇ ਦੂਜੀ ਜ਼ਾਤ ਮਲਾਹ॥ ਮੱਛੀ ਫੜ ਦਰਯਾਇ ਥੀਂ ਕੱਢਨ ਲੋਕ ਮੁਬਾਹ॥ ਇਕ ਹਿੱਸਾ ਵੰਡ ਫ਼ਕੀਰ ਨੂੰ ਦਿੰਦੇ ਨਾਮ ਅਲਾਹ॥ ਕਹਿੰਦੇ ਏਹੋ ਕਾਦਰਾ ਆਪ ਹੱਥੀ ਭੁੰਨ ਖਾਹ। ਇਕ ਮਛੀ ਰੋਜ਼ ਮਲਾਹ ਥੀਂ ਲੈਂਦਾ ਮੇਹੀਂਵਾਲ। ਖੁਬ ਕਬਾਬ ਬਨਾਂਵਦਾ ਆਪ ਅੰਗੀਠੀ ਬਾਲ। ਸੋਹਣੀ ਬਾਝੋਂ ਓਸਨੂੰ ਖਾਣਾ ਹੋਇਆ ਮਹਾਲ॥ ਨੀਯੱਤ ਉਸਦੀ ਕਾਦਰਾ ਬਨ੍ਹੇ ਵਿਚ ਰੁਮਾਲ।ਲੋਕ ਅਰਾਮ ਗੁਜ਼ਾਰਦੇ ਸੁਤਾ ਹੋਇ ਜਹਾਨ॥ ਕੋਲ ਸੋਹਣੀ ਦੇ ਆਂਵਦਾ ਤਰ ਦਰਯਾ ਝਨਾਂਵ।ਓਹ ਬੈਠੀ ਹੋਵੇ ਜਾਗਦੀ ਮੇਹੀ ਵਾਲ ਬਿਨਾਂ। ਖਾਣ ਦੋਵੇਂ ਰਲ ਕਾਦਰਾ ਲੱਜ਼ਤ ਹੋਵੇ ਤਾਂ। ਖਾਤਰ ਕਰਕੇ ਓਸਦੀ ਮੇਹੀਂਵਾਲ ਭਵੇਂ॥ ਫੇਰ ਝਨਾਓ ਲੰਘਕੇ ਜਾਇ ਮਕਾਨ ਸਵੇਂ। ਭਲਕੇ ਭੁੰਨ ਲਿਆਂਵਦਾ ਖ਼ਾਸ ਕਬਾਬ ਨਵੇਂ॥ ਪਰ ਕਿਤਨੀ ਮੁੱਦਤ ਕਾਦਰਾ ਗੁਜ਼ਰੀ ਓਸ ਇਵੇਂ। ਇਕ ਦਿਨ ਕਰਨਾ ਰਬ ਦਾ ਪਈ ਝਨਾਵੇਂ ਛੱਲ। ਬੱਦਲ ਵੁਠਾ ਅਮਰਦਾ ਮੀਂਹ ਪਹਾੜਾ ਵੱਲ। ਕਾਂਗ ਕੈਹਰ ਦੀ ਚੜ ਗਈ ਹੋਈ ਜਲ ਤੇ ਥਲ। ਚੜ੍ਹੀਆਂ ਕਾਂਗਾਂ ਕਾਦਰਾ ਮੱਛੀ ਗਈਏ ਹੱਲ। ਤਿਸ ਦਿਨ ਨਹੀ ਸ਼ਕਾਰਦੀ ਮੱਛੀ ਕਿਸੇ ਫੜੀ॥ ਬੈਠੇ ਮੇਹੀਂਵਾਲ ਨੂੰ ਪਹੁਚੀ ਓਹ ਘੜੀ॥ ਨਦੀ ਕੈਹਰ ਵਿਚ ਹੋਇ ਗਈ ਉਸਨੂੰ ਰਾਤ ਪਈ॥ ਤਾਜ਼ਾ ਪਾਣੀ ਆਗਿਆ ਮੱਛੀ ਨਾਹਿ ਰਹੀ। ਤਿਸ ਦਿਨ ਮੱਛੀ ਉਸਨੂੰ ਆਈ ਹੱਥ ਨ ਕਾਇ॥ ਖਾਲੀ ਹੱਥੀ ਜਾਵਣਾ ਮੁਸ਼ਕਲ ਬਣਿਆ ਆਇ॥ ਅਗੇ ਨਜ਼ਰ ਕਬਾਬ ਦੀ ਮਿਲਦਾ ਸੀ ਲੈਜਾ॥ ਓਸ ਦਿਹਾੜੇ ਕਾਦਰਾ ਹੋ ਦਿਲਗੀਰ ਖੜਾ॥ ਕੋਈ ਸਬਬ ਨ ਸੁੱਝਦਾ ਦਿਲ ਮੇਂ ਕਰੇ ਸ਼ੁਮਾਰ॥ ਸੋਹਣੀ ਹੋਗ ਉਡੀਕਦੀ ਮੈਨੂੰ ਪਲਕ ਪੁਕਾਰ॥ ਜੇ ਮੈਂ ਪਹੁੰਚਾਂ ਅੱਜ ਨਾ ਕਾਹਦਾ ਉਸਦਾ ਯਾਰ॥ ਪਰ ਪੱਟੋ ਬੇਰਾ ਕਾਦਰਾ ਚੀਰੇ ਖੱਲ ਉਤਾਰ॥ ਬੇਰੇ ਲਾਹੇ ਆਪਣੇ ਮੇਹੀਂਵਾਲ ਫ਼ਕੀਰ॥ ਸੀਖਾਂ ਦੇ ਮੂੰਹ ਚਾੜ੍ਹਕੇ ਦਿੰਦਾ ਗੋਸ਼ਤ ਚੀਰ॥ ਸੋਹਣੀ ਪਿਛੇ ਕਟਿਆ ਜ਼ਾਲਮ ਇਸ਼ਕ ਸਰੀਰ॥ ਹੁਣ ਲੈ ਨਜ਼ਰਾਂ ਕਾਦਰਾ ਟੁਰਿਆ ਹਥ ਬਗੀਰ॥ ਪਰ ਜੇ ਕੋਈ ਇਸ ਇਸ਼ਕ ਥੀਂ ਰੱਖੇ ਬਹੁਤ ਅਜ਼ਾਬ॥ ਮੇਹੀਂਵਾਲ ਫ਼ਕੀਰ ਨੇ ਕੀਤਾ ਬਦਨ ਕਬਾਬ॥ ਜਾਂ ਓੁਸ ਡਿਠੇ ਕਾਦਰਾ ਸੁਟੇ ਥੁਕ ਖਰਾਬ॥ ਮੋੜ ਫੜਾਯਾ ਓੁਸਨੂ ਮੁਖਥੀਂ ਕਹਿਆ ਹੈ। ਕੀ ਕੁਝ ਆਫ਼ਤ ਭੁੰਨਕੇ ਅੱਜ ਤੂੰ ਆਂਦੀ ਹੈ॥ ਜਾਂ ਮੈ ਮੂੰਹ ਵਿਚ ਘਤਿਆ ਅਗੋਂ ਆਈ ਕੈ॥ ਇਹ ਨਹੀਂ ਮਛੀ ਕਾਦਰਾ ਖ਼ਬਰ ਨਹੀ ਕੀ ਹੈ॥ ਅੱਗੋਂ ਮੇਹੀਂਵਾਲ ਨੇ ਸੁਖਨ ਕੀਤਾ ਇਕ ਰਾਸ॥ ਅੱਜ ਘਟ ਮਸਾਲਾ ਕਾਦਰਾ ਹੋਰ ਨਹੀ ਵਿਸ੍ਵਾਸ॥ ਸੋਹਣੀ ਨਾਲ ਮਜ਼ਾਖਦੇ ਅਗੋ ਕਹਿੰਦੀ ਹੱਸ॥ ਨਾ ਕਰਕਸਮਾਂ ਕੂੜੀਆਂ ਸੱਚ ਅਸਾਂਨੂੰ ਦੱਸ। ਨਾ ਖਰਗੋਸ਼ ਨਾ ਬੱਕਰਾ ਮਛੀ ਨਾਹਿ ਦਸ॥ ਨਾ ਕਰੀਂ ਮਜ਼ਾਖਾਂ ਆਨਕੇ ਅਸੀ ਕਬਾਬੋਂ ਬਸ॥ ਤਾਂ ਫਿਰ ਮੇਹੀਂਵਾਲ ਨੂੰ ਚਾਬਕ ਲੱਗਾ ਬੋਲ॥ ਰੱਖੀ ਦਿਲ ਵਿਚ ਕਾਦਰਾ ਕਿਸਨੂੰ ਦਸਾਂ ਫੋਲ। ਲਾਹ ਚਲਾਈ ਸਬਰ ਦੀ ਰੁਨਾ ਸੋਹਣੀ ਕੋਲ। ਮੈਂ ਜ਼ਖ਼ਮੀ ਕੀਤਾ ਆਪਨੂੰ ਮਰਨੋ ਡਰਿਆ ਨਾ॥ ਅਜੇ ਸੁਆਦ ਨਾ ਤੁਧ ਜੇ ਮਾਰ ਅਸਾਂਨੂੰ ਥਾਂ॥ ਸਚ ਸਿਆਨੇ ਆਖਦੇ ਜ਼ਾਲਮ ਜ਼ਾਤ ਜ਼ਨਾਂ॥ ਪਰ ਓੜਕ ਵੇਖਨ ਕਾਦਰਾ ਸਿਦਕ ਲ੍ਯਾਵਨ ਤਾਂ॥ ਤਾਂ ਫਿਰ ਸੋਹਣੀ ਸਮਝਿਆ ਸਾਬਤ ਨਾਲ ਈਮਾਨ॥ ਦੇਖ ਜ਼ਖ਼ਮ ਪਟ ਬੰਨ੍ਹਦੀ ਆਜਿਜ਼ ਹੋਈਆਨ ਮੈਂ ਗੁਲਾਮ ਕਦੀਮ ਦੀ ਏਥੇ ਓਥੇ ਜਾਨ॥ ਤੇਥੋਂ ਪੂਰੀ ਹੋਗਈ ਜਾਹ ਤੂੰ ਬੈਠ ਮਕਾਨ॥ ਮੈਂ ਹੁਣ ਓਥੇ ਆਵਸਾਂ ਜਾਣੀ ਇਸ਼ਕ ਤਦਾਂ॥ ਜੇ ਮੈਂ ਮਰਨੋਂ ਡਰ ਗਈ ਤਾਂ ਕਮਜ਼ਾਤ ਅਖਾਂ॥ ਨਾਂ ਹੁਣ ਆਵੀਂ ਚੱਲਕੇ ਮੇਰੇ ਪਾਸ ਕਦਾਂ॥ ਇਸ਼ਕ ਤੇਰੇ ਥੀਂ ਕਾਦਰਾ ਚੀਰਾਂ ਨਦੀ ਝਨਾਂ॥ ਤਿਸ ਦਿਨ ਥੀ ਓਹ ਪਰਤਕੇ ਓਸ ਮਕਾਨ ਗਿਆ॥ ਫੇਰ ਤਰੀਕਾ ਓਸਦਾ ਸੋਹਣੀ ਪਕੜ ਲਿਆ॥ ਹਰ ਰੋਜ਼ ਹਮੇਸ਼ਾ ਰਾਤ ਨੂੰ ਜਾਨਾ ਸ਼ੁਰੂ ਕੀਆ॥ ਪਰ ਬਲਦੀ ਉਤੇ ਕਾਦਰਾ ਅਰਸੋਂ ਤੇਲ ਪਿਆ॥ ਬਲੀ ਮਤਾਬੀ ਇਸ਼ਕਦੀ ਰਾਤ ਅੰਦਰ ਅੰਧੇਰ॥ ਮਰਗ ਉਤ ਪਰਵਾਨਿਆ ਆਵਨ ਬਹੁਤ ਚੁਫ਼ੇਰ॥ ਖੂਬੀ ਏਹੋ ਇਸ਼ਕ ਦੀ ਦਲੇਰ॥ ਸੋਹਣੀ ਉਪਰ ਇਸ਼ਕ ਦੀ ਉਠੀ ਤੇਜ਼ ਫ਼ਨਾਹ॥ ਆਹੀਂਥੀ ਥਲ ਚੀਰਦੀ ਸ਼ੇਰਬੁਕਨ ਵਿਚ ਰਾਹ॥ ਤਰ ਦਰਯਾਉ ਝਨਾਉਂ ਥੀ ਜਾਂਦੀ ਪਾਰ ਤਦਾਂ॥ ਘੜੇਦੇ ਉਤੇ ਕਾਦਰਾ ਲਘੇ ਇਸ਼ਕ ਫਨਾ॥ ਖਾਤਰ ਮੇਹੀਵਾਲ ਦੀ ਏਵਾ ਰੋਜ਼ ਕਰੇ॥ ਸਿਦਕੋ ਬੇੜਾ ਘੜੇਦਾ ਪਾਰ ਓਤਾਰਕਰੇ॥ ਫਿਰ ਵਿਚ ਰਖਕੇ ਬੂਟਿਆ ਜਾ ਘਰ ਬਾਰ ਵੜੇ॥ ਪਹਿਰੇ ਪੁਠੇ ਕਾਦਰਾ ਜ਼ਾਲਮ ਇਸ਼ਕ ਤਰੇ॥ ਸੋਹਣੀ ਦੀ ਨਿਣਾਨ ਨੇ ਸੋਹਣੀ ਦਾ ਹਾਲ ਮਲੂਮ ਕਰਕੇ ਪੱਕਾ ਘੜਾ ਬਦਲ ਕੇ ਕਚਾ ਰਖ ਦੇਨਾ ਇਕ ਦਿਨ ਰਾਤ ਨਿਣਾਨ ਨੂੰ ਹੋਈ ਆਇ ਖਬਰ॥ ਸੋਹਨੀ ਜ਼ੇਵਰ ਪੈਹਨਦੀ ਉਸਦੀ ਪਈ ਨਜ਼ਰ॥ ਚੱਲੀ ਹਰਸੰਗਾਰ ਕਰ ਬਾਹਰੋਂ ਸ਼ੈਹਰ ਸਫ਼ਰ॥ ਓੜਕ ਦੇਖਨ ਕਾਦਰਾ ਓਹ ਭੀ ਗਈ ਮਗਰ॥ ਜਾਇ ਖਲੀ ਦਰਯਾ ਤੇ ਆਈ ਨਨਦ ਪੈਕਾਰ ਸੋਹਣੀ ਤਰਦੀ ਘੜੇ ਤੇ ਗਈ ਝਨਾਓਂ ਪਾਰ। ਮਿਲਕੇ ਯਾਰ ਫ਼ਕੀਰ ਨੂੰ ਆਈ ਫੇਰ ਉਰਾਰ। ਰੱਖ ਘੜਾ ਵਿਚ ਬੂਟਿਆਂ ਆਇ ਵੜੀ ਘਰਬਾਰ। ਅੱਗੇ ਉਸਦੇ ਦੌੜਕੇ ਜਾ ਵੜੀ ਘਰ ਸੌਣ॥ ਕਾਰਣ ਹਿਕਤਕਾਦਰਾਤਕਆਈ ਗਲ ਕੌਣ॥ ਅਗਲੇ ਦਿਨ ਦੁਕਾਨ ਥੀਂ ਕੱਚਾ ਘੜਾ ਓੁਠਾਇ॥ ਕੱਚਾ ਪਰ ਵਿੱਚ ਬੂਟਿਆਂ ਪੱਕਾ ਲਿਆ ਓੁਠਾਇ॥ ਹਿਕਮਤ ਨਾਲ ਹਰਰੋਜ ਦੇ ਆਓੁਂਦੀ ਲਿਆ ਓੁਠਾ॥ ਪਰ ਲਿਖੀ ਹੋਈ ਕਾਦਰਾ ਸਕੇ ਕੌਣ ਮਿਟਾਇ॥ ਸੋਹਣੀ ਸਖ਼ਤ ਨਸੀਬ ਦੀ ਨਿੱਘਰ ਕਰਮ ਗਏ॥ ਨਾਵਾਂ ਲੱਥਾ ਦਫਤਰੋਂ ਦਮ ਸਾਹ ਪੁਜ ਗਏ॥ ਅੱਠ ਪਹਿਰ ਹਯਾਤੀ ਰਹਿਗਈ ਮਲਕੁਲ ਮੌਤ ਲਏ॥ ਜਾਇ ਪਾਰ ਹਰਰੋਜ਼ ਥੀਂ ਕੀਕਰ ਅੱਜ ਰੱਹੇ॥ ਤਿਸ ਦਿਨ ਕਰਨਾ ਰੱਬਦਾ ਹੋਯਾ ਆਨ ਗ਼ੁਬਾਰ। ਸਖਤ ਸਮਾਂ ਸੀ ਰਾਤ ਦਾ ਦੂਜਾ ਪੋਹ ਬਹਾਰ॥ ਬੱਦਲ ਕਿਸੇ ਨਜ਼ੂਲ ਦੇ ਓੁਠੇ ਬੇਸ਼ੁਮਾਰ ਜਲ ਥਲ ਪਾਣੀ ਕਾਦਰਾ ਕੱਪੜ ਲਹਿਰੀ ਮਾਰ॥ ਝੱਖੜ ਝਾਂਜਾ ਝੁਲਿਆ ਨੂਹ ਕਿਆਮਤ ਵਾਂਗ॥ ਇਸ਼ਕ ਸੋਹਣੀ ਨੂੰ ਫਟਿਆ ਮਾਰ ਅਜਲ ਦੀ ਸਾਂਗ। ਅਜਦਹਾ ਪਹਾੜਦੇ ਰੁੜ੍ਹਦੇ ਜਾਂਦੇ ਨਾਂਗ॥ ਬਹੁਤ ਜਨਾਵਰ ਕਾਦਰਾ ਦਸਾਂ ਕਿਥੋਂ ਤਾਕ॥ ਵੇਲਾ ਹੋਯਾ ਜਾਨਦਾ ਸੋਹਣੀ ਨਿਕਲ ਚਲੀ॥ ਨਿਕਲੀ ਜਦੋਂ ਮਹਲ ਥੀਂ ਧਰਕੇ ਜਾਨ ਤਲੀ॥ ਤਿਸ ਦਿਨ ਜਾ ਦਰਯਾ ਤੇ ਸੋਹਣੀ ਕੰਬ ਗਈ॥ ਮੂੰਹ ਅੰਧੇਰਾ ਵੇਖਕੇ ਹੈਰਤ ਵਿਚ ਪਈ॥ ਕਹਿਰ ਤੁਫ਼ਾਨ ਕਬੂਲਿਆ ਖਾਤਰ ਯਾਰ ਚਲੀ॥ ਸਦ ਰਹਿਮਤ ਉਸਦੇ ਇਸ਼ਕ ਨੂੰ ਨੇਕਾਂ ਨਾਲ ਰਲੀ॥ ਰੁਖ ਉਡਾਏ ਕਾਦਰਾ ਇਤਨੀ ਫੰਡ ਪਈ॥ ਓਹ ਮਰਨੋ ਡਰੀ ਨ ਕਾਦਰਾ ਵਿਚ ਯਕੀਨ ਰਹੀ॥ ਤੀਰਾਂ ਵਾਂਗੂੰ ਬਰਸਦੀ ਲੱਥੀ ਲੱਗ ਸੁਲੱਗ॥ ਇਕ ਸਰਦੀ ਸੀ ਕਹਿਰ ਦੀ ਦੂਜੀ ਠੰਡ ਝੱਗ॥ ਰਾਤ ਅੰਧੇਰੀ ਸ਼ੂਕਦੀ ਬਲਦੀ ਮਾਰੇ ਅੱਖ॥ ਓਹ ਭਾਵੇ ਸੋਈ ਕਾਦਰਾਸਿਦਕ ਪਿਆ ਦਿਲ ਰੱਖ॥ ਨਾਜ਼ਕ ਸੋਹਣੀ ਬਦਨ ਦੀ ਬੇਦਿਲ ਕੀਤੀ ਠੰਡ॥ ਲਹਿਰਾਂ ਦੇ ਵਿਚ ਜਾ ਪਈ ਮੌਜਾਂ ਕੱਢਣ ਡੰਡ॥ ਤਖ਼ਤਾ ਪੱਟ ਜ਼ਿਮੀਨ ਦਾ ਰੇਤੇ ਸਿਟੀ ਛੰਡ॥ ਰੁਖ ਉਡਾਏ ਕਾਦਰਾ ਮੀਂਹ ਅੰਧੇਰੀ ਫੰਡ॥ ਜੋ ਵਸਕੀਨ ਪਹਾੜ ਦੇ ਰੁੜ੍ਹਦੇ ਜਾਨ ਤਮਾਮ॥ ਰਿਛ ਲੰਗੂਰਾ ਬਾਂਦਰਾ ਉਤੇ ਮੌਤ ਹਰਾਮ॥ ਲੂੰਬੜ ਗਿਦੜ ਕ੍ਰਿਲੀਆਂ ਮੂਸ਼ ਹੋਏ ਸਭ ਖ਼ਾਮ॥ ਰੂੰਮ ਵਿਚੋਂ ਰੁੜ੍ਹ ਕਾਦਰਾ ਜਾਇ ਪਏ ਵਿਚ ਸ਼ਾਮ॥ ਸ਼ੇਰ ਜ਼ੋਰਾਵਰ ਚਿਤਰੇ ਹਰਨ ਪਹਾੜ ਹਜ਼ਾਰ॥ ਘੁਰਕ ਬਘੇਲੇ ਰੁੜ੍ਹ ਗਏ ਹੋਰ ਪ੍ਰਿੰਦੇ ਮਾਰ॥ ਹੋਰ ਪਹਾੜੋਂ ਗੇਲੀਆਂ ਚੰਦਨ ਚੀਲ ਹਜ਼ਾਰ॥ ਉਸ ਦਿਨ ਚੰਦਨ ਕਾਦਰਾ ਵਗੇ ਬੇਅੰਤ ਸ਼ੁਮਾਰ॥ ਪਾਯਾ ਮੀਂਹ ਝਨਾਉਂਦੇ ਲਹਿਰਾਂ ਉਤੇ ਜ਼ੋਰ॥ ਪਰੀਤ ਜਿਵੇਂ ਖਰਾਸ ਦੀ ਤੋੜ ਪਈ ਘਨਘੋਰ॥ ਰਾਤ ਅੰਧੇਰੀ ਸ਼ੂਕਦੀ ਬਦਲਾਂ ਕੀਤਾ ਜ਼ੋਰ॥ ਪਰ ਓਹ ਪਲ ਬਾਝ ਖੁਦਾਇ ਦੇ ਕਿਸੇ ਮਲੂਮ ਨ ਹੋਰ॥ ਸੋਹਣੀ ਮੇਹੀਂਵਾਲ ਨੂੰ ਰਾਤ ਘੱਲੀ ਓਹ ਰੱਬ॥ ਇਕ ਅੰਧੇਰੀ ਗਜ਼ਬਦੀ ਦੂਜਾ ਮੀਂਹ ਗਜ਼ਬ ਲੱਖ ਜੀਆਂ ਦੇ ਮਰ ਗਏ ਅੰਦਰ ਓਸ ਅਜ਼ਾਬ॥ ਪਰ ਬਾਝੋਂ ਮੋਇਆਂ ਕਾਦਰਾ ਦੇਂਦਾ ਨਹੀਂ ਖਿਤਾਬ॥ ਸੋਹਣੀ ਸਾਬਤ ਇਸ਼ਕ ਦੀ ਮਰਨ ਉਤੇ ਹੋਈ ਆਇ॥ ਕਿਚਰਕ ਰੱਬਾ ਜੀਵਣਾ ਮੂੰਹ ਥੀਂ ਕਹੇ ਅਲਾਇ॥ ਓੜਕ ਜੁਸਾ ਰਾਖਵਾਂ ਮਿੱਟੀ ਨਾਲ ਰਲਾਇ॥ ਪਰ ਯਾਰ ਵੱਲੋਂ ਅਜੇ ਕਾਦਰਾ ਰੱਖੇ ਪੱਤ ਖ਼ੁਦਾਇ॥ ਕਰ ਬਿਸਮਿੱਲਾ ਪਕੜਿਆ ਸੋਹਣੀ ਘੜਾ ਉਠਾਇ॥ ਪਰ ਕੱਚਾ ਮਾਲਮ ਕਰਗਈ ਅਕਲੋਂ ਸੁਘੜ ਦਾਨਾਇ॥


ਸੋਹਣੀ ਦਾ ਵਿਰਲਾਪ ਕਰਨਾ


ਰੋਂਦੀ ਨਾਲ ਫਿਰਾਕ ਦੇ ਕਰਕੇ ਖਲੀਆਂ ਬਾਹਾਂ॥ ਪ੍ਰੀਤ ਨ ਹੋਵੇ ਕਾਦਰਾ ਜੇ ਮੈਂ ਮੁੜਾਂ ਪਿਛਾਹਾਂ॥ ਵਿਚ ਜਨਾਬ ਖੁਦਾਇਦੇ ਸੋਹਣੀ ਕੂਕ ਰਹੀ॥ ਮੇਰਾ ਕੱਚਾ ਲਿਖਿਆ ਸਾਇਤ ਸਮਝ ਲਈ॥ ਮੈਂ ਦੋਸ਼ ਦੇਵਾਂ ਸਿਰ ਕਿਸਦੇ ਜਾਂ ਲਿਖਿਆ ਆਨ ਵਰਹੀ॥ ਫਿਰ ਪਕੜ ਦਲੇਰੀ ਕਾਦਰਾ ਨੈਂ ਵਿਚ ਠਿਲ ਪਈ॥ ਅਗੇ ਭਰੀ ਜੁਆਨੀ ਜੋਰ ਸੀ ਚੰਦਨ ਕਾਂਗ ਦਰਯਾ॥ ਵਗਣ ਵੈਹਣ ਦਰਯਾਉ ਦੇ ਘੁੰਮਣ ਘੇਰ ਪਿਆ॥ ਹੋਯਾ ਤਾਰ ਬਤੇਰੀਯਾ ਲੀਤਾ ਨੀਰ ਝਨਾਂ॥ ਪਰ ਜਲ ਥਲ ਪਾਣੀ ਕਾਦਰਾ ਚੜ੍ਹਿਆ ਬੇਅੰਤਹਾ॥ ਸੋਹਣੀ ਘੋੜਾ ਸ਼ੌਕਦਾ ਫੇਰ ਬਨਾਯਾ ਸੱਚ॥ ਇਲਮ ਹਯਾਤੀ ਸ਼ਹਿਰਦਾ ਦਿਲ ਥੀਂ ਦਿਤਾ ਤਜ॥ ਕੀਤੀ ਇਸ਼ਕ ਉਤਾਵਲੀ ਅਕਲ ਨਾ ਰਹੀ ਪਾਸ॥ ਮੌਤ ਉਠਾਯਾ ਕਾਦਰਾ ਯਾਰ ਮਿਲਨ ਦੀ ਆਸ॥ ਖਿੱਚ ਦੁਪੱਟਾ ਰੇਸ਼ਮੀ ਲੱਕ ਬੱਧਾ ਸੀ ਚਾਇ॥ ਨੈਂ ਵਿਚ ਸੋਹਣੀ ਜਾ ਵੜੀ ਪੀਰ ਫ਼ਕੀਰ ਮਨਾਇ॥ ਅੱਗੇ ਨਮੂਨਾ ਘੜੇ ਦਾ ਠਿੱਲ ਪਈ ਦਰ ਯਾਇ॥ ਕਚਾ ਬੇੜਾ ਕਾਦਰਾ ਮੁਰਦਾ ਹੋਯਾ ਆਇ॥ ਦੇਖ ਸੋਹਣੀ ਦੇ ਤਾਲਿਆ ਪਿੱਛਾ ਰਹਿਆ ਦੂਰਾ। ਪੱਟ ਜਹਾਜ਼ ਜ਼ਮੀਨ ਦਾ ਨੈਂ ਵਿਚ ਹੋਇਆ ਚੂਰ॥ ਹੋਯਾ ਘੁੰਮਣ ਘੇਰ ਨੂੰ ਠਾਠਾਂ ਮਾਰ ਜ਼ਰੂਰ॥ ਪਰ ਯਾਰ ਪਿਛੇ ਅਜ ਕਾਦਰਾ ਹੋਯਾ ਮਰਨ ਜ਼ਰੂਰ॥ ਓਥੇ ਕਪੜ ਕੜਕਨ ਕਹਿਰਦੇ ਮਾਰੂ ਮੀਂਹ ਵਗਨ॥ ਸੋਹਣੀ ਦਾ ਕੀ ਕਾਦਰਾ ਜਾਏ ਪੇਸ਼ਤਰਨ॥ ਢਹਿ ਢਹਿ ਢਹਿਸ ਜ਼ਮੀਨ ਦਾ ਚੰਦਨ ਵਿਚ ਡਿੰਗਨ॥ ਵਾਂਗ ਹਿਰਾਸਾਂ ਫਿਰਦੀਆਂ ਡਿਲਾ ਡਿਹ ਕਰਨ॥ ਮਾਰੀ ਦਰਦ ਫਿਰਾਕ ਦੀ ਰੋਂਦੀ ਕਰਕੇ ਸ਼ੋਰ॥ ਕੀਤੀਆਂ ਕੁੱਲ ਦਲੇਰੀਆਂ ਦੇਇ ਖਲੋਤੀ ਜ਼ੋਰ॥ ਨਾਜ਼ਕ ਸੋਹਣੀ ਦੇਹਦੀ ਐਸੀਸਰਦੀ ਕੋਰ॥ ਕਰੇ ਪੁਕਾਰਾਂ ਡਾਢੀਆਂ ਆਸ ਦਿਲੇਦੀ ਤੋੜ॥ ਰੁੜ੍ਹਦੀ ਆਂਹ ਮਾਰੀਆਂ ਨੈਂ ਵਿਚ ਸੋਹਣੀ ਹੀ॥ ਯਾਰਬ ਬਖ਼ਸ਼ਨ ਹਾਰਿਆ ਲਾਇਕ ਸ਼ਰਮ ਤੁਹੀ॥ ਮੈਨੂੰ ਯਾਰ ਦਿਖਾਲ ਕੇ ਪਿੱਛੇ ਜਾਨ ਲਈਂ॥ ਪਰ ਦੇ ਮੁਹੁੱਬਤ ਕਾਦਰਾ ਸਿਫ਼ਤ ਜਾਇ ਕਹੀ॥ ਪਰ ਜਾਂ ਤਕਦੀਰ ਫ਼ਨਾਹ ਦੀ ਸਿਰਤੇ ਆਨ ਵਰਹੇ॥ ਫੇਰ ਦੁਆਇ ਨ ਸੁਣੀਦੀ ਨਾ ਓਹ ਵਕਤ ਮੁੜੇ॥ ਸੋ ਤਕਦੀਰ ਨਾ ਟਲਦੀ ਸ਼ਾਹਾਂ ਛੱਡ ਟੁਰੇ॥ ਸ਼ਾਖ਼ਤ ਰੁੱਟੀ ਕਾਦਰਾ ਕੀਕਰ ਫੇਰ ਜੁੜੇ॥ ਸੋਹਣੀ ਤਖ਼ਤ ਜਹਾਨਥੀਂ ਸੁਟੀ ਚਾਪਟਕਾ ਪੱਤਨ ਠਿਲ ਜਹਾਨ ਦੇ ਚਲੀ ਹਿਰਸ ਮੁਕਾ॥ ਆਖ ਕਿਨੇ ਸੁਖ ਪਾਇਆ ਏਸ ਬਜ਼ਾਰ ਵਕਾ॥ ਦੁਨੀਆਂ ਦੇ ਵਿਚਕਾਦਰਾ ਇਸ਼ਕ ਅਜੇਹੀ ਥਾਂ॥ ਦੇਖ ਇਸ਼ਕਦਾ ਫ਼ਾਇਦਾ ਸੋਹਣੀ ਪਾਯਾ ਕੀ॥ ਨੈਂ ਵਿਚ ਗੋਤੇ ਖਾਂਵਦੀ ਇਸ਼ਕ਼ ਪਿਆਲੇ ਪੀ॥ ਆਦਮ ਜ਼ਾਤ ਪੰਖੇਰੂਆਂ ਮਜ਼ਬੋਂ ਸੋਹਣੀ ਸੀ॥ ਉਸਨੂੰ ਨੈਂ ਵਿਚ ਕਾਦਰਾ ਧੁਰਦੀ ਇਸ਼ਕ ਟਿਕੀ॥ ਜਿਯੋਂ ਜਿਯੋਂ ਗੋਤੇ ਖਾਂਵਦੀ ਸੋਹਣੀ ਵਿਚ ਨਜ਼ੂਲ॥ ਬਾਦਦੁਆਈਂ ਮੂੰਹ ਥੀਂ ਦੇਂਦੀ ਹੋ ਮਸ਼ਗੂਲ॥ ਘੜਾ ਉਠਾਂਵਨ ਵਾਲੀਏ ਭਲਾ ਨਾ ਹੋਈ ਮੂਲ॥ ਅਜ ਵਿਚ ਯਾਰੀ ਕਾਦਰਾ ਪਾਯਾ ਤੈੈਂ ਫਤੂਲ॥ ਮਥੇ ਉਤੇ ਮਾਰਿਆ ਸੋਹਣੀ ਹਥ ਉਠਾ॥ ਨਾ ਕੁਝ ਵਸ ਨਿਣਾਨ ਦੇ ਕੀਤਾ ਇਸ਼ਕ਼ ਕੜਾ॥ ਮੈਂ ਕੱਚੀ ਕੱਚ ਵਿਹਾਜਿਆ ਖਾਧਾ ਆਪ ਖਤਾ॥ ਲਿਖੇ ਉਤੇ ਕਾਦਰਾਂ ਨਾ ਕਦੇ ਦਾਨਸ਼ਜ॥ ਲਹਿਰਾ ਵਾਂਗ ਵਰੋਲਿਆ ਠਾਠਾਂ ਮਾਰ ਚੜ੍ਹ॥ ਨੈਂ ਵਿਚ ਸੋਹਣੀ ਕਾਦਰਾ ਜਾਨੀ ਯਾਦ ਕਰੇ॥ ਪਰ ਪਾਣੀ ਅਗੇ ਕਿਸੇਦਾ ਪੇਸ਼ ਨ ਜਾਂਦਾ ਜ਼ੋਰ॥ ਦੂਜਾ ਜ਼ੋਰ ਝਨਾਉਂਦਾ ਦੇਂਦਾ ਜ਼ੋਰ ਤਰੋੜ॥ ਸ਼ੇਰਨਾ ਸਿਧਾ ਲੰਘਦਾ ਸੀਨੇ ਲਾਇਕੇ ਜ਼ੋਰ॥ ਜ਼ੋਰ ਤਰੀਕਾ ਇਸ਼ਕ ਦਾ ਕੋਈ ਨ ਸਕਦਾ ਤੋੜ॥ ਜ਼ਾਲਮ ਸ਼ੌਂਹ ਝਨਾਂ ਦਾ ਜਿਸਦਾ ਨੀਰ ਵਹ॥ ਲੂੰ ਲੂੰ ਕੰਬੇ ਸੁਣਦਿਆ ਲਰਜ਼ਨ ਜਾਨ ਲਗੇ॥ ਓਹ ਪਿਆ ਸੋਹਣੀਨੂੰਝਾਕਣਾਂਵਾਂਗੂੰ ਲੈਹਰ ਵਗ॥ ਪਰਖਾਕੀ ਜੁਸਾ ਕਾਦਰਾ ਕੀਕਰ ਵਿਚ॥ ਤਬਲਗ ਤਰਲੇ ਯਾਰਦੇ ਕਰਦੀ ਪਈ ਰਹੀ॥ ਫੁਲੀਆਂ ਬਾਹਾਂ ਉਸਦੀਆਂ ਤਾਕਤ ਮਨੋਂ॥ ਹੋਸ਼ ਵਜੂਦੋਂ ਉਠਗਈ ਹੈਰਤ ਵਿਚ ਪਈ॥ ਕਿਸਨੂੰ ਸਦੇ ਕਾਦਰਾ ਅਪਨਾ ਨਹੀਂ॥ ਮਛ ਜਲਹੋੜੇ ਬੁੱਲਣਾ ਕਛੂਏ ਬੇ ਸ਼ੁਮਾਰ॥ ਤੰਦੂਏ ਕਰਨੇ ਨਾਸ਼ਤਾ ਪਹੁੰਚੇ ਲਖ ਹਜ਼ਾਰ॥ ਸੋਹਣੀ ਦਾ ਤਨ ਖਾਣ ਨੂੰ ਹੋਏ ਸਬ ਤਿਆਰ॥ ਅੱਗੋਂ ਸੋਹਣੀ ਕਾਦਰਾ ਰੋਕੇ ਕਰੇ ਪੁਕਾਰ। ਮੱਛ ਕੱਛ ਜਲਬੁੱਲਣਾ ਕਰੋਂ ਸਵਾਲ ਤੁਝੇ॥ ਪਰ ਯਾਰ ਮਿਲਨ ਦੀ ਕਾਦਰਾ ਦਿਲ ਵਿਚ ਤਾਂਘ ਅਜੇ॥ ਤਰਲੇ ਕਰਦੀ ਮਰ ਗਈ ਖਾਧੀ ਫੇਰ ਪਰੀਤ॥ ਮਥੇ ਜ਼ਰਦੀ ਹੋਇ ਗਈ ਗੱਲ ਗਈ ਪਰ ਬੀਤ॥ ਟੁੱਟੀ ਡੋਰ ਪਤੰਗ ਦੀ ਗੱਲ ਗਈ ਸਭ ਬੀਤ॥ ਪਰ ਜਾਂਦੀ ਵੇਰੀ ਕਾਦਰਾ ਸੋਹਣੀ ਗਾਵੇ ਗੀਤ॥ ਕੀਤਾ ਸੀ ਸੋ ਪਾਇਆ ਹੋਇ ਗਿਆ ਦਿਲ ਸੋਗ॥ ਹੁਣ ਲੈ ਤੂੰ ਯਾਰ ਪਿਆਰਿਆ ਆਖ਼ਰ ਮਿਲਨਾ ਹੋਗ॥ ਲਿਖੀ ਲੋਹਿ ਕਲਮ ਦੀ ਲਈ ਨਿਮਾਣੀ ਭੋਗ॥ ਦੁਨੀਆਂ ਉਤੇ ਕਾਦਰਾ ਹੁੰਦਾ ਨਹੀਂ ਸੰਜੋਗਾ॥ ਆਹੀਂ ਦੇ ਸੱਦ ਕੂਕਦੀ ਬਦਿਲ ਹੋਈ ਆਨ॥ ਮੂੰਹ ਵਿਚ ਪਾਣੀ ਪੈਗਿਆ ਫਾਨੀ ਹੋਈ ਜਾਨ॥ ਛੱਡ ਜਨਾਵਰ ਪਿੰਜਰਾ ਉਡ ਗਿਆ ਅਸਮਾਨ॥ ਪਰ ਇਸ਼ਕ ਵਲੋਂ ਰਬ ਕਾਦਰਾ ਸ਼ਰਮ ਰਖੇ ਰਹਿਮਾਨ॥ ਇਸ਼ਕ ਸਜਾਈ ਦਿਤੀਆਂ ਕੀਤੀ ਜਾਨ ਜੁਦਾ॥ ਏਹ ਖਿਲਵਾੜੀ ਮੌਤ ਦਾ ਖੜਿਆ ਮੌਤ ਉਠਾ॥ ਲੋਥ ਸੋਹਣੀ ਦੀ ਰੁੜ੍ਹ ਗਈ ਮਗ਼ਰਬ ਸੰਦੀ ਦਾਇ॥ ਪਰ ਡਾਢੀ ਜਾਣੋ ਕਾਦਰਾ ਜੋ ਦਿਲ ਖ਼ਾਹਸ਼ ਖ਼ੁਦਾਈ॥ ਤਾਂ ਫਿਰ ਓਸ ਤਬੂਤ ਦੀ ਅਵਾਜ਼ ਤਦਾਂ॥ ਮੱਛ ਕੱਛ ਜਲਬੁੱਲਣਾਂ ਮੇਰਾ ਲਇਯੋ ਸਨਾਂਹ॥ ਮੇਹੀਂ ਵਾਲ ਫ਼ਕੀਰ ਨੂੰ ਜਾਕਰ ਕਹੋ ਸੁਨਾਇ॥ ਹੁਣ ਸੋਹਣੀ ਨੈ ਵਿਚ ਕਾਦਰਾ ਡੁੱਬ ਹੋਈ ਫ਼ਨਾਹਿ॥ ਪਿੱਛੋ ਯਾਰ ਪਿਆਰਿਆ ਮਤ ਅਫ਼ਸੋਸ ਕਰੀਂ॥ ਮਤ ਵਿਚ ਘਰ ਦੇ ਕਾਦਰਾ ਸੋਹਣੀ ਸੋਇ ਰਹੀ॥ ਆਹੀਂ ਦੇ ਸਦ ਕੂਕਦੀ ਰੋੜ੍ਹ ਖੜੀ ਹੈ ਨੈ॥ ਰਿਜਕ ਮੁਹਾਰਾਂ ਚੁੱਕੀਆਂ ਵੱਸ ਨਹੀਂ ਕੁਛ ਤੈ॥ ਤਾਂ ਫਿਰ ਮੇਹੀਂ ਵਾਲ ਦੇ ਕੰਨ ਬਲੇਲ ਪਈ॥ ਗ਼ੈਬੋਂ ਕੂਕ ਮਾਸ਼ੂਕ ਦੀ ਆਸ਼ਕ ਸਮਝ ਲਈ॥ ਸੋਹਣੀ ਵਿਚ ਝਨਾਊਂ ਦੇ ਰਾਤੀ ਡੁੱਬ ਮੋਈ॥ ਪਰ ਮੇਹੀਂਵਾਲ ਨੇ ਕਾਦਰਾ ਸੁਣਿਆਂ ਸੱਦ ਸਹੀ॥ ਮਾਤਮ ਸੁਣਕੇ ਯਾਰਦਾ ਰੋਯਾ ਸੀ ਕੁਰਲਾਇ॥ ਫੂਕ ਮੁਵਾਤਾ ਛੰਨ ਨੂੰ ਦਿਤਾ ਹੱਥੀਂ ਦਿੱਤਾ ਲਾਇ॥ ਤੀਰਤੁਫ਼ਾਨੀ ਇਸ਼ਕ਼ ਦੇ ਮਾਰੇ ਹਿਜਰ ਚਲਾਇ॥ ਪਰਓੜਕ ਖ਼ੂਬੀ ਕਾਦਰਾ ਦਿੱਤੀ ਇਸ਼ਕ ਦਿਖਾਇ॥ ਆਂਹੀਂ ਦਰਦ ਪੁਕਾਰਇਆ ਮੇਹੀਂਵਾਲ ਖਲੋਇ॥ ਵਿੱਚ ਜਨਾਬ ਖ਼ੁਦਾਇ ਦੇ ਆਹੀਂ ਮਾਰੇ ਰੋਇ॥ ਨਿਜ ਮੈਂ ਹੋਵਾਂ ਮਾਪਿਆਂ ਸੁਖ ਨਹੀਂ ਪਾਯਾ ਕੋਇ॥ ਪਰ ਏਹ ਜਹਾਨੋਂ ਕਾਦਰਾ ਖ਼ਾਲੀ ਮਰਕੇ ਹੋਇ॥ ਪਰ ਏਹ ਜਹਾਨੋਂ ਕਾਦਰਾ ਖ਼ਾਲੀ ਮਰਕੇ ਹੋਇ॥ ਹੁਣ ਪਿਛੇ ਯਾਰ ਪਿਆਰਿਆ ਜੀਵਨ ਹੈ ਅਫ਼ਸ਼ਾਂ॥ ਨੈ ਵਿਚ ਮਾਰ ਛਲਾਂਗ ਬੀ ਮਰਕੇ ਹੀ ਮਿਲਸਾਂ॥ ਜਾਇ ਮਿਲੇ ਬੁਤ ਬੁਤ ਨੂੰ ਘੱਤ ਜੱਫੀ ਗਲ ਬਾਂਹ॥ ਫਿਰ ਮਰਕੇ ਮਗਰੋਂ ਲੈਹਗਏ ਕੀਤੇ ਇਸ਼ਕ ਫਨਾਹ॥ ਰੂੜ੍ਹਕੇ ਬੰਨੇ ਜਾ ਲਗੇ ਤਖ਼ਤ ਹਜ਼ਾਰੇ ਜਾਇ॥ ਏਹ ਜੋੜੀ ਇਸ਼ਕ ਦੀ ਕਾਦਰਾ ਬਖ਼ਸ਼ੀਸਿਫ਼ਤ ਖ਼ੁਦਾਇ॥ ਖਿਜ਼ਰ ਜਨਾਜ਼ਾ ਆਨਕੇ ਪੜ੍ਹਿਆ ਆਪ ਖਲੋ॥ ਰੂਹ ਦੁਹਾਂ ਦੇ ਅਰਸ਼ ਨੂੰ ਗਏ ਪਰਿੰਦੇ ਹੋ॥ ਬੇਹਤਰ ਦੁਹਾਂਦੀ ਦੋਸਤੀ ਐਸਾ ਕੋਈ ਹੋ॥ ਪਾਕ ਯਰਾਨਾ ਕਾਦਰਾ ਸੋਹਣੀ ਕੀਤਾ ਸੋ॥ ਮਾਰੇ ਇਸ਼ਕ ਬਦੀਦ ਨੇ ਘੱਤੇ ਨਦੀ ਵਿਚ ਵਹਿਣ॥ ਪਰ ਲੋਕ ਮੁਲਾਮਤ ਕਾਦਰਾ ਘਰ ਘੁਮਿਆਰਾਂ ਦੇਨ॥ ਆਹੇ ਛਿਕ ਚਕੋਰ ਨੇ ਵਾਕਿਫ਼ ਦਰਪੈ ਹੈਨ॥ ਦਰਜਾ ਅਵੱਲ ਕਾਦਰਾ ਅਕਸਰ ਏਨਾਂ ਲੈਨ॥ ਏਹ ਕਹਾਨੀ ਇਸ਼ਕ ਦੀ ਆਸ਼ਕ ਮਾਰੇ ਨੂੰਹ॥ ਫੁੱਲ ਖਿੜੇ ਤਦ ੳੜਕੇ ਆਸ਼ਕ ਮਾਰੇ ਧੂਹ॥ ਜਿਤਨੇ ਆਸ਼ਕ ਹੋਗਏ ਪਿੱਛੇ ਦਿੱਤੀ ਹੂਹ। ਤਾਣ ਚੜ੍ਹਾਈ ਇਸ਼ਕ ਨੇ ਜੋਯਾ ਸੰਢਾ ਖੂਹ॥ ਦੇਖ ਮੈਦਾਨੋ ਇਸ਼ਕ ਦੇ ਲੈ ਕੀ ਗਏ ਧਰੂਹ॥ ਏਸ ਇਸ਼ਕ ਵਿਚ ਸਾਬਤੀ ਕੀਤੀ ਜਿਨਾਂ ਬਨਾਇ॥ ਚਾੜ੍ਹ ਖਰਾਦੇ ਇਸ਼ਕ ਦੇ ਸਾਬਿਤ ਧਰੇ ਬਨਾਇ॥ ਹੀਰ ਰਾਂਝੇ ਨੇ ਸਾਬਤੀ ਕੀਤੀ ਇਸ਼ਕ ਪਿਛੇ। ਸੱਸੀ ਪੁੰਨੂ ਦੋਸਤੀ ਹੋਏ ਏਹ ਅਛੇ॥ ਲਾਲ ਖਿਆਲੀ ਇਸ਼ਕ ਦੀ ਕੀਤੀ ਇਸ਼ਕ ਬਨਾ॥ ਸੋਰਠ ਬੀਜੇ ਦੀ ਕਥਾ ਆਖੇ ਕੌਣ ਸੁਣਾ॥ ਸ਼ੀਰੀ ਤੇ ਫ਼ਰਿਹਾਦ ਨੇ ਇਸ਼ਕ ਕਮਾਯਾ ਹੈ॥ ਇਸ਼ਕ ਚਮਨ ਵਿਚ ਜਾ ਵੜੇ ਮਜ਼ਾ ਉਠਾਯਾਹੈ॥ ਜ਼ੁਲੈਖਾਂ ਯੂਸਫ਼ ਇਸ਼ਕ ਦੇ ਬਾਗ਼ ਬਹਾਰਾਂ ਦੇਖ॥ ਦੇਖ ਮੈਦਾਨੋਂ ਇਸ਼ਕ ਦੇ ਲੈਨ ਤਰੀਫਾਂ ਵੇਖ॥ ਚੰਦ੍ਰ ਬਦਨ ਮਾਯਾਰ ਨੇ ਇਸ਼ਕ ਕਮਾਯਾ ਹੈ॥ ਇਸ ਦੁਨੀਆਂ ਦੇ ਅੰਦਰ ਇਸ਼ਕ ਤਮਾਂਮ॥ ਵਿੱਚ ਲੜਾਈ ਇਸ਼ਕ ਹੋਏ ਕਤਲ ਤਮਾਮ॥ ਸ਼ਮਸ਼ੇਰ ਬਦਨ ਦੀ ਪਕੜ ਕੇ ਦੁਨੀਆਂ ਵਿੱਚ ਟੁਰੇ॥ ਵਿੱਚ ਮੈਦਾਨੋਂ ਇਸ਼ਕ ਦੇ ਪਿੱਛੇ ਨਹੀਂ ਮੁੜੇ॥ ਏਹ ਇਸ਼ਕ ਦਮਾਮਾ ਅਜਬ ਹੈ ਜ੍ਯੋਂ ਜ੍ਯੋਂ ਅੱਗੇ ਹੋਇ॥ ਰੋਸ਼ਨ ਤਿਉਂ ਤਿਉਂ ਹੋਂਵਦੇ ਏਸ ਇਸ਼ਕ ਦੇ ਜੋਇ॥ ਸ਼ਮਸ਼ੇਰ ਲੜਾਈ ਇਸ਼ਕ ਦੀ ਸਬਰ ਕਰੇ ਜੋ ਆਪ॥ ਦੂਜੀ ਖ਼ੁਸ਼ੀ ਜਹਾਨ ਦੀ ਛੱਡੇ ਜ਼ੋਰ ਅਲਾਪ॥ ਸੁਖ ਦੁਨੀਆਂ ਦੇ ਛੱਡਕੇ ਹੋਏ ਆਸ਼ਕ ਆਪ॥ ਫੜੀ ਸਬਰੀ ਇਸ਼ਕ ਦੀ ਦੁਨੀਆਂ ਛੱਡੀ ਥਾਪ॥ ਵਿੱਚ ਲੜਾਈ ਇਸ਼ਕ ਦੀ ਸਬਰ ਸ਼ਮਸ਼ੇਰ ਕਲਾਮ॥ ਦੂਜੀ ਖ਼ੁਸ਼ੀ ਜਹਾਨ ਤੋ ਇਸ ਦਿਨ ਕਰੇ ਤਮਾਮ॥ ਇਸ਼ਕ ਸਬਰ ਨੂੰ ਕਟਕੇ ਕਰਦੇ ਮਜ਼ਮ ਤਮਾਮ॥ ਇੱਕ ਦਿਨ ਖੂਬੀ ਕਾਦਰਾ ਮਾਰੇ ਇਸ਼ਕ ਹਰਾਮ॥ ਬਾਝ ਮੋਯਾਂ ਨਹੀਂ ਆਂਵਦਾ ਇਸ਼ਕੇ ਦਾ ਅਹਿਵਾਲ॥ ਮਜਨੂੰ ਤੇ ਫਰਿਹਾਦ ਨੂੰ ਪੁੱਛੋ ਹਾਲ ਹਵਾਲ॥ ਇਸ ਦੁਨੀਆ ਵਿਚ ਮਾਮਲੇ ਖਾਣੇ ਪੀਣੇ ਨਾਲ॥ ਮਿਰਜ਼ੇ ਨੂੰ ਫਿਰ ਕਾਦਰਾ ਕੀਤਾ ਇਸ਼ਕ ਨਿਹਾਲ॥

ਸੋਹਣੀ ਮਹੀਂਵਾਲ ਦਾ ਕਿਸਾ ਸਮਾਪਤ
ਵਿਗਯਾਪਨ

ਪਿਆਰੇ ਸਜਣੋਂ ਸਾਡਾ ਛਾਪੇਖ਼ਾਨਾ ੩੦ ਸਾਲ ਹੋਰ ਸੰਨ ੧੮੮੨ ਥੀਂ ਜਾਰੀ ਹੈ ਜਿਸ ਵਿਚ ਹਰ ਤਰਾਂ ਤੇ ਟਾਈਪ ਤੇ ਮਸ਼ੀਨਾਂ ਨਾਲ ਕੰਮ ਛੇਤੀ ਤੇ ਸੁਥਰਾ ਹੋਂਦਾ ਹੈ ਅਸਾਂ ਗੁਰਮੁਖੀ ਵਿਦਿਯਾ ਦੇ ਪ੍ਰਚਾਰ ਵਿਚ ਅਪਣੇ ਵਲੋਂ ਤਨ ਮਨ ਧਨ ਨਾਲ ਕੋਸ਼ਸ਼ ਕੀਤੀ ਹੈ ਆਪ ਭੀ ਕ੍ਰਿਪਾ ਕਰਕੇ ਸਾਡੀ ਸਹਾਇਤਾ ਕਰਕੇ ਸਾਡੇ ਹੌਸਲੇ ਨੂੰ ਬੜ੍ਹਾਂਦੇ ਰਹੇ ਤੇ ਬੜ੍ਹਾਂਦੇ ਰਹੋਗੇ।

—--

ਸਭ ਸਜਣਾ ਦਾ ਸੇਵਕ

ਬੂਟਾ ਮਲ ਅਣਦ

ਪੁਸਤਕਾਂ ਵਾਲਾ ਸ਼ਹਰ ਰਾਵਲਪਿੰਡੀ

This work is in the public domain in India because it originates from India and its term of copyright has expired. According to The Indian Copyright Act, 1957, all documents enter the public domain after 60 years counted from the beginning of the following calendar year after the death of the author (i.e. as of 2024, prior to January 1, 1964). Film, sound recordings, government works, anonymous works, and works first published over 60 years after the death of the author are protected for 60 years after publication.

Works by authors who died before 1941 entered the public domain after 50 years (before 1991) and copyright has not been restored.


This work is also in the public domain in the United States because it was first published outside the United States (and not published in the U.S. within 30 days), and it was first published before 1989 without complying with U.S. copyright formalities (renewal and/or copyright notice) and it was in the public domain in India on the URAA date (January 1, 1996). This is the combined effect of India having joined the Berne Convention in 1928, and of 17 USC 104A with its critical date of January 1, 1996.

The critical date for copyright in the United States under the URAA is January 1, 1941.


This work may be in the public domain in countries and areas with longer native copyright terms that apply the rule of the shorter term to foreign works.

Public domainPublic domainfalsefalse