ਸੋਨੇ ਦੀ ਚੁੰਝ/ਯਤੀਮ
ਯਤੀਮ
ਗਲਾਸ ਵਿਚ ਦੁਧ ਉਲਟਾਂਦਿਆਂ, 'ਭਾਬੀ ਜੀ, ਹਰ ਘੜੀ ਫਿਕਰਾਂ ਤੇ ਗ਼ਮਾਂ ਵਿਚ ਡੁਬਿਆਂ ਦੁਖਾਂ ਤੋਂ ਛੁਟਕਾਰਾ ਮਿਲ ਜਾਏਗਾ? ਚਿੰਤਾ ਕਰਿਆਂ ਕਿਸੇ ਦਾ ਕਦੇ ਸੌਰਿਆ ਏ? ਬਿਪਤਾ ਅਸਾਡੇ ਇਕੱਲਿਆਂ ਉਪਰ ਥੋੜਾ ਵਰੀ ਏ। ਜਿਹੜੀਆਂ ਸੁਆਣੀਆਂ ਹੱਥ ਛੋਂਹਦਿਆਂ ਮੈਲੀਆਂ ਹੁੰਦੀਆਂ ਸਨ, ਅੱਜ ਉਹਨਾਂ ਨੂੰ ਅਸੀਂ ਮਿਟੀ ਨਾਲ ਮਿਟੀ ਬਣਿਆਂ ਅੱਖੀਂ ਤੱਕਿਆ ਏ।
ਵਾਧੂ ਦੁਨੀਆਂ ਫੁਲ ਫੁਲ ਬਹਿੰਦੀ ਏ। ਫੁਲਣ ਵਾਲੀ ਗੱਲ ਈ ਕਿਹੜੀ ਏ ਦੁਨੀਆਂ ਵਿਚ? ਪਤਾ ਨਹੀਂ ਕਿਸ ਘੜੀ, ਕਿਸ ਬੰਨਿਓਂ ਹੋਣੀ ਦਾ ਚਕਰ ਘੁਮਦਾ ਸਾਨੂੰ ਹਜ਼ਾਰਾਂ ਮੀਲਾਂ ਉਪਰ ਘਤਦਾ ਏ?
ਮਾਨ ਤਦ ਕੀਤਾ ਜਾਏ, ਜੇ ਕਿਸੇ ਗੱਲ ਦਾ ਪੱਕਾ ਭਰੋਸਾ ਹੋਵੇ। ਹੋਰ ਤਾਂ ਅਸੀਂ ਕੀ ਦਾਹਵਾ ਕਰ ਸਕਦੇ ਆਂ? ਸਾਨੂੰ ਆਪਣੇ ਸਵਾਸਾਂ ਦੇ ਰਹਿਣ ਦੀ ਪਲ-ਭਰ ਆਸ ਨਹੀਂ ਏ। ਪਾਗਲ ਮਾਨ ਕਰਦਾ, ਅੜ ਅੜ ਬਹਿੰਦਾ ਏ।
ਸਾਡੇ ਨਾਲੋਂ ਕਈ ਗੁਣਾਂ ਵਧ ਦੁਖੀਏ ਏਥੇ ਆਏ ਹੋਏ ਨੇ ਦੁਖਾਂ ਦਾ ਚੇਤਾ ਕਰੀਏ ਤਾਂ ਉਹ ਦੁਖੀਏ ਦਿੱਸਣ ਲੱਗ ਜਾਂਦੇ, ਜਿਨ੍ਹਾਂ ਦੀਆਂ ਕੁਰਲਾਟਾਂ ਸੁਣ ਪੱਥਰ ਭੀ ਰੋਣ ਲੱਗ ਜਾਂਦੇ ਨੇ। ਸੁਖੀਆਂ ਵਲ ਖਿਆਲ ਜਾਂਦਾ ਏ ਤਾਂ ਮੰਨੀਦਾ ਏ ਕਿ ਸਾਡੇ ਮਾਵਾਂ ਧੀਆਂ ਬਿਨ ਦੁਨੀਆਂ ਰੰਗੀਂ ਵਸਦੀ ਏ।
ਤੱਤਾ ਹਉਕਾ ਭਰ, 'ਕਰਿਸ਼ਨਾ! ਤੁੰ ਬਾਲੜੀ ਏਂ। ਕੀ ਇਆ ਬੀ. ਏ. ਏਂਂ? ਪਰ ਤੈਨੂੰ ਦੁਨੀਆਂ ਦੀਆਂ ਘੁਮਣ ਘੇਰੀਆਂ ਦੀ ਥਾਹ ਨਹੀਂ। ਤੇਰਾ ਖਿਆਲ ਏ ਕਿ ਮੈਂ ਪਈ ਬਿਪਤਾ ਤੋਂ ਘਬਰ ਰਹੀ ਆਂ?"
ਮਾਂ ਦੀਆਂ ਅੱਖਾਂ ਚੋਂ ਕੁਝ ਪੜ੍ਹਦੀ ਹੋਈ ਕਰਿਸ਼ਨਾ ਬੋਲਣ ਲੱਗੀ, ਭਾਬੀ ਜੀ! ਤੁਹਾਡਾ ਖਿਆਲ ਏ, ਕਿ ਮੇਰੇ ਪਾਸੋਂ ਤੁਹਾਡੇ ਹਿਰਦੇ ਦੀ ਤਸਵੀਰ ਛੁਪੀ ਹੋਈ ਏ? ਮੈਂ ਚੰਗੀ ਤਰ੍ਹਾਂ ਸਮਝ ਰਹੀ ਆਂ ਕਿ ਤੁਹਾਨੂੰ ਹੋਰਨਾਂ ਦੁਖਾਂ ਨਾਲੋਂ ਵਧੇਰੇ ਮੇਰਾ ਖਿਆਲ ਏ। ਕੰਵਾਰੀ ਧੀ ਦਾ ਖਿਆਲ ਘੜੀ-ਮੁੜੀ ਮਾਂ ਨੂੰ ਆਣਾ ਗੈਰ-ਕੁਦਰਤੀ ਨਹੀਂ, ਪਰ ਚਿੰਤਾ ਦੀ ਖਾਰ ਵਿਚ ਖਰਨ ਦੀ ਬਜਾਏ ਬੱਚਿਆਂ ਨੂੰ ਸੁਘੜ ਤੇ ਬਲਵਾਨ ਬਣਾਈਏ। ਬਲਵਾਨ-ਬੱਚੀ ਨੂੰ ਕਿਸੇ ਅੱਖ ਤੇ ਹੱਥ ਦੀ ਪਾਇਆਂ ਨਹੀਂ ਛੁਟਿਆਣ ਦੀ।"
ਕਰਿਸ਼ਨਾ ਦੀਆਂ ਅੱਖਾਂ ਵਿਚ ਦਿਬ-ਜੋਤ ਦਾ ਪਰਕਾਸ਼ ਲਿਸ਼ਕਦਾ ਵੇਖ, 'ਪੁਤ੍ਰ! ਮੇਰੀ ਗੱਲ ਮੰਨੇਂ, ਤਦ ਸਾਨੂੰ ਪਟਿਆਲਾ ਛਡ ਜਾਣਾ ਚਾਹੀਦਾ ਏ।'
ਪਿਛੇ ਨੂੰ ਤੱਕ, ਅਚੰਭੇ ਵਿਚ ਭਿਜ, 'ਕਿਸ ਗੱਲੋਂ ਭਾਬੀ ਜੀ?'
'ਇਹ ਸ਼ਹਿਰ ਚੰਗਾ ਨਹੀਂ ਏ।'
‘ਭੈੜ ਏਥੇ ਕਿਸ ਗੱਲ ਦਾ?'
‘ਏਥੇ ਸ਼ਰਾਬੀ ਵਧ ਨੇ। ਸ਼ਰਾਬੀ-ਸ਼ਹਿਰ ਵਿਚ ਤਾਂ ਅਸੀਂ ਕੌਣ ਵਿਚਾਰੀਆਂ ਨੇ! ਏਥੇ ਹੈਂਕੜ-ਬਾਜ਼ਾਂ ਦੀ ਇੱਜ਼ਤ ਖਤਰਿਓਂ ਖਾਲੀ ਨਹੀਂ। ਸਿਖ-ਹਿਸਟਰੀ ਪੜ੍ਹ ਮੈਂ ਤਾਂ ਮੰਨ ਬੈਠੀ ਸੀ ਕਿ ਸਿਖਾਂ ਵਰਗੀ ਸਾਊ ਤੇ ਹਮਦਰਦ ਕੌਮ ਦੁਨੀਆਂ ਦੇ ਕਿਸੇ ਕੋਨੇ ਨਹੀਂ, ਪਰ ਇਥੇ ਜੋ ਸੁਣਦੀ ਆਂ ਮੇਰੀ ਆਸ ਤੇ ਸੁਧ ਭੁਲਾ ਰਿਹਾ ਏ। ਇਕ ਹੋਰ ਬਿਜ ਇਸ ਮਕਾਨ ਵਿਚ ਅਜ ਡਿਗ ਪਈ ਏ। ਕਿਸੇ ਦੇ ਦੁਖਾਂ ਤੇ ਇੱਜ਼ਤਾਂ ਦਾ ਕੋਈ ਖਿਆਲ ਨਹੀਂ ਕਰਦਾ। ਇਹ ਲੋਕ ਕਰਾਏਦਾਰਾਂ ਉਪਰ ਹੀ ਜਿਊਣਾ ਚਾਂਹਦੇ ਨੇ। ਜਦ ਅਸੀਂ ਦੁਖੀਏ ਨਹੀਂ ਆਏ ਸਾਂ ਤਦ ਇਹ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਦੇ ਹੀ ਸਨ?' ਆਸੇ-ਪਾਸੇ ਤੱਕ ‘ਕਿਹੀ ਬਿਜ ਆ ਡਿਗੀ ਏ?'
ਡਿਓਢੀ ਵੜਦਿਆਂ ਜਿਹੜੀ ਖੱਬੇ ਹੱਥ ਬੈਠਕ ਏ। ਉਸ ਵਿਚ ਇਕ ਛੜਾ ਛਾਂਟ ਸਿਖ ਗਭਰੂ ਲਿਆ ਸੁਟਿਆ ਏ।'
ਠੰਢਾ ਹਉਕਾ ਲੈ, 'ਕੀ ਜਾਣੀਏ ਉਹ ਭੀ ਸਾਡੇ ਵਾਂਗ ਕੋਈ ਦੁਖੀਆ ਏ? ਅੱਖੀਂ ਵੇਖੇ ਬਿਨਾਂ ਕਿਸੇ ਨੂੰ ਬੁਰਾ ਦੱਸਣਾ ਆਪ ਬੁਰੇ ਬਣਨਾ ਏ। ਕੀ ਸਾਰੇ ਛੜੇ ਛਾਂਟ ਬੁਰੇ ਹੀ ਹੁੰਦੇ ਨੇ?'
ਕਰਿਸ਼ਨ ਦੀਆਂ ਗੱਲਾਂ ਨੂੰ ਸਚਾਈ ਦਾ ਅਸਲਾ ਮੰਨ, 'ਪੁਤਰ! ਵੇਲਾ ਜੂ ਕਸੂਤਾ ਏ, ਦੂਜਾ ਹੋਇਆ ਪਰਦੇਸ।'
'ਭਾਬੀ! ਗਲਤ-ਵਹਿਮ ਨੂੰ ਤੁਹਾਨੂੰ ਜ਼ਰੂਰ ਦਿਲੋਂ ਕੱਢਣਾ ਲੋੜੀਦਾ ਏ। ਤੁਸੀਂ ਸਿਖਾਂ ਬਾਰੇ ਗ਼ਲਤ ਰਾਏ ਬਣਾ ਲਈ ਏ। ਜੋ ਤੁਸਾਂ ਸੁਣਿਆ ਏ ਇਹ ਗ਼ਲਤ ਪ੍ਰਾਪੇਗੰਡਾ ਏ। ਹੋ ਸਕਦਾ ਏ ਪਹਿਲੇ ਰਾਜੇ ਵੇਲੇ ਇਥੇ ਬਰਿਆਈਆਂ ਵਾਧੇ ਉਪਰ ਸਨ। ਉਹ ਸਿਖਾਂ ਦਾ ਦੋਸ਼ ਨਹੀਂ, ਰਾਜੇ ਦਾ ਦੋਸ਼ ਸੀ। ਹੁਣ ਵਾਲੇ ਮਹਾਰਾਜੇ ਬਹੁਤ ਉਚੇ ਇਖਲਾਕ ਰਖ ਰਹੇ ਨੇ। ਉਨ੍ਹਾਂ ਵਿਚ ਜਿਹੜੀ ਕੌਮ ਦੇ ਭਲੇ ਵਾਲੀ ਸਪਿਰਟ ਏ। ਉਹ ਏਨੀ ਵਿਸ਼ਾਲ ਜਿਹੜੀ ਸਭ ਕੁਝ ਕੌਮ ਲਈ ਕੁਰਬਾਨ ਕਰਨ ਉਪਰ ਤੁਲੀ ਹੋਈ ਏ। ਏਥੇ ਦੇ ਹਿੰਦੂ ਗ਼ਲਤ ਪ੍ਰਾਪੇਗੰਡਾ ਕਰ ਰਹੇ ਹਨ। ਹਿੰਦੂ ਭਲਾ ਕਿਧਰ ਦੇ ਸੁਚੇ ਲਭੇ? ਹਿੰਦੂਆਂ ਦੀ ਲੁਟ-ਘਸੁਟ ਅਤੇ ਛੂਤ ਛਾਤ ਨੇ ਇਹ ਖੂਨੀ ਹੋਲੀ ਖਿਡਾਈ। ਮਿਸ ਮਿਊ ਦੀ ਮਦਰ ਇੰਡੀਆ ਪੜ੍ਹਕੇ ਤਾਂ ਦੇਖੋ।
ਬੁਰਾ ਕੀ ਏ? ਇਨ੍ਹਾਂ ਅੰਡੇ ਦੀ ਕੁਕੜੀ, ਕੁਕੜੀਓਂ ਮਝ, ਮਝੋਂ ਹਾਥੀ ਬਣਾ ਅਜੇਹਾ ਗ਼ਰੀਬ ਮਜ਼ਦੂਰਾਂ ਨੂੰ ਲੁਟਿਆ ਜਿਸ ਨਾਲ ਵਿਚਾਰੇ ਜੁਆਨੀ ਵਿਚ ਹੀ ਬੁਢੇ ਹੋ ਗਏ। ਇਨ੍ਹਾਂ ਦੀਆਂ ਸੁਆਣੀਆਂ ਦੇ ਗੱਲਾਂ ਤੇ ਬਾਹਾਂ ਵਿਚ ਇੰਨਾ ਸੋਨਾ ਬੁਕਿਆ ਹੁੰਦਾ ਏ ਜਿੰਨੇ ਭਾਰ ਦੀਆਂ ਉਹ ਆਪ ਭੀ ਨਹੀਂ ਹਨ।
ਅਜੇ ਭਾਬੀ ਜੀ! ਹੋਇਆ ਕੀ ਏ? ਹਿੰਦੁਸਤਾਨ ਇਨਕਲਾਬ ਵਿਚੋਂ ਲੰਘ ਰਿਹਾ ਏ। ਯੂਰਪ ਦੇ ਇਨਕਲਾਬ ਬਾਬਤ ਤੁਸਾਂ ਪੜ੍ਹਿਆ ਏ, ਘਾਬਰਨ ਵਾਲੀ ਗੱਲ ਈ ਕਿਹੜੀ ਏ?
ਕੀ ਅਮੀਰਾਂ ਨੂੰ ਏਥੇ ਭੀ ਘਰੋਂ ਬੇ-ਘਰ ਹੋ, ਜਾਨਾਂ ਲੁਕਾਣੀਆਂ ਪੈਣਗੀਆਂ?
ਤੁਹਾਡਾ ਖਿਆਲ ਏ ਕਿ ਏਥੇ ਕੋਈ ਹੋਰ ਹਵਾ ਵਗ ਰਹੀ ਏ? ਭੁਖ ਨੰਗ ਤੇ ਅਪਮਾਨ ਦੇ ਕੋਲੇ ਕੀਤੇ ਮਜ਼ਦੂਰ-ਕਿਰਸਾਨ ਮਘ ਪਏ ਨੇ। ਉਹ ਆਪ ਸੁਆਹ ਹੋ ਜਾਣਗੇ। ਪਰ ਜਗੀਰਦਾਰੀ ਤੇ ਸਰਮਾਏਦਾਰੀ ਦੀ ਚਿਣਗ ਨਹੀਂ ਰਹਿਣ ਦੇਂਦੇ। ਉਨ੍ਹਾਂ ਨਾਲ ਥੋੜੋ ਹੋਈ ਏ। ਉਹ ਤਾਂ ਭਰੇ ਪੀਤੇ ਫਿਰ ਰਹੇ ਨੇ। ਅਜ ਫਿਰਕਾਦਾਰਾਨਾ ਫਸਾਦ ਏ। ਪਰ ਛੇਤੀ ਜਗੀਰਦਾਰੀ ਤੇ ਸਰਮਾਏਦਾਰੀ ਦੇ ਵਿਰੁਧ ਖੂਨੀ-ਹੋਲੀ ਖੇਡੀ ਜਾਏਗੀ, ਜਿਹੜੀ ਨਾ ਭੁਲਣ ਵਾਲੀ ਹੋਵੇਗੀ। ਇਹ ਹੋਣੀਆਂ ਵਸ ਨਹੀਂ ਕਿਸੇ ਦੇ। ਸਾਡੇ ਲੀਡਰ ਬਥੇਰੀ ਟਿਲ ਲਾ ਰਹੇ ਪਰ ਸਮੁੰਦਰ ਦੇ ਜਵਾਰ ਭਾਟੇ ਵਾਂਗ ਉਮਡ ਰਹੇ ਜਨਤਾ ਦੇ ਜੋਸ਼ ਅਗੇ, ਉਹ ਖੁਦ ਆਪ ਬੇਵਸ ਨੇ।
ਕਰਿਸ਼ਨਾ ਨੂੰ ਮਨ ਮੰਨੇ ਖਿਆਲੋਂ ਪਲਟੀ ਵੇਖ ਰਤਨ ਦੇਈ ਹੈਰਾਨ ਹੁੰਦੀ ਕੰਨਾਂ ਨਾਲ ਤਾਂ ਕਰਿਸ਼ਨਾ ਦੀਆਂ ਗੱਲਾਂ ਸੁਣੇ ਅਰ ਕਰਿਸ਼ਨਾ ਨੂੰ ਬਿਟ ਬਿਟ ਤਕਦਿਆਂ ਮਨ ਵਿਚ ਕਹੇ। ਜਿਹੜੀ ਕਰਿਸ਼ਨਾ ਮੈਂ ਸਮਝੀ ਬੈਠੀ ਸੀ ਇਹ ਉਹ ਤਾਂ ਨਹੀਂ ਏ? ਇਸ ਦਾ ਸੂਖਮ ਸਰੀਰ ਹੋਰ ਦਾ ਹੋਰ ਈ ਏ। ਇਸ ਦੇ ਨਾਜ਼ੁਕ ਸਰੀਰ ਤਾਂ ਵਲ ਨਿਗਾਹ ਕਰਾਂ ਤਾਂ ਇਹ ਅੰਗੂਠੇ ਦੀ ਦਾਬ ਨਾਲ ਫਿਸ ਜਾਣ ਵਾਲੇ ਅੰਬੀ ਏ। ਪਰ ਇਸ ਦਾ ਸੂਖਮ ਸਰੀਰ ਅੰਬੀ ਦੀ ਅੰਦਰਲੀ ਗਠਲੀ ਵਾਂਗ ਏਨਾ ਸਖਤ ਏ, ਜਿਨਾ ਸ਼ਾਇਦ ਫੌਲਾਦ ਭੀ ਨਾ ਹੋਏ। ਪਰ ਕੀ ਇਹ ਫੌਲਾਦ ਰਹਿ ਸਕੇਗੀ? (ਅਪਣੇ ਪਿਛਲੇਰੇ ਦਿਨਾਂ ਵਲ ਝਾਤ ਮਾਰ) ਇਹ ਵਿਚਾਰੀ ਤਾਂ ਨਾਜ਼ਕ ਬੱਚੀ ਏ। ਪਿਆਰ ਦੀ ਕਿਰਨ ਅੱਗੇ ਜਦ ਨੈਪੋਲੀਅਨ ਵਰਗੇ ਮਹਾਨ ਜਰਨੈਲ ਇਉਂ ਪਿਘਲੇ ਗਏ ਜਿਉਂ ਸੇਕ ਲਗਦਿਆਂ ਘਿਓ ਪਾਣੀ ਹੋ ਜਾਂਦਾ ਏ। ਤਦ ਇਹ ਵਿਚਾਰੀ ਕਿਸ ਬਲਾ ਦੀ ਦਵਾ ਏ? ਪਰ ਤਦ ਭੀ ਸ਼ਕਰ ਏ ਕਿ ਇਹ ਹਿਰਦੇਹੋ ਦੀ ਜਿਥੇ ਉਪਰਲੇ ਰੂਪ ਨਾਲੋਂ ਸੋਹਣੀ ਏ ਓਥੇ ਬਲਵਾਨ ਤੇ ਸੁਚਿਆਰੀ ਏ।'
ਰਤਨ ਦੇਈ ਨੂੰ ਸੋਚਾਂ ਵਿਚ ਗਵਾਚੀ ਦੇਖ ਦਸ ਕੁ ਮਿੰਟ ਤਾਂ ਕਰਿਸ਼ਨਾ ਰਤਨ ਦੇਈ ਦੇ ਚੇਹਰੇ ਦੇ ਲਹਾ ਚੜ੍ਹਾ ਤੱਕਦੀ ਰਹੀ ਪਰ ਹੁਣ ਲੰਮਾ ਸਾਹ ਖਿਚਦੀ ਬੋਲਣ ਲਗੀ, 'ਭਾਬੀ ਜੀ! ਅਸੀਂ ਇਸੇ ਮਕਾਨ ਵਿਚ ਰਹਾਂਗੀਆਂ, ਸਾਨੂੰ ਕਿਸੇ ਦਾ ਕੀ ਡਰ ਹੈ? ਵਾਧੂ ਖਿਆਲ ਏ ਕਿ ਏਥੋਂ ਹੋਰ ਥਾਂ ਸਾਨੂੰ ਸੁਖ ਮਿਲ ਸਕੇਗਾ।ਥਾਵਾਂ ਤੇ ਕੰਮ ਬਦਲਣ ਨਾਲ ਸੁਖ ਨਹੀਂ ਮਿਲਿਆ ਕਿਸੇ? ਇਹ ਕੋਈ ਉਜਾੜ ਥਾਂ ਹੈ ਈ ਨਹੀਂ, ਵਸਦੇ ਰਸਦੇ ਮਹੱਲੇ ਵਿਚ ਆਂ।'
'ਜਿਵੇਂ ਤੂੰ ਕਿਹਾ ਠੀਕ ਏ। ਪਰ ਕਰਿਸ਼ਨਾ! ਤੂੰ ਅਜੇ ਬੱਚਿਆਂ ਵਾਂਗ ਹੀ ਸੋਚਦੀ ਏਂਂ, ਤੇ ਜੋ ਦਿਲ ਆਇਆ ਬੋਲ ਧਰਦੀ ਏਂ। ਤੇਰੇ ਵਸ ਦੀ ਗੱਲ ਨਹੀਂ, ਔਸਤ ਉਮਰ ਜੂ ਹੋਈ। ਤੇਰੀ ਉਮਰ ਈ ਉਥੇ ਟੁਰ ਰਹੀ ਏ ਜਿਥੇ ਘੜੀ ਮਾਸਾ ਤੇ ਘੜੀ ਸੇਰ ਹੋ ਜਾਈਦਾ ਏ।'
ਚਲੋ ਮੈਂ ਅੱਲ੍ਹੜ ਹੀ ਸਹੀ। ਮੈਂ ਦੁਰ ਤੱਕਣ ਨਹੀਂ ਗਿਝੀ। ਸੁਬੀ ਨੂੰ ਸੱਪ ਤੇ ਸੱਪ ਨੂੰ ਸੋਟਾ ਵੇਖ ਹੱਥ ਪਾ ਰਹੀ ਆਂ। ਤੁਸੀਂ ਤਾਂ ਹੰਢੇ ਹੋਏ ਉਮਰ ਦੇ, ਜੋ ਠੀਕ ਏ ਦਸ ਦੇਣਾ! ਮੈਂ ਕਿਹੜਾ ਸਿਆਣਪ ਦੇ ਦਾਅਵੇ ਕਰਦੀ ਆਂ। ਖੁਦ ਮੰਨਦੀ ਆਂ ਕਿ ਪਤਾ ਨਹੀਂ ਹੋਣੀ ਦਾ ਚਕਰ ਘੁੰਮਦਾ ਕਿਸ ਖੂੰਜੇ ਧਕ ਦੇਵੇ। ਮੈਂ ਇਹੀ ਕਹਿਆ ਨਾ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ? ਜਿਵੇਂ ਹੁੰਦਾ ਜਾਊ ਸੰਭਲਿਆ ਜਾਵੇਗਾ।' ਇਹ ਆਖ ਕਰਿਸ਼ਨਾ ਉਠਦੀ ਹੋਈ ਕਹਿਣ ਲਗੀ, 'ਕੁੜੀਆਂ.....
ਅਜੇ ਕੁੜੀਆਂ ਹੀ ਮੂੰਹ ਵਿੱਚ ਬੋਲ ਕਢਿਆ ਸੀ ਕਿ ਸ਼ੀਲਾ ਦੂਜੀ ਦੀ ਪਹਿਲੀ ਪੁਸਤਕ ਤੇ ਉਰਮਲਾ ਸਲੇਟ ਹੱਥ ਫੜੀ ਪੌੜੀਆਂ ਚੜ੍ਹਦੀ ਵੇਖ ਮੁੜ ਫੇਰ ਕਹਿਣ ਲੱਗੀ, 'ਮੇਰਾ ਪਹਿਲਾਂ ਹੀ ਖਿਆਲ ਸੀ ਕਿ ਮੁਨੀਆਂ ਆਈਆਂ ਕਿ ਆਈਆਂ।'
ਸ਼ੀਲਾ ਤੇ ਉਰਮਲਾ ਨੇ ਆਂਦਿਆਂ ਦੋਹਾਂ ਨੂੰ ਨਮਸਤੇ ਬੁਲਾਈ। ਸ਼ੀਲਾ ਅਠ ਤੇ ਉਰਮਲਾ ਬਾਰਾਂ ਸਾਲਾਂ ਦੀ ਏ। ਪੜ੍ਹਦੀਆਂ ਦੋਨੋਂ ਦੂਜੀ ਵਿਚ। ਦੋਹਾਂ ਨੂੰ ਚੁਬਾਰੇ ਵਿਚ ਪਬ ਧਰਦਿਆਂ ਕਰਿਸ਼ਨਾ ਉਨ੍ਹਾਂ ਨੂੰ ਪੜ੍ਹਾਨ ਬੈਠ ਗਈ ਤੇ ਰਤਨ ਦੇਈ ਚੁਲ੍ਹੇ ਅਗੇ ਪਏ ਜੂਠੇ ਬਰਤਨ ਸੁਚੇ ਕਰਨ ਲੱਗ ਪਈ।
(੨)
ਰਤਨ ਦੇਈ ਦੁਧ ਚਾਹ ਵਾਲੇ ਬਰਤਨ ਸੁਚੇ ਕਰ, ਬਜ਼ਾਰੋਂ ਸਬਜ਼ੀ ਲਿਔਣ ਪੌੜੀਆਂ ਉਤਰਦੀ ਦਾ ਅਜਿਹਾ ਪਬ ਤਿਲਕਿਆ ਕਿ ਧੜੰਮ ਕਰਦੀ ਸਿਰ ਪਰਨੇ ਦੀ ਰਿੜ੍ਹਦੀ ਰਿੜ੍ਹਦੀ ਦਾ ਸਿਰ ਉਸ ਬੈਠਕ ਦੀ ਸਰਦਲ ਨਾਲ ਜਾ ਵਜਿਆ ਜਿਸ ਵਿਚ ਅਜੇ ਪਾਲ ਸਿੰਘ ਨੇ ਆਸਨ ਲਾਇਆ ਸੀ। ਖੜਕੇ ਦੀ ਆਵਾਜ਼ ਸੁਣ ਪਾਲ ਸਿੰਘ ਪੜ੍ਹਦਾ ਪੜ੍ਹਦਾ ਬੂਹੇ ਵਲ ਵਧਿਆ। ਲਹੂ ਲੁਹਾਨ ਹੋਈ ਪੰਜਾਹ ਕੁ ਸਾਲਾਂ ਦੀ ਬਿਰਧ ਇਸਤਰੀ ਨੂੰ ਵੇਖ ਹੱਕਾ ਬੱਕਾ ਹੋ ਗਿਆ।
ਪੁਸਤਕ ਨੂੰ ਥਲੇ ਸੁਟ ਪਾਲ ਸਿੰਘ ਰਤਨ-ਦੇਈ ਨੂੰ ਦੋਹਾਂ ਹੱਥਾਂ ਵਿਚ ਸਾਰੇ ਤਾਨ ਨਾਲ ਚੁਕਣ ਲਈ, ਰਤਨ ਦੇਈ ਵਲ ਹੱਥ ਵਧਾਏ ਈ ਸਨ ਕਿ ਖੜਾਕ ਤੇ ਚੀਕ ਦੀ ਅਵਾਜ਼ ਸੁਣ ਕਰਿਸ਼ਨਾਂ ਪੌੜੀਆਂ ਉਤਰਦੀ ਵੇਖ ਪਲ ਭਰ ਹਥਾਂ ਨੂੰ ਰੋਕ ਲਿਆ।
ਰਤਨ ਦੇਈ ਦੇ ਸਿਰ ਚੋਂ ਲਹੂ ਦੀ ਧਾਰ ਵਗਦੀ ਵੇਖ ਜਿਥੇ ਕ੍ਰਿਸ਼ਨਾ ਦੀਆਂ ਅੱਖਾਂ ਅਗੇ ਅੰਧਰਾ ਛਾ ਗਿਆ, ਓਥੇ ਚੀਕਾਂ ਮਾਰਦੀ ਰਤਨ ਦੇਈ ਉਪਰ, 'ਹਾਏ ਮਰ ਗਈ ਭਾਬੀ', ਬੋਲਦੀ ਡਿਗਣ ਹੀ ਲਗੀ ਸੀ ਕਿ ਪਾਲ ਸਿੰਘ ਦੇ ਇਹ ਬੋਲ ਸੁਣ ਕਿਹਾ 'ਭੈਣ ਜੀ, ਦਿਲ ਧਰੋ, ਪਹਿਲ ਮਾਂ ਜੀ ਨੂੰ ਬਿਸਤਰੇ ਪਰ ਲਿਟਾ ਦੇਈਏ। ਮੈਂ ਹੁਣੇ ਹੀ ਡਾਕਟਰ ਨੂੰ ਬੁਲਾਂਦਾ ਆਂ' ਆਪਣੇ ਆਪ ਨੂੰ ਬੋਚਦੀ ਖੜੋ ਗਈ।
‘ਉਪਰ ਕਿਵੇਂ —-'। ਗਲ ਟੁਕ-'ਇਹ ਬੈਠਕ ਜੂ ਹੋਈ। ਝਬਦੇ ਕਰੋ।' ਇਹ ਆਖ ਪਾਲ ਸਿੰਘ ਨੇ ਸਿਰ ਵਲੋਂ ਤੇ ਲੱਤਾਂ ਵਲੋਂ ਕਰਿਸ਼ਨਾ ਨੇ ਰਤਨ ਦੇਈ ਨੂੰ ਚੁਕ ਬੈਠਕ ਵਿਚ ਵਿਛੇ ਬਿਸਤਰੇ ਤੇ ਲਟਾ ਦਿਤਾ। ਇਹ ਕੁਝ ਹੋ ਚੁਕਣ ਪਿੱਛੋਂ ਅਲਮਾਰੀ ਵਲ ਸੈਨਤ ਕਰਦਾ ਪਾਲ ਸਿੰਘ ਕਹਿਣ ਲਗਾ, 'ਭੈਣ ਜੀ, ਮੈਂ ਡਾਕਟਰ ਵਲ ਚਲਿਆ ਆਂ। ਅਲਮਾਰੀ ਵਿਚ ਬਰਾਂਡੀ ਦੀ ਬੋਤਲ ਏ ਤੇ ਬੋਤਲ ਪਾਸ ਗਲੂ-ਕੋਸ ਦਾ ਡੱਬਾ ਏ। ਦੋਨੋਂ ਰਲਾ ਮਾਂ ਜੀ ਦੇ ਹੁਣੇ ਮੁਖ ਵਿਚ ਪਾਏ। ਮੈਂ ਡਾਕਟਰ ਨੂੰ ਲੈਣ ਚਲਿਆ ਆਂ।
ਕੋਈ ਅਧ ਫਰਲਾਂਗ ਦੀ ਵਿਥ ਤੇ ਡਾਕਟਰ ਬਿਮਲ ਕੁਮਾਰ ਦਾ ਹਸਪਤਾਲ ਲਭਾ। ਡਾਕਟਰ ਬਿਮਲ ਕੁਮਾਰ ਪਾਲ ਸਿੰਘ ਦੇ ਅਪੜਦਿਆਂ ਟਾਂਗੇ ਉਪਰ ਚੜ੍ਹ ਸ਼ਹਿਰ ਦੇ ਕਿਸੇ ਮਰੀਜ਼ ਦੇ ਘਰ ਰਿਹਾ ਸੀ। ਪਾਲ ਸਿੰਘ ਨੇ ਦਸਾਂ ਦਸਾਂ ਦੇ ਦੋ ਨੋਟ ਡਾਕਟਰ ਬਿਮਲ ਕੁਮਾਰ ਵਲ ਵਧਾਂਦਿਆਂ ਕਿਹਾ, 'ਐਕਸੀਡੈਂਟ ਹੋ ਗਿਆ ਏ। ਮੇਹਰਬਾਨੀ ਕਰ ਕੇ ਛੇਤੀ ਮੇਰੇ ਨਾਲ ਚੱਲ।'
'ਮੁਆਫ ਕਰਨਾ ਸਰਦਾਰ ਜੀ, ਏਨੀ ਛੇਤੀ ਮੈਂ ਆਪ ਦੇ ਨਾਲ ਨਹੀਂ ਜਾ ਸਕਦਾ। ਘਟੋ ਘਟ ਦੋ ਘੰਟੇ ਨੂੰ।
ਡਾਕਟਰ ਦੀ ਖੁਦਗਰਜ਼-ਲਾਲਚੀ ਰੁਚੀ ਨੂੰ ਜਾਨਣ ਵਾਲੇ ਪਾਲ ਸਿੰਘ ਨੇ ਬਟੂਏ ਵਿਚੋਂ ਦਸਾਂ ਦਸਾਂ ਦੇ ਦੋ ਨੋਟ ਹੋਰ ਰਲਾਂਦਿਆਂ ਕਿਹਾ, 'ਜਿਵੇਂ ਭੀ ਹੋ ਸਕੇ ਮੇਰੇ ਨਾਲ ਚਲੋ। ਮੇਰੇ ਮਾਂ ਜੀ ਪੌੜੀਆਂ ਤੋਂ ਡਿਗ ਲਹੂ ਲੁਹਾਨ ਹੋ ਗਏ ਨੇ। ਆਪ ਦੀ ਬੜੀ ਮੇਹਰਬਾਨੀ ਹੋਵੇਗੀ।
ਚਾਲੀਆਂ ਰੁਪਿਆਂ ਨੂੰ ਵੇਖ ਡਾਕਟਰ ਬਿਮਲ ਕੁਮਾਰ ਦੇ ਮੂੰਹ ਵਿਚ ਪਾਣੀ ਭਰ ਗਿਆ। ਅਰ ਨਾਲ ਹੀ ਸੋਚਨ ਲਗਾ ਇਹ ਚੋਖੀ ਮੋਟੀ ਮੁਰਗੀ ਏ। ਪਾਲ ਸਿੰਘ ਦੇ ਹਥੋਂ ਦਸਾਂ ਦਸਾਂ ਦੇ ਚਾਰ ਨੋਟ ਫੜਦਾ ਹੋਇਆ ਬੋਲਿਆ ਜਿਵੇਂ ਬਣੂ ਝਲੀ ਜਾਵੇਗੀ। ਕੀ ਕਹੀਏ ਸਰਦਾਰ ਸਾਹਿਬ ਅਸੀਂ ਲੋਕ ਏਥੇ ਏਨੇ ਜਕੜੇ ਆਂ ਜਿਹੜਾ ਦਸਿਆ ਈ ਨਹੀਂ ਜਾ ਸਕਦਾ! ਸਾਡੇ ਵਿਚ ਕੀ ਮਜ਼ਾਲ ਏ। ਅਫਸਰਾਂ ਦੇ ਹੁਕਮ ਨੂੰ ਪਲ-ਭਰ ਅਗੇ ਪਿਛੇ ਕਰੀਏ। ਚਲੋ ਤੁਹਾਡੀ ਖਾਤਰ ਜੋ ਹੋਊ ਵੇਖਿਆ ਜਾਏਗਾ। ਇਹ ਆਖ ਪਟੀ ਕਰਨ ਦਾ ਸਮਾਨ ਤੇ ਦਵਾਈਆਂ ਵਾਲਾ ਬੈਗ ਲੈਣ ਲਈ ਆਪ ਹੀ ਤਾਂਗਿਓ ਉਤਰ ਹਸਪਤਾਲ ਵਿਚ ਜਾ ਵੜਿਆ।
(੩)
ਉਸੇ ਰਾਤ ਰਤਨ ਦੇਈ ਨੂੰ ਵਡੇ ਹਸਪਤਾਲ ਲਿਆਂਦਾ ਗਿਆ। ਸਟਾਂ ਤੇ ਨਿਕੀਆਂ ਨਿਕੀਆਂ ਝਰੀਟਾਂ ਕਈ ਨੇ। ਪਰ ਟੁਟੀ ਪਸਲੀ ਦੀ ਪੀੜ ਨੇ ਸਰੀਰ ਨੂੰ ਝੂਠਾ ਕਰ ਛਡਿਆ ਏ। ਡਾਕਟਰਾਂ ਬਥੇਰੀ ਕੋਸ਼ਿਸ਼ ਕੀਤੀ ਪਰ ਪਸਲੀ ਰਾਸ ਨਾ ਆਈ। ਅਖੀਰ ਸਿਵਲ ਸਰਜਨ ਨੇ ਸਿਧੇ ਬੋਲਾਂ ਵਿਚ ਕਹਿ ਦਿਤਾ, 'ਅਪਰੇਸ਼ਨ ਕੀਤੇ ਬਿਨਾ ਹੁਣ ਨਹੀਂ ਸਰਦਾ।'
ਡਾਕਟਰ ਦੇ ਕਹੇ ਅਨੁਸਾਰ ਰਤਨ ਦੇਈ ਨੇ ਚਾਲੀਆਂ ਘੰਟਿਆਂ ਪਿੱਛੋਂ ਸੁਰਤ ਫੜੀ। ਸੁਰਤ ਫੜਦਿਆਂ ਕ੍ਰਿਸ਼ਨਾ ਦੀਆਂ ਹੰਝੂ ਕੇਰ ਰਹੀਆਂ ਗ਼ਮਗੀਨ ਅੱਖਾਂ ਵਲ ਤੱਕਦਿਆਂ ਕਿਹਾ, 'ਪੁਤਰ, ਅਪਰੇਸ਼ਨ ਦੀ ਥੁੜ ਭੀ ਪੂਰੀ ਹੋ ਚੁਕੀ ਹੈ। (ਪੀੜ ਦੀ ਕਸੀਸ ਵਟ) ਪਾਲ ਚਲਾ ਗਿਆ ਏ।
ਰਤਨ ਦੇਈ ਦੀਆਂ ਅੱਖਾਂ ਸਾਹਮਣੇ ਹੋ-ਮਾਂ ਜੀ ਕਿਵੇਂ ਜਾ ਸਕਦਾ ਸਾਂ ਥੋਨੂੰ ਅਜੇਹੀ ਹਾਲਤ ਵਿੱਚ ਛੱਡ (ਕਰਿਸ਼ਨਾਂ ਵੱਲ ਤੱਕਦਿਆਂ) ਭੈਣ ਜੀ, ਮਾਂ ਜੀ ਨੂੰ ਤਾਕਤ ਵਾਲੀ ਦਵਾਈ ਪਹਿਲੇ ਪਲਾਓ।'
'ਪੁਤਰ ਹੁਣ ਦਵਾਈਆਂ ਦੀ ਲੋੜ ਨਹੀਂ ਰਹੀ। ਜੇ ਮੇਰੀ................।'
‘ਮਾਂ ਜੀ ਰੁਕ ਕਿਉਂ ਗਏ ਹੋ? ਆਪ ਦੇ ਹਰ ਹੁਕਮ ਦੀ ਪਾਲਣਾ ਕਰਨਾ ਮੇਰੀ ਆਤਮਾ ਦਾ ਧਰਮ ਏ।'
(ਸਿਰ ਨੂੰ ਚੁਕਦਿਆਂ) 'ਭਾਬੀ ਜੀ ਦੋ ਘੁਟਾਂ ਪੀਣ ਨਾਲ
ਤੁਸੀਂ ਤਕੜੇ ਹੋ ਜਾਓਗੇ।'
'ਕ੍ਰਿਸ਼ਨਾ ਪਿਆ ਦੇ, (ਦਵਾਈ ਪੀ) ਪੁਤਰ ਪਾਲ ਆਪ ਬੜੇ ਮਿੱਠੇ ਹੋ। ਕੀ ਦੋ ਗੱਲਾਂ ਦੱਸ ਨਹੀਂ ਸਕੋਗੇ?
ਰਤਨ ਦੇਈ ਦੇ ਵਧੇਰੇ ਨੇੜੇ ਹੋ-ਜੋ ਪੁਛੋ ਸਭ ਦੱਸ ਦੇਵਾਂਗਾ।'
‘ਕ੍ਰਿਸ਼ਨਾ ਵਲ ਝਾਕ-ਆਪ ਦੇ ਬੱਚੇ ਕਿੰਨੇ ਨੇ?'
'ਅਸੀਂ ਸਾਰੇ ਤਿੰਨ ਹਾਂ। ਪੰਜਾਂ ਵਰ੍ਹਿਆਂ ਦਾ ਕਾਕਾ ਅਤੇ ਸੱਤਾਂ ਦੀ ਬੀਬੀ ਨੇ। ਦੋਨੋਂ ਯਤੀਮ ਖਾਨੇ ਨੇ।'
'ਹਉਕਾ ਭਰ-ਬੱਚਿਆਂ ਦੀ ਮਾਂ?'
'ਉਹ ਕੁਝ ਲੜਕੀਆਂ ਨਾਲ ਖੂਹ ਵਿਚ ਛਾਲ ਮਾਰ ਕੇ ਮੁਕਰ ਗਈ। ਬਚੇ ਭੀ ਮਿਲਟਰੀ ਪਾਸੋਂ ਹੀ ਮਿਲੇ ਹਨ। ਮੈਂ ਦਿੱਲੀ ਆਇਆ ਹੋਇਆ ਸਾਂ। ਇਹ ਕਾਰਾ ਮੇਰੇ ਪਿਛੋਂ ਹੀ ਹੋਇਆ। ਗੁਜਰਖਾਨ ਦੇ ਲਾਗੇ ਹੀ ਸਾਡਾ ਪਿੰਡ ਸੀ।
(ਪੀੜ ਦੀ ਕਸੀਸ ਵੱਟ) ਦੁਖਾਂ ਦੀਆਂ ਕਹਾਣੀਆਂ ਲੰਮੀਆਂ ਛੱਡ, ਚੀਸਾਂ ਨਾਲ ਬੁਕੀਆਂ ਨੇ। (ਪਾਲ ਵਲ ਵਧੇਰੇ ਗਹੁ ਕਰ) ਪੁਤਰ ਬੱਚਿਆਂ ਨੂੰ ਸੁਖੀ ਸਾਂਦੀ ਯਤੀਮਖਾਨੇ ਕਿਉਂ ਛੱਡਣਾ ਸੀ? ਆਪਣੇ ਪਾਸ ਹੀ ਰੱਖਣਾ ਚੰਗਾ ਏ।'
'ਬਚਿਆਂ ਨੂੰ ਇਸਤਰੀਆਂ ਹੀ ਸਾਂਭ ਸਕਦੀਆਂ ਨੇ। ਬਾਹਰ ਅੰਦਰ ਭੀ ਜਾਣਾ ਪੈਂਦਾ ਏ। ਬੱਚਿਆਂ ਨੂੰ ਕਿਥੇ ਖੜੀ ਫਿਰੀਏ। ਤਿੰਨ ਕੁ ਸਾਲ ਤੱਕ ਉਡਾਰੂ ਹੋ ਜਾਣਗੇ ਤੇ ਫਿਰ ਅਪਨੇ ਪਾਸ ਹੀ ਰਖ ਲਵਾਂਗਾ।
(ਉਮੀਦਾਂ ਦਾ ਸੂਰਜ ਚੜ੍ਹਿਆ ਸਮਝ) ਮੇਰੇ ਸਾਹ ਹੁਣ ਬਹੁਤ ਘੱਟ ਨੇ ਇਸ ਲਈ ਦੋ ਹਰਫ਼ੀ ਗੱਲ ਕਰਨੀ ਏਂ। ਕਰਿਸ਼ਨਾ ਵਲ ਤੱਕ ਕ੍ਰਿਸ਼ਨਾ ਉਰੇ ਆ।'
ਨੇੜੇ ਹੋ-ਦੱਸੋ ਭਾਬੀ ਜੀ।'
ਕਿਸ਼ਨਾ ਦਾ ਹੱਥ ਫੜ-ਪੁਤਰ ਪਾਲ ਅਸੀਂ ਭੀ ਤੇਰੇ ਵਾਂਗ ਦੁਖੀਏ ਆਂ। ਦੁਖ ਫੋਲਿਆਂ ਦੁਖ ਵਧਦਾ ਏ। ਮੇਰੇ ਸੁਪਨਿਆਂ ਦਾ
'ਭੋਲੇ ਮਾਂ ਜੀ। ਤੁਸੀਂ ਮੈਨੂੰ ਪਹਿਚਾਣਿਆ ਹੀ ਨਹੀਂ। ਵਿਆਹ ਦਾ ਖਿਆਲ ਹੋਂਦਾ ਤਦ ਹੁਣ ਨੂੰ ਕਦੇ ਦਾ ਪੂਰਾ ਹੋਇਆ ਹੋਂਦਾ। ਮੇਰੇ ਸੋਹਰਿਆਂ ਵਿਚੋਂ ਇਕ ਨਹੀਂ, ਚਾਰ ਲੜਕੀਆਂ ਬਾਬਤ ਜ਼ੋਰ ਪਾਇਆ ਗਿਆ ਸੀ। ਪਰ ਮੈਨੂੰ ਆਪਣੇ ਨਾਲੋਂ ਉਨ੍ਹਾਂ ਬਚਿਆਂ ਦਾ ਵਧ ਧਿਆਨ ਏ। ਜਿਹੜੇ ਯਤੀਮਖਾਨੇ ਨੇ। ਮਾਂਵਾਂ ਬਿਨਾ ਕੌਣ ਪਿਆਰ ਦੇਂਦਾ ਏ? ਮੈਂ ਮਤਰੇਈ ਮਾਂ ਦੀਆਂ ਝਿੜਕਾਂ ਅਤੇ ਕੁੜੱਤਣਾਂ ਦੇ ਚੰਗੇ ਗੱਫੇ ਛਕੇ ਹਨ। ਮੇਰੀ ਮਤਰੇਈ ਮਾਂ ਨੇ, ਜਿਵੇਂ ਮੇਰੇ ਬੜੇ ਚੰਗੇ ਪਿਤਾ ਨੂੰ ਬੁਧੂ ਬਣਾਕੇ, ਮੇਰਾ ਦੁਸ਼ਮਨ ਬਣਾ ਦਿੱਤਾ ਸੀ, ਭੁਲ ਨਹੀਂ ਸਕਦਾ। ਆਦਮੀ ਵਿਸ਼ੇ-ਵਾਸ਼ਨਾ ਦੇ ਅਧੀਨ ਹੋ ਆਪਣੇ ਆਪ ਦਾ ਸਤਿਆਨਾਸ ਹੀ ਨਹੀਂ ਕਰਦਾ ਸਗੋਂ ਖਾਨਦਾਨ ਦੀ ਚੜ੍ਹੀ ਗੁਡੀ ਨੂੰ ਨਾਲੀਆਂ ਵਲ ਸੁਟ ਘਤਦਾ ਏ। ਔਰਤ ਦੇ ਇਸ਼ਾਰੇ ਮਾਂ ਪਿਓ ਦਾ ਗਲਾ ਘੁਟਨੋਂ ਗਰਜ ਨਹੀਂ ਕਰਦਾ। (ਅਖਾਂ ਚੋਂ ਹੰਝੂ ਕੇਰ) ਚਾਚੇ ਦੀ ਮੌਤ ਮੇਰੀ ਮਤਰੇਈ ਮਾਂ ਸਦਕਾ ਹੀ ਹੋਈ। ਉਸ ਕੁਲਹਿਣੀ ਨੇ ਆਉਂਦਿਆਂ ਹੀ ਸਕੇ ਭਰਾਵਾਂ ਵਿਚ ਵੈਰ ਦੀ ਅੱਗ ਸੁਲਘਾ ਦਿੱਤੀ। (ਅਖਾਂ ਪੂੰਝ) ਮਾਂ ਜੀ ਚਾਚੇ ਨੂੰ ਭੁਲ ਨਹੀਂ ਸਕਦਾ। ਉਸ ਬੜਾ ਵਡਾ ਆਦਮੀ ਬਣਨਾ ਸੀ। ਜਿਹੜਾ ਉਹ ਮੈਨੂੰ ਪਿਆਰ ਦੇ ਗਿਆ, ਉਸ ਦੀ ਕੀਮਤ ਦੀ ਉਸ ਸਮੇਂ ਸਮਝ ਆਈ ਜਦ ਬੀ.ਏ. ਵਿਚ ਪੜ੍ਹਦਾ ਸਾਂ।
'ਪੁਤਰ ਮਤਰੇਈਆਂ ਹੋਂਦੀਆਂ ਹੀ ਅਜੇਹੀਆਂ ਨੇ। ਪਰ ਕੁਝ ਖੋਟੇ ਪੈਸੇ ਵੇਖ ਇਹ ਨਾ ਮਿਥ ਛਡੀਏ ਕਿ ਖਰਾ ਹੈ ਈ ਨਹੀਂ? ਮੈਂ ਆਪ ਨੂੰ ਯਕੀਨ ਦਵਾਂਦੀ ਆਂ ਕਿ ਮੇਰੀ ਕਰਿਸ਼ਨਾ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਮਤਰੇਈਆਂ ਹੁੰਦੀਆਂ ਨੇ। ਇਹ ਜਿਥੇ ਤੇਰੀ ਪਤਨੀ ਏ ਉਥੇ ਤੇਰੇ ਬਚਿਆਂ ਦੀ ਮਾਂ ਬਣ ਕੇ ਤੈਨੂੰ ਵਿਖਾ ਦੇਏਗੀ।'
'ਮੇਰੇ ਤਾਂ ਇਹ ਭੈਣ ਜੀ ਨੇ।' 'ਠੀਕ ਏ ਪੁਤਰ ਵਿਆਹ ਤੋਂ ਪਹਿਲਾਂ ਸਭ ਭੈਣ ਭਰਾ ਹੀ ਹੋਇਆ ਕਰਦੇ ਹੋ। ਤੂੰ ਬੜਾ ਬੀਬਾ ਪੁਤਰ ਏਂ। ਪੁਤਰੀ ਦੇ ਤੈਨੂੰ ਪੁਤਰ ਬਣਾਇਆ ਏ। ਵੇਖ ਪਾਲ ਮੇਰੀ ਇਸ ਅੰਤਮ ਆਤਮਕ-ਰੀਝ ਨੂੰ ਠੁਕਰਾ ਨਾ। ਤੂੰ ਅਜੇ ਬੱਚਾ ਏਂ। ਤੂੰ ਅਜੇ ਸਿੱਖਣਾ ਏ ਕਿ ਆਤਮਕ-ਪਿਆਰ ਕੀ ਏ। ਤੇਰੇ ਬਚਿਆਂ ਵਾਂਗ ਇਹ ਭੀ ਯਤੀਮ ਏ।'
'ਮੈਂ ਤਾਂ ਖੁਦ ਆਪ ਵੀ ਯਤੀਮ ਹਾਂ। ਯਤੀਮ ਖਾਨੇ ਜਿਸ ਦੇ ਬਚੇ ਹੋਣ ਕੀ ਉਹ ਆਪ ਯਤੀਮ ਨਹੀਂ ਏ?'
'(ਪੀੜ ਦੀ ਕਸੀਸ ਵੱਟ) ਪਾਲ ਪੁਤਰ ਅਸੀਂ ਤੇਰੀ ਆਤਮਾ ਨੂੰ ਪੜ੍ਹ ਤੇਰੀਆਂ ਅੱਖੀਆਂ ਵਿਚੋਂ ਹਿਰਦੇ ਦੀ ਤਸਵੀਰ ਵੇਖ ਤੈਨੂੰ ਅੰਦਰੋਂ ਬਾਹਰੋਂ ਪਹਿਚਾਣ ਲਿਆ ਏ। ਅਸਾਂ ਸਮਝ ਲਿਆ ਏ? ਜਿੰਨਾ ਤੂੰ ਹਮਦਰਦ ਵਧ ਏਂ, ਓਨੀ ਤੈਨੂੰ ਪਿਆਰ ਭੁੱਖ ਵਧੇਰੇ ਲੱਗੀ ਏ। ਅਸੀਂ ਮੂੰਹ ਨੂੰ ਕਿੰਨਾ ਮੀਚੀਏ, ਪਰ ਅੱਖੀਆਂ ਅਤੇ ਬੁਲ੍ਹਾਂ ਦੀ ਥ੍ਰਰਾਟ ਅਸਲਾ ਦੱਸੇ ਬਿਨਾ ਰਹਿ ਨਹੀਂ ਸਕਦੀ। ਸਚ ਮੁਚ ਪਾਲ ਜਿਵੇਂ ਤੂੰ ਬਹੁਤ ਕੁਝ ਹਿਰਦੇ ਅੰਦਰ ਨੱਪੀ ਟੁਰ ਰਿਹਾ ਏਂ, ਤੇਰੇ ਵਾਂਗ ਕਰਿਸ਼ਨਾ ਵੀ ਵਿਸ਼ਿਆਂ ਤੋਂ ਉਚੀ ਹੋ ਪਿਆਰ ਵਿਚ ਵਿਚਰ ਰਹੀ ਏ। ਸੋਨੇ ਤੇ ਐਸ਼ਾਂ ਦੀ ਥਾਂ ਗੁਣਾਂ ਦੀ ਪੁਜਾਰਨ ਬਣ ਸੇਵਾ ਨੂੰ ਪਿਆਰੂਗੀ।'
‘ਮਾਂ ਜੀ ਮੈਂ ਭੀ ਇਸਤਰੀ ਦੇ ਪੇਟੋਂਂ ਜਨਮ ਲਿਆ ਏ। ਮੇਰੇ ਮਾਂ ਜੀ ਬੜੇ ਚੰਗੇ ਸਨ। ਪਰ ਆਪਣੇ ਬੱਚੇ ਤੋਂ ਬਿਨਾ ਹੋਰ ਬਚੇ ਨੂੰ ਇਸਤਰੀ ਘਟ ਹੀ ਪਿਆਰ ਕਰਦੀ ਏ। ਮੇਰਾ ਕੌੜਾ ਤਜਰਬਾ ਏ ਕਿ ਆਮ ਇਸਤ੍ਰੀਆਂ ਚੰਗੀਆਂ ਨਹੀਂ। ਇਹਨਾਂ ਦੇ ਸਿਰ ਸੋਨੇ ਦਾ ਜੂਤ ਮਾਰ ਜਿਸ ਰਾਹ ਜੀਅ ਚਾਹੇ ਤੋਰ ਲਵੋ। ਹੋਰ ਤਾਂ ਕੀ ਇਹ ਚੰਗੀ ਮਾੜੀ ਰੰਗਣ ਤੇ ਵਿਚਾਰ ਕਰ ਖੁਲ੍ਹ ਦਿਲੀ ਭੀ ਪਰਗਟ ਨਹੀਂ ਕਰ ਸਕੀਆਂ। ਅਜ ਤੋੜੀ ਮੇਰੀ ਜਾਚੇ ਪੜ੍ਹੀਆਂ ਵਿਚ ਭੀ ਰੱਬ ਨਹੀਂ ਏ। ਇਹ ਤੇ ਅਜੇਹੀਆਂ ਗਲਾਂ ਨੂੰ ਮੁਖ ਰੱਖ ਮੈਂ ਬੱਚਿਆਂ ਵਾਂਗ ਹੀ ਉਮਰ ਗੁਜਾਰਾਂਗਾ। ਮੈਂ ਵਿਚਾਰਾ ਕੌਣ ਆਂ? ਇਹਨਾਂ ਤਰੀਮਤਾਂ ਨੇ ਬੜੇ ਬੜੇ ਅਕਲੂਆਂ ਦੀ ਮੱਤ ਉਤੇ ਬੱਠਲ ਦੇ ਛੱਡੇ ਨੇ।
(ਥਿੜਕਦੀ ਜੀਭ ਨਾਲ) ਪਾਲ ਮੈਂ ਹੋਰ ਵਧੇਰੇ ਨਹੀਂ ਬੋਲ ਸਕਦੀ। ਜਿਵੇਂ ਤੈਨੂੰ ਆਪਣੇ ਬਚਿਆਂ ਦਾ ਵਧ ਧਿਆਨ ਏ ਉਸੇ ਤਰਾਂ ਕਰਿਸ਼ਨਾ ਭੀ ਹੁਣ ਯਤੀਮ ਏ। ਯਤੀਮਾਂ ਦੇ ਦੁਖ ਇਕ ਜੇਹੇ ਹਨ।
ਰਤਨ ਦੇਈ ਦੇ ਇਹਨਾਂ ਬੋਲਾਂ ਨੇ ਪਾਲ ਦੀਆਂ ਸਾਰੀਆਂ ਵਿਚਾਰਾਂ ਦੇ ਮੂੰਹ ਖੁੰਢੇ ਕਰ ਦਿੱਤੇ। ਡੂੰਘੀ ਸੋਚ ਵਿਚ ਡੁਬੇ ਕਰਿਸ਼ਨਾ ਦੀਆਂ ਹੰਝੂ ਕੇਰ ਰਹੀਆਂ ਅੱਖਾਂ ਵੱਲ ਤਕਦੇ ਨੇ ਕਿਹਾ, ਮਾਂ ਜੀ ਮੈਂ ਆਪ ਨੂੰ ਯਕੀਨ ਦਵਾਂਦਾ ਹਾਂ ਕਿ ਕਰਿਸ਼ਨਾ ਨੂੰ ਜਾਨ ਵਾਂਗ ਪਿਆਰਾਂ ਤੇ ਸਤਕਾਰਾਂਗਾ। ਹਾਲ ਦੀ ਘੜੀ ਮੈਨੂੰ ਵਿਆਹ ਦੇ ਪਰਣ ਨਾਲ ਨਾ ਬੰਨੋ। ਇਸ ਮਸਲੇ ਨੂੰ ਅਸੀਂ ਆਪੇ ਹਲ ਕਰਨ ਦਾ ਯਤਨ ਕਰਾਂਗੇ। ਪਰ ਇਹ ਪੱਕ ਜਾਣੋ ਜੇ ਕਰਿਸ਼ਨਾ ਦਾ ਮੈਂ ਪਤੀ ਨਹੀਂ ਬਣ ਸਕਾਂਗਾ ਤਾਂ ਚੰਗਾ ਭਰਾ ਜ਼ਰੂਰ ਰਹਾਂਗਾ।'
‘ਤੁਹਾਡੀਆਂ ਰੀਝਾਂ ਪਰਮਾਤਮਾਂ ਪੂਰੀਆਂ ਕਰੇ। ਮੇਰੇ ਹੋਰ ਨੇੜੇ ਹੋਵੋ।'
ਪਾਲ ਤੇ ਕਰਿਸ਼ਨਾ ਨੇ ਰਤਨ ਦੇਈ ਦੇ ਕੰਨਾਂ ਪਾਸ ਸਿਰ ਨੂੰ ਕੀਤਾ ਹੀ ਸੀ ਕਿ ਰਤਨ ਦੇਈ ਨੇ ਦੋਹਾਂ ਦੇ ਸਿਰ ਤੇ ਹੱਥ ਧਰ ਅੱਖਾਂ ਮੀਟ ਮੁੜ ਨਾ ਤੱਕਿਆ।