ਸੀਹਰਫ਼ੀ 3 (ਅਲੀ ਹੈਦਰ ਮੁਲਤਾਨੀ)

1. ਅਲਿਫ਼-ਇਹ ਅਵੱਲੀਆਂ ਡੰਗੀਆਂ ਠਾਠੀਂ

ਅਲਿਫ਼-ਇਹ ਅਵੱਲੀਆਂ ਡੰਗੀਆਂ ਠਾਠੀਂ,
ਸ਼ੌਕ ਤੈਂਡੜੇ ਤ੍ਰਵੈਨੀਆਂ ਮੈਂ ।
ਨਾਉਂ ਤੁਸਾਡੇ ਦੀ ਨਾਵ ਕਰਾਂ,
ਕੋਈ ਬੇੜੀਆਂ ਤੇ ਚੜ੍ਹ ਵੈਨੀਆਂ ਮੈਂ ।
ਇਸ਼ਕ ਤੁਸਾਡਾ ਜੇ ਗੋਤੜੇ ਦੇਵੇ,
ਮੋਤੀਆਂ ਦੇ ਸਿਰ ਵੈਨੀਆਂ ਮੈਂ ।
ਘੁੰਮਰ ਘੇਰ ਮੈਂ ਇਸ਼ਕ ਦੇ ਘੇਰੀਆਂ,
ਹੈਦਰ ਹੁਣ ਨਰਵੈਨੀਆਂ ਮੈ ।੨੯।

2. ਅਲਿਫ਼-ਓਸ ਸੁਲੱਖਣੇ ਯਾਰ ਬਿਨਾਂ

ਅਲਿਫ਼-ਓਸ ਸੁਲੱਖਣੇ ਯਾਰ ਬਿਨਾਂ,
ਮੈਨੂੰ ਸਾਂਗਾਂ ਦੇ ਚੋਭ ਫਟੱਕਣੇ ਨੇ ।
ਜ਼ੇਰ ਜ਼ਬਰ ਤਲਵਾਰੀ ਮੈਨੂੰ,
ਨਿੱਕਲੇ ਪੇਸ਼ ਉਚੱਕਣੇ ਨੇ ।
ਆ ਬਾ ਉਨ ਬੁਨ ਅਨ ਬਨ,
ਭਾ ਮੈਂਡੇ ਸ਼ੀਂਹ ਬੁੱਕਣੇ ਨੇ ।
ਹੈਦਰ ਆਖਸੋ ਨਾਲ ਨਿਗਾਹ ਦੇ,
ਹਰਫ ਗ਼ਲਤ ਮੈਂਡੇ ਤੱਕਣੇ ਨੇ ।੧।

3. ਐਨ-ਐਨ ਐਨ ਮੈਂ ਜਾਣਾ ਨਾਹੀਂ

ਐਨ-ਐਨ ਐਨ ਮੈਂ ਜਾਣਾ ਨਾਹੀਂ,
ਨੇਹੁੰ ਲਾਏਂ ਆਪੇ ਅਤੇ ਆਪ ਕਰੇਂ ।
ਵਾਲੋਂ ਨਿੱਕੀ ਤੇ ਖੰਨਿਉਂ ਤ੍ਰਿਖੀ,
ਭੱਜ ਭੱਜ ਓਥੇ ਪੈਰ ਧਰੇਂ ।
ਅਤੇ ਉਜ਼ਰ ਮੈਂਡੇ ਤਕਸੀਰ ਭੀ ਮੈਂਡੀ,
ਵਾਹ ਆਖਿਆ ਸੀ ਤੇ ਆਪ ਕਰੇਂ ।
ਪਰ ਚੰਦ ਉਭਾਰ ਫਸੇ ਭੀ ਸੋਈ,
ਹੈਦਰ ਗ਼ਮ ਦਾ ਕਿਉਂ ਤਕਰਾਰ ਕਰੇਂ ।੧੮।

4. ਬੇ-ਬਾਝੋਂ ਰੰਗ ਦੇ ਰੰਗ ਲਾਏ

ਬੇ-ਬਾਝੋਂ ਰੰਗ ਦੇ ਰੰਗ ਲਾਏ,
ਏਸ ਰੰਗ ਭੀ ਉਸ ਨੂੰ ਰੰਗ ਲਇਆ ।
ਮਹਿੰਦੀ ਸੋਂਹਦੀ ਉਂਗਲੀਆਂ ਥੋਂ,
ਡੋਡੀਆਂ ਰੰਗ ਤੋਂ ਰੰਗ ਲਇਆ ।
ਮਹਿੰਦੀ ਦੇ ਹੱਥ ਰੰਗ ਥੀਆ,
ਉਸ ਓਸ ਦੇ ਹੱਥੋਂ ਮੰਗ ਲਇਆ ।
ਹੁਣ ਰੰਗ ਭੀ ਲੈ ਕਿਸੇ ਢੰਗ ਪਇਆ,
ਜੇ ਢੰਗ ਨੇ ਨੌਸ਼ਹ ਅੰਗ ਲਇਆ ।
ਹੈਦਰ ਮੰਗ ਨ ਸੰਗ ਸਜਣ ਤੋਂ,
ਲਾਲਾਂ ਦਾ ਰੰਗ ਜੋ ਸੰਗ ਲਇਆ ।੨।

5. ਦਾਲ-ਧੂੜ ਕੁਨੋਂ ਮਾਹੀ ਦਿਸਦਾ ਨਾਹੀਂ

ਦਾਲ-ਧੂੜ ਕੁਨੋਂ ਮਾਹੀ ਦਿਸਦਾ ਨਾਹੀਂ,
ਤਾਂ ਮਹੀਂ ਨ ਭਾਉਂਦੀਆਂ ਮਾਹੀ ਬਿਨਾਂ ।
ਏਹਨਾਂ ਕਾਲੀਆਂ ਬਦਲੀਆਂ ਦੇ ਵਿਚ,
ਖੁੰਡੀ ਬਿਜਲੀ ਕਹਾਉਂਦੀ ਕਿਉਂਕਰ ਮਾਹੀ ਬਿਨਾਂ ।
ਭੋਰਾ ਵੇਖ ਵੇਖਾਂ ਤੂੰ ਭੂਰਾ,
ਬੱਦਲ ਭੂਰਾ ਮਾਹੀ ਬਿਨਾਂ ।
ਭੋਰਾ ਭੋਰਾ ਥੀਵਾਂ ਮੈਂ ਹੈਦਰ,
ਜਿੰਦ ਭੁਰੇ ਦੀ ਭੂਰਾ ਤਣਾਂ ।੮।

6. ਫੇ-ਫਿਕਰ ਤੇ ਖਿਆਲ ਦੀ ਨਹੀਂ ਮਜਾਲ

ਫੇ-ਫਿਕਰ ਤੇ ਖਿਆਲ ਦੀ ਨਹੀਂ ਮਜਾਲ,
ਜੋ ਤੈਂਡਾ ਜਮਾਲ ਖਿਆਲ ਕਰੇ ।
'ਖੱਰਾ ਮੂਸਾ ਸ'ਇਕਾ' ਥੀਵੇ
ਜੇ 'ਰਬ ਅਰਿਨੀ' ਸਵਾਲ ਕਰੇ ।
ਹਿੱਕ ਜ਼ੱਰਾ ਜਲਵਾ ਪਹਾੜ ਨੂੰ ਤੈਂਡਾ,
ਜ਼ੱਰਾ ਜ਼ੱਰਾ ਮਿਸਾਲ ਕਰੇ ।
ਹੈਦਰ ਦਰਸਣ ਮੰਗਣ ਤੋੜੀ ਮਿੱਠੀ,
'ਲਨਤਰਾਨੀ' ਦੀ ਗਾਲ ਕਰੇ ।
ਵੇਖਦਿਆਂ ਚੇਹਰਾ ਡਿੰਗੀਆਂ ਮਸਕਨ,
ਕਿਵੇਂ ਤਾਂ ਯਾਰ ਮਕਾਲ ਕਰੇ ।
ਯਾ ਵਤ ਸ਼ੌਕ ਥੋਂ ਰਜਦਾ ਨਹੀਂ,
ਐਵੇਂ ਕੂਕਦਾਂ ਹਾਲੋ ਹਾਲ ਕਰੇ ।
ਢੋਲਣ ਨਾਜ਼ ਕੁਨੋਂ ਫਰਮਾਇਆ,
ਕੌਣ ਜਵਾਬ ਸਵਾਲ ਕਰੇ ।
ਹੈਦਰ ਮਹਰਮ ਹਾਲ ਦੇ ਅੱਗੇ
ਕਿਉਂਕਰ ਅਰਜ਼ੀ ਹਾਲ ਕਰੇ ।੨੦।

7. ਗ਼ੈਨ-ਗ਼ੁਸਾ ਕੇਹਾ ਅਸਾਂ ਆਜਿਜ਼ਾਂ ਤੇ

ਗ਼ੈਨ-ਗ਼ੁਸਾ ਕੇਹਾ ਅਸਾਂ ਆਜਿਜ਼ਾਂ ਤੇ,
ਇਨ੍ਹਾਂ ਖੇੜਿਆਂ ਤੇ ਕੇਹੀ ਤੰਗ ਆਏ ।
ਹੋਈ ਸ਼ਕਰ ਫਾਹੀ ਇਨ੍ਹਾਂ ਖੇੜਿਆਂ ਨੂੰ,
ਬਸ ਜ਼ੁਲਫ਼ ਕਿਉਂ ਗਾਹਲ ਥੋਂ ਤੰਗ ਆਏ ।
ਜ਼ਾਲਿਮ ਖਤ ਹੈ ਤਿਲਕ ਮੱਥੇ ਦਾ,
ਖੁਨ ਗ਼ਰੀਬਾਂ ਦੇ ਰੰਗ ਆਏ ।
ਹਿਕੇ ਘੜੀ ਸਾਨੂੰ ਹਿਕੇ ਖੂਹ ਘੱਤੇ,
ਹਿਕੇ ਬੋੜ ਸਾਨੂੰ ਵਿਚ ਰੰਗ ਆਏ ।
ਹੈਦਰ ਜ਼ੁਲਫ਼ ਦਾ ਅਸਾਂ ਨੇ ਕੀ ਕੀਤਾ,
ਰਾਹ ਜਾਂਦਿਆਂ ਜੋ ਸਾਨੂੰ ਡੰਗ ਆਏ ।੧੯।

8. ਹੇ-ਹਾਲ ਜੋ ਡਿੱਠਾ ਈ ਆਖਣਾ ਪਾਂਹਦੀ

ਹੇ-ਹਾਲ ਜੋ ਡਿੱਠਾ ਈ ਆਖਣਾ ਪਾਂਹਦੀ,
ਕਿਆ ਕੁਝ ਲਿਖਣਾ ਏਂ ਕਾਗ਼ਜ਼ਾਨ ।
ਢੋਲਣ ਪੁੱਛੇ ਜੇ ਗੱਲ ਮੈਂਡੀ,
ਖੋਲ੍ਹਕੇ ਲਿਖਣਾ ਏ ਕਾਗ਼ਜ਼ਾਨ ।
ਢੋਲਣ ਦਾ ਲਿਖਿਆ ਵਾਂਗ ਤਾਵੀਜ਼ਾਂ,
ਗਲ ਵਿੱਚ ਦੇਖਣਾ ਏ ਕਾਗ਼ਜ਼ਾਨ ।
ਜੋ ਕੁਝ ਲਿਖਿਆ ਮਿਲਿਆ ਵੇ ਹੈਦਰ,
ਕਿਆ ਪੜ੍ਹ ਦੇਖਾਂ ਕਾਗ਼ਜ਼ਾਨ ।੬।

9. ਹੇ-ਹਰਿਆ ਬਾਗ਼ ਥੀਆ ਦਿਲ ਮੈਂਡਾ

ਹੇ-ਹਰਿਆ ਬਾਗ਼ ਥੀਆ ਦਿਲ ਮੈਂਡਾ,
ਯਾਰ ਮਤਾਂ ਮੈਥੀਂ ਆਂਵਦੇ ਨੇ ।
ਉਹ ਲਾਮ ਦਾ ਚੇਤਾ ਨੌਸ਼ਹੁ ਮੈਂਡਾ,
ਖੋਲ੍ਹ ਤਨੀ ਗਲ ਲਾਂਵਦੇ ਨੇ ।
ਅੱਜ ਪਾਨਾਂ ਦੇ ਰੰਗ ਭੀ ਹੋਰ ਤਰਾਂ,
ਅੱਜ ਸੁਰਮਾ ਭੀ ਚਸ਼ਮ ਸੁਖਾਂਵਦੇ ਨੇ ।
ਅੱਜ ਸੇਜ ਤੇ ਸੁੱਭੜੇ ਭਾਂਵਦੇ ਨੇ,
ਦਿਲ ਸ਼ਾਦੀ ਦੇ ਸੇਹਰੇ ਗਾਂਵਦੇ ਨੇ ।
ਮੈਂ ਤੇ ਭੁੱਲੀਆਂ ਕਿ ਆਪ ਇਵੇਂ,
ਸਬ ਨੇਵਰ ਉਹ ਛਣਕਾਂਵਦੇ ਨੇ ।
ਹੈਦਰ ਲੱਖ ਮੁਬਾਰਕਾਂ ਹੋਣ ਤੈਂ ਕੂ,
ਆ ਛਤਰ ਸੁਹਾਗ ਝੁਲਾਂਵਦੇ ਨੇ ।੨੭।

10. ਜੀਮ-ਜੋਗੀ ਮੀਆਂ ਸੱਚ ਆਖ ਵੇਖਾਂ

ਜੀਮ-ਜੋਗੀ ਮੀਆਂ ਸੱਚ ਆਖ ਵੇਖਾਂ,
ਕਦੀ ਯਾਰ ਮੈਂਡਾ ਫਿਰ ਆਵਸੀ ਭੀ ।
ਵੇਖ ਪੱਤਰੀ ਲੈ ਗਿਣ ਵਾਰ ਵੇਖਾਂ,
ਫਿਰ ਸਾਇਤ ਮੈਂ ਧਰ ਆਵਸੀ ਭੀ ।
ਆਖਰ ਆਈ ਜਿੰਦ ਵਿਛੋੜੇ ਥੋਂ,
ਸੱਚ ਆਖ ਕਦੀ ਆਖਰ ਆਵਸੀ ਭੀ ।
ਓਸ ਚੰਨਣ ਰੁਖ ਦਾ ਸਾਇਆ ਵੇ ਹੈਦਰ,
ਫਿਰ ਮੈਂਡੇ ਸਿਰ ਕਦੀ ਆਵਸੀ ਭੀ ।੫।

11. ਕਾਫ-ਕੈਂਹਦੜੀ ਬਕਰੀ ਘਾ ਘੱਤੇ

ਕਾਫ-ਕੈਂਹਦੜੀ ਬਕਰੀ ਘਾ ਘੱਤੇ,
ਮੈਂ ਤੇ ਤੈਂਡੜੇ ਹੱਥ ਵਿਕਾਵਨੀ ਆਂ ।
ਤੂੰ ਮੈਂਡਾ ਅਣਾਲ ਮੈਂ ਤੈਂਡਾ ਅਣਾਲ,
ਮੈਂ ਰੋ ਰੋ ਧਾੜਾਂ ਹਾਵਨੀ ਆਂ ।
ਵੇਖ ਬਘਿਆੜ ਤੇ ਵਾਗੀਆਂ ਨੂੰ,
ਤ੍ਰਹ ਤ੍ਰਹ ਤੁਧ ਹੀ ਵਲ ਆਵਨੀ ਆਂ ।
ਛੇਹ ਛੇਹ ਕਰੇਂ ਮੈਨੂੰ ਚੱਜ ਆਵੇ,
ਗਲ ਘੁੰਗਰੂ ਮੈਂ ਛਣਕਾਵਨੀ ਆਂ ।
ਹੱਥ ਹੱਥ ਤੈਂਡੇ ਮੈਂਡੀ ਚਾਵੜੀ,
ਖੇਡਣ ਥਾ ਥਾ ਕਰ ਉਡਕੇ ਆਵਣੀ ਆਂ ।
ਰਲ ਸਈਆਂ ਨੇ ਤੋੜੇ ਦਬੱਲੀਆਂ ਮੈਂ,
ਪਰ ਤੈਂਡੜੇ ਨਾਉਂ ਲਿਆਵਣੀ ਆਂ ।
ਉੱਗਲ ਉੱਗਲ ਕੇ ਜ਼ਿਕਰ ਤੈਂਡਾ,
ਦਿਲੋਂ ਜੀਉ ਥੀਂ ਛਿੱਕ ਲਿਆਵਣੀ ਆਂ ।
ਦੇ ਲੱਤ ਹੱਥੀਂ ਮੈਨੂੰ ਆਪ ਕੋਹੇਂ,
ਤਾਂ ਵੱਤ ਝੁੰਮਰ ਪਾਵਣੀ ਆਂ ।
ਈਦ ਹੋਵੇ ਕੁਰਬਾਨ ਥੀਵਾਂ,
ਤਾਂ ਸੂਹਾ ਵੇਸ ਬਣਾਵਣੀ ਆਂ ।
ਸੂਰਤ ਤੈਂਡੀ ਦੇਖਦਿਆਂ ਮੈਂ,
ਖੜ੍ਹੀ ਕਦੀ ਨ ਪਲਕ ਹਿਲਾਵਣੀ ਆਂ ।
ਘਾਹ ਚਰਾਂ ਕਿਵੇਂ ਮੋਟੀ ਥੀਵਾਂ,
ਲਿੱਸੀ ਕੰਮ ਨ ਆਵਣੀ ਆਂ ।
ਪਰ ਕਿਉਂਕਰ ਹੈਦਰ ਮੋਟੜੀ ਥੀਵਾਂ,
ਖੰਜਰ ਥੋਂ ਤਰਸਾਵਣੀ ਆਂ ।੨੨।

12. ਕਾਫ-ਕੁਲ ਕੁਲ ਸ਼ੀਸ਼ੇ ਜਾਮ ਕੁਨੋਂ

ਕਾਫ-ਕੁਲ ਕੁਲ ਸ਼ੀਸ਼ੇ ਜਾਮ ਕੁਨੋਂ,
ਜਿਵੇਂ ਆਖਦਾ ਏ ਸਵਾਲੀਆਂ ਨੂੰ ।
ਰੋ ਅਰਜ਼ ਕਰੀਂ ਝੁਕ ਕੇ ਪਾਂਹਦੀ,
ਖਬਰ ਕਰੀਂ ਮਤਵਾਲਿਆਂ ਨੂੰ ।
ਘੱਤ ਕਮੰਦ ਉਹ ਬੰਦ ਕਰੇਂਦੇ
ਕਈ ਆਕਿਲਾਂ ਤੇ ਮੱਤਵਾਲਿਆਂ ਨੂੰ ।
ਫ਼ਾਹੀਆਂ ਘੱਤ ਕੇ ਫਾਹੀ ਨਾਹੀਂ,
ਘੱਤ ਕੰਨੀਂ ਮੱਤਵਾਲਿਆਂ ਨੂੰ ।
ਦਫਤਰ ਡਾਲ ਤੇ ਘੱਤ ਗੁਨਾਹ,
ਅਸਾਂ ਕਮਲਿਆਂ ਤੇ ਮੱਤਵਾਲਿਆਂ ਨੂੰ ।
ਅਲੀ ਹੈਦਰ ਦਫਤਰ ਡਾਲ ਇਨ੍ਹਾਂ
ਝਬ ਯਾਰ ਦੇਵੀਂ ਮੱਤਵਾਲਿਆਂ ਨੂੰ ।੨੧।

13. ਖੇ-ਖ਼ਬਰ ਪਈ ਢੋਲਣ ਆਉਂਦਾ ਈ

ਖੇ-ਖ਼ਬਰ ਪਈ ਢੋਲਣ ਆਉਂਦਾ ਈ,
ਅਤੇ ਥੀਂਵਦਾ ਏ ਮੈਨੂੰ ਨੀਰ ਘਟਾਂ ।
ਸੁਣ ਸੁਣ ਉੱਡੀਆਂ ਊਰੀਆਂ ਹੱਥ ਵਿਚ,
ਬਾਵਲੀ ਮੈਂ ਤਾਂ ਤਾਣਾ ਤਣਾਂ ।
ਵਲ ਵਲ ਪੈਰ ਉਠਾਨੀ ਆਂ ਮੈਂ,
ਅਤੇ ਜੰਗਲ ਮੈਂ ਲੱਖ ਹਜ਼ਾਰ ਮਿਣਾਂ ।
ਹੈਦਰ ਓਸ ਸ਼ੁਮਾਰ ਨਹੀਂ ਮੈਂ,
ਕਿਤਨੇ ਨੌ ਸੌ ਹਜ਼ਾਰ ਗਿਣਾਂ ।੭।

(ਪਾਠ ਭੇਦ)

ਸੁਣ ਸੁਣ ਆਂਵਦੇ ਜਾਂਵਦੇ ਨੂੰ
ਮੈਂ ਹੱਥ ਵਿਚ ਪੂਣੀਆਂ ਤਾਰ ਤਣਾਂ ।
ਉਹਾ ਇਕਾ ਤੰਦ ਜੋ ਹੱਥ,
ਭਾਵੇਂ ਲੱਖ ਹਜ਼ਾਰ ਗਿਣਾਂ ।
ਵਲ ਵਲ ਪੈਰ ਉਠਾਦੀਆਂ ਮੈਂ,
ਅਤੇ ਜੰਗਲ ਨੇਹੁੰ ਦੇ ਵਿੱਚ ਮਨਾਂ ।
ਹੈਦਰ ਇਸ ਸ਼ੁਮਾਰ ਨਹੀਂ,
ਤੋੜੇ ਚਹਸੀ ਨਰਸੀ ਹਜ਼ਾਰ ਵੇ ਨਾਂ ।

14. ਲਾਮ-ਲਤਾਫਤ ਬੇ ਰੰਗ ਦਏ

ਲਾਮ-ਲਤਾਫਤ ਬੇ ਰੰਗ ਦਏ,
ਵੇਖ ਅੱਗ ਨਿਗਾਹ ਦੇ ਰੰਗ ਕੀਤਾ ।
ਬੇਰੰਗ ਦੇ ਮੂੰਹ ਘੁੰਡ ਥੀਆ,
ਏਸ ਰੰਗ ਤੋਂ ਬੁਰਕਾ ਅੰਗ ਕੀਤਾ ।
ਜਿਵੇਂ ਆਤਿਸ਼ਰੰਗੀ ਨੂੰ ਘੁੰਡ ਥੀਆ,
ਮੈਂਡੀ ਦੀਦ ਕੁਨੋਂ ਘੁੰਡ ਸੰਗ ਕੀਤਾ ।
ਦੇਹੀਂ ਥੀਆ ਥੀਂ ਸਾਰੀ ਰੱਤੀਆਂ,
ਦਰਬਾਰੋਂ ਜਿਨ੍ਹਾਂ ਸੰਗ ਕੀਤਾ ।
ਥਾ ਥਾ ਥੱਕੀਆਂ ਥਾਂ ਥੀਂ ਜੇ,
ਰੰਗ ਅਰਜ਼ ਨੂੰ ਤੰਗ ਕੀਤਾ ।
ਥੱਕੀਆਂ ਠਾਠੀਂ ਤਾਂ ਮੂਸਾ ਤੇ ਫ਼ਿਰਊਨ,
ਉੱਥੇ ਵਤ ਜੰਗ ਕੀਤਾ ।
ਉਸ ਜ਼ੁਲਫਾਂ ਵਲ ਵਲ ਵਾਲੀ ਉੱਤੇ,
ਨਾਗ ਸਿਪਾਹ ਦਾ ਰੰਗ ਕੀਤਾ ।
ਅਸਾਂ ਸੋਹਣੇ ਦੇ ਗੰਜ ਤੋਂ ਕੂਤ ਹਮੇਸ਼ਾ,
ਸੰਜ ਸਬਾ ਜੈਂਦਾ ਡੰਗ ਕੀਤਾ ।
ਵੇਖ ਸਬਜ਼ੀ ਖਤ ਦੀ ਰੱਤ ਰੋਵਾਂ,
ਏਨ੍ਹਾਂ ਨੈਣਾਂ ਲਾਲ ਉਸ ਤੰਗ ਕੀਤਾ ।
ਹੈਦਰ ਲਾਲ ਲਬਾਂ ਵਾਲੇ ਮੈਨੂੰ,
ਨਾਲ ਸ਼ਰਾਬ ਦੇ ਰੰਗ ਕੀਤਾ ।੨੮।

15. ਲਾਮ-ਲਇਆ ਛਿੱਕ ਤਿਲ ਦੀ ਫਾਹੀ

ਲਾਮ-ਲਇਆ ਛਿੱਕ ਤਿਲ ਦੀ ਫਾਹੀ,
ਮਿੱਸੀ ਸਫਾ ਕੁਨੋਂ ਤਿਲਕ ਲਇਆ ।
ਪਾਨਾਂ ਦਾ ਰੰਗ ਲੱਗਾ ਮੱਥੈ,
ਹਿੰਦੂ ਜੌਰੋ ਜਫਾ ਕੁਨੋਂ ਤਿਲਕ ਲਇਆ ।
ਮਾਣੀ ਮਸ ਮਿੱਠੀ ਲਬ ਕਤਰਾ,
ਕਲਕ ਕਜ਼ਾ ਕੁਨੋਂ ਤਿਲਕ ਲਇਆ ।
ਯਾ ਵਤ ਜਿਵੇਂ ਤੂਰ ਥੀਂ ਮੂਸਾ,
ਮਸਤ ਲਕਾ ਕੁਨੋਂ ਤਿਲਕ ਲਇਆ ।
ਵੇਖ ਚਾਹਿ ਜ਼ਨੱਖਦਾਂ ਇਹ ਦਿਲ ਮੈਂਡਾ ਭੀ,
ਜ਼ੁਲਫਿ ਦੁਤਾ ਕੁਨੋਂ ਤਿਲਕ ਲਇਆ ।
ਹੈਦਰ ਪੌਸੈਂ ਤਾਂ ਯਾਰ ਦੇ ਗਲ ਹੁਣ,
ਗਬ ਗਬ ਚਾਹ ਕੁਨੋਂ ਤਿਲਕ ਲਇਆ ।੨੩।

ਕਾਫ-ਕੱਜਲ ਅੱਖੀਂ ਨੈਣ ਸਿਪਾਹੀ,
ਖ਼ੂਨੀ ਮਸਤ ਨਿਗਾਹ ਵਲੇ ।
ਅੱਖੀਂ ਹਾਥੀ ਮਹਾਵਤ ਖੂਨੀ,
ਦੀਦੇ ਕਰਨ ਫਨਾਹ ਵਲੇ ।
ਮੈਂਡੇ ਭਾ ਜੋ ਹਾਥੀ ਦੇ ਮੂੰਹ ਵਿਚ,
ਫਾਥੀ ਚੂੜੇਦਾਰ ਗਿਆਹ ਵਲੇ ।
ਅਲੀ ਹੈਦਰ ਹਾਥੀ ਵਾਲੇ ਨੂੰ,
ਚੂੜੇ ਦਾ ਕਰੇ ਨਿਗਾਹ ਵਲੇ ।
ਅਖੀਂ ਦੇ ਢੋਲਣ ਸਾੜ ਮੈਂਡੇ
ਵਾਸਤੇ ਹੋ ਬੇਹਾਲ ਵੱਤਾਂ ।
ਜਦੋਂ ਛੇੜ ਮਹੀਂ ਬੇਲੇ ਵੰਜਣਾ ਏਂ
ਮੇਰਾ ਦਿਲ ਆਖੇ ਤੈਂਡੇ ਨਾਲ ਵੱਤਾਂ ।
ਮੈਨੂੰ ਜੀਂਵਦੀ ਮੂਲ ਨਾ ਜਾਣ ਢੋਲਣ,
ਮੋਈ ਤੈਂਡੜੇ ਨਾਲ ਖਿਆਲ ਵੱਤਾਂ ।
ਹੈਦਰ ਦੇਸ ਢੋਲਣ ਦੇ ਵੈਸਾਂ,
ਛੋੜ ਕੇ ਝੰਗ ਸਿਆਲ ਵੱਤਾਂ ।

16. ਮੀਮ-ਮੁਹੰਮਦ ਮੌਲਾ ਦੇ ਕਲ

ਮੀਮ-ਮੁਹੰਮਦ ਮੌਲਾ ਦੇ ਕਲ,
ਅਸਾਂ ਕਹਿਆ ਹੌਲ ਹਿਸਾਬ ਦਾ ਈ ।
ਜੈਂਦਾ ਸਾਹਿਬ ਹੋਵੇ ਮੁਸਾਹਿਬ ਸ਼ਾਹਦ,
ਤਾਂ ਅਸਾਂ ਕੇਹਾ ਖੌਫ ਅਤਾਬ ਦਾ ਈ ।
ਜਿਹੜਾ ਜ਼ਾਮਨ ਹੋ ਅਸਾਂ ਗੋਲਿਆਂ ਦਾ,
ਉਸੇ ਜ਼ਿੰਮਾਂ ਸਵਾਲ ਜਵਾਬ ਦਾ ਈ ।
ਜਿਨ੍ਹਾਂ ਮਸਤ ਕੀਤਾ ਮੈਨੂੰ ਨਾਲ ਨਿਗਾਹ ਦੇ,
ਤਿਨ੍ਹਾਂ ਸ਼ਰਮ ਹਿਸਾਬ ਕਿਤਾਬ ਦਾ ਈ ।
ਸਾਕੀ ਜੇ ਕਰੇ ਸਵਾਲ ਜਵਾਬ ਦੇ ਤੇ,
ਕੁਲ ਕੁਲ ਸ਼ੀਸ਼ਾ ਸ਼ਰਾਬ ਦਾ ਈ ।
ਤਾਬੜ ਤੋੜ ਤੂੰ ਦੇਹ ਪਿਆਲੇ,
ਲੇਖਾ ਨ ਮੱਟ ਖਰਾਬ ਦਾ ਈ ।
ਆਜਿਜ਼ ਬੰਦਾ ਆਸੀ ਤੁੜੇ,
ਲਾਇਕ ਬਹੁਤ ਅਜ਼ਾਬ ਦਾ ਈ ।
ਪਰ ਮੁਨਕਰ ਅਤੇ ਨਕੀਰ ਨੂੰ ਹੈਦਰ,
ਅਦਬ ਉਸ ਜਨਾਬ ਦਾ ਈ ।੨੪।

17. ਨੂਨ-ਨੇੜੇ ਪਈ ਸੁਧ ਯਾਰ ਦੀ ਮੈਨੂੰ

ਨੂਨ-ਨੇੜੇ ਪਈ ਸੁਧ ਯਾਰ ਦੀ ਮੈਨੂੰ,
'ਨਹਨ ਅਕਰਬ ਹਬਲ ਉਲ ਵਰੀਦ' ਕੁਨੋਂ ।
ਅਖੀਂ ਦੇ ਵਿਚ ਪਿਆਰਾ ਵਸੇ
ਘੁੰਡ ਕਢੇ ਮੈਂਡੇ ਦੀਦ ਕੁਨੋਂ ।
ਪਲ ਪਲ ਪਲਕਾਂ ਘੁੰਡ ਚੁਕੇਂਦੀਆਂ,
ਖੁਲ੍ਹੇ ਨ ਕੁਫਲ ਕੁਲੀਦ ਕੁਨੋਂ ।
ਯਾਰ ਅੜੇ ਤੇ ਯਾਰੀ ਪੜ੍ਹੇ,
ਵੇਖੇ ਕਿਉਂਕਰ ਦੀਦ ਬਈਦ ਕੁਨੋਂ ।
ਉਥੇ ਨਾਮਾ ਅੱਗੇ ਤੇ ਕਾਸਦ ਪਿੱਛੇ,
ਤਾਂ ਕੇਹੀ ਪੁੱਛ ਰਸੀਦ ਕੁਨੋਂ ।
ਮੇਰੇ ਯਾਰ ਦੀ ਗੱਲ ਨਿਆਰੀ ਵੇ ਹੈਦਰ,
ਬਾਹਰ ਗੁਫਤੋ ਸ਼ਨੀਦ ਕੁਨੋਂ ।੨੫।

18. ਰੇ-ਰਫ਼ੂ ਸੀਨਾ ਚਾਕ ਕਰੇ

ਰੇ-ਰਫ਼ੂ ਸੀਨਾ ਚਾਕ ਕਰੇ,
ਜਿਸ ਚਾਕ ਕੀਤਾ ਉਹੀ ਸੀਨੇ ਲਗੇ ।
ਚਾਰਹ ਲਗੀ ਮਝੀਂ ਪੌਣੀਆਂ ਯਾਰੀ
ਸੇ ਨਾ ਮੇਰੇ ਸੀਨੇ ਲਗੇ ।
ਚਾਰ ਵਖਾਂ ਮੋਰਾ ਜੀਉ ਗਇਆ,
ਬਿਨ ਪੀਆ ਜਲਨ ਮੇਰੇ ਸੀਨੇ ਲਗੇ ।
ਹੈਦਰ ਉਸ ਬਿਨ ਮਾਨਸ ਨਾ ਕੁਝ,
ਆਰਸੀ ਨਾ ਲਗੀ ਆ ਗਰ ਸੀਨੇ ਲਗੇ ।੧੦।

(ਪਾਠ ਭੇਦ)

ਰੇ-ਰਾਤ ਰਾਤ ਵਸਾਲ ਦੀ ਅਫਜ਼ਲ ਮੈਨੂੰ,
ਕਦਰ ਅਤੇ ਸ਼ਬਰਾਤ ਕੁਨੋਂ ।
ਲਾਲ ਲਬਾਂ ਵਿਚ ਮਿੱਠੜਾ ਹਾਸਾ,
ਮਿੱਠੜਾ ਕੰਦ ਨਬਾਤ ਕੁਨੋਂ ।
ਸੁਖਨ ਮੁਬਾਰਕ ਤੰਗ ਦਹਨ ਥੀਂ
ਬੇਹਤਰ ਹੈ ਆਯਾਤ ਕੁਨੋਂ ।
ਆਬ ਜ਼ਲਾਲ ਢੋਲਣ ਦਾ ਹੈਦਰ,
ਆਵੇ ਆਬ ਹਯਾਤ ਕੁਨੋਂ ।

19. ਸੀਨ-ਸੋਨੇ ਦੀਆਂ ਵਾਲੀਆਂ ਲੱਖ ਨੇ

ਸੀਨ-ਸੋਨੇ ਦੀਆਂ ਵਾਲੀਆਂ ਲੱਖ ਨੇ,
ਮਾਹੀ ਦੇ ਨਾਲ ਸੰਵਾਰੀਆਂ ਨੇ ।
ਸੋਨੇ ਦਾ ਰੰਗ ਹੈ ਮਛਲੀਆਂ ਨੂੰ,
ਕਾਲਾ ਵੇ ਰੰਗ ਸਿੰਗਾਰੀਆਂ ਨੇ ।
ਝੁੱਕ ਪਇਆਂ ਉਸ ਗਾਲਾਂ ਉਤੇ,
ਜਿਨ੍ਹਾਂ ਆਬ ਸਫਾ ਦੀਆਂ ਤਾਰੀਆਂ ਨੇ ।
ਜ਼ੁਲਫ ਦੀ ਫਾਹੀ ਫਸ ਰਹੀਆਂ
ਹੁਣ ਹੱਥ ਵਿਚ ਫਸ ਕੇ ਮਾਰੀਆਂ ਨੇ ।
ਸਭ ਸਿੰਗਾਰੀਆਂ ਤਾਰੀਆਂ ਹੈਦਰ,
ਮਾਹੀ ਦੇ ਉਪਰੋਂ ਵਾਰੀਆਂ ਨੇ ।੧੨।

20. ਸੇ-ਸਕੀਲ ਥੀਏ ਬੂ ਗੁਲ ਦੀ

ਸੇ-ਸਕੀਲ ਥੀਏ ਬੂ ਗੁਲ ਦੀ,
ਜੇ ਤੈਂਡੜੀ ਬੂ ਬਹਾਰ ਪਏ ।
ਗੰਢੜੀ ਖੋਲ ਸੁੱਟੇ ਸਿਰ ਉਤੋਂ,
ਜੇ ਗੁੰਚੇ ਤੈਂਡੀ ਤਲਵਾਰ ਪਏ ।
ਕਲੀਆਂ ਭੀ ਸੁਕੀਆਂ ਤਲੀਆਂ ਦੇ ਵਾਂਗੂੰ,
ਬਹਾਰ ਗੁਲਾਂ ਦੇ ਤਾਰ ਪਏ ।
ਨੱਸ ਨੱਸ ਵੈਂਦੀ ਬੂ ਗੁਲਾਂ ਦੀ,
ਜਿਨ੍ਹਾਂ ਦੇ ਕੰਨ ਪੁਕਾਰ ਪਏ ।
ਹੈਦਰ ਹਾਸੇ ਦੀ ਜਾ ਥੀਆ,
ਗੁਲ-ਬਾਉਲੀ ਦੀ ਜਿਸ ਕਾਰ ਪਏ ।੪।

21. ਸ਼ੀਨ-ਸ਼ਕਰੰਜੀ ਯਾਰ ਦੀ ਮੈਨੂੰ

ਸ਼ੀਨ-ਸ਼ਕਰੰਜੀ ਯਾਰ ਦੀ ਮੈਨੂੰ,
ਤਲਖ ਕੀਤਾ ਸਭ ਸ਼ੀਰ ਸ਼ਕਰ ।
ਗੰਜ਼ ਸ਼ਕਰ ਦੇ ਸ਼ਕਰ ਵੰਡਾਂ
ਜੇ ਐਵੇਂ ਕਰੇ ਰੱਬ ਸ਼ੀਰ ਸ਼ਕਰ ।
ਰਾਂਝਣ ਖੀਰ ਤੇ ਹੀਰ ਸ਼ਕਰ,
ਰੱਬ ਫੇਰ ਕਰੇ ਝਬ ਸ਼ੀਰ ਸ਼ਕਰ ।
ਜੋ ਲੱਭੀਏ ਲਬ ਲਬ ਤੇ ਹਾਜ਼ਰ,
ਪੀਓ ਪਿਆਲਾ ਸ਼ੀਰ ਸ਼ਕਰ ।
ਹੈਦਰ ਗੁੱਸਾ ਪੀਵੇ ਤਾਂ ਆਖੇ,
ਪੀਓ ਮਿੱਠਾ ਲਬ ਸ਼ੀਰ ਸ਼ਕਰ ।੧੩।

22. ਸਵਾਦ-ਸੂਰਤ ਸੋਹਣੇ ਯਾਰ ਦੀ ਮੂਰਤ

ਸਵਾਦ-ਸੂਰਤ ਸੋਹਣੇ ਯਾਰ ਦੀ ਮੂਰਤ,
ਪਲਕ ਨਾ ਝਮਕੇ ਵੇਖ ਰਹੇ ।
ਬੇਖੁਦ ਪਰਦੇ ਝੜੇ ਮੂੰਹ ਪਰਨੇ,
ਕਥਾ ਸੇਵਾ ਕਰ ਟੇਕ ਰਹੇ ।
ਦਾਮ ਨਾ ਨਾਮ ਹਰਾਮ ਕੀਤਾ ਸੂ,
ਹੁਣ ਪੈਰੀਂ ਮੈਂ ਮੱਥਾ ਟੇਕ ਰਹੇ ।
ਕਾਫ਼ਿਰਾਂ ਕਾਵੜਿਆਂ ਕੰਨ ਨਾਹੀਂ,
ਉਹ ਆਖ ਸਲਾਮ ਅਲੇਕ ਰਹੇ ।
ਮੂਰਤ ਕੌਣ ਮੁਹੰਮਦ ਡਿੱਠਾ,
ਤਾਬ ਨਾ ਮੂਲ ਅਲੇਕ ਰਹੇ ।
ਅਲੀ ਹੈਦਰ ਇਸ਼ਕ ਦੀ ਭਾਹ ਜੋ ਭੜਕੀ,
ਮੌਤ ਹਿਕੇ ਸੀ ਸੇਕ ਰਹੇ ।੧੪।

23. ਤੇ-ਤੈਂਡੜੀ ਖ਼ੂਬੀ ਬੂਏ ਚਮਨ ਸੁਣ

ਤੇ-ਤੈਂਡੜੀ ਖ਼ੂਬੀ ਬੂਏ ਚਮਨ ਸੁਣ,
ਬਾਦਿ-ਸਬਾ ਆ ਤੰਗ ਲਇਆ ।
ਥੀਈ ਤਿਆਰ ਗੁਲਸਿਤਾਂ ਭੀ ਬਲਿਆ
ਜੋਗਿੜੇ ਰੰਗ ਸੁਰੰਗ ਲਇਆ ।
ਪੈ ਸ਼ਿਕਸਤਾ ਰੰਗ ਭੀ ਚਲਿਆ,
ਜੋ ਸਰਵ ਦਾ ਆਸਾ ਸੰਗ ਲਇਆ ।
ਜੋਗਣ ਹੋਏ ਬਾਹਰ ਚੱਲੀ,
ਜਿਸ ਜਾਮਾ ਗੇਰੂ ਰੰਗ ਲਇਆ ।
ਰੱਤੋ ਰੱਤ ਹੋਇਆ ਗੁਲ ਹੈਦਰ,
ਖਾਮ ਕਦਮ ਨੂੰ ਡੰਗ ਲਇਆ ।੩।

24. ਤੋਏ-ਤਬੀਬਾਂ ਦੀ ਰਗ ਪਗ ਕੇਹੀ

ਤੋਏ-ਤਬੀਬਾਂ ਦੀ ਰਗ ਪਗ ਕੇਹੀ,
ਫੜ ਫੜ ਪਈ ਬੁਲੇਂਦੜੀ ਰਗ ।
ਆਤਿਸ਼ਰੰਗੀ ਦੀ ਭਾਹ ਲੱਗੀ,
ਮੈਨੂੰ ਗਰਮੀ ਥੋਂ ਪਈ ਕੂਕੇਂਦੜੀ ਰਗ ।
ਠੁਮਕ ਠੁਮਕ ਜੈਂਦੀ ਲਟਕ ਮੈਨੂੰ,
ਓਹੋ ਤਬੀਬ ਦਸੇਂਦੜੀ ਰਗ ।
ਜ਼ੋਰੀ ਆਣ ਛੁੜੈਂਦੇ 'ਸ਼ੀਰਾਂ,'
ਨਹੀਂ ਤੇ ਧਾ ਮਰੇਂਦੜੀ ਰਗ ।
ਜਿੱਥੇ ਤਬੀਬਾਂ ਕੂੰ ਹੱਥ ਨਾ ਆਵੇ,
ਲੋਕਾਂ ਹੋਰ ਪੁਛੇਂਦੜੀ ਰਗ ।
ਨੀਮ ਤਬੀਬ ਇਹ ਖੂਨ ਕਰੇਂਦੇ
ਕਮ ਸ਼ੀਸ਼ਾ ਤੇ ਸ਼ਾਸ਼ਾ ਕਰੇਂਦੜੀ ਰਗ ।
ਵੈਦਾਂ ਦਾ ਹੱਥ ਭਾਵਸ ਨਾਹੀਂ
ਵੇਖ ਹੈਦਰ ਹੱਥ ਸੁਟੇਂਦੜੀ ਰਗ ।੧੬।

25. ਵਾਓ-ਵਾ ਕੀਤਾ ਸ਼ਾਇਦ ਅਜਜ਼ ਮੈਂਡਾ

ਵਾਓ-ਵਾ ਕੀਤਾ ਸ਼ਾਇਦ ਅਜਜ਼ ਮੈਂਡਾ,
ਅੱਜ ਜ਼ੁਲਫ਼ ਦੇ ਵਲ ਅਵਲੜੇ ਨੀ ।
ਇਹ ਮੈਂਡਾ ਘੇਰ ਤੇ ਘੁੰਮਣ ਘੇਰੀ,
ਵੇਖੋ ਤਾਂ ਭੀ ਪੈਂਦੇ ਛੱਲੜੇ ਨੀ ।
ਅੱਜ ਹੁਸਨ ਦੀ ਠਾਠ ਅਵੱਲੜੀ ਏ,
ਅਤੇ ਵੇਖ ਪ੍ਰੀਤ ਦੇ ਤੁਲ੍ਹੜੇ ਨੀ ।
ਅੱਜ ਮੱਥੇ ਦਾ ਵਲ ਭੀ ਸਿਖਰ ਤੇ ਹੈ,
ਪਰੇ ਨੈਣੀ ਖੈਰ ਦੇ ਮਲੜੇ ਨੀ ।
ਓੜਕ ਯਾਰ ਥੀਆ ਇਕ ਹੈਦਰ,
ਅਤੇ ਦੂਤੀਆਂ ਦੇ ਸਿਰ ਖੱਲੜੇ ਨੀ ।੨੬।

26. ਜ਼ਾਲ-ਜ਼ਰਾ ਸੁਨੇਹੜਾ ਦੇਵੀਂ ਵੇ ਪਾਂਧੀ

ਜ਼ਾਲ-ਜ਼ਰਾ ਸੁਨੇਹੜਾ ਦੇਵੀਂ ਵੇ ਪਾਂਧੀ,
ਜੇ ਉਹ ਸੂਰਜ-ਮੁੱਖ ਵੰਜੇ ।
ਦੁੱਖਾਂ ਦੀਆਂ ਗਾਹਲੀਂ ਲੈ ਤਕ ਚੁੱਕੀ,
ਜੇ ਮੁਖਾਂ ਦੀ ਮੈਂਦੜੀ ਤੱਕ ਵੰਜੇ ।
ਸੂਰਜ-ਮੁਖੀ ਤਕੈਂਦੀ ਖਲੀ ਥੀਵੇ
ਤਾਲਾ' ਸੂਰਜ ਦੁਖ ਵੰਜੇ ।
ਸੂਰਜ-ਮੁਖੀ ਮੈਂ ਫੁਲ ਫੁਲ ਹੋਵਾਂ,
ਸੂਰਜ ਵੇਖਾਂ ਤਾਂ ਭੁੱਖ ਵੰਜੇ ।
ਸੂਰਜ ਹੈਦਰ ਪੀਰ ਨੂੰ ਪੁੱਛਾਂ,
ਸੂਰਜ ਮੈਥੋਂ ਨ ਲੁਕ ਵੰਜੇ ।੯।

27. ਜ਼ੇ-ਜ਼ੋਰ ਤੁਸਾਡੜੇ ਉਡਦੀ ਵੈਂਦੀ

ਜ਼ੇ-ਜ਼ੋਰ ਤੁਸਾਡੜੇ ਉਡਦੀ ਵੈਂਦੀ
ਮਸਤ ਮੈਨੂੰ ਵਲ ਸੱਦ ਨਾਹੀਂ ।
ਕੱਪ ਦਵਲਿਆਂ ਛੋਡ ਨਾਹੀਂ,
ਡੋਰ ਘੱਤ ਮੈਨੂੰ ਵਲ ਸੱਦ ਨਾਹੀਂ ।
ਵਲੀ ਲਾ ਰਿਹਾ ਸੱਟ ਐਵੇਂ,
ਲੈ ਹੱਥ ਮੈਨੂੰ ਵਲ ਸੱਦ ਨਾਹੀਂ ।
ਬਾਜ਼ ਭਵਾ ਸ਼ਤਾਬ ਵੇ ਹੈਦਰ,
ਉਸ ਹੱਟ ਮੈਨੂੰ ਵਲ ਸੱਦ ਨਾਹੀਂ ।੧੧।

28. ਜ਼ੋਏ-ਜ਼ੁਲਮ ਜੁਹੂਲ ਅਸੀਂ

ਜ਼ੋਏ-ਜ਼ੁਲਮ ਜੁਹੂਲ ਅਸੀਂ,
ਅਸਾਂ ਚਾਇਆ ਜੋ ਚਾ ਨ ਸਕਦੇ ਸੀ ।
ਅਸਾਂ ਨੇਹੁੰ ਲਾਇਆ ਨਾਲ ਡਾਢਿਆਂ ਦੇ,
ਤੇ ਨ ਲਾਇਕ ਉਸਦੇ ਸੰਗਦੇ ਸੀ ।
ਵਗ ਪਿੱਛੇ ਪਿੱਛੇ ਰੰਗ ਅਸਾਡਾ,
ਅਤੇ ਤਾਲਿਬ ਅਸੀਂ ਸਕਦੇ ਸੀ ।
ਅਸੀਂ ਹੱਡੀ ਕਾਉਂ ਕੁੱਤੇ ਦੀ ਹੋਏ,
ਹੈਦਰ ਸ਼ਾਇਕ ਸਕਦੇ ਸੀ ।੧੭।

29. ਜ਼ਵਾਦ-'ਜ਼ੁਆਹਾ ਇਸ਼ਰਾਕ' ਪੜ੍ਹਾਂ ਨਿੱਤ

ਜ਼ਵਾਦ-'ਜ਼ੁਆਹਾ ਇਸ਼ਰਾਕ' ਪੜ੍ਹਾਂ ਨਿੱਤ
ਯਾ ਰੱਬ ਸੂਰਜ ਮੁੱਖ ਵੇਖਾਂ ।
ਪਵੇ ਨਿਆਜ਼ ਕਬੂਲ ਮੈਂਡਾ,
ਥੀਵੇ ਤਾਲਾ' ਸੂਰਜ ਸੁੱਖ ਵੇਖਾਂ ।
ਸੂਰਜ ਵਾਂਗੂੰ ਉੱਪਰ ਵਾਰਿਉਂ,
ਝਾਤ ਪੈਂਦੜਾ ਝੁਕ ਵੇਖਾਂ ।
ਤੋੜੇ ਜ਼ੱਰਾ ਕੱਪ ਘੱਤੇਂ,
ਤਾਂ ਭੀ ਬਾਰੀਆਂ ਵਿੱਚੋਂ ਮੁੱਖ ਵੇਖਾਂ ।
ਹੈਦਰ ਸ਼ਰਮ ਤੋਂ ਲੁਕ ਲੁਕ ਵੇਖਾਂ,
ਨਹੀਂ ਤਾਂ ਚੀਰ ਕੇ ਰੁਖ ਵੇਖਾਂ ।੧੫।

30. ਯੇ-ਯਾ ਅੱਲਾ ਖੈਰ ਕਰੀਂ ਮੈਨੂੰ

ਯੇ-ਯਾ ਅੱਲਾ ਖੈਰ ਕਰੀਂ ਮੈਨੂੰ,
ਅਤੇ ਖਾਤਮਾ ਖੈਰ ਦਾ ਦੇਵਣਾ ਏਂ ।
ਪਲ ਪਲ ਵੇਖਾਂ ਤੇ ਘੋਲੀ ਥੀਵਾਂ,
ਮੈਂ ਤੇ ਬਿਜਲੀ ਵਾਂਗੂੰ ਖੇਵਣਾ ਏਂ ।
ਏਸ ਮੁਸੱਲੇ ਤੇ ਜੁੱਬੇ ਰਯਾ ਦੇ ਨੂੰ,
ਮੈਂ ਨਾਲ ਸ਼ਰਾਬ ਦੇ ਭੇਵਣਾ ਏਂ ।
ਨਾਲ ਪਿਆਲੜੇ ਤਾਬੜ ਤੋੜੇ,
ਹੋਸ਼ ਮੈਂਡਾ ਸਾਕੀ ਵੰਜੇਵਨਾ ਏਂ ।
ਵਿੱਚ ਛੋਟੇ ਪਿਆਲੇ ਹੈਦਰ ਦੇ ਇਹ,
ਮੱਟ ਸ਼ਰਾਬ ਦਾ ਮੇਵਣਾ ਏਂ ।
ਕਾਬੇ ਦਾ ਰਾਹ ਦੇਖਾਉ ਮੈਨੂੰ,
ਰਾਹ ਨ ਦੈਰ ਦਾ ਦੇਵਣਾ ਏਂ ।
ਵਿੱਚ ਬਾਗ਼ ਬਹਿਸ਼ਤ ਦੇ ਹੈਦਰ ਨੂੰ ਭੀ,
ਬਹਰਾ ਸ਼ੀਰ ਦਾ ਦੇਵਣਾ ਏਂ ।੩੦।

(ਕਈ ਨੁਸਖਿਆਂ ਵਿਚ ਇਹ ਬੰਦ ਭੀ
ਇਸ ਸੀਹਰਫ਼ੀ ਨਾਲ ਦਿੱਤੇ ਗਏ ਹਨ)

ਨੂਨ-ਨਿੱਤ ਨਾ ਮਾਹੀ ਤੇ ਨਿੱਤ ਨ ਮੱਝੀਂ
ਤੇ ਨਿੱਤ ਨ ਸਾਉਰੇ ਰਤੜੇ ਨੇ ।
ਨਿੱਤ ਨ ਮਹਿੰਦੀ ਤੇ ਨਿੱਤ ਦੇਹੰਦੜੀ
ਤੇ ਨਿੱਤ ਨ ਜ਼ੁਲਫ਼ਾਂ ਨੂੰ ਛਲੜੇ ਨੇ ।
ਨਿੱਤ ਨ ਸ਼ਾਦੀ ਤੇ ਨਿੱਤ ਨ ਗ਼ਮੀ
ਤੇ ਨਿੱਤ ਨ ਕਰਮ ਸਵਲੜੇ ਨੇ ।
ਪੈ ਹਵਾਲੜੇ ਰੱਬ ਦੇ ਵੇ ਹੈਦਰ,
ਤੇ ਬਾਹਰ ਸੁਨੇਹੜੇ ਘਲੜੇ ਨੇ ।

ਵਾ-ਵੰਜ ਆਖੋ ਮੈਂਡੇ ਸੱਜਣਾਂ ਨੂੰ,
ਅਸਾਂ ਕੋਲ ਤੁਸਾਡੜੇ ਆਵਣਾ ਏ ।
ਜਿਹੜਾ ਤੈਂਡੜੇ ਨਾਲ ਕਰਾਰ ਮੈਂਡਾ,
ਅਸਾਂ ਉਸ ਨੂੰ ਤੋੜ ਨਿਭਾਵਣਾ ਏ ।
ਸਾਡੇ ਹਾਲ ਨੂੰ ਦੇਖ ਹੁਣ ਸੱਜਣਾ ਵੇ,
ਸਾਨੂੰ ਕਦੇ ਤੀਕਰ ਤਰਸਾਵਣਾ ਏ ।
ਹੈਦਰ ਠੋਕਰਾਂ ਮਾਰ ਨਾ ਡਿਗਿਆਂ ਨੂੰ,
ਕੀ ਮੋਇਆਂ ਤੇ ਤੀਰ ਚਲਾਵਣਾ ਏ ।

ਹੇ-ਹੱਥ ਵਿਚ ਯਾਰ ਦੇ ਮੈਂਡੜੇ ਉਹ,
ਲੈ ਗੁਡੀਆਂ ਵਾਂਗ ਉਡਾਰੀਆਂ ਮੈਂ ।
ਕਦੀ ਛਿਕਦਾ ਤੇ ਕਦੀ ਛੋੜਦਾ ਏ,
ਇਨ੍ਹਾਂ ਗੋਤਿਆਂ ਵਲ ਤਾਰੀਆਂ ਮੈਂ ।
ਜਿਤ ਵਲ ਚਾਹੇ ਢੋਲਣ ਫਿਰਦਾ ਨੀ,
ਨਾ ਮੈਂ ਉਜ਼ਰ ਮੈਂਡਾ ਖਾਕਸਾਰੀਆਂ ਮੈਂ ।
ਪਾਇਆ ਕਹੰਦੇ ਵਾਲੀ ਬਾਜ਼ ਕੁਨੋਂ ਹੈਦਰ,
ਢੋਲਣ ਦੇ ਨਾਜ਼ਾਂ ਤੋਂ ਵਾਰੀਆਂ ਮੈਂ ।

ਲਾਮ-ਲੇਟਣ ਤਾਈਂ ਕਦੇ ਸਾਂ ਲੁੜੈਂਦੇ,
ਮਨ ਅਤੇ ਅਨਾ ਅੱਲਾ ਸਾਰਦਾ ਏ ।
ਕੋਹ ਤੂਰ ਦੇ ਆਤਿਸ਼ ਭੁੱਲ ਗਇਆ,
'ਰਬ ਅਰਨੀ ਮੂਸਾ' ਪੁਕਾਰ ਦਾ ਏ ।
ਲਨਤਰਾਨੀ, ਸ਼ੌਕ ਤਰਾਨੀ,
ਮਾਰ ਦਾ ਅਤੇ ਤਾਰ ਦਾ ਏ ।
ਆਖੀ ਦੋਸ ਨਾਹੀਂ ਗਲ ਸੱਚ ਨਾਹੀਂ
'ਲਾਤਦਰਕ ਅਲਾ' ਬਸਾਰ ਦਾ ਏ ।
ਖਰ ਮੂਸਾ ਸਾਕਾ ਹੈਦਰ,
ਮਸਤ ਐਥੇ ਗੁਫਤਾਰ ਦਾ ਏ ।

ਅਲਿਫ਼-ਇਕੱਲੜਾ ਹਮਜ਼ਾ ਆਹਾ,
ਤੇ ਹਮਜ਼ਾ ਸ਼ੇਰ ਮੁਰੇਲੜਾ ਏ ।
ਅਲਿਫ਼ ਦਾ ਨੇਜ਼ਾ ਫੁੱਮਣ ਵਾਲਾ,
ਤੇ ਇਹ ਅਸਵਾਰ ਦੁਹੇਲੜਾ ਏ ।
ਅਲਿਫ਼ ਤੇ ਹਮਜ਼ਾ ਬਦੀਆਂ ਗਲ ਵਿੱਚ,
ਪਖਣ ਤੇ ਕਹਣ ਉਹ ਯਾਰ ਦੁਬੇਲੜਾ ਏ ।
ਅਲੀ ਹੈਦਰ ਯਾਰ ਦਾ ਨਾਂ ਲੈ ਤਾਂ
ਵਹਦਤ ਯਾਰ ਦਾ ਮੇਲੜਾ ਏ ।

ਅਲਿਫ਼-ਅਹਮਦ ਦੇ ਵਿੱਚ ਮੀਮ ਦਾ ਘੁੰਗਟ,
ਛਲਣ ਛੋੜ ਦਰਾਜ਼ ਥੀਆ ।
ਇਕੋ ਨੁਕਤਾ ਵਹਦਤ ਵਾਲਾ,
ਜੁੰਬਸ ਵਾਂਗ ਦਰਾਜ਼ ਥੀਆ ।
ਅਸਾਂ ਰਾਗ ਪ੍ਰੇਮ ਦਾ ਸੁਣਿਆਂ,
ਸੋਜ਼ ਦਾ ਹੁਣ ਸਾਜ਼ ਥੀਆ ।
ਵਹਦਤ ਦੇ ਦਰਿਆ ਅੰਦਰ,
ਅਲੀ ਹੈਦਰ ਮੀਮ ਜਹਾਜ਼ ਥੀਆ ।

ਯੇ-ਯਾਰੀ ਮਜਾਜ਼ੀ ਕੁਝ ਨਹੀਂ ਆ,
ਪਏ ਰੋਂਦਿਆਂ ਤੇ ਗ਼ਮ ਖਾਣਾ ਕੀ ।
ਇਹੀ ਸੁੱਖ ਵੇ ਕੌਣ ਦੁੱਖ ਆਪ ਵਾਲਾ,
ਸਾਰੀ ਉਮਰ ਦਾ ਦੁਖ ਦੁਖਾਣਾ ਕੀ ।
ਉੱੜਕ ਪੀਤ ਪ੍ਰੀਤ ਦਾ ਪਿਆਰਾ,
ਇਹੋ ਪੀਤ ਲਾਕੇ ਤੇੜ ਮਚਾਵਣਾ ਕੀ ।
ਹੈਦਰ ਰੱਬ ਦਾ ਇਸ਼ਕ ਚੰਗੇੜਾ ਏ,
ਕਚ ਪੱਕ ਦਾ ਯਾਰ ਬਣਾਵਣਾ ਕੀ ।