ਸੀਹਰਫ਼ੀ 2 (ਅਲੀ ਹੈਦਰ ਮੁਲਤਾਨੀ)
1. ਅਲਿਫ਼-ਇਹ ਅਵੱਲੜਾ ਨੇਜਾ ਲੱਗਾ
ਅਲਿਫ਼-ਇਹ ਅਵੱਲੜਾ ਨੇਜਾ ਲੱਗਾ
ਤੇਗ ਪ੍ਰੇਮ ਦੀ ਗੱਡੀਆਂ ਮੈਂ ।
ਅੰਤ ਇਆਣੀ ਮੈਂ ਕਾਗਲ ਵੇਖਾਂ,
ਕਿ ਮੂਰਤਾਂ ਖੇਡਾਂ ਗੁਡੀਆਂ ਮੈਂ ।
ਠੰਡੜੀ ਵਾਉ ਪ੍ਰੇਮ ਦੀ ਝੁੱਲੀ,
ਬਾਝ ਪਰਾਂ ਦੇ ਉਡੀਆਂ ਮੈਂ ।
ਹੈਦਰ ਢੋਉਣ(ਢੋਲਣ) ਝੂਟੜੇ ਦੇਂਦਾ,
ਵਿੱਚ ਭੰਗੂੜੇ ਲੁਡੀਆਂ ਮੈਂ ।੧।
2. ਅਲਿਫ਼-ਓਸ ਸੁਨਹਰੀ ਫੰਨੜੇ ਦਾ
ਅਲਿਫ਼-ਓਸ ਸੁਨਹਰੀ ਫੰਨੜੇ ਦਾ,
ਦਿਲ ਡੰਗੜਾ ਮੈਨੂੰ ਕਮੰਦ ਥੀਆ ।
ਸੋਨੇ ਦੀ ਵਾਲੜੀ ਕੰਨ ਦੀ ਨੂੰ,
ਮਿਲ ਉਹ ਕਮੰਦ ਦੋ-ਚੰਦ ਥੀਆ ।
ਜ਼ੁਲਫ਼ ਦੇ ਛੱਲਿਆਂ ਅੰਦਰ ਬੱਧੀ,
ਦਿਲ ਦਾ ਬੰਦ ਉਹ ਬੰਧ ਥੀਆ ।
ਹੈਦਰ ਫਾਹੀ ਵਾਲੜੀਆਂ ਥੋਂ,
ਹੁਣ ਬੰਦ ਦਿਲੇ ਦਾ ਰੰਦ ਥੀਆ ।੨੯।
3. ਐਨ-ਅਹਦ ਹੋ ਅਹਮਦ ਬੰਦਾ
ਐਨ-ਅਹਦ ਹੋ ਅਹਮਦ ਬੰਦਾ,
ਮੀਮ ਕੁਨੋਂ ਧਰ ਵੱਜ ਖੜਾ ।
ਹੱਕ ਖੁਦਾਵੰਦ ਅਹਮਦ ਬੰਦਾ,
ਮੇਹਰ ਕੁਨੋਂ ਮਚ ਰੱਜ ਖੜਾ ।
ਕਹੇ ਮੁਹੱਬਤ ਕੁਨੋਂ ਹਿਕਾਯਤ,
ਸ਼ਾਹਦ ਕੰਦ ਹੈ ਲੱਜ ਖੜਾ ।
ਹੈਦਰ ਇਸ਼ਕ ਜੋ ਵੰਡਣ ਲੱਗੇ,
ਦਿਲ ਵੱਤ ਅਹਮਦ ਭੱਜ ਖੜਾ ।੧੮।
4. ਬੇ–ਬ੍ਰਿਹੋ ਰਾਂਝਣ ਦੀ ਭਾਹ ਥੀਆ
ਬੇ–ਬ੍ਰਿਹੋ ਰਾਂਝਣ ਦੀ ਭਾਹ ਥੀਆ,
ਵੇਖੋ ਵਾਂਗ ਕਬਾਬ ਦੇ ਭੁੰਨੀਆਂ ਮੈਂ ।
ਜੰਜ ਖੇੜਿਆਂ ਦੀ ਆਣ ਖੜੀ ਹੋਈ,
ਘੱਤ ਕਪੜਾ ਮੁੱਖ ਤੇ ਰੁੰਨੀਆਂ ਮੈਂ ।
ਤ੍ਰਮ ਤ੍ਰਮ ਵਸਣ ਰੱਤ ਦੀਆਂ ਹੰਝੂ,
ਭੋਛਣ ਕੀਤੇ ਚੁੰਨੀਆਂ ਮੈਂ ।
ਹੈਦਰ ਘੋਲੀਆਂ ਯਾਰਾਂ ਉਤੋਂ,
ਇਕੇ ਰਾਫ਼ਜ਼ੀ ਹਾਂ ਨਾ ਸੁੰਨੀਆਂ ਮੈਂ ।੨।
5. ਦਾਲ-ਧੂੜ ਤੁਸਾਡੜੇ ਰਾਹ ਦੀ ਹਾਂ
ਦਾਲ-ਧੂੜ ਤੁਸਾਡੜੇ ਰਾਹ ਦੀ ਹਾਂ,
ਜੇ ਵਤ ਖਾਕ ਕਮੀਨੀਆਂ ਮੈਂ ।
aਡ ਉਡ ਸ਼ੌਕ ਥੋਂ ਦਾਮਨ ਲੱਗਾਂ,
ਕਿਉਂ ਵਤ ਛਡ ਸੁਟੀਨੀਆਂ ਮੈਂ ।
ਦਾਮਨ ਲੱਗੀ ਦੀ ਸ਼ਰਮ ਤੁਸਾਨੂੰ,
ਗੋਲੜੀ ਤੈਂਡੀ ਸਦੀਨੀਆਂ ਮੈਂ ।
ਹੈਦਰ ਮੀਂਹ ਕਰਮ ਦਾ ਵੱਸੇ,
ਤਾਂ ਪਲ ਵਿੱਚ ਗੁਲਸ਼ਨ ਥੀਨੀਆਂ ਮੈਂ ।੮।
6. ਫੇ-ਫਮੀ ਸ਼ੌ ਤੱਕ ਦਰਦ ਮੈਂਡਾ
ਫੇ-ਫਮੀ ਸ਼ੌ ਤੱਕ ਦਰਦ ਮੈਂਡਾ,
ਖੁਬਸੂਰਤਾਂ ਸੂਰਤਾਂ ਆਇਤਾਂ ਨੇ ।
ਮੂੰਹ ਮੁਸਹਫ਼ ਰੁਖ ਉਸ ਯਾਰ ਦਾ ਏ,
ਹੋਰ ਸਾਜ਼ ਮਜਾਜ਼ ਰਵਾਇਤਾਂ ਨੇ ।
ਯਾਰ ਮੈਂਡਾ ਦਿਲਦਾਰ ਸਜਣ,
ਉਸ ਮੁਸਹਫ਼ ਸੋਹਨ ਕਿਰਾਇਤਾਂ ਨੇ ।
ਅਲੀ ਹੈਦਰ ਆਇਤ ਜ਼ੁਲਫ਼ ਦੇ ਅੰਦਰ,
ਦਰਜ ਦਰਾਜ਼ ਹਿਕਾਇਤਾਂ ਨੇ ।੨੦।
7. ਗ਼ੈਨ-ਗ਼ੁਲਾਮੀ ਦਾਵਾ ਨਹੀਂ
ਗ਼ੈਨ-ਗ਼ੁਲਾਮੀ ਦਾਵਾ ਨਹੀਂ,
ਪਰ ਗੋਲੀਆਂ ਦੀ ਪੜਗੋਲੀਆਂ ਮੈਂ ।
ਵਾਉ ਵਿਛੁੰਨੀ ਵਾਂਗਰ ਤੈਂਡੀਆਂ,
ਮਹੀਂ ਦੀ ਖਾਕ ਤੋਂ ਘੋਲੀਆਂ ਮੈਂ ।
ਉੱਡੀਆਂ ਪ੍ਰੇਮ ਦੇ ਝੁਲਿਆਂ ਵਲ,
ਦਿਲ ਬੇਲੇ ਦੇ ਬੋਲੜੀ ਝੋਲੀ ਆਂ ਮੈਂ ।
ਮਹੀਂ ਦੀ ਖਾਕ ਅੰਬਰ ਕਰੇਸਾਂ,
ਹੈਦਰ ਖੇਡਸਾਂ ਹੋਲੀਆਂ ਮੈਂ ।੧੯।
8. ਹੇ-ਹਰਾਮ ਆਰਾਮ ਥੀਆ ਮੈਨੂੰ
ਹੇ-ਹਰਾਮ ਆਰਾਮ ਥੀਆ ਮੈਨੂੰ,
ਤੁਧ ਬਿਨ ਪਲਕ ਨਾ ਪਲਕ ਲੱਗੇ ।
ਪਲਕ ਲੱਗੀ ਮੈਨੂੰ ਪਲਕ ਤੁਸਾਡੜੀ,
ਬਿਜਲੀ ਵਾਂਗੂੰ ਝਲਕ ਲੱਗੇ ।
ਪਲਕ ਜ਼ਿਆਦਾ ਪਲਕਾਂ ਜ਼ਾਲਿਮ,
ਬਿਜਲੀ ਅੱਖੀਆਂ ਢਲਕ ਲੱਗੇ ।
ਹੈਦਰ ਏਵੇਂ ਵੇਖਦਿਆਂ ਗੁਜ਼ਰੀ,
ਅੱਜ ਲੱਗੇ ਕਿ ਭਲਕ ਲੱਗੇ ।੬।
9. ਹੇ-ਹੀਰੇ ਕੌਣ ਨਿਮਾਨੜੀ ਤੈਥੋਂ
ਹੇ-ਹੀਰੇ ਕੌਣ ਨਿਮਾਨੜੀ ਤੈਥੋਂ,
ਸਭ ਸਿਆਲੀਂ ਗੋਲੀਆਂ ਨੇ ।
ਕਿਆ ਚੂਚਕਾਣੀਆਂ ਕਿਆ ਪਠਰਾਣੀਆਂ,
ਕਿਆ ਪਥਰਾਣੀਆਂ ਘੋਲੀਆਂ ਨੇ ।
ਝੰਗ ਸਿਆਲਾਂ ਦੇ ਗ਼ਾਜ਼ੀਆਂ ਵਾਂਗੂੰ,
ਨੱਢੀਆਂ ਬੁੱਢੀਆਂ ਰੋਲੀਆਂ ਨੇ ।
ਮਹਰਮ ਰਾਂਝਾ ਗਾਉਂਦਿਆਂ ਮੁੱਠਾ,
ਪਿੰਜਰੇ ਤੂਤੀਆਂ ਬੋਲੀਆਂ ਨੇ ।
ਰੋਂਦਿਆਂ ਰੋਂਦਿਆਂ ਰੱਤ ਹੋਈਆਂ,
ਏਨ੍ਹਾਂ ਜਾਲੀਆਂ ਲਾਲ ਦੀਆਂ ਜੋਲੀਆਂ ਨੇ ।
ਦਿਲਦਾਦੀਆਂ ਤੇ ਫਰਆਦੀਆਂ ਹੈਦਰ,
ਜ਼ਖ਼ਮਾਂ ਪੱਟੀਆਂ ਖੋਲ੍ਹੀਆਂ ਨੇ ।੨੭।
10. ਜੀਮ-ਜੁਗ ਜੁਗ ਜੀਵਾਂ ਜੱਗ ਤੇ ਥੀਵਾਂ
ਜੀਮ-ਜੁਗ ਜੁਗ ਜੀਵਾਂ ਜੱਗ ਤੇ ਥੀਵਾਂ,
ਜੁੱਗ ਪਿਆਰੇ ਦੇ ਨਾਲ ਕਦੀ ।
ਆ ਲੱਗੀ ਜਿੰਦ ਛਿਨਾਂ ਪਲਾਂ ਉਤੇ,
ਆ ਪਿਆਰਿਆ ਸੂਰਤ ਸੰਮਾਲ ਕਦੀ ।
ਅਸੀਂ ਪਿਆਸੇ ਤਸਾਡੇ ਪਾਸੜੇ ਦੇ,
ਪਾਸਾ ਅਸਾਂ ਵਲ ਢਾਲ ਕਦੀ ।
ਸਾੜਿਆਂ ਵਾਂਗ ਸੁੱਟ ਨਾ ਪਾਸੇ,
ਹੈਦਰ ਪਾਸੇ ਭੀ ਜਾਲ ਕਦੀ ।੫।
11. ਕਾਫ-ਕਿਆਮਤ ਨੇਹੁੰ ਥੀਆ
ਕਾਫ-ਕਿਆਮਤ ਨੇਹੁੰ ਥੀਆ,
ਦੇਂਹ ਨੇਜ਼ੇ ਬਰਾਬਰ ਆ ਖੜਾ ।
ਮੈਂ ਕੀਹ ਜਾਣਾਂ ਨੇਹੁੰ ਨੂੰ ਲੱਗਿਆਂ,
ਸ਼ੀਂਹ ਅਸਾਡੜੇ ਭਾਹ ਖੜਾ ।
ਰਾਂਝਣ ਅਸਰਾਫ਼ੀਲ ਥੀਆ,
ਹੱਥ ਵੰਝਲੀ ਲੈ ਕਰਨਾ ਖੜਾ ।
ਜਿਹੜੀ ਵੱਜਣੀ ਆਹੀ ਸੋ ਵੱਜ ਰਹੀ,
ਹੁਣ ਹੈਦਰ ਆਖ ਵਜਾ ਖੜਾ ।੨੧।
12. ਕਾਫ-ਕੂਕ ਮੈਂਡੀ ਸੁਣ ਸਾਹਿਬ ਮੈਂਡੇ
ਕਾਫ-ਕੂਕ ਮੈਂਡੀ ਸੁਣ ਸਾਹਿਬ ਮੈਂਡੇ,
ਕੂਕਾਂ ਇਸ ਕੂਕਾਕ ਦੀਆਂ ।
ਏਸ ਨਿਮਾਣੀ ਕੁਠੀ ਆਜਿਜ਼,
ਗਲੀਆਂ ਵਿੱਚ ਰੁਲਾਕ ਦੀਆਂ ।
ਪਾਕ ਸ਼ਿਕਾਰ ਦੀ ਹੱਡੀ ਆਂ ਮੈਂ ਭੀ,
ਪਾਲੀ ਤੈਂਡੜੀ ਲਾਕ ਦੀਆਂ ।
ਜੇ ਅਸਹਾਬਾਂ ਕੁਹਫ ਦੀ ਥੀਵਨ,
ਹੈਦਰ ਸਾਹਿਬ ਪਾਕ ਦੀਆਂ ।੨੨।
13. ਖੇ-ਖੁਮਾਰ ਏਨ੍ਹਾਂ ਅੱਖੀਆਂ ਨੂੰ
ਖੇ-ਖੁਮਾਰ ਏਨ੍ਹਾਂ ਅੱਖੀਆਂ ਨੂੰ,
ਮੈਨੂੰ ਵਸਲ ਫ਼ਿਰਾਕ ਸੰਮਾਵਲਾ ।
ਸ਼ਾਹ-ਰਗ ਤੋਂ ਭੀ ਨੇੜੇ ਢੋਲਣ,
ਦਿਲ ਕਿਉਂ ਸ਼ੌਕ ਥੀਂ ਰਾਵਲਾ ।
ਢੋਲਣ ਵਸਦਾ ਵਿੱਚ ਦਿਲੇ ਦੇ,
ਸੀਨੇ ਵਿੱਚ ਉਜਾਵਲਾ ।
ਹੈਦਰ ਤੋੜ ਤਨੀ ਸ਼ਾਹ-ਰਗ ਥੀਂ,
ਜੇ ਵਤ ਸ਼ੌਕ ਉਤਾਵਲਾ ।੭।
14. ਲਾਮ-ਲੈਣ ਵਾਲੀ ਮੈਂ ਭੀ ਯੂਸਫ਼ ਦੀ ਹਾਂ
ਲਾਮ-ਲੈਣ ਵਾਲੀ ਮੈਂ ਭੀ ਯੂਸਫ਼ ਦੀ ਹਾਂ,
ਤੋੜੇ ਆਂਦੀਆਂ ਨੇ ਜਦੋਂ ਅੱਟੀਆਂ ਮੈਂ ।
ਬੰਦੀ ਹਾਂ ਮੈਂ ਇਨ੍ਹਾਂ ਸਾਹਿਬਾਂ ਦੀ,
ਤੋੜੇ ਜ਼ਾਤ ਕਮੀਨੜੀ ਜੱਟੀ ਆਂ ਮੈਂ ।
ਮੱਖਣ ਦੀ ਹਮਸਾਈ ਆਂ,
ਤੋੜੇ ਵਾਂਗਰ ਛਾਹ ਦੀ ਖੱਟੀ ਆਂ ਮੈਂ ।
ਹੈਦਰ ਜਾਏ ਸ਼ਰਾਬ ਦੀ ਹਾਂ ਜੇ ਵਤ,
ਖ਼ਾਕ ਨਿਮਾਣੀ ਦੀ ਮੱਟੀ ਆਂ ਮੈਂ ।੨੮।
15. ਲਾਮ-ਲੱਜ ਅਸਾਡੜੀ ਤੁਧ ਨੂੰ ਏਂ
ਲਾਮ-ਲੱਜ ਅਸਾਡੜੀ ਤੁਧ ਨੂੰ ਏਂ,
ਲੱਜ ਲਾ ਮੈਂਡੀ ਹੱਥੋਂ ਛੋੜ ਨਾਹੀਂ ।
ਇਹ ਕੱਚੜਾ ਲੋਥੜਾ ਸੁੱਟ ਨ ਖੂਹੇ,
ਅੰਨ੍ਹੇਰੇ ਦੇ ਵਿੱਚ ਬੋੜ ਨਾਹੀਂ ।
ਫੜ ਫੜ ਛਿਕ ਸੰਮ੍ਹਾਲੀ ਥਕਾਂ,
ਵਸਲਾਂ ਨਾਲ ਤ੍ਰੋੜ ਨਾਹੀਂ ।
ਆਬ ਅਸਾਡੀ ਦਾ ਆਪ ਨਿਗਾਹਬਾਨ ਥੀਉ,
ਵੇਖ ਕੇ ਮੁੱਖ ਮਰੋੜ ਨਾਹੀਂ ।
ਵੇਖਣ ਯਾਰ ਦਾ ਆਬ ਹਯਾਤੀ,
ਹੈਦਰ ਆਖਣ ਹੋੜ ਨਾਹੀਂ ।੨੩।
16. ਮੀਮ-ਮੁਹੰਮਦ ਮਸਤ ਕੀਤਾ ਮੈਨੂੰ
ਮੀਮ-ਮੁਹੰਮਦ ਮਸਤ ਕੀਤਾ ਮੈਨੂੰ,
ਮੀਮ ਸ਼ਰਾਬ ਦਾ ਮੱਟ ਥੀਆ ।
ਸ਼ੀਸ਼ਾ ਤੇ ਜਾਮ ਸੁਰਾਹੀ ਨੂੰ,
ਦਿਲ ਤਾਇਬ ਸੱਟ ਪਲੱਟ ਥੀਆ ।
ਕੁਲ ਸ਼ੀਸ਼ੇ ਤੇ ਜਾਮ ਪਏ ਰੋਵਣ,
ਮੈਖਾਨਾ ਉਲੱਟ ਪੁਲੱਟ ਥੀਆ ।
ਸੰਗ ਅਸਾਡੇ ਥੋਂ ਸੰਗਦਾ ਸ਼ੀਸ਼ਾ,
ਸੰਗ ਦਾ ਕੂਲੜਾ ਪੱਟ ਥੀਆ ।
ਭੱਠੀ ਸ਼ਰਾਬ ਦੀ ਭੱਠ ਘਤਾਂ,
ਸ਼ੌਕ ਏਸ ਸ਼ਰਾਬ ਦਾ ਭੱਟ ਥੀਆ ।
ਖੁਮਰ ਅੰਗੂਰ ਕਿਆ ਕੁਝ ਉਸ ਤੋਂ,
ਖੁਮਰ ਜ਼ਹੂਰ ਭੀ ਹੱਟ ਥੀਆ ।
ਅਲੀ ਹੈਦਰ ਉਸ ਸ਼ਰਾਬ ਕੁਨੋਂ,
ਇੱਕ ਏਸ ਸ਼ਰਾਬ ਦਾ ਘੱਟ ਥੀਆ ।੨੪।
17. ਨੂਨ-ਨੂਰ ਨਿਗਾਹ ਅਸਾਡੀ ਦਾ ਤੂੰ
ਨੂਨ-ਨੂਰ ਨਿਗਾਹ ਅਸਾਡੀ ਦਾ ਤੂੰ,
ਦੂਰ ਨ ਥੀਵੀਂ ਅੱਖੀਆਂ ਥੋਂ ।
ਇਨ੍ਹਾਂ ਪਿਪਨੀਆਂ ਦੀਆਂ ਗੱਲਾਂ ਕੋਲੋਂ,
ਝੋਕਾਂ ਵਾਲੀਆਂ ਪੱਖੀਆਂ ਥੋਂ ।
ਪਲ ਪਲ ਪਲਕਾਂ ਲੈਣ ਕਲਾਵੇ,
ਨੱਸ ਨ ਏਨ੍ਹਾਂ ਭੁੱਖੀਆਂ ਥੋਂ ।
ਨੱਸ ਨ ਵਾਂਗ ਦਾਊ ਦੇ ਢੋਲਣ,
ਪਿਪਨੀਆਂ ਦੀਆਂ ਬਖੀਆਂ ਥੋਂ ।
ਹੈਦਰ ਵਹਸ਼ੀ ਯਾਰ ਘਨੇਰਾ,
ਚਸ਼ਮ ਸਿਆਹਾਂ ਭਖੀਆਂ ਥੋਂ ।੨੫।
18. ਰੇ-ਰਾਂਝਣ ਨਾਲ ਸਬਾਲੜੇ ਵਾਂਗੂੰ
ਰੇ-ਰਾਂਝਣ ਨਾਲ ਸਬਾਲੜੇ ਵਾਂਗੂੰ,
ਦਾਮਨ ਕੱਢ ਪਵੈਨੀਆਂ ਮੈਂ ।
ਪਲਕਾਂ ਦੇ ਸਿਰ ਘੜਾ ਘੜੋਲੀ,
ਭਰ ਭਰ ਨਿਤ ਡੁਲੇਨੀਆਂ ਮੈਂ ।
ਚੈਨ ਕਿਉਂ ਪਾਏ ਮੱਥੇ ਜੇ ਵਤ,
ਦਾਮਨ ਪਕੜ ਛਿਕੇਨੀਆਂ ਮੈਂ ।
ਹੈਦਰ ਲਰਜ਼ਾ ਦਾਮਨ ਵਾਂਗੂੰ,
ਲੁਕ ਲੁਕ ਸੁਨੇਹੜੇ ਸਵੇਨੀਆਂ ਮੈਂ ੧੦।
19. ਸੀਨ ਸੁਨੇਹੜਾ ਗੋਲੀਆਂ ਦਾ ਦੇਵੀਂ
ਸੀਨ ਸੁਨੇਹੜਾ ਗੋਲੀਆਂ ਦਾ ਦੇਵੀਂ
ਪਾਂਹਦੇ ਪਿਆਰਿਆਂ ਬੇਲੀਆਂ ਨੂੰ ।
ਗੁਲ ਪੈਰਾਹੁਨ ਕੀਤੇ ਨੇ ਨੈਣਾਂ,
ਨਰਗਸ ਤੇ ਰਾਵੇਲੀਆਂ ਨੂੰ ।
ਕੀਤੇ ਨੇ ਚਾਕ ਗਰੇਬਾਨ ਛਾਤੀ,
ਚੰਬੇ ਦੇ ਰੰਗ ਚੰਬੇਲੀਆਂ ਨੂੰ ।
ਹੈਦਰ ਦੇਖ ਕੇ ਤਾਂਘ ਲੱਗੀ ਏਨ੍ਹਾਂ
ਲਾਡਲੀਆਂ ਅਲਬੇਲੀਆਂ ਨੂੰ ।੧੨।
20. ਸੇ-ਸਕੀਲ ਥੀਵਾਂ ਇਸ ਨੈਣੀਂ
ਸੇ-ਸਕੀਲ ਥੀਵਾਂ ਇਸ ਨੈਣੀਂ,
ਜਿਉਂ ਜਿਉਂ ਰੋਵਾਂ ਮੈਂ ਹੰਝ ਰਤੀ ।
ਝਾਬੜੀ ਮੈਂਡੀਆਂ ਅੱਖੀਆਂ ਦੇ ਤੋੜੇ
ਵਸਣ ਪਲ ਪਲ ਰਤੀ ਰਤੀ ।
ਤਰਕੜੀ ਕੀਤੇ ਨਾਜ਼ ਤ੍ਰਿਖੜੇ,
ਤ੍ਰਿਖੜਿਉਂ ਜਿੰਦ ਘੋਲ ਘਤੀ ।
ਹੈਦਰ ਮੁੜਕੇ ਵੱਤ ਨਾ ਮਿਲਸਣ,
ਨਾਜ਼ ਰਤੀ ਅਤੇ ਰੱਤ ਰਤੀ ।੪।
21. ਸ਼ੀਨ-ਸ਼ਤਰੰਜ ਦੀ ਗੀਟੀ ਆਂ ਮੈਂ
ਸ਼ੀਨ-ਸ਼ਤਰੰਜ ਦੀ ਗੀਟੀ ਆਂ ਮੈਂ,
ਮੈਨੂੰ ਮਾਨ ਤੇ ਤਾਨ ਤੁਸਾਡੜਾ ਏ ।
ਨਾ ਮੈਂ ਗੋਟ ਨ ਗੋਟੜੀ ਜਾਣਦੀ
ਗੋਟ ਗੁਮਾਨ ਤੁਸਾਡੜਾ ਏ ।
ਨਾ ਮੈਂ ਜੰਗ ਨ ਝੁੱਟ ਜਾਣਾ,
ਤੀਰ ਕਮਾਨ ਤੁਸਾਡੜਾ ਏ ।
'ਮਾਰਮਯਤ ਇਜ਼ਰਮਯਤ' ਭੀ,
ਹਕ ਫਰਮਾਣ ਤੁਸਾਡੜਾ ਏ ।
ਹੈਦਰ ਮੱਤ ਹਿਆਤ ਨ ਜਾਣੇ,
ਜਾਣ ਅੰਜਾਣ ਤੁਸਾਡੜਾ ਏ ।੧੩।
22. ਸਵਾਦ-ਸਾਦ ਤੁਸਾਡੜੇ ਨੈਣ ਸੱਭਾ
ਸਵਾਦ-ਸਾਦ ਤੁਸਾਡੜੇ ਨੈਣ ਸੱਭਾ,
ਖ਼ੁਸ਼ਖੱਤ ਲਿਖੇ ਬਾਦਸ਼ਾਹ ਦੇ ਨੇ ।
ਯਾ ਵਤ ਸੁਰਮਾਦਾਨ ਸਿਆਹ,
ਯਾ ਤਕੀਆਗਾਹ ਨਿਗਾਹ ਦੇ ਨੇ ।
ਯਾ ਵਤ ਦਾਰੂ ਸਿੱਕੇ ਵਾਲੇ,
ਸੋਹਣੇ ਬੁਰਜ ਪਨਾਹ ਦੇ ਨੇ ।
ਪਲਕ ਤਫੰਗ ਛੁੜੇਂਦੇ ਪਲ ਪਲ,
ਇਹ ਸਰਦਾਰ ਸਿਪਾਹ ਦੇ ਨੇ ।
ਜਾਣ ਗਿਆਨ ਦੁੰਬਾਲੜੇ ਹੈਦਰ,
ਦੀਦੇ ਚਸ਼ਮ ਸਿਆਹ ਦੇ ਨੇ ।੧੪।
23. ਤੇ-ਤਸਬੀਹ ਪੜ੍ਹੇਂਦੀਆਂ ਅੱਖੀਂ ਮੈਂਡੀਆਂ
ਤੇ-ਤਸਬੀਹ ਪੜ੍ਹੇਂਦੀਆਂ ਅੱਖੀਂ ਮੈਂਡੀਆਂ,
ਹੰਝੂ ਮਣਕੇ ਲਾਲੜੀਆਂ ।
ਵਿਰਦ ਵਜ਼ੀਫ਼ਾ ਏ ਮੈਂਡਾ ਤੈਂਡੀਆਂ,
ਮਿੱਠੀਆਂ ਮਿੱਠੀਆਂ ਗਾਲੜੀਆਂ ।
ਬੁੰਦਿਆਂ ਬੰਦ ਕੀਤਾ ਦਿਲ ਮੈਂਡਾ,
ਅਤੇ ਕਮੰਦ ਸੁਨਹਰੀ ਵਾਲੜੀਆਂ ।
ਹੈਦਰ ਮੈਂ ਭੀ ਤਸਬੀਹਾਂ ਪੜ੍ਹੀਆਂ,
ਫਾਹੀਆਂ ਮੁੱਲਾਂ ਵਾਲੜੀਆਂ ।੩।
24. ਤੋਏ-ਤਰਫ਼ ਤੁਸਾਡੜੇ ਰਾਹ ਦੇ
ਤੋਏ-ਤਰਫ਼ ਤੁਸਾਡੜੇ ਰਾਹ ਦੇ,
ਅਖੀਂ ਲੱਗੀਆਂ ਏਂਵੇਂ ਉਮਰ ਗਈ ।
ਧੂੜ ਤੁਸਾਡੜੇ ਰਾਹ ਦੀ ਪਲ ਪਲ,
ਤਕਦਿਆਂ ਏਂਵੇਂ ਉਮਰ ਗਈ ।
ਭੁੱਲ ਭੁਲਾਵੜੇ ਤੈਂਡੜੇ ਉਠ ਉਠ,
ਵੇਖਦਿਆਂ ਏਂਵੇਂ ਉਮਰ ਗਈ ।
ਤਰਫ਼ ਤੁਸਾਡੜੇ ਰਾਹ ਦੇ ਤਕ ਤਕ,
ਥੱਕੀਆਂ ਏਂਵੇਂ ਉਮਰ ਗਈ ।
ਲਿਖਦਿਆਂ ਨਿੱਤ ਨਿੱਤ ਕਾਗ਼ਜ਼ ਹੈਦਰ,
ਅੱਕੀਆਂ ਏਂਵੇਂ ਉਮਰ ਗਈ ।੧੬।
25. ਵਾਉ-ਵਸ ਸਾਡੇ ਕੋਲ ਸਜਣ
ਵਾਉ-ਵਸ ਸਾਡੇ ਕੋਲ ਸਜਣ,
ਦਿਲ ਖੱਸ ਕੇ ਨੱਸ ਤੂੰ ਵੰਜ ਨਹੀਂ ।
ਜੇ ਵੱਤ ਕਾਲੀ ਕੋਝੜੀ ਮੈਂ,
ਭੌਰ ਗਲਾਂ ਤੋਂ ਰੰਜ ਨਹੀਂ ।
ਜੇ ਵੱਤ ਅੱਖੀਆਂ ਸਾਵਣ ਲਾਇਆਂ,
ਹਸਦੀ ਬਿਜਲੀ ਰੰਜ ਨਹੀਂ ।
ਅਲੀ ਹੈਦਰ ਖ਼ੂਨ ਜਿਗਰ ਦਾ ਆਇਆ,
ਅੱਖੀਂ ਵੇਖਣ ਹੰਜ ਨਹੀਂ ।੨੬।
26. ਯੇ-ਯਾਰੀ ਤੈਂਡੀ ਤਾਰੀਆਂ ਮੈਂ
ਯੇ-ਯਾਰੀ ਤੈਂਡੀ ਤਾਰੀਆਂ ਮੈਂ,
ਬਾਝ ਤੁਲ੍ਹੇ ਦੇ ਪਾਰ ਉਤਾਰੀ ਆਂ ਮੈਂ ।
ਆਸਰੇ ਤੈਂਡੜੇ ਪਾਰ ਲੰਘੈਨੀ ਆਂ,
ਬੋਹਲੀਂ ਵਾਲੀਆਂ ਭਾਰੀਆਂ ਮੈਂ ।
ਤੈਂਡੜੇ ਸਾਹ ਵਿਸਾਹ ਹਿਆਤੀ,
ਨਹੀਂ ਤਾਂ ਕੌਣ ਵਿਚਾਰੀ ਆਂ ਮੈਂ ।
ਹੈਦਰ ਹੁਣ ਮੂੰਹ ਬੰਦ ਕਰੇਸਾਂ,
ਵਿਚ ਸਮੰਦਰ ਸਧਾਰੀ ਆਂ ਮੈਂ ।੩੦।
27. ਜ਼ਾਲ-ਜ਼ਾਤ ਸਿਫ਼ਾਤ ਤੁਸਾਡੜੀ ਇੱਜ਼ਤ
ਜ਼ਾਲ-ਜ਼ਾਤ ਸਿਫ਼ਾਤ ਤੁਸਾਡੜੀ ਇੱਜ਼ਤ,
ਨਾਹੀਂ ਤਾਂ ਕੌਣ ਕਮੀਨੀਆਂ ਮੈਂ ।
ਜੇ ਵਤ ਸੋਂਦੀਆਂ ਸੰਦੀਆਂ ਭੰਦੀਆਂ,
ਤੈਂਡੀ ਸੰਦ ਖੁਨੀਨੀਆਂ ਮੈਂ ।
ਮੈਂ ਜ਼ਿੱਦਲ ਥੀਂ ਭੀ ਸਦਕੇ ਵੈਨੀਆਂ,
ਸੰਦਾਂ ਦੀ ਰੀਸ ਕਰੀਨੀਆਂ ਮੈਂ ।
ਸ਼ਾਹ ਅਬਦੁਲ ਕਾਦਰ ਜੀਵੇ ਵੇ ਹੈਦਰ,
ਜੈਂਦੇ ਆਸਰੇ ਜੀਨੀਆਂ ਮੈਂ ।੯।
28. ਜੇ-ਜ਼ਰ ਵਾਂਗੂੰ ਦਮਕ ਤੁਸਾਡੜੀ
ਜੇ-ਜ਼ਰ ਵਾਂਗੂੰ ਦਮਕ ਤੁਸਾਡੜੀ,
ਬਾਝ ਸੁਹਾਗ ਦੇ ਗਾਲੀਆਂ ਮੈਂ ।
ਗਲ੍ਹਾਂ ਦੀ ਆਤਿਸ਼ ਜ਼ੁਲਫ਼ ਦੀ ਛਲੀਆਂ
ਗਲੀਆਂ ਘਤ ਕੁਠਾਲੀਆਂ ਮੈਂ ।
ਕੋਲ ਹੋਵੇ ਕਿਉਂ ਗੋਲੀ ਹੋਵਾਂ,
ਜਲ ਕੋਇਲ ਵਾਂਗੂੰ ਕਾਲੀਆਂ ਮੈਂ ।
ਹੈਦਰ ਵਾਂਗ ਸੁਨਾਰੇ ਦੇ ਰਾਂਝਣ,
ਵੰਝਲੀ ਫੂਕ ਕੇ ਬਾਲੀਆਂ ਮੈਂ ।੧੧।
29. ਜ਼ੋਏ-ਜ਼ਾਹਰ ਜਿਵੇਂ ਬਹਾਰ ਗੁਲਾਂ ਨੂੰ
ਜ਼ੋਏ-ਜ਼ਾਹਰ ਜਿਵੇਂ ਬਹਾਰ ਗੁਲਾਂ ਨੂੰ,
ਹੱਕ ਜਿਵੇਂ ਸੰਸਾਰ ਕੁਨੋਂ ।
ਯਾ ਵਤ ਜੋਬਨ ਗੁਝੜਾ ਹਾਸਾ,
ਲਾਲ ਸ਼ਕਰ ਗੁਫ਼ਤਾਰ ਕਨੋਂ ।
ਯਾ ਵਤ ਜੋਬਨ ਨਾਜ਼ ਸਜਣ ਦਾ,
ਗਾਹਲ ਕੁਨੋਂ ਰਫ਼ਤਾਰ ਕੁਨੋਂ ।
ਯਾ ਵਤ ਜਿਵੇਂ ਤਜੱਲਾ ਹੱਕ ਦਾ,
ਅਹਮਦ ਦੇ ਦੀਦਾਰ ਕੁਨੋਂ ।
ਯਾ ਵਤ ਜਿਵੇਂ ਨਬੱਵਤ ਹੈਦਰ,
ਉਸ ਨਬੀ ਮੁਖਤਾਰ ਕੁਨੋਂ ।੧੭।
30. ਜਵਾਦ-ਜ਼ੁਆਹਾ ਵਾਂਗ ਤੁਸਾਥੋਂ
ਜਵਾਦ-ਜ਼ੁਆਹਾ ਵਾਂਗ ਤੁਸਾਥੋਂ,
ਸਦਕੜੇ ਤੇ ਕਰਬਾਨੀਆਂ ਮੈਂ ।
ਵਿੱਚ ਮੀਨਾ ਬਾਜ਼ਾਰ ਦੇ ਢੋਲਣ,
ਤੈਂਡੜੇ ਦਸਤ ਵਿਕਾਨੀਆਂ ਮੈਂ ।
ਕਰਾਂ ਤਵਾਫ ਬਹਾਨੜਾ ਐਵੇਂ,
ਉਹਲੜੇ ਘੋਲੜੇ ਜਾਨੀ ਆਂ ਮੈਂ ।
ਉਹ ਮੂੰਹ ਮੁਖ ਤੇ ਸੂਰਤ ਕਾਬਾ,
ਵੇਖਦਿਆਂ ਹੱਜ ਪਾਨੀ ਆਂ ਮੈਂ ।
ਖਾਲ ਸਿਆਹ ਹਜਰ ਅਸਵਦ ਹੈਦਰ,
ਬੋਸੇ ਦੇ ਦੇ ਆਨੀਆਂ ਮੈਂ ।੧੫।